Monday 23 August 2021

ਅੱਜ ਪੁਰਾਣੀਆਂ ਯਾਦਾਂ ਦਾ ਜਿਵੇਂ ਹੜ੍ਹ ਆ ਗਿਆ। ..

ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜਿਹੜੀ ਬੀਬੀ ਕੋਈ ਗੀਤ ਵੀ ਗਾ ਰਹੀ ਸੀ, ਉਸ ਨੇ ਤਾਂ ਜੀ ਉਸ ਵੀਡੀਓ ਨੂੰ ਚਾਰ ਚੰਨ ਲਾ ਦਿੱਤੇ ਸੀ ਜਿਵੇਂ। 

ਚਲੋ, ਗੱਲਾਂ ਤਾਂ ਬਾਅਦ ਚ ਕਰਦੇ ਹਾਂ ਪਹਿਲਾਂ ਬੇਦੀ ਸਾਬ ਦੀ ਘੱਲੀ ਹੋਈ ਵੀਡੀਓ ਤੁਹਾਡੇ ਨਾਲ ਸ਼ਾਂਝੀ ਕਰਦੇ ਹਾਂ - 


ਇਹ ਵੀਡੀਓ ਦੇਖ ਕੇ ਸਾਨੂੰ ਵੀ ਆਪਣਾ ਸਮਾਂ ਯਾਦ ਆ ਗਿਆ, ਤੁਸੀਂ ਇਸ ਪੋਡਕਾਸਟ ਚ' ਸੁਣ ਸਕਦੇ ਹੋ। 



Monday 17 May 2021

ਤਿੜਕਦੀ ਪਿੱਤ ਅੱਜ ਸਵੇਰੇ ਸਵੇਰੇ ਚੇਤੇ ਆ ਗਈ..


ਅੱਜ ਬੰਬਈ ਥਾਣੀ ਕੋਈ ਵੱਡਾ ਸਮੁੰਦਰੀ ਤੂਫ਼ਾਨ ਲੰਘ ਰਿਹੈ - ਖ਼ਬਰਾਂ ਵਾਲੇ ਚੈਨਲਾਂ ਨੇ ਤੁਹਾਡੇ ਸਿਰ ਦੁਖਾ ਦਿੱਤਾ ਹੋਵੇਗਾ। ਓਸੇ ਚੱਕਰ ਚ' ਕੱਲ ਰਾਤ ਤੋਂ ਹੀ ਤੇਜ ਤੇਜ ਡਰਾਉਣ ਵਾਲੀਆਂ ਹਵਾਵਾਂ ਚੱਲ ਰਹੀਆਂ ਸਨ. ਸਵੇਰੇ ਸਵੇਰੇ ਬਾਰਿਸ਼ ਹੋਣ ਲੱਗ ਪਈ - ਚੰਗਾ ਲੱਗਾ ਠੰਡਾ ਮੌਸਮ।  ਵੈਸੇ ਤਾਂ ਇਥੇ ਮੌਨਸੂਨ ਦੀ ਆਮਦ ਜੂਨ ਦੇ ਪਹਿਲੇ ਹਫਤੇ ਚ ਹੁੰਦੀ ਹੈ - ਸੱਤ ਜਾਂ ਅੱਠ ਜੂਨ ਨੂੰ ਮੌਨਸੂਨ ਦੀ ਝੰਬ ਪੈ ਹੀ ਜਾਂਦੀ ਹੈ। ਵੈਸੇ ਮੌਨਸੂਨ ਤੋਂ ਪਹਿਲਾਂ ਮੌਨਸੂਨ ਦਾ ਸ਼ਗਨ ਤਾਂ ਮੌਨਸੂਨ ਤੋਂ ਪਹਿਲਾਂ ਦੀਆਂ ਵਾਛੜਾਂ ਜੂਨ ਦੀ ਪਹਿਲੀ ਤਾਰੀਖ ਦੇ ਲਾਗੇ ਸ਼ਾਗੇ ਪੈ ਜਾਂਦੀਆਂ ਨੇ।  


ਜਿਵੇਂ ਹੀ ਮੈਂ ਵੇਖਿਆ ਕਿ ਮੌਸਮ ਠੰਡਾ ਹੋ ਗਿਆ ਹੈ, ਮੈਂ ਬਾਹਰ ਦੀ ਫੋਟੋ ਖਿੱਚ ਕੇ ਆਪਣੇ ਸਕੂਲ ਦੇ ਗਰੁੱਪ ਤੇ ਦੂਜੀ ਆਪਣੇ ਕਾਲਜ ਦੇ ਗਰੁੱਪ ਤੇ ਸਾਂਝੀ ਕਰ ਦਿੱਤੀ। ਨਾਲੇ ਮੈਂ ਲਿਖਿਆ ਕਿ ਇਸ ਮੌਸਮ ਕਰ ਕੇ ਹੀ ਮੈਨੂੰ ਬੰਬਈ ਨਾਲ ਬਹੁਤ ਪਿਆਰ ਹੈ. ਮੈਨੂੰ ਇਹ ਵੀ ਚੇਤਾ ਆ ਗਿਆ ਕਿ ਬੰਬਈ ਤੋਂ ਇਲਾਵਾ ਜਿਥੇ ਵੀ ਰਹੇ ਬਸ ਸਾਲ ਦੇ ਚਾਰ ਪੰਜ ਮਹੀਨੇ ਤਾਂ ਪਿੱਤਾਂ ਹੀ ਤਿੜ੍ਹਕਦੀਆਂ ਰਹੀਆਂ - ਬਸ ਉਸਨੂੰ ਠੰਡ ਪਾਂਦੇ ਪਾਂਦੇ ਹੀ ਬਚਪਨ ਕੀ ਤੇ ਜਵਾਨੀ ਵੀ ਲਗਭਗ ਲੰਘ ਹੀ ਗਈ ਸੀ ਸਮਝੋ। 

ਮੈਨੂੰ ਅੱਜ ਚੇਤਾ ਆ ਰਿਹਾ ਸੀ ਕਿ ਜਦੋਂ ਅਸੀਂ ਛੋਟੇ ਛੋਟੇ ਸੀ ਤੇ ਸਾਨੂੰ ਗਰਮੀਆਂ ਚ ਪਿੱਤ ਬੜਾ ਤੰਗ ਕਰਦੀ ਸੀ। ਸਾਡੀ ਬੀਬੀ ਨੇ ਵੀ ਕੋਈ ਜੁਗਾੜ ਨਹੀਂ ਸੀ ਛੱਡਿਆ ਉਸ ਤੋਂ ਨਿਜਾਤ ਪਾਉਣ ਲਈ. ਜਦੋਂ ਅਸੀਂ ਬਹੁਤੇ ਹੀ ਛੋਟੇ ਸੀ, ਸਾਨੂੰ ਇਹ ਪਿੱਤ ਦੇ ਪੌਡਰਾਂ ਬਾਰੇ ਪਤਾ ਨਹੀਂ ਸੀ ਹੁੰਦਾ। ਪਤਾ ਤਾਂ ਤੱਦੇ ਹੁੰਦਾ ਜੇਕਰ ਇਹੋ ਜਿਹੀਆਂ ਚੀਜ਼ਾਂ ਘਰ ਚ ਵਿਖਦੀਆਂ।  

ਮੈਨੂੰ ਇਹ ਵੀ ਚੇਤੇ ਆ ਰਿਹੈ ਕਿ ਜ਼ਿਆਦਾ ਪਿੱਤ ਮੇਰੀ ਬੀਬੀ ਨੂੰ, ਭਾਪਾ ਜੀ ਨੂੰ ਤੇ ਮੈਨੂੰ ਹੀ ਤਿੜਕਦੀ ਸੀ. ਭਾਪਾ ਜੀ ਤੇ ਮਸਤ ਸਨ, ਸ਼ਾਮਾਂ ਨੂੰ ਜਦੋਂ ਪਿੱਤ ਨੇ ਪਰੇਸ਼ਾਨ ਕਰਨਾ ਓਹਨਾਂ ਆਪੇ ਹੀ ਪਿੱਠ ਨੂੰ ਕੰਘੀ ਨਾਲ ਖੁਰਕ ਲੈਣਾ। ਕਦੇ ਕਦਾਈਂ ਮੈਨੂੰ ਕਹਿ ਦੇਣਾ ਕਿ ਆ ਬਿੱਲੇ, ਜਰਾ ਪਿੱਠ ਤੇ ਕੰਘੀ ਫੇਰ ਦੇ. ਮੈਂ ਵੀ ਅੱਤ ਦਾ ਸ਼ਰਾਰਤੀ - ਮੈਂ ਵੀ ਐਂਨੀ ਜ਼ੋਰ ਜ਼ੋਰ ਦੀ ਕੰਘੀ ਫੇਰ ਕੇ ਉਹਨਾਂ ਦੀ ਪਿੱਠ ਲਾਲ ਕਰ ਦੇਣੀ ਤਾਂ ਉਹਨਾਂ ਕਹਿਣਾ ਬਸ ਕਰ ਯਾਰ. ਰੋਟੀ ਖਾ ਕੇ ਉਹਨਾਂ ਨਵਾਰੀ ਮੰਜੇ ਤੇ ਲੇਟ ਜਾਣਾ - ਬਨੈਣ ਲਾ ਕੇ ਪੈ ਜਾਣਾ - ਤੇ ਨਵਾਰ ਦੀ ਰਗੜ ਨਾਲ ਉਹਨਾਂ ਨੂੰ ਹੋਰ ਵੀ ਆਰਾਮ ਮਿਲ ਜਾਣਾ। 

ਅੱਛਾ ਰਬ ਤੁਹਾਡਾ ਭਲਾ ਕਰੇ, ਸਾਡੇ ਬੀਬੀ ਜੀ ਨੇ ਥੋੜਾ ਬਹੁਤ ਤੇ ਕੰਘੀ ਫੇਰ ਕੇ ਕੰਮ ਸਾਰ ਲੈਣਾ - ਕਿਓਂਕਿ ਓਹਨਾ ਅੰਗੀਠੀ ਤੇ ਤੰਦੂਰ ਤੇ ਲਗਾਤਾਰ ਕੰਮ ਕਰਨਾ ਹੁੰਦਾ ਸੀ, ਉਹਨਾਂ ਨੂੰ ਪਿੱਤ ਜ਼ਿਆਦਾ ਹੀ ਹੁੰਦੀ ਸੀ - ਗਲੇ ਤੇ ਹੀ, ਬਾਹਵਾਂ ਤੇ ਵੀ ਤੇ ਪਿੱਠ ਤੇ ਵੀ - ਉਹਨਾਂ ਚੋਂਕੇ ਤੋਂ ਵੇਹਲੇ ਹੋ ਕੇ ਹੱਥ ਚ ਪੱਖੀ ਫੜ ਕੇ ਉਸੇ ਨਾਲ ਤਿੜਕਦੀ ਪਿੱਤ ਨੂੰ ਠੰਡਾ ਕਰਣ ਦੀ ਕੋਸ਼ਿਸ਼ ਕਰਨੀ , ਨਹੀਂ ਤੇ ਕਹਿਣਾ ਕਿ ਫੜਾ ਕੋਈ ਕੰਘਾ। ਮੈਂ ਵੀ ਮਾਂ ਦੇ ਨਾਲ ਲੇਟੇ ਲੇਟੇ ਪਿੱਤ ਤੋਂ ਪਰੇਸ਼ਾਨ ਹੋ ਜਾਣਾ। ਮਾਂ ਦੇ ਕਹਿਣ ਤੇ ਮੈਂ ਨਾਲ ਹੀ ਡੱਠੇ ਹੋਏ ਖਟੋਲੇ ਤੇ ਬਨੈਣ ਲਾ ਕੇ ਪੈ ਜਾਣਾ ਤੇ ਮਾਂ ਦੀ ਦੇਖਾ ਦੇਖੀ ਪਿੱਠ ਨੂੰ ਨਵਾਰ ਨਾਲ ਰਗੜ ਕੇ ਖੁਰਕ ਤੋਂ ਥੋੜੀ ਬਹੁਤ ਨਿਜਾਤ ਆ ਲੈਣੀ। 

ਫੇਰ ਇਕ ਦੌਰ ਉਹ ਵੀ ਆਇਆ ਜਦੋਂ ਪਿੱਤ ਨੇ ਜ਼ਿਆਦਾ ਹੀ ਪਰੇਸ਼ਾਨ ਕਰ ਦੇਣਾ - ਇਸ ਨੇ ਪੱਕ ਜੇਹਾ ਜਾਣਾ - ਫੇਰ ਬੀਬੀ ਨੇ ਸਾਡੀ ਪਿੱਠ ਤੇ ਗਾਚੀ ਮੱਲ ਕੇ ਪਿੱਠ ਦੀ ਫੱਟੀ ਪੋਚ ਕੇ ਸਵਾ ਦੇਣਾ ਕਿ ਸਵੇਰੇ ਤਕ ਠੰਡ ਪੈ ਜਾਏਗੀ। ਹੁਣੇ ਲਿਖਦੇ ਲਿਖਦੇ ਚੇਤਾ ਆ ਰਿਹਾ ਏ ਕਈ ਵਾਰੀ ਜੇਕਰ ਕਿਸੇ ਦੀ ਪਿੱਤ ਜ਼ਿਆਦਾ ਹੀ ਪੱਕ ਜਾਣੀ ਤਾਂ ਨਾਲ ਦੇ ਸਰਕਾਰੀ ਹੌਸਪੀਟਲ ਚ ਜਾ ਕੇ ਟੀਕੇ ਦੀ ਕਿਸੇ ਖਾਲੀ ਸ਼ੀਸ਼ੀ ਵਿਚ ਨੀਲੀ ਦਵਾਈ ਲੈ ਕੇ ਆਉਣੀ ਤੇ ਤੋਰ ਰੂੰ ਨਾਲ ਉਸ ਨੂੰ ਪਕੀ ਹੋਈ ਪਿੱਤ ਤੇ ਲਾ ਦੇਣਾ - ਜਦੋਂ ਕਿਸੇ ਨੂੰ ਇਹ ਦਵਾਈ ਲੱਗੀ ਹੋਣੀ, ਧਰਮ ਨਾਲ ਇੰਝ ਲੱਗਣਾ ਜਿਵੇਂ ਉਹ ਕੋਹੜ ਦਾ ਇਲਾਜ ਕਰ ਰਿਹਾ ਹੋਵੇ। 

ਫੇਰ ਇਹ ਪਿੱਤਾਂ ਵਾਲੇ ਪਾਊਡਰ ਆ ਗਏ - ਨੈਸਿਲ ਆਇਆ ਸੀ ਸ਼ਾਇਦ ਪਹਿਲਾਂ - ਉਸ ਉੱਤੇ ਵੀ ਜਿਹੜੇ ਮੁੰਡੇ ਦੀ ਫੋਟੋ ਹੁੰਦੀ ਸੀ ਉਹ ਵੀ ਕਮਬਖ਼ਤ ਤਿੜਕਦੀ ਪਿੱਤ ਦਾ ਹੀ ਮਾਰਿਆ ਦਿਸਦਾ ਸੀ - ਬਸ ਉਹ ਫ਼ੋਟਾਂ ਸਾਡੇ ਮਨ ਚ ਬਹਿ ਗਈ ਕਿ ਪਿੱਤ ਤੋਂ ਖਹਿੜਾ ਛਡਾਉਣ ਦਾ ਇੱਕੋ ਤਰੀਕਾ ਹੈ - ਇਹੋ ਨਾਈਸੀਲ ਪਾਊਡਰ। ਇਹੋ ਜੇਹਾ ਪਿੱਤ ਦਾ ਪਾਊਡਰ ਕਿਸੇ ਘਰ ਵਿਚ ਰੱਖਿਆ ਹੋਣਾ ਇਕ ਛੋਟਾ ਮੋਟਾ ਸਟੇਟਸ ਸਿੰਬਲ ਜਾਪਦਾ ਸੀ।  ਬਸ ਫੇਰ ਕੀ ਸੀ, ਮੇਰੇ ਵਰਗੇ ਮੁੰਡੇ ਖੁੰਡਿਆਂ ਨੇ ਦਿਨ ਚ ਕਈਂ ਕਈਂ ਵਾਰ ਉਸ ਨੂੰ ਥਪਦੇ ਰਹਿਣਾ - ਪਿੱਤ ਦੀ ਖੁਰਕ ਤੋਂ ਤੇ ਠੰਡ ਪਾਂਦਾ ਹੀ ਸੀ, ਖੁਸ਼ਬੋ ਵੀ ਤੇ ਉਸ ਦੀ ਚੰਗੀ ਭਲੀ ਸੀ - ਬਸ ਸਾਨੂੰ ਵੀ ਪਾਊਡਰ ਥੱਪਣ ਦਾ ਸ਼ੋਂਕ ਜੇਹਾ ਪੈ ਗਿਆ. 

ਲਿਖਦੇ ਲਿਖਦੇ ਹੁਣੇ ਮੈਨੂੰ ਖਿਆਲ ਆਇਆ ਕਿ ਜੇਕਰ ਮੈਂ ਪਿੱਤ ਦੀ ਗੱਲ ਛੇੜੀ ਹੈ ਤਾਂ ਮੈਨੂੰ ਓਹਨਾਂ ਦਿਨਾਂ ਦੀ 2-3 ਹੋਰ ਵੀ ਤਕਲੀਫ਼ਾਂ ਦੀਆਂ ਗੱਲਾਂ ਤਾਂ ਕਰਨੀਆਂ ਹੀ ਚਾਹੀਦੀਆਂ ਨੇ. ਗੱਲ ਕੋਈ ਵੀ ਅੱਧੀ ਪੱਚਦੀ ਕਰਨੀ ਠੀਕ ਨਹੀਂ> ਚਲੋ ਤੁਹਾਨੂੰ ਦਸ ਹੀ ਦੇਈਏ ਤੁਹਾਨੂੰ ਕਿ ਇਹ ਉਹ ਦੌਰ ਸੀ ਜਦੋਂ ਸਾਨੂੰ ਚਮੂਨੇ ਵੀ ਬੜੇ ਲੜਦੇ ਸੀ ਤੇ ਪਸੀਨੇ ਕਰਕੇ ਪੱਟਾਂ ਦੇ ਅੰਦਰਲੇ ਪਾਸੇ ਲਾਸ਼ਾਂ ਵੀ ਪਈਆਂ ਹੀ ਰਹਿੰਦੀਆਂ ਸੀ. ਬਸ ਤੁਸੀਂ ਇਹ ਸਮਝੋ ਸਾਡਾ ਸ਼ਾਮ ਦਾ ਇਹੋ ਟਾਈਮ ਪਾਸ ਸੀ ਪਿੱਤ, ਚਮੂਨੇ, ਲਾਸ਼ਾਂ ਜਾਂ ਫੇਰ ਰਬ ਤੁਹਾਡਾ ਭਲਾ ਕਰੇ ਪਾਣੀ ਪੀ ਪੀ ਢਿੱਡ ਆਫਰ ਜਾਂਦਾ ਸੀ> ਇੰਨਾ ਵਿਚੋਂ ਕਿਸੇ ਇਕ ਤਕਲੀਫ ਨਾਲ ਤਾਂ ਰੋਜ਼ ਟਾਕਰਾ ਕਰਨਾ ਹੀ ਪੈਂਦਾ ਸੀ> 

ਚਮੂਨੇਆਂ ਦੀ ਲੜਾਈ ਖ਼ਤਮ ਕਰਨ ਦਾ ਇਕ ਪੱਕਾ ਫਾਰਮੂਲਾ ਸੀ - ਬੀਬੀ ਜੀ ਨੇ ਐਵੇਂ ਹੀ ਪਿਆਰ ਨਾਲ ਝਿੜਕ ਦੇਣਾ ਕਿ ਹੋਰ ਖੰਡ ਦੇ ਫੱਕੇ ਮਾਰਦਾ ਰਿਹਾ ਕਰ ਸਾਰਾ ਦਿਨ, ਖੰਡ ਦੇ ਪਰਾਂਠੇ ਘੱਟ ਖਾਇਆ ਕਰ।  ਪੁੱਤ ਸ਼ਰੀਰ ਦੀ ਸਫਾਈ ਦਾ ਪੂਰਾ ਖਿਆਲ ਕਰਿਆ ਕਰ, ਜਾ ਪੁੱਤ ਜਾ ਕੇ ਚੰਗੀ ਤਰ੍ਹਾਂ ਨਹਾ ਕੇ ਆ ਤੇ ਨਹਾਉਣ ਤੋਂ ਬਾਅਦ ਸਰੋਂ ਦਾ ਤੇਲ ਲਾ ਲੈ. ਬਸ ਅਸੀਂ ਉਂਝ ਹੀ ਕਰਨਾ ਤੇ 5 ਮਿੰਟਾਂ ਚ ਚਮੂਨੇਆਂ ਦੀ ਲੜਾਈ ਬੰਦ ਹੋ ਜਾਣੀ ਤੇ ਜੇਕਰ ਚੱਡਿਆਂ ਚ ਲਾਸ਼ਾਂ ਪਈਆਂ ਹੋਣੀਆਂ ਤੇ ਉਹ ਵੀ ਸਵੇਰੇ ਤਕ ਗਾਇਬ ਹੋ ਜਾਣੀਆਂ - ਸਰੋਂ ਦਾ ਤੇਲ ਸੀ ਜਾਂ ਕੋਈ ਸੰਜੀਵਨੀ ਬੂਟੀ। ਚੰਗਾ ਇਕ ਗੱਲ ਹੋਰ, ਪੱਟਾਂ ਦੇ ਅੰਦਰਲੇ ਹਿੱਸੇ ਤੇ ਲਾਸ਼ਾਂ ਪੈਣ ਤੇ ਬੀਬੀ ਨੇ ਇਹ ਵੀ ਜ਼ਰੂਰ ਕਹਿਣਾ ਕਿ ਪੁੱਤ ਕਿੰਨੀ ਵਾਰੀ ਆਖਿਆ ਸਕੂਲੋਂ ਆਉਂਦਿਆਂ ਹੀ ਟਾਈਟ ਪੈਂਟ ਦਾ ਖਹਿੜਾ ਛਡਿਆ ਕਰ, ਖੁੱਲ੍ਹਾ ਡੁੱਲ੍ਹਾ ਕੱਛਾ ਪਾ ਲਿਆ ਕਰ, ਪਜਾਮਾ ਪਾ ਲਿਆ ਕਰ। ....ਪਰ ਸਾਨੂੰ ਇਹ ਗੱਲਾਂ ਮੰਨਣ ਚ ਪਤਾ ਨਹੀਂ ਕਿਓਂ ਸ਼ਰਮ ਆਉਂਦੀ ਸੀ> 

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...