Tuesday, 2 July 2019

ਯਾਰ, ਪਹਿਲਾਂ ਤੂੰ ਪਾਨ ਦੇ ਬੁੱਲੇ ਲੁੱਟ ਕੇ ਆ !

ਡੈਂਟਿਸਟ ਹਾਂ - ਆਪਣੇ ਕਿੱਤੇ ਨਾਲ ਜੁੜੇ ਕਈ ਤਜੁਰਬੇ ਯਾਦ ਰਹਿ ਜਾਂਦੇ ਨੇ.. ਦੰਦਾਂ ਦੇ ਦਰਦ ਤੋਂ ਪਰੇਸ਼ਾਨ ਕੋਈ ਮਰੀਜ ਦੰਦ ਚ ਦੋ ਲੌਂਗ ਦੱਬ ਕੇ ਸਾਡੇ ਕੋਲ ਆ ਜਾਵੇ, ਉਹ ਤੇ ਗੱਲ ਸਮਝ ਆਉਂਦੀ ਹੈ - ਪਰ ਕਈ ਵਾਰੀ ਇੰਝ ਹੋ ਚੁਕਿਆ ਏ ਕਿ ਮਰੀਜ ਆਉਂਦਾ ਏ -- ਆਇਆ ਤੇ ਏ ਆਪਣੇ ਦੰਦਾਂ ਦੀ ਕਿਸੇ ਤਕਲੀਫ ਵਾਸਤੇ ਪਰ ਮੂੰਹ ਚ' ਪਾਨ, ਪਾਨ ਮਸਾਲਾ, ਗੁਟਖਾ, ਤੰਬਾਕੂ ਵਰਗਾ ਕੋਈ ਵੀ 'ਜ਼ਹਿਰ' ਦਬਿਆ ਹੁੰਦੈ -

ਅਜਿਹੇ ਮੌਕਿਆਂ ਤੇ ਮੈਂ ਕਦੇ ਵੀ ਓਵਰ-ਰੇਅਕਟ ਨਹੀਂ ਕੀਤਾ, ਇੱਦਾਂ ਦਾ ਸੁਭਾਅ ਹੀ ਨਹੀਂ ਰਿਹਾ। ਜਦੋਂ ਉਮਰ ਛੋਟੀ ਸੀ, ਸ਼ਾਇਦ ਉਸ ਵੇਲੇ ਇਹ ਬਿਮਾਰੀ (ਇਹ ਸਬ ਗੰਦ ਬਲਾ ਚੱਬਣਾ ਇੰਨਾ ਆਮ ਨਹੀਂ ਸੀ), ਆਪਣੇ ਕਿੱਤੇ ਚ' ਘਿਸਦੇ ਘਿਸਦੇ ਹੁਣ ਇਸ ਉਮਰੇ ਜਦੋਂ ਇਹੋ ਜਿਹੇ ਬੰਦੇ ਕਦੇ ਕਦੇ ਟੱਕਰ ਜਾਂਦੇ ਨੇ,  ਬੜੇ ਆਰਾਮ ਨਾਲ ਕਹਿ ਦਿੰਦਾ ਹਾਂ -  ਯਾਰ, ਪਹਿਲਾਂ ਇਹ ਆਪਣੇ ਮੂੰਹ ਚ' ਪਾਈ ਸੌਗਾਤ ਨੂੰ ਤੇ ਥੁੱਕ ਕੇ ਆ, ਮੂੰਹ ਚੰਗੀ ਤਰ੍ਹਾਂ ਸਾਫ ਕਰ ਕੇ ਆ.

ਕਈਆਂ ਦੇ ਮੂਡ ਤੋਂ ਲੱਗਦੈ ਕਿ ਉਹ ਡੈਂਟਲ OPD ਦਾ ਸਿੰਕ ਹੀ ਇਸ ਕੰਮ ਵਾਸਤੇ ਇਸਤੇਮਾਲ ਕਰ ਲਵੇ, ਪਰ ਹਮੇਸ਼ਾ ਅਜਿਹੇ ਬੰਦੇ ਨੂੰ ਮੇਰੀ ਇਹੋ ਸਜ਼ਾ ਹੁੰਦੀ ਏ ਕਿ ਮੈਂ ਗੁਟਖਾ ਥੁੱਕਣ ਲਈ opd ਦਾ ਸਿੰਕ ਇਸਤੇਮਾਲ ਕਰਨ ਦੀ ਇਜ਼ਾਜ਼ਤ ਨਹੀਂ ਦਿੰਦਾ।(ਹੋਰ ਕਿਸੇ ਮਰੀਜ ਨੂੰ ਜੇ ਕਰ ਉਲਟੀ ਆ ਜਾਵੇ ਤੇ ਮੈਂ ਹਮੇਸ਼ਾ ਉਸ ਨੂੰ ਬਾਹਰ ਭੇਜਣ ਦੀ ਬਜਾਏ ਇਸੇ ਸਿੰਕ ਨੂੰ ਇਸਤੇਮਾਲ ਕਰਣ ਲਈ ਹੀ ਕਹਿ ਦੇਂਣਾਂ, ਉਹ ਕੋਈ ਗੱਲ ਨਹੀਂ, ਮੇਰੇ ਅਟੈਂਡੈਂਟ ਵੀ ਬੜਾ ਬੀਬਾ ਏ, ਉਸੇ ਵੇਲੇ ਕਿਸੇ ਹਾਉਸਕੀਪਰ ਨੂੰ ਬੁਲਾ ਲਿਆਂਦਾ ਏ, ਪਰ ਜੇ ਕਿਤੇ ਮੂੰਹ ਚ' ਇਹ ਸਬ ਗੁਟਕਾ-ਮਸਾਲਾ ਡੱਬੀ ਕੋਈ ਅੰਦਰ ਆ ਜਾਵੇ ਤਾਂ ਓਹਦਾ ਮੂੰਹ ਭਕਾਣੇ ਵਾਂਗ ਫੁੱਲ ਜਾਂਦੈ ਤੇ ਵੇਖਣ ਵਾਲਾ ਹੁੰਦੈ। ਬੜੀ ਮੇਹਨਤ ਲੱਗੀ ਮੇਰੀ ਉਸ ਨੂੰ ਵੀ ਠੰਡ ਰੱਖਣ ਦੀ ਤਕਨੀਕ ਸਿਖਾਉਣ ਲਈ - ਉਹ ਇਕ ad ਵੀ ਤੇ ਆਉਂਦੈ ਕਿ ਤੰਬਾਕੂ ਪੀਣ ਵਾਲਿਆਂ ਨਾਲ ਨਰਮੀ ਨਾਲ ਪੇਸ਼ ਆਓ, ਤਰਸ ਕਰੋ ਇੰਨਾ ਰੂਹਾਂ ਤੇ)


ਇਸ ਬਜ਼ੁਰਗ ਦੀਆਂ ਤਿਉੜੀਆਂ ਵੇਖ ਕੇ ਇੰਝ ਲੱਗਦੈ ਜਿਵੇਂ ਇਹਨੂੰ ਕੱਚਾ ਹੀ ਖਾ ਜਾਉ 😂

ਲੋ ਜੀ, ਕਲ ਸਵੇਰੇ ਆਪਣੇ ਕੋਲ ਵੀ ਇਕ ਬੰਦਾ ਆਇਆ ਆਪਣੇ ਦੰਦ ਦਿਖਾਉਣ,  ਬੜਾ ਖੁਸ਼ ਸੀ, ਜਿਸਦਾ ਖਿੜਿਆ ਚੇਹਰਾ ਵੇਖ ਕੇ ਮੈਂ ਵੀ ਸਵੇਰੇ ਸਵੇਰੇ ਖਿੜ ਗਿਆ - ਪਹਿਲਾਂ ਵੀ ਆਉਂਦੈ, ਕਹਿੰਦਾਂ ਹੈ ਤੁਸੀਂ ਬੜੇ ਚੰਗੇ ਹੋ। ਚੰਗੇ-ਮੰਦੇ ਦੀ ਗੱਲ ਇੰਨੀ ਕੁ  ਹੈ ਦੋਸਤੋ ਕਿ ਵੱਡੇ ਬੋਲਾਂ ਤੋਂ ਮੈਨੂੰ ਬੜੀ  ਨਫਰਤ ਹੈ - ਪਰ ਮੈਂ ਇਥੇ ਇਹ ਗੱਲ ਸਾਂਝੀ ਕਰਣਾ ਚਾਹੁੰਦਾ ਹਾਂ ਕਿ ਮੈਂ ਹਰ ਮਰੀਜ ਦਾ ਪੂਰਾ ਸਤਿਕਾਰ ਕਰਦਾ ਹਾਂ - I make my each patient feel like a VIP. I am proud that my communication with each one of them is quite effective and pleasant! (sorry, once again for this bragging which i hate anyway!!)-  ਪਰ ਫੇਰ ਵੀ ਆਪਣੇ ਜੂਨੀਅਰ ਸਾਥੀਆਂ ਨੂੰ ਕਦੇ ਕਦੇ ਥੋੜੀ ਸਿਖਲਾਈ ਵੀ ਦੇਣੀ ਜ਼ਰੂਰੀ ਹੁੰਦੀ ਏ, ਬਾਬੇਓ 😂- ਮਰੀਜਾਂ ਨਾਲ ਠੰਡ ਰੱਖਣਾ ਸਬ ਤੋਂ ਵੱਡਾ ਤੇ ਸੌਖਾ ਸਬਕ ਹੈ, ਜਨਾਬ !!

ਹਾਂ ਜੀ, ਉਸ ਬੰਦੇ ਨੇ ਜਿੰਝ ਹੀ ਆਪਣਾ ਮੂੰਹ ਖੋਲਿਆ ਮੂੰਹ ਚ' ਪਾਨ ਦਾ ਵੱਡਾ ਸਾਰਾ ਬੀੜਾ- ਮੈਂ ਥੋੜਾ ਜਿਹਾ ਇਸ਼ਾਰਾ ਹੀ ਕੀਤਾ ਬਸ ਕਿ ਇਹ ਕਿ, ਉਹ ਵੀ ਇੰਨ੍ਹੇ ਭੋਲੇਪਣ ਨਾਲ ਕਹਿੰਦੈ ਕਿ ਹੁਣੇ ਹੀ ਰੱਖਿਆ ਏ ਜੀ. ਮੈੰ ਸੋਚਿਆ ਇਹ ਕਿ ਗੱਲ ਹੋਈ, ਹੁਣ ਰੱਖਿਆ ਜਾਂ ਰਾਤ ਦਾ ਟਿਕਾਇਆ ਹੋਇਆ ਏ, ਦੰਦ ਤੇਰੇ ਮੈਂ ਕਿਵੇਂ ਦੇਖਣੇ ਨੇ!!

ਯਾਰ, ਹੁਣ ਮੈਂ ਤੇਰਾ ਪਾਨ ਵੇਖਾਂ , ਉਸ ਦੀਆਂ ਛਿੱਟਾਂ ਤੋਂ ਆਪਣੇ ਚਿੱਟੀ ਕਮੀਜ਼ ਬਚਾਵਾਂ ਜਾਂ ਤੇਰੇ ਦੰਦ ਲੱਭਾਂ 😟

ਉਸ ਦੀ ਖੁਸ਼ੀ ਤੇ ਹੱਸਦੇ ਚੇਹਰੇ ਸਾਮਣੇ ਮੈਨੂੰ ਆਪਣਾ ਫੈਸਲਾ ਕਲ ਪਹਿਲੀ ਬਾਰ ਬਦਲਣਾ ਪਿਆ। ਉਸ ਜੇ ਅਜੇ ਆਪਣੇ ਵਾਸਤੇ ਦੂਸਰੀ opd ਚੋਂ ਵੀ ਦਵਾਈ ਲੈਣੀ ਸੀ. ਮੈਂ ਉਸ ਨੂੰ ਬੜੇ ਠੰਡੇ ਤਾਰੀਕ ਨਾਲ ਸਮਝਾਇਆ ਕਿ ਯਾਰ, ਇੰਝ ਹੈ ਕਿ ਤੂੰ ਪਹਿਲਾਂ ਇਸ ਪਾਨ ਦੇ ਬੁੱਲੇ ਲੁੱਟ ਲੈ,  ਆਪਣੀ ਦੂਜੀ ਦਵਾਈ ਲੈ ਆ, ਆਪਣੇ ਹੋਰਨਾਂ ਰਿਟਾਇਰ ਸਾਥੀਆਂ ਨਾਲ ਮਿਲ-ਗਿਲ ਲੈ ਤੇ ਨਾਲ ਨਾਲ ਇਸ ਪਾਨ ਵਾਲੇ ਬੁੱਲੇ ਲੁੱਟ ਲੈ, ਜਦੋਂ ਸਾਰੇ ਕੰਮ ਨਿੱਬੜ ਜਾਣ, ਤੇ ਮੂੰਹ ਚ' ਸਿਰਫ ਇਸ ਦਾ ਫੌਕ ਹੀ ਰਹਿ ਜਾਵੇ, ਫੇਰ ਆਰਾਮ ਨਾਲ ਇਸ ਨੂੰ ਥੁੱਕ ਕੇ ਤੇ ਠੰਡਾ ਪਾਣੀ ਪੈ ਕੇ ਚਰਨ ਪਾਈ ਦੰਦਾਂ ਵਾਲੇ ਕਮਰੇ ਚ', ਸੱਚੀਂ ਮੈਂ ਉਸ ਨੂੰ ਬਿਲਕੁਲ ਇੰਝ ਹੀ ਕਿਹਾ - ਇਹ ਵੀ ਕਿਹਾ ਕਿ ਮੈਂ ਤੇਰੇ 5 ਰੁਪਈਏ ਖ਼ਰਾਬ ਨਹੀਂ ਕਰਵਾਉਣਾ ਚਾਹੁੰਦਾ।

ਪੰਜਾਂ ਰੁਪਈਆਂ ਦੇ ਬਚਣ ਦੀ ਐੱਡੀ ਖੁਸ਼ੀ - ਪਰ ਸਿਹਤ ਨੂੰ ਕੌਣ ਬਚਾਉ !!

ਇਹ ਗੱਲ ਸੁਨ ਕੇ ਉਹ ਤੇ ਬੜਾ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਤੁਸੀਂ ਤੇ ਦੇਵਤਾ ਹੋ. ਮੈਂ ਕਿਹਾ - ਨਹੀਂ , ਇਹ ਤੇਰੀ ਗ਼ਲਤ-ਫਹਿਮੀ ਹੈ 😃 ਪਾਨ ਮੂੰਹ ਚ ਹੋਣ ਕਰਕੇ ਦੰਦ ਨਹੀਂ ਦਿੱਖ ਰਹੇ, ਗੱਲ ਇੰਨੀ ਕੁ ਹੈ !!😁- ਨਾਲ ਹੀ ਮੈਂ ਉਸ ਦੀ ਇਹ ਫੋਟੋ ਲੈ ਲਈ। ਸ਼ੁਕਰ ਹੈ ਉਸ ਨੇ ਇਹ ਨਹੀਂ ਪੁੱਛਿਆ ਕਿ ਦੰਦ ਮੇਰੇ ਤੇਰੇ ਕੋਲੋਂ ਪਾਨ ਪਏ ਹੋਣ ਕਰਕੇ ਦੇਖੇ ਨਹੀਂ ਜਾ ਰਹੇ, ਗੱਲ ਸਮਝ ਆਉਂਦੀ ਹੈ - ਫੇਰ ਇਹ ਫੋਟੋ ਖਿੱਚ ਕੇ ਕਿ ਕਰੇਂਗਾ !!

ਅਜ ਸਵੇਰੇ ਵਹਾਤਸੱਪ ਤੇ ਆਈ ਹੋਈ  ਇਸ ਪੋਸਟ ਨੂੰ ਐਡਿਟ ਕਰਨਾ ਪਿਆ. ਫੋਟੋ ਵੀ ਕੱਟਣੀ ਪਾਈ...ਇਸ ਤਰ੍ਹਾਂ ਦੀਆਂ ਪੋਸਟਾਂ ਤੋਂ ਗੁਰੇਜ ਕਰੀਏ, ਆਪਣੇ ਆਪ ਨੂੰ ਖੁਦਾ ਮੰਨਣ ਵਾਲੀ ਮੂਰਖਤਾ ਤੋਂ ਬਾਹਰ ਨਿਕਲੀਏ ਤੇ ਸਬ ਦਾ ਭਲਾ ਮੰਗੀਏ। ਇਸ ਪੋਸਟ ਨੂੰ ਵੇਖ ਕੇ ਬੜਾ ਅਫਸੋਸ ਹੋਇਆ। ਜਿਸ ਉੱਤੇ ਬੀਤਦੀ ਹੈ ਉਹ ਜਾਣਦਾ ਹੈ ਜਾ ਉਸ ਦਾ ਪਰਿਵਾਰ - ਬਾਕੀ ਸਬ ਨਾਟਕ ਨੌਟੰਕੀ ਹੈ 😞

ਮੈਂ ਆਪਣੇ ਸਾਰੇ ਮਰੀਜ਼ਾਂ ਦੀ ਪਰਾਈਵੇਸੀ ਬਾਰੇ ਪੂਰਾ ਸਚੇਤ ਹਾਂ, ਕਿਸੇ ਵੀ ਮਰੀਜ ਦਾ ਚੇਹਰਾ ਕੋਈ ਪਹਿਚਾਣ ਨਹੀਂ ਸਕਦਾ, ਇੰਝ ਦੀ ਫੋਟੋ ਹਮੇਸ਼ਾ ਇਸਤੇਮਾਲ ਕਰਦਾ ਹਾਂ. ...ਅਸੀਂ ਸਾਰੇ ਹੀ ਇੰਝ ਕਰਦੇ ਹਾਂ, ਪਰ ਇਹ ਜਿਹੜਾ ਸੋਸ਼ਲ ਮੀਡਿਆ ਤੇ ਮਰੀਜ਼ਾਂ ਦੀਆਂ ਸ਼ਕਲਾਂ ਸ਼ੇਅਰ ਕਰ ਕੇ ਗਈਆਂ ਵੰਡਣ ਵਾਲਿਆਂ ਹੋਛੀਆਂ ਗੱਲਾਂ ਨੇ, ਉਹ ਬੜਾ ਸਿਰਦੁਖਦਾ ਹੈ...ਹੁਣੇ ਹੁਣੇ ਇਕ ਸਾਬਕਾ ਕੇਂਦਰੀ ਮੰਤਰੀ ਦੀ ਫੋਟੋ ਵਹਾਤਸੱਪ ਤੇ ਆਈ ਹੈ ਕਿ ਉਸ ਨੂੰ ਕੈਂਸਰ ਹੈ -- ਜਿਹੜੀ ਚੀਜ਼ ਆਪਣੇ ਵੱਸ ਚ' ਨਹੀਂ, ਉਸ ਬਾਰੇ ਕਿ ਗੱਲ ਕਰਨੀ ----ਪਤਾ ਨਹੀਂ  ਰਬ ਕਿਹੜੀਆਂ ਰੰਗਾਂ ਚ' ਰਾਜ਼ੀ ! 



ਚੰਗਾ ਜੀ, ਉਹ ਮਰੀਜ਼ ਤੇ ਜਾਣ ਬਾਅਦ ਮੈਨੂੰ ਇੰਝ ਲੱਗਾ ਕਿ ਇਹ ਮੈਂ ਠੀਕ ਕੀਤਾ? ਮੈਨੂੰ ਲੱਗਾ ਕਿ ਜੇ ਕਰ ਮੈਂ ਕੇਸਰ ਦੇ ਢਾਬੇ ਤੇ ਬਹਿ ਕੇ ਡਿਨਰ ਦੇ ਬੁੱਲੇ ਲੁੱਟ ਰਿਹਾ ਹੁੰਦਾ, ਅੰਮ੍ਰਿਤਸਰ ਦੀ ਗੁਰੂ ਬਾਜ਼ਾਰ ਦੀ ਉਸ ਮਸ਼ਹੂਰ ਸਰਦਾਰ ਜੀ ਦੀ ਦੁਕਾਨ ਦੇ ਛੋਲੇ ਸਮੋਸੇ ਵਾਲੀ ਪਲੇਟ ਮੇਰੇ ਸਾਹਮਣਿਓਂ ਕੋਈ ਧਰੂ ਲਵੇ, ਤੇ ਮੈਨੂੰ ਕਿੰਝ ਲੱਗੂ ---- ਬੱਸ ਲੱਗੂ , ਮੇਰੀ ਤੇ ਜਾਂ ਕਦੀਕੀ ਚ' ਆ ਜਾਉ।  ਓਵੇਂ ਹੀ ਉਹ ਬੰਦਾ ਵੀ ਤੇ ਪੈਣ ਦੇ ਬੁੱਲੇ ਲੁੱਟਦਾ ਲੁੱਟਦਾ ਮੇਰੇ ਕੋਲ ਚੰਗੇ ਮੂਡ ਚ ਆਇਆ ਸੀ।

ਰਹੀ ਗੱਲ ਤੰਬਾਕੂ, ਪਾਨ, ਗੁਟਖੇ ਵਰਗੇ ਜ਼ਹਿਰਾਂ ਦੀ, ਉਹ ਅਸੀਂ ਕਿਹੜਾ ਅਸੀਂ ਉਸ ਦੀ ਕਲਾਸ ਲਏ ਬਿਨਾ ਉਸਨੂੰ ਬਖ਼ਸ਼ ਦੇਣੈ - ਆਇਆ ਜੀ, ਇਕ ਘੰਟੇ ਬਾਅਦ ਓਹੀ ਮਰੀਜ਼ , ਲੱਗੀ ਜੀ ਓਹਦੀ 10 ਮਿੰਟ ਕਲਾਸ - ਸਮਝ ਗਿਆ ਸੀ ਇੰਝ ਜਾਪਿਆ , ਦੰਦਾਂ ਦੇ ਇਲਾਜ ਤੋਂ ਬਾਅਦ ਜਾਂਦੇ ਜਾਂਦੇ ਹੱਸਦਾ ਹੱਸਦਾ ਕਹਿੰਦਾ ਗਿਆ - ਪੂਰੀ ਕੋਸ਼ਿਸ਼ ਕਰਾਂਗਾ ਜੀ।

ਚਲੋ ਜੀ, ਰਬ ਰਾਖਾ -- ਸਬਨਾਂ ਦਾ, ਸਬਨੀ ਥਾਂਈਂ - ਸਬ ਨੂੰ ਰਬ ਸੋਝੀ ਦੇਵੇ। ਅਜੇ ਨਸ਼ਿਆਂ ਪੱਤਿਆਂ ਦੀ ਗੱਲ ਛਿੜੀ ਸਵੇਰੇ ਸਵੇਰੇ, ਮੈਂ ਇਹ ਗੀਤ ਚੇਤੇ ਆ ਰਿਹੈ - ਮੈਂ ਕਦੇ ਪੈਗ ਨਹੀਂ ਲਾਇਆ (ਲੌੜ ਹੀ ਨਹੀਂ ਪਈ, ਜਨਾਬ ), ਪਰ ਗਾਣੇ ਮੈਨੂੰ ਇਹੋ ਜਿਹੇ ਵੀ ਬਹੁਤ ਪਸੰਦ ਨੇ - ਸ਼ਾਇਦ ਬਿਨਾਂ ਪੈਗ ਲਾਇਆਂ ਹੀ ਨਸ਼ਾ ਹੋ ਜਾਂਦੈ - ਐਵੇਂ ਹੀ ਥੋੜੇ ਇਸ ਨੂੰ ਯੂ-ਟਯੁਬ ਤੇ 14 ਕਰੋੜ ਲੋਕ ਵੇਖ ਚੁਕੇ ਨੇ - ਤੂੰ ਤੇ ਆਖਿਆ ਭੁੱਲ ਗਿਆ ਹੋਣੈ, ਹੋਰ ਕਿਸੇ ਤੇ ਡੁਲ ਗਿਆ ਹੋਣੈ 👌👍- ਵਾਹ ਬਈਂ ਬਈ , ਦਿਲਜੀਤ --ਤੇਰਾ ਉਸ ਫਿਲਮ ਪੰਜਾਬ 1984 ਦਾ ਕੰਮ ਵੀ ਮੈਨੂੰ ਸਾਰੀ ਜ਼ਿੰਦਗੀ ਯਾਦ ਰਹੇਗਾ- ਬੜਾ ਰੋਇਆ ਸੀ ਮੈਂ ਉਸ ਦਿਨ ਉਸ ਫਿਲਮ ਨੂੰ ਵੇਖ ਕੇ ਤੇ ਬਾਅਦ ਚ ਵੀ....

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...