Tuesday, 9 July 2019

ਬਿਸਤਰਬੰਦ ਦੀਆਂ ਠੱਪੀਆਂ ਗੱਲਾਂ ਕੌਣ ਖੋਲੂ!

ਕੋਈ ਵੱਡੀ ਗੱਲ ਨਹੀਂ, ਜੇ ਕਰ ਅੱਜ ਅਸੀਂ ਆਪਣੇ ਪਿਛੋਕੜ ਬਾਰੇ ਕੁਝ ਲਿਖ ਕੇ ਨਹੀਂ ਜਾਵਾਂਗੇ, ਤੋਂ ਆਉਣ ਵਾਲੀਆਂ ਪੀੜੀਆਂ ਨੂੰ ਕੌਣ ਦੱਸੁ ਕਿ ਇਹ ਬਿਸਤਰਬੰਦ ਕਿਸ ਸ਼ੈ ਦਾ ਨਾਉਂ ਹੈ !!

ਇਸ ਲਈ ਮੈਂ ਇਹ ਕਹਿੰਦਾ ਰਹਿੰਦਾ ਹਾਂ ਕਿ ਸਾਨੂੰ  ਸਾਰਿਆਂ ਨੂੰ ਆਪਣੇ ਤਜੁਰਬੇ, ਆਪਣੀਆਂ ਯਾਦਾਂ ਲਿਖਦੇ ਰਹਿਣਾ ਚਾਹੀਦੈ - ਕੋਈ ਵੱਡਾ ਕੰਮ ਨਹੀਂ ਹੈ, ਉਂਝ ਵੀ ਅਸੀਂ ਸੋਸ਼ਲ ਮੀਡਿਆ ਤੇ ਲੱਗੇ ਰਹਿਣੇ ਹਾਂ! ਇਸ ਕੰਮ ਚ' ਦਿਮਾਗ ਬਿਲਕੁਲ ਵੀ ਨਹੀਂ ਲਗਾਉਣਾ ਪੈਂਦਾ, ਹਾਂ ਇਹ ਸਬ ਕੁਛ ਸੱਚ ਸੱਚ ਦਰਜ ਕਰ ਜਾਣਾ ਦਿਲ ਦਾ ਮਾਮਲਾ ਹੈ ਬਸ!!

ਹਾਂ ਜੀ, ਅੱਜ ਸਵੇਰੇ ਆਪਣੀਆਂ ਗੱਲਾਂ ਹੋ ਰਹੀਆਂ ਸੀ- ਸਫਰ ਬਾਰੇ,  ਇਹ ਹੈ ਉਸ ਦਾ ਲਿੰਕ -  ਸਫਰ ਚ ਢੋਏ ਜਾਣ ਵਾਲੇ ਸਾਮਾਨ ਬਾਰੇ - ਗੱਲ ਥੋੜੀ ਜਿਹੀ ਰਹਿ ਗਈ ਬਿਸਤਰਬੰਦ ਦੀ....


ਪਹਿਲਾਂ ਜਦੋਂ ਅਸੀਂ ਲੋਕੀਂ ਰਾਤ ਦੇ ਸਫਰ ਲਈ ਨਿਕਲਣਾ ਤੇ ਘੱਟੋ ਘਟ ਇਕ ਬਿਸਤਰਬੰਦ ਲੈ ਕੇ ਤੇ ਚਲਣਾ ਹੀ ਪੈਂਦਾ ਸੀ, ਜੇ ਸਾਰਾ ਟੱਬਰ ਜਾ ਰਿਹੈ ਤਾਂ ਕਈ ਵਾਰ ਦੋ ਬਿਸਤਰਬੰਦਾਂ ਨੂੰ ਤਿਆਰ ਕਰਨਾ ਕੋਈ ਵੱਡੀ ਗੱਲ ਨਹੀਂ ਸੀ.

ਦੋ ਰਿਕਸ਼ੇ ਆਉਂਦੇ - ਇਕ ਇਕ ਬਿਸਤਰਬੰਦ ਦੋਹਾਂ ਦੇ ਪਿੱਛੇ -- ਉਹ ਪਰਿਓਰਿਟੀ ਹੁੰਦੀ ਸੀ, ਬਾਕੀ ਸਾਮਾਨ ਤੇ ਕਿਤੇ ਵੀ ਰੱਖਿਆ ਜਾਂਦਾ ਸੀ, ਜੇ ਸਾਮਾਨ ਜ਼ਿਆਦਾ ਲੱਗਦਾ ਤੇ ਇਕ ਸਾਲਮ ਟਾਂਗਾ ਲੈ ਕੇ ਆਈ ਦਾ ਸੀ। ਇਹ ਲਿਆਉਣ ਵਾਲਾ ਮਸਲਾ ਕੀ ਸੀ? - ਜੀ, ਰਿਕਸ਼ਾ ਹੋਵੇ ਤੇ ਭਾਵੇਂ ਹੋਵੇ ਟਾਂਗਾ, ਇਹ ਤੇ ਸਾਨੂੰ ਕਾਲੋਨੀ ਦੇ ਚੌਕ ਤੋਂ ਹੀ ਮਿਲਦਾ ਸੀ, ਜਿਥੇ ਤੱਕ ਪਹਿਲਾਂ ਸਾਈਕਲ ਵਾਹ ਕੇ ਜਾਈ ਦਾ ਸੀ - ਫੇਰ ਓਥੇ ਰਿਕਸ਼ਾ ਵਾਲੇ ਨੂੰ ਇੰਟਰਵਿਊ ਦੇਣਾ ਪੈਂਦਾ ਸੀ - ਕਿੰਨੀਆਂ ਸਵਾਰੀਆਂ ਨੇ, ਕਿਥੋਂ ਲੈਣੀਆਂ ਨੇ, ਕਿਥੇ ਉਤਰੋ ਗੇ (ਕਿ ਅਸੀਂ ਤੈਨੂੰ ਦੁਬਈ ਲੈ ਜਾਵਾਂਗੇ 😂!!), ਸਾਮਾਨ ਕੀ ਏ, ਬਸ ਇੱਕੋ ਗੱਲ ਉਹ ਪੁੱਛਣੋ ਖੁੰਜ ਜਾਂਦਾ ਸੀ ਸਵਾਰੀਆਂ ਭਾਰੀਆਂ ਨੇ ਜ਼ਾ ਹਲਕੀਆਂ 😂😄

ਅੱਛਾ ਬਈ , ਇਹ ਰਿਕਸ਼ਾ ਵਾਲਾ ਬੂਹੇ ਦੇ ਬਾਹਰ ਖੜਾ ਏ ਤੇ ਅਜੇ ਬਿਸਤਰਬੰਦ ਬੰਦ ਹੀ ਨਹੀਂ ਹੋਇਆ - ਸਾਰੇ ਘਰ ਦੇ ਇਕ ਦੂਜੇ ਤੇ ਨਾਰਾਜ਼ ਕਿ ਇੰਝ ਠੂਸੀ ਦਾ ਏ ਬਿਸਤਰੇ ਨੂੰ।  ਦੋਸਤੋ, ਹੁਣ ਬਿਸਤਰਾ ਵੀ ਵੀ ਕਰਦਾ, ਰਜਾਈਆਂ, ਚਾਦਰਾਂ, ਸਿਰਹਾਣੇ, ਕੰਬਲ ਤੇ ਉਸ ਵਿਚ ਹੁੰਦੇ ਹੀ ਸਨ, ਤੋਲੀਏ, ਸਾਬਣਦਾਨੀ, ਸਾਰੇ ਟੱਬਰ ਦੇ ਫਾਂਟਾਂ ਵਾਲੇ ਪਜਾਮੇ ਤੇ ਕੁੜਤੇ ਜਿਹੜੇ ਗੱਡੀ ਚ' ਚੜ ਕੇ ਸੋਣ ਤੋਂ ਪਹਿਲਾਂ ਲਾਜ਼ਮੀ ਤੋਰ ਤੇ ਪਹਿਨਣੇ ਹੀ ਪੈਂਦੇ ਸੀ, ਫੇਰ ਸਾਰਿਆਂ ਨੇ ਆਪਣੀਆਂ ਕੈਂਚੀ ਚੱਪਲਾਂ ਅਖਬਾਰ ਚ' ਲਪੇਟੀਆਂ  ਹੋਈਆਂ ਕੱਢਣੀਆਂ ਬਿਸਤਰੇ ਵਿਚੋਂ.. ਹੁਣ ਇੰਨੀਆਂ ਚੀਜ਼ਾਂ ਬਿਸਤਰੇ ਚ' ਤੁੰਨੀਆਂ ਜਾਣ ਗੀਆਂ ਤੇ ਉਸ ਨੂੰ ਬੰਦ ਕੌਣ ਕਰੁ ! ਹੋਰ ਵੀ ਜਿਹੜਾ ਸਾਮਾਨ ਲੋਹੇ ਦੇ ਵੱਡੇ ਟਰੰਕ ਚ' ਸੁੱਟਣੋ ਰਹਿ ਜਾਂਦਾ, ਉਸ ਨੂੰ ਇਸ ਬਿਸਤਰੇ ਚ' ਹੀ ਤੁੰਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ -- ਜਦੋਂ ਤਕ ਰਿਕਸ਼ਾ ਬਾਹਰੋਂ ਧਮਕੀ ਨਾ ਦੇ ਦਿੰਦਾ ਕਿ ਕਿੰਨਾ ਚਿਰ ਲੱਗੂ ਬਈ , ਮੈਂ ਵਾਪਸ ਚੱਲਾਂ !!

ਇਕ ਗੱਲ ਹੋਰ, ਕਈ ਵਾਰ ਇੰਝ ਹੁੰਦਾ ਸੀ ਕਿ ਉਸ ਪੂਰੀ ਤਰ੍ਹਾਂ ਤੂਸੇ ਹੋਏ ਬਿਸਤਰੇ ਨੂੰ ਬੰਦ ਕਰਣ ਚ' ਦਿੱਕਤ ਆਉਂਦੀ ਸੀ, ਫੇਰ ਸਾਨੂੰ ਕਿਹਾ ਜਾਂਦਾ ਕਿ ਇਸ ਦੇ ਉੱਤੇ ਚੜ ਕੇ ਇਸਨੂੰ ਥੋੜਾ ਦੱਬੋ, ਸੱਚ ਦੱਸਾਂ ਕਈ ਵਾਰੀ ਤੇ ਪੂਰੇ ਟੱਬਰ ਦੀ ਮਦਦ ਨਾਲ ਇਹ ਬੰਦ ਹੁੰਦਾ ਸੀ --- ਪਰ ਕਦੇ ਕਦੇ ਇਕ ਪੰਗਾ ਵੀ ਪੈ ਜਾਂਦਾ ਸੀ, ਇਸ ਨੂੰ ਜਿਹੜੀ ਬੈਲਟ ਨਾਲ ਬੰਨਿਆ ਜਾਂਦਾ ਸੀ, ਉਹ ਇਸ ਜ਼ੋਰ-ਅਜਮਾਇਸ਼ ਚ' ਟੁੱਟ ਕੇ ਹੱਥ  ਚ' ਆ ਜਾਂਦੀ ਸੀ, ਉਸ ਦਾ ਵੀ ਉਸੇ ਵੇਲੇ ਜੁਗਾੜ ਤਿਆਰ ਹੁੰਦਾ ਸੀ, ਜੋ ਵੀ ਨਜ਼ਰੀਂ ਪੈਂਦਾ - ਨਾੜਾ ਜ਼ਾਂ ਸੇਬਾ, ਰੱਸੀ ਦਾ ਟੁਕੜਾ -ਜ਼ਿਆਦਾਤਰ ਰੱਸੀ ਬੰਨ੍ਹ (ਨਾੜੇ ਦਾ ਕਿ ਭਰੋਸਾ 😀, ਉਹ ਤੇ ਕਈ ਵਾਰ ਪਜਾਮੇ ਨੂੰ ਹੀ ਥੱਲੇ ਸੁੱਟ ਮਾਰਦਾ ਸੀ ) ਕੇ ਬੁੱਤਾ ਸਾਰ ਲਿਆ ਜਾਂਦਾ।

ਜਦੋਂ ਬਿਸਤਰਾ ਬੰਦ ਹੋ ਜਾਂਦਾ ਸੀ, ਉਸ ਵੇਲੇ ਤਿਆਰੀ ਪੂਰੀ ਸਮਝੀ ਜਾਂਦੀ ਸੀ - ਚਲੋ ਜੀ, ਰਿਕਸ਼ਾ ਤੇ ਜ਼ਾਂ ਟਾਂਗੇ ਤੇ ਅਸੀਂ ਪਹੁੰਚ ਗਏ ਜੀ ਅੰਮ੍ਰਿਤਸਰ ਸਟੇਸ਼ਨ ਤੇ- ਫੇਰ ਓਥੋਂ ਕੁੱਲੀ ਕਰੋ ਤੇ ਪਹੁੰਚੋ ਆਪਣੇ ਪਹਿਲੇ ਦਰਜੇ ਦੇ ਡੱਬੇ ਚ' - ਮੁਕੱਦਰ ਇੰਝ ਰਿਹਾ ਕਿ ਬਚਪਨ ਤੋਂ ਹੀ ਫਰਸਟ ਕਲਾਸ ਚ' ਸਫਰ ਕਰਣ ਦਾ ਸਬੱਬ ਰਿਹਾ - ਜਿਹੜੀ ਮੈਨੂੰ ਓਹਨਾ ਦਿਨਾਂ ਦੀ ਯਾਦ ਹੈ, ਅਸੀਂ ਰਾਤ ਨੂੰ ਫਰੰਟੀਅਰ ਮੇਲ ਤੇ ਚੜਣਾ, ਬਿਸਤਰੇਬੰਦ, ਟਰੰਕ, ਅਟੈਚੀ, ਸੁਰਾਹੀ ਜ਼ਾਂ ਮਸ਼ਕ  ਜਿਹੜੀ ਖਿੜਕੀ ਨਾਲ ਠੰਡੇ ਹੋਣ ਲਈ ਬੰਨ੍ਹ ਦੇਣੀ (ਇਕ ਫਲਾਸਕ ਵੀ ਸੀ ਜਿਹਦੇ ਆਸੇ ਪਾਸੇ ਖ਼ਾਕੀ ਕਪੜਾ ਲੱਗਿਆ ਹੋਇਆ ਸੀ) - ਫੇਰ ਖੁੱਲ੍ਹਣੇ ਜੀ ਰੋਟੀ ਦੇ ਡੱਬੇ --- ਹੁਣ ਚੇਤੇ ਕਰਦਾ ਹਾਂ ਤੇ ਇੰਝ ਲੱਗਦੈ ਜਿਵੇਂ ਉਹ ਬਚਪਨ ਦੇ ਸਫਰ ਕੀਤੇ ਜਾਣ ਦੇ ਨਾਲ ਨਾਲ ਇਕ ਪਿਕਨਿਕ ਦਾ ਬਹਾਨਾ ਵੀ ਹੁੰਦਾ ਸੀ - ਕਦੇ ਵੀ ਸਫਰ ਚ' ਜਦੋਂ ਵੀ ਜਾਣਾ, ਕੀਮਾ ਕਲੇਜੀ, ਪਰੌਂਠੇ, ਅੰਬ ਦਾ ਅਚਾਰ ਤੇ ਨਾਲ ਢੇਰ ਛਿੱਲੇ ਹੋਏ ਗੰਢੇ - ਕਦੇ ਕਦੇ ਮੇਨੂ ਬਦਲ ਜਾਂਦਾ ਸੀ, ਪੂਰੀਆਂ ਤੇ ਆਲੂ -- ਪਰ ਜ਼ਿਆਦਾਤਰ ਅਸੀਂ ਸਾਰੇ ਕੀਮਾ-ਕਲੇਜੀ ਵਾਲੀ ਪਾਰਟੀ ਹੀ ਪਸੰਦ ਕਰਦੇ ਸੀ - ਉਸ ਤੋਂ ਬਾਅਦ ਬਿਸਤਰਬੰਦ ਖੁਲਦੇ ਸੀ, ਇਕ ਇਕ ਕੰਬਲ ਜ਼ਾਂ ਰਜਾਈ ਉਸ ਵਿਚੋਂ ਕੱਢੀ ਜਾਂਦੀ- ਆਖਰੀ ਰਜਾਈ  ਵਿਚੇ ਹੀ ਰਹਿਣ ਦਿੱਤੀ ਜਾਂਦੀ ਤੇ ਓਹਦੇ ਸਮੇਤ ਹੀ ਬਿਸਤਰਬੰਦ ਨੂੰ ਸੀਟ ਤੇ ਟਿਕਾ ਦਿੱਤਾ ਜਾਂਦਾ ਤਾਂ ਜੋ ਸਵੇਰੇ ਇਸ ਨੂੰ ਮੁੜ ਬੰਨਣ ਲੱਗਿਆਂ ਜ਼ਿਆਦਾ ਖਲਜਗਣ ਨਾ ਹੋਵੇ।

ਕਿਸੇ ਤਰੀਕੇ ਪਹੁੰਚ ਗਏ ਜੀ ਨਾਨਕੇ ਜ਼ਾਂ ਦਾਦਕੇ -- ਐੱਡੇ ਐੱਡੇ ਵੱਡੇ ਬਿਸਤਰੇ ਵੇਖ ਕੇ ਨਾਨਕੇ ਪਿੰਡ ਦੀ ਅੱਧੀ ਗਲੀ ਨੂੰ ਪਤਾ ਲੱਗ ਜਾਣਾ ਕਿ ਸੰਤੋਸ਼ (ਬੀਜੀ) ਆਈ ਏ ਅੰਬਰਸਰੋਂ - ਅਸੀਂ ਤੇ ਭੱਜ ਕੇ ਨਾਨੇ ਨਾਨੀ ਕੋਲ ਪੁੱਜ ਜਾਣਾ, ਪਰ ਬੀਜੀ ਨੂੰ ਗਲੀ ਦੀਆਂ 4-5 ਪੁਰਾਣੀਆਂ ਬੀਬੀਆਂ (ਜਿਹੜੀਆਂ ਆਪਣੇ ਬੂਹੇ ਤੇ ਹੀ ਬੈਠੀਆਂ ਹੁੰਦੀਆਂ ਸੀ ) ਦੇ ਗਲ਼ੇ ਮਿਲ ਮਿਲ ਕੇ ਅੱਗੇ ਵਧਣ ਚ' 5-7 ਮਿੰਟ ਲੱਗ ਹੀ ਜਾਂਦੇ - ਫੇਰ ਮਾਂ ਨੇ ਜਿਵੇਂ ਹੀ ਘਰ ਚ' ਪੈਰ ਰਖਣਾ,  ਨਾਨੀ ਨੇ ਉਸ ਨੂੰ ਘੁੱਟ ਕੇ ਜੱਫੀ ਮਾਰ ਲੈਣੀ ਤੇ ਫੇਰ ਉਹਨਾਂ ਅਗਲੇ ਕੁਛ ਪਲ ਗਲੇ ਮਿਲਦੇ ਮਿਲਦੇ ਰੋਂਦੇ ਰਹਿਣਾ - ਇਹ ਮੈਨੂੰ ਕਦੇ ਸਮਝ ਨਹੀਂ ਆਇਆ , ਜ਼ਾਂ ਮੈਂ ਕਦੇ ਸਮਝਣਾ ਚਾਹਿਆ ਨਹੀਂ, ਜ਼ਾਂ ਸਮਝਦਿਆਂ ਹੋਇਆਂ ਵੀ ਮੈਂ ਨਾਸਮਝ ਹੋਣ ਦਾ ਨਾਟਕ ਕਰਦਾ!  - ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ--- ਕੌਣ ਦਿਲਾਂ ਦੀਆਂ ਜਾਣੇ!!

ਅੱਛਾ, ਉਹ ਬਿਸਤਰਬੰਦ ਵਾਲਾ ਪੰਗਾ ਤਾਂ ਵਿਚਾਲੇ ਹੀ ਰਹਿ ਗਿਆ, ਓਹਨੂੰ ਵਾਪਸ ਵੀ ਤੇ ਅੰਮ੍ਰਿਤਸਰ ਪਹੁੰਚਾਣਾ ਹੁੰਦਾ ਸੀ - ਹੁਣ ਵਾਪਸੀ ਤੇ ਉਸੇ ਬਿਸਤਰੇਬੰਦ ਚ' ਵਿਆਹ ਦੀਆਂ ਮਿਠਾਈਆਂ, ਮੱਠੀਆਂ, ਸ਼ੱਕਰਪਾਰੇ, ਪਤੀਸੇ ਵੀ ਤੇ ਤੁੰਨਣੇ ਪੈਂਦੇ ਸੀ - ਨਿੱਬੜ ਹੀ ਜਾਂਦਾ ਸੀ ਜੀ ਸੱਭ ਕੰਮ - ਸਾਰੀਆਂ ਗੱਲਾਂ ਦੀ ਇੱਕੋ ਗੱਲ ਇਹ ਕਿ ਸਾਡੇ ਮਾਪਿਆਂ ਚ' ਅੱਤ ਦਾ ਸਬਰ ਸੀ, ਸੰਤੋਖ ਸੀ, ਅਸੀਂ ਤੇ ਐਵੇਂ ਨਾਲਾਇਕ ਛੋਟੀ ਛੋਟੀ ਗੱਲ ਤੇ ਟੱਪਣ ਬਹਿ ਜਾਂਦੇ ਜਾਂ -ਤੇ ਸਾਡੇ ਬੱਚੇ ਅੱਗੋਂ ਹੋਰ ਵੀ ਸਿਰੇ। ਸੋਚ ਰਿਹਾਂ ਕਿ ਜੇ ਇੰਝ ਹੀ ਪੀੜ੍ਹੀ ਦਰ ਪੀੜ੍ਹੀ ਤੱਤਾਪਨ ਇੰਝ ਹੀ ਵੱਧਦਾ ਰਿਹਾ ਤੇ ਕਿੰਝ ਚੱਲੇਗੀ ਇਹ ਦੁਨੀਆਂ -- ਪਰ ਇਹ ਸੋਚਣਾ ਵੀ ਮੇਰਾ ਕੰਮ ਹੈ ਕਿਤੇ !! ਸਾਰੇ ਆਪਣੀ ਆਪਣੀ ਭਲੀ ਨਬੇੜ ਲਈਏ, ਓਹੀਓ ਬਥੇਰਾ ਏ....

ਹਾਂਜੀ, ਵਿਆਹ ਤੇ ਹੋ ਆਏ, ਸ਼ੱਕਰਪਾਰੇ ਵੀ ਬਿਸਤਰਬੰਦ ਚ' ਤੁੰਨ ਲਏ - ਹੁਣ ਵਿਆਹ ਵਾਲਾ ਇਕ ਗਾਣਾ ਹੀ ਵੀ ਤੇ ਸੁਣ  ਲਈਏ - ਮੱਥੇ ਤੇ ਚਮਕਨ ਵੱਲ ਮੇਰੇ ਬਣਢੇ ਦੇ -

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...