Saturday 27 July 2019

ਗੁਟਖਾ ਮਸਾਲਾ ਕਿਵੇਂ ਜਾਨ ਵੀ ਲੈ ਸਕਦਾ ਹੈ

ਯਬਲੀਆਂ ਤੇ ਮਾਰਦੇ ਹੀ ਰਹੀ ਦਾ ਏ, ਕਦੇ ਕਦੇ ਕੰਮ ਦੀ ਵੀ ਗੱਲ ਵੀ ਕਰਦੇ ਰਹਿਣਾ ਚਾਹੀਦੈ।

ਅੱਜ ਸਵੇਰੇ ਇਹ 19 ਸਾਲ ਦਾ ਮੁੰਡਾ ਮੂੰਹ ਦੀ ਕੋਈ ਤਕਲੀਫ ਲਈ ਆਇਆ ਸੀ, ਮੂੰਹ ਚ' ਛਾਲੇ ਸੀ, ਚਲੋ ਉਸ ਦੀ ਗੱਲ ਤਾਂ ਲੰਬੇ ਕਰੀਏ - ਉਹ ਤੇ ਠੀਕ ਹੋ ਹੀ ਜਾਣਗੇ - 2-4 ਦਿਨ ਵਿਚ।

ਪਰ ਜਿਹੜੀ ਚਿੰਤਾ ਦੀ ਗੱਲ ਇਸ 19 ਸਾਲ ਦੇ ਮੁੰਡੇ ਚ' ਹੈ ਜਿਹੜੀ ਓਹਨੂੰ ਵੀ ਨਹੀਂ ਪਤਾ ਉਹ ਹੈ ਗੁਟਖੇ ਤੇ ਪਾਨ ਮਸਲੇ ਤੋਂ ਹੋਣ ਵਾਲਾ ਇਕ ਖ਼ਤਰਨਾਕ ਰੋਗ ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਓਰਲ ਸੁਬਮਉਕਸ ਫਾਈਬ੍ਰੋਸਿਸ (Oral Submucus Fibrosis) ਕਹਿੰਦੇ ਹਨ. ਇਸ ਮੁੰਡੇ ਨੂੰ ਮੈਂ ਪੁੱਛਿਆ ਕਿ ਮੂੰਹ ਦੀ ਕੋਈ ਹੋਰ ਵੀ ਤਕਲੀਫ ਵੀ ਹੈ - ਉਸ ਆਖਿਆ ਮੈਨੂੰ ਹੋਰ ਕੋਈ ਤਕਲੀਫ - ਮੈਂ ਆਰਾਮ ਨਾਲ ਰੋਟੀ ਖਾਂਦਾ ਪੀਂਦਾ ਹਾਂ

ਇਥੇ ਇਕ ਗੱਲ ਬੜੀ ਗੌਰ ਕਰਣ ਵਾਲੀ ਇਹ ਹੈ ਕਿ ਇਸ ਮੁੰਡੇ ਦੇ ਮੂੰਹ ਵਿਚ ਓਰਲ ਸੁਬਮਉਕਸ ਫਾਈਬ੍ਰੋਸਿਸ ਬਿਮਾਰੀ ਦੇ ਸਾਰੇ ਲੱਛਣ ਮੌਜੂਦ ਹਨ, ਪਰ ਇਸ ਨੂੰ ਨਹੀਂ  - ਇਸ ਕਰ ਕਹਿੰਦੇ ਨੇ ਕਿ ਆਪਣੇ ਦੰਦਾਂ ਦੇ ਡਾਕਟਰ ਕੋਲੋਂ ਹਰ 6 ਮਹੀਨੇ ਬਾਦ ਜਾਕੇ ਆਪਣੇ ਮੂੰਹ ਦਾ ਪੂਰਾ ਚੈੱਕ-ਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ. ਕਿਓਂਕਿ ਕਿਸੇ ਵੀ ਬਿਮਾਰੀ ਦੇ ਲੱਛਣ ਦੋ ਤਰੀਕੇ ਦੇ ਹੁੰਦੇ ਹਨ, ਇਕ ਤੇ ਉਹ ਜਿਹੜੇ ਤੁਹਾਨੂੰ ਮਹਿਸੂਸ ਹੁੰਦੇ ਨੇ ਤੇ ਦੂਜੇ ਉਹ ਜਿਹੜੇ ਕੋਈ ਕ੍ਵਾਲੀਫੈਡ ਡਾਕਟਰ ਲੱਭ ਲੈਂਦੈ। ਜਿਵੇਂ ਇਸ ਮੁੰਡੇ ਨੂੰ ਕੁਝ ਨਹੀਂ ਸੀ ਪਤਾ  ਆਪਣੀ ਤਕਲੀਫ ਬਾਰੇ।

ਓਰਲ ਸੁਬਮਉਕਸ ਬਾਰੇ ਦੋ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ - ਇਹ ਤਕਲੀਫ ਗੁਟਖਾ ਤੇ ਪਾਨ ਮਸਾਲਾ ਖਾਣ ਵਾਲਿਆਂ ਚ' ਪਾਈ ਜਾਂਦੀ ਹੈ - ਇਸ ਬਿਮਾਰੀ ਵਿਚ ਮੂੰਹ ਦੀ ਅੰਦਰਲੀ ਚਮੜੀ ਬਿਲਕੁਲ ਸੁੱਕ ਕੇ ਬਿਲਕੁਲ ਪੀਲੀ  ਪੈ ਜਾਂਦੀ ਹੈ - ਤੇ ਬਹੁਤ ਕੇਸਾਂ ਚ' ਤੇ ਮੂੰਹ ਦੇ ਅੰਦਰਲੀ ਗੁਲਾਬੀ ਰੰਗ ਦੀ ਚਮੜੀ ਬਿਲਕੁਲ ਚਮੜੇ ਵਾਂਗ ਸੁੱਕ ਜਾਂਦੀ ਹੈ - ਉਸ ਦੀ ਲਚਕ ਬਿਲਕੁਲ ਖਤਮ ਹੋ ਜਾਂਦੀ ਹੀ ਤੇ ਕਈ ਵਾਰ ਤਾਂ ਸਾਨੂੰ ਮਰੀਜ ਦਾ ਮੂੰਹ ਅੰਦਰੋਂ ਦੇਖਣਾ ਵੀ ਬਹੁਤ ਮੁਸ਼ਕਿਲ ਹੋ ਜਾਂਦੈ।

ਓਰਲ ਸੁਬਮਉਕਸ ਫਾਈਬ੍ਰੋਸਿਸ ਬਾਰੇ ਇਸ ਗੱਲ ਪੱਲੇ ਬੰਨਣ ਵਾਲੀ ਇਹ ਹੈ ਕਿ ਇਸ ਨੂੰ ਮੂੰਹ ਦੇ ਕੈਂਸਰ ਤੋਂ ਪਹਿਲੀ ਕੰਡੀਸ਼ਨ ਆਖਿਆ ਜਾਂਦੈ (Oral Pre-Cancerous Lesion) - ਜੇਕਰ ਕੋਈ ਆਦਮੀ ਇਥੇ ਵੀ ਨਾ ਰੁਕੇ, ਆਪਣੇ ਗੁਟਖੇ-ਮਸਲੇ ਚੱਬਣੇ-ਚੂਸਣੇ ਚਾਲੂ ਰੱਖੇ ਤਾਂ ਕੁਝ ਵੀ ਹੋ ਸਕਦੈ। ਇਕ ਵਾਰ ਜੇ ਮੂੰਹ ਵਿੱਚ ਕੈਂਸਰ ਹੋ ਜਾਂਦੈ ਤੇ ਫੇਰ ਤੁਸੀਂ ਜਾਣਦੇ ਹੀ ਹੋ ਕਿ ਕਿਵੇਂ ਸਮੇਂ ਤੇ ਪੈਸੇ ਦੀ ਬਰਬਾਦੀ ਤੇ ਹੁੰਦੀ ਹੀ ਹੈ, ਕਈ ਵਾਰ ਛੋਟੀ ਛੋਟੀ ਉਮਰੇ ਜਵਾਨਾਂ ਦੀ ਜ਼ਿੰਦਗੀ ਵੀ ਲੈ ਲੈਂਦੀ ਹੈ ਇਹ ਤਕਲੀਫ।

ਇਕ ਗੱਲ ਹੋਰ ਬਹੁਤ ਹੀ ਜ਼ਰੂਰੀ ਹੈ ਯਾਦ ਰੱਖਣੀ ਕਿ ਅਕਸਰ ਮਰੀਜ ਸੋਚਦੇ ਨੇ ਕਿ ਗੁਟਖਾ ਖਾਣਾ ਹੀ ਮਾੜਾ ਹੈ ਕਿਓਂਕਿ ਉਸ ਵਿਚ ਤੰਬਾਕੂ ਹੁੰਦੈ - ਪਾਨ ਮਸਾਲੇ ਨੂੰ ਉਹ ਮਾੜਾ ਨਹੀਂ ਸਮਝਦੇ - ਪਰ ਸਚਾਈ ਇਹ ਹੈ ਕਿ ਪਾਨ ਮਸਾਲਾ ਜਿਸ ਵਿਚ ਵੀ ਸੁਪਾਰੀ ਹੁੰਦੀ ਹੈ , ਇਸ ਨਾਲ ਵੀ ਇਹ ਬਿਮਾਰੀ ਹੋਣ ਦਾ ਖ਼ਤਰਾ ਬਣਿਆ ਰਹਿੰਦੈ।

ਇਹ ਮੁੰਡਾ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ ਇਹ ਪਿਛਲੇ ਦੋ ਸਾਲ ਤੋਂ ਇਹ ਗੁਟਖੇ ਖਾ ਰਿਹਾ ਹੈ - ਕਹਿੰਦੈ 10 ਪੈਕੇਟ ਤੇ ਹੋ ਹੀ ਜਾਂਦੇ ਨੇ, 50 ਰੁਪਈਏ ਦਾ ਖਰਚਾ - ਇਕ ਹੋਰ ਵੀ ਗੱਲ ਇਥੇ ਲਿਖਣੀ ਜ਼ਰੂਰੀ ਹੈ ਕਿ ਓਰਲ ਸੁਬਮਉਕਸ ਨਾ ਦੀ ਇਸ ਬਿਮਾਰੀ ਵਿਚ ਬੰਦੇ ਦਾ ਮੂੰਹ ਹੌਲੀ ਹੌਲੀ ਖੁਲ੍ਹਣਾ ਘੱਟ ਜਾਂਦਾ ਹੈ - ਇਹ ਕਈ ਵਾਰੀ ਇੰਨਾਂ ਜ਼ਿਆਦਾ ਘੱਟ ਜਾਂਦੈ ਕਿ ਉਸ ਬੰਦੇ ਦੇ ਮੂੰਹ ਵਿੱਚ ਇਕ ਉਂਗਲੀ ਵੀ ਨਹੀਂ ਜਾ ਸਕਦੀ। ਇਸ ਕਰਕੇ ਕਈ ਮਰੀਜ ਤੇ ਅਜਿਹੇ ਵੀ ਦੇਖੇ ਜਿਹੜੇ ਸਿਰਫ ਲਿਕਵਿਡ ਖੁਰਾਕ ਹੀ ਲੈ ਪਾਂਦੇ ਨੇ, ਇਸ ਕਰਕੇ ਸਿਹਤ ਲਗਾਤਾਰ ਡਿੱਗਦੀ ਰਹਿੰਦੀ ਹੈ, ਬੰਦਾ ਨਿੱਘਰ ਜਾਂਦਾ ਹੈ - ਅੱਛਾ, ਇਹ ਤਕਲੀਫ ਸਿਰਫ ਆਦਮੀਆਂ ਨੂੰ ਹੀ ਨਹੀਂ ਹੁੰਦੀ, ਬਹੁਤ ਸਾਰੀਆਂ ਜਨਾਨੀਆਂ ਚ' ਵੀ ਇਹ ਤਕਲੀਫ ਨਾਲ ਆਉਂਦੀਆਂ ਹਨ.
ਅੱਜ ਜਿਹੜਾ 19 ਸਾਲ ਦਾ ਮੁੰਡਾ ਆਇਆ ਸੀ ਉਸ ਦੇ ਮੂੰਹ ਦੀ ਫੋਟੋ ਕਿਵੇਂ ਪਿੱਛਲੇ ਪਾਸੇ ਸਾਰੀ ਚਮੜੀ ਚਿੱਟੀ ਪੈ ਰਹੀ ਹੈ 
ਇਹ ਮੁੰਡਾ ਮੂੰਹ ਵੀ ਮਸੀਂ ਦੋ ਉਂਗਲਾਂ ਹੀ ਵਾੜ ਪਾ ਰਿਹਾ ਸੀ, ਕਿਓਂਕਿ ਇਸ ਤਕਲੀਫ ਵਿਚ ਮੂੰਹ ਹੌਲੀ ਹੌਲੀ ਖੁਲ੍ਹਣਾ ਘਟਦਾ ਜਾਂਦੈ 

15 ਮਿੰਟ ਇਸ ਮੁੰਡੇ ਨੂੰ ਇਕੱਲੇ ਸਮਝਾਇਆ ਕਿ ਇਹ ਅੱਗ ਨਾਲ ਖੇਡਣਾ ਬੰਦ ਕਰਨਾ ਪਉ - ਲੱਗਦਾ ਤੇ ਹੈ ਕਿ ਸਮਝ ਗਿਆ ਹੈ. ਉਸ ਨੂੰ ਕਿਹਾ ਕਿ ਖਾਣ ਪੀਣ ਦਾ ਧਿਆਨ ਕਰੇ ਤੇ ਵਿਚ ਵਿਚ ਆ ਕੇ ਦਿਖਾਉਂਦਾ ਰਹੇ. ਇਸ ਤਰ੍ਹਾਂ ਦੀ ਤਕਲੀਫ ਦਾ ਸਬ ਤੋਂ ਵੱਡਾ ਇਲਾਜ ਇਹੋ ਹੈ ਕਿ ਪਾਨ ਮਸਾਲੇ, ਗੁਟਖੇ ਵਰਗੀਆਂ ਚੀਜ਼ਾਂ ਨੂੰ ਹਮੇਸ਼ਾ ਲਈ ਲੱਤ ਮਾਰਣੀ ਬਿਲਕੁਲ ਜ਼ਰੂਰੀ ਹੁੰਦੀ ਏ - ਬਾਕੀ ਜਿਹੜੀਆਂ ਮੂੰਹ ਵਿਚ ਤਕਲੀਫ਼ਾਂ ਹੋ ਚੁੱਕਿਆਂ ਹੁੰਦੀਆਂ ਨੇ ਉਸ ਨੂੰ ਸਪੈਸ਼ਲਿਸਟ ਡੈਂਟਿਸਟ ਦੇਖਦੇ ਰਹਿੰਦੇ ਹਨ.

ਇਕ ਦੋ ਗੱਲਾਂ ਹੋਰ ਕਰ ਲਈਏ ਇਸ ਤਕਲੀਫ ਬਾਰੇ - ਜਿਵੇਂ ਇਸ ਮੁੰਡੇ ਨੂੰ ਆਪਣੀ ਤਕਲੀਫ ਦਾ ਨਹੀਂ ਸੀ ਪਤਾ, ਇਸੇ ਤਰ੍ਹਾਂ ਕੁਝ ਲੋਕਾਂ ਨੂੰ ਇਸ ਤਰ੍ਹਾਂ ਦੀ ਤਕਲੀਫ ਦਾ ਪਤਾ ਹੀ ਉਸ ਵੇਲੇ ਲੱਗਦੈ ਜਦੋਂ ਉਹ ਗੋਲਗੱਪਾ ਖਾਣ ਵਾਸਤੇ ਮੂੰਹ ਹੀ ਨਹੀਂ ਪੂਰਾ ਖੋਲ ਪਾਂਦੇ - ਅਕਸਰ ਇਸ ਬਿਮਾਰੀ ਵਿਚ ਮੂੰਹ ਵਿਚ ਜਗ੍ਹਾ ਜਗ੍ਹਾ ਤੇ ਜ਼ਖ਼ਮ ਹੋ ਜਾਂਦੇ ਨੇ, ਬਸ ਮਰੀਜ ਟਿਊਬਾਂ ਤੇ ਮੋਊਥਵਾਸ਼ਾਂ ਕਰ ਕਰ ਕੇ ਸਮੇਂ ਨੂੰ ਧੱਕੇ ਦੇਂਦਾ ਰਹਿੰਦੈ -

ਇਹ ਬੜੀ ਨਾਮੁਰਾਦ ਤਕਲੀਫ ਹੈ, ਪਾਨ ਮਸਾਲੇ ਗੁਟਖੇ ਤੋਂ ਬਚ ਕੇ ਇਸ ਬਿਮਾਰੀ ਤੋਂ ਵੀ ਬਚੇ ਰਹੋ - ਇਹ ਤਕਲੀਫ ਉਹਨਾਂ ਵਿਚ ਵੀ ਹੁੰਦੀ ਹੈ ਜਿਹੜੇ ਲੋਕੀਂ ਮਿਰਚਾਂ ਬਹੁਤ ਖਾਂਦੇ ਨੇ - 25 ਕੁ ' ਸਾਲ ਪਹਿਲਾਂ ਮੈਂ ਇੱਕੋ ਮਰੀਜ ਦੇਖਿਆ ਸੀ - 12 ਸਾਲ ਦੀ ਕੁੜੀ ਰਾਜਸਥਾਨ ਦੀ ਰਹਿਣ ਵਾਲੀ ਸੀ, ਜਿਹੜੀ ਰੋਜ਼ ਮਿਰਚਾਂ ਦੀ ਚਟਨੀ ਨਾਲ ਰੋਟੀ ਖਾਂਦੀ ਸੀ.

ਮੈਨੂੰ ਪੱਕਾ ਯਾਦ ਹੈ ਮੈਂ 1985 ਵਿਚ ਇਕ ਜਰਨਲ ਵਿਚ ਇਸ ਤਕਲੀਫ ਬਾਰੇ ਪੜਿਆ ਸੀ, ਉਸ ਤੋਂ ਬਾਅਦ ਟਾਵੇਂ ਟਾਵੇਂ case  ਕਦੇ ਕਦੇ ਦਿਸ ਜਾਂਦੇ ਸੀ - ਪਿਛਲੇ 8-10ਸਾਲ ਤੋਂ ਤੇ ਅਜਿਹੇ ਮਰੀਜਾਂ ਦੀਆਂ ਲਾਈਨਾਂ ਲੱਗ ਚੁਕੀਆਂ ਨੇ. ਮੈਂ ਆਪਣੇ ਹਿੰਦੀ ਤੇ ਅੰਗਰੇਜ਼ੀ ਦੇ ਬਲੌਗ ਵਿਚ ਇਸ ਬਿਮਾਰੀ ਬਾਰੇ ਬਹੁਤ ਸਾਰੇ ਮਰੀਜਾਂ ਦੀਆਂ ਹੱਡ-ਬੀਤੀਆਂ ਲਿਖੀਆਂ ਨੇ, ਹੁਣ ਲੱਗਦੈ ਪੰਜਾਬੀ ਵਿੱਚ ਇਹੋ ਕੰਮ ਸ਼ੁਰੂ ਕਰਣਾ ਪੈਣਾ ਏ. ਕੋਈ ਗੱਲ ਨਹੀਂ - ਜੇਕਰ 1 ਬੰਦਾ ਵੀ ਇਸ ਨੂੰ ਪੜ੍ਹ ਕੇ ਅਜਿਹੇ ਜ਼ਹਿਰ ਤੋਂ ਦੂਰ ਰਹੇ ਤਾਂ ਮੈਨੂੰ ਮੇਰੀ ਮੇਹਨਤ ਦਾ ਫਲ ਮਿਲ ਗਿਆ.

ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਕਿ ਇਸ ਪੋਸਟ ਨੂੰ ਸਾਂਝਾ ਕਰੋ, ਉਸ ਨੂੰ ਸਾਂਝਾ ਕਰੋ, ਕਿਓਂਕਿ ਕਿਸੇ ਦੇ ਕਹਿਣ ਤੇ ਮੈਂ ਵੀ ਕਦੇ ਕੁਝ ਅਗਾਂਹ ਸਾਂਝਾ ਨਹੀਂ ਕਰਦਾ, ਪਰ ਇਸ ਪੋਸਟ ਬਾਰੇ ਮੇਰੀ ਹੱਥ ਜੋੜ ਕੇ ਬਿਨਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਨਾਲ ਇਸ ਨੂੰ ਸਾਂਝਾ ਕਰੋ ਕਿਓਂਕਿ ਪੰਜਾਬੀ ਚ' ਵੈਸੇ ਵੀ ਇਸ ਤਰ੍ਹਾਂ ਦੇ online content ਦਾ ਟੋਟਾ ਹੀ ਹੈ ਅਜੇ, ਕਿ ਪਤਾ ਤੁਹਾਡੇ ਇਸ ਉਪਰਾਲੇ ਨਾਲ ਕਿਸੇ ਬਾਲ-ਬਾਲੜੇ ਦੀ ਜ਼ਿੰਦਗੀ ਬੱਚ ਜਾਵੇ - ਮੈਨੂੰ ਲੋਕ ਦੱਸਦੇ ਨੇ ਕਿ ਹੁਣ ਇਹ ਗੁਟਖੇ-ਪਾਨ ਮਸਲੇ ਦੀ ਸੌਗਾਤ ਪੰਜਾਬੀਆਂ ਤੱਕ ਵੀ ਪਹੁੰਚ ਚੁਕੀ ਹੈ -  ਬਚੇ ਰਹੋ ਬੇਲੀਓ ਤੇ ਹੋਰਨਾਂ ਨੂੰ ਵੀ ਬਚਾਂਦੇ ਰਹੋ - ਖੁਸ਼ੀਆਂ ਮਾਨੋ ਜੀ !!🙏

ਆਓ ਪੰਜਾਬ ਦੇ ਮੌਜੂਦਾ MP ਸਾਬ ਦੇ ਦਰਸ਼ਨ ਕਰ ਛੱਡੀਏ -

Friday 26 July 2019

ਗੁਸਲਖਾਨੇ ਜਦੋਂ ਬਾਥਰੂਮ ਬਣ ਗਏ !

ਕੁਝ ਦਿਨ ਪਹਿਲਾਂ ਵਹਾਤਸੱਪ ਤੇ ਇਕ ਪੋਸਟ ਦੇਖੀ ਜਿਸ ਵਿਚ ਕਿਸੇ ਨੇ ਬੜੀ ਮੇਹਨਤ ਕਰ ਕੇ ਲਿਖਿਆ ਸੀ ਕਿ ਹੁਣ ਕਿਵੇਂ ਅਸੀਂ ਤਰ੍ਹਾਂ ਤਰ੍ਹਾਂ ਦੇ ਸਾਬਣ, ਸ਼ੰਪੂ, ਕੰਡੀਸ਼ਨਰਸ, ਤੇਲ, ਸਪਰੇ ---ਹੋਰ ਵੀ ਜਮਾਨੇ ਭਰ ਦਾ ਨਿੱਕ-ਸੁੱਕ ਇਸਤੇਮਾਲ ਕਰਦੇ ਹਾਂ - ਉਸ ਦੀ ਗੱਲ ਬਾਰਾਂ ਆਨੇ ਲੱਗੀ ਸੱਚ.

ਉਸ ਪੋਸਟ ਨੂੰ ਪੜ੍ਹਦਿਆਂ ਮੈਂ ਵੀ ਪਹੁੰਚ ਗਿਆ ਓਹ ਪੁਰਾਣੇ ਸਿੱਧ-ਸਮੂਏ ਗੁਸਲਖਾਨੇ ਵਾਲੇ ਦਿਨਾਂ ਵਿਚ.
ਮੈਨੂੰ ਇੰਝ ਲੱਗਦੈ ਕਿ ਅੱਜ ਕਲ ਦੇ ਬਾਥਰੂਮ ਵੀ ਇੱਕ ਸ਼ੋਬਾਜ਼ੀ ਦੇ ਅੱਡੇ, ਸਟੇਟਸ ਸਿੰਬਲ ਆਦਿ ਬਣ ਚੁਕੇ ਹਨ - 11-12 ਸਾਲ ਦੀ ਗੱਲ ਹੈ - ਇਕ ਰਿਸ਼ਤੇਦਾਰ ਨੇ ਆਪਣੇ ਘਰ ਚ' ਕੋਈ ਅਜਿਹੀਆਂ ਟੂਟੀਆਂ ਲਗਵਾ ਲਈਆਂ ਕਿ ਓਹਦੇ 'ਟੇਸਟ' ਦੀਆਂ ਧੁੱਮਾਂ ਸਾਰੇ ਖ਼ਾਨਦਾਨ ਚ' ਪੈ ਗਈਆਂ ਕਿ ਭੋਲੇ ਦੇ ਬਾਥਰੂਮ ਦੇਖਣ ਵਾਲੇ ਨੇ - ਜਦੋਂ ਉਸ ਦੀ ਤਾਰੀਫ ਕੀਤੀ ਜਾਂਦੀ ਉਸ ਦਾ ਮੂੰਹ ਬਿਲਕੁਲ ਭਕਾਨੇ ਵਾਂਗ ਫੁੱਲ ਜਾਂਦਾ!

ਸਾਡੇ ਘਰ ਵੀ ਜ਼ਰੂਰਤ ਤੋਂ ਜ਼ਿਆਦਾ ਹੀ ਸੌਦੇ ਭਰੇ ਹੋਏ ਹਨ ਗੁਸਲਖਾਨੇ (ਨਹੀਂ, ਨਹੀਂ, ਬਾਥਰੂਮ ਵਿਚ!!) - ਪਰ ਜਦੋਂ ਮੈਂ ਕਿਤੇ ਰਿਸ਼ਤੇਦਾਰ ਕੋਲ ਜਾਂਦਾ ਹਾਂ ਤੇ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਅਜੇ ਇੰਨੇ ਵੱਡੇ ਸ਼ੌਂਕੀ ਨਹੀਂ ਹਾਂ.

ਪਹਿਲਾਂ ਗੁਸਲਖਾਨੇ ਦੀਆਂ ਗੱਲਾਂ ਕਰ ਲੈਂਦੇ ਹਾਂ - ਆਪਣੇ ਆਪ ਚ' ਨਾਉਂ ਹੀ ਕਿੰਨਾ ਸਹੀ ਜਾਪਦੈ !

ਗੁਸਲਖਾਨਾ - ਜਿਸ ਵਿਚ ਦੋ ਸਾਬਣ - ਇਕ ਦੇਸੀ ਕੱਪੜੇ ਧੋਣ ਵਾਲਾ (ਬੇ-ਬ੍ਰਾਂਡਿਆ- i mean unbranded!) - ਜਿਸ ਨੂੰ ਘਰੇ ਬਣਾਉਣ ਦੇ ਚੱਕਰ ਵਿਚ ਆਂਢ-ਗੁਆਂਢ ਦੀਆਂ ਤੀਵੀਆਂ ਕਦੇ ਕਦੇ ਆਪਣੇ ਹੱਥ ਸਾੜ ਲੈਂਦੀਆਂ ਸਨ, ਦੋ ਪੈਸੇ ਬਚਾਉਣ ਦੇ ਚੱਕਰ ਵਿਚ!) - ਨਾਲੇ ਨਾਲੇ, ਇਸ ਦੇਸੀ ਸਾਬਣ ਦੇ ਹੋਰ ਵੀ ਇਸਤੇਮਾਲ ਦੱਸਦੇ ਜਾਈਏ, ਲੋ ਜੀ ਗੱਲ ਇੰਝ ਸੀ ਕਿ ਉਹਨਾਂ ਦਿਨ ਗੱਲਾਂ ਚੇਤੇ ਆ ਰਹੀਆਂ ਨੇ ਕਿ ਮੈਂ ਬੀਜੀ ਨੂੰ ਆਪਣੀਆਂ ਸਹੇਲੀਆਂ ਨੂੰ ਕਹਿੰਦੇ ਸੁਣਦਾ ਸੀ ਕਿ ਅੱਜ ਦੇਸੀ ਸਾਬਣ ਨਾਲ ਸਰ ਧੋਤਾ ਤੇ ਜਾਕੇ ਕੀਤੇ ਠੰਡ ਪਈ ਏ, ਖੁਰਕ ਦੇ ਮਾਰੇ ਹਾਲ ਬੇਹਾਲ ਸਨ ਮੈਂ -

ਠੀਕ ਹੈ ਜੀ, ਉਸ ਦੇਸ਼ੀ ਸਾਬਣ ਦੀ ਚਾਕੀ ਦੀ ਇਕ ਵਰਤੋਂ ਤਾਂ ਪਤਾ ਲੱਗ ਗਈ ਕਿ ਕਈ ਵਾਰੀ ਜਨਾਨੀਆਂ ਉਸ ਨਾਲ ਸਿਰ ਧੋ ਕੇ ਜੁਆਂ-ਲੀਖਾਂ ਤੋਂ ਸੁਰਖ਼ਰੂ ਹੋ ਜਾਂਦੀਆਂ ਸਨ, ਵੈਸੇ ਅਕਸਰ ਉਹ ਕੇਸ਼ ਧੋਣ ਲਈ ਸ਼ਿੱਕਾਕਾਈ ਤੇ ਰੇਠੇ ਭਿਓਂ ਕੇ ਇਸਤੇਮਾਲ ਕਰਦੀਆਂ ਸਨ, ਸ਼ੰਪੂ ਦਾ ਤੇ ਨਾਉਂ ਹੀ ਨਹੀਂ ਸੀ ਸੁਣਿਆ ! ਇਕ ਗੱਲ ਹੋਰ, ਕਦੇ ਕਦੇ ਘਰੋਂ ਬਾਹਰ ਇਹ ਕਿ ਕੰਨੀ ਪੈ ਜਾਣਾ ਕਿ ਦੇਸੀ ਸਾਬਣ ਨਾਲ ਦੰਦ ਰਗੜਣ ਉਹ ਬਿਲਕੁਲ ਮੋਤੀਆਂ ਵਰਗੇ ਚਮਕ ਜਾਂਦੇ ਨੇ, ਤੇ ਕਦੇ ਕੀੜਾ ਵੀ ਨਹੀਂ ਲੱਗਦਾ - ਆਪਾਂ ਵੀ ਚੁਪਚਾਪ ਇਹ ਗੱਲ ਸੁਣ ਲਈਦੀ ਸੀ, ਕਿਸੇ ਨਾਲ ਕਦੇ ਉਲਝਦੇ ਨਹੀਂ ਸੀ.

ਹਾਂ, ਇਕ ਗੱਲ ਹੋਰ - ਕਦੇ ਕਦੇ ਜਦੋਂ ਅੰਗਰੇਜ਼ੀ ਸਾਬਣ ਦੀ ਚਾਕੀ ਖਤਮ ਹੋ ਜਾਣੀ ਤੇ ਇਕ ਦੋ ਵਾਰ ਉਸ ਦੀ ਜਗ੍ਹਾ ਦੇਸੀ ਸਾਬਣ ਨਾਲ ਹੀ ਨਹਾਉਣ ਵੀ ਚੇਤੇ ਆ ਰਿਹੈ - ਗੱਲ ਇੰਝ ਹੀ ਕਿ ਸੱਚੋ ਸੱਚ ਲਿਖਾਂਗੇ ਤੇ, ਹਲਕੇ ਹੋਵਾਂਗੇ, ਜੇਕਰ ਐਵੇਂ ਹੀ ਪਾਠਕਾਂ ਅੱਗੇ ਆਪਣੇ ਤਜੁਰਬੇ ਚ' ਥੋੜੀ ਜਿਹੀ ਵੀ ਮਿਲਾਵਟ ਕਰਾਂਗੇ ਤਾਂ ਆਪਣਾ ਹੀ ਸਿਰ ਦੁਖੇਗਾ, ਇਸ ਲਈ ਲਿਖਣ ਵੇਲੇ ਇਮਾਨਦਾਰੀ ਢਾਡੀ ਜ਼ਰੂਰੀ ਹੈ.

ਚਲੀਏ ਜੀ, ਹੁਣ ਅੰਗਰੇਜ਼ੀ ਸਾਬਣ ਵੱਲ, ਇਹ ਵੀ ਇਕ ਹੀ ਤਰ੍ਹਾਂ ਦਾ ਹੁੰਦਾ ਹੀ ਜਿਹੜਾ ਸਾਬਣਦਾਨੀ ਚ' ਰੱਖਿਆ ਰਹਿੰਦਾ - ਅਕਸਰ ਮੇਰੇ ਖਿਆਲ ਨਾਲ 15ਕੁ' ਸਾਲ ਦੀ ਉਮਰ ਤੱਕ ਤੇ ਅਸੀਂ ਲਾਈਫ-ਬੁਆਏ ਹੀ ਪਿਆ ਵੇਖਿਆ ਆਪਣੇ ਗੁਸਲਖਾਨੇ ਵਿਚ- ਜਦੋਂ ਵੱਡੇ ਹੋਏ - ਕਾਲਜ ਜਾਣ ਲੱਗੇ ਤਾਂ ਘਰ ਚ' ਰੈਕਸੋਨਾ ਵੀ ਆਉਣ ਲੱਗਾ, ਜਿਸਦੀ ਖੁਸ਼ਬੂ ਮੈਨੂੰ ਬੜੀ ਪਸੰਦ ਸੀ, ਸ਼ਾਇਦ ਅਗਲੇ 20 ਸਾਲ ਤੱਕ ਮੈਂ ਆਪਣੀ ਬ੍ਰਾਂਡ-ਲੋਇਲਟੀ ਖੂਬ ਨਿਭਾਉਂਦਾ ਰਿਹਾ ..

ਹੋਰ ਕਿ ਹੁੰਦਾ ਸੀ, ਗੁਸਲਖਾਨਿਆਂ ਵਿਚ, ਹਾਂ ਜੀ ਗੁਸਲਖਾਨੇ ਦੀ ਬਾਰੀ ਵਿਚ ਪੁਰਾਣੀ ਜਿਹੀ ਪਲਾਸਟਿਕ ਦੀ ਸ਼ੀਸ਼ੀ ਵਿਚ ਸਰੋਂ ਦਾ ਤੇਲ ਵੀ ਪਿਆ ਹੁੰਦਾ ਸੀ, ਜਿਸ ਬਾਰੇ ਇਹ ਹਿਦਾਇਤ ਮਿਲੀ ਹੋਈ ਸੀ ਕਿ ਨਹਾਉਣ ਤੋਂ ਬਾਅਦ ਸਾਰੇ ਸ਼ਰੀਰ ਤੇ ਜ਼ਰੂਰ ਲਾਉਣਾ ਹੁੰਦੈ - ਮੇਰੇ ਪਿਤਾ ਜੀ ਜ਼ਰੂਰ ਇਹ ਕੰਮ ਕਰਦੇ ਸਨ (ਮੈਨੂੰ ਕਿਵੇਂ ਪਤਾ, ਅਸੀਂ ਦੋਵੇਂ ਛੋਟੇ ਹੁੰਦਿਆਂ ਇਕੱਠੇ ਜੋ ਨਹਾਉਂਦੇ ਸੀ 😁)- ਪਰ ਮੈਂ ਤਾਂ'  ਉਹ ਸਰੋਂ ਦਾ ਤੇਲ ਸਿਰਫ ਸਿਰ ਉੱਤੇ ਹੋ ਚੋਪੜ ਲੈਂਦਾ ਸੀ ਬੱਸ, ਜਿਹੜਾ ਫੇਰ ਦਿਨ ਭਰ ਮੱਥੇ ਤੋਂ ਚੌਂਦਾ ਰਹਿੰਦਾ ਸੀ, ਪਰ ਦਿਮਾਗ ਤੇਜ ਕਰਣ ਲਈ ਉਸ ਦੀ ਵਰਤੋਂ ਲਾਜ਼ਮੀ ਦੱਸੀ ਜਾਂਦੀ ਸੀ (ਜਿਹੜਾ ਲਾਜਿਕ ਕਦੇ ਸਮਝ ਨਹੀਂ ਆਇਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਹੀ ਕੀਤੀ!!)

ਹੋਰ ਕਿ ਹੁੰਦਾ ਸੀ, ਦੰਦ ਸਾਫ ਕਰਣ ਦਾ ਪੇਸਟ ਤੇ ਪਾਊਡਰ (ਕਦੇ ਕਦੇ ਉਹ ਬਾਂਦਰ ਛਾਪ ਵੀ) ਤੇ ਬੁਰਸ਼, ਜੀਬ ਸਾਫ ਕਰਣ ਵਾਲੀ ਪਤਲੇ ਜਿਹੇ ਪਲਾਸਟਿਕ ਦੀ ਪੱਤੀ, ਦਾੜੀ ਬਣਾਉਣ ਦਾ ਸਾਮਾਨ (ਗੋਡਰੇਜ ਦੇ ਸ਼ੇਵਿੰਗ ਰਾਉਂਡ ਸਮੇਤ) - ਜਦੋਂ ਇਹ ਨਵੀਆਂ ਨਵੀਆਂ ਦਾੜੀ ਬਣਾਉਣ ਵਾਲੀਆਂ ਕਰੀਮਾਂ ਚਲੀਆਂ ਤੇ ਸ਼ੁਰੂ ਸ਼ੁਰੂ ਚ' ਲੋਕ ਭੁਲੇਖੇ ਨਾਲ ਟੂਥਪੇਸਟ ਦੀ ਥਾਂ ਓਹੀ ਕਰੀਮ ਨਾਲ ਦੰਦ ਸਾਫ ਕਰ ਲੈਂਦੇ ਤੇ ਮੂੰਹ ਚ' ਹੋਣ ਵਾਲੀ ਸੜਕਣ ਨਾਲ ਹੀ ਪਤਾ ਚਲਦਾ ਕਿ ਇਹ ਪੰਗਾ ਹੋ ਗਿਆ ਏ - ਹੁਣ ਧਿਆਨ ਆ ਰਿਹੈ ਕਿ ਅਕਸਰ ਪਰਿਵਾਰਾਂ ਦੀਆਂ ਅਨਪੜ੍ਹ (ਪਰ ਬਹੁਤ ਗੁੜੀਆਂ ਹੋਈਆਂ 🙏🙏🙏) ਤੀਵੀਆਂ ਕੋਲੋਂ ਇਹ ਗ਼ਲਤੀ ਕਦੇ ਕਦੇ ਹੋ ਜਾਂਦੀ।

ਸ਼ੰਪੂ ਹੁੰਦੇ ਸੀ ? ਨਾ ਜੀ ਨਾ, ਕਦੇ ਨਾ ਹੀ ਨਹੀਂ ਸੀ ਸੁਣਿਆ - ਮੈਂ ਨੌਵੀਂ ਦਸਵੀਂ ਜਮਾਤ ਵਿੱਚ ਪਹਿਲੀ ਵਾਰੀਂ ਸੁਣਿਆ - ਮੇਰੇ ਸਿਰ ਉੱਤੇ ਇਕ ਛੋਟਾ ਜੇਹਾ ਮੌਕਾ ਸੀ (ਅਜੇ ਵੀ ਹੈ) - ਜਿਹੜਾ ਕੰਘੀ ਕਰਣ ਵੇਲੇ ਖਹਿਬੜਦਾ ਸੀ ਕਦੇ ਕਦੇ, ਮੇਰੀ ਮਾਂ ਨੂੰ ਉਸ ਦੀ ਡਾਢੀ ਫਿਕਰ ਸੀ, ਇਕ ਦਿਨ ਲੈ ਗਈ ਜੀ ਮੈਨੂੰ ਚਮੜੀ ਦੇ ਡਾਕਟਰ ਕੋਲ, ਉਸ ਨੇ ਆਖਿਆ ਕਿ ਕੋਈ ਗੱਲ ਨਹੀਂ, ਬੱਸ ਟਾਟਾ ਸ਼ੰਪੂ ਨਾਲ ਸਿਰ ਧੋਣਾ ਪਉ  - ਮੈਨੂੰ ਡਾਕਟਰ ਦੀ ਫੀਸ ਵੀ ਯਾਦ ਹੈ - 50 ਰੁਪਈਏ (1977 ਦੇ ਆਸੇ ਪਾਸੇ ਦੀ ਗੱਲ ਹੈ ) ਤੇ ਸ਼ੰਪੂ ਵੀ ਆ ਗਿਆ ਜੀ - ਕੱਚ ਦੀ ਬੋਤਲ ਸ਼ਾਇਦ ਇਹੋ 20 ਕੁ' ਰੁਪਈਏ ਦੀ ਸੀ - ਉਹ ਸ਼ੰਪੂ ਦੀਆਂ ਕਈਂ ਬੋਤਲਾਂ ਵਰਤ ਸੁੱਟਿਆਂ - ਉਹ ਕਦੇ ਘੱਟ ਜਾਂਦਾ , ਕਦੇ ਮੁੜ ਉੱਠ ਜਾਂਦਾ - ਹੁਣ ਮਾਂ ਨਹੀਂ ਹਾਂ, ਪਰ ਉਹ ਢੀਠ ਆਪਣੀ ਜਗ੍ਹਾ ਤੇ ਕਾਇਮ ਹੈ!

ਹਾਂਜੀ, ਇਕ ਗੱਲ ਹੋਰ ਜਿਹੜੀ ਮੈਨੂੰ ਸ਼ੰਪੂ ਤੋਂ ਚੇਤੇ ਆਈ ਕਿ ਘਰ ਚ' ਟਾਟਾ ਸ਼ੰਪੂ ਦਾ ਗਿਆ, ਉਸ ਦੀ ਬੋਤਲ ਨੂੰ ਬੜਾ ਸਾਂਬ ਸਾਂਬ ਕੇ ਰੱਖਿਆ ਜਾਂਦਾ ਕਿ ਇਹ ਕੋਈ ਚਮੜੀ ਦੇ ਡਾਕਟਰ ਦੀ ਲਿਖੀ ਦਵਾਈ ਹੈ ਜਿਸ ਨੂੰ ਬਿੱਲੇ ਨੇ ਹੀ ਲਾਉਣਾ ਹੈ - ਕਦੇ ਕਿਸੇ ਹੋਰ ਨੇ ਉਸ ਨੂੰ ਨਹੀਂ ਵਰਤਿਆ - ਇਥੇ ਇਕ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਗੱਲ ਨੂੰ ਤੁਸੀਂ ਅੱਜ ਦੇ ਮਾਹੌਲ ਨਾਲ ਮਿਲਾ ਕੇ ਵੇਖੋ - ਕਿਵੇਂ ਲੋਕ ਮੀਡਿਆ ਵਿਚ ਠੰਡੇ-ਗਰਮ ਵਾਲਿਆਂ ਪੋਸਟਾਂ ਖਰੀਦ ਖਰੀਦ ਕੇ ਆਪਣੇ ਦੰਦ ਤੇ ਸਿਹਤ ਬਰਬਾਦ ਕਰਦੇ ਰਹਿੰਦੇ ਹਨ, ਇਹ ਪੋਸਟਾਂ ਕਿਸੇ ਦੰਦਾਂ ਦੇ ਡਾਕਟਰ ਤੋਂ ਪੁੱਛੇ ਬਗੈਰ ਤੁਹਾਨੂੰ ਇਸਤੇਮਾਲ ਹੀ ਨਹੀਂ ਕਰਣਾ ਚਾਹੀਦਾ, ਇਹ ਓਹੀਓ ਜਾਂਦਾ ਕਿ ਤੁਹਾਡੇ ਦੰਦਾਂ ਨੂੰ ਇਲਾਜ ਚਾਹੀਦੈ ਜਾਂ ਥੋੜੇ ਸਮੇਂ ਲਈ ਉਹ ਪੇਸਟਾਂ - ਹੁਣ ਸਾਰੇ ਹੀ ਡਾਕਟਰ ਬਣੇ ਹੋਏ ਹਾਂ, ਕੋਈ ਅਸੀਂ ਚਮੜੀ ਤੇ ਮਲਣ ਵਾਲੀ ਕ੍ਰੀਮ ਨਾ ਛੱਡੀ , ਕੋਈ ਪੇਸਟ ਨਹੀਂ ਤੇ ਕੋਈ ਐਂਟੀਬਿਓਟਿਕ ਵੀ ਨਹੀਂ - ਨਤੀਜਾ ਸਾਡੇ ਸਾਹਮਣੇ ਹੈ - ਪਹਿਲਾਂ ਲੋਕ ਡਰਦੇ ਸੀ ਦਵਾਈਆਂ ਤੋਂ, ਹੋਣ ਸੋਸ਼ਲ ਮੀਡਿਆ ਨੇ ਤੇ ਗੂਗਲ ਨੇ ਉਹ ਡਰ ਖਤਮ ਕਰ ਦਿੱਤੈ - ਹੈ ਕਿ ਨਹੀਂ?

ਅੱਛਾ ਵਾਪਸ ਗੁਸਲਖਾਨੇ ਵੱਲ ਤੁਰੀਏ, ਹੋਰ ਕਿ ਹੁੰਦਾ ਸੀ ਓਥੇ ? - ਬੱਸ ਇਕ ਲੱਕੜ ਦੀ 10-20-30 ਸਾਲ ਪੁਰਾਣੀ ਚੌਕੀ, ਇਕ ਲੋਹੇ ਦੀ ਬਾਲਟੀ ਤੇ ਇਕ ਬਿਨਾ ਹੈਂਡਲ ਵਾਲਾ ਚਿੱਬਾ ਹੋ ਚੁਕਿਆ ਐਲੂਮੀਨੀਅਮ ਦਾ ਭਬਕਾ - ਇਹ ਭਬਕਾ ਲਫ਼ਜ਼ ਮੈਨੂੰ ਅੱਜ ਕਈ ਵਰਿਆਂ ਬਾਅਦ ਚੇਤੇ ਆਇਆ , ਮੈਂ ਸੋਚਿਆ ਕਿ ਇਹ ਲਫ਼ਜ਼ ਸਾਡੇ ਘਰ ਹੀ ਇਸਤੇਮਾਲ ਹੁੰਦਾ ਸੀ ਇੰਝ ਤੇ ਨਹੀਂ, ਡਿਕਸ਼ਨਰੀ ਤੋਂ ਚੈੱਕ ਕੀਤਾ, ਹੋਰ ਕਿਸ ਕੋਲੋਂ ਪੁੱਛਦਾ - ਉਹ ਭਬਕਾ ਕਹਿਣ ਵਾਲੇ ਹੌਲੀ ਹੌਲੀ ਕਿਰਦੇ ਜਾ ਰਹੇ ਨੇ।

ਜਦੋਂ ਵੀ ਮੈਂ ਕਿਸੇ ਲਫ਼ਜ਼ ਤੇ ਅੜ੍ਹ ਜਾਂਦਾ ਹਾਂ ਤੇ ਇਸ ਤੋਂ ਹੀ ਪੁੱਛਦਾ ਹਾਂ 😂😂

ਇਕ ਗੱਲ ਹੋਰ ਵੀ ਹੈ, ਸਾਮਾਨ ਚਾਹੇ ਗੁਸਲਖਾਨਿਆਂ ਚ' ਘੱਟ  ਹੁੰਦਾ ਸੀ (ਜ਼ਰੂਰਤ ਦਾ ਤੇ ਪੂਰਾ ਹੁੰਦਾ ਹੀ ਸੀ!!) ਪਰ ਪਾਣੀ ਭਰਪੁਰ ਹੁੰਦਾ ਸੀ, ਨਲਕੇ ਦੀਆਂ ਮੋਟੀਆਂ ਠੰਡੀਆਂ ਧਾਰਾਂ ਨਹੀਂ ਭੁਲਦੀਆਂ, ਸਾਨੂੰ ਤੇ ਮਤਲਬ ਹੁੰਦਾ ਸੀ ਬਾਲਟੀ ਲਾਂਬੇ ਕਰ ਕੇ ਉਸ ਦੀ ਧਾਰ ਥੱਲੇ ਕੁਛ ਚਿਰ ਆਪਣਾ ਸਿਰ ਢਾਉਣ ਦਾ - ਵਾਹ ਜੀ ਵਾਹ, ਨਜ਼ਾਰਾ ਆ ਜਾਂਦਾ ਸੀ!

ਹੁਣ ਅੱਜ ਕਲ ਦੇ ਬਾਥਰੂਮ ਵੱਲ ਚਲੀਏ - ਮੈਨੂੰ  ਤੇ ਇੰਝ ਜਾਪਦੇ ਜਿਵੇਂ ਬਿਗ ਬਾਜ਼ਾਰ ਜਾਂ ਕਿਸੇ ਮਾਲ ਦੇ ਟੋਇਲੇਟਰੀ ਸੈਕਸ਼ਨ ਚ' ਪਹੁੰਚ ਗਏ ਹਾਂ. ਸਾਰੀਆਂ ਸੈਲਫਾਂ ਸਾਬਣਾਂ, ਫੇਸ ਵਾਸ਼ਾਂ, ਸ਼ੰਪੂਆਂ, ਕੰਡੀਸ਼ਰਾਂ, ਤਰ੍ਹਾਂ ਤਰ੍ਹਾਂ ਦੀਆਂ ਹੋਰ ਕਰੀਮਾਂ, ਕਈ ਤੇਲ, ਵਾਲਾਂ ਨੂੰ ਤਗੜੇ ਕਰਣ ਦੇ ਜੁਗਾੜ, ਕਈ ਤਰ੍ਹਾਂ ਦੇ ਝਾਵੇਂ ਵੀ 😂😂😂। ...ਹੋਰ ਵੀ ਪਤਾ ਹੀ ਨਹੀਂ, ਜ਼ਮਾਨੇ ਭਰ ਦਾ ਸਮਾਨ ਭਰਿਆ ਹੁੰਦੈ - ਮੈਂ ਕੀ ਕੀ ਗਿਣਾਵਾਂ ! ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ -  ਸਬ ਚੀਜ਼ਾਂ ਭਰਪੂਰ ਪਰ ਪਾਣੀ ਦਾ ਟੋਟਾ ਹੀ ਹੁੰਦੈ ਅਕਸਰ !

ਮੈਂ ਅਕਸਰ ਸੋਚਦਾ ਹਾਂ ਕਿ ਜੇ ਇੰਨੇ ਉਪਰਾਲੇ ਕਰਣ ਦੇ ਬਾਅਦ ਵੀ ਉਹ ਪੁਰਾਣੇ ਸਮਿਆਂ ਵਾਲੀਆਂ ਚੇਹਰੇ ਤੇ ਰੌਣਕਾਂ ਤੇ ਲਾਲੀਆਂ ਕਿਓਂ ਨਹੀਂ ਹਨ, ਜਵਾਬ ਤੁਹਾਡੇ ਕੋਲ ਹੈ!

ਇਕ ਹੋਰ ਪੰਗਾ, ਅੱਜ ਕਲ ਦੇ ਬੈਠਰੂਮਾਂ ਦਾ - ਜਿੰਨਾ ਚਿਰ ਐਨਕ ਚਾੜ ਕੇ ਵੇਖੋ ਵੇਖੋ ਬੋਤਲਾਂ ਦੇ ਲੇਬਲ ਨਾ ਪੜੋ, ਪਤਾ ਹੀ ਨਹੀਂ ਚਲਦਾ, ਕਿਸ ਵਿਚ ਕਿ ਭਰਿਆ ਹੋਇਆ ਹੈ - ਕਈ ਵਾਰ ਗ਼ਲਤੀ ਹੁੰਦੀ ਸੀ ਸ਼ੁਰੂ ਸ਼ੁਰੂ ਵਿਚ ਜਦੋਂ ਮੈਂ ਸ਼ੰਪੂ ਦੀ ਜਗ੍ਹਾ ਕਿਸੇ ਹੋਰ ਚੀਜ਼ ਨਾਲ ਚ' ਸਰ ਧੋ ਸੁੱਟਦਾ - ਝੱਗ ਵੀ ਨਾ ਆਉਣੀ, ਫੇਰ ਬਾਹਰ ਆ ਕੇ ਗੱਲਬਾਤ ਕਰ ਕੇ ਪਤਾ ਚਲਣਾ ਕਿ ਉਹ ਤੇ ਇਹ ਹੈ, ਤੇ ਇਹ ਤੋਂ ਉਹ ਹੈ - ਆਪਾਂ ਹੁਣ ਸਾਰਾ ਤਾਂਤਾ ਹੀ ਖਤਮ ਕਰ ਦਿੱਤਾ ਹੈ - ਨਾ ਬਾਥਰੂਮ ਚ' ਜਾ ਕੇ ਐਨਕਾਂ ਚੜਾਉਣ ਦੀ ਲੋੜ ਪੈਂਦੀ ਹੈ ਤੇ ਨਾ ਕੋਈ ਹੋਰ ਫਿਕਰ ਨਾ ਫਾਕਾ - ਦੇਸੀ ਤੇ ਅੰਗੇਰਜ਼ੀ ਸਾਬਣ ਦੂਰੋਂ ਹੀ ਦਿੱਖ ਜਾਂਦੇ ਨੇ- ਇਕ ਅੰਡਰਵੇਅਰ  ਧੋਣ ਲਈ ਤੇ ਦੂਜਾ ਬੂਥੇ ਲਈ 😂😂- ਕੁਝ ਗੱਲਾਂ ਗੁਸਲਖਾਨੇ ਦੀਆਂ ਅਜੇ ਰਹਿੰਦੀਆਂ ਨੇ, ਪਰ ਇਸ ਤੋਂ ਪਹਿਲਾਂ ਕਿ ਤੁਹਾਡੇ ਢਿੱਡ ਚ' ਹੱਸ ਹੱਸ ਕੇ ਵੱਲ ਪੈ ਜਾਣ, ਸੋਚਦਾਂ ਹੁਣ ਇਥੇ ਬਰੇਕਾਂ ਮਾਰ ਦਿਆਂ, ਬਾਕੀ ਦੀਆਂ ਗੱਲਾਂ ਫੇਰ ਕਦੇ!!

ਮੈਨੂੰ ਤੇ ਕਈ ਵਾਰ ਲੱਗਦੈ ਕਿ ਅਸੀਂ ਆਪੋ ਆਪਣੀ ਜ਼ਿੰਦਗੀ ਖੁਦ ਬੜੀ ਹੀ ਗੁੰਜਲਦਾਰ ਕੀਤੀ ਹੋਈ ਹੈ - ਤੁਹਾਨੂੰ ਕਿ ਲੱਗਦੈ?

Wednesday 24 July 2019

ਸਰੋਵਰ ਦੀ ਕਾਰਸੇਵਾ ਦੀ ਗਾਰ ਵਾਲੇ ਗੋਲੇ

ਕਈ ਸਾਲ ਹੋ ਗਏ ਮੈਂ ਅੰਮ੍ਰਿਤਸਰ ਦੇ ਹਰਿਮੰਦਿਰ ਸਾਹਿਬ ਦੇ ਸਰੋਵਰ ਦੀ 1973 ਚ' ਹੋਈ ਕਾਰ ਸੇਵਾ ਦੀਆਂ ਆਪਣੀਆਂ ਯਾਦਾਂ ਆਪਣੇ ਕਿਸੇ ਬਲਾਗ ਵਿਚ ਸਾਂਝੀਆਂ ਕੀਤੀਆਂ ਸਨ, ਕਲ ਲੱਭਣ ਦੀ ਕੋਸ਼ਿਸ਼ ਕੀਤੀ, ਨਹੀਂ ਮਿਲੀ। ਸੋਚਿਆ ਅੱਜ ਫੇਰ ਥੋੜਾ ਦਿਮਾਗ ਤੇ ਜ਼ੋਰ ਪਾ ਕੇ ਉਹਨਾਂ ਮਿੱਠੀਆਂ ਯਾਦਾਂ ਨੂੰ ਇੱਥੇ ਪਾਇਆ ਜਾਵੇ -

ਦਰਬਾਰ ਦੇ ਸਰੋਵਰ ਚੋਂ  ਗਾਰ ਹਟਾਉਣ ਦੀ ਕਾਰ ਸੇਵਾ ਦੇ ਸਾਲ ਬਾਰੇ ਮੈਨੂੰ ਚੇਤੇ ਨਹੀਂ ਸੀ ਬਿਲਕੁਲ - ਬਸ ਇੰਨ੍ਹਾਂ ਹੀ ਪਤਾ ਸੀ ਕਿ ਮੈਂ ਬੜਾ ਛੋਟਾ ਸੀ. ਗੂਗਲ ਤੋਂ ਹੀ ਪਤਾ ਲੱਗਾ ਕਿ ਇਹ 1973 ਮਾਰਚ ਦੀ ਗੱਲ ਹੈ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਸਫਾਈ ਦੀ ਕਰ-ਸੇਵਾ ਹੋਈ ਸੀ.

ਉਸ ਹਿਸਾਬ ਨਾਲ ਓਹਨੀਂ ਦਿਨੀਂ ਮੇਰਾ ਪੰਜਵੀ ਜਮਾਤ ਵਿਚ ਦਾਖਿਲਾ ਅਜੇ ਹੋਇਆ ਹੀ ਹੋਵੇਗਾ।

ਗੂਗਲ ਬੜਾ ਕੁਛ ਦਾਸ ਦਿੰਦੈ - ਤਾਰੀਖਾਂ ਬਾਰੇ - ਦਸ ਰਿਹੈ ਕਿ 1923 ਦੇ ਬਾਅਦ ਉਹ 1973 ਚ' ਉਸ ਸਰੋਵਰ ਦੀ ਕਾਰਸੇਵਾ ਹੋਈ ਸੀ. ਗੂਗਲ ਉਹ ਚੀਜ਼ਾਂ ਦੱਸਦਾ ਜਿਸ ਦਾ ਵੇਰਵਾ ਉਸ ਨੂੰ ਪਤਾ ਹੈ - ਤਾਰੀਖਾਂ, ਫ਼ੋਟਾਂ, ਹੋਰ ਛੋਟੇ ਮੋਟੇ ਵੇਰਵਾ - ਗੂਗਲ ਉਹ ਕਿਵੇਂ ਦੱਸੇ ਜਿਹੜੀਆਂ ਗੱਲਾਂ ਸਾਡੀਆਂ ਯਾਦਾਂ ਦੀ ਕੋਠਰੀ ਚ' ਡੱਕੀਆਂ ਹੋਈਆਂ ਨੇ. ਵੈਸੇ ਦੇਖਿਆ ਜਾਵੇ ਤਾਂ ਉਸ ਵਿਚ ਵੀ ਗੂਗਲ ਮਦਦ ਕਰ ਰਿਹੈ, ਕਿਓਂਕਿ ਇਹ ਜਿਹੜਾ ਬਲਾਗ ਵੀ ਅਸੀਂ ਲਿਖਦੇ ਹਾਂ ਉਹ ਵੀ ਗੂਗਲ ਦੇ ਪਲੇਟਫਾਰਮ "ਬਲਾਗਰ" ਤੇ ਹੀ ਤੇ ਲਿਖ ਰਹੇ ਹਾਂ (ਵੈਸੇ ਓਹਦੇ ਵਾਸਤੇ ਹੋਰ ਵੀ ਆਪਸ਼ਨ ਤੇ ਹਨ, ਪਰ ਉਹ ਗੱਲਾਂ ਫੇਰ ਕਦੇ!)

ਗੂਗਲ ਤੋਂ ਲਈ ਇਹ ਫੋਟੋ, ਪਤਾ ਨਹੀਂ ਕਦੋਂ ਦੀ ਹੈ..
ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਉਹ ਕਾਰਸੇਵਾ ਵਾਲੇ ਦਿਨ ਅੰਮ੍ਰਿਤਸਰ ਵਾਸਤੇ ਇਕ ਵੱਡਾ ਪਰਵ ਸੀ - ਅੰਮ੍ਰਿਤਸਰ ਕੀ, ਸਾਰੇ ਪੰਜਾਬ ਤੇ ਦੇਸ਼-ਵਿਦੇਸ਼ ਤੋਂ ਲੋਕ ਉਸ 1973 ਵਾਲੀ ਕਾਰਸੇਵਾ ਚ' ਹੁਮ-ਹੁਮਾ ਕੇ ਜ਼ਰੂਰ ਪੁੱਜੇ ਹੋਣਗੇ ਪਰ 10 ਕੁ' ਸਾਲਾਂ ਦੇ ਬੱਚੇ ਨੂੰ ਇਹਨਾਂ ਚੀਜ਼ਾਂ ਨਾਲ ਕੋਈ ਵਾਸਤਾ ਕਿੱਥੇ ਹੁੰਦੈ!

ਮੈਨੂੰ ਤੇ ਇੰਨ੍ਹਾਂ ਯਾਦ ਹੈ ਚੰਗੀ ਤਰ੍ਹਾਂ ਕਿ ਕਰ ਸੇਵਾ ਵਾਲੇ ਦਿਨਾਂ ਵਿਚ ਅੰਮ੍ਰਿਤਸਰ ਦੀਆਂ ਸੜਕਾਂ ਤੇ ਮੈਂ ਪਹਿਲੀ ਵਾਰੀ ਇੰਨ੍ਹੇ ਲੋਕ ਦੇਖੇ ਸਨ, ਜਿੱਧਰ ਵੀ ਜਾਈਦਾ ਸੀ, ਓਧਰ ਹੀ ਕਰ ਸੇਵਾ ਕਰਣ ਕਰਣ ਵਾਲਿਆਂ ਦਾ ਸਮੁੰਦਰ ਆਉਂਦਾ ਦਿਸਦਾ - ਜ਼ਿਆਦਾਤਰ ਲੋਕ ਪੈਦਲ ਹੀ ਦਿੱਖਦੇ ਸਨ, ਪਰ ਅੰਮ੍ਰਿਤਸਰ ਦੇ ਆਸੇ ਪਾਸੇ ਦੇ ਪਿੰਡਾਂ ਤੋਂ ਤੇ ਅੰਮ੍ਰਿਤਸਰ ਸ਼ਹਿਰ ਦੇ ਦੂਜਿਆਂ ਇਲਾਕਿਆਂ ਤੋਂ ਵੀ ਲੋਕ ਗੱਡਿਆਂ ਤੇ ਆਉਂਦੇ ਦਿਖਦੇ - ਗੱਡੇ ਅਕਸਰ ਵੱਡੇ ਵੱਡੇ ਹੁੰਦੇ ਜਿਸ ਉੱਤੇ 40-50 ਲੋਕ ਆਰਾਮ ਨਾਲ ਬਹਿ ਜਾਂਦੇ, ਖੜੇ ਹੋ ਜਾਂਦੇ!

ਹੁਣੇ ਮੈਂ ਲਿਖਦੇ ਲਿਖਦੇ ਸੋਚਿਆ ਕਿ ਉਸ ਤਰ੍ਹਾਂ ਦੇ ਗੱਡਿਆਂ ਦੀ ਕੋਈ ਫੋਟੋ ਹੀ ਨੇਟ ਤੋਂ ਲੱਭੀ ਜਾਵੇ - ਕੋਈ ਨਹੀਂ ਮਿਲੀ - ਸਾਰੇ ਛੋਟੇ ਛੋਟੇ ਗੱਡੇ ਦਿਖੇ ਜਿੰਨਾ ਅੱਗੇ ਅਕਸਰ ਬਲਦ ਲੱਗਿਆ ਕਰਦੇ ਸੀ, ਮੈਂ ਜਿੰਨ੍ਹਾਂ ਵੱਡਿਆਂ ਗੱਡਿਆਂ ਦੀ ਗੱਲ ਕਰ ਰਿਹਾ ਹਾਂ ਉਹਨਾਂ ਅੱਗੇ 2 ਤਗੜੇ ਝੋਟੇ ਜੁਤੇ ਹੁੰਦੇ ਸੀ, ਬੜੇ ਆਰਾਮ ਨਾਲ 50-60 ਬੰਦਿਆਂ ਨੂੰ ਢੋ ਕੇ ਚਲਦੇ ਰਹਿੰਦੇ ਸੀ, ਫੇਰ ਵੀ ਉਹਨਾਂ ਨੂੰ ਹਾਂਕਨ ਵਾਲਾ ਵਿਚ ਵਿਚ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਰਹਿੰਦਾ ਤੇ ਕਦੇ ਕਦੇ ਉਹ "ਸ਼ਾਂਟਾ" ਵੀ ਵਰਤ ਲੈਂਦਾ !

ਮੈਨੂੰ ਯਾਦ ਹੈ ਲੋਕੀ ਅਜਿਹੇ ਗੱਡਿਆਂ ਉੱਤੇ ਤੂਸੇ ਹੁੰਦੇ ਸੀ, ਨਾਲੇ ਉਸ ਗੱਡੇ ਉੱਤੇ ਲੱਗੇ ਲਾਊਡਸਪੀਕਰ ਤੇ ਸ਼ਬਦ- ਗੁਰਬਾਣੀ ਚਲਦੀ ਰਹਿਣੀ ਤੇ ਵਿਚ ਵਿਚ ਉਸ ਉੱਤੇ ਕਿਸੇ ਮੋਤਬਿਰ ਬੰਦੇ ਨੇ ਕੋਈ ਕੋਈ ਅਨੋਨਸਮੈਂਟ ਕਰਦੇ ਰਹਿਣਾ। ਮੈਂ ਵੀ ਇਕ-ਦੋ ਵਾਰ ਉਹਨਾਂ ਗੱਡਿਆਂ ਤੇ ਚੜ੍ਹਿਆਂ ਹੋਵਾਂਗਾ।

ਪਰ ਕਰ ਸੇਵਾ ਵਾਸਤੇ ਅਸੀਂ - ਮੇਰੀ ਨਾਨੀ, ਮੇਰੀ ਮਾਂ ਤੇ ਮੈਂ (ਕਦੇ ਕਦੇ ਵੱਡੀ ਭੈਣ ਵੀ)  ਰਿਕਸ਼ੇ ਤੇ ਹੀ ਦਰਬਾਰ ਸਾਹਿਬ ਜਾਂਦੇ ਸੀ, ਮੇਰੀ ਨਾਨੀ ਖਾਸ ਤੋਰ ਤੇ ਅੰਬਾਲੇ ਤੋਂ ਆਈ ਸੀ ਕਰ ਸੇਵਾ ਕਰਣ ਤੇ ਉਸਦਾ ਧਿਆਨ ਉਹਨਾਂ ਕਰ ਸੇਵਾ ਦੇ ਦਿਨਾਂ ਚ' ਇਹੋ ਰਹਿੰਦਾ ਕਿ ਉਹ ਵੱਧ ਤੋਂ ਵੱਧ ਜਾ ਕੇ ਸੇਵਾ ਕਰੇ - ਮੈਨੂੰ ਯਾਦ ਹੈ ਅਸੀਂ ਉਸ ਕਾਰਸੇਵਾ ਦੌਰਾਨ ਕਈ ਵਾਰੀਂ ਦਰਬਾਰ ਗਏ, ਕੁਛ ਘੰਟੇ ਅਸੀਂ ਉਸ ਸੁੱਕੇ ਸਰੋਵਰ ਦੇ ਥੱਲੇ ਉਤਰ ਕੇ ਸੇਵਾ ਕਰਣੀ, ਫੇਰ ਲੰਗਰ ਛੱਕ ਕੇ ਮੁੜ ਆਉਣਾ।

ਸਰੋਵਰ ਦੇ ਥੱਲੇ ਉਤਰ ਕੇ ਜਿਹੜੀ ਕਰ ਸੇਵਾ ਹੁੰਦੀ ਓਹਦਾ ਨਜ਼ਾਰਾ ਵੇਖਣ ਵਾਲਾ ਹੁੰਦਾ - ਸਾਰੇ ਸੇਵਾ ਕਰਣ ਵਾਲਿਆਂ ਨੇ ਇਕ ਲੰਬੀ ਸਾਰੀ ਲਾਈਨ ਲਈ ਹੁੰਦੀ, ਕਿਸੇ ਇਕ ਸੇਵਾਦਾਰ ਨੇ ਕਹੀ ਨਾਲ ਸਰੋਵਰ ਚ' ਜੰਮੀ ਗਾਰ ਖੋਦ ਕੇ ਤਸਲੇ ਚ' ਪਾ ਦੇਣੀ ਤੇ ਅੱਗੋਂ ਇਹ ਤਸਲਾ ਹੱਥੋਂ ਹੱਥੀਂ ਹੁੰਦਾ ਹੋਇਆ ਬਾਹਰ ਪਹੁੰਚ ਜਾਂਦਾ। ਬਹੁਤ ਸਾਰੇ ਲੋਕ ਆਪਣੇ ਸਿਰਾਂ ਤੇ ਵੀ ਉਹ ਗਾਰ ਦੇ ਤਸਲੇ ਢੋਂਦੇ ਦਿੱਖ ਜਾਂਦੇ।

ਮੈਂ ਪਹਿਲਾਂ ਵੀ ਲਿਖ ਚੁਕਿਆ ਹਾਂ ਕਿ ਅੰਮ੍ਰਿਤਸਰ ਸ਼ਹਿਰ ਚ' ਮੈਂ ਪਹਿਲਾਂ ਇੰਨ੍ਹੇ ਲੋਕੀਂ ਨਹੀਂ ਸੀ ਦੇਖੇ - ਦਰਬਾਰ ਸਾਬ ਚ' ਜਿਵੇਂ ਲੋਕਾਂ ਦਾ ਸਮੁੰਦਰ ਉਹ ਪਵਿੱਤਰ ਸਰੋਵਰ ਚ' ਉਤਰਿਆ ਹੋਇਆ ਹੁੰਦਾ - ਇਕ ਗੱਲ ਹੋਰ, ਥੱਲੇ ਗਿੱਲੀ ਗਾਰ ਕਰ ਕੇ ਇੰਨੀ ਤਿਲਕਣ ਹੁੰਦੀ ਕਿ ਮੈਂ ਲਿਖ ਨਹੀਂ ਸਕਦਾ, ਫੇਰ ਵੀ ਰੱਬੀ ਰਹਿਮਤ ਸਦਕਾ ਇਕ ਦੂਜੇ ਦਾ ਸਹਾਰਾ ਲੈਂਦਿਆਂ ਲੈਂਦਿਆਂ ਸਾਰੇ ਲੋਕ ਆਪਣੇ ਸੇਵਾ ਚ' ਜੁੱਟੇ ਰਹਿੰਦੇ, ਨਾਲ ਨਾਲ ਗੁਰਬਾਣੀ ਦਾ ਪਾਠ ਚਲਦਾ ਰਹਿੰਦਾ। ਨਜ਼ਾਰਾ ਉਹ ਦੇਖਣ ਵਾਲਾ ਹੁੰਦਾ !

ਮੇਰੀਆਂ ਯਾਦਾਂ ਚ' ਅਜੇ ਵੀ ਉਹ ਨਜ਼ਾਰਾ ਬਿਲਕੁਲ ਕੱਚ ਵਾਂਗ ਸਾਫ ਹੈ ਕਿ ਅਸੀਂ ਸਾਰੇ ਓਥੇ ਸੇਵਾ ਕਰ ਰਹੇ ਹਾਂ ਜਿਥੇ ਅਸੀਂ ਅੰਦਰ ਮੱਥਾ ਟੇਕ ਕੇ ਚਰਨਾਮਤ ਛਕਣ ਜਾਂਦੇ ਹਾਂ - ਬਿਲਕੁਲ ਉਸ ਦੇ ਹੇਠਾਂ ਸੀ ਹੁੰਦੇ ਸੀ.

ਅੱਛਾ, ਹੁਣ ਇਸ ਪੋਸਟ ਦੇ ਸਿਰਲੇਖ ਵੱਲ ਚਲੀਏ, ਗਾਰ ਵਾਲੇ ਗੋਲੇ - ਇਹ ਕੀ ਹੁੰਦੈ ? ਚੰਗਾ ਜੀ, ਹੋਇਆ ਇੰਝ ਕਿ ਜਦੋਂ ਮੇਰੀ ਨਾਨੀ ਦੇ ਵਾਪਸ ਅੰਬਾਲਾ ਜਾਣ ਦਾ ਦਿਹਾੜਾ ਨੇੜੇ ਆਇਆ ਤਾਂ ਉਸ ਨੇ  ਥੈਲੀ ਚ' 2-4 ਕਿਲੋ ਗਾਰ ਭਰ ਲਈ, ਮੇਰੀ ਨਾਨੀ ਹੀ ਨਹੀਂ, ਮੈਂ ਹੋਰ ਲੋਕਾਂ ਨੂੰ ਵੀ ਦੇਖਦਾ ਉਹ ਥੋੜੀ ਗਾਰ ਆਪਣੇ ਨਾਲ ਕੇ ਜਾਉਂਦੇ -

ਲੋ ਵੀ ਮੇਰੀ ਨਾਨੀ ਨੇ ਆਪਣੇ ਨਾਲ ਦਰਬਾਰ ਸਾਹਿਬ ਸਰੋਵਰ ਚੋਂ' ਲਿਆਉਂਦੀ ਗੈਰ ਦੇ 3-4 ਵੱਡੇ ਵੱਡੇ ਗੋਲੇ ਬਣਾ ਲਏ , ਮੇਰੇ ਖ਼ਿਆਲ ਚ' ਇਕ ਇਕ ਗੋਲਾ ਇਕ ਡੇਢ ਕਿੱਲੋ ਦਾ ਤੇ ਘਟੋਘਟ ਹੋਵੇਗਾ ਹੀ - ਫਿਰ ਸਾਡੀ ਨਾਨੀ ਉਹਨਾਂ ਗੋਲੇਆਂ ਨੂੰ ਧੁੱਪੇ ਸਕਾਉਣ ਦੇ ਆਰੇ ਲੱਗੀ ਰਹਿੰਦੀ, 2-4 ਦਿਨ ਉਹ ਸੁੱਕ ਗਏ ਤੇ ਸਾਡੀ ਨਾਨੀ ਦੇ ਵਾਪਸ ਪਰਤਣ ਦਾ ਵੇਲਾ ਵੀ ਆ ਗਿਆ -

ਉਹ ਗੋਲੇ ਨਾਨੀ ਦੀਆਂ ਸਹੇਲੀਆਂ ਵਾਸਤੇ ਸਨ, ਜਿਨ੍ਹਾਂ ਨੇ ਨਾਨੀ ਕੋਲੋਂ ਖਾਸ ਤੋਰ ਤੇ ਉਹ ਕਾਰਸੇਵਾ ਤੋਂ ਨਿਕਲੀ ਗਾਰ ਲਿਆਉਣ ਲਈ ਆਖਿਆ ਸੀ, ਇਕ ਅਜਿਹਾ ਗਾਰ ਦਾ ਗੋਲਾ ਨਾਨੀ ਦੇ ਕੋਲ ਵੀ ਰਿਹਾ ! ਕਿੰਨਾ ਚਿਰ? - ਇੰਝ ਹੀ ਕਿ ਕਰ ਸੇਵਾ ਹੋਣ ਦੇ 8-10 ਸਾਲ ਬਾਦ ਤਕ ਜਦੋਂ ਵੀ ਅਸੀਂ ਨਾਨਕੇ ਪਿੰਡ ਜਾਣਾ, ਨਾਨੀ ਦੇ ਲੋਹੇ ਵਾਲੇ ਟਰੰਕ ਦੀ ਫਰੋਲ਼ਾ-ਫਰਾਲੀ ਤੇ ਕਰਣੀ ਹੀ ਹੁੰਦੀ ਸੀ (ਬੂੰਦੀ, ਲੱਦੋ, ਸ਼ਕਰਪਾਰੇ ਲੱਭਣ ਲਈ 😂😂😂!!!) - ਉਹਨਾਂ 8-10 ਸਾਲਾਂ ਦੌਰਾਨ ਸਾਨੂੰ ਉਹ ਕਾਰਸੇਵਾ ਦੀ ਗਾਰ ਵਾਲਾ ਗੋਲਾ ਹਮੇਸ਼ਾ ਓਥੇ ਕਾਇਮ-ਦਾਇਮ ਦਿਖਦਾ - ਹਾਂ, ਉਸ ਦਾ ਸਾਈਜ਼ ਜ਼ਰੂਰ ਘੱਟ ਰਿਹਾ ਸੀ, ਕਿਓਂਕਿ ਨਾਨੀ ਕਿਸੇ ਨੂੰ ਵੀ ਆਪਣੇ ਆਂਡ-ਗੁਆਂਢ ਚ' ਕਿਸੇ ਨੂੰ ਤਕਲੀਫ ਚ' ਦੇਖਦੀ ਉਸ ਗੋਲੇ ਨੂੰ ਥੋੜਾ ਭੋਰ ਕੇ ਉਸ ਨੂੰ ਦੇ ਦਿੰਦੀ - ਕਿਓਂਕਿ ਨਾਨੀ ਸੁਣਾਇਆ ਕਰਦੀ ਕਿ ਉਸ ਵਾਸਤੇ ਤੇ ਉਹ ਗੋਲਾ ਅੰਮ੍ਰਿਤ ਹੈ ਬਿਲਕੁਲ - ਮੈਂ ਇਹ ਵੀ ਯਾਦ ਹੈ ਕਿ ਨਾਨੀ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੇ ਅਸੀਂ ਦੰਦ ਵੀ ਕੱਢਣੇ ਕਦੇ ਕਦੇ - ਪਰ ਨਾਨੀ ਦਾ ਅਕੀਦਾ, ਭਰੋਸਾ, ਵਿਸ਼ਵਾਸ ਪੂਰਾ ਸੀ, ਬੇੜੇ ਵੀ ਅਜਿਹੇ ਲੋਕਾਂ ਦੇ ਪਾਰ ਹੁਣੇ ਹਨ!

ਨਾਨੀ ਨੂੰ ਪੂਰਾ ਯਕੀਨ ਸੀ ਕਿ ਉਸ ਦੀਆਂ ਸਾਰੀਆਂ ਤਕਲੀਫ਼ਾਂ ਦਾ ਇਲਾਜ ਉਸ ਗੋਲੇ ਨੂੰ ਛੁਹਾ ਕੇ ਬਣਾਇਆ ਹੋਇਆ ਚਰਨਾਮਤ ਹੈ - ਹੌਲੀ ਹੌਲੀ ਉਸ ਗਾਰ ਦੇ ਗੋਲ਼ੇ ਵਾਂਗ ਸਾਡੀ ਨਾਨੀ ਵੀ ਖੁਰਦੀ ਖੁਰਦੀ ਖੁਰ ਗਈ ਤੇ ਗੋਲੇ ਵਾਂਗ ਮਿੱਟੀ ਚ' ਮਿੱਟੀ ਹੋ ਗਈ 😘😘

(ਜਦੋਂ ਗੱਲਾਂ ਕਿਸੇ ਦੇ ਵਿਸ਼ਵਾਸ ਦੀਆਂ ਹੋਣ, ਕਿਸੇ ਦੇ ਭਰੋਸੇ ਦੀਆਂ, ਅਕੀਦੇ ਦੀਆਂ ਹੋਣ, ਮੈਂ ਤੇ ਆਪਣੀ ਛੋਟੀ ਸੋਚ ਨੂੰ ਲਾਂਬੇ ਰੱਖ ਦੇਂਦਾ ਹਾਂ, ਉਮੀਦ ਹੈ ਤੁਸੀਂ ਵੀ ਇਸ ਗੋਲੇ ਵਾਲੇ ਗੱਲ ਨੂੰ ਉਂਝ ਹੀ ਪੜ੍ਹੋਗੇ - ਮੈਂ ਤੇ ਜਿਵੇਂ ਵੇਖਿਆ ਉਂਝ ਹੀ ਨਜ਼ਾਰਾ ਤੁਹਾਡੇ ਤਾਈਂ ਪਹੁੰਚਾਉਣ ਦਾ ਇਕ ਛੋਟਾ ਉਪਰਾਲਾ ਕੀਤਾ - ਵੈਸੇ ਵੀ ਤਾਂ -
ਅਕਲਾਂ ਸੋਚਾਂ ਪਹੁੰਚ ਨਾ ਸੱਕਣ 
ਮੇਹਰਾਂ ਦੀ ਬੇਹੱਦੀ ਤੇ, 
ਆਪ ਕਰੇ ਜੇ ਮਿਹਰ ਸੁਆਮੀ  
ਰੰਕ ਬਹਾਲੇ ਗੱਦੀ ਤੇ!

PS - ਸ਼ੁਕਰ ਹੈ ਦਾਤਿਆ, 1973 ਚ' ਮੋਬਾਈਲ ਨਹੀਂ ਸਨ, ਨਹੀਂ ਤਾਂ ਕਾਰਸੇਵਾ ਤੋਂ ਕਿਤੇ ਵੱਧ ਜਵਾਨ ਸੈਲਫੀਆਂ ਤੇ ਵੀਡੀਓ ਬਣਾਉਣ ਤੇ share ਕਰਣ ਚ' ਰੁੱਜੇ ਰਹਿੰਦੇ!


ਇਹ ਵੀਡੀਓ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਦੀ ਹੈ (10 ਮਾਰਚ 2019 ) (ਰਾਕੇਸ਼ ਕਪੂਰ)

2. ਇਹ ਪੋਸਟ ਲਿਖਣ ਬਾਅਦ ਮੈਂ ਆਪਣੇ ਸਕੂਲ ਦੇ ਸਾਥੀਆਂ ਨੂੰ ਕਿਹਾ ਜੇਕਰ ਤੁਹਾਡੀਆਂ ਵੀ ਕੋਈ ਯਾਦਾਂ ਨੇ ਕਰ ਸੇਵਾ ਦੀਆਂ ਤੇ ਮੈਨੂੰ ਦੱਸੋ, ਇਥੇ ਨੱਥੀ ਕਰ ਦਿਆਂਗੇ। ਅਸੀਂ ਪੰਜਵੀਂ ਜਮਾਤ ਤੋਂ ਅੰਮ੍ਰਿਤਸਰ ਚ' ਜਿਹੜੇ ਯਾਰ-ਮਿੱਤਰ ਇਕੱਠੇ ਪੜਦੇ ਸੀ, ਓਹਨਾ ਵਿਚ ਰਾਕੇਸ਼ ਨੇ ਆਪਣੀ ਵੀਡੀਓ ਭੇਜੀ ਜਿਹੜੀ ਉਸ ਨੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਸਰੋਵਰ ਦੀ ਕਾਰ ਸੇਵਾ ਕਰਦਿਆਂ 10 ਮਾਰਚ ਨੂੰ ਬਣਾਈ ਸੀ---ਲੋ ਜੀ ਤੁਸੀਂ ਵੀ ਦੇਖੋ। ਇਥੇ ਮੈਂ ਇਹ ਦੱਸ ਰਿਹਾਂ ਹਾਂ ਕਿ ਜਦੋਂ 1973 ਚ' ਸ਼੍ਰੀ ਹਰਿਮੰਦਿਰ ਸਾਹਿਬ ਦੇ ਸਰੋਵਰ ਦੀ ਕਾਰ  ਸੇਵਾ ਹੋਈ, ਓਹਦੇ ਕੁਝ ਚਿਰ ਬਾਅਦ - ਸ਼ਾਇਦ ਕੁਝ ਮਹੀਨਿਆਂ ਦੇ ਬਾਅਦ ਹੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਵੀ ਕਾਰਸੇਵਾ ਹੋਈ ਸੀ - ਅੱਛਾ, ਰਾਕੇਸ਼ ਕਪੂਰ ਦੀ ਗੱਲ ਵਿੱਚੇ ਰਹਿ ਗਈ, ਇਹ ਸਾਡੇ ਬੈਚ ਦਾ ਸਬ ਤੋਂ ਜ਼ਿਆਦਾ ਭਗਤ ਬੰਦਾ ਹੈ ਜੀ - ਮਹੀਨੇ ਚ' ਕਿੰਨੇ ਹੀ ਚੱਕਰ ਤੇ ਵੈਸ਼ਨੋ ਦੇਵੀ ਦੇ ਲਾਉਂਦਾ ਹੈ, ਹੁਣੇ ਪਿੱਛੇ ਅਮਰਨਾਥ ਦੀ ਯਾਤਰਾ ਤੇ ਗਿਆ ਹੋਇਆ ਸੀ, ਓਥੇ ਦੇ ਲਾਈਵ ਵੀਡੀਓ ਸਾਨੂੰ ਓਹਨੇ ਭੇਜੇ ਸੀ, ਸ਼ੁਕਰੀਆ, ਰਾਕੇਸ਼ ਜੀ. 🙏🙏


Tuesday 23 July 2019

ਆਕੜਾਂ ਆਪੋ ਆਪਣੀਆਂ !

ਆਕੜ ਵੀ ਤਰ੍ਹਾਂ ਤਰ੍ਹਾਂ ਦੀ ਹੁੰਦੀ ਏ, ਮੈਂ ਜੋ ਸੋਚਦਾ ਹਾਂ - ਇਕ ਨੈਕ-ਟਾਈ ਵਾਲੀ, ਇਕ ਕਲਫ ਵਾਲੀ ਤੇ ਇਕ ਅੰਗੇਜ਼ੀ ਵਾਲੀ -ਇਕ ਇਕ ਕਰ ਕੇ ਵਿਚਾਰ ਕਰਦੇ ਹਾਂ.

ਨੈਕ-ਟਾਈ ਫ਼ਿਰੰਗੀ ਲਾਉਂਦੇ ਸੀ ਕਿਓਂਕਿ ਸਾਨੂੰ ਦਸਿਆ ਗਿਆ ਕਿ ਉਹ ਠੰਡੇ ਮੁਲਕਾਂ ਚ' ਰਹਿੰਦੇ ਸਨ, ਤੇ ਉਹਨਾਂ ਲਈ ਉਹ ਜ਼ਰੂਰੀ ਸੀ - ਮੰਨ ਲਈ ਜੀ ਗੱਲ - ਫੇਰ ਵੀ ਅਸੀਂ ਟਾਈਂ ਸੋਹਣੇ, ਸਮਾਰਟ, ਪੜੇ-ਲਿਖੇ ਲੱਗਣ ਲਈ ਵੀ ਲਾਉਂਦੇ ਹਾਂ !

ਮੈਨੂੰ ਟਾਈ ਦੇ ਨਾਂ ਤੋਂ ਹੀ ਅਲਰਜੀ ਹੈ - ਕਈਆਂ ਵਿਆਹਾਂ ਤੇ ਦੇਖ ਚੁਕਿਆ ਹਾਂ ਕਿ ਜੇ ਟਾਈ ਨਹੀਂ ਵੀ ਲਾਉਣੀ ਆਉਂਦੀ ਤਾਂ ਵੀ ਕਿਸੇ ਦੂਜੇ ਕੋਲੋਂ ਬਣਵਾ ਕੇ ਲੋਕ ਟੰਗਦੇ ਦਿਖੇ - ਮੈਂ ਵੀ 20-21 ਸਾਲ ਦੀ ਉਮਰ ਚ' ਆਪਣੇ ਮਾਮੇ ਕੋਲੋਂ ਸਿੱਖੀ ਗੰਢ ਲਾਉਣੀ, ਕਿਓਂਕਿ ਇੰਟਰਵਿਊ ਦੇ ਦਿਨ ਨੇੜੇ ਆ ਰਹੇ ਸੀ, ਇਕ ਹੋਰ ਬੇਵਕੂਫੀ ਕੀਤੀ ਵਿਆਹ ਵੇਲੇ ਵੀ ਟਾਈ ਗੱਡ ਕੇ ਬਹਿ ਗਿਆ - ਅੱਜ ਤਕ ਪਛਤਾਵਾ - ਗਲੇ ਦੁਆਲੇ ਉਹ ਟਾਈ ਲਪੇਟਣ ਦਾ!

ਜਦੋਂ ਮੈਂ ਆਪਣੇ ਮੁੰਡਿਆਂ ਨੂੰ ਇਹ ਟਾਈ ਵਾਲੀ ਵਿਆਹ ਦੀ ਫੋਟੋ ਦਿਖਾਉਂਦਾ ਹਾਂ ਤੇ ਨਾਲੇ ਇਹ ਵੀ ਦੱਸਦਾ ਹਾਂ ਕਿ ਦੇਖੋ, ਯਾਰ, ਤੁਹਾਡਾ ਬਾਪੂ ਵੀ ਕਿੱਡਾ ਫੇਕ ਹੈ - ਇਹ ਟਾਈ ਗੱਡਣ ਤੋਂ ਅੱਧਾ ਘੰਟਾ ਪਹਿਲਾਂ ਉਸ ਵਿਆਹ ਵਾਲੇ ਦਿਨ ਬਾਕੀ ਰਿਸ਼ਤੇਦਾਰਾਂ ਨਾਲ ਲੱਗ ਕੇ ਵੇਹੜੇ ਚੋਂ ਮੀਂਹ-ਝੱਖੜ ਦਾ ਜਮਾ ਪਾਣੀ ਬਾਲਟੀਆਂ ਨਾਲ ਕੱਢ ਰਿਹਾ ਸੀ - ਬੜਾ ਹੱਸਦੇ ਨੇ ਇਹ ਸਬ ਸੁਣ ਕੇ !!

ਖਿਆਲ ਆਪਣਾ ਆਪਣਾ - ਮੇਰਾ ਇਹ ਖਿਆਲ ਹੈ ਜਿਹੜੀਆਂ ਵੀ ਚੀਜ਼ਾਂ ਅਸੀਂ ਅਲੱਗ ਦਿਖਣ ਵਾਸਤੇ ਕਰਦੇ ਹਾਂ ਇਹ ਓਹੀ ਚੀਜ਼ਾਂ ਹਨ ਜਿਹੜੀਆਂ ਸਾਨੂੰ ਆਪਣੇ ਆਸੇ ਪਾਸੇ ਲੋਕਾਂ ਤੋਂ, ਜਿੰਨਾ ਨਾਲ ਅਸੀਂ ਰਹਿਣਾ-ਬਹਿਣਾ ਹੈ, ਉਹਨਾਂ ਤੋਂ ਦੂਰ ਕਰਦਿਆਂ ਨੇ. ਮੈਂ ਵੀ ਜਿੰਨੀਆਂ ਇੰਟਰਵਿਊਆਂ ਦਿੱਤੀਆਂ, ਓਥੇ ਪਾ ਕੇ ਜਾਂਦਾ ਸੀ, ਸੋਚ ਰਿਹਾਂ ਹੁਣ ਲਿਖਦਿਆਂ ਲਿਖਦਿਆਂ ਸ਼ਾਇਦ ਉਹ ਨਾਟਕ ਵੀ ਜ਼ਰੂਰੀ ਹੁੰਦੈ, 5-10 ਮਿੰਟ ਲਈ, ਪਰ ਮੈਂ ਮੇਰਾ ਨੰਬਰ ਆਉਣ ਤੋਂ 5 ਮਿੰਟ ਪਹਿਲਾਂ ਬਾਥਰੂਮ ਚ ਜਾ ਕੇ ਟਾਈ ਲਪੇਟ ਲੈਂਦਾ ਤੇ ਇੰਟਰਵਿਊ ਤੋਂ ਬਾਅਦ ਸਿੱਧਾ ਬਾਥਰੂਮ ਚ' ਜਾ ਕੇ ਉਸ ਨੂੰ ਲਪੇਟ ਕੇ ਮੁੜ ਬੋਜੇ ਦੇ ਹਵਾਲੇ ਕਰ ਦਿੰਦਾ -

ਵਿਆਹਾਂ ਸ਼ਾਦੀਆਂ ਚ' ਵੀ ਆਮ ਤੌਰ ਤੇ ਦੇਖਦੇ ਹਾਂ ਕਿ ਦੋ-ਚਾਰ ਟਾਈਆਂ ਗੱਡੇ ਰਿਸ਼ਤੇਦਾਰ ਜਿਹੜੇ ਬਹੁਤੇ ਮਛਰਦੇ ਹੁੰਦੇ ਨੇ ਉਹਨਾਂ ਨੂੰ ਅਕਸਰ ਜਦੋਂ ਟੁੱਲ ਹੋ ਕੇ ਐਵੇਂ ਪੰਡਾਲ ਚ' ਰੁਲਦੇ ਦੇਖਦੇ ਹਾਂ ਤਾਂ ਵੀ ਇਸ ਟਾਈ ਤੋਂ ਦਿਲ ਚੁਕਿਆ ਜਾਂਦਾ ਹੈ - ਫਾਇਦਾ ਕਿ ਐਵੇਂ ਹੀ ਦੂਜੇ ਤੇ ਰੌਬ ਮਾਰਣ ਦਾ, ਜੇਕਰ ਅਜੇਹੀ ਸ਼ਖ਼ਸੀਅਤ ਹੈ ਹੀ ਨਹੀਂ ਆਪਣੀ!! ਤੇੜ ਤੰਬਾ ਪਾਇਆ ਹੋਵੇ ਜਾਂ ਥ੍ਰੀ-ਪੀਸ ਸੂਟ, ਕਿਸੇ ਨੂੰ ਕੁਝ ਫਰਕ ਨਹੀਂ ਪੈਂਦਾ - ਜਿਨਾਂ ਚਿਰ ਅਸੀਂ ਆਪਣੇ ਕੰਮ ਨਾਲ ਕੰਮ ਰੱਖਦੇ ਹਾਂ ਤੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਦਿਖਾ ਕੇ ਫਿਜ਼ੂਲ ਦੀ ਬੇਵਕੂਫੀ ਨਹੀਂ ਕਰਦੇ!

ਕਿਸੇ ਜ਼ਮਾਨੇ ਚ' ਮੈਂ ਟਾਈਆਂ ਦੀ ਇਕ ਕੈਲੇਕਸ਼ਨ ਇਕੱਠੀ ਕਰ ਲਈ, ਪਰ 20 ਸਾਲ ਹੋਏ ਮੈਨੂੰ ਟਾਈ ਗੱਡਿਆਂ - ਹੋਇਆ ਇੰਝ ਕਿ ਮੈਂ ਜਦੋਂ ਵੀ ਟਾਈ ਪਾਉਂਦਾ ਮੈਨੂੰ ਇੰਝ ਲੱਗਦਾ ਜਿਵੇਂ ਕਿਸੇ ਨੇ ਮੇਰਾ ਸੰਘਾ ਦਬਿਆ ਹੋਵੇ - ਉਹ ਗੰਢ ਢਿੱਲੀ ਕਰ ਕੇ ਵੇਖੀ, ਪਰ ਗੱਲ ਬਣਦੀ ਦਿਖੀ ਨਹੀਂ - ਫੇਰ ਉਸ ਨੂੰ ਛੱਡ ਹੀ ਦਿੱਤਾ - ਜਿਸ ਦਿਨ ਵੀ ਮੈਂ ਟਾਈ ਲਾਈ  ਹੁੰਦੀ ਮੈਨੂੰ ਇੰਝ ਜਾਪਦਾ ਜਿਵੇਂ ਮੈਂ ਬਿਨਾਂ ਟਾਈ ਗੱਡੇ ਹੋਏ ਆਪਣੇ ਸਾਮਣੇ ਖੜੇ ਜਾਂ ਬੈਠੇ ਬੰਦੇ ਤੋਂ ਅਲੱਗ ਹਾਂ -ਮੈਨੂੰ ਲੱਗਦਾ ਕਿ ਉਹ ਵੀ ਇੰਝ ਹੀ ਸੋਚ ਰਿਹੈ ਕਿ ਇਹ ਟਾਈ ਲਾਇਆ ਬੈਠਾ ਹੈ, ਖਾਸ ਲੱਗਦੈ - ਇਸ ਕਰ ਕੇ ਗੱਲ ਬਾਤ ਪਹਿਲੇ ਜਿਹੀ ਨਾ ਰਹਿੰਦੀ, ਨਾ ਉਹ ਪੂਰੀ ਗੱਲ ਕਰਦਾ ਤੇ ਮੈਂ ਵੀ ਕਿਤੇ ਨਾ ਕਿਤੇ ਹਾਸੇ ਖੇਡੇ ਦੀ ਗੱਲ ਕਰਣ ਦੇ ਖਿਆਲ ਤੋਂ ਹੀ ਤ੍ਰਬਕ ਜਿਹਾ ਜਾਂਦਾ - ਅਤੇ ਨਾ ਹੀ ਮੇਰੀ ਗੱਲ ਚ' ਉਹ ਪਹਿਲੇ ਵਰਗਾ ਨੀਵਾਂਪਨ ਰਿਹਾ - ਇਹ ਓਹੀ ਦਿਨ ਸਨ ਜਦੋਂ ਮੈਂ ਕੰਮੁਨੀਕੈਸ਼ਨ ਪੜਣ ਚ' ਰੁਝਿਆ ਹੋਇਆ ਸੀ, ਇਹ ਵੀ ਸਮਝ ਆਉਣ ਲੱਗ ਪਈ ਸੀ ਕਿ ਕਿਹੜੀਆਂ ਗੱਲਾਂ ਸਾਡੀ ਆਪਸੀ ਗੱਲ-ਬਾਤ ਚ' ਰੋੜੇ ਹੁੰਦਿਆਂ ਨੇ !

ਬੱਸ ਗੱਲ ਮੁਕਦੀ ਇਹ ਕਿ ਛੱਡ ਦਿੱਤਾ ਇਸ ਟਾਈ ਨੂੰ, ਅੱਛਾ ਲਿਖਦੇ ਲਿਖਦੇ ਚੇਤਾ ਇਕ ਹੋਰ ਵੀ ਆ ਰਿਹਾ, ਕਿ ਕਿਸੇ ਨੇ ਟਾਈ ਬਿਲਾਵਜ੍ਹਾ ਰੌਬ ਝਾੜਣ ਲਈ ਟਾਈ ਲਾਈ ਹੈ ਜਾਂ ਕਿਸੇ ਨੇ ਠੰਡ ਤੋਂ ਗਲਾ ਬਚਾਉਣ ਲਈ ਟੰਗੀ ਹੈ, ਇਹ ਵੀ ਲੋਕੀਂ ਝੱਟ ਪਤਾ ਲਾ ਹੀ ਲੈਂਦੇ ਨੇ - ਆਪਣੇ ਸਕੂਲ ਦੇ ਮਾਸਟਰ ਯਾਦ ਨੇ ਜਿਹੜੇ ਇਕ ਟਾਈ ਤੇ ਇਕ ਪਤਲੀ ਜਿਹੀ ਸਵੈਟਰ ਤੇ ਇਕ ਗਰਮ ਸੂਟ ਦੇ ਸਹਾਰੇ ਅੰਮ੍ਰਿਤਸਰ ਦੇ ਪਾਲੇ ਨਾਲ ਸਾਰਾ ਸੀਜ਼ਨ ਟੱਕਰ ਲੈ ਲੈਂਦੇ ਦਿਸਦੇ, ਪਰ ਸ਼ਾਮਾਂ ਨੂੰ ਘਰੇ ਟਿਊਸ਼ਨ ਪੜਨ ਲਈ ਕਦੇ ਦਬਕਾ ਨਹੀਂ ਮਾਰਿਆ - ਸਦਕੇ ਜਾਈਏ ਅਜਿਹੀਆਂ ਟਾਈਆਂ ਤੇ ਅਜਿਹੀਆਂ ਰੂਹਾਂ ਤੋਂ - ਓਹਨਾ ਨੇਕ ਰੂਹਾਂ ਦੀ ਯਾਦ ਚ' ਓਹਨਾ ਦੇ ਚਰਨਾਂ ਚ' ਅਸੀਂ ਅੱਜ ਵੀ ਮੱਥੇ ਟੇਕਦੇ ਹਾਂ.

ਮੇਰਾ ਵੀ ਰਬ ਹੀ ਰਾਖਾ ਹੈ - ਕੀ ਲਿਖਣਾ ਹੁੰਦੈ, ਕਿਥੋਂ ਦਾ ਕਿਥੇ ਵੱਗ ਜਾਂਦਾ ਹਾਂ - ਦਰਅਸਲ ਇਹੋ ਆਕੜਾਂ ਸ਼ਾਕੜਾਂ ਵਾਲੀ ਗੱਲ ਮੈਨੂੰ ਕਲ ਦੀ ਬੜੀ ਪਰੇਸ਼ਾਨ ਕਰ ਰਹੀ ਸੀ, ਸੋਚਿਆ ਇਸ ਨੂੰ ਲਿਖ ਕੇ ਲਾਂਬੇ ਕਰਾਂ -

ਜਨਾਬ, ਹੋਇਆ ਇਹ ਕਿ ਕਲ ਸਾਂ -ਮੈਂ ਦਿੱਲੀ ਵਿਚ - ਮਾਇਆ (ਕਲਫ ) ਦੀ ਇਕ ਦਮ ਕੜਕ ਪਰਤ ਪਿੱਛੇ ਛੁੱਪੇ ਵੱਡੇ ਛੋਟੇ ਬੜੇ ਕੜਛੇ ਦੇਖੇ, ਛੋਟੇ ਮੋਟੇ ਚਮਚਿਆਂ ਨਾਲ ਹਰ ਪਾਸਿਓਂ ਤੇ ਹਰ ਵੇਲੇ ਘਿਰੇ ਹੋਏ -

ਕਲਫ ਲੱਗੀਆਂ ਕਮੀਜ਼ਾਂ ਮੈਂ ਵੀ ਪਾਈਆਂ ਬੜੇ ਥੋੜੇ ਸਮੇਂ ਲਈ, ਫੇਰ ਸਮਝ ਆ ਗਈ - ਛੱਡੋ ਇਸ ਟੰਟੇ ਨੂੰ, ਲਗਾਉਣ ਵਾਲਾ ਵੀ ਦੁਖੀ ਤੇ ਪ੍ਰੈਸ ਕਰਣ ਵਾਲਾ ਵੀ, ਤੇ ਮੇਰੇ ਸ਼ਖ਼ਸੀਅਤ ਵੀ ਅਜੇਹੀ ਨਹੀਂ ਸੀ ਕਿ - ਇਸ ਕਲਫ ਵਾਲੇ ਕੱਪੜਿਆਂ ਨੂੰ ਪਾ ਕੇ ਮੈਂ ਓਹਨਾ ਨੂੰ ਕਿਸੇ ਤਰ੍ਹਾਂ ਭੁਨਾ ਸਕਾਂ ਜਾਂ ਇਸ ਬਾਰੇ ਸੋਚ ਸਕਾਂ !


ਮੈਂ ਕਲ ਦਾ ਇਹੋ ਸੋਚ ਰਿਹਾਂ ਕਿ ਅਸੀਂ ਕਿੰਨਾ ਸੁਖਾਲਾ ਇਹ ਕਹਿ ਦਿੰਦੇ ਹਾਂ ਕਿ ਫਲਾਣਾ ਤੇ ਬੜਾ ਆਕੜਿਆ ਹੈ, ਬੰਦੇ ਨੂੰ ਬੰਦਾ ਨਹੀਂ ਸਮਝਦਾ, ਹਵਾ ਚ' ਤਲਵਾਰਾਂ ਮਾਰਦੈ - ਪਰ ਧਿਆਨ ਨਾਲ ਦੇਖੀਏ ਤੇ ਉਸ ਦੀ ਵੀ ਡਾਢੀ ਮਜ਼ਬੂਰੀ ਹੋ ਸਕਦੀ ਹੈ - ਕੁਛ ਲੋਕੀਂ ਇਸ ਤਰ੍ਹਾਂ ਦੇ ਆਕੜ ਵਾਲੇ ਕੱਪੜੇ ਪਾ ਕੇ ਹੀ ਇਸ ਲਈ ਨਿਕਲਦੇ ਨੇ ਕਿ ਮਾਤੜ ਸਾਥੀ ਥੋੜਾ ਪਰੇ ਪਰੇ ਹੀ ਰਹਿਣ , ਜ਼ਿਆਦਾ ਨੇੜੇ ਨੇੜੇ ਨਾ ਆਉਣ - ਕਿ ਇਹ ਸੋਚਣ ਵਾਲੀ ਗੱਲ ਨਹੀਂ ਹੈ ਕਿ ਅਜਿਹੇ ਆਕੜੇ ਕੱਪੜੇ ਪਾ ਕੇ ਆਦਮੀ ਕਿਵੇਂ ਨਰਮੀ ਰੱਖ ਸਕਦੈ - ਘਟੋ ਘਟ ਤੇੜ ਪਾਏ ਕੜਕ ਕੱਪੜਿਆਂ ਜਿੰਨੀ ਸਖਤੀ ਸਾਡੇ ਬੋਲਾਂ ਚੋਂ ਨਾ ਕਿਰੇ ਤੇ ਫੇਰ ਉਹ 40-50 ਰੁਪਈਏ ਖਰਚਣ ਦਾ ਫਾਇਦਾ ਕਿ ਹੋਇਆ!

ਇਕ ਹੋਰ ਆਕੜ ਵਾਲੀ ਗੱਲ ਜਿਹੜੀ ਮੈਨੂੰ ਬੜੀ ਚੁਭਦੀ ਹੈ ਉਹ ਇਹ ਹੈ ਕਿ ਜਦੋਂ ਕਿਤੇ "ਜ਼ਰੂਰਤ ਤੋਂ ਜ਼ਿਆਦਾ" ਪੜੇ-ਲਿਖੇ ਦੋ ਬੰਦੇ ਮਿਲਦੇ ਨੇ  - ਜਿਹੜੇ  ਹਿੰਦੀ-ਪੰਜਾਬੀ ਚੰਗੀ ਜਾਣਦੇ ਵੀ ਹਨ, ਪਰ ਐਵੇਂ ਹੀ ਅਚਾਨਕ ਔਖੀ ਔਖੀ ਅੰਗਰੇਜ਼ੀ ਵਿਚ ਸਲੈਂਗ ਮਾਰ ਮਾਰ ਕੇ ਇੰਟਰਨੈਸ਼ਨਲ ਮਸਲਿਆਂ ਦੀਆਂ ਗੱਲਾਂ - ਟਰੰਪ, ਯੂ.ਐਨ. ਓ, ਵਰਲਡ ਬੈਂਕ ਦੀਆਂ ਗੱਲਾਂ, ਚੀਨ ਦੀ ਫੋਰਨ ਪਾਲਿਸੀ - ਅੰਗਰੇਜ਼ੀ ਬਹਿਸ ਸ਼ੁਰੂ ਕਰ ਦਿੰਦੇ ਨੇ - ਮੈਂ ਤੇ ਓਸੇ ਵੇਲੇ ਓਥੋਂ ਨੋ-ਦੋ ਗਿਆਰਾਂ ਹੋਣ ਚ' ਹੀ ਆਪਣੀ ਬੇਹਤਰੀ ਸਮਝਦਾ ਹਾਂ, ਕਿਓਂਕਿ ਓਥੇ ਗੱਲ ਬਾਤ ਨਹੀਂ ਇਕ ਦੂਜੇ ਨੂੰ ਇਮਪ੍ਰੈੱਸ ਕਰਣ ਦਾ ਖੇਡ ਸ਼ੁਰੂ ਹੋ ਚੁਕਿਆ ਹੁੰਦਾ ਹੈ - ਮੇਰੇ ਓਥੋਂ ਨੱਸਣ ਦਾ ਇਕ ਕਾਰਣ ਇਹ ਵੀ ਹੁੰਦੈ ਕਿ ਮੈਂ ਸਮਝਦਾ ਹਾਂ ਕਿ ਇਹ ਵੀ ਮੇਰੇ ਵਿਆਹ ਦੀ ਟਾਈ ਵਰਗੇ ਫੇਕ ਤੇ ਹਨ ਹੀ - ਨਾਲ ਨਾਲ ਫੈਂਕੂ ਵੀ !

ਬਸ ਜੀ, ਕਰੀਏ ਬੰਦ ਹੁਣ ਇਸ ਪੋਸਟ ਨੂੰ, ਇਸ ਸੁਨੇਹੇ ਨਾਲ ਕਿ ਆਕੜਾਂ, ਲਲਕਾਰਾਂ, ਬੜਕਾਂ ਦਾ ਕੋਈ ਫਾਇਦਾ ਨਹੀਂ, ਕੋਰੀ ਬੇਵਕੂਫੀ ਹੈ ਜਦੋਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਕ ਕਦਮ ਤੋਂ ਦੂਜਾ ਕਦਮ ਵੀ ਅਸੀਂ ਹੁਕਮ ਤੋਂ ਬਿਨਾਂ ਨਹੀਂ ਪੱਟ ਸਕਦੇ, ਇਹ ਤੇ ਫੇਰ ਕਦਮ ਦੀ ਗੱਲ ਹੈ, ਬਾਹਰ ਗਿਆ ਸਾਹ ਵਾਪਸ ਆ ਕੇ ਰਲਣਾ ਹੈ ਕਿ ਨਹੀਂ, ਇਸ ਦਾ ਹੀ ਨਹੀਂ ਪਤਾ!

ਆਕੜਾਂ ਤੋਂ ਯਾਦ ਆਇਆ , ਬੜੇ ਲੋਕ ਮੈਨੂੰ ਟੋਕਦੇ ਹਨ ਕਿ ਤੂੰ ਝੁਕ ਕੇ ਨਾ ਚਲਿਆ ਕਰ, ਬਿਲਕੁਲ ਤਨ ਕੇ ਚਲਿਆ ਕਰ, ਨਹੀਂ ਤੇ ਤੇਰੀ ਸ੍ਪਾਇਨਲ ਕਾਰਡ ਵੜ ਜਾਉ ਗ਼ਲਤ ਪੋਸਚਰ ਕਾਰਣ, ਕਿਸੇ ਕਿਸੇ ਦੀ ਚੁੱਕ ਚ' ਆ ਕੇ ਮੈਂ ਕਦੇ "ਆਕੜ" ਕੇ ਚਲਣ ਦੀ ਕੋਸ਼ਿਸ਼ ਵੀ ਕਰਦਾਂ ਤਾਂ ਆਪਣਾ ਸਿਰ ਹੀ ਦੁਖਾ ਲੈਂਦਾ ਹਾਂ - ਕਈ ਵਾਰੀ ਲੱਗਦੈ ਕਿ ਬਚਪਨ ਚ' ਸਾਡੇ ਮਾਪਿਆਂ ਨੇ ਉਹ ਫਲਾਂ ਵਾਲੇ ਦਰੱਖਤਾਂ ਦੇ ਝੁਕੇ ਹੋਣ ਵਾਲੀ ਗੱਲਾਂ ਇੰਨੀ ਵਾਰੀ ਸੁਣਾ ਦਿੱਤੀਆਂ ਕਿ ਮੇਰੇ ਵਰਗਾ ਅਨਾੜੀ  ਉਸ ਗੱਲ ਦੇ  ਸ਼ਾਬਦਿਕ ਅਰਥ ਚ' ਹੀ ਕਿਤੇ ਉਲਝ ਕੇ ਰਹਿ ਗਿਆ, ਆਪਣੀ ਅਸਲ ਜ਼ਿੰਦਗੀ ਚ' ਤੇ ਉਹ ਖੁਸ਼ਬੂ ਗਾਇਬ ਦਿਸਦੀ ਏ - ਕੋਈ ਨਹੀਂ, ਆਪਣੇ ਆਪਣੇ ਜ਼ਿੰਦਗੀ ਦੇ ਤਜ਼ੁਰਬੇ ਨੇ , ਆਪੋ ਆਪਣੀ ਕਹਾਣੀ ਹੈ, ਆਪੋ ਆਪਣੇ ਘੜੇ ਦੀ  ਘੜਤ ਹੈ - ਬੱਸ ਇੰਨਾ ਕੁ ਕਰੀਏ, ਬੰਦੇ ਨੂੰ ਬੰਦਾ ਸਮਝੀਏ (ਹੋਰ ਕੁਛ ਜੇ ਨਾ ਵੀ ਹੋ ਸਕੇ)  ਨੀਵਾਂ ਹੋ ਹੈ ਰਹੀਏ - ਬਾਬਾ ਨਾਨਕ ਜੀ ਵੀ ਸਮਝਾਉਂਦੇ ਹਨ - 
ਨਾਨਕ ਨੀਵਾਂ ਲੋ ਚਲੇ 
ਲਾਗੇ ਨਾ ਤਾਤੀ ਵਾਓ !
(ਦਸਵੀਂ ਜਮਾਤ ਚ' ਮੈਨੂੰ ਇਸ ਉੱਤੇ ਇਕ ਪੈਰਾ ਲਿਖਣਾ ਸੀ, ਬੋਰਡ ਦੇ ਪੇਪਰਾਂ ਚ'- ਬੜਾ ਚੰਗਾ ਹੋਇਆ ਸੀ ਉਹ ਪੇਪਰ!) 

Monday 22 July 2019

ਉਰਦੂ ਨੂੰ ਸਿਰਫ ਮੁਸਲਮਾਨਾਂ ਦੀ ਬੋਲੀ ਸਮਝਣ ਦੀ ਨਾਸਮਝੀ

ਆਮ ਤੋਂ ਅਸੀਂ ਇਹ ਹੀ ਸਮਝਦੇ ਹਾਂ ਕਿ ਉਰਦੂ ਬੋਲੀ ਮੁਸਲਮਾਨਾਂ ਦੀ ਬੋਲੀ ਹੈ - ਅਜਿਹਾ ਨਹੀਂ ਹੈ, ਉਰਦੂ ਬੋਲੀ ਖਾਲਿਸ ਹਿੰਦੁਸਤਾਨੀ ਬੋਲੀ ਹੈ - ਇਹ ਇਥੇ ਹੀ ਪੱਲਰੀ ਹੈ. ਮੁਸਲਮਾਨਾਂ ਦੀ ਬੋਲੀ ਅਰਬੀ ਹੈ! ਉਰਦੂ ਸਾਡੀ ਸਾਰਿਆਂ ਦੀ ਸਾਂਝੀ ਮਿਲੀ ਜੁਲੀ ਜ਼ੁਬਾਨ ਹੈ.

ਮੈਂ ਜਿੰਨ੍ਹਾਂ ਦੋ ਸਾਲਾਂ ਚ' ਉਰਦੂ ਜ਼ੁਬਾਨ ਸਿੱਖਣ ਚ' ਲੱਗਿਆ ਰਿਹਾ - ਲਖਨਊ ਵਿੱਚ - ਉਸ ਦੌਰਾਨ ਮੈਂ ਸਮਝ ਗਿਆ ਕਿ ਜਾਂਦੇ ਜਾਂਦੇ ਅੰਗਰੇਜ਼  ਬੋਲੀ ਦੀ ਅਜੇਹੀ ਵੰਡੀ ਪਾ ਕੇ ਨੱਸ ਕੇ ਕਿ ਆਉਣ ਵਾਲਿਆਂ ਪੁਸ਼ਤਾਂ ਉਹਨਾਂ ਦੀ ਇਸ ਚਾਲ ਦੇ ਕੰਡੇ ਕੱਢਦਿਆਂ ਕੱਢਦਿਆਂ ਕਈ ਪੱਖੋਂ ਨਕਾਰਾ ਹੋ ਜਾਣਗੀਆਂ।

ਇਕ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਣਾ ਚਾਹੁੰਦਾ ਹਾਂ ਉਹ ਇਹ ਹੈ ਜਿਹੜਾ ਵੀ ਅੰਗਰੇਜ਼ ਇਥੇ ਸਾਡੇ ਤੇ ਹੁਕਮ ਚਲਾਉਣ ਲਈ ਭੇਜਿਆ ਜਾਂਦਾ ਸੀ, ਇਥੇ ਪਹੁੰਚ ਕੇ ਉਹ ਸਬ ਤੋਂ ਪਹਿਲਾਂ ਉਰਦੂ ਦੀ ਪੜ੍ਹਾਈ ਕਰਦਾ ਸੀ, ਕਿਓਂਕਿ ਇਹ ਖਾਲਿਸ ਹਿੰਦੁਸਤਾਨੀ ਬੋਲੀ ਹੀ ਹੈ ਜਿਹੜੀ ਅਸੀਂ ਬੋਲਦੇ ਹਾਂ ਤੇ ਸਾਡੀ ਆਮ ਬੋਲ ਚਾਲ ਵਿਚ ਅਨੇਕਾਂ ਉਰਦੂ ਦੇ ਲਫ਼ਜ਼ ਹੁੰਦੇ ਹਨ.

ਜਦੋਂ ਇਕ ਆਮ ਬੋਲਚਾਲ ਦੀ ਬੋਲੀ ਦਾ ਲਿਖਣਾ ਪੜਨਾ ਬੰਦ ਹੋ ਜਾਂਦੈ ਤੇ ਇਸ ਦਾ ਅਸਰ ਸਾਡੇ ਸਾਰੇ ਸਮਾਜ ਦੇ ਬੜਾ ਬੁਰਾ ਪੈਂਦੈ -

ਮੈਂ 6-7 ਸਾਲ ਤੋਂ ਲਖਨਊ ਵਿਚ ਰਹਿ ਰਿਹਾਂ ਇਸ ਕਰ ਕੇ ਜਾਣਦਾ ਹਾਂ ਕਿ ਓਥੇ ਵੀ ਉਰਦੂ ਦਾ ਕਿੰਨ੍ਹਾ ਮਾੜਾ ਹਾਲ ਹੈ - ਇਕ ਪੀੜੀ ਪਿੱਛੇ ਤਕ ਜਿਹੜੀ ਬੋਲੀ ਲੋਕੀਂ ਪੜਦੇ ਲਿਖਦੇ ਸੀ, ਉਹ ਹੌਲੀ ਹੌਲੀ ਮੁੱਠ ਵਿਚ ਦੱਬੀ ਰੇਤ ਵਾਂਗੂ ਸਾਡੇ ਸਮਾਜ ਦੇ ਹੱਥੋਂ ਖਿਸਕ ਰਹੀ ਹੈ।

ਜ਼ਿਆਦਾਤਰ ਪੁਰਾਣੇ ਹੀਰੋ ਰਹੇ ਅਤੇ ਹੁਣ ਦੇ ਦੌਰ ਦੇ ਵੀ ਬਹੁਤ ਸਾਰੇ, ਇਹ ਸਾਰੇ ਦੇ ਸਾਰੇ ਉਰਦੂ ਦੇ ਵਿਧਵਾਨ ਹਨ - ਜਿਹੜੇ ਗੀਤਕਾਰ ਹੋਏ ਉਹ ਇਸ ਬੋਲੀ ਦੇ ਜਾਣਕਾਰ ਸਨ, ਜਿਹੜੇ ਇਹਨਾਂ ਗੀਤਾਂ ਨੂੰ ਗਾਉਂਦੇ ਹਨ ਉਹਨਾਂ ਵੀ ਉਰਦੂ ਚੰਗੀ ਤਰ੍ਹਾਂ ਪੜ੍ਹੀ ਹੋਈ ਹੈ - ਲਤਾ ਮੰਗੇਸ਼ਕਰ, ਹੇਮਾ ਮਾਲਿਨੀ, ਅਮਿਤਾਭ ਬਚਨ ਵਰਗੀਆਂ ਹਸਤੀਆਂ ਨੇ ਉਰਦੂ ਚੰਗੀ ਤਰ੍ਹਾਂ ਸਿੱਖੀ ਹੋਈ ਹੈ, ਇਸੇ ਕਰਕੇ ਇਹਨਾਂ ਦੀ ਬੋਲ ਵਾਣੀ ਅਜੇਹੀ ਹੈ ਜਿਸ ਦੇ ਉਚਾਰਣ ਵਿਚ (ਉਰਦੂ ਚ' ਇਹਨੂੰ ਤਲਫੂਜ਼ ਕਹਿੰਦੇ ਹਨ) ਇਕ ਲਫ਼ਜ਼ ਵੀ ਏਧਰ ਦਾ ਓਧਰ ਨਹੀਂ ਹੁੰਦਾ ! ਮੁਹੰਮਦ ਰਫੀ ਤੇ ਉਰਦੂ ਵਿਚ ਪਰਫੈਕਟ ਸੀ ਹੀ, ਸਾਰੇ ਗਾਇਕ, ਕਿਸ਼ੋਰ ਕੁਮਾਰ, ਕੁਮਾਰ ਸ਼ਾਣੁ ਇਹ ਸਾਰੇ ਉਰਦੂ ਨੂੰ ਹੰਢਾਉਣ ਵਾਲੇ ਨਾਉ ਨੇ.

ਉਰਦੂ ਜ਼ੁਬਾਨ ਨੂੰ ਪ੍ਰੋਮੋਟ ਕਰਣ ਵਿੱਚ ਬਾਲੀਵੁੱਡ ਦੀਆਂ ਫ਼ਿਲਮਾਂ ਦਾ ਤੇ ਉਹਨਾਂ ਦੇ ਗਾਣਿਆਂ ਦਾ ਬੜਾ ਵੱਡਾ ਰੋਲ ਰਿਹਾ।

ਅੱਜ ਬਲਾਗ ਤੇ ਲਿਖਣ ਵਾਲਾ ਟਾਪਿਕ ਮੈਂ ਬੜੇ ਪੰਗੇ ਵਾਲਾ ਲੈ ਲਿਆ ਹੈ, ਮੈਂ ਇਸ ਬਾਰੇ ਇਕ ਪੋਸਟ ਵਿਚ ਕਿ ਲਿਖ ਲਵਾਂਗਾ, ਜਿਸ ਨੂੰ ਮੈਂ 2 ਸਾਲ ਤੋਂ ਸਿੱਖ ਰਿਹਾ ਹਾਂ - ਮੈਨੂੰ ਇਹ ਜ਼ੁਬਾਨ ਵੀ ਬੜੀ ਪਸੰਦ ਹੈ, ਕਿਓਂਕਿ ਇਹ ਸਾਡੀ ਆਪਣੀ ਜ਼ੁਬਾਨ ਹੈ, ਅਸੀਂ ਸਵੇਰੇ ਤੋਂ ਰਾਤ ਤਕ ਇਹੋ ਜ਼ੁਬਾਨ ਬੋਲਦੇ ਹਾਂ -

ਸਾਡੇ ਉਰਦੂ ਦੇ ਉਸਤਾਦ ਜੀ ਨੇ ਸ਼ੁਰੂਆਤੀ ਕਲਾਸਾਂ ਚ' ਇਹੋ ਸਮਝਾਇਆ ਕਿ ਬੱਚਾ ਜਦੋਂ ਬੋਲਣਾ ਸ਼ੁਰੂ ਕਰਦੈ ਤੇ ਉਹ ਪਹਿਲਾਂ ਲਫ਼ਜ਼ ਬੋਲਦੈ - ਮਾਂ - ਫੇਰ ਕਹਿੰਦੈ ਦੁੱਧ - ਇਹ ਦੋਵੇਂ ਉਰਦੂ ਦੇ ਲਫ਼ਜ਼ ਹਨ. ਜਦੋਂ ਕਿਸੇ ਬੰਦੇ ਦੀ ਜੀਵਨ ਯਾਤਰਾ ਪੂਰੀ ਹੋਣ ਦੇ ਕੰਢੇ ਤੇ ਹੁੰਦੀ ਹੈ ਤਾਂ ਅਕਸਰ ਲੋਕ ਕਹਿੰਦੇ ਸੁਣੇ ਗਏ ਹਨ ਕਿ ਇਹ ਤੇ ਬੱਸ ਆਖਰੀ ਸਾਹਾਂ ਤੇ ਹੀ (ਆਖਰੀ ਸਾਂਸੇ) - ਇਹ ਵੀ ਉਰਦੂ ਦਾ ਲਫ਼ਜ਼ ਹੈ.

ਉਰਦੂ ਸਾਡੇ ਲਈ ਸਿੱਖਣਾ ਇਸ ਲਈ ਵੀ ਜ਼ਰੂਰੀ ਹੈ ਕਿ ਅਸੀਂ ਜਿਹੜੀ ਬੋਲੀ ਬੋਲ ਰਹੇ ਹਾਂ (ਪੰਜਾਬੀ ਵੀ) ਇਸ ਵਿਚ ਉਰਦੂ ਦੇ ਲਫ਼ਜ਼ਾਂ ਦਾ ਗੁੱਛਾ ਤੇ ਹੁੰਦੈ ਹੀ ਹੈ, ਇਸ ਵਿੱਚ ਕੋਈ ਸ਼ੱਕ ਨਹੀਂ - ਪਰ ਅਸੀਂ ਉਸ ਦਾ ਸਹੀ ਉਚਾਰਣ ਨਹੀਂ ਕਰ ਪਾਉਂਦੇ, ਇਸ ਕਰ ਕੇ ਸਾਡੀ ਗੱਲ ਓਨ੍ਨਾ ਅਸਰ ਨਹੀਂ ਕਰ ਪਾਉਂਦੀ ਜਿੰਨਾ ਚਾਹੀਦਾ ਹੈ - ਚਲੋ ਜੀ, ਇਕ ਗੱਲ ਚੇਤੇ ਆ ਗਈ, ਕੁਛ ਮਹੀਨੇ ਪਹਿਲਾਂ ਇਥੇ ਆਕਾਸ਼ਵਾਣੀ ਚ' ਰੇਡੀਓ ਪ੍ਰੋਗਰਾਮ ਪੇਸ਼ ਕਰਣ ਵਾਲਿਆਂ ਦਾ ਉਰਦੂ ਉਚਾਰਣ ਦੁਰੁਸਤ ਕਰਣ ਲਈ ਇਕ ਵਰਕਸ਼ਾਪ ਹੋਈ ਸੀ, ਮੈਨੂੰ ਵੀ ਉਸ ਵਿਚ ਸ਼ਿਰਕਤ ਕਰਣ ਦਾ ਮੌਕਾ ਮਿਲਿਆ ਸੀ - ਬਾਅਦ ਚ' ਮੈਂ ਉਸ ਉੱਤੇ ਇਕ ਰਿਪੋਰਟ ਲਿਖੀ ਸੀ , ਤੁਸੀਂ ਉਸ ਨੂੰ ਪੜ੍ਹ ਲਵੋ, ਤੁਹਾਨੂੰ ਇਸ ਉਰਦੂ ਉਚਾਰਣ ਦੀ ਰੂਹ ਸਮਝ ਥੋੜੀ ਬਹੁਤ ਆ ਜਾਵੇਗੀ -

ਇਹ ਰਿਹਾ ਇਸ ਦਾ ਲਿੰਕ - ਲਖਨਊ ਆਕਾਸ਼ਵਾਨੀ ਚ' ਉਰਦੂ ਤਲਫੂਜ਼ ਵਰਕਸ਼ਾਪ (ਇਸ ਤੇ ਕਲਿਕ ਕਰ ਕੇ ਇਸ ਦਾ ਵੇਰਵਾ ਪੜ੍ਹ ਸਕਦੇ ਹੋ!) 

ਪਿਛਲੇ ਦੋ ਸਾਲਾਂ ਚ' ਮੇਰਾ ਕੋਲ ਵੀ ਇਸ ਨੂੰ ਸਿੱਖਣ ਦੇ ਬਾਰੇ ਬੜੇ ਤਜ਼ੁਰਬੇ ਹਨ, ਕਦੇ ਕਦੇ ਸਾਂਝੇ ਕਰਦਾ ਰਹਾਂਗਾ, ਜੇਕਰ ਇਸ ਬਾਰੇ - ਇਸ ਨੂੰ ਸਿੱਖਣ ਬਾਰੇ ਕੁਛ ਵੀ ਪੁੱਛਣਾ ਚਾਹੁੰਦੇ ਹੋ ਤਾਂ ਮੈਂ ਇਸ ਬਲੋਗਪੋਸਟ ਦੇ ਥੱਲੇ ਦਿੱਤੀ ਗਈ ਈ-ਮੇਲ ਤੇ ਮੇਲ ਕਰ ਸਕਦੇ ਹੋ।  ਕਹਿਣ ਨੂੰ, ਜਾਂ ਇੰਝ ਕਹਿ ਲਵੋ ਇਸ ਟਾਪਿਕ ਤੇ ਸਾਂਝਾ ਕਰਣ ਲਈ ਕਾਫੀ ਕੁਛ ਹੈ ਪਰ ਅਜੇ ਇਥੇ ਵੀ ਬਸ ਕਰਦੇ ਹਾਂ ਕਿ ਜਿਹੜੀ ਉਰਦੂ ਦੀ ਕਿਤਾਬ ਮੈਂ ਪੜ੍ਹ ਰਿਹਾ ਹਾਂ ਇਸ ਤੇ ਪਹਿਲੇ ਚੈਪਟਰ ਚ' ਬਾਪੂ ਗਾਂਧੀ ਦੀ ਉਰਦੂ ਚ' ਲਿਖੀ ਇਕ ਚਿੱਠੀ ਦੀ ਫੋਟੋ ਹੈ ਜਿਸ ਵਿਚ ਉਹ ਅੱਲਾਮਾ ਇਕਬਾਲ ਦੀ ਨਜ਼ਮ ਦੀ ਤਾਰੀਫ ਕਰ ਰਹੇ ਹਨ - ਫੋਟੋ ਤੁਸੀਂ ਦੇਖੋ, ਲਿਖਿਆ ਕੀ ਹੈ, ਉਹ ਮੈਂ ਤੁਹਾਨੂੰ ਪੰਜਾਬੀ ਚ' ਲਿਖ ਕੇ ਦਸ ਦਿਆਂਗਾ -



ਇਹ ਮਹਾਤਮਾ ਗਾਂਧੀ ਦੇ ਹੱਥ ਦੀ ਉਰਦੂ ਚ' ਲਿਖੀ ਚਿੱਠੀ ਹੈ

9 ਜੂਨ 1938 ਨੂੰ ਮਹਾਤਮਾ ਗਾਂਧੀ ਨੇ ਇਹ ਉਰਦੂ ਚ' ਚਿੱਠੀ ਲਿਖੀ ਸੀ ਮੁਹੰਮਦ ਹੁਸੈਨ ਨੂੰ - ਉਹ ਲਿਖਦੇ ਨੇ - ਆਪ ਕਾ ਖਤ ਮਿਲਾ- ਡਾਕਟਰ ਅੱਲਾਮਾ ਇਕਬਾਲ ਮਰਹੂਮ ਕੇ ਬਾਰੇ ਮੇਂ ਮੈਂ ਕਯਾ ਲਿਖੂੰ? ਲੇਕਿਨ ਇਤਨਾ ਤੋਂ ਮੈਂ ਕਹਿ ਸਕਤਾ ਹੂੰ ਕਿ ਜਬ ਉਨ ਕੀ ਮਸ਼ਹੂਰ ਨਜ਼ਮ "ਹਿੰਦੋਸਤਾਂ ਹਮਾਰਾ " ਪੜ੍ਹੀ ਤੋਂ ਮੇਰਾ ਦਿਲ ਉਬਰ ਆਇਆ. ਔਰ ਯਾਰਵਦਾ ਜੇਲ ਮੇਂ ਤੋ ਸੈਂਕੜੋੰ ਬਾਰ ਮੈਂਨੇ ਇਸ ਨਜ਼ਮ ਕੋ ਗਾਇਆ ਹੋਗਾ। ਇਸ ਨਜ਼ਮ ਕੇ ਅਲਫਾਜ਼ ਮੁਝੇ ਬਹੁਤ ਹੀ ਮੀਠੇ ਲਗੇ ਔਰ ਇਹ ਖਤ ਲਿਖਤਾਂ ਹੂੰ ਤਬ ਭੀ ਵੋਹ ਨਾਜ਼ਮ ਮੇਰੇ ਕਾਨੋਂ ਮੈਂ ਗੂੰਜ ਰਹੀ ਹੈ। " 
ਆਪ ਕਾ 
ਐੱਮ ਕੇ ਗਾਂਧੀ 

ਬਸ ਅੱਜ ਦੀ ਗੱਲ ਬਾਤ ਇਥੇ ਹੀ ਬੰਦ - ਗੀਤ ਸੁਣੋ ਜੇ ਚਾਹੋ ਤਾਂ - ਜਾਂਦੇ ਜਾਂਦੇ ਇਸ ਮਸ਼ਵਰਾ ਜਦੋਂ ਵੀ ਮੌਕਾ ਮਿਲੇ ਉਰਦੂ ਜ਼ਰੂਰ ਸਿੱਖ ਲੈਣਾ - ਅੱਜ ਕਲ ਹਿੰਦੀ ਤੇ ਪੰਜਾਬੀ ਜਾਨਣ ਵਾਲਿਆਂ ਲੋਕਾਂ ਵਾਸਤੇ ਉਰਦੂ ਸਿਖਾਉਣ ਵਾਲਿਆਂ ਵੀਡਿਓਜ਼ ਦੀ ਯੂ- ਟੀਊਬ ਤੇ ਭਰਮਾਰ ਹੈ -

ਜਾਂਦੇ ਜਾਂਦੇ ਇਕ ਕੰਮ ਦੀ ਗੱਲ ਇਹ ਵੀ  - ਕੋਈ ਵੀ ਬੋਲੀ ਕਿਸੇ ਵੀ ਧਰਮ ਦੀ ਹੱਦ ਤੱਕ ਨਹੀਂ ਹੁੰਦੀ, ਬੋਲੀਆਂ  ਇਲਾਕਿਆਂ ਦੀਆਂ  ਹੁੰਦੀਆਂ  ਨੇ !

ਸੁਣੋ ਜੀ, ਜੱਟ ਦੀ ਦੁਸ਼ਮਣੀ ਮਾੜੀ - 

Sunday 21 July 2019

ਗੀਤਾਂ ਦੇ ਦਰਵੇਸ਼ ਨੀਰਜ ਦੀ ਯਾਦ ਵਿੱਚ

19 ਜੁਲਾਈ ਨੂੰ ਲਖਨਊ  ਵਿੱਚ ਉਸ ਮਹਾਨ ਗੀਤਾਂ ਦੇ ਦਰਵੇਸ਼ ਨੀਰਜ ਦੀ ਪਹਿਲੀ ਬਰਸੀ ਸੀ, ਉਹ ਪਿਛਲੇ ਸਾਲ 19 ਜੁਲਾਈ ਨੂੰ ਪੂਰੇ ਹੋ ਗਏ ਸੀ.

10-12 ਸਾਲ ਪਹਿਲਾਂ ਜਦੋਂ ਦਾ ਇਹ ਪਤਾ ਲੱਗਾ ਸੀ ਕਿ ਜਿਹੜੇ ਫ਼ਿਲਮੀ ਗੀਤ ਅਸੀਂ ਬਾਰ2 ਸੁਣਦੇ ਨਹੀਂ ਥੱਕਦੇ ਉਹ ਉਸ ਦਰਵੇਸ਼ ਦੀ ਕਲਮ ਚੋਂ ਨਿਕਲੇ ਹੋਏ ਨੇ ਇਸ ਮਹਾਨ ਸਖਸੀਅਤ ਦੇ ਦਰਸ਼ਨ ਕਰਣ ਦੀ ਬੜੀ ਹਸਰਤ ਸੀ.

ਸ਼ੋਖੀਓਂ ਮੈਂ ਘੋਲਾ ਜਾਏ, ਦੇਖ ਭਾਈ ਜ਼ਰਾ ਦੇਖ ਕੇ ਚਲੋ, ਸ਼ਰਮੀਲੀ ਸ਼ਰਮੀਲੀ ...ਖਿਲਤੇ ਹੈਂ ਗੁਲ ਯਹਾਂ- ਅਜਿਹੇ ਗੀਤਕਰ ਨੂੰ ਮਿਲਣ ਦਾ ਮੌਕਾ ਮੈਨੂੰ ਪਹਿਲੀ ਵਾਰੀ 2014 ਦੀ 3 ਜਨਵਰੀ ਨੂੰ ਮਿਲਿਆ - ਇਹਨਾਂ ਦੇ ਜਨਮ ਦਿਵਸ ਤੇ - ਬਹੁਤ ਹੀ ਖੁਸ਼ੀ ਹੋਈ, ਇੰਝ ਲੱਗਾ ਜਿਵੇਂ ਲਖਨਊ ਚ' ਆਉਣਾ ਸਕਾਰਥਾ ਹੋ ਗਿਆ. ਉਹ ਗੀਤ - ਕਾਰਵਾਂ ਗੁਜ਼ਾਰ ਗਿਆ, ਗੁਬਾਰ ਦੇਖਤੇ ਰਹੇ - ਇਹ ਵੀ ਇਸ ਦਰਵੇਸ਼ ਦਾ ਲਿਖਿਆ ਹੋਇਆ ਹੈ.

ਪ੍ਰੋਗਰਾਮ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਮਿਲਿਆ, ਥੱਲੇ ਹਨੇਰਾ ਸੀ, ਔਟੋਗ੍ਰਾਫ ਮੈਂ ਦੇਣ ਲੱਗੇ ਕਹਿਣ ਲੱਗੇ ਮੈਨੂੰ ਦਿੱਖ ਨਹੀਂ ਰਿਹਾ ਪੂਰਾ, ਅਫਸੋਸ ਉਸ ਦਿਨ ਮੇਰਾ ਪੇਨ ਵੀ ਨਾ ਚਲਿਆ - ਉਸ ਨੂੰ ਵੀ ਉਸ ਦਿਨ ਹੀ ਸ਼ਰਾਰਤ ਕਰਣ ਦੀ ਪਤਾ ਨਹੀਂ ਕੀ ਸੁੱਝੀ ! ਮੇਰੀ ਡਾਇਰੀ ਚ' ਉਹ ਰੁੱਕਾ ਵੀ ਚਿਪਕਿਆ ਹੋਇਆ ਹੈ. ਦੇਖਣਾ ਚਾਹੋਗੇ ?


ਉਸ ਦਿਨ ਮੈਂ ਇਕ ਛੋਟੀ ਜਿਹੀ ਵੀਡੀਓ ਵੀ ਬਣਾਈ ਸੀ ਜਿਹੜੀ ਕਈ ਵਾਰ ਸਾਂਝੀ ਕਰ ਚੁਕਿਆ ਹਾਂ ਆਪਣੇ ਹਿੰਦੀ ਵਾਲੇ ਬਲਾਗ ਤੇ, ਅੱਜ ਇਥੇ ਵੀ ਕਰਣੀ ਪਉ - 


ਇਸ ਦਰਵੇਸ਼ ਦੇ ਹਰ ਜਨਮ ਦਿਹਾਡ਼ੇ  ਤੇ ਇਹਨਾਂ ਦੇ ਹਰ ਪ੍ਰੋਹ ਗਰਾਮ ਤੇ ਜਾਕੇ ਮੈਨੂੰ ਐੱਡੀ ਖੁਸ਼ੀ ਹੁੰਦੀ ਸੀ ਕਿ ਮੈਥੋਂ ਦੱਸੀ ਨਹੀਂ ਜਾ ਸਕਦੀ, ਬਿਲਕੁਲ ਬੱਚਿਆਂ ਵਰਗੀ ਸਾਦਗੀ ਤੇ ਸਚਾਈ ਦਿਖਦੀ ਰਹੀ ਇਸ ਦਰਵੇਸ਼, ਇਹ ਜਿਹੜੀ  ਵੀਡੀਓ ਤੁਸੀਂ ਉੱਪਰ ਲੱਗੀ ਦੇਖੀ, ਇਸ ਵਿਚ ਇਹ ਚਿੱਟੀ ਟੋਪੀ ਵਾਲੇ ਸੱਜਣ ਕਿਦਵਈ ਹਨ ਜਿਹੜੇ ਉਸ ਵੇਲੇ ਉੱਤਰਾਖੰਡ ਦੇ ਗਵਰਨਰ ਸਨ, ਇਹਨਾਂ ਵੀ ਓਹੀ ਗਾਣਾ ਸੁਨਣ ਦੀ ਫ਼ਰਮਾਇਸ਼ ਕੀਤੀ ਸੀ, ਸ਼ੋਖੀਓਂ ਮੈਂ ਘੋਲਾ ਜਾਏ, ਫੂਲੋਂ ਕਾ ਸ਼ਬਾਬ! - ਓਥੇ ਬੜੇ ਉੱਗੇ ਕਲਾਕਾਰ ਆਏ ਹੋਏ ਸਨ, ਗਾਉਣ ਵਾਲੇ ਤੇ ਨਾਲ ਉਹਨਾਂ ਦੇ ਸਾਜਿੰਦੇ - ਜਦੋਂ ਗਵਰਨਰ ਸਾਬ ਹੁਰਾਂ ਦੀ ਫ਼ਰਮਾਇਸ਼ ਉੱਤੇ ਉਹ ਸ਼ੋਖੀਓੰ ਮੈਂ ਘੋਲ ਜਾਏ ਵਾਲਾ ਗੀਤ ਗਾਇਆ ਗਿਆ ਤਾਂ ਗਵਰਨਰ ਸਾਬ ਸਾਰਾ ਵਕ਼ਤ ਇਸ ਗਾਣੇ ਤੇ ਬੈਠੇ ਬੈਠੇ ਝੂਮਦੇ ਰਹੇ।






ਕਲ ਦੇ ਪ੍ਰੋਗਰਾਮ ਚ ਵੀ ਇਸ ਗੀਤ ਨੂੰ ਕਲਾਕਾਰਾਂ ਨੇ ਸੁਣਾ ਕੇ  - ਗਾਣੇ ਦੀ ਕਸ਼ਿਸ਼ ਵੇਖੋ, ਗਵਰਨਰ ਦੀ ਉਮਰ ਦੇ ਲੋਕ, ਮੇਰੀ ਉਮਰ ਤੇ ਅੱਗੋਂ ਮੇਰੇ ਨਿਆਣਿਆਂ ਦੀ ਉਮਰ ਦੇ  ਬੱਚੇ ਗੀਤਾਂ ਦੇ ਇਸ ਰਬ ਦੇ ਗੀਤ ਸੁਣਦੇ ਨਹੀਂ ਥੱਕਦੇ - ਚਲੋ, ਇਹ ਗੀਤ ਸੁਣਦੇ ਹਾਂ , ਜਿਹੜਾ ਮੈਂ 19 ਤਾਰੀਖ ਨੂੰ ਰਿਕਾਰਡ ਕੀਤਾ ਸੀ -



ਕਲ ਦੀ ਪ੍ਰੋਗਰਾਮ ਚ' ਸਾਰਿਆਂ ਨੇ ਉਹਨਾਂ ਨਾਲ ਆਪਣੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ, ਓਥੇ ਉਹਨਾਂ ਦਾ ਮੁੰਡਾ ਵੀ ਆਇਆ ਹੋਇਆ ਸੀ, 66 ਸਾਲ ਦਾ ਹੈ - ਉਸ ਦਸਿਆ ਪਿਛਲੇ ਸਾਲ ਜੂਨ ਦੀ ਗੱਲ ਹੈ ਪਾਪਾ ਮੈਨੂੰ ਕਹਿਣ ਲੱਗੇ ਅੰਬ ਖਾਣੇ ਨੇ. ਮੈਂ ਕਿਹਾ ਮੈਂ ਲੈ ਕੇ ਆਉਂਦਾ ਹਾਂ. ਨੀਰਜ ਜੀ ਨੇ ਕਿਹਾ - ਤੈਨੂੰ ਅੰਬ ਖਰੀਦਣ ਦੀ ਤਮੀਜ ਨਹੀਂ। ਮੈਂ ਤੇਰੇ ਨਾਲ ਚਲਦਾ ਹਾਂ - ਉਹ ਦੋਵੇਂ ਕਾਰ ਚ' ਬਹਿ ਕੇ ਬਾਜ਼ਾਰ ਗਏ, ਨੀਰਜ ਜੀ ਨੂੰ ਕਾਲੇ ਕਲਮੀ ਅੰਬ ਬੜੇ ਪਸੰਦ ਸੀ, ਇਕ ਜਗ੍ਹਾ ਤੇ ਉਹ ਮਿਲੇ, ਚੰਗੇ ਲੱਗੇ, ਮੁੰਡਾ ਕਹਿੰਦਾ ਮੈਂ ਦੁਕਾਨਦਾਰ ਨੂੰ ਕਿਹਾ ਕਿ ਦੇ ਦੇ - ਇੰਨੇ ਚ' ਨੀਰਜ ਜੀ ਨੇ ਮੁੰਡੇ ਨੂੰ ਕਿਹਾ ਕਿ ਤੈਨੂੰ ਅੰਬ ਖਰੀਦਣ ਦੀ ਤਮੀਜ ਨਹੀਂ ਹੈ, ਕਾਰ ਚੋਂ ਪਾਣੀ ਦੀ ਬੋਤਲ ਕੱਢ ਕੇ ਇਕ ਅੰਬ ਧੋਤਾ ਨੀਰਜ ਜੀ ਨੇ, ਉਸ ਨੂੰ ਚੂਪ ਕੇ ਫੇਰ ਮੁੰਡੇ ਨੂੰ ਕਹਿੰਦੇ - ਹਾਂ, 5 ਕਿਲੋ ਖਰੀਦ ਲੋ. ਘਰ ਆ ਕੇ ਮੁੰਡੇ ਨੂੰ ਕਹਿੰਦੇ ਕਿ ਫਰਿਜ ਚ' ਰੱਖ ਦਿਓ ਠੰਡੇ ਹੋਣ ਨੂੰ !

ਇਸੇ ਤਰ੍ਹਾਂ ਹੋਰ ਵੀ ਬੜੀਆਂ ਗੱਲਾਂ ਓਥੇ ਲੋਕਾਂ ਨੇ ਸਾਂਝੀਆਂ ਕੀਤੀਆਂ, ਦਿਲ ਕਰਦੈ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ , ਪਰ ਮੇਰੀ ਪੰਜਾਬੀ ਦੀ ਟਾਈਪਿੰਗ ਬੜੀ ਹੌਲੀ ਹੈ, ਇਸ ਕਰਕੇ ਕਦੇ ਕਦੇ ਮੈਂ ਛਿੱਥਾ ਪੈ ਜਾਂਦਾ ਹਾਂ. ਮੇਰਾ ਨਾਮ ਜੋਕਰ ਦਾ ਉਹ ਗੀਤ - ਦੇਖ ਬਹਿ ਜਰਾ ਦੇਖ ਕੇ ਚਲੋ - ਇਹ ਇੰਝ ਬਣਿਆ ਕਿ ਰਾਜ ਕਪੂਰ ਸਾਬ ਕੋਲ ਮਹਿਫ਼ਿਲ ਜੰਮੀ ਹੋਈ ਸੀ, ਜਾਮ ਚਾਲ ਰਹੇ ਸੀ, ਫਿਲਮ ਦੇ ਗਾਣਿਆਂ ਬਾਰੇ ਗੱਲ ਬਾਤ ਵੀ ਰਹੀ ਸੀ, ਇੰਨੇ ਚ' ਜਾਮ ਦੇ ਚੱਕਰ ਚ' ਇਕ ਬੰਦਾ ਲੜਖੜਾ ਜਿਹਾ ਗਿਆ, ਕਿਸੇ ਨੂੰ ਉਸ ਨੂੰ ਕਿਹਾ - ਦੇਖ, ਭਾਈ ਜ਼ਰਾ ਦੇਖ ਕੇ ! ਬਸ, ਇਸ ਦਰਵੇਸ਼ ਨੂੰ ਇਸ ਗੱਲ ਸੁਣਦਿਆਂ ਹੀ ਉਹ ਗੀਤ ਲੱਭ ਗਿਆ.



ਵੈਸੇ ਤਾਂ 19 ਜੁਲਾਈ ਦੇ ਪ੍ਰੋਗਰਾਮ ਚ' ਮੈਂ ਸਾਰੇ ਗੀਤ ਰਿਕਾਰਡ ਕੀਤੇ - ਲਿੰਕ ਥੱਲੇ ਲਗਾ ਰਿਹਾ ਹਾਂ ਜੀ - ਜਿਹੜੀ ਰਿਕਾਰਡਿੰਗ ਵੀ ਸੁਣਨੀ ਚਲੋ, ਉਸ ਲਿੰਕ ਤੇ ਕਲਿਕ ਕਰ ਕੇ ਸੁਨਿਓ -

ਆਜ ਮਦਹੋਸ਼ ਹੂਆ ਜਾਏ ਰੇ , ਮੇਰਾ ਮਨ ਮੇਰਾ ਮਨ ਮੇਰਾ ਮਨ 
ਮੇਘ ਛਾਏ ਆਧੀ ਰਾਤ, ਬੈਰਨ ਬਣ ਗਈ ਨਿੰਦਿਆ 
ਜਬ ਰਾਧਾ ਨੇ ਮਾਲਾ ਜਪੀ ਸ਼ਾਮ ਕੀ
ਲਿਖੇ ਜੋ ਖਤ ਤੁਝੇ, ਵੋਹ ਤੇਰੀ ਯਾਦ ਮੇਂ 
ਖਿਲਤੇ ਹਾਂ ਗੁਲ ਜਹਾਨ ਖਿਲ ਕੇ ਬਿਛੁੜਨੇ ਕੋ 

ਫਿਲਮ ਗੀਤਾਂ ਦੇ ਇਲਾਵਾ ਵੀ ਨੀਰਜ ਜੀ ਦਾ ਰਚਨਾ ਸੰਸਾਰ ਭਰਪੂਰ ਹੈ - ਸਕੂਲ ਦੀਆਂ ਕਿਤਾਬਾਂ ਚ' ਵੀ ਬੱਚੇ ਇਹਨਾਂ ਦੀਆਂ ਰਚਨਾਵਾਂ ਪੜ੍ਹਦੇ ਹਨ - ਕਲ ਮਨੀਸ਼ ਸ਼ੁਕਲ ਨੇ ਇਹਨਾਂ ਦੀਆਂ ਕੁਛ ਰਚਨਾਵਾਂ ਦਾ ਪਾਠ ਕੀਤਾ, ਇਹ ਹੈ ਉਸਦਾ ਲਿੰਕ, ਜੇਕਰ ਤੁਸੀਂ ਸੁਣਨਾ ਚਾਹੁੰਦੇ ਚਾਹੁੰਦੇ ਹੋ - ਨੀਰਜ ਜੀ ਦੀਆਂ ਰਚਨਾਵਾਂ ਦਾ ਕਵਿਤਾ ਪਾਠ 

ਪੋਸਟ ਲੰਬੀ ਹੋ ਰਹੀ ਹੈ, ਇਕ ਗੱਲ ਕਹਿ ਕੇ ਬਸ ਬੰਦ ਕਰਦੇ ਹਨ, ਜਿਹੜਾ ਕਲਾਕਾਰ ਇਹ ਗੀਤ ਸੁਣਾ ਰਿਹਾ ਸੀ 19 ਜੁਲਾਈ ਵਾਲੇ ਪ੍ਰੋਗਰਾਮ ਚ' ਉਸ ਨੇ ਦੱਸਿਆ ਕਿ ਪਿਛਲੇ ਸਾਲ ਜਦੋਂ ਉਹ ਦਿੱਲੀ AIIMS ਵਿਚ ICU ਵਿਚ ਦਾਖ਼ਲ ਸਨ, ਓਹਨਾ ਨੂੰ ਓਥੇ ਪੁੱਜਣ ਦਾ ਸੁਨੇਹਾ ਆਇਆ - ਉਸ ਨੇ ਦੱਸਿਆ ਕਿ ਮੇਰੇ ਓਥੇ ਪੁੱਜਣ ਤੇ ਉਹਨਾਂ ਨੂੰ ਦਸਿਆ ਗਿਆ ਕਿ ਗਵੈਯਾ ਆ ਗਿਆ ਏ, ਉਸ ਨੇ ਦੱਸਿਆ ਕਿ ਫੇਰ ICU ਵਿਚ ਉਸਨੇ ਇਹ ਗੀਤ ਸੁਣਾਇਆ - ਗੀਤ ਉਸ ਨੇ 19 ਤਾਰੀਖ ਨੂੰ ਵੀ ਸੁਣਾਇਆ, ਪੂਰੀ ਰਿਕਾਰਡਿੰਗ ਹੋਣ ਹੀ ਵਾਲੀ ਸੀ ਕਿ ਮੇਰੇ ਫੋਨ ਦੀ ਬੈਟਰੀ ਗੁਲ - ਬੜਾ ਗੁੱਸਾ ਆਇਆ ਆਪਣੇ ਆਪ ਉੱਤੇ ਕਿ ਆਪਣੇ ਫੋਨ ਦੀ ਬੈਟਰੀ ਵੱਲ ਵੀ ਧਿਆਨ ਨਹੀਂ ਕੀਤਾ ਜਾਂਦਾ - ਉਸ ਦਿਨ ਜਦੋਂ ਨੀਰਜ ਜੀ ਨਾਲ ਪਹਿਲੀ ਮੁਲਾਕਾਤ ਸੀ ਤੇ ਮੇਰਾ ਪੇਨ ਧੋਖਾ ਦੇ ਗਿਆ - ਅੱਜ ਇਹ ਮੋਬਾਈਲ - ਕੋਈ ਨਹੀਂ, ਗਾਣਾ ਤੇ ਉਹ ਵਾਲਾ ਜਿਹੜਾ ਨੀਰਜ ਦਾ ਲਿਖਿਆ ਹੋਇਆ ਓਹਨਾ ਨੂੰ ICU ਵਿਚ ਸੁਣਾਇਆ ਗਿਆ , ਤੁਹਾਨੂੰ ਵੀ ਸੁਣਾ ਦੇਂਦੇ ਹਾਂ ਜੀ - ਫੂਲੋਂ ਕੇ ਰੰਗ ਸੇ, ਦਿਲ ਕੀ ਕਲਮ ਸੇ --- ਲੇਣਾ ਹੋਗਾ ਜਨਮ ਹਮੇਂ ਕਈ ਕਈ ਬਾਰ!

ਗੀਤਾਂ ਦੇ ਇਸ ਦਰਵੇਸ਼ ਨੂੰ ਬਾਰ ਬਾਰ ਪਰਨਾਮ 🙏🙏🙏🙏🙏🙏🙏ਸਾਨੂੰ ਆਪਣੇ ਗੀਤਾਂ ਦੀਆਂ ਅਜਿਹੀਆਂ ਸੌਗਾਤਾਂ ਦੇਣ ਲਈ ਜਿਹੜੀਆਂ ਸਾਨੂੰ ਹਰਦਮ ਖੁਸ਼ ਰੱਖਦਿਆਂ ਨੇ - ਚੇਹਰੇ ਖਿੜੇ ਰੱਖਦਿਆਂ ਨੇ। ਅਜਿਹੇ ਦਰਵੇਸ਼ਾਂ ਦੇ ਕਿਸੇ ਵੀ ਪ੍ਰੋਗਰਾਮ ਤੇ ਪਹੁੰਚਣਾ ਮੇਰੇ ਲਈ ਕਿਸੇ ਵੀ ਸਤਸੰਗ ਤੋਂ ਵਧੇਰੇ ਮਹੱਤ ਰੱਖਦਾ ਹੈ, ਸੱਚੀਂ , ਸੱਚੋ ਸੱਚ ਕਹਿ ਰਿਹਾਂ !





Saturday 20 July 2019

ਪੋਸਟ ਕਾਰਡਾਂ ਦੀਆਂ ਗੱਲਾਂ ਜਿਹੜੀਆਂ ਰਹਿ ਗਈਆਂ

ਪਰਸੋਂ ਇਸ ਨਾਚੀਜ਼ ਨੂੰ ਪੋਸਟ ਕਾਰਡਾਂ ਬਾਰੇ ਕੁਛ ਗੱਲਾਂ ਚੇਤੇ ਆਈਆਂ ਜਿੰਨ੍ਹਾਂ ਨੂੰ ਇਕ ਪੋਸਟ ਵਿਚ ਲਿਖ ਕੇ ਮੈਂ ਹਲਕਾ ਹੋ ਗਿਆ - ਯਾਦਾਂ ਪੋਸਟਕਾਰਡਾਂ ਦੀਆਂ !! (ਉਸ ਪੋਸਟ ਦਾ ਲਿੰਕ)

ਲਿਖਣ ਤੋਂ ਬਾਅਦ ਕੁਝ ਥੋੜੀਆਂ ਜਿਹੀਆਂ ਗੱਲਾਂ ਹੋਰ ਚੇਤੇ ਆ ਗਈਆਂ ਜਿਹੜੀਆਂ ਮੈਂ ਲਿਖਣੀਆਂ ਚਾਹੁੰਦਾ ਸੀ, ਫੇਰ ਲੱਗਾ ਚਲੋ ਛੱਡੋ, ਬਾਅਦ ਚ' ਕਦੇ ਲਿਖ ਲਵਾਂਗੇ।

ਸ਼ਾਇਦ ਮੈਂ ਇਹ ਪੋਸਟ ਨਾ ਲਿਖਦਾ ਜੇਕਰ ਮੇਰੇ ਇਕ ਖਾਸ ਮਿੱਤਰ ਨੇ ਉਹ ਪੋਸਟ ਪੜ੍ਹ ਕੇ ਮੈਥੋਂ ਇਹ ਨਾ ਪੁੱਛਿਆ ਹੁੰਦਾ ਕਿ ਤੁਸੀਂ ਲਿਖਿਆ ਕਿ ਹੁਣ ਤੁਸੀਂ ਕਿਸੇ ਨੂੰ ਪੋਸਟਕਾਰਡ ਭੇਜਣ ਬਾਰੇ ਸੋਚਦੇ ਵੀ ਨਹੀਂ ! ਮੈਂ ਕਿਹਾ - ਜੀ, ਬਿਲਕੁਲ ਇੰਝ ਹੀ ਹੈ।  ਮੈਂ ਜਦੋਂ ਉਸ ਨੂੰ ਇਹ ਜਵਾਬ ਦੇ ਰਿਹਾ ਸੀ ਤਾਂ ਮੈਨੂੰ ਇਹ ਖਿਆਲ ਆਇਆ ਕਿ ਪੋਸਟਕਾਰਡ ਬਾਰੇ ਤੇ ਮੈਂ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਨੂੰ ਵੀ ਪੋਸਟਕਾਰਡ ਭੇਜਣ ਦੀ ਹਿੰਮਤ ਨਾ ਕਰਾਂ - ਮੈਂ ਉਸੇ ਵੇਲੇ ਸੋਚਿਆ ਕਿ ਹੁਣ ਤੇ ਮੈਂ ਕਿਸੇ ਨੂੰ 5 ਰੁਪਈਏ ਵਾਲਾ ਲਿਫ਼ਾਫਾ ਵੀ ਨਾ ਪਾਵਾਂ - ਮੈਂ ਉਸ ਮਿੱਤਰ ਨੂੰ ਇਹੋ ਹੀ ਕਿਹਾ ਕਿ ਹੁਣ ਤੇ ਬਿਨ੍ਹਾਂ ਸਪੀਡ ਪੋਸਟ ਤੋਂ ਮੈਂ ਕਿਸੇ ਨੂੰ ਕੋਈ ਚਿੱਠੀ-ਪੱਤਰ ਘੱਲਾਂ ਹੀ ਨਾਂ - ਪਹਿਲਾਂ ਕਾਰਨ ਇਹੋ ਕਿ ਪਹੁੰਚਣ ਦੀ ਕੋਈ ਗਰੰਟੀ ਨਹੀਂ, ਦੂਜੀ ਗੱਲ ਇਹ ਕਿ ਜੇ ਕਿਤੇ ਗ਼ਲਤ ਹੱਥਾਂ ਚ' ਪਹੁੰਚ ਗਿਆ ਤਾਂ ਹੋਰ ਪੰਗਾ (ਜਿਵੇਂ ਮੈਂ ਉਸ ਵਿਚ ਐਟਮ ਬੰਬ ਦਾ ਫਾਰਮੂਲਾ ਭੇਜਣਾ ਹੋਵੇ! 😂)

ਹੋਰ ਵੀ ਗੱਲਾਂ ਹੋਇਆਂ - ਉਸਨੇ ਸਹੀ ਕਿਹਾ ਕਿ ਅੱਜ ਕਲ ਦੇ ਬੱਚਿਆਂ ਨੂੰ ਤੇ ਪੋਸਟ ਕਾਰਡਾਂ ਬਾਰੇ ਇਹ ਹੀ ਨਹੀਂ ਪਤਾ ਹੋਣਾ ਕਿ ਉਹ ਕਿੰਨ੍ਹਾਂ  ਲੰਬਾ ਚੌੜਾ ਹੁੰਦਾ, ਜਿੰਨਾ ਕਦੇ ਪੋਸਟ ਕਾਰਡ ਦੇਖਿਆ ਹੀ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗੁ ਇਸ ਦੀ ਪੈਮਾਇਸ਼ ਦਾ - ਚਲੋ ਜੀ, ਇਸ ਤੋਂ ਪਰਦਾ ਲਾਉਣ ਦਾ ਤੇ ਮੈਂ ਜੁਗਾੜ ਕਰ ਰਿਹਾਂ -
ਪਿਛਲਾ ਪਾਸਾ ਪੂਰਾ ਲਿਖਣ ਵਾਸਤੇ ਹੁੰਦਾ ਸੀ, ਤੇ ਇਧਰ ਵਾਲਾ ਅੱਧਾ 
ਦੂਜੀ ਗੱਲ ਮੈਨੂੰ ਇਹ ਅੱਧ ਅਧੂਰੀ ਲੱਗੀ ਜਦੋਂ ਮੈਂ ਲਿਖਿਆ ਕਿ ਕਈ ਵਾਰੀ ਜਵਾਬੀ ਪੋਸਟ ਕਾਰਡ ਵੀ ਘਲ ਦਿੰਦੇ ਸੀ. ਹੋਰ ਇਸ ਬਾਰੇ ਮੈਂ ਕੁਝ ਨਹੀਂ ਸੀ ਲਿਖਿਆ, ਜਿੰਨਾ ਪੋਸਟ ਕਾਰਡਾਂ ਨੂੰ ਤੱਕਿਆ ਨਹੀਂ, ਉਹਨਾਂ ਨੂੰ ਜਵਾਬੀ ਕਾਰਡ ਬਾਰੇ ਵੀ ਦੱਸ ਦੇਈਏ - ਇਸ ਵਿਚ ਦੋ ਪੋਸਟ ਕਾਰਡ ਜੁੜੇ ਹੋਏ ਹੁੰਦੇ ਸੀ, 10 ਪੈਸੇ ਦਾ ਆਉਂਦਾ ਸੀ, ਇਕ ਪੋਸਟ ਕਾਰਡ ਤੇ ਸਾਡੇ ਲਿਖਣ ਵਾਸਤੇ ਹੁੰਦਾ ਸੀ, ਅਸੀਂ ਆਪਣੀ ਚਿੱਠੀ ਲਿਖਣੀ, ਤੇ ਜਿਥੇ ਭੇਜਣਾ ਏ, ਓਥੇ ਦਾ ਪਤਾ ਲਿਖ ਦੇਣਾ - ਦੂਜੇ ਕਾਰਡ ਤੇ ਅਸੀਂ ਆਪਣਾ ਬਸ ਪਤਾ ਲਿਖ ਦੇਣਾ - ਬਾਕੀ ਖਾਲੀ - ਜਦੋਂ ਇਸ ਨੇ ਟਿਕਾਣੇ ਤੇ ਪਹੁੰਚਣਾ ਤਾਂ ਉਸ ਖਾਲੀ ਪੋਸਟਕਾਰਡ ਤੇ ਉਸ ਰਿਸ਼ਤੇਦਾਰ ਨੇ ਲਿਖ ਕੇ ਉਸ ਨੂੰ ਕਿਸੇ ਤਰ੍ਹਾਂ ਲਾਲ-ਪੇਟੀ ਤਕ ਪਹੁੰਚਾ ਦੇਣਾ।  ਕਈ ਵਾਰੀ ਤਾਂ ਡਾਕੀਆ ਕੋਲੋਂ ਹੀ ਉਸੇ ਖਾਲੀ ਕਾਰਡ ਤੇ ਲਿਖਵਾ ਕੇ ਉਸ ਨੂੰ ਹੀ ਜਨਾਨੀਆਂ ਦੇ ਦੇਂਦੀਆਂ ਸੀ - ਖਰਚਾ ਪਾਣੀ? ਕੋਈ ਨਹੀਂ, ਦੋ ਅਸ਼ੀਸ਼ਾਂ , ਪੁੱਤ ਜੀਂਦਾ ਰਹਿ, ਜਵਾਨੀਆਂ ਮਾਨੇ, ਇਹਨੂੰ ਘੱਲ ਦੇਵੀਂ ਭਲਕੇ ਯਾਦ ਨਾਲ।  ਬਾਕੀ, ਡਾਕੀਆ ਜਾਣੇ ਤੇ ਉਸ ਦਾ ਕੰਮ।
ਜਵਾਬੀ ਪੋਸਟ ਕਾਰਡ ਨੂੰ ਤੁਸੀਂ ਅੱਜ ਦੀ ਭਾਸ਼ਾ ਚ' pre-paid ਡਾਕ ਕਹਿ ਸਕਦੇ ਹੋ.


ਹੁਣੇ ਲਿਖਦੇ ਲਿਖਦੇ ਖਿਆਲ ਆਇਆ ਕਿ ਜੇਕਰ ਕਾਰਡ ਉੱਤੇ ਸਿਰਨਾਵਾਂ (ਪਤਾ) ਪਹਿਲਾਂ ਹੀ ਲਿਖਿਆ ਹੋਵੇ ਤੇ ਜਵਾਬ ਦੇਣ ਵਾਲੇ ਦੀ ਸਿਰਦਰਦੀ ਥੋੜੀ ਤੇ ਘੱਟ ਹੀ ਗਈ - ਕਿਓਂਕਿ ਅਜੇ ਕੁਝ ਲੋਕੀਂ ਸਿਰਨਾਵਾਂ ਚੰਗੀ ਤਰ੍ਹਾਂ ਨਹੀਂ ਸਨ ਲਿਖ ਪਾਉਂਦੇ - ਕਈਂ ਵਾਰੀ ਇੰਝ ਦੇ ਲਿਖੇ ਐਡਰੈੱਸ ਦਿੱਖ ਜਾਂਦੇ - (ਪਹਿਲਾਂ ਪਿੰਨਕੋਡ ਨਹੀਂ ਸੀ ਹੁੰਦੇ, ਡਾਕੀਏ ਦਾ ਸਿਰਦਰਦ ਹੁੰਦਾ ਸੀ ਬਸ, ਸ਼ਾਇਦ ਇਹੋ ਵਜ੍ਹਾ ਹੈ ਕਿ ਮੇਰੇ ਦਿਲ ਚ' ਪ੍ਰਾਇਮਰੀ ਸਕੂਲ ਦੀਆਂ ਭੈਣਜੀਆਂ ਤੇ ਮਾਸਟਰਾਂ ਅਤੇ ਡਾਕੀਏ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਹੈ !!)

ਜ਼ਿਲਾ - ਅੰਮ੍ਰਿਤਸਰ 
ਤਹਿਸੀਲ - ਅਜਨਾਲਾ ਪਹੁੰਚ ਕੇ 
ਮਿਲੇ ਰਾਮ ਭਰੋਸੇ ਨੂੰ 
ਪਿੰਡ ਤੇ ਡਾਕ ਖ਼ਾਨਾ - 

ਆਮ ਤੋਰ ਤੇ ਘਰ ਦੇ ਦੋ ਜੀਅ ਤਾਂ ਉਸ ਪੋਸਟ ਕਾਰਡ ਉੱਤੇ ਲਿਖ ਹੀ ਲੈਂਦੇ ਸੀ, ਮੈਨੂੰ ਯਾਦ ਹੈ ਜਿਵੇਂ ਪਿਛਲੇ ਪਾਸੇ ਮੇਰੇ ਪਾਪਾ ਜੀ ਮੇਰੇ ਫੁੱਫੜ ਨੂੰ ਅੰਗਰੇਜ਼ੀ ਚ' ਪਹਿਲਾਂ ਲਿਖ ਦਿੰਦੇ, ਫੇਰ ਇਸ ਅੱਧੇ ਪਾਸੇ ਬੀਜੀ ਮੇਰੀ ਭੂਆ ਦੇ ਨਾਂ ਹਿੰਦੀ ਚ' ਖਤ ਲਿਖਦੇ।

ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਮੇਰੇ ਪੇਰੇਂਟਸ ਕਿਸੇ ਵੀ ਖਤ ਦਾ ਜਵਾਬ ਦੇਣ ਲੱਗਿਆਂ, ਉਸ ਖਤ ਨੂੰ ਅਕਸਰ ਜ਼ਰੂਰ ਸਾਮਣੇ ਰੱਖਦੇ ਜਿਹੜਾ ਸਾਨੂੰ ਆਇਆ ਹੁੰਦਾ ਸੀ। ਅਸੀਂ ਕੋਈ ਫਿਲਮ ਦੇਖ ਕੇ ਆਉਣਾ ਤੇ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਖਤ ਚ' ਲਿਖਣਾ ਕਿ ਜ਼ਮੀਰ, ਖਿਲੌਣਾ, ਘਰੌਂਦਾ, ਆਂਧੀ ਬੜੀ ਚੰਗੀ ਫਿਲਮ ਹੈ, ਤੁਸੀਂ ਵੀ ਦੇਖ ਕੇ ਆਓ...ਸਾਨੂੰ ਵੀ ਰਿਸ਼ਤੇਦਾਰ ਲਿਖਦੇ ਸੀ ਇਸ ਤਰ੍ਹਾਂ ਦੇ ਮਸ਼ਵਰੇ!

ਕਿਸੇ ਵੀ ਘਰ ਚ' ਪੋਸਟ-ਕਾਰਡ ਆਉਣਾ ਇਕ ਵੱਡੀ ਘਟਨਾ ਹੁੰਦੀ ਸੀ - ਜਿਸ ਦਿਨ ਉਹ ਪੋਸਟ ਕਾਰਡ ਘਰੇ ਆਉਣਾ ਉਸ ਦਿਨ ਰਾਤ ਹੋਣ ਤਕ ਓਹਨੇ ਪਤਾ ਨਹੀਂ ਕਿੰਨੇ ਹੱਥਾਂ ਚ'  ਘੁੰਮ ਜਾਣਾ, ਘਰ ਦੇ ਹਰ ਜੀਅ ਨੇ ਉਸ ਵਿਚ ਆਪਣੇ ਮੁਤਲਕ ਕੋਈ ਛੋਟੀ ਤੋਂ ਛੋਟੀ ਗੱਲ ਲੱਭਣ ਦੀ ਕੋਸ਼ਿਸ਼ ਕਰਣੀ, ਹੋਰ ਨਹੀਂ ਤੇ ਮਾਸੀ, ਭੂਆ, ਮਾਮੀ ਨੇ ਚਿੱਠੀ ਦੇ ਅਖੀਰ ਚ' ਜੇ ਜਿੰਦੇ ਨੂੰ ਪਿਆਰ ਲਿਖਣਾ ਭੁੱਲ ਜਾਣਾ, ਤਾਂ ਜਿੰਦੇ ਦਾ  ਮੂਡ ਖ਼ਰਾਬ ਹੋ ਜਾਣਾ - ਇਸ ਕਰ ਕੇ ਕਹਿ ਰਿਹਾਂ ਘਰੇ ਪੋਸਟਕਾਰਡ ਦਾ ਆਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਹੁੰਦੀ - ਸਾਰੇ ਲਫ਼ਜ਼ ਪਿਆਰ-ਦੁਲਾਰ ਦੀ ਚਾਸ਼ਨੀ ਚ' ਗੁੰਨ੍ਹੇ ਹੁੰਦੇ ਸਨ ਜਿਵੇਂ।

ਇਕ ਗੱਲ ਹੋਰ ਵੀ ਚੇਤੇ ਆ ਰਹੀ ਹੈ ਕਿ ਜਦੋਂ ਪੋਸਟ ਕਾਰਡ ਨੂੰ ਪੋਸਟ ਕਰਣ ਜਾਣਾ ਤੇ ਆਮ ਤੌਰ ਤੇ ਉਸ ਲਾਲ ਪੇਟੀ ਚ' ਆਪਣੀ ਚਿੱਠੀ ਸੁੱਟਣ ਤੋਂ ਪਹਿਲਾਂ ਅੰਦਰ ਮੁਲਾਜ਼ਮਾਂ ਕੋਲੋਂ ਪੁੱਛ ਲੈਣਾ ਕਿ ਡਾਕ ਨਿਕਲੀ ਤੇ ਨਹੀਂ - ਜੇ ਉਸ ਨੇ ਕਹਿਣਾ ਕਿ ਨਿਕਲ ਗਈ ਹੈ, ਤੇ ਉਸ ਨੂੰ ਹੀ ਕਹਿਣਾ ਇਹ ਸਾਡੀ ਚਿੱਠੀ ਵੀ ਥੈਲੇ ਚ' ਪਾ ਦਿਓ - ਜੇਕਰ ਤੇ ਉਸ ਵੇਲੇ ਤਕ ਉਸ ਨੇ ਸਾਰੀ ਡਾਕ ਉੱਤੇ ਮੋਹਰਾਂ ਨਾ ਲਾਈਆਂ ਹੁੰਦਿਆਂ, ਤਾਂ ਤੇ ਉਹ ਆਰਾਮ ਨਾਲ ਫੜ ਲੈਂਦਾ ਸਾਡੇ ਕੋਲੋਂ ਸਾਡੀ ਵੀ ਚਿੱਠੀ, ਜੇਕਰ ਉਹ ਥੈਲਾ ਬੰਦ ਕਰ ਚੁਕਿਆ ਹੁੰਦਾ ਤੇ ਕਹਿ ਦਿੰਦਾ - ਬਾਹਰ ਡੱਬੇ ਚ' ਹੀ ਪਾ ਦੇ, ਸਵੇਰੇ ਪਹਿਲੀ ਡਾਕ ਚ' ਨਿਕਲ ਜਾਉ ! (ਅਸੀਂ ਇੰਨ੍ਹੇ ਚ' ਹੀ ਇੰਝ ਖੁਸ਼ ਹੋ ਜਾਣਾ, ਜਿਵੇਂ ਸਵੇਰੇ ਕਿਸੇ ਖਾਸ ਡਾਕੀਏ ਰਾਹੀਂ ਮੇਰਾ ਪੋਸਟ ਕਾਰਡ ਸਟੇਸ਼ਨ ਭੇਜਿਆ ਜਾਉ!)

ਕਈਂ ਵਾਰੀ ਜਦੋਂ ਅਸੀਂ ਸਾਈਕਲ ਤੇ ਚਿੱਠੀ ਨੂੰ ਡੱਬੇ ਚ' ਲੈ ਕੇ ਜਾਣਾ ਤੇ ਡਾਕੀਆ ਉਸ ਲਾਲ ਡੱਬੇ ਨੂੰ ਖਾਲੀ ਕਰ ਕੇ ਤਾਲਾ ਲਾ  ਰਿਹਾ ਹੁੰਦਾ - ਜੇਕਰ ਉਸ ਨੇ ਸਾਡੀ ਚਿੱਠੀ ਫੜ ਲੈਣੀ ਤਾਂ ਉਸ ਦਾ ਬੜਾ ਅਹਿਸਾਨਮੰਦ ਹੋਣਾ। ਇਸ ਫਤਿਹ ਨੂੰ ਵੀ ਘਰ ਆ ਕੇ ਸਾਂਝਾ ਕਰਣਾ ਕਿ ਕਿੰਝ ਪੋਸਟਕਾਰਡ ਡਾਕੀਏ ਤੇ ਥੈਲੇ ਚ' ਹੀ ਪਹੁੰਚਾ ਕੇ ਆਇਆ ਹਾਂ!!- ਥੱਕ ਗਿਆ ਹਾਂ, ਚਲੋ, ਕੜਾਹ ਬਣਾਓ ਜਲਦੀ ! (ਤੇ ਉਹ 10 ਮਿੰਟਾਂ ਚ' ਬਣ ਵੀ ਜਾਣਾ 😂😂)

ਇਹ ਪੋਸਟ ਕਾਰਡ ਜਦੋਂ ਟਿਕਾਣੇ ਤੇ ਪੁੱਜਦੇ ਸਨ, ਉਸ ਵੇਲੇ ਕਿੰਝ ਲੱਗਦਾ ਸੀ? ਗੱਲ ਇੰਝ ਹੈ, ਜੰਮਣ, ਮਰਣ , ਵਿਆਹ, ਸ਼ਾਦੀ, ਕੁੜਮਾਈ ਦੀਆਂ ਖ਼ਬਰਾਂ ਤਾਂ ਸਾਡੇ ਵੇਲੇ ਇਹ ਚਿੱਠੀਆਂ ਚ' ਹੀ ਆਉਂਦੀਆਂ ਸੀ, ਕਿਸੇ ਦੇ ਅਕਾਲ ਚਲਾਣਾ ਕਰਣ ਬਾਦੋਂ ਜਿਹੜਾ ਭੋਗ/ਪਗੜੀ ਦਾ ਪੋਸਟਕਾਰਡ ਘਰ ਆਉਣਾ, ਓਹਨੂੰ ਪੜ੍ਹ ਕੇ ਉਸੇ ਵੇਲੇ ਫਾੜਨ ਦੀਆਂ ਸਟੈਂਡਿੰਗ ਇੰਸਟ੍ਰਕਸ਼ਨਸ ਹੁੰਦੀਆਂ ਸਨ, ਇਹ ਕਹਿੰਦੇ ਸਨ ਘਰ ਦੇ ਸਿਆਣੇ ਕਿ ਅਜਿਹੇ ਕਾਰਡ ਨੂੰ ਘਰ ਐਵੇਂ ਹੀ ਨਹੀਂ ਰੱਖੀਦਾ , ਮਾੜੀ ਗੱਲ ਹੁੰਦੀ ਏ  (  ਜਿਵੇਂ ਉਸ ਕਾਰਡ ਨਾਲ ਯਮਰਾਜ ਨੱਥੀ ਹੋਵੇ!😳

ਲੋਕੀ ਖਤ ਦਾ ਇੰਤਜ਼ਾਰ ਕਿਵੇਂ ਕਰਦੇ ਸੀ - ਅਜ ਮੈਂ ਪਾ ਕੇ ਆਇਆ, ਕਲ ਡਾਕ ਨਿਕਲੇਗੀ, ਚੌਥੇ ਦਿਨ ਟਿਕਾਣੇ ਤੇ, ਫੇਰ ਤਾਇਆ ਜੀ ਲਿਖਣਗੇ ਅਗਲੇ ਦਿਨ , ਫੇਰ ਤੀਜੇ ਦਿਨ ਸਾਡੇ ਕੋਲ - ਬੱਸ ਘਰਾਂ ਚ ਇੰਝ ਹੀ ਹਿਸਾਬ ਕਿਤਾਬ ਲੱਗਦੇ ਰਹਿੰਦੇ ਸੀ ਵੇਹਲੇ ਬੈਠੇ ਬੈਠੇ - ਅਕਸਰ ਸਾਡੇ ਪਾਪਾ ਜੀ ਡਿਊਟੀ ਤੋਂ ਘਰੇ ਪਹੁੰਚਦਿਆਂ ਹੀ ਪੁੱਛਦੇ -  "ਕੋਈ ਚਿੱਠੀ ਆਈ ਏ?"  ਓਹੀ ਆਦਤ ਮੇਰੀ ਵੀ ਬੜੇ ਲੰਬੇ ਸਮੇਂ ਤਕ ਰਹੀ - ਫੇਰ ਸੋਸ਼ਲ ਮੀਡਿਆ, ਮੋਬਾਈਲ ਆ ਗਏ, ਸਬ ਕੁਛ ਇਸ ਵਿਚ ਹੀ ਨਿੱਬੜ ਜਾਂਦੈ - congrats, RIP, cute, dashing, awesome ਤੇ ਨਾਲ ਇਹ ਹੱਥ ਜੋੜਦਾ ਸਮਾਈਲੀ 🙏- ਇੰਨਾ ਕੁੱਛ ਆਉਂਦਾ ਹੋਵੇ ਤੇ ਤੁਸੀਂ ਸੋਸ਼ਲ ਮੀਡਿਆ ਦੇ ਸੋਸ਼ਲ ਸਰਕਲਾਂ ਚ' ਕਿਸੇ ਨੂੰ ਵੀ ਆਪਣਾ ਬਣਾ ਲਵੋ ਤੇ ਚਾਹੇ ਕਿਸੇ ਦੇ ਵੀ ਬਣ ਜਾਵੋ - ਅੱਗੋਂ ਰਬ ਰਾਖਾ 😂

ਲੋਕਾਂ ਚ ਕਿੰਨਾ ਸਬਰ ਸੰਤੋਖ (ਮਜ਼ਬੂਰੀ ??) ਸੀ ਮੈਂ ਇਕ ਗੱਲ ਯਾਦ ਕਰਦਾ ਹਾਂ ਤੇ ਮੈਂ ਹਿਲ ਜਾਂਦਾ ਹਾਂ, ਮੇਰਾ ਵੱਡਾ ਭਰਾ ਅੰਮ੍ਰਿਤਸਰ ਤੋਂ ਜੈਪੁਰ ਨੌਕਰੀ ਤੇ ਗਿਆ - 1970 ਵਾਲੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ - 20 ਸਾਲ ਦੀ ਓਹਦੀ ਉਮਰ- ਮੇਰੇ ਪਾਪਾ ਜੀ ਉਸ ਨੂੰ ਅੰਮ੍ਰਿਤਸਰ ਸਟੇਸ਼ਨ ਤੇ ਛੱਡਣ ਗਏ, ਤੇ ਘਰੋਂ ਚੱਲਣ  ਲੱਗਿਆਂ ਉਸ ਨੂੰ ਕਿਹਾ ਕਿ ਪਹੁੰਚਦਿਆਂ ਹੀ ਚਿੱਠੀ ਭੇਜੀਂ - ਘਰੇ ਉਂਝ ਹੀ ਹਿਸਾਬ ਲੱਗਦਾ ਰਿਹਾ, ਮੰਗਲ ਨੂੰ ਪਹੁੰਚਿਆ ਹੋਣੈ , ਬੁਧ ਨੂੰ ਸਮਾਂ ਨਹੀਂ ਲੱਗਾ ਹੋਣਾ, ਵੀਰਵਾਰ ਜੇ ਚਿੱਠੀ ਘੱਲੇਗਾ ਤੇ 3-4 ਦਿਨਾਂ ਚ' ਤੇ ਅੰਮ੍ਰਿਤਸਰ ਪਹੁੰਚ ਹੀ ਜਾਉ - ਲੋ ਜੀ, ਉਸ ਦੀ ਚਿੱਠੀ ਨੇ ਤੇ ਇਹ ਸਾਰੇ ਹਿਸਾਬ ਕਿਤਾਬ ਫੇਲ ਕਰ ਦਿੱਤੇ - ਐਵੇਂ ਹੀ ਉਸ ਨੇ ਥੋੜੀ ਲਗਰਜੀ ਕਰ ਦਿੱਤੀ ਖ਼ਤ ਲਿਖਣ ਚ', ਚਿੱਠੀ ਮਿਲੀ ਜੀ ਕੋਈ 8-10 ਦਿਨ ਬਾਦ - ਮੈਨੂੰ ਪਤਾ ਹੈ ਕਿ ਕਿਵੇਂ ਮੇਰੇ ਪੇਰੇਂਟਸ ਸੁੱਕਣੇ ਪਏ ਰਹੇ ਓਹਨੀਂ ਦਿਨੀਂ  ਜਿਹੜੇ 3-4 ਦਿਨ ਉੱਪਰ ਹੋ ਗਏ, ਜਦੋਂ ਉਸ ਦੇ ਪਹੁੰਚਣ ਦੀ ਚਿੱਠੀ ਆਈ ਤਾਂ ਕਿਤੇ ਉਹਨਾਂ ਨੂੰ ਸਾਹ ਆਇਆ - ਅਜਿਹੀਆਂ ਗੱਲਾਂ ਜਦੋਂ ਚੇਤੇ ਆਉਂਦੀਆਂ ਨੇ ਤੇ ਸਾਨੂੰ ਸਾਡੇ ਪੇਰੇਂਟਸ ਚ ' ਤੇ ਆਪਣੇ ਚ' ਫਰਕ ਮਹਿਸੂਸ ਕਰਣ ਦਾ ਇਕ ਮੌਕਾ ਮਿਲਦੈ -

ਇਕ ਗੱਲ ਇਹ  ਜਿਹੜੀ ਤੁਸੀਂ ਮੇਰੇ ਪੇਰੇਂਟਸ ਦੀ ਪੜੀ , ਤੇ ਇਕ ਅਸੀਂ ਹਾਂ ਜੇਕਰ ਬੱਚਾ 10 ਮਿੰਟ ਵਹਾਤਸੱਪ ਤੇ ਭੇਜਿਆ ਸੁਨੇਹਾ ਨਾ ਵੇਖੇ, ਲਾਸਟ ਸੀਨ ਅਜਕਲ ਬੰਦ ਹੀ ਰੱਖਦੇ ਨੇ, ਚੰਗਾ ਕਰਦੇ ਨੇ 😂😂😂- ਇਕ ਹੋਰ ਸਿਰਦਰਦੀ, ਫੇਰ ਫੇਸਬੁੱਕ massenger ਤੇ ਫੇਰ ਮੋਬਾਈਲ ਫੋਨ - ਪਹਿਲਾਂ ਇਕ, ਫੇਰ ਦੂਜਾ, ਨਹੀਂ ਤੇ ਅੱਧੇ ਘੰਟੇ ਬਾਅਦ ਉਸ ਦੇ ਦੋਸਤ ਨੂੰ  - ਘੰਟੇ ਬਾਦ ਉਹ ਛਿੱਥੇ ਪੈ ਕੇ ਕਹਿ ਦਿੰਦੇ ਨੇ - ਠੰਡ ਰੱਖਿਆ ਕਰੋ ਯਾਰ, ਸੁੱਤਾ ਹੋਇਆ ਸੀ, ਬੈਟਰੀ ਨਹੀਂ ਸੀ।

ਸੋਚਣ ਵਾਲੀ ਗੱਲ ਇਹੋ ਹੈ ਕਿ ਜਿੰਨੇ ਅਸੀਂ ਅੱਜ ਕੱਲ ਦੇ ਮਾਂ ਪਿਓ ਤੱਤੇ ਹਾਂ ਤੇ ਜਿੰਨੇ ਸਾਡੇ ਮਾਪੇ ਠੰਡੇ ਸੀ, ਓਹਨਾ ਉਸ ਠੰਡੇਪਣ ਸਦਕਾ ਕੀ ਗੁਆ ਲਿਆ ਤੇ ਅਸੀਂ ਕਿ ਖੱਟ ਲਿਆ, ਮੈਂ ਵੀ ਤੁਹਾਡੇ ਨਾਲ ਸੋਚਦਾ ਹਾਂ - ਨਾਲ ਨਾਲ ਇਹ ਗੀਤ ਸੁਣੋ -- ਮੈਨੂੰ ਹੀਰੇ ਹੀਰੇ ਆਖੇ , ਹਾਏ ਨੀ ਮੁੰਡਾ ਲੰਬੜਾਂ ਦਾ !! ਬੀਬੀ ਪ੍ਰਕਾਸ਼ ਕੌਰ ਜੀ ਨੇ ਇਹ ਪਹਿਲਾਂ ਗਾਇਆ ਸੀ, ਗਾਇਆ ਕਹਿਣਾ ਉਸ ਦੇਵੀ ਵਾਸਤੇ ਬੜੀ ਛੋਟੀ ਜਿਹੀ ਗੱਲ ਲੱਗਦੀ ਏ, ਇੰਝ ਕਹਿ ਸਕਦਾਂ ਕਿ ਉਹਨਾਂ ਨੇ ਇਹਨਾਂ ਬੋਲਾਂ ਚ' ਜਾਨ ਫੂਕੀ ਸੀ !!

Thursday 18 July 2019

ਚਿੱਠੀ ਪਤਰੀ ਵਾਲੇ ਦਿਨ - ਪੋਸਟ ਕਾਰਡਾਂ ਦੀਆਂ ਯਾਦਾਂ

ਲਖਨਊ 
18.7.2019 

ਪਰਸੋਂ ਸ਼ਾਮੀ ਇਕ ਪ੍ਰਦਰਸ਼ਨੀ ਤੇ ਜਾਉਣ ਦਾ ਮੌਕਾ ਮਿਲਿਆ ਜਿਥੇ ਪੋਸਟ ਕਾਰਡਾਂ ਦੇ ਰਾਹੀਂ ਇਸ ਦੇਸ਼ ਦੇ ਬਹਾਦਰ ਫੌਜੀਆਂ ਨੂੰ ਸਲਾਮੀ ਦਿੱਤੀ ਗਈ।




ਬਹੁਤ ਚੰਗਾ ਲੱਗਾ ਉਥੇ ਜਾ ਕੇ - ਸੈਂਕੜੇ ਪੋਸਟਕਾਰਡ ਦਿਖੇ ਜਿਹੜੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੋਂ ਕਲਾਕਾਰਾਂ ਤੇ ਲੇਖਕਾਂ ਨੇ ਘੱਲੇ ਸੀ




ਓਹਨਾ ਪੋਸਟਕਾਰਡਾਂ  ਉੱਤੇ ਓਹਨਾ ਨੇ ਆਪਣੇ ਆਪਣੇ ਹੁਨਰ ਦੀ ਮਦਦ ਨਾਲ ਅਜਿਹੀਆਂ ਗੱਲਾਂ ਹਨ ਬਹਾਦਰ ਜੋਧਿਆਂ ਵਾਸਤੇ ਲਿਖੀਆਂ ਤੇ ਵਾਹੀਆਂ ਜੋ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਆਪਣੇ ਅੰਦਰ ਡੱਕੀ ਬੈਠੇ ਸੀ -





ਇਕ ਇਕ ਪੋਸਟਕਾਰਡ ਦੀ ਫੋਟੋ ਖਿੱਚਣ ਦਾ ਦਿਲ ਕਰ ਰਿਹਾ ਸੀ , ਐੱਡੀ ਸੀ ਇਸ ਪ੍ਰਦਰਸ਼ਨੀ ਦੀ ਖਿੱਚ।

ਮੈਂ ਵੀ ਕੁਛ ਫ਼ੋਟਾਂ ਖਿੱਚੀਆਂ ਜਿਹੜੀਆਂ ਤੁਹਾਦੇ ਨਾਲ ਸਾਂਝੀਆਂ ਕੀਤੀਆਂ ਹਨ.

ਪੋਸਟਕਾਰਡਾਂ ਦੇ ਸਮੁੰਦਰ ਚ' ਜਾ ਕੇ ਮੈਂ ਵੀ ਪੋਸਟਕਾਰਡਾਂ ਦੇ ਜ਼ਮਾਨੇ ਦੀਆਂ ਆਪਣਾ ਯਾਦਾਂ ਚ' ਗੋਤੇ ਖਾਣ ਲੱਗ ਪਿਆ - ਜਿਹੜੀਆਂ ਸਿੱਪੀਆਂ ਹੱਥੇ ਚੜਿਆਂ ਉਹ ਇਹ ਨੇ - 

  • ਸਾਡੀ ਦੋਸਤੀ ਪੋਸਟਕਾਰਡ ਨਾਲ ਉਸ ਜ਼ਮਾਨੇ ਤੋਂ ਹੈ ਜਦੋਂ ਇਹ 5 ਪੈਸੇ ਦਾ ਹੁੰਦਾ ਸੀ, ਫੇਰ 10 ਦਾ ਹੋਇਆ, 15 ਦਾ, 25 ਦਾ ਤੇ ਹੁਣ 50 ਪੈਸੇ ਦਾ. 
  • ਪੁਰਾਣੇ ਵਕ਼ਤ ਵਿਚ 50ਸਾਲ ਪੁਰਾਣਾ ਤੇ ਮੈਂ ਦੱਸ ਸਕਦਾਂ - ਇਹ ਪੋਸਟਕਾਰਡ ਹੀ ਖਤੋ-ਕਿਤਾਬਤ ਦਾ ਜ਼ਰੀਆ ਹੋਇਆ ਕਰਦਾ ਸੀ, ਜੇ ਜ਼ਿਆਦਾ ਗੱਲਾਂ ਲਿਖਣੀਆਂ ਜਾਂ ਕੁਝ ਓਹਲੇ ਵਾਲਿਆਂ ਗੱਲਾਂ ਲਿਖਣੀਆਂ ਤੇ ਫੇਰ ਅੰਤਰਦੇਸੀ ਲਿਫ਼ਾਫ਼ਾ ਚਲਦਾ ਸੀ ਜਿਹੜਾ ਸ਼ਾਇਦ 15 ਪੈਸੇ ਦਾ ਹੁੰਦਾ ਸੀ, ਤੇ ਜੇ ਕਿਤੇ ਕੋਈ ਕਾਗਜ਼ ਪੱਤਰ, ਰੱਖੜੀ, ਟਿੱਕਾ ਭੇਜਣਾ ਹੁੰਦਾ ਤੇ ਫੇਰ ਉਹ 25 ਪੈਸੇ ਵਾਲਾ ਲਿਫ਼ਾਫ਼ਾ ਚਲਦਾ ਸੀ. 
  • ਲਿਫਾਫੇ ਨੂੰ ਬੰਦ ਕਰਨ ਲਈ ਥੁੱਕ ਦੀ ਵਰਤੋਂ ਆਮ ਗੱਲ ਸੀ. ਮੈਨੂੰ ਇਹ ਪਸੰਦ ਨਹੀਂ ਸੀ, ਮੈਂ ਲਿਫਾਫੇ ਤੇ ਲੱਗੀ ਗੂੰਦ ਤੇ ਥੋੜਾ ਪਾਣੀ ਲਾ ਕੇ ਉਸ ਨੂੰ ਬੰਦ ਕਰ ਕੇ ਘਰੋਂ ਚਲਦਾ ਸੀ - ਉਹ ਡਾਕ ਬਕਸੇ ਤਕ ਪਹੁੰਚਣ ਤਕ ਹੋ ਅਕਸਰ ਖੁੱਲ ਜਾਂਦਾ ਸੀ, ਫੇਰ ਅੰਮ੍ਰਿਤਸਰ ਦੇ ਜਵਾਲਾ ਫਿਲੌਰ ਮਿੱਲ ਦੇ ਡਾਕਖਾਨੇ ਦੇ ਅੰਦਰ ਜਾ ਕੇ ਲੇਵੀ ਲਾਉਣੀ ਪੈਂਦੀ ਸੀ - 
  • ਪੰਜਾਂ ਪੈਸਿਆਂ ਦੇ ਪੋਸਟਕਾਰਡ ਵਾਸਤੇ 10 ਮਿੰਟ ਸਾਈਕਲ ਵਾਹ ਕੇ ਡਾਕਖਾਨੇ ਜਾਉਣਾ ਇਕ ਆਮ ਗੱਲ ਸੀ, ਉਵੇਂ ਹੀ 4 ਵਜੇ ਦੀ ਡਾਕ ਪੇਟੀ ਸਾਫ ਹੋਣ ਦੇ ਟਾਈਮ ਵਾਸਤੇ ਘਰੋਂ 3.45 ਤੇ ਨਿਕਲਣ ਦਾ ਆਪਣਾ ਸਮਾਂ ਸੈੱਟ ਸੀ. 
  • ਜਿਹੜੇ ਇਲਾਕਿਆਂ ਦਾ ਲਾਲ ਡੱਬਾ ਦਿਨ ਚ' ਦੋ ਵਾਰੀ ਖਾਲੀ ਹੁੰਦਾ ਸੀ, ਓਹਨਾਂ ਇਲਾਕਿਆਂ ਦੀ ਲਗਾ ਟੌਰ ਹੁੰਦੀ ਸੀ - ਆਸੇ ਪਾਸੇ ਦੇ ਏਰੀਆ ਦੇ ਬਕਸਿਆਂ ਦੀ ਨਿਕਾਸੀ ਦੇ ਸਮੇਂ ਦਾ ਪਤਾ ਰੱਖਣਾ ਵੀ ਇਕ added ਕ੍ਵਾਲੀਫਿਕੇਸ਼ਨ ਮੰਨੀ ਜਾਂਦੀ ਸੀ।  ਗੁਆਂਢ ਚ ਲੋਕੀਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਲੈਂਦੇ ਸਨ. 
  • ਪੋਸਟਕਾਰਡ ਦਾ ਜਿਹੜਾ ਰਿਸ਼ਤੇਦਾਰ ਜਵਾਬ ਨਹੀਂ ਸੀ ਦਿੰਦਾ, ਉਸ ਨੂੰ ਮਾੜਾ ਜਿਹਾ ਸ਼ਰਮਿੰਦਾ ਕਾਰਨ ਲਈ ਜਵਾਬੀ ਪੋਸਟਕਾਰਡ ਘੱਲਿਆ ਜਾਂਦਾ ਸੀ 😂
  • ਲਿਖਣਾ ਇਕ ਆਰਟ ਹੁੰਦਾ ਸੀ, ਕੰਟੇੰਟ ਦੇ ਪੱਖੋਂ ਤੇ ਪਤਾ ਨਹੀਂ ਕਿੰਨਾ, ਪਰ ਇਕ ਪੱਖੋਂ ਜ਼ਰੂਰ ਕਿ ਤੁਸੀਂ ਕਿਨਾਂ ਬਾਰੀਕ ਲਿਖ ਕੇ ਆਪਣੇ 5 ਪੈਸਿਆਂ ਨੂੰ ਕੋਈ ਕਿੰਨਾ ਕੁ' ਸਕਾਰਥਾ ਕਰ ਸਕਦੈ 
  • ਪਹਿਲਾਂ ਸਾਡੇ ਸਕੂਲ (DAV, ਹਾਥੀ ਦਰਵਾਜ਼ਾ, ਅੰਮ੍ਰਿਤਸਰ) ਤੋਂ ਤਿਮਾਹੀ, ਛੇਮਾਹੀ ਪੇਪਰਾਂ ਦੇ ਨਤੀਜੇ ਵੀ ਇਕ ਪੋਸਟਕਾਰਡ ਮਾਰਫ਼ਤ ਹੀ ਭੇਜਦੇ ਸੀ, ਫੇਰ ਸਾਨੂੰ ਉਸ ਉੱਤੇ ਘਰੋਂ ਘੁੱਗੀ ਮਰਵਾ ਕੇ ਵਾਪਸ ਆਪਣੇ ਮਾਸਟਰ ਦੇ ਹਵਾਲੇ ਕਰਨਾ ਪੈਂਦਾ ਸੀ. 

  • ਪਹਿਲਾਂ ਅਸੀਂ ਡਾਕ ਮਹਿਕਮੇ ਤੇ ਭਰਪੂਰ ਇਤਬਾਰ ਕਰਦੇ ਸੀ, ਮਤਲਬ ਇਹ ਕਿ ਅੱਜ ਅਸੀਂ 5 ਪੈਸੇ ਖਰਚ ਕੇ ਉਸਨੂੰ ਲਾਲ ਪੇਟੀ ਦੇ ਹਵਾਲੇ ਕਰ ਕੇ ਸੁਰਖੁਰੂ ਹੋ ਜਾਂਦੇ ਸੀ ਕਿ ਮੀਂਹ ਹੋ, ਹਨ੍ਹੇਰੀ ਜਾਂ ਝੱਖੜ- ਇਹ ਤੇ ਪਰਸੋਂ ਆਪਣੇ ਟਿਕਾਣੇ ਤੇ ਪਹੁੰਚ ਹੀ ਜਾਣੈ - ਹੁਣ 40 ਰੁਪਈਏ ਖਰਚ ਕੇ ਵੀ ਧੁੜਕੂ ਲੱਗਾ ਰਹਿੰਦੈ ਕਿ ਪਤਾ ਨਹੀਂ ਕਦੋਂ ਪੁੱਜੇਗਾ ਇਹ ਲਿਫ਼ਾਫ਼ਾ! 
  • ਪਹਿਲਾਂ ਅਸੀਂ ਬਹੁਤ ਜ਼ਿਆਦਾ ਖੁੱਲੇ ਹੁੰਦੇ ਸੀ, ਲੋਕ ਕਿਸੇ ਕੋਲੋਂ ਪੋਸਟਕਾਰਡ ਲਿਖਵਾਉਂਦੇ, ਕਿਸੇ ਨੂੰ ਵੀ ਉਸ ਨੂੰ ਪੋਸਟ ਕਰਣ ਵਾਸਤੇ ਦੇ ਦਿੰਦੇ, ਅੱਗੋਂ ਟਿਕਾਣੇ ਪਹੁੰਚਣ ਤੇ ਵੀ ਕਿਸੇ ਗੁਆਂਢੀ ਕੋਲ ਪੁੱਜ ਗਿਆ ਗ਼ਲਤੀ ਨਾਲ ਤਾਂ ਉਸੇ ਵੇਲੇ ਉਸ ਨੇ ਦੇ ਕੇ ਚਲੇ ਜਾਣਾ, ਫੇਰ ਸਾਡੀ ਨਾਨੀ ਨੇ ਗੁਆਂਢੀਆਂ ਦੇ ਬੱਚਿਆਂ ਦੀ ਚਾਪਲੂਸੀ ਕਰਣੀ ਕਿ ਕਦੋਂ ਇਸ ਕਾ..ਰ..ਡ (ਇੰਝ ਹੀ ਆਖਦੇ ਸੀ ਕਾਰਡ ਨੂੰ ) ਦਾ ਜਵਾਬ ਲਿਖਣਗੇ। ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡੇ ਛੁਪਾਉਣ ਵਾਸਤੇ ਕੁਝ ਵੀ ਨਹੀਂ ਸੀ।  ਅਜ ਦੇ ਦੌਰ ਚ ਮੈਂ ਨਹੀਂ ਸੋਚ ਸਕਦਾ ਕਿ ਮੈਂ ਕਿਸੇ ਨੂੰ ਪੋਸਟਕਾਰਡ ਘੱਲਾਂਗਾ 
  • ਲਿਖਦੇ ਲਿਖਦੇ ਗੱਲਾਂ ਚੇਤੇ ਆਉਂਦੀਆਂ ਨੇ, ਪੋਸਟਕਾਰਡ ਤੇ ਇਕ ਮੁਕਾਬਲਾ ਵੀ ਅਖਬਾਰਾਂ ਚ ਆਉਂਦਾ ਸੀ, ਜਿਸ ਵਿਚ 1ਤੋਂ 10 ਤਕ ਕੁਛ ਨੰਬਰ ਲਿਖਣੇ ਹੁੰਦੇ ਸਨ, ਉਹ ਇੰਨੇ ਸੌਖੇ ਹੁੰਦੇ ਸੀ ਹਰ ਕੋਈ ਕਰ ਲੈਂਦਾ - ਉਸ ਉੱਤੇ ਟਿਕਟ ਵੀ ਨਹੀਂ ਸੀ ਲਾਉਣੀ ਪੈਂਦੀ - ਉਹ ਫੇਰ " ਜਿੱਤਣ ਵਾਲਿਆਂ ਨੇ " VPP ਰਾਹੀਂ ਕੋਈ ਘੜੀ ਜਾਂ ਟਰਾਂਜ਼ਿਸਟਰ ਭੇਜਦੇ - ਬਹੁਤ ਬਾਅਦ ਚ' ਪਤਾ ਲੱਗਾ ਕਿ ਇਹ ਤਾਂ ਆਪਣਾ ਸੌਦਾ ਵੇਚਣ ਦਾ ਇਕ ਉਪਰਾਲਾ ਹੈ 😂
  • ਅਕਸਰ ਘਰਾਂ ਚ' ਸਾਇਕਲਾਂ ਦੀ ਤਾਰ ਵਰਗੀ ਇਕ ਤਾਰ ਮੋੜ ਕੇ ਕਿਸੇ ਕਿਲ ਤੇ ਟੰਗੀ ਹੁੰਦੀ ਜਿਸ ਵਿਚ ਸਾਰੇ ਖਤ ਪਿਰੋਈ ਜਾਣੇ - 😂😂😂😂😂😂😂ਹੁਣ ਸੋਚਦਾ ਹਾਂ ਕਿ ਜੇ ਉਸ ਤਾਰ ਤੇ ਟੰਗੇ 8-10 ਖੱਤ ਪੜ੍ਹ ਲਵੇ ਤਾਂ ਘਰ ਦਾ ਪੂਰਾ ਕੱਚਾ ਚਿੱਠਾ ਉਸਦੇ ਪੱਲੇ ਪੈ ਜਾਵੇ - (ਪਰ ਪਹਿਲਾਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਸੀ) - ਅਕਸਰ ਜ਼ਿੰਦਗੀਆਂ ਖੁੱਲੀਆਂ ਕਿਤਾਬਾਂ ਹੁੰਦੀਆਂ ਸਨ, ਲੋਕ ਹਰ ਇਕ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੇ ਸੀ, ਕਿਸੇ ਦੀ ਵੀ ਪਰਦੇ ਵਾਲੀ ਗੱਲ ਨੂੰ ਐਵੇਂ ਉਛਾਲਦੇ ਨਹੀਂ ਸਨ ਫਿਰਦੇ!
  • ਪੋਸਟ ਕਾਰਡਾਂ ਦੇ ਉੱਤੇ ਕੁਛ ਰੰਗ ਜੇਕਰ ਛਿਡ਼ਕ ਦਿੱਤੇ ਜਾਂਦੇ ਸੀ, ਉਹ ਬਿਨਾ ਪੜ੍ਹੇ ਹੀ ਕੋਈ ਬੁਰੀ ਖ਼ਬਰ, ਖੁਸ਼ਖਬਰੀ ਦਸ ਦਿਆ ਕਰਦੀ ਸੀ - ਬੁਰੀ ਖ਼ਬਰ ਵਾਸਤੇ ਕੀ ਕਰਦੇ ਸੀ, ਪਰ ਖੁਸ਼ੀ ਦੀ ਖ਼ਬਰ ਵਾਸਤੇ ਪੋਸਟ-ਕਾਰਡ ਉੱਤੇ ਕੇਸਰ ਛਿਡ਼ਕ ਦਿੱਤਾ ਜਾਂਦਾ ਸੀ - 
  • ਲੋਕ ਬੜੀ ਗ਼ਲਤ ਸ਼ਰਾਰਤ ਵੀ ਕਰ ਲੈਂਦੇ ਸੀ - ਮੈਂ ਬੜਾ ਛੋਟਾ ਸੀ, ਮੈਨੂੰ ਯਾਦ ਹੈ ਸਾਡੇ ਇਕ ਪੋਸਟਕਾਰਡ ਆਇਆ ਸਾਡੇ ਨਾਨਕੇ ਕਿਸੇ ਦੀ ਮੌਤ ਦਾ - ਉਤੇ ਕੋਈ ਰੰਗ ਵੀ ਛਿੜਕਿਆ ਹੋਇਆ ਸੀ, ਉਹ ਪੜ੍ਹ ਕੇ ਮੇਰੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ - ਸ਼ਾਮਾਂ ਨੂੰ ਮੇਰੇ ਪਾਪਾ ਜੀ ਆਏ, ਫੇਰ ਵਿਚਾਰ ਹੋਇਆ ਕਿ ਇਹ ਲਿਖਾਈ ਤੇ ਕੋਈ ਅਲਗ ਹੈ, ਮੋਹਰ ਵੀ ਅੰਮ੍ਰਿਤਸਰ ਦੀ ਹੀ ਸੀ, ਮੇਰੇ ਭੈਣ ਭਰਾ ਨੇ ਪਛਾਣ ਲਿਆ ਕਿ ਇਹ ਤਾਂ ਗੁਆਂਢ ਦੇ ਭਸੀਨ ਦੀ ਕੁੜੀ ਦੀ ਲਿਖਾਈ ਹੈ - ਉਹ ਗੱਲ ਪੱਕੀ ਵੀ ਹੋ ਗਈ ਕਿ ਸ਼ਰਾਰਤ ਉਹਨਾਂ ਦੀ ਕੁੜੀ ਨੇ ਹੀ ਕੀਤੀ ਸੀ। ਕੋਈ ਗੱਲ ਦਾ ਖਿਲਾਰਾ ਨਹੀਂ ਪਾਇਆ ਗਿਆ, ਪਰ ਜਿੰਨਾ ਕੁ' ਮੈਨੂੰ ਚੇਤੇ ਹੈ ਫੇਰ ਕਦੇ ਵੀ ਉਹਨਾਂ ਨਾਲ ਪਹਿਲਾਂ ਵਰਗਾ ਮਿਲਣਾ-ਜੁਲਣਾ ਨਾ ਰਿਹਾ - ਕਿੱਡਾ ਵੱਡਾ ਪਾਗਲਪਨ ਹੈ ਕਿਸੇ ਦੇ ਘਰ ਮੌਤ ਦੀ ਝੂਠੀ ਖ਼ਬਰ ਘਲ ਦੇਣੀ। 
  • 15-20 ਸਾਲ ਪਹਿਲੇ ਡਾਕਖਾਨੇ ਨੇ ਇਕ ਮੇਘਦੂਤ ਕਾਰਡ ਵੀ ਸ਼ੁਰੂ ਕੀਤੇ ਸੀ - ਇਸ ਵਿਚ ਅੱਧੇ ਪਾਸੇ ਕੋਈ ਸਮਾਜਿਕ ਸੁਨੇਹਾ ਹੁੰਦਾ ਸੀ, ਪਤਾ ਨਹੀਂ ਹੁਣ ਆਉਂਦੇ ਨੇ ਕਿ ਨਹੀਂ। ਮੇਘਦੂਤ ਕਾਰਡ ਤੋਂ ਚੇਤੇ ਆਇਆ ਮੇਰਾ ਇਕ ਪੁਰਾਣਾ ਮਰੀਜ਼ -ਧੀਰ ਸਾਬ - 80-85 ਸਾਲ ਦੀ ਉਮਰ ਸੀ, ਓਹਨਾ ਸਬ ਦੀ ਜਨਮ ਤਾਰੀਕ, ਵਿਆਹ ਦੀ ਵਰੇ-ਗੰਢ, ਬੱਚਿਆਂ ਦੇ ਜਨਮ ਦਿਨ ਆਪਣੀ ਡਾਇਰੀ ਚ' ਲਿਖ ਦੇ ਰੱਖਣੇ -ਸਾਡੀ ਪੋਸਟਿੰਗ ਕੀਤੇ ਵੀ ਹੋਣੀ, ਓਹਨਾ ਦਾ ਪੋਸਟਕਾਰਡ ਸਾਨੂੰ ਉਸ ਦਿਨ ਨਹੀਂ ਤੇ ਇਕ ਦਿਨ  ਪਹਿਲਾਂ ਪਹੁੰਚ ਜਾਣਾ - ਕਈ ਚੀਜ਼ਾਂ ਸਾਨੂੰ ਇਸ ਤਰ੍ਹਾਂ ਦੀਆਂ ਰੂਹਾਂ ਕੋਲੋਂ ਵੀ ਸਿੱਖਣ ਦੀ ਲੋੜ ਹੈ - ਕਿਸੇ ਮੌਕੇ ਤੇ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਪੋਸਟਕਾਰਡ ਜਦੋਂ ਪੁੱਜਦਾ ਹੀ, ਉਸਦੀ ਕਿ ਕੀਮਤ ਹੁੰਦੀ ਹੈ ਇਹ ਓਹੀ ਜਾਣਦਾ ਹੀ ਜਿਸਨੂੰ ਇਸ ਤਰ੍ਹਾਂ ਦਾ ਕਾਰਡ ਮਿਲਦੈ 🙏🙏🙏🙏🙏😘ਸ਼ੁਕਰੀਆ, ਧੀਰ ਸਾਹਬ।
ਮੇਰੇ ਖਿਆਲ ਚ' ਅੱਜ ਲਈ ਇੰਨਾ ਹੀ ਬੜਾ ਏ - ਚਿੱਠੀ ਪਤਰੀ ਵਾਲੇ ਦਿਨਾਂ ਦੀਆਂ ਹੋਰ ਗੱਲਾਂ ਫੇਰ ਕਦੇ - 
ਫੌਜੀਆਂ ਦੀ ਗੱਲ ਤੋਂ ਸ਼ੁਰੂਆਤ ਹੋਈ ਸੀ, ਇਸ ਲਈ ਇਸ ਪੋਸਟ ਨੂੰ ਬੰਦ ਕਰਦਿਆਂ ਵੀ ਫੌਜੀਆਂ ਦੀਆਂ ਜ਼ਿੰਦਗੀ ਚ' ਚਿੱਠੀਆਂ ਦੇ ਮਹਤੱਵ ਨੂੰ ਦਰਸ਼ਾਉਂਦਾ ਬਾਰਡਰ ਫਿਲਮ ਦਾ ਇਹ ਗੀਤ ਸੁਣਨਾ ਹੀ ਪਉ - ਉਹਨਾਂ ਚ' ਇਕ ਤੇ ਹੁਣ ਪੰਜਾਬ ਤੋਂ ਐਮ.ਪੀ ਹੈ - ਇਹਨਾਂ ਦੀਆਂ ਵੀ ਮੌਜਾਂ ਨੇ !


Wednesday 17 July 2019

ਹੁਣ ਤੇ ਸ਼ਹਿਰਾਂ ਚ' ਜੰਗਲ ਲਾਉਣ ਦੀ ਗੱਲ ਕਰਿਆ ਕਰੋ !

ਕਲਾਕਾਰ ਨੂੰ ਵੀ ਰਬ ਨੇ ਕਿੱਢੀ ਵੱਡੀ ਦਾਤ ਦਿੱਤੀ ਹੁੰਦੀ ਹੈ ਇਕ ਉਹ ਆਪਣੇ ਦਿਲ ਦੀ ਗੱਲ ਨੂੰ ਬੁਰਸ਼ ਨੂੰ ਰੰਗ ਚ' ਡੁਬੋ ਕੇ ਕਹਿੰਦੈ ਤੇ ਲਾਂਬੇ ਹੋ ਜਾਂਦੈ - ਇਸ ਦਾ ਇਕ ਪ੍ਰਤੱਖ ਨਮੂਨਾ ਇਹ ਦੇਖੋ -
ਗੱਲ ਕਿੱਡੀ ਵੱਡੀ ਕਹਿ ਗਿਆ ਹੈ ਇਹ ਕਲਾਕਾਰ - ਜਿਹੜੀ ਅਸੀਂ ਸੋਚਦੇ ਹੀ ਰਹਿੰਦੇ ਹਾਂ ਜਦੋਂ ਹਰ ਪਾਸੇ 20 ਕੁ' ਬੰਦਿਆਂ ਨੂੰ 20 ਕੁ' ਪੱਤਿਆਂ ਨੂੰ ਹੂੰਝਦਿਆਂ ਅਖਬਾਰਾਂ ਚ' ਤਸਵੀਰਾਂ ਦੇਖ ਦੇਖ ਜਦੋਂ ਸਿਰ ਦੁਖਣ ਲੱਗ ਜਾਂਦੈ।

ਇਹੋ ਗੱਲ ਰੁੱਖਾਂ ਦੇ ਲਾਉਣ ਬਾਰੇ ਵੀ ਹੈ - ਹੁਣ ਟਾਵੇਂ ਟਾਵੇਂ ਰੁੱਖਾਂ ਨਾਲ, ਤੇ ਹਰ ਰੁੱਖ ਨਾਲ ਆਪਣਾ ਨਾਂ ਤੇ ਓਹਦਾ ਲਿਖਵਾਉਣ ਨਾਲ ਕੁਝ ਨਹੀਂ ਹੋਂਦਾ ਦਿਸਦਾ - ਮੈਂ ਤੇ ਜਦੋਂ ਵੀ ਵੱਡੀਆਂ ਬਿਲਡਿੰਗਾਂ ਤੋਂ ਅਲਾਵਾ ਰਿਹਾਇਸ਼ੀ ਘਰਾਂ ਵਲ ਵੀ ਨਜ਼ਰ ਮਾਰਦਾਂ ਤੇ ਦੁੱਖ ਹੀ ਹੁੰਦੈ ਕਿ ਹਰ ਖੁੱਜੇ ਚ' ਏ.ਸੀ - ਇੰਝ ਕਿਵੇਂ ਚੱਲੇਗਾ, ਇਹਨਾਂ ਤੋਂ ਨਿਕਲਣ ਵਾਲੀ ਗਰਮ ਤੇ ਮਾੜੀ ਹਵਾੜ ਵੀ ਤੇ ਸਾਨੂੰ ਹੀ ਫਕਣੀ ਪੈਂਦੀ ਹੈ।  ਇਸ ਲਈ ਤੇ ਹੁਣ ਇਸ ਤਰ੍ਹਾਂ ਦੇ ਉਪਰਾਲੇ ਕਰਣ ਦੀ ਲੌੜ ਹੈ ਕਿ ਸ਼ਹਿਰਾਂ ਚ' ਵੀ ਜਗ੍ਹਾ ਜਗ੍ਹਾ ਤੇ ਜੰਗਲ ਹੀ ਨਜ਼ਰੀਂ ਆਉਣ

ਮੈਂ ਆਪਣੇ ਹਿੰਦੀ ਦੇ ਬਲਾਗ ਚ' ਤੇ ਲਖਨਊ ਦੇ ਬਾਗ਼ਾਂ ਬਾਰੇ ਬੜਾ ਲਿਖਦਾ ਰਹਿੰਦਾ ਸਾਂ, ਇਥੇ ਬਹੁਤ ਸੁੰਦਰ ਸੁੰਦਰ ਬਾਗ ਨੇ - ਪਹਿਲਾਂ ਨਵਾਬਾਂ ਨੇ ਬਣਾ ਦਿੱਤੇ, ਫੇਰ ਮਾਇਆਵਤੀ ਨੇ, ਫੇਰ ਯਾਦਵਾਂ ਨੇ ਤੇ ਹੁਣ ਯੋਗੀ ਲੱਗਾ ਹੋਇਆ - ਮੈਨੂੰ ਇਹ ਬਾਗ਼ ਲਾਉਣ ਦੀ ਦੌੜ ਬੜੀ ਚੰਗੀ ਲੱਗਦੀ ਏ, ਬਾਕੀ ਦੀਆਂ ਗੱਲਾਂ ਤੁਸੀਂ ਆਪਸ ਵੀ ਨੈਬੇੜਦੇ ਰਹੋ, ਆਮ ਜਨਤਾ ਨੂੰ ਤੇ ਸ਼ਰੀਰ, ਦਿਮਾਗ ਤੇ ਰੂਹ ਦੀ ਹਵਾੜ ਕੱਢਣ ਦੀ ਥਾਂ ਲੱਭ ਜਾਂਦੀ ਹੈ -

ਸ਼ਰੀਰ ਦੀ ਹਵਾੜ ਮਤਲਬ ਜਦੋਂ ਲੋਕੀਂ ਓਥੇ ਚਲਦੇ-ਫਿਰਦੇ ਨੇ, ਦਿਮਾਗ ਦੀ ਹਵਾੜ ਜਦੋਂ ਆਪਣੇ ਸੰਘੀ-ਸਾਥੀਆਂ ਨਾਲ ਦਿਲ ਖੋਲ ਕੇ ਗੱਲਾਂ ਕਰਦੇ ਨੇ, ਤੇ ਇਨ੍ਹਾਂ ਜਗ੍ਹਾ ਦੇ ਰੱਬੀ ਨਜ਼ਾਰੇ ਤੇ ਸੁਹੱਪਣ ਵੇਖ ਕੇ ਜਦੋਂ ਰੂਹ ਨੂੰ ਉਸ ਦੀ ਖੁਰਾਕ ਮਿਲਦੀ ਹੈ ਤੇ ਉਸ ਅੱਗੇ ਬਾਕੀ ਸਾਰੀਆਂ ਖੁਰਾਕਾਂ ਫੇਲ ਹਨ.

ਅੱਜ ਅਸੀਂ ਸਵੇਰੇ ਜਿਹੜੇ ਬਾਗ ਚ' ਗਏ ਉਸ ਦਾ ਵੀ ਰਕਬਾ ਕੋਈ ਬਹੁਤ ਵੱਡਾ ਨਹੀਂ ਹੈ, ਸ਼ਾਇਦ ਅੰਮ੍ਰਿਤਸਰ ਦੇ ਗੋਲ ਬਾਗ਼ ਜਿੱਡਾ ਹੋਵੇਗਾ - ਪਰ ਇਥੇ ਇੰਨੀ ਹਰਿਆਲੀ ਹੈ - ਇੰਝ ਲੱਗਦੈ ਜਿਵੇਂ ਬੰਦਾ ਕਿਸ ਜੰਗਲ ਚ' ਘੁੰਮ ਰਿਹੈ - ਕੁਝ ਤਸਵੀਰਾਂ ਜਿਹੜੀਆਂ ਅੱਜ ਖਿੱਚੀਆਂ ਨੇ, ਤੁਸੀਂ ਵੀ ਦੇਖੋ  -











ਬਾਹਰ ਆਉਂਦਿਆਂ ਹੀ ਇਕ ਹੋਰ ਪਾਰਕ ਹੈ ਇਸ ਪਾਰਕ ਦੇ ਸਾਹਮਣੇ -

ਇਹ ਕਲ ਦੀ ਤਸਵੀਰ ਹੈ -

ਗੱਲ ਜੰਗਲ ਲਾਉਣ ਦੀ ਹੋ ਰਹੀ ਹੈ ਤੇ ਇਕ ਗਰੁੱਪ ਦਾ ਇਹੋ ਜੇਹਾ ਕੰਮ ਵੇਖ ਕੇ ਕੁਛ ਦਿਨ ਪਹਿਲਾਂ ਵਹਾਤਸੱਪ ਤੇ ਆਈ ਇਕ ਵੀਡੀਓ ਵੇਖ ਕੇ ਚੰਗਾ ਲੱਗਾ - Ecosikh ਦਾ ਨਾਂ ਹੈ ਸੰਸਥਾ ਦਾ - ਕੰਮ ਤੇ ਬੜਾ ਚੰਗਾ ਕਰਦੇ ਨੇ, ਇਹ ਪੰਜਾਬ ਦੀਆਂ ਵੱਖੋ ਜਗ੍ਹਾ ਤੇ ਜੰਗਲ ਲੈ ਰਹੇ ਨੇ - ਤੁਸੀਂ ਵੀ ਗੂਗਲ ਕਰ ਲੈਣਾ - Ecosikh - ਜਾਂ ਯੂ-ਟੀਊਬ ਤੇ ਸਰਚ ਕਰਣਾ, ਇੰਨੀਆਂ ਦੀਆਂ ਬਹੁਤ ਵੀਡੀਓ ਹਨ. ਇਕ ਤੇ ਤੁਸੀਂ ਹੁਣੇ ਹੀ ਵੇਖ ਛੱਡੋ ਜੀ -

ਜਾਂਦੇ ਜਾਂਦੇ ਮੇਰਾ ਅੱਜ ਦਾ ਵਿਚਾਰ ਕਿ ਆਪਾਂ ਕੋਈ ਵੀ ਚੰਗਾ ਕੰਮ ਕਰੀਏ ਤੇ ਕੋਸ਼ਿਸ਼ ਕਰੀਏ ਉਸ ਸੰਸਥਾ ਦਾ ਨਾਂ ਵੀ ਇਸ ਤਰ੍ਹਾਂ ਦਾ ਹੋਵੇ ਜਿਸ ਤੋਂ ਸਮਾਜ ਦੇ ਸਾਰੇ ਲੋਕਾਂ ਦੇ ਇਕੱਠ ਦੀ ਖੁਸ਼ਬੂ ਆਵੇ - ਸਾਰੇ ਧਰਮ ਸਾਂਝੇ ਨੇ, ਕਿਸੇ ਰੱਬੀ ਪੁਰਸ਼ ਨੇ ਕਿਸੇ ਇਕ ਧਰਮ ਵਾਸਤੇ ਕੁਝ ਨਹੀਂ ਕਿਹਾ - ਸਰਬ ਸਾਂਝੀਆਂ ਗੱਲਾਂ ਕਹੀਆਂ, ਰਬੀ ਗੱਲਾਂ ਕੀਤੀਆਂ ਜਿਹੜੀਆਂ ਸਾਰੀਆਂ ਹੱਦਾਂ-ਬੰਨ੍ਹੇ ਢਾਹ ਦਿੰਦੀਆਂ ਨੇ -

 ਠੀਕ ਉਸੇ ਤਰ੍ਹਾਂ ਜਿਵੇਂ ਕੁਛ ਘੱਟ ਸੋਚ ਵਾਲੇ ਲੋਕ ਕਿਸੇ ਜ਼ੁਬਾਨ ਨੂੰ ਕਿਸੇ ਫਿਰਕੇ, ਧਰਮ ਜਾਂ ਮਜ਼ਹਬ ਦੀ ਜ਼ੁਬਾਨ ਸਮਝ ਲੈਂਦੇ ਨੇ - ਮੈਂ ਵੀ 55 ਸਾਲ ਦੀ ਉਮਰ ਚ' ਇਥੇ ਲਖਨਊ ਚ' ਹੀ ਇਹ ਗੱਲ ਸਿੱਖੀ ਕਿ ਬੋਲੀ ਕਿਸੇ ਵੀ ਧਰਮ ਦੀ ਜਾਗੀਰ ਨਹੀਂ ਹੁੰਦੀ, ਬੋਲੀਆਂ ਧਰਮਾਂ ਦੀਆਂ ਨਹੀਂ ਹੁੰਦੀਆਂ -ਬੋਲੀਆਂ ਇਲਾਕਿਆਂ ਦੀਆਂ ਹੁੰਦੀਆਂ ਨੇ - ਮੈਂ ਇਸ ਗੱਲ ਨਾਲ ਪੂਰਾ ਪੂਰਾ ਇਤਫ਼ਾਕ ਰੱਖਦਾਂ - ਤੁਸੀਂ ਵੀ ਸੋਚਿਓ !

ਚਲੋ ਜੀ, ਆਓ ਹੁਣ ਆਨੰਦ ਮਾਣੀਏ, ਮਾਸਟਰ ਸਲੀਮ ਦੀ ਰੂਹਾਨੀ ਆਵਾਜ਼ ਦਾ - ਦੇਖਦੇ ਹਾਂ ਕਿ ਕਹਿ ਰਿਹੈ - ਰਬ ਦਾ ਪਤਾ ਦਸ ਰਿਹੈ, ਰਬ ਕਿੱਥੇ ਵਸਦੈ - ਇਹ ਬੋਲ ਦੋ ਚਾਰ ਵਾਰ ਸੁਣਦੇ ਸੁਣਦੇ (ਦਸ ਵਾਰ ਤਾਂ ਸਵੇਰ ਦਾ ਮੈਂ ਸੁਣ ਚੁਕਿਆਂ !!) ...ਜੇ ਸਲੀਮ ਦੀ ਆਵਾਜ਼ ਦੀ ਖਿੱਚ ਨਾਲ ਅੱਖਾਂ ਭਿੱਜ ਜਾਣ ਤਾਂ ਇਸ ਨੂੰ ਵੀ ਦਾਤੇ ਦੀ ਰਹਿਮਤ ਸਮਝ ਕੇ ਕਬੂਲ ਕਰ ਲੇਓ।  

ਵਾਧੂ ਚਰਬੀ ਬਾਲਣ ਲਈ ਆਪਾਂ ਕਰਦੇ ਕੀ ਹਾਂ ?

ਅੱਜ ਮੇਰੇ ਸਕੂਲ ਦੇ ਸਾਥੀ ਨੇ ਇਕ ਵੀਡੀਓ ਪਾਈ ਜਿਸ ਵਿਚ ਹੋ ਆਪਣੇ ਘਰ ਦੇ ਪਿਛਲੇ ਪੈਲੀ ਚੋਂ ਝਾੜੀਆਂ ਖਿੱਚ ਰਿਹਾ ਸੀ, ਇਕ ਹੋਈ ਹਲ ਜਿਹਾ ਸੀ ਜਿਸ ਨੂੰ ਹੱਥ ਨਾਲ ਚਲਾਂਦੇ ਨੇ.

ਮੈਨੂੰ ਉਸ ਨੂੰ ਇਹ ਮੇਹਨਤ ਦਾ ਕੰਮ ਕਰਦਿਆਂ ਵੇਖ ਬਹੁਤ ਖੁਸ਼ੀ ਹੋਈ - ਉਹ ਸਰਜਨ ਹੈ - ਉਸ ਨੇ ਲਿਖਿਆ ਕਿ ਅਸੀਂ ਚੰਗੀ ਤਰ੍ਹਾਂ ਖਾ-ਪੀ ਕੇ ਉਸ ਨੂੰ ਖਪਾਉਣ ਲਈ ਜ਼ਾਂ ਸਾਈਕਲ ਚਲਾਉਣ ਜਾਂਦੇ ਹਾਂ , ਜਿਮ ਜਾਂਦੇ ਹੈ - ਬੱਸ ਓਥੇ ਉਹ ਖਾਧਾ ਹੋਇਆ ਥੋੜਾ ਬਹੁਤ ਬੰਨ੍ਹੇ ਲਾ ਕੇ ਆ ਵੜਦੇ ਹਾਂ. ਸਹੀ ਗੱਲ ਹੈ, ਇੰਝ ਹੀ ਤੇ ਹੋ ਰਿਹੈ ਖ਼ਾਂਦੇ ਪੀਂਦੇ ਘਰਾਂ ਵਿਚ.

ਉਸ ਸਾਥੀ ਨੇ ਇਕ ਬੜੀ ਚੰਗੀ ਲਿਖੀ ਕਿ ਅਸੀਂ ਉਹਨਾਂ ਜਗ੍ਹਾਂ ਤੇ ਜਾ ਕੇ ਚਲੋ ਮੰਨ ਲਵੋ ਕੁਛ ਚਰਬੀ ਫੂਕ ਵੀ ਆਏ, ਤੇ ਕੈਲੋਰੀਆਂ ਖਪਾ ਆਏ, ਫੇਰ ਵੀ ਕੁਛ ਉਸਾਰੂ ਕੰਮ ਤੇ ਨਾ ਹੋਇਆ - ਗੱਲ ਓਹਦੀ ਮੰਨ ਚ ਲੱਗੀ ਕਿ ਜੇਕਰ ਕਿਸੇ ਦੇ ਘਰ ਚ' ਕੋਈ ਮੇਹਨਤ ਵਾਲਾ ਕੰਮ ਰੁਕਿਆ ਪਿਆ ਹੈ ਤਾਂ ਉਸ ਨੂੰ ਕਰਣ ਬਾਰੇ ਸੋਚਿਆ ਜਾ ਸਕਦੈ - ਕੰਮ ਦਾ ਕੰਮ ਵੀ ਹੋ ਜਾਉ, ਤੇ ਨਾਲੇ ਚਰਬੀ ਵੀ ਫੂਕੀ ਗਈ। .

ਮੈਨੂੰ ਵੀ ਇਹ ਬੜਾ ਅਜੀਬ ਲੱਗਦੈ ਕਿ ਪਹਿਲਾਂ ਅੰਨ੍ਹੇਵਾਹ ਖਾ ਲਵੋ, ਫੇਰ ਉਸ ਨੂੰ ਝਾੜਣ ਦਾ ਜੁਗਾੜ ਲੱਭੀ ਫਿਰੋ। ਵਿਸ਼ਵ ਸਿਹਤ ਸੰਗਠਨ ਵੀ ਇਹੋ ਕਹਿੰਦੈ ਕਿ ਉਹ ਵੀ ਬਹੁਤ ਚੰਗੀ ਗੱਲ ਹੈ ਜੇਕਰ ਕਿਸੇ ਵੀ ਤਰ੍ਹਾਂ ਦੇ ਸ਼ਰੀਰਕ ਕੰਮ ਨੂੰ ਆਪਣੇ ਦਿਨ ਦੇ ਰੋਜ਼ਾਨਾ ਦੇ ਕੰਮਾਂ ਨਾਲ ਹੀ ਜੋੜ ਲਿਆ ਜਾਵੇ - ਜਿਵੇਂ ਪਹਿਲਾਂ ਅਸੀਂ ਲੋਕੀ ਦੁੱਧ ਲੈਣ ਜਾਂਦੇ ਸੀ ਸਾਈਕਲ ਤੇ ਜ਼ਾਂ ਪੈਦਲ, ਤੀਵੀਆਂ ਸਬਜ਼ੀ ਲੈਣ ਜਾਂਦੀਆਂ ਸੀ ਪੈਦਲ, ਅਸੀਂ ਪੋਸਟਕਾਰਡ ਪਹਿਲਾਂ 10 ਮਿੰਟ ਸਾਈਕਲ ਵਾਹ ਕੇ ਜਾਣਾ, ਫੇਰ ਜਦੋਂ ਉਸ ਨੇ ਲਿਖਿਆ ਜਾਣਾ, ਫੇਰ ਓਹੀ ਸਾਈਕਲ ਯਾਤਰਾ ਸ਼ੁਰੂ ਹੋ ਜਾਣੀ - ਇਹ ਪੜ੍ਹਣ ਵਾਲੇ ਤੁਸੀਂ ਜਾਂਦੇ ਹੀ ਹੋ ਕਿ ਪਹਿਲਾਂ ਘਰ ਚ ਸਾਰਿਆਂ ਦੀ ਬਦੋ-ਬਦੀ ਕਸਰਤ ਹੋ ਹੀ ਜਾਂਦੀ ਸੀ, ਕੋਈ ਪਰੌਣੇ ਆਉਣ ਤੇ ਬਿਸਕੁਟ ਲਿਆ ਰਿਹੈ , ਕੋਈ ਸਮੋਸੇ ਤੇ ਕੋਈ ਸ਼ਰਬਤ ਬਣਾਉਣ ਲਈ ਬਰਫ ਲੈਣ ਚਲਾ ਗਿਆ ਏ, ਕਿਸੇ ਦੀ ਡਿਊਟੀ ਭੱਠੀ ਤੇ ਦਾਣੇ ਭਨਾਉਣ ਤੇ ਲੱਗ ਜਾਂਦੀ, ਕੰਮ ਵਾਧੂ ਹੁੰਦੇ ਇਸ, ਕਰਣ ਵਾਲੇ ਘੱਟ ਪੈ ਜਾਂਦੇ ਸੀ -

ਹੁਣ ਜੀ ਅਸੀਂ ਦੇਖਦੇ ਹਾਂ ਕਿ ਏ.ਸੀ ਚੋਂ'  ਨਿਕਲਣਗੇ, ਏ.ਸੀ ਗੱਡੀ ਕੱਢ ਕੇ,  ਏ.ਸੀ ਜ਼ਿੱਮਾ ਚ' ਥੋੜੀ ਚਰਬੀ ਖੋਰਣ ਲਈ ਜਿੰਝ ਆਪਣੇ ਆਪ ਨੂੰ ਤਸੀਹੇ ਦੇ ਆਉਣਗੇ, ਬਈ ਅਜ ਦੇ ਇਹੋ ਜਿਹੇ ਜਵਾਨਾਂ ਤਾਂ ਕੁਦਰਤ ਦੀਆਂ ਦਾਤਾਂ ਨਾਲ ਭਰੇ ਹੋਏ ਬਾਗ਼-ਬਗੀਚੇ ਚ' ਵੀ  ਜਾ ਕੇ ਰਾਜ਼ੀ ਨਹੀਂ - ਇੰਨੀ ਹੁਮੀਡੀਟੀ ਚ' ਕੌਣ ਪਸੀਨੇ ਚ' ਗੜੁੱਚ ਹੋਣ ਜਾਵੇ। 

ਮੁਕਦੀ ਗੱਲ ਇਹੋ ਕਿ ਹੁਣ ਤੇ ਸਾਡੀ ਵਰਜਿਸ਼ ਚ ' ਵੀ ਗੜਬੜ ਹੈ - ਕੋਸ਼ਿਸ਼ ਕਰੋ ਆਪਣੇ ਕੰਮ ਤੇ ਖੁਦ ਕਰੀਏ ਹੀ ਤੇ ਬਾਹਰ ਵਰਜਿਸ਼ ਕਰਣ ਜਾਣਾ ਵੀ ਏ ਤੇ ਖੁੱਲੀਆਂ ਥਾਵਾਂ ਤੇ, ਬਾਗ਼ਾਂ ਦਾ ਰੁੱਖ ਕਰੀਏ -

ਮੇਰੀ ਵੀ ਓਹੀ ਗੱਲ ਗੱਲ ਹੈ ਕਿ ਤੂੰ ਕੌਣ ਮੈਂ ਖਾਮਖਾਂ - ਕਿੰਨੂੰ ਵਿਹਲ ਹੈ ਇਹ ਸਬ ਕੁਛ ਪੜਣ ਦੀ, ਜਦੋਂ ਮੈਂ ਆਪਣੇ ਨਿਆਣਿਆਂ ਨੂੰ ਆਪਣੀਆਂ ਲਿਖਤਾਂ ਦਾ ਲਿੰਕ ਕਦੇ ਭੇਜਦਾ ਹਾਂ ਤੇ ਮੈਨੂੰ ਪਰਚਾਉਣ ਲਈ ਲਿਖਦੇ ਨੇ - ਪੜਾਂਗੇ ਜੀ, ਮੈਂ ਅੱਗੋਂ  ਕਹਿ ਦੇਂਦਾ ਹਾਂ - ਰਬ ਤੁਹਾਡਾ ਭਲਾ ਕਰੇ !

ਸੋਚਣ ਵਾਲੀ ਗੱਲ ਇਹ ਵੀ ਹੈ ਕਿ ਦਾਰਾ ਸਿੰਘ ਜੀ, ਮਿਲਖਾ ਸਿੰਘ ਜੀ ਹੋਣ, ਇਹ ਕਿਹੜਿਆਂ ਜਿੰਮਾਂ ਚ ਗਏ ਕਦੇ, ਇੰਨਾ ਕਿਹੜੇ ਸਪਲੀਮੈਂਟ ਖਾਦੇ ਕਦੀ !!





Monday 15 July 2019

ਸ਼ੁਗਰ-ਫ੍ਰੀ ਨਾਉਂ ਦੀ ਗ਼ਲਤ ਵਰਤੋਂ

ਕਲ ਸਵੇਰੇ ਨਾਸ਼ਤੇ ਤੋਂ ਬਾਅਦ ਮੈਂ ਪਲੇਟ ਰੱਖਣ ਰਸੋਈ ਚ' ਗਿਆ (ਬਚਪਨ ਤੋਂ ਪਈ ਇਕ ਚੰਗੀ ਆਦਤ 😃) ਤਾਂ ਓਥੇ ਸੈਲਫ ਤੇ ਪਏ ਇਹ ਆਲੂਆਂ ਦੀ ਥੈਲੀ ਵੱਲ ਨਜ਼ਰ ਪੈ ਗਈ - ਓਹਦਾ ਕਾਰਣ ਸੀ ਇਹ ਲਿਸ਼ਕਦਾ ਹੋਇਆ ਇਸ ਵਿਚ ਪਿਆ ਸਟਿੱਕਰ - ਜਿਸ ਉੱਤੇ ਮੋਟਾ ਮੋਟਾ ਲਿਖਿਆ ਹੋਇਆ ਸੀ - ਸ਼ੁਗਰ ਫ੍ਰੀ। 


ਸ਼ੁਗਰ ਫ੍ਰੀ ਆਲੂ ਵੀ ਆ ਗਏ ਨੇ, ਸਾਇੰਸ ਨੇ ਐੱਡੀ ਤਰੱਕੀ ਕਰ ਲਈ, ਹੈਰਾਨੀ ਹੋਈ- ਉਸ ਵੇਲੇ ਧਿਆਨ ਪਾਰਲੀਮੈਂਟ ਚ' ਆਲੂਆਂ ਬਾਰੇ ਰਾਹੁਲ ਗਾਂਧੀ ਦੇ  ਭਾਸ਼ਣ ਤੇ ਸੁਸ਼ਮਾ ਸਵਰਾਜ ਦੀ ਜਵਾਬੀ ਸਪੀਚ ਵੱਲ ਵੀ ਨਹੀਂ ਗਿਆ -

ਵੇਖੋ ਇਸ ਸਟਿੱਕਰ ਥੱਲੇ ਕਿਸੇ ਟੈਚਨੋਲੋਜੀ ਦਾ ਵੀ ਜਿਕਰ ਹੈ, ਇਕ ਮਿੰਟ ਵਾਸਤੇ ਤੇ ਇੰਝ ਲੱਗਾ ਕਿ ਕੁਦਰਤ ਨਾਲ ਹੋਰ ਕਿਹੜੇ ਪੰਗੇ ਲੈਣੋਂ ਅਸੀਂ ਰਹਿ ਗਏ ਹਾਂ ਜਿਹੜਾ ਇਹ ਸ਼ੁਗਰ-ਫ੍ਰੀ ਆਲੂ ਮੈਨੂੰ ਬੜੀ ਅਸ਼ਚਰਜ ਗੱਲ ਲੱਗ ਰਹੀ ਏ. ..

ਓਸੇ ਵੇਲੇ ਮਿਸਿਜ਼ ਕੋਲੋਂ ਪੁੱਛਿਆ ਕਿ ਹੁਣ ਸ਼ੁਗਰ ਫ੍ਰੀ ਆਲੂ ਵੀ ਮਿਲਣ ਲੱਗ ਪਏ ਨੇ? - ਉਹਨਾਂ ਨੂੰ ਵੀ ਇਹ ਸਟਿੱਕਰ ਬਾਰੇ ਦੱਸਿਆ ਤੇ ਉਹਨਾਂ ਚਾਨਣ ਪਾਇਆ - ਇੰਝ ਕੁਛ ਨਹੀਂ, ਇਹ ਆਲੂ ਮਿੱਠੇ ਨਹੀਂ ਬੰਦੇ ਬਣਦੇ ਹੋਣੇ, ਇਸ ਲਈ ਉੱਤੇ ਇਹ ਟਿਕਾ ਦਿੱਤਾ ਹੋਣੈ !

ਫੇਰ ਮੈਨੂੰ ਵੀ ਧਿਆਨ ਆਇਆ ਕਿ ਹਾਂ, ਮਿੱਠੇ ਆਲੂ ਵੀ ਇਕ ਐਂਟੀਟੀ ਤੇ ਹੈ ਜਿਸ ਤੋਂ ਲੋਕ ਨਫਰਤ ਕਰਦੇ ਨੇ -

ਸਭ ਨੂੰ ਨਵੇਂ ਆਲੂ ਆਉਣ ਦੀ ਉਡੀਕ ਰਹਿੰਦੀ ਏ ਜਿਹੜੇ ਨਵੰਬਰ ਦੇ ਆਸੇ ਪਾਸੇ ਆਉਂਦੇ ਨੇ (ਇਹ ਗਿਆਨ ਵੀ ਮਿਸਿਜ਼ ਕੋਲੋਂ ਹਾਸਿਲ ਹੋਇਆ!)

ਸਾਡੀ ਦਿੱਕਤ ਇਹੋ ਹੈ ਕਿ ਅਸੀਂ ਜਿਵੇਂ ਮਰਜੀ ਕਿਸੇ ਨੇ ਕਿਵੇਂ ਹੀ ਭਰਮਾ ਕੇ ਕੋਈ ਵੀ ਸੌਦਾ ਟਿਕਾ ਦੇਂਦੇ ਹਾਂ - ਅੱਗੋਂ ਖ਼ਰੀਦਣ ਵਾਲੇ ਵੀ ਕੋਈ ਇੰਨੀ ਘੋਖ ਕਰਦਾ ਨਹੀਂ, ਜੇ ਭਾਈ ਸ਼ੁਗਰ-ਫ੍ਰੀ ਕਹਿ ਰਿਹਾ ਹੋਣੈ ਤੇ ਸ਼ੁਗਰ-ਫ੍ਰੀ ਹੀ ਹੋਏਗਾ ਇਹ ਆਲੂ। ਪਰ ਇਸ ਤਰ੍ਹਾਂ ਦੇ ਗ਼ਲਤ ਦਾਅਵੇ ਕਰਣੇ ਲੋਕਾਂ ਦੀ ਸਿਹਤ (ਖਾਸ ਕਰ ਕੇ ਸ਼ੁਗਰ ਦੇ ਮਰੀਜਾਂ) ਨਾਲ ਧੋਖਾ ਹੈ - ਇੰਝ ਵੀ ਤੇ ਹੋ ਸਕਦੈ ਕਿ ਇਸ ਤਰ੍ਹਾਂ ਦੇ ਸਟਿੱਕਰ ਵੇਖ ਕੇ ਸਾਰੇ ਹੀ ਲੋਕ (ਸ਼ੁਗਰ ਵਾਲੇ ਤੇ ਵੀ ਤੇ ਦੂਜੇ ਵੀ) ਆਲੂਆਂ ਦੇ ਟੁੱਟ ਪੈਣ - 

ਆਲੂ ਤੇ ਆਲੂ ਹੈ - ਜਿਵੇਂ ਤੁਹਾਡੇ ਡਾਕਟਰ ਨੇ ਸਲਾਹ ਦਿੱਤੀ ਹੈ ਉਹਨਾਂ ਤੋਂ ਦੂਰ ਰਹਿਣ ਦੀ ਜ਼ਾਂ ਬੜੇ ਸੋਚ ਸਮਝ ਕੇ ਥੋੜੇ ਬਹੁਤ ਖਾਣ ਦੀ ਓਹੀ ਸਲਾਹ ਨੂੰ ਮੰਨਣਾ ਜ਼ਰੂਰੀ ਹੈ, ਬਾਕੀ ਸਬ ਢਕੋਂਸਲੇ ਨੇ, ਹੋਰ ਕੱਖ ਨਹੀਂ!!

ਇਹ ਇਕ ਉਦਾਹਰਣ ਨਹੀਂ ਜਿਥੇ ਅਸੀਂ ਸ਼ੁਗਰ-ਫ੍ਰੀ ਨੇ ਨਾਂਅ ਦਾ ਅਸੀਂ ਸੋਸ਼ਣ ਨਹੀਂ ਕਰ ਰਹੇ - ਗੁਆਂਢ ਚ' ਕੁਲਫੀਆਂ ਵੇਚਣ ਵਾਲੇ ਤੋਂ ਲੈ ਕੇ ਸ਼ਹਿਰ ਦੀ ਵੱਡੀ ਤੋਂ ਵੱਡੀ ਮਿਠਾਈ ਦੀ ਦੁਕਾਨ ਤੇ ਚਲੇ ਜਾਈਏ - ਹਰ ਕੀਤੇ ਇਹ ਸ਼ੁਗਰ-ਫ੍ਰੀ ਦਾ ਨਖਰਾ ਦਿੱਖ ਜਾਂਦੈ ਕਿਓਂਕਿ ਇਹ ਨਵਾਂ ਨਵਾਂ ਕ੍ਰੇਜ਼ ਹੈ - ਕੋਈ ਸ਼ੁਗਰ ਵਾਲਾ ਬੰਦਾ ਤੇ ਆਪਣੀ ਸ਼ੁਗਰ ਦੇ ਲੈਵਲ ਨੂੰ ਰੋਕਣ ਲਈ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਚੱਕਰ ਚ' ਆ ਜਾਉਂਦੈ ਤੇ ਕੁਛ ਮੋਮਬੱਤੀ ਭਲਵਾਨ (ਪਿਜਜ਼ੇ, ਨੂਡਲ, ਮੋਮੋ ਸ਼ੋਮੋ ਤੇ ਪਲਣ ਵਾਲੇ!!) ਵੀ ਜਦੋਂ ਇਹ ਚੀਜ਼ਾਂ ਦੀ ਵਰਤੋਂ ਕਰਦੇ ਨੇ ਤਾਂ ਇਕ ਵਾਰ ਖਿਆਲ ਆਉਂਦਾ ਕਿ ਕੋਈ ਹਨ ਨੂੰ ਸਮਝਾਵੇ - ਭਲਿਆ ਲੋਕਾ, ਪਹਿਲਾਂ ਆਪਣਾ ਖਾਣਾ ਪੀਣਾ ਤੇ ਠੀਕ ਕਰ, ਜਵਾਨਾ!

 ਜਿਥੇ ਵੀ ਇਹ ਸ਼ੁਗਰ-ਫ੍ਰੀ ਵਾਲਿਆਂ ਚੀਜ਼ਾਂ ਮਿਲਦੀਆਂ ਨੇ - ਬੇਕਰੀ ਹੋਵੇ, ਮਿਠਾਈ ਦੀ ਦੁਕਾਨ ਹੋਵੇ ਤੇ ਜ਼ਾਂ ਹੋਰ ਵੀ ਕੁਛ ਹੋਵੇ - ਇਹ ਮਹਿੰਗੀਆਂ ਤੇ ਹੁੰਦੀਆਂ ਹੀ ਨੇ ਦੂਜਿਆਂ ਨਾਰਮਲ ਚੀਜ਼ਾਂ ਤੋਂ - ਮਟਕਾ ਕੁਲਫੀ ਵੀ ਸ਼ੁਗਰ-ਫ੍ਰੀ ਇਥੇ ਮਿਲਦੀ ਹੈ - 120 ਰੁਪਏ ਦੀ (ਦੂਜੀ ਨੌਰਮਲ ਕੁਲਫੀ 90 ਦੀ) -

ਸੋਚਣ ਵਾਲੀ ਗੱਲ ਇਹ ਹੈ ਕਿ - 

  • ਕੀ ਸ਼ੁਗਰ-ਫ੍ਰੀ ਦਾ ਮਤਲਬ ਵੀ ਸਮਝਦੇ ਨੇ ਦੁਕਾਨਾਂ ਚ' ਇਸ ਦੀ ਵਰਤੋਂ ਕਰਣ ਵਾਲੇ? 
  • ਜਿਥੇ ਸਾਡੀਆਂ ਹੋਰ ਖਾਣਪੀਣ ਦੀਆਂ ਵਸਤਾਂ ਚ' ਇੰਨੀ ਹਨੇਰਗਰਦੀ ਮਚੀ ਹੋਈ ਹੈ, ਇਹ ਦੁਕਾਨਾਂ ਵਾਲੇ ਸ਼ੁਗਰ-ਫ੍ਰੀ ਦੇ ਨਾਉ ਤੇ ਕੀ ਕੀ ਇਸਤੇਮਾਲ ਨਹੀਂ ਕਰਦੇ ਹੋਣੇ ? ਸੋਚਿਓ 😳
  • ਇਹਨਾਂ ਨੂੰ ਕੀ ਪਤਾ ਕਿੰਨੀ ਮਿਕਦਾਰ ਚ' ਇਸ ਪਾਊਡਰ ਦੀ ਵਰਤੋਂ ਕਰਣੀ ਹੈ ਜ਼ਾਂ ਇਹਨਾਂ ਨੂੰ ਆਪਣਾ ਮੁਨਾਫ਼ਾ ਹੀ ਦਿਖਦਾ ਏ? 
  • ਜਿਹੜੇ ਇਹਨਾਂ ਲੋਕਾਂ ਦੀਆਂ ਦੁਕਾਨਾਂ ਤੋਂ ਨਮੂਨੇ ਭਰਦੇ ਨੇ, ਉਹਨਾਂ ਨੇ ਕਦੇ ਇਹ ਪੜਤਾਲ ਕੀਤੀ ਕਿ ਇਹ ਸ਼ੁਗਰ-ਫ੍ਰੀ ਵਾਲਿਆਂ ਮਿਠਾਈਆਂ ਦਾ ਕੀ ਚੱਕਰ ਹੈ, ਕਿ ਉਹਨਾਂ ਕੋਲ ਇਸ ਤਰ੍ਹਾਂ ਦੇ ਟੈਸਟ ਕਰਣ ਦਾ ਕੋਈ ਜੁਗਾੜ ਵੀ ਹੈ ਭਲਾ, ਮੈਂ ਤੇ ਕਦੇ ਨਹੀਂ ਸੁਣਿਆ ਜ਼ਾਂ ਅਖਬਾਰਾਂ ਚ' ਪੜ੍ਹਿਆ ਕਿ ਉਸ ਦੀ ਬਰਫੀ ਚ' ਸ਼ੁਗਰ-ਫ੍ਰੀ ਨਕਲੀ ਨਿਕਲੀ ? 
  • ਇਹ ਸ਼ੁਗਰ ਫ੍ਰੀ ਦੇ ਇਸਤੇਮਾਲ ਦੇ ਆਪਣੇ issues ਤੇ ਹਨ ਹੀ, ਆਏ ਦਿਨ ਮੈਡੀਕਲ ਸਾਇੰਸਦਾਨ ਦੱਸਦੇ ਰਹਿੰਦੇ ਨੇ ਇਸ ਦੀ ਅੰਨ੍ਹੇ-ਵਾਹ ਵਰਤੋਂ ਨੂੰ ਠੱਲ ਪਾਓ - ਪਰ ਅਸੀਂ ਕਿਸੇ ਦੀ ਕਿਤੇ ਸੁਣਨ ਵਾਲੇ ਹਾਂ ---ਸਾਂਨੂੰ ਤੇ ਉਹ ਗੁਆਂਢ ਵਾਲੇ ਥੱਥੇ ਹਲਵਾਈ ਦੀਆਂ ਗੱਲਾਂ ਹੀ ਸੱਚੀਆਂ ਲੱਗਦੀਆਂ ਨੇ।  
ਤੁਸੀਂ ਵੀ ਬਾਬੇਓ ਆਪਣੇ ਆਪ ਨੂੰ ਤੇ ਦੂਜਿਆਂ ਨੂੰ ਵੀ ਸਵਾਲ ਪੁੱਛਣ ਦੀ ਆਦਤ ਪਾਓ - ਕਈ ਵਾਰ ਸਵਾਲ ਪੁੱਛਣਾ ਹੀ ਕਾਫੀ ਹੁੰਦੈ !!

ਸੁਨੇਹਾ ਇਸ ਪੋਸਟ ਦਾ ਇੱਕੋ ਹੈ ਕਿ ਸੋਚ ਸਮਝ ਕੇ ਸ਼ੁਗਰ-ਫ੍ਰੀ ਦੇ ਨਾਉ ਤੇ ਮਿਲਣ ਵਾਲਿਆਂ ਚੀਜ਼ਾਂ ਦੀ ਵਰਤੋਂ ਕਰੋ - ਹਰ ਚੀਜ਼ ਸ਼ੁਗਰ ਫ੍ਰੀ, ਇੰਝ ਕਿਵੇਂ ਹੋ ਸਕਦੈ - ਵਿਆਹਾਂ ਚ' ਗਜਰੇਲਾ ਤਕ ਸ਼ੁਗਰ ਫ੍ਰੀ ਪਿਆ ਹੁੰਦੈ - ਚੱਲੋ ਜੇ ਆਪਾਂ ਦੋ ਮਿੰਟ ਲਈ ਸ਼ੁਗਰ ਫ੍ਰੀ ਦੀ ਮਿਕਦਾਰ ਤੇ ਉਸ ਦੀ ਕੁਆਲਟੀ ਨੂੰ ਲਾਂਭੇ ਵੀ ਰੱਖ ਦੇਈਏ ਤਾਂ ਵੀ ਉਸ ਵਿਚ ਘਿਓ ਤੇ ਤੁੰਨਿਆ ਹੋਇਆ ਏ - ਹਿਸਾਬ ਨਾਲ ਹੀ ਖਾਣਾ ਪਉ ਇਹ ਵੀ - 

ਜਿੰਨੀਆਂ ਮਰਜੀ ਆਪਾਂ ਗੱਲਾਂ ਕਰ ਲਈਏ, ਚਿਤ ਤੇ ਹਰ ਇਕ ਦਾ ਕਰਦੈ ਸਬ ਕੁਝ ਖਾਣ ਦਾ ਕਦੇ ਕਦੇ - ਇਸ ਲਈ ਕਦੇ ਕਦੇ ਆਪਣੇ ਘਰ ਚ' ਇਹ ਚੀਜ਼ਾਂ ਤਿਆਰ ਕਰਵਾ ਲਿਆ ਕਰੋ - ਪਤਾ ਰਹੇਗਾ, ਸ਼ੁਗਰ-ਫ੍ਰੀ ਦਾ ਪਾਊਡਰ ਹੀ ਪਾਇਆ ਹੈ ਉਸ ਵਿਚ ਤੇ ਕਿੰਨਾ ਪਾਇਆ ਹੈ - ਅੰਨ੍ਹੇਵਾਹ ਹਰ ਇਕ ਦੇ ਕਹੇ ਤੇ ਯਕੀਨ ਕਰਣਾ ਛੱਡੋ - ਉਹ ਆਲੂਆਂ ਵਾਲੇ ਤੇ ਵੀ ਜਿਹੜਾ ਕਹਿੰਦੈ ਮੇਰੇ ਆਲੂ ਸ਼ੁਗਰ-ਫ੍ਰੀ ਹਨ।  ਬਾਜ਼ਾਰ ਚ' ਹਰ ਇਕ ਦਾ ਇੱਕੋ ਟੀਚਾ ਹੀ - ਵੱਧ ਤੋਂ ਵੱਧ ਮੁਨਾਫ਼ਾ ਕਿਸੇ ਵੀ ਕੀਮਤ ਤੇ, ਉਹਨਾਂ ਲਈ ਸਾਡੀ ਜਿੰਦ ਦੀ ਕੋਈ ਕੀਮਤ ਨਹੀਂ - ਤੁਹਾਡੇ ਆਪਣੇ ਲਈ ਤੇ ਤੁਹਾਡੇ ਆਪਣਿਆਂ ਲਈ ਤੇ ਹੈ, ਇਸ ਲਈ ਬਚੇ ਰਹੋ ਤੋਂ ਬਚਾਂਦੇ ਰਹੋ। 

ਪੂਰਨ ਸ਼ਾਹਕੋਟੀ ਹੁਰਾਂ ਨੂੰ ਸੁਣੋ ਜੀ - ਨਾਲ ਹੈ ਮਾਸਟਰ ਸਲੀਮ - ਵਾਹ ਬਈ ਵਾਹ !!

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...