Friday, 5 July 2019

ਉਹ ਵਹਿੰਗੀਵਾਲਾ ..


ਰੋਜ਼ ਰੋਜ਼ ਇੱਕੋ ਬਾਗ਼ ਚ' ਸਵੇਰੇ ਟਹਿਲਣ ਜਾਣਾ ਮੈਨੂੰ ਬੜਾ ਭਾਰਾ  ਲੱਗਦੈ - ਸਬ ਕੁਛ ਓਹੀਓ - ਨਵੀਂ ਜਗ੍ਹਾ ਵੱਲ ਤੁਰਾਂਗੇ, ਤੇ ਨਵੇਂ ਰੁੱਖ, ਨਵੇਂ ਬੇਲਬੂਟੇ ਦੇਖ ਕੇ ਚਾਅ ਚੜ ਜਾਂਦੈ - ਹੈ ਕਿ ਨਹੀਂ?

ਇਥੇ ਲਖਨਊ ਚ' ਬੜੇ ਵੱਡੇ ਵੱਡੇ ਤੇ ਖੂਬਸੂਰਤ ਬਾਗ਼ ਨੇ - ਕੁਛ ਤੇ ਪੁਰਾਣੇ ਨਵਾਬਾਂ ਦੇ ਬਣਾਏ ਹੋਏ ਤੇ ਕੁਛ ਅੱਜ ਦੇ ਨਵਾਬਾਂ ਦੀ ਸੌਗਾਤ - ਬੜੇ ਬੜੇ ਪੁਰਾਣੇ ਰੁੱਖ ਨੇ, ਤਰ੍ਹਾਂ ਤਰ੍ਹਾਂ ਦੇ ਫੁੱਲ, ਬੇਲ ਬੂਟੇ ਤੇ ਸਵੇਰੇ ਸਵੇਰੇ ਖੁਸ਼ੀ ਨਾਲ ਚਹਿਕਦੇ ਹੋਏ ਪੰਛੀ - ਪਿਛਲੇ ਕੁਛ ਦਿਨਾਂ ਚ ਦੋ ਵਾਰੀ ਮੋਰ ਪੈਲਾਂ ਪਾਉਂਦਾ ਦਿਖ ਗਿਆ...

ਅੱਜ ਵਿਚਾਰ ਬਣਿਆ ਸਾਡਾ ਇਥੇ ਦੀ ਬੋਟਾਨੀਕੈਲ ਰਿਸਰਚ ਇੰਸਟੀਟਿਊਟ ਦਾ ਗੇੜਾ ਲਾ ਕੇ ਆਉਣ ਦਾ - ਇਹ ਰਾਸ਼ਟਰ ਪੱਧਰ ਦੀ ਸੰਸਥਾ ਹੈ - ਬੜੀ ਹਰਿਆਲੀ ਹੈ - ਪੁਰਾਣੇ ਪੁਰਾਣੇ ਰੁੱਖ, ਪੈਦਲ ਚੱਲਣ ਵਾਲਿਆਂ ਵਾਸਤੇ ਬਹੁਤ ਖੂਬਸੂਰਤ ਟਰੈਕ ਹੈ -
ਵੱਡੀ ਭੈਣ ਨੂੰ ਵੀ ਅੱਜ ਇਥੇ ਦਾ ਟੂਰ ਕਰਵਾਇਆ- ਕਹਿੰਦੇ ਬੜੀ ਚੰਗੀ ਜਗ੍ਹਾ ਹੈ, ਇਹ ਯੂਨੀਵਰਸਿਟੀ ਚ' ਪ੍ਰੋਫੈਸਰ ਹਨ .. ਸਕੂਲ ਦੇ ਦਿਨਾਂ ਚ' ਮੈਨੂੰ ਲਿਖ ਲਿਖ ਕੇ ਸਬਕ ਚੇਤੇ ਕਰਵਾਉਣ ਵਾਲੇ -ਸਾਡੇ ਮਾਪਿਆਂ ਵਾਂਗ, ਇਸ ਭੈਣ ਨੇ ਵੀ ਕਦੇ ਸਾਨੂੰ ਨਹੀਂ ਕੁੱਟਿਆ 😂, ਇਕ ਵਾਰੀ ਜਦੋਂ ਇਹ ਐਮ.ਏ ਚ' ਸਨ, ਦੁਪਹਿਰ ਵੇਲੇ ਧੁੱਪ ਚ ਮੰਜੇ ਤੇ ਸੁੱਤੇ ਪਏ ਸਨ, ਮੈਂ ਸੰਤਰਾ ਖਾ ਕੇ ਛਿੱਲੜ ਇੰਨਾ ਦੀ ਅੱਖ ਚ ਨਿਚੋੜ ਦਿੱਤੀ, ਬਸ ਉਸ ਦਿਨ ਗੁੱਸੇ ਨਾਲ ਮੇਰੇ ਪਿੱਛੇ ਭੱਜੇ, ਇੰਨਾ ਕੁਛ ਨਹੀਂ ਕਿਹਾ, ਮੈਂ ਮੰਜੀ ਦੇ ਪਾਵੇ ਨਾਲ ਜਾ ਵੱਜਿਆ, ਅੱਖ ਕੋਲੋਂ ਖੂਨ ਵੱਗਣ ਲੱਗਾ ਮੇਰੇ ਤੇ ਰੋਣ ਲੱਗੀ ਇਹ ਭੈਣ - ਇੰਝ ਦੀਆਂ ਹੁੰਦੀਆਂ ਨੇ ਭੈਣਾਂ !!

ਇਸ ਜਗ੍ਹਾ ਤੇ ਜਦੋਂ ਵੀ ਜਾਈਦੈ,  ਇੰਝ ਲੱਗਦੈ ਜਿਵੇਂ ਨਜ਼ਾਰੇ ਵੇਖ ਵੇਖ ਕੇ ਅੱਖਾਂ ਹੀ ਨਾ ਕੀਤੇ ਆਫਰ ਜਾਣ, ਜਿਵੇਂ ਵਿਆਹ ਵਾਲੇ ਘਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਵੇਖ ਕੇ ਢਿੱਡ ਭਰ ਜਾਂਦੈ - ਉਂਝ ਹੀ ਇਥੇ ਜਾ ਕੇ ਇਹ ਸਮਝ ਨਹੀਂ ਆਉਂਦੀ ਕਿ ਖੜ ਕੇ ਮੋਰ ਨੂੰ ਪੈਲਾਂ ਪਾਂਦੇ ਵੇਖੀਏ,  ਪੁਰਾਣੇ ਰੁੱਖਾਂ ਨਾਲ ਜਾਣ ਪਹਿਚਾਣ ਕਰੀਏ ਜਾਂ ਕਮਲ ਦੇ ਫੁੱਲਾਂ ਦੇ ਸੁਹੱਪਣ ਨੂੰ ਮਾਨੀਏ -- ਇੰਝ ਹੀ ਚਲਦੇ ਚਲਦੇ ਉਸ ਬਾਗ਼ ਤੋਂ ਬਾਹਰ ਨਿਕਲਣ ਦਾ ਸਮਾਂ ਆ ਜਾਂਦੈ -

200 ਸਾਲ ਪੁਰਾਣਾ ਇਹ ਬੋਹੜ ਮੈਨੂੰ ਤੇ ਆਪਣਾ ਕੋਈ ਪੁਰਖਾ ਹੀ ਜਾਪਦੈ 

ਜਦੋਂ ਵੀ ਅਸੀਂ ਇਸ ਬਾਗ਼ ਚ' ਜਾਂਦੇ ਹਾਂ, ਇਥੇ ਲੱਗੇ ਇਕ 200 ਸਾਲਾ ਪੁਰਾਣੇ ਬੋਹੜ ਦੇ ਰੁੱਖ ਥੱਲੇ ਜ਼ਰੂਰ ਜਾਂਦੇ ਹਾਂ- ਜਿਵੇਂ ਇਸ ਦੀ ਰਹਿਮਤਾਂ ਨੂੰ ਮੱਥਾ ਟੇਕਣਾ ਹੋਵੇ - ਅੱਜ ਇਸ ਬਾਗ਼ ਵਿਚ ਇਸ ਬੋਹੜ ਦੇ ਥੱਲੇ ਡਿੱਗੇ ਇਕ ਫਲ ਵੱਲ ਧਿਆਨ ਚਲਿਆ ਗਿਆ. ਮੈਨੂੰ ਯਾਦ ਨਹੀਂ ਆਇਆ ਇਸ ਨੂੰ ਅਸੀਂ ਬਚਪਨ ਚ' ਕਿ ਕਹਿੰਦੇ ਸੀ....


ਬਚਪਨ ਚ' ਸਾਡੇ ਆਲੇ ਦੁਆਲੇ ਬੋਹੜ ਦੇ ਰੁੱਖਾਂ ਥੱਲੇ ਇਸ ਤਰ੍ਹਾਂ ਦੇ ਗੋਲ ਗੋਲ ਫ਼ਲਾਂ ਦਾ ਢੇਰ ਲੱਗਿਆ ਹੁੰਦਾ ਸੀ, ਕੁੱਛ ਤੇ ਥੱਲੇ ਡਿੱਗਦੇ ਹੀ ਫਿਸ ਜਾਂਦੇ ਸੀ, ਜਿਹੜੇ ਸਬੂਤੇ ਹੁੰਦੇ ਸੀ, ਓਹਨੂੰ ਅਸੀਂ ਖੋਲ ਕੇ ਚੈੱਕ ਕਰ ਕੇ (ਕਿਤੇ ਕੀੜੇ ਨਾ ਹੋਣ!) ਛੱਕ ਜਾਂਦੇ ਸੀ, ਮਿੱਠੇ ਹੁੰਦੇ ਸੀ.
ਇਹ ਇਕ ਰੁਪਈਏ ਦੀ ਟਿਕਟ ਵੇਖ ਕੇ ਇਕ ਵਿਚਾਰ ਇੰਝ ਹੀ ਆ ਗਿਆ ਕਿ ਤੁਸੀਂ ਇਕ ਇਕ ਰੁਪਈਏ ਦੀ ਲੋਕਾਂ ਕੋਲੋਂ ਉਗਰਾਹੀ ਕਰਦੇ ਜਾਓ ਤੇ ਨੀਰਵ, ਮਾਲੀਆ ਵਰਗੇ ਪੱਠੇ ਅਰਬਾਂ ਰੁਪਏ ਦਾ ਇੱਕੋ ਧੋਬੀ ਪਟਕਾ ਮਾਰ ਕੇ ਨੱਸ ਜਾਣ (ਕਿ ਕਿਹਾ ਤੁਸੀਂ ---  ਆਪੇ ਤੇ ਨਹੀਂ ਨੱਸੇ!!. ...ਚਲੋ ਛੱਡੋ, ਮਿੱਟੀ ਪਾਓ)


ਅੱਜ ਟਹਿਲ ਕੇ ਵਾਪਸ ਆਉਂਦਿਆਂ ਲਖਨਊ ਦੇ ਲਾਲ ਬਾਗ਼ ਦੇ ਨੇੜੇ ਸ਼ਰਮਾ ਟੀ-ਸਟਾਲ ਦਾ ਧਿਆਨ ਆ ਗਿਆ - ਇਹ ਲਾਲ ਬਾਗ਼ ਦਾ ਇਲਾਕਾ ਤੇ ਇਥੇ ਦੀਆਂ ਬਹੁਤ ਸਾਰੀਆਂ ਇਮਾਰਤਾਂ ਇਤਿਹਾਸਕ ਮਹੱਤਵ ਦੀਆਂ ਹਨ. ਸ਼ਰਮਾ ਟੀ ਸਟਾਲ ਵੀ ਇੰਨੋ ਚੋਂ ਇਕ ਹੈ. ਜਿਵੇਂ ਕਿਸੇ ਜ਼ਮਾਨੇ ਚ' ਹਾਲ ਬਾਜ਼ਾਰ ਦੀ ਕੁਲਫੀ ਦੀ ਦੁਕਾਨ ਜਾਂ ਰਿਆਲਟੋ ਟਾਕੀ ਸਾਮਣੇ ਸਰਦਾਰ ਦੀ ਲੱਸੀ ਵਾਲੀ ਦੁਕਾਨ ਮਸ਼ਹੂਰ ਸੀ, ਲਖਨਊ ਚ' ਇਸ ਸ਼ਰਮਾ ਟੀ ਸਟਾਲ ਦੀ ਓਹੀ ਥਾਂ ਹੈ. 








ਇਥੇ ਆਉਣਾ ਚੰਗਾ ਲੱਗਦੈ, ਹਰ ਵੇਲੇ 50-100 ਚਾਹ  ਪੀਣ ਵਾਲੇ ਇਸ ਦੇ ਆਲੇ ਦੁਆਲੇ ਚਾਅ ਦੀਆਂ ਚੁਸਕੀਆਂ ਤੇ ਨਾਲ ਸਮੋਸੇ ਤੇ ਬੰਦ ਮੱਖਣ ਖਾਂਦੇ ਨਜ਼ਰ ਆ ਜਾਂਦੇ ਨੇ. ਅਸੀਂ ਵੀ ਚਾਹ ਪੀਤੀ, ਸਮੋਸਾ ਲਿਆ....ਪਰ ਮੈਂ ਅੰਮ੍ਰਿਤਸਰ ਛੱਡਣ ਤੋਂ ਬਾਅਦ ਕਿਸੇ ਵੀ ਜਗ੍ਹਾ ਦਾ ਸਮੋਸਾ ਪਸੰਦ ਨਹੀਂ ਕਰਦਾ, ਬੜੀ ਮਜ਼ਬੁਰੀ  ਚ' ਹੀ ਖਾਂਦਾ ਹਾਂ.  ...ਅੰਮ੍ਰਿਤਸਰ ਦੇ ਲੋਹਗੜ੍ਹ ਗੇਟ , ਲਾਹੌਰੀ ਦਰਵਾਜ਼ੇ, ਗੁਰੂ ਬਾਜ਼ਾਰ ਦੇ ਸਮੋਸੇ, ਨੋਵਲਟੀ ਦੇ ਸਮੋਸੇ --- ਇੰਨ੍ਹਾਂ ਜਗ੍ਹਾ ਦੇ ਸਮੋਸਿਆਂ ਨੇ ਮੈਨੂੰ ਵਿਗਾੜ ਦਿੱਤਾ - ਹਿੰਦੁਸਤਾਨ ਦੀ ਕਿਸੇ ਵੀ ਜਗ੍ਹਾ ਦੇ ਸਮੋਸੇ ਇੰਨ੍ਹਾਂ ਦੀ ਰੀਸ ਨਹੀਂ ਕਰ ਸਕਦੇ, ਵੱਡੀ ਤੋਂ ਵੱਡੀ ਦੁਕਾਨਾਂ ਤੇ ਸਮੋਸੇ ਖਾਦੇ ਪਰ ਅੰਦਰੋਂ ਕੱਚੇ ਘਾਹ ਸਮੋਸੇ ਕੌਣ ਖਾਵੇ!! 

ਬੰਦ ਵੈਸੇ ਹੀ ਮੈਂ ਕਦੇ ਨਹੀਂ ਖਾਂਦਾ, ਬਚਪਨ ਚ' ਕਦੇ ਕਦੇ ਮਿੱਠੇ ਬੰਦ ਚਾਹ ਚ ਡੁਬੋ ਡੁਬੋ ਕੇ ਖਾ ਲਈ ਦੇ ਸੀ - ਪਰ ਜਿਵੇਂ ਥੋੜੇ ਵੱਡੇ ਹੋਏ, ਕਦੇ ਨਹੀਂ ਖਾਦੇ , ਬੰਦ ਤੇ ਦੂਰ ਘਰ ਚ' ਡਬਲ ਰੋਟੀ ਵੀ ਮਹੀਨੇ ਚ' ਇਕ ਅੱਧੀ ਵਾਰ ਹੀ ਵਿਖਦੀ ਸੀ (ਸਾਰੇ ਇਸ ਤੋਂ ਨਫਰਤ ਕਰਦੇ ਸੀ) - ਕਦੇ ਕਦੇ ਦੁੱਧ ਵਾਲੇ ਟੋਸਟ, ਵੇਸਣ ਲਾ ਕੇ ਤਲੀ ਜ਼ਾਂ ਮਲਾਈ ਲਾ ਕੇ ਖਾ ਲੈਂਦੇ ਸੀ ਜ਼ਾਂ ਕਦੇ ਆਲੂ ਵਾਲੇ ਸੈਂਡਵਿਚ ਬਣਾਉਣ ਵਾਸਤੇ , ਸਬ ਕੁਛ ਚੰਗੀ ਤਰ੍ਹਾਂ ਸੇਕ ਕੇ, ਕੱਚੀ ਡਬਲ ਰੋਟੀ ਦੇ ਖਾਣ ਬਾਰੇ ਸੋਚ ਹੀ ਨਹੀਂ ਸੀ ਸਕਦੇ!  ਚਲੋ ਜੀ, ਹਰ ਥਾਂ ਦੀ ਆਪਣੀ ਆਪਣੀ ਖਾਣ ਪੀਣ ਦੀ ਪਸੰਦ ਹੈ !! 



ਹਾਂ ਜੀ, ਚਾਅ ਸ਼ਰਮਾ ਟੀ ਸਟਾਲ ਦੀ ਇਕਦਮ ਠਾ ਹੁੰਦੀ ਏ, ਬਿਲਕੁਲ ਜਿਵੇਂ ਅੰਮ੍ਰਿਤਸਰ ਚ' ਕਿਸੇ ਜ਼ਮਾਨੇ ਚ ਮਿਲਿਆ ਕਰਦੀ ਸੀ - ਹੁਣ ਦਾ ਮੈਨੂੰ ਪਤਾ ਨਹੀਂ !! ਆਏ ਦਿਨ ਇਥੇ ਫਿਲਮ ਸਟਾਰ ਆ ਹੁੰਦੇ ਨੇ ਚਾਅ ਪੀਣ - ਲਤਾ ਮੰਗੇਸ਼ਕਰ ਦੀ ਦੀ ਫੋਟੋ ਟੰਗੀ ਹੋਈ ਏ ਇਥੇ। 

ਚੰਗਾ ਜੀ, ਜਦੋਂ ਇਸ ਟੀ ਸਟਾਲ ਵਾਲੇ ਫੁਟ-ਪਾਠ ਤੋਂ ਥੱਲੇ ਉਤਰੇ ਤੇ ਇਕ ਵਹਿੰਗੀ ਵਾਲਾ ਦਿੱਖ ਗਿਆ - ਬੜੇ ਚਿਰਾਂ ਬਾਅਦ ਇਹ ਵਹਿੰਗੀ ਵਾਲਾ ਦੇਖਿਆ ਸੀ...ਕਦੇ ਕਦੇ ਬੰਬਈ ਚ' ਦੇਖਿਆ ਸੀ ਕਿ ਕਈ ਬੰਦੇ ਵਹਿੰਗੀ ਵਰਗੇ ਹੀ ਕਿਸੇ ਜੁਗਾੜ ਨਾਲ ਪਾਣੀ ਦੇ ਭਰੇ ਦੋ ਪੀਪੇ ਢੋ ਕੇ ਲੈ ਜਾਂਦੇ ਨੇ... ਅੱਜ ਸਵੇਰੇ ਇਹ ਵਹਿੰਗੀ ਵਾਲਾ ਵੇਖਿਆ ਤੇ ਉਸ ਦੀ ਆਵਾਜ਼ ਵੀ ਮੇਰੇ ਕੰਨੀਂ ਪਈ - ਗੁਲਾਬ ਜਾਮੁਣ -- 



ਮੈਨੂੰ ਥੋੜੀ ਹੈਰਾਨੀ ਹੋਈ ਕਿ ਇੰਨੀ ਸਵਖ਼ਤੇ ਇਹ ਗੁਲਾਬ ਜਾਮਣ - ਜ਼ਿਆਦਾ ਹੈਰਾਨੀ ਇਸ ਲਈ ਨਹੀਂ ਹੋਈ ਕਿਓਂ ਕਿ ਇਥੇ ਲਖਨਊ ਚ ਸਵੇਰੇ ਸਵੇਰੇ ਦਹੀ-ਜਲੇਬੀ ਡੂਨੇ ਚ' ਲੈ ਕੇ ਨਾਸ਼ਤਾ ਕਰਣ ਦਾ ਬੜਾ ਰਿਵਾਜ ਹੈ. ਮੈਂ ਸੋਚਿਆ ਕਿ ਚਾਹ ਦੇ ਨਾਲ ਲੋਕੀਂ ਦੋ ਦੋ ਗੁਲਾਬ ਜਾਮਣ ਵੀ ਰਗੜ ਜਾਂਦੇ ਹੋਣਗੇ 😂, ਅਜੇ ਮੈਂ ਇਹ ਸੋਚ ਹੀ ਰਿਹਾ ਸਾਂ ਕਿ ਉਸ ਵਹਿੰਗੀ ਵਾਲੇ ਦੇ ਛਾਬੇ ਕੋਲ ਪੁੱਜ ਗਿਆ ਤੇ ਵੇਖਿਆ ਐੱਡੀ ਮੇਹਨਤ ਨਾਲ ਸਜਾਏ ਹੋਏ ਉਹ ਤੇ ਜਾਮਣ ਸਨ - ਇਕ ਪਾਸੇ ਬਾਬੇ ਹੁਰਾਂ ਕੁੱਜਾ ਰੱਖਿਆ ਹੋਇਆ ਇਸ, ਜਿਵੇਂ ਅਸੀਂ ਪਹਿਲਾਂ ਬਾਜ਼ਾਰ ਚੋਂ ਜਾਮਣ ਲੈ ਕੇ ਖਾਂਦੇ ਸੀ, ਉਹ ਕੁੱਜੇ ਚ ਜਾਮਣ ਪਾ ਕੇ, ਉਸ ਵਿਚ ਥੋੜਾ ਲੂਣ ਸੁੱਟ ਕੇ, ਕੁੱਜੇ ਦੇ ਮੂੰਹ ਨੂੰ ਢੱਕ ਕੇ ਓਹਨੂੰ ਦੇ ਮਿੰਟ ਹਿਲਾਉਂਦਾ ਤੇ ਫੇਰ ਕਿਸੇ ਪੱਤਲ ਉੱਤੇ ਰੱਖ ਕੇ ਉਹ ਮਾਲ ਸਾਡੇ ਹਵਾਲੇ ਕਰ ਦਿੰਦਾ - ਸੋਹੁੰ ਰਬ ਦੀ, ਉਸ ਤਰ੍ਹਾਂ ਦੇ ਮੂੰਹ ਚ ਰੱਖਦੇ ਹੀ ਖੁਰ ਜਾਣ ਵਾਲੇ ਜਾਮਣ ਫੇਰ ਹੌਲੀ ਹੌਲੀ ਦਿਖਣੇ ਹੀ ਬੰਦ ਹੋ ਗਏ। 

ਅੱਜ ਇਸ ਵਹਿੰਗੀ ਵਾਲੇ ਨੂੰ ਦੇਖ ਕੇ ਸਵੇਰੇ ਸਵੇਰੇ ਆਪਣੀ ਦੂਜੀ ਤੀਜੀ ਜਮਾਤ ਦੇ ਦਿਨਾਂ ਦੀ ਯਾਦ ਆ ਗਈ - 1970 ਦੇ ਪਹਿਲਾਂ ਦੀਆਂ ਗੱਲਾਂ- ਇਕ ਅਜਿਹਾ ਵਹਿੰਗੀ ਵਾਲਾ ਸਾਡੀ ਗਲੀ ਚ' ਵੀ ਆਉਂਦਾ ਸੀ, ਉਸ ਦਾ ਬਹੁਤ ਬਜ਼ੁਰਗ ਚੇਹਰਾ, ਸਿਰ ਤੇ ਰੱਖੀ ਚਿੱਟੇ ਰੰਗ ਦੀ ਸੂਤੀ ਪੱਗ, ਮੈਲੀ ਜਿਹੀ ਸੂਤੀ ਧੋਤੀ, ਪੁਰਾਣੀ ਘਿਸੀ ਪਿਟੀ ਜੁੱਤੀ ਤੇ ਡੋਰੀਆਂ ਨਾਲ ਬੰਨਿਆ ਹੋਇਆ ਚਸ਼ਮਾ ---ਉਸ ਕੋਲ ਹੁੰਦੇ ਸੀ ਭੁੱਜੇ ਛੋਲੇ, ਭੁੱਜੀ ਮੱਕੀ, ਫੁਲਿਆਂ, ਮਰੂੰਡਾ, ਛੌਲੇਆਂ ਦੀ ਭੁੱਜੀ ਦਾਲ ਤੇ ਫੁੱਲੇ --ਤੇ ਸਾਡੇ ਕੋਲ ਹੁੰਦੇ ਸਨ - 5, 10 ਜਾਂ 20 ਪੈਸੇ - ਇਹ ਸਾਡਾ ਸਨੈਕਸ ਹੁੰਦਾ ਸੀ।  ਓਹਨੇ ਸਾਨੂੰ ਆਪਣਾ ਸਾਰਾ ਸਮਾਨ ਕਾਗਜ਼ ਦੀਆਂ ਪੁੜੀਆਂ ਚ ਅੱਧ-ਪੱਚਦਾ ਲਪੇਟ ਕੇ ਦੇਈਂ ਜਾਣਾ ਤੇ ਅਸੀਂ ਉਸ ਕੋਲੋਂ ਝੂੰਗਾ ਮੰਗ ਮੰਗ ਕੇ ਉਸ ਬਾਬੇ ਨੂੰ ਤੰਗ ਕਰ ਦੇਣਾ - ਉਸ ਨੇ ਵੇ 2-4 ਦਾਣੇ ਸਾਡੇ ਮੱਥੇ ਮਾਰ ਹੀ ਦੇਣੇ -- ਅਜ ਸੋਚ ਕੇ ਆਪਣੇ ਆਪ ਨੂੰ ਲਾਨਤਾਂ ਦੇ ਰਿਹਾਂ ਕਿ ਬਿੱਲੇਆ, ਫਿੱਟੇ ਮੂੰਹ ਤੇਰਾ, ਤੂੰ ਉਸ ਬਾਬੇ ਕੋਲ ਝੂੰਗਾ ਮੰਗਦਾ ਰਿਹਾ, ਕਾਸ਼ ਉਸ ਵੇਲੇ ਵੀ ਮੇਰੀ ਅਕਲ ਗਿਟੇਆੰ ਚ' ਨਾ ਹੁੰਦੀ। 

ਇਕ ਸੀ ਰਾਵਿੰਦਰਨਾਥ ਟੈਗੋਰ ਦਾ ਕਬੂਲੀਵਾਲਾ  --  ਅੱਜ ਮੈਨੂੰ ਮੇਰੇ ਬਚਪਨ ਦਾ ਵਹਿੰਗੀਵਾਲਾ ਬਾਬਾ ਯਾਦ ਆ ਗਿਆ,  ਸਾਰੇ ਬੱਚਿਆਂ ਦਾ ਪਿਆਰਾ ਬਾਬਾ 😘- ਕੀ  ਕਮਾਈ ਕਰ ਜਾਂਦਾ ਹੋਉ  ਉਹ ਦਰਵੇਸ਼, ਸਾਨੂੰ ਖਾਣ ਪੀਣ ਦੀ ਸੁਥਰੀ ਆਦਤ ਦੀ ਗੁੜਤੀ ਦੇਣ ਆਉਂਦਾ ਹੋਏਗਾ, ਬੱਸ ਕੁਛ ਵਰਿਆਂ ਬਾਅਦ ਉਹ ਦਿਖਣਾ ਬੰਦ ਹੋ ਗਿਆ 😞😞😞😞😞 !!

ਚੱਲੋ ਜੀ, ਹੁਣ ਗੁਰਦਾਸ ਮਾਨ ਹੁਰਾਂ ਦਾ ਛੱਲਾ ਸੁਣੀਏ ...ਬੜਾ ਚਿਰ ਹੋ ਗਿਆ  ਇਸ ਨੂੰ ਸੁਣਿਆਂ - 


No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...