Tuesday, 2 July 2019

ਕੀਟਨਾਸ਼ਕਾਂ ਦੇ ਇਸ ਪੱਖ ਤੋਂ ਮੈਂ ਸਾਂ ਬਿਲਕੁਲ ਬੇਖ਼ਬਰ

ਪਿਛਲੇ ਦਿਨੀ ਜਿਹੜੇ ਬੱਚੇ ਲੀਚੀਆਂ ਖਾ ਕੇ ਆਪਣੀ ਜਾਨ ਗੁਆ ਬੈਠੇ ਵਿਚਾਰੇ,  ਉਹਨਾਂ ਬਾਰੇ ਟਾਇਮਸ ਆਫ ਇੰਡੀਆ ਚ ਇਕ ਕਿਸੇ ਵੱਡੇ ਵਿਗਿਆਨਿਕ ਦੀ ਰਿਪੋਰਟ ਦੇਖੀ ਸੀ ਜਿਸ ਵਿਚ ਉਹ ਦਸ ਰਿਹਾ ਸੀ ਕਿ ਇਹ ਵੀ ਹੋ ਸਕਦੈ ਕਿ ਜਿਹੜੇ ਲੀਚੀਆਂ ਦੇ ਬਾਗ਼ਾਂ ਚੋਂ  ਤੋੜ ਤੋੜ ਕੇ (ਜਾਂ ਥੱਲੇ ਡਿੱਗੀਆਂ) ਉਹਨਾਂ ਨਿਆਣਿਆਂ ਨੇ ਲੀਚੀਆਂ ਖਾਦੀਆਂ, ਓਹਨਾ ਬਾਗ਼ਾਂ ਚ ਹੋ ਸਕਦੇ ਤਾਜ਼ਾ ਤਾਜ਼ਾ ਕੀਟਨਾਸ਼ਕ ਦਵਾਈਆਂ ਨੂੰ ਛਿੜਕਿਆ ਗਿਆ ਹੋਵੇ।

ਉਹ ਲੇਖ ਪੜ ਕੇ ਮੈਨੂੰ ਸਮਝ ਆਇਆ ਕਿ ਜਦੋਂ ਇਸ ਤਰ੍ਹਾਂ ਦੀਆਂ ਦਵਾਈਆਂ ਬਾਗ਼ਾਂ ਚ' ਛਿੜਕੀਆਂ ਜਾਉਂਦੀਆਂ ਨੇ, ਉਹਨਾਂ ਦੀ  ਓਥੇ ਅਸਰ ਕਰਣ ਦੀ ਇਕ ਮਿਆਦ ਹੁੰਦੀ ਏ, ਯਾਦ ਨਹੀਂ ਹੁਣ, 15 ਦਿਨ ਲਿਖੇ ਸੀ ਕਿ ਇਕ ਮਹੀਨਾ, ਜੋ ਵੀ ਸੀ, ਉਹ ਸਾਇੰਸਦਾਨ ਕਹਿ ਰਹੇ ਸੀ ਕਿ ਨਿਆਣਿਆਂ ਦੀਆਂ ਮੌਤਾਂ ਪਿਛੇ ਇਹ ਵਾਲਾ ਪੱਖ ਵੀ ਹੋ ਸਕਦੈ ਕਿ ਤਾਜ਼ੀ ਤਾਜ਼ੀ ਦਵਾਈ ਓਹਨਾ ਰੁੱਖਾਂ ਤੇ ਲੱਗੀ ਹੋਵੇ ਤੇ ਬੱਸ ਬਿਨਾਂ  ਉਸ ਮਿਆਦ ਦੀ ਉਡੀਕ ਕੀਤੇ ਹੀ ਓਹਨਾ ਨੂੰ ਤੋੜ ਲਿਆ ਹੋਵੇ ਤੇ ਬਦਕਿਸਮਤ ਬੱਚੇ ਉੰਨਾਂ ਨੂੰ ਛੱਕ ਗਏ ਤੇ ਹੋਰ ਚੀਜ਼ਾਂ ਜਿਵੇਂ ਕਿ ਬੱਚੇ ਕਮਜ਼ੋਰ ਸਨ, ਰਾਤੀ ਰੋਟੀ ਨਹੀਂ ਸੀ ਖਾਦੀ ਤੇ ਸਵੇਰੇ ਨਿਰਣੇ ਕਾਲਜੇ ਇਸ ਤਰ੍ਹਾਂ ਦੇ ਕੀਤਨਾਸ਼ਕਾਂ ਨਾਲ ਲੈਸ ਲੀਚੀਆਂ ਖਾਣ ਨਾਲ ਉਹ ਕਾਲ ਦੇ ਮੂੰਹ ਚ' ਜਾ ਡਿੱਗੇ  - ਰਬ ਮਿਹਰ ਕਰੇ!

ਬੜਾ ਅਫਸੋਸ ਹੋਇਆ ਇਹ ਸਬ ਪੜ ਕੇ ਕਿ ਕਿਸ ਤਰ੍ਹਾਂ ਪੈਸੇ ਕਮਾਉਣ ਲਈ ਤੇ ਬਾਜ਼ਾਰ ਦੇ ਦਬਾਅ ਚ ਇਸ ਤਰ੍ਹਾਂ ਦੀਆਂ ਦਵਾਈਆਂ ਦੱਬ ਕੇ ਵਰਤੀਆਂ ਜਾਂਦੀਆਂ ਨੇ, ਤੇ ਓਹਨਾ ਦੇ ਅਸਰ ਵਾਲੀ ਮਿਆਦ ਵਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾਂਦਾ - ਹੋਰ ਤੇ ਹੋਰ ਉਸ ਲੇਖ ਤੋਂ ਮੈਨੂੰ ਪਤਾ ਲੱਗਾ ਕਿ ਓਹਨਾ ਬਾਗ਼ਾਂ ਚ ਜਾਨਵਰਾਂ ਦੀਆਂ ਬੀਮਾਰੀਆਂ ਚ ਵਰਤੀਆਂ ਜਾਉਣ ਦਵਾਈਆਂ ਵੀ ਅੰਨੇਵਾਹ ਛਿਡ਼ਕ ਦਿੱਤੀਆਂ ਜਾਂਦੀਆਂ ਨੇ - ਇਸ ਸਬ ਦਾ ਨਤੀਜਾ ਕਿ ਹੁੰਦੈ, ਉਹ ਸਾਡੇ ਸਾਹਮਣੇ ਏ!

ਵੈਸੇ ਤੇ ਸਾਡੇ ਨਿਯਮ ਕਾਇਦੇ ਵੀ ਬੜੇ ਢਿੱਲੇ ਢਾਲੇ ਨੇ, ਸਾਰੇ ਕਾਸ਼ਤਕਾਰ ਵੀ ਅਕਸਰ ਕੀਟਨਾਸ਼ਕਾਂ ਦੀ ਵਰਤੋਂ ਲਈ ਕਿਸੇ ਦੀ ਨਹੀਂ ਸੁਣਦੇ।  ਇਸ ਤਰ੍ਹਾਂ ਦੇ ਮੁੱਦੇ ਬਾਰੇ ਸੋਚਣ ਲੱਗੋ ਤੇ ਮੇਰਾ ਤਾਂ ਸਿਰ ਹੀ ਭਾਰੀ ਹੋ ਜਾਂਦੈ - ਪਤਾ ਹੀ ਨਹੀਂ ਕਿ ਅਸੀਂ ਕਿਹੜੇ ਕਿਹੜੇ ਕੈਮੀਕਲਾਂ ਨਾਲ ਲੈਸ ਵਸਤਾਂ ਦੀ ਵਰਤੋਂ ਕਰਿ ਜਾ ਰਹੇ ਹਾਂ - ਉਹਨਾਂ ਕਿਸਮਤ ਦੇ ਮਾਰੇ ਬੱਚਿਆਂ ਵਾਂਗ ਜੇ ਲੋਕ ਯਕਦਮ ਨਹੀਂ ਵੀ ਮਰ ਰਹੇ, ਇਹ ਸਬ ਕੁਛ ਖਾ ਕੇ ਕਿਤੇ ਨਾ ਕਿਤੇ ਤੇ ਕੜਿੱਕੀ ਚ' ਆ ਹੀ ਰਹੇ ਹੋਵਾਂਗੇ !!

ਅੱਛਾ ਇਕ ਗੱਲ ਚੇਤੇ ਆ ਗਈ,  ਦੋ ਕੁ ਮਹੀਨੇ ਪਹਿਲੇ ਜਦੋਂ ਮੈਂ ਅਮਰੀਕਾ ਗਿਆ ਹੋਇਆ ਸੀ ਤਾਂ ਜਗ੍ਹਾ ਜਗ੍ਹਾ ਬਾਗ਼ਾਂ ਚ' ਤੇ ਇਥੋਂ ਤਕ ਕੇ ਘਾਹ ਤੇ ਵੀ ਛੋਟੇ ਛੋਟੇ ਬੋਰਡ ਲੱਗੇ ਹੋਏ ਸੀ, ਮੈਨੂੰ ਇਹਨਾਂ ਜਗ੍ਹਾਂ ਤੋਂ ਲੰਘਦਿਆਂ ਕੁਛ ਸਮਝ ਨਹੀਂ ਸੀ ਆਇਆ, ਮੈਂ ਹੁਣ ਪੁੱਛਦਾ ਵੀ ਕਿੰਨੂੰ, ਮੈਨੂੰ ਤੇ ਵੈਸੇ ਵੀ ਫ਼ੋਟਾਂ ਖਿੱਚਣ ਦਾ ਭੋਖੜਾ ਸੀ,  ਫ਼ੋਟਾਂ ਖਿੱਚ ਕੇ ਅੱਗੇ ਵੱਗ ਜਾਂਦਾ।  ਜਦੋਂ ਮੈਂ ਇਹ ਲੈਚੀਆਂ ਵਾਲਾ ਲੇਖ ਪੜਿਆ ਤੇ ਫੇਰ ਉਹ ਅਮਰੀਕਾ ਦੇ ਬਾਗ਼ਾਂ ਚ (ਮੈਰੀਲੈਂਡ, ਵਾਸ਼ਿੰਗਟਨ, ਬਫਲੋ, ਨਿਊ ਯਾਰ੍ਕ --ਜਿਥੇ ਜਿਥੇ ਵੀ ਜਾਣ ਦਾ ਸਬੱਬ ਹੋਇਆ, ਇਸ ਤਰ੍ਹਾਂ ਦੇ ਬੋਰਡ ਦਿਖੇ ਸੀ, ਉਹਨਾਂ ਦਾ ਧਿਆਨ ਆ ਗਿਆ।


ਹੁਣ ਮੈਂ ਇਸ ਬੋਰਡ ਨੂੰ ਚੰਗੀ ਤਰ੍ਹਾਂ ਸਮਝ ਗਿਆ ਹਾਂ ਕਿ ਜਦੋਂ ਕੀਟਨਾਸ਼ਕਾਂ ਨੂੰ ਘਾਹ ਤੇ ਵੀ ਛਿੜਕਿਆ ਹੋਵੇ ਤਾਂ ਧਯਾਨ ਦਿਓ ਕਿ ਅਗਲੇ ਦੋ ਦਿਨ ਤਕ ਓਥੋਂ ਨਾ ਤੇ ਪਾਲਤੂ ਪਸ਼ੂ ਲੈ ਕੇ ਜਾਓ ਤੇ ਨਾ ਹੀ ਛੋਟੇ ਬਚੇ - ਇਹ ਵੀ ਲਿਖਿਆ ਹੈ ਕੰਪਨੀ ਵੱਲੋਂ ਕਿ 48 ਘੰਟਿਆਂ ਬਾਅਦ ਇਸ ਨੋਟਿਸ ਨੂੰ ਲਾਹ ਦਿਓ - ਮਤਲਬ ਇਸ ਦਵਾਈ ਦੇ ਮਾੜੂ ਅਸਰ ਦੀ ਮਿਆਦ 48 ਘੰਟੇ ਹੋਵੇਗੀ।

ਸੋਚਣ ਵਾਲੀ ਗੱਲ ਇਹ ਹੈ ਕਿ ਓਹਨਾ ਮੁਲਕਾਂ ਚ ਜਾਨਵਰਾਂ ਦੀ ਜ਼ਿੰਦਗੀ ਵੀ ਕਿੱਢੀ ਮਹਿੰਗੀ ਏ ਤੇ ਸਾਡੇ ਇਥੇ ਜ਼ਿੰਦਗੀਆਂ ਬਿਲਕੁਲ ਕੀੜੇ ਮਕੌੜੇ ਵਾਂਗ ਸਸਤੀਆਂ - ਇਸ ਖਾਈ ਬਾਰੇ ਸੋਚ ਕੇ ਬੜਾ ਦੁੱਖ ਹੁੰਦੈ।  ਰਬ ਮਿਹਰ ਕਰੇ ਜੀ - ਸਾਰੇ ਜਿਓੰਦੇ ਵਸਦੇ ਰਹੋ।

ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ !!


ਇਸ ਤਰ੍ਹਾਂ ਦੇ ਪੰਜਾਬੀ ਗੀਤ ਮੇਰੇ ਖੂਨ ਚ' ਰਲੇ ਹੋਏ ਨੇ, ਇੰਝ ਲੱਗਦੈ ਮੈਨੂੰ 😀

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...