ਦਰਬਾਰ ਦੇ ਸਰੋਵਰ ਚੋਂ ਗਾਰ ਹਟਾਉਣ ਦੀ ਕਾਰ ਸੇਵਾ ਦੇ ਸਾਲ ਬਾਰੇ ਮੈਨੂੰ ਚੇਤੇ ਨਹੀਂ ਸੀ ਬਿਲਕੁਲ - ਬਸ ਇੰਨ੍ਹਾਂ ਹੀ ਪਤਾ ਸੀ ਕਿ ਮੈਂ ਬੜਾ ਛੋਟਾ ਸੀ. ਗੂਗਲ ਤੋਂ ਹੀ ਪਤਾ ਲੱਗਾ ਕਿ ਇਹ 1973 ਮਾਰਚ ਦੀ ਗੱਲ ਹੈ ਜਦੋਂ ਦਰਬਾਰ ਸਾਹਿਬ ਦੇ ਸਰੋਵਰ ਦੀ ਸਫਾਈ ਦੀ ਕਰ-ਸੇਵਾ ਹੋਈ ਸੀ.
ਉਸ ਹਿਸਾਬ ਨਾਲ ਓਹਨੀਂ ਦਿਨੀਂ ਮੇਰਾ ਪੰਜਵੀ ਜਮਾਤ ਵਿਚ ਦਾਖਿਲਾ ਅਜੇ ਹੋਇਆ ਹੀ ਹੋਵੇਗਾ।
ਗੂਗਲ ਬੜਾ ਕੁਛ ਦਾਸ ਦਿੰਦੈ - ਤਾਰੀਖਾਂ ਬਾਰੇ - ਦਸ ਰਿਹੈ ਕਿ 1923 ਦੇ ਬਾਅਦ ਉਹ 1973 ਚ' ਉਸ ਸਰੋਵਰ ਦੀ ਕਾਰਸੇਵਾ ਹੋਈ ਸੀ. ਗੂਗਲ ਉਹ ਚੀਜ਼ਾਂ ਦੱਸਦਾ ਜਿਸ ਦਾ ਵੇਰਵਾ ਉਸ ਨੂੰ ਪਤਾ ਹੈ - ਤਾਰੀਖਾਂ, ਫ਼ੋਟਾਂ, ਹੋਰ ਛੋਟੇ ਮੋਟੇ ਵੇਰਵਾ - ਗੂਗਲ ਉਹ ਕਿਵੇਂ ਦੱਸੇ ਜਿਹੜੀਆਂ ਗੱਲਾਂ ਸਾਡੀਆਂ ਯਾਦਾਂ ਦੀ ਕੋਠਰੀ ਚ' ਡੱਕੀਆਂ ਹੋਈਆਂ ਨੇ. ਵੈਸੇ ਦੇਖਿਆ ਜਾਵੇ ਤਾਂ ਉਸ ਵਿਚ ਵੀ ਗੂਗਲ ਮਦਦ ਕਰ ਰਿਹੈ, ਕਿਓਂਕਿ ਇਹ ਜਿਹੜਾ ਬਲਾਗ ਵੀ ਅਸੀਂ ਲਿਖਦੇ ਹਾਂ ਉਹ ਵੀ ਗੂਗਲ ਦੇ ਪਲੇਟਫਾਰਮ "ਬਲਾਗਰ" ਤੇ ਹੀ ਤੇ ਲਿਖ ਰਹੇ ਹਾਂ (ਵੈਸੇ ਓਹਦੇ ਵਾਸਤੇ ਹੋਰ ਵੀ ਆਪਸ਼ਨ ਤੇ ਹਨ, ਪਰ ਉਹ ਗੱਲਾਂ ਫੇਰ ਕਦੇ!)
ਗੂਗਲ ਤੋਂ ਲਈ ਇਹ ਫੋਟੋ, ਪਤਾ ਨਹੀਂ ਕਦੋਂ ਦੀ ਹੈ.. |
ਮੈਨੂੰ ਤੇ ਇੰਨ੍ਹਾਂ ਯਾਦ ਹੈ ਚੰਗੀ ਤਰ੍ਹਾਂ ਕਿ ਕਰ ਸੇਵਾ ਵਾਲੇ ਦਿਨਾਂ ਵਿਚ ਅੰਮ੍ਰਿਤਸਰ ਦੀਆਂ ਸੜਕਾਂ ਤੇ ਮੈਂ ਪਹਿਲੀ ਵਾਰੀ ਇੰਨ੍ਹੇ ਲੋਕ ਦੇਖੇ ਸਨ, ਜਿੱਧਰ ਵੀ ਜਾਈਦਾ ਸੀ, ਓਧਰ ਹੀ ਕਰ ਸੇਵਾ ਕਰਣ ਕਰਣ ਵਾਲਿਆਂ ਦਾ ਸਮੁੰਦਰ ਆਉਂਦਾ ਦਿਸਦਾ - ਜ਼ਿਆਦਾਤਰ ਲੋਕ ਪੈਦਲ ਹੀ ਦਿੱਖਦੇ ਸਨ, ਪਰ ਅੰਮ੍ਰਿਤਸਰ ਦੇ ਆਸੇ ਪਾਸੇ ਦੇ ਪਿੰਡਾਂ ਤੋਂ ਤੇ ਅੰਮ੍ਰਿਤਸਰ ਸ਼ਹਿਰ ਦੇ ਦੂਜਿਆਂ ਇਲਾਕਿਆਂ ਤੋਂ ਵੀ ਲੋਕ ਗੱਡਿਆਂ ਤੇ ਆਉਂਦੇ ਦਿਖਦੇ - ਗੱਡੇ ਅਕਸਰ ਵੱਡੇ ਵੱਡੇ ਹੁੰਦੇ ਜਿਸ ਉੱਤੇ 40-50 ਲੋਕ ਆਰਾਮ ਨਾਲ ਬਹਿ ਜਾਂਦੇ, ਖੜੇ ਹੋ ਜਾਂਦੇ!
ਹੁਣੇ ਮੈਂ ਲਿਖਦੇ ਲਿਖਦੇ ਸੋਚਿਆ ਕਿ ਉਸ ਤਰ੍ਹਾਂ ਦੇ ਗੱਡਿਆਂ ਦੀ ਕੋਈ ਫੋਟੋ ਹੀ ਨੇਟ ਤੋਂ ਲੱਭੀ ਜਾਵੇ - ਕੋਈ ਨਹੀਂ ਮਿਲੀ - ਸਾਰੇ ਛੋਟੇ ਛੋਟੇ ਗੱਡੇ ਦਿਖੇ ਜਿੰਨਾ ਅੱਗੇ ਅਕਸਰ ਬਲਦ ਲੱਗਿਆ ਕਰਦੇ ਸੀ, ਮੈਂ ਜਿੰਨ੍ਹਾਂ ਵੱਡਿਆਂ ਗੱਡਿਆਂ ਦੀ ਗੱਲ ਕਰ ਰਿਹਾ ਹਾਂ ਉਹਨਾਂ ਅੱਗੇ 2 ਤਗੜੇ ਝੋਟੇ ਜੁਤੇ ਹੁੰਦੇ ਸੀ, ਬੜੇ ਆਰਾਮ ਨਾਲ 50-60 ਬੰਦਿਆਂ ਨੂੰ ਢੋ ਕੇ ਚਲਦੇ ਰਹਿੰਦੇ ਸੀ, ਫੇਰ ਵੀ ਉਹਨਾਂ ਨੂੰ ਹਾਂਕਨ ਵਾਲਾ ਵਿਚ ਵਿਚ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਰਹਿੰਦਾ ਤੇ ਕਦੇ ਕਦੇ ਉਹ "ਸ਼ਾਂਟਾ" ਵੀ ਵਰਤ ਲੈਂਦਾ !
ਮੈਨੂੰ ਯਾਦ ਹੈ ਲੋਕੀ ਅਜਿਹੇ ਗੱਡਿਆਂ ਉੱਤੇ ਤੂਸੇ ਹੁੰਦੇ ਸੀ, ਨਾਲੇ ਉਸ ਗੱਡੇ ਉੱਤੇ ਲੱਗੇ ਲਾਊਡਸਪੀਕਰ ਤੇ ਸ਼ਬਦ- ਗੁਰਬਾਣੀ ਚਲਦੀ ਰਹਿਣੀ ਤੇ ਵਿਚ ਵਿਚ ਉਸ ਉੱਤੇ ਕਿਸੇ ਮੋਤਬਿਰ ਬੰਦੇ ਨੇ ਕੋਈ ਕੋਈ ਅਨੋਨਸਮੈਂਟ ਕਰਦੇ ਰਹਿਣਾ। ਮੈਂ ਵੀ ਇਕ-ਦੋ ਵਾਰ ਉਹਨਾਂ ਗੱਡਿਆਂ ਤੇ ਚੜ੍ਹਿਆਂ ਹੋਵਾਂਗਾ।
ਪਰ ਕਰ ਸੇਵਾ ਵਾਸਤੇ ਅਸੀਂ - ਮੇਰੀ ਨਾਨੀ, ਮੇਰੀ ਮਾਂ ਤੇ ਮੈਂ (ਕਦੇ ਕਦੇ ਵੱਡੀ ਭੈਣ ਵੀ) ਰਿਕਸ਼ੇ ਤੇ ਹੀ ਦਰਬਾਰ ਸਾਹਿਬ ਜਾਂਦੇ ਸੀ, ਮੇਰੀ ਨਾਨੀ ਖਾਸ ਤੋਰ ਤੇ ਅੰਬਾਲੇ ਤੋਂ ਆਈ ਸੀ ਕਰ ਸੇਵਾ ਕਰਣ ਤੇ ਉਸਦਾ ਧਿਆਨ ਉਹਨਾਂ ਕਰ ਸੇਵਾ ਦੇ ਦਿਨਾਂ ਚ' ਇਹੋ ਰਹਿੰਦਾ ਕਿ ਉਹ ਵੱਧ ਤੋਂ ਵੱਧ ਜਾ ਕੇ ਸੇਵਾ ਕਰੇ - ਮੈਨੂੰ ਯਾਦ ਹੈ ਅਸੀਂ ਉਸ ਕਾਰਸੇਵਾ ਦੌਰਾਨ ਕਈ ਵਾਰੀਂ ਦਰਬਾਰ ਗਏ, ਕੁਛ ਘੰਟੇ ਅਸੀਂ ਉਸ ਸੁੱਕੇ ਸਰੋਵਰ ਦੇ ਥੱਲੇ ਉਤਰ ਕੇ ਸੇਵਾ ਕਰਣੀ, ਫੇਰ ਲੰਗਰ ਛੱਕ ਕੇ ਮੁੜ ਆਉਣਾ।
ਸਰੋਵਰ ਦੇ ਥੱਲੇ ਉਤਰ ਕੇ ਜਿਹੜੀ ਕਰ ਸੇਵਾ ਹੁੰਦੀ ਓਹਦਾ ਨਜ਼ਾਰਾ ਵੇਖਣ ਵਾਲਾ ਹੁੰਦਾ - ਸਾਰੇ ਸੇਵਾ ਕਰਣ ਵਾਲਿਆਂ ਨੇ ਇਕ ਲੰਬੀ ਸਾਰੀ ਲਾਈਨ ਲਈ ਹੁੰਦੀ, ਕਿਸੇ ਇਕ ਸੇਵਾਦਾਰ ਨੇ ਕਹੀ ਨਾਲ ਸਰੋਵਰ ਚ' ਜੰਮੀ ਗਾਰ ਖੋਦ ਕੇ ਤਸਲੇ ਚ' ਪਾ ਦੇਣੀ ਤੇ ਅੱਗੋਂ ਇਹ ਤਸਲਾ ਹੱਥੋਂ ਹੱਥੀਂ ਹੁੰਦਾ ਹੋਇਆ ਬਾਹਰ ਪਹੁੰਚ ਜਾਂਦਾ। ਬਹੁਤ ਸਾਰੇ ਲੋਕ ਆਪਣੇ ਸਿਰਾਂ ਤੇ ਵੀ ਉਹ ਗਾਰ ਦੇ ਤਸਲੇ ਢੋਂਦੇ ਦਿੱਖ ਜਾਂਦੇ।
ਮੈਂ ਪਹਿਲਾਂ ਵੀ ਲਿਖ ਚੁਕਿਆ ਹਾਂ ਕਿ ਅੰਮ੍ਰਿਤਸਰ ਸ਼ਹਿਰ ਚ' ਮੈਂ ਪਹਿਲਾਂ ਇੰਨ੍ਹੇ ਲੋਕੀਂ ਨਹੀਂ ਸੀ ਦੇਖੇ - ਦਰਬਾਰ ਸਾਬ ਚ' ਜਿਵੇਂ ਲੋਕਾਂ ਦਾ ਸਮੁੰਦਰ ਉਹ ਪਵਿੱਤਰ ਸਰੋਵਰ ਚ' ਉਤਰਿਆ ਹੋਇਆ ਹੁੰਦਾ - ਇਕ ਗੱਲ ਹੋਰ, ਥੱਲੇ ਗਿੱਲੀ ਗਾਰ ਕਰ ਕੇ ਇੰਨੀ ਤਿਲਕਣ ਹੁੰਦੀ ਕਿ ਮੈਂ ਲਿਖ ਨਹੀਂ ਸਕਦਾ, ਫੇਰ ਵੀ ਰੱਬੀ ਰਹਿਮਤ ਸਦਕਾ ਇਕ ਦੂਜੇ ਦਾ ਸਹਾਰਾ ਲੈਂਦਿਆਂ ਲੈਂਦਿਆਂ ਸਾਰੇ ਲੋਕ ਆਪਣੇ ਸੇਵਾ ਚ' ਜੁੱਟੇ ਰਹਿੰਦੇ, ਨਾਲ ਨਾਲ ਗੁਰਬਾਣੀ ਦਾ ਪਾਠ ਚਲਦਾ ਰਹਿੰਦਾ। ਨਜ਼ਾਰਾ ਉਹ ਦੇਖਣ ਵਾਲਾ ਹੁੰਦਾ !
ਮੇਰੀਆਂ ਯਾਦਾਂ ਚ' ਅਜੇ ਵੀ ਉਹ ਨਜ਼ਾਰਾ ਬਿਲਕੁਲ ਕੱਚ ਵਾਂਗ ਸਾਫ ਹੈ ਕਿ ਅਸੀਂ ਸਾਰੇ ਓਥੇ ਸੇਵਾ ਕਰ ਰਹੇ ਹਾਂ ਜਿਥੇ ਅਸੀਂ ਅੰਦਰ ਮੱਥਾ ਟੇਕ ਕੇ ਚਰਨਾਮਤ ਛਕਣ ਜਾਂਦੇ ਹਾਂ - ਬਿਲਕੁਲ ਉਸ ਦੇ ਹੇਠਾਂ ਸੀ ਹੁੰਦੇ ਸੀ.
ਅੱਛਾ, ਹੁਣ ਇਸ ਪੋਸਟ ਦੇ ਸਿਰਲੇਖ ਵੱਲ ਚਲੀਏ, ਗਾਰ ਵਾਲੇ ਗੋਲੇ - ਇਹ ਕੀ ਹੁੰਦੈ ? ਚੰਗਾ ਜੀ, ਹੋਇਆ ਇੰਝ ਕਿ ਜਦੋਂ ਮੇਰੀ ਨਾਨੀ ਦੇ ਵਾਪਸ ਅੰਬਾਲਾ ਜਾਣ ਦਾ ਦਿਹਾੜਾ ਨੇੜੇ ਆਇਆ ਤਾਂ ਉਸ ਨੇ ਥੈਲੀ ਚ' 2-4 ਕਿਲੋ ਗਾਰ ਭਰ ਲਈ, ਮੇਰੀ ਨਾਨੀ ਹੀ ਨਹੀਂ, ਮੈਂ ਹੋਰ ਲੋਕਾਂ ਨੂੰ ਵੀ ਦੇਖਦਾ ਉਹ ਥੋੜੀ ਗਾਰ ਆਪਣੇ ਨਾਲ ਕੇ ਜਾਉਂਦੇ -
ਲੋ ਵੀ ਮੇਰੀ ਨਾਨੀ ਨੇ ਆਪਣੇ ਨਾਲ ਦਰਬਾਰ ਸਾਹਿਬ ਸਰੋਵਰ ਚੋਂ' ਲਿਆਉਂਦੀ ਗੈਰ ਦੇ 3-4 ਵੱਡੇ ਵੱਡੇ ਗੋਲੇ ਬਣਾ ਲਏ , ਮੇਰੇ ਖ਼ਿਆਲ ਚ' ਇਕ ਇਕ ਗੋਲਾ ਇਕ ਡੇਢ ਕਿੱਲੋ ਦਾ ਤੇ ਘਟੋਘਟ ਹੋਵੇਗਾ ਹੀ - ਫਿਰ ਸਾਡੀ ਨਾਨੀ ਉਹਨਾਂ ਗੋਲੇਆਂ ਨੂੰ ਧੁੱਪੇ ਸਕਾਉਣ ਦੇ ਆਰੇ ਲੱਗੀ ਰਹਿੰਦੀ, 2-4 ਦਿਨ ਉਹ ਸੁੱਕ ਗਏ ਤੇ ਸਾਡੀ ਨਾਨੀ ਦੇ ਵਾਪਸ ਪਰਤਣ ਦਾ ਵੇਲਾ ਵੀ ਆ ਗਿਆ -
ਉਹ ਗੋਲੇ ਨਾਨੀ ਦੀਆਂ ਸਹੇਲੀਆਂ ਵਾਸਤੇ ਸਨ, ਜਿਨ੍ਹਾਂ ਨੇ ਨਾਨੀ ਕੋਲੋਂ ਖਾਸ ਤੋਰ ਤੇ ਉਹ ਕਾਰਸੇਵਾ ਤੋਂ ਨਿਕਲੀ ਗਾਰ ਲਿਆਉਣ ਲਈ ਆਖਿਆ ਸੀ, ਇਕ ਅਜਿਹਾ ਗਾਰ ਦਾ ਗੋਲਾ ਨਾਨੀ ਦੇ ਕੋਲ ਵੀ ਰਿਹਾ ! ਕਿੰਨਾ ਚਿਰ? - ਇੰਝ ਹੀ ਕਿ ਕਰ ਸੇਵਾ ਹੋਣ ਦੇ 8-10 ਸਾਲ ਬਾਦ ਤਕ ਜਦੋਂ ਵੀ ਅਸੀਂ ਨਾਨਕੇ ਪਿੰਡ ਜਾਣਾ, ਨਾਨੀ ਦੇ ਲੋਹੇ ਵਾਲੇ ਟਰੰਕ ਦੀ ਫਰੋਲ਼ਾ-ਫਰਾਲੀ ਤੇ ਕਰਣੀ ਹੀ ਹੁੰਦੀ ਸੀ (ਬੂੰਦੀ, ਲੱਦੋ, ਸ਼ਕਰਪਾਰੇ ਲੱਭਣ ਲਈ 😂😂😂!!!) - ਉਹਨਾਂ 8-10 ਸਾਲਾਂ ਦੌਰਾਨ ਸਾਨੂੰ ਉਹ ਕਾਰਸੇਵਾ ਦੀ ਗਾਰ ਵਾਲਾ ਗੋਲਾ ਹਮੇਸ਼ਾ ਓਥੇ ਕਾਇਮ-ਦਾਇਮ ਦਿਖਦਾ - ਹਾਂ, ਉਸ ਦਾ ਸਾਈਜ਼ ਜ਼ਰੂਰ ਘੱਟ ਰਿਹਾ ਸੀ, ਕਿਓਂਕਿ ਨਾਨੀ ਕਿਸੇ ਨੂੰ ਵੀ ਆਪਣੇ ਆਂਡ-ਗੁਆਂਢ ਚ' ਕਿਸੇ ਨੂੰ ਤਕਲੀਫ ਚ' ਦੇਖਦੀ ਉਸ ਗੋਲੇ ਨੂੰ ਥੋੜਾ ਭੋਰ ਕੇ ਉਸ ਨੂੰ ਦੇ ਦਿੰਦੀ - ਕਿਓਂਕਿ ਨਾਨੀ ਸੁਣਾਇਆ ਕਰਦੀ ਕਿ ਉਸ ਵਾਸਤੇ ਤੇ ਉਹ ਗੋਲਾ ਅੰਮ੍ਰਿਤ ਹੈ ਬਿਲਕੁਲ - ਮੈਂ ਇਹ ਵੀ ਯਾਦ ਹੈ ਕਿ ਨਾਨੀ ਦੀਆਂ ਇਸ ਤਰ੍ਹਾਂ ਦੀਆਂ ਗੱਲਾਂ ਤੇ ਅਸੀਂ ਦੰਦ ਵੀ ਕੱਢਣੇ ਕਦੇ ਕਦੇ - ਪਰ ਨਾਨੀ ਦਾ ਅਕੀਦਾ, ਭਰੋਸਾ, ਵਿਸ਼ਵਾਸ ਪੂਰਾ ਸੀ, ਬੇੜੇ ਵੀ ਅਜਿਹੇ ਲੋਕਾਂ ਦੇ ਪਾਰ ਹੁਣੇ ਹਨ!
ਨਾਨੀ ਨੂੰ ਪੂਰਾ ਯਕੀਨ ਸੀ ਕਿ ਉਸ ਦੀਆਂ ਸਾਰੀਆਂ ਤਕਲੀਫ਼ਾਂ ਦਾ ਇਲਾਜ ਉਸ ਗੋਲੇ ਨੂੰ ਛੁਹਾ ਕੇ ਬਣਾਇਆ ਹੋਇਆ ਚਰਨਾਮਤ ਹੈ - ਹੌਲੀ ਹੌਲੀ ਉਸ ਗਾਰ ਦੇ ਗੋਲ਼ੇ ਵਾਂਗ ਸਾਡੀ ਨਾਨੀ ਵੀ ਖੁਰਦੀ ਖੁਰਦੀ ਖੁਰ ਗਈ ਤੇ ਗੋਲੇ ਵਾਂਗ ਮਿੱਟੀ ਚ' ਮਿੱਟੀ ਹੋ ਗਈ 😘😘
(ਜਦੋਂ ਗੱਲਾਂ ਕਿਸੇ ਦੇ ਵਿਸ਼ਵਾਸ ਦੀਆਂ ਹੋਣ, ਕਿਸੇ ਦੇ ਭਰੋਸੇ ਦੀਆਂ, ਅਕੀਦੇ ਦੀਆਂ ਹੋਣ, ਮੈਂ ਤੇ ਆਪਣੀ ਛੋਟੀ ਸੋਚ ਨੂੰ ਲਾਂਬੇ ਰੱਖ ਦੇਂਦਾ ਹਾਂ, ਉਮੀਦ ਹੈ ਤੁਸੀਂ ਵੀ ਇਸ ਗੋਲੇ ਵਾਲੇ ਗੱਲ ਨੂੰ ਉਂਝ ਹੀ ਪੜ੍ਹੋਗੇ - ਮੈਂ ਤੇ ਜਿਵੇਂ ਵੇਖਿਆ ਉਂਝ ਹੀ ਨਜ਼ਾਰਾ ਤੁਹਾਡੇ ਤਾਈਂ ਪਹੁੰਚਾਉਣ ਦਾ ਇਕ ਛੋਟਾ ਉਪਰਾਲਾ ਕੀਤਾ - ਵੈਸੇ ਵੀ ਤਾਂ -
ਅਕਲਾਂ ਸੋਚਾਂ ਪਹੁੰਚ ਨਾ ਸੱਕਣ
ਮੇਹਰਾਂ ਦੀ ਬੇਹੱਦੀ ਤੇ,
ਆਪ ਕਰੇ ਜੇ ਮਿਹਰ ਸੁਆਮੀ
ਰੰਕ ਬਹਾਲੇ ਗੱਦੀ ਤੇ!
PS - ਸ਼ੁਕਰ ਹੈ ਦਾਤਿਆ, 1973 ਚ' ਮੋਬਾਈਲ ਨਹੀਂ ਸਨ, ਨਹੀਂ ਤਾਂ ਕਾਰਸੇਵਾ ਤੋਂ ਕਿਤੇ ਵੱਧ ਜਵਾਨ ਸੈਲਫੀਆਂ ਤੇ ਵੀਡੀਓ ਬਣਾਉਣ ਤੇ share ਕਰਣ ਚ' ਰੁੱਜੇ ਰਹਿੰਦੇ!
ਇਹ ਵੀਡੀਓ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਕਾਰ ਸੇਵਾ ਦੀ ਹੈ (10 ਮਾਰਚ 2019 ) (ਰਾਕੇਸ਼ ਕਪੂਰ)
2. ਇਹ ਪੋਸਟ ਲਿਖਣ ਬਾਅਦ ਮੈਂ ਆਪਣੇ ਸਕੂਲ ਦੇ ਸਾਥੀਆਂ ਨੂੰ ਕਿਹਾ ਜੇਕਰ ਤੁਹਾਡੀਆਂ ਵੀ ਕੋਈ ਯਾਦਾਂ ਨੇ ਕਰ ਸੇਵਾ ਦੀਆਂ ਤੇ ਮੈਨੂੰ ਦੱਸੋ, ਇਥੇ ਨੱਥੀ ਕਰ ਦਿਆਂਗੇ। ਅਸੀਂ ਪੰਜਵੀਂ ਜਮਾਤ ਤੋਂ ਅੰਮ੍ਰਿਤਸਰ ਚ' ਜਿਹੜੇ ਯਾਰ-ਮਿੱਤਰ ਇਕੱਠੇ ਪੜਦੇ ਸੀ, ਓਹਨਾ ਵਿਚ ਰਾਕੇਸ਼ ਨੇ ਆਪਣੀ ਵੀਡੀਓ ਭੇਜੀ ਜਿਹੜੀ ਉਸ ਨੇ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਸਰੋਵਰ ਦੀ ਕਾਰ ਸੇਵਾ ਕਰਦਿਆਂ 10 ਮਾਰਚ ਨੂੰ ਬਣਾਈ ਸੀ---ਲੋ ਜੀ ਤੁਸੀਂ ਵੀ ਦੇਖੋ। ਇਥੇ ਮੈਂ ਇਹ ਦੱਸ ਰਿਹਾਂ ਹਾਂ ਕਿ ਜਦੋਂ 1973 ਚ' ਸ਼੍ਰੀ ਹਰਿਮੰਦਿਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ, ਓਹਦੇ ਕੁਝ ਚਿਰ ਬਾਅਦ - ਸ਼ਾਇਦ ਕੁਝ ਮਹੀਨਿਆਂ ਦੇ ਬਾਅਦ ਹੀ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੇ ਸਰੋਵਰ ਦੀ ਵੀ ਕਾਰਸੇਵਾ ਹੋਈ ਸੀ - ਅੱਛਾ, ਰਾਕੇਸ਼ ਕਪੂਰ ਦੀ ਗੱਲ ਵਿੱਚੇ ਰਹਿ ਗਈ, ਇਹ ਸਾਡੇ ਬੈਚ ਦਾ ਸਬ ਤੋਂ ਜ਼ਿਆਦਾ ਭਗਤ ਬੰਦਾ ਹੈ ਜੀ - ਮਹੀਨੇ ਚ' ਕਿੰਨੇ ਹੀ ਚੱਕਰ ਤੇ ਵੈਸ਼ਨੋ ਦੇਵੀ ਦੇ ਲਾਉਂਦਾ ਹੈ, ਹੁਣੇ ਪਿੱਛੇ ਅਮਰਨਾਥ ਦੀ ਯਾਤਰਾ ਤੇ ਗਿਆ ਹੋਇਆ ਸੀ, ਓਥੇ ਦੇ ਲਾਈਵ ਵੀਡੀਓ ਸਾਨੂੰ ਓਹਨੇ ਭੇਜੇ ਸੀ, ਸ਼ੁਕਰੀਆ, ਰਾਕੇਸ਼ ਜੀ. 🙏🙏
No comments:
Post a Comment