Sunday 11 August 2019

ਮੁਸ਼ਾਇਰਿਆਂ ਤੋਂ ਦੂਰ ਕਿਓਂ ਭੱਜਦਾ ਹਾਂ ਮੈਂ !


ਕੱਲ ਵੀ ਇੱਥੇ ਲਖਨਊ ਵਿੱਚ ਇਕ ਉਰਦੂ ਮੁਸ਼ਾਇਰੇ ਤੇ ਜਾਉਣ ਦਾ ਮੌਕਾ ਮਿਲਿਆ- ਮੁਸ਼ਾਇਰਾ ਇਕ ਅਜਿਹੀ ਮਹਿਫ਼ਿਲ ਹੈ ਜਿੱਥੇ ਜਾਉਣਾ ਮੈਂ ਜਿੰਨ੍ਹਾਂ ਘਸਾ ਸਕਦਾ ਹਾਂ, ਮੈਂ ਜ਼ਰੂਰ ਘਸਾਉਂਦਾ ਹਾਂ, ਜੀ ਹਾਂ ਮੈਨੂੰ ਮੁਸ਼ਾਇਰੇ ਤੇ ਜਾਣਾ ਪਸੰਦ ਨਹੀਂ, ਬੜੀ ਹੀ ਮਜਬੂਰੀ ਵਿਚ ਮੈਨੂੰ ਕਈ ਵਾਰ ਜਾਉਣਾ ਪੈਂਦਾ ਹੈ. ਬੜੀ ਹੀ ਮਜਬੂਰੀ ਵਿਚ!

ਉਰਦੂ ਮੁਸ਼ਾਇਰੇ ਵਿਚ ਬਹਿ ਕੇ ਮੈਨੂੰ ਬੜੀ ਬੋਰਿਅਤ ਮਹਿਸੂਸ ਹੁੰਦੀ ਹੈ - ਕਿਓਂਕਿ ਮੈਨੂੰ 80 ਫ਼ੀਸਦੀ ਗੱਲਾਂ ਤੇ ਸਮਝ ਆਉਂਦੀਆਂ ਨਹੀਂ। ਇਕ ਗੱਲ ਹੈ ਕਿ ਜੇਕਰ ਕਿਸੇ ਦੀ ਗੱਲ ਵਿਚੋਂ 2-4 ਲਫ਼ਜ਼ ਪੱਲੇ ਨਾ ਪੈਣ ਤਾਂ ਬੰਦਾ ਥੋੜਾ ਤੀਰ-ਤੁੱਕਾ ਲਾ ਕੇ ਵੀ ਕੰਮ ਚਲਾ ਸਕਦਾ ਹੈ - ਪਰ ਜਿੱਥੇ ਟਾਵਾਂ ਟਾਵਾਂ ਲਫ਼ਜ਼ ਹੀ ਪੱਲੇ ਪਵੇ, ਓਥੇ ਕੋਈ ਕਿ ਕਰੇ !

ਇਸ ਲਈ ਮੇਰੇ ਨਾਲ ਹੁੰਦਾ ਓਹੀ ਹੈ ਜਿਹੜਾ ਸਾਡੇ ਨਾਲ ਬਚਪਨ ਚ' ਹੁੰਦਾ ਸੀ, ਜਿਸ ਮਾਸਟਰ ਦੀ ਦੇ ਗੱਲ ਚੰਗੀ ਸਮਝ ਆ ਜਾਉਂਦੀ ਸੀ, ਉਸ ਦੇ ਪੀਰਡ ਵਿਚ ਤਾਂ ਉਸ ਤੇ ਆਉਣ ਤੋਂ ਪਹਿਲਾਂ ਅੱਡੇ ਚਾਅ ਨਾਲ ਬਸਤਾ ਬੁਸਤਾ ਸੈੱਟ ਕੇ ਬਹਿ ਜਾਣਾ ਜਿਵੇਂ ਲੰਗਰ ਘਰ ਵਿਚ ਬਹਿ ਕੇ ਪਰਸ਼ਾਦੇ ਦੀ ਉਡੀਕ ਕਰਦੇ ਹਾਂ (ਸੱਚ ਸੱਚ ਦਸਿਓ ਕਰਦੇ ਹਾਂ ਨਾ ਅਸੀਂ ਸਾਰੇ ਲੰਗਰ ਦੇ ਪਰਸ਼ਾਦੇ ਦੀ ਇੰਝ ਹੀ ਉਡੀਕ ) - ਜਿਹੜਾ ਮਾਸਟਰ ਪੜਾਉਣ ਲੱਗਿਆਂ ਚਾਕ ਤੋਂ ਜ਼ਿਆਦਾ ਚਪੇੜਾਂ ਤੇ ਘਸੁੰਨਾਂ ਤੇ ਭਰੋਸਾ ਕਰਦਾ ਉਸ ਦਾ ਪੀਰਡ ਤੇ ਇੰਝ ਲੱਗਦਾ ਜਿਵੇਂ ਜਮ ਦਾ ਪੀਰਡ ਹੋਵੇ, ਕੁਝ ਪੱਲੇ ਨਾ ਪੈਣਾ- ਸੱਚੀਂ ਬੱਸ ਛਿਤਰੋਲ ਦੀ ਹੀ ਕਸਰ ਰਹਿ ਜਾਂਦੀ ਸੀ - ਮੁਰਗਾ ਬਣਨਾ, ਉਂਗਲੀਆਂ ਵਿਚ ਪੈਨਸਿਲ ਫਸਾ ਕੇ ਉਸ ਨੇ ਮਰੋੜੇ ਦੇਣੇ, ਚਪੇੜਾਂ ਘਸੁੰਨ ਤੇ ਆਮ ਬਾਤ ਸੀ ! ਚਲੋ ਹੁਣ ਸਾਰੇ ਮਰ ਖੱਪ ਗਏ, ਮਿੱਟੀ ਪਾਓ ਪੁਰਾਣੀਆਂ ਗੱਲਾਂ ਉੱਤੇ!

ਮੈਂ ਤੋਂ ਜਦੋਂ ਵੀ ਮੁਸ਼ਾਇਰੇ ਤੇ ਜਾਂਦਾ ਹਾਂ ਮੇਰਾ ਤਾਂ ਸਿਰ ਹੀ ਭਾਰੀ ਹੋ ਜਾਂਦਾ ਹੈ....ਮੈਨੂੰ ਨਹੀਂ ਯਾਦ ਮੈਂ ਕਿਸੇ ਮੁਸ਼ਾਇਰੇ ਵਿਚ ਆਖਿਰ ਤਕ ਬੈਠਿਆ ਹੋਵਾਂਗਾ! ਪਰ ਜਿਥੇ ਵੀ ਹਿੰਮਤ ਕਰ ਕੇ ਤਿੰਨ-ਸਾਡੇ ਤਿੰਨ ਘੰਟੇ ਕੱਢ ਲਏ, ਓਥੇ ਫੇਰ ਜਿਹੜੇ ਆਖਰੀ ਦੋ-ਤਿੰਨ ਸ਼ਾਇਰਾਂ ਨੂੰ ਸੁਣ ਕੇ ਜੋ ਆਨੰਦ ਆਇਆ, ਬੱਸ ਸਾਰੀ ਬੋਰਿਅਤ ਤੇ ਥਕਾਵਟ ਕਿਥੇ ਭੱਜ ਗਈ, ਪਤਾ ਹੀ ਨਹੀਂ ਚਲਿਆ! 

ਦਰਅਸਲ ਲਖਨਊ ਵਿਚ ਆਏ ਦਿਨ ਮੁਸ਼ਾਇਰੇ ਹੁੰਦੇ ਰਹਿੰਦੇ ਹਨ, ਕਈਂ ਵੱਡੇ ਮੁਸ਼ਾਇਰੇ ਤੇ ਰਾਤੀਂ ਬਾਰਾਂ ਇੱਕ ਵਜੇ ਤੱਕ ਵੀ ਚਲਦੇ ਹਨ, ਸਟੇਜ ਤੇ 15-20 ਸ਼ਾਇਰ ਤਾਂ ਹੁੰਦੇ ਹੀ ਹਨ ਜਿਹੜੇ ਵਾਰੋ ਵਾਰੀ ਆਪਣਾ ਕਲਾਮ ਪੇਸ਼ ਕਰਦੇ ਹਨ. ਇਕ ਗੱਲ ਹੋਰ ਲਖਨਊ ਦੀ ਔਡੀਐਂਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ, ਬਿਲਕੁਲ ਡਿਸਿਪਲਿਨ ਵਿਚ ਰਹਿ ਕੇ ਮੁਸ਼ਾਇਰੇ ਦਾ ਆਨੰਦ ਮਾਣਦੇ ਹਨ, ਕਲ ਵੀ ਕਿਸੇ ਨੇ ਸਟੇਜ ਤੋਂ ਇਹ ਅੰਨੋਉਣਸ ਕੀਤਾ ਕਿ ਤਿੰਨ ਪੀੜੀਆਂ ਨਾਲ ਬਹਿ ਕੇ ਇਹ ਮੁਸ਼ਾਇਰਾ ਸੁਣ ਰਹੀਆਂ ਹਨ - ਜਿਹੜੇ ਸਬ ਤੋਂ ਮਸ਼ਹੂਰ ਸ਼ਾਇਰ ਹੁੰਦੇ ਨੇ, ਉਹ ਸਬ ਤੋਂ ਬਾਅਦ ਆਪਣਾ ਕਲਾਮ ਪੇਸ਼ ਕਰਦੇ ਹਨ, ਇਹ ਇਕ ਰਿਵਾਯਤ ਹੈ. ਇਹਨਾਂ ਮੁਸ਼ਾਇਰਿਆਂ ਦੌਰਾਨ ਹੀ ਮੈਨੂੰ ਮੁਨਵਰ ਰਾਣਾ, ਰਾਹਤ ਇੰਦੋਰੀ, ਕੁੰਵਰ ਬੇਚੈਨ, ਬਸ਼ੀਰ ਬਦਰ ਵਰਗੀਆਂ ਹਸਤੀਆਂ ਨੂੰ ਸੁਣਨ ਦਾ ਮੌਕਾ ਮਿਲਿਆ।

ਕੱਲ ਵੀ ਇਸ ਮੁਸ਼ਾਇਰੇ ਵਿਚ ਬਾਅਦ ਦੇ ਦੋ ਸ਼ਾਇਰ ਸੁਣ ਕੇ ਦਿਲ ਖੁਸ਼ ਹੋ ਗਿਆ - ਇਕ ਵੀਡੀਓ ਮੈਂ ਇੱਥੇ ਲਗਾ ਰਿਹਾ ਹਾਂ, ਦੇਖੋ ਜੀ - ਇਹ ਸ਼ਾਇਰ ਫਹਿਮੀ ਬਦਾਯੂਨੀ ਸਾਹਬ ਹਨ, ਤੁਸੀਂ ਇਹਨਾਂ ਦਾ ਕਲਾਮ ਸੁਣੋ ਕਿਵੇਂ ਇੱਕ ਇੱਕ ਗੱਲ ਸਮਝ ਆ ਰਹੀ ਹੈ - ਇਕ ਇਕ ਲਫ਼ਜ਼ ਪੱਲੇ ਪੈ ਰਿਹਾ ਹੈ.
ਦਰਅਸਲ ਪੰਗਾ ਇਹ ਹੈ ਜੋ ਮੈਂ ਸਮਝਿਆ ਹਾਂ ਕਿ ਅਸੀਂ ਆਪਣੀ ਗੱਲ ਨੂੰ ਆਸਾਨ ਤਰੀਕੇ ਨਾਲ ਕਹਿਣਾ ਹੀ ਨਹੀਂ ਜਾਣਦੇ, ਜੇ ਜਾਣਦੇ ਵੀ ਹਾਂ ਤੇ ਕਹਿੰਦੇ ਨਹੀਂ ਹਾਂ ਕਿ ਅਸੀਂ ਕਿਤੇ ਆਮ ਹੀ ਨਾ ਲੱਗਣ ਲੱਗ ਪਈਏ, ਥੋੜੀ ਮੁਸ਼ਕਿਲ ਗੱਲ ਕਰਾਂਗੇ ਤਾਂ ਹੀ ਸਾਹਮਣੇ ਵਾਲੇ ਤੇ ਧੌਂਸ ਜਿਹੀ ਪਵੇਗੀ - ਬਸ ਇਹੋ ਗ਼ਲਤੀ ਹੈ - ਜਿਥੋਂ ਤੱਕ ਇਹਨਾਂ ਮੁਸ਼ਾਇਰਿਆਂ ਦੀ ਗੱਲ ਹੈ ਜੇਕਰ ਤੁਸੀਂ 12-13 ਸ਼ਾਇਰ ਅਜਿਹੇ ਸੁਣ ਲਵੋ, ਜਿੰਨਾ ਦੀ 80 ਫੀਸਦੀ ਗੱਲ ਤੁਹਾਡੇ ਸਿਰ ਉਪਰੋਂ ਲੰਘ ਜਾਵੇ ਤਾਂ ਪਿਛਲੇ 2-3 ਸ਼ਾਇਰ ਅਜਿਹੇ ਰਬ ਦੇ ਬੰਦੇ ਹੋਣ ਜਿਹੜੀ ਤੁਹਾਡੀ ਵਰਗੀ ਆਮ ਜ਼ੁਬਾਨ ਵਿਚ ਆਪਣੀ ਗੱਲ ਕਹਿਣ ਤੇ ਫੇਰ ਸਾਰੀ ਵਾਹੋਵਾਹੀ ਇਹੋ ਲੁੱਟ ਲੈ ਜਾਂਦੇ ਹਨ, ਸਾਰਾ ਮੁਸ਼ਾਇਰਾ ਇਹੋ ਲੁੱਟ ਲੈ ਜਾਂਦੇ ਹਨ. And they deserve it too!! - ਕਿਓਂਕਿ ਉਹ ਆਮ ਬੰਦੇ ਦੀ ਜ਼ੁਬਾਨ ਵਿਚ ਵੱਡੀ ਤੋਂ ਵੱਡੀ ਗੱਲ ਐੱਡੀ ਆਸਾਨੀ ਨਾਲ ਕਹਿ ਕੇ ਜਿਵੇਂ ਸਮਾਂ ਬੰਨ ਦਿੰਦੇ ਹਨ, ਇਹ ਵੀ ਇਕ ਕਲਾ ਹੈ ਜਿਸ ਲਈ ਮੈਨੂੰ ਇੰਝ ਲੱਗਦੈ ਕਈ ਕਈ ਸਾਲ ਤਕ ਤਪਸਿਆ ਕਰਨੀ ਪੈਂਦੀ ਹੈ - ਉਹ ਵਾਲੀ ਤਪਸਿਆ ਨਹੀਂ, ਇਹ ਆਪਣੇ ਕਿੱਤੇ ਵਿਚ, ਆਪਣੇ ਕੰਮ ਵਿਚ ਡੁੱਬਣ ਵਾਲੀ ਤਪਸਿਆ!!

ਜਿਥੋਂ ਤਕ ਉਰਦੂ ਦਾ ਮਸਲਾ ਹੈ, ਮੈਂ ਅੱਠਵੀ ਜਮਾਤ ਦੇ ਪੱਧਰ ਦੀ ਉਰਦੂ ਪਾਸ ਕੀਤੀ ਹੈ - 2 ਸਾਲ ਲੱਗੇ, ਮਨ ਲਾ ਕੇ ਕਲਾਸਾਂ ਲਾਈਆਂ, ਲਿਖਣ ਪੜਣ ਦਾ ਰੋਜ਼ ਅਭਿਸਾਸ ਕੀਤਾ - ਫੇਰ ਵੀ ਮੈਨੂੰ 80-90 ਫ਼ੀਸਦੀ ਮੁਸ਼ਾਇਰਾ ਸਮਝ ਨਹੀਂ ਆਉਂਦਾ ਕਿਓਂਕਿ ਉਹ ਬੜੇ ਔਖੇ ਔਖੇ ਲਫ਼ਜ਼ ਕਹਿੰਦੇ ਹਨ। ਪਰ ਜਿਹੜੀ ਮੈਂ ਵੀਡੀਓ ਉਸ ਮਹਾਨ ਸ਼ਾਇਰ ਦੀ ਉੱਤੇ ਪਾਈ ਹੈ ਉਹ ਕੋਈ ਅਨਪੜ੍ਹ ਤੇ ਰਾਹ ਜਾਉਂਦਾ ਆਮ ਆਦਮੀ ਵੀ ਸਮਝ ਸਕਦਾ ਹੈ - ਹੈ ਕੇ ਨਹੀਂ? - ਹੁਣ ਦੂਜੀ ਗੱਲ ਇਹ ਵੀ ਹੈ ਕਿ ਜੇਕਰ ਸਾਰੇ ਸਹਿਲੀਆਂ ਗੱਲਾਂ ਹੀ ਕਰਣਗੇ ਤਾਂ ਜ਼ੁਬਾਨ ਕਿਵੇਂ ਅੱਗੇ ਵਧੇਗੀ ! - ਇਸ ਦਾ ਜਵਾਬ ਮੇਰੇ ਹਿਸਾਬ ਨਾਲ ਇਹੋ ਹੈ ਕਿ ਆਮ ਲੋਕਾਂ ਵਿਚ ਉਹਨਾਂ ਦੀ ਆਮ ਜ਼ੁਬਾਨ ਹੀ ਬੋਲੀ ਜਾਵੇਗੀ ਤੇ ਗੱਲ ਬਣੇਗੀ, ਯੂਨੀਵਰਸਿਟੀਆਂ ਦੇ ਰਿਸਰਚ ਕਰਣ ਵਾਲਿਆਂ ਦੀ, ਐਮ.ਏ, ਐਮ ਫਿਲ ਕਰਣ ਵਾਲਿਆਂ ਦੀ ਜ਼ੁਬਾਨ ਹੁੰਦੀ ਹੋਵੇਗੀ, ਭਾਸ਼ਾ ਦੇ ਵਿਗਿਆਨਿਕਾਂ ਲਈ ਹੁੰਦੇ ਹੋਣਗੇ ਔਖੇ ਔਖੇ ਲਫ਼ਜ਼, ਆਮ ਬੰਦੇ ਨੇ ਕੀ ਲੈਣਾ-ਦੇਣਾ ਭਾਰੇ ਭਾਰੇ ਲਫ਼ਜ਼ਾਂ ਤੋਂ ਜਿਹੜੇ ਉਸ ਦੇ ਪੱਲੇ ਵਿਚ ਪੂਰੇ ਹੀ ਨਾ ਆਉਣ!

ਇਕ ਖਿਆਲ ਆ ਰਿਹਾ ਹੈ ਕਿ ਜਿਹੜਾ ਤਾਂ ਸਿੱਧੜ ਸਿੱਧੀ ਸਿੱਧੀ ਗੱਲ ਕਰਦਾ ਹੈ - ਉਹ ਦਿਲੋਂ ਕਰਦੈ ਤੇ ਉਹ ਸੁਨਣ ਪੜਣ ਵਾਲੇ ਦੇ ਦਿਲ ਵਿਚ ਸਿੱਧੀ ਉਤਰ ਜਾਂਦੀ ਹੈ, ਜਿਹੜੇ ਬਹੁਤੇ ਸਿਆਣੇ ਹੋ ਜਾਂਦੇ ਹਨ, ਉਹ ਦਿਮਾਗ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ, ਥੋੜੀ ਲਿੱਚ-ਘੜਿੱਚੀ, ਥੋੜੀ ਸਿਆਣਪ - ਇਸ ਕਰਕੇ ਉਸ ਨੂੰ ਸੁਣ ਕੇ ਦੂਜੇ ਨੂੰ ਵੀ ਦਿਮਾਗ ਇਸਤੇਮਾਲ ਕਰਣਾ ਪੈਂਦਾ ਹੈ - ਇਸ ਲਈ ਗੱਲ ਕੀਤੇ ਅੱਧ-ਵਿਚਾਲੇ ਹੀ ਅਟਕ ਜਾਉਂਦੀ ਹੈ.

ਮੈਂ ਕਈ ਵਾਰੀ ਕਹਿ ਚੁਕਿਆ ਹਾਂ ਕਿ ਮੈਨੂੰ ਪਿੰਡਾਂ ਵਿਚ ਲੱਗਣ ਵਾਲੇ ਖੁਲ੍ਹੇ ਅਖਾੜੇ ਬਹੁਤ ਹੀ ਚੰਗੇ ਲੱਗਦੇ ਸੀ,  live ਦੇਖਣ ਦਾ ਮੌਕਾ ਘੱਟ ਹੀ  ਮਿਲਿਆ, ਪਹਿਲਾਂ ਸੀ.ਡੀਆਂ ਤੇ ਫੇਰ ਯੂ-ਟੂਬ ਤੇ ਹੀ ਦੇਖੇ ਜਿੰਨੇ ਵੀ ਦੇਖੇ - ਚੰਗੇ ਲੱਗਣ ਦਾ ਕਾਰਣ ਇਹ ਵੀ ਹੈ ਕਿ ਅਨਪੜ੍ਹ ਲੋਕ ਵੀ ਉਹਨਾਂ ਦਾ ਓਨਾ ਹੀ ਮਜ਼ਾ ਲੁੱਟ ਰਹੇ ਹਨ, ਜਿੰਨੇ ਸੋਫਿਆਂ ਤੇ ਅੱਗੇ ਢੁਕਿਆ ਹੋਇਆ ਪੜ੍ਹਿਆ ਲਿਖਿਆ ਦਿਖਣ ਵਾਲਾ ਤਬਕਾ - ਮੈਨੂੰ ਇਹੋ ਹੀ ਨਜ਼ਾਰੇ ਪਸੰਦ ਨੇ - ਜਿਥੇ ਕਿਸੇ ਵੀ ਗੱਲ ਜਾਂ ਗੀਤ ਨੂੰ ਸਮਝਣ ਦੀ ਲੋੜ ਨਾ ਪਵੇ, ਇਹ ਗੀਤ ਸੁਣੋ ਕੁਲਵਿੰਦਰ ਬਰਾੜ ਕੁਲ 5 ਮਿੰਟਾਂ ਵਿਚ ਗੱਲਾਂ ਗੱਲਾਂ ਵਿਚ ਕਿੱਡਾ ਵੱਡਾ ਸੁਨੇਹਾ ਦੇਣ ਵਿਚ ਕਾਮਯਾਬ ਰਹੀ - ਬਾਪੂ ਬੇਬੇ ਵਿਚ ਵੰਡੀਆਂ ਨਾ ਪਾਇਓ ਵੀਰਨੋ -  when all the stake-holders are sitting in the audience - ਬਾਪੂ ਬੇਬੇ ਵੀ, ਨੂਹਾਂ ਪੁੱਤ ਪੋਤੇ ਵੀ, ਧੀਆਂ ਵੀ ਜਿੰਨਾ ਕਲ ਕਿਸੇ ਦੀਆਂ ਨੂਹਾਂ ਬਨਣਾ ਹੈ - ਸਾਰੇ ਬਹਿ ਕੇ ਬੀਬੀ ਕੁਲਵਿੰਦਰ ਨੂੰ ਕਿੱਡੇ ਧਿਆਨ ਨਾਲ ਸੁਣ ਰਹੇ ਹਨ, ਕਦੇ ਨਾ ਕਦੇ, ਕਿਤੇ ਨਾ ਕਿਤੇ, ਕਿਧਰੇ ਨਾ ਕਿਧਰੇ ਕਿਸੇ ਘਰ ਵਿਚ ਜੇ ਬਾਪੂ-ਬੇਬੇ ਦੀਆਂ ਵੰਡੀਆਂ ਹੋਣੋ ਬੱਚ ਗਈਆਂ ਤਾਂ ਹੋ ਗਿਆ ਜੀ ਕਲਾਕਾਰ ਬਿਲਕੁਲ ਸਫਲ - 100%

Saturday 3 August 2019

ਆਪਣੇ ਬਜ਼ੁਰਗ ਵੀ ਭਾਈ ਘਨਈਆ ਸਾਹਿਬ ਜੀ ਦੇ ਗਰਾਈਂ

ਛੋਟੇ ਹੁੰਦਿਆਂ ਅਸੀਂ ਕਈਂ ਗੱਲਾਂ ਵੱਲ ਧਿਆਨ ਨਹੀਂ ਕਰਦੇ - ਫਿੱਕੀਆਂ ਫਿੱਕੀਆਂ ਯਾਦਾਂ ਚੇਤੇ ਰਹਿ ਜਾਂਦੀਆਂ ਨੇ. ਜਿਵੇਂ ਮੈਨੂੰ ਯਾਦ ਹੈ ਜਦੋਂ ਮੇਰੇ ਪਿਤਾ ਜੀ ਆਪਣੇ ਯਾਰਾਂ ਦੋਸਤਾਂ ਨਾਲ ਬੈਠੇ ਹੁੰਦੇ ਆਪਣੇ ਜੱਦੀ ਪਿੰਡ ਸੋਧਰਾਂ ਬਾਰੇ ਗੱਲਬਾਤ ਕਰਦੇ ਤਾਂ ਉਸ ਵਿਚ ਭਾਈ ਘਨਈਆ ਜੀ ਦਾ ਨਾਉ ਅਕਸਰ ਆਉਂਦਾ, ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਇਹ ਭਾਈ ਜੀ ਕੌਣ ਹਨ, ਫੇਰ ਜਦੋਂ ਮੇਰੇ ਤਾਏ ਚਾਚੇ ਸਾਰੇ ਬਹਿ ਕੇ ਆਪਣੇ ਪਿੰਡ ਦੇ ਬਾਰੇ ਗੱਲਾਂ ਕਰਦੇ ਕਿ ਕਿਵੇਂ ਲਾਹੌਰ ਤੋਂ ਅੰਮ੍ਰਿਤਸਰ ਟਾਂਗੇ ਚਲਿਆ ਕਰਦੇ ਸੀ ਤੇ ਲਾਹੌਰ ਤੋਂ ਅੰਮ੍ਰਿਤਸਰ ਉਹ ਕਦੇ ਕਦੇ ਸਾਈਕਲਾਂ ਤੇ ਹੀ ਘੁੰਮਣ ਆ ਜਾਂਦੇ ਸੀ- ਉਸ ਦੌਰਾਨ ਵੀ ਜਦੋਂ ਉਹ ਆਪਣੇ ਪਿੰਡ ਦੀਆਂ ਗੱਲਾਂ ਕਰਦੇ ਤਾਂ ਭਾਈ ਘਨਈਆ ਸਾਹਿਬ ਦਾ ਜ਼ਿਕਰ ਜ਼ਰੂਰ ਆਉਂਦਾ।

ਪਿਛਲੇ 10-12 ਸਾਲ ਤੋਂ ਮੈਨੂੰ ਵੀ ਭਾਈ ਘਨਈਆ ਸਾਹਿਬ ਜੀ ਬਾਰੇ ਪਤਾ ਲੱਗਾ। ਕੱਲ ਦਿੱਲੀ ਦੇ ਬੰਗਲਾ ਸਾਹਿਬ ਗੁਰੂਦਵਾਰੇ  ਜਾਉਣ ਦਾ ਸੁਭਾਗ ਹਾਸਿਲ ਹੋਇਆ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਨ ਹੋਏ, ਸ਼ਬਦ ਕੀਰਤਨ ਸੁਣਿਆ, ਬਾਣੀ ਦੀ ਰਹਿਮਤ ਹਾਸਿਲ ਹੋਈ, ਤੇ ਫੇਰ ਲੰਗਰ ਛੱਕਣ ਦੀ ਵੀ ਖੁਸ਼ਕਿਸਮਤੀ ਹਾਸਿਲ ਹੋਈ.

ਕਲ ਦੀਆਂ ਦੋ ਤਿੰਨ ਗੱਲਾਂ ਧਿਆਨ ਚ' ਆ ਰਹੀਆਂ ਨੇ - ਸੋਚਿਆ ਇਸ ਡਾਇਰੀ ਵਿੱਚ ਦਰਜ ਕਰ ਦੇਵਾਂ। ਵੈਸੇ ਤਾਂ ਕਲ ਦਿੱਲੀ ਵਿਚ ਜਾ ਕੇ ਧੱਕੇ ਖਾਣ ਵਾਲਾ ਹੀ ਦਿਨ ਸੀ, ਅਚਾਨਕ ਬੰਗਲਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਿਆ ਕਿਓਂ ਕਿ ਮਿਸਿਜ਼ ਨੂੰ ਓਥੇ ਗਏ ਬੜੇ ਸਾਲ ਹੋ ਗਏ ਸੀ, ਉਹ ਚੌਥੀ ਜਮਾਤ ਵਿਚ ਸੀ ਜਦੋਂ ਉਹ ਓਥੇ ਗਏ ਸਨ.


ਜਦੋਂ ਅਸੀਂ ਵਾਪਿਸ ਆ ਰਹੇ ਸੀ ਤਾਂ ਭਾਈ ਘਨਈਆ ਸਾਹਿਬ ਜੀ ਦੀ ਮਹਾਨ ਜ਼ਿੰਦਗੀ ਬਾਰੇ ਫੇਰ ਇਹ ਪੜਣ ਦਾ ਮੌਕਾ ਮਿਲਿਆ - ਜਦੋਂ ਮੈਂ ਓਹਨਾ ਦੇ ਜਨਮ ਬਾਰੇ ਤੇ ਉਹਨਾਂ ਦੇ ਪਿੰਡ ਬਾਰੇ ਪੜ ਰਿਹਾ ਸੀ, ਉਸ ਵੇਲੇ ਮੈਨੂੰ ਚੇਤਾ ਆਇਆ - ਜਿਹੜਾ ਪਿੰਡ ਭਾਈ ਘਨਈਆ ਸਾਹਿਬ ਦਾ ਸੀ, ਓਹੀ ਮੇਰੇ ਪਿਤਾ ਜੀ ਦਾ ਜੱਦੀ ਪਿੰਡ ਸੀ (ਹੈ!) - ਪਿੰਡ ਸੋਧਰਾਂ, ਵਾਰੀਜ਼ਾਬਾਦ, ਜਿਲਾ ਗੁਜਰਾਂਵਾਲਾ - ਆਪਣੇ ਬਜ਼ੁਰਗਾਂ ਦੀਆਂ ਉਸ ਪਿੰਡ ਵਿੱਚ ਜ਼ਮੀਨਾਂ ਸਨ, ਬੜੇ ਸੌਖੇ ਸਨ!

ਸਨ 1943 ਦਾ ਪਿਤਾਜੀ ਦਾ ਦਸਵੀਂ ਦਾ ਸਰਟੀਫਿਕੇਟ - ਵਜ਼ੀਰਾਬਾਦ, ਗੁਜਰਾਂਵਾਲਾ 

ਅੱਜ ਸਵੇਰੇ ਆ ਕੇ ਮੈਂ ਆਪਣੇ ਪਿਤਾਜੀ ਦੇ ਦਸਵੀ ਦੇ 80 ਸਾਲ ਪੁਰਾਣੇ ਸਰਟੀਫਿਕੇਟ ਨੂੰ ਮੁੜ ਵੇਖਿਆ - ਚੰਗਾ ਲੱਗਾ ਇਹ ਜਾਣ ਕੇ, ਆਪਣੀ ਜੜਾਂ ਦੀ ਢੂੰਗੀਆਈ ਬਾਰੇ ਜਦੋਂ ਪਤਾ ਚੱਲਿਆ, ਮਨ ਚ' ਇਹ ਵੀ ਸੋਚਿਆ ਕਿ ਗੱਲ ਤਾਂ ਬਣਦੀ ਹੈ ਜਦੋਂ ਅਜਿਹੇ ਵੱਡੇ-ਵਡੇਰਿਆਂ ਤੇ ਕਰਣੀ ਵਾਲੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਆਪਣੀ ਬਿਰਤ ਸੇਵਾ ਪਾਸੇ ਲਾ ਸਕੀਏ - ਇਸ ਤਰ੍ਹਾਂ ਪਿੰਡਾਂ ਦੀਆਂ ਸਾਂਝਾਂ ਕੱਢਣ ਨਾਲ ਕੁਝ ਨਹੀਂ ਹੁੰਦਾ - ਇਹਨਾਂ ਵਰਗੀ ਸੋਚ ਚਾਹੀਦੀ ਹੈ !!


ਲੰਗਰ ਛੱਕਦਿਆਂ ਛੱਕਦਿਆਂ ਇਹੋ ਧਿਆਨ ਆਉਂਦਾ ਰਿਹਾ ਕਿ ਜੇਕਰ ਕਿਸੇ ਦੀ ਸੋਚ ਵਿਚ ਕੋਈ ਵੀ ਟੇਢਾਪਨ ਹੋਵੇ, ਕਦੇ ਵੀ ਜਦੋਂ ਆਪਣੇ ਆਪ ਨੂੰ ਕੁਝ ਸਮਝਣ ਦੀ ਪਿੱਤ ਤਿੜਕਣ ਲੱਗੇ ਤੇ ਕਿਸੇ ਲੰਗਰ ਚ' ਬਹਿ ਕੇ ਹੀ ਉਹ ਸੋਚ ਚਕਨਾਚੂਰ ਹੋ ਜਾਂਦੀ ਹੈ - ਬਾਬਾ ਜੀ ਦੀ ਰਹਿਮਤ ਸਦਕਾ ਜਿਹੜੇ ਵੀ ਓਥੇ ਸੇਵਾ ਕਰਦੇ ਨੇ ਤੇ ਜਿਹੜੇ ਆ ਕੇ ਉਸ ਸੇਵਾ ਨੂੰ ਕਬੂਲ ਕਰਦੇ ਹਨ, ਉਹ ਸਾਰੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਹਨ. ਜਵਾਨ, ਬਜ਼ੁਰਗ ਤੋਂ ਬਜ਼ੁਰਗ ਕਿਵੇਂ ਹਰ ਤਰ੍ਹਾਂ  ਦੀ ਸੇਵਾ ਵਿਚ ਓਥੇ ਖੁਸ਼ੀ ਖੁਸ਼ੀ ਰੁੱਝੇ ਦਿਖਦੇ ਹਨ. ਮੈਨੂੰ ਅਕਸਰ ਧਿਆਨ ਆਉਂਦੈ ਅੰਮ੍ਰਿਤਸਰ ਦੇ ਇਕ ਅੰਕਲ ਜੀ ਦਾ ਜਿੰਨਾ ਨੂੰ ਸ਼ਹੀਦਾਂ ਵਾਲੇ ਗੁਰਦੁਆਰੇ ਪਾਣੀ ਦੇ ਪਿਆਉ ਉੱਤੇ ਡਿਊਟੀ ਕਰਣ ਦੀ ਹਰ ਵੇਲੇ ਤਾਂਘ ਬਣੀ ਰਹਿੰਦੀ ਸੀ, ਓਥੇ ਉਹਨਾਂ ਦੀ ਡਿਊਟੀ 2-3 ਘੰਟੇ ਲੱਗਦੀ ਸੀ, ਬਿਲਕੁਲ ਸਮੇਂ ਤੇ ਪਹੁੰਚਦੇ ਤੇ ਆਪਣੇ ਬਾਕੀ ਸਾਰੇ ਰੁਝੇਵੇਂ ਓਹਨਾਂ ਦੇ ਉਸ ਹਿਸਾਬ ਨਾਲ ਹੀ ਤੈਅ ਹੁੰਦੇ ਸੀ -


ਬੰਗਲਾ ਸਾਹਿਬ ਗੁਰਦਵਾਰੇ ਵਿਚ ਵੀ ਜੋੜੇ ਘਰ ਵੀ ਐੱਡੀ ਸੇਵਾ, ਲਾਈਨ ਲਾ ਕੇ  ਸੇਵਾਦਾਰ ਸੇਵਾ ਕਰਣ ਲਈ ਤਿਆਰ - ਓਹਨਾ ਦੀ ਸੇਵਾ ਦਾ ਜਜ਼ਬਾ ਦੇਖ ਕੇ ਕਿਸੇ ਦੀ ਵੀ ਬਚੀ-ਖੁਚੀ ਆਕੜ ਕਿਵੇਂ ਉਹਨਾਂ ਜੋੜਿਆਂ ਦੀ ਧੂੜ ਵਿਚ ਮਿਲ ਕੇ ਧੂੜ ਹੋ ਜਾਵੇ ਪਤਾ ਹੀ ਨਾ ਚੱਲੇ -

ਜਾਂਦੇ ਜਾਂਦੇ ਇਕ ਹੋਰ ਖਿਆਲ ਜਿਹੜਾ ਬੜਾ ਤੰਗ ਕਰ ਰਿਹੈ - ਕੁਝ ਦਿਨ ਹੋਏ ਵਹਾਤਸੱਪ ਤੇ ਇਕ ਵੀਡੀਓ ਦੇਖੀ - ਕਿਸੇ ਅਰਬਪਤੀ ਸਿੰਘ ਦੀ ਸੀ, ਕਿਸੇ ਗੁਰਦਵਾਰੇ ਵਿਚ ਜੋੜਿਆਂ ਦੀ ਸੇਵਾ ਕਰਦਿਆਂ ਦੀ ਵੀਡੀਓ ਸੀ, ਫੇਰ ਵੀਡੀਓ ਚ ਦਸਿਆ ਗਿਆ ਕਿ ਇਹ ਦੇਖੋ ਕਿੱਢਾ ਵੱਡਾ ਆਦਮੀ ਹੈ, ਫੇਰ ਵੀ ਇਹ ਜੋੜਿਆਂ ਦੀ ਸੇਵਾ ਕਰ ਰਿਹਾ ਹੈ - ਫੇਰ ਉਸ ਨੂੰ ਸੂਟ ਬੂਟ ਪਾ ਕੇ ਕਿਸੇ ਬੜੀ ਮਹਿੰਗੀ ਕਾਰ ਵਿਚ ਬਹਿ ਕੇ ਆਪਣੇ ਕੰਮ ਤੇ ਜਾਂਦਿਆਂ ਵੀ ਦਿਖਾਇਆ ਗਿਆ - ਇਹ ਵੀਡੀਓ ਦੇਖ ਕੇ ਬੜਾ ਅਜੀਬ ਜਿਹਾ ਲੱਗਾ - ਪਹਿਲਾਂ ਇੰਝ ਦਾ ਕਦੇ ਕੁਝ ਨਹੀਂ ਸੀ ਵੇਖਿਆ ਕਦੇ, ਬਸ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ - ਇਕ ਗੱਲ ਹੋਰ ਬੜੀ ਅਜੀਬ ਲੱਗੀ ਕਲ ਬੰਗਲਾ ਸਾਹਿਬ ਗੁਰਦਵਾਰੇ ਵਿਚ ਗੁਰਦਵਾਰੇ ਦੇ ਵਿਹੜੇ ਵਿਚ ਕੁਝ ਦੂਰੋਂ ਆਏ ਟੂਰਿਸਟ ਫ਼ੋਟਾਂ ਖਿਚਵਾਂ ਰਹੇ ਸੀ, ਜਿੰਨਾ ਨੂੰ ਇਕ ਸੇਵਾਦਾਰ ਨੇ ਮਨਾ ਕਰ ਦਿੱਤਾ - ਮੈਨੂੰ ਇਹ ਵੀ ਦੇਖ ਕੇ ਬੜਾ ਅਜੀਬ ਜਿਹਾ ਲੱਗਾ- ਕਦੇ ਕਿਸੇ ਨੂੰ ਗੁਰਦਵਾਰੇ ਵਿਚ ਫੋਟੋ ਖਿੱਚਣ ਤੋਂ ਰੋਕਦਿਆਂ ਮੈਂ ਨਹੀਂ ਸੀ ਵੇਖਿਆ - ਸ਼ਾਇਦ ਇਹ ਗੱਲ ਮੇਰੀ ਛੋਟੀ ਸੋਚ ਤੋਂ ਬਹੁਤ ਵੱਡੀ ਹੋਵੇਗੀ, ਜਿਹੜੀ ਮੈਨੂੰ ਸਮਝ ਨਾ ਆਈ - ਸ਼ਾਇਦ!!

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...