ਲਖਨਊ
18.7.2019
ਪਰਸੋਂ ਸ਼ਾਮੀ ਇਕ ਪ੍ਰਦਰਸ਼ਨੀ ਤੇ ਜਾਉਣ ਦਾ ਮੌਕਾ ਮਿਲਿਆ ਜਿਥੇ ਪੋਸਟ ਕਾਰਡਾਂ ਦੇ ਰਾਹੀਂ ਇਸ ਦੇਸ਼ ਦੇ ਬਹਾਦਰ ਫੌਜੀਆਂ ਨੂੰ ਸਲਾਮੀ ਦਿੱਤੀ ਗਈ।
ਬਹੁਤ ਚੰਗਾ ਲੱਗਾ ਉਥੇ ਜਾ ਕੇ - ਸੈਂਕੜੇ ਪੋਸਟਕਾਰਡ ਦਿਖੇ ਜਿਹੜੇ ਦੇਸ਼ ਦੇ ਅਲੱਗ ਅਲੱਗ ਹਿੱਸਿਆਂ ਤੋਂ ਕਲਾਕਾਰਾਂ ਤੇ ਲੇਖਕਾਂ ਨੇ ਘੱਲੇ ਸੀ
ਓਹਨਾ ਪੋਸਟਕਾਰਡਾਂ ਉੱਤੇ ਓਹਨਾ ਨੇ ਆਪਣੇ ਆਪਣੇ ਹੁਨਰ ਦੀ ਮਦਦ ਨਾਲ ਅਜਿਹੀਆਂ ਗੱਲਾਂ ਹਨ ਬਹਾਦਰ ਜੋਧਿਆਂ ਵਾਸਤੇ ਲਿਖੀਆਂ ਤੇ ਵਾਹੀਆਂ ਜੋ ਉਹ ਪਤਾ ਨਹੀਂ ਕਿੰਨੇ ਚਿਰ ਤੋਂ ਆਪਣੇ ਅੰਦਰ ਡੱਕੀ ਬੈਠੇ ਸੀ -
ਇਕ ਇਕ ਪੋਸਟਕਾਰਡ ਦੀ ਫੋਟੋ ਖਿੱਚਣ ਦਾ ਦਿਲ ਕਰ ਰਿਹਾ ਸੀ , ਐੱਡੀ ਸੀ ਇਸ ਪ੍ਰਦਰਸ਼ਨੀ ਦੀ ਖਿੱਚ।
ਮੈਂ ਵੀ ਕੁਛ ਫ਼ੋਟਾਂ ਖਿੱਚੀਆਂ ਜਿਹੜੀਆਂ ਤੁਹਾਦੇ ਨਾਲ ਸਾਂਝੀਆਂ ਕੀਤੀਆਂ ਹਨ.
ਪੋਸਟਕਾਰਡਾਂ ਦੇ ਸਮੁੰਦਰ ਚ' ਜਾ ਕੇ ਮੈਂ ਵੀ ਪੋਸਟਕਾਰਡਾਂ ਦੇ ਜ਼ਮਾਨੇ ਦੀਆਂ ਆਪਣਾ ਯਾਦਾਂ ਚ' ਗੋਤੇ ਖਾਣ ਲੱਗ ਪਿਆ - ਜਿਹੜੀਆਂ ਸਿੱਪੀਆਂ ਹੱਥੇ ਚੜਿਆਂ ਉਹ ਇਹ ਨੇ -
- ਸਾਡੀ ਦੋਸਤੀ ਪੋਸਟਕਾਰਡ ਨਾਲ ਉਸ ਜ਼ਮਾਨੇ ਤੋਂ ਹੈ ਜਦੋਂ ਇਹ 5 ਪੈਸੇ ਦਾ ਹੁੰਦਾ ਸੀ, ਫੇਰ 10 ਦਾ ਹੋਇਆ, 15 ਦਾ, 25 ਦਾ ਤੇ ਹੁਣ 50 ਪੈਸੇ ਦਾ.
- ਪੁਰਾਣੇ ਵਕ਼ਤ ਵਿਚ 50ਸਾਲ ਪੁਰਾਣਾ ਤੇ ਮੈਂ ਦੱਸ ਸਕਦਾਂ - ਇਹ ਪੋਸਟਕਾਰਡ ਹੀ ਖਤੋ-ਕਿਤਾਬਤ ਦਾ ਜ਼ਰੀਆ ਹੋਇਆ ਕਰਦਾ ਸੀ, ਜੇ ਜ਼ਿਆਦਾ ਗੱਲਾਂ ਲਿਖਣੀਆਂ ਜਾਂ ਕੁਝ ਓਹਲੇ ਵਾਲਿਆਂ ਗੱਲਾਂ ਲਿਖਣੀਆਂ ਤੇ ਫੇਰ ਅੰਤਰਦੇਸੀ ਲਿਫ਼ਾਫ਼ਾ ਚਲਦਾ ਸੀ ਜਿਹੜਾ ਸ਼ਾਇਦ 15 ਪੈਸੇ ਦਾ ਹੁੰਦਾ ਸੀ, ਤੇ ਜੇ ਕਿਤੇ ਕੋਈ ਕਾਗਜ਼ ਪੱਤਰ, ਰੱਖੜੀ, ਟਿੱਕਾ ਭੇਜਣਾ ਹੁੰਦਾ ਤੇ ਫੇਰ ਉਹ 25 ਪੈਸੇ ਵਾਲਾ ਲਿਫ਼ਾਫ਼ਾ ਚਲਦਾ ਸੀ.
- ਲਿਫਾਫੇ ਨੂੰ ਬੰਦ ਕਰਨ ਲਈ ਥੁੱਕ ਦੀ ਵਰਤੋਂ ਆਮ ਗੱਲ ਸੀ. ਮੈਨੂੰ ਇਹ ਪਸੰਦ ਨਹੀਂ ਸੀ, ਮੈਂ ਲਿਫਾਫੇ ਤੇ ਲੱਗੀ ਗੂੰਦ ਤੇ ਥੋੜਾ ਪਾਣੀ ਲਾ ਕੇ ਉਸ ਨੂੰ ਬੰਦ ਕਰ ਕੇ ਘਰੋਂ ਚਲਦਾ ਸੀ - ਉਹ ਡਾਕ ਬਕਸੇ ਤਕ ਪਹੁੰਚਣ ਤਕ ਹੋ ਅਕਸਰ ਖੁੱਲ ਜਾਂਦਾ ਸੀ, ਫੇਰ ਅੰਮ੍ਰਿਤਸਰ ਦੇ ਜਵਾਲਾ ਫਿਲੌਰ ਮਿੱਲ ਦੇ ਡਾਕਖਾਨੇ ਦੇ ਅੰਦਰ ਜਾ ਕੇ ਲੇਵੀ ਲਾਉਣੀ ਪੈਂਦੀ ਸੀ -
- ਪੰਜਾਂ ਪੈਸਿਆਂ ਦੇ ਪੋਸਟਕਾਰਡ ਵਾਸਤੇ 10 ਮਿੰਟ ਸਾਈਕਲ ਵਾਹ ਕੇ ਡਾਕਖਾਨੇ ਜਾਉਣਾ ਇਕ ਆਮ ਗੱਲ ਸੀ, ਉਵੇਂ ਹੀ 4 ਵਜੇ ਦੀ ਡਾਕ ਪੇਟੀ ਸਾਫ ਹੋਣ ਦੇ ਟਾਈਮ ਵਾਸਤੇ ਘਰੋਂ 3.45 ਤੇ ਨਿਕਲਣ ਦਾ ਆਪਣਾ ਸਮਾਂ ਸੈੱਟ ਸੀ.
- ਜਿਹੜੇ ਇਲਾਕਿਆਂ ਦਾ ਲਾਲ ਡੱਬਾ ਦਿਨ ਚ' ਦੋ ਵਾਰੀ ਖਾਲੀ ਹੁੰਦਾ ਸੀ, ਓਹਨਾਂ ਇਲਾਕਿਆਂ ਦੀ ਲਗਾ ਟੌਰ ਹੁੰਦੀ ਸੀ - ਆਸੇ ਪਾਸੇ ਦੇ ਏਰੀਆ ਦੇ ਬਕਸਿਆਂ ਦੀ ਨਿਕਾਸੀ ਦੇ ਸਮੇਂ ਦਾ ਪਤਾ ਰੱਖਣਾ ਵੀ ਇਕ added ਕ੍ਵਾਲੀਫਿਕੇਸ਼ਨ ਮੰਨੀ ਜਾਂਦੀ ਸੀ। ਗੁਆਂਢ ਚ ਲੋਕੀਂ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਲੈਂਦੇ ਸਨ.
- ਪੋਸਟਕਾਰਡ ਦਾ ਜਿਹੜਾ ਰਿਸ਼ਤੇਦਾਰ ਜਵਾਬ ਨਹੀਂ ਸੀ ਦਿੰਦਾ, ਉਸ ਨੂੰ ਮਾੜਾ ਜਿਹਾ ਸ਼ਰਮਿੰਦਾ ਕਾਰਨ ਲਈ ਜਵਾਬੀ ਪੋਸਟਕਾਰਡ ਘੱਲਿਆ ਜਾਂਦਾ ਸੀ 😂
- ਲਿਖਣਾ ਇਕ ਆਰਟ ਹੁੰਦਾ ਸੀ, ਕੰਟੇੰਟ ਦੇ ਪੱਖੋਂ ਤੇ ਪਤਾ ਨਹੀਂ ਕਿੰਨਾ, ਪਰ ਇਕ ਪੱਖੋਂ ਜ਼ਰੂਰ ਕਿ ਤੁਸੀਂ ਕਿਨਾਂ ਬਾਰੀਕ ਲਿਖ ਕੇ ਆਪਣੇ 5 ਪੈਸਿਆਂ ਨੂੰ ਕੋਈ ਕਿੰਨਾ ਕੁ' ਸਕਾਰਥਾ ਕਰ ਸਕਦੈ
- ਪਹਿਲਾਂ ਸਾਡੇ ਸਕੂਲ (DAV, ਹਾਥੀ ਦਰਵਾਜ਼ਾ, ਅੰਮ੍ਰਿਤਸਰ) ਤੋਂ ਤਿਮਾਹੀ, ਛੇਮਾਹੀ ਪੇਪਰਾਂ ਦੇ ਨਤੀਜੇ ਵੀ ਇਕ ਪੋਸਟਕਾਰਡ ਮਾਰਫ਼ਤ ਹੀ ਭੇਜਦੇ ਸੀ, ਫੇਰ ਸਾਨੂੰ ਉਸ ਉੱਤੇ ਘਰੋਂ ਘੁੱਗੀ ਮਰਵਾ ਕੇ ਵਾਪਸ ਆਪਣੇ ਮਾਸਟਰ ਦੇ ਹਵਾਲੇ ਕਰਨਾ ਪੈਂਦਾ ਸੀ.
- ਪਹਿਲਾਂ ਅਸੀਂ ਡਾਕ ਮਹਿਕਮੇ ਤੇ ਭਰਪੂਰ ਇਤਬਾਰ ਕਰਦੇ ਸੀ, ਮਤਲਬ ਇਹ ਕਿ ਅੱਜ ਅਸੀਂ 5 ਪੈਸੇ ਖਰਚ ਕੇ ਉਸਨੂੰ ਲਾਲ ਪੇਟੀ ਦੇ ਹਵਾਲੇ ਕਰ ਕੇ ਸੁਰਖੁਰੂ ਹੋ ਜਾਂਦੇ ਸੀ ਕਿ ਮੀਂਹ ਹੋ, ਹਨ੍ਹੇਰੀ ਜਾਂ ਝੱਖੜ- ਇਹ ਤੇ ਪਰਸੋਂ ਆਪਣੇ ਟਿਕਾਣੇ ਤੇ ਪਹੁੰਚ ਹੀ ਜਾਣੈ - ਹੁਣ 40 ਰੁਪਈਏ ਖਰਚ ਕੇ ਵੀ ਧੁੜਕੂ ਲੱਗਾ ਰਹਿੰਦੈ ਕਿ ਪਤਾ ਨਹੀਂ ਕਦੋਂ ਪੁੱਜੇਗਾ ਇਹ ਲਿਫ਼ਾਫ਼ਾ!
- ਪਹਿਲਾਂ ਅਸੀਂ ਬਹੁਤ ਜ਼ਿਆਦਾ ਖੁੱਲੇ ਹੁੰਦੇ ਸੀ, ਲੋਕ ਕਿਸੇ ਕੋਲੋਂ ਪੋਸਟਕਾਰਡ ਲਿਖਵਾਉਂਦੇ, ਕਿਸੇ ਨੂੰ ਵੀ ਉਸ ਨੂੰ ਪੋਸਟ ਕਰਣ ਵਾਸਤੇ ਦੇ ਦਿੰਦੇ, ਅੱਗੋਂ ਟਿਕਾਣੇ ਪਹੁੰਚਣ ਤੇ ਵੀ ਕਿਸੇ ਗੁਆਂਢੀ ਕੋਲ ਪੁੱਜ ਗਿਆ ਗ਼ਲਤੀ ਨਾਲ ਤਾਂ ਉਸੇ ਵੇਲੇ ਉਸ ਨੇ ਦੇ ਕੇ ਚਲੇ ਜਾਣਾ, ਫੇਰ ਸਾਡੀ ਨਾਨੀ ਨੇ ਗੁਆਂਢੀਆਂ ਦੇ ਬੱਚਿਆਂ ਦੀ ਚਾਪਲੂਸੀ ਕਰਣੀ ਕਿ ਕਦੋਂ ਇਸ ਕਾ..ਰ..ਡ (ਇੰਝ ਹੀ ਆਖਦੇ ਸੀ ਕਾਰਡ ਨੂੰ ) ਦਾ ਜਵਾਬ ਲਿਖਣਗੇ। ਮੇਰੇ ਕਹਿਣ ਦਾ ਮਤਲਬ ਹੈ ਕਿ ਸਾਡੇ ਛੁਪਾਉਣ ਵਾਸਤੇ ਕੁਝ ਵੀ ਨਹੀਂ ਸੀ। ਅਜ ਦੇ ਦੌਰ ਚ ਮੈਂ ਨਹੀਂ ਸੋਚ ਸਕਦਾ ਕਿ ਮੈਂ ਕਿਸੇ ਨੂੰ ਪੋਸਟਕਾਰਡ ਘੱਲਾਂਗਾ
- ਲਿਖਦੇ ਲਿਖਦੇ ਗੱਲਾਂ ਚੇਤੇ ਆਉਂਦੀਆਂ ਨੇ, ਪੋਸਟਕਾਰਡ ਤੇ ਇਕ ਮੁਕਾਬਲਾ ਵੀ ਅਖਬਾਰਾਂ ਚ ਆਉਂਦਾ ਸੀ, ਜਿਸ ਵਿਚ 1ਤੋਂ 10 ਤਕ ਕੁਛ ਨੰਬਰ ਲਿਖਣੇ ਹੁੰਦੇ ਸਨ, ਉਹ ਇੰਨੇ ਸੌਖੇ ਹੁੰਦੇ ਸੀ ਹਰ ਕੋਈ ਕਰ ਲੈਂਦਾ - ਉਸ ਉੱਤੇ ਟਿਕਟ ਵੀ ਨਹੀਂ ਸੀ ਲਾਉਣੀ ਪੈਂਦੀ - ਉਹ ਫੇਰ " ਜਿੱਤਣ ਵਾਲਿਆਂ ਨੇ " VPP ਰਾਹੀਂ ਕੋਈ ਘੜੀ ਜਾਂ ਟਰਾਂਜ਼ਿਸਟਰ ਭੇਜਦੇ - ਬਹੁਤ ਬਾਅਦ ਚ' ਪਤਾ ਲੱਗਾ ਕਿ ਇਹ ਤਾਂ ਆਪਣਾ ਸੌਦਾ ਵੇਚਣ ਦਾ ਇਕ ਉਪਰਾਲਾ ਹੈ 😂
- ਅਕਸਰ ਘਰਾਂ ਚ' ਸਾਇਕਲਾਂ ਦੀ ਤਾਰ ਵਰਗੀ ਇਕ ਤਾਰ ਮੋੜ ਕੇ ਕਿਸੇ ਕਿਲ ਤੇ ਟੰਗੀ ਹੁੰਦੀ ਜਿਸ ਵਿਚ ਸਾਰੇ ਖਤ ਪਿਰੋਈ ਜਾਣੇ - 😂😂😂😂😂😂😂ਹੁਣ ਸੋਚਦਾ ਹਾਂ ਕਿ ਜੇ ਉਸ ਤਾਰ ਤੇ ਟੰਗੇ 8-10 ਖੱਤ ਪੜ੍ਹ ਲਵੇ ਤਾਂ ਘਰ ਦਾ ਪੂਰਾ ਕੱਚਾ ਚਿੱਠਾ ਉਸਦੇ ਪੱਲੇ ਪੈ ਜਾਵੇ - (ਪਰ ਪਹਿਲਾਂ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਪਰਵਾਹ ਨਹੀਂ ਸੀ) - ਅਕਸਰ ਜ਼ਿੰਦਗੀਆਂ ਖੁੱਲੀਆਂ ਕਿਤਾਬਾਂ ਹੁੰਦੀਆਂ ਸਨ, ਲੋਕ ਹਰ ਇਕ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੇ ਸੀ, ਕਿਸੇ ਦੀ ਵੀ ਪਰਦੇ ਵਾਲੀ ਗੱਲ ਨੂੰ ਐਵੇਂ ਉਛਾਲਦੇ ਨਹੀਂ ਸਨ ਫਿਰਦੇ!
- ਪੋਸਟ ਕਾਰਡਾਂ ਦੇ ਉੱਤੇ ਕੁਛ ਰੰਗ ਜੇਕਰ ਛਿਡ਼ਕ ਦਿੱਤੇ ਜਾਂਦੇ ਸੀ, ਉਹ ਬਿਨਾ ਪੜ੍ਹੇ ਹੀ ਕੋਈ ਬੁਰੀ ਖ਼ਬਰ, ਖੁਸ਼ਖਬਰੀ ਦਸ ਦਿਆ ਕਰਦੀ ਸੀ - ਬੁਰੀ ਖ਼ਬਰ ਵਾਸਤੇ ਕੀ ਕਰਦੇ ਸੀ, ਪਰ ਖੁਸ਼ੀ ਦੀ ਖ਼ਬਰ ਵਾਸਤੇ ਪੋਸਟ-ਕਾਰਡ ਉੱਤੇ ਕੇਸਰ ਛਿਡ਼ਕ ਦਿੱਤਾ ਜਾਂਦਾ ਸੀ -
- ਲੋਕ ਬੜੀ ਗ਼ਲਤ ਸ਼ਰਾਰਤ ਵੀ ਕਰ ਲੈਂਦੇ ਸੀ - ਮੈਂ ਬੜਾ ਛੋਟਾ ਸੀ, ਮੈਨੂੰ ਯਾਦ ਹੈ ਸਾਡੇ ਇਕ ਪੋਸਟਕਾਰਡ ਆਇਆ ਸਾਡੇ ਨਾਨਕੇ ਕਿਸੇ ਦੀ ਮੌਤ ਦਾ - ਉਤੇ ਕੋਈ ਰੰਗ ਵੀ ਛਿੜਕਿਆ ਹੋਇਆ ਸੀ, ਉਹ ਪੜ੍ਹ ਕੇ ਮੇਰੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ - ਸ਼ਾਮਾਂ ਨੂੰ ਮੇਰੇ ਪਾਪਾ ਜੀ ਆਏ, ਫੇਰ ਵਿਚਾਰ ਹੋਇਆ ਕਿ ਇਹ ਲਿਖਾਈ ਤੇ ਕੋਈ ਅਲਗ ਹੈ, ਮੋਹਰ ਵੀ ਅੰਮ੍ਰਿਤਸਰ ਦੀ ਹੀ ਸੀ, ਮੇਰੇ ਭੈਣ ਭਰਾ ਨੇ ਪਛਾਣ ਲਿਆ ਕਿ ਇਹ ਤਾਂ ਗੁਆਂਢ ਦੇ ਭਸੀਨ ਦੀ ਕੁੜੀ ਦੀ ਲਿਖਾਈ ਹੈ - ਉਹ ਗੱਲ ਪੱਕੀ ਵੀ ਹੋ ਗਈ ਕਿ ਸ਼ਰਾਰਤ ਉਹਨਾਂ ਦੀ ਕੁੜੀ ਨੇ ਹੀ ਕੀਤੀ ਸੀ। ਕੋਈ ਗੱਲ ਦਾ ਖਿਲਾਰਾ ਨਹੀਂ ਪਾਇਆ ਗਿਆ, ਪਰ ਜਿੰਨਾ ਕੁ' ਮੈਨੂੰ ਚੇਤੇ ਹੈ ਫੇਰ ਕਦੇ ਵੀ ਉਹਨਾਂ ਨਾਲ ਪਹਿਲਾਂ ਵਰਗਾ ਮਿਲਣਾ-ਜੁਲਣਾ ਨਾ ਰਿਹਾ - ਕਿੱਡਾ ਵੱਡਾ ਪਾਗਲਪਨ ਹੈ ਕਿਸੇ ਦੇ ਘਰ ਮੌਤ ਦੀ ਝੂਠੀ ਖ਼ਬਰ ਘਲ ਦੇਣੀ।
- 15-20 ਸਾਲ ਪਹਿਲੇ ਡਾਕਖਾਨੇ ਨੇ ਇਕ ਮੇਘਦੂਤ ਕਾਰਡ ਵੀ ਸ਼ੁਰੂ ਕੀਤੇ ਸੀ - ਇਸ ਵਿਚ ਅੱਧੇ ਪਾਸੇ ਕੋਈ ਸਮਾਜਿਕ ਸੁਨੇਹਾ ਹੁੰਦਾ ਸੀ, ਪਤਾ ਨਹੀਂ ਹੁਣ ਆਉਂਦੇ ਨੇ ਕਿ ਨਹੀਂ। ਮੇਘਦੂਤ ਕਾਰਡ ਤੋਂ ਚੇਤੇ ਆਇਆ ਮੇਰਾ ਇਕ ਪੁਰਾਣਾ ਮਰੀਜ਼ -ਧੀਰ ਸਾਬ - 80-85 ਸਾਲ ਦੀ ਉਮਰ ਸੀ, ਓਹਨਾ ਸਬ ਦੀ ਜਨਮ ਤਾਰੀਕ, ਵਿਆਹ ਦੀ ਵਰੇ-ਗੰਢ, ਬੱਚਿਆਂ ਦੇ ਜਨਮ ਦਿਨ ਆਪਣੀ ਡਾਇਰੀ ਚ' ਲਿਖ ਦੇ ਰੱਖਣੇ -ਸਾਡੀ ਪੋਸਟਿੰਗ ਕੀਤੇ ਵੀ ਹੋਣੀ, ਓਹਨਾ ਦਾ ਪੋਸਟਕਾਰਡ ਸਾਨੂੰ ਉਸ ਦਿਨ ਨਹੀਂ ਤੇ ਇਕ ਦਿਨ ਪਹਿਲਾਂ ਪਹੁੰਚ ਜਾਣਾ - ਕਈ ਚੀਜ਼ਾਂ ਸਾਨੂੰ ਇਸ ਤਰ੍ਹਾਂ ਦੀਆਂ ਰੂਹਾਂ ਕੋਲੋਂ ਵੀ ਸਿੱਖਣ ਦੀ ਲੋੜ ਹੈ - ਕਿਸੇ ਮੌਕੇ ਤੇ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਪੋਸਟਕਾਰਡ ਜਦੋਂ ਪੁੱਜਦਾ ਹੀ, ਉਸਦੀ ਕਿ ਕੀਮਤ ਹੁੰਦੀ ਹੈ ਇਹ ਓਹੀ ਜਾਣਦਾ ਹੀ ਜਿਸਨੂੰ ਇਸ ਤਰ੍ਹਾਂ ਦਾ ਕਾਰਡ ਮਿਲਦੈ 🙏🙏🙏🙏🙏😘ਸ਼ੁਕਰੀਆ, ਧੀਰ ਸਾਹਬ।
ਮੇਰੇ ਖਿਆਲ ਚ' ਅੱਜ ਲਈ ਇੰਨਾ ਹੀ ਬੜਾ ਏ - ਚਿੱਠੀ ਪਤਰੀ ਵਾਲੇ ਦਿਨਾਂ ਦੀਆਂ ਹੋਰ ਗੱਲਾਂ ਫੇਰ ਕਦੇ -
ਫੌਜੀਆਂ ਦੀ ਗੱਲ ਤੋਂ ਸ਼ੁਰੂਆਤ ਹੋਈ ਸੀ, ਇਸ ਲਈ ਇਸ ਪੋਸਟ ਨੂੰ ਬੰਦ ਕਰਦਿਆਂ ਵੀ ਫੌਜੀਆਂ ਦੀਆਂ ਜ਼ਿੰਦਗੀ ਚ' ਚਿੱਠੀਆਂ ਦੇ ਮਹਤੱਵ ਨੂੰ ਦਰਸ਼ਾਉਂਦਾ ਬਾਰਡਰ ਫਿਲਮ ਦਾ ਇਹ ਗੀਤ ਸੁਣਨਾ ਹੀ ਪਉ - ਉਹਨਾਂ ਚ' ਇਕ ਤੇ ਹੁਣ ਪੰਜਾਬ ਤੋਂ ਐਮ.ਪੀ ਹੈ - ਇਹਨਾਂ ਦੀਆਂ ਵੀ ਮੌਜਾਂ ਨੇ !
ਬਹੁਤ ਹੀ ਵਦੀਆ ਲਿਖਦੇ ਹੋ...ਇਹ ਸਬ ਤਾਂ ਕਿੰਨੇ ਵਾਰ ਹੀ ਗੱਲਾਂ ਗੱਲਾਂ ਵਿਚ ਮੈਨੂੰ ਦਸਿਆ ਕਰਦੇ ਹੋਂ....40 ਰੁਪਿਏ ਵਾਲੀ ਗੱਲ ਪੜ੍ਹ ਕੇ ਵੀ ਕੁਜ ਯਾਦ ਆ ਗਿਆ ....ਕਿਵੇਂ ਸੁੱਕਣੇ ਪੈ ਗਏ ਸੀ ਆਪਾਂ....ਤਾਰ ਤੇ ਟੰਗੀਆਂ ਚਿੱਠੀਆਂ ....ਸਰੇ ਆਮ ਖੁੱਲੀਆਂ ਜ਼ਿੰਦਗੀਆਂ ਦੀਆਂ ਗਵਾਹੀਆਂ ਜਰੂਰ ਦਿੰਦਿਆਂ ਸੀ ....ਪਰ ਮਸਲੇ ਹੋਰ ਬਥੇਰੇ ਸੀ ....ਤੁਸੀਂ ਖੁਸ਼ਕਿਸਮਤ ਰਹੇ....
ReplyDeleteਸ਼ੁਕਰੀਆ, ਗੁਰਪ੍ਰੀਤ - ਪੋਸਟ ਦੇਖਣ ਲਈ ਤੇ ਕਮੈਂਟ ਲਿਖਣ ਲਈ।
Deleteਇਕ ਤਾਰ ਤੇ ਖਤ ਤੇ ਦੂਜੀ ਤੇ ਬਿਜਲੀ ਪਾਣੀ ਦੇ ਪੁਰਾਣੇ ਤੋਂ ਪੁਰਾਣੇ ਬਿੱਲ। ਸੱਚ ਗੱਲ ਹੈ ਸਾਡੇ ਵੇਲੇ ਸਾਨੂੰ 5 ਪੈਸੇ ਦੇ ਉਸ ਪੋਸਟ ਕਾਰਡ ਨੇ ਡਾਕੀਏ ਦੀ ਕਦਰ ਸਿਖਾ ਦਿੱਤੀ, ਸਾਡਾ ਉਸ ਖਾਕੀ ਵਰਦੀ ਤੇ ਭਰੋਸਾ ਬਹੁਤ ਮਜ਼ਬੂਤ ਰਿਹਾ - ਅਜੇ ਵੀ ਹੈ।
मेरा मतलब सी ग़ल्ल सारी ओदो वी resources दी ही सी ....ते बाक़ी vigilant होंन दी ....
ReplyDeleteਸਹੀ ਗੱਲ ਕਹਿ ਰਹੇ ਹੋ ਗੁਰਪ੍ਰੀਤ ਤੁਸੀਂ।
Delete