Wednesday, 3 July 2019

ਅੱਜ ਸਵੇਰੇ ਸਵੇਰੇ ਪਰੌਂਠੇ ਬੜੇ ਦਿੱਖ ਰਹੇ ਨੇ!

ਟੀ ਵੀ ਤੇ ਇਕ ਬਾਬਾ ਜਿਹਾ ਆਉਂਦਾ ਏ ਨਾ - ਦੁਖੀ ਲੋਕ ਜਦੋਂ ਵਿਚਾਰੇ ਆਪਣੇ ਦੁਖੜੇ ਰੋ-ਧੋ ਲੈਂਦੇ ਨੇ, ਤੇ ਵੱਡੀ ਸਾਰੀ ਸਜਾਵਟੀ ਕੁਰਸੀ ਤੇ ਲੱਤ ਤੇ ਲੱਤ ਧਰੀਂ, ਤਿੱਲੇ ਵਾਲੀ ਜੁੱਤੀ ਪਾਈ ਕਹਿਣ ਲੱਗਦੈ - ਹਾਂ ਬੀਬੀ, ਅੱਜ ਗੁਲਾਬ ਜਾਮਨ ਬੜੇ ਨਜ਼ਰੀਂ ਆ ਰਹੇ ਨੇ - ਕਦੋਂ ਖਾਦੇ ਸੀ? ਬੀਬੀ ਕਹਿੰਦੀ ਹੈ ਕਿ 10-15 ਦਿਨ ਚ' ਖਾ ਹੀ ਲੈਂਦੇ ਹਾਂ ਬਾਬਾਜੀ - ਫੇਰ ਉਹ ਬਾਬਾ ਜਿਹਾ ਕਹਿੰਦੈ- ਬੱਸ ਇਥੇ ਹੀ ਸਾਰੀ ਕਿਰਪਾ ਫਸੀ ਪਈ ਏ, ਜਾ ਕੇ ਇਕ ਕਿਲੋ ਗੁਲਾਬ ਜਾਮਨ ਵੰਡ ਦਿਓ , ਕਿਰਪਾ ਦਾ ਰਾਹ ਖੁਲ ਜਾਏਗਾ।

ਇਸੇ ਤਰ੍ਹਾਂ ਅੱਜ ਮੈਨੂੰ ਅੰਮ੍ਰਿਤਸਰ ਦੀ ਸਾਡੀ ਕਾਲੋਨੀ ਚ ਰਹਿ ਰਿਹਾ ਸਤਪਾਲ ਹੁਰਾਂ ਦਾ ਪਰਿਵਾਰ ਯਾਦ ਆ ਗਿਆ - ਇਸ ਪਰਿਵਾਰ ਚ' 7-8 ਬਚੇ ਸਨ, 2 ਕੁੜੀਆਂ ਤੇ 5 ਮੁੰਡੇ। ਅੱਛਾ, ਗਰਮੀ ਦੀਆਂ ਛੁਟੀਆਂ ਚ ਬੜਾ ਮਜ਼ਾ ਆਉਂਦਾ ਸੀ, ਅਸੀਂ ਸਵੇਰੇ ਹੀ ਆਪਣੀਆਂ ਕਾਰਸਤਾਨੀਆਂ ਸ਼ੁਰੂ ਕਰ ਦਿੰਦੇ ਸੀ...

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਸਵੇਰੇ ਸਵੇਰੇ ਜਿਵੇਂ ਹੀ ਦਿਨ ਚੜਣਾ , ਮੈਂ ਕਈ ਵਾਰੀ ਉੰਨਾ ਦੇ ਘਰ ਪਹੁੰਚ ਜਾਣਾ - ਆਪਣੇ ਹਾਣ ਦੇ ਮੁੰਡਿਆਂ ਨਾਲ ਬੰਟੇ, ਪਿੱਠੂ ਸੇਕ, ਗੁੱਲੀ ਡੰਡਾ ਤੇ ਬਰਸਾਤ ਨਾਲ ਭਿੱਜੀ ਗ੍ਰਾਉੰਡ ਚ' ਸੂਆ ਖੇਡਣ ਵਾਲੇ ਖੇਡ ਦਾ ਮਤਾ ਪਾਸ ਹੋਣਾ ਕਿ ਅੱਜ ਕਿਸ ਕਿਸ ਵੇਲੇ ਕਿ ਕਿ ਹੋਣੈ - ਇਸ ਵਿਚ ਕਾਲੋਨੀ ਚ' ਪਏ ਵੱਡੇ ਵੱਡੇ ਰੇਤ ਦੇ ਢੇਰਾਂ ਦਾ ਵੀ ਧਿਆਨ ਆ ਰਿਹੈ ਜਿਹੜੀ ਮੀਂਹ ਨਾਲ ਭਿੱਜ ਚੁਕੀ ਹੁੰਦੀ ਤੇ ਓਥੇ ਜਾ ਕੇ ਅਸੀਂ ਰੇਤ ਦੇ ਘਰ ਬਣਾਉਣ ਚ' ਰੁੱਝ ਜਾਂਦੇ।


ਹੋਇਆ ਅਜ ਇਹ ਕਿ ਘਰ ਚ' ਸਵੇਰੇ ਸਵੇਰੇ ਦਾਲ ਵਾਲੇ ਪਰੌਂਠੇ ਖਾਣ ਦਾ ਮੌਕਾ ਮਿਲਿਆ। ਇੰਨੀ ਸਵੇਰੇ ਕਿ ਉਹ ਮੇਰੇ ਦੋਸਤਾਂ ਦੀ ਮਾਂ ਚੇਤੇ ਆ ਗਈ.

ਇਸ ਨਜ਼ਾਰਾ ਤੁਹਾਡੇ ਸਾਮਣੇ ਪੇਸ਼ ਕਰ ਰਿਹਾ ਹਾਂ- ਸਵੇਰੇ ਸਵੇਰੇ ਮੈਂ ਪਹੁੰਚ ਜਾਣਾ ਉੰਨਾ ਦੇ ਘਰ - ਦਰਵਾਜੇ ਖੁੱਲੇ ਹੋਏ - 1969-70 ਦੀਆਂ ਗੱਲਾਂ ਨੇ, ਗੈਸ ਅਜੇ ਨਹੀਂ ਸੀ ਆਈ ਓਥੇ, ਸਤਪਾਲ ਦੇ ਘਰ ਇਕ ਵੱਡੀ ਸਾਰੀ ਧੁ-ਧੁ ਕਰਦੀ ਅੰਗੀਠੀ ਜਿਹੜੀ ਕਿ ਉਹਨਾਂ ਨੇ ਬਰਾਂਡੇ ਚ' ਰੱਖੀ ਹੁੰਦੀ ਤੇ ਦਨਾ-ਦਨ ਥੋਕ ਰੇਟ ਤੇ ਡਾਲਦੇ ਨਾਲ ਨੁੱਚੜੇ ਹੋਏ ਪਰਾਂਠੇ ਲੱਥੀ ਜਾਣੇ, ਕੋਈ ਗਿਣਤੀ ਨਹੀਂ, ਉਥੋਂ ਆਪਣੇ ਬਿਸਤਰੇ ਤੋਂ ਤੇ ਛਕੀ ਜਾਓ ਬਸ.

ਮੈਨੂੰ ਆਪਣੇ ਦੋਸਤਾਂ ਦੀ ਬੀਬੀ ਤਵੇ ਤੇ ਪਏ ਓਹਨਾ ਲੂਣ ਜਵੈਣ ਦੇ ਪਰੌਂਠਿਆਂ ਉੱਤੇ ਡਾਲਦੇ ਘਿਓ ਦਾ ਢੇਲਾ ਇੰਨੀ ਫੁਰਤੀ ਨਾਲ ਰਗੜਦੀ ਬੜੀ ਚੰਗੀ ਲੱਗਦੀ,  ਮੈਨੂੰ ਵੀ ਉਹ ਕਹਿੰਦੀ - ਲੈ, ਬਿੱਲੇ, ਤੂੰ ਵੀ ਛਕ. ਮੈਂ ਬੜਾ ਮਨਾ ਕਰਨਾ ਪਰ ਉਹਨਾਂ ਦੀ ਜ਼ਿਦ ਅੱਗੇ ਮੇਰੀ ਕਿ ਚਲਦੀ! ਵੈਸੇ ਮੈਂ ਵੀ ਡਾਲਦੇ ਚ' ਰੁੜੇ ਹੋਏ ਉੰਨਾ ਲੂਣ-ਜਵੈਣ ਦੇ ਪਰੌਂਠੇ ਤੇ ਨਾਲ ਹੀ ਰੱਖੇ ਅੰਬ ਦੇ ਅਚਾਰ ਦੇ ਡੌਂਗੇ ਤੇ ਨਾਲ ਚ' ਪਿੱਤਲ ਦੇ ਪਤੀਲੇ ਚ ਪਈ ਤੇ ਪਿਤਲ ਦੀ ਮੋਟੀ ਜਿਹੀ ਪਲੇਟ ਨਾਲ ਢੱਕੀ ਹੋਇ ਮਿੱਠੀ ਸ਼ਹਿਦ ਚਾਅ ਦਾ ਦਾ ਦੀਵਾਨਾ ਤੇ ਹੁੰਦਾ ਹੀ ਸੀ --ਕਿਓਂਕਿ ਸਾਡੇ ਘਰ ਚ' ਵੀ ਤੇ ਇਹੋ ਨਜ਼ਾਰਾ ਹੁੰਦਾ ਸੀ, ਬੱਸ ਫਰਕ ਸੀ ਇਹ ਕਿ ਇਹ ਨਹੀਂ ਕਿ ਮੇਰੇ ਦੋਸਤਾਂ ਵਾਂਗ ਬਿਸਤਰੇ ਤੋਂ ਉੱਠਦੇ ਹੀ, ਅੱਖਾਂ ਮਲਦਿਆਂ ਹੀ ਜਿਵੇਂ ਉਨ੍ਹਾਂ ਦੀ ਝਾਈ ਉੰਨਾ ਨੂੰ ਬਿਸਤਰੇ ਚ' ਹੀ ਪਰੌਂਠੇ, ਅਚਾਰ ਤੇ ਪਿਤਲ ਦੇ ਵੱਡੇ ਗਿਲਾਸ ਚ' ਮੀਠੀ ਸ਼ਰਬਤ ਚਾਅ ਫੜਾ ਦਿੰਦੀ ਸੀ, ਸਾਨੂੰ ਇਹ ਸੁਵਿਧਾ ਹਾਸਲ ਨਹੀਂ ਸੀ, ਸਵੇਰੇ ਉੱਠ ਕੇ ਘਟੋ ਘਟ ਹੱਥ -ਮੂੰਹ ਧੋ ਕੇ ਤੇ ਦੰਦ ਸਾਫ ਕਰਕੇ ਹੀ ਕੁਛ ਖਾਈ ਦਾ ਸੀ, ਬੱਸ ਇਹ ਆਦਤ ਹੀ ਸੀ... ਪਰ ਮੈਂ ਜਦੋਂ ਵੀ ਆਪਣੇ ਦੋਸਤਾਂ ਦੇ ਘਰ ਜਾਂਦਾ ਤੇ ਮੈਨੂੰ ਬੜੀ ਈਰਖਾ ਹੁੰਦੀ ਕਿ ਇੰਨੇ ਦੇ ਮਜ਼ੇ ਵੇਖੇ, ਬਿਸਤਰੇ ਤੋਂ ਉੱਠ ਕੇ ਕਿਤੇ ਜਾਣ ਦੀ ਲੋੜ ਨਹੀਂ, ਸਿੱਧੇ ਪਰੌਂਠੇ, ਅੰਬ ਦਾ ਅਚਾਰ ਤੇ ਮੀਠੀ ਸ਼ਹਿਦ ਚਾਅ ਝੋਲੀ ਚ 😂

ਪੁਰਾਣੇ ਦਿਨ ਵੀ ਕਿੰਨੇ ਮਜ਼ੇਦਾਰ ਲੱਗਦੇ ਨੇ।  ਵੱਡੇ ਹੋ ਕੇ ਵੀ ਬੈਂਕ ਚ' ਥੋੜਾ ਪੈਸੇ ਤੁੰਨ ਲਿਆ , ਹੋਰ ਕੀਤਾ ਕੀ !! ਪਰੌਂਠਿਆਂ ਤੋਂ ਯਾਦ ਆਈ ਆਪਣੇ ਨਾਸ਼ਤੇ ਦੀ ਵੀ, ਦੋ ਇਹੋ ਜਿਹੇ ਡਾਲਡੇ ਚ' ਸਿਕੇ ਪਰੌਂਠੇ ਅਚਾਰ ਨਾਲ, ਨਾਲ ਖੰਡ ਪਾ ਕੇ ਦਹੀ ਵਾਲੀ ਕਟੋਰਾ ਜਾਂ ਦੁੱਧ ਦੀ ਗਲਾਸੀ - ਇਹ ਛੱਕ ਕੇ ਸਕੂਲ ਕਾਲਜ ਵੱਲ ਕੀਤੇ ਮੂੰਹ ਕਰਨਾ - ਉਸ ਤੋਂ ਪਹਿਲਾਂ ਸਾਈਕਲ ਦੀ ਹਵਾ ਵੇਖ ਲੈਣੀ।

ਬਚਪਨ ਬੜਾ ਮਜ਼ੇਦਾਰ ਹੁੰਦੈ- ਸੱਚੀਂ , ਅਸੀਂ ਵੀ ਭਰਪੂਰ ਆਨੰਦ ਮਾਣਿਆ ਉਸ ਦਾ। ...ਹਾਂ, ਗਰਮੀ ਦੀਆਂ ਛੁਟੀਆਂ ਚ' ਉਹ ਦੋਸਤਾਂ ਦੇ ਘਰ ਵਾਲੇ ਨਾਸ਼ਤੇ ਦੀਆਂ ਗੱਲਾਂ ਤੇ ਵਿਚਾਲੇ ਹੀ ਰਹਿ ਗਈਆਂ - ਅੱਛਾ ਜੀ ਉਹ ਪਰੌਂਠੇ ਨਪ ਕੇ ਫੇਰ ਅਸੀਂ ਸਲਾਹ ਕਰਣੀ ਕਿ ਅਜ ਬੰਟੇ, ਗੁੱਲੀ ਡੰਡਾ, ਪਿੱਠੂ ਸੇਕਾ , ਸੁਆ - ਉਸ ਮੁਤਾਬਿਕ ਅਸੀਂ ਇੰਨਾ ਚੀਜ਼ਾਂ ਨਾਲ ਲੈਸ ਹੋ ਕੇ ਨਿਕਲ ਪੈਣਾ।  ਘਰ ਵਾਲਿਆਂ ਦੀ ਵੀ ਦੁਪਹਿਰ ਤਕ ਛੁੱਟੀ - ਇਹ ਨਹੀਂ ਅਜ ਕਲ ਦੇ ਮਾਪਿਆਂ ਵਾਂਗ ਹਰ 5-10 ਮਿੰਟਾਂ ਬਾਅਦ ਬੱਚਿਆਂ ਨੂੰ ਬਾਹਰ ਵੇਖ ਕੇ ਆਣਾ ਕਿ ਸਬ ਕੁਛ ਠੀਕ ਤੇ ਹੈ !!  ਦੋਸਤ ਦੇ ਕਿਸੇ ਭਰਾ ਨੇ ਗੁਲੇਲ ਲੈ ਕੇ ਆਪਣੇ ਰਸਤੇ ਨਿਕਲ ਪੈਣਾ, ਕਿਸੇ ਦਾ ਅੰਬ ਜਾਂ ਜਾਮਣਾਂ ਦੇ ਰੁੱਖ ਤੇ ਚੜ ਕੇ ਉੰਨਾ ਦੇ ਭਾਰ ਨੂੰ ਥੋੜਾ ਹੌਲਾ ਕਰਣ ਦਾ ਮਨਸੂਬਾ ਹੁੰਦਾ ---ਸਾਰੇ ਆਪਣੇ ਆਪਣੇ ਕੰਮਾਂ ਚ' ਰੁੱਝ ਜਾਂਦੇ। ਦੋਸਤ ਦੀਆਂ ਭੈਣਾਂ ਨੇ ਆਪਣੀਆਂ ਸਹੇਲੀਆਂ ਨਾਲ ਪੀਂਘਾਂ ਝੂਟਣ, ਸਟਾਪੁ , ਗੀਟੇ , ਕੀਕਲੀ, ਤੇ ਰੱਸਾ ਟੱਪਣ ਚ ਰੁਝ ਜਾਣਾ। ਉਸੇ ਵੇਲੇ ਮਾਂਵਾਂ ਦੀ ਅਗਲੀ ਡਿਊਟੀ ਸ਼ੁਰੂ ਹੋ ਜਾਣੀ - ਖੁਰੇ ਤੇ ਪਈ ਕੱਪੜਿਆਂ ਦੀ ਪੰਡ ਤੇ ਦੇਸੀ ਸਾਬਣ ਦੀ ਚਾਕੀ ਰਗੜ ਰਗੜ ਕੇ ਤੇ ਥਾਪੀਆਂ ਮਾਰ ਕੇ ਆਪਣੀਆਂ ਬਾਹਵਾਂ ਹੱਸਦੇ ਹੱਸਦੇ ਦੁਖਾਉਣ ਵਾਲੀ ਤਪਸਿਆ। ਕਿਦਾ ਕਿਦਾ ਦੇਣਾ ਦਿਆਂਗੇ ਅਸੀਂ ਦੋਸਤੋ !!

ਗੁਰਦਾਸ ਮਾਨ ਦੀਆਂ ਪਿੰਡ ਦੀਆਂ ਗਲੀਆਂ ਚੇਤੇ ਆ ਗਈਆਂ -

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...