Saturday 3 August 2019

ਆਪਣੇ ਬਜ਼ੁਰਗ ਵੀ ਭਾਈ ਘਨਈਆ ਸਾਹਿਬ ਜੀ ਦੇ ਗਰਾਈਂ

ਛੋਟੇ ਹੁੰਦਿਆਂ ਅਸੀਂ ਕਈਂ ਗੱਲਾਂ ਵੱਲ ਧਿਆਨ ਨਹੀਂ ਕਰਦੇ - ਫਿੱਕੀਆਂ ਫਿੱਕੀਆਂ ਯਾਦਾਂ ਚੇਤੇ ਰਹਿ ਜਾਂਦੀਆਂ ਨੇ. ਜਿਵੇਂ ਮੈਨੂੰ ਯਾਦ ਹੈ ਜਦੋਂ ਮੇਰੇ ਪਿਤਾ ਜੀ ਆਪਣੇ ਯਾਰਾਂ ਦੋਸਤਾਂ ਨਾਲ ਬੈਠੇ ਹੁੰਦੇ ਆਪਣੇ ਜੱਦੀ ਪਿੰਡ ਸੋਧਰਾਂ ਬਾਰੇ ਗੱਲਬਾਤ ਕਰਦੇ ਤਾਂ ਉਸ ਵਿਚ ਭਾਈ ਘਨਈਆ ਜੀ ਦਾ ਨਾਉ ਅਕਸਰ ਆਉਂਦਾ, ਮੈਨੂੰ ਕੁਝ ਵੀ ਪਤਾ ਨਹੀਂ ਸੀ ਕਿ ਇਹ ਭਾਈ ਜੀ ਕੌਣ ਹਨ, ਫੇਰ ਜਦੋਂ ਮੇਰੇ ਤਾਏ ਚਾਚੇ ਸਾਰੇ ਬਹਿ ਕੇ ਆਪਣੇ ਪਿੰਡ ਦੇ ਬਾਰੇ ਗੱਲਾਂ ਕਰਦੇ ਕਿ ਕਿਵੇਂ ਲਾਹੌਰ ਤੋਂ ਅੰਮ੍ਰਿਤਸਰ ਟਾਂਗੇ ਚਲਿਆ ਕਰਦੇ ਸੀ ਤੇ ਲਾਹੌਰ ਤੋਂ ਅੰਮ੍ਰਿਤਸਰ ਉਹ ਕਦੇ ਕਦੇ ਸਾਈਕਲਾਂ ਤੇ ਹੀ ਘੁੰਮਣ ਆ ਜਾਂਦੇ ਸੀ- ਉਸ ਦੌਰਾਨ ਵੀ ਜਦੋਂ ਉਹ ਆਪਣੇ ਪਿੰਡ ਦੀਆਂ ਗੱਲਾਂ ਕਰਦੇ ਤਾਂ ਭਾਈ ਘਨਈਆ ਸਾਹਿਬ ਦਾ ਜ਼ਿਕਰ ਜ਼ਰੂਰ ਆਉਂਦਾ।

ਪਿਛਲੇ 10-12 ਸਾਲ ਤੋਂ ਮੈਨੂੰ ਵੀ ਭਾਈ ਘਨਈਆ ਸਾਹਿਬ ਜੀ ਬਾਰੇ ਪਤਾ ਲੱਗਾ। ਕੱਲ ਦਿੱਲੀ ਦੇ ਬੰਗਲਾ ਸਾਹਿਬ ਗੁਰੂਦਵਾਰੇ  ਜਾਉਣ ਦਾ ਸੁਭਾਗ ਹਾਸਿਲ ਹੋਇਆ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸ਼ਨ ਹੋਏ, ਸ਼ਬਦ ਕੀਰਤਨ ਸੁਣਿਆ, ਬਾਣੀ ਦੀ ਰਹਿਮਤ ਹਾਸਿਲ ਹੋਈ, ਤੇ ਫੇਰ ਲੰਗਰ ਛੱਕਣ ਦੀ ਵੀ ਖੁਸ਼ਕਿਸਮਤੀ ਹਾਸਿਲ ਹੋਈ.

ਕਲ ਦੀਆਂ ਦੋ ਤਿੰਨ ਗੱਲਾਂ ਧਿਆਨ ਚ' ਆ ਰਹੀਆਂ ਨੇ - ਸੋਚਿਆ ਇਸ ਡਾਇਰੀ ਵਿੱਚ ਦਰਜ ਕਰ ਦੇਵਾਂ। ਵੈਸੇ ਤਾਂ ਕਲ ਦਿੱਲੀ ਵਿਚ ਜਾ ਕੇ ਧੱਕੇ ਖਾਣ ਵਾਲਾ ਹੀ ਦਿਨ ਸੀ, ਅਚਾਨਕ ਬੰਗਲਾ ਸਾਹਿਬ ਜਾਣ ਦਾ ਪ੍ਰੋਗਰਾਮ ਬਣਿਆ ਕਿਓਂ ਕਿ ਮਿਸਿਜ਼ ਨੂੰ ਓਥੇ ਗਏ ਬੜੇ ਸਾਲ ਹੋ ਗਏ ਸੀ, ਉਹ ਚੌਥੀ ਜਮਾਤ ਵਿਚ ਸੀ ਜਦੋਂ ਉਹ ਓਥੇ ਗਏ ਸਨ.


ਜਦੋਂ ਅਸੀਂ ਵਾਪਿਸ ਆ ਰਹੇ ਸੀ ਤਾਂ ਭਾਈ ਘਨਈਆ ਸਾਹਿਬ ਜੀ ਦੀ ਮਹਾਨ ਜ਼ਿੰਦਗੀ ਬਾਰੇ ਫੇਰ ਇਹ ਪੜਣ ਦਾ ਮੌਕਾ ਮਿਲਿਆ - ਜਦੋਂ ਮੈਂ ਓਹਨਾ ਦੇ ਜਨਮ ਬਾਰੇ ਤੇ ਉਹਨਾਂ ਦੇ ਪਿੰਡ ਬਾਰੇ ਪੜ ਰਿਹਾ ਸੀ, ਉਸ ਵੇਲੇ ਮੈਨੂੰ ਚੇਤਾ ਆਇਆ - ਜਿਹੜਾ ਪਿੰਡ ਭਾਈ ਘਨਈਆ ਸਾਹਿਬ ਦਾ ਸੀ, ਓਹੀ ਮੇਰੇ ਪਿਤਾ ਜੀ ਦਾ ਜੱਦੀ ਪਿੰਡ ਸੀ (ਹੈ!) - ਪਿੰਡ ਸੋਧਰਾਂ, ਵਾਰੀਜ਼ਾਬਾਦ, ਜਿਲਾ ਗੁਜਰਾਂਵਾਲਾ - ਆਪਣੇ ਬਜ਼ੁਰਗਾਂ ਦੀਆਂ ਉਸ ਪਿੰਡ ਵਿੱਚ ਜ਼ਮੀਨਾਂ ਸਨ, ਬੜੇ ਸੌਖੇ ਸਨ!

ਸਨ 1943 ਦਾ ਪਿਤਾਜੀ ਦਾ ਦਸਵੀਂ ਦਾ ਸਰਟੀਫਿਕੇਟ - ਵਜ਼ੀਰਾਬਾਦ, ਗੁਜਰਾਂਵਾਲਾ 

ਅੱਜ ਸਵੇਰੇ ਆ ਕੇ ਮੈਂ ਆਪਣੇ ਪਿਤਾਜੀ ਦੇ ਦਸਵੀ ਦੇ 80 ਸਾਲ ਪੁਰਾਣੇ ਸਰਟੀਫਿਕੇਟ ਨੂੰ ਮੁੜ ਵੇਖਿਆ - ਚੰਗਾ ਲੱਗਾ ਇਹ ਜਾਣ ਕੇ, ਆਪਣੀ ਜੜਾਂ ਦੀ ਢੂੰਗੀਆਈ ਬਾਰੇ ਜਦੋਂ ਪਤਾ ਚੱਲਿਆ, ਮਨ ਚ' ਇਹ ਵੀ ਸੋਚਿਆ ਕਿ ਗੱਲ ਤਾਂ ਬਣਦੀ ਹੈ ਜਦੋਂ ਅਜਿਹੇ ਵੱਡੇ-ਵਡੇਰਿਆਂ ਤੇ ਕਰਣੀ ਵਾਲੇ ਮਹਾਂਪੁਰਖਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਅਸੀਂ ਵੀ ਆਪਣੀ ਬਿਰਤ ਸੇਵਾ ਪਾਸੇ ਲਾ ਸਕੀਏ - ਇਸ ਤਰ੍ਹਾਂ ਪਿੰਡਾਂ ਦੀਆਂ ਸਾਂਝਾਂ ਕੱਢਣ ਨਾਲ ਕੁਝ ਨਹੀਂ ਹੁੰਦਾ - ਇਹਨਾਂ ਵਰਗੀ ਸੋਚ ਚਾਹੀਦੀ ਹੈ !!


ਲੰਗਰ ਛੱਕਦਿਆਂ ਛੱਕਦਿਆਂ ਇਹੋ ਧਿਆਨ ਆਉਂਦਾ ਰਿਹਾ ਕਿ ਜੇਕਰ ਕਿਸੇ ਦੀ ਸੋਚ ਵਿਚ ਕੋਈ ਵੀ ਟੇਢਾਪਨ ਹੋਵੇ, ਕਦੇ ਵੀ ਜਦੋਂ ਆਪਣੇ ਆਪ ਨੂੰ ਕੁਝ ਸਮਝਣ ਦੀ ਪਿੱਤ ਤਿੜਕਣ ਲੱਗੇ ਤੇ ਕਿਸੇ ਲੰਗਰ ਚ' ਬਹਿ ਕੇ ਹੀ ਉਹ ਸੋਚ ਚਕਨਾਚੂਰ ਹੋ ਜਾਂਦੀ ਹੈ - ਬਾਬਾ ਜੀ ਦੀ ਰਹਿਮਤ ਸਦਕਾ ਜਿਹੜੇ ਵੀ ਓਥੇ ਸੇਵਾ ਕਰਦੇ ਨੇ ਤੇ ਜਿਹੜੇ ਆ ਕੇ ਉਸ ਸੇਵਾ ਨੂੰ ਕਬੂਲ ਕਰਦੇ ਹਨ, ਉਹ ਸਾਰੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਹਨ. ਜਵਾਨ, ਬਜ਼ੁਰਗ ਤੋਂ ਬਜ਼ੁਰਗ ਕਿਵੇਂ ਹਰ ਤਰ੍ਹਾਂ  ਦੀ ਸੇਵਾ ਵਿਚ ਓਥੇ ਖੁਸ਼ੀ ਖੁਸ਼ੀ ਰੁੱਝੇ ਦਿਖਦੇ ਹਨ. ਮੈਨੂੰ ਅਕਸਰ ਧਿਆਨ ਆਉਂਦੈ ਅੰਮ੍ਰਿਤਸਰ ਦੇ ਇਕ ਅੰਕਲ ਜੀ ਦਾ ਜਿੰਨਾ ਨੂੰ ਸ਼ਹੀਦਾਂ ਵਾਲੇ ਗੁਰਦੁਆਰੇ ਪਾਣੀ ਦੇ ਪਿਆਉ ਉੱਤੇ ਡਿਊਟੀ ਕਰਣ ਦੀ ਹਰ ਵੇਲੇ ਤਾਂਘ ਬਣੀ ਰਹਿੰਦੀ ਸੀ, ਓਥੇ ਉਹਨਾਂ ਦੀ ਡਿਊਟੀ 2-3 ਘੰਟੇ ਲੱਗਦੀ ਸੀ, ਬਿਲਕੁਲ ਸਮੇਂ ਤੇ ਪਹੁੰਚਦੇ ਤੇ ਆਪਣੇ ਬਾਕੀ ਸਾਰੇ ਰੁਝੇਵੇਂ ਓਹਨਾਂ ਦੇ ਉਸ ਹਿਸਾਬ ਨਾਲ ਹੀ ਤੈਅ ਹੁੰਦੇ ਸੀ -


ਬੰਗਲਾ ਸਾਹਿਬ ਗੁਰਦਵਾਰੇ ਵਿਚ ਵੀ ਜੋੜੇ ਘਰ ਵੀ ਐੱਡੀ ਸੇਵਾ, ਲਾਈਨ ਲਾ ਕੇ  ਸੇਵਾਦਾਰ ਸੇਵਾ ਕਰਣ ਲਈ ਤਿਆਰ - ਓਹਨਾ ਦੀ ਸੇਵਾ ਦਾ ਜਜ਼ਬਾ ਦੇਖ ਕੇ ਕਿਸੇ ਦੀ ਵੀ ਬਚੀ-ਖੁਚੀ ਆਕੜ ਕਿਵੇਂ ਉਹਨਾਂ ਜੋੜਿਆਂ ਦੀ ਧੂੜ ਵਿਚ ਮਿਲ ਕੇ ਧੂੜ ਹੋ ਜਾਵੇ ਪਤਾ ਹੀ ਨਾ ਚੱਲੇ -

ਜਾਂਦੇ ਜਾਂਦੇ ਇਕ ਹੋਰ ਖਿਆਲ ਜਿਹੜਾ ਬੜਾ ਤੰਗ ਕਰ ਰਿਹੈ - ਕੁਝ ਦਿਨ ਹੋਏ ਵਹਾਤਸੱਪ ਤੇ ਇਕ ਵੀਡੀਓ ਦੇਖੀ - ਕਿਸੇ ਅਰਬਪਤੀ ਸਿੰਘ ਦੀ ਸੀ, ਕਿਸੇ ਗੁਰਦਵਾਰੇ ਵਿਚ ਜੋੜਿਆਂ ਦੀ ਸੇਵਾ ਕਰਦਿਆਂ ਦੀ ਵੀਡੀਓ ਸੀ, ਫੇਰ ਵੀਡੀਓ ਚ ਦਸਿਆ ਗਿਆ ਕਿ ਇਹ ਦੇਖੋ ਕਿੱਢਾ ਵੱਡਾ ਆਦਮੀ ਹੈ, ਫੇਰ ਵੀ ਇਹ ਜੋੜਿਆਂ ਦੀ ਸੇਵਾ ਕਰ ਰਿਹਾ ਹੈ - ਫੇਰ ਉਸ ਨੂੰ ਸੂਟ ਬੂਟ ਪਾ ਕੇ ਕਿਸੇ ਬੜੀ ਮਹਿੰਗੀ ਕਾਰ ਵਿਚ ਬਹਿ ਕੇ ਆਪਣੇ ਕੰਮ ਤੇ ਜਾਂਦਿਆਂ ਵੀ ਦਿਖਾਇਆ ਗਿਆ - ਇਹ ਵੀਡੀਓ ਦੇਖ ਕੇ ਬੜਾ ਅਜੀਬ ਜਿਹਾ ਲੱਗਾ - ਪਹਿਲਾਂ ਇੰਝ ਦਾ ਕਦੇ ਕੁਝ ਨਹੀਂ ਸੀ ਵੇਖਿਆ ਕਦੇ, ਬਸ ਇਸ ਬਾਰੇ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ - ਇਕ ਗੱਲ ਹੋਰ ਬੜੀ ਅਜੀਬ ਲੱਗੀ ਕਲ ਬੰਗਲਾ ਸਾਹਿਬ ਗੁਰਦਵਾਰੇ ਵਿਚ ਗੁਰਦਵਾਰੇ ਦੇ ਵਿਹੜੇ ਵਿਚ ਕੁਝ ਦੂਰੋਂ ਆਏ ਟੂਰਿਸਟ ਫ਼ੋਟਾਂ ਖਿਚਵਾਂ ਰਹੇ ਸੀ, ਜਿੰਨਾ ਨੂੰ ਇਕ ਸੇਵਾਦਾਰ ਨੇ ਮਨਾ ਕਰ ਦਿੱਤਾ - ਮੈਨੂੰ ਇਹ ਵੀ ਦੇਖ ਕੇ ਬੜਾ ਅਜੀਬ ਜਿਹਾ ਲੱਗਾ- ਕਦੇ ਕਿਸੇ ਨੂੰ ਗੁਰਦਵਾਰੇ ਵਿਚ ਫੋਟੋ ਖਿੱਚਣ ਤੋਂ ਰੋਕਦਿਆਂ ਮੈਂ ਨਹੀਂ ਸੀ ਵੇਖਿਆ - ਸ਼ਾਇਦ ਇਹ ਗੱਲ ਮੇਰੀ ਛੋਟੀ ਸੋਚ ਤੋਂ ਬਹੁਤ ਵੱਡੀ ਹੋਵੇਗੀ, ਜਿਹੜੀ ਮੈਨੂੰ ਸਮਝ ਨਾ ਆਈ - ਸ਼ਾਇਦ!!

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...