Tuesday, 9 July 2019

ੋਐਲੇਕਸ ਹੈਲੀ ਕੌਲ ਬਹਿ ਕੇ ਓਥੋਂ ਉੱਠਣ ਦਾ ਦਿਲ ਹੀ ਨਾ ਕਰੇ !

ਅਜੀਬ ਗੱਲ ਹੋਈ ਜੀ ਉਸ ਦਿਨ ਅਮਰੀਕਾ ਵਿਚ ਜਦੋਂ ਤੁਰਦੇ ਫਿਰਦੇ ਅਸੀਂ ਐਲੇਕਸ ਹੈਲੀ ਦੇ ਟਿਕਾਣੇ ਤੇ ਜਾ ਪੁੱਜੇ ਤੇ ਮੇਰਾ ਤੇ ਓਹਦੇ ਕੋਲ ਬਹਿ ਕੇ ਉੱਠਣ ਤੇ ਚਿਤ ਹੀ ਨਾ ਕਰੇ - ਇੰਝ ਲੱਗੇ ਅਜੇ ਤੇ ਇਹ ਆਪਣੀਆਂ ਜੜਾਂ ਦੀਆਂ ਕਹਾਣੀਆਂ ਸਾਂਝੀਆਂ ਕਰ ਰਿਹੈ , ਹੁਣੇ ਤੇ ਆਏ ਹਾਂ, ਹੁਣੇ ਕਿਵੇਂ ਇਸ ਨੂੰ ਛੱਡ ਕੇ ਅੱਗੇ ਤੁਰ ਜਾਈਏ -

ਜਿੰਨ੍ਹਾਂ ਨੂੰ ਕਾਹਲੀ ਸੀ ਉਹ ਅੱਗੇ ਤੁਰ ਗਏ, ਮੈਨੂੰ ਲੱਗਾ ਮੈਂ ਤੇ ਇਹਦੇ ਕੋਲ ਬਹਿ ਇਸ ਦੀਆਂ ਗੱਲਾਂ ਸੁਣਨੀਆਂ ਨੇ, ਮੈਨੂੰ ਕੋਈ ਕਾਹਲੀ ਨਹੀਂ।

ਦੋਸਤੋ, ਅਮਰੀਕਾ ਦੇ ਟੂਰ ਦੇ ਦੌਰਾਨ ਇਕ ਦਿਨ ਮੈਰੀਲੈਂਡ ਤੋਂ ਏੰਨਾਪੋਲਿਸ (Annapolis) ਗੇੜੀ ਮਾਰ ਕੇ ਆਉਣ ਦਾ ਪ੍ਰੋਗਰਾਮ ਸੀ, ਇਹ ਜਗ੍ਹਾ ਸਾਡੇ ਮੈਰੀਲੈਂਡ ਕਾਲਜ ਪਾਰਕ ਦੇ ਹੋਟਲ ਤੋਂ 40-50 ਮਿੰਟ ਦੇ ਰਸਤੇ ਤੇ ਹੀ ਸੀ, ਟੈਕਸੀ ਤੇ 40 ਡਾਲਰ ਦੇ ਕਰੀਬ ਲੱਗੇ ਸੀ - ਉਬਰ ਐਪ ਵੀ ਹੈ ਓਥੇ, ਤੇ lyft app ਵੀ ਹੈ ਟੈਕਸੀ ਵਾਸਤੇ ਓਥੇ. ਏੰਨਾਪੋਲਿਸ ਵਿਚ ਯੂਨਾਇਟੇਡ ਸਟੇਟਸ ਨੇਵਲ ਅਕੈਡਮੀ ਹੈ ਜਿਹੜੀ ਦੇਖਣ ਵਾਲੀ ਹੈ, ਸਾਡਾ ਸਾਰਾ ਦਿਨ ਤੇ ਓਥੇ ਹੀ ਲਹਿ ਗਿਆ (ਉਸ ਬਾਰੇ ਫੇਰ ਕਦੇ) - ਸ਼ਾਮਾਂ ਨੂੰ ਓਥੋਂ ਬਾਹਰ ਨਿਕਲ ਕੇ ਇੰਝ ਹੀ ਚਹਿਲਕਦਮੀ ਚਲ ਰਹੀ ਸੀ ਕਿ ਇਕ ਲੇਕ ਦੇ ਆਸੇ ਪਾਸੇ ਬਣੇ ਫੁੱਟਪਾਥ ਤੇ ਇਕ ਬੁੱਤ ਵੇਖ ਕੇ ਮੈਂ ਠਠੰਬਰ ਜਿਹਾ ਗਿਆ -






ਅੱਜ ਜਦੋਂ ਦੁਨੀਆਂ ਵਿਚ ਉੱਚੇ ਤੋਂ ਉੱਚੇ ਬੁੱਤ ਖੜੇ ਕਰਣ ਦੀ ਦੌੜ ਲੱਗੀ ਹੋਈ ਏ, ਸਾਡੇ ਵਾਲਾ ਬੁੱਤ ਤੁਹਾਡੇ ਵਾਲੇ ਬੁੱਤ ਤੋਂ ਨੀਵਾਂ ਵੇ ਤੋਂ ਹੌਲਾ ਵੀ - ਕਈ ਤੇ ਆਪਣੇ ਜਿਓੰਦੇ ਜਿਉਂਦਿਆਂ ਹੀ ਆਪਣੇ ਬੁੱਤ ਖੜੇ ਕਰ ਕੇ ਰਬ ਜਾਣੇ ਕਿਹੜਾ ਸੁੱਖ ਭਾਲਦੇ ਨੇ, ਇਹ ਤਾਂ ਉਹ ਹੀ ਜਾਨਣ , ਪਰ ਮੈਂ ਇਹ ਦਸ ਰਿਹਾ ਹਾਂ ਕਿ ਮੈਨੂੰ ਜ਼ਿੰਦਗੀ ਵਿਚ ਪਹਿਲੀ ਵਾਰੀ ਸ਼ਾਇਦ ਕੋਈ ਬੁੱਤ ਇਹਦਾ ਸੋਹਣਾ ਲੱਗਾ ਹੋਏਗਾ - ਉਹ ਵੀ ਆਮ ਲੋਕਾਂ ਵਾਂਗ ਜ਼ਮੀਨ ਤੇ ਬੈਠਾ - ਅਸੀਂ ਤੇ ਬੁੱਤਾਂ ਨੂੰ ਤਾਂਹ ਤੋਂ ਤਾਂਹ ਟੰਗੀ ਜਾਣ ਚ' ਆਪਣੀ ---- ਚਲੋ ਛੱਡੋ ਸਵੇਰੇ ਸਵੇਰੇ ਕਿ ਮੂਡ ਖ਼ਰਾਬ ਕਰਣਾ !!



ਚੰਗਾ ਜੀ, ਮੈਂ ਉਸ ਬੁੱਤ ਨੇ ਵੇਖ ਕੇ ਉਸ ਦੇ ਆਲੇ ਦੁਆਲੇ ਫੂਟਪਾਠ ਤੇ ਲੱਗੀਆਂ ਲਿਖਤਾਂ ਨੂੰ ਪੜਣ ਲੱਗ ਪਿਆ, ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਵੱਲ ਚੁਮਬਕ ਤੋਂ ਵੀ ਵੱਧ ਖਿੱਚ ਨਾਲ ਘਸੀਟ ਲੈਂਦੀਆਂ ਨੇ - ਇਕ ਇਕ ਲਿਖਤ ਜਿਵੇਂ ਮੇਰੀਆਂ ਅੱਖਾਂ ਖੋਲ ਰਹੀ ਸੀ ਤੇ ਦਿਮਾਗ ਦੇ ਜਾਲੇ ਲਾਹ ਰਹੀ ਸੀ - ਨਾਲ ਮੈਂ ਫ਼ੋਟਾਂ ਖਿੱਚੀ ਜਾ ਰਿਹਾ ਸੀ, ਮੈਨੂੰ ਬਿਲਕੁਲ ਵੀ ਜਲਦੀ ਨਹੀਂ ਸੀ - ਹੋਰਨਾਂ ਨੂੰ ਓਥੋਂ ਫੈਰੀ ਦਾ ਟੂਰ ਲਾਉਣ ਦੀ  ਬੜੀ ਕਾਹਲੀ ਸੀ, ਮੈਨੂੰ ਨਹੀਂ ਸੀ।











ਮੈਨੂੰ ਇੰਝ ਲੱਗਦੈ ਕਿ ਮੈਂ ਇਕ ਘੰਟੇ ਤੇ ਉਸ ਦੇ ਬੁੱਤ ਦੇ ਆਲੇ-ਦੁਆਲੇ ਬਹਿ ਕੇ, ਖੜ ਕੇ ਬਿਤਾਇਆ ਹੀ ਹੋਏਗਾ। ਮਜ਼ਾ ਆ ਗਿਆ - ਜਿਵੇਂ ਐਲੇਕਸ ਹੈਲੀ ਸਾਬ ਆਪਣੇ ਪੁਰਖਿਆਂ ਦੀ ਕਹਾਣੀ ਕਹਿ ਰਹੇ ਨੇ ਤੇ ਜਿੰਨੀ ਚੰਗੀ ਤਰ੍ਹਾਂ ਸਾਮਣੇ ਬੈਠੇ ਬੱਚੇ-ਬਾਲੜੇ ਉਹ ਕਿੱਸੇ ਸੁਨ ਰਹੇ ਨੇ, ਉਸ ਨੂੰ ਬਨਾਉਣ ਵਾਲੇ ਨੇ ਤੇ ਜਿਵੇਂ ਉਹਨਾਂ ਬੁੱਤਾਂ ਚ ਜਾਨ ਹੀ ਫੂਕ ਦਿੱਤੀ ਹੋਵੇ - ਇੰਝ ਲੱਗੇ ਕਿ ਹੁਣੇ ਬੋਲ ਪੈਣਗੇ - ਇਸ ਦਰਵੇਸ਼ ਦੇ ਦਰਸ਼ਨਾਂ ਲਈ ਆਏ ਬੱਚੇ ਵੀ ਦੇਖੋ ਕਿਵੇਂ ਜਸ਼ਨ ਮਾਨ ਰਹੇ ਨੇ,  as if trying desperately to step into his shoes, while other siblings trying to make friends with his great audience. Lovely!!





ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸਲਾਹ ਦਿੰਦਾ ਹਾਂ ਕਿ ਇਸ ਉੱਘੀ ਸਖਸ਼ੀਅਤ ਬਾਰੇ ਤੁਸੀਂ ਜ਼ਰੂਰ ਪੜ੍ਹੋ - ਮੈਂ ਵੀ ਅੱਜ ਹੀ ਇਸ  ਬਾਰੇ ਵਿਕੀਪੀਡੀਆ ਤੇ ਪੜਿਆ ਹੈ - https://en.wikipedia.org/wiki/Alex_Haley (ਐਲੇਕਸ ਹੈਲੀ ਨਾਲ ਜਾਣ ਪਹਿਚਾਣ ਜ਼ਰੂਰੀ ਹੈ)

ਇਹਨਾਂ ਨੇ ਇਕ ਕਿਤਾਬ ਲਿਖੀ ਸੀ ਜੀ Roots - ਜੜਾਂ - (ਇਸ ਕਿਤਾਬ ਮੈਂ ਜ਼ਰੂਰ ਪੜਣਾ ਏ) ਜਿਸ ਵਿਚ ਕੁਝ ਕੁਛ ਗੱਲਾਂ ਲੈ ਕੇ ਇਸ ਜਗ੍ਹਾ ਦੇ ਆਸੇ ਪਾਸੇ ਦੀਵਾਰ ਤੇ ਲੱਗੀਆਂ ਹੋਇਆਂ ਨੇ, ਮੈਂ ਉਹਨਾਂ ਦੀ ਫੋਟੋ ਖਿੱਚੀ - ਇਥੇ ਟਿਕਾ ਰਿਹਾਂ - ਉਮੀਦ ਹੈ ਤੁਸੀਂ ਇੰਨਾ ਲਿਖਤਾਂ ਨੂੰ ਆਰਾਮ ਨਾਲ ਇਕ ਇਕ ਕਰ ਕੇ ਪੜ੍ਹੋਗੇ ਤੇ ਉਸ ਤੇ ਵਿਚਾਰ ਕਰੋਗੇ, ਇਹ ਸਬ ਕੁਝ ਐਵੇਂ ਹੀ ਨਜ਼ਰਾਂ ਨਾਲ ਬੱਸ ਹੂੰਝ ਕੇ ਸੁੱਟਣ ਜੋਗਾ ਨਹੀਂ..ਵੱਡੇ ਵੱਡੇ ਸੁਨੇਹੇ ਦੇ ਰਿਹੈ ਇਹ ਦਰਵੇਸ਼ ਕਿ ਕਿੰਝ ਤੇ ਕਿਓਂ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਜੜਾਂ ਬਾਰੇ ਦੱਸਦੇ ਰਹੀਏ, ਉੰਨਾ ਜੜਾਂ ਦੀਆਂ ਕਹਾਣੀਆਂ ਸੁਣਾਂਦੇ ਰਹੀਏ - ਕਿਓਂਕਿ ਆਪਣੇ ਪਿਛੋਕੜ ਨੂੰ ਲਾਂਬੇ ਕਰਕੇ ਕੁਝ ਵੀ ਨਹੀਂ ਲੱਭਣਾ, ਅਸੀਂ ਵੀ ਹਰ ਜਗ੍ਹਾ ਲਾਂਭੇ ਹੀ ਕੀਤੇ ਜਾਵਾਂਗੇ-













ਐਲੇਕਸ ਹੈਲੀ ਹੁਰਾਂ ਦੇ ਪੁਰਖਿਆਂ ਦੀ ਵੀ ਕਹਾਣੀ ਕੋਈ ਐੱਡੀ ਸੁਖਾਂਵੀਂ ਨਹੀਂ ਰਹੀ, ਇਹ ਜਿਥੇ ਏੰਨਾਪੋਲਿਸ ਵਰਗੀ ਜਗ੍ਹਾ ਤੇ ਇਸ ਦਰਵੇਸ਼ ਦੀ ਯਾਦ ਚ' ਤੁਸੀਂ ਇਹ ਬੁੱਤ ਲੱਗੇ ਦੇਖ ਰਹੇ ਹੋ, ਇੱਸ ਜਗ੍ਹਾ ਤੇ ਇਹਨਾਂ ਦੇ ਪੁਰਖਿਆਂ ਨੂੰ 200 ਸਾਲ ਪਹਿਲਾਂ ਸੰਗਲੀਆਂ ਬੰਨ ਕੇ ਗ਼ੁਲਾਮਾਂ ਦੀ ਤਰ੍ਹਾਂ ਲਿਆਉਂਦਾ  ਗਿਆ ਸੀ....ਅਸੀਂ ਸਾਰੇ ਜਾਣਦੇ ਹੀ ਹਾਂ ਕਿ ਅਮਰੀਕਾ ਦਾ ਮਾਹੌਲ ਵੀ ਜਿਵੇਂ ਸਾਨੂੰ ਅੱਜ ਜਿੰਨ੍ਹਾਂ ਸੁਖਾਂਵਾਂ ਜਿਹਾ ਲੱਗ ਰਿਹੈ , ਇਹ ਹਮੇਸ਼ਾ ਤੋਂ ਇੰਝ ਨਹੀਂ ਸੀ, ਓਥੇ ਵੀ ਗੋਰਿਆਂ-ਕਾਲਿਆਂ ਦੇ ਬੜੇ ਬਖੇੜੇ ਸਨ, ਲੋਕਾਂ ਬੜੀ ਘਾਲਣਾ ਘੱਤੀ, ਤਸੀਹੇ ਸਹੇ, ਜਾਨਾਂ ਗਵਾਈਆਂ  ---ਤਾਂ ਕੀਤੇ ਜਾ ਕੇ ਸਾਰਿਆਂ ਨੂੰ ਇੱਕੋ ਜਿਹੇ ਹਕ ਮਿਲੇ - ਇੰਝ ਕੌਣ ਇਹ ਸਬ ਕੁਛ ਦੇਂਦੈ !!

ਗੱਲ ਖ਼ਤਮ ਕਰੀਏ ਹੁਣ, ਲੰਬੀ ਹੋ ਗਈ ਗਲ, ਸਾਨੂੰ ਸਾਰਿਆਂ ਨੂੰ ਆਪਣੇ ਇਤਿਹਾਸ ਨੂੰ ਜਾਣ ਕੇ ਉਸ ਬਾਰੇ ਦੂਜਿਆਂ ਨੂੰ ਵੀ ਚਾਨਣ ਕਰਣ ਦੀ ਲੋੜ ਹੈ - ਸਾਨੂੰ ਬਹੁਤ ਸਾਰੇ ਕਹਾਣੀਆਂ ਕਿੱਸੇ ਕਹਿਣ ਵਾਲੇ ਤੇ ਸੁਨਣ ਵਾਲੇ ਚਾਹੀਦੇ ਨੇ -- ਕਹਾਣੀਆਂ - ਆਪਣੀਆਂ ਵੀ ਤੇ ਦੂਜਿਆਂ ਦੀਆਂ ਵੀ - ਇਹ ਤੇ ਤਾਂਹੀਓਂ ਮੁਮਕਿਨ ਹੈ ਜੇਕਰ ਸਬ ਤੇ ਪਹਿਲਾਂ ਅਸੀਂ ਆਪਣੀ ਮਾਂ ਬੋਲੀ - ਆਪਣੀ ਜ਼ੁਬਾਨ ਨੂੰ ਸੰਭਾਲੀਂ ਰਖਾਂਗੇ - ਜੇ ਆਪਣੀ ਬੋਲੀ ਦਾ ਚਲਣ ਹੀ ਨਾ ਰਿਹਾ ਤੇ ਕੌਣ ਪੁਰਾਣੇ ਕਿੱਸੇ ਕਹੁ ਤੇ ਕੌਣ ਸੁਣੂ।

ਜੇਕਰ ਅਸੀਂ ਸ਼ੁਰੂਆਤ ਅੱਜ ਤੋਂ ਕਰ ਕੇ ਘਰਾਂ ਚ ਪੰਜਾਬੀ ਬੋਲੀਏ, ਬਾਹਰ ਵੀ ਪੰਜਾਬੀ ਬੋਲਣ -ਸਮਝਣ ਵਾਲੇ ਨਾਲ ਇਹੋ ਹੀ ਬੋਲੀਏ, ਤੇ ਹਾਂ ਗੱਡੀ ਦੇ AC ਡੱਬੇ, ਕਿਸੇ ਮਹਿੰਗੇ ਰੇਸਤਰਾਂ, ਕਿਸੇ ਫਲਾਈਟ ਚ' ਬਹਿ ਕੇ ਇਕ ਰੋਬੋਟ ਵਾਂਗ ਬੱਚਿਆਂ ਨਾਲ ਤੇ ਆਪਸ ਵਿਚ ਵੀ ਅੰਗਰੇਜ਼ੀ ਝਾੜਣ ਤੋਂ ਪੱਕਾ ਗੁਰੇਜ ਕਰੀਏ - ਮੈਨੂੰ ਇਹ ਬੜਾ ਪਾਖੰਡ ਲੱਗਦੈ - ਇੰਝ ਲੱਗਦੈ ਇਹ ਪਰਿਵਾਰ ਨਾਟਕ ਕਰ ਰਿਹੈ - ਨਹੀਂ ਜੀ, ਮੈਨੂੰ ਮਾਨ ਹੈ ਕਿ ਅਸੀਂ ਕਦੇ ਵੀ ਇਹ ਪਾਖੰਡ ਨਹੀਂ ਕੀਤਾ - ਕੁਛ ਫਰਕ ਨਹੀਂ ਪੈਂਦਾ - ਜਿੰਝ ਦਾ  ਉਸ ਮਾਲਕ ਨੇ ਘੜੀਆਂ ਹੈ, ਉਂਝ ਹੀ ਸੌਖੇ ਹੋ ਰਹੀਏ। ਗੁਰਦਾਸ ਮਾਨ ਬੜੀ ਚੰਗੀ ਗੱਲ ਕਹਿੰਦੈ ਇਕ ਗੀਤ ਚ'

ਹਰ ਬੋਲੀ ਸਿੱਖੋ, ਸਿੱਖਣੀ ਵੀ ਚਾਹੀਦੀ 
ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ...

ਚੰਗਾ. ਭਾਇਆ ਜੀ, ਦਿਓ ਇਜਾਜ਼ਤ - ਬੜਾ ਚੰਗਾ ਲੱਗਾ ਤੁਹਾਡੇ ਕੋਲ ਬਹਿ ਕੇ !
ਚੰਗਾ ਜੀ, ਆਰਾਮ ਕਰੋ ਤੁਸੀਂ ਵੀ ਤੇ ਮੈਂ ਵੀ - ਬੱਸ ੋੋਐਲੇਕਸ ਹੈਲੀ ਹੁਰਾਂ ਨੂੰ ਉਸ ਦਿਨ ਛੱਡ ਕੇ ਅੱਗੇ ਤੁਰਣ ਵੇਲੇ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਸਾਡੀਆਂ ਪੁਰਾਣੇ ਰੁੱਖ ਕੋਲੋਂ ਵਿਛੜ ਰਿਹਾਂ ਜਾਂ ਆਪਣੇ ਹੀ ਕਿਸੇ ਵੱਡੇ ਵਡੇਰੇ ਤੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਏ - a memorable evening in Annapolis! ਜਾਂਦੇ ਜਾਂਦੇ ਇੰਝ ਲੱਗੇ ਜਿਵੇਂ ਇਸ ਦੇ ਚੇਹਰੇ ਦੀ ਇਕ ਇਕ ਸਿਲਵਟ ਚ' ਹੀ ਨਹੀਂ, ਇਹਦੇ ਵੱਟੋ ਵੱਟ ਹੋਏ ਕੱਪੜਿਆਂ ਦਾ ਇਕ ਇਕ ਵੱਟ ਸਾਨੂੰ ਕੁਛ ਕਹਿਣਾ ਚਾਹੁੰਦੈ, ਕੁਛ ਸਮਝਾਉਣਾ ਚਾਹੁੰਦੈ।

ਜਾਂਦੇ ਜਾਂਦੇ ਮੈਨੂੰ ਉਹ ਤਿੰਨ ਬੱਚੇ ਯਾਦ ਆ ਗਏ ਜਿੰਨ੍ਹਾਂ ਨੂੰ ਮੈਂ ਇਸ ਬੁੱਤ ਦਿਖਣ ਤੋਂ ਪਹਿਲਾਂ ਕਿਸੇ ਦੁਕਾਨ ਅੱਗੇ ਦੇਖਿਆ ਸੀ, ਕਿਵੇਂ ਮਾਂ ਪਿਓ ਨੇ ਪ੍ਰੈਮ ਚ' ਡੱਕੇ ਹੋਏ ਸੀ ਜ਼ਾਂ ਪਟੇ ਨਾਲ ਬੱਧੇ ਹੋਏ ਸੀ, ਖੁਰਾਫਾਤੀ ਖ਼ਿਆਲ ਆਇਆ ਕਿ ਭੱਜ ਕੇ ਉਹਨਾਂ ਲੋਕਾਂ ਨੂੰ ਵੀ ਰਤਾ ਸਮਝਾ ਕੇ ਆਵਾਂ ਕਿ ਇੰਨਾ ਦੀਆਂ ਵੀ ਸੰਗਲੀਆਂ ਖੋਲੋ- ਅੱਗੇ ਵੇਖੋ ਇੰਨਾ ਦਾ ਦਾਦਾ ਬੱਚਿਆਂ ਨੂੰ ਕਹਾਣੀਆਂ ਸੁਣਾ ਰਿਹੈ।  ਪਰ ਇਸ ਤਰ੍ਹਾਂ ਦਾ ਪੰਗਾ ਅਮਰੀਕਾ ਵਰਗੇ ਮੁਲਕ ਚ' ਲੈਣ ਦਾ ਮੇਰਾ ਕੋਈ ਵਿਚਾਰ ਨਹੀਂ ਸੀ - ਮੈਨੂੰ ਹੀ ਪਤਾ ਹੈ ਇਸ ਪਟੇ ਨਾਲ ਬੱਝੇ ਹੋਏ ਨਿਆਣੇ ਦੀ ਫੋਟੋ ਖਿੱਚਣ ਚ ਮੈਨੂੰ ਕਿੰਨੀ ਮੇਹਨਤ ਕਰਨੀ ਪਈ। ਓਥੇ ਲੋਕ ਵੈਸੇ ਹੀ ਬੜੇ 'ਟਚੀ' ਨੇ - ਕੋਈ ਪੁੱਛ ਹੀ ਲਵੇ। ..ਹਾਂ ਬਈ, ਇਸ ਪਟੇ ਨਾਲ ਬੱਧੇ ਹੋਏ ਨਿਆਣੇ ਚ'  ਤੈਨੂੰ ਕੀ  ਖ਼ਾਸ ਦਿਸਦੈ  😂😂- ਓਹਨੂੰ ਕਿ ਦੱਸਦਾ, ਮੇਰੇ ਬਲਾਗ ਦਾ ਮਸਾਲਾ!!

ਤੁਸੀਂ ਬਾਈ ਕਿਹੜੀ ਸੋਚੀਂ ਪਏ ਹੋਏ ਹੋ! ਅੱਗੇ ਚਲੋ, ਤੁਹਾਡਾ ਬਾਬਾ ਕਹਾਣੀਆਂ ਸੁਣਾ ਰਿਹੈ 😂

ਪਤਾ ਨਹੀਂ ਤੇਰੇ ਪਟੇ ਦਾ ਕੀ ਹਾਲ ਹੋਏਗਾ, ਮੈਨੂੰ ਤੇਰੀ ਵੀ ਚਿੰਤਾ ਹੈ, ਨੰਨ੍ਹੇ ਫ਼ਰਿਸ਼ਤੇ!😂

ਹੁਣੇ ਆਪਣੀ ਗੱਲ ਹੋਈ ਮਾਂ ਬੋਲੀ ਦੀ- ਚੇਤੇ ਆ ਗਈ ਮਾਂ, ਤੇ ਨਾਲ ਹੀ ਉਹ ਪੰਜਾਬੀ ਗੀਤਾਂ ਦਾ ਸਿਰਤਾਜ ਕੁਲਦੀਪ ਮਾਣਕ ਤੇ ਉਸ ਦਾ ਉਹ ਸਦਾ ਰਹਿਣ ਵਾਲਾ ਗੀਤ - ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ...

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...