Monday 15 July 2019

ਫ਼ੋਟੋ ਸਾਂਝੀ ਕਰੋ ਪਰ ਥੋੜੀ ਖੇਚਲ ਹੋਰ ਕਰੋ !

ਬਿਨਾ ਲੇਬਲ ਕੀਤੀਆਂ ਹੋਇਆਂ ਡਾਇਗ੍ਰਾਮਾਂ ਦੀ ਕੋਈ ਕਦਰ ਨਹੀਂ ਹੁੰਦੀ - ਇਹ ਅਸੀਂ ਸਕੂਲ ਦੇ ਦਿਨਾਂ ਤੋਂ ਜਾਣਦੇ  ਹਾਂ, ਚੰਗੀ ਭਲੀ ਮੇਹਨਤ ਕਰ ਦੇਣੀ ਉਹ ਡਾਇਗ੍ਰਾਮ ਬਣਾਉਣ ਚ' ਪਰ ਜੇ ਕਰ ਲੇਬਲ ਕਰਣ ਚ' ਖੁੰਜ ਜਾਣਾ ਤਾਂ ਮਾਸਟਰ ਨੇ ਉਸੇ ਵੇਲੇ ਚੰਡ ਦੇਣਾ, ਝਿੜਕਾਂ ਨਾਲ - ਜ਼ਾਂ ਕਦੇ ਕਦੇ ਉਸ ਨੇ ਦੋ ਹੱਥ ਵੀ ਚਲਾ ਲੈਣੇ - ਸਾਡੇ ਸਮੇਂ ਇਹ ਕੁਟਾਪਾ ਇਕ ਆਮ ਜਿਹੀ ਗੱਲ ਹੁੰਦੀ ਸੀ, ਫੇਰ ਵੀ ਸਾਨੂੰ ਸਾਡੇ ਮਾਸਟਰਾਂ ਨਾਲ ਬੜਾ ਅਪਣਾਪਨ ਮਹਿਸੂਸ ਹੁੰਦਾ ਸੀ ਤੇ ਉਹ ਵੀ ਸਾਨੂੰ ਮਾਪਿਆਂ ਵਾਂਗ ਸਮਝਾਉਂਦੇ - ਇਕ ਤੇ ਇਹ ਜਦੋਂ ਦੇ ਕੁਟਾਪੇ ਪੈਣੇ ਬੰਦ ਹੋ ਗਏ ਨੇ, ਨਿਆਣੇ ਚੌੜ ਹੋਣ ਲੱਗ ਪਏ ਨੇ, ਕਿਸੇ ਕੋਲੋਂ ਡਰਦੇ ਹੀ ਨਹੀਂ 😂😂

ਇਹ ਤੇ ਹੋ ਗਈ ਸਕੂਲ ਚ' ਤਸਵੀਰਾਂ ਨੂੰ ਲੇਬਲ ਕਰਣ ਵਾਲੀ ਗੱਲ - ਹੁਣ ਚਲੋ ਮੇਰੇ ਕਹਿਣ ਤੇ 5 ਮਿੰਟ ਆਪਣੇ ਬਚਪਨ ਵਲ ਤੁਰੋ - ਅਸੀਂ ਕਿਸੇ ਵੀ ਰਿਸ਼ਤੇਦਾਰ ਦੇ ਘਰ ਜਾ ਕੇ ਉਸ ਦੇ ਘਰ ਪਈਆਂ ਐਲਬਮਾਂ ਦਾ ਕੀ ਹਾਲ ਕਰੀ ਦਾ ਸੀ -ਇਹ ਜ਼ਾਂ ਤੇ ਉਸ ਦੇ ਵਿਆਹ ਦੀ ਹੁੰਦੀ ਸੀ ਜ਼ਾਂ ਉਸ ਦੇ ਕਿਸੇ ਧੀ-ਪੁੱਤ ਦੇ ਵਿਆਹ ਦੀ. ਜੇ ਕਿਤੇ ਅਸੀਂ ਉਸ ਵਿਆਹ ਤੇ ਨਾ ਗਏ ਹੁੰਦੇ, ਤਾਂ ਤੇ ਉਸ ਐਲਬਮ ਨੂੰ ਵੇਖਣ ਦਾ ਹੋਰ ਵੀ ਜ਼ਿਆਦਾ ਚਾਅ ਹੁੰਦਾ - ਹੈ ਕਿ ਨਹੀਂ?

ਉਹ ਨਜ਼ਾਰਾ ਬੰਨ੍ਹਣ ਦੀ ਇਕ ਕੋਸ਼ਿਸ਼ ਕਰ ਰਿਹਾਂ - ਕਮੀ ਪੇਸ਼ੀ ਹੋਵੇ ਤੇ ਦੱਸਿਓ - ਐਲਬਮ ਖੁਲ ਗਈ ਹੈ, ਘੱਟੋ ਘੱਟ 6-7 ਵੱਡੇ ਤੇ ਨਿਆਣੇ ਉਸ ਨੂੰ ਘੇਰੇ ਭੁੰਜੇ ਬੈਠੇ ਨੇ - ਇਕ ਇਕ ਫੋਟੋ ਦੀ ਪੂਰੀ ਘੋਖ ਹੋ ਰਹੀ ਹੈ - ਉਹ ਸੱਤਾਂ ਦੇ ਸੱਤਾਂ ਜੀਆਂ ਦੀ ਸਮਝ ਚ ਜਦੋਂ ਤਕ ਉਹ ਫੋਟੋ ਚ' ਨਜ਼ਰੀਂ ਆਉਂਦੇ 13 ਬੰਦੇ (ਜਿਹੜੇ ਸਿਹਰਾ ਪੜਨ ਵੇਲੇ ਮਾਸੜ ਨੂੰ ਘੇਰੇ ਖੜੇ ਨੇ),  ਜਦੋਂ ਤੀਕ ਉਹ ਸਾਰਿਆਂ ਨੂੰ ਪੱਲੇ ਨਾ ਪੈ ਜਾਂਦਾ ਕੌਣ ਕਿਸਦਾ ਕਿ ਲਗਦੈ , ਉਸ ਵੇਲੇ ਤਕ ਕਿਸੇ ਦੀ ਮਜਾਲ ਨਹੀੰ ਹੁੰਦੀ ਸੀ ਕਿ ਵਰਕਾ ਪਲਟਾ ਲਵੇ  - ਫੇਰ 1-2 ਬੰਦੇ ਬਿਨ ਪਛਾਤੇ ਰਹਿ ਹੀ ਜਾਂਦੇ ਜਦੋਂ ਸਭ ਤੋਂ ਸਿਆਣੀ ਤੇ ਪੁਰਾਣੀ ਮੁੱਢੀ  ਇਹ ਕਹਿੰਦੀ ਕਿ ਮੈਨੂੰ ਨਹੀਂ ਪਤਾ ਇਹ ਕੌਣ ਹੈ, ਮੁੰਡੇ ਵੱਲੋਂ ਹੋਏਗਾ ਕੋਈ.  ਜੇ ਕਰ ਕਿਸੇ ਨੇ ਕੁੰਡਾ ਖੋਲਣ ਵੀ ਜਾਣਾ ਤੇ ਉੱਚੀ ਆਵਾਜ਼ ਚ ਕਹਿ ਕੇ ਜਾਣਾ, ਭਾਬੋ, ਅਜੇ ਅਗਲੀ ਫੋਟੋ ਤੇ ਨਾ ਜਾਈਂ, ਤੈਨੂੰ ਸਹੁੰ ਲੱਗੇ ਮੇਰੀ -

ਇੰਝ ਲੋਕੀਂ ਦੇਖਦੇ ਸੀ ਐਲਬਮਾਂ - ਚੰਦ ਤਸਵੀਰਾਂ ਉਹ ਵੀ ਕਾਲੀਆਂ ਤੇ ਚਿੱਟੀਆਂ - ਫੇਰ ਵੀ ਇੰਨਾ ਚਾਅ. ਹੁਣ ਫ਼ੋਟਾਂ ਦਾ ਰੁਲ ਪਿਆ ਹੋਇਆ ਏ, ਖਿੱਚਣ ਵਾਲੇ ਨੂੰ ਹੀ ਫੁਰਸਤ ਨਹੀਂ ਦੇਖਣ ਦੀ - ਕਿਸੇ ਹੋਰ ਨੇ ਕੀ ਦੇਖਣੀਆਂ ਨੇ!

ਹੁਣ ਤੇ ਸਾਨੂੰ ਬਸ ਕੁਝ ਤਸਵੀਰਾਂ ਕਦੇ ਕਦੇ ਸੋਸ਼ਲ ਮੀਡਿਆ ਤੇ ਸਾਂਝੀਆਂ ਕਰਣ ਦੀ ਕਾਹਲ ਹੁੰਦੀ ਏ,  ਗੱਲ ਇੰਝ ਹੈ ਕਿ ਹੁਣ ਲੇਬਲ ਕਰਣ ਵਾਲਾ ਤੇ ਪੰਗਾ ਕੋਈ ਹੈ ਨਹੀਂ, ਅਸੀਂ ਬੱਸ ਫੋਟਾ ਪਾਉਂਦੇ ਹਾਂ ਤੇ ਓਥੋਂ ਨੱਸ ਜਾਂਦੇ ਹਾਂ... ਆਪੇ ਸਾਡੇ 3477 ਫ੍ਰੈਂਡ ਅੰਦਾਜ਼ੇ ਲਾਉਂਦੇ ਰਹਿਣ ਕਿ ਬਿੱਟਾ ਦਾਰਜੀਲਿੰਗ ਪਹੁੰਚ ਗਿਆ ਜਨਾਨੀ ਨਾਲ!!😂 - ਫੇਰ ਉਸ ਫੇਸਬੁੱਕ ਦੀ ਫੋਟੋ ਥੱਲੇ 677 ਕੰਮੈਂਟ ਹੋਣਗੇ - very cute ! Lovely ! Looking so cute! Looking so young! (ਭਾਵੇਂ ਬਿੱਟਾ ਵੀ ਮੇਰੀ ਤਰ੍ਹਾਂ ਗੋਗੜ ਛੁਪਾਉਣ ਲਈ ਸਾਹ ਅੰਦਰ ਖਿੱਚ ਕੇ ਫੋਟੋ ਖਿਚਵਾਉਣ ਚ' ਖਿਲਾੜੀ ਹੋਵੇ!) - ਲੰਬੀ ਲਿਸਟ ਹੁੰਦੀ ਹੈ ਕਿਥੇ ਜੀ? 10-20 ਲੋਕ ਜਦੋਂ ਖਹਿੜਾ ਹੀ ਨਹੀਂ ਛੱਡਦੇ, ਪਿੱਛੇ ਹੀ ਪੈ ਜਾਂਦੇ ਨੇ - ਫੇਰ ਫੋਟੋ ਪਾਉਣ ਵਾਲੇ ਦੇ ਮੂੰਹ ਚੋਂ ਇਕ ਹਲਕਾ  ਜਿਹਾ ਫੁੱਲ ਕਿਰਦਾ ਏ - ਇਟਲੀ!

ਫੇਰ ਅੱਗੋਂ ਸਿਲਸਿਲਾ-  ਇਟਲੀ ਚ ਕਿਥੇ ਬਾਬੇਓ , ਤੁਸੀਂ ਸਾਡੇ ਕੋਲੋਂ ਇੰਨੀ ਦੂਰ ਹੋ ਤੇ ਅਸੀਂ ਤੁਹਾਡੇ ਕੋਲੋਂ ਇੰਨੀ ਦੂਰ - ਇਥੇ ਵੀ ਗੇੜਾ ਮਾਰ ਜਾਓ - ਸਾਰੇ ਕੰਮੈਂਟ ਤੇ ਕੋਈ ਪੜ੍ਹਦਾ ਨਹੀਂ, ਕਈਂ ਕਈਂ ਦਿਨ ਤਕ ਇਹੋ ਸਵਾਲ ਲੋਕ ਪੁੱਛਦੇ ਰਹਿੰਦੇ ਨੇ ਕਿ ਕਿਥੇ ਸੈਰਾਂ ਹੋ ਰਹੀਆਂ ਨੇ।

ਇਹ ਸਾਰੀ ਕਹਾਣੀ ਇਸ ਲਈ ਹੈ ਕਿ ਜਦੋਂ ਅਸੀਂ ਕੋਈ ਵੀ ਫੋਟੋ ਸੋਸ਼ਲ ਮੀਡਿਆ ਤੇ ਸਾਂਝੀ ਕਰੀਏ ਤੇ ਉਸ ਬਾਰੇ ਕੁਛ ਨਾ ਕੁਛ ਜ਼ਰੂਰ ਲਿਖ ਮਾਰੀਏ - it definitely adds value to what you have shared! ਨਹੀਂ ਤਾਂ , ਕਿਸੇ ਨੂੰ ਕਿਸੇ ਨਾਲ ਅੱਜ ਕਲ ਕੀ, ਅਸੀਂ ਕਿਸੇ ਨੂੰ ਕੁਝ ਸਮਝਦੇ ਹਾਂ ਕਿ?  - ਆਪਣੀ ਫੋਟੋ ਤੁਸੀਂ ਸ਼ਾਂਝੀ ਕੀਤੀ ਹੈ ਇਸ ਲਈ ਤੁਸੀਂ ਉਸ ਬਾਰੇ ਕਿੰਨਾ ਕੁ' ਲਿਖਣਾ ਹੈ ਤੇ ਕਿੰਨ੍ਹਾ ਕੁ' ਲਕੋਈ ਰੱਖਣਾ ਹੈ - ਇਹ ਤੁਹਾਡਾ ਖੁਦ ਦਾ ਫੈਸਲਾ ਹੈ-

ਜਿਥੋਂ ਤੱਕ ਗੱਲ ਮੇਰੀ ਹੈ, ਅਸੀਂ ਬਚਪਨ ਤੋਂ ਬੜਾ ਖੁੱਲ੍ਹਾ ਮਾਹੌਲ ਦੇਖਿਆ ਹੈ - ਜਿਥੇ ਕਿਸੇ ਕੋਲੋਂ ਕੋਈ ਓਹਲਾ ਨਹੀਂ ਸੀ ਹੁੰਦਾ !ਇਸੇ ਕਰਕੇ ਮੈਨੂੰ ਜੇ ਦੂਸਰੇ ਦੀਆਂ ਕਹਾਣੀਆਂ ਪੜਨ ਦਾ ਚਾਅ ਹੁੰਦੈ, ਤਾਂ ਮੈਂ ਆਪਣੀਆਂ ਕਹਿਣ ਚ' ਵੀ ਝਕਦਾ ਨਹੀਂ- ਪਰ ਇਹ ਕਿਸੇ ਵਾਸਤੇ ਕੋਈ ਨੁਸਖਾ ਨਹੀਂ ਹੈ - ਸਭ ਦੀ ਆਪੋ-ਆਪਣੀ ਕਹਾਣੀ ਹੈ, ਕੋਈ ਕਿੰਨੀ ਕਹਿਣਾ ਚਾਹੁੰਦੈ, ਓਹਦੀ ਖੁਸ਼ੀ। .

ਲੇਬਲ ਕਰਣ ਦੀ ਗੱਲ ਛਿੜੀ ਤੇ ਮੈਨੂੰ ਮੇਰਾ Flickr ਦਾ ਖਾਤਾ ਅੱਜ ਚੇਤੇ ਆ ਗਿਆ - ਮੈਂ ਕਲ ਤੁਹਾਡੇ ਨਾਲ 2009 ਚ' ਕੀਤੀ ਇਕ online writing ਵਰਕਸ਼ਾਪ ਦਾ ਜ਼ਿਕਰ ਕੀਤਾ ਸੀ, ਉਸ ਦੌਰਾਨ ਇਹ ਫਲਿਕਰ ਦਾ ਖਾਤਾ ਖੋਲਿਆ ਸੀ, ਇਸ ਵਿਚ ਅਸੀਂ ਆਪਣੀਆਂ ਤਸਵੀਰਾਂ ਪਾ ਸਕਣੇ ਹਾਂ, ਉਹਨਾਂ ਦਾ ਵੇਰਵਾ ਲਿਖ ਸਕਦੇ ਹਾਂ. ਮੈਂ ਵੀ ਅੱਜ ਇਹ ਦੋ 12 ਸਾਲ ਪੁਰਾਣੀਆਂ ਫ਼ੋਟਾਂ ਦੇਖੀਆਂ ਤੇ ਉਹਨਾਂ ਦਾ ਵੇਰਵਾ ਲਿਖ ਦਿੱਤਾ।

ਇਸ ਤਰ੍ਹਾਂ ਦੀਆਂ ਲੇਬਲ ਕੀਤੀਆਂ ਫ਼ੋਟਾਂ ਅਸੀਂ ਕਿਤੇ ਵੀ ਆਸਾਨੀ ਨਾਲ ਸਾਂਝੀਆਂ ਵੀ ਕਰ ਸਕਦੇ ਹਾਂ, ਨਹੀਂ ਤੇ ਉਹਨਾਂ ਨੂੰ ਪ੍ਰਾਈਵੇਟ ਰੱਖ ਸਕਦੇ ਹਾਂ, ਜ਼ਾਤੀ ਤੋਰ ਤੇ ਮੈਂ ਇਸ ਦੇ ਹਕ਼ ਚ ਨਹੀਂ ਹਾਂ - ਬਾਕੀ ਹਰ ਕਿਸੇ ਦੇ ਆਪਣੇ  ਮਨ ਦੀ ਮੌਜ ਹੈ !!

ਕਿਰਪਾ ਕਰਕੇ ਆਪਣੀਆਂ ਫ਼ੋਟਾਂ ਚ' value-addition ਕਰਦੇ ਰਿਹਾ ਕਰੋ - ਕਿਸੇ ਤੇ ਕੋਈ ਅਹਿਸਾਨ ਨਹੀਂ, ਤੁਹਾਨੂੰ ਆਪੇ ਹੀ ਮਜ਼ਾ ਆਉਣ ਲੱਗੇਗਾ ਕਿਓਂਕਿ ਸਾਡੇ ਚੇਤੇ ਬੜੇ ਕਮਜ਼ੋਰ ਹੁੰਦੇ ਨੇ. ਪਰ ਇਕ ਗੱਲ ਹੈ - ਜੇਕਰ ਅਸੀਂ ਫੋਟੋਸ ਨਾਲ tags ਲੈ ਦੇਂਦੇ ਹਾਂ ਤਾਂ ਗੂਗਲ ਨੂੰ ਲੱਭਣ ਲੱਗਿਆਂ ਆਸਾਨੀ ਹੁੰਦੀ ਏ.

ਮਨੀਕਰਨ ਸਾਹਿਬ ਗੁਰੂਦਵਾਰਾ
ਇਸ ਫੋਟੋ ਤੇ ਅਤੇ ਥੱਲੇ ਲੱਗੀ ਫੋਟੋ ਤੇ ਕਲਿਕ ਕਰ ਕੇ ਤੁਸੀਂ ਇਸ ਦਾ ਪੂਰਾ ਵੇਰਵਾ ਪੜ ਸਕਦੇ ਹੋ 

1360488033_53106e4404_o


ਹੁਣੇ ਇਹ ਲਿਖਦਿਆਂ ਲਿਖਦਿਆਂ ਵਹਾਤਸੱਪ ਦੇ ਕਿਸੇ ਗਰੁੱਪ ਤੇ ਇਕ ਹੋਰ ਫੋਟੋ ਮਿਲੀ ਹੈ ਲੇਬਲਿੰਗ ਸਮੇਤ - ਫੋਟੋ ਤੇ ਦੇਖ ਲਵੋ - ਫੋਟੋ ਬਾਰੇ ਤੇ ਉਸ ਦੀ ਲੇਬਲਿੰਗ ਬਾਰੇ ਮੈਂ ਆਪਣੇ ਵਿਚਾਰ ਦੱਸਾਂ - No Comments!

ਲੋ ਜੀ, ਇਸ ਵੇਲੇ ਇਸ ਖੁਰਾਫਾਤੀ ਦਿਮਾਗ ਚ' ਇਹ ਗੀਤ ਵੱਜ ਰਿਹੈ - ਸੁਣੋ ਜੀ - ਮੰਜੀ ਥੱਲੇ ਕੌਣ, ਭਾਭੀ ਦੀਵਾ ਜਲਾ ! ਪੰਜਾਬੀ ਗੀਤਾਂ ਦਾ ਮੈਂ ਦੀਵਾਨਾ ਹਾਂ - ਕਿਓਂ ਕਿ ਇਹ ਖੁਸ਼ੀਆਂ ਭਰੇ ਤੇ ਖੁੱਲੇ ਹਾਸੇ ਖੇਡਿਆਂ ਵਾਲੇ ਤੇ ਹਨ ਹੀ, ਇਹ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਦਾ ਜ਼ਰੀਆ ਵੀ ਨੇ, ਜਦੋਂ ਜਦੋਂ ਇਹ ਕਿਤੇ ਵੀ ਵੱਜਦੇ ਨੇ, 8-10 ਲੋਕ ਜਿਹੜੇ ਤੁਹਾਨੂੰ ਨੱਚਦੇ ਦਿਖਦੇ ਨੇ, ਓਹੀਓ ਹੀ ਨਹੀਂ, ਉੰਨਾਂ ਦੇ ਨਾਲ ਨਾਲ ਉਹ ਸਾਰਾ ਮਾਹੌਲ ਮੌਜੀ ਹੋ ਜਾਂਦੈ, ਓਥੇ ਖੜੇ-ਬੈਠੇ ਸਾਰੇ ਲੋਕਾਂ ਦੀਆਂ ਰੂਹਾਂ ਵੀ ਨੱਚ ਪੈਦੀਆਂ ਨੇ  - ਮੈਂ ਕੋਈ ਝੂਠ ਬੋਲਿਆ ?


No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...