Friday 12 July 2019

ਉਹ ਪੰਜਾਬੀ ਰਿਵਿਜ਼ਨ ਕਰਣ ਵਾਲੇ 5-6 ਸਾਲ

ਮੈਂ ਅਕਸਰ ਸੋਚਦਾ ਹਾਂ ਕਿ ਪੰਜਾਬੀ ਬੋਲੀ ਸਾਰਿਆਂ ਚ' ਖੁਸ਼ੀਆਂ ਵੰਡਦੀ ਹੈ - ਆਪਾਂ ਕਿਤੇ ਵੀ ਚਲੇ ਜਾਇਏ ਪੰਜਾਬੀ ਗੀਤ ਜਿਥੇ ਵੱਜ ਰਹੇ ਹੁੰਦੇ ਨੇ, ਮਾਹੌਲ ਬੜਾ ਮੌਜੀ ਜਿਹਾ ਲੱਗਣ ਲੱਗ ਪੈਂਦੈ - ਕੋਈ ਸਟੇਜ ਤੇ ਜਾ ਕੇ ਭਾਵੇਂ ਨੱਚੇ ਜਾਂ ਨਹੀਂ, ਪੈਰ ਤੇ ਸਾਰਿਆਂ ਦੇ ਥਿਰਕ ਰਹੇ ਹੁੰਦੇ ਨੇ।

ਚਲੋ ਜੀ, ਥੋੜੇ ਆਪਣੇ ਤਜੁਰਬੇ ਵੰਡਦੇ ਹਾਂ - 1988 ਚ' ਨੌਕਰੀ ਦੇ ਸਿਲਸਿਲੇ ਚ' ਪੰਜਾਬ ਤੋਂ ਬਾਹਰ ਜਾਣਾ ਪਿਆ - ਤੇ ਮੁੜ 12 ਸਾਲ ਬਾਅਦ ਮਾਰਚ 2000 ਚ' ਮੈਂ ਫਿਰੋਜ਼ਪੁਰ ਆ ਗਿਆ.

ਓਥੇ ਦਾ ਮਾਹੌਲ ਵੀ ਅੰਮ੍ਰਿਤਸਰ ਵਰਗਾ ਹੀ ਖੁੱਲ੍ਹਾ-ਡੁੱਲ੍ਹਾ ਸੀ, 10-15 ਦਿਨਾਂ ਚ' ਸਾਰਾ ਕੁਛ ਚੇਤੇ ਆ ਗਿਆ. ਬੱਚਿਆਂ ਦੀਆਂ ਪੰਜਾਬੀ ਦੀਆਂ ਕਿਤਾਬਾਂ ਇੰਨੀਆਂ ਉਹਨਾਂ ਨੇ ਨਹੀਂ ਪੜਿਆਂ ਹੋਣੀਆਂ ਜਿੰਨੀਆਂ ਮੈਂ ਪੜ ਛੱਡੀਆਂ - ਚੰਗਾ ਲੱਗਦਾ ਸੀ ਉਹਨਾਂ ਕਹਾਣੀਆਂ ਨੂੰ ਮੁੜ ਤੋਂ ਪੜਣਾ ! ਕੁੱਛ ਚਿਰ ਬਾਅਦ ਮੈਨੂੰ ਇਕ ਸ਼ੌਕ ਚੜਿਆ ਅਖਬਾਰਾਂ ਚ' ਪੰਜਾਬੀ ਲੇਖ ਭੇਜਣ ਦਾ- ਸ਼ੁਰੂ ਕਰ ਦਿੱਤਾ - ਹੱਥ ਨਾਲ ਲਿਖ ਕੇ ਅਜੀਤ ਤੇ ਚੜ੍ਹਦੀ ਕਲਾ ਅਖਬਾਰ ਚ' ਲੇਖ ਭੇਜਣ ਲੱਗ ਪਿਆ - ਬੜਾ ਚੰਗਾ ਲੱਗਦਾ ਸੀ.

ਫਿਰੋਜ਼ਪੁਰ ਚ' ਪੰਜਾਬ ਸਰਕਾਰ ਦੇ ਪ੍ਰਕਾਸ਼ਨ ਵਿਭਾਗ ਦਾ ਇਕ ਸੇਲ-ਕਾਉੰਟਰ ਸੀ, ਓਥੋਂ ਜਾ ਕੇ  ਮੈਂ ਅਕਸਰ ਕਿਤਾਬਾਂ ਖਰੀਦ ਲਿਓਂਦਾ - ਉਹ ਕਿਤਾਬਾਂ ਬਹੁਤ ਹੀ ਉੱਚੇ ਪੱਧਰ ਦੀਆਂ ਹੁੰਦੀਆਂ - ਮੈਨੂੰ ਚੰਗਾ ਲੱਗਦਾ ਪੰਜਾਬੀ ਦੀਆਂ ਕਿਤਾਬਾਂ ਪੜਣਾ। ਇਸ ਤਰ੍ਹਾਂ ਮੇਰੀ ਪੰਜਾਬੀ ਬੋਲੀ ਦੀਆਂ ਲਿਖਤਾਂ ਨਾਲ ਇਕ ਸਾਂਝ ਬਣੀ ਰਹੀ.

ਇਹ ਸਬ ਮੈਂ ਅੱਜ ਕਿਓਂ ਲਿਖ ਰਿਹਾ ਹਾਂ ਅੱਜ? - ਮੇਰੇ ਸਕੂਲ-ਕਾਲਜ ਦੇ ਯਾਰ ਬੇਲੀ ਮੈਥੋਂ ਅਕਸਰ ਪੁੱਛਦੇ ਨੇ ਕਿ ਤੂੰ ਪੰਜਾਬੀ ਚ' ਲਿਖਣਾ ਕਿਓਂ ਸ਼ੁਰੂ ਕੀਤਾ, ਤੂੰ ਕਿੰਝ ਲਿਖ ਲੈਂਦੈ ? -- ਇਹ ਕਿੰਝ ਵਾਲੀ ਗੱਲ ਦਾ ਤੇ ਜਵਾਬ ਹੱਥ ਜੋੜ ਕੇ ਇਹ ਹੈ ਇਹ ਸਬ ਦਾਤੇ ਦੀ ਰਹਿਮਤ ਹੈ - ਹਰ ਕੰਮ ਦੇ ਪਿੱਛੇ ਪੈਣਾ ਪੈਂਦੈ - ਆਪ ਮੁਹਾਰੇ ਕੁਛ ਨਹੀਂ ਹੁੰਦਾ। ਮੈਨੂੰ ਬਾਰ ਬਾਰ ਇੰਝ ਲਿਖਦਿਆਂ ਬੜਾ ਆਕਵਾਰ੍ਡ ਵੀ ਲੱਗ ਰਿਹੈ (ਕਿਤੇ ਮੈਂ ਆਪਣੇ ਆਪ ਨੂੰ ਵੱਡਾ ਤੀਸਮਾਰ ਖਾਂ ਤੇ ਨਹੀਂ ਸਮਝਣ ਲੱਗ ਪਿਆ!!) - ਪਰ ਫੇਰ ਵੀ ਆਪਣੇ ਤੋਂ ਛੋਟੀ ਉਮਰ ਦੇ ਲੋਕਾਂ ਲਈ, ਜਵਾਨਾਂ ਲਈ ਆਪਣੀਆਂ ਕੁਛ ਗੱਲਾਂ ਲਿਖ ਕੇ ਛੱਡਣੀਆਂ ਵੀ ਜ਼ਰੂਰੀ ਹੁੰਦੀਆਂ ਨੇ -

ਪੰਜਾਬੀ ਗੀਤ ਸੁਨਣ ਦਾ ਤੇ ਮੈਂ ਬਚਪਨ ਤੋਂ ਹੀ ਸ਼ੈਦਾਈ ਸੀ, ਇਸ ਵਿਚ ਜਲੰਧਰ ਰੇਡੀਓ ਦਾ ਬੜਾ ਰੋਲ ਰਿਹਾ - ਓਥੋਂ ਆਉਣ ਵਾਲੇ ਪ੍ਰੋਗਰਾਮ ਪੂਰੀ ਰੀਝ ਨਾਲ ਸੁਣਨੇ  - ਪੇਂਡੂ ਪ੍ਰੋਗਰਾਮ, ਮੰਡੀਆਂ ਦੇ ਭਾਅ, ਰੇਡੀਓ ਵਾਲੇ ਭਾਇਆ ਜੀ ਦੀਆਂ ਗੱਲਾਂ ਸੁਣਦੇ ਰਹਿਣਾ --- ਮੈਨੂੰ ਕੀ ਪਤਾ ਸੀ ਕਿ ਓਹੀ ਕੰਮ ਮੈਨੂੰ ਵੀ 50 ਸਾਲ ਬਾਅਦ ਲਿਖ ਕੇ ਕਰਨਾ ਪਉ 😂😂- ਜੋ ਵੀ ਹੈ ਮੈਨੂੰ ਚੰਗਾ ਲੱਗਦੈ।

ਹਰ ਕੰਮ ਮੇਹਨਤ ਮੰਗਦੈ - ਪਰ ਜੇਕਰ ਅਸੀਂ ਆਪਣੇ ਕੰਮ ਨੂੰ ਖੁਸ਼ੀ ਖੁਸ਼ੀ ਕਰਦੇ ਹਾਂ ਤੇ ਉਹ ਕੰਮ ਨਹੀਂ ਲੱਗਦਾ। ਬਲਾਗ ਲਿਖਣ ਲੱਗਿਆਂ ਕਿਸੇ ਕਿਸੇ ਪੋਸਟ ਚ ' ਕਈਂ ਘੰਟੇ ਲੱਗ ਜਾਂਦੇ ਨੇ, ਦਿਲ ਛਿੱਥਾ ਵੀ ਪੈਂਦੈ ਕਿ ਇਹ ਸਬ ਕਰਣ ਦੀ ਕਿ ਲੋੜ ਹੈ - ਫੇਰ ਓਹੀਓ ਆਪਣੇ ਵੱਡੇ ਵਡੇਰੇ ਲੇਖਕਾਂ ਦਾ ਧਿਆਨ ਆਉਂਦੇ ਕਿ ਜੇ ਓਹ ਵੀ ਇਹੋ ਸੋਚ ਲੈਂਦੇ ਤੇ ਫੇਰ ਤੂੰ ਕਿਨੂੰ ਪੜਦਾ !! ਹਿੰਦੀ ਤੇ ਅੰਗਰੇਜ਼ੀ ਚ' ਲਿਖ ਲਿਖ ਕੇ ਮੈਂ ਥੱਕ ਗਿਆ ਸੀ, ਸੱਚੀਂ, ਮੇਰੀ ਸੋਚ ਵੀ ਅਜਿਹੀ ਰਹੀ ਹੈ ਕਿ ਅੰਗਰੇਜ਼ੀ ਚ' ਲਿਖਣ ਵਾਲੇ ਤੇ ਬਥੇਰੇ ਨੇ, ਮੈਂ ਨਾਂ ਵੀ ਲਿਖਾਂਗਾ ਤੇ ਚਲ ਜਾਉ। ..ਮੈਂ ਕਿਓਂ ਉਹਨਾਂ ਬੋਲੀਆਂ ਚ' ਲਿਖਣ ਲਈ ਆਪਣੇ ਦਿਮਾਗ ਤੇ  ਬਿਲਾ-ਵਜ੍ਹਾ ਜ਼ੋਰ ਪਾਉਂਦਾ ਰਹਾਂ  - ਬੱਸ ਇਸ ਤਰ੍ਹਾਂ ਦੀ ਸੋਚ ਨੇ ਮੈਨੂੰ ਇਹ ਪੰਜਾਬੀ ਚ' ਲਿਖਣ ਲਈ ਪ੍ਰੇਰਿਆ।

ਬਲਾਗ ਨੂੰ ਸ਼ੁਰੂ ਕੀਤਿਆਂ ਮਹੀਨਾ ਨਹੀਂ ਹੋਇਆ ਅਜੇ, ਇੰਝ ਲੱਗਾ ਮੈਨੂੰ ਕਿ ਡਿਊਟੀ ਦੇ ਨਾਲ ਨਾਲ ਮੈਂ ਇਸ ਨੂੰ ਪੂਰਾ ਸਮਾਂ ਨਹੀਂ ਦੇ ਪਾ ਰਿਹਾਂ ਜਿਹੜਾ ਸ਼ੁਰੂਆਤੀ ਦੌਰ ਚ' ਜ਼ਰੂਰੀ ਹੁੰਦੈ - ਇਸ ਲਈ ਮੈਂ ਅੱਜ ਕਲ ਇਕ ਹਫਤੇ ਦੀ ਛੁੱਟੀ ਲੈ ਕੇ ਘਰ ਬੈਠਾ ਹਾਂ ਤਾਂ ਜੋ ਇਸ ਵਿਚ ਆਉਣ ਵਾਲਿਆਂ ਸ਼ੁਰੂਆਤੀ ਮੁਸ਼ਕਲਾਂ ਨੂੰ ਦੇਖ , ਸਮਝ ਕੇ ਉਹਨਾਂ ਨੂੰ ਦੂਰ ਕਾਰਨ ਦਾ ਉਪਰਾਲਾ ਕਰ ਸਕਾਂ।

ਅੱਛਾ ਜੀ, ਮਈ 2002 ਚ' ਅਸੀਂ compaq ਦਾ ਲਿਆ ਕੰਪਿਊਟਰ - ਬੱਸ ਜੀ, ਓਹਦੇ ਨਾਲ ਤੇ ਮੇਰੀ ਪੰਜਾਬੀ ਦੀ ਰਿਵੀਜ਼ਨ ਨੂੰ ਜਿਵੇਂ ਖੰਬ ਲੱਗ ਗਏ - ਮੇਰੇ ਖਿਆਲ ਚ' ਉਹਨਾਂ ਤਿੰਨਾਂ ਚਾਰਾਂ ਸਾਲਾਂ ਚ' ਲੱਖਾਂ ਨਹੀਂ ਤੇ ਕਈ ਹਜ਼ਾਰਾਂ ਪੰਜਾਬੀ ਗੀਤ ਸੁਨਣ ਦਾ ਮੌਕਾ ਮਿਲਿਆ - ਇਸ ਕੰਮ ਚ' 20-20 ਰੁਪਈਏ ਚ' ਮਿਲਣ ਵਾਲੀਆਂ ਉਹ mp3 ਬੜੀਆਂ ਕੰਮ ਆਈਆਂ - ਜਿਵੇਂ ਘਰ ਚ' ਸਬਜ਼ੀ ਆਉਂਦੀ ਹੈ, ਉਂਝ ਸਾਡੇ mp3 ਆਉਂਦੀਆਂ ਸੀ, ਪੰਜਾਬੀ ਦੇ ਗੀਤਾਂ ਦੇ ਵੀਡਿਓਜ਼, ਪੰਜਾਬੀ ਫ਼ਿਲਮਾਂ ਦੀਆਂ ਸੀਡੀਆਂ , ਘੁੱਗੀ ਦੀਆਂ ਸੀਡੀਆਂ, ਉਹ ਛਣਕਾਟੇ ਦੀਆਂ ਸੀਡੀਆਂ, ਧਾਰਮਿਕ, ਗੁਰਬਾਣੀ, ਜਗਰਾਤੇ, ਭੇਟਾਂ, ਦਰਜਨਾਂ ਸੀਡੀਆਂ ਅਖਾੜਿਆਂ ਦੀਆਂ - ਕਹਿਣ ਤੋਂ ਮਤਲਬ ਹੈ ਕਿ ਕੁਛ ਵੀ ਰਹਿਣ ਨਹੀਂ ਦਿੱਤਾ - ਕਈ ਵਾਰ ਤੇ ਉਹ ਨਿਮ ਵਾਲੇ ਚੌਕ ਤੇ ਸੀਡੀਆਂ ਵਾਲੇ ਨੇ ਕਹਿ ਦੇਣਾ - ਅੱਜ ਨਵੀਂ ਨਹੀਂ ਹੈ ਜੀ ਕੋਈ ਸੀਡੀ , ਭਰਨ ਦਾ ਸਮਾਂ ਨਹੀਂ ਮਿਲਿਆ !!

2000 ਮਾਰਚ ਤੋਂ ਲੈ ਕੇ 2005 ਤਕ ਮੈਂ ਜਿਵੇਂ ਪੰਜਾਬੀ ਕੰਟੇੰਟ ਚ' ਤਾਰੀਆਂ ਲਾਉਂਦਾ ਰਿਹਾ - ਨਵੇਂ ਨਵੇਂ ਪੰਜਾਬੀ ਦੇ ਅਲਫਾਜ਼ ਪਤਾ ਲੱਗਦੈ  - ਮਤਲਬ ਪੰਜਾਬੀ ਮੇਰੇ ਅੰਦਰ ਪੂਰੀ ਤਰ੍ਹਾਂ ਧਸ ਚੁਕੀ ਸੀ, ਇਹ ਕੋਈ ਮੇਰੀ ਪਲਾਨਿੰਗ ਵੀ ਨਈ ਸੀ, ਬਸ ਇਕ ਸਬੱਬ ਰਿਹਾ - ਵੱਡਾ ਮੁੰਡਾ ਵੀ ਕਈ ਵਾਰੀ ਬੜਾ ਹੱਸਦਾ ਹੋਇਆ ਕਹਿੰਦੈ -  ਬਾਪੂ, ਮੀਡਿਆ ਦੀ ਟ੍ਰੇਨਿਗ ਤੇ ਤੁਹਾਡੀ ਸਾਨੂੰ ਪ੍ਰਾਇਮਰੀ ਕਲਾਸ ਚ' ਹੀ ਸ਼ੁਰੂ ਹੋ ਗਈ ਸੀ - ਨਾਲੇ ਕਹਿੰਦੈ - ਸ਼ੁਕਰੀਆ, ਡੈਡ - ਬੰਬਈ ਵਰਗੀ ਜਗ੍ਹਾ ਤੋਂ ਫਿਰੋਜ਼ਪੁਰ ਵਰਗੀ ਜਗ੍ਹਾ ਤੇ ਸਾਨੂੰ ਲੈ ਕੇ ਜਾਣ  ਲਈ - ਕਹਿੰਦੈ ਕਿ ਬਾਪੂ ਜੇ ਤੂੰ ਇਹ ਕੰਮ ਨਾ ਕੀਤਾ ਹੁੰਦਾ ਤੇ ਅਸੀਂ ਵੀ ਵੱਡੇ ਸ਼ਹਿਰਾਂ ਵਰਗੇ ਪੋਪਲੂ ਜਿਹੇ ਹੀ ਬਣ ਕੇ ਰਹਿ ਜਾਣਾ ਸੀ।

ਮੈਂ ਕਹਿਣਾ ਬਸ ਇੰਨਾ ਹੀ ਚਾਹੁੰਦਾ ਹਾਂ ਕਿ ਕੰਮ ਕੋਈ ਵੀ ਹੋਵੇ - ਮੇਹਨਤ ਮੰਗਦੈ - ਸ਼ੁਰੂਆਤ ਕਰੋ ਤੇ ਫੇਰ ਸਿਰ ਡਾਈ ਰੱਖੇ ਬੰਦਾ, ਹਰ ਬੰਦੇ ਕੋਲ ਕਹਿਣ ਨੂੰ ਬਹੁਤ ਕੁਛ ਹੈ, ਅਸੀਂ ਕਹਿੰਦੇ ਨਹੀਂ, ਲੋਕੀਂ ਕੀ ਕਹਿਣਗੇ, ਲੋਕੀਂ ਜੋ ਕਹਿਣਗੇ ਉਹ ਉਹਨਾਂ ਦਾ ਮਸਲਾ ਹੈ, ਭਾਉ ਅਸੀਂ ਤੇ ਪਹਿਲਾਂ ਹੌਲੇ ਹੋ ਜਾਈਏ ---ਕਿਤੇ ਦਿਲ ਦੀਆਂ ਗੱਲਾਂ ਦਿਲ ਚ' ਨਾ ਤੁਰ ਜਾਣ !! ਸਾਰਿਆਂ ਨੂੰ ਮੇਰੀ ਇਕ ਸਲਾਹ ਹੈ ਕਿ ਡਾਇਰੀ ਲਿਖਣ ਤੋਂ ਸ਼ੁਰੂਆਤ ਕਰੋ ਜੀ, ਰੋਜ਼ ਲਿਖੋ  - ਪੰਜਾਬੀ ਬੋਲੀ ਨੂੰ ਲਿਖਣ ਵਾਲਿਆਂ ਦੀ ਬਹੁਤ ਲੋੜ ਹੈ -- ਯਕੀਨ ਨਹੀਂ ਆਉਂਦਾ, ਤੇ ਗੂਗਲ ਕਰ ਕੇ ਦੇਖਿਓ - ਪੰਜਾਬੀ ਬਲਾਗ !! ਕਿਰਪਾ ਕਰ ਕੇ ਜੇ ਪੰਜਾਬੀ ਜਾਣਦੇ ਹੋ ਤੇ ਇਸ ਬੋਲੀ ਦਾ ਥੋੜਾ ਤੇ ਕਰਜਾ ਲਾਹ ਦਿਓ। 

ਕਿਓਂਕਿ ਇਹ ਨਾਚੀਜ਼ ਇਸ ਰਾਹ ਤੇ ਥੋੜਾ ਚਲ ਚੁਕਿਆ ਹੈ, ਕੋਈ ਵੀ ਅੜਚਨ ਆਵੇ ਤੇ ਮੈਨੂੰ ਜਦੋਂ ਮਰਜ਼ੀ ਯਾਦ ਕਰੋ, ਈ-ਮੇਲ ਕਰੋ - ਉਸੇ ਵੇਲੇ ਜਵਾਬ ਦਿਆਂਗਾ - ਜੋ ਵੀ ਇਸ ਨਾਚੀਜ਼ ਦੀ ਨਿਮਾਣੀ ਸੋਚ ਦੀ ਸਮਝ ਆਵੇਗਾ -   drparveenchopra@gmail.com

ਇਸ ਪੋਸਟ ਚ' ਕਿਤੇ ਵੀ ਆਕੜ ਦੀ ਬਾਸ ਆਵੇ ਤੇ --ਤੁਹਾਨੂੰ ਪਤਾ ਫੇਰ ਤੁਸੀਂ ਕਿ ਕਰਣੈ 😃😂 - ਮੇਰਾ ਸਿਰ ਤੇ ....!! ਜੋ ਆਕੜ ਕਰਣ ਵਾਲਿਆਂ ਦਾ ਹਾਲ ਦੁਨੀਆ ਕਰਦੀ ਏ !!

ਆਓ ਜੀ, ਨੂਰਾਂ ਸਿਸਟਰਸ  ਨੂੰ ਸੁਣੀਏ --- ਕੁੱਲੀ ਨੀਂ ਫ਼ਕੀਰ ਦੀ ਵਿਚੋਂ।

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...