Saturday 28 December 2019

ਓਏ ਰਬ ਤੁਹਾਡਾ ਭਲਾ ਕਰੇ - ਓਹ ਅਟੈਚੀਆਂ ਸੀ ਕਿ ਵੱਡੇ-ਵੱਡੇ ਅਟੈਚੇ!

ਦੋਸਤੋ, ਅਟੈਚੀਆਂ ਤੇ ਅਟੈਚੇ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਹੁਣੇ ਸਾਂਝੀਆਂ ਕਰਦਾ ਹਾਂ - ਪਹਿਲਾਂ ਕੁਛ ਹੋਰ ਉਰਲ ਪਰਲ ਗੱਲਾਂ ਕਰਦੇ ਹਾਂ.

ਦੋਸਤੋ, ਮੈਂ ਜਦੋਂ ਵੀ ਆਪਣੇ ਬਚਪਨ ਦੇ ਸਫਰ ਦੀਆਂ ਗੱਲਾਂ ਚੇਤੇ ਕਰਦਾ ਹਾਂ ਤਾਂ ਮੈਨੂੰ ਇਕ ਅਟੈਚੀ ਯਾਦ ਆਉਂਦੀ ਹੈ ਜਿਸ ਉੱਤੇ ਖ਼ਾਕੀ ਪੈਂਟ ਦੇ ਕੱਪੜੇ ਵਰਗਾ ਕਵਰ ਪਿਆ ਹੁੰਦਾ ਸੀ - ਇਕ ਹੋਰ ਚਮੜੇ ਦੀ ਅਟੈਚੀ ਵੀ ਹੁੰਦੀ ਸੀ, ਜਿਹੜੀ ਕਿਸੇ ਰਿਸ਼ਤੇਦਾਰ ਦੀ ਪੁਰਾਣੀ ਹੋ ਗਈ ਸੀ, ਇਸ ਕਰ ਕੇ ਸਾਡੇ ਘਰ ਆ ਗਈ ਸੀ।

ਜਿਹੜੀ ਖਾਕੀ ਕੱਪੜੇ ਦੇ ਕਵਰ ਵਾਲੀ ਅਟੈਚੀ ਦੀ ਮੈਂ ਗੱਲ ਕਰ ਰਿਹਾ ਹਾਂ, ਜਦੋਂ ਮੈਂ ਅੰਮ੍ਰਿਤਸਰ ਤੋਂ ਅੰਬਾਲਾ ਦੇ ਫੇਰੇ ਆਪਣੀ ਮਾਂ ਨਾਲ ਕੀਤੇ ਯਾਦ ਕਰਦਾ ਹਾਂ ਤਾਂ ਮੈਨੂੰ ਉਹ ਅਟੈਚੀ ਬੜੀ ਚੇਤੇ ਆਉਂਦੀ ਹੈ ਜਿਹੜੀ ਸਾਡੇ ਕੋਲ ਹੋਇਆ ਕਰਦੀ ਸੀ - ਵੈਸੇ ਤੇ ਮੈਨੂੰ ਮੇਰੀ ਮਾਂ ਦੀਆਂ ਭੋਲੀਆਂ ਗੱਲਾਂ ਵੀ ਡਾਢੀਆਂ ਚੇਤੇ ਆਉਂਦੀਆਂ ਨੇ - ਉਹ ਝੱਟ ਪੱਟ ਗੱਡੀ ਚਲਦਿਆਂ ਹੀ ਸਹੇਲੀਆਂ ਬਣਾ ਲੈਂਦੀ ਸੀ - ਕਈ ਵਾਰ ਮੈਨੂੰ ਚੇਤੇ ਹੈ ਕਿ ਜਦੋਂ ਮੈਨੂੰ ਤ੍ਰੇਹ ਲੱਗਣੀ ਤੇ ਮਾਂ ਨੇ ਦੇਖਣਾ ਕਿ ਕਿਸੇ ਸਟੇਸ਼ਨ ਉੱਤੇ ਕੋਈ ਬੰਦਾ ਉਤਰ ਰਿਹਾ ਹੈ ਤੇ ਉਸ ਨੂੰ ਕਹਿਣਾ - ਭਰਾ ਜੀ, ਜਰਾ ਇਹਨੂੰ ਵੀ ਪਾਣੀ ਪਿਓ ਦਿਓ  ! ਉਸ ਨੇ ਮੈਨੂੰ ਲੁਧਿਆਣੇ ਸਟੇਸ਼ਨ ਉੱਤੇ ਲੱਗੇ ਕਿਸੇ ਨਲਕੇ ਲਾਗੇ ਲੈ ਜਾਕੇ ਬੁੱਕ ਨਾਲ ਪਾਣੀ ਪਿਆ ਦੇਣਾ - ਤੇ ਮੈਂ ਭੱਜ ਕੇ ਮਾਂ ਦੇ ਡੱਬੇ ਵੱਲ ਆ ਜਾਣਾ - ਕਿਓਂਕਿ ਲੁਧਿਆਣੇ ਸਟੇਸ਼ਨ ਤੋਂ ਅਸੀਂ ਪੂਰੀ ਛੋਲੇ ਜ਼ਰੂਰ ਖਾਣੇ ਹੁੰਦੇ!!

ਇੰਝ ਹੀ ਜਦੋਂ ਅਸੀਂ ਘਰ ਦੇ ਸਾਰੇ ਜੀਆਂ ਨੇ ਕਿਤੇ ਜਾਣਾ ਹੁੰਦਾ ਤਾਂ ਸਾਡੇ ਕੋਲ ਘੱਟੋ ਘੱਟ ਦੋ ਫੌਜੀ ਮਾਰਕਾ ਟ੍ਰੰਕ ਹੁੰਦੇ ਨਾਲ ਦੋ ਬਿਸਤਰੇਬੰਦ - ਨਾਲ ਇਕ ਦੋ ਟੋਕਰੀਆਂ ਖਾਣ ਪੀਣ ਦੇ ਸਾਮਾਨ ਦੀਆਂ ਤੇ ਨਾਲ ਇਕ ਸੁਰਾਹੀ (ਚੱਪਣੀ ਸਮੇਤ, ਜਿਸ ਨੂੰ ਮੈਂ ਅਕਸਰ ਬੋਝੇ ਵਿਚ ਰੱਖ ਲੈਂਦਾ - ਉਸ ਜ਼ਮਾਨੇ ਵਿਚ ਮੈਨੂੰ ਸੁਰਾਹੀ ਦੀ ਛੋਟੀ ਜਿਹੀ ਚੱਪਣੀ ਬੜੀ ਵੱਡੀ ਚੀਜ਼ ਲੱਗਦੀ ਸੀ - ਫੇਰ ਸਮਝ ਆਉਣ ਲੱਗੀ ਕਿ ਉਹ ਐੱਡੀ ਵੀ ਵੱਡੀ ਚੀਜ਼ ਨਹੀਂ, ਕੋਈ ਗਲਾਸੀ ਵੀ ਉਸ ਉੱਤੇ ਮੂਧੀ ਮਾਰੀ ਜਾ ਸਕਦੀ ਏ!! 😂- ਕਿਓਂਕਿ ਅਕਸਰ ਸਾਡੀ ਗੱਡੀ ਅੰਮ੍ਰਿਤਸਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਹੀ ਚਲਦੀ ਸੀ - ਰਿਕਸ਼ਾ ਬਿਲਕੁਲ ਪਲੇਟਫਾਰਮ ਦੇ ਲਾਗੇ ਹੀ ਆ ਜਾਂਦਾ ਤੇ ਟ੍ਰੰਕ ਤੇ ਬਿਸਤਰੇਬੰਦ ਅਸੀਂ ਆਪੇ ਹੀ ਧਰੂ ਲੈਣੇ ! ਐਵੇਂ ਮੈਂ ਫੜਾਂ ਕਿਸ ਅੱਗੇ ਮਾਰਨੀਆਂ ਨੇ , ਸ਼ਾਇਦ ਕਦੇ ਕਦੇ ਵਾਪਸੀ ਵੇਲੇ ਜਦੋਂ ਕਿਸੇ ਦੂਜੇ ਪਲੇਟਫਾਰਮ ਉੱਤੇ ਗੱਡੀ ਆਉਣੀ ਤਾਂ ਹੀ ਕੁੱਲੀ ਕਰਨਾ ਪੈਂਦਾ !!

ਮਤਲਬ ਇਹ ਕਿ ਸ਼ੁਰੂ ਤੋਂ ਇੰਝ ਹੀ ਗੁੜਤੀ ਮਿਲੀ ਕਿ ਸਾਮਾਨ ਓਨ੍ਨਾ ਹੀ ਲੈ ਕੇ ਚੱਲੋ ਜਿੰਨਾ ਆਪੋ ਆਪ ਚੁਕਿਆ ਜਾ ਸਕੇ, ਨਹੀਂ ਤੇ ਐਵੇਂ ਇਕ ਦੂਜੇ ਨੂੰ ਦੇਖ ਕੇ ਹੀ ਗੁੱਸਾ ਆਉਂਦਾ ਰਹਿੰਦਾ ਏ।

ਵੱਡਾ ਮਾਮਾ ਅਜਮੇਰ ਤੋਂ ਜਦੋਂ ਪੰਜਾਬ ਆਉਂਦਾ ਸੀ  ਤਾਂ ਉਸ ਨੂੰ ਦਿੱਲੀ ਤੋਂ ਗੱਡੀ ਬਦਲਣੀ ਪੈਂਦੀ ਸੀ - ਜਦੋਂ ਉਸਦੀ ਉਮਰ ਵੱਡੀ ਹੋ ਗਈ ਤਾਂ ਸਾਨੂੰ ਦਸਿਆ ਕਰੇ ਕਿ ਯਾਰ ਦਿੱਲੀ ਸਟੇਸ਼ਨ ਦੀਆਂ ਪੌੜੀਆਂ ਤੇ ਸਾਹੋ ਸਾਹੀ ਹੋ ਕੇ ਚੜ ਜਾਂਦਾ ਹਾਂ, ਪਰ ਉਪਰ ਪਹੁੰਚ ਕੇ ਦਿਲ ਕਰਦਾ ਏ (ਮੋਟੀ ਜਿਹੀ ਗਾਲ ਕੱਢ ਕੇ ਕਹਿੰਦਾ !!) ਕਿ ਮਾਈਂ ਅਟੈਚੀ ਨੂੰ ਠੁੱਡਾ ਮਾਰ ਕੇ ਥੱਲੇ ਸੁੱਟ ਦਿਆਂ। ...ਇਹ ਸੁਣ ਕੇ ਮੇਰਾ ਤਾਂ ਹੱਸ ਹੱਸ ਕੇ ਬੁਰਾ ਹਾਲ ਹੋ ਜਾਂਦਾ - ਮੈਨੂੰ ਇੰਝ ਲੱਗਦਾ ਹੈ ਕਈ ਵਾਰੀ ਸਾਡੇ ਘਰ ਵਿਚ ਸਾਰੇ ਬੜਾ ਹੱਸਣ ਖੇਡਣ ਵਾਲੇ ਹੀ ਸਨ, ਮੇਰੇ ਭਾਪਾ ਜੀ ਵੀ ਬੜੇ ਮਜ਼ਾਕਿਆ ਸਨ, ਬਿਲਕੁਲ ਯਾਰਾਂ ਦੋਸਤਾਂ ਵਾਂਗ ਸਾਡੇ ਨਾਲ ਗੱਲਾਂ ਕਰਦੇ ਸੀ!!

ਅੱਛਾ ਮਾਮੇ ਦੀ ਗੱਲ ਛਿੜੀ ਤੇ ਮੈਨੂੰ ਮੇਰੇ ਇਕ ਦੋਸਤ ਦੇ ਮਾਮਾ ਜੀ ਦਾ ਖਿਆਲ ਆ ਗਿਆ - ਦੋਸਤੋ, ਉਸ ਦੇ ਮਾਮਾ ਜੀ ਆਪਣੇ ਟੱਬਰ ਸਮੇਤ ਕਨੇਡੇ ਤੋਂ ਕਿਸੇ ਵਿਆਹ ਤੇ ਪੰਜਾਬ ਆਏ ਸੀ । ਦੋਸਤੋ, ਆਪਣੇ ਉਸ ਮਿੱਤਰ ਨੇ ਫੇਸਬੁੱਕ ਤੇ ਆਪਣੇ ਮਾਮੇ ਹੋਰਾਂ ਦੇ ਪਰਿਵਾਰ ਦੀਆਂ ਅਟੈਚੀਆਂ ਦੀ ਇਕ ਫੋਟੋ ਪਾਈਂ - ਯਾਰੋ, ਮੈਂ ਐੱਡਿਆਂ ਖੂਬਸੂਰਤ, ਐੱਡਿਆਂ ਵੱਡੀਆਂ ਅਟੈਚੀਆਂ ਬੜੇ ਸਮੇ ਬਾਅਦ ਦੇਖੀਆਂ ਸਨ - ਇਹ ਤੇ ਨਹੀਂ ਕਹਾਂਗਾ ਕਿ ਉਹ ਅਟੈਚੀਆਂ ਵੇਖ ਕੇ ਮੇਰਾ ਤਾਂ ਸਾਹ ਉੱਤੇ ਦਾ ਉੱਤੇ ਤੇ ਥੱਲੇ ਦਾ ਥੱਲੇ  ਰਹਿ ਗਿਆ - ਇਹ ਕਹਾਂਗਾ ਤੇ ਡਰਾਮੇਬਾਜ਼ੀ ਲੱਗੇਗੀ, ਪਰ ਇੰਨਾ ਜ਼ਰੂਰ ਸੀ ਕਿ ਮੈਨੂੰ ਹੈਰਾਨੀ ਹੋਈ ਕਿ ਐੱਡੀ ਰਈਸੀ , ਐੱਡੇ ਨਵਾਬੀ ਟੋਹਰ ਟੱਪੇ - ਮੈਂ ਵੀ ਖਾਮਖਾਂ ਆਪਣੇ ਦਿਮਾਗ ਤੇ ਜ਼ੋਰ ਪਾਉਣੋਂ ਨਹੀਂ ਰਹਿੰਦਾ - ਮੈਂ ਇਹੋ ਸੋਚਦਾ ਰਿਹਾ ਕਿ ਜਿਸ ਛੋਟੇ ਜਿਹੇ ਕਸਬੇ ਵਿਚ ਤੇ ਜਿਸ ਗਲੀ ਵਿਚ ਜਦੋਂ ਇਹ ਸਾਮਾਨ ਪਹੁੰਚਿਆ ਹੋਵੇਗਾ ਤਾਂ ਆਂਢ-ਗੁਆਂਢ ਦਾ ਕੀ ਹਾਲ ਹੋਇਆ ਹੋਉ - ਕਿ ਕਰੀਏ ਮਾੜੇ ਬੰਦੇ ਜਲਦੀ ਡਰ ਜਾਂਦੇ ਨੇ - ਬਸ ਛੋਟਾ ਹੀ ਹੁੰਦਾ ਜਿਗਰਾ!!

ਆਂਢ ਗੁਆਂਢ ਤੋਂ ਗੱਲ ਚੇਤੇ ਆਈ ਕਿ 1970 ਦੇ ਨੇੜੇ ਧੇੜੇ ਦੀ ਗੱਲ ਹੈ - ਮੇਰਾ ਰਈਸ ਚਾਚਾ ਜਦੋਂ ਕਾਰ ਲੈ ਕੇ ਅੰਮ੍ਰਿਤਸਰ ਆਉਂਦਾ ਤਾਂ ਮੈਂ ਉਸ ਨੂੰ ਮਿਲ ਕੇ ਭੱਜ ਕੇ ਬਾਹਰ ਆ ਜਾਂਦਾ ਤੇ ਉਸ ਦੀ ਫੀਅਟ ਗੱਡੀ ਦੀ ਰਾਖੀ ਕਰਣ ਲੱਗ ਪੈਂਦਾ ਤਾਕਿ ਕੋਈ ਉਸ ਨੂੰ ਹੱਥ ਨਾ ਲਾਵੇ, ਝਰੀਟ ਝਰੂਟ ਹੀ ਨਾ ਮਾਰ ਜਾਵੇ - ਜਿੰਨਾ ਚਿਰ ਉਹ ਗੱਡੀ ਸਾਡੇ ਬੂਹੇ ਅੱਗੇ ਖੜੀ ਰਹਿਣੀ ਮੈਂ ਮਾਈਂ ਐਵੇਂ ਹੀ ਆਕੜਿਆ ਜੇਹਾ ਰਹਿਣਾ - ਅੱਜ ਉਸ ਗੱਲ ਬਾਰੇ ਸੋਚਦਾ ਹਾਂ ਤੇ ਬੜਾ ਹਾਸਾ ਆਉਂਦਾ ਹੈ - ਉਸ ਚਾਚੇ ਤੇ ਉਸ ਦੇ ਪਰਿਵਾਰ ਦੇ ਅਟੈਚੀ ਵੀ ਬੜੇ ਵਧੀਆ ਤੇ ਮਹਿੰਗੇ ਹੁੰਦੇ ਸਨ - ਪਰ ਉਸ ਨਾਲ ਸਾਨੂੰ ਕੀ ਫਰਕ ਪੈਂਦਾ ਸੀ - ਮੈਨੂੰ ਪੱਕਾ ਯਾਦ ਹੈ ਕਿ ਜ਼ਿੰਦਗੀ ਵਿਚ ਮਾਂ ਮੇਰੀ ਉਹਨਾਂ ਦਿਨਾਂ ਵਿਚ ਮੇਰੇ ਕੋਲੋਂ ਖੰਡ ਥੋੜੀ ਜੇਹੀ ਲੁਕੋ ਕੇ ਰੱਖਦੀ ਸੀ - ਬਿਲਕੁਲ ਝਾਵਲਾ ਜੇਹਾ ਹੈ - ਕਿਓਂਕਿ ਖੰਡ ਰਾਸ਼ਨ ਦੇ ਡਿਪੋ ਤੋਂ ਮਿਲਦੀ ਸੀ -  ਤੇ ਮੈਂ ਹਰ ਵੇਲੇ ਇਕ ਮੁੱਠ ਵਿਚ ਕੱਚੇ ਚਾਵਲ ਤੇ ਦੂਜੇ ਵਿਚ ਖੰਡ ਦੀਆਂ ਬੁੱਕਾਂ ਭਰ ਭਰ ਕੇ ਉਸ ਨੂੰ ਚੱਬਣ ਦਾ ਸ਼ੋਕੀਨ - ਮਾਂ ਅਕਸਰ ਕਹਿੰਦੀ - ਵੇ, ਕੱਚੇ ਚਾਵਲ ਨਾ ਖਾਇਆ ਕਰ, ਪੱਥਰੀ ਹੋ ਜਾਂਦੀ ਏ।

ਪਰ ਮੈਨੂੰ ਕੁਛ ਹੋਰ ਲੱਭੇ ਵੀ ਸਹੀ ਤੇ ਖਾਣ ਨੂੰ - ਇਹ ਉਹ ਦਿਨ ਸਨ ਜਦੋਂ ਪਰੋਣਾ ਆਉਣ ਤੇ 50 ਪੈਸੇ ਦਾ ਮਿਲਕਫੂਡ ਦਾ ਬਿਸਕੁਟਾਂ ਦਾ ਪੈਕੇਟ ਆਉਂਦਾ ਤਾਂ ਉਸ ਦੇ ਜਾਣ ਦੀ ਉਡੀਕ ਇਸ ਲਈ ਹੀ ਰਹਿਣੀ ਕਿ ਦੇਖਾਂ ਤੇ ਸਹੀ, ਪਲੇਟ ਚ' ਕੁਛ ਬਚਿਆ ਵੀ ਏ ਕਿ ਸਬ ਕੁਝ ਰਗੜ ਗਿਆ ਏ😂

ਇੰਝ ਹੀ ਲੋਕਾਂ ਦਾ ਵਧੀਆ ਵਧੀਆ ਸਾਮਾਨ ਵੇਖ ਕੇ ਆਪਣੀ ਵੀ ਜ਼ਿੰਦਗੀ ਲੰਘੀ ਜਾ ਰਹੀ ਸੀ - ਮੈਨੂੰ ਵੀ ਜਦੋਂ 1985 ਵਿਚ ਸਟਾਈਪੇੰਡ ਮਿਲਿਆ ਸ਼ਾਇਦ 900 ਰੁਪਈਏ - ਤਾਂ ਮੈਂ ਪਹਿਲਾ ਕੰਮ ਇਹੋ ਕੀਤਾ ਕਿ ਅੰਮ੍ਰਿਤਸਰ ਦੀ ਕੁਈਨਸ ਰੋਡ ਦੇ ਇਕ ਸ਼ੋਰੂਮ ਤੇ ਪੁੱਜ ਕੇ ਸੱਤ ਅੱਠ ਸੋ ਰੁਪਈਏ ਦੀ ਇਕ ਅਰਿਸਟੋਕ੍ਰੇਟ ਦਾ ਸੂਟਕੇਸ ਖਰੀਦ ਸੁੱਟਿਆ ਤੇ ਰਿਕਸ਼ਾ ਕਰ ਕੇ ਘਰ ਜਾ ਪਹੁੰਚਿਆ। ਫਿਰ ਕੁਛ ਮਹੀਨਿਆਂ ਬਾਅਦ ਅੰਬਾਲੇ ਵਿਚ ਜਿਹੜਾ ਮਾਸੜ ਬੈਂਕ ਦੀ ਨੌਕਰੀ ਕਰਦਾ ਸੀ ਉਸ ਨੇ ਰਿਆਅਤੀ ਮੁੱਲ ਉੱਤੇ ਇਕ ਛੋਟੀ ਵੀ ਆਈ ਪੀ ਅਟੈਚੀ ਖਰੀਦ ਦਿੱਤੀ - ਨਾਲੇ ਇਕ ਆਫ਼੍ਟਰ ਸ਼ੇਵ ਲੋਸ਼ਨ ਵੀ ਕਿਓਂਕਿ ਇਹ ਓਹ ਦਿਨ ਸੀ ਜਦੋਂ ਮੇਰੇ ਵੀ ਖੰਭ ਖੁੱਲਣ ਲਈ ਫੜਫੜਾਂਦੇ ਤੇ ਤੇ ਫੇਰ ਕਿਸੇ ਡਰ ਸਦਕਾ ਆਪੇ ਹੀ ਠੱਪੇ ਜਾਂਦੇ ਸੀ - ਉਡਾਰੀ ਤੋਂ ਪਹਿਲਾਂ ਹੀ ! ਹਾਂ, ਜਿਸ ਦਿਨ ਆਰਮੀ ਦੀ ਕੰਟੀਨ ਤੋਂ ਮਾਸੜ ਨੇ ਉਹ ਅਟੈਚੀ ਖਰੀਦ ਕੇ ਦਿੱਤੀ ਉਸ ਦਿਨ ਉਸ ਦੇ ਖਟਾਰਾ ਸਕੂਟਰ ਦੇ ਪਿਛੇ ਬੈਠੇ ਜਿੰਨਾ ਚਿਰ ਮੁੜ ਸਦਰ ਬਾਜ਼ਾਰ ਨਾਨੀ ਦੇ ਕੋਲ ਨਹੀਂ ਪੁੱਜ ਗਿਆ, ਉਹ ਪਿਓ ਦਾ ਪੁੱਟ ਹਿਸਾਬ ਹੀ ਲਾਉਂਦਾ ਰਿਹਾ ਕਿ ਉਸ ਨੇ ਕਿੰਨਾ ਫਾਇਦਾ ਕਰਵਾ ਦਿੱਤਾ!! ਇਕ ਵਾਰੀ ਤੇ ਦਿਲ ਕੀਤਾ ਵਗਾਹ ਕੇ ਪਰੇ ਸੁੱਟਾਂ ਉਸ ਛੋਟੀ ਅਟੈਚੀ ਨੂੰ, ਕਿਓਂਕਿ ਸਾਨੂੰ ਸਾਡੇ ਮਾਂ ਪਿਓ ਨੇ ਕਦੇ ਵੀ ਕਿਸੇ ਨਾ ਅਹਿਸਾਨ ਲੈਣਾ ਤਾਂ ਸਿਖਾਇਆ ਹੀ ਨਹੀਂ - ਇਹਨੂੰ ਤੁਸੀਂ ਆਕੜ ਕਹੋ ਜਾਂ ਖੁੱਦਾਰੀ ਜਾ ਹੋਰ ਵੀ ਕੁਛ ਜੋ ਤੁਹਾਨੂੰ ਲੱਗੇ, ਕੀ ਫਰਕ ਪੈਂਦਾ ਏ !!
ਉਹ ਅਟੈਚੀ ਜਿਸ ਨੇ ਮਾਸੜ ਦੇ ਅਹਿਸਾਨ ਥੱਲੇ ਦੱਬ ਦਿੱਤਾ (ਪੈਸੇ ਖੁਦ ਭਰੇ ਸੀ ਜੀ!) - ਮਾਸੜ ਦੀ ਕੰਟੀਨ ਵਿਚ ਬੜੀ ਚਲਦੀ ਸੀ !! 

ਵੈਸੇ ਉਹ ਮਾਸੜ ਨਾਲ ਜਾ ਕੇ ਖਰੀਦੀ ਅਟੈਚੀ ਨੂੰ ਮੇਰੇ ਭਾਪਾ ਜੀ ਨੇ ਬੜਾ ਇਸਤੇਮਾਲ ਕੀਤਾ - ਮੈਨੂੰ ਬੜਾ ਚੰਗਾ ਲੱਗਦਾ ਜਦੋਂ ਉਹ ਉਸ ਵਿਚ ਆਪਣੇ ਦੋ ਜੋੜੇ ਪਾ ਕੇ ਸਫ਼ਰ ਕਰਦੇ - ਉਹ ਅਜੇ ਵੀ ਪਈ ਹੈ - ਹੁਣੇ ਫੋਟੋ ਖਿੱਚ ਕੇ ਪਾਉਂਦਾ ਹਾਂ!!

ਮੈਂ ਵੀ ਕਿਹੜਾ ਟੌਪਿਕ ਲੈ ਬੈਠਾ ਹਾਂ - ਕੋਈ ਸਰ ਪੈਰ ਨਹੀਂ ਜੀ ਇਸ ਦਾ - ਬਸ ਗੱਲ ਇਹੋ ਹੈ ਕਿ ਉਸ ਦਿਨ ਉਸ ਦੋਸਤ ਦੇ ਘਰ ਦੇ ਵੇਹੜੇ ਵਿਚ 8-10 ਟੈਚੇ 😂😂ਵੇਖ ਕੇ ਬੜੀ ਹੈਰਾਨੀ ਹੋਈ - ਐਨਾ ਸਾਮਾਨ ਲੋਕ ਕਿਵੇਂ ਢੋ ਵੀ ਲੈਂਦੇ ਨੇ - ਪਰ ਗੱਲ ਓਹੋ ਹੈ ਕਿ ਕਿਹੜਾ ਕਿਸੇ ਨੇ ਆਪ ਢੋਣਾ ਹੁੰਦੈ - ਕੁੱਲੀ ਨੇ , ਮੋਟਰਾਂ ਕਾਰਾਂ ਨੇ - ਸਮਾਂ ਬਦਲ ਗਿਆ ਏ - ਦੋਸਤ ਦੱਸ ਰਿਹਾ ਸੀ ਕਿ ਕੈਨੇਡਾ ਵਾਲੇ ਮਾਮਾਜੀ ਦੇ ਘਰ ਦੇ ਹਰ ਜੀਅ ਦੇ ਦੋ ਅਟੈਚੀ ਸਨ - ਮੈਨੂੰ ਚੇਤੇ ਆਇਆ ਕਿ ਕੁਛ ਮਹੀਨੇ ਪਹਿਲਾਂ ਜਦੋਂ ਮੈਂ ਵੀ ਅਮਰੀਕਾ ਗਿਆ ਸੀ, ਮੈਂ ਵੀ ਤੇ ਕਿੱਡਾ ਮੱਛਰਿਆ ਸੀ।  ਅਸੀਂ ਵੀ ਦੋ ਵੱਡੇ ਵੱਡੇ ਟੈਚੇ ਖਰੀਦੇ - ਇਕ ਇਕ ਦੋਵਾਂ ਲਈ - ਨਾਲ ਇਕ ਇਕ ਬੈਗ - ਖੂਬ ਕੱਪੜੇ ਠੂਸੇ ਉਹਨਾਂ ਵਿਚ - ਕਿਓਂਕਿ ਕਿਸੇ ਕਿਹਾ ਕਿ ਓਥੇ ਕੱਪੜੇ ਧੋਣ ਦਾ ਕੰਮ ਨਹੀਂ ਹੋਣਾ - ਪਹਿਲਾਂ ਹੀ ਕੱਪੜੇ ਪੂਰੇ ਲੈ ਕੇ ਚੱਲੋ - ਪਰ ਫੇਰ ਵੀ ਜ਼ਿਆਦਾ ਹੀ ਹੋ ਗਿਆ ਸੀ ਸਾਮਾਨ !!

ਬਸ ਹੁਣ ਮੇਰਾ ਅੱਗੇ ਕੁਛ ਨਹੀਂ ਲਿਖਣ ਦਾ ਦਿਲ ਕਰ ਰਿਹਾ।  ਐਵੇਂ ਮੈਂ ਵੀ ਕਈ ਵਾਰ ਪਾਣੀ ਰਿੜਕਣ ਲੱਗ ਪੈਂਦਾ ਹਾਂ - ਮੁਕਦੀ ਗੱਲ ਇਹ ਹੈ ਕਿ ਮੈਂ ਘੱਟੋ ਘੱਟ ਸਾਮਾਨ ਨਾਲ ਹੀ ਸਫਰ ਕਰਨਾ ਪਸੰਦ ਕਰਦਾ ਹਾਂ - ਹਮੇਸ਼ਾ - ਦੋ ਚਾਰ ਦਿਨ ਪਹਿਲਾਂ ਤਾਂ ਮੈਂ ਇਕ ਪਿੱਠੂ ਬੈਗ ਖਰੀਦ ਲਿਆ ਏ ਕਿ 2-4 ਦਿਨਾਂ ਲਈ ਕਿਤੇ ਵੀ ਜਾਣਾ ਏ ਤਾਂ ਓਹਨੂੰ ਹੀ ਲੈ ਜਾਇਆ ਕਰਾਂਗਾ - ਇਕ ਦੋ ਜੀਨਾਂ ਤੇ 4-5 ਪਤਲੀਆਂ ਪਤਲੀਆਂ ਕਮੀਜ਼ਾਂ - ਪਰ ਦੇਖੋ !!
ਕੁਝ ਦਿਨ ਪਹਿਲਾਂ ਹਮੇਸ਼ਾ ਲੱਗੀਆਂ ਸੇਲਾਂ ਵਿਚੋਂ ਇਕ ਸੇਲ ਤੋਂ ਖਰੀਦਿਆ ਇਹ ਪਿੱਠੂ ਬੈਗ - ਸੋਚ ਰਿਹਾ ਹਾਂ ਹੁਣ ਉਸ ਨੂੰ ਹੀ ਆਪਣੇ ਸਫ਼ਰ ਦਾ ਸਾਥੀ ਬਣਾ ਛੱਡਾਂ 😂

ਨੀਰਜ ਜੀ ਦੀ ਇਹ ਗੱਲ ਬੜੀ ਚੇਤੇ ਆਉਂਦੀ ਹੈ -
ਜਿਤਨਾ ਕੰਮ ਸਾਮਾਨ ਰਹੇਗਾ,
ਉਤਨਾ  ਸਫ਼ਰ ਆਸਾਨ ਰਹੇਗਾ!

ਪਰ ਅੱਜ ਲੋਕ ਕਿਥੇ ਮੰਨਦੇ ਨੇ, ਸਾਰਾ ਕੁਛ ਜਿਵੇਂ ਕੱਪੜਿਆਂ ਵਿਚ ਹੀ ਆ ਵੜਿਆ ਹੋਵੇ - ਬਾਹਰੋਂ ਕੋਈ ਆਵੇ, ਵਾਧੂ ਸਾਮਾਨ ਲਿਆਵੇ ਤੇ ਸਮਝ ਆਉਂਦੀ ਹੈ - ਇਥੇ ਵੀ ਤੇ ਲੋਕੀਂ ਵੱਡੇ ਵੱਡੇ ਟੈਚੇ ਕੇ ਕੇ ਗੱਡੀਆਂ ਵਿਚ ਚੜੇ ਹੁੰਦੇ ਨੇ, ਉੱਤੋਂ ਮੇਰੇ ਵਰਗੇ ਮੋਟੇ, ਤੇ ਮੇਰੇ ਵਾਂਙੂ ਹੀ ਢਿੱਡ ਨਿਕਲੇ ਹੋਏ - ਬੁਰਾ ਹਾਲ ਤੇ ਬਾਂਕੇ ਦਿਹਾੜੇ - ਫੇਰ ਵੀ ਵੱਡੇ ਵੱਡੇ ਨਗਾਂ ਤੋਂ ਨਹੀਂ ਡਰਦੇ - ਜਿੰਨੇ ਪੈਸੇ ਲੋਕ ਕੁੱਲੀਆਂ ਨੂੰ ਦੇਂਦੇ ਨੇ ਓਹਨੇ ਵਿਚ ਤੇ ਨਵਾਂ ਸਾਮਾਨ ਹੀ ਆ ਜਾਵੇ - ਜਿਵੇਂ ਕਿਸੇ ਰੇਸਤਰਾਂ ਤੇ ਬੈਠੇ ਮੈਨੂੰ ਅਕਸਰ ਖਿਆਲ ਆਉਂਦਾ ਏ ਕਿ ਇਸ ਜਗ੍ਹਾ ਉੱਤੇ ਖਾਣ ਦਾ ਜਿੱਡਾ 2-3 ਬੰਦਿਆਂ ਦਾ ਬਿੱਲ ਆ ਜਾਂਦਾ ਹੈ ਓੰਨੇ ਵਿਚ ਤੇ ਆਪਣੇ ਘਰ ਕੰਮ ਕਰਣ ਵਾਲੀ ਦੇ ਸਾਰੇ ਟੱਬਰ ਦਾ ਰਾਸ਼ਨ ਹੀ ਆ ਜਾਂਦਾ ਹੋਵੇਗਾ !!

ਪੋਸਟ ਕਿੰਝ ਦੀ ਲੱਗੀ - ਮੈਨੂੰ ਤੇ ਐਵੇਂ ਹੀ ਲੱਗੀ - ਖਾਮਖਾਂ ਟਾਈਪ ਵਰਗੀ!! ਚਲੋ ਦੋਸਤ ਦੇ ਮਾਮੇ ਤੇ ਮੇਰੇ ਮਾਮੇ ਦੇ ਬਹਾਨੇ ਕੁਛ ਯਾਦਾਂ ਹਰੀਆਂ ਹੋ ਗਈਆਂ। ਬੜਾ ਕੁਛ ਤੇ ਅਜੇ ਲਿਖਣੋਂ ਰਹਿ ਗਿਆ ਏ, ਪਰ ਜਿਹੜੀ ਗੱਲ ਹਮੇਸ਼ਾ ਚੇਤੇ ਰਹੇਗੀ ਉਹ ਹੈ ਦੋਸਤ ਦੀ ਫੇਸਬੁੱਕ ਉੱਤੇ ਸਾਂਝੀ ਕੀਤੀ ਉਹ ਵੱਡੇ ਵੱਡੇ ਟੈਚੇਆਂ ਦੀ ਫੋਟੋ - ਮੈਂ ਉਸ ਨੂੰ ਕਦੇ ਕਦੇ ਯਾਦ ਦਿਵਾਉਂਦਾ ਹਾਂ ਤੇ ਮੈਂ ਬੜਾ ਹੱਸਦਾ ਹਾਂ - ਉਹ ਵੀ ਮੇਰਾ ਮਜ਼ਾਕ ਸਹਿ ਜਾਂਦਾ ਏ, ਹੋਰ ਕੋਈ ਹੋਵੇ ਤੇ ਬਲਾਕ ਕਰ ਕੇ ਪਰਾ ਮਾਰੇ- ਸ਼ਾਇਦ ਇਸ ਲਈ ਕਿ 99% ਤੇ ਮੈਂ ਆਪਣੇ ਆਪ ਤੇ ਹੀ ਹੱਸਦਾ ਹੁੰਦਾ ਹਾਂ - ਜੇ ਕਦੇ ਕਦੇ ਆਲੇ ਦੁਆਲੇ ਤੇ ਵੀ ਹੱਸ ਲਿਆ ਜਾਵੇ ਤੇ ਕਿਹੜੀ ਵੱਡੀ ਗੱਲ ਹੈ, ਤੁਹਾਨੂੰ ਕਿ ਲਗਦੈ !!

ਜਾਂਦੇ ਜਾਂਦੇ ਉਹ ਵਿਆਹ ਵਿਚ ਮਿਲੇ 1-2 vip ਦੇ ਅਟੈਚੀਆਂ ਦੀਆਂ ਗੱਲਾਂ ਤੇ ਰਹਿ ਹੀ ਗਈਆਂ - ਚਲੋ, ਅਜੇ ਉਹਨਾਂ ਨੂੰ ਠੱਪੇ ਹੀ ਰਹਿਣ ਦਈਏ !!

ਹੁਣ ਮੈਂ ਆਪਣੀ ਪਸੰਦ ਦਾ ਇਕ ਗਾਣਾ ਸੁਣਨਾ ਚਾਹੁੰਦਾ ਹਾਂ - ਹਾਂਜੀ, ਇਕ ਗੱਲ ਹੋਰ ਤਾਂ ਮੈਂ ਸਾਂਝੀ ਕਰਣੀ ਭੁੱਲ ਹੀ ਗਿਆ - ਦੋ ਦਿਨ ਪਹਿਲਾਂ ਰਾਤੀਂ ਐਵੇਂ ਹੀ ਕਿਸੇ ਧਾਰਮਿਕ ਜਿਹੇ ਚੈਨਲ ਨੂੰ ਲੈ ਲਿਆ - ਮੈਨੂੰ ਇੰਝ ਲੱਗਾ ਕਿ ਮੈਂ ਤਾਂ ਐਵੇਂ ਹੀ ਹੋਰ ਚੈਨਲ ਉੱਤੇ ਦਿਲ ਪਰਚਾਵਾ ਲੱਭਦਾ ਫਿਰਦਾ ਹਾਂ - ਸਾਰਾ ਮਸਾਲਾ ਤਾਂ ਹੁਣ ਕਈ ਧਾਰਮਿਕ ਚੈਨਲਾਂ ਤੇ ਹੀ ਪਿਆ ਹੁੰਦਾ ਹੈ !! ਡਾਢੀ ਡਰਾਮੇਬਾਜ਼ੀ ਚੱਲ ਰਹੀ ਹੁੰਦੀ ਹੈ - ਮੈਨੂੰ ਚੇਤੇ ਆ ਰਿਹਾ ਹੈ ਕਿ ਕਈ ਵਾਰ ਜਦੋਂ ਮੈਂ ਸਤਸੰਗ ਤੋਂ ਵਾਪਸ ਮੁੜ ਕੇ ਆਉਣਾ ਤਾਂ ਵੱਡੇ ਮੁੰਡੇ ਨੇ ਕਹਿਣਾ - "ਹਾਂ ਪਾਪਾ, ਪਾਖੰਡ ਭੋਰ ਆਏ ਹੋ?"

ਚਲੋ ਦਫ਼ਾ ਕਰੋ ਗਾਣੇ ਨੂੰ, ਇਕ ਨਜ਼ਮ ਸੁਨਿਓ -

Friday 13 December 2019

ਸਿਆਣਪ ਦੀਆਂ ਗੁੰਝਲਾਂ

ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧੂ ਹਾਸਾ ਵੀ ਆਉਂਦੈ !

ਕਲ ਮੇਰੇ ਕੋਲ ਇਕ ਰੇਲ ਦਾ ਬੜਾ ਵੱਡਾ ਰਿਟਾਇਰ ਅਫਸਰ ਆਪਣੇ ਇਲਾਜ ਵਾਸਤੇ ਆਇਆ - ਉਸ ਵੇਲੇ ਮੇਰੇ ਕੋਲ ਰੇਲ ਦਾ ਇਕ ਰਿਟਾਇਰ ਚਪੜਾਸੀ ਬੈਠਾ ਹੋਇਆ ਸੀ - ਮੈਂ ਦਵਾਈ ਲਈ ਇਸ ਦੇ ਮੈਡੀਕਲ ਕਾਰਡ ਦਾ ਨੰਬਰ ਦੇਖਣਾ ਸੀ, ਉਸ ਨੇ ਓਸੇ ਵੇਲੇ ਆਪਣੇ ਬੋਝੇ ਵਿਚੋਂ ਕੱਢ ਕੇ ਮੇਰੇ ਅੱਗੇ ਕੀਤਾ!

ਇਹ ਵੇਖ ਕੇ ਉਸ ਵੱਡੇ ਅਫਸਰ ਨੇ ਬੜੀ ਹੈਰਾਨੀ ਜਿਹੀ ਨਾਲ ਉਸ ਕਾਰਡ ਨੂੰ ਦੇਖਿਆ ਤੇ ਉਸ ਨੂੰ ਕਹਿੰਦੈ ਕਿ ਕਾਰਡ ਬਣਵਾ ਲਿੱਤਾ? ਮੈਂ ਉਸ ਨੂੰ ਦੱਸਿਆ ਕਿ ਇਹ ਵਾਰਡ ਤੀਮੀਂ ਦਾ ਤੇ ਬੱਚਿਆਂ ਦਾ ਅੱਡੋ ਅੱਡ ਬਣਦਾ ਏ ! ਖੈਰ ਉਹ ਤੇ ਉਸ ਨੂੰ ਵੀ ਪਤਾ ਹੀ ਸੀ - ਰੇਲਵੇ ਦੇ ਭਰਤੀ ਬੋਰਡਾਂ ਵਰਗੇ ਅਦਾਰੇਆਂ ਦਾ ਉਹ ਚੇਅਰਮੈਨ ਰਹਿ ਚੁਕਿਆ ਹੈ, ਉਹ ਕਿਹੜਾ ਨਿਆਣਾ ਸੀ!! ਪਰ ਅਜੇ ਤਕ ਉਸ ਅਫਸਰ ਦਾ ਨਹੀਂ ਸੀ ਬਣਿਆ - "ਜਨਾਨੀ ਦੀ ਜਨਮ ਤਾਰੀਖ ਦਾ ਅੜਿੱਕਾ ਫਸਿਆ ਹੋਇਆ ਏ, ਕਿੰਨੇ ਚਿਰਾਂ ਤੋਂ" ਉਸ ਦਸਿਆ!!

ਦਰਅਸਲ ਰੇਲਵੇ ਵਿਚ ਮੈਡੀਕਲ ਕਾਰਡ ਨਵੇਂ ਸਿਰਿਓਂ ਬਣ ਰਹੇ ਨੇ - ਕਈ ਮਹੀਨੇ ਹੋ ਗਏ ਨੇ - ਇਹ ਕਾਰਡ ਸਾਰੇ ਦੇਸ਼ ਵਿਚ ਕਿਤੇ ਵੀ ਚੱਲਣਗੇ - ਕਿਤੋਂ ਵੀ ਰੇਲ ਦਾ ਮੁਲਾਜ਼ਿਮ ਜਾਂ ਸਾਬਕਾ ਮੁਲਾਜ਼ਿਮ ਦਵਾਈ ਲੈ ਸਕਦੈ!!

ਵੈਸੇ ਤਾਂ ਇਸ ਨੂੰ ਬਣਵਾਉਣ ਦੀ ਡੈਡ-ਲਾਈਨ ਖ਼ਤਮ ਹੋ ਚੁਕੀ ਹੈ - ਪਰ ਫੇਰ ਵੀ ਬੜੇ ਲੋਕਾਂ ਦਾ ਅਜੇ ਪੰਗਾ ਪਿਆ ਹੋਇਆ ਏ.

ਜਿਨਾਂ ਕੁ ਮੈਂ ਦੇਖਿਆ ਹੈ - ਜਿੰਨਾ ਕੁ ਮੈਂ ਜਾਣਦਾ ਹਾਂ, ਜਿੰਨੇ ਵੀ ਉਹ ਲੋਕ ਜਿੰਨਾ ਨੂੰ ਅਸੀਂ ਮਾਤਰ-ਸਾਥੀ ਕਹਿ ਦਿੰਦੇ ਹਾਂ - ਲਿਖਦਿਆਂ ਅਜੀਬ ਲੱਗ ਰਿਹੈ ਪਰ ਲਿਖਣਾ ਤੇ ਪਉ, ਜਿਹੜੇ ਥੋੜੀਆਂ ਨੀਵੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ, ਉਹਨਾਂ ਸਾਰਿਆਂ ਨੂੰ ਇਹ ਕਾਰਡ ਆਪਣੇ ਖੀਸੇ ਵਿਚ ਧਰੇ ਹੁੰਦੇ ਨੇ - ਪਰ ਜਿਹੜੇ ਬੜੇ ਬੜੇ ਪੜ੍ਹੇ ਲਿਖੇ ਨੇ, ਵੱਡੇ ਵੱਡੇ ਉਹਦਿਆਂ ਤੋਂ ਰਿਟਾਇਰ ਹੋਏ ਹੁੰਦੇ ਨੇ ਉਹਨਾਂ ਦਾ ਕੋਈ ਨਾ ਕੋਈ ਪੰਗਾ - ਬਸ ਹਰ ਕੋਈ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਸਿਆਣਾ ਸਮਝਣ ਵਾਲਾ !!

ਇਹ ਤੇ ਇਕ ਕਾਰਡ ਦੀ ਹੀ ਗੱਲ ਸੀ , ਕਿ ਤੁਹਾਨੂੰ ਨਹੀੰ ਲੱਗਦਾ ਕੀ ਜਿਹੜਾ ਬਿਲਕੁਲ ਮਾਤਰ-ਸਾਥੀ ਹੁੰਦੈ ਉਹ ਆਪਣੇ ਲੱਗਭਗ ਅਜਿਹੇ ਸਾਰੇ ਕੰਮ ਸਮੇਂ ਸਿਰ ਚਾਈੰ ਚਾਈੰ ਕਰਵਾ ਕੇ ਲਾਂਭੇ ਕਰਦੈ - ਕਿਤੇ ਵੀ ਦੇਖਿਓ , ਓਹਦੇ ਸਾਰੇ ਕੰਮ ਇੰਝ ਮੱਖਣ ਤੋਂ ਵਾਲ ਲਾਹੁਣ ਵਾਂਗ ਹੁੰਦੇ ਜਾਂਦੇ ਨੇ.

ਬੈਂਕ ਵਿਚ ਦੇਖ ਲਵੋ, ਜਿਥੇ ਬਾਊ ਨੇ ਕਿਹਾ ਸਾਈਨ ਕਰ ਦਿੰਦੈ - "ਗੂਠਾ"ਵੀ ਲਾ ਦਿੰਦਾ ਏ - ਸ਼ਾਇਦ ਆਪਣੀ ਕਿਸੇ ਫਿਕ੍ਸ੍ਡ ਡਿਪੋਜ਼ਿਟ ਉੱਤੇ ਵਿਆਜ ਉੱਤੇ ਇਨਕਮ ਟੈਕਸ ਤੋਂ ਵੀ ਬਚ ਜਾਂਦਾ ਹੋਉ, ਪਰ ਜ਼ਰੂਰਤ ਤੋਂ ਜ਼ਿਆਦਾ ਪੜਿਆ ਲਿਖਿਆ ਐਵੇਂ ਛੋਟੀਆਂ ਛੋਟੀਆਂ ਗੱਲਾਂ ਵਿਚ ਗੁੰਝਲ ਪਾਈ ਫਿਰਦੈ !

ਮੈਂ ਕਈ ਵਾਰੀ ਹਾਸੇ ਹਾਸੇ ਵਿਚ ਲੋਕਾਂ ਨਾਲ ਇਹ ਗੱਲ ਸਾਂਝੀ ਕਰਦਾ ਹਾਂ ਕਿ ਮੇਰੇ ਬਚਪਨ ਦੇ ਦੌਰਾਨ ਸੀ ਇਸ ਅਜਿਹਾ ਕਿਰਦਾਰ ਬਰਕਤ - ਉਸ ਵਿਚਾਰੇ ਦੀ ਸਾਰੀ ਉਮਰ ਕੋਟ ਕਚਿਹਰੀ ਚ ਹੀ ਲੰਘੀ - ਪਰ ਇਕ ਨੰਬਰ ਦਾ ਉਧਮੀ - ਜੁਗਾੜੀ - ਮੈਨੂੰ ਚੇਤੇ ਆ ਰਿਹਾ ਕਿ ਉਹ ਕਿਸੇ ਦਫਤਰ ਤੋਂ ਕੋਈ ਕਾਗਜ਼ ਲੈਣਾ ਹੁੰਦਾ - ਉਹ ਚਪੜਾਸੀ ਨੂੰ ਇਕ ਬੀੜੀ ਪਿਆ ਕੇ ਹੀ ਲੈ ਆਉਂਦਾ !! ਕਿਤੋਂ ਫੈਸਲੇ ਦੀ ਨਕਲ ਕਿਸੇ ਨੂੰ ਚਾ ਦਾ ਇਕ ਕਪ ਪਿਆ ਕੇ ਕਢਵਾ ਲਿਆਉਂਦਾ !! ਓਹਨੂੰ ਇਹੋ ਜਿਹੇ ਕੰਮ ਵੀ ਬੜੇ ਕਰਨੇ ਆਉਂਦੇ ਸੀ, ਕਿਸੇ ਨੂੰ ਚਿੱਠੀ ਭੇਜਣ ਦਾ ਪਰੂਫ ਚਾਹੀਦਾ ਹੁੰਦਾ ਤੇ ਡਾਕ ਖਾਨੇ ਦੇ ਕਿਸੇ ਚਪੜਾਸੀ ਨੂੰ ਕਹਿ ਕਹਿਲਵਾ ਕੇ ਯੂ ਪੀ ਸੀ ਦੀ ਮੋਹਰ ਵੀ ਲਿਆ ਲਿਆਉਂਦਾ - ਫੀਸ ? - ਬਸ ਓਹੀਓ ਇਕ ਬੀੜੀ ਤੇ ਇਕ ਕਪ ਚਾ !

ਅਜਿਹੇ ਕੰਮ ਪੜ੍ਹਿਆ ਲਿਖਿਆ ਬੰਦਾ ਆਪਣੇ ਪੜੇ ਲਿਖੇ ਤਰੀਕੇ ਨਾਲ ਕਰਵਾਉਂਦਾ ਕਰਵਾਉਂਦਾ ਆਪਣੇ ਮਹਿੰਗੇ ਬੂਟ ਘਿਸਾ ਮਾਰਦੈ !

ਕਦੇ ਇਸ ਬਾਰੇ ਸੋਚੀਏ ਤੇ ਇਹ ਵੀ ਧਿਆਨ ਆਉਂਦੈ ਕਿ ਆਮ ਬੰਦਾ ਜ਼ਿਆਦਾ ਸੋਚਦਾ ਵੀ ਤੇ ਨਹੀਂ - ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਹੀ ਪੜ੍ਹ ਲਿਖ ਜਾਂਦੇ ਹਾਂ, ਅਸੀਂ ਸਿਆਣਪ ਦੀਆਂ ਗੌੱਗਲਾਂ ਨਾਲ ਦੁਨੀਆਂ ਨੂੰ ਦੇਖਣ ਲੱਗਦੇ ਹਾਂ ਤੇ ਸਾਨੂੰ ਜ਼ਿਆਦਾਤਰ ਲੋਕ ਚੋਰ-ਉਚੱਕੇ ਹੀ ਨਜ਼ਰ ਆਉਂਦੇ ਹਨ, ਸੱਚੀਂ ਸੱਚੀਂ ਦੱਸਿਓ ਇੰਝ ਹੀ ਹੁੰਦੈ ਕਿ ਨਹੀਂ ? ਅਸੀਂ ਕੀਤੇ ਦਸਤਖ਼ਤ ਕਰਣੋਂ ਡਰਦੇ ਹਾਂ - ਕਿਤੇ ਕੋਈ ਕਾਗਜ਼ ਪੱਤਰ ਦੇਣ ਲੱਗੇ ਸੋਚਦੇ ਹਾਂ - ਇੰਝ ਲੱਗਦੈ ਜਿਵੇਂ ਸਾਮਣੇ ਬੈਠਾ ਸਬ ਤੋਂ ਵੱਡਾ ਜਾਲਸਾਜ਼ ਹੈ ਤੇ ਇਹ ਪਤਾ ਨਹੀਂ ਸਾਡੇ ਕਾਗਜ਼ਾਂ ਦੀ ਫੋਟੋਕੋਪੀਆਂ ਨਾਲ ਕੀ ਕਰ ਲਵੇਗਾ ! ਉੱਪਰੋਂ ਸਾਡਾ ਦਿਮਾਗ ਵਹਾਤਸੱਪ ਦੇ ਸੁਨੇਹਿਆਂ ਨੇ ਖ਼ਰਾਬ ਕੀਤਾ ਹੁੰਦੈ ਕਿ ਇੰਝ ਤੁਹਾਡਾ ਖਾਤਾ ਖਾਲੀ ਜੋ ਜਾਉ ਤੇ ਇੰਝ ਤੁਸੀਂ ਕੰਗਾਲ ਹੋ ਜਾਵੋਗੇ !! ਨਾਲ ਕਿਸੇ ਨੂੰ ਕਾਗਜ਼ ਦੇਣ ਲੱਗਿਆਂ ਵੱਡੇ ਬੰਦੇ ਦੀਆਂ ਉਸ ਤੋਂ ਵੱਡੀਆਂ ਆਕੜਾਂ ਤੇ ਓਹੋ ਜਿਹੀ ਬਾਡੀ -ਲੈਂਗਵੇਜ - ਉਹ ਵੀ ਕੀ ਕਰੇ ਉਸ ਪਿਓ ਦੇ ਪੁੱਤ ਨੇ ਕਦੇ ਨਿਓਂ ਕੇ ਗੱਲ ਕੀਤੀ ਹੀ ਨਹੀਂ ! ਹਮੇਸ਼ਾ ਬੰਦੇ ਬੰਦੇ ਉੱਤੇ ਰੌਬ ਹੀ ਝਾੜਿਆ ਤੇ ਉਸ ਨੂੰ ਬੰਦਾ ਸਮਝਣ ਤੋਂ ਵੀ ਇਨਕਾਰ ਹੀ ਕੀਤਾ!

ਦੂਜੇ ਪਾਸੇ ਮਾਤਰ ਸਾਥੀ ਦੀ ਗੱਲ ਕਰੀਏ - ਇਸ ਵਿਚਾਰੇ ਦੇ ਪੱਲੇ ਹਲੀਮੀ ਨਾਲ ਗੱਲ ਕਰਨ ਤੋਂ ਇਲਾਵਾ ਹੋਰ ਕੁਛ ਨਹੀਂ - ਅਤੇ ਇਹੋ ਹੀ ਉਸ ਦਾ ਸਭ ਤੋਂ ਵੱਡਾ ਹਥਿਆਰ ਸਾਬਤ ਹੁੰਦੈ - ਜਿਸ ਅੱਠਵੀਂ ਦਸਵੀਂ ਪਾਸ ਬਾਊ ਕੋਲੋਂ ਉਸ ਨੂੰ ਕੰਮ ਹੈ , ਉਹ ਉਸ ਕੋਲੋਂ ਕੋਈ ਵੀ ਕਾਗਜ਼ ਪੱਤਰ ਮੰਗਦਾ ਏ ਤਾਂ ਉਹ ਪੁਰਾਣੀ ਜਿਹੀ ਪਲਾਸਟਿਕ ਦੀ ਥੈਲੀ ਓਹਦੇ ਸਾਮਣੇ ਮੂਧੀ ਮਾਰਦੈ ਤੇ ਸਾਰੇ 5-7 ਕਾਰਡ ਓਹਦੇ ਮੇਜ਼ ਉੱਤੇ ਖਿਲਾਰ ਦੇਂਦੈ - ਵੇਖ ਲੈ ਬਾਈ ਜਿਹੜਾ ਤੈਨੂੰ ਚਾਹੀਦੈ !! 😂- ਨਾਲ ਉਸ ਨੇ ਖੂਬ ਸਾਰੀਆਂ ਫੋਟੋਕੋਪੀਆਂ ਵੀ ਫੜੀਆਂ ਹੋਣਗੀਆਂ - ਗੱਲ ਬਾਤ ਦਾ ਲਹਿਜ਼ਾ ਤੇ ਉਸ ਦਾ ਨਰਮ ਹੁੰਦਾ ਹੀ ਹੈ - ਬਸ ਕਈ ਵਾਰ ਉਸ ਦਾ ਵਿਗੜਿਆ ਕੰਮ ਵੀ ਮਿੰਟੋਂ ਮਿੰਟੀ ਬਣ ਜਾਂਦੈ -

ਦੂਜੇ ਪਾਸੇ ਮੇਰੇ ਵਰਗੇ ਪੜੇ ਲਿਖੇ ਬੰਦੇ ਨੂੰ ਉਹਨਾਂ ਕਾਗਜ਼ ਦੀਆਂ ਡਿਗਰੀਆਂ ਤੇ ਵਾਧੂ ਭਰੋਸਾ ਹੁੰਦੈ, ਉਹ ਆਪਣੇ ਆਪ ਨੇ ਦੂਜਿਆਂ ਤੋਂ ਅੱਡ ਸਮਝਦਾ ਏ - ਐਵੇਂ ਹੀ ਬਾਵਾਂ ਟੁੰਗੀ ਰੱਖਦੈ - ਬਾਉ ਨੇ ਜੇ ਕਿਤੇ ਇਕ ਕਾਰਡ ਦੀ ਫੋਟੋਕਾਪੀ ਮੰਗ ਲਈ ਤੇ ਆਪਣੀ ਸਾਰੀ ਅੰਗਰੇਜ਼ੀ ਦੇ ਮਾਰਦੈ ਉਸ ਬਾਊ ਨੂੰ ਡਰਾਉਣ ਲਈ ਕਿ ਕੀਤੇ ਇਹ ਫੋਟੋਕਾਪੀ ਮੰਗਣੋਂ ਬਾਜ ਆ ਜਾਵੇ - ਪਰ ਬਾਉ ਵੀ ਠਹਿਰਿਆ ਪੱਕਾ ਬਾਉ , ਉਹ ਇਸ ਬੁੱਧੀਜੀਵੀ ਦੇ ਤੇਵਰ ਵੇਖ ਕੇ ਉਸ ਦੇ ਕੰਮ ਵਿਚ ਦੋ ਤਿੰਨ ਕਮੀਆਂ ਹੋਰ ਕੱਢ ਮਾਰਦੈ - ਉਸ ਦਫਤਰ ਦਾ ਵੱਡਾ ਸਾਹਬ ਵੀ ਬਾਉ ਦੇ ਕੰਮ ਵਿਚ ਅੜਿੱਕਾ ਨਹੀਂ ਪਾ ਸਕਦਾ !

ਮੈਂ ਵੀ ਸਵੇਰੇ ਸਵੇਰੇ ਲਿਖਣ ਲੱਗ ਪਿਆ - ਇਕ ਅਜਿਹਾ ਸਬਕ ਜਿਸ ਨੂੰ ਪੜ੍ਹਿਆ ਅਸੀਂ ਸਾਰਿਆਂ ਨੇ ਹੈ - ਪਰ ਭੁੱਲ ਜਾਂਦੇ ਹਾਂ. ਅੱਛਾ ਜੀ, ਅੱਜ ਦੀਆਂ ਗੱਪਾਂ ਇਥੇ ਹੀ ਬੰਦ ਕਰੀਏ ਤੇ ਡਿਊਟੀ ਤੇ ਪਹੁੰਚੀਏ !!

ਵੈਸੇ ਉਹ ਮੈਡੀਕਲ ਕਾਰਡ ਅਜੇ ਮੇਰਾ ਵੀ ਨਹੀਂ ਬਣਿਆ - ਮੇਰੇ ਮੋਬਾਈਲ ਵਿਚ ਤਾਂ ਹੈ - ਪਰ ਮੈਂ ਕਈਆਂ ਰਿਟਾਇਰ ਮੁਲਾਜ਼ਮਾਂ ਕੋਲੋਂ ਪੁੱਛ ਜ਼ਰੂਰ ਲੈਂਦਾ ਹੈ ਕਿ ਇਹ ਤੁਸੀਂ ਕਿਹੜੀ ਦੁਕਾਨ ਤੋਂ ਬਣਵਾਇਆ ਹੈ ! ਇਹ ਵੀ ਮੇਰੀ ਸਿਆਣਪ ਦੀ ਇਕ ਗੁੰਝਲ ਹੀ ਹੈ!

ਆਮ ਆਦਮੀ ਕੋਲੋਂ ਹਲੀਮੀ ਨਾਲ ਗੱਲ ਕਰਨੀ ਸਿੱਖਣ ਦੀ ਲੋੜ ਹੈ , ਸਾਮਣੇ ਵਾਲੇ ਦਾ ਸਤਿਕਾਰ ਕਰਨਾ ਸਿੱਖਣ ਦੇ ਲੋੜ ਹੈ - ਐਵੇਂ ਗੱਲ ਗੱਲ ਉੱਤੇ ਟੱਪਣ ਦੀ ਲੋੜ ਵੀ ਨਹੀਂ ਹੁੰਦੀ - ਇਹ ਵੀ ਆਪਾਂ ਸਿੱਖੀਏ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਈਏ।
ਗੁਰੂ ਦੇਵ ਸਾਬ ਨੇ ਵੀ ਫ਼ਰਮਾਇਆ ਹੈ -

ਨਾਨਕ ਨੀਵਾਂ ਜੋ ਚਲੇ, ਲਾਗੇ ਨਾ ਤਾਤੀ ਵਾਓ !!

ਵੈਸੇ ਮੇਰੇ ਵਿਚਾਰ ਵਿਚ ਜ਼ਮੀਨ ਨਾਲ ਜੁੜੇ ਰਹਿਣ ਲਈ ਇਹ ਜਿਹੇ ਗੀਤ ਸੁਣਨੇ ਵੀ ਬੜੇ ਜ਼ਰੂਰੀ ਹੁੰਦੇ ਨੇ - ਜਿਸ ਵਿਚ ਆਪਾਂ ਪਲ ਪਲ ਇਸ ਪਰਮ ਪਿਤਾ ਦਾ ਸ਼ੁਕਰਾਨਾ ਕਰਦੇ ਰਹੀਏ - ਸ਼ੁਕਰ ਦਾਤਿਆ ਤੇਰੇ ਸ਼ੁਕਰ ਦਾਤਿਆ!! ਇੰਝ ਕਰਣ ਨਾਲ ਵੀ ਸਾਡੀ ਅਕਾਲ ਟਿਕਾਣੇ ਰਹਿੰਦੀ ਹੈ!!

Wednesday 11 December 2019

ਸਰਕਾਰੀ ਸਾਂਡਾਂ ਨੂੰ ਵੀ ਲੋਕਾਂ ਜ਼ਿਆਦਾ ਹੀ ਬਦਨਾਮ ਕੀਤਾ ਹੋਇਐ !!

ਨਿਊ ਯਾਰਕ ਦੇ ਬੁੱਲ-ਚਾਰਜਰ ਨਾਲ ਖਿਚਵਾਈ ਫੋਟੋ ਚੇਤੇ ਆ ਗਈ -ਮਈ 2019

"ਸਰਕਾਰੀ ਸਾਂਡ" - ਇਕ ਅਜਿਹਾ ਲਫ਼ਜ਼ ਜਦੋਂ ਵੀ ਸਾਡੀਆਂ ਗੱਲਾਂ ਵਿਚ ਆ ਜਾਂਦੈ, ਬੜੇ ਹਾਸੇ ਛਿੜ ਜਾਂਦੇ ਨੇ! ਮੇਰੇ ਮੁੰਡੇ ਥੋੜੇ ਵੱਡੇ ਹੋਏ ਤੇ ਸਕੂਟਰ ਉੱਤੇ ਮੇਰੇ ਪਿੱਛੇ ਬੈਠੇ ਬੈਠੇ ਪੁੱਛਣ ਲੱਗੇ - ਪਾਪਾ, ਇਹਨੂੰ ਸਰਕਾਰੀ ਸਾਂਡ ਭਲਾ ਕਹਿੰਦੇ ਹੀ ਕਿਓਂ ਨੇ! ਉਹਨਾਂ ਨੂੰ ਥੋੜਾ ਬਹੁਤ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਇਹਨਾਂ ਦਾ ਕੰਮ ਸਮਝਾਉਣਾ ਹੀ ਪੈਂਦਾ...
ਇਹ ਝੋਟੇ ਦੇ ਹਰ ਹਿੱਸੇ ਨਾਲ ਫੋਟੋ ਖਿਚਵਾਉਣ ਦਾ ਕ੍ਰੇਜ਼ ਦੇਖ ਕੇ ਵਾਧੂ ਹਾਸਾ ਆਇਆ !!


ਉਸ ਤੋਂ ਬਾਅਦ ਓਹ ਜਦੋਂ ਵੀ ਕੋਈ ਖੁੱਲ੍ਹਾ ਫਿਰਦਾ ਸਾਂਡ ਦੇਖਦੇ ਤਾਂ ਹੱਸਦੇ ਨਾ ਥੱਕਦੇ - ਖਾਸ ਕਰ ਕੇ ਜਦੋਂ ਕੋਈ ਬੁੱਢਾ ਸਾਂਡ ਮਟਕ ਮਟਕ ਕੇ ਤੁਰ ਰਿਹਾ ਦੇਖਦੇ ਤਾਂ ਕਹਿੰਦੇ ਕਿ ਹੁਣ ਇਸ ਨੂੰ ਵੀ ਹਿਸਾਬ ਦੇਣਾ ਪੈ ਰਿਹੈ !

ਸਾਂਡ ਪਿਛਲੇ ਕੁਛ ਸਮੇਂ ਤੋਂ ਖ਼ਬਰਾਂ ਵਿਚ ਨੇ - ਜਗ੍ਹਾ ਜਗ੍ਹਾ ਤੇ ਉਹ ਲੋਕਾਂ ਨੂੰ ਚੱਕ ਕੇ ਪਟਕ ਰਹੇ ਨੇ - ਕਈ ਵਾਰ ਤਾਂ ਉਹਨਾਂ ਦੇ ਸ਼ਿਕਾਰ ਦੀ ਮੌਤ ਹੀ ਹੋ ਜਾਂਦੀ ਹੈ! ਜਦੋਂ ਦਾ ਇਹ ਵਾਹਟਸੱਪ ਆਇਆ ਹੈ ਉਸੇ ਵੇਲੇ ਤੋਂ ਕਈਂ ਵੀਡਿਓਜ਼ ਦੇਖੀਆਂ ਜਿਸ ਵਿਚ ਖੁੱਲੇ ਛੱਡੇ ਹੋਏ ਸਾਂਡ (ਅਵਾਰਾ ਕਹਿਣ ਦਾ ਮਨ ਨਹੀਂ ਕਰ ਰਿਹਾ! - ਮੇਰਾ ਵਿਚਾਰੇ ਕਿ ਲੈਂਦੇ ਨੇ!!) ਆਉਂਦੇ ਜਾਂਦੇ ਲੋਕਾਂ ਨੂੰ, ਇਥੋਂ ਤਕ ਸਕੂਟਰ ਮੋਟਰ ਸਾਈਕਲ ਸਵਾਰ ਲੋਕਾਂ ਨੂੰ ਚੱਕ ਕੇ ਪਰੇ ਸੁੱਟਦੇ ਦਿਖਦੇ ਨੇ!!

ਸਾਂਡਾਂ ਬਾਰੇ ਵੀ ਬੜੇ ਰਲੇ ਮਿਲੇ ਖਿਆਲ ਜਿਹੇ ਮਨ ਵਿਚ ਆਉਂਦੇ ਰਹਿੰਦੇ - ਬਚਪਨ ਵਿਚ ਗੱਡੇ ਚਲਦੇ ਵੇਖਦੇ ਸੀ - ਜਿਸ ਉੱਤੇ 50-50 ਬੰਦੇ ਸਵਾਰ ਹੁੰਦੇ ਤੇ ਇਸ ਨੂੰ ਦੋ ਸਾਂਡ ਧਿੱਕ ਰਹੇ ਹੁੰਦੇ! ਸਕੂਲੋਂ ਵਾਪਸ ਆਉਂਦਿਆਂ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਲਾਗੇ ਜਿਥੇ ਗੰਨੇ ਦਾ ਰਸ ਵੀ ਵਿਕ ਰਿਹਾ ਹੁੰਦਾ, ਉਸ ਨੂੰ ਵੀ ਇਕ ਸਾਂਡ ਹੀ ਗੋਲ ਗੋਲ ਘੁੰਮ ਕੇ ਚਲਾ ਰਿਹਾ ਹੁੰਦਾ - ਜਿਸ ਦੀਆਂ ਅੱਖਾਂ ਉੱਤੇ ਅਕਸਰ ਪੱਟੀ ਬੱਝੀ ਦਿਖਦੀ!

ਇਹ ਬਚਪਨ ਦੇ ਉਹ ਦਿਨ ਸਨ ਜਦੋਂ ਕੋਹਲੂ ਦੇ ਬੈਲ ਵਰਗੇ ਮੁਹਾਵਰੇ ਵੀ ਚੇਤੇ ਕੀਤੇ ਜਾ ਰਹੇ ਸੀ - ਉਮਰ ਐਂਨੀ ਛੋਟੀ ਕਿ ਸਾਂਡ ਅਤੇ ਬੈਲ (ਬਲਦ) ਵਿਚ ਫਰਕ ਸੋਚਣ ਦੀ ਨਾ ਹੀ ਵਿਹਲ ਸੀ- ਨਾ ਹੀ ਕੋਈ  ਚਿੱਤ-ਚੇਤਾ !! ਬਸ ਫ਼ਿਲਮਾਂ ਰਾਹੀਂ ਇਹ ਦਿਸ ਜਾਂਦਾ ਕਿ ਬਲਦਾਂ ਨੂੰ ਖੇਤੀ-ਕਿਸਾਨੀ ਵਿਚ ਹੱਲ ਚਲਾਉਣ ਦੇ ਕੰਮੀਂ ਲਾਇਆ ਜਾਂਦਾ ਸੀ!

ਕਦੇ ਕਦੇ ਆਉਂਦੇ ਜਾਂਦੇ ਰਸਤੇ ਵਿਚ ਦੋ ਬਲਦ ਆਪਸ ਵਿਚ ਸਿੰਗ ਅੜਾਈ ਦਿੱਖ ਵੀ ਜਾਂਦੇ ਤਾਂ ਕਦੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਸੀ ਕਰੀਦਾ! ਇੰਝ ਲਗਦਾ ਕਿ ਇਹ ਤਾਂ ਇਕ -ਦੋ ਮਿੰਟ ਵਿਚ ਰਾਜੀਨਾਮਾ ਕਰ ਲੈਣਗੇ!!

ਕਲ ਵੀ ਲਖਨਊ ਦੇ ਬੰਗਲਾ ਬਾਜ਼ਾਰ ਦੀ ਗੱਲ ਹੈ - ਰਸਤੇ ਵਿਚ ਦੋ ਬਲਦਾਂ ਨੇ ਸਿੰਗ ਭਿੜਾਏ ਹੋਏ ਸੀ - ਮੈਂ ਵੀ ਰੁੱਕ ਗਿਆ - ਇਕ ਏ.ਟੀ.ਐੱਮ ਦਾ ਗਾਰਡ ਦੱਸਣ ਲੱਗਾ ਕਿ ਹੁਣ ਇਹਨਾਂ ਨੂੰ ਕੋਈ ਛੁੜਵਾ ਨਹੀਂ ਸਕਦਾ - ਇਹ ਇੰਝ ਹੀ ਭਿੜੇ ਰਹਿਣਗੇ - ਜਿਹੜਾ ਇਹਨਾਂ ਦੋਹਾਂ ਵਿਚੋਂ ਹਾਰ ਜਾਵੇਗਾ, ਉਹ ਬੜੀ ਤੇਜ਼ੀ ਨਾਲ ਨੱਸ ਜਾਵੇਗਾ ! ਇਹ ਵੀ ਪਤਾ ਲੱਗਾ ਕਿ ਇਹ ਤਾਂ ਪਿਛਲੇ 20-25 ਮਿੰਟਾਂ ਤੋਂ ਭਿੜੇ ਹੋਏ ਨੇ!

ਮੈਂ ਵੀ ਇਸ ਦੰਗਲ ਨੂੰ ਆਪਣੇ ਕੈਮਰੇ ਨਾਲ ਫੜਣ ਲੱਗ ਪਿਆ - ਜਿਵੇਂ ਜਿਵੇਂ ਸਮਾਂ ਅੱਗੇ ਲੰਘ ਰਿਹਾ ਸੀ, ਉਤਸੁਕਤਾ ਵੱਧ ਰਹੀ ਸੀ - ਮੈਂ ਵਿਚ ਵਿਚ ਥੋੜਾ ਬੋਰ ਵੀ ਹੋ ਰਿਹਾ ਸੀ - ਪਰ ਫੇਰ ਵੀ ਲੱਗਾ ਰਿਹਾ, ਥੋੜਾ ਥੋੜਾ ਡਰ ਵੀ ਲੱਗ ਰਿਹਾ ਸੀ ਜਦੋਂ ਇਹ ਅੰਨ੍ਹੇਵਾਹ ਭੱਜਣਗੇ ਤਾਂ ਜੇ ਕਿਤੇ ਮੇਰੇ ਵੱਲ ਹੀ ਨੱਸ ਆਏ - ਇਸ ਕਰ ਕੇ ਥੋੜਾ ਆਸਾ ਪਾਸਾ ਵੇਖ ਕੇ ਹੀ ਮੈਂ "ਸ਼ੂਟਿੰਗ"😄ਚ' ਲੱਗਾ ਹੋਇਆ ਸੀ ਕਿ ਨੱਸ ਕੇ ਕਿਤੇ ਜਾਣ ਦਾ ਠਿਕਾਣਾ ਵੀ ਤੇ ਹੋਵੇ!!

ਇਹ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ - ਜੇਕਰ ਵੇਖਦੇ ਵੇਖਦੇ ਬੋਰ ਹੋ ਜਾਵੋ ਤਾਂ ਫਾਸਟ ਫਾਰਵਰ੍ਡ ਕਰ ਕੇ ਦੇਖ ਲਈਓ ! ਵੈਸੇ ਇਸ ਦੌਰਾਨ ਤੁਸੀਂ  ਲੋਕਾਂ ਦੀਆਂ ਜਿਹੜੀਆਂ ਆਵਾਜ਼ਾਂ ਸੁਣੋਗੇ, ਉਹ ਤੁਹਾਨੂੰ ਬੋਰ ਨਹੀਂ ਹੋਣ ਦੇਣਗੀਆਂ!

ਇਕ ਗੱਲ ਹੋਰ - ਤੁਸੀਂ ਵੀਡੀਓ ਵਿਚ ਦੇਖੋਗੇ ਕਿ ਕੁਛ ਲੋਕ ਛੋਟੀਆਂ ਛੋਟੀਆਂ ਇੱਟਾਂ ਦੇ ਟੁੱਕੜੇ ਉਹਨਾਂ ਵੱਲ ਸੁੱਟ ਕੇ ਉਹਨਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕਰਦੇ ਨੇ - ਕਈਆਂ ਨੇ ਉਹਨਾਂ ਵੱਲ ਪਾਣੀ ਸੁੱਟ ਕੇ ਵੀ ਇਹ ਕੋਸ਼ਿਸ਼ ਕੀਤੀ! ਪਰ ਉਹਨਾਂ ਉੱਤੇ ਤੇ ਜਿਵੇਂ ਉਸ ਵੇਲੇ ਭਿੜਨ ਦਾ ਭੂਤ ਹੀ ਬਸ ਸਵਾਰ ਸੀ!!



ਚਿੰਤਾ ਇਹੋ ਸੀ ਕਿਤੇ ਇਹਨਾਂ ਦੋਹਾਂ ਚ' ਕੋਈ ਫੱਟੜ ਨਾ ਹੋ ਜਾਵੇ ਜਾਂ ਆਉਂਦੇ ਜਾਂਦੇ ਕਿਸੇ ਬੰਦੇ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ! ਲੋ ਜੀ ਫੈਸਲੇ ਦੀ ਘੜੀ ਆ ਪੁੱਜੀ - ਆਪਣੇ ਸਿੰਗਾਂ ਦੇ ਜ਼ੋਰ ਨਾਲ ਹੀ ਇਹ ਇਕ ਦੂਜੇ ਨੂੰ ਧੂ ਕੇ ਲੈ ਜਾ ਰਹੇ ਸੀ। ..ਇੰਨੇ ਚਿਰ ਨੂੰ ਇਕ ਬੰਦਾ ਜਿਸ ਨੇ ਵੱਡਾ ਸਾਰਾ ਟੁੱਟਾ-ਭੱਜਾ ਜਿਹਾ ਬਾਂਸ ਹੱਥ ਚ' ਫੜ੍ਹਿਆ ਹੋਇਆ ਸੀ, ਉਸ ਨੇ ਆਵਾਜ਼ ਕੱਢੀ ਤੇ ਇਹ ਬਾਂਸ ਇਹਨਾਂ ਉੱਤੇ ਮਾਰਿਆ - ਓਸੇ ਵੇਲੇ ਇਹ ਦੋਵੇਂ ਅਲੱਗ ਹੋ ਗਏ ਤੇ ਛੋਟੇ ਨਿਆਣਿਆਂ ਵਾਂਗ ਆਰਾਮ ਨਾਲ ਆਪਣੇ ਰਸਤੇ ਤੇ ਤੁਰ ਗਏ, ਤੁਸੀਂ ਇਸ ਵੀਡੀਓ ਵਿਚ ਦੇਖਿਆ ਹੀ ਹੋਵੇਗਾ!!

ਲੋ ਜੀ ਵੀਡੀਓ ਤੇ ਮੈਂ ਬਣਾ ਲਈ , ਪਰ ਬਾਅਦ ਵਿਚ ਮੈਨੂੰ ਬੜਾ ਅਜੀਬ ਜਿਹਾ ਲੱਗਾ - ਗੱਲ ਇੰਝ ਹੀ ਕਿ ਜਿੰਨਾ ਨੇ ਛੋਟੇ ਛੋਟੇ ਵੱਟੇ ਉਹਨਾਂ ਵੱਲ ਸੁੱਟ, ਉਹਨਾਂ ਉੱਤੇ ਪਾਣੀ ਸੁੱਟ ਕੇ ਉਹਨਾਂ ਦੀ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਨਾ ਅੱਗ ਅੱਗ ਬੁਝਾਉਣ ਵਾਲੇਆਂ ਵਿਚ ਦਰਜ ਤੇ ਹੋ ਗਿਆ - ਮੈਂ ਤੇ ਨਿਰੀ ਤਮਾਸ਼ਬੀਨੀ ਹੀ ਕਰ ਛੱਡੀ, ਹੋਰ ਕੀ !!

ਜਿਸ ਇਲਾਕੇ ਵਿਚ ਇਹਨਾਂ ਬਲਦਾਂ ਨੂੰ  ਬਾਂਸ ਦੇ ਡਰ ਨਾਲ ਛੁਡਾਇਆ ਗਿਆ - ਇਹ ਵੀ ਬੜਾ ਜ਼ੁਰੱਤ ਦਾ ਕੰਮ ਸੀ - ਉਸ ਜਗ੍ਹਾ ਤੇ ਮੈਂ ਕਈ ਵਾਰ ਸੂਰ ਦਾ ਸ਼ਿਕਾਰ ਕਰਦੇ ਲੋਕ ਦੇਖੇ ਨੇ - ਕਿਵੇਂ 2-3 ਮੁੰਡੇ ਸੂਰ ਨੂੰ ਫੜ ਕੇ ਸਕੂਟਰ ਤੇ ਲਦ ਕੇ ਲੈ ਜਾਂਦੇ ਨੇ - ਉਹ ਕੁਰਲਾਂਦਾ ਰਹਿੰਦਾ!! ਸ਼ਾਇਦ, ਉਹਨਾਂ ਨੂੰ ਇਹੋ ਜਿਹੇ ਜਾਨਵਰਾਂ ਨੂੰ ਛੁਡਾਉਣ ਦਾ ਤਜ਼ੁਰਬਾ ਜ਼ਰੂਰ ਹੋਵੇਗਾ ! ਚਲੋ ਜੀ, ਜੋ ਵੀ ਸੀ, ਖੁਸ਼ੀ ਹੋਈ ਕਿ ਉਹ ਸਿੱਧ-ਸਮੂਏ ਛੁਟ ਗਏ ਤੇ ਆਪੋ ਆਪਣੇ ਰਸਤੇ ਤੇ ਚਲੇ ਗਏ - ਦੋ ਮਿੰਟ ਬਾਦ ਹੀ ਇਕ ਤੇ ਵਾਪਸ ਆਪਣੀ ਪੁਰਾਣੀ ਜਗ੍ਹਾ ਤੇ ਮੁੜਦਾ ਵੀ ਦਿੱਖ ਗਿਆ - ਬਿਲਕੁਲ ਬੱਚਿਆਂ ਦੇ ਝਗੜਿਆਂ ਵਾਂਗ ਜਿਵੇਂ ਕੁਛ ਹੋਇਆ ਹੀ ਨਾ ਹੋਵੇ !!  ਮੈਂ ਹੁਣ ਲਿਖਦੇ ਲਿਖਦੇ ਧਿਆਨ ਆ ਰਿਹਾ ਹੀ ਕਿ ਸਾਨੂੰ ਕਿ ਪਤਾ ਇਹ ਓਹਨਾ ਨੂੰ ਇਕ ਖੇਡ ਹੀ ਹੋਵੇ - ਅਸੀਂ ਐਵੇਂ ਦੇਖ ਦੇਖ ਕੇ ਹਲਕਾਨ ਹੋ ਜਾਂਦੇ ਹਾਂ !! - ਸ਼ਾਇਦ ਅਸੀਂ ਇਸ ਦੌਰਾਨ ਆਪਣੇ ਹੱਡ-ਗੋਡੇ ਭੱਜਣ-ਸਿੱਕਣ ਤੋਂ ਡਰਦੇ ਹਾਂ!!

"ਕੋਈ ਗੱਲ ਨਹੀਂ, ਇਹ ਚਲਦਾ ਹੀ ਰਹਿੰਦੈ !!


Monday 9 December 2019

ਬਚਪਨ ਦੀ ਭੱਠੀਵਾਲੀ ਬੀਬੀ



ਹੁਣੇ ਵਹਾਤਸੱਪ ਤੇ ਆਪਣੇ ਕਾਲਜ ਦੇ ਦੋਸਤ ਪ੍ਰਫੂਲ ਨੇ ਵਹਾਤਸੱਪ ਤੇ ਇਕ ਸੁਨੇਹਾ ਭੇਜਿਆ - ਇਹ ਭੱਠੀ ਵਾਲੀ ਦੀ ਵੀਡੀਓ ਸੀ ਤੇ ਉਸ ਨੇ ਲਿਖਿਆ ਸੀ ਕਿ ਇਹ ਚੋਪੜੇ ਵਾਸਤੇ ਭੇਜ ਰਿਹਾ ਹਾਂ!!

ਬਹੁਤ ਚੰਗਾ ਲੱਗਾ ਜੀ ਇਹ ਵੀਡੀਓ ਦੇਖ ਕੇ!! ਬੀਤੇ ਦਿਨਾਂ ਦੀਆਂ ਗੱਲਾਂ ਚੇਤੇ ਆ ਗਈਆਂ - ਇਕ, ਦੋ, ਚਾਰ ਹੀ ਨਹੀਂ, ਜਿਵੇਂ ਉਸ ਮਿੱਤਰ ਨੇ ਇਹ ਵੀਡੀਓ ਭੇਜ ਕੇ ਮੈਨੂੰ ਯਾਦਾਂ ਦੀ ਪੰਡ ਹੀ ਭੇਜ ਦਿੱਤੀ ਹੋਵੇ!

ਮੈਂ ਰੇਡੀਓ ਸੁਣ ਰਿਹਾ ਸੀ ਤੇ ਨਾਲ ਨਾਲ ਜੋਸ਼ ਮਾਲਿਹਾਬਦੀ ਸ਼ਾਇਰ ਦੀ ਸਵੈਜੀਵਨੀ ਪੜ੍ਹ ਰਿਹਾ ਸੀ - ਇਹ ਵੀਡੀਓ ਦੇਖ ਕੇ ਰੁਕਿਆ ਨਹੀਂ ਗਿਆ, ਇੰਤਜ਼ਾਰ ਨਹੀਂ ਹੋਇਆ - ਇਹ ਪੋਸਟ ਰੂਪੀ ਰੁੱਕਾ ਲਿਖਣ ਲੱਗ ਪਿਆ!!

ਜੀ ਹਾਂ, ਇਹ ਗੱਲਾਂ ਨੇ ਅੱਜ ਤੋਂ 50 ਸਾਲ ਪਹਿਲਾਂ ਦੀਆਂ - ਸ਼ਹਿਰ ਅੰਮ੍ਰਿਤਸਰ - ਇਸਲਾਮਾਬਾਦ ਇਲਾਕੇ ਦੇ ਫਾਟਕ ਲਾਗੇ ਵੀ ਇਕ ਭੱਠੀ ਹੋਇਆ ਕਰਦੀ ਸੀ - ਪੈਂਚਰ ਵਾਲੇ ਟੂੰਡੇ ਦੇ ਖੋਖੇ ਦੇ ਲਾਗੇ - (ਟੂੰਡੇ, ਮੁਆਫ ਕਰ ਦੇਵੀਂ ...ਤੈਨੂੰ ਯਾਰ ਕਦੇ ਉਸ ਵੇਲੇ ਵੀ ਟੁੰਡਾ ਨਹੀਂ ਕਿਹਾ, ਹੁਣ ਕਿ ਕਹਿਣਾ ਏ....ਪਰ ਉਸ ਦਾ ਖੋਖਾ ਇਸ ਨਾਂਅ ਨਾਲ ਹੀ ਜਾਣਿਆ ਜਾਂਦਾ ਸੀ!!)

ਭੱਠੀ ਵਾਲੀ ਦੀ ਸ਼ਕਲ ਯਾਦ ਨਹੀਂ ਆ ਰਹੀ - ਪਰ ਸੋਚਦਾ ਹਾਂ ਕਿ ਉਹ ਜੋ ਵੀ ਸੀ ਇਸ ਵੀਡੀਓ ਵਿਚ ਦਿੱਖ ਰਹੀ ਦੇਵੀ ਵਰਗੀ ਹੀ ਜਾਪਦੀ ਸੀ - ਬਿਲਕੁਲ ਇਸ ਵਰਗੀ, ਸ਼ਰੀਰੋਂ ਕਮਜ਼ੋਰ ਪਰ ਦਿਲੋਂ ਤਗੜੀ !!

   

ਗੱਲ ਇੰਝ ਸੀ ਸਾਥੀਓ ਕਿ ਅੱਜ ਤੋਂ 50 ਸਾਲ ਪਹਿਲਾਂ ਜਦੋਂ ਅਸੀਂ 6-7 ਸਾਲਾਂ ਦੇ ਸੀ , ਉਸ ਵੇਲੇ ਸ਼ਾਮਾਂ ਨੂੰ ਇਹੋ ਕੁਛ ਖਾਣਾ ਹੀ ਸਾਡਾ ਮਨਭਾਉਂਦਾ "ਸਨੈਕ" ਹੋਇਆ ਕਰਦਾ ਸੀ - ਇਹ ਸ਼ਬਦ "ਸਨੈਕ" ਲਫ਼ਜ਼ ਵੀ ਅਸੀਂ ਕਿਤੇ ਜਾਣਦੇ ਸੀ!! - ਬਸ ਗਰਮੀ ਹੋਵੇ ਸਰਦੀ ਹੋਵੇ - ਸਾਨੂੰ ਭੱਠੀ ਵਾਲੀ ਕੋਲ ਜਾਣ ਦੀ ਉਡੀਕ ਲੱਗੀ ਰਹਿੰਦੀ ਸੀ ਕਿ ਕਿਹੜੇ ਵੇਲੇ ਚਾਰ ਸਾਡੇ ਚਾਰ ਦਾ ਵੇਲਾ ਹੋਵੇ ਤੇ ਅਸੀਂ ਆਪਣੀ ਭੱਠੀ ਵਾਲੀ ਕੋਲ ਭੱਜੀਏ!!

ਮੈਨੂੰ ਧਿਆਨ ਆ ਰਿਹੈ ਕਿ ਕਈ ਵਾਰੀ ਤੇ ਜਦੋਂ ਭੱਠੀ ਤੇ ਪਹੁੰਚ ਜਾਣਾ ਤਾਂ ਉਸ ਵੇਲੇ ਅਜੇ ਭੱਠੀ ਭਖੀ ਨਾ ਹੋਣੀ, ਅਜੇ ਉਹ ਆਪਣੇ ਬਾਲਨ ਨੂੰ ਸੰਭਾਲਦੀ ਦਿਖਦੀ - ਜੇਕਰ ਤੇ ਉਹ ਕਹਿ ਦਿੰਦੀ ਕਿ ਬਹਿ ਜਾ, ਹੁਣੇ ਭੁੰਨ ਦੇਂਦੀ ਹਾਂ ਦਾਨੇ, ਤੇ ਅਸੀਂ ਬਹਿ ਜਾਣਾ ਓਹਦੇ ਲਾਗੇ ਪਏ ਕਿਸੇ ਪੁਰਾਣੇ ਟਾਟ ਉੱਤੇ - ਜੇ ਉਸ ਦੇ ਕਹਿਣਾ ਕਿ ਅਜੇ ਅੱਧਾ ਘੰਟਾ ਲੱਗੇਗਾ - ਬਾਅਦ ਵਿਚ ਆਵੀਂ, ਤਾਂ ਮੈਂ ਕੈਂਚੀ ਸਾਈਕਲ ਚਲਾ ਕੇ ਵਾਪਸ ਤੁਰ ਜਾਣਾ - ਬਾਅਦ ਵਿਚ ਆ ਜਾਣਾ! ਕਹਿਣ ਦਾ ਮਤਲਬ ਇਹ ਕਿ ਉਸ ਬੀਬੀ ਉੱਤੇ ਐਡਾ ਵਿਸ਼ਵਾਸ ਕਿ ਜਿਵੇਂ ਉਸ ਨੇ ਕਹਿ ਦੇਣਾ ਉਸ ਨੂੰ ਬਿਨਾ ਆਪਣਾ ਦਿਮਾਗ ਲਾਏ ਮੰਨ ਵੀ ਲੈਣਾ !! - ਕਿੱਡੇ ਵਧੀਆ ਦਿਨ ਸੀ ਜਦੋਂ ਦਿਮਾਗ ਬਹੁਤ ਸੋਚਿਆ ਵੀ ਨਹੀਂ ਸੀ ਕਰਦਾ - ਹਰ ਇਕ ਨਾਲ ਪਿਆਰ ਸਤਿਕਾਰ ਤੇ ਸਾਂਝ ਹੀ ਦਿਖਦੀ ਸੀ ਆਲੇ ਦੁਆਲੇ!!

ਇਕ ਗੱਲ ਹੋਰ - ਕਦੇ ਕਦੇ ਜਦੋਂ ਘਰੋਂ ਆਉਣਾ ਤੇ ਪਤਾ ਚਲਣਾ ਕਿ ਅੱਜ ਭੱਠੀ ਬੰਦ ਹੈ ਤਾਂ ਮੂਡ ਇੰਨਾ ਖ਼ਰਾਬ ਹੁੰਦਾ ਜਿਵੇਂ ਕਿਸੇ ਸਿਨਮੇ ਦੀ ਟਿਕਟ ਨਾ ਮਿਲੀ ਹੋਵੇ! ਸੱਚੀਂ ਬੜੀ ਉਦਾਸੀ ਘੇਰ ਲੈਂਦੀ ਉਸ ਵੇਲੇ !!

ਭੱਠੀਆਂ ਇੰਨੀਆਂ ਵੀ ਜ਼ਿਆਦਾ ਨਹੀਂ ਸੀ ਹੁੰਦੀਆਂ ਕਿ ਇਕ ਬੰਦ ਹੈ ਤੇ ਦੂਜੀ ਤੇ ਚਲੇ ਜਾਈਏ, ਨਾਲੇ ਕੈਂਚੀ ਸਾਈਕਲ ਜਾਂ ਭੈਣ ਦਾ ਲੇਡੀ ਸਾਈਕਲ ਬਿਨਾ ਕਾਠੀ ਉੱਤੇ ਬਹਿ ਕੇ ਕਿਥੇ ਤਕ ਵਾਹ ਕੇ ਲੈ ਜਾਂਦਾ!!

ਅੱਛਾ ਸਰਦੀਆਂ ਵਿਚ ਤੇ ਵਾਧੂ ਮਜ਼ਾ ਆਉਂਦਾ - ਭੱਠੀ ਵਾਲੀ ਲਾਗੇ 10-20 ਮਿੰਟ ਬੈਠਣ ਦਾ - ਉਸ ਨੂੰ ਇਹ ਤੀਲੇ ਵਾਲੇ ਝਾੜੂ ਨਾਲ ਮੱਕੀ ਨੂੰ ਗਰਮ ਰੇਤ ਵਿਚ ਹਿਲਾਉਂਦੇ ਦੇਖ ਕੇ ਮੇਰਾ ਤਾਂ ਦਿਲ ਵੀ ਹਿਲ ਜਾਂਦਾ - ਇੰਨੀ ਫੁਰਤੀ - ਫੇਰ ਓਨੀ ਹੀ ਫੁਰਤੀ ਨਾਲ ਇਕ ਮਿੱਟੀ ਦਾ ਭਾਂਡੇ ਨਾਲ ਭੁੱਜਦੇ ਹੋਏ ਛੋਲੇਆਂ ਨੂੰ ਰਗੜਨਾ - ਜਿਵੇਂ ਤੁਸੀਂ ਉੱਪਰ ਇਸ ਵੀਡੀਓ ਵਿਚ ਦੇਖਿਆ ਹੋਵੇਗਾ !

ਮੈਂ ਤੇ ਸ਼ਾਇਦ ਇਹ ਤੀਲੇ ਵਾਲਾ ਝਾੜੂ ਤੇ ਇਹ ਮਿੱਟੀ ਦੀ ਛੋਟੀ ਜਿਹੀ ਕੁੰਨੀ ਵਾਲੀ ਗੱਲ ਭੁੱਲ ਹੀ ਗਿਆ ਸੀ - ਇਹ ਵੀਡੀਓ ਦੇਖ ਕੇ ਸਬ ਕੁਛ ਮੁੜ ਤਾਂ ਚੇਤੇ ਆ ਗਿਆ!!

ਅਸੀਂ ਭੱਠੀ ਤੇ ਭੁਨਵਾਉਣ ਕੀ ਜਾਈਦਾ ਸੀ - ਮਕਈ, ਕਦੇ ਕਦੇ ਛੋਲੇ ਤੇ ਕਦੇ ਕਦਾਈਂ ਚਾਵਲ ਵੀ - ਪਰ ਚਾਵਲ ਤੇ ਕਈ ਕਈ ਮਹੀਨਿਆਂ ਬਾਅਦ ਹੀ ਭੁਨਵਾਉਂਦੇ ਸੀ. ਅਸੀਂ ਕੱਪੜੇ ਦੇ ਥੈਲੀ ਵਿਚ ਲੈ ਕੇ ਜਾਣਾ। ਗਰਮਾ ਗਰਮਾ ਮੱਕੀ ਦੇ ਫੁੱਲੇ ਘਰ ਆ ਕੇ ਗੁੜ ਨਾਲ ਸਾਰੇ ਖਾਂਦੇ - ਭੁੰਨੇ ਛੋਲੇ ਵੀ ਗੁੜ ਨਾਲ ਹੀ ਖਾਂਦੇ ਜਾਂਦੇ ! ਹੁਣ ਮੈਨੂੰ ਲਿਖਦੇ ਹੋਏ ਇਹ ਵੀ ਯਾਦ ਆਇਆ ਕਿ ਕਦੇ ਕਦੇ ਅਸੀਂ ਛੋਲਿਆਂ ਦੀ ਦਾਲ ਵੀ ਤੇ ਭੁਨਵਾ ਕੇ ਲਿਆਈ ਦੀ ਸੀ - ਤੇ ਕਦੇ ਕਦੇ ਉਹ ਮੱਕੀ ਵੀ ਜਿਸਦੇ ਫੁੱਲੇ ਨਹੀਂ ਸੀ ਬਣਦੇ, ਪਰ ਜਿਹਨੂੰ ਤਾਜ਼ੀ ਤਾਜ਼ੀ ਨੂੰ ਚੱਬਣ ਦਾ ਬੜਾ ਮਜ਼ਾ ਆਉਂਦਾ ਸੀ!!

ਜਦੋਂ ਘਰ ਵਿਚ ਕਿਸੇ ਨੂੰ ਜ਼ੁਕਾਮ ਹੋਇਆ ਹੁੰਦਾ ਤਾਂ ਉਸ ਵਾਸਤੇ ਤੇ ਛੋਲੇ ਜਾਂ ਛੋਲੇਆਂ ਦੀ ਦਾਲ ਭੁਨਵਾ ਕੇ ਲਿਆਣੇ ਜ਼ਰੂਰੀ ਹੁੰਦੇ - ਕਿਓਂਕਿ ਕਿ ਇਕ ਤਾਂ ਉਸ ਨੇ ਗਰਮਾ ਗਰਮ ਛੋਲੇ ਗੁੜ ਨਾਲ ਖਾਣੇ ਤੇ ਦੂਜਾ ਬੀਜੀ ਦੀ ਘਰੇਲੂ ਡਾਕਟਰੀ ਮੁਤਾਬਿਕ ਰੁਮਾਲ ਵਿਚ ਗਰਮਾ ਗਰਮ ਭੁੰਨੇ ਹੋਏ ਛੋਲੇ ਬੰਨ ਕੇ ਨਾਸਾਂ ਉੱਤੇ ਸੇਕ ਕਰਣ ਨਾਲ ਜ਼ੁਕਾਮ ਠੀਕ ਹੋ ਜਾਂਦੈ - ਕਰੀਦਾ ਸੀ ਜੀ ਇੰਝ ਹੀ ਕਰੀਦਾ ਸੀ ਜ਼ੁਕਾਮ ਹੋਣ ਤੇ !! ਜ਼ੁਕਾਮ ਕਿਸੇ ਨੂੰ ਹੋ ਜਾਣਾ ਤੇ ਉਸ ਦੀ ਸਾਰਾ ਦਿਨ ਸੇਵਾ ਹੀ ਹੁੰਦੀ ਰਹਿੰਦੀ - ਵੇਸਣ ਦਾ ਪੂੜਾ, ਖੂਬ ਸਾਰਾ ਡ੍ਰਾਈ- ਫਰੂਟ ਪਾ ਕੇ ਵੇਸਣ ਦੀ ਲਸਬੀ - ਅਦਰਕ ਵਾਲੀ ਚਾਅ --- ਹੋਰ ਵੀ ਪਤਾ ਨਹੀਂ ਕੀ ਕੀ !! ਮਾਂ ਦੇ ਜੀਉਂਦਿਆਂ ਤੱਕ ਇਹ ਇਲਾਜ ਘਰ ਵਿਚ ਜ਼ੁਕਾਮ ਦਾ ਇਹ ਇਲਾਜ ਚਲਦਾ ਰਿਹਾ!!

ਕਿਧਰ ਦਾ ਕਿਧਰ ਨਿਕਲ ਗਿਆ ਮੈਂ ਤਾਂ - ਚਲੋ ਭੱਠੀ ਤੇ ਚਲੀਏ !! ਅੱਛਾ ਓਥੇ ਦਾਣੇ ਭਣਾਉਂਨ ਵਾਲੇਆਂ ਦਾ ਨੰਬਰ ਲੱਗਿਆ ਹੁੰਦਾ -  ਉਸ ਭੱਠੀ ਵਾਲੀ ਦੇ ਮਿਹਨਤਾਨੇ ਨੂੰ ਵੀ ਦਰਜ ਕਰ ਦੇਈਏ ਕਿ ਪੰਜਾਹ ਸਾਲ ਪਹਿਲਾਂ ਉਹ ਭੱਠੀ ਵਾਲੀ ਪੰਜਾਂ ਪੈਸਿਆਂ ਤੋਂ ਲੈ ਕੇ 25 ਪੈਸੇ ਦੇ ਵਿਚ ਦਾਣੇ ਭੁੰਨਣ ਦੀ ਭੁਨਵਾਈ ਲੈਂਦੀ ਸੀ - ਜਿੰਨੇ ਵੱਧ ਦਾਣੇ ਓੰਨੇ ਜ਼ਿਆਦਾ ਪੈਸੇ!! ਪਰ ਇਕ ਦੇਖ ਕੇ ਬੜਾ ਮਜ਼ਾ ਆਉਂਦਾ - ਉਸ ਭੱਠੀ ਵਾਲੀ ਦੀ ਪੂਰੀ ਟੋਹਰ ਹੁੰਦੀ - ਜੋ ਪੈਸੇ ਇਕ ਵਾਰੀ ਕਹਿ ਦਿੱਤੇ, ਉਸ ਤੋਂ ਥੱਲੇ ਨਹੀਂ, ਭੁਨਵਾਣੇ ਨੇ ਤੇ ਭੁਨਵਾਓ ਨਹੀਂ ਤੇ ਕੋਈ ਗੱਲ ਨਹੀਂ।

ਕਈ ਵਾਰੀ ਲੋਕੀਂ ਪੈਸੇ ਨਹੀਂ ਦਿੰਦੇ ਭੁੰਨਣ ਦੇ ਜਾਂ ਓਹਨਾ ਕੋਲ ਨਹੀਂ ਹੁੰਦੇ ਜਾਂ ਪੈਸੇ ਪੂਰੇ ਨਹੀਂ ਹੁੰਦੇ , ਉਹ ਭਾੜਾ ਦੇ ਦਿੰਦੇ - ਭਾੜਾ ਦਾ ਮਤਲਬ ਇਹ ਹੁੰਦਾ ਕਿ ਭੱਠੀ ਵਾਲੀ ਭੁੱਜੇ ਹੋਏ ਦਾਣਿਆਂ ਵਿਚੋਂ ਥੋੜੇ ਦਾਣੇ ਕੱਢ ਲੈਂਦੀ - ਇਸ ਤਰ੍ਹਾਂ ਉਸ ਨੂੰ ਆਪਣਾ ਮਿਹਨਤਾਨਾ ਮਿਲ ਜਾਂਦਾ, ਜਿਹੜੇ ਉਹ ਦੂਜਿਆਂ ਨੂੰ ਵੇਚ ਦਿੰਦੀ!! (ਕਹਿੰਦੇ ਤੇ ਭਾੜਾ ਹੀ ਸੀ, ਪਤਾ ਨਹੀਂ ਲਿਖਦੇ ਇੰਝ ਹੀ ਨੇ ਕਿ ਹੋਰ ਤਰ੍ਹਾਂ, ਧਿਆਨ ਨਹੀਂ, ਹੁਣ ਕੌਣ ਸ਼ਬਦ ਕੋਸ਼ ਵਿਚ ਲੱਭੇ, ਥੋੜਾ ਕੰਮ ਤੁਸੀਂ ਵੀ ਕਰੋ!! )

ਭੱਠੀ ਵਾਲੀ ਕੋਲ ਜਾ ਕੇ ਉਸ ਦੀ ਮੇਹਨਤ, ਉਸ ਦਾ ਜਜ਼ਬਾ, ਉਸ ਦੀ ਫੁਰਤੀ, ਉਸ ਦੀ ਕਢਾਈ ਵਿਚ ਫਿਰਦੀ ਬੋਕਰ, ਤੇ ਟਪੋਸੀਆਂ ਮਾਰ ਕੇ ਬਾਹਰ ਉੱਡਣ ਵਾਲੇ ਫੁੱਲਿਆਂ ਨੂੰ ਉਸ ਦਾ ਇਹ ਛਾਨਣੀ ਨਾਲ ਰੋਕ ਲੈਣਾ, ਫੇਰ ਉਸ ਨੂੰ ਭੁੰਨਣ ਦੇ ਬਾਅਦ ਛਾਨਣਾ, ਗ੍ਰਾਹਕ ਦੇ ਝੋਲੇ ਵਿਚ ਸੁੱਟਣ ਤੋਂ ਪਹਿਲਾਂ, ਭਖੀ ਹੋਈ ਭੱਠੀ ਵਿਚ ਅਗਲਾ ਪੂਰ ਪੈਣਾ - ਫੇਰ ਓਸੇ ਵੇਲੇ ਲੋਹੇ ਦੀ ਸੀਖ ਨਾਲ ਅੱਗ ਨੂੰ ਹਿਲਾਉਣਾ, ਬਾਲਨ ਹੋਰ ਪਾਣਾ, ਆਪਣਾ ਮੁੜਕਾ ਪੂੰਝਣਾ ਤੇ ਉਸੇ ਵੇਲੇ ਸਿਰ ਤੋਂ ਮਾੜੇ ਜਿਹੇ ਹਿੱਲੇ ਦੁਪੱਟੇ ਨੂੰ ਠੀਕ ਕਰਨਾ  - ਉਸ ਭੱਠੀ ਵਾਲੀ ਬੀਬੀ ਨੂੰ ਇਹ ਸਬ ਕਰਦੇ ਵੇਖ ਕੇ ਬੜੇ ਪਾਠ ਅਚਨਚੇਤ ਦਿਲ ਵਿਚ ਉਤਰਦੇ ਜਾਂਦੇ - ਮੇਹਨਤ ਕਾਰਨ ਵਾਲੇ ਦੀ ਕਦਰ, ਸਾਰੇ ਕੰਮਾਂ ਦੀ ਵਡਿਆਈ, ਦਸਾਂ ਨਹੁੰਆਂ ਦੀ ਕਿਰਤ, ਰੋਟੀ ਕਮਾਉਣ ਦੀ ਔਖਿਆਈ - ਇਹ ਸਬ ਗੱਲਾਂ ਦਾ ਧਿਆਨ ਆਉਂਦਾ ਰਹਿੰਦਾ ਹੁੰਦਾ -

ਮੈਂ ਅੱਜ ਸੋਚਿਆ ਕਿ ਇਹ ਦਾਣੇ ਭੁਨਵਾਉਂਨ ਦੀ ਡਿਊਟੀ ਮੇਰੀ ਹੀ ਲੱਗਦੀ ਸੀ - ਕਿ ਹੋਇਆ ਜੇ ਕਦੇ ਕਦੇ ਸਾਲ ਵਿਚ ਇਕ ਵਾਰ ਵੱਡੀ ਭੈਣ ਜਾਂ ਵੱਡਾ ਭਰਾ ਵੀ ਇਹ ਕੰਮ ਕਰਣ ਜਾਂਦਾ - ਮਾਂ ਤੇ ਤੇ ਵੇਹਲ ਹੀ ਕਿਥੇ ਹੁੰਦੀ - ਪਰ ਜਦੋਂ ਕਦੇ ਮੈਂ ਜ਼ੁਕਾਮ ਨਾਲ ਪਰੇਸ਼ਾਨ ਹੁੰਦਾ ਤਾਂ ਮਾਂ ਜ਼ਰੂਰ ਜਾ ਕੇ ਛੋਲੇ ਭੁੰਨਵਾ ਕੇ ਲਿਆਂਦੀ ਤੇ ਆ ਕੇ ਮੈਨੂੰ ਬੜੇ ਪਿਆਰ ਨਾਲ ਖਵਾਉਂਦੀ - ਹਾਂ, ਭਾਪਾ ਜੀ ਕਦੇ ਇਹ ਭੱਠੀ ਤੇ ਜਾਣ ਵਾਲੇ ਚੱਕਰਾਂ ਵਿਚ ਨਹੀਂ ਸੀ ਪੈਂਦੇ ਦੇਖੇ - ਅੱਜ ਸੋਚਦਾ ਹਾਂ ਕਿ ਸ਼ਾਇਦ ਵੱਡੇ ਭੈਣ ਭਾਈ ਨੂੰ ਭੱਠੀ ਤੇ ਖੜੇ ਸ਼ਰਮ ਆਉਂਦੀ ਹੋਵੇਗੀ - ਕਿਓਂਕਿ ਮੈਨੂੰ ਵੀ ਕੁਛ ਸਾਲਾਂ ਬਾਅਦ ਸ਼ਾਇਦ ਨੌਵੀਂ ਦਸਵੀ ਜਮਾਤ ਤੱਕ ਪਹੁੰਚਦੇ ਪਹੁੰਚਦੇ ਭੱਠੀ ਤੇ ਖੜ੍ਹਨਾ ਥੋੜਾ ਅਜੀਬ ਜੇਹਾ ਲੱਗਦਾ - ਸ਼ਰਮ ਤੇ ਨਹੀਂ ਕਹਾਂਗਾ - (ਕਿਓਂਕਿ ਮੈਂ ਤੇ ਵੈਸੇ ਹੀ ਸਾਰੇ ਦਾ ਸਾਰਾ ਸ਼ਰਮ ਦਾ ਮਾਰਿਆ ਹੋਇਆ ਹਾਂ - ਸਿਰ ਦੁਖਣ ਲੱਗਦਾ ਹੈ ਜਦੋਂ ਸੋਚਦਾ ਹਾਂ ਕਿ ਇਹ ਸ਼ਰਮੀਲਾਪਨ ਕਿਓਂ ਇੰਨਾ ਮੇਰੇ ਹੱਡਾਂ ਵਿਚ ਵੜਿਆ ਹੋਇਆ ਹੈ !!😂- ਫੇਰ ਇੰਝ ਹੀ ਹੌਲੀ ਹੌਲੀ ਭੱਠੀ ਤੇ ਜਾਣਾ ਘਟਦਾ ਗਿਆ!!

ਹੁਣ ਤੁਸੀਂ ਸੋਚੋ ਮਲਟੀਪਲੈਕਸ ਵਿਚ 450 ਰੁਪਏ ਦੇ ਮੱਕੀ ਦੇ ਫੁੱਲੇ ਖਾਂਦੇ ਜਵਾਨਾਂ ਨੂੰ ਦੇਖ ਕੇ ਮੈਨੂੰ ਕਿ ਲੱਗਦਾ ਹੋਵੇਗਾ !!

ਬੰਦ ਕਰੀਏ ਬਾਈ, ਨੀਂਦ ਆ ਗਈ - ਸ਼ਿਵ ਬਟਾਲਵੀ ਸਾਹਿਬ ਦਾ ਇਹ ਗੀਤ ਯਾਦ ਆ ਗਿਆ ਅੱਜ - ਸਕੂਲ ਦੀ ਕਿਤਾਬ ਵਿਚ ਪੜ੍ਹਿਆ ਹੋਇਆ - ਭੱਠੀਵਾਲੀਏ....ਪੀੜਾਂ ਦਾ ਪਰਾਗਾ ਭੁੰਨ ਦੇ!!

ਅੱਛਾ ਪ੍ਰਫੂਲ ਵੀਰ, ਤੇਰਾ ਬੜਾ ਬੜਾ ਸ਼ੁਕਰੀਆ, ਮੈਨੂੰ ਇਹ ਰੁੱਕਾ ਲਿਖਣ ਲਈ ਮਜਬੂਰ ਕਰਨ ਲਈ!!

Tuesday 3 December 2019

ਵਿਆਹ ਸ਼ਾਦੀਆਂ ਵਿਚ ਹੋ ਰਹੀ ਡਰਾਮੇਬਾਜੀ

ਪਰਸੋਂ ਜਦੋਂ ਮੈਂ ਗੱਡੀ ਤੇ ਚੜ੍ਹਿਆ ਤਾਂ ਪਹਿਲਾ ਸਟਾਪ ਕਾਨਪੁਰ ਸੀ, ਓਥੋਂ ਇਕ ਟੱਬਰ ਚੜਿਆ - ਰਬ ਤੁਹਾਡਾ ਭਲੇ ਕਰੇ ਸਾਰਾ ਟੱਬਰ ਵੱਡੇ ਤੋਂ ਲੈ ਕੇ ਛੋਟੇ ਨਿਆਣੇ ਤਕ ਇੰਝ ਲਿਪਿਆ-ਪੁਤਿਆ ਸੀ - ਲੱਗ ਰਿਹਾ ਸੀ ਜਿਵੇਂ ਕੋਈ ਡਰਾਮਾ ਟੀਮ ਹੀ ਅੰਦਰ ਵੜ ਆਈ ਹੈ - ਇਹ ਸਾਰੇ ਵਿਆਹ ਤੋਂ ਆਏ ਸਨ-  ਇਸ ਗੱਲ ਤੋਂ ਪਤਾ ਲੱਗਾ ਕਿ ਆਉਂਦਿਆਂ ਹੀ ਉਹਨਾਂ ਵੱਡਾ ਸਾਰਾ ਭਾਜੀ ਦਾ ਥੈਲਾ ਓਥੇ ਕਿੱਲੀ ਤੇ ਲਟਕਾ ਦਿੱਤਾ - ਉਸ ਥੈਲੇ ਦੇ ਉੱਪਰ ਵਿਆਹ ਵਾਲੇ ਪਰਿਵਾਰ ਦਾ ਪੂਰਾ ਬਾਇਓ-ਡੇਟਾ ਪ੍ਰਿੰਟ ਹੋਇਆ ਸੀ - ਉੱਪਰ ਲਿਖਿਆ ਸੀ ਗੁੱਡੀ ਬੁਆ - ਯਾਨੇ ਇਹ ਗੁੱਡੀ ਬੁਆ ਤੇ ਉਸ ਦਾ ਟੱਬਰ ਸੀ - ਬਿਨਾ ਕੁਛ ਪੁੱਛੇ ਹੀ ਵੇਖੋ ਕਿੰਨ੍ਹਾ ਜ਼ਿਆਦਾ ਡੇਟਾ ਲੀਕ ਹੋ ਰਿਹਾ ਹੈ!! ਜੇਕਰ ਹੋਰ ਕੋਈ ਸੋਸ਼ਲ ਮੀਡਿਆ ਰਾਹੀਂ ਸਾਡਾ ਥੋੜਾ ਬਹੁਤ ਡੇਟਾ ਲੀਕ ਕਰ ਦੇਵੇ ਤੇ ਅਸੀਂ ਥਰਥੱਲੀ ਮਚਾ ਦਿੰਦੇ ਹਾਂ !!

ਪਰਸੋਂ ਮੈਨੂੰ  ਲਾਖਨ ਮਿਲਿਆ - ਉਸ ਦਾ ਵਿਆਹ ਹੈ ਅਗਲੇ ਹਫਤੇ - ਪੁੱਛਦੈ ਕਿ ਸਰ ਜਰਾ ਸ਼ੇਰਵਾਨੀ ਨੂੰ ਫਾਈਨਲ ਕਰਵਾ ਦਿਓ! ਮੈਂ ਕਿਹਾ ਹਾਂ ਦੱਸ !! ਉਸ ਨੇ ਆਪਣੇ ਮੋਬਾਈਲ ਵਿਚ ਪਈਆਂ ਤਿੰਨ ਚਾਰ ਫ਼ੋਟਾਂ ਦਿਖਾਈਆਂ - ਫ਼ੋਟਾਂ ਦੇਖ ਕੇ ਮੈਨੂੰ ਹੀ ਪਤਾ ਏ ਮੈਨੂੰ ਹਾਸਾ ਰੋਕਣਾ ਕਿੰਨਾ ਮੁਸ਼ਕਿਲ ਹੋ ਰਿਹਾ ਸੀ. ਦਰਅਸਲ ਮੇਰੇ ਵਰਗੇ ਬੰਦੇ - ਜਿਸ ਕੋਲ ਆਪਣੀਆਂ ਛੋਟੀਆਂ ਵੱਡੀਆਂ ਬੇਵਕੂਫੀਆਂ ਉੱਤੇ ਹੱਸਣ ਲਈ ਹੀ ਬੇਹਿਸਾਬ ਕਾਰਣ ਨੇ.. ਜਦੋਂ ਕਦੇ ਦੂਜੇ ਬਾਰੇ ਵੀ ਹੱਸਣ ਦਾ ਕੋਈ ਮੌਕਾ ਮਿਲਦੈ ਤੇ ਮੈਨੂੰ ਕਦੇ ਅਪਰਾਧ-ਬੋਧ ਨਹੀਂ ਹੋਇਆ - ਕਿਓਂਕਿ ਜੇ ਕਰ ਮੈਂ ਹਮੇਸ਼ਾ ਆਪਣੇ ਆਪ ਤੇ ਹੱਸ ਸਕਦਾ ਹਾਂ ਅਤੇ ਕਿਸੇ ਦਾ ਕੋਈ ਵੀ ਮਜ਼ਾਕ ਸਹਿਨ ਦਾ ਜਿਗਰਾ ਰੱਖਦਾ ਹਾਂ ਤਾਂ ਮੈਂ ਕਦੇ ਕਦੇ ਕਿਸੇ ਉੱਤੇ ਵੀ ਹੱਸਣ ਦਾ ਹੱਕ ਰੱਖਦਾ ਹਾਂ, ਮੈਨੂੰ ਇੰਝ ਜਾਪਦੈ!!

ਵੈਸੇ ਮੈਂ ਇਕ ਗੱਲ ਦੱਸ ਦਿਆਂ ਮੈਂ ਕਦੇ ਵੀ ਕਿਸੇ ਮਜ਼ਬੂਰ, ਮਜ਼ਲੂਮ, ਹਾਲਾਤ ਦੇ ਮਾਰੇ ਹੋਏ ਤੇ ਬਿਮਾਰ ਬੰਦੇ ਤੇ ਕਦੇ ਨਹੀਂ ਹੱਸਦਾ -  ਨਾ ਹੀ ਕਦੇ ਅਜਿਹੀ ਕਲਪਨਾ ਹੀ  ਕਰ ਸਕਦਾ ਹਾਂ - ਮੇਰੇ ਖੂਨ ਵਿਚ ਹੀ ਇਹ ਗੱਲ ਹੈ ਕਿ ਮੈਂ ਅਜਿਹੇ ਲੋਕਾਂ ਉੱਤੇ ਹੱਸਣਾ ਸਬ ਤੋਂ ਵੱਡਾ ਗੁਨਾਹ ਸਮਝਦਾ ਹਾਂ -  ਫਿਰ ਮੈਂ ਕਿੰਨਾ ਲੋਕਾਂ ਉੱਤੇ ਹੱਸਦਾ ਹਾਂ - ਜੀ ਹਾਂ, ਆਪਣੇ ਤੋਂ ਇਲਾਵਾ, ਮੈਂ ਖਾਂਦੇ ਪੀਂਦੇ ਲੋਕਾਂ ਦੇ ਕਿਰਦਾਰ ਉੱਤੇ ਹੀ ਹੱਸਦਾ ਹਾਂ -  ਮੈਨੂੰ ਹਮੇਸ਼ਾ ਉਹਨਾਂ ਦੇ ਅਜੀਬੋ ਗਰੀਬ ਕਿਰਦਾਰ ਹੀ ਘੁੱਤਘਤਾਰੀਆਂ ਕਰਦੇ ਨੇ!

ਇਹ ਵੀ ਜਿਹੜਾ ਬੰਦਾ ਮੇਰੇ ਕੋਲ ਸ਼ੇਰਵਾਨੀ ਫਾਈਨਲ ਕਰਵਾਉਣ ਆਇਆ ਸੀ - ਇਹ ਵੀ ਨਵਾਂ ਨਵਾਂ ਅਮੀਰ ਬਣਿਆ ਹੈ - ਪਰ ਇੰਨਾ ਵੀ ਅਮੀਰ ਨਹੀਂ - ਦਿਖਾਵਾ ਜ਼ਿਆਦਾ, ਅੰਦਰੋਂ ਠੀਕ ਠਾਕ !

ਇਕ ਤੇ ਮੈਂ ਜਦੋਂ ਵੀ ਇਹ ਸ਼ੇਰਵਾਨੀ ਪਾਏ ਲਾੜੇ ਦੇਖਦਾ ਹਾਂ ਤੇ ਉੱਤੇ ਰੇਡੀਮੇਡ  ਟੋਪੀਆਂ ਉਹਨਾਂ ਦੇ ਸਿਰਾਂ ਉੱਤੇ ਟਿਕੀਆਂ ਦੇਖਦਾ ਹਾਂ ਤਾਂ ਮੈਨੂੰ ਤਾਂ ਸਾਡੇ ਵੇਲੇ ਦੇ ਵਿਆਹਾਂ ਸ਼ਾਦੀਆਂ ਵਿਚ ਚੱਲਣ ਵਾਲੇ ਬੈਂਡ ਮਾਸਟਰ ਤੇ ਉਸ ਦੇ ਬੰਦਿਆਂ ਦਾ ਖਿਆਲ ਆ ਜਾਂਦੈ - ਭਾਪਾ ਜੀ ਸਾਨੂੰ ਬੜਾ ਹਸਾਉਂਦੇ ਸੀ- ਜਦੋਂ ਕੋਈ ਬਰਾਤ ਬਾਜੇ ਗਾਜੇ ਨਾਲ ਨਿਕਲ ਰਹੀ ਹੁੰਦੀ ਤੇ ਸਾਨੂੰ ਕਹਿੰਦੇ - ਵੇਖੋ ਇਹਨਾਂ ਨੂੰ, ਇਕ ਦੋ ਹੀ ਨੇ ਜਿਹੜੇ ਜ਼ੋਰ ਲਾ ਕੇ ਵਾਜਾ ਵਜਾਉਂਦੇ ਨੇ - ਬਾਕੀ ਵੇਖ ਵਾਜਾ ਮੂੰਹ ਕੋਲ ਲੈ ਕੇ ਜਾ ਕੇ ਬਸ ਐਕਟਿੰਗ ਹੀ ਕਰਦੇ ਨੇ !!

ਹਾਂ, ਲਾਖਨ ਦੇ ਵਿਆਹ ਲਈ ਸ਼ੇਰਵਾਨੀ ਨੂੰ ਤੇ ਫਾਈਨਲ ਕਰਵਾ ਲਈਏ - ਦੇਖੋ ਯਾਰ, ਵੈਸੇ ਤਾਂ ਸਾਡੇ ਵਰਗੇ ਨਿਕੰਮੇ ਕੋਲੋਂ ਕੋਈ ਸਲਾਹ ਮੰਗਦਾ ਹੀ ਨਹੀਂ, ਅੱਜਕਲ ਤਾਂ ਬਾਈ ਆਪਣੇ ਬੱਚੇ ਹੀ ਨਹੀਂ ਮੰਗਦੇ - ਪਰ ਇਹ ਆਪਣਾ ਵੀ ਜ਼ਿੰਦਗੀ ਦਾ ਅਸੂਲ ਹੈ ਆਪਣੇ ਮਾਪਿਆਂ ਵਰਗਾ ਕਿ ਜੇਕਰ ਕੋਈ ਗ਼ਲਤੀ ਨਾਲ ਭੁੱਲਿਆ ਭਟਕਿਆ ਆ ਹੀ ਗਿਆ ਤਾਂ ਫੇਰ ਉਸ ਨੂੰ ਕਦੇ ਵੀ ਕੋਈ ਉਲਟ ਪੁਲਟ ਜਾਂ ਕਿਸੇ ਨਿਜ-ਸਵਾਰਥ ਨੂੰ ਅੱਗੇ ਰੱਖ ਕੇ ਸਲਾਹ ਨਹੀਂ ਦਿੱਤੀ !!

ਇਸ ਹੋਣ ਵਾਲੇ ਲਾੜੇ ਨੂੰ ਵੀ ਮੈਂ ਪੁੱਛਿਆ ਕਿ ਇਹਨਾਂ ਵਿਚੋਂ ਕੋਈ ਵੀ ਸ਼ੇਰਵਾਨੀ ਅਜਿਹੀ ਹੈ ਜਿਹੜੀ ਤੂੰ ਵਿਆਹ ਤੋਂ ਬਾਅਦ ਵੀ ਕਿਤੇ ਪਾ ਸਕਦੈ ? ਉਹ ਸੋਚੀਂ ਪੈ ਗਿਆ ਤੇ ਕਹਿੰਦੈ ਕਿ ਹਾਂਜੀ, ਇਹ ਗੱਲ ਤਾਂ ਹੈ, ਕਦੇ ਕਦੇ ਕਿਸੇ ਦੇ ਵਿਆਹ ਤੇ ਹੀ ਹੈ ਇਸ ਨੂੰ ਪਾਇਆ ਜਾ ਸਕਦੈ!!

ਸੱਚੀਂ ਦੱਸਾਂ ਜਿਹੜੀਆਂ ਫ਼ੋਟਾਂ ਉਸ ਨੇ ਮੈਨੂੰ ਆਪਣੀਆਂ ਸ਼ੇਰਵਾਨੀਆਂ ਪਾਈਆਂ ਹੋਈਆਂ ਦਿਖਾਈਆਂ, ਉਹ ਬਿਲਕੁਲ ਕਿਸੇ ਵਿਆਹ ਦਾ ਬੈਂਡ ਮਾਸਟਰ ਲੱਗ ਰਿਹਾ ਸੀ - ਪਰ ਇਹ ਗੱਲ ਉਸ ਨੂੰ ਕਹਿ ਕੇ ਮੈਂ ਉਸ ਕੋਲੋਂ ਜੁੱਤੀਆਂ ਥੋੜਾ ਖਾਣੀਆਂ ਸੀ - ਅੱਛਾ, ਜਦੋਂ ਇਹ ਆਮ ਪੈਂਟ ਕਮੀਜ਼ ਪਹਿਨਦਾ ਹੈ, ਬਿਲਕੁਲ ਠੀਕ ਠਾਕ ਲੱਗਦੈ - ਪਰ ਪਤਾ ਨਹੀਂ ਇਹ ਦੇਖਾ ਦੇਖੀ ਇਹ ਵਿਆਹ ਵਿਚ ਸ਼ੇਰਵਾਨੀ ਪਾਣ ਤੇ ਕਿਓਂ ਉਤਾਰੂ ਸੀ - ਚਲੋ ਕੋਈ ਨਹੀਂ, ਲੋ ਜੀ ਮੈਂ ਇਸ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਦੀ ਸ਼ੇਰਵਾਨੀ ਉੱਤੇ 30-40 ਹਜ਼ਾਰ ਖਰਚਣ ਦਾ ਕੋਈ ਮਤਲਬ ਨਹੀਂ, ਕਿਰਾਏ ਤੇ ਲੈ ਕੇ ਵਿਆਹ ਤੇ ਪਾ ਲੈ!!

ਇਹ ਗੱਲ ਉਸ ਨੂੰ ਬੜੀ ਜਚੀ, ਕਹਿੰਦੈ ਕਿ ਉਸ ਨੇ ਕਿਰਾਏ ਤੇ ਮਿਲਣ ਵਾਲੀ ਸ਼ੇਰਵਾਨੀ ਦਾ ਪਤਾ ਕੀਤਾ ਸੀ - ਤਿੰਨ ਚਾਰ ਹਜ਼ਾਰ ਲੱਗਣਗੇ, ਮੈਂ ਕਿਹਾ ਫੇਰ ਪਾਂਧਾ ਨਾ ਪੁੱਛ, ਜਾ ਕੇ ਉਸ ਨੂੰ ਬੁਕ ਕਰਵਾ ਦੇ! ਮੈਂ ਪੁੱਛਿਆ ਕਿ ਉਹ ਤੇਰੇ ਮੇਚ ਦੀ ਮਿਲ ਜਾਵੇਗੀ ? - ਦੱਸਦੈ ਕਿ ਉਹ ਉਸ ਨੂੰ ਮੇਚ ਦੀ ਕਰ ਕੇ ਹੀ ਦਿੰਦੇ ਨੇ!

ਮੈਨੂੰ ਖੁਸ਼ੀ ਹੋਈ ਕਿ ਮੈਂ ਉਸ ਦੇ 30 ਹਜ਼ਾਰ ਬਚਾ ਦਿੱਤੇ !

ਇਸੇ ਤਰ੍ਹਾਂ ਦੀਆਂ ਕਿੰਨੀਆਂ ਹੀ ਫਿਜ਼ੂਲ ਦੀਆਂ ਚੀਜ਼ਾਂ ਉੱਤੇ ਖਰਚੇ ਕਰਦੇ ਹਾਂ - ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੈ ਮੁੰਡੇ ਕੁੜੀ ਨੂੰ ਹਰ ਤਰ੍ਹਾਂ ਨਾਲ ਸਪੋਰਟ ਕਰਨਾ - ਜਿਹੜਾ ਪੈਸੇ ਉਹਨਾਂ ਦੇ ਕੰਮ ਆਉਣਾ ਚਾਹੀਦੈ ਉਹ ਮਾਂ ਪਿਓ ਐਵੇਂ ਹੀ ਰੋੜ ਦਿੰਦੇ ਹਾਂ!! ਬਾਕੀ ਆਪੋ ਆਪਣੀ ਹੈਸੀਅਤ ਦੀ ਗੱਲ ਹੈ - ਹਰ ਤਰ੍ਹਾਂ ਦਾ ਤਬਕਾ ਪਿਆ ਏ !!

ਉਸ ਦਿਨ ਕੋਈ ਪੁੱਛਦਾ ਏ ਕਿ ਪੁਰਾਣੇ ਸਮਿਆਂ ਵਿਚ ਲੋਕੀਂ ਵਿਆਹ ਵਿਚ ਕੀ ਪਾਉਂਦੇ ਸੀ - ਜਿਥੋਂ ਤਕ ਮੇਰੀ ਯਾਦਾਸ਼ਤ ਜਾਂਦੀ ਹੈ ਪਹਿਲਾਂ ਮੈਂ ਦੇਖਦਾ ਸੀ ਕਿ ਅਕਸਰ ਚਿੱਟੀ ਪੈਂਟ ਕਮੀਜ਼ ਜਾਂ ਕਰੀਮ ਕਲਰ ਦੀ ਪੈਂਟ ਕਮੀਜ਼ ਲਾੜੇ ਨੂੰ ਪਹਿਨਾ ਕੇ ਤੇ ਗੱਲ ਵਿਚ ਗੁਲਾਬੀ ਪਰਨਾ ਪਵਾ ਕੇ ਹੱਥ ਵਿਚ ਮਿਆਨ ਚ' ਰੱਖੀ ਤਲਵਾਰ ਦੀ ਮੁੱਠ ਫੜਾ ਦਿੰਦੇ ਸੀ....ਸਿਆਲਾਂ ਵਿਚ ਲੋਕ ਸੂਟ ਸਵਾ ਲੈਂਦੇ ਸੀ - ਫੇਰ ਥ੍ਰੀ-ਪੀਸ ਦੇ ਦਿਨ ਆ ਗਏ - ਫੇਰ ਨਾਲ ਟਾਈ ਵੀ ਗੱਡੀ ਜਾਣ ਲੱਗੀ - ਉਸ ਤੋਂ ਬਾਅਦ ਫ਼ਿਲਮਾਂ ਤੇ ਟੀਵੀ ਦੇ ਡ੍ਰਾਮੇਆਂ ਦੀ ਦੇਖਾ ਦੇਖੀ ਮਹਿੰਗੇ ਮਹਿੰਗੇ ਸਿਲਮੇ ਸਿਤਾਰੇ ਵਾਲੇ ਕੁੜਤੇ ਪਜਾਮੇ ਤੇ ਬਾਅਦ ਵਿਚ ਮਹਿੰਗੀਆਂ ਤੋਂ ਮਹਿੰਗੀਆਂ ਸ਼ੇਰਵਾਨੀਆਂ ਦੀ ਦੌੜ ਹੀ ਲੱਗ ਪਈ ਜਿਵੇਂ!!

ਮੈਂ ਵੀ ਆਪਣੇ ਵਿਆਹ ਵਿਚ ਪੈਂਟ ਕਮੀਜ਼ ਹੀ ਪਾਈ ਸੀ - ਜੁਲਾਈ ਦਾ ਮਹੀਨਾ ਸੀ - ਉੱਤੋਂ ਇਕ ਨਵੀਂ ਟਾਈ ਗੱਡ ਲਈ ਸੀ, ਜਿਸ ਦਾ ਮੈਨੂੰ ਅੱਜ ਤਕ ਪਛਤਾਵਾ ਹੈ - ਟਾਈ ਗੱਡਣ ਦੀ ਕਿਹੜੀ ਐੱਡੀ ਐਮਰਜੰਸੀ ਸੀ - ਮੇਰੇ ਵਰਗਾ ਬੰਦਾ ਜਿਹੜਾ ਵੈਸੇ ਟਾਈ ਦੇ ਨਾਂ ਤੋਂ ਹੀ ਦੂਰ ਭੱਜਦਾ ਏ ਤੇ ਇਸ ਨੂੰ ਲਾਟ ਸਾਹਿਬਾਂ ਦਾ ਪਹਿਰਾਵਾ ਸਮਝਦਾ ਹੈ - ਸਮਝ ਠੀਕ ਹੈ ਜਾਂ ਗ਼ਲਤ, ਜੋ ਹੈ ਸੋ ਹੈ!!

ਮੈਨੂੰ ਤਾਂ ਵਿਆਹਾਂ ਸ਼ਾਦੀਆਂ ਵਿਚ ਆਏ ਹੋਏ ਰਿਸ਼ਤੇਦਾਰਾਂ ਦਾ ਟਾਈਆਂ ਗੱਡਣ ਦਾ ਕ੍ਰੇਜ਼ ਵੀ ਢਾਡਾ ਹਸਾਉਂਦਾ ਹੈ - ਮੈਂ ਅਕਸਰ ਦੇਖਿਆ ਕਰਦਾ ਸੀ ਕਿ ਸਾਡੀਆਂ ਰਿਸ਼ਤੇਦਾਰੀਆਂ ਵਿਚ ਜਿਹੜੇ ਵਿਆਹ ਹੁੰਦੇ ਸੀ , ਓਥੇ ਟਾਈ ਬੰਨਣਾ ਵੀ 1-2 ਬੰਦਿਆਂ ਨੂੰ ਹੀ ਆਉਂਦਾ ਸੀ ,  ਓਹਨਾਂ ਵਿਚੋਂ ਇਕ ਮੇਰਾ ਵਕੀਲ ਮਾਮਾ ਸੀ - ਅਕਸਰ ਉਸ ਨੂੰ ਕਿਸੇ ਵਿਆਹ ਸ਼ਾਦੀ ਤੋਂ ਪਹਿਲਾਂ ਦੇਖ ਕੇ ਇੰਝ ਲੱਗਦੈ ਜਿਵੇਂ ਟਾਈਆਂ ਗੱਡਣ ਦੀ ਦਿਹਾੜੀ ਤੇ ਆਇਆ ਹੋਵੇ - ਉਹ ਟਾਈ ਆਪਣੇ ਗਲੇ ਵਿਚ ਬੰਨ੍ਹਦਾ ਤੇ ਉਂਝ ਹੀ ਢਿੱਲੀ ਕਰ ਕੇ ਦੂਜੇ ਨੂੰ ਪਹਿਨਣ ਲਈ ਫੜਾ ਦਿੰਦਾ - ਉਸ ਦੀ ਬੜੀ ਡਿਮਾਂਡ ਹੁੰਦੀ ਸੱਚੀਂ - ਮੈਂ ਵੀ ਤੇ 21-22 ਕੁ' ਸਾਲ ਦੀ ਉਮਰੇ ਉਸ ਕੋਲੋਂ ਹੀ ਤੇ ਸਿੱਖੀ ਸੀ ਟਾਈ ਬੰਨਣੀ!!

ਸ਼ੇਰਵਾਨੀਆਂ, ਫੁੱਲ ਬੂਟੇਆਂ ਵਾਲੇ ਡਿਜ਼ਾਈਨਰ ਕੁੜਤੇ ਪਜਾਮੇ ਵਿਆਹਾਂ ਸ਼ਾਦੀਆਂ ਵਿਚ ਦੇਖ ਦੇਖ ਕੇ ਮੈਂ ਬਹੁਤ ਪਰੇਸ਼ਾਨ ਇਸ ਲਈ ਵੀ ਹੋ ਜਾਂਦਾ ਹਾਂ ਕਿਓਂਕਿ ਕਿ ਮੈਨੂੰ ਲਾੜੇ ਵਿਚ, ਵਾਜੇ ਵਾਲਿਆਂ, ਬੇਹਰਿਆਂ ਤੇ ਜਾਂਞੀਆਂ ਵਿਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦੈ - by default ਤੇ ਅਸੀਂ ਅਜਿਹੇ ਪਹਿਰਾਵੇ ਵਾਜੇ ਵਾਲਿਆਂ ਦੇ ਹੀ ਦੇਖੇ ਨੇ - ਹੁਣ ਬੈਰੇ ਵੀ ਵਧੀਆ ਵਧੀਆ ਕੱਪੜੇ ਪਾਉਣ ਲੱਗੇ ਨੇ - ਕਈ ਵਾਰੀ ਤੇ ਡਰ ਲੱਗਦੈ ਸੱਚੀਂ ਬਹਿਰੇ ਨੂੰ ਕੁਛ ਕਹਿੰਦਿਆਂ - ਪਹਿਲਾਂ ਚੈੱਕ ਕਰਨਾ ਪੈਂਦੈ ਕਿ ਕਿਤੇ ਇਹ ਵੀ ਕੋਈ ਜਾਂਝੀ ਜਾਂ ਮੇਲ ਵਿਚ ਆਇਆ ਹੋਇਆ ਤਾਂ ਨਹੀਂ - ਕਈ ਵਾਰੀ ਤੇ ਡਰ ਡਰ ਕੇ ਹੀ ਪੁੱਛਣਾ ਪੈਂਦੈ -

ਬਾਤ ਸਿਰਫ ਇੰਨੀ ਹੈ ਜਿਸ ਦਾ ਮੈਂ ਖਾਮਖਾਂ ਬਤੰਗੜ ਬਣਾ ਛੱਡਿਆ ਕਿ ਮੈਨੂੰ ਇਹ ਸਬ ਦੇਖ ਕੇ ਬੜਾ ਹਾਸਾ ਆਉਂਦਾ ਹੈ - ਇੰਨਾ ਕੁ' ਹਾਸਾ ਆਉਂਦੈ ਕਿ ਮੈਂ ਆਪਣੇ ਦਿਲ ਨੂੰ ਪੁੱਛਦਾਂ ਹਾਂ ਯਾਰ, ਜੇ ਤੈਨੂੰ ਕੋਈ ਫ੍ਰੀ ਵੀ ਇਹ ਸਭ ਦੇ ਦੇਵੇ ਤੇ ਤੂੰ ਪਹਿਨ ਲਵੇਂ - ਜਵਾਬ ਮਿਲਿਆ - ਦਫ਼ਾ ਹੋ, ਤੂੰ ਇਹ ਸੋਚ ਵੀ ਕਿਵੇਂ ਲਿਆ!

ਬਲਾਗ ਤਾਂ ਇਕ ਡਾਇਰੀ ਹੁੰਦੈ - ਇਸ ਲਈ ਜੇਕਰ ਤੁਸੀਂ ਇਸ ਲਿਖੇ ਦਾ ਬੁਰਾ ਚੰਗਾ ਮਨਾ ਵੀ ਲਵੋਗੇ ਤੇ ਮੈਂ ਕੁਛ ਨਹੀਂ ਕਰ ਸਕਦਾ - ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਮੈਂ 99 ਪਰਸੈਂਟ ਤੇ ਆਪਣੇ ਕਿਰਦਾਰ ਤੇ ਹੀ ਹੱਸਦਾ ਹਾਂ - ਜੇਕਰ ਕਦੇ ਕਦੇ ਦੂਜੇ ਖਾਂਦੇ ਪੀਂਦੇ ਲੋਕਾਂ ਤੇ ਵੀ ਹਾਸਾ ਆ ਜਾਵੇ ਤਾਂ ਕਿ ਕਰਾਂ!!


Saturday 30 November 2019

ਕੋਟਾਂ ਨੂੰ ਵੀ ਕਿਸਮਤਾਂ ਵਾਲੇ ਹੀ ਹੰਢਾਉਂਦੇ ਨੇ....

ਪਿਛਲੇ ਕੁਛ ਦਿਨਾਂ ਤੋਂ ਮੇਰੇ ਦਿਮਾਗ ਵਿਚ ਇਹਨਾਂ ਕੋਟਾਂ ਬਾਰੇ ਬੜੇ ਵਿਚਾਰ ਰਿੰਨ੍ਹੇ ਜਾ ਰਹੇ ਨੇ - ਸੋਚਿਆ ਇਕ ਵਾਰ ਲਿਖ ਕੇ ਪਿੱਛਾ ਛੁੜਾਵਾਂ !

ਗੱਲ ਇੰਝ ਹੈ ਜੀ ਕਿ ਆਪਣਾ ਮਿੱਤਰ ਹੈ ਡਾ ਬੇਦੀ - ਉਸ ਨੇ ਆਪਾਂ ਨੂੰ ਅਰੋੜਾ ਜੀ ਦੇ ਗੀਤਾਂ ਬਾਰੇ ਦਸਿਆ - ਅਰੋੜਾ ਜੀ ਬੜੇ ਉੱਚੇ ਓਹਦੇ ਤੋਂ ਰਿਟਾਇਰ ਨੇ ਤੇ ਲੁਧਿਆਣਾ ਵਿਚ ਸੈਟਲ ਨੇ. ਉਹਨਾਂ ਦਾ ਸ਼ੌਕ ਹੈ ਜੀ ਕਿ ਉਹ ਐਤਵਾਰ ਨੂੰ ਰੋਜ਼ ਗਾਰਡਨ ਵਿਚ ਜਾਂਦੇ ਨੇ ਤੇ ਓਥੇ ਕਰੋਅਕੇ ਦੀ ਮਦਦ ਨਾਲ ਗਾਣਾ ਚਲਾ ਕੇ ਉਸ ਉੱਤੇ ਐਕਟਿੰਗ ਕਰਦੇ ਨੇ.

ਮੈਂ ਵੀ ਅਰੋੜਾ ਸਾਬ ਦੀਆਂ ਬੜੀਆਂ ਵੀਡਿਓਜ਼ ਦੇਖੀਆਂ ਨੇ - ਬਹੁਤ ਹੀ ਚੰਗਾ ਲੱਗਦੈ ਉਹਨਾਂ ਦਾ ਇਹ ਉਪਰਾਲਾ - ਆਪੇ ਵੀ ਖੁਸ਼ ਰਹਿਣ ਦਾ ਤੇ ਹੋਰਨਾਂ ਨੂੰ ਵੀ ਖੁਸ਼ੀਆਂ ਵੰਡਣ ਵਾਲਾ! ਤੁਹਾਨੂੰ ਵੀ ਉਹਨਾਂ ਦੀ ਇਕ ਵੀਡੀਓ ਦਿਖਾਉਂਦਾ ਹਾਂ ਹੁਣੇ, ਠੰਡ ਰੱਖੋ, !!


 ਅੱਛਾ ਸਾਥੀਓ, ਅਰੋੜਾ ਸਾਬ ਦੀ ਐਕਟਿੰਗ ਤੇ ਟਾਪੋ ਟਾਪ ਹੈ ਹੀ - ਜਿਹੜਾ ਵੀ ਬੰਦਾ ਉਹਨਾਂ ਨੂੰ ਦੇਖਦਾ ਹੈ ਉਹ ਉਹਨਾਂ ਦੀ ਡ੍ਰੇਸ ਤੋਂ ਵੀ ਮੁਤਾਸਰ ਹੋਏ ਬਿਨਾ ਨਹੀਂ ਰਹਿੰਦਾ - ਬਿਲਕੁਲ ਟਿਪ ਟਾਪ ਹੋ ਕੇ, ਸੂਟ ਬੂਟ ਪਾ ਕੇ ਉਹ ਪਰਫ਼ਾਰ੍ਮ ਕਰਦੇ ਬੜੇ ਜਚਦੇ ਨੇ - ਮੈਂ ਤੇ ਇਹ ਗੱਲ ਆਪਣੇ ਦੋਸਤ ਬੇਦੀ ਨੂੰ ਆਖੀ ਕਿ ਯਾਰ, ਜੀਣਾ ਇਹਦਾ ਨਾਉ ਹੈ! ਖੁਸ਼ ਰਹਿੰਦੇ ਨੇ ਤੇ ਖੁਸ਼ੀਆਂ ਵੰਡਦੇ ਥੱਕਦੇ ਨਹੀਂ - ਰਬ ਇਹਨਾਂ ਨੂੰ ਤੰਦਰੁਸਤੀਆਂ ਬਕਸ਼ੇ - ਇਹੋ ਜਿਹੀਆਂ ਸਪੀਸ਼ੀਜ਼ ਹੁਣ ਸੰਸਾਰ ਵਿਚ ਬੜੀਆਂ ਘੱਟ ਦਿਸਦੀਆਂ ਨੇ - ਲੋਕੀਂ ਤੇ ਐਵੇਂ ਹੀ ਮੱਥੇ ਤੇ ਵੱਟ ਪਾ ਕੇ ਤੁਰੀ ਫਿਰਦੇ ਨੇ - ਜਿਵੇਂ ਇਹ ਵੀ ਕੋਈ ਗਹਿਣਾ ਹੋਵੇ !

ਪਰ ਅਰੋੜਾ ਸਾਬ ਹੋਰਾਂ ਦੇ ਸ਼ੋ ਵਿਚ ਮਜ਼ੇਦਾਰ ਗੱਲ ਇਹ ਹੈ ਕਿ ਵੱਡੇ ਵੱਡੇ ਬਰੁਜ਼ਗ ਲੋਕ ਵੀ ਓਥੇ ਪੁੱਜ ਕੇ ਮਜ਼ਾ ਲੈ ਰਹੇ ਹੁੰਦੇ ਨੇ - ਦੇਖ ਕੇ ਬੜਾ ਚੰਗਾ ਲੱਗਦੈ - ਜਵਾਨ ਮੁੰਡੇ ਵੀਡੀਓ ਬਣਾਉਂਦੇ ਦਿਸਦੇ ਨੇ !

ਅੱਛਾ, ਮੈਂ ਉਸ ਦਿਨ ਵੀਡੀਓ ਦੇਖ ਕੇ ਬੇਦੀ ਨੂੰ ਕਹਿ ਰਿਹਾ ਸੀ ਕਿ ਯਾਰ, ਅਰੋੜਾ ਸਾਬ ਦਾ ਡ੍ਰੇਸ ਦੇਖ ਕੇ ਤੇ ਮੇਰਾ ਵੀ ਦਿਲ ਕਰਦੈ ਕਿ 2-3 ਵਧੀਆ ਵਧੀਆ ਕੋਟ ਸਵਾ ਲਵਾਂ ! ਬੇਦੀ ਨੇ ਵੀ ਆਖਿਆ - ਹਾਂ, ਹਾਂ, ਚੋਪੜੇ, ਇਕ ਕੰਮ ਕਰ - ਇਕ ਸਵਾ ਕਾਲਾ ਕੋਟ, ਉਸ ਨਾਲ ਇਕ ਚਿੱਟੀ ਕਮੀਜ਼ ਤੇ ਲਾਲ ਟਾਈ ਦਾ ਇੰਤਜ਼ਾਮ ਕਰ ਲੈ !

ਬਸ ਕੋਟ ਪੈਂਟਾਂ ਬਾਰੇ ਰਹਿ ਰਹਿ ਕੇ ਦਿਲ ਵਿਚ ਵਿਚਾਰ ਆਉਣ ਲੱਗੇ - ਸਾਡੇ ਸਕੂਲ ਵਿਚ ਅਜੇਹੀ ਕੋਈ ਡ੍ਰੇਸ ਨਹੀਂ ਸੀ ਜਿਸ ਨਾਲ ਕੋਟ ਪਹਿਨਣਾ ਜ਼ਰੂਰੀ ਹੋਵੇ - ਸ਼ਾਇਦ ਕਿਤੇ ਸਾਰੇ ਸਕੂਲ ਵਿਚ 2-4 ਮੁੰਡੇ ਕੋਟ ਪਾਈ ਦਿਸਦੇ ਸਨ - ਸ਼ਾਇਦ!! ਮੈਨੂੰ ਪੱਕਾ ਯਾਦ ਨਹੀਂ, ਭਰਾਵੋ!

ਮੇਰੇ ਕੋਲ ਇਕ ਛੇਵੀਂ ਸਤਵੀਂ ਜਮਾਤ ਦੀ ਫੋਟੋ ਹੈ ਜਿਸ ਵਿਚ ਮੈਂ ਇਕ ਕੋਟ ਪਾਇਆ ਹੋਇਆ ਹੈ ਤੇ ਉਹ ਮੈਨੂੰ ਪਸੰਦ ਵੀ ਬੜਾ ਸੀ - ਉਹ ਮੇਰੇ ਵੱਡੇ ਭਰਾ ਦਾ ਕੋਟ ਸੀ ਜਿਹੜਾ ਉਸਨੂੰ ਛੋਟਾ ਹੋ ਗਿਆ ਸੀ - ਮੈਨੂੰ ਬੜਾ ਚੰਗਾ ਲੱਗਦਾ ਸੀ - ਪਹਿਲਾਂ ਇੰਝ ਹੀ ਚਲਦਾ ਸੀ - ਕਿਸੇ ਦੇ ਲੱਥਾ ਕੋਈ ਪਾ ਲੈਂਦਾ ਸੀ ਤੇ ਕਿਸੇ ਦਾ ਕੋਈ! ਗੱਡੀ ਬੜੀ ਵਧੀਆ ਚਲਦੀ ਰਹਿੰਦੀ ਸੀ!

ਅੱਛਾ ਜੀ, ਵੈਸੇ ਘਰ ਵਿਚ ਜਿੰਨੇ ਵੀ ਜੀਅ ਹੁੰਦੇ ਸਨ, ਓਹਨਾਂ ਦੇ ਕੋਟਾਂ ਦੀਆਂ ਗੱਲਾਂ ਜਾਂ ਕੋਟ ਸਵਾਉਣ ਬਾਰੇ ਉਹਨਾਂ ਦੀਆਂ ਹਸਰਤਾਂ ਦੀਆਂ ਗੱਲਾਂ ਦਾ ਜੇ ਕੀਤੇ ਮੈਂ ਗਿੱਲਾ ਪੀਹਣ ਪਾ ਲਿਆ ਤੋਂ ਫੇਰ ਮੈਥੋਂ ਇੰਨਾ ਕੁਛ ਨਹੀਂ ਲਿਖ ਹੋਣਾ - ਮਨਾ ਤੂੰ ਆਪਣੀਆਂ ਗੱਲਾਂ ਹੀ ਕਰ ਕੇ ਛੁਟੀ ਕਰ !

ਅੱਛਾ ਜੀ, ਉਹ ਭਰਾ ਵਾਲੇ ਕੋਟ ਤੋਂ ਬਾਅਦ ਘਰ ਵਿਚ ਦੋ ਕੋਟ ਹੋਰ ਪੁੱਜ ਗਏ - ਇਕ ਚਾਚੇ ਦਾ ਹੰਢਾਇਆ ਹੋਇਆ ਤੇ ਦੂਜਾ ਭੂਆ ਦੇ ਮੁੰਡੇ ਦਾ, ਚਾਚਾ ਸੀ ਛੇ ਫ਼ੁੱਟਾ ਤੇ ਬੁਆ ਦਾ ਮੁੰਡਾ ਸੀ ਗਿੱਠਾ - ਉਹ ਮਾਈਂ ਦੋਵਾਂ ਕੋਟਾਂ ਨੂੰ ਹਰ ਸਰਦੀ ਵਿਚ ਪਾ ਕੇ ਮੈਂ ਦੇਖ ਲੈਣਾ ਕਿ ਹੁਣ ਉਹ ਫਿੱਟ ਆ ਰਹੇ ਨੇ ਕਿ ਨਹੀਂ ! ਨਹੀਂ, ਕੋਈ ਗੱਲ ਨਹੀਂ, ਅਗਲੇ ਸਾਲ ਸਹੀ,  ਸਾਨੂੰ ਕਿਹੜਾ ਕਾਹਲੀ ਸੀ, ਕੋਟ ਕਿਹੜਾ ਕਿਤੇ ਭੱਜ ਚੱਲੇ ਨੇ - ਨਾਲੇ ਵੰਨ-ਸੁਵੰਨੇ ਸਵੈਟਰ ਬੀਜੀ ਤਿਆਰ ਕਰਦੇ ਰਹਿੰਦੇ ਸੀ - ਭਾਪਾ ਜੀ ਕੋਲ ਵੀ 2-3 ਕੋਟ ਹੀ ਸੀ, ਪਰ ਉਹ ਸਾਰੀਆਂ ਸਰਦੀਆਂ ਉਹਨਾਂ ਨੂੰ ਪਾਉਂਦੇ ਜ਼ਰੂਰ ਸੀ - ਮੈਨੂੰ ਬੜਾ ਚੰਗਾ ਲੱਗਦਾ ਸੀ ਉਹਨਾਂ ਨੂੰ ਕੋਟ ਪਾਇਆ ਦੇਖ ਕੇ! ਉਹਨਾਂ ਵੀ ਉਹਨਾਂ 2-3 ਕੋਟਾਂ ਨਾਲ ਹੀ ਜ਼ਿੰਦਗੀ ਕੱਟ ਦਿੱਤੀ!!

ਇਕ ਗੱਲ ਦਾ ਚੇਤਾ ਆ ਗਿਆ - ਸਾਡਾ ਗੁਆਂਢੀ ਸੀ ਕਪੂਰ - ਉਸ ਪਿਓ ਦੇ ਪੁੱਤ ਦਾ ਟਾਈਮ ਟੇਬਲ ਕੋਟਾਂ ਦੇ ਮਾਮਲੇ ਵਿਚ ਅੰਗਰੇਜ਼ਾਂ ਵਰਗਾ ਸੀ - ਉਸ ਨੇ 15 ਅਕਤੂਬਰ ਨੂੰ ਕੋਟ ਪਾਉਣਾ ਸ਼ੁਰੂ ਕਰਨਾ ਤੇ 15 ਮਾਰਚ ਨੂੰ ਬੰਦ ਕਰਨਾ - ਅਸੀਂ ਸਾਰੇ ਇਸ ਗੱਲ ਤੇ ਬੜਾ ਹੱਸਦੇ ਸੀ !!

ਚਲੋ ਜੀ , ਐਵੇਂ ਹੀ ਘਰ ਵਿਚ ਪਏ ਰਿਸ਼ਤੇਦਾਰਾਂ ਦੇ ਦੋ ਪੁਰਾਣੇ ਕੋਟ ਘਰ ਵਿਚ ਹੀ ਪਾ ਕੇ ਖੁਸ਼ ਹੋ ਲਈ ਦਾ ਸੀ - ਲੋ ਜੀ ਸਾਨੂੰ ਮਿਲ ਗਿਆ ਜੀ ਦਾਖਲਾ ਅੰਮ੍ਰਿਤਸਰ ਦੇ ਦੰਦਾਂ ਵਾਲੇ ਕਾਲਜ ਵਿਚ - ਓਥੇ ਦੂਜੇ ਤੀਜੇ ਸਾਲ ਵਿਚ ਮੈਂ ਉਹ ਚਾਚੇ ਦਾ ਕੋਟ ਪਾਉਣਾ ਸ਼ੁਰੂ ਕਰ ਦਿੱਤਾ - ਐਵੇਂ ਹੀ ਸੀ ਉਸ ਦੀ ਫਿਟਿੰਗ ਵੀ - ਮੈਨੂੰ ਕਦੇ ਪਸੰਦ ਨਹੀਂ ਸੀ ਉਹ, ਬਾਹਾਂ ਉਸ ਦੀਆਂ ਬੜੀਆਂ ਲੰਬੀਆਂ ਸਨ, ਇਸ ਕਰ ਕੇ ਮੈਂ ਡੈਂਟਲ ਕਾਲਜ ਵਿਚ ਉਸ ਨੂੰ ਪਾ ਕੇ ਚਲਾ ਤਾਂ ਜਾਂਦਾ ਸੀ ਪਰ ਮੈਂ ਬੜਾ ਅਜੀਬ ਜੇਹਾ ਫੀਲ ਕਰਦਾ ਰਹਿੰਦਾ - ਸ਼ਾਇਦ ਉਸ ਦਾ ਕਾਰਣ ਇਹ ਵੀ ਸੀ ਕਿ ਮੈਨੂੰ ਸਾਈਕਿਲ ਤੇ ਕੋਟ ਪਾ ਕੇ ਕਾਲਜ ਜਾਣਾ ਬੜਾ ਹੀ ਅਜੀਬ ਲੱਗਦਾ ਸੀ !

ਚਲੋ ਜੀ, ਇੰਝ ਹੀ ਖਿੱਚ ਧੂ ਕੇ ਹੋ ਗਈ ਜੀ ਡਾਕਟਰੀ - ਨੌਕਰੀ ਲੱਗੀ - ਉਸ ਤੋਂ ਬਾਅਦ ਜਿਹੜੀ ਪਹਿਲੀ ਸਰਦੀ ਆਈ, ਇਕ ਖ਼ਾਕੀ ਰੰਗ ਦਾ ਸੂਟ ਸਿਵਾ ਲਿਆ - ਭੈਣ ਕੋਲ ਗਿਆ ਹੋਇਆ ਸੀ ਜੈਪੁਰ, ਓਥੇ ਕਾਰੀਗਰ ਵਧੀਆ ਸਨ ਇਸ ਲਈ ਓਥੋਂ ਹੀ ਸਵਾ ਲਿਆ ਸੂਟ!!

ਪਾਇਆ ਜੀ ਉਹ ਕਦੇ ਕਦੇ - ਕਿਓਂਕਿ ਸੂਟ ਪਾ ਕੇ ਮੈਨੂੰ ਬੜੀ ਖਿੱਚ ਜਿਹੀ ਮਹਿਸੂਸ ਹੁੰਦੀ ਸੀ - ਮੈਨੂੰ ਸਵੈਟਰ ਜੈਕੇਟ ਵਿਚ ਖੁੱਲ੍ਹਾ ਖੁੱਲ੍ਹਾ ਰਹਿਣਾ ਚੰਗਾ ਲੱਗਦਾ! ਜਲਦੀ ਹੀ ਜਦੋਂ ਸ਼ਰੀਰ ਭਰਣ ਲੱਗਾ ਉਹ ਸੂਟ ਤੰਗ ਹੋ ਗਿਆ!!

ਇਕ ਗੱਲ ਦੱਸਾਂ ਅੰਦਰ ਦੀ - ਉਹ ਉਹ ਦੌਰ ਸੀ ਜਦੋਂ ਕੋਟ ਜਾਂ ਸੂਟ ਦੇ ਕੱਪੜੇ ਤੋਂ ਵੱਧ ਉਸ ਦੀ ਸਵਾਈ ਤੋਂ ਬੜਾ ਡਰ ਲੱਗਦਾ ਸੀ - ਮੇਰਾ ਵਿਆਹ ਵੀ ਜੁਲਾਈ ਦੇ ਮਹੀਨੇ ਵਿਚ ਹੀ ਸੀ - ਇਸ ਲਈ ਉਸ ਵੇਲੇ ਵੀ ਸੂਟ ਨਾ ਸਿਲਵਾ ਕੇ ਹੀ ਕੰਮ ਸਾਰ ਲਿਆ - ਟੋਰ ਹੀ ਤੇ ਕੱਢਣੀ ਸੀ, ਕਮੀਜ਼ ਉੱਤੇ ਟਾਈ ਗੱਡ ਕੇ ਕੰਮ ਚਲਾ ਲਿਆ ਸੀ!!

ਹਾਂਜੀ, ਚੇਤੇ ਆਇਆ - ਬੰਬੇ ਰਹਿੰਦੇ ਹੋਏ ਇਕ ਦਿਨ ਮੈਂ ਰੈਮੰਡਸ ਦੀ ਦੁਕਾਨ ਤੇ ਗਿਆ - ਓਥੇ ਮੈਂ ਇਕ ਨੀਲਾ ਕੋਟ ਦੇਖਿਆ - ਮੈਂ ਬੜਾ ਚੰਗਾ ਲੱਗਾ - ਮੁੱਲ ਪੁੱਛਿਆ - 3500 ਰੁਪਈਏ - ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੈ - ਮੈਂ ਉਸ ਨੂੰ ਪੈਸੇ ਦਿੱਤੇ ਤੇ ਉਸ ਕੋਟ ਨੂੰ ਪਹਿਨ ਲਿਆ - ਉਹ ਮੈਨੂੰ ਅਜੇ ਵੀ ਬੜਾ ਪਸੰਦ ਹੈ - ਪੁਰਾਣਾ ਹੋ ਗਿਆ ਏ, ਪਰ ਮੈਨੂੰ ਪੁਰਾਣਾ ਵੱਢਦਾ ਏ ਕਿਤੇ !!

ਵਿਆਹ ਵਾਲੇ ਸੂਟ ਦਾ ਕੱਪੜਾ ਸ਼ਾਇਦ 10 ਕੁ ਸਾਲ ਰੁਲਦਾ ਰਿਹਾ - ਫੇਰ ਜਦੋਂ ਇੰਨੇ ਕੇ ਪੈਸੇ ਹੋ ਗਏ ਕਿ ਕੋਟ ਦੀ ਸਵਾਈ ਬਾਰੇ ਸੋਚਣ ਦੀ ਲੋੜ ਨਾ ਰਹੀ, ਉਸ ਵੇਲੇ ਉਸ ਨੂੰ ਸਵਾ ਲਿਆ  ਤੇ ਨਾਲ ਇਕ ਹੋਰ ਠੰਡਾ ਸੂਟ ਵੀ !! ਹੁਣ ਵੀ 4-5 ਸੂਟ ਅਤੇ ਕੋਟ ਨੇ ਜਿਹੜੇ ਹੁਣ ਆਪਣੇ ਆਪ ਨੂੰ ਹਵਾ ਲਵਾਉਣ ਲਈ ਤੇ ਡ੍ਰਾਈ ਕਲੀਨ ਹੋਣ ਹੀ ਵੱਡੇ ਟ੍ਰੰਕ ਵਿਚੋਂ ਨਿਕਲਦੇ ਨੇ!!

ਇਹ ਕਿ ਮੈਂ ਵੀ ਬਸ ਜਦੋਂ ਯਬਲੀਆਂ ਮਾਰਨ ਲੱਗਦਾ ਹਾਂ ਤੇ ਫੇਰ ਅੱਗੇ ਪਿੱਛਾ ਨਹੀਂ ਦੇਖਦਾ - ਬਸ ਆਪਣੀਆਂ ਹੀ ਗੱਲਾਂ ਕਰਦਾ ਜਾਉਂਦਾ ਹਾਂ - ਇਸ ਪੋਸਟ ਵਿਚ ਮੈਂ ਦੋ ਗੱਲਾਂ ਹੋਰ ਵੀ ਕਰਨੀਆਂ ਸਨ - ਇਕ ਤੇ ਮੇਰੇ ਕਈ ਬਜ਼ੁਰਗ ਮਰੀਜਾਂ ਬਾਰੇ - ਗੱਲ ਇਵੇਂ ਹੈ ਜਨਾਬ ਕਿ ਮੇਰੇ ਕਈ ਮਰੀਜ਼ ਅਜਿਹੇ ਹਨ, ਬੜੇ ਬਜ਼ੁਰਗ, ਜਿਹੜੇ ਜਦੋਂ ਵੀ ਸਰਦੀਆਂ ਵਿਚ ਦਿਸਦੇ ਹਨ, ਕੋਟ ਪਹਿਨੇ ਹੀ ਦਿਸਦੇ ਹਨ - ਉਹ ਬਜ਼ੁਰਗ ਓਹਨਾਂ 40-50 ਸਾਲ ਪੁਰਾਣੇ ਕੋਟਾਂ ਨੂੰ ਪਾ ਕੇ ਐੱਡੇ ਸੋਹਣੇ ਲੱਗਦੇ ਨੇ ਕਿ ਮੈਂ ਦਸ ਨਹੀਂ ਸਕਦੇ - ਇਹ ਵੀ ਨਹੀਂ ਕਿ ਓਹਨਾਂ ਕੋਲ ਕਈ ਕੋਟ ਹੋਣ, ਓਹੀਓ ਇੱਕੋ ਕੋਟ ਹੀ ਓਹਨਾ ਦਾ ਸਿਆਲ ਵਧੀਆ ਕਟਵਾ ਦਿੰਦੈ - ਮੈਨੂੰ ਉਹਨਾਂ ਨੂੰ ਵੇਖ ਕੇ ਬੜਾ ਚੰਗਾ ਲੱਗਦਾ ਹੈ - ਮੈਂ ਉਹਨਾਂ ਨੂੰ ਕਈ ਵਾਰੀ ਕਹਿ ਵੀ ਦਿੰਦਾ ਹਾਂ ਕਿ ਤੁਸੀਂ ਕੋਟ ਵਿਚ ਬਹੁਤ ਜਚਦੇ ਹੋ, ਉਹ ਹੱਸਣ ਲੱਗ ਪੈਂਦੇ ਨੇ ਤੇ ਮੈਂ ਉਹਨਾਂ ਕੋਲੋਂ ਪ੍ਰੇਰਿਤ ਹੋ ਕੇ ਘਰ ਜਾ ਕੇ ਵੱਡੇ ਟ੍ਰੰਕ ਵਿਚੋਂ ਕੋਟ ਕਢਵਾ ਕੇ ਉਸ ਨੂੰ ਡ੍ਰਾਈ- ਕਲੀਨਿੰਗ ਲਈ ਦੇ ਆਉਂਦਾ ਹਾਂ.

ਇਕ ਤਾਂ ਮੈਂ ਗੱਲ ਕੀਤੀ ਆਪਣੇ ਬਜ਼ੁਰਗ ਮਰੀਜ਼ਾਂ ਦੀ ਜਿੰਨਾ ਨੂੰ ਕੋਟ ਪਾਇਆ ਵੇਖ ਕੇ ਮੈਂ ਬੜਾ ਖੁਸ਼ ਹੁੰਦਾ ਹਾਂ - ਇਕ ਗੱਲ ਹੋਰ ਵੀ ਹੈ ਦੋਸਤੋ, ਕੁਛ ਬਜ਼ੁਰਗ ਤੇ ਆਪਣੇ ਕੋਟ ਘਰੇ ਹੀ ਧੁਆ ਲੈਂਦੇ ਹਨ - ਫੇਰ ਵੀ ਉਹ ਕੋਟ ਉਹਨਾਂ ਨੂੰ ਬਹੁਤ ਫੱਬਦੇ ਨੇ -ਕੁਛ ਹੋਰ ਲੋਕ ਵੀ ਨੇ ਜਿੰਨਾ ਨੂੰ ਕੋਟ ਬੜੇ ਜਚਦੇ ਨੇ - ਕਦੇ ਦੇਖਿਓ, ਧਿਆਨ ਕਰਨਾ, ਕਈ ਬਜ਼ੁਰਗ ਰਿਕਸ਼ੇਵਾਲੇਆਂ ਨੇ ਸਕਰੈਪ ਵਿਚ ਮਿਲਣ ਵਾਲੇ ਸੈਕੰਡ ਹੈਂਡ ਕੋਟ ਪਾਏ ਹੁੰਦੇ ਨੇ - ਉਹਨਾਂ ਕੋਟਾਂ ਦੀਆਂ ਬਾਵਾਂ ਵੀ ਲੰਬੀਆਂ ਤੇ ਫੋਲਡ ਕੀਤੀਆਂ ਹੋਈਆਂ ਹੋਣਗੀਆਂ , ਲੰਬਾ ਵੀ ਵਾਧੂ ਹੁੰਦੈ ਉਹ ਕੋਟ, ਖੁੱਲ੍ਹਾ ਵੀ ਵਾਧੂ ਹੁੰਦੈ ਪਰ ਥੱਲੇ ਉਹਨਾਂ 2-3 ਸਵੇਟਰਾਂ ਪਾ ਕੇ ਉਸ ਨੂੰ ਚੰਗਾ ਸੈੱਟ ਕੀਤਾ ਹੁੰਦੈ - ਕੋਟ ਦੇ ਮੋਢੇ ਵੀ ਢਿਲਕੇ ਹੁੰਦੇ ਨੇ - ਪਰ ਉਸ ਰਿਕਸ਼ੇ ਵਾਲੇ ਨੂੰ ਤੇ ਠੰਡ ਤੋਂ ਬਚਨ ਦਾ ਖਿਆਲ ਹੁੰਦੈ ਬਸ, ਸਾਡੇ ਵਾਂਗੂ ਫਿਜ਼ੂਲ ਗੱਲਾਂ ਨਹੀਂ ਸੋਚਦਾ ਉਹ, ਜਦੋਂ ਉਹ ਅਜਿਹੀ ਕੋਟ ਪਾ ਕੇ ਅੰਮ੍ਰਿਤਸਰ ਸਟੇਸ਼ਨ ਦੇ ਬਾਹਰ ਕਿਤੇ ਰੇਹੜੀ ਉੱਤੇ ਬੇਂਚ ਤੇ ਬੈਠਾ ਚਾਹ ਦੇ ਨਾਲ ਵੇਸਣ ਦੇ ਦੋ ਲੱਡੂ ਖਾ ਰਿਹਾ ਹੁੰਦੈ ਤਾਂ ਉਸ ਨੂੰ ਵੇਖ ਕੇ ਸਾਡੇ ਵਰਗੇ ਜ਼ਰੂਰਤ ਤੋਂ ਜ਼ਿਆਦਾ ਪੜ੍ਹੇ ਲਿਖੇ ਬੰਦੇ ਇਕ ਵਾਰ ਤੇ ਸੋਚੀ ਪੈ ਜਾਂਦੇ ਨੇ ਕਿ ਯਾਰ, ਕੱਪੜਾ ਹੰਢਾਉਣਾ ਤੇ ਇਹਨੂੰ ਕਹਿੰਦੇ ਨੇ, ਐੱਡੇ ਚਾਅ ਨਾਲ ਉਸ ਨੇ ਕੋਟ ਪਾਇਆ ਹ ਹੋਇਆ ਹੈ - ਅਸੀਂ ਤੇ ਐਵੇਂ ਆਪਣੀਆਂ ਅਲਮਾਰੀਆਂ ਚ' ਘੜਮੱਸ ਪਾਇਆ ਹੋਇਆ ਹੈ ਬਸ, ਪੂਰੀ ਸਰਦੀ ਕਈ ਵਾਰੀ ਕਿਸੇ ਕਿਸੇ ਕੋਟ ਨੂੰ ਪਾਈ ਦਾ ਨਹੀਂ ਕਿਓਂਕਿ ਉਸ ਦਾ ਰੰਗ ਪਸੰਦ ਨਹੀਂ - ਇਹ ਵੀ ਕੋਈ ਗੱਲ ਹੋਈ !

ਗੱਲ ਓਹੀਓ ਹੈ ਜਿਥੇ ਸਾਡੀ ਜ਼ਰੂਰਤ ਖ਼ਤਮ ਹੁੰਦੀ ਹੈ ਓਥੇ ਸਾਡੇ ਨਖਰੇ ਸ਼ੁਰੂ ਹੋ ਜਾਂਦੇ ਨੇ ਕਿ ਇਹਦਾ ਰੰਗ ਮਜ਼ੇਦਾਰ ਨਹੀਂ, ਇਹ ਐਥੋਂ ਤੰਗ ਹੈ ਤੇ ਉਹ ਓਥੋਂ ਖੁੱਲ੍ਹਾ ਹੈ - ਅਸੀਂ ਮਜ਼ਾ ਭਾਲਦੇ ਰਹਿੰਦੇ ਹਾਂ, ਜ਼ਰੂਰਤ ਮੰਦ ਆਪਣੇ ਇਕ ਕੋਟ ਦੇ ਆਸਰੇ ਠੰਡ ਵਧੀਆ ਕੱਟ ਕੇ ਲਾਂਭੇ ਕਰਦੈ!! ਅਸੀਂ ਇਕ ਨੰਬਰ ਦੇ ਨਾਸ਼ੁਕਰੇ ਤੇ ਉਹ ਜ਼ਰੂਰਤਮੰਦ ਪਲ ਪਲ ਸ਼ੁਕਰਾਨਾ ਕਰਦੇ ਨਹੀਂ ਥੱਕਦਾ!! ਆਪਣੇ ਆਪ ਨੂੰ ਕਹਿ ਰਿਹਾਂ ਕਿ ਬਾਈ, ਬੰਦਾ ਬਣ ਜਾ ਬੰਦਾ!!😁

Thursday 28 November 2019

ਇਹ ਵਾਲਾਂ ਨੂੰ ਰੰਗਣ ਵਾਲਾ ਪੰਗਾ। ..

ਅੱਖਾਂ ਵਿਚ ਥੋੜੀ ਐਡੀਟਿੰਗ ਕੀਤੀ ਹੈ ਮੈਂ - ਪਹਿਚਾਣ ਲੁਕਾਉਣ ਲਈ!

ਦੋ ਦਿਨ ਪਹਿਲਾਂ ਇਕ 70-75 ਸਾਲਾਂ ਦੀ ਬੀਬੀ ਆਈ ਮੇਰੇ ਕੋਲੇ ਆਪਣੇ ਦੰਦਾਂ ਦੇ ਇਲਾਜ਼ ਲਈ - ਉਸ ਦੇ ਮੂੰਹ ਵਿਚ ਝਾਤੀ ਮਾਰਣ ਤੋਂ ਪਹਿਲਾਂ ਉਸ ਦੇ ਮੂੰਹ ਵੱਲ ਧਿਆਨ ਤੇ ਜਾਣਾ ਹੀ ਸੀ - ਉਸ ਦੀਆਂ ਅੱਖਾਂ ਦੁਆਲੇ ਇਸ ਤਰ੍ਹਾਂ ਦੀ ਸੋਜ ਦੇਖ ਕੇ ਮੈਨੂੰ ਇਕ ਵਾਰੀ ਤੇ ਲੱਗਾ ਕਿ ਬੀਬੀ ਨੂੰ ਹੋਰ ਵੀ ਕਈ ਤਕਲੀਫ਼ਾਂ ਤੋਂ ਪਰੇਸ਼ਾਨ ਲੱਗਦੀ ਹੈ !

ਮੈਂ ਇੰਝ ਹੀ ਪੁੱਛ ਲਿਆ ਕਿ ਤੁਹਾਨੂੰ ਇਹ ਅੱਖਾਂ ਦੁਆਲੇ ਸੋਜ ਕਦੋਂ ਤੋਂ ਹੈ ? ਉਸ ਦੀ 35-40 ਸਾਲਾਂ ਦੀ ਧੀ ਉਸ ਦੇ ਨਾਲ ਹੀ ਸੀ - ਉਸ ਨੇ ਕਿਹਾ ਕਿ ਇਹ ਕੁਛ ਨਹੀਂ ਹੈ, ਡਾਕਟਰ ਜੀ, ਝਾਈ ਜੀ ਨੂੰ ਵਾਲਾਂ ਨੂੰ ਰੰਗਣ ਵਾਲਾ ਰੰਗ ਰੀਐਕਸ਼ਨ ਕਰ ਗਿਆ ਸੀ ਪਿਛਲੇ ਹਫਤੇ - ਦਵਾਈ ਚੱਲ ਰਹੀ ਹੈ - ਹੁਣ ਤੇ ਆਰਾਮ ਹੈ - ਜਦੋਂ ਅਲਰਜੀ ਹੋਈ ਸੀ ਉਸ ਦਿਨ ਤਾਂ ਸੋਜ ਨਾਲ ਅੱਖਾਂ ਪੂਰੀਆਂ ਹੀ ਬੰਦ ਹੋ ਗਈਆਂ ਸੀ - ਸਾਰੇ ਸ਼ਰੀਰ ਤੇ ਧੱਫੜ ਪੈ ਗਏ ਸੀ - ਤੇ ਸਰ ਉੱਤੇ ਡਾਢੀ ਖੁਰਕ ਛਿੜੀ ਰਹਿੰਦੀ ਏ ਅਜੇ ਵੀ !!

ਦਰਅਸਲ ਇਸ ਬੀਬੀ ਨੇ ਕਿਸੇ ਵਿਆਹ ਤੇ ਕਾਨਪੁਰ ਜਾਣਾ ਸੀ - ਇਸ ਦੀ ਛੋਟੀ ਧੀ ਇਸ ਦੇ ਪਿੱਛੇ ਪੈ ਗਈ ਕਿ ਤੁਹਾਨੂੰ ਵਾਲ ਕਾਲੇ ਕਰਨੇ ਹੀ ਪੈਣਗੇ - ਬਸ ਕੁੜੀ ਦੀਆਂ ਗੱਲਾਂ ਵਿਚ ਆ ਕੇ ਇਸ ਨੇ ਇਹ ਵਾਲ ਰੰਗਣ ਵਾਲਾ ਪੰਗਾ ਮੁੱਲ ਲੈ ਲਿਆ - ਬਸ ਜਿਵੇਂ ਹੀ ਇਹ ਲੋਕ ਵਿਆਹ ਤੇ ਪੁੱਜੇ, ਬੀਬੀ ਨੂੰ ਤੇ ਪੈ ਗਈ ਥਰਥੱਲੀ - ਇਸ ਦਾ ਹਾਲ ਤੁਸੀਂ ਇਕ ਹਫਤੇ ਬਾਅਦ ਦਾ ਵੇਖ ਕੇ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਉਸ ਦਿਨ ਇਸ ਦਾ ਕੀ ਹਾਲ ਹੋਇਆ ਹੋਵੇਗਾ !

ਇਹਨਾਂ ਦੀਆਂ ਦਵਾਈਆਂ ਚੱਲ ਰਹੀਆਂ ਨੇ - ਹੋ ਜਾਣਗੇ 3-4 ਦਿਨਾਂ ਚ' ਠੀਕ - ਇਹ ਗੱਲ ਧਿਆਨ ਯੋਗ ਹੈ ਕਿ ਇਹ ਪਹਿਲਾਂ ਵੀ ਕਦੇ ਕਦੇ ਆਪਣੇ ਵੱਲ ਰੰਗ ਲੈਂਦੇ ਨੇ - ਪਰ ਇਹ ਪੰਗਾ ਤੇ ਪਹਿਲੀ ਵਾਰੀ ਹੀ ਪਿਆ - ਇਹਨਾਂ ਦਸਿਆ ਕਿ ਜਿਹੜੀ ਧੀ ਨੇ ਇਹਨਾਂ ਦੇ ਵਾਲ ਰੰਗੇ ਉਹ ਹਮੇਸ਼ਾ ਮਹਿੰਗੇ ਤੇ ਵਧੀਆ ਕਵਾਲਿਟੀ ਦਾ ਰੰਗ ਹੀ ਇਸਤੇਮਾਲ ਕਰਦੀ ਹੈ, ਬੀਬੀ ਨੇ ਦਸਿਆ।

ਜਾਂਦੇ ਜਾਂਦੇ ਮੈਂ ਉਸ ਬੀਬੀ ਨੂੰ ਹੱਸਦੇ ਹੋਏ ਕਿਹਾ ਕਿ ਅੱਗੋਂ ਤੋਂ ਕੁੜੀਆਂ ਦੀ ਗੱਲ ਨਹੀਂ ਮੰਨਣੀ - ਉਹ ਕਹਿਣ ਲੱਗੀ- ਬਿਲਕੁਲ। ਉਸ ਦੀ ਕੁੜੀ ਹੱਸਣ ਲੱਗ ਪਈ ਕਿ ਮਾਂ ਤੇ ਪਹਿਲਾਂ ਹੀ ਸਾਡੀ ਗੱਲ ਨਹੀਂ ਮੰਨਦੀ, ਉੱਤੋਂ ਤੁਸੀਂ ਹੋਰ ਕਹਿ ਦਿੱਤਾ!!

ਇਸ ਤੋਂ ਇਹ ਗੱਲ ਪੱਲੇ ਬੰਨਣ ਵਾਲੀ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਕਿ ਮਹਿੰਗੇ ਰੰਗ ਸਹੀ ਹੋਣਗੇ, ਕੋਈ ਰੀਐਕਸ਼ਨ ਨਹੀਂ ਕਰਣਗੇ - ਦੂਜੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਰੀਐਕਸ਼ਨ ਕਦੇ ਵੀ, ਸਿਰ ਦੇ ਵਾਲ ਕਾਲੇ, ਭੂਰੇ, ਲਾਲ ਕਰਣ ਵਾਲੇ ਕਿਸੇ ਵੀ ਰੰਗ ਨਾਲ ਤੇ ਕਦੇ ਵੀ ਹੋ ਸਕਦੈ !! ਇਸ ਕਰ ਕੇ ਸਾਨੂੰ ਇਹਨਾਂ ਚੱਕਰਾਂ ਤੋਂ ਬੱਚ ਕੇ ਹੀ ਰਹਿਣਾ ਚਾਹੀਦੈ!! 

ਗੱਲ ਤਾਂ ਇਹ ਵੀ ਧਿਆਨ ਦੇਣ ਵਾਲੀ ਹੈ ਕਿ ਵੱਲ ਰੰਗਣ ਵਾਲੀ ਜਿਹੜੀ ਮਹਿੰਦੀ ਵੀ ਬਾਜ਼ਾਰ ਵਿਚ ਵਿਕਦੀ ਹੈ - ਚਾਹੇ ਕੰਪਨੀਆਂ ਕੁਛ ਵੀ ਦਾਅਵੇ ਕਰਣ, ਇਹ ਹਰਬਲ ਹੈ ਤੇ ਇਹ ਫਲਾਣੀ ਹੈ ਤੇ ਢਿਮਕੀ ਹੈ - ਸਾਰੀਆਂ ਮਹਿੰਦੀਆਂ ਵਿਚ ਰੰਗ ਰਲਾਏ ਹੁੰਦੇ ਨੇ - ਇਸ ਕਰ ਕੇ ਪੂਰਾ ਧਿਆਨ ਰੱਖਣਾ ਜ਼ਰੂਰੀ ਤਾਂ ਹੈ ਹੀ!! 

ਚਲੋ ਜੀ, ਕੁਛ ਆਪਣੀ ਹੱਡਬੀਤੀ ਵੀ ਸਾਂਝੀ ਕਰੀਏ, ਐਵੇਂ ਦੂਜਿਆਂ ਦੀਆਂ ਹੀ ਨਾ ਸੁਣਾਈ ਜਾਇਏ - ਮੈਂ ਵੀ 35-40 ਸਾਲ ਵਿਚ ਆਪਣੀਆਂ ਮੁੱਛਾਂ ਉੱਤੇ ਕਾਲਾ ਰੰਗ ਲਾਉਣਾ ਸ਼ੁਰੂ ਕੀਤਾ - ਥੋੜੇ ਜਿਹੇ ਵਾਲ ਹੀ ਚਿੱਟੇ ਸਨ, ਪਰ ਜਦੋਂ ਮੈਂ ਇਹ ਕਾਲਖ ਪੋਚਨ ਲੱਗਾ ਤਾਂ ਝੱਟ ਪੱਟ ਪੂਰੀਆਂ ਮੁੱਛਾਂ ਚਿੱਟੀਆਂ ਹੋ ਗਈਆਂ - ਉਂਝ ਹੀ ਥੋੜੇ ਸਾਲ ਪਹਿਲਾਂ ਮੈਂ ਕੰਨ ਦੇ ਕੋਲ ਵਾਲੇ ਧੌਲਿਆਂ ਨੂੰ ਕਾਲੇ ਭੂਰੇ ਕਰਨ ਦਾ ਸ਼ੌਕ ਪਾਲ ਬੈਠਿਆ - ਥੋੜੇ ਚਿਰ ਹੀ ਮੈਨੂੰ ਪਤਾ ਲੱਗ ਗਿਆ ਕਿ ਇਹ ਡਾਈਆਂ ਤਾਂ ਸਾਰੇ ਵਾਲ ਚਿੱਟੇ ਕਰ ਦੇਣਗੇ।

ਦੋ ਚਾਰ ਵਾਰ ਮੇਰਾ ਵੱਡਾ ਮੁੰਡਾ ਵੀ ਮੈਨੂੰ ਕਹਿੰਦਾ ਕਿ ਬਾਪੂ, ਇਹ ਤੂੰ ਕਿਹੜੇ ਚੱਕਰਾਂ ਚ' ਪੈ ਗਿਆ - ਤੇਰੇ ਵਾਲ ਜਿਹੋ ਜਿਹੇ ਨੇ, ਬਹੁਤ ਵਧੀਆ ਨੇ, ਉਹਨਾਂ ਦੇ ਬੁੱਲੇ ਲੁੱਟ, ਬਾਪੂ। ਮੁੰਡੇ ਦੀ ਗੱਲ ਐੱਡੀ ਦਿਲ ਨੂੰ ਲੱਗੀ ਕਿ ਕਈ ਸਾਲ ਹੋ ਗਏ ਫੇਰ ਕਦੇ ਕੋਈ ਰੰਗ, ਡਾਈ ਇਸਤੇਮਾਲ ਨਹੀਂ ਕੀਤੀ - ਬਾਕੀ ਰਹੀ ਬੁੱਢੇ ਦਿੱਸਣ ਵਾਲੀ ਗੱਲ, ਉਹ ਕੋਈ ਮਸਲਾ ਨਹੀਂ - ਬੁੱਢੇ ਤੇ ਬੁੱਢੇ ਸਹੀ - ਫਾਇਦਾ ਇਹ ਹੈ ਕਿ ਹੁਣ ਮੈਟਰੋ ਵਿੱਚ ਜਵਾਨ ਆਪਣੀ ਸੀਟ ਆਫ਼ਰ ਕਰਣ ਲੱਗ ਪਏ ਨੇ - ਕਦੇ ਤਾਂ ਦਿਲ ਕਰੇ ਕਿ ਕਹਿ ਦੇਵਾਂ ਕਿ ਜਵਾਨਾਂ, ਅਜੇ ਤੇ ਸੀਨੀਅਰ ਸਿਟੀਜ਼ੇਨ ਹੋਣ ਵਿਚ ਸਮਾਂ ਹੈ - ਪਰ ਕਦੇ ਕਿਹਾ ਨਹੀਂ, ਕੀ ਕਰਨਾ ਇਹ ਕਹਿ ਕੇ , ਕਿਹੜਾ ਕੋਈ ਪਦਮ ਸ਼੍ਰੀ ਮਿਲ ਜਾਵੇਗਾ!!

ਉਸ ਦਿਨ ਮੈਂ ਉਸ ਬੀਬੀ ਨੂੰ ਦੇਖ ਰਿਹਾ ਸੀ (ਜਿਸ ਦੀਆਂ ਅੱਖਾਂ ਦੀ ਫੋਟੋ ਉੱਪਰ ਲਈ ਹੈ), ਉਸ ਵੇਲੇ ਮੈਨੂੰ ਬੀਜੀ ਨਾਲ ਵਾਪਰੀ ਵੀ ਇਕ ਇਹੋ ਜਿਹੀ ਗੱਲ ਯਾਦ ਆ ਗਈ - ਬੀਜੀ ਵੀ ਕਦੇ ਵਾਲ ਨਹੀਂ ਸੀ ਰੰਗਦੇ, ਉਹ ਅਕਸਰ ਸਾਨੂੰ ਵੀ ਕਹਿੰਦੇ ਸੀ ਰੀਠੇ-ਸ਼ਿੱਕਾਕਾਈ ਨਾਲ ਸਿਰ ਧੋਇਆ ਕਰੋ - ਅੱਛਾ ਜੀ, ਹੋਇਆ ਇੰਜ ਕਿ ਕੋਈ 20-25 ਸਾਲ ਪਹਿਲਾਂ ਦੀ ਗੱਲ ਹੈ - ਬੀਜੀ ਅਜਮੇਰ ਗਏ ਮੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੇ - ਓਥੇ ਮੇਰੇ ਮਾਮੇ ਦੀ ਵੱਡੀ ਨੂੰਹ ਨੇ ਬੀਜੀ ਦੇ ਵੱਲ ਕਾਲੇ ਰੰਗ ਦਿੱਤੇ - ਬੀਜੀ ਜਦੋਂ ਵਾਪਸ ਬੰਬਈ ਆਏ, ਮੈਂ ਉਹਨਾਂ ਨੂੰ ਸਟੇਸ਼ਨ ਲੈਣ ਗਿਆ, ਓਹਨਾ ਦੇ ਵਾਲ ਵੇਖੇ - ਬੀਜੀ ਆਪੇ ਹੀ ਕਹਿਣ ਲੱਗ ਪਏ - ਇਹ ਵੇਖਿਆ ਏ ਮੇਰਾ ਕਾਲਾ ਝਾਟਾ ! ਮੈਂ ਹਸ ਪਿਆ !

ਸਟੇਸ਼ਨ ਦੇ ਬਾਹਰ ਆਉਂਦੇ ਹੋਏ ਹੱਸ ਹੱਸ ਕੇ ਦੱਸਣ ਲੱਗੇ - " ਬਿੱਲੇ, ਮਮਤਾ (ਮਾਮੇ ਦੀ ਨੂੰਹ) ਨੇ ਵੇਖ ਵਾਲਾਂ ਨੂੰ ਕੀ ਕਰ ਦਿੱਤਾ, ਮੇਰਾ ਤੋਂ ਓਹੀ ਹਿਸਾਬ ਕਰ ਦਿੱਤਾ - ਬੁੱਢੀ ਘੋੜੀ ਲਾਲ ਲਗਾਮ - ਮੈਂ ਉਸ ਨੂੰ ਕਿਹਾ ਵੀ ਕਿ ਜੇਕਰ ਮਹਿੰਦੀ ਥੱਪਣੀ ਵੀ ਹੈ ਤੇ ਬਿਲਕੁਲ ਥੋੜੀ ਲਾਵੀਂ - ਪਰ ਮੇਰੇ ਵਾਲ ਤੇ ਸ਼ਾ-ਕਾਲੇ ਹੋ ਗਏ - ਮੈਨੂੰ ਤੇ ਕਮਰੇ ਚੋਂ ਬਾਹਰ ਨਿਕਲਦੇ ਵੀ ਸ਼ਰਮ ਆਵੇ - ਇਕ ਪੂਰਾ ਦਿਨ ਤਾਂ ਮੈਂ ਵਾਲਾਂ ਉੱਤੇ ਨਿਮਬੂ ਹੀ ਮਲਦੀ ਰਹੀ ਤਾਂ ਜੋ ਇਹ ਰੰਗ ਥੋੜਾ ਫਿੱਕਾ ਤੇ ਪਵੇ!! "

ਉਸ ਕਾਲੀ ਮਹਿੰਦੀ ਨੂੰ ਬੀਜੀ ਦੇ ਸਿਰ ਤੋਂ ਲੱਥਦੇ ਬੜਾ ਸਮਾਂ ਲੱਗਾ - ਉਸ ਤੋਂ ਬਾਅਦ ਬੀਜੀ ਕਦੇ ਇਸ ਤਰ੍ਹਾਂ ਦੇ ਚੱਕਰ ਵਿਚ ਨਹੀਂ ਪਏ - ਪਰ ਜਦੋਂ ਵੀ ਉਹਨਾਂ ਨੂੰ ਇਹ ਪੁਰਾਣੀ ਗੱਲ ਚੇਤੇ ਆਉਂਦੀ ਤੇ ਸਾਨੂੰ ਇਹ ਗੱਲ ਸੁਣਾ ਕੇ ਬੜਾ ਹਸਾਉਂਦੇ, ਓਹਨਾ ਦੀਆਂ ਗੱਲਾਂ ਸੁਣ ਕੇ ਬੜਾ ਮਜ਼ਾ ਆਉਂਦਾ ! ਹੁਣ ਤੇ ਕਿਥੇ ਲੱਭਣੀਆਂ ਨੇ ਉਹ ਗੱਲਾਂ! ਹੁਣ ਤੇ ਮਾਂ ਸੁਪਨਿਆਂ ਵਿਚ ਹੀ ਆਉਂਦੀ ਹੈ ਅਕਸਰ - ਬਾਅਦ ਵਿਚ ਉਹ ਸੁਪਨੇ ਚੇਤੇ ਵੀ ਤੇ ਨਹੀਂ ਰਹਿੰਦੇ - ਮੈਂ ਅੱਜ ਹੀ ਆਪਣੀ ਵੱਡੀ ਭੈਣ ਨੂੰ ਫੋਨ ਤੇ ਕਹਿ ਰਿਹਾ ਸੀ ਕਿ ਮੈਨੂੰ ਤੇ ਲੱਗਦਾ ਹੀ ਨਹੀਂ ਕਿ ਬੀਜੀ ਅਰਸ਼ਾਂ ਚ' ਚਲੇ ਗਏ ਨੇ - ਅਕਸਰ ਮੈਂ ਉਹਨਾਂ ਨਾਲ ਸੁਪਨਿਆਂ ਵਿਚ ਸੈਰਾਂ-ਸਪਾਟੇ ਕਰਦਾ ਰਹਿੰਦਾ ਹਾਂ - ਹਾਂ, ਕਲ ਦੀ ਗੱਲ ਹੈ ਕਿ ਸੁਪਨਾ ਆਇਆ ਕੀ ਬੀਜੀ, ਮੈਂ ਤੇ ਵੱਡਾ ਮੁੰਡਾ ਕਿਸੇ ਮੇਲੇ ਵਿਚ ਘੁੰਮ ਰਹੇ ਹਾਂ - ਅਚਾਨਕ ਮੁੰਡਾ ਬੀਜੀ ਦਾ ਹੱਥ ਛੂਟਾ ਕੇ ਏਧਰ ਓਧਰ ਹੋ ਜਾਂਦੈ - ਬੀਜੀ ਘਬਰਾ ਜਾਂਦੇ ਨੇ - ਮੇਰੀ ਨੀਂਦ ਉੱਘੜ ਜਾਂਦੀ ਹੈ !!

ਸਵਰਗਾਂ ਵਿਚ ਵਾਸਾ ਹੋਵੇ ਤੇਰਾ ਮਾਂ!! ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਕਦੇ ਕਦੇ ਸੁਪਨਿਆਂ ਵਿਚ ਆ ਕੇ ਦਿਲ ਖੁਸ਼ ਕਰ ਜਾਂਦੇ ਹੋ 😘...

ਅੱਛਾ ਡਾਈ ਬਾਰੇ ਇਕ ਗੱਲ ਹੋਰ ਕਰਨੀ ਹੈ - ਮੈਂ ਕਈ ਸਾਲ ਪਹਿਲਾਂ ਮੁੱਛਾਂ ਵੀ ਰੰਗਣੀਆਂ ਬੰਦ ਕਰ ਦਿੱਤੀਆਂ ਸਨ , ਪਰ ਅਜੇ ਵੀ ਮੇਰੇ ਉਪਰਲੇ ਹੋਂਠ ਤੇ ਲਾਲੀ ਹੈ, ਕਦੇ ਕਦੇ ਖ਼ਾਰਿਸ਼ ਹੁੰਦੀ ਹੈ - ਕਹਿਣ ਦਾ ਮਤਲਬ ਹੈ ਕਿ ਜ਼ਰੂਰੀ ਨਹੀਂ ਕਿ ਉੱਪਰ ਵਾਲੀ ਬੀਬੀ ਵਰਗੀ ਰੀਐਕਸ਼ਨ ਹੀ ਹੋਵੇ , ਇਹ ਵੀ ਹੁੰਦੈ ਕਿ ਸਿਰ ਉੱਤੇ, ਮੂੰਹ ਉੱਤੇ ਲੋਕਾਂ ਨੂੰ ਇਹਨਾਂ ਰੰਗਾਂ ਕਰ ਕੇ ਅਲਰਜੀ ਹੁੰਦੀ ਹੈ ਪਰ ਧਿਆਨ ਨਹੀਂ ਦਿੰਦੇ - ਇਕ ਨੇਕ ਸਲਾਹ ਤੇ ਇਹੋ ਹੈ ਕਿ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਰਹੋ ਤੇ ਜੇ ਕਰ ਕੋਈ ਪਰੇਸ਼ਾਨੀ ਹੋ ਚੁਕੀ ਹੈ ਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਨੂੰ ਮਿਲੋ।

ਰਾਘਵ, ਬੀਜੀ ਵੱਲੋਂ ਵੀ ਪਿਆਰ ਭਰੀ ਨਿੱਘੀ ਜਨਮ ਦਿਹਾੜੇ ਦੀ ਵਧਾਈ  😘

ਵੈਸੇ ਫਿਲਹਾਲ ਤੁਸੀਂ ਇਹ ਰੰਗਾਂ, ਡਾਈਆਂ ਵਾਲਾ ਬੋਰਿੰਗ ਪਾਠ ਅਤੇ ਦੋ ਟਕੇ ਦੀ ਬਿਨ-ਮੰਗੀ ਨਸੀਹਤ ਨੂੰ ਭੁੱਲੋ ਤੇ ਇਹ ਵਧੀਆ ਪੰਜਾਬੀ ਗਾਣਾ ਸੁਣੋ ਜੀ।




Tuesday 26 November 2019

ਅੱਜ ਵੀ ਜਦੋਂ ਗੱਡੀ ਛੁੱਟ ਜਾਂਦੀ ਹੈ!

ਪਿਛਲੇ ਹਫਤੇ ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀ ਰਾਜਧਾਨੀ ਗੱਡੀ ਛੁੱਟ ਗਈ - ਹੁਣ ਅੱਜਕਲ ਦੇ ਜ਼ਮਾਨੇ ਵਿਚ ਸਾਡੇ ਵਰਗੇ ਲੋਕਾਂ ਦੀ ਗੱਡੀ ਛੁੱਟ ਜਾਣੀ ਕੋਈ ਛੋਟੀ ਮੋਟੀ ਗੱਲ ਵੀ ਤੇ ਨਹੀਂ -  ਜਦੋਂ ਇਸ ਤਰ੍ਹਾਂ ਦੀ ਗੱਲ ਹੋ ਜਾਵੇ ਤੇ ਸੱਚੀਂ ਉਸ ਵੇਲੇ  ਆਪਣੇ ਸਕੂਲ ਦੇ ਸਭ ਤੋਂ ਵੱਧ ਜ਼ਾਲਿਮ ਮਾਸਟਰ ਦਾ ਧਿਆਨ ਕਰਦੇ ਹੋਏ ਕਚੀਚੀ ਵੱਟ ਕੇ ਆਪਣੇ ਮੂੰਹ ਤੇ ਜ਼ੋਰ ਨਾਲ ਚੰਡ ਮਾਰਨ ਦਾ ਦਿਲ ਕਰਦੈ ਤੇ ਨਾਲ ਆਪਣੇ ਆਪ ਨੂੰ ਇਹ ਕਹਿਣ ਦਾ ਦਿਲ ਕਰਦੈ ਕਿ ਬੰਦਾ ਬਣ ਬਈ ਬੰਦਾ ! ਪਰ ਇਹ ਇਕ ਖਿਆਲ ਹੀ ਹੁੰਦੈ - ਚੰਡ ਮਾਰਨ ਨਾਲ ਵੀ ਗੱਡੀ ਦਾ ਆਉਟਰ ਸਿਗਨਲ ਤੇ ਕਿਹੜਾ ਇੰਜਣ ਫੇਲ ਹੋ ਜਾਣਾ ਹੁੰਦੈ !

ਅੱਜ ਸਾਨੂੰ ਕਿੰਨੀਆਂ ਸਹੂਲਤਾਂ ਨੇ - ਪਹੀਏ ਵਾਲੇ ਹਲਕੇ ਫੁੱਲ ਬੈਗ ਤੇ ਅਟੈਚੀ - ਬੂਹੇ ਅੱਗੇ ਓਲਾ-ਉਬਰ ਟੈਕਸੀ ਆ ਜਾਂਦੀ ਏ, ਰਾਮੁ ਉਸ ਵਿਚ ਸਮਾਨ ਵੀ ਰੱਖ ਦਿੰਦਾ - ਗੂਗਲ ਦੱਸ ਦਿੰਦੈ ਕਿ ਗੁੜਗਾਓਂ ਤੁਹਾਡੇ ਘਰ ਤੋਂ ਤੁਰ ਕੇ ਸਟੇਸ਼ਨ ਤਕ ਪਹੁੰਚਣ ਲਈ 40-45 ਮਿੰਟ ਇਸ ਵੇਲੇ ਦੇ ਟ੍ਰੈਫਿਕ ਦੇ ਹਿਸਾਬ ਨਾਲ ਲੱਗਣਗੇ - ਪਰ ਜੇਕਰ ਤਿਆਰੀ ਕਰਦੇ ਹੋਏ ਆਪਾਂ ਨੂੰ ਐਂਨੀ ਵੀ ਫੁਰਸਤ ਨਾ ਮਿਲੇ ਕਿ ਗੂਗਲ ਤਾਏ ਕੋਲੋਂ ਘਰੋਂ ਚੱਲਣ ਤੋਂ ਪਹਿਲਾਂ ਹੀ ਇਹ ਪੁੱਛ ਲਈਏ ਤੇ ਉਸ ਦੇ ਦੱਸੇ ਸਮੇਂ ਤੋਂ 10-20 ਮਿੰਟਾਂ ਦੀ ਗੁੰਜਾਇਸ਼ ਰੱਖ ਕੇ ਹੀ ਚਲੀਏ !

ਨਹੀਂ, ਅਸੀਂ ਪੜੇ ਲਿਖੇ ਹਾਂ, ਹਰ ਵੇਲੇ ਕਨੇਕਟਡ ਹਾਂ, ਸਾਨੂੰ ਮਿੰਟ ਮਿੰਟ ਦੀ ਜਾਣਕਾਰੀ ਹੈ - ਮੇਰੇ ਵਰਗੇ ਆਪਣੇ ਇਸੇ ਓਵਰ-ਕਾਂਫੀਡੈਂਸ ਦੇ ਚੱਕਰ ਵਿਚ ਹੀ ਕਈਂ ਵਾਰੀ ਵੜ ਜਾਂਦੇ ਨੇ!

ਅਜੇ ਅਸੀਂ ਸਟੇਸ਼ਨ ਤੋਂ 8-10 ਮਿੰਟ ਹੀ ਦੂਰ ਹੋਵਾਂਗੇ ਕਿ ਗੱਡੀ ਦਾ ਟਾਈਮ ਹੋ ਗਿਆ - ਮੇਰੀ ਤੀਵੀਂ ਪੁੱਛਣ ਲੱਗੀ - ਵਾਪਸ ਚਲੀਏ?  ਮੈਂ ਕਿਹਾ ਨਹੀਂ, ਹੁਣ ਸਟੇਸ਼ਨ ਦੇ ਨੇੜੇ ਹੀ ਹਾਂ, ਚਲਦੇ ਹਾਂ! ਅਸੀਂ ਸਟੇਸ਼ਨ ਤੇ ਆਖਿਰ ਪਹੁੰਚ ਗਏ - ਬਾਹਰ ਖੜੇ ਕੁੱਲੀ ਕੋਲੋਂ ਪੁੱਛਿਆ ਰਾਜਧਾਨੀ ਬਾਰੇ - ਉਹ ਕਹਿੰਦੈ 5 ਮਿੰਟ ਹੀ ਹੋਏ ਨੇ ਉਸ ਨੂੰ ਗਏ ਹੋਏ - ਦਿਲ ਤੇ ਕੀਤਾ ਕਿ ਉਸ ਨੂੰ ਕਹਿ ਦਿਆਂ - ਯਾਰ, 5 ਮਿੰਟ ਹੋਏ ਜਾਂ 5 ਸੈਕੰਡ ਜਾਂ 5 ਘੰਟੇ - ਚਲੀ ਤੇ ਗਈ ਨਾ, ਤੂੰ ਸਾਡੇ ਜ਼ਖਮਾਂ ਤੇ ਲੂਣ ਕਿਓਂ ਛਿਡ਼ਕ ਰਿਹਾ ਐਂ ! ਖੈਰ, ਉਸ ਨਾਲ ਕੀ ਪੰਗਾ ਲੈਣਾ ਸੀ!

ਅਸੀਂ ਏ.ਸੀ ਵੇਟਿੰਗ ਰੂਮ ਵਿਚ ਚਲੇ ਗਏ - ਓਥੇ ਚੰਗੇ ਸੋਫੇ ਲੱਗੇ ਹੋਏ ਵੀ - ਬੈਠ ਕੇ ਵਿਚਾਰ ਕੀਤਾ ਕੀਤਾ ਕਿ ਜਿਹੜੀ ਵੀ ਗੱਡੀ ਆਏਗੀ ਉਸੇ ਵਿੱਚ ਚੱਲਾਂਗੇ - ਸਫਰ ਤੋੜ ਤੋੜ ਕੇ ਹੋ ਜਾਵੇਗਾ - ਜ਼ਿਆਦਾ ਸਮਾਂ ਲੱਗੇਗਾ, ਕੋਈ ਗੱਲ ਨਹੀਂ।

ਅਜੇ ਬੈਠੇ ਹੀ ਸੀ ਕਿ ਇਕ ਬਜ਼ੁਰਗ ਆ ਗਿਆ ਉਸ ਰੂਮ ਵਿਚ - ਉਸ ਦੀ ਨਿਗਾਹ ਬੜੀ ਕਮਜ਼ੋਰ ਸੀ - ਅਚਾਨਕ ਟੋਹੰਦਾ ਟੋਹੰਦਾ ਮੇਰੇ ਕੋਲ ਪਹੁੰਚ ਗਿਆ ਤੇ ਪੁੱਛਣ ਲੱਗਾ ਕਿ ਬੈਠਣ ਵਾਸਤੇ ਜਗਾ ਹੈ. ਮੈਂ ਉਸ ਦਾ ਹੱਥ ਫੜ ਕੇ ਆਪਣੇ ਕੋਲ ਸੋਫੇ ਤੇ ਹੀ ਬਿਠਾ ਲਿਆ - ਬਹਿੰਦਿਆਂ ਸਾਰ ਕਹਿੰਦੈ ਕੀ ਬੈਠਣ ਦਾ ਤੇ ਸਹੀ ਇੰਤਜ਼ਾਮ ਕੀਤਾ ਹੋਇਆ ਏ ਸਰਕਾਰ ਨੇ!! ਫੇਰ ਉਸ ਨੇ ਗੱਲਾਂ ਸ਼ੁਰੂ ਕਰ ਦਿੱਤੀਆਂ - 2-4 ਗੱਲਾਂ ਦਾ ਤੇ ਮੈਂ ਜਵਾਬ ਦਿੱਤਾ, ਫੇਰ ਪੁੱਛਣ ਲੱਗਾ ਕਿ ਤੂੰ ਕਿਥੇ ਦਾ ਰਹਿਣ ਵਾਲਾ ਐਂ - ਮੱਧ ਪ੍ਰਦੇਸ਼ ਦਾ? ਉਸ ਵੇਲੇ ਮੇਰੇ ਮੂਡ ਕੋਈ ਜ਼ਿਆਦਾ ਵਧੀਆ ਨਹੀਂ ਸੀ - ਮੈਂ ਕਿਹਾ,  ਹਾਂ ਜੀ! ਫੇਰ ਉਹ ਚੁੱਪ ਹੋ ਗਿਆ - ਤੇ ਸੋਫੇ ਉੱਤੇ ਲੰਮੇ ਪੈਣ ਦੀ ਤਿਆਰੀ ਕਰਣ ਲੱਗਾ!

ਆਸੇ ਪਾਸੇ ਦੇ ਹੋਰ ਮੁਸਾਫ਼ਿਰ ਉਸ ਨੂੰ ਬੜੀ ਗੋਹ ਨਾਲ ਦੇਖਣ ਲੱਗੇ - ਪਰ ਮੈਨੂੰ ਕੁਛ ਵੀ ਜ਼ਿਆਦਾ ਅਜੀਬ ਨਹੀਂ ਲੱਗਾ - ਜਦੋਂ ਇਕ ਘੰਟੇ ਬਾਅਦ ਮੈਂ ਬਾਹਰ ਜਾਣ ਲੱਗਾ ਤਾਂ ਮੈਂ ਸੋਚਿਆ ਕਿ ਉਸ ਕੋਲੋਂ ਵੀ ਪੁੱਛ ਲਵਾਂ ਕਿ ਕਿਸ ਗੱਡੀ ਤੇ ਉਸ ਨੇ ਜਾਣਾ ਏ? ...ਉਸ ਨੇ ਕਿਹਾ ਕਿ ਮੈਂ ਤਾਂ ਸਵੇਰੇ ਦੀ ਗੱਡੀ ਫੜਨੀ ਏ...ਇਹ ਕਹਿ ਕੇ ਉਹ ਸੋਫੇ ਤੇ ਸੋਣ ਦੀ ਤਿਆਰੀ ਕਰਣ ਲੱਗਾ - ਮੈਨੂੰ ਇਤਮੀਨਾਨ ਹੋਇਆ ਕਿ ਚਲੋ ਜਿੰਨਾ ਸਮਾਂ ਇਸ ਦਾ ਇੰਨੀ ਠੰਡ ਵਿਚ ਇਥੇ ਲੰਘ ਜਾਵੇ, ਚੰਗਾ ਹੀ ਹੈ - ਸੰਭਲਿਆ ਰਹੇਗਾ !

ਲੋ ਜੀ ਅੱਗੇ ਦੀ ਗੱਲ ਸੁਨਣ ਲਈ ਤੁਸੀਂ ਇਹ ਆਡੀਓ ਸੁਣੋ - ਦਰਅਸਲ ਇਸ ਬਲੌਗ ਨੂੰ ਲਿਖਦਿਆਂ ਲਿਖਦਿਆਂ ਮੈਂ ਜਦੋਂ ਬੋਰ ਹੋ ਗਿਆ ਤਾਂ ਸੋਚਿਆ ਆਪਣੀ ਇਕ ਆਡੀਓ ਹੀ ਪਾ ਦੇਵਾਂ - ਇਸ ਲਈ ਤੁਸੀਂ ਇਸ ਨੂੰ ਜ਼ਰੂਰ ਸੁਣੋ ਜੀ -



ਬਾਅਦ ਵਿਚ ਅੱਜ ਸਵੇਰੇ ਮੈਂ ਸੋਚਿਆ ਆਲਸ ਛੱਡ - ਪੂਰਾ ਲਿਖ ਵੀ ਛੱਡ!!

ਜਦੋਂ ਦੀ ਇਸ ਤਰ੍ਹਾਂ ਆਪਣੀ ਗੱਡੀ ਛੁੱਟ ਗਈ ਹੈ ਮੈਨੂੰ ਪੁਰਾਣੇ ਵੇਲੇ ਦੇ ਸਫ਼ਰਾਂ ਦਾ ਖਿਆਲ ਰਹਿ ਰਹਿ ਕੇ ਆਈ ਜਾਂਦੈ! ਉਸ ਵੇਲੇ ਇਹ ਤੇ ਕੋਈ ਮਸਲਾ ਨਹੀਂ ਸੀ ਹੁੰਦਾ ਕਿ ਗੱਡੀ ਛੁੱਟ ਗਈ - ਕਿਓਂਕਿ ਕਿ ਉਸ ਵੇਲੇ ਤੇ ਅਸੀਂ ਜਦੋਂ ਤੱਕ 20-30 ਮਿੰਟ ਪਹਿਲਾਂ ਅੰਮ੍ਰਿਤਸਰ ਸਟੇਸ਼ਨ ਦੇ ਪਲੇਟਫਾਰਮ ਉੱਤੇ ਆਪਣੇ ਟਰੰਕਾਂ ਤੇ ਬਿਸਤਰੇਬੰਦਾਂ ਤੇ ਬਹਿ ਕੇ ਪਕੌੜੇ, ਪੂਰੀ/ਭਟੂਰੇ ਛੋਲੇ ਨਾ ਖਾ ਲੈਣੇ, ਬੀਜੀ ਭਾਪਾਜੀ ਨੇ ਚਾ ਨਾ ਪੀ ਲੈਣੀ ਸਾਨੂੰ ਇੰਝ ਲੱਗਣਾ ਜਿਵੇਂ ਸਟੇਸ਼ਨ ਅਜੇ ਅਪੜੇ ਹੀ ਨਹੀਂ - ਉਸ ਤੋਂ ਬਾਅਦ ਸਟੇਸ਼ਨ ਤੇ ਗੱਡੀ ਲੱਗਣ ਤੋਂ ਪਹਿਲਾਂ ਹੋਰ ਵੀ ਕੁਛ ਕੰਮ ਸਨ ਜਿਵੇਂ ਕਿ ਕਿਸੇ ਨਲਕੇ ਤੋਂ ਸੁਰਾਹੀ ਭਰ ਕੇ ਲਿਆਣੀ ਤੇ ਸੰਭਾਲਣੀ, ਕੋਈ ਚੰਦਾ ਮਾਮਾ ਜਾਂ ਨੰਦਨ ਖਰੀਦਣਾ ਜਾਂ ਫੇਰ ਚਾਰਾਂ ਪੰਜਾਂ ਰੁਪਈਆਂ ਦਾ ਕੋਈ ਲੰਬਰੇਟਾ ਸਕੂਟਰ ਹੀ ਖਰੀਦ ਲੈਣਾ !

ਤੁਸੀਂ ਸੋਚ ਰਹੇ ਹੋਵੋਗੇ ਕਿ ਐਡਾ ਖਾਣ ਪੀਣ ਦਾ ਭੋਖੜਾ ਸਟੇਸ਼ਨ ਤੋਂ ਕਿਓਂ ਭਲਾ!! ਘਰੋਂ ਹੀ ਤੇ ਆਏ ਹੁੰਦੇ ਸੀ ! ਉਸ ਦਾ ਜਵਾਬ ਇਹ ਹੈ ਕਿ ਠੀਕ ਹੈ ਘਰੋਂ ਤੇ ਆਏ ਹੁੰਦੇ ਸਾਂ ਪਰ ਘਰ ਚ' ਤਿਆਰੀ ਕਰ ਕੇ ਸਟੇਸ਼ਨ ਤੱਕ ਪਹੁੰਚਣਾ ਇਕ ਬੜਾ ਵੱਡਾ ਕੰਮ ਹੁੰਦਾ ਸੀ - ਹਾਂਜੀ, ਬੜਾ ਵੱਡਾ ਕੰਮ, ਮੈਂ ਹੁਣੇ ਦੱਸਦਾ ਹਾਂ ਕਿ ਉਸ ਵੇਲੇ ਘਰ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਹੁੰਦਾ ਸੀ !!

ਲੋ ਜੀ ਸੁਣੋ -

ਕੱਪੜੇ ਤਿਆਰ ਪਹਿਲਾਂ ਕਰ ਲਈਦੇ ਸੀ 

ਜਿਹੜੇ ਸਾਡੇ ਕੋਲ ਕੱਪੜਿਆਂ ਦੇ 3-4 ਜੋੜੇ ਹੁੰਦੇ ਸਨ, ਉਹ ਅਸੀਂ 1-2 ਪਹਿਲਾਂ ਹੀ ਪ੍ਰੈਸ ਕਰ ਕੇ ਤਿਆਰ ਕਰ ਲਈ ਸੀ, ਕੋਇਲੇ ਵਾਲੀ ਪ੍ਰੈਸ ਹੁੰਦੀ ਸੀ ਜਿਸ ਨੂੰ ਇਸਤੇਮਾਲ ਕਰਦੇ ਮੈਂ ਅਕਸਰ ਆਪਣੀ ਵੱਡੀ ਭੈਣ ਨੂੰ ਹੀ ਦੇਖਦਾ ਤੇ ਕਦੇ ਕਦੇ ਬੀਜੀ ਨੂੰ ਵੀ. ਮੇਰੇ ਖਿਆਲ ਵਿਚ ਹੋਰ ਸਾਰੇ ਘਰ ਵਿਚ ਲਾਟ ਸਾਬ ਸਨ ਜਿੰਨਾ ਦਾ ਉਸ ਪ੍ਰੈਸ ਵਾਲੇ ਕੰਮ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ - ਉਹਨਾਂ ਨੂੰ ਬਸ ਕੱਪੜੇ ਪ੍ਰੈਸ ਕੀਤੇ ਕਰਾਏ ਮਿਲ ਜਾਂਦੇ ਸਨ!

ਚਾਰ ਟਰੰਕਾਂ ਦਾ ਪਹਾੜ ਵਰਗਾ ਕੰਮ 

ਜਿਸ ਦਿਨ ਦੀ ਗੱਡੀ ਹੋਣੀ ਉਸ ਦਿਨ ਘਰ ਵਿਚ ਕਈਂ ਕੰਮ ਚੱਲ ਰਹੇ ਹੁੰਦੇ - ਦੋਵੇਂ ਟਰੰਕ ਜਿਹੜੇ ਨਾਲ ਲੈ ਕੇ ਜਾਣੇ ਹੁੰਦੇ ਤੇ ਜਿਹੜੇ ਗਹਿਣੇ ਗੱਟੇ ਵਾਲੇ ਦੋ ਟਰੰਕ ਗਵਾਂਢੀਆਂ ਦੇ ਘਰੇ ਹਨ੍ਹੇਰਾ ਹੋਣ ਤੇ ਛੱਡ ਕੇ ਆਉਣੇ ਹੁੰਦੇ - ਓਹਨਾਂ ਟਰੰਕਾਂ ਦੀ ਭਰਾਈ ਦਾ ਕੰਮ ਚੱਲ ਰਿਹਾ ਹੁੰਦਾ! ਵੱਡੇ ਵੱਡੇ ਟਰੰਕ ਜਿਹੋ ਜਿਹੇ ਫੌਜੀਆਂ ਕੋਲ ਅਕਸਰ ਤੁਸੀਂ ਦੇਖੇ ਹੋਣਗੇ - ਮੈਨੂੰ ਨਹੀਂ ਯਾਦ ਕਿ ਉਹ ਟਰੰਕ ਕਦੇ ਆਰਾਮ ਨਾਲ ਬੰਦ ਹੋ ਗਏ ਹੋਣ - ਅਕਸਰ ਘਰ ਦੇ ਦੋ ਬੰਦੇ ਉਸ ਨੂੰ ਚੰਗੀ ਤਰ੍ਹਾਂ ਦੱਬ ਕੇ ਬੰਦ ਕਰ ਪਾਂਦੇ - ਫੇਰ ਜਿਹੜੇ ਦੋ ਟਰੰਕ ਜਿੰਨ੍ਹਾਂ ਵਿੱਚ ਘਰ ਦਾ ਕੀਮਤੀ ਸਾਮਾਨ ਹੁੰਦਾ ਉਹਨਾਂ ਨੂੰ ਵੀ ਦੋ ਰੁਪਈਏ ਵਾਲਾ ਤਾਲਾ ਟੁੰਗ ਕੇ ਨੂੰ ਪਿਛਲੇ ਬੂਹੇ ਥਾਣੀ ਗਵਾਂਢੀਆਂ ਦੇ ਘਰ ਰੱਖ ਕੇ ਆਉਣ ਦੀ ਡਿਊਟੀ ਲੱਗਦੀ !

ਬਿਸਤਰੇ ਬੰਨਣ ਦਾ ਪਵਾੜਾ 

ਜਦੋਂ ਇਹ ਕੰਮ ਨਿੱਬੜ ਜਾਂਦਾ ਤਾਂ ਫੇਰ ਓਹੀਓ ਬਿਸਤਰੇ ਬੰਨਣ ਦਾ ਪਵਾੜਾ ਪੈ ਜਾਂਦਾ - ਉਸ ਨੂੰ ਰਜਾਈਆਂ ਤੇ ਸਿਰਹਾਣਿਆਂ ਤੋਂ ਇਲਾਵਾ,  ਹਵਾਈ ਚੱਪਲਾਂ, ਬੂਟਾਂ, 4-5 ਤੋਲੀਏ ਤੇ ਪਜਾਮੇਆਂ ਦੇ ਨਾਲ ਉਸ ਵੇਲੇ ਤਕ ਤੂਸੇ ਜਾਣਾ ਜਦੋਂ ਤੀਕ ਜਾਂ ਤੇ ਉਸ ਨੇ ਬੰਦ ਹੋਣ ਤੋਂ ਮਨਾ ਕਰ ਦੇਣਾ ਜਾਂ ਉਸ ਦੀ ਚਮੜੇ ਦੀ ਇਕ ਬੈਲਟ ਟੁੱਟਣ ਦਾ ਪੰਗਾ ਨਾ ਪੈ ਜਾਂਦਾ - ਕੋਈ ਨਹੀਂ, ਉਸ ਵੇਲੇ ਜਿਵੇਂ ਤਿਵੇਂ ਉਸ ਇਕ ਬੈਲਟ ਨਾਲ ਤੇ ਨਾਲ ਰੱਸੀ ਬੰਨ੍ਹ ਕੇ ਕੰਮ ਚਲਾ ਲਿਆ ਜਾਂਦਾ!(ਬਾਅਦ ਵਿਚ ਕਦੇ ਉਹ ਬੈਲਟ ਨੂੰ ਮੋਚੀ ਕੋਲੋਂ ਗੰਢਵਾ ਲਿਆ ਜਾਂਦਾ !!) ...ਸਾਡੇ ਕੋਲ ਦੋ ਬਿਸਤਰੇਬੰਦ (ਹੋਲਡੋਲ) ਸੀ - ਉਹਨਾਂ ਦਾ ਵੀ ਘਰੇ ਦਿਲ ਨਾ ਲੱਗਦਾ - ਕਿਓਂਕਿ  ਅਕਸਰ ਮੋਹੱਲੇ ਵਿਚੋਂ ਕੋਈ ਨਾ ਕੋਈ ਮੰਗ ਕੇ ਲੈ ਹੀ ਜਾਂਦਾ - ਇਹ ਉਸ ਵੇਲੇ ਇਕ ਆਮ ਗੱਲ ਸੀ !

ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਫੇਰ ਜਦੋਂ ਫੂਕ ਮਾਰ ਕੇ ਹਵਾ ਭਰਣ ਵਾਲੇ ਸਿਰਹਾਣੇ ਆਏ ਤਾਂ ਅਸੀਂ ਸ਼ੁਕਰ ਕੀਤਾ  - ਸਾਡੇ ਵੇਲੇ ਦੀ ਉਹ ਇਕ ਖਾਸ ਕਾਢ ਸੀ...ਬਿਸਤਰੇ ਵਿਚ ਦੋ ਤੇ ਉਹ ਫੂਕ ਭਰਣ ਵਾਲੇ ਸਿਰਹਾਣੇ ਜ਼ਰੂਰ ਰੱਖ ਲਏ ਜਾਂਦੇ।

ਸਫਰ ਲਈ ਰੋਟੀ ਪਾਣੀ 

ਅੱਛਾ ਟਰੰਕਾਂ ਦੇ ਕੁੰਡੇ ਲੱਗ ਗਏ ਨੇ, ਬਿਸਤਰੇ ਬੰਨੇ ਗਏ ਨੇ, ਬੀਜੀ ਨੇ ਢੇਰ ਪਰਾਂਠੇ ਤੇ ਕੀਮਾ/ਪਕੌੜੇ/ਆਲੂ ਤਿਆਰ ਕਰ ਲਏ ਨੇ, ਬਸ ਅਚਾਰ ਤੇ ਗੰਢੇ ਰੱਖਣੇ ਬਾਕੀ ਨੇ - ਹਾਂ ਉਸ ਵੇਲੇ ਨਵੀਆਂ ਨਵੀਆਂ ਚੱਲੀਆਂ ਸਟੀਲ ਦੀਆਂ ਪਲੇਟਾਂ ਵੀ ਬਿਸਤਰੇਬੰਦ ਵਿਚ ਜਿਵੇਂ ਤਿਵੇਂ ਫਸਾ ਲਈਆਂ ਜਾਂਦੀਆਂ ! ਜੋ ਜੀ ਹੁਣ ਲਗਭਗ ਤਿਆਰੀ ਪੂਰੀ ਹੋ ਗਈ ਐ - ਹੁਣ ਦੋ ਰਿਕਸ਼ਾ ਲਿਆਉਣ ਦੀ ਡਿਊਟੀ ਮੇਰੀ ਜਾਂ ਮੇਰੇ ਭਰਾ ਦੀ - ਕਦੇ ਕਦੇ ਭਾਪਾ ਜੀ ਨੂੰ ਇਸ ਕੰਮ ਲਈ ਜਾਣਾ ਪੈਂਦਾ !!

ਰਿਕਸ਼ਾ ਲਿਆਉਣਾ ਵੀ ਬੜਾ ਵੱਡਾ ਕੰਮ ਸੀ, ਕਿਓਂ ??

ਧਿਆਨ ਨਾਲ ਸੁਣਿਓ, ਉਸ ਵੇਲੇ ਸਟੇਸ਼ਨ ਜਾਣ ਲਈ ਰਿਕਸ਼ਾ ਲੈ ਕੇ ਆਉਣਾ ਵੀ ਇਕ ਵੱਡਾ ਕੰਮ ਹੁੰਦਾ ਸੀ - ਇਕ ਤੇ ਦੇਰ ਹੋਣ ਦਾ ਡਰ ਹੁੰਦਾ ਤੇ ਦੂਜਾ ਇਹ ਰਿਕਸ਼ੇ ਲਿਆਉਣ ਦੀ ਭਾਜੜ, ਮੈਨੂੰ ਤੇ ਮਾਈਂ ਇਹ ਇਕ ਪਵਾੜਾ ਹੀ ਜਾਪਦਾ। ਦਰਅਸਲ ਉਸ ਵੇਲੇ ਰਿਕਸ਼ੇ ਤਾਂਗੇ ਜਿਹੜੇ ਚੌਂਕ ਤੋਂ ਮਿਲਦੇ ਸਨ ਉਹ ਸਾਡੇ ਘਰ ਤੋਂ ਸਾਈਕਲ ਉੱਤੇ 5-7 ਮਿੰਟਾਂ ਦੀ ਦੂਰੀ ਤੇ ਸੀ, ਕਈ ਵਾਰੀ 2-4 ਮਿੰਟ ਲਾ ਕੇ ਅੱਗੇ ਵੀ ਰਿਕਸ਼ੇ ਨੂੰ ਲੱਭਣ ਜਾਣਾ ਪੈਂਦਾ!

ਘਰੋਂ ਜਾਣ ਲੱਗਿਆਂ ਇਹ ਹਿਦਾਇਤ ਵੀ ਮਿਲ ਜਾਣੀ ਕਿ ਜੇਕਰ ਦੋ ਰਿਕਸ਼ੇ ਨਾ ਮਿਲਣ ਤਾਂ ਇਕ ਤਾਂਗਾ ਹੀ ਭਾਵੇਂ ਲੈ ਕੇ ਆ ਜਾਵੀਂ - ਨਾਲ ਇਹ ਵੀ ਦੱਸਿਆ ਜਾਂਦਾ ਕਿ ਰਿਕਸ਼ੇ ਵਾਲੇ ਨਾਲ ਕਿੰਨ੍ਹੇ ਪੈਸੇ ਦੀ ਗੱਲ ਮੁਕਾਨੀ ਹੈ.

ਲੋ ਜੇ ਬਿੱਲਾ ਘਰੋਂ ਆਪਣੀ ਸਾਇਕਿਲ ਤੇ ਲੱਤ ਰੱਖ ਕੇ ਪਹੁੰਚ ਗਿਆ ਚੌਕ ਤੇ - ਪਰ ਇਹ ਕਿ ਦੋ ਰਿਕਸ਼ੇ ਵਾਲੇ ਤਾਂ ਹਨ ਪਰ ਸੀਟ ਖੋਲ ਕੇ ਲੰਮੇ ਪਏ ਨੇ - ਕਹਿੰਦੇ ਨੇ ਨਹੀਂ ਜਾਣਾ, ਸਾਹ ਲੈ ਰਹੇ ਹਾਂ!

ਦਿਲ ਚ' ਖ਼ਿਆਲ ਆਉਣਾ, ਯਾਰ ਸਾਨੂੰ ਲਾ ਆਵੋ, ਫੇਰ ਇੱਕੋ ਵਾਰੀ ਸਾਹ ਲੈ ਲੈਣਾ - ਤੁਹਾਡਾ ਤਾਂ ਕੰਮ ਹੀ ਹੈ ਰਿਕਸ਼ਾ ਵਾਹੁਣਾ ਤੇ ਵਿਚ ਵਿਚ ਸਾਹ ਲੈਣਾ, ਥੋੜੇ ਪੈਸੇ ਵੱਟ ਲਵੋ ... ਖੈਰ ਕੋਈ ਗੱਲ ਨਹੀਂ, ਅਚਾਨਕ ਇਕ ਰਿਕਸ਼ਾ ਵਾਲਾ ਦਿੱਖ ਗਿਆ -ਉਸ ਨੂੰ ਅਜੇ ਇੰਨਾ ਹੀ ਪੁੱਛਿਆ ਜਾਂਦਾ ਕਿ ਸਟੇਸ਼ਨ ਜਾਣੈ ? ਉਸ ਪਿਓ ਦੇ ਪੁੱਤ ਨੇ ਸਵਾਲਾਂ ਦੀ ਮਾਈਂ ਝੜੀ ਲੈ ਦੇਣੀ - ਜਿਵੇਂ ਉਹ ਮੇਰਾ ਇੰਟਰਵਿਊ ਲੈ ਰਿਹਾ ਹੋਵੇ !

ਸਟੇਸ਼ਨ ਉੱਤੇ ਕਿੱਥੇ ਉਤਰੋਗੇ?
ਕਿੰਨੀਆਂ ਸਵਾਰੀਆਂ ਨੇ ? ਕਿੰਨੇ ਬੱਚੇ ਨੇ?
ਕਿੰਨੇ ਰਿਕਸ਼ੇ ਕਰੋਗੇ?
ਸਾਮਾਨ ਕਿੰਨਾ ਹੈ ? ਕੁਲ ਕਿੰਨੇ ਨਗ ਨੇ ?
ਸਵਾਰੀਆਂ ਕਿਥੋਂ ਲੈਣੀਆਂ ਨੇ ?

ਉਸ ਨੂੰ ਸਾਰੇ ਸਵਾਲਾਂ ਦਾ ਮਾਕੂਲ ਜਵਾਬ ਦਿੱਤਾ ਜਾਂਦਾ, ਉਸ ਤੋਂ ਬਾਅਦ ਵੀ ਕੋਈ ਰਿਕਸੇਵਾਲਾ ਤਾਂ ਜਵਾਬ ਦੇ ਦਿੰਦਾ ਕਿ ਐਂਨੀ ਅੰਦਰ ਜਾ ਕੇ ਸਵਾਰੀ ਨਹੀਂ ਲਿਆ ਸਕਦਾ - ਕੋਈ ਮੰਨ ਜਾਂਦਾ ਤੇ ਕਿਰਾਇਆ ਦੱਸਦਾ - ਫੇਰ ਉਹ ਨਾਲ ਹੀ ਰਿਕਸ਼ੇ ਤੇ ਲੰਮੇ ਪਾਏ ਕਿਸੇ ਇਕ ਹੋਰ ਰਿਕਸ਼ੇ ਵਾਲੇ ਨੂੰ ਹੌਕਾ ਮਾਰਦਾ - ਉੱਠੋ ਬਈ ਉੱਠੋ, ਚਲੋ ਇਕ ਗੇੜਾ ਮਾਰ ਕੇ ਆਈਏ! ਜੇਕਰ ਉਹ ਦੋਵੇਂ ਤਿਆਰ ਹੋ ਜਾਂਦੇ ਤਾਂ ਠੀਕ ਨਹੀਂ ਤੇ ਆਸੇ ਪਾਸੇ ਖੜੇ ਕਿਸੇ ਤਾਂਗੇ ਵਾਲੇ ਨੂੰ ਵੀ  ਪੁੱਛਿਆ ਜਾਂਦਾ - ਉਹ ਵੀ ਮਾਈਂ ਪੂਰੀ ਦੀ ਪੂਰੀ ਇੰਟਰਵਿਊ ਲੈ ਛੱਡਦਾ - ਫੇਰ ਉਸ ਨਾਲ ਪੈਸੇ ਦੀ ਗੱਲ ਮੁਕਾ ਕੇ ਉਸ ਨੂੰ ਲੈ ਕੇ ਘਰ ਵੱਲ ਨਿਕਲਣਾ !

ਆਪਣਾ ਸਾਈਕਲ ਉਸ ਦੇ ਅੱਗੇ ਅੱਗੇ ਰੱਖਣਾ - ਪਿੱਛੇ ਦੇਖਦੇ ਵੀ ਰਹਿਣਾ ਕਿ ਕਿਤੇ ਵਾਪਸ ਮੁੜ ਹੀ ਨਾ ਜਾਵੇ   - ਖੈਰ, ਜਦੋਂ ਉਸ ਨੇ ਘਰ ਦੇ ਲਾਗੇ ਵਾਲਾ ਮੋੜ ਮੁਡ਼ਨਾ ਤਾਂ ਤਸੱਲੀ ਹੋ ਜਾਣੀ ਕਿ ਹੁਣ ਤੇ ਇਹ ਸਾਨੂੰ ਸਟੇਸ਼ਨ ਲੈ ਹੀ ਜਾਉ - ਉਸ ਵੇਲੇ ਦਿਲ ਨੂੰ ਬਿਲਕੁਲ ਉਂਝ ਦੀ ਖੁਸ਼ੀ ਹੁੰਦੀ ਜਿਵੇਂ ਮੈਨੂੰ ਵੱਡੇ ਹੋ ਕੇ ਕਿਸੇ ਬਸ ਅੱਡੇ ਉੱਤੇ ਪ੍ਰੈਸ਼ਰ ਪੈਣ ਉੱਤੇ ਕੋਈ ਟਾਇਲਟ ਦਿੱਸਣ ਉੱਤੇ ਤੇ ਉਹ ਵੀ ਖਾਲੀ ਹੋਣ ਤੇ ਅਤੇ ਕੁੰਡੀ ਵਾਲੀ ਦਿਖਣ ਤੇ ਹੁੰਦੀ, ਪਾਣੀ ਦੀ ਟੂਟੀ ਚੈੱਕ ਕਰਣ ਦਾ ਤੇ ਸੱਚੀਂ ਕਦੇ ਧਿਆਨ ਵੀ ਨਾ ਆਉਂਦਾ! ਉਸ ਵੇਲੇ ਉਸ ਦੇ ਬਾਹਰ ਖੜਾ ਠੇਕੇਦਾਰ ਕੋਈ ਫ਼ਰਿਸ਼ਤਾ ਜਾਪਦਾ ਜਿਸ ਨੇ ਅੱਜ ਬਚਾ ਲਿਆ - ਮੇਰੇ ਕੋਲ ਅਜਿਹੀਆਂ ਯਾਦਾਂ ਦੀ ਪੂਰੀ ਇੱਕ ਵੱਖਰੀ ਵੱਡੀ ਸਾਰੀ ਪੰਡ ਹੈ - ਜਿਸ ਨੂੰ ਫੇਰ ਕਿਸੇ ਦਿਨ ਖੋਲਾਂਗੇ !!

ਲੋ ਜੀ, ਦੋ ਰਿਕਸ਼ੇ ਜਾਂ ਇਕ ਤਾਂਗਾ ਘਰ ਦੇ ਬਾਹਰ ਖੜਾ ਹੋ ਗਿਆ - ਉਹ ਝੱਟ ਹੀ ਛਿੱਥਾ ਪੈ ਜਾਂਦਾ - ਜਲਦੀ ਕਰੋ ਬਈ - ਜਲਦੀ ਕਿਵੇਂ ਕਰੀਏ, ਅਜੇ ਤੇ ਬੀਜੀ ਆਪਣੀਆਂ ਆਂਢ ਗੁਆਂਢ ਦੀਆਂ ਸਹੇਲੀਆਂ ਨੂੰ ਮਿਲ ਰਹੇ ਨੇ - ਖੈਰ, ਉਹ 2-4 ਮਿੰਟ ਚ' ਹੀ ਮੁੜ ਆਉਂਦੇ - ਸਾਮਾਨ ਨੂੰ ਰਿਕਸ਼ੇ ਉੱਤੇ ਲਧਿਆ ਜਾਂਦਾ - ਅਸੀਂ ਸਾਰੇ ਪੰਜੇ ਜੀਅ ਬੈਠ ਜਾਂਦੇ - ਰਿਕਸ਼ੇ ਤੁਰ ਪਏ ਤੋਂ ਲੋ ਜੀ ਪਹੁੰਚ ਗਏ ਜੀ ਅਸੀਂ ਅੰਮ੍ਰਿਤਸਰ ਸਟੇਸ਼ਨ ਉੱਤੇ - ਫਸਟ ਕਲਾਸ ਦੀ ਡਿਓੜੀ ਦੇ ਸਾਮਣੇ - ਉਸੇ ਵੇਲੇ ਕੁੱਲੀ ਘੇਰ ਲੈਂਦੇ (ਜਿਵੇਂ ਨਵਾਬ ਆਏ ਨੇ !!)  - ਦੋ ਕੁੱਲੀ ਇਕ ਇਕ ਟਰੰਕ ਤੇ ਇਕ ਇਕ ਬਿਸਤਰਾ ਚੱਕ ਲੈਂਦੇ - ਬਾਕੀ ਨਿੱਕ ਸੁੱਕ, ਰੋਟੀ ਪਾਣੀ, ਖਾਣ ਪੀਣ ਦਾ ਹੋਰ ਸਾਮਾਨ ਤੇ ਸੁਰਾਹੀ, ਟੋਕਰੀ ਅਸੀਂ ਫੜ ਲੈਂਦੇ ਤੇ ਪਲੇਟਫਾਰਮ ਤੇ ਪੁੱਜ ਕੇ ਟਰੰਕਾਂ ਤੇ ਬੈਠ ਜਾਂਦੇ। ਦੋ ਮਿੰਟ ਬਾਅਦ ਹੀ  ਚਾ-ਪਕੌੜੇ, ਪੂਰੀ ਛੋਲੇ, ਵੇਸਨ ਦੇ ਗਰਮਾ ਗਰਮ ਲੱਡੂਆਂ ਦੇ ਛਾਬੇ ਵੱਲ ਨੱਸ ਜਾਂਦੇ!

ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬੰਦੇ ਨੇ 45-50 ਸਾਲ ਪਹਿਲਾਂ ਸਟੇਸ਼ਨ ਪੁੱਜ ਕੇ ਗੱਡੀ ਫੜਨ ਲਈ ਐੱਡੀ ਮੇਹਨਤ ਕੀਤੀ ਹੋਵੇਗੀ, ਜੇਕਰ ਅੱਜ ਦੇ ਜ਼ਮਾਨੇ ਵਿਚ ਉਸ ਦੀ ਗੱਡੀ ਛੁੱਟ ਜਾਵੇ ਤਾਂ ਉਸ ਦਾ ਆਪਣੇ ਮੂੰਹ ਤੇ ਵੱਟ ਕੇ ਇਕ ਚੰਡ ਮਾਰਨ ਦਾ ਦਿਲ ਕਰੇਗਾ ਕਿ ਨਹੀਂ ? - ਮੇਰਾ ਵੀ ਉਸ ਦਿਨ ਦਿਲ ਤੇ ਕੀਤਾ, ਪਰ ਮੈਂ ਆਪਣੇ ਸਿਰਦਰਦ ਤੋਂ ਬਹੁਤ ਡਰਦਾ ਹਾਂ - ਇਕ ਵਾਰੀ ਛਿੜ ਜਾਵੇ ਫੇਰ ਪੂਰਾ ਦਿਨ ਬੰਨੇ ਲੱਗ ਜਾਂਦੈ - ਇਕ ਕਰ ਕੇ ਮੈਂ ਵੀ ਸੋਚਿਆ ਕਿ ਮਨਾ ਠੰਡ ਰੱਖ - ਅਗਾਂਹ ਵੱਧ!!

ਲੋ ਜੀ ਮੇਰੀ ਪਸੰਦ ਦਾ ਇਹ ਪੰਜਾਬੀ ਗੀਤ ਸੁਣੋ - ਦੇਬੀ ਮਖਸੂਸਪੁਰੀ ਦੀ ਆਵਾਜ਼ ਵਿਚ - ਮੈਂ ਇਸ ਗੀਤ ਨੂੰ ਬਹੁਤ ਸੁਣਦਾ ਹਾਂ...




Thursday 24 October 2019

ਖੱਸੀ ਕੋਈ ਹੋ ਹੀ ਨਹੀਂ ਜਾਂਦਾ, ਕੀਤਾ ਵੀ ਜਾਂਦੈ!

"ਖੱਸੀ" ਲਫ਼ਜ਼ ਵੀ ਇਕ ਅਜਿਹਾ ਲਫ਼ਜ਼ ਹੈ ਜਿਸ ਨੇ ਪੰਜਾਬੀ ਬੰਦਿਆਂ ਨੂੰ ਵਾਧੂ ਹਸਾਇਆ - ਜਦੋਂ ਵੀ ਪੰਜਾਬੀ ਜਾਣਨ ਵਾਲੇ ਯਾਰ ਦੋਸਤ ਮਿਲਦੇ ਨੇ, ਖੁੱਲੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਗੱਲਬਾਤ ਵਿੱਚ ਜਦੋਂ ਵੀ ਇਹ ਖੱਸੀ ਲਫ਼ਜ਼ ਆ ਜਾਂਦੈ ਤਾਂ ਬੜੇ ਠਹਾਕੇ ਲੱਗਦੇ ਨੇ , ਮਾਹੌਲ ਐਡਾ ਖੁਸ਼ਗਵਾਰ ਹੋ ਜਾਂਦੈ! - ਪਰ ਇਹ ਮੈਂ ਸਾਰੀਆਂ ਗੱਲਾਂ ਪੰਜਾਬੀ ਵਿੱਚ ਹੀ ਤਾਂ ਲਿਖ ਰਿਹਾਂ - ਪੜਣ ਵਾਲੇ ਵੀ ਤਾਂ ਸਭ ਕੁਝ ਜਾਣਦੇ ਹੀ ਨੇ ...

ਅੱਛਾ, ਭਲਾ ਯਾਰਾਂ ਦੋਸਤਾਂ ਦੀਆਂ ਗੱਲਾਂ ਵਿਚ ਇਹ "ਖੱਸੀ" ਲਫ਼ਜ਼ ਆ ਕਿਥੋਂ ਜਾਂਦੈ! ਗੱਲ ਇੰਝ ਹੈ ਜਦੋਂ ਬਚਪਨ ਦੇ ਯਾਰ ਦੋਸਤ ਮਿਲਦੇ ਨੇ, ਤਾਂ ਓਹ ਰਲਮਿਲ ਕੇ ਜਿਹੜੀਆਂ ਰੌਣਕਾਂ ਲਾਉਂਦੇ ਨੇ, ਉਸ ਵਿੱਚ "ਖੱਸੀ" ਤੇ ਕੁਝ ਵੀ ਨਹੀਂ ਜਨਾਬ, ਹੋਰ ਬਹੁਤ ਕੁਝ ਵੀ ਆ ਹੀ ਜਾਂਦੈ!  ਗੱਲ ਇੰਝ ਹੁੰਦੀ ਹੈ ਜਦੋਂ ਕੋਈ ਕਹਿ ਦਿੰਦਾ ਹੈ ਕਿ ਯਾਰ, ਫਲਾਣਾ ਫਲਾਣਾ ਵੀ ਯਾਰ ਬਿਲਕੁਲ ਖੱਸੀ ਹੋ ਚੁੱਕਿਆ ਹੈ - ਜਾਂ ਇੰਝ ਵੀ ਕਹਿ ਦਿੰਦੇ ਨੇ ਕਿ ਉਹ ਤੇ ਖੱਸੀ ਹੋ ਗਿਆ ਜਾਪਦੈ - ਬਸ ਐਂਨੀਂ ਗੱਲ ਹੋਈ ਨਹੀਂ ਕਿ ਸਾਰਿਆਂ ਦਾ ਹਾਸਾ ਰੋਕਿਆਂ ਨਹੀਂ ਰੁਕਦਾ!!

ਦਰਅਸਲ ਇਹ ਇਕ ਅਜਿਹਾ ਲਫ਼ਜ਼ ਹੈ ਜਿਹੜਾ ਅਸੀਂ ਯਾਰਾਂ ਦੋਸਤਾਂ ਨਾਲ ਗੱਲਬਾਤ ਵੇਲੇ ਹੀ ਵਰਤਦੇ ਹਾਂ - ਮੈਨੂੰ ਯਾਦ ਆ ਰਿਹੈ ਕਿ ਬੜੇ ਸਾਲ ਹੋ ਗਏ , ਜਦੋਂ ਪਹਿਲੀ ਪਹਿਲੀ ਵਾਰ ਮੈਂ ਇਹ ਸ਼ਬਦ ਸੁਣਿਆ ਤਾਂ ਸ਼ਾਇਦ ਇਸ ਨੂੰ ਕਿਸੇ ਘੋੜੇ ਲਈ ਇਸਤੇਮਾਲ ਕਰਦੇ ਹੀ ਸੁਣਿਆ ਸੀ,  ਜਦੋਂ ਅਸੀਂ ਕਿਸੇ ਥੱਕੇ-ਹਾਰੇ ਘੋੜੇ ਬਾਰੇ ਕੁਝ ਗੱਲ ਕਰਣੀ ਹੁੰਦੀ ਤੇ ਆਪਾਂ ਇੰਝ ਕਹਿ ਦਿੰਦੇ ਦੀ ਇਹ ਘੋੜਾ ਤੇ ਬਿਲਕੁਲ ਖੱਸੀ ਹੋ ਚੁਕਿਆ ਜਾਪਦੈ.

ਖੱਸੀ ਤੋਂ ਅਸੀਂ ਇਹੋ ਮਤਲਬ ਲਈਦਾ ਸੀ ਕਿ ਬੰਦਾ ਹੋਵੇ ਜਾਂ ਘੋੜਾ ਜਦੋਂ ਜ਼ਿੰਦਗੀ ਉਸ ਨੂੰ ਬਹੁਤਾ ਹੀ ਥਕਾ ਮਾਰਦੀ ਹੈ ਤੇ ਉਹ ਖੱਸੀ ਹੋ ਜਾਂਦੈ - ਇਕ ਕਿਸਮ ਨਾਲ ਇਹ ਇੱਕ ਹਲਕਾ ਫੁਲਕਾ ਮਜ਼ਾਕ ਵੀ ਹੁੰਦਾ ਸੀ - ਪਰ ਪਹਿਲਾਂ ਬੜੇ ਸਾਲਾਂ ਤਕ ਮੈਨੂੰ ਇਹੋ ਪਤਾ ਸੀ ਕਿ ਘੋੜਾ ਹੋਵੇ ਤੇ ਭਾਵੇਂ ਹੋਵੇ ਬੰਦਾ, ਉਹ ਖੱਸੀ ਹੋ ਜਾਂਦੇ ਨੇ - ਇਹ ਨਹੀਂ ਸੀ ਪਤਾ ਕਿ ਕਦੇ ਕਦੇ ਖੱਸੀ ਕੀਤਾ ਵੀ ਜਾਂਦੈ !!

ਫੇਰ ਜਦੋਂ ਥੋੜੇ ਵੱਡੇ ਹੋਏ ਤਾਂ ਸਮਝੀ ਆਇਆ ਕਿ ਜਦੋਂ ਅਵਾਰਾ ਕੁੱਤੇ ਕਿਤੇ ਬਹੁਤੇ ਹੋ ਜਾਣ ਜਾਂ ਕਿਸੇ ਇਲਾਕੇ ਵਿਚ ਜ਼ਿਆਦਾ ਬਾਂਦਰ ਹੋ ਜਾਣ ਤਾਂ ਉਹਨਾਂ ਨੂੰ ਕੋਈ ਟੀਕਾ ਦੇ ਕੇ ਜਾਂ ਛੋਟੇ ਜਿਹੇ ਆਪਰੇਸ਼ਨ ਨਾਲ ਉਹਨਾਂ ਦੀ ਨਸਬੰਦੀ ਕਰ ਦਿੱਤੀ ਜਾਂਦੀ ਹੈ - ਇਸ ਨੂੰ ਇਹ ਵੀ ਕਿਹਾ ਜਾਂਦਾ ਕਿ ਅਵਾਰਾ ਜਾਨਵਰਾਂ ਨੂੰ ਖੱਸੀ ਕਰ ਦਿੱਤਾ ਗਿਆ!! ਵੈਸੇ ਇਹ ਗੱਲ ਮੈਂ ਖੁੱਲੇ ਘੁੰਮ ਰਹੇ ਝੋਟਿਆਂ ਬਾਰੇ ਵੀ ਸੁਣੀ ਹੈ - ਸੱਚੀ ਗੱਲ ਦੱਸਾਂ ਕਿ ਮੈਂ ਹਮੇਸ਼ਾ ਸ਼ਹਿਰਾਂ ਵਿੱਚ ਹੀ ਰਿਹਾ, ਇਸ ਲਈ ਇਹ ਸਭ ਮੈਂ ਆਪਣੀ ਅੱਖੀਂ ਦੇਖਿਆ ਨਹੀਂ ਦੋਸਤੋ, ਵੈਸੇ ਮੈਨੂੰ ਇਸ ਗੱਲ ਦਾ ਬੜਾ ਮਲਾਲ ਹੈ ਕਿ ਮੈਨੂੰ ਕਦੇ ਪਿੰਡਾਂ ਵਿਚ ਰਹਿਣ ਦਾ ਮੌਕਾ ਨਹੀਂ ਮਿਲਿਆ - ਸ਼ਾਇਦ ਮੈਂ ਪੇਂਡੂ ਜ਼ਿੰਦਗੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦਾ! - ਮੈਂ 26 ਸਾਲ ਅੰਮ੍ਰਿਤਸਰ ਸ਼ਹਿਰ ਵਿੱਚ ਰਿਹਾ, 6-7 ਸਾਲ ਫਿਰੋਜ਼ਪੁਰ ਰਿਹਾ - ਬਾਕੀ ਦਾ ਸਮਾਂ ਪੰਜਾਬ ਦੇ ਬਾਹਰ ਰਹਿ ਕੇ ਘਾਟ ਘਾਟ ਦਾ ਪਾਣੀ ਪੀ ਰਿਹਾ ਹਾਂ !!

ਹੁਣੇ ਮੈਨੂੰ ਲਿਖਦੇ ਲਿਖਦੇ ਖਿਆਲ ਆ ਰਿਹਾ ਹੈ ਕਿ ਪੰਜਾਬੀਆਂ ਦੀਆਂ ਗੱਲਾਂ ਬੜੀਆਂ ਮਜ਼ੇਦਾਰ ਹੁੰਦੀਆਂ ਨੇ - ਇਹ ਕਿਸੇ ਨੂੰ ਬੋਰ ਨਹੀੰ ਹੋਣ ਦਿੰਦੇ - ਆਪ ਵੀ ਹੱਸਦੇ ਰਹਿੰਦੇ ਨੇ ਤੇ ਦੂਜਿਆਂ ਨੂੰ ਵੀ ਹੱਸਣ ਤੇ ਮਜ਼ਬੂਰ ਕਰਦੇ ਨੇ. ਇਸ ਕੰਮ ਵਿੱਚ ਪੰਜਾਬੀ ਦੇ ਕੁਝ ਲਫ਼ਜ਼ ਬੜੇ ਕੰਮ ਆਉਂਦੇ ਨੇ ਜਿਵੇਂ ਕਿ - ਖੱਸੀ, ਸਰਕਾਰੀ ਸਾਂਡ, ਗਵਾਚੀ ਗਾਂ....ਹੋਰ ਵੀ ਬੜੇ ਲਫ਼ਜ਼ ਤਾਂ ਹਨ, ਪਰ ਇੱਥੇ ਲਿਖਣ ਵਾਲੇ ਨਹੀਂ!! ਪਰ ਮਜ਼ੇ ਦੀ ਗੱਲ ਹੈ ਕਿ ਅਜਿਹੇ ਕੁਝ ਲਫ਼ਜ਼ ਮੇਰੀ ਪੰਜਾਬੀ ਦੀ ਡਿਕਸ਼ਨਰੀ ਵਿੱਚ ਵੀ ਦਰਜ ਹਨ!!

ਗੱਲ ਦਾ ਰੁਖ ਬਦਲਣਾ ਪਉ, ਮੇਰੀ ਸੂਈ ਤੇ ਖੱਸੀ ਤੇ ਹੀ ਅਟਕ ਗਈ ਜਾਪਦੀ ਏ, ਦਰਅਸਲ ਹੋਇਆ ਇਹ ਕਿ ਕੁਝ ਦਿਨ ਪਹਿਲਾਂ ਮੈਂ ਹੱਡੀਆਂ ਕਮਜ਼ੋਰ ਹੋਣ ਉੱਤੇ- ਜਿਸ ਨੂੰ ਓਸਟੀਓਪੋਰੋਸਿਸ ਕਹਿੰਦੇ ਹਨ - ਇਕ ਲੈਕਚਰ ਸੁਣ ਰਿਹਾ ਸੀ - ਉਸ ਦਿਨ ਓਸਟੀਓਪੋਰੋਸਿਸ ਦਿਨ ਸੀ. ਇਕ ਤੇ ਹੁਣ ਦਿਨ-ਦਿਹਾੜੇ ਬੜੇ ਵੱਧ ਗਏ ਨੇ ਹੁਣ, ਪੁਰਾਣੇ ਸਮਿਆਂ ਵਿਚ ਹੋਲੀ, ਦੀਵਾਲੀ, ਵੈਸਾਖੀ,  ਦੁਸਹਿਰਾ ਹੁੰਦਾ ਸੀ - ਹੁਣ ਤੇ ਹਰ ਰੋਜ਼ ਕੋਈ ਨਾ ਕੋਈ ਦਿਹਾੜਾ ਹੁੰਦੈ !! ਫੇਰ ਵੀ ਲੋਕ ਕਿਤੇ ਸੁਣਦੇ ਥੋੜਾ ਨੇ!!

ਅੱਛਾ ਜੀ ਇਸ ਦਿਨ ਮੈਂ ਲੈਕਚਰ ਚ' ਸੁਣਿਆ ਕਿ ਵਿਟਾਮਿਨ ਡੀ ਦੀ ਕਮੀ ਬੰਗਾਲੀਆਂ ਵਿੱਚ ਬਹੁਤ ਘੱਟ ਹੁੰਦੀ ਹੈ ਕਿਓਂਕਿ ਇਹ ਮੱਛੀ ਬੜੀ ਖਾਂਦੇ ਨੇ!! ਦੋ ਦਿਨ ਬਾਅਦ ਮੇਰੇ ਕੋਲ ਇਕ 80-85 ਸਾਲਾਂ ਦਾ ਇਕ ਬੰਗਾਲੀ ਆਇਆ - ਬਿਲਕੁਲ ਕਾਇਮ - ਜੇਕਰ ਪੰਜਾਬੀ ਵਿੱਚ ਦੱਸਾਂ ਤੇ ਚਲਤਾ ਪੁਰਜ਼ਾ!! ਮੈਂ ਇੰਝ ਹੀ ਉਸ ਕੋਲੋਂ ਪੁੱਛ ਲਿਆ ਕਿ ਉਹ ਰੋਜ਼ ਮੱਛੀ ਖਾਂਦਾ ਹੈ?  ਉਸ ਨੇ ਕਿਹਾ ਕਿ ਪਹਿਲਾਂ ਖਾਂਦੇ ਸੀ, ਹੁਣ ਤਾਂ ਐੱਡੀ ਮਹਿੰਗੀ ਹੋ ਗਈ ਹੈ ਕਿ ਕਦੇ ਕਦੇ ਹੀ ਖਾਂਦੇ ਹਾਂ ! ਦੱਸਣ ਲੱਗਾ ਕਿ ਪਹਿਲਾਂ ਤਾਂ ਮਾਛੀ 15-20 ਰੁਪਈਏ ਸੇਰ ਵਿਕਦੀ ਸੀ, ਰੋਜ਼ ਖਾਈਦੀ ਸੀ, ਹੁਣ 500 ਰੁਪਈਏ ਕਿਲੋ ਲੈ ਕੇ ਕੌਣ ਖਾਵੇ! ਫੇਰ ਨਾਲੇ ਉਸ ਨੇ ਕਿਹਾ ਕਿ ਕਲਕੱਤੇ ਵਿੱਚ ਰਹਿੰਦੇ ਲੋਕ ਰੋਜ਼ ਮੱਛੀ ਖਾਂਦੇ ਨੇ, ਓਥੇ ਢਾਈ ਤਿੰਨ ਸੌ ਰੁਪਈਏ ਕਿਲੋ ਮੱਛੀ ਮਿਲ ਜਾਂਦੀ ਏ !

ਬਸ ਜੀ ਉਹ ਬੰਦਾ ਮੱਛੀ ਦੇ ਨਾਂਅ ਤੋਂ ਇੱਕ ਵਾਰ ਸ਼ੁਰੂ ਹੋਇਆ, ਫੇਰ ਰੁਕੇ ਕਿਵੇਂ - ਦੱਸਣ ਲੱਗਾ - "ਡਾਕਟਰ ਸਾਬ, ਮੇਰੀ ਤਾਂ ਨੌਕਰੀ ਹੀ ਮੱਛੀ ਦੇ ਸਿਰ ਤੇ ਲੱਗੀ!"

"ਉਹ ਕਿਵੇਂ ?"  ਮੈਂ ਘੋਖ ਕੀਤੇ ਬਗੈਰ ਰਹਿ ਨਾ ਸਕਿਆ।

" ਮੈਂ ਡੀ.ਆਰ.ਐਮ ਤੇ ਜੀ.ਐਮ ਨੂੰ ਮੱਛੀ ਖਵਾਉਂਦਾ ਸੀ - ਮੈਂ ਡੀ.ਆਰ.ਐਮ ਦੇ ਘਰ ਵਿੱਚ ਕੰਮ ਕਰਦਾ ਸੀ."

ਫੇਰ ਉਹ ਦੱਸਣ ਲੱਗਾ ਕਿ ਮੱਛੀ ਹੀ ਨਹੀਂ ਮੀਟ ਦੀ ਵੀ ਉਸਨੂੰ ਬੜੀ ਪਹਿਚਾਣ ਹੈ - ਕਦੇ ਵੀ ਮੀਟ ਲਵੋ, ਦੇਖ ਕੇ ਲਿਆ ਕਰੋ ਕਿ ਉਹ ਬਕਰਾ ਖੱਸੀ ਹੋਵੇ! ਇਹ ਗੱਲ ਤਾਂ ਮੇਰੇ ਲਈ ਨਵੀਂ ਸੀ - ਖੱਸੀ ਲਫ਼ਜ਼ ਜਿਸ ਉੱਤੇ ਮੈਂ ਪੰਜਾਬੀਆਂ ਦਾ ਕਾਪੀਰਾਈਟ ਸਮਝਦਾ ਸੀ, ਉਸਨੂੰ ਇਕ 80-85 ਸਾਲਾਂ ਦਾ ਬੰਗਾਲੀ ਬਿਲਕੁਲ ਪੰਜਾਬੀ ਲਹਿਜੇ ਵਿੱਚ ਬੋਲ ਗਿਆ!

"ਖੱਸੀ ਬਕਰਾ ਮਤਲਬ?" ਮੇਰੇ ਮੂੰਹ ਵਿਚੋਂ ਨਿਕਲਿਆ!

"ਡਾਕਟਰ ਸਾਬ, ਤੁਸੀਂ ਪੰਜਾਬੀ ਹੋ ਕੇ ਖੱਸੀ ਨਹੀਂ ਜਾਣਦੇ ! "

ਮੈਂ ਉਸ ਨੂੰ ਕਿ ਆਖਦਾ ਕਿ ਇਹ ਲਫ਼ਜ਼ ਤੇ ਸਾਡੇ ਹਾਸਿਆਂ ਵਿੱਚ ਕਿਤੇ ਨਾ ਕਿਤੇ  ਫਿੱਟ ਹੁੰਦਾ ਹੈ. ਖੈਰ, ਉਸ ਨੇ ਕਿਹਾ ਕਿ ਜਦੋਂ ਬਕਰਾ ਬਿਲਕੁਲ ਛੋਟਾ ਹੁੰਦੈ ਤਾਂ ਉਸ ਦੇ ਅੰਗਾਂ ਨਾਲ ਛੇੜਖਾਣੀ ਕਰ ਕੇ ਉਸ ਨੂੰ ਖੱਸੀ ਕਰ ਦਿੰਦੇ ਨੇ, ਫੇਰ ਉਹ ਅਗਾਂਹ ਆਪਣੀ ਨਸਲ ਨਹੀਂ ਵਧਾ ਸਕਦਾ! ਬਸ, ਇਸ ਤਰ੍ਹਾਂ ਦੇ ਬਕਰੇ ਦਾ ਮੀਟ ਖਾਣਾ ਹੀ ਲਾਹੇਵੰਦ ਹੈ - ਹਾਂ ਇਕ ਹੋਰ ਗੱਲ, ਕਦੇ ਵੀ ਬਕਰੇ ਦਾ ਹੀ ਮੀਟ ਖਾਓ. ਕਹਿਣ ਲੱਗਾ ਕਿ ਬਕਰੀ ਦਾ ਮੀਟ ਤੇ ਕਦੇ ਮੁਫ਼ਤ ਵੀ ਮਿਲੇ ਤਾਂ ਉਹ ਨਾ ਖਾਵੇ, ਉਸੇ ਤਰ੍ਹਾਂ ਮੁਰਗੀ ਦਾ ਮੀਟ ਨਹੀਂ ਤੇ ਮਾਦਾ ਮੱਛੀ ਵੀ ਕਦੇ ਨਹੀਂ ਖਾਂਦਾ!! ਉਸ ਨੇ ਦੱਸਿਆ ਕਿ ਮਾਦਾ ਮੱਛੀ ਦੀ ਪਹਿਚਾਣ ਉਸ ਨੂੰ ਪੂਰੀ ਹੈ, ਉਹ ਬੜੀ ਮੋਟੀ ਹੋਵੇਗੀ ਤੇ ਉਸ ਦੇ ਢਿੱਡ ਵਿੱਚ ਅਕਸਰ ਅੰਡੇ ਹੁੰਦੇ ਨੇ!!

ਮੈਂ ਉਸ ਨੂੰ ਕਿਹਾ ਕਿ ਇਹ ਖੱਸੀ ਕੀਤੇ ਗਏ ਮੁਰਗੇ ਬਾਰੇ ਤਾਂ ਮੈਂ ਪਹਿਲੀ ਵਾਰੀ ਸੁਣਿਆ ਹੈ! ਜਾਂਦੇ ਜਾਂਦੇ ਕਹਿਣ ਲੱਗਾ ਕਿ ਤੁਹਾਡੇ ਕੋਲ ਤਾਂ ਕਾਫੀ ਮੁਸਲਮਾਨ ਮਰੀਜ਼ ਵੀ ਆਉਂਦੇ ਨੇ, ਉਹਨਾਂ ਕੋਲੋਂ ਪੁੱਛਣਾ ਕਦੇ!

ਉਸ ਦੇ ਜਾਣ ਬਾਅਦ ਮੈਂ ਆਪਣੇ ਮੀਟ ਖਾਣ ਦੀ ਦਿਨਾਂ ਦੀਆਂ ਯਾਦਾਂ ਵਿੱਚ ਕਿਤੇ ਵੱਗ ਗਿਆ! ਮੈਂ ਆਪਣੇ ਪਾਪਾ ਜੀ ਨਾਲ ਮੀਟ ਦੀ ਦੁਕਾਨ ਤੇ ਜਾਂਦਾ ਸੀ, ਜ਼ਿਆਦਾਤਰ ਅੰਮ੍ਰਿਤਸਰ ਦੇ ਪੁਤਲੀਘਰ ਬਾਜ਼ਾਰ ਦੀ ਸਬਜ਼ੀ ਮੰਡੀ ਵਾਲੀ ਮੀਟ ਦੀ ਦੁਕਾਨ ਤੇ ਉਹ ਜਾਂਦੇ ਸੀ, ਉਹ ਕਸਾਈ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੀ - ਮੀਤ ਸਾਡੇ ਘਰ ਹਫਤੇ ਵਿੱਚ 2-3 ਦਿਨ ਤੇ ਜ਼ਰੂਰ ਬਣਦਾ ਸੀ, ਐਤਵਾਰ ਨੂੰ ਤੇ ਜ਼ਰੂਰੀ ਹੁੰਦਾ - ਕਦੇ ਮੈਂ ਆਪਣੀ ਮਾਂ ਨਾਲ ਸਬਜ਼ੀ ਲੈਣ ਗਿਆ ਹੁੰਦਾ,  ਮੀਟ ਖਰੀਦਣਾ ਹੁੰਦਾ ਤਾਂ ਮੇਰੀ ਮਾਂ ਦੁਕਾਨ ਤੋਂ ਦੂਰ ਖੜ ਜਾਂਦੀ ਤੇ ਪੈਸੇ ਮੈਨੂੰ ਦੇ ਕੇ ਮੀਟ ਲੈਣ ਭੇਜਦੀ - ਹੁਣ ਧਿਆਨ ਆ ਰਿਹੈ ਕਿ ਮੀਟ ਦੀ ਦੁਕਾਨ ਤੇ ਮੈਂ ਜਨਾਨੀਆਂ ਕਦੇ ਸ਼ਾਇਦ ਹੀ ਵੇਖੀਆਂ ਹੋਣ! ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸ ਦੀ ਦੁਕਾਨ ਦੇ ਬਾਹਰ " ਝਟਕਈ " ਮੀਟ ਵਾਲਾ ਲਿਖਿਆ ਹੁੰਦਾ ਸੀ - ਮੈਂ ਕਦੇ ਖੱਸੀ ਬਕਰੇ ਬਾਰੇ ਤਾਂ ਆਪਣੇ ਪਾਪਾ ਜੀ ਦੇ ਮੂੰਹੋਂ ਵੀ ਨਹੀਂ ਸੀ ਸੁਣਿਆ!

ਸਾਡੇ ਘਰੇ ਜਿਹੜਾ ਮੀਟ ਬਣਦਾ ਸੀ, ਉਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਸੀ - ਮੇਰੇ ਪਾਪਾਜੀ ਨੂੰ ਵੀ ਉਸ ਨੂੰ ਬਣਾਉਣ ਦਾ ਬੜਾ ਸ਼ੌਕ ਸੀ।  ਅਜਿਹੀਆਂ ਯਾਦਾਂ ਨੇ ਜਦੋਂ ਐਤਵਾਰ ਵਾਲੇ ਦਿਨ ਉਹ ਮੀਟ ਬਣਾਉਣ ਲੱਗੇ ਹੁੰਦੇ ਸੀ, ਕਦੇ ਮੀਟ ਵਿਚ ਆਲੂ, ਕਦੇ ਛੋਲਿਆਂ ਦੀ ਦਾਲ, ਕਦੇ ਪਾਲਕ ਵਾਲਾ ਮੀਟ, ਕਦੇ ਕੋਈ ਹੋਰ ਸਬਜ਼ੀ - ਪਰ ਮੈਨੂੰ ਆਲੂ ਪਾ ਕੇ ਬਣਾਇਆ ਹੋਇਆ ਮੀਟ ਬੜਾ ਚੰਗਾ ਲੱਗਦਾ - ਕੀਮਾ ਤੇ ਕਲੇਜੀ ਵੀ ਅਸੀਂ ਸਾਰੇ ਬੜੇ ਸ਼ੌਕ ਨਾਲ ਖਾਂਦੇ ਸੀ - ਕਲੇਜੀ ਤੇ ਸੁੱਕੀ ਹੀ ਬਣਦੀ ਸੀ, ਕੀਮੇ ਵਿਚ ਕਦੇ ਕਦੇ ਸਰਦੀਆਂ ਵਿੱਚ ਮਟਰ ਵੀ ਪਾਏ ਜਾਂਦੇ ਸੀ - ਕਿੱਡਾ ਮਜ਼ਾ ਆਉਂਦਾ ਸੀ, ਨਾਲ ਅੰਗੀਠੀ ਤੇ ਜਾਂ ਤੰਦੂਰ ਤੇ ਲੱਗੀਆਂ ਰੋਟੀਆਂ, ਨਾਲ ਗੰਢੇ ਤੇ ਅੰਬ ਦਾ ਅਚਾਰ!! ਜਦੋਂ ਕਦੇ ਮੈਂ ਮੀਟ ਦੀ ਦੁਕਾਨ ਤੇ 'ਕੱਲਾ ਵੀ ਜਾਣ ਲੱਗਿਆ ਤਾਂ ਮੇਰੇ ਪਾਪਾ ਜੀ ਮੈਨੂੰ ਇਹ ਜ਼ਰੂਰ ਕਹਿੰਦੇ ਸੀ ਦੇਖ ਲਵੀਂ, ਦੁਕਾਨਦਾਰ ਤੇਰੇ ਸਾਹਮਣੇ ਹੀ ਮੀਟ ਲਾਵੇ - ਪਹਿਲੇ ਤੋਂ ਪਏ ਮੀਟ ਦਾ ਕੀਮਾ ਬਣਾਉਣ ਵਿਚ ਇਹ ਗੜਬੜ ਕਰ ਦਿੰਦੇ ਨੇ! ਜਦੋਂ ਮੀਟ ਵੀ ਲੈਣ ਭੇਜਦੇ ਤੇ ਮੈਨੂੰ ਕਹਿੰਦੇ ਕਿ ਉਸ ਨੂੰ ਆਖੀਂ ਰਾਨ ਦਾ ਮੀਟ  ਦੇਵੇ - ਮੈਂ ਉਂਝ ਹੀ ਜਾ ਕੇ ਕਹਿ ਦਿੰਦਾ- ਬੜੀ ਬਾਅਦ ਵਿਚ ਜਾ ਕੇ ਮੈਨੂੰ ਪਤਾ ਲੱਗਾ ਕਿ ਰਾਨ ਦਾ ਮਤਲਬ ਬਕਰੇ ਦਾ ਪੱਟ ਹੁੰਦੈ!! ਪਰ ਮੈਨੂੰ ਉਸ ਕਸਾਈ ਦੀ ਦੁਕਾਨ ਦੇ ਬੜਾ ਅਜੀਬ ਜੇਹਾ ਫੀਲ ਹੁੰਦਾ ਰਹਿੰਦਾ - ਐੱਡੀ ਬਦਬੋ!!

ਬੜਾ ਮੀਟ ਖਾਦਾ, ਰੱਜ ਕੇ ਖਾਦਾ, ਪਰ ਮੱਛੀ ਅੰਮ੍ਰਿਤਸਰ ਸਾਡੇ ਘਰ ਸਰਦੀਆਂ ਵਿੱਚ ਹੀ ਬਣਦੀ ਸੀ, ਉਹ ਵੀ ਸਾਰੀਆਂ ਸਰਦੀਆਂ ਵਿਚ 2-4 ਵਾਰੀ ਹੀ, ਮੈਨੂੰ ਤੇ ਡਰ ਹੀ ਲੱਗਾ ਰਹਿੰਦਾ ਕਿ ਕਿਤੇ ਕੰਡਾ ਗਲੇ ਵਿਚ ਹੀ ਨਾ ਫੱਸ ਜਾਵੇ! ਮੱਛੀ ਨੂੰ ਮੈਂ ਤੇ ਐੱਡੇ ਡਰ ਨਾਲ ਫੇਹ ਫੇਹ ਕੇ ਦੇਖ ਦੇਖ ਕੇ ਖਾਂਦਾ ਕਿ ਕੰਡਾ ਲੱਭਦੇ ਲੱਭਦੇ ਖਾਣ ਤੋਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਕਚੂਮਬੜ ਕੱਢ ਦਿੰਦਾ! ਫੇਰ ਕਦੇ ਕਦੇ ਸਾਡੇ ਬਿਨਾ ਕੰਡਿਆਂ ਬਿਨਾ ਵਾਲੀ ਮੱਛੀ ਵੀ ਆਉਂਦੀ - ਫੇਰ ਵੀ ਉਸ ਨੂੰ ਖਾਂਦੇ ਡਰ ਤੇ ਲੱਗਦਾ ਹੀ ਸੀ - ਜੇਕਰ ਕਿਤੇ ਕੰਡਾ ਗਲੇ ਵਿੱਚ ਅੜ੍ਹ ਗਿਆ ਤਾਂ! ਕਦੇ ਜਦੋਂ ਬੰਬਈ ਆਪਣੇ ਚਾਚੇ ਦੇ ਘਰ ਜਾਣਾ ਤਾਂ ਓਥੇ ਬਿਨਾ ਕੰਡਿਆਂ ਵਾਲੀ ਮੱਛੀ ਖਾ ਕੇ ਨਜ਼ਾਰਾ ਆ ਜਾਂਦਾ! ਮੁਰਗੇ ਕੇ ਜ਼ਿਆਦਾ ਨਹੀਂ ਖਾਦੇ, ਮੈਨੂੰ ਨਹੀਂ ਪਤਾ ਉਸ ਦਾ ਕੀ ਕਾਰਣ ਸੀ - ਕੀ ਉਹ ਮਹਿੰਗੇ ਹੁੰਦੇ ਹੋਣਗੇ, ਜਾਂ ਘਰ ਵਿਚ ਉਹਨਾਂ ਨੂੰ ਕੋਈ ਪਸੰਦ ਹੀ ਨਹੀਂ ਸੀ ਕਰਦਾ, ਮੈਨੂੰ ਨਹੀਂ ਪਤਾ, ਸਾਲ ਵਿਚ 2-3 ਵਾਰ ਹੀ ਮੁਰਗਾ ਬਣਦਾ ਸੀ.

ਇੰਨੇ ਨਾਨ-ਵੇਜ ਦੇ ਸ਼ੌਕੀਨ ਲੋਕਾਂ ਵਿੱਚ ਜੰਮਿਆ ਪਲਿਆ ਮੈਂ - ਫੇਰ ਕਿਵੇਂ ਮੈਂ 25 ਸਾਲ ਤੋਂ ਮੀਟ ਨੂੰ ਹੱਥ ਨਹੀਂ ਲਾਇਆ - 1994 ਦੀ ਜੁਲਾਈ ਅਗਸਤ ਦੀ ਗੱਲ ਹੋਵੇਗੀ, ਮੈਂ ਤੇ ਮੇਰੀ ਘਰਦੀ ਬੰਬਈ  ਤੋਂ ਪੂਨੇ ਕਿਸੇ ਟ੍ਰੇਨਿੰਗ ਤੇ ਗਏ ਹੋਏ ਸੀ - ਅਸੀਂ ਰੈਸਟ ਹਾਊਸ ਵਿਚ ਰੋਟੀ ਖਾ ਖਾ ਕੇ ਬੋਰ ਹੋ ਗਏ ਤੇ ਇੱਕ ਦਿਨ ਅਸੀਂ ਰੋਟੀ ਖਾਣ ਇਕ ਹੋਟਲ ਵਿੱਚ ਚਲੇ ਗਏ! ਦੋਸਤੋ, ਮੈਨੂੰ ਅੱਜ ਤਕ ਨਹੀਂ ਪਤਾ ਲੱਗਾ ਕਿ ਉਸ ਦਿਨ ਉਸ ਹੋਟਲ ਵਾਲੇ ਨੇ ਸਾਨੂੰ ਕਾਹਦਾ ਮੀਟ ਖਵਾ ਦਿੱਤਾ - ਖਵਾ ਸਵਾਹ ਦਿੱਤਾ - ਉਹ ਤਾਂ ਸਾਡੇ ਦੋਵਾਂ ਕੋਲੋਂ ਚਿੱਥਿਆ ਹੀ ਨਾ ਜਾਵੇ - ਬਸ ਅਸੀਂ ਬਿਲ ਭਰ ਕੇ ਬਾਹਰ ਆ ਗਏ! ਬਾਅਦ ਵਿਚ ਬੜੇ ਲੋਕਾਂ ਨੂੰ ਇਹ ਗੱਲ ਸੁਣਾਈ - ਪਰ ਉਸ ਦਿਨ ਤੋਂ ਬਾਅਦ ਨਾ  ਮੈਂ ਤੇ ਨਾ ਹੀ ਮੇਰੀ ਬੀਵੀ ਨੇ ਕਦੇ ਮੀਟ ਖਾਦਾ, ਜੀ, ਬਿਲਕੁਲ ਕਦੇ ਨਹੀਂ! ਉਸ ਦਿਨ ਦਿਲ ਐਡਾ ਖ਼ਰਾਬ ਹੋਇਆ ਕਿ ਫੇਰ ਕਦੇ ਖਾਣ ਦਾ ਵਿਚਾਰ ਹੀ ਨਾ ਆਇਆ !!

ਵਾਪਿਸ ਮੁੜਣਾ ਹੀ ਪਉ ਬਾਈ ਮੈਨੂੰ ਖੱਸੀ ਬਕਰੇ ਵੱਲ!! ਹਾਂਜੀ, ਉਸ ਦਿਨ ਸਵੱਬ ਇੰਝ ਰਿਹਾ ਕਿ ਦੋ ਮਰੀਜ਼ਾਂ ਬਾਅਦ ਹੀ ਇਕ ਬਜ਼ੁਰਗ ਮੁਸਲਮਾਨ ਆ ਗਿਆ. ਉਸ ਦਾ ਕੰਮ ਕਰਣ ਤੋਂ ਬਾਅਦ ਮੈਂ ਉਸ ਕੋਲੋਂ ਪੁੱਛਿਆ ਕਿ ਬਕਰੇ ਨੂੰ ਖੱਸੀ ਕੀਤਾ ਜਾਂਦੈ? ਉਸ ਨੇ ਦੱਸਿਆ ਹਾਂ, ਇਸ ਨੂੰ ਬਦਿਆ ਕਰਨਾ ਵੀ ਆਖਦੇ ਨੇ (ਪੰਜਾਬੀ ਵਿੱਚ ਤੁਸੀਂ ਸਮਝੋ ਜਿਵੇਂ ਬੰਨ੍ਹ ਦੇਣਾ!!) - ਇਸ ਨਾਲ ਉਹ ਅੱਗੋਂ ਆਪਣੀ ਨਸਲ ਵਧਾਉਣ ਜੋਗਾ ਨਹੀਂ ਰਹਿੰਦਾ। ਉਸ ਨੇ ਇਹ ਵੀ ਦੱਸਿਆ ਕਿ ਅਜਿਹੇ ਖੱਸੀ ਕੀਤੇ ਬਕਰੇ ਦੀ ਹੀ ਅਸੀਂ ਬਕਰੀਦ ਤੇ ਬਲੀ ਦਿੰਦੇ ਹਾਂ, ਜਿਹੜਾ ਖੱਸੀ ਕੀਤਾ ਗਿਆ ਹੋਵੇ, ਬਿਲਕੁਲ ਸਾਫ-ਸੁਥਰਾ ਹੋਵੇ, ਸ਼ਰੀਰ ਵਿੱਚ ਕਿਤੇ ਵੀ ਵਿੰਗ-ਤੜਿੰਗ ਨਾ ਹੋਵੇ, ਅਜਿਹੇ ਬਕਰੇ ਦੀ ਹੀ ਸ਼ਹਾਦਤ ਕਬੂਲ ਹੁੰਦੀ ਹੈ! ਉਸ ਨੇ ਇਹ ਵੀ ਦੱਸਿਆ ਕਿ ਬਕਰੇ ਦੇ ਜੰਮਣ ਦੇ ਇਕ ਮਹੀਨੇ ਦੇ ਅੰਦਰ ਹੀ ਉਸਨੂੰ ਖੱਸੀ ਕਰ ਦਿੱਤਾ ਜਾਂਦੈ ਤੇ ਉਹ ਫੇਰ ਇਕ ਸਾਲ ਬਾਅਦ ਸ਼ਹਾਦਤ ਵਾਸਤੇ ਤਿਆਰ ਹੋ ਜਾਂਦੈ - ਬਿਲਕੁਲ ਸਾਫ ਸੁਥਰਾ, ਤਗੜਾ ਬਕਰਾ - ਬਲੀ ਦਾ ਬਕਰਾ ਬਣ ਜਾਂਦੈ!

ਮੈਂ ਚੁੱਪ ਹੋ ਗਿਆ - ਚੁੱਪ ਕੀ ਹੋ ਗਿਆ, ਮੇਰੀ ਤਾਂ ਜਨਾਬ ਬੋਲਤੀ ਬੰਦ ਹੋ ਗਈ !!

ਪੰਜਾਬੀ ਵੀਰਾਂ ਨੂੰ ਇਕ ਸੁਨੇਹਾ, ਅਗਾਂਹ ਤੋਂ ਹਾਸੇ ਮਜ਼ਾਕ ਵੇਲੇ ਖੱਸੀ ਲਫ਼ਜ਼ ਦੀ ਵਰਤੋਂ ਵੇਲੇ ਧਿਆਨ ਰੱਖਿਓ ਬਾਬੇਓ ਕਿ ਹਮੇਸ਼ਾ ਕੋਈ ਖੱਸੀ ਹੋ ਹੀ ਨਹੀਂ ਜਾਇਆ ਕਰਦਾ, ਕਦੇ ਕਦੇ ਕਿਸੇ ਨੂੰ ਖੱਸੀ ਕੀਤਾ ਵੀ ਜਾਂਦੈ, ਜਾਣਬੁੱਝ ਕੇ! ਚੰਗਾ ਜੀ, ਹੁਣ ਮੈਨੂੰ ਦੀਓ ਇਜਾਜ਼ਤ, ਫੇਰ ਮਿਲਦੇ ਹਾਂ, ਰਬ ਰਾਖਾ ਜੀ!!

ਪੋਸਟ ਵਿੱਚ ਜਦੋਂ ਕਲਕੱਤੇ ਦੀ ਮੱਛੀ ਦਾ ਜ਼ਿਕਰ ਆਇਆ ਤੇ ਮੇਰਾ ਦਿਮਾਗ ਏਧਰ ਲੱਗਾ ਹੋਇਆ ਸੀ - ਕਲਕੱਤੇਓ ਪੱਖੀ ਲਿਆ ਦੇ ਵੇ, ਝਲੂੰਗੀ ਸਾਰੀ ਰਾਤ - ਬਹੁਤ ਵਧੀਆ ਸਾਡੇ ਵੇਲੇ ਦਾ ਪੰਜਾਬੀ ਗੀਤ - ਸਾਡੇ ਵੇਲੇ ਦਾ ਹੀ ਨਹੀਂ, ਸਗੋਂ ਇਕ ਐਵਰਗ੍ਰੀਨ ਪੰਜਾਬੀ ਗੀਤ -

Tuesday 15 October 2019

"ਮੈਂ ਕੈਪਸੂਲ ਦੇ ਦੋ ਹਿੱਸੇ ਕਰ ਕੇ ਲੈ ਲਵਾਂਗਾ!"

"ਮੈਂ ਕੈਪਸੂਲ ਦੇ ਦੋ ਹਿੱਸੇ ਕਰ ਕੇ ਲੈ ਲਵਾਂਗਾ!"- ਮੇਰੇ ਇੱਕ ਬਜ਼ੁਰਗ ਮਰੀਜ ਨੇ ਜਦੋਂ ਇਹ ਕਿਹਾ, ਮੇਰੇ ਕੰਨ ਤਾਂ ਖੜੇ ਹੋਣੇ ਹੀ ਸੀ.

"ਉਹ ਕਿਵੇਂ, ਬਾਊਜੀ ?"- ਮੈਨੂੰ ਵੀ ਇਹ ਜਾਣਨ ਦੀ ਕਾਹਲੀ ਸੀ.

"ਕੁਝ ਨਹੀਂ, ਡਾਕਟਰ ਸਾਬ, ਮੈਂ ਬਸ ਕੈਪਸੂਲ ਨੇ ਖੋਲ ਲੈਂਦਾ ਹਾਂ ਤੇ ਉਸ ਦੇ ਅੰਦਰ ਜਿਹੜੀ ਦਵਾਈ ਦਾ ਪਾਊਡਰ ਹੁੰਦੈ, ਉਸ ਨੂੰ ਦੋ ਹਿੱਸਿਆਂ ਚ' ਵੰਡ ਲੈਂਦਾਂ ਆਂ!"

"ਤੇ ਉਸ ਕੈਪਸੂਲ ਦੇ ਖਾਲੀ ਖੋਖੇ ਦਾ ਕਿ ਕਰਦੇ ਓ ?"

"ਓਹਦਾ ਕੀ ਕਰਣੈ, ਜਦੋਂ ਦਵਾਈ ਹੀ ਵਿਚੋਂ ਕੱਢ ਲਈ ਤੇ ਓਹਨੂੰ ਸੁੱਟ ਦੇਈਦੈ, ਜਨਾਬ!"

ਇਸ ਮਰੀਜ ਨੂੰ ਮੂੰਹ ਤੇ ਸੱਟ ਲੱਗੀ ਸੀ, ਇਸ ਕਰਕੇ ਉਸਦੀ ਬਾਚੀ ਪੂਰੀ ਨਹੀਂ ਸੀ ਖੁਲਦੀ, ਮੈਨੂੰ ਲੱਗਾ ਕਿ ਸ਼ਾਇਦ ਇਸ ਨੇ ਕੈਪਸੂਲ ਲੈਣ ਦੀ ਇਹ ਕਾਢ ਇਸੇ ਲਈ ਕੱਢੀ ਹੋਵੇ। ਇਸ ਕਰਕੇ ਮੇਰੇ ਕੋਲੋਂ ਇਹ ਪੁਛਿਓਂ ਰਹਿ ਨਾ ਹੋਇਆ ਕਿ ਪਹਿਲਾਂ ਵੀ ਕੋਈ ਕੈਪਸੂਲ ਇੰਝ ਹੀ ਅੱਧਾ ਕਰ ਕੇ ਲੈਂਦੇ ਹੋ ?

"ਹਾਂ ਜੀ, ਹਾਂ ਜੀ, ਕਈ ਵਾਰੀ ਇੰਝ ਹੀ ਕਰਦਾਂ, ਸਵੇਰੇ ਖਾਲੀ ਪੇਟ ਖਾਣ ਵਾਲੀ ਗੈਸ ਦੀ ਦਵਾਈ ਦਾ ਕੈਪਸੂਲ ਵੀ ਮੈਂ ਇੰਝ ਹੀ ਅੱਧਾ ਅੱਧਾ ਕਰ ਕੇ ਲੈਂਦਾ ਹਾਂ! " - ਉਹ ਕਰਮਾਂਵਾਲਾ ਆਖ਼ਦੈ।

ਚਲੋ ਜੀ, ਇਸ ਨੂੰ ਤਾਂ ਮੈਂ ਸਮਝਾ ਦਿੱਤਾ , ਤੁਹਾਡੇ ਨਾਲ ਗੱਲ ਬਾਅਦ ਚ' ਕਰਦਾਂ! ਇਸ ਤਰ੍ਹਾਂ ਦੀਆਂ ਗੱਲਾਂ ਤੇ ਕਦੇ ਕਦੇ ਮੇਰੇ ਕੰਨੀਂ ਪੈ ਹੀ ਜਾਂਦੀਆਂ ਸਨ ਕਿ ਕਿਸੇ ਨੇ ਕੈਪਸੂਲ ਦੇ ਸਾਈਜ਼ ਤੋਂ ਡਰ ਕੇ ਉਸ ਨੂੰ ਸਬੂਤਾ ਨਹੀਂ ਖਾਦਾ, ਉਸ ਨੂੰ ਖੋਲ ਕੇ ਵਿਚੋਂ ਦਵਾਈ ਕੱਢ ਕੇ ਉਸ ਨੂੰ ਪਾਣੀ ਨਾਲ ਪੀ ਲਿਆ, ਇਹ ਵੀ ਗ਼ਲਤ ਹੈ, ਦਵਾਈ ਨੂੰ ਸਵਾ ਕਰਨ ਵਾਲੀ ਗੱਲ ਹੈ ਪੱਕਾ!!

ਇਹ ਤੇ ਹੋ ਗਈ ਜੀ ਕੈਪਸੂਲ ਨੂੰ ਅੱਧਾ ਕਰ ਕੇ ਲੈਣ ਵਾਲੀ ਗੱਲ - ਹੁਣ ਕੁਝ ਹੋਰ ਗੱਲਾਂ ਵੀ ਸੁਣੋ। ਲੋਕਾਂ ਨੂੰ ਲਗਦੈ ਜਿਹੜਾ ਕੈਪਸੂਲ ਸਾਈਜ਼ ਵਿੱਚ ਵੱਡਾ ਹੈ, ਉਹ ਗਰਮ ਹੋਵੇਗਾ, ਇਸ ਲਈ ਜੇ ਅੱਠਾਂ ਅੱਠਾਂ ਘੰਟਿਆਂ ਬਾਅਦ ਡਾਕਟਰ ਖਾਣ ਨੂੰ ਕਹਿੰਦੈ ਤਾਂ ਓਹ ਬਾਰੀਂ ਘੰਟੇ ਲੈਂਦੇ ਹਨ, ਆਪਣੀ ਮਰਜ਼ੀ ਨਾਲ ਹੀ.

ਹੋਰ ਗੱਲ, ਅਨੇਕਾਂ ਸ਼ਾਰੀਰਿਕ ਤਕਲੀਫ਼ਾਂ ਦੀਆਂ ਦਵਾਈਆਂ ਆਪੇ ਹੀ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਆਪੇ ਹੀ ਬੰਦ ਕਰ ਦਿੰਦੇ ਨੇ....ਕੁਝ ਥੋੜੀਆਂ ਅੱਧੀਆਂ ਪੱਚਦੀਆਂ ਡਾਕਟਰ ਦੀ ਸਲਾਹ ਵਾਲੀਆਂ ਤੇ ਕੁਝ ਕੁਝ ਦੇਸੀ ਪੂੜੀਆਂ, ਇੰਝ ਗੱਲ ਨਹੀਂ ਬਣਦੀ, ਆਰਾਮ ਤੇ ਹੋਣਾ ਦੂਰ, ਰੋਗ ਨੂੰ ਵਧਾਵਾ ਦੇਣ ਵਾਲੀ ਗੱਲ ਹੈ ਇਹ ਤਾਂ.

ਇਕ ਗੱਲ ਹੋਰ ਚੇਤੇ ਆ ਰਹੀ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਕਦੇ ਕਦੇ ਸਾਡੇ ਕੋਲੇ ਮਰੀਜ ਇਸ ਤਰ੍ਹਾਂ ਦੇ ਬੜੇ ਆਉਂਦੇ ਸੀ ਕਿ ਦੰਦ ਵਿਚ ਦਰਦ ਸੀ, ਉਸ ਉੱਤੇ ਦਵਾਈ ਲਾਈ ਤੇ ਮੂੰਹ ਹੀ ਸਾਰਾ ਸੜ ਗਿਆ- ਸਾਨੂੰ ਸਮਝ ਆ ਜਾਉਂਦੀ ਸੀ ਕਿ ਇਸ ਨੇ ਐਸਪਰੀਨ ਦੀ ਦਰਦ ਵਾਲੀ ਗੋਲੀ ਨੂੰ ਪੀਹ ਕੇ ਮੂੰਹ ਵਿਚ ਰੱਖ ਦਿੱਤਾ ਹੋਣੈ ! ਕਈਂ ਲੋਕੀਂ ਆਪਣੀ ਸਮਝ ਦੇ ਘੋੜੇ ਦੌੜਾ ਕੇ ਐਸਪਰੀਨ ਦੀ ਗੋਲੀ ਦਾ ਪਾਊਡਰ ਦਰਦ ਕਰਦੇ ਦੰਦ ਕੋਲ ਰੱਖ ਦਿੰਦੇ ਹਨ, ਦੰਦ ਦਰਦ ਤੇ ਦੂਰ ਹੋਣੋ ਰਿਹਾ, ਸਗੋਂ ਮੂੰਹ ਦੇ ਅੰਦਰਲੀ ਚਮੜੀ ਸੜਨ ਕਰਕੇ ਵੱਡਾ ਜੇਹਾ ਜ਼ਖਮ ਹੋ ਜਾਂਦੈ ਜਿਸ ਨੂੰ ਠੀਕ ਕਰਨ ਕਰਨ ਲਈ ਦਿਨ ਦਵਾਈਆਂ ਖਾਣੀਆਂ ਤੇ ਲਾਉਣੀਆਂ ਪੈਂਦੀਆਂ ਨੇ.

ਅੱਛਾ ਹੁਣ ਕੁਝ ਗੱਲਾਂ ਜਿਹੜੀਆਂ ਇੱਥੇ ਲਿਖਣੀਆਂ ਜ਼ਰੂਰੀ ਨੇ -

ਆਪਣੇ ਡਾਕਟਰ ਤੇ ਵਿਸ਼ਵਾਸ ਰੱਖੋ, ਵੈਸੇ ਵੀ ਵਿਸ਼ਵਾਸ ਰੱਖਣ ਵਾਲਿਆਂ ਦੇ ਹੀ ਬੇੜੇ ਪਾਰ ਹੁੰਦੇ ਨੇ- ਤੁਸੀਂ ਕੰਮੈਂਟ ਵਿੱਚ ਜੋ ਦਿਲ ਆਵੇ ਲਿੱਖ ਲਇਓ , ਪਰ ਜੋ ਸਚਾਈ ਹੈ ਉਹ ਸਚਾਈ ਹੀ ਹੈ !!

ਤੁਸੀਂ ਦੇਖਿਆ ਹੋਣੈ ਕਿ ਕਈ ਦਵਾਈਆਂ ਗੋਲੀਆਂ ਦੀ ਸ਼ਕਲ ਵਿੱਚ ਮਿਲਦੀਆਂ ਨੇ ਤੇ ਕੁਝ ਕੈਪਸੂਲਾਂ ਦੀ ਸ਼ਕਲ ਵਿੱਚ - ਕੁਝ ਕੈਪਸੂਲ ਅਜਿਹੇ ਵੀ ਹੁੰਦੇ ਨੇ ਜਿਹੜੇ ਟਾਇਲਟ ਦੇ ਰਸਤੇ ਥਾਣੀ ਅੰਦਰ ਰੱਖਣੇ ਹੁੰਦੇ ਨੇ, ਜਿੰਨਾ ਨੂੰ ਸੁਪੋਸਿਟੋਰੀ (suppository - ਗੂਗਲ ਕਰ ਵੇਖੋ!) ਆਖਦੇ ਨੇ.

ਇਕ ਗੱਲ ਹਰ ਇੰਸਾਨ ਨੂੰ ਪੱਲੇ ਬੰਨ੍ਹ ਕੇ ਘੁੱਟ ਕੇ ਗੰਢ ਮਾਰਣ ਦੀ ਲੋੜ ਹੈ -  ਜਿਹੜਾ ਪੜ੍ਹਿਆ ਲਿਖਿਆ ਡਾਕਟਰ ਹੈ ਉਸ ਨੂੰ ਹੀ ਪਤਾ ਹੈ ਜਿਹੜਾ ਮਰੀਜ ਉਸ ਸਾਮਣੇ ਬੈਠਿਆ ਜਾਂ ਲੰਮਾ ਪਿਆ ਹੈ, ਉਸ ਨੂੰ ਦਵਾਈ ਕਿਵੇਂ ਦੇਣੀ ਹੈ, ਕਿੰਨੀ ਮਿਕਦਾਰ ਵਿੱਚ ਦੇਣੀ ਹੈ - ਓਹ ਇਸ ਕੰਮ ਕਰ ਕਰ ਕੇ ਘਿੱਸ ਚੁਕਿਆ ਹੁੰਦਾ ਹੈ - ਉਸਦੀਆਂ ਪਾਰਖੀ ਨਜ਼ਰਾਂ ਮਰੀਜ਼ ਤੇ ਨਜ਼ਰ ਮਾਰਦਿਆਂ ਹੀ ਉਸ ਦੀ ਸਿਹਤ ਬਾਰੇ ਮੋਟਾ ਮੋਟਾ ਪਤਾ ਲੈ ਲੈਂਦੀਆਂ ਨੇ, ਉਸ ਦਾ ਭਾਰ ਅਤੇ ਹੋਰ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਸ ਦੀ ਦਿੱਤੀ ਜਾਣ ਵਾਲੀ ਦਵਾਈ ਤੇ ਉਸਦੀ ਡੋਜ਼ (ਖੁਰਾਕ) ਓਹ ਮਿਥਦਾ ਹੈ.

ਦਵਾਈ ਵਾਲੀ ਗੋਲੀ ਦੇਣੀ ਹੈ ਜਾਂ ਕੈਪਸੂਲ ?
ਖਾਣ ਵਾਲੀ ਦਵਾਈ ਜਾਂ ਪੀਣ ਵਾਲੀ ਦਵਾਈ ? 
ਖਾਣ ਵਾਲੀ ਦਵਾਈ ਜਾਂ ਟੀਕਾ?
ਟੀਕਾ ਚਮੜੀ ਵਿਚ, ਚਮੜੀ ਦੇ ਥੱਲੇ, ਮਾਸਪੇਸ਼ੀ ਵਿਚ, ਮਾਸਪੇਸ਼ੀ ਦੀ ਡੂੰਘਿਆਈ ਵਿਚ ਜਾ ਕੇ ਜਾਂ ਖੂਨ ਦੀ ਨਾੜੀ ਵਿਚ ਸਿੱਧਾ ਹੀ ਦਵਾਈ ਨੂੰ ਪਹੁੰਚਾਣਾ ਹੈ, ਡਾਕਟਰ ਨੇ ਇਹ ਫੈਸਲਾ ਵੀ ਕਰਨਾ ਹੁੰਦੈ। 

ਇਹ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ, ਇਸ ਟੌਪਿਕ ਨੂੰ ਕਹਿੰਦੇ ਨੇ Routes of Drug Administration - ਦਵਾਈ ਦੇਣ ਦੇ ਵੱਖ ਵੱਖ ਰਸਤੇ (ਜ਼ਰੀਏ)!

ਅੱਛਾ ਡਾਕਟਰ ਜਦੋਂ ਕਿਸੇ ਦਵਾਈ ਨੂੰ ਮੂੰਹ ਰਾਹੀਂ ਖਾਣ ਲਈ ਜਾਂ ਟੀਕੇ ਦੇ ਰੂਪ ਵਿੱਚ ਦਿੰਦਾ ਹੈ ਤਾਂ ਇਸ ਦਾ ਫੈਸਲਾ ਉਹ ਇਸ ਅਧਾਰ ਤੇ ਕਰਦੈ ਕਿ ਕਿੰਨ੍ਹੇ ਚਿਰ ਤੱਕ ਦਵਾਈ ਦਾ ਅਸਰ ਮਰੀਜ ਦੇ ਸ਼ਰੀਰ ਵਿਚ ਹੋ ਜਾਣਾ ਚਾਹੀਦੈ। ਮੂੰਹ ਥਾਂਣੀ ਲੈਣ ਵਾਲੀਆਂ 30-40 ਮਿੰਟ ਲੈਂਦੀਆਂ ਨੇ , ਜੱਦ ਕਿ ਟੀਕਾ ਗੋਲੀ ਦੇ ਮੁਕਾਬਲੇ ਕਾਫੀ ਜਲਦੀ ਅਸਰ ਸ਼ੁਰੂ ਕਰ ਦਿੰਦੈ - ਇੱਥੇ ਵੀ ਡਾਕਟਰ ਦਾ ਤਜੁਰਬਾ ਹੀ ਕੰਮ ਆਉਂਦੈ - ਜੇਕਰ ਦਵਾਈ ਦਾ ਅਸਰ ਤੁਰੰਤ ਚਾਹੀਦਾ ਹੁੰਦੈ ਤਾਂ ਸਿੱਧਾ ਖੂਨ ਦੀ ਨਾੜੀ ਵਿਚ ਟੀਕਾ ਦਿੱਤਾ ਜਾਂਦੈ ਜਿੰਨੂ IV Injection ਵੀ ਆਖਦੇ ਨੇ, ਯਾਨੀ ਇੰਟਰਾਵੀਨਸ ਟੀਕਾ!

ਜਦੋਂ ਕਿਸੇ ਨੂੰ ਉਲਟੀਆਂ ਲੱਗੀਆਂ ਹੋਣ - ਇਕ ਤੋਂ ਬਾਅਦ ਇਕ, ਫੇਰ ਉਸ ਨੂੰ ਉਲਟੀ ਦੀ ਦਵਾਈ ਵੀ ਜੇ ਦਿੰਦੇ ਨੇ ਤਾਂ ਉਹ ਵੀ ਉਲਟੀ ਰਾਹੀਂ ਬਾਹਰ ਨਿਕਲ ਜਾਂਦੀ ਹੈ - ਇਸ ਲਈ ਅਕਸਰ ਡਾਕਟਰ ਉਸ ਨੂੰ ਦਵਾਈ ਦਾ ਟੀਕਾ ਲਗਵਾਉਣ ਲਈ ਕਹਿੰਦੈ!!

ਇੱਕ ਗੱਲ ਹੋਰ ਬੜੀ ਜ਼ਰੂਰੀ ਇਹ ਹੈ  ਕਿ ਕੁਝ ਦਵਾਈਆਂ ਨੂੰ ਦੇਣ ਦਾ ਰੂਟ ਵੀ ਕੰਪਨੀ ਵੱਲੋਂ ਹੀ ਮਿਥਿਆ ਹੁੰਦੈ - ਉਹ ਡਾਕਟਰ ਦੇ ਹੱਥ ਚ' ਨਹੀਂ ਹੁੰਦਾ ਕਿ ਉਹ ਆਪਣੀ ਮਰਜ਼ੀ ਨਾਲ ਉਸ ਨੂੰ ਬਦਲ ਸਕੇ - ਜਿਵੇਂ ਕਈਂ ਟੀਕੇ ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਨੇ, ਤੇ ਕੁਝ ਬਿਮਾਰੀਆਂ ਦੇ ਤੋਂ ਬਚਣ ਵਾਲੇ ਟੀਕੇ ਖੱਲ ਦੇ ਵਿੱਚ ਤੇ ਕੁਝ ਖੱਲ ਦੇ ਥੱਲੇ ਲਾਏ ਜਾਂਦੇ ਨੇ, ਕੁੱਝ ਨੂੰ ਮਾਸਪੇਸ਼ੀ ਵਿੱਚ ਲਾਇਆ ਜਾਂਦੈ! ਜੇਕਰ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ ਜਾਵੇਗਾ ਤਾਂ ਦਵਾਈ ਦਾ ਕਈ ਵਾਰ ਕੋਈ ਅਸਰ ਹੀ ਨਹੀੰ ਹੁੰਦਾ!

ਗੱਲਾਂ ਤੇ ਕਾਫੀ ਹੋ ਗਈਆਂ ਨੇ, ਪਰ ਓਹ ਗੱਲ ਤੇ ਵਿੱਚੇ ਰਹਿ ਗਈ ਜਿਥੋਂ ਅਸੀਂ ਆਪਣੀ ਗੱਲ ਸ਼ੁਰੂ ਕੀਤੀ ਸੀ ਕਿ ਕਿਵੇਂ ਮੇਰਾ ਇਕ ਮਰੀਜ਼ ਮੈਨੂੰ ਦੱਸਦੈ ਕਿ ਉਹ ਤੇ ਕੈਪਸੂਲ ਨੂੰ ਵੀ ਅੱਧਾ ਅੱਧਾ ਕਰ ਕੇ ਲੈ ਲੈਂਦੈ!!

ਸਵਾਲ ਹੁਣ ਇਹ ਹੈ ਕਿ ਕਿਓਂ ਕੁਝ ਦਵਾਈਆਂ ਗੋਲੀਆਂ (ਟੈਬਲੇਟ) ਦੀ ਸ਼ਕਲ ਵਿੱਚ ਹੁੰਦੀਆਂ ਨੇ ਤੇ ਕੁਝ ਕੈਪਸੂਲ ਦੀ ਸ਼ਕਲ ਵਿੱਚ ?
ਕੀ ਇਹ ਬਸ ਇਕ ਫੈਸ਼ਨ ਹੈ ? ਇਹ ਦਵਾਈ ਦੀ ਖੂਬਸੂਰਤੀ ਵਧਾਉਣ ਲਈ ਕੀਤਾ ਜਾਂਦੈ? 

ਨਹੀਂ, ਨਹੀਂ, ਅਜੇਹੀ ਕੋਈ ਗੱਲ ਨਹੀਂ ਹੈ. ਕਿਸੇ ਦਵਾਈ ਨੂੰ ਕੈਪਸੂਲ ਦੀ ਸ਼ਕਲ ਵਿਚ ਤਿਆਰ ਕਰਨਾ ਇਸ ਲਈ ਜ਼ਰੂਰੀ ਹੁੰਦੈ ਤਾਂ ਜੋ ਉਹ ਢਿੱਡ (stomach) ਦੇ ਐਸਿਡ ਤੋਂ ਆਪਣੇ ਆਪ ਨੂੰ ਬਚਦੀ ਬਚਾਉਂਦੀ ਅੱਗੇ ਆਂਤੜੀਆਂ ਦੇ ਅਗਲੇ ਹਿੱਸੇ ਵਿਚ ਪੁੱਜ ਜਾਵੇ!

ਗੱਲ ਪੱਲੇ ਨਹੀਂ ਪਈ ? ਕੋਈ ਗੱਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ !! 

ਗੱਲ ਇੰਝ ਹੈ ਕਿ ਕੁਝ ਦਵਾਈਆਂ ਜਿਹੜੀਆਂ ਢਿੱਡ ਵਿੱਚ ਜਾ ਕੇ ਘੁਲਣੀਆਂ ਹੁੰਦੀਆਂ ਨੇ ਓਹਨਾ ਨੂੰ ਟੈਬਲੇਟ (ਗੋਲੀ) ਦੀ ਸ਼ਕਲ ਵਿੱਚ ਲਿਆ ਜਾਂਦੈ - ਜਿਥੇ ਜਾ ਕੇ ਉਹ ਘੁਲਦੀਆਂ ਨੇ ਤੇ ਫੇਰ ਸ਼ਰੀਰ ਵਿਚ ਜਜ਼ਬ ਹੋ ਜਾਂਦੀਆਂ ਨੇ।  ਪਰ ਕੁਝ ਦਵਾਈਆਂ ਦੇ ਸਾਲਟ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਅਸੀਂ ਢਿੱਡ ਦੇ ਐਸਿਡ ਤੋਂ ਬਚਾਉਣਾ ਹੁੰਦੈ ਤੇ ਟੀਚਾ ਇਹ ਹੁੰਦੈ ਕਿ ਉਹ ਢਿੱਡ ਤੋਂ ਸਬੂਤੇ ਅੱਗੇ ਲੰਘ ਕੇ ਆਂਤੜੀਆਂ ਦੇ ਅਗਲੇ ਹਿੱਸੇ ਵਿਚ ਜਾ ਕੇ ਘੁਲਣ - ਅਜਿਹੀਆਂ ਦਵਾਈਆਂ ਢਿੱਡ ਤੋਂ ਬੱਚ ਕੇ ਅੱਗੇ ਪਹੁੰਚ ਕੇ ਹੀ ਜਦੋਂ ਘੁਲਦੀਆਂ ਨੇ, ਓਦੋਂ ਹੀ ਓਹ ਸ਼ਰੀਰ ਵਿਚ ਲੌੜੀਂਦਾ ਅਸਰ ਕਰ ਸਕਦੀਆਂ ਨੇ!

ਜਿਵੇਂ ਉਹ ਮੇਰਾ ਮਰੀਜ ਕਰ ਰਿਹਾ ਸੀ ਆਪਣੀ ਅਕਲ ਲਾ ਕੇ, ਉਹ ਇਸ ਦਵਾਈ ਨੂੰ ਤੇ ਆਪਣੇ ਪੈਸੇ ਨੂੰ ਮਿੱਟੀ ਕਰ ਰਿਹਾ ਸੀ - ਅੱਛਾ ਇੱਕ ਗੱਲ ਹੋਰ ਤਾਂ ਕਰਨੋ ਰਹਿ ਹੀ ਗਈ ਕਿ ਅਸੀਂ ਇਹ ਚਾਹੁੰਦੇ ਤਾਂ ਹਾਂ ਕਿ ਢਿੱਡ ਦੇ ਐਸਿਡ ਤੋਂ ਬੱਚ ਕੇ ਦਵਾਈ ਅੱਗੇ ਲੰਘ ਜਾਵੇ!

ਪਰ ਇਹ ਹੋਵੇਗਾ ਕਿਵੇਂ ? ਕੋਈ ਜਾਦੂ ਇਹ ਕੰਮ ਕਰ ਦੇਵੇਗਾ ਜਾਂ ਕੋਈ ਫਾਂਡਾ ? 

ਨਹੀਂ, ਇਸ ਲਈ ਹੀ ਦਵਾਈ ਨੂੰ ਜਾਂ ਤੇ ਇਕ ਕੈਪਸੂਲ ਵਿਚ ਭਰਿਆ ਜਾਂਦੈ (ਜਿਹੜਾ ਜੈਲਾਟੀਨ ਦਾ ਬਣਿਆ ਹੁੰਦੈ) ਜਿਸ ਉੱਤੇ  ਢਿੱਡ ਦੇ ਐਸਿਡ ਦਾ ਕੋਈ ਅਸਰ ਨਹੀਂ ਹੁੰਦਾ ਜਾਂ ਫੇਰ ਉਸ ਗੋਲੀ ਉੱਤੇ ਇਕ ਕੋਟਿੰਗ ਲਾ ਦਿੱਤੀ ਜਾਂਦੀ ਏ ਜਿਸ ਨੂੰ Enteric-coated Tablet ਕਹਿੰਦੇ ਨੇ ਤੇ ਓਹ ਵੀ ਇਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਉਹ ਵੀ ਢਿੱਡ ਤੋਂ ਸਬੂਤੀ ਅੱਗੇ ਲੰਘ ਜਾਵੇ ਤੇ ਅੱਗੇ ਜਾ ਕੇ ਘੁਲ ਕੇ ਢੁਕਵਾਂ ਅਸਰ ਪੈਦਾ ਕਰ ਸਕੇ।

ਇਕ ਗੱਲ ਹੋਰ ਧਿਆਨ ਚ' ਰੱਖਿਆ ਕਰੋ - ਦਵਾਈ ਕਦੇ ਵੀ ਚੰਗੀ ਕੰਪਨੀ ਦੀ ਲਿਆ ਕਰੋ ਜਿਹੜੀ ਪੈਕਿੰਗ ਵਿਚ ਆਉਂਦੀ ਹੋਵੇ, ਤੇ ਹਮੇਸ਼ਾ ਉਸ ਦਾ ਬਿੱਲ ਵੀ ਲੈਣਾ ਜ਼ਰੂਰੀ ਹੈ - ਘਟਿਆ ਤੇ ਮਿਲਾਵਟੀ ਦਵਾਈਆਂ ਨੇ ਨੱਥ ਪਾਉਣ ਦਾ ਇਹ ਇਕ ਸੌਖਾ ਤਰੀਕਾ ਹੈ ਜਿਹੜਾ ਤੁਸੀਂ ਕਰ ਸਕਦੇ ਹੋ, ਬਾਕੀ ਸਰਕਾਰਾਂ ਤੇ ਆਪਣਾ ਕੰਮ ਕਰ ਹੀ ਰਹੀਆਂ ਜੇ, ਜਿਸ ਤੋਂ ਤੁਸੀਂ ਸਾਰੇ ਜਾਣੂ ਹੀ ਹੋ!!

ਖੁੱਲੇ ਕੈਪਸੂਲਾਂ ਤੋਂ ਧਿਆਨ ਆਇਆ - ਬਚਪਨ ਦੇ ਦਿਨਾਂ ਦੀ ਗੱਲ ਹੀ - ਸਾਡਾ ਯਾਰ ਸੀ ਕਾਲਾ - ਅਸੀਂ ਸਾਰੇ ਇਕੱਠੇ ਹੀ ਖੇਡਣਾ ਹੁੰਦਾ ਸੀ - ਉਹ ਕਈ ਵਾਰੀ ਬੜਾ ਦੇਰ ਨਾਲ ਆਉਂਦਾ ਸੀ - ਜਦੋਂ ਉਸ ਕੋਲੋਂ ਪੁੱਛੋਂ ਹਾਂ ਬਈ ਕਾਲੇ ਅੱਜ ਫੇਰ ਐਨੀ ਦੇਰ! ਉਹ ਕਹਿੰਦਾ - ਕੁਝ ਨਹੀਂ ਯਾਰ, ਅੱਜ ਦਾਰ ਜੀ ਨੇ ਕੈਪਸੂਲ ਭਰਨ ਤੇ ਲਾ ਦਿੱਤਾ, ਉੱਠਣ ਹੀ ਨਹੀਂ ਦਿੱਤਾ।

ਇਹ ਕੈਪਸੂਲ ਭਰਨ ਵਾਲਾ ਕੰਮ ਆਖਿਰ ਹੈ ਕੀ ਸੀ ? 

ਜਦੋਂ ਅਸੀਂ ਵੱਡੇ ਹੋਏ ਤਾਂ ਸਾਨੂੰ ਪਤਾ ਲੱਗਾ ਕਾਲੇ ਦੇ ਦਾਰ ਜੀ ਬਜ਼ਾਰੋਂ 20-25 ਰੁਪਈਏ ਦੇ ਹਜ਼ਾਰ ਖਾਲੀ ਕੈਪਸੂਲਾਂ ਦੇ ਖੋਲ ਲੈ ਕੇ ਆਉਂਦੇ ਨੇ ਤੇ ਫੇਰ ਕਾਲੇ ਨੂੰ ਨਾਲ ਬਿਠਾ ਕੇ ਉਹਨਾਂ ਕੈਪਸੂਲਾਂ ਵਿੱਚ ਮਿੱਠਾ ਸੋਡਾ ਤੇ ਬੂਰਾ ਸ਼ੱਕਰ ਭਰਦੇ ਨੇ - ਉਹ ਇਕ ਆਰ.ਐੱਮ.ਪੀ ਡਾਕਟਰ ਵੱਜੋਂ ਨਾਲ ਦੇ ਪਿੰਡਾਂ ਵਿੱਚ ਜਾ ਜਾ ਕੇ ਸੇਵਾ (ਇਹ ਕਿਹੜੀ ਸੇਵਾ ਵਰਗੀ ਸੇਵਾ ਹੋਈ!!) ਕਰਦੇ ਸਨ, ਬੜੇ ਹੀ ਮਜ਼ਾਕੀਆ ਸਨ, ਹੱਸਦੇ ਹੱਸਦੇ ਸਾਡੇ ਨਾਲ ਗੱਲਾਂ ਕਰਦੇ - ਸਾਨੂੰ ਦੱਸਿਆ ਕਰਦੇ ਕਿ ਮਰੀਜ ਮੇਰੇ ਅਜਿਹੇ ਨੇ-  ਬਿਲਕੁਲ ਚਿੱਟੇ ਅਨਪੜ੍ਹ - ਜਿੰਨੂ ਵੇਖੋ, ਸਾਨੂੰ ਕੈਪਸੂਲ ਦਿਓ , ਸਾਨੂੰ ਕੈਪਸੂਲ ਦਿਓ - ਇਸ ਕਰ ਕੇ ਮੈਂ ਡੱਬਾ ਭਰ ਕੇ ਰੱਖਦਾ ਹਾਂ - ਤਾਂ ਜੋ ਕਿਸੇ ਵੀ "ਲੋੜਵੰਦ" ਦਾ ਮੱਥਾ ਡੰਮ ਸਕਾਂ ਤੇ ਉਹਨਾਂ ਨੂੰ ਕੋਈ ਨੁਕਸਾਨ ਵੀ ਨਾ ਹੋਵੇ - ਬਸ ਮਿੱਠੇ ਸੋਡੇ ਨਾਲ ਹਾਜ਼ਮਾ ਉਹਨਾਂ ਦਾ ਹੋਰ ਠੀਕ ਹੋ ਜਾਉ, ਇਹ ਕਹਿ ਕੇ ਉਹ ਖਿੜ ਖਿੜ ਕਰ ਕੇ ਹੱਸਣ ਲੱਗ ਪੈਂਦੇ!!

ਦਵਾਈਆਂ ਲੈਣ ਦੇ ਹੋਰ ਰਸਤੇ 

ਅੱਛਾ ਇਕ ਹੋਰ ਗੱਲ ਵੀ ਸਾਂਝੀ ਕਰਨੀ ਜ਼ਰੂਰੀ ਹੈ ਕਿ ਦਵਾਈਆਂ ਤਾਂ ਹੋਰ ਵੀ ਰਸਤਿਆਂ ਰਾਹੀਂ ਸ਼ਰੀਰ ਵਿਚ ਘੱਲੀਆਂ ਜਾਂਦੀਆਂ ਨੇ - ਮਿਸਾਲ ਤੇ ਤੌਰ ਤੇ ਤੁਸੀਂ ਵੇਖਿਆ ਹੋਣੈ ਕਿ ਜਿਹੜੇ ਲੋਕੀਂ ਨਸਵਾਰ ਦੇ ਆਦਿ ਹੁੰਦੇ ਨੇ ਉਹ ਕਿਵੇਂ ਨਾਸਾਂ ਰਾਹੀਂ ਨਸਵਾਰ ਚਾੜ ਕੇ ਆਪਣਾ ਅਮਲ ਪੂਰਾ ਕਰ ਲੈਂਦੇ ਨੇ - ਇਹ ਤੇ ਕੋਈ ਚੰਗੀ ਉਦਾਹਰਣ ਨਹੀਂ ਸੀ, ਇਹ ਤੇ ਜ਼ਹਿਰ ਸੁੰਘ ਕੇ ਆਪਣੀ ਜ਼ਿੰਦਗੀ ਨਾਲ ਖੇਡਣ ਵਾਲੀ ਗੱਲ ਹੋ ਗਈ - ਪਰ ਤੁਸੀਂ ਇਹ ਤੇ ਦੇਖਿਆ ਹੀ ਹੋਣੈ ਕਿ ਜਿਹੜੇ ਲੋਕਾਂ ਨੂੰ ਦਮੇ ਦੀ ਬਿਮਾਰੀ ਹੁੰਦੀ ਏ, ਉਹ ਕਿਵੇਂ ਪੰਪ ਰਾਹੀਂ ਲੌੜੀਂਦੀ ਦਵਾਈ ਸਾਹ ਨਾਲ ਅੰਦਰ ਖਿੱਚਦੇ ਨੇ ਤੇ ਓਸੇ ਵੇਲੇ ਦਮੇ ਦੇ ਅਟੈਕ ਤੋਂ ਆਰਾਮ ਪਾ ਲੈਂਦੇ ਨੇ. ਅੱਜ ਕਲ ਤਾਂ ਸ਼ੁਗਰ ਦੇ ਰੋਗੀਆਂ ਲਈ ਸੁੰਘਣ ਵਾਲੀ ਦਵਾਈ (ਇਨਸੁਲਿਨ) ਤੇ ਵੀ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹੈ - ਮੈਨੂੰ ਨਹੀਂ ਪਤਾ ਸ਼ਾਇਦ ਬਾਜ਼ਾਰ ਵਿਚ ਅਜੇਹੀ ਇਨਸੁਲਿਨ ਮਿਲਣ ਵੀ ਲੱਗ ਪਈ ਹੋਵੇ!!

ਮਰੀਜਾਂ ਦਾ ਤੇ  ਮੈਂ ਬੜਾ ਤਵਾ ਲੈ ਲਿਐ  ਕਿ ਉਹ ਇੰਞ ਕਰਦੇ ਨੇ ਤੇ ਉਹ ਉਂਝ ਕਰਦੇ ਨੇ, ਪਰ ਦਵਾਈ ਨੂੰ ਸ਼ਰੀਰ ਅੰਦਰ ਘੱਲਣ ਦੇ ਇਕ ਹੋਰ ਰਸਤੇ ਬਾਰੇ ਗੱਲ ਕਰਾਂਗਾ ਤੇ ਇਕ ਡਾਕਟਰ ਦਾ ਵੀ ਤਵਾ ਲਾ ਕੇ ਇਸ ਲੇਖ ਨੂੰ ਖਤਮ ਕਰਾਂਗਾ।  

ਦੋ ਕੁ' ਸਾਲ ਪਹਿਲਾਂ ਮਾਂ ਬੜੀ ਬਿਮਾਰ ਹੋ ਗਈ - ਚੰਗੀ ਭਲੀ ਹੱਸਦੀ ਖੇਡਦੀ ਲਿਖਣ ਪੜਨ ਤੇ ਸਿਲਾਈ ਕਢਾਈ ਵਿੱਚ ਹਮੇਸ਼ਾ ਰੁੱਝੀ ਰਹਿਣ ਵਾਲੀ ਮਾਂ ਨੂੰ ਭੁੱਖ ਲੱਗਣੀ ਬੰਦ ਹੋ ਗਈ - ਵਜ਼ਨ ਘੱਟਣ ਲੱਗਾ ਤੇਜ਼ੀ ਨਾਲ - ਪਰ ਫੇਰ ਵੀ ਮਜ਼ਾਕ ਕਰਨੋ ਬਾਜ ਨਾ ਆਉਂਦੀ - ਕਹਿੰਦੀ ਇਕ ਦਿਨ, ਬਿੱਲਿਆ, ਵੇਖੀ ਕਿਤੇ ਮੈਂ ਇੰਝ ਹੀ ਘਿਸਦੀ ਘਿਸਦੀ ਗਾਇਬ ਹੀ ਨਾ ਹੋ ਜਾਵਾਂ! ਮਾਂ ਦੇ ਮੁੰਹ ਵਿਚੋਂ ਇਹ ਗੱਲ ਸੁਣ ਕੇ ਮੈਂ ਤੇ ਛੋਟਾ ਮੁੰਡਾ ਮਾਂ ਦੇ ਹਾਸੇ ਵਿਚ ਝੂਠੀ ਮੂਠੀ ਸ਼ਾਮਿਲ ਤੇ ਹੋ ਗਏ, ਪਰ ਮੈਂ ਅੰਦਰ ਤੱਕ ਕੰਬ ਗਿਆ!

ਮਾਂ ਨੂੰ ਹੋਇਆ ਕੀ ਸੀ ? 

ਸਾਰੇ ਟੈਸਟ ਹੋਏ ਮਾਂ ਦੇ, ਆਖ਼ਰ ਪਤਾ ਲੱਗਾ ਕਿ ਮਾਂ ਨੂੰ ਪੈਂਕ੍ਰਿਯਾ ਗ੍ਰੰਥੀ ਵਿੱਚ ਗੰਢ ਹੈ ਜਿਹੜੀ ਆਸੇ ਪਾਸੇ ਫੈਲ ਚੁੱਕੀ ਹੈ , ਇਲਾਜ ਕੁਛ ਨਹੀਂ ਹੈ. ਬਸ ਸੇਵਾ ਹੀ ਹੈ! (ਇਹੋ ਤਕਲੀਫ ਗੋਆ ਦੇ ਮੁੱਖ ਮੰਤਰੀ ਨੂੰ ਵੀ ਹੋਈ ਸੀ !!) - ਫੇਰ ਵੀ ਓਹੀਓ ਗੱਲ ਹੈ ਜਦ ਤਕ ਸਾਹ ਤੱਦ ਤੱਕ ਆਸ! ਵਿਚਾਰੀ ਨੂੰ ਲੈ ਕੇ ਜਗ੍ਹਾ ਜਗ੍ਹਾ ਧੱਕੇ ਖਾਦੇ - ਅਸੀਂ ਤੇ ਕੀ ਖਾਦੇ ਉਸ ਨੂੰ ਐੱਡੀ ਦਰਦ ਦੀ ਹਾਲਤ ਵਿੱਚ ਖ਼ਵਾਏ - ਉਸ ਨੂੰ ਢਿੱਡ ਤੇ ਪਿੱਠ ਵਿਚ ਇੰਨੀ ਤੇਜ਼ ਦਰਦ ਹੁੰਦੀ ਰਹਿੰਦੀ ਕਿ ਹਰ ਵੇਲੇ ਗਰਮ ਪਾਣੀ ਦੀ ਟਕੋਰ ਹੀ ਕਰਦੀ ਰਹਿੰਦੀ - ਐਂਨੀ ਟਕੋਰ ਨਾਲ ਉਹਨਾਂ ਦਾ ਢਿੱਡ ਹੀ ਜਿਵੇਂ ਸੜ ਗਿਆ - ਢਿੱਡ ਦੀ ਉਪਰਲੀ ਸਾਰੀ ਚਮੜੀ ਕਾਲੀ ਧੂਤ ਹੋ ਗਈ - ਦਰਦਾਂ ਐੱਡਿਆਂ ਕਿ ਇਕ ਬੜੀ ਸਟਰਾਂਗ ਜਿਹੀ ਦਵਾਈ ਜਿਸ ਵਿੱਚ ਨਸ਼ਾ ਵੀ ਹੁੰਦੈ ਉਹ ਉਹਨਾਂ ਨੂੰ ਦਿਨ ਵਿਚ ਤਿੰਨ ਚਾਰ ਵਾਰ ਲੈਣੀ ਪੈਂਦੀ - ਬਸ ਹੋ ਹਰ ਵੇਲੇ ਸੁੱਤੀ ਰਹਿੰਦੀ, ਦਵਾਈ ਲੈਣ ਲਈ ਹੀ ਉੱਠਦੀ!

ਬਿਮਾਰੀ ਦਾ ਪਤਾ ਲੱਗਣ ਤੋਂ ਡੇਢ ਦੋ ਮਹੀਨੇ ਬਾਅਦ ਉਸ ਨਸ਼ੇ ਵਾਲੀ ਦਰਦ ਦੀ ਦਵਾਈ ਨੇ ਵੀ ਜਿਵੇਂ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ , ਫੇਰ ਇਕ ਦਵਾਈ ਜਿਸ ਨੂੰ ਮਾਰਫਿਨ ਕਹਿੰਦੇ ਨੇ, ਉਸ ਦੇ ਪੈਚ ਉਹਨਾਂ ਨੂੰ ਲਾਉਣ ਦੀ ਸਲਾਹ ਦਿੱਤੀ ਗਈ।

ਪੈਚ ਮਤਲਬ ਜਿਵੇਂ ਸੱਟ ਤੇ ਲਗਾਉਣ ਵਾਲੀ ਪੈਚ ਹੁੰਦੈ ਬੈਂਡ-ਐਡ ਵਰਗਾ , ਓਹੋ ਜੇਹਾ ਪੈਚ ਜਿਸ ਉੱਤੇ ਮੌਰਫੀਨ ਦੀ ਦਵਾਈ ਲੱਗੀ ਹੁੰਦੀ -

ਕਿੰਨੀ ? 

ਇਕ ਗ੍ਰਾਮ ਦਾ ਲਖਵਾਂ ਹਿੱਸਾ ਜਾਂ ਇਸ ਤੋਂ ਵੀ ਘੱਟ ! (ਮੇਰੇ ਹਿਸਾਬ ਬੜਾ ਕਮਜ਼ੋਰ ਹੈ!!) -  ਇਕ ਛੋੱਟਾ ਜੇਹਾ ਪੈਚ 500-600 ਰੁਪਈਏ ਦਾ ਆਉਂਦੈ। ਇਹ ਗਿਣੇ ਚੁਣੇ ਹੌਸਪੀਟਲਾਂ ਵਿਚੋਂ ਹੀ ਮਿਲਦੇ ਨੇ, ਬਾਹਰ ਦਵਾਈ ਵਾਲੀ ਦੁਕਾਨ ਤੋਂ ਨਹੀਂ - ਇਸ ਨੂੰ ਮਰੀਜ ਦੀ ਛਾਤੀ ਉੱਤੇ ਮੋਢੇ ਦੇ ਕੋਲ ਲਾਉਣਾ ਹੁੰਦੈ - ਮੈਨੂੰ ਡਾਕਟਰ ਨੇ ਉਸ ਨੂੰ ਲਾਉਣਾ ਸਿਖਾ ਦਿੱਤਾ - ਇਸ ਦਾ ਅਸਰ 48 ਘੰਟੇ ਰਹਿੰਦਾ ਹੈ!! ਬਸ ਉਸ ਨੂੰ ਗਿੱਲਾ ਨਹੀਂ ਹੋਣ ਦੇਣਾ ਹੁੰਦਾ!!

ਜਦੋਂ ਪਹਿਲੇ ਦਿਨ ਇਹ ਪੈਚ ਮਾਂ ਨੂੰ ਲੱਗਾ, ਮਾਂ ਨੂੰ ਜਿਵੇਂ ਠੰਡ ਪੈ ਗਈ - ਥੋੜਾ ਖਾਦਾ ਪੀਤਾ ਵੀ- ਪਰ ਇਹ ਕੀ ? ਮਾਂ ਤੇ ਹਰ ਵੇਲੇ ਬਿਲਕੁਲ ਘੂਕ ਸੁੱਤੀ ਰਹਿਣ ਲੱਗ ਪਈ - ਭੈਣ ਆਈ ਹੋਈ ਸੀ, ਉਹ ਕਹਿੰਦੀ ਮਾਂ ਦੇ ਕੰਨ ਕੋਲ ਜਾ ਕੇ - ਇਹ ਕੀ, ਬੀਜੀ, ਤੁਹਾਡੀ ਧੀ ਆਈ ਏ ਏੰਨੀ ਦੂਰੋਂ, ਤੁਸੀਂ ਗੱਲ ਹੀ ਨਹੀਂ ਕਰਦੇ!!  ਭੈਣ ਮੈਨੂੰ ਕਹਿੰਦੀ ਕਿ ਆਪਾਂ ਬੀਜੀ ਨੂੰ ਕਦੇ ਇਸ ਤਰ੍ਹਾਂ ਲੰਮੇ ਪਏ ਵੇਖਿਆ ਹੀ ਨਹੀਂ - ਸਵੇਰੇ ਤੋਂ ਸ਼ਾਮ ਭੱਜਦੇ ਨੱਠਦੇ ਖੁਸ਼ੀ ਖੁਸ਼ੀ ਕੰਮ ਕਰਦਿਆਂ ਹੀ ਵੇਖਿਐ!!

ਇੱਕ ਦਿਨ ਮੈਂ ਉਸ ਡਾਕਟਰ ਕੋਲ ਗਿਆ - ਹੋਰ ਪੈਚ ਲੈਣੇ ਸੀ - ਬੜਾ ਵੱਡਾ ਡਾਕਟਰ ਸੀ - ਵੱਡਾ ਪ੍ਰੋਫੈਸਰ - ਆਸੇ ਪਾਸੇ ਉਸ ਦੇ ਹੋਰ ਵੀ ਡਾਕਟਰ ਸੀ ਉਸ ਦੇ ਚੈਂਬਰ ਵਿਚ - ਦੇਸ਼ ਦਾ ਮੰਨਿਆ ਪ੍ਰਮੰਨਿਯਾ ਡਾਕਟਰ - ਰਿਟਾਇਰ ਹੋਣ ਦੇ ਕੰਢੇ ਤੇ ਹੀ ਹੋਵੇਗਾ - ਪਰ ਉਸ ਨਾਲ ਕਿ ਹੁੰਦੈ!! - ਜੇਕਰ ਕਿਸੇ ਇਨਸਾਨ ਨੂੰ ਗੱਲ ਕਰਨ ਦੀ ਅਕਲ ਨਹੀਂ ਤੇ ਸਾਰੀਆਂ ਪੜ੍ਹਾਈਆਂ ਲਿਖਾਈਆਂ ਤੇ ਵੱਡੇ ਵੱਡੇ ਓਹਦੇ ਸਵਾ ਨੇ, ਅਜਿਹੀਆਂ ਪੜ੍ਹਾਈਆਂ ਨੂੰ ਕਿਸੇ ਨੇ ਫੂਕਨੈ!! ਖਾਸ ਕਰ ਕੇ ਜਦੋਂ ਤੁਹਾਡਾ ਪਾਲਾ ਅਜਿਹੇ ਮਰੀਜ਼ਾਂ ਨਾਲ ਪੈਣਾ ਹੋਵੇ ਜਿੰਨਾ ਬਾਰੇ ਜੇ ਤੁਹਾਨੂੰ ਪਤਾ ਹੈ ਤਾਂ ਅੰਦਰੋਂ ਉਹ ਵੀ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਜਾਣਦੇ ਹਨ, ਉਹ ਤੁਹਾਡੇ ਕੋਲ ਕੁਝ ਠਾਰ/ ਸੁਕੂਨ ਲੱਭਣ ਆਉਂਦੇ ਨੇ!! 

ਉਸ ਦਿਨ ਗੱਲ ਇਹ ਹੋਈ ਕਿ ਉਸ ਦੇ ਪੁੱਛਣ ਤੇ ਮੈਂ ਦੱਸਿਆ ਕਿ ਪੈਚ ਨਾਲ ਦਰਦ ਦਾ ਤੇ ਆਰਾਮ ਰਹਿੰਦੈ ਪਰ ਬੜੀ ਘੂਕੀ ਚੜੀ ਰਹਿੰਦੀ ਹੈ ਉਹਨਾਂ ਨੂੰ - ਪੈਣ ਸੱਟੇ ਅੱਗੋਂ ਕਹਿੰਦੈ - ਦੇਖੀਂ, ਕਿਤੇ ਮਾਤਾ ਸੁੱਤੀ ਦੀ ਸੁੱਤੀ ਨਾ ਰਹਿ ਜਾਵੇ!" 

ਉਸ ਦੀ ਇਹ ਗੱਲ ਸੁਣ ਕੇ ਮੈਨੂੰ ਇੰਨਾ ਵੱਟ ਚੜਿਆ ਕਿ ਮੈਂ ਦੱਸ ਨਹੀਂ ਸਕਦਾ - ਇੰਝ ਤੇ ਕੋਈ ਅਨਪੜ੍ਹ ਵੀ ਨਾ ਕਹੇ, ਤੇਰੀਆਂ ਇੰਨੀਆਂ ਵੱਡੀਆਂ ਡਿਗਰੀਆਂ ਕਿਸ ਕੰਮ ਦੀਆਂ, ਜੇਕਰ ਤੈਨੂੰ ਬੋਲਣ ਦੀ ਹੀ ਅਕਲ ਨਹੀਂ, ਤੂੰ ਐਵੇਂ ਹੀ ਰੱਬ ਬਣਿਆ ਬੈਠੇਂ, ਤੂੰ ਕਿਹੜਾ 160 ਸਾਲਾਂ ਦਾ ਪਟਾ ਲਿਖਵਾ ਕੇ ਆਇਐਂ, ਸੁੱਤੇ ਸੁੱਤੇ ਤੇ ਹਰ ਇੱਕ ਨੇ ਸੋ ਹੀ ਜਾਣੈ ਇਕ ਦਿਨ- ਇਹ ਖਿਆਲ ਉਸ ਵੇਲੇ ਮੈਨੂੰ ਉਸ ਦੇ ਚੈਂਬਰ ਤੋਂ ਬਾਹਰ ਨਿਕਲਦੇ ਆਇਆ !!

ਬਸ ਫੇਰ ਉਸ ਡਾਕਟਰ ਨੂੰ ਜਾ ਕੇ ਖੇਚਲ ਦੇਣ ਦੋ ਲੋੜ ਹੀ ਨਾ ਪਈ - ਥੋੜੇ ਜਿਹੇ ਹੀ ਪੈਚ ਅਜੇ 15-20 ਦਿਨ ਹੀ ਮੁਸ਼ਕਿਲ ਨਾਲ ਲਾਏ ਹੋਣਗੇ ਕਿ ਮਾਂ ਹਰ ਵੇਲੇ ਨਿਢਾਲ ਹੋ ਕੇ ਪਈ ਰਹੇ, ਬਿਲਕੁਲ ਅੱਧਮੋਆਂ ਵਾਂਗ - ਉਹ ਪੈਚ ਓਥੇ ਹੀ ਪਏ ਰਹੇ - ਉਸ ਦੀ ਹਾਲਤ ਦੇਖ ਕੇ ਅਸੀਂ ਆਪੇ ਹੀ ਉਹ ਪੈਚ ਲਾਉਣੇ ਬੰਦ ਕਰ ਦਿੱਤੇ - ਫੇਰ ਓਹੀਓ ਦਰਦ ਦੀਆਂ  ਗੋਲੀਆਂ ਦੇਣ ਲੱਗ ਪਏ - ਬਸ ਇੰਝ ਹੀ ਦਰਦ ਵਿਚ ਤੜਫਦੀ ਮਾਂ ਉਡਾਰੀ ਮਾਰ ਉੱਡ ਗਈ - ਅਕਾਲ ਚਲਾਣੇ ਤੋਂ ਦੋ ਦਿਨ ਪਹਿਲਾਂ ਮੇਰੇ ਸਿਰ ਉੱਤੇ ਹੱਥ ਰੱਖ ਕੇ ਆਖਰੀ ਵਾਰ ਇਹ ਸੁਨੇਹਾ ਦੇ ਗਈ - "ਬਿੱਲੇ, ਦੇਖ, ਮਾਂ ਪਿਓ ਕਿਸ ਦੇ ਹਮੇਸ਼ਾ ਥੋੜੇ ਬੈਠੇ ਰਹਿੰਦੇ ਨੇ, ਇਸ ਲਈ ਦਿਲ ਨੂੰ ਵੱਡਾ ਰੱਖੀਦਾ ਏ!" ਜਾਂਦੀ ਜਾਂਦੀ ਵਾਰੀ ਉਸ ਦੀ ਆਖੀ ਇਹ ਗੱਲ ਮੇਰੇ ਸਾਰੇ ਹੰਝੂ ਪੂੰਝ ਗਈ ਜਿਵੇਂ!!

ਮਾਂ ਵਾਲੀ ਇਹ ਗੱਲ ਇਥੇ ਲਿਖਣ ਦਾ ਮੇਰਾ ਕਾਰਨ ਤੁਹਾਨੂੰ ਪੈਚ ਰਾਹੀਂ ਦਵਾਈ ਸ਼ਰੀਰ ਵਿੱਚ ਘੱਲਣ ਬਾਰੇ ਜਾਣੂ ਕਰਵਾਉਣਾ ਸੀ. ਜੀਂਦੇ ਵਸਦੇ ਰਹੋ!!

Monday 14 October 2019

ਜ਼ਿੰਦਗੀ ਦਾ ਸਾਰ ਤਾਂ ਇਹਿਓ ਹੈ!

ਨਦੀ ਦੇ ਕੰਢੇ ਤੇ ਬੈਠਾ ਇੱਕ ਮਛਿਆਰਾ ਬੜੇ ਆਰਾਮ ਨਾਲ ਆਪਣੇ ਜਾਲ ਵਿੱਚ ਸ਼ਿਕਾਰ ਫੱਸਣ ਦਾ ਇੰਤਜ਼ਾਰ ਕਰ ਰਿਹਾ ਸੀ। ਇੰਨੇ ਨੂੰ ਇਕ ਮੇਰੇ ਵਰਗਾ ਪੜ੍ਹਿਆ ਲਿਖਿਆ ਕਮਲਾ, ਜਿਹੜਾ ਮੇਰੇ ਵਾਂਗ ਸਿਆਣਾ ਕਾਂ ਦਿੱਸ ਰਿਹਾ ਸੀ ਓਧਰੋਂ ਲੰਘਿਆ।

ਉਸ ਕੋਲੋਂ ਉਸ ਮਛਿਆਰੇ ਦੀ ਭੋਲੀ ਭਾਲੀ ਮਸਤੀ ਸ਼ਾਇਦ ਜਰੀ ਨਾ ਗਈ, ਓਹਨੂੰ ਲੱਗਾ ਕਿ ਇਹ ਬੰਦਾ ਤਾਂ ਵੇਖੋ, ਬਿਲਕੁਲ ਫ਼ਟੇਹਾਲ ਜਿਹਾ, ਇੰਨ੍ਹੇ ਛੋਟੇ ਜਿਹੇ ਕੰਮ ਵਿੱਚ ਐਡਾ ਖੁਸ਼ ਕਿਵੇਂ ਹੋ ਸਕਦੈ, ਮਸਤੀ ਨਾਲ ਰੇਡੀਓ ਤੇ ਗਾਨੇ ਸੁਣ ਰਿਹੈ, ਇਹ ਵੀ ਨਹੀਂ ਪਤਾ ਕਿ ਜਾਲ ਵਿੱਚ ਕੋਈ ਮੱਛੀ ਫੱਸਣੀ ਵੀ ਏ ਕਿ ਨਹੀਂ, ਫੇਰ ਵੀ ਇਸ ਦੇ ਚੇਹਰੇ ਤੇ ਕੋਈ ਸ਼ਿਕਨ ਨਹੀਂ, ਸਗੋਂ ਐਡਾ ਖਿੜਿਆ ਚੇਹਰਾ ਹੈ ਇਸ ਦਾ! ਓਹ ਸਿਆਣਾ ਕਾਂ ਸੋਚਦੈ ਕਿ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਸਾਰੇ ਦੇਸ਼ਾਂ ਚ' ਘੁੰਮਦਾ ਰਹਿੰਦਾ ਹਾਂ, ਫੇਰ ਵੀ ਹਰ ਵੇਲੇ ਮੰਨ ਵਿੱਚ ਇਕ ਭੜੱਕੀ ਜਿਹੀ ਲੱਗੀ ਰਹਿੰਦੀ ਹੈ, ਤ੍ਰੇਹ ਲੱਗੀ ਰਹਿੰਦੀ ਹੈ ਤੇ ਆਪਣੀ ਅਪਾਰ ਦੌਲਤ ਦੇ ਖੁਸਣ ਦਾ ਡਰ ਜਿਹਾ ਲੱਗਾ ਰਹਿੰਦੈ!!

ਇਹ ਗੱਲਾਂ ਓਥੇ ਖੜਾ ਖੜਾ ਆਪਣੇ ਆਪ ਨਾਲ ਓਹ ਕਰੀ ਜਾ ਰਿਹਾ ਸੀ,  ਫੇਰ ਓਹਨੂੰ ਲੱਗਾ ਕਿ ਉਸ ਕੋਲ ਤੇ ਐਨਾਂ ਕੁੱਛ ਹੈ, ਅਜਿਹੇ ਲੋੜਵੰਦ ਦੀ ਬਾਂਹ ਫੜਣੀ ਚਾਹੀਦੀ ਹੈ!

ਉਹ ਉਸ ਮਛਿਆਰੇ ਕੋਲ ਜਾ ਖੜਦੈ ਤੇ ਉਸ ਨੂੰ ਕਹਿੰਦੈ - "ਤੂੰ ਇਸ ਕੰਮ ਨੂੰ ਅੱਗੇ ਵੀ ਤੇ ਵਧਾ ਸਕਦੈ! ਕੀ ਅਜਿਹੀ ਸੁਨਸਾਨ ਜਗ੍ਹਾ ਚ' ਮੱਛੀਆਂ ਦੀ ਉਡੀਕ ਵਿੱਚ ਆਪਣੀ ਜ਼ਿੰਦਗੀ ਨੂੰ ਝੰਡ ਕਰ ਰਿਹਾ ਏਂ, ਤੈਨੂੰ ਪਤਾ ਹੈ ਦੁਨੀਆ ਕਿਥੇ ਦੀ ਕਿਥੇ ਪਹੁੰਚ ਚੁਕੀ ਹੈ, ਤੂੰ ਵੀ ਅਗਾਂਹ ਵੱਧਣ ਦੀ ਸੋਚ ਕਰ, ਕੁਝ ਅਗਾਂਹ ਦੀ ਫਿਕਰ ਕਰ!!"

ਮਛਿਆਰਾ ਉਸ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਾ ਤੇ ਅੱਗੋਂ ਕਹਿੰਦੈ - "ਨਾ, ਜਨਾਬ , ਮੈਂ ਇੰਝ ਹੀ ਠੀਕ ਹਾਂ !"

"ਇਹੋ ਤੇ ਤੇਰੇ ਵਰਗਿਆਂ ਨੂੰ ਮਾਰ ਹੈ, ਕਿਸੇ ਦੀ ਸੁਣਦੇ ਨਹੀਂ ਤੁਸੀਂ ਲੋਕੀਂ, ਮੈਂ ਤੈਨੂੰ ਆਪਣੇ ਇਸ ਛੋਟੇ ਜਿਹੇ ਕੰਮ ਨੂੰ ਵੀ ਐੱਡੀ ਮੇਹਨਤ ਨਾਲ ਕਰਦਿਆਂ ਦੇਖਿਆ ਤਾਂ ਮੇਰਾ ਦਿਲ ਕਰ ਆਇਆ ਏ ਕਿ ਮੈਂ ਤੇਰੀ ਮਦਦ ਕਰਾਂ, ਪਰ ਤੂੰ ਤੇ ਗੱਲ ਹੀ ਨਹੀਂ ਸੁਣ ਰਿਹਾ!!

"ਦੱਸੋ, ਤੁਸੀਂ ਕਿਵੇਂ ਮੇਰੀ ਮਦਦ ਕਰਣਾ ਚਾਹੁੰਦੇ ਹੋ? "

"ਮੈਨੂੰ ਇੰਝ ਲੱਗਦਾ ਹੈ ਕਿ ਤੂੰ ਇੱਥੇ ਬੈਠੇ ਬੈਠੇ ਜਿਵੇਂ ਆਪਣੀ ਜ਼ਿੰਦਗੀ ਰੋੜ ਰਿਹੈਂ!! ਚੱਲ ਮੈਂ ਤੈਨੂੰ ਇਕ ਬੇੜੀ ਲੈ ਕੇ ਦਿੰਦਾ ਹਾਂ, ਤੂੰ ਉਸ ਵਿੱਚ ਬਹਿ ਕੇ ਨਦੀ ਦੇ ਵਿੱਚ ਜਾ ਕੇ ਬਹੁਤੀਆਂ ਮੱਛੀਆਂ ਫੜ ਕੇ ਲਿਆ ਸਕਦੈਂ!"

"ਓਹਦੇ ਨਾਲ ਕਿ ਹੋ ਜਾਉ?" ਮਛਿਆਰੇ ਨੇ ਪੁੱਛਿਆ।

"ਓਏ ਕਮਲਿਆ, ਇਹ ਵੀ ਹੁਣ ਤੈਨੂੰ ਦੱਸਣਾ ਪਉ, ਜਦੋਂ ਜ਼ਿਆਦਾ ਮੱਛੀਆਂ ਫੜ ਕੇ ਲਿਆਵੇਂਗਾ ਤਾਂ ਬਹੁਤ ਪੈਸੇ ਤੇਰੇ ਕੋਲ ਹੋ ਜਾਵੇਗਾ!!"

"ਉਸ ਪੈਸੇ ਦਾ ਮੈਂ ਕਿ ਕਰਾਂਗਾ, ਐਡੇ ਪੈਸੇ ਤਾਂ ਮੈਂ ਕਦੇ ਵੇਖੇ ਹੀ ਨਹੀਂ! "- ਮਛਿਆਰਾ ਕਹਿਣ ਲੱਗਾ।

"ਓਏ ਝੱਲਿਆ, ਪੈਸੇ ਬਹੁਤੇ ਆਉਂਦੇ ਕਿਸੇ ਨੂੰ ਲੜਦੇ ਨਹੀਂ, ਬਹੁਤੇ ਪੈਸੇ ਹੋਣਗੇ ਤੇ ਤੂੰ ਹੋਰ ਬੇੜੀਆਂ ਖਰੀਦ ਲਵੇਂਗਾ ਤੇ ਹੋਰ ਬੰਦੇ ਅੱਗੇ ਰੱਖ ਲਵੇਂਗਾ ਜਿਸ ਨਾਲ ਤੇਰੀ ਕਮਾਈ ਦਿਨੋ ਦਿਨੀ ਵਧਦੀ ਹੀ ਜਾਵੇਗੀ! "

"ਪਰ ਓਹਦੇ ਨਾਲ ਹੋਏਗਾ ਕੀ ?"

"ਅਜੇ ਵੀ ਤੇਰੇ ਪੱਲੇ ਕੁਝ ਨਹੀਂ ਪੈ ਰਿਹਾ, ਜਦੋਂ ਇੰਨੀਆਂ ਕਮਾਈਆਂ ਕਰ ਲਵੇਂਗਾ ਤਾਂ ਫੇਰ ਸਮੁੰਦਰ ਵਿਚ ਮੋਟਰ ਵਾਲੀ ਬੋਟ ਲੈ ਲਵੀਂ, ਫੇਰ ਤੈਨੂੰ ਲੱਖਾਂ ਕਰੋੜਾਂ ਰੁਪਈਏ ਤਾਂ ਬੈਂਕ ਤੋਂ ਕਰਜਾ ਵੀ ਮਿਲ ਜਾਵੇਗਾ, ਹੋਲੀ ਹੋਲੀ ਵੱਡੇ ਵੱਡੇ ਸਟੀਮਰ ਤੇਰੇ ਚੱਲਣਗੇ ਸਮੁੰਦਰ ਵਿਚ, ਗੱਫੇ ਹੀ ਗੱਫੇ, ਹਰ ਪਾਸੇ ਤੇਰੀਆਂ ਗੱਲਾਂ ਹੋਣਗੀਆਂ, ਸਲੂਟਾਂ ਵੱਜਣ ਗੀਆਂ ਜਿੱਥੇ ਜਾਏਂਗਾ!"

"ਪਰ, ਜਨਾਬ, ਓਹਦੇ ਨਾਲ ਹੋਣਾ ਕੀ ਏ, ਤੁਸੀਂ ਕਿਓਂ ਇੰਨੇ ਵੱਲ-ਵਲੇਂਵੇਂ ਪਾ ਕੇ ਗੱਲਾਂ ਕਰਦੇ ਹੋ, ਦੱਸੋ ਤੇ ਸਹੀ ਓਹਦੇ ਨਾਲ ਹੋਵੇਗਾ ਕੀ!"

"ਹੁਣ, ਇਹ ਵੀ ਤੈਨੂੰ ਮੈਂ ਹੀ ਦੱਸਾਂ ਕਿ ਜਦੋਂ ਤੇਰੇ ਕੋਲ ਅਪਾਰ ਦੌਲਤ ਹੋ ਜਾਵੇਗੀ, ਸਮੁੰਦਰਾਂ ਵਿਚ ਤੇਰੇ ਬੇੜੇ ਚੱਲਾਂਗੇ, ਸੱਤ ਸਮੁੰਦਰੋਂ ਪਾਰ ਤੇਰੇ ਕੰਮ ਦੀ ਧਾਕ ਹੋਵੇਗੀ, ਤੈਨੂੰ ਆਪਣੇ ਆਪ ਕੋਈ ਕੰਮ ਕਰਣ ਦੀ ਲੋੜ ਨਹੀਂ ਪਵੇਗੀ! ਤੇਰੇ ਅੱਗੇ ਪਿੱਛੇ ਨੌਕਰ ਚਾਕਰ ਹੋਣਗੇ, ਜਿਹੜੇ ਤੇਰੇ ਇਸ਼ਾਰਿਆਂ ਤੇ ਚੱਲਣਗੇ!" ਧਨਾਢ ਨੇ ਸਿਆਣੇ ਕਾਂ ਵਰਗੀ ਗੱਲ ਕਰ ਹੀ ਦਿੱਤੀ।

"ਤੁਸਾਂ ਮੇਰੀ ਗੱਲ ਦਾ ਜਵਾਬ ਤਾਂ ਅਜੇ ਵੀ ਨਹੀਂ ਦਿੱਤਾ, ਮਾਲਿਕ, ਕੀ ਓਹਦੇ ਨਾਲ ਕੀ ਹੋਉ ?"

ਧਨਾਢ ਨੂੰ ਲੱਗਾ ਇਹ ਤਾਂ ਮੇਰਾ ਦਿਮਾਗ ਖ਼ਰਾਬ ਕਰ ਦਊ - ਫੇਰ ਵੀ ਉਹ ਕਹਿੰਦੈ - "ਓਏ, ਅਕਲ ਦਿਆ ਅੰਨਿਆ, ਜਦੋਂ ਤੇਰਾ ਕਾਰੋਬਾਰ ਇੰਨਾ ਫੈਲ ਜਾਉ ਤਾਂ ਤੈਨੂੰ ਆਰਾਮ ਹੀ ਆਰਾਮ ਮਿਲੇਗਾ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਸੇ ਵੀ ਰਿਸੋਰਟ ਵਿੱਚ ਨਦੀ ਨੇ ਕੰਢੇ ਬਹਿ ਕੇ ਬੁੱਲੇ ਲੁੱਟੀਂ, ਮੌਜਾਂ ਲੁੱਟੀਂ, ਨਾ ਕੋਈ ਫਿਕਰ ਨਾ ਫਾਕੇ!!"

ਮਛਿਆਰਾ ਉਸ ਨੂੰ ਕਹਿੰਦੈ - ਜਨਾਬ, ਮੈਂ ਹੁਣੇ ਇਸ ਵੇਲੇ ਵੀ ਤਾਂ ਓਹਿਓ ਸੱਭ ਕਰ ਰਿਹਾਂ, ਨਦੀ ਦੇ ਕੰਢੇ ਬਹਿ ਕੇ ਅਨੰਦ ਮਾਣ ਰਿਹਾ ਹਾਂ - ਮੈਂ ਬਿਲਕੁਲ ਰੱਜਿਆ ਹੋਇਆ ਹਾਂ - ਤੁਸੀਂ ਮੈਨੂੰ ਕਿਓਂ ਐਵੇਂ ਬਦੋਬਦੀ 99 ਦੇ ਗੇੜ ਵਿੱਚ ਪਾਉਣਾ ਚਾਹੁੰਦੇ ਹੋ, ਮੈਂ ਬਿਲਕੁਲ ਠੀਕ ਹਾਂ ਜੀ, ਤੁਸੀਂ ਕਿਸੇ ਹੋਰ ਜ਼ਰੂਰਤਮੰਦ ਦੀ ਬਾਂਹ ਫੜੋ, ਜਨਾਬ! "

ਇੰਨਾ ਸੁਣਦਿਆਂ ਹੀ ਮੈਂ (ਨਹੀਂ, ਨਹੀਂ, ਉਹ ਧਨਾਢ, ਮੇਰੇ ਵਰਗਾ ਕਮਲਾ ਸਿਆਣਾ ਕਾਂ!!) ਓਥੋਂ ਭੱਜ ਗਿਆ!!

ਦੋਸਤੋ, ਇਹ ਕਹਾਣੀ ਮੈਂ ਅੱਜ ਤੋਂ 25 ਸਾਲ ਪਹਿਲਾਂ ਇੱਕ ਸਤਿਸੰਗ ਵਿੱਚ ਸੁਣੀ ਸੀ, ਇਸ ਨੇ ਮੇਰੇ ਤੋਂ ਬੜਾ ਡੂੰਘਾ ਅਸਰ ਕੀਤਾ। ਕੰਮ ਤੇ ਅਸੀਂ ਸਾਰੇ ਆਪੋ ਆਪਣੇ ਕਰਦੇ ਹੀ ਹਾਂ - ਪਰ ਇਹ ਸੁਣ ਕੇ ਮੈਨੂੰ ਥੋੜੀ ਬਹੁਤ ਸੋਝੀ ਆ ਗਈ. ਅੱਜ ਦਿਲ ਕੀਤਾ ਤੁਹਾਡੇ ਨਾਲ ਵੀ ਇਸ ਨੂੰ ਸਾਂਝਾ ਕਰਾਂ।  ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਆਪਾਂ ਹੱਥ ਤੇ ਹੱਥ ਧਰ ਕੇ ਬਹਿ ਜਾਇਏ, ਬਸ ਆਪਣੇ ਕੰਮ ਵਿੱਚ ਰੁਝੇ ਰਹੀਏ, ਬਹੁਤੀਆਂ ਦੌੜਾਂ ਤੋਂ ਦੂਰ ਹੀ ਰਹੀਏ, ਉਸ ਵਿੱਚ ਹੀ ਚੈਨ ਹੈ, ਸੁਕੂਨ ਹੈ, ਮੌਜ ਹੈ , ਤੁਹਾਡਾ ਕਿ ਖ਼ਿਆਲ ਹੈ.

ਕਿਹੜਾ ਪੰਜਾਬੀ ਗੀਤ ਯਾਦ ਆ ਰਿਹੈ ਤੁਹਾਨੂੰ- ਮੈਨੂੰ ਤੇ ਲਾਜੋ ਫਿਲਮ ਦਾ ਓਹੀ ਯਾਦ ਆ ਗਿਆ - ਰੁੱਖੀ ਸੁੱਕੀ ਖਾ ਜਵਾਨਾ, ਘੜੇ ਦਾ ਪਾਣੀ ਪੀ!!

Sunday 13 October 2019

ਰੇਲ ਹਾਦਸੇ ਦੀ ਝੂਠੀ ਖ਼ਬਰ !!

ਤਿੰਨ ਚਾਰ ਦਿਨ ਪਹਿਲਾਂ ਰਾਤੀਂ ਦੋ ਕੁ' ਵਜੇ ਦੇ ਕਰੀਬ ਲਖਨਊ ਦੇ ਕੁੱਝ ਰੇਲ ਦੇ ਡਾਕਟਰਾਂ ਨੂੰ ਫੋਨ ਆਇਆ ਕਿ ਫਲਾਣੀ ਫਲਾਣੀ ਗੱਡੀ ਦੀ ਟੱਕਰ ਹੋ ਗਈ ਹੈ - ਰਾਹਤ ਲੈ ਕੇ ਗੱਡੀ ਸਟੇਸ਼ਨ ਤੋਂ ਤੁਰੇਗੀ!

ਕਿਸੇ ਨੂੰ ਦੱਸਣ ਦੀ ਇਹ ਲੋੜ ਨਹੀਂ ਹੁੰਦੀ ਕਿ ਅਜੇਹੀ ਖ਼ਬਰ ਮਿਲਣ ਦੇ ਕਿੰਨੇ ਚਿਰ ਬਾਅਦ ਰਾਹਤ ਅਮਲਾ ਲੈ ਕੇ ਗੱਡੀ ਤੁਰੇਗੀ - ਇਹ ਸਭ ਨੂੰ ਪਤਾ ਹੀ ਹੁੰਦੈ ਕਿ ਦਿਨ ਦਾ ਟੈਮ ਹੈ ਤਾਂ ਖ਼ਬਰ ਮਿਲਣ ਦੇ 20 ਮਿੰਟਾਂ ਵਿੱਚ ਉਹ ਗੱਡੀ ਤੁਰ ਪਵੇਗੀ - ਜੇਕਰ ਰਾਤ ਦਾ ਸਮਾਂ ਹੈ ਤਾਂ ਖ਼ਬਰ ਮਿਲਣ ਦੇ 30 ਮਿੰਟਾਂ ਵਿੱਚ ਉਸ ਗੱਡੀ ਦਾ ਸਟੇਸ਼ਨ ਤੇ ਨਿਕਲਣਾ ਲਾਜ਼ਮੀ ਹੁੰਦੈ।  

ਉਸ ਦਿਨ ਵੀ ਸਾਡੇ ਡਾਕਟਰ ਤੇ ਨਾਲ ਦੂਜਾ ਸਟਾਫ ਡ੍ਰੇਸਰ, ਅਟੈਂਡੈਂਟ ਆਦਿ ਪਹੁੰਚ ਗਏ ਸਟੇਸ਼ਨ ਉੱਤੇ - ਗੱਡੀ ਚੱਲ ਪਈ ਜੀ - ਉਸ ਨੂੰ ਚੱਲਣ ਚ' ਆਪਣੇ ਮਿੱਥੇ ਸਮੇਂ ਤੋਂ 3-4 ਮਿੰਟ ਦੇਰ ਹੋ ਗਈ - ਗੱਡੀ ਚੱਲ ਪਈ - ਗੱਡੀ ਜਦੋਂ 20-25 ਮਿੰਟ ਦਾ ਰਸਤਾ ਚੱਲ ਚੁੱਕੀ ਤਾਂ ਕੰਟਰੋਲ ਆਫਿਸ ਤੋਂ ਗੱਡੀ ਨੂੰ ਵਾਪਸ ਲੈ ਕੇ ਆਉਣ ਲਈ ਕਿਹਾ ਜਾਂਦੈ! 

ਸਭ ਨੂੰ ਪਤਾ ਲੱਗ ਗਿਆ ਕਿ ਇਹ ਰੇਲ ਹਾਦਸੇ ਦੀ ਮਾਕ-ਡਰਿੱਲ ਸੀ - ਮਤਲਬ ਟ੍ਰੇਨ ਹਾਦਸੇ ਦੇ ਖ਼ਬਰ ਝੂਠੀ ਭੇਜ ਕੇ ਰਾਹਤ ਅਮਲੇ ਦੀ ਕਾਰਗੁਜ਼ਾਰੀ ਚੈੱਕ ਕਰਣ ਦਾ ਇੱਕ ਉਪਰਾਲਾ ਸੀ - ਇਹ ਰੇਲ ਮਹਿਕਮੇ ਵਿੱਚ ਆਮ ਗੱਲ ਹੈ - ਇਸ ਨੂੰ ਪੂਰਾ ਗੁਪਤ ਤੇ ਸੁਚੱਜੇ ਢੰਗ ਨਾਲ ਅੰਜਾਮ ਕੀਤਾ ਜਾਂਦੈ।  

ਲੋ ਜੀ ਆ ਗਈ ਟੀਮ ਵਾਪਸ ਆਪਣੇ ਅੱਡੇ ਤੇ - ਹੁਣ ਪੂਰੀ ਤਰ੍ਹਾਂ ਹੁੰਦੀ ਹੈ ਪੜਤਾਲ - ਕੇਹੜਾ ਸਟੇਸ਼ਨ ਤੇ ਕਿੰਨੇ ਵਜੇ ਪੁੱਜਾ ਤੇ ਕੇਹੜਾ ਟ੍ਰੇਨ ਚੱਲਣ ਤੋਂ ਬਾਦ ਪੁੱਜਾ, ਟ੍ਰੇਨ 3-4 ਮਿੰਟ ਲੇਟ ਚੱਲੀ ਤਾਂ ਉਹ ਕਿਸ ਦੇ ਕਾਰਣ ਲੇਟ ਹੋਈ, ਹਰ ਚੀਜ਼ ਖੁਲਦੀ ਹੈ, ਇੱਕ ਇੱਕ ਮਿੰਟ ਦਾ ਹਿਸਾਬ ਹੁੰਦੈ - ਐਵੇਂ ਕਾਗਜ਼ਾਂ ਦਾ ਢਿੱਡ ਭਰਣ ਵਾਸਤੇ ਨਹੀਂ, ਪੂਰੀ ਰਿਪੋਰਟ ਤਿਆਰ ਹੁੰਦੀ ਹੈ - ਬਾਦ ਵਿਚ 2-3 ਦਿਨ ਮੀਟਿੰਗਾਂ ਚਲਦਿਆਂ ਹਨ ਕਿ ਕਿੱਥੇ ਕਮੀ ਰਹੀ, ਕਿਓਂ ਰਹੀ ਤੇ ਉਸ ਨੂੰ ਕਿਵੇਂ ਸੁਧਾਰਿਆ ਜਾਵੇ, ਇਸ ਉੱਤੇ ਵਿਚਾਰ ਵਟਾਂਦਰਾ ਹੁੰਦੈ! ਕਿਸੇ ਦੀ ਜੇਕਰ ਲਾਪਰਵਾਹੀ ਸਾਮਣੇ ਆਵੇ ਤੇ ਉਸ ਉੱਤੇ ਕਾਰਵਾਈ ਵੀ ਕੀਤੀ ਜਾਂਦੀ ਹੈ! 

ਰੇਲਾਂ ਚੱਲ ਰਹੀਆਂ ਨੇ, ਇਹ ਬੜੇ ਤਗੜੇ ਅਨੁਸ਼ਾਸਨ ਦਾ ਹੀ ਕੰਮ ਹੈ - ਡਰ ਕਹੋ ਜਾਂ ਕੁਝ ਕਹੋ, ਹੋਰ ਕੋਈ ਰਸਤਾ ਨਹੀਂ ਐੱਡੇ ਵੱਡੇ ਵਿਭਾਗ ਨੂੰ ਚਲਾਉਣ ਦਾ, 15 ਲੱਖ ਕਰਮਚਾਰੀਆਂ ਨੂੰ ਸੰਭਾਲਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ - 28 ਸਾਲ ਹੋ ਗਏ ਮੈਨੂੰ ਇਸ ਮਹਿਕਮੇ ਵਿਚ ਨੌਕਰੀ ਕਰਦਿਆਂ ਤੇ ਮੈਂ ਹੁਣ ਇਸੇ ਨਤੀਜੇ ਤੇ ਪਹੁੰਚਿਆਂ ਹਾਂ ਕਿ ਰੇਲ ਦਾ ਇੱਕ ਇੱਕ ਮੁਲਾਜ਼ਿਮ ਇਕ ਲੜੀ ਦਾ ਹਿੱਸਾ ਹੈ ਜਿਹੜੀ ਗੱਡੀਆਂ ਚਲਾ ਰਹੀ ਹੈ - ਮੈਨੂੰ ਇਹ ਮੰਣਨ ਚ' ਕੋਈ ਸ਼ਰਮਿੰਦਗੀ ਨਹੀਂ ਹੈ ਅਜੇ ਵੀ ਅਨੇਕਾਂ (ਬਿਲਕੁਲ ਅਨੇਕਾਂ!!) ਅਜਿਹੀਆਂ ਸ਼੍ਰੇਣੀਆਂ ਨੇ ਮੁਲਾਜ਼ਮਾਂ ਦੀਆਂ ਜਿੰਨ੍ਹਾਂ ਤੋਂ ਮੈਂ ਵਾਕਫ਼ ਹੀ ਨਹੀਂ ਹਾਂ - ਮੈਨੂੰ ਨਹੀਂ ਲੱਗਦਾ ਇਹ ਕਿਸੇ ਲਈ ਵੀ ਮੁਮਕਿਨ ਹੈ. 

ਅੱਛਾ ਆਪਣੀ ਉਹ ਰੇਲ ਹਾਦਸੇ ਵਾਲੀ ਗੱਲ ਚੱਲ ਰਹੀ ਸੀ - ਉਸ ਬਾਰੇ ਮੈਂ ਇਹ ਕਹਿਣਾ ਹੈ ਕਿ ਸਮੇਂ ਸਮੇਂ ਤੇ ਇਹ ਮਾਕ -ਡਰਿੱਲ ਹੁੰਦੀ ਰਹਿੰਦੀ ਹੈ - ਵੈਸੇ ਤਾਂ ਕਹਿਣ ਨੂੰ ਜਗ੍ਹਾ ਜਗ੍ਹਾ ਤੇ ਸ਼ਹਿਰ ਵਿੱਚ ਅੱਗ ਲੱਗਣ ਦੀ ਸੂਰਤੇਹਾਲ ਵਿੱਚ ਬੰਦੋਬਸਤ ਦਾ ਜਾਇਜ਼ਾ ਲੈਣ ਲਈ ਵੀ ਅਜਿਹੀਆਂ ਡ੍ਰਿੱਲਸ ਹੋਣੀਆਂ ਚਾਹੀਦੀਆਂ ਨੇ, ਪਰ ਉਹਨਾਂ ਬਾਰੇ ਘੱਟ ਹੀ ਸੁਣੀਦਾ ਏ। 

ਚਲੋ ਦੋ ਚਾਰ ਗੱਲਾਂ ਰੇਲ ਹਾਦਸੇ ਵੇਲੇ ਰਾਹਤ ਲਈ ਜਿਹੜੀ ਗੱਡੀ ਜਾਂਦੀ ਹੈ ਉਸ ਬਾਰੇ ਵੀ ਕਰ ਲਈਏ - ਗੱਲ ਇੰਝ ਹੈ ਕਿ ਰੇਲਵੇ ਦੇ ਵੱਡੇ ਵੱਡੇ ਸਟੇਸ਼ਨਾਂ ਉੱਤੇ ਇਕ ਟ੍ਰੇਨ ਹਰ ਵੇਲੇ ਤਿਆਰ ਖੜੀ ਹੁੰਦੀ ਹੈ - ਇਸ ਨੂੰ ਰੇਲ ਹਾਦਸੇ ਲਈ ਰਾਹਤ ਵਾਲੀ ਟ੍ਰੇਨ ਦੇ ਨਾਂਅ ਤੋਂ ਜਾਣਿਆ ਜਾਂਦੈ - ਐਕਸੀਡੈਂਟ ਰਿਲੀਫ਼ ਟ੍ਰੇਨ - ਇਸ ਨੂੰ ਪਲੇਟਫਾਰਮ ਤੇ ਲੱਗਿਆਂ ਤੁਸੀਂ ਕਦੇ ਨਹੀਂ ਵੇਖੋਗੇ - ਇਸ ਨੂੰ 24 ਘੰਟੇ ਅਜੇਹੀ ਹਾਲਤ ਵਿਚ ਰੱਖਿਆ ਜਾਂਦੈ ਕਿ ਰੇਲ ਹਾਦਸੇ ਦੇ ਖ਼ਬਰ ਆਉਣ ਦੇ 20 ਮਿੰਟ ਦੇ ਅੰਦਰ ਅੰਦਰ ਇਹ ਹਾਦਸੇ  ਵਾਲੀ ਜਗ੍ਹਾ ਲਈ ਚਲ ਪਵੇ! 

ਇਸ ਰਾਹਤ ਗੱਡੀ ਨੂੰ (Accident Relief Train) ਸਟੇਸ਼ਨ ਤੋਂ ਥੋੜਾ ਦੂਰ ਕਿਸੇ ਸਾਈਡ ਤੇ  ਅਜੇਹੀ ਲਾਈਨ ਉੱਤੇ ਖੜਾ ਕੀਤਾ ਹੁੰਦੈ ਜਿਹੜੀ ਦੋਵੇਂ ਪਾਸਿਓਂ ਖੁਲੀ ਹੋਵੇ - ਮਤਲਬ ਇਹ ਕਿ 24 ਘੰਟੇ ਦੇ ਦੌਰਾਨ ਕਿਸੇ ਵੀ ਵੇਲੇ ਇਸ ਨੂੰ ਕਿਸੇ ਪਾਸਿਓਂ ਵੀ ਇੰਜਣ ਲਾ ਕੇ ਹਾਦਸੇ ਵਾਲੀ ਜਗ੍ਹਾ ਤੇ ਤੋਰਿਆ ਜਾ ਸਕੇ...ਬਿਨਾ ਕਿਸੇ ਰੁਕਾਵਟ ਦੇ!

ਇਹ ਜਿਹੜੀ ਐਕਸੀਡੈਂਟ ਰਿਲੀਫ਼ ਗੱਡੀ ਹੁੰਦੀ ਏ ਉਸ ਵਿੱਚ ਇਕ ਬੋਗੀ ਵਿੱਚ ਤੇ ਜਿਵੇਂ ਇਕ ਮਿਨੀ ਹਸਪਤਾਲ ਹੀ ਬਣਿਆ ਹੁੰਦੈ - ਛੋਟਾ ਆਪਰੇਸ਼ਨ ਥਿਏਟਰ, ਸਾਰੀਆਂ ਜ਼ਰੂਰੀ ਦਵਾਈਆਂ, ਪੱਟੀਆਂ, ਟੀਕੇ, ਟਾਂਕੇ ਲਾਉਣ ਦਾ ਪੂਰਾ ਸਮਾਨ - ਉਸ ਬੋਗੀ ਵਿੱਚ ਆਕਸੀਜਨ ਦੇ ਸਿਲੰਡਰ ਤੇ ਨਾਲ ਬੈਡ ਵੀ ਲੱਗੇ ਹੁੰਦੇ ਨੇ, ਐਮਰਜੰਸੀ ਲਾਈਟਾਂ, ਫੱਟੜਾਂ ਨੂੰ ਚੁੱਕਣ ਲਈ ਸਟ੍ਰੇਟਚਰਾਂ ਤੇ ਬਦਕਿਸਮਤ ਬੰਦੇ ਜਿਹੜੇ ਤੁਰ ਗਏ, ਉਹਨਾਂ ਲਈ ਖਾਲੀ ਬੈਗ ਵੀ ਹੁੰਦੇ ਨੇ - ਪੀਣ ਵਾਲੇ ਪਾਣੀ ਦੀਆਂ ਬੋਤਲਾਂ ਤੇ ਚਾਅ ਦਾ ਸਮਾਨ, ਬਿਸਕੁਟ ਸਬ ਕੁਝ ਉਸ ਵਿੱਚ ਭਰਪੂਰ ਮਿਕਦਾਰ ਵਿਚ ਰੱਖਿਆ ਹੁੰਦੈ। 

ਦਵਾਈਆਂ ਜਿਹੜੀਆਂ ਓਥੇ ਪਈਆਂ ਹੁੰਦੀਆਂ ਨੇ ਜਾਂ ਜੋ ਹੋਰ ਵੀ ਸਮਾਨ ਜਿਹੜਾ ਓਥੇ ਪਿਆ ਹੁੰਦੈ , ਉਸ ਦੀ ਟੈਮੋ-ਟੈਮ ਖ਼ਬਰ ਲਈ ਜਾਂਦੀ ਹੈ - ਮੈਡੀਕਲ ਸਟਾਫ ਜਿਸ ਕੋਲ ਉਸ ਬੋਗੀ ਦੀ ਚਾਬੀ ਹੁੰਦੀ ਏ, ਓਹਨੂੰ ਹਰ ਹਫਤੇ (ਜਾਂ ਉਸ ਤੋਂ ਵੀ ਪਹਿਲਾਂ, ਮੈਨੂੰ ਧਿਆਨ ਨਹੀਂ ਹੈ ) ਓਥੇ ਜਾ ਕੇ ਗੇੜਾ ਲਾ ਕੇ ਆਉਣਾ ਪੈਂਦੈ, ਸਾਫ ਸਫਾਈ ਦੇਖਣੀ, ਕਰਵਾਉਣੀ, ਦਵਾਈਆਂ ਦੀ ਅਕਸਪੈਰੀ ਚੈੱਕ ਕਰਣੀ ਉਸ ਦੇ ਜਿੰਮੇ ਹੁੰਦੈ - ਇਸ ਦੇ ਨਾਲ ਨਾਲ ਇਕ ਰੇਲਵੇ ਡਾਕਟਰ ਵੀ ਜਿਹੜਾ ਉਸ ਮੈਡੀਕਲ ਵੈਨ ਦਾ ਇੰਚਾਰਜ ਹੁੰਦੈ, ਉਹ ਵੀ ਮਹੀਨੇ ਚ' ਇੱਕ ਵਾਰੀ ਓਥੇ ਜਾ ਕੇ ਉਸ ਦੀ ਸਾਫ ਸਫਾਈ, ਦਵਾਈਆਂ ਦਾ ਹਾਲ, ਚਾਦਰਾਂ-ਸ਼ੀਟਾਂ ਦਾ ਹਾਲ - ਹਰ ਚੀਜ਼ ਦਾ ਧਿਆਨ ਰੱਖਦੈ , ਉਸ ਤੇ ਉੱਪਰਲੇ ਅਫਸਰ, ਇਥੋਂ ਤੱਕ ਕਿ ਡੀ.ਆਰ.ਐਮ ਵੀ ਕਦੇ ਕਦੇ ਅਚਾਨਕ ਇਸ ਗੱਡੀ ਦਾ  ਇੰਸਪੇਕਸ਼ਨ ਕਰਣ ਤੁਰ ਜਾਂਦੇ ਨੇ !! 

ਮੈਂ ਕਈ ਵਾਰ ਲੱਗਦੈ ਕਿ ਰੇਲਵੇ ਵਿੱਚ ਕਈ ਕੰਮ ਬਿਲਕੁਲ ਫੌਜ ਦੇ ਮਹਿਕਮੇ ਵਾਂਗ ਹੀ ਹੁੰਦੇ ਨੇ - ਸਬ ਕੁਝ ਬੜਾ ਚੁਸਤ-ਦੁਰੁਸਤ ਰੱਖਿਆ ਜਾਂਦੈ।  

ਅੱਛਾ, ਮੈਂ ਦੱਸ ਚੁਕਿਆ ਹਾਂ ਕਿ ਅਜਿਹੀਆਂ ਗੱਡੀਆਂ ਜਿਹੜੀਆਂ ਐਕਸੀਡੈਂਟ ਵੇਲੇ ਘੱਲੀਆਂ ਜਾਂਦੀਆਂ ਹਨ ਇਹ ਤਾਂ ਵੱਡੇ ਸਟੇਸ਼ਨਾਂ ਤੇ ਹੀ ਖੜੀਆਂ ਹੁੰਦੀਆਂ ਨੇ- ਇਕ ਗੱਲ ਹੋਰ ਇਹ ਵੀ ਦਸਣੀ ਸੀ ਮੈਂ ਕਿ ਇਹ ਜਿਹੜੀ ਟ੍ਰੇਨ ਹੁੰਦੀ ਹੈ ਮੈਡੀਕਲ ਬੋਗੀ ਵਾਲੀ, ਇਸ ਦੇ ਨਾਲ ਦੀ ਬੋਗੀ ਵਿਚ ਅਜਿਹਾ ਸਮਾਨ ਵੀ ਹੁੰਦੈ ਜਿਸ ਨਾਲ ਹਾਦਸੇ ਵਾਲੀ ਗੱਡੀ ਦੇ ਬੂਹੇ ਬਾਰੀਆਂ ਨੂੰ ਕੱਟਿਆ ਜਾ ਸਕੇ, ਵੈਲਡਿੰਗ ਦਾ ਸਮਾਨ, ਕਰੇਨ ਵੀ ਚਾੜੀ ਹੁੰਦੀ ਹੈ - ਜੇਕਰ ਇੰਚਾਰਜ ਨੂੰ ਲੱਗੇ ਕਿ ਕਰੇਨ ਕਰ ਕੇ ਉਸ ਗੱਡੀ ਦੀ ਸਪੀਡ ਘੱਟ ਜਾਵੇਗੀ ਤਾਂ ਮੈਡੀਕਲ ਵਾਲੀ ਬੋਗੀ ਨੂੰ ਪਹਿਲਾਂ ਹੀ ਹਾਦਸੇ ਵਾਲੀ ਜਗ੍ਹਾ ਤੇ ਤੋਰ ਦਿੱਤਾ ਜਾਂਦੈ। 

ਹੁਣ ਗੱਲ ਕਰੀਏ ਓਹਨਾਂ ਸਟੇਸ਼ਨਾਂ ਦੀ ਜਿਥੇ ਅਜਿਹੀਆਂ ਰਾਹਤ ਗੱਡੀਆਂ ਨਹੀਂ ਖੜੀਆਂ, ਓਹਨਾਂ ਸਟੇਸ਼ਨ ਤੇ ਵੀ ਪੂਰੇ ਮੈਡੀਕਲ ਦੇ ਸਮਾਨ ਨਾਲ ਲੱਦੇ ਬਕਸੇ ਰੱਖੇ ਹੁੰਦੇ ਨੇ - ਇਕ ਕਮਰਾ ਸਟੇਸ਼ਨ ਉੱਤੇ ਇਹਨਾਂ ਲਈ ਰਾਖਵਾਂ ਹੁੰਦੈ - ਇਹ ਸਮਾਨ ਦੀ ਵੀ ਬਿਲਕੁਲ ਓਵੇਂ ਹੀ ਜਾਂਚ-ਪੜਤਾਲ ਹੁੰਦੀ ਰਹਿੰਦੀ ਹੈ ਜਿਵੇਂ ਰਾਹਤ ਗੱਡੀ ਵਿਚ ਪਾਏ ਸਮਾਨ ਦੀ ਹੁੰਦੀ ਹੈ - ਡਾਕਟਰ ਅਜਿਹੇ ਮੈਡੀਕਲ ਦੇ ਬਕਸਿਆਂ ਦਾ ਇੰਚਾਰਜ ਹੁੰਦੈ - ਕੋਈ ਕਿਸੇ ਕਿਸਮ ਦੀ ਢਿੱਲ ਨਹੀਂ ਹੁੰਦੀ! ਇਸ ਨੂੰ ARME - "ਐਕਸੀਡੈਂਟ ਰਿਲੀਫ਼ ਮੈਡੀਕਲ ਏਕੁਪਮੈਂਟ" ਕਿਹਾ ਜਾਂਦੈ!! ਇਹਨਾਂ ਨੂੰ ਕਿਸੇ ਵੀ ਵੇਲੇ ਸੜਕ ਰਾਹੀਂ ਜਾਂ ਗੱਡੀ ਰਾਹੀਂ ਹਾਦਸੇ ਦੀ ਜਗ੍ਹਾ ਤੇ ਤੋਰਿਆ ਜਾ ਸਕਦੈ! 

ਇਹ ਜਿਹੜੇ ਮੈਡੀਕਲ ਦੇ ਸਮਾਨ ਅਤੇ ਦਵਾਈਆਂ ਦੇ ਬਕਸੇ ਹੁੰਦੇ ਨੇ ਇਹਨਾਂ ਨੂੰ ਹਰ 80-100 ਕਿਲੋਮੀਟਰ ਦੀ ਦੂਰੀ ਤੇ ਸਟੇਸ਼ਨ ਉੱਤੇ ਇੱਕ ਅਲੱਗ ਕਮਰੇ ਵਿਚ ਰੱਖਿਆ ਜਾਂਦੈ ਤੇ ਇਸ ਤਰ੍ਹਾਂ ਦੀ ਵਿਓਂਤ ਬਨਾਇ ਹੁੰਦੀ ਹੈ ਕਿ ਇੰਨਾ ਦੇ ਇਕ ਪਾਸੇ ਕਿਸੇ ਲਾਗੇ ਦੇ ਸਟੇਸ਼ਨ ਤੇ ਉਹ ਰਾਹਤ ਵਾਲੀ ਗੱਡੀ ਖੜੀ ਹੋਵੇ। 

ਇੱਕ ਗੱਲ ਹੋਰ ਕੇ ਬਸ ਕਰਾਂ - ਮੈਂ ਤਾਂ ਲਿਖਦਾ ਲਿਖਦਾ ਹੀ ਬੋਰ ਹੋ ਗਿਆਂ, ਪੜਨ ਵਾਲਿਆਂ ਦਾ ਵੀ ਮੈਨੂੰ ਸੋਚਣਾ ਚਾਹੀਦੈ !ਕਿਸੇ ਵੀ ਰੇਲ ਹਾਦਸੇ ਦੇ ਵੇਲੇ ਰੇਲ ਦਾ ਸਾਰਾ ਅਮਲਾ ਪੂਰੀ ਹਰਕਤ ਵਿੱਚ ਹੁੰਦੈ - ਵੈਸੇ ਤਾਂ ਉਹ ਹਰ ਵੇਲੇ ਹੀ ਹੁੰਦੈ - ਰੇਲ ਦੇ ਵੱਖੋ ਵੱਖ ਵਿਭਾਗ ਆਪੋ ਆਪਣੇ ਕੰਮੀਂ ਲੱਗੇ ਹੁੰਦੇ ਨੇ - ਮੈਡੀਕਲ ਮਹਿਕਮਾ ਆਪਣਾ ਕੰਮ ਕਰਦੈ, ਫੱਟੜਾਂ ਨੂੰ ਫਰਸਟ-ਏਡ ਦੇ ਕੇ ਰੇਲਵੇ / ਸਰਕਾਰੀ / ਪਰਾਈਵੇਟ ਹਸਪਤਾਲ ਜਿਹੜੇ ਵੀ ਨੇੜੇ ਹੋਣ ਓਥੇ ਸ਼ਿਫਟ ਕੀਤਾ ਜਾਂਦੈ - ਜਿੰਨੇ ਦਿਨ ਵੀ ਇਲਾਜ ਚਲਦਾ ਹੈ, ਖਰਚਾ ਰੇਲ ਦਾ ਹੁੰਦੈ - ਰੇਲ ਦਾ ਇੰਜੀਨੀਅਰਿੰਗ ਵਿਭਾਗ ਉਸ ਵੇਲੇ ਲਾਈਨਾਂ ਦੀ ਮੁਰੰਮਤ ਵਿਚ ਲੱਗ ਜਾਂਦੈ ਤਾਂ ਜੋ ਰੇਲਾਂ ਦੀ ਆਵਾ ਜਾਈ ਜਲਦੀ ਤੋਂ ਜਲਦੀ ਬਹਾਲ ਕੀਤੀ ਜਾ ਸਕੇ, ਮਕੈਨੀਕਲ ਵਿਭਾਗ ਡੱਬਿਆਂ ਦੀ ਕੱਟ-ਵੱਡ ਚ' ਰੁਝਿਆ ਹੁੰਦੈ ਤਾਂ ਜੋ ਪਹਿਲਾਂ ਤੇ ਜਿਹੜੀਆਂ ਸਵਾਰੀਆਂ ਅੰਦਰ ਫਸੀਆਂ ਹੋਈਆਂ ਹਨ ਓਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਬਾਅਦ ਵਿਚ ਉਹ ਟੁੱਟੇ -ਭੱਜੇ ਡੱਬੇ ਨੂੰ ਲਾਈਨ ਤੋਂ ਹਟਾਇਆ ਜਾ ਸਕੇ,  ਰੇਲਵੇ ਦਾ ਸੁਰੱਖਿਆ ਮਹਿਕਮਾ ਆਪਣਾ ਕੰਮ ਕਰ ਰਿਹਾ ਹੁੰਦੈ - ਰੇਲਵੇ ਦਾ ਕਮਰਸ਼ੀਅਲ ਮਹਿਕਮਾ ਗੱਡੀਆਂ ਦੀ ਆਵਾ ਜਾਈ ਤੇ ਪੂਰੀ ਨਜ਼ਰ ਰੱਖ ਰਿਹਾ ਹੁੰਦੈ - ਹਰ ਤਰ੍ਹਾਂ ਦੀ ਰੈਫਰੇਸ਼ਮੇੰਟ੍ਸ ਦਾ ਧਿਆਨ ਰੱਖਿਆ ਜਾਂਦੈ - ਚਾਅ, ਪਾਣੀ, ਬਿਸਕੁਟ ਆਦਿ ! 

ਹਾਦਸੇ ਦੀ ਰਿਪੋਰਟ ਦਿਨ ਵਿਚ ਕਈਂ ਵਾਰੀ ਦਿੱਲੀ ਰੇਲ ਭਵਨ ਚ' ਵੀ ਘੱਲੀ ਜਾਂਦੀ ਹੈ - ਆਪਾਂ ਹਰ ਇੱਕ ਦੇ ਕੰਮ ਬਾਰੇ ਲਿਖ ਦਿੱਤਾ ਪਰ ਉਸ ਆਮ ਹਿੰਦੁਸਤਾਨੀ ਬਾਰੇ ਤੇ ਕੁਝ ਲਿਖਿਆ ਹੀ ਨਹੀਂ ਜੀ ਜਿਹੜਾ ਗੱਡੀ ਦੇ ਹਾਦਸੇ ਦਾ ਖੜਕਾ ਸੁਣ ਕੇ ਉਸੇ ਵੇਲੇ ਆਪਣੇ ਘਰੋਂ ਭੱਜ ਕੇ ਹਾਦਸੇ ਦੀ ਥਾਂ ਤੇ ਪੁੱਜ ਕੇ ਮਦਦ ਦਾ ਹੱਥ ਅਗਾਂਹ ਕਰਦੈ - ਮੇਰੀ ਇਹ ਪੋਸਟ ਉਹਨਾਂ ਸਾਰਿਆਂ ਲੋਕਾਂ ਨੂੰ ਜਿਹੜੇ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਹੋਰ ਵੀ ਕੋਈ ਮੈਡੀਕਲ ਮਦਦ ਪਹੁੰਚਣ ਤੋਂ ਪਹਿਲਾਂ ਓਥੇ ਪੁੱਜ ਕੇ ਭਾਈਬੰਦੀ ਵਿਚ, ਗੁਮਨਾਮ ਰਹਿੰਦਿਆਂ ਹੋਇਆਂ, ਨਿਸ਼ਕਾਮ ਸੇਵਾ ਵਿਚ ਲੱਗ ਪੈਂਦੇ ਨੇ (ਕੋਈ ਫੱਟੜਾਂ ਨੂੰ ਕੱਢਣ ਚ' ਲੱਗਿਆ ਹੁੰਦੈ, ਕੋਈ ਚਾਅ ਦੀ ਸੇਵਾ ਕਰ ਰਿਹਾ ਹੁੰਦੈ, ਕੋਈ ਲੰਗਰ ਲੈ ਕੇ ਆ ਜਾਂਦੈ ਤੇ ਕੋਈ ਉਸ ਵੇਲੇ ਭਾਈ ਘਨਈਆ ਜੀ ਵਾਂਗੂ ਪਾਣੀ ਦੀ ਅਣਥੱਕ ਸੇਵਾ ਚ ਰੁਝਿਆ ਹੁੰਦੈ - ਅਜਿਹੇ ਆਮ ਆਦਮੀਆਂ ਸਦਕਾ ਬੜੀਆਂ ਜਾਨਾਂ ਬਚ ਜਾਂਦੀਆਂ ਨੇ - ਇਹਨਾਂ ਸਾਰਿਆਂ ਨੂੰ ਮੇਰਾ ਸਲਾਮ!!

ਮਾਮਲਾ ਥੋੜਾ ਸੀਰਿਅਸ ਹੋ ਗਿਆ ਜਾਪਦੈ - ਚਲੋ, ਜਾਂਦੇ ਜਾਂਦੇ ਇੱਕ ਗੱਲ ਹੋਰ - ਅਸੀਂ ਜਿਹੜੇ ਮੁੰਡੇ ਪੰਜਵੀ ਜਮਾਤ ਤੋਂ ਅੰਮ੍ਰਿਤਸਰ ਸਕੂਲ ਵਿੱਚ ਇਕੱਠੇ ਪੜਦੇ ਸੀ - 30-35 ਮੁੰਡਿਆਂ ਦਾ ਇਕ ਵਹਾਤਸੱਪ ਗਰੁੱਪ ਹੈ , ਇਕ ਤੋਂ ਇਕ ਵੱਧ ਖੁਰਾਫਾਤੀ ਨੇ , ਓਥੇ ਕੋਈ ਕਿਸੇ ਨਾਲ ਕੋਈ ਗਿਲਾ ਨਹੀਂ ਕਰਦਾ - ਕੁਝ ਕੁਝ ਯਾਦ ਕਰਵਾਉਂਦੇ ਰਹਿੰਦੇ ਨੇ, ਕੁਝ ਚਿਰ ਪਹਿਲਾਂ ਇਕ ਸਾਥੀ ਨੇ ਜਿਹੜਾ ਪੰਜਾਬੀ ਗੀਤ ਭੇਜਿਆ ਉਹ ਮੈਂ ਭੁੱਲ ਚੁਕਿਆ ਸੀ - ਬਚਪਨ ਚ ਰੇਡੀਓ ਤੇ ਬਾਅਦ ਚ ਜਲੰਧਰ ਦੂਰਦਰਸ਼ਨ ਤੇ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਵਿਚ ਜਦੋਂ ਮਾਮਾ ਜੀ ਫਿਲਮ ਦਾ ਇਹ ਗੀਤ ਸੁਣੀਦਾ ਸੀ ਜਾਂ ਪੰਜਾਬੀ ਦੇ ਚਿਤਰਹਾਰ ਵਿਚ ਜਦੋਂ ਇਸ ਨੂੰ ਸੁਣੀਦਾ ਸੀ ਤਾਂ ਬੜਾ ਮਜ਼ਾ ਆਉਂਦਾ ਸੀ - ਖ਼ੈਰਾਇਤੀ ਭੇਂਗਾ ਸਾਡੇ ਵੇਲੇ ਦਾ ਪੰਜਾਬੀ ਫ਼ਿਲਮਾਂ ਦਾ ਬੜਾ ਮਸ਼ਹੂਰ ਕਮੇਡੀਅਨ ਸੀ, ਇਸ ਗੀਤ ਨੂੰ ਗਾਇਆ ਹੈ, ਮੁਹੰਮਦ ਰਫੀ ਸਾਬ ਨੇ! ਜੇ ਕਰ ਤੁਸੀਂ ਵੀ ਸੁਣਨਾ ਚਾਹੋ ਤਾਂ ਪੇਸ਼ੇਖਿਦਮਤ ਹੈ ਜੀ ਓਹੀ ਗੀਤ - ਛੱਕ ਛੱਕ ਗੱਡੀ ਚਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਓ ਜਮਨਾ ਮਾਮਾ, ਕਰ ਪੰਜਾਬ ਦੀ ਸੈਰ !!

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...