Sunday 30 June 2019

ਇਹ ਬਦਾਮ ਅਖਰੋਟ ਕਿਵੇਂ ਪਚਾ ਲਓਗੇ !

ਮੇਰੇ ਵਿਆਹ ਦੇ ਕੁੱਛ ਦਿਨਾਂ ਬਾਅਦ ਮੇਰੀ ਮਾਸੀ ਮੈਨੂੰ ਪੁੱਛਦੀ ਏ ਕਿ ਤੂੰ ਨਾ ਤੇ ਵਿਆਹ ਵਾਲੀ ਛਾਪ ਪਾਈ ਏ,  ਤੇ ਨਾ ਹੀ ਤੂੰ ਵਿਆਹ ਵਾਲੀ ਚੈਨੀ ਪਾਉਂਦੈਂ, ਗੱਲ ਕੀ ਹੈ? ਮੈਂ ਮਾਸੀ ਨੂੰ ਦਸਿਆ ਕਿ ਦੋ ਕਾਰਣ ਨੇ - ਪਹਿਲਾ ਤੇ ਇਹ ਕਿ ਮੈਨੂੰ ਜ਼ਾਤੀ ਤੌਰ ਤੇ ਇੰਝ ਲੱਗਦੈ ਕਿ ਸੋਨੇ ਵਰਗੀ ਚੀਜ਼ ਔਰਤਾਂ ਦੇ ਲਈ ਹੈ, ਬੰਦਿਆਂ ਨੇ ਕਿ ਕਰਨਾ ਇਹ ਸੋਨਾ ਫੋਨਾ ਆਪਣੇ ਉੱਤੇ ਲਦ ਕੇ, ਦੂਜੀ ਗੱਲ ਜਿਹੜੀ ਪਹਿਲੀ ਤੋਂ ਵੀ ਕਿਤੇ ਖਾਸ ਹੈ ਉਹ ਇਹ ਹੈ ਕਿ ਜਿਹੜੀਆਂ ਤੀਵੀਆਂ ਮੇਰੇ ਕੋਲ ਇਲਾਜ ਵਾਸਤੇ ਆਉਂਦੀਆਂ ਨੇ, ਉੰਨਾ ਵਿਚੋਂ ਬਹੁਤ ਸਾਰੀਆਂ ਅਜਿਹੀਆਂ ਹੁੰਦਿਆਂ ਨੇ ਜਿੰਨਾ ਨੇ ਹੱਥ ਚ' ਪਲਾਸਟਿਕ ਦੀਆਂ ਚੂੜੀਆਂ ਤੇ ਉਂਗਲੀਆਂ ਵਿਚ ਲੋਹੇ ਦੇ ਛੱਲੇ, ਗਲੇ ਚ' ਕਾਲੇ ਧਾਗੇ ਪਾਏ ਹੁੰਦੇ ਨੇ, ਮੈਂ ਮਾਸੀ ਨੂੰ ਆਖਿਆ, ਤੂੰਹੀਓਂ ਦਸ ਮਾਸੀ, ਇਹੋ ਜਿਹੇ ਲੋਕਾਂ ਅੱਗੇ ਮੈਂ ਸੋਨੇ ਦੀ ਸ਼ੋਬਾਜ਼ੀ ਕਿਵੇਂ ਕਰ ਸਕਦਾਂ, ਮੇਰੇ ਕੋਲ ਨਹੀਂ ਹੁੰਦੀ ਇਹ ਪਾਖੰਡਬਾਜ਼ੀ। .. ਮਾਸੀ ਨੇ ਹੀ ਬੱਸ ਇਹ ਇੱਕੋ ਵਾਰ ਪੁੱਛਿਆ ਸੀ, ਹੋਰ ਕਦੇ ਕਿਸੇ ਨੇ ਨਹੀਂ ਪੁੱਛਿਆ !!

ਮੇਰੇ ਕਹਿਣ ਦਾ ਮਤਲਬ ਇਹੋ ਹੈ ਕਿ ਜੇ ਮੈਂ ਸੋਨੇ ਦੀਆਂ ਅੰਗੂਠਿਆਂ, ਚੈਨੀਆਂ ਤੇ ਲੋਕਟ ਪਾ ਕੇ ਅਜਿਹੇ ਮਰੀਜ਼ਾਂ ਸਾਮਣੇ ਬੈਠਾ ਹੋਵਾਂਗਾ ਤੇ ਉਹਨਾਂ ਦੇ ਦਿਲ ਚਂ' ਕੀ  ਚਲ ਰਿਹਾ ਹੋਵੇਗਾ !!

1990 ਦੀ ਇਹ ਗੱਲ ਦਾ ਕਲ ਧਿਆਨ ਆ ਗਿਆ , ਜਦੋਂ ਇਕ ਮਿਨਿਸਟ੍ਰੀ ਦੇ ਇਕ ਫੁਰਮਾਨ ਦਾ ਪਤਾ ਲੱਗਾ ਕਿ ਹੁਣ ਓਥੇ ਡਿਪਾਰਟਮੈਂਟ ਦੀਆਂ ਸਾਰੀਆਂ ਮੀਟਿੰਗਾਂ ਚ ਬਿਸਕੁਟਾਂ ਦੀ ਜਗ੍ਹਾ ਫੁਲਿਆਂ ਛੋਲੇ, ਭੁੰਨੇ ਹੋਏ ਛੋਲੇ, ਬਦਾਮ ਤੇ ਅਖਰੋਟ ਪੇਸ਼ ਕੀਤੇ ਜਾਣਗੇ - ਸਾਰੀ ਗੱਲ ਪੜ੍ਹੀ - ਇਹ ਵੀ ਲਿਖਿਆ ਚੰਗਾ ਲੱਗਾ ਕਿ ਪਾਣੀ ਵੀ ਜੱਗ ਚ ਰੱਖਿਆ ਮਿਲੇਗਾ,  ਕਾਗਜ਼ ਦੇ ਡਿਸਪੋਸਬਲ ਗਲਾਸਾਂ ਚ' ਹੀ ਮਿਲਿਆ ਕਰੁ - ਫੁਲੀਆਂ ਛੋਲੇ, ਭੁੰਨੇ ਹੋਏ ਛੋਲੇ ਵਰਗੀਆਂ ਚੀਜ਼ਾਂ ਤੇ ਠੀਕ ਨੇ, ਪਰ ਸਰਕਾਰੀ  ਮਾਇਆ ਨਾਲ ਬਦਾਮ ਤੇ ਅਖਰੋਟ ਵੀ ਖਰੀਦੇ ਜਾਣਗੇ, ਇਸ ਗੱਲ ਦਾ ਬੜਾ ਅਫਸੋਸ ਹੋਇਆ।

ਜਿਸ ਵੇਲੇ ਦੀ ਮੈਂ ਇਹ ਖ਼ਬਰ ਦੇਖੀ ਹੈ ਮੈਨੂੰ ਇਹੀ ਲੱਗਦੈ ਕਿ ਜਦੋਂ ਏ.ਸੀ ਕਮਰਿਆਂ ਚ' ਇਹ ਅਖਰੋਟ-ਬਦਾਮ ਦੇ ਨਾਸ਼ਤੇ ਚਲ ਰਹੇ ਹੋਣਗੇ ਉਸ ਵੇਲੇ ਐਲ.ਸੀ.ਡੀ ਸਕ੍ਰੀਨਾਂ ਤੇ ਜੇਕਰ ਭੁੱਖਮਰੀ ਨਾਲ ਦਮ ਤੋੜਣ ਵਾਲੇ ਬੱਚਿਆਂ ਦੀਆਂ ਤਸਵੀਰਾਂ ਕਿਸੇ ਚੈਨਲ ਤੇ ਦਿੱਖ ਗਈਆਂ, ਤਾਂ ਕਿੰਝ ਤੁਸੀਂ ਉਹਨਾਂ ਬਦਾਮਾਂ ਤੇ ਅਖਰੋਟ ਦੀਆਂ ਗਿਰੀਆਂ ਨੂੰ ਆਪਣੀ ਸੰਘੀ ਥੱਲੇ ਲੰਘਾ ਪਾਓਗੇ, ਜੇ ਲੰਘ ਵੀ ਗਏ ਅੰਦਰ ਤਾਂ ਕੀ  ਉਹ ਪਚ ਜਾਣਗੇ, ਇਹ ਵੀ ਦੇਖ ਲਿਓ।

ਦੂਜੀ ਗੱਲ ਇਹ ਵੀ ਹੈ ਕਿ ਕਈ ਵਾਰੀ ਚੈਨਲਾਂ ਤੇ ਅਸੀਂ ਵੇਖਦੇ ਹਾਂ ਕਿ ਸਰਕਾਰੀ ਮੀਟਿੰਗਾਂ ਚ ਪਾਣੀ ਦੀਆਂ ਬੋਤਲਾਂ ਮੇਜਾਂ ਤੇ ਪਈਆਂ ਦਿੱਖ ਜਾਂਦੀਆਂ ਨੇ, ਜੇ ਕੀਤੇ ਹੁਣ ਦੂਰ ਦਰਾਜ ਭੁਖਮਰੀ ਦੇ ਸ਼ਿਕਾਰ ਲੋਕਾਂ ਨੂੰ ਮੇਜਾਂ ਤੇ ਬਦਾਮ ਅਖਰੋਟ ਵੀ ਨਜ਼ਰੀਂ ਪੈ  ਪਏ ਤੇ ਫੇਰ ਓਹੀ ਗੱਲ ਹੋ ਗਈ ਨਾ - ਪਲਾਸਟਿਕ ਦਿਨ ਚੂੜੀਆਂ ਪਹਿਨਣ ਵਾਲੀਆਂ ਸਾਮਣੇ ਸੋਨੇ ਦੇ ਕੜੇ ਪਾ ਕੇ ਬਹਿ ਜਾਣਾ।

ਮੇਰੇ ਖਿਆਲ ਚ ਇਹ ਬਦਾਮ ਅਖਰੋਟ ਮੀਟਿੰਗਾਂ ਚ' ਸਰਵ ਕਰਨ ਵਾਲੀ ਗੱਲ ਠੀਕ ਨਹੀਂ ਹੈ, ਇਹ ਫੁਰਮਾਨ ਵਾਪਸ ਹੋਣਾ ਚਾਹੀਦੈ - ਵੈਸੇ ਵੀ ਜੇ ਇਕ ਵਾਰ ਇਹ ਆਰਡਰ ਲਾਗੂ ਹੋ ਗਏ ਤੇ ਫੇਰ ਕਈ ਕਮੇਟੀਆਂ ਹੋਰ ਬਣਨ ਗੀਆਂ - ਕਿੰਨੀ ਮਿਕਦਾਰ ਦੀ ਖਰੀਦ ਹੋਵੇਗੀ, ਕੀ ਬੱਜਟ ਹੋਵੇਗਾ, ਕਿਥੋਂ ਖਰੀਦਿਆ ਜਾਵੇਗਾ ਇਹ ਡ੍ਰਾਈ-ਫਰੂਟ।

ਜਿਸ ਦੇਸ਼ ਚ ਇੰਨੀ ਗ਼ਰੀਬੀ ਹੈ, ਇੰਨੀ ਭੁੱਖਮਰੀ ਹੈ, ਜਨਾਨੀਆਂ ਚ' ਖੂਨ ਦੀ ਢਾਡੀ ਕਮੀ ਹੈ, ਬੱਚਿਆਂ ਦੇ ਮਿਡ-ਡੇ ਮੀਲ ਦੀ ਹਾਲਤ ਸਾਡੇ ਕੋਲੋਂ ਛੁਪੀ ਨਹੀਂ ਹੈ, ਅਜਿਹੇ ਹਾਲਾਤ ਚ' ਸਰਕਾਰੀ ਮਹਿਕਮੇ ਦੀਆਂ ਮੀਟਿੰਗਾਂ ਚ ਬਦਾਮ ਅਖਰੋਟ ਰਗੜੇ ਜਾਣਗੇ, ਗੱਲ ਬਿਲਕੁਲ ਵੀ ਨਹੀਂ ਜਚ ਰਹੀ, ਨਾ ਜਚਨਾ ਤੇ ਬਹੁਤ ਛੋਟੀ ਗੱਲ ਹੈ, ਇਹ ਤੇ ਗੱਲ ਹੋਛੀ ਲੱਗੂ  , ਵੈਸੇ ਹੋਛਾਪਣ ਵੀ ਬਹੁਤ ਛੋਟਾ ਲਫ਼ਜ਼ ਹੈ ਇਸ ਸੋਚ ਲਈ - ਅੱਛਾ ਜੀ, ਤੁਸੀਂ ਹੀ ਦੱਸੋ ਇਸ ਨੂੰ ਤੁਸੀਂ ਕਿ ਕਹੋਗੇ, ਮੈਨੂੰ ਤੁਹਾਡੇ ਜਵਾਬ ਦੀ ਉਡੀਕ ਰਹੇਗੀ।

ਚਲੋ ਜੀ, ਹੁਣ ਮੂਡ ਥੋੜਾ ਠੀਕ ਕਰਣ ਲਈ, ਮੇਰੇ ਫੇਵਰਿਟ ਸਿੰਗਰਾਂ - ਬੀਬੀ ਰਣਜੀਤ ਕੌਰ ਤੇ ਮੁਹੰਮਦ ਸਦੀਕ ਨੂੰ ਸੁਣਦੇ ਹਾਂ - ਮੈਂ ਇੰਨਾ ਦੀ ਗਾਇਕੀ ਨੂੰ  ਬਹੁਤ ਪਸੰਦ ਕਰਦਾਂ - ਸਾਡੇ ਸਮਿਆਂ ਦੇ ਸਟਾਰ -  ਮੈਨੂੰ ਖਿੱਚ ਲੈ ਵੈਰੀਆ ਚੁਬਾਰੇ ਵਿਚ ਬਾਂਹ ਫੜ ਕੇ 😄




ਤੁਹਾਡਾ ਆਪਣਾ,
ਪ੍ਰਵੀਨ 
@ ਕੁਕਰੈਲ ਪਿਕਨਿਕ ਸਪਾਟ, ਲਖਨਊ - 30.6.19

Saturday 29 June 2019

ਜਦੋਂ ਜ਼ਿਪ ਵਾਲਾ ਮਾਮਲਾ ਫਸ ਜਾਂਦੈ ..

ਕਲ ਸ਼ਾਮੀ ਸਾਡੇ ਹੌਸਪੀਟਲ ਦਾ ਜੂਨੀਅਰ ਡਾਕਟਰ ਦੱਸ ਰਿਹਾ ਸੀ ਪਰਸੋਂ ਉਸਦੀ ਸਟੇਸ਼ਨ ਕਾਲ ਆਈ -ਸਟੇਸ਼ਨ ਕਾਲ ਤੋਂ ਮਤਲਬ ਹੈ ਕਿ ਕਿਸੇ ਬੰਦੇ ਨੂੰ ਗੱਡੀ ਵਿਚ ਕੋਈ ਸਿਹਤ ਸੰਬੰਧਤ ਔਕੜ ਆ ਜਾਵੇ ਤੇ ਉਸੇ ਵੇਲੇ ਅਗਲੇ ਸਟੇਸ਼ਨ ਦੇ ਰੇਲਵੇ ਡਾਕਟਰ ਤਕ ਸੁਨੇਹਾ ਪਹੁੰਚ ਜਾਂਦੈ ਤੇ ਉਸ ਨੂੰ ਗੱਡੀ ਸਟੇਸ਼ਨ ਤੇ ਪਹੁੰਚਣ ਤੇ ਉਸ ਨੂੰ ਵੇਖ ਕੇ ਐਮਰਜੰਸੀ ਦਵਾਈ/ ਸਲਾਹ ਦੇਣੀ ਹੁੰਦੀ ਏ.

ਪਹਿਲਾਂ ਤੇ ਇਸ ਸੇਵਾ ਦੀ ਪੁਰਾਣੇ ਸਮੇਂ ਚ ਮਿੱਥੀ ਹੋਈ ਫੀਸ ਸੀ - ਦੱਸ ਵੀਹ ਰੁਪਈਏ, ਜਿਹੜੇ ਰੇਲਵੇ ਦੇ ਖਾਤੇ ਚ ਜਮਾ ਹੋ ਜਾਂਦੇ ਨੇ, ਹੁਣੇ ਹੁਣੇ ਇਸ ਦੀ ਫੀਸ ਇਕ ਸੋ ਰੁਪਈਏ ਹੋ ਗਈ ਏ..

ਜਦੋਂ ਡਾਕਟਰ ਅਜਿਹੀ ਕਿਸੇ ਸਟੇਸ਼ਨ ਕਾਲ ਤੇ ਜਾਂਦੈ ਤੇ ਓਹਦੇ ਨਾਲ ਇਕ ਪੈਰਾਮੈਡੀਕਲ ਸਟਾਫ ਵੀ ਹੁੰਦੈ - ਸਾਰੀ ਸਲਾਹ ਸ਼ਾਹ ਜਲਦੀ ਜਲਦੀ ਦੇਣੀ ਹੁੰਦੀ ਏ, ਕਿਓਂਕਿ ਗੱਡੀ ਦੀ ਪੰਕਚੂਲ਼ਟੀ ਸਬ ਤੋਂ ਉੱਪਰ ਹੁੰਦੀ ਏ - ਜੇ ਕਿਸੇ ਯਾਤਰੀ ਨੂੰ ਅਜਿਹੀ ਤਕਲੀਫ ਹੁੰਦੀ ਏ ਜਿਸ ਲਈ ਹਸਪਤਾਲ ਚ ਜਾਣਾ ਜ਼ਰੂਰੀ ਹੋਵੇ ਤਾਂ ਡਾਕਟਰ ਉਸ ਨੂੰ ਗੱਡੀ ਤੋਂ ਉਤਰ ਜਾਣ  ਦੀ ਸਲਾਹ ਦੇਂਦੈ - ਡਾਕਟਰ ਦੀ ਗੱਲ ਨੂੰ ਮੰਨਣਾ ਹੈ ਜਾਂ ਨਹੀਂ, ਇਹ ਉਸ ਯਾਤਰੀ ਤੇ ਹੈ.

ਇਹ ਕਿ ਮੈਂ ਵੀ ਕਿੱਢੀ ਲੰਬੀ ਚੌੜੀ ਭੂਮਿਕਾ ਬੰਨ ਮਾਰੀ ਏ - ਮੁੜ ਤੋਂ ਉਸ ਜੂਨੀਅਰ ਰੇਲਵੇ ਡਾਕਟਰ ਦੀ ਗੱਲ ਸੁਣਦੇ ਹਾਂ - ਉਸ ਨਾਲ ਇੰਝ ਹੀ ਗੱਲ ਹੋਈ - ਕਹਿੰਦੈ ਕਲ ਰਾਤੀਂ ਜਿਹੜੀ ਕਾਲ ਆਈ - ਓਥੇਕੇ ਪਤਾ ਲੱਗਾ ਕਿ ਪੰਜ ਸਾਲ ਦੇ ਮੁੰਡੇ ਦੀ ਜੀਨ ਦੀ ਜ਼ਿਪ ਦਾ ਮਾਮਲਾ ਫਸਿਆ ਪਿਆ ਸੀ...

ਓਹਨੇ ਅਜੇ ਇੰਨੀ ਹੀ ਗੱਲ ਕੀਤੀ ਸੀ ਕਿ ਮੈਨੂੰ ਤੇ ਆਪਣਾ ਸਮਾਂ ਯਾਦ ਆ ਗਿਆ- ਇਸ ਤਰ੍ਹਾਂ ਦਾ ਪੰਗਾ ਤੇ ਬਾਈ ਸਾਡੇ ਨਾਲ ਕਈ ਵਾਰ ਜਾਂ ਸਾਡੇ ਆਸੇ ਪਾਸੇ ਹੋ ਚੁਕਿਆ ਹੈ...ਉਹ ਚੰਦ ਸੇਕੰਡਾਂ ਚ' ਕਿ ਹਾਲਾਤ ਹੋ ਜਾਂਦੀ ਏ, ਇਹ ਤੇ ਓਹਨੂੰ ਹੀ ਪਤਾ ਹੁੰਦੈ ਜਿਸ ਤੇ ਬੀਤ ਚੁਕੀ ਹੁੰਦੀ ਏ।

ਡਾਕਟਰ ਨੇ ਦਸਿਆ ਕਿ ਗੱਡੀ ਰੁਕਣ ਤੇ ਅਸੀਂ ਜਿੰਝ ਹੀ ਡੱਬੇ ਚ' ਵੱਡੇ, ਓਥੇ ਤੇ ਤਮਾਸ਼ਬੀਨਾਂ ਦਾ ਮਜਮਾ ਲੱਗਾ ਹੋਇਆ ਸੀ,  ਪਹਿਲਾਂ ਤੋਂ ਹੀ ਖੈਂਚੇ ਮਾਰ ਕੇ ਮਾਮਲਾ ਡਾਢਾ ਫਸਿਆ ਹੋਇਆ ਮਿਲਿਆ - ਡਾਕਟਰ ਨੇ ਨਾਲ ਗਏ ਆਪਰੇਸ਼ਨ ਥਿਏਟਰ ਅੱਸੀਸਟੈਂਟ ਦੀ ਵੀ ਕੋਸ਼ਿਸ਼ ਨਾਲ ਜਦੋਂ ਇਹ ਜ਼ਿਪ ਵਾਲਾ ਮਾਮਲਾ ਵਿੱਚੇ ਫਸਿਆ ਰਿਹਾ ਤਾਂ ਡਾਕਟਰ ਨੇ ਕਿਹਾ ਕਿ ਤੁਹਾਨੂੰ ਇਲਾਜ ਵਾਸਤੇ ਗੱਡੀ ਇਥੇ ਹੀ ਛੱਡਣੀ ਪਊ... ਉਸ ਨਿਆਣੇ ਦੀ ਮਾਂ ਗੱਡੀ ਤੋਂ ਢਲਣ ਲਈ ਤਿਆਰ ਨਹੀਂ ਸੀ.... ਇਸ ਕਰ ਕੇ ਗੱਡੀ ਨੇ ਤੇ ਵਗਣਾ ਹੀ ਸੀ ਅੱਗੇ।

ਜਦੋਂ ਉਸ ਬੀਬੀ ਕੋਲੋਂ ਸੌ ਰੁਪਈਏ ਡਾਕਟਰੀ ਫੀਸ ਮੰਗੀ ਗਈ ਤੇ ਓਹਨੇ ਨਹੀਂ ਦਿੱਤੇ ਇਹ ਕਹਿ ਕੇ - ਜਦੋਂ ਤੁਸੀਂ ਮੁੰਡੇ ਦਾ ਇਲਾਜ ਹੀ ਨਹੀਂ ਕੀਤਾ ਤੇ ਫੀਸ ਕਾਹਦੀ ?

ਡਾਕਟਰ ਦੱਸਦਾ ਸੀ ਕਿ ਆਸੇ ਪਾਸੇ ਖੜੇ ਤਮਾਸ਼ਬੀਨ ਕਹਿਣ  ਲੱਗੇ ਕਿ ਸੁੰਨ ਕਰਣ ਵਾਲਾ ਟੀਕਾ ਲਾ ਕੇ ਇਹ ਕੰਮ ਹੋ ਸਕਦਾ ਹੈ , ਪਰ ਇਸ ਤਰ੍ਹਾਂ ਦੇ invasive procedure ਗੱਡੀ ਚ' ਨਹੀਂ ਹੁੰਦੇ, ਹਰ ਕੰਮ ਦੀਆਂ ਆਪਣੀਆਂ ਹੱਦਾਂ -ਬੰਨ੍ਹੇ ਹੁੰਦੇ ਨੇ।  ਓਥੇ ਖੜੇ ਸਿਆਣਿਆਂ ਚੋਂ  ਕੁਛ ਨੇ ਕਿਹਾ  ਜੇ  ਨਿਆਣੇ ਨੂੰ ਥੱਲੇ ਕੱਛਾ ਪਾਇਆ ਹੁੰਦਾ ਤੇ ਇਹ ਹਾਦਸਾ ਨਹੀਂ ਸੀ ਵਾਪਰਨਾ - ਓਹੀ ਗੱਲ ਹੈ ਜਿੰਨੇ ਮੂੰਹ ਓੱਨੀਆਂ ਗੱਲਾਂ - ਮੈਂ ਸੋਚ ਰਿਹਾ ਸੀ ਗਨੀਮਤ ਹੋਵੇਗੀ ਜੇ ਕਿਸੇ ਨੇ ਇਸ ਸਬ ਦੀ ਵੀਡੀਓ ਨਾ ਬਣਾਈ ਹੋਵੇ !!

ਛੋਟੀ ਉਮਰੇ ਕੱਛੇ ਪਾਉਣ ਤੋਂ ਧਿਆਨ ਆਇਆ ਕਿ ਪਹਿਲਾਂ ਕਿਹੜੇ ਲੋਕ ਬੱਚੇਆਂ ਨੂੰ ਛੋਟੀ ਉਮਰੇ ਕੱਛੇ ਪਾਉਣ ਲੱਗ ਜਾਂਦੇ ਸਨ- ਅਸੀਂ ਲੋਕੀਂ ਵੀ ਜਦੋਂ ਅੱਠਵੀਂ ਨੌਵੀਂ ਚ ਆਏ ਤਾਂ ਇਹ ਸਬ ਸ਼ੁਰੂ ਕੀਤਾ ਸੀ. ਇਕ ਗੱਲ ਹੋਰ - ਇਹ ਜ਼ਿਪ ਸ਼ਿਪ ਦਾ ਵੀ ਤੇ ਕੀਤੇ ਕੋਈ ਪੰਗਾ ਨਹੀਂ ਸੀ ਹੁੰਦਾ - ਪੇਂਟ ਹੋਵੇ ਜਾਂ ਨਿੱਕਰ ਉਸ ਤੇ ਜ਼ਿਪ ਵਾਲੀ ਥਾਂ ਤੇ ਬਟਨ ਲੱਗੇ ਹੁੰਦੇ ਸੀ - (ਖੁੱਲ੍ਹੇ ਲੈੱਟਰ ਬਾਕਸ ਵਾਲੇ ਦਿਨ ਤੁਸੀਂ ਭਾਵੇਂ ਭੁੱਲੇ ਹੋਵੇ, ਮੈਂ ਤੇ ਨਹੀਂ ਭੁਲਿਆ 😂...

ਅੱਛਾ ਇਕ ਗੱਲ ਹੋਰ, ਜਦੋਂ ਅੱਠਵੀ ਨੌਵੀਂ ਚ ਇਹ ਸਬ ਪਹਿਨਣਾ ਸ਼ੁਰੂ ਕੀਤਾ ਤੇ ਸ਼ੁਰੂ ਸ਼ੁਰੂ ਚ ਇਕ ਦੋ ਵਾਰ ਇਹ ਹਿਦਾਇਤ ਮਿਲੀ ਕਿ ਨਹਾਉਣ ਲੱਗਿਆਂ ਆਪਣਾ ਅੰਡਰ ਵੇਅਰ ਤੇ ਬਨੈਣ ਆਪੇ ਹੀ ਧੋ ਕੇ ਤੋਲੀਏ ਨਾਲ ਸੁੱਕਣੇ ਪਾਉਣੀ ਹੁੰਦੀ ਏ, ਛੋਟੀ ਉਮਰੇ ਹੀ ਇਹ ਇਕ ਛੋਟੀ ਜਿਹੀ ਚੰਗੀ ਆਦਤ ਪੈ ਗਈ ਸੀ - ਜਿਥੇ ਵੀ ਰਿਸ਼ਤੇਦਾਰੀ ਚ ਜਾਣਾ, ਸਬ ਨੇ ਬੜੀ ਸ਼ਾਲਾਉਣਾ

ਫੇਰ ਹੋਲੀ ਹੋਲੀ ਵੱਡੇ ਹੋਏ, ਨੌਕਰੀ ਲੱਗੇ ਤੇ ਬਨੈਣ ਆਪਣੇ ਧੋਨੀ ਬੰਦ ਕਰ ਦਿੱਤੀ- ਫੇਰ ਸ਼ਾਇਦ ਆਪਣਾ underwear ਵੀ ਆਪੇ ਧੌਣ ਵਾਲੀ ਆਦਤ ਵਿਚ ਵਿਚ ਛੁਟ ਜਾਂਦੀ, ਫੇਰ ਚੇਤੇ ਆਉਂਦਾ ਤੇ ਫੇਰ ਆਪਣਾ ਇਹ ਕੰਮ ਆਪੇ ਕਰਣਾ ਸ਼ੁਰੂ ਕਰ ਦਿੰਦਾ - ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨਾਂ ਆਉਣ ਦੇ ਬਾਅਦ ਵੀ  ਦੋਸਤੋ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਇਹ ਵਾਲਾ ਆਪਣੇ ਆਪਣਾ ਕੰਮ ਆਪੇ ਹੀ ਨਿਬੇੜਿਆ ਜਾਵੇ -

ਮੈਂ ਬਹੁਤ ਵਾਰ ਇਹ ਗੱਲ ਆਪਣੇ ਮੁੰਡਿਆਂ ਨਾਲ ਵੀ ਸਾਂਝੀ ਕਰਦਾ ਹਾਂ ਕਿ ਯਾਰ ਅਸੀਂ ਆਪਣੇ undergarments (ਘੱਟੋ ਘੱਟ underwear ) ਕਿਵੇਂ ਕਿਸੇ ਕੋਲੋਂ ਵਾਸ਼ ਕਰਵਾ ਸਕਦੇ ਹਾਂ... This is our own mess anyway! We need to take care of it ourselves!!

ਬੜੀਆਂ ਵੱਡੀਆਂ ਵੱਡੀਆਂ ਗੱਲਾਂ ਹੁੰਦਿਆਂ ਨੇ ਮੈਲਾ ਢੋਣ ਬਾਰੇ, ਮੈਂ ਇਹੋ ਪੁੱਛਦਾ ਹਾਂ ਕਿ ਆਪਣੇ undergarments ਨੂੰ  ਕਿਸੇ ਕੋਲੋਂ ਧੁਆਉਨਾ ਵੀ ਕਿ ਮਨੁੱਖ ਦੇ ਹੱਕਾਂ ਵਾਲੇ ਕ਼ਾਨੂਨ ਦੀ ਹੁਕਮ ਅਦੂਲੀ ਨਹੀਂ ਹੈ ਕਿ !- ਸਾਡੇ ਘਰ ਦੀਆਂ ਤੀਵੀਆਂ ਹੋਣ ਜਾਂ ਬਾਹਰੋਂ ਹੈਲਪ ਕਰਨ ਆਉਣ ਵਾਲੀਆਂ ਬੀਬੀਆਂ - ਸੋਚਣ ਵਾਲੀ ਗੱਲ ਹੈ ਕਿ ਉੰਨਾ ਦੇ ਦਿਲਾਂ ਤੇ ਅਜਿਹੇ ਕੱਪੜੇ ਧੋਂਦਿਆਂ ਕਿ ਬੀਤਦੀ ਹੋਵੇਗੀ। ਮੈਂ ਇਕ ਵਾਰ ਮੁੰਡਿਆਂ ਨੂੰ ਕਿਹਾ ਕਿ ਬੱਸ ਇਕ  ਵਾਰ ਕਲਪਨਾ ਕਰੋ ਜੇਕਰ ਸਾਨੂੰ ਕਦੇ ਦੂਜਿਆਂ ਦਾ ਇਹ ਕੰਮ ਕਰਣ ਪੈ ਜਾਉ , ਕਿ ਅਸੀਂ ਕਰ ਪਾਵਾਂਗੇ !!

ਹਰ ਆਦਮੀ ਜਨਾਨੀ ਦੇ ਹੱਕਾਂ ਦੇ ਰਖਵਾਲੇ ਬਣੀਏ - ਜਨਾਨੀ ਦੀ ਜੂਨ ਚ' ਆ ਕੇ ਕਿਸੇ ਨੇ ਕੋਈ ਗੁਨਾਹ ਨਹੀਂ ਕੀਤਾ !!  ਗੁਜਜ਼ੇ ਜ਼ਮਾਨੇ ਬਾਰੇ ਅਸੀਂ ਸੋਚੀਏ ਜਦੋਂ ਘਰਾਂ ਦੇ ਖੁਰੇਆਂ ਤੇ ਕੱਪੜਿਆਂ ਦੀਆਂ ਪੰਡਾੰ ਤੇ ਥਾਪੀਆਂ ਮਾਰ ਮਾਰ ਕੇ ਬੀਬੀਆਂ ਦੀਆਂ ਬਾਵਾਂ ਲਹਿ ਜਾਂਦੀਆਂ ਸੀ, (ਸਿਰ ਦੁੱਖ ਰਿਹਾ ਹੈ ਤਾਂ ਵੀ ਸਿਰ ਬੰਨ ਕੇ ਇਹ ਅਜ ਦਾ ਕੰਮ ਅਜ ਹੀ ਨਿੱਬੜ ਜਾਣਾ ਚਾਹੀਦੈ!)  - ਉਪਰ ਇਹੋ ਜੇਹਾ ਨਿੱਕ ਸੁੱਕ ਸਬ ਕੁਛ ਧੌਣ ਦਾ ਤਸੀਹਾ !!

ਬੱਸ ਇਕ ਖਿਆਲ ਜੇਹਾ ਆ ਰਿਹਾ ਸੀ ਬੜੇ ਦਿਨਾਂ ਦਾ ਸਾਂਝਾ ਕਰ ਕੇ ਹਲਕਾ ਹੋ ਗਿਆਂ - ਬਹਾਨਾ ਮਿਲ ਗਿਆ ਉਸ ਨਿਆਣੇ ਦੀ ਫਸੀ ਹੋਈ ਜ਼ਿਪ ਦਾ - ਵੈਸੇ ਜ਼ਿਪ ਤੋਂ ਮੈਨੂੰ ਧਿਆਨ ਆ ਰਿਹੈ ਕਿ ਜ਼ਿਪ ਪੇਂਟ ਦੀ ਹੋਵੇ ਤੇ ਭਾਵੇਂ ਨਿੱਕਰ ਦੀ ਜਾਂ ਕੰਪਿਊਟਰ ਦੀ ਕੋਈ ਜ਼ਿਪ-ਫਾਈਲ, ਕਦੇ ਨਾ ਕਦੇ ਪੰਗਾ ਪੈ ਹੀ ਜਾਂਦੈ !! 😂  ਜ਼ਿਪ ਫਾਈਲ ਚ' ਜਦੋਂ ਕਦੇ ਅਟਕਿਆ, ਤੁੱਕੇ ਨਾਲ ਹੀ ਉਹ ਖੁੱਲ੍ਹੀ - ਇੰਝ ਵੀ ਦੂਜੀ ਜ਼ਿਪ ਜੇ ਅਟਕ ਜਾਵੇ ਤੇ ਉਸ ਤੋਂ ਖਹਿੜਾ ਛੁਟਵਾਉਂਣ ਦਾ ਵੀ ਕੋਈ ਫਾਰਮੂਲਾ ਨਹੀਂ, ਕੋਈ ਸਿਆਣਪ ਕੰਮ ਨਹੀਂ ਕਰਦੀ ਬਹੁਤੀ - ਬੱਸ ਠੰਡ ਰੱਖਣ ਦੀ ਲੌੜ ਹੁੰਦੀ ਏ!!  ਗੱਡੀ ਵਿਚ ਲੱਗੇ ਉਸ ਮਜਮੇ ਦੇ ਸਾਹਮਣੇ ਉਸ ਨਿਆਣੇ ਜਾਂ ਉਸ ਦੀ ਮਾਂ ਤੇ ਕਿ ਬੀਤੀ ਹੋਣੀ ਏ, ਕੌਣ ਜਾਣ ਸਕਦੈ !!😔


ਮੇਰੇ ਸਕੂਲ ਦੇ ਸਾਥੀ ਜੋਸ਼ੀ ਨੇ ਮੈਨੂੰ ਇਕ ਦਿਨ ਇਕ ਬਹੁਤ ਪੁਰਾਣਾ ਗਾਣਾ ਚੇਤੇ ਕਰਵਾਇਆ - ਗੱਡੀ ਬਾਰੇ ਹੀ ...ਮੈਂ 30-40 ਸਾਲ ਬਾਅਦ ਉਸ ਨੂੰ ਸੁਣਿਆ ਹੋਏਗਾ - ਲੋ ਜੀ ਤੁਸੀਂ ਵੀ ਸੁਣੋ - ਮੁਹੰਮਦ ਰਫੀ ਸਾਬ ਦੀ ਆਵਾਜ਼- ਛੁੱਕ ਛੁੱਕ  ਗੱਡੀ ਚਲਦੀ ਜਾਂਦੀ, ਆਉਂਦੇ ਜਾਂਦੇ ਸ਼ਹਿਰ। 


ਰਿਵਾਇਤਾਂ ਦੀ ਅੱਖ ਚ ਅੱਖ ਪਾ ਕੇ ਸਵਾਲ ਕਰਣ ਦੀ ਜੁਰਅਤ

ਲਖਨਊ ਚ ਖੇਤੀ ਬੜੀ ਨਾਲ ਜੁੜੇ ਹੋਏ ਬੜੇ ਵੱਡੇ ਵੱਡੇ ਅਦਾਰੇ ਨੇ - ਜਿਵੇਂ ਇਥੇ ਇਕ ਬਹੁਤ ਵੱਡੀ ਗੰਨਿਆਂ ਦੀ ਰਿਸਰਚ ਸੰਸਥਾ ਹੈ. ਇਸ ਦੇ ਆਲੇ ਦੁਆਲੇ ਵਾਲੀ ਸੜਕ ਸਾਫ ਸੁਥਰੀ ਹੁੰਦੀ ਸੀ, 4-5 ਸਾਲ ਪਹਿਲਾਂ, ਮੈਨੂੰ ਓਧਰੋਂ ਕਈ ਵਾਰੀ ਨਿਕਲਣਾ ਚੰਗਾ ਲੱਗਦੈ।

ਪਰ ਹੁਣ ਤੇ ਓਧਰੋਂ ਨਿਕਲਣਾ ਬੜਾ ਮੁਸ਼ਕਿਲ ਹੈ।  ਦਰਅਸਲ ਗੱਲ ਇਹ ਹੈ ਕਿ ਲੋਕਾਂ ਨੇ ਉਸ ਸੁਨਸਾਨ ਪਈ  ਸੜਕ ਨੂੰ ਇਕ ਕੂੜਾਦਾਨ ਬਣਾ ਛੱਡਿਆ ਹੈ, ਹੁਣ ਓਧਰੋਂ ਨਿਕਲਣ ਤੇ ਇੰਨੀ ਬਦਬੂ ਆਉਂਦੀ ਹੈ ਕਿ ਹਾਲਤ ਖ਼ਰਾਬ ਹੋ ਜਾਂਦੀ ਏ.

ਘਰਾਂ ਦੀ ਤੋੜ ਭੰਨ ਦਾ ਮਲਬਾ, ਹੋਟਲਾਂ ਦੀ ਰਹਿੰਦ ਖੂੰਦ, ਮਰੇ ਹੋਏ ਪਸ਼ੂ - ਮੈਂ ਕੀ ਕੀ ਗਿਨਾਵਾਂ - ਸਬ ਕੁਛ ਓਥੇ ਪਿਆ ਹੁੰਦੈ, ਸੜ ਰਿਹਾ ਹੁੰਦੈ - ਇਕ ਜਿਹੜੀ ਗੱਲ ਮੈਨੂੰ ਬੜੀ ਅੱਖਰਦੀ ਹੈ ਉਹ ਇਹ ਕਿ ਓਥੇ ਲੋਕੀਂ ਪੂਰੇ ਦੇ ਪੂਰੇ ਬਿਸਤਰੇ ਤੱਕ ਸੁੱਟ ਜਾਂਦੇ ਨੇ।  ਬਿਸਤਰੇ ਕੋਈ ਪੁਰਾਣੇ ਹੋਣ ਤੇ ਸੁੱਟ ਜਾਵੇ (ਵੈਸੇ ਉਹ ਵੀ ਇੰਝ ਰਾਹਾਂ ਤੇ ਸੁੱਟਣਾ ਤੇ ਗ਼ਲਤ ਹੀ ਹੈ) ਉਹ ਤੇ ਸਮਝ ਆਉਂਦੀ ਹੈ।

ਪਰ ਜਿਸ ਤਰ੍ਹਾਂ ਦੇ ਬਿਸਤਰੇ ਪੂਰੇ ਦੇ ਪੂਰੇ ਓਥੇ ਸੁੱਟੇ ਹੁੰਦੇ ਨੇ -- ਗੱਦਾ, ਰਜਾਈ, ਤਲਾਈ, ਸਿਰਹਾਣੇ, ਗਿਲਾਫ, ਚਾਦਰਾਂ - ਸਮਝ ਆ ਜਾਂਦੀ ਕਿ ਕਿਸੇ ਦੀ ਮੌਤ ਹੋਈ ਏ ਤੇ ਇਹ ਸਬ ਐਥੇ ਸੁੱਟ ਕੇ ਘਰ ਨੂੰ ਸ਼ੁੱਧ ਕਰ ਲਿਆ ਗਿਆ ਏ. (ਕਈਂ ਕਈਂ ਸਾਲਾਂ ਤਕ ਭਾਵੇਂ ਬੱਚਿਆਂ ਨੇ ਓਹਨਾ ਬਿਸਤਰਿਆਂ ਨੂੰ ਰਾਤੀਂ ਗਿੱਲੇ ਕਰ ਕਰ ਦੇ ਬਜ਼ੁਰਗਾਂ ਨੂੰ ਉਹਨਾਂ ਤੇ ਹੀ ਹੱਸਦੇ ਹੱਸਦੇ ਸੌਣ ਤੇ ਮਜਬੂਰ ਕੀਤਾ ਹੋਵੇ!)


ਅੱਜ ਵੀ ਜਦੋਂ ਮੈਂ ਇਸ ਰੋਡ ਤੇ ਜਾ ਰਿਹਾ ਸਾਂ ਤੇ ਇਕ ਈ -ਰਿਕਸ਼ਾ ਵਾਲਾ ਇਸੇ ਤਰ੍ਹਾਂ ਦਾ ਇਕ ਬਿਸਤਰਾ ਸੁੱਟ ਕੇ ਅੱਗੇ ਜਾਣ ਦੀ ਕਾਹਲੀ ਚ' ਸੀ. ਮੈਂ ਐਵੇਂ ਹੀ ਰੁਕ ਗਿਆ, ਮੈਂ ਉਸ ਨੂੰ ਪੁਛਿਆ ਕਿ ਹੋਇਆ! ਉਹ ਕਹਿੰਦੈ - ਕੁਛ ਨਹੀਂ ਜੀ, ਬੱਸ ਇਹ ਬਿਸਤਰਾ ਸੁੱਟਣ ਆਇਆ ਸੀ, ਗਵਾਂਢ ਚ ਇਕ ਬਜ਼ੁਰਗ ਪੂਰਾ ਹੋ ਗਿਆ ਏ, ਘਰ ਚ' ਥਰਥੱਲੀ ਪਈ ਹੋਈ ਸੀ, ਬਾਬੇ ਦਾ ਬਿਸਤਰਾ ਤੇ ਉਸ ਦੇ ਕੱਪੜੇ ਸੁਟਣੇ ਨੇ। ਬੱਸ ਓਹੀ ਕਰ ਕੇ ਚੱਲਾ ਹਾਂ।

ਮੈਂ ਉਸ ਬੰਦੇ ਨੂੰ ਪੁੱਛਿਆ ਕਿ ਬਜ਼ੁਰਗਾਂ ਨੂੰ ਹੋਇਆ ਕੀ ਸੀ  - ਕਹਿੰਦਾ - ਕੁਛ ਨਹੀਂ, ਬਾਬਾ ਬੜਾ ਰੌਣਕੀ ਸੀ, ਦਿਲ ਲਾਈ  ਰੱਖਦਾ ਸੀ ਸਾਰੇ ਆਂਢ -ਗੁਆਂਢ ਦਾ, ਬਿਲਕੁਲ ਨੌ -ਬਰ -ਨੌ ਸੀ, ਬਾਊ ਜੀ, ਬੱਸ ਪਿਛਲੇ ਐਤਵਾਰ ਸੁੱਤਾ ਸੁੱਤਾ ਹੀ ਸੋ ਗਿਆ (ਉਹ ਮੇਰੇ ਨਾਲ ਲਖਨਵੀ ਅਵਧੀ ਜ਼ੁਬਾਨ ਚ ਗੱਲ ਕਰ ਰਿਹਾ ਸੀ, ਮੈਂ ਪੰਜਾਬੀ ਚ ਤੁਹਾਡੇ ਲਈ ਲਿਖ ਰਿਹਾਂ )

ਉਹ ਤੇ  ਅੱਗੇ ਵੱਗ ਗਿਆ, ਮੈਂ ਅੱਗੇ ਆਉਂਦਾ ਆਉਂਦਾ ਆਪਣੀ ਮਾਂ ਦੀਆਂ ਯਾਦਾਂ ਚ' ਵਗ ਗਿਆ, ਕਿੱਢੀ ਦਲੇਰ ਹੌਸਲੇ ਵਾਲੀ ਮਾਂ - ਘਰ ਚ ਸਾਡੀ ਇਕ ਪੱਕੀ ਦੋਸਤ - ਪਾਪਾ ਜੀ ਦੇ 20-22 ਸਾਲ ਪਹਿਲਾਂ ਸੰਸਾਰ ਤੋਂ ਤੁਰ ਜਾਣ ਮਗਰੋਂ ਅਸੀਂ ਸਾਰੇ ਹਮੇਸ਼ਾ ਨਾਲ ਹੀ ਰਹੇ, ਮੈਂ ਤੇ ਅਕਸਰ ਕਹਿੰਦਾ ਹਾਂ ਕਿ ਉਹ ਮੈਨੂੰ ਮੇਰੇ ਬੱਚਿਆਂ ਵਾਂਗ ਹੀ ਲੱਗਦੀ, ਕਈ ਵਾਰੀ ਇੰਝ ਲੱਗਦਾ ਕਿ ਉਹ ਮੇਰੀ ਸਬ ਤੋਂ  ਵੱਡੀ ਭੈਣ ਹੈ (ਮੈਂ ਇਹ ਕਹਿੰਦਾ ਤੇ ਖਿੜ ਖਿੜ ਕੇ ਹੱਸ ਪੈਂਦੀ) - ਜਦੋਂ ਮਾਂ ਬਿਮਾਰ ਪਈ ਤੇ ਉਹ ਮੈਨੂੰ ਬਿਲਕੁਲ ਛੋਟੀ ਬੱਚੀ ਵਾਂਗ ਹੀ ਲੱਗਣ ਲੱਗ ਪਈ -

ਪਾਪਾ ਜੀ ਸਾਨੂੰ ਕਈ ਵਾਰੀ ਇਹ ਕਿਹਾ ਕਰਦੇ ਸੀ ਕਿ ਇੰਝ ਕਰੋ ਆਪਣੇ ਆਸੇ ਪਾਸੇ ਵੇਖੋ - ਆਪਣੇ ਬਾਰੇ ਕਹਿੰਦੇ ਕਿ ਮੇਰੇ ਉਮਰ ਦੇ ਕਿਸੇ ਕਿਸੇ ਆਦਮੀ ਦਾ  ਪਿਓ ਵਿੱਖਦਾ ਏ, ਤੁਹਾਡੀ ਉਮਰ ਦੇ ਕੁਛ ਲੋਕਾਂ ਦਾ ਦਾਦਾ ਜ਼ਿੰਦਾ ਹੋਵੇਗਾ, ਪੜਦਾਦਾ ਤੇ ਕਿਸੇ ਦਾ ਵੀ ਨਹੀਂ ਹੋਵੇਗਾ, ਇੰਝ ਉਹ ਸਾਨੂੰ ਸਹਿਜ ਭਾਵ ਚ ਸ਼ਾਮਝਾਉਂਦੇ ਰਹਿੰਦੇ ਕਿ ਇਹ ਤੇ ਚਲੋ -ਚਲਾਇ ਦਾ ਮੇਲਾ ਹੈ- ਜੋ ਘੜਿਆ ਹੈ, ਉਸ ਨੇ ਢਹਿਣਾ ਹੀ ਹੈ. ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰ ਕੇ ਉਹ ਸਾਨੂੰ ਪੱਕਾ ਕਰਦੇ ਸਨ, ਓਹਨਾ ਦੇ ਜਾਣ ਤੇ ਇਹੋ ਲੱਗਾ ਕਿ ਬੱਸ ਰੂਹ ਨੇ ਚੋਲਾ ਬਦਲਿਆ ਹੋਵੇ ਜਿਵੇਂ !!

ਮਾਂ ਵੀ ਪੂਰੇ ਹੋਣ ਤੋਂ 2 ਦਿਨ ਪਹਿਲਾਂ ਮੈਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਂਦੀ ਹੈ ਤੇ ਕਹਿਣ ਲੱਗੇ  - ਵੇਖ ਬਿੱਲੇ, ਮਾਪੇ ਕਦੇ ਕਿਸੇ ਦੇ ਹਮੇਸ਼ਾ ਤੇ ਨਹੀਂ ਰਹਿੰਦੇ- ਮੇਰੇ ਸਿਰ ਤੇ ਆਪਣਾ ਕਮਜ਼ੋਰ ਹੋ ਚੁਕਿਆ ਹੱਥ ਫੇਰ ਕੇ ਕਿਹਾ- ਦਿਲ ਵੱਡਾ ਰੱਖਣਾ  ਹੁੰਦੈ . ਮੈਂ ਬੀਜੀ ਦੇ ਸਿਰ ਤੇ ਹੱਥ ਫੇਰ ਕੇ ਤੇ ਮੱਥਾ ਚੁੰਮ ਕੇ ਕਿਹਾ- ਬੀਜੀ, ਇਹ ਕਿ ਗੱਲ ਹੋਈ, ਤੁਸੀਂ ਦਵਾਈ ਖਾ ਰਹੇ ਹੋ, ਠੀਕ ਹੋ ਜਾਣੈ ਤੁਸੀਂ ਬਿਲਕੁਲ।

ਦੋ ਦਿਨ ਬਾਅਦ ਬੀਜੀ ਦਾ ਸਾਹ ਉਖੜਿਆ ਐਸਾ ਤੇ ਫੇਰ ਉਹ ਰਲਿਆ ਹੀ ਨਹੀਂ - ਮੈਂ, ਮਿਸਿਜ ਤੇ ਬੱਚੇ ਓਥੇ ਹੀ ਸੀ, ਮੈਂ ਬੀਜੀ ਦਾ ਸਿਰ ਗੋਦੀ ਚ ਰੱਖਿਆ ਤੇ ਪਿਆਰੀ ਬੀਜੀ ਉਹ ਗਈ ਉਹ ਗਈ।

ਆਸੇ ਪਾਸੇ ਦੇ ਲੋਕਾਂ ਨੇ ਕਿਹਾ - ਬੈਡ ਤੋਂ ਥੱਲੇ ਲਾ ਦਿਓ. ... ਮੈਂ ਕਿਹਾ - ਨਹੀਂ, ਇਹ ਇਥੇ ਹੀ ਠੀਕ ਨੇ, ਕਿਸੇ ਨੇ ਦੀਵਾ ਬਾਲਣ ਦੀ ਸਲਾਹ ਦਿੱਤੀ - ਅਸੀਂ ਕੁਛ ਨਹੀਂ ਕੀਤਾ। ਰਾਤ ਦੇ 11 ਵਜੇ ਸਨ, ਮਾਂ ਦਾ ਦੁੱਖ ਵੇਖ ਵੇਖ ਕੇ ਕੁਛ ਮਹੀਨਿਆਂ ਤੋਂ ਮੈਂ ਅੰਦਰੋਂ ਅੰਦਰ ਹੀ ਇੰਨਾ ਰੋ ਚੁਕਿਆ ਸਾਂ, ਤੇ ਨਾਲੇ ਬੀਜੀ ਦੇ ਦੋ ਦਿਨ ਪਹਿਲੇ ਉਹ ਲਫ਼ਜ਼ ਕਿ ਦਿਲ ਵੱਡਾ ਰੱਖਣਾ ਹੁੰਦੈ!!  - ਇਸ ਦਾ ਇਹ ਅਸਰ ਹੋਇਆ ਕਿ ਮੇਰੇ ਸਾਰੇ ਹੰਝੂ ਸੁੱਕ ਗਏ, ਦੁਨੀਆਦਾਰੀ ਦੇ ਦਿਖਾਵੇ ਵਾਸਤੇ 2-4 ਵੀ ਨਾ ਬਚੇ.😢

ਜਿਹੜੇ ਬੈਡ ਤੇ ਬੀਜੀ ਦੀ ਮਿੱਟੀ ਪਈ ਸੀ (ਜੋਤੀ ਤੇ ਜੋਤ ਸਮਾ ਚੁਕੀ ਸੀ) ...ਓਥੇ ਹੀ ਅਸੀਂ ਪੈ ਗਏ,  ਮੇਰੇ ਬੇਟੇ ਤੇ ਆਪਣੀ ਪਿਆਰੀ ਬੀਜੀ ਨੂੰ ਚੁੰਮਦੇ ਰਹੇ, ਜੱਫੀਆਂ ਮਾਰਦੇ ਮਾਰਦੇ ਹੋਏ ਉੰਨਾ ਨਾਲ ਹੀ ਪਏ ਰਹੇ, ਮੈਂ ਵੀ ਓਸੇ ਬੈਡ ਤੇ ਹੀ ਲੇਟ ਗਿਆ  ......ਪਤਾ ਹੀ ਨਹੀਂ ਲੱਗਾ ਕਿ ਕਦੋਂ ਵਿਚ ਵਿਚ ਅੱਖ ਲੱਗ ਜਾਂਦੀ - ਤੜਕੇ ਉੱਠੇ , ਲੋਕੀਂ ਆਉਣੇ ਸ਼ੁਰੂ ਹੋ ਗਏ - ਫੇਰ ਓਹੀ ਗੱਲਾਂ, ਥੱਲੇ ਨਹੀਂ ਲਾਓਗੇ? - ਮੈਂ ਆਖਿਆ ਨਹੀਂ - ਇਥੋਂ ਹੀ ਆਖਰੀ ਸਫਰ ਵਾਸਤੇ ਚਲਣਗੇ - (ਮੈਨੂੰ ਧਿਆਨ ਆ ਰਿਹਾ ਸੀ ਕਿ ਬੀਜੀ ਕਿਤੋਂ ਵੀ ਆਉਂਦੇ ਤੇ ਕਹਿੰਦੈ  ਕਿ ਮੈਨੂੰ ਤੇ ਆਪਣੇ ਕਮਰੇ ਚ' ਆ ਕੇ ਹੀ ਠੰਡ ਪੈਂਦੀ ਏ, ਸੱਚ ਇੰਝ ਜਾਪਦੈ ਜਿਵੇਂ ਸਵਰਗ ਚ ਬੈਠੀ ਹੋਵਾਂ - ਬੀਜੀ ਜਦੋਂ ਗਲਬਾਤ ਚ ਇਹ ਸਵਰਗ ਨੂੰ ਵਿਚ ਵਾੜ ਲੈਂਦੇ ਸੀ ਤੇ ਮੈਨੂੰ ਥੋੜਾ ਅਜੀਬ ਵੀ ਲੱਗਦਾ ਕਿ ਇਹ ਵਿਚ ਸਵਰਗ ਕਿਥੋਂ ਆ ਗਿਆ!! (ਮੇਰਾ ਵੱਡਾ ਮੁੰਡਾ ਬੀਜੀ ਨੂੰ ਛੇੜਦਾ ਸੀ ਕਈ ਵਾਰ ਕਿ ਬੀਜੀ ਇਹ ਤੇ ਤੁਹਾਡਾ ਕੰਟਰੋਲ ਰੂਮ ਹੈ !!) ਇਸ ਕਰਕੇ ਮੈਂ ਕਿੰਝ ਸੋਚ ਸਕਦਾ ਸੀ ਕਿ ਮਾਂ ਦੇ ਸਵਰਗ ਚ' ਹੀ ਉਸ ਨੂੰ ਭੁੰਜੇ ਲਾ ਦਿੱਤਾ ਜਾਵੇ- ਰਿਵਾਇਤਾਂ ਦੀ ਐਸੀ ਦੀ ਤੈਸੀ !!


ਇਕ ਗੱਲ ਹੋਰ - ਮਾਂ ਮੇਰੀਆਂ ਸਾਰੀਆਂ ਲਿਖਤਾਂ ਪੜਦੀ ਸੀ, ਉਸ ਨੂੰ ਬੜਾ ਮਜ਼ਾ ਆਉਂਦਾ ਸੀ, ਵਿਚਾਰੀ ਕਹਿੰਦੀ ਤੁਰ ਗਈ ਕਿ ਕਿਤਾਬ ਲਿਖ ਇਕ. ਮੈਂ ਹੀ ਉਦਮ ਨਾ ਕੀਤਾ। ਉਹ ਇਕ ਗੱਲ ਹੋਰ ਕਹਿੰਦੇ ਕਿ ਇੰਨੇ ਸਾਲਾਂ ਤੋਂ ਲਿਖ ਰਿਹਾ ਏਂ, ਕਿਤੋਂ ਤੈਨੂੰ ਪੈਸੇ ਧੇਲਾ ਤੇ ਮਿਲਦੇ  ਨਹੀਂ। ..ਮੈਂ ਹੱਸ ਪੈਂਦਾ - ਬੀਜੀ, ਪੈਸੇ ਚਾਹੀਦਾ ਕਿੰਨੂੰ ਏ ਬੀਜੀ, ਤੁਹਾਡੇ ਪੁੱਤਰ ਨੂੰ ਬੜਾ ਸੰਤੋਖ ਸਿਦਕ ਹੈ, ਤੁਹਾਡੀ ਇਹੋ ਹੀ ਸਿਖਲਾਈ ਹੈ....!!

ਪਰ ਮਾਂ ਨੇ ਸ਼ਾਇਦ ਠਾਣ ਲਿਆ ਹੋਇਆ ਸੀ ਕਿ ਜਾਂਦੇ ਜਾਂਦੇ ਪੁੱਤ ਨੂੰ ਲਿਖਤਾਂ ਤੋਂ ਪੈਸੇ ਧੇਲਾ ਨਾ ਮਿਲਣ ਵਾਲਾ ਵੀ ਕੰਢਾ ਕੱਢ ਕੇ ਹੀ ਜਾਏਗੀ, ਉਹ ਕੰਮ ਵੀ ਉਸ ਰੱਬੀ ਰੂਹ ਦੇ ਆਸ਼ੀਰਵਾਦ ਸਦਕਾ ਹੋ ਹੀ ਗਿਆ ਜੀ. ਮਾਂ ਨੂੰ ਅਜੇ ਗਏ 2-3 ਮਹੀਨੇ ਹੋਏ ਸੀ, ਇਕ ਮਸ਼ਹੂਰ ਈ-ਮੈਗਜ਼ੀਨ- ਰਚਨਾਕਾਰ -  ਨੇ ਲੋਕਾਂ ਕੋਲੋਂ ਆਪਣੀਆਂ ਯਾਦਾਂ (ਸੰਸਮਰਣ) ਮੰਗੀਆਂ। ਇਹ ਇਕ ਕੰਪੀਟੀਸ਼ਨ ਸੀ, ਮੈਂ ਵੀ ਓਹਨੀ ਦਿਨੀਂ ਮਾਂ ਦੀਆਂ ਯਾਦਾਂ ਦੀ ਬੰਬੀ ਤੇ ਰੋਜ਼ ਚੁੱਬੀਆਂ ਤੇ ਮਾਰਦਾ ਹੀ ਸੀ, ਮੈਂ ਇਕ ਹਫਤੇ ਦੀ ਛੁਟੀ ਲੈ ਕੇ ਆਪਣੇ ਮਾਂ ਦੀਆਂ ਯਾਦਾਂ ਨੂੰ ਨੇਟ ਤੇ ਸਹੇਜ ਦਿੱਤਾ, 120 ਐਂਟ੍ਰੀਇਜ਼ ਆਇਆਂ, ਮੈਂ ਵੀ ਆਖਰੀ ਦਿਨ ਭੇਜ ਦਿੱਤੀ ਆਪਣੀ ਐਂਟਰੀ- ਇਸ ਵਿਚ ਬੜੇ ਬੜੇ ਵੱਡੇ ਹਿੰਦੀ ਦੇ ਪ੍ਰੋਫੈਸਰ ਵੀ ਸਨ... ਮੈਨੂੰ ਪਹਿਲਾ ਇਨਾਮ ਮਿਲਿਆ, ਮੇਰਾ ਹੌਸਲਾ ਬੜਾ ਵੱਧ ਗਿਆ, ਮੈਂ ਕੋਈ ਮਹਾਨ ਲੇਖਕ ਤੇ ਦੂਰ ਲੇਖਕ ਵੀ ਨਹੀਂ ਹਾਂ, ਬੱਸ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਲੈਣਾਂ - ਇਸ ਕੰਪੀਟੀਸ਼ਨ ਚ' ਵੀ ਇਹੋ ਕੀਤਾ ਸੀ - ਸੱਚੀਂ ਸੱਚੀਂ ਸਬ ਕੁਛ ਲਿਖ ਦਿੱਤਾ, ਬਾਕੀ ਇਹ ਇਨਾਮ ਤੇ ਅਰਸ਼ੋਂ ਬੀਜੀ ਦੀ ਕਾਰਸਤਾਨੀ ਹੈ, ਮੈਨੂੰ ਇਹ ਪਤਾ ਏ , ਪਹਿਲਾ ਇਨਾਮ ਗਿਆਰਾਂ ਹਜ਼ਾਰ ਦਾ ਸੀ --- ਇਹ  ਬੀਜੀ ਨੇ ਆਸ਼ੀਰਵਾਦ ਭੇਜਿਆ ਸੀ!!
ਦੋਸਤੋ, ਲਿਖਦੇ ਲਿਖਦੇ ਇਹ ਇਕ ਛੋਟੀ ਮੋਟੀ ਕਿਤਾਬ ਜਿੰਨੀ ਹੀ ਬਣ ਗਈ, ਸੋਚ ਰਿਹਾਂ ਰਬ ਸੁਖ ਰੱਖੇ , ਇਸ ਲਿਖਤ ਨੂੰ ਪੰਜਾਬੀ ਚ' ਅਨੁਵਾਦ ਜ਼ਰੂਰ ਕਰਣੈ 

ਬਾਕੀ,  ਗੱਲ ਤਾਂ ਹੈ ਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦੈ - ਮੈਂ ਤੇ ਇਹ ਵੀ ਨਹੀਂ ਕਹਿ ਸਕਦਾ, ਤੁਸੀਂ ਸਾਰੇ ਮੈਥੋਂ ਕੀਤੇ ਸੂਝਵਾਨ ਤੇ ਝੁਝਾਰੂ ਹੋ ਜਨਾਬ, ਬੱਸ ਨਿਮਾਣਾ ਜੇਹਾ ਇਹੋ ਮਸ਼ਵਰਾ ਹੈ ਕਿ ਕੁਛ ਜਿਹੜੀਆਂ ਰਿਵਾਇਤਾਂ ਚੱਲੀਆਂ ਆ ਰਹੀਆਂ ਨੇ - ਥੱਲੇ ਲਾਉਣ ਵਾਲਿਆਂ, ਦੀਵਾ ਕਰਣ ਵਾਲੀਆਂ, ਬਜ਼ੁਰਗਾਂ ਤੇ ਬਿਸਤਰੇ ਤੇ ਕੱਪੜੇ ਕੂੜੇ ਚ ਸੁੱਟਣ ਵਾਲੀਆਂ - ਇੰਨਾ ਰਿਵਾਇਤਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਲਾਲਕਾਰਣਾ ਪੈਣਾ ਏ.. ਜੇਕਰ ਇਹ ਕੰਮ ਪੜਿਆ ਲਿਖਿਆ ਤਬਕਾ ਕਰਦਾ ਹੈ ਤਾਂ ਰਿਵਾਇਤਾਂ ਦੇ ਬੋਝ ਥੱਲੇ ਦੱਬੇ ਹੋਰ ਮਾਤੜ ਸਾਥੀਆਂ ਨੂੰ ਵੀ ਇੰਨ੍ਹਾਂ ਬੇੜੀਆਂ ਚੋਂ  ਨਿਕਲਣ ਦਾ ਰਸਤਾ ਦਿੱਖ ਜਾਂਦੈ।

ਜਿਥੇ ਵੀ ਕੁਛ ਉਲਟੀਆਂ ਸਿੱਧੀਆਂ ਰਿਵਾਇਤਾਂ ਦਿਖਣ , ਜੇ ਓਹਨਾ ਨੂੰ ਲਲਕਾਰਣ ਦੀ ਜੇਕਰ ਜੁਰਅਤ ਨਹੀਂ ਹੁੰਦੀ ਤੇ ਘੱਟੋ ਘਟ ਉਹਨਾਂ ਦੀ ਹੋਂਦ ਬਾਰੇ ਸਵਾਲ ਤੇ ਕਰੀਏ- ਜੇ ਕਰ ਜੀਓੰਦੇ ਹਾਂ ਤੇ ਜੀਓੰਦੇ ਨਜ਼ਰੀਂ ਵੀ ਆਈਏ - ਭੇੜ ਚਾਲ ਨੂੰ ਤੇ ਠੱਲ ਪਾਈਏ।

ਹੁਣ ਵੀ ਬੀਜੀ ਦੇ ਓਸੇ ਬਿਸਤਰੇ ਤੇ ਬਹਿ ਕੇ ਹੀ ਇਹ ਲਿਖ ਰਿਹਾਂ - ਬੀਜੀ ਦੇ "ਸਵਰਗ" ਤੋਂ। ਮੁਕਦੀ ਗੱਲ ਇਹ ਕਿ ਜੀਓੰਦੇ ਜੀ ਕਿਸੇ ਦੀ ਰੂਹ ਖੁਸ਼ ਰੱਖਣਾ ਸਿੱਖ ਲਈਏ, ਉਸ ਨਾਲ ਹੱਸਦੇ ਖੇਡਦੇ ਰਹੀਏ, ਇਹ ਸਾਲ ਦਾ ਇਕ ਦਿਨ ਮਨਾਉਣ ਵਾਲੀ ਬਿਮਾਰੀ ਤੋਂ ਬਚੀਏ, ਉਹ ਬਾਜ਼ਾਰਵਾਦ ਹੈ, ਸ਼ਾਇਦ ਗੂੜਾ ਪਿਆਰ ਨਹੀਂ ਹੈ।  ਰਿਸ਼ਤਿਆਂ ਚ ਹਰ ਦਿਨ ਸਪੈਸ਼ਲ ਹੈ, ਬਾਬੇਓ।

ਹਰਭਜਨ ਮਾਨ ਬਹੁਤ ਚੰਗੀ ਗੱਲ ਕਹਿੰਦਾ - ਆ ਸੋਹਣਿਆ ਵੇ ਜਗ ਜਿਓਂਦਿਆਂ ਦੇ ਮੇਲੇ 

2

ਜਦੋਂ ਅਸਲੀ ਕੀਰਤਨੀ ਜਥਾ ਰਹਿ ਗਿਆ ..

ਕਹਿੰਦੇ ਨੇ ਇਕ ਵਾਰ ਏਜੇਂਟਾਂ ਨੇ ਚਾਰ ਬੰਦਿਆਂ ਦੀ ਕੀਰਤਨੀ ਜਥੇ ਦੇ ਤੌਰ ਤੇ ਕੈਨੇਡਾ ਦੀ ਫਾਈਲ ਲਾ ਦਿੱਤੀ ਤੇ ਉਹਨਾਂ ਦੀ ਆ ਗਈ ਇੰਟਰਵਿਊ

ਕੈਨੇਡਾ ਐਮਬੈਸੀ ਵਾਲੇ ਕਹਿੰਦੇ ਬਈ ਅਸੀਂ ਕਿਵੇਂ ਮੰਨੀਏ ਕਿ ਤੁਸੀਂ ਅਸਲੀ ਕੀਰਤਨੀਏ ਹੋ - ਚਲੋ ਸਾਨੂੰ ਕੀਰਤਨ ਕਰ ਕੇ ਵਿਖਾਓ

ਓਹਨਾ ਚਾਰਾਂ ਦੇ ਤਾਂ ਆ ਗਈ ਦੰਦਾਂ ਚ ਜੀਭ ਤੇ ਸੋਚਾਂ ਲੱਗੇ - ਲੈ ਬਈ ਫਸ ਗਏ ਹੁਣ - ਆਪਾਂ ਨੂੰ ਤੇ ਵਾਜਾ ਖੋਲ੍ਹਣਾ ਵੀ ਨਹੀਂ ਆਉਂਦਾ, ਕੀਰਤਨ ਕਿਵੇਂ ਕਰਾਂਗੇ .. ਉਹਨਾਂ ਚੋਂ ਇਕ ਅਸਤਰ ਦਿਮਾਗ ਦਾ ਬੋਲਿਆ ਕਿ ਤੁਸੀਂ ਕੀਰਤਨ ਕਰਵਾਉਣਾ ਹੀ ਏ ਤਾਂ ਪਹਿਲਾਂ ਇਕ ਕਮਰਾ ਚੰਗੀ ਤਰ੍ਹਾਂ ਧੋ ਕੇ ਸਾਫ ਕਰੋ ਤੇ ਵਾਧੂ ਘਾਟੂ ਸਮਾਨ ਬਾਹਰ ਕੱਢੋ - ਸਾਰਾ ਸਟਾਫ ਸਰ ਢੱਕ ਕੇ ਸੰਗਤ ਦੇ ਰੂਪ ਵਿਚ ਸਾਡੇ ਸਾਹਮਣੇ ਬੈਠੋ - ਅਸੀਂ ਫੇਰ ਕੀਰਤਨ ਕਰਾਂਗੇ ਤੇ ਘੱਟੋ ਘਟ ਇਕ ਘੰਟਾ ਲਗਾਤਾਰ ਉਹ ਚੱਲੇਗਾ, ਤੁਸੀਂ ਉਸ ਦੌਰਾਨ ਸਾਨੂੰ ਵਿਚ ਨਹੀਂ ਰੋਕ ਸਕਦੇ

ਐਮਬੈਸੀ ਵਾਲੇ ਸੋਚਣ ਇੰਨਾ ਝਮੇਲਾ ਕੌਣ ਕਰੁ, ਵੈਸੇ ਵੀ ਗੱਲੀਂ ਬਾਤੀਂ ਤੇ ਅਸਲੀ ਹੀ ਲੱਗਦੇ ਪਏ ਨੇ, ਓਹਨੂੰ ਝੱਟ ਪਾਸਪੋਰਟ ਤੇ ਵੀਜ਼ੇ ਵਾਲੀ ਮੋਹਰ ਮਾਰ ਕੇ ਉਹਨਾਂ ਨੂੰ ਤੌਰ ਦਿੱਤਾ

ਉਹਨਾਂ ਦੇ ਅਗਲਾ ਨੰਬਰ ਆ ਗਿਆ ਅਸਲੀ ਕੀਰਤਨੀ ਜਥੇ ਦਾ ਜਿੰਨਾ ਦਾ ਮੁੱਖ  ਰੁਜ਼ਗਾਰ ਹੀ ਕੀਰਤਨ ਕਰਣ ਦਾ ਸੀ - ਉਹਨਾਂ ਨੂੰ ਵੀ ਐਮਬੈਸੀ ਵਾਲਿਆਂ ਨੇ ਓਹੀ ਪਹਿਲੇ ਵਾਲਾ ਸਵਾਲ ਕੀਤਾ ਤੇ ਉਹ ਬੰਦੇ ਓਸੇ ਵੇਲੇ ਵਾਜਾ ਖੋਲ ਕੇ ਬਹਿ ਗਏ... ਐਮਬੈਸੀ ਵਾਲਿਆਂ ਨੇ ਉਹਨਾਂ ਦੇ ਪਾਸਪੋਰਟ ਵਗਾਹ ਕੇ ਪਰੇ ਮਾਰੇ ਤੇ ਉਹਨਾਂ ਨੂੰ ਕਹਿਣ ਲੱਗੇ - ਤੁਹਾਨੂੰ ਤੇ ਕੀਰਤਨ ਕਰਨ ਦੇ ਅਸੂਲ ਹੀ ਨਹੀਂ ਪਤਾ

ਉਹ ਵਿਚਾਰੇ ਅਸਲੀ ਕੀਰਤਨੀਆਂ ਨੇ ਬੜੇ ਤਰਲੇ ਮਿੰਨਤਾਂ ਕੀਤੀਆਂ ਪਰ ਐਮਬੈਸੀ ਵਾਲੇ ਕਿਥੋਂ ਮੰਨਣ ਵਾਲੇ ਸੀ - ਉਹਨਾਂ ਨੇ ਪੱਕਾ ਹੀ ਕੈਨੇਡਾ ਦਾ ਬੈਨ ਲਗਾ ਕੇ ਅਸਲੀ ਕੀਰਤਨੀਏ ਘਰੋ ਘਰੀ ਤੋਰ ਦਿੱਤੇ -

ਦੋਸਤੋ, ਇਹ ਕਿੱਸਾ ਮੇਰੇ ਸਕੂਲ ਦੇ ਸਾਥ ਸੁਨੀਲ ਨੇ ਹੁਣੇ ਵਹਾਤਸੱਪ ਤੇ ਭੇਜਿਆ - ਮੈਂ ਸੋਚਿਆ ਇਸ ਨੂੰ ਬਲੌਗ ਤੇ ਸਾਂਝਾ ਕਰ ਲੈਂਦੇ ਹਾਂ - ਵੈਸੇ ਇਕ ਗੱਲ ਹੈ ਕਿ ਸਾਡੀ ਜ਼ਿੰਦਗੀ ਚ ਵੀ ਤੇ ਇੰਝ ਕਈ ਵਾਰ ਹੁੰਦੈ ਜਦੋਂ ਨਕਲੀ ਬੰਦੇ ਦੁਨਿਆਵੀ ਤੌਰ ਤੇ ਅੱਗੇ ਲੰਘਦੇ ਜਾਪਦੇ ਨੇ  - ਫੇਰ ਵੀ ਦੇਰ ਸਵੇਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਹੋ ਕੇ ਹੀ ਰਹਿੰਦੈ- ਤੁਹਾਡਾ ਕਿ ਖਿਆਲ ਏ ਜਨਾਬ ?

ਚੰਗਾ ਜੀ,  ਮੈਨੂੰ ਹੁਣ ਦਿਓ ਇਜ਼ਾਜ਼ਤ - ਜਾਗੋ ਆਈ ਏ 

Thursday 27 June 2019

ਲਸੂੜੇ ਦੀ ਲੇਸ ਵਾਂਙ ਚਮੜਿਆਂ ਯਾਦਾਂ

ਜਦੋਂ ਦਾ ਇਹ ਵਹਾਤਸੱਪ ਅਦਾਰਾ ਸ਼ੁਰੂ ਹੋਇਐ, ਕੁਛ ਚੀਜ਼ਾਂ ਬਹੁਤ ਚੰਗੀਆਂ ਵੀ ਵਿਖ ਜਾਂਦੀਆਂ ਨੇ.....ਗੁਡ ਮੋਰਨਿੰਗ, ਈਵਨਿੰਗ ਦੇ ਸਰ-ਦੁਖਾਊ ਸੁਨੇਹਿਆਂ ਤੋਂ ਇਲਾਵਾ। .. ਇਕ ਵੀਡੀਓ ਆਈ ਸੀ ਡਾ ਸੁਰਜੀਤ ਪਾਤਰ ਹੁਰਾਂ ਦੀ...ਬੜੇ ਲੋਕਾਂ ਵਲੋਂ ਸ਼ੇਅਰ ਕੀਤੀ ਹੋਈ ਉਹ ਮੇਰੇ ਕੋਲ ਵੀ ਬੜੀ ਵਾਰ ਪੁੱਜੀ, ਹਰ ਵਾਰ ਵੇਖਿਆ ਤੇ ਉਸ ਸ਼ਖਸ ਦੀ ਸੱਚੀ ਸੁੱਚੀ ਸੋਚ ਨੂੰ ਮਨ ਹੀ ਮਨ ਸਲਾਮ ਕੀਤਾ।..



ਜੇ ਕਿਤੇ ਤੁਸੀਂ ਵੀ ਆਪਣੀ ਮਾਂ ਬੋਲੀ ਨਾਲ ਪਿਆਰ ਕਰਦੇ ਹੋ ਤਾਂ ਮੈਨੂੰ ਲੱਗਦੈ ਤੁਸੀਂ ਵੀ ਉਹ ਜ਼ਰੂਰ ਦੇਖੀ ਹੋਵੇਗੀ ਵੀਡੀਓ ਜਿਸ ਵਿਚ ਪਾਤਰ ਸਾਬ ਦੱਸਦੇ ਨੇ ਕਿ ਕਿਹੜੇ ਕਿਹੜੇ ਪੰਜਾਬੀ ਦੇ ਲਫ਼ਜ਼ ਹੌਲੀ ਹੌਲੀ ਅਲੋਪ ਹੀ ਹੋਈ ਜਾ ਰਹੇ ਨੇ। ਮੈਂ ਉਸ ਨੂੰ ਡਾਊਨਲੋਡ ਵੀ ਕੀਤਾ ਸੀ ਪਰ ਇਸ ਵੇਲੇ ਮਿਲੀ ਨਹੀਂ, ਯੂ ਟਯੁਬ ਤੇ ਵੀ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਪਰ ਓਹ  ਤੇ ਨਹੀਂ ਲੱਭੀ ਪਰ ਡਾ ਸਾਬ ਦੀਆਂ ਹੋਰ ਵੀਡੀਓ ਨਜ਼ਰੀਂ ਪੈ ਗਈਆਂ। ਹੁਣੇ ਇਥੇ ਵੀ ਲਗਾਵਾਂਗਾ, ਪਰ ਉਸ ਤੋਂ ਪਹਿਲਾਂ ਅਜ ਇਸ ਗੀਤ ਨੂੰ ਸੁਨਣ ਦਾ ਮਨ ਕਰਦੈ। .. ਕੰਢੇ ਉੱਤੇ ਮਹਿਰਮਾਂ ਵੇ ...(ਇਸ ਲਿੰਕ ਤੇ ਕਲਿਕ ਕਰੋ ਤੋਂ ਥੋੜਾ ਸੁਣਿਓ ਜ਼ਰੂਰ)

ਲਸੂੜੀਆਂ ਦੀ ਲੇਸ ਨਾਲ ਚਮੜਿਆਂ ਆ ਗਈਆਂ ਯਾਦਾਂ

ਅਜ ਸਵੇਰੇ ਸਵੇਰੇ ਡਾ ਪਾਤਰ ਸਾਬ ਕਿਵੇਂ ਯਾਦ ਆ ਗਏ ? ... ਜਨਾਬ, ਹੋਇਆ ਇੰਝ ਕਿ ਸਵੇਰੇ ਦੀ ਸੈਰ ਕਰਦੇ ਕਰਦੇ ਮੇਰੀ ਨਜ਼ਰ ਇਕ ਰੁੱਖ ਦੇ ਥੱਲੇ ਡਿੱਗੇ ਫਲ ਤੇ ਪਈ .. ਸ਼ਕਲ ਤੇ ਜਾਣੀ ਪਹਿਚਾਣੀ ਲੱਗੀ..ਮੇਰੀ ਵੱਡੀ ਭੈਣ ਮੇਰੇ ਨਾਲ ਸੀ, ਉਹ ਕਹਿਣ ਲੱਗੇ ਇਹ ਤੇ ਨਿਮਬੋਲੀ ਲੱਗਦੀ ਏ....ਮੈਂ ਉਸੇ ਵੇਲੇ ਕਿਹਾ - ਨਹੀਂ, ਇਹ ਤੇ ਲਸੂੜੇ ਜਾਪਦੇ ਨੇ .. ਏਨੇ ਚਿਰ ਚ ' ਮੈਂ ਇਕ ਲਸੂੜੇ ਨੂੰ ਚੁੱਕ ਕੇ ਥੋੜਾ ਜਿਹਾ ਫੇਹ ਦਿੱਤਾ। ...ਉਸ ਵਿਚੋਂ  ਮਾੜੀ ਜਿਹੀ ਲੇਸ ਕਿ ਨਿਕਲੀ, ਉਸ ਲੇਸ ਚ ਚਮੜਿਆਂ 50 ਸਾਲ ਪੁਰਾਣੀਆਂ ਯਾਦਾਂ ਨੇ ਮੈਨੂੰ ਘੇਰ ਲਿਆ.....

ਮੈਨੂੰ ਯਾਦ ਹੈ ਕਿ ਕਿਵੇਂ ਅੰਮ੍ਰਿਤਸਰ ਚ ਸਾਡੇ ਘਰ ਦੇ ਕੋਲੇ ਲਸੂੜੇ ਦੇ ਬਹੁਤ ਸਾਰੇ ਦਰੱਖਤ ਹੁੰਦੇ ਸਨ ..ਉਹਨਾਂ ਦੇ ਫਲ ਤੇ ਇਸ ਤੋਂ ਕਾਫੀ ਵੱਡੇ ਹੁੰਦੇ ਸਨ , ਜੇਕਰ ਉਹ ਲਸੂੜੇ ਸਨ ਤੇ ਇਹ ਤਾਂ ਛੋਟੀਆਂ ਛੋਟੀਆਂ ਲਸੂੜੀਆਂ ਹੀ ਨੇ... ਥੋੜਾ ਥੋੜਾ ਝਾਵਲਾ ਪੈ ਰਿਹੈ ਕਿ ਕਦੇ ਕਦੇ ਅਸੀਂ ਇਸ ਲੇਸ ਨੂੰ ਖਾ ਵੀ ਜਾਂਦੇ ਸੀ...ਮਿੱਠੀ ਮਿੱਠੀ ... ਪਰ ਬਹੁਤ ਹੀ ਘੱਟ। ..ਵੈਸੇ ਲਸੂੜੇਆਂ ਦੇ ਢੇਰਾਂ  ਦੇ ਢੇਰਾਂ  ਅਸੀਂ ਆਉਂਦੇ ਜਾਂਦੇ ਜ਼ਮੀਨ ਤੇ ਪਏ ਵੇਖਿਆ ਕਰਦੇ ਸੀ।

ਘੋਨੇ ਮਾਰਨਾ ਤੇ ਟਿੰਡ ਤੇ ਖਾਣਾ ਵੀ ਬੜਾ ਚੰਗਾ ਲੱਗਦਾ ਸੀ 😂😁
ਅਜੇ ਮੈਂ ਇਹਨਾਂ ਲਸੂੜੀਆਂ ਤੋਂ ਨਿੱਬੜਿਆ ਹੀ ਸੀ ਕਿ ਇਹ ↑ ਦਿੱਖ ਗਏ। ਭੈਣ ਨੇ ਕਿਹਾ ਕਿ ਇਹ ਤੇ ਨਿਮਬੋਲੀ ਹੈ, ਬਿੱਲੇ।...ਮੇਰੇ ਮੂੰਹ ਚ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਨਿਕਲਿਆ।......ਇਹ ਤੇ ਘੜਕੋਣੇ ਨੇ ... ਹੁਣ ਮੈਨੂੰ ਨਹੀਂ ਪਤਾ ਕਿ ਠੀਕ ਲਫ਼ਜ਼ ਘੜਕੋਨਾ ਹੈ ਕਿ ਘੋਨਾਂ, ਪਰ ਇੰਨਾ ਨਾਲ ਸਾਡਾ ਬਚਪਨ ਡਾਢੇ  ਹਾਸੇ  ਖੇਡੇ ਨਾਲ ਬੀਤ ਗਿਆ ... ਅਸੀਂ ਬੋਜੇ ਭਰ ਲੈਣੇ..ਤੇ ਬਸ ਇਸ ਦੂਜੇ ਦੇ ਸਿਰ ਤੇ ਨਿਸ਼ਾਨੇ ਮਾਰਦੇ ਰਹਿਣੇ,  ਬਹੁਤ ਵਾਰੀਂ ਤੇ ਜਦੋਂ ਉਸ ਮੁੰਡੇ ਦੀ ਸਾਡੀ ਵਲ ਪਿੱਠ ਹੁੰਦੀ... ਕਈ ਵਾਰ ਤੇ ਇਕ ਤੋਂ ਬਾਅਦ ਇਕ ਘੋਨੇਆਂ ਦੀ ਬਰਸਾਤ ਹੀ ਕਰਦੇ ਰਹਿਣਾ. ...

ਸੱਚ ਦੱਸਾਂ ਤੇ ਇਸ ਘੋਨੇ ਵਾਲੀ ਖੇਡ ਚ ਬੜਾ ਮਜ਼ਾ ਆਉਂਦਾ ਸੀ, ਖਾਸ ਕਰ ਕੇ ਜਦੋਂ ਇਸ ਮੁੰਡੇ ਨੇ ਗਾਲ਼ਾਂ ਦੀ ਝੜੀ ਲਾ ਦੇਣੀ .. ਗਾਲਾਂ ਖਾਣ ਦਾ ਉਸ ਵੇਲੇ ਦਾ ਆਪਣਾ ਹੀ ਸਵਾਦ ਸੀ ..ਨਾਲ 2 ਹੱਸੀ ਜਾਣਾ ਤੇ ਨਾਲੇ ਗਾਲ੍ਹਾਂ ਖਾਈ ਜਾਣੀਆਂ।  ਦਰਅਸਲ ਉਹ ਖੇਡ ਕਿੰਨਾ ਚਿਰ ਚਲੇਗੀ, ਇਹ ਬੜੇ ਫੈਕ੍ਟਰ੍ਸ ਤੇ ਨਿਰਭਰ ਸੀ। ਸਾਮਣੇ ਵਾਲੀ ਪਾਰਟੀ ਕਿੰਨਾ ਕੁ ਜਰ ਲੈਂਦੀ ਹੈ, ਕਿੰਨੀ ਕੁ ਉਸ ਯਾਰ ਨਾਲ ਸਾਡੀ ਨੇੜਤਾ ਹੈ, ਤਗੜਾ ਕੌਣ ਜ਼ਿਆਦਾ ਹੈ....ਉਸ ਵੇਲੇ ਮੂਡ ਕਿੱਦਾਂ ਹੈ। .. ..ਇਕ ਗੱਲ ਹੋਰ ਸਾਨੂੰ ਰੋਡੇ ਮੋਢੇ ਮੁੰਡਿਆਂ ਦੇ ਸਰ ਉੱਤੇ ਇਹ ਘੋਨੇ ਦੇ ਨਿਸ਼ਾਨੇ ਮਾਰਨ ਦਾ ਬੜਾ ਮਜ਼ਾ ਆਉਂਦਾ ਸੀ।  ਗਾਲਾਂ ਦਾ ਕੀ ਸੀ, ਉਹ ਤੇ ਸਾਨੂੰ ਢੀਠਾਂ ਨੂੰ ਘਿਓ ਦੀਆਂ ਨਾਲਾਂ ਲੱਗਦੀਆਂ ਸਨ.

ਇਕ ਗੱਲ ਆਈ ਚੇਤੇ ਹੋਰ। ..ਕੁਛ ਦਿਨ ਪਹਿਲਾਂ ਇਕ ਮਿੱਤਰ ਨੇ  ਫੇਸਬੁੱਕ ਤੇ ਆਪਣੇ ਘਰ ਅਚਾਰ ਪਾਏ ਜਾਣ ਦੀਆਂ ਫ਼ੋਟਾਂ ਪਾਈਆਂ .. ਉਸ ਦੇ ਮਾਂ ਜੀ ਤੇ ਬੁਜ਼ੁਰਗ ਮਾਸੀ ਜੀ ਇਸ ਸਾਲਾਨਾ ਜਸ਼ਨ ਚ ਪੂਰੀਆਂ ਰੁਜੀਆਂ ਦਿਖੀਆਂ। .. ਪੁਰਾਣੇ ਦਿਨ ਯਾਦ ਆ ਗਏ...ਵੱਡੀ ਸਾਰੀ ਪਰਾਤ ਚ ਅੰਬ ਦੀਆਂ ਫਾੜੀਆਂ ਨੂੰ ਅਚਾਰ ਦੇ ਮਸਾਲੇ ਨਾਲ ਰਲਦੇ ਵੇਖਣਾ, ਫਿਰ ਤੇਲ ਉਸ ਚ ਪੈਣਾ, ਫੇਰ ਉਸਨੂੰ  ਚੀਨੀ ਦੇ ਵਿਆਮਾਂ ਚ ਭਰ ਕੇ ਉੱਪਰ ਕੱਪੜਾ ਬਣ ਕੇ ਨਾੜੇ ਨਾਲ ਬਣਨਾ, ਜਿਵੇਂ ਸੱਪ ਫੜ ਲਿਆ ਹੋਵੇ...ਇਹ ਸਬ ਦੇਖ ਕੇ ਸਾਨੂੰ ਬੜਾ ਅਚਰਜ ਲੱਗਣਾ, ਅਸੀਂ ਥੋੜੇ ਪੱਕੇ ਅੰਬਾਂ ਦਿਨ ਫਾੜੀਆਂ ਨਾਲ ਨਾਲ ਖਾਂਦੇ ਰਹਿਣਾ। ਹਾਂ , ਅਸਲੀ ਗੱਲ ਤੇ ਰਹਿ ਹੀ ਗਈ। ...ਮੈਂ ਉਸ ਮਿੱਤਰ ਨੂੰ ਕੰਮੈਂਟ ਲਿਖਿਆ ਕਿ ਥੋੜੇ ਜਿਹੇ ਡਿਉ ਵੀ ਪਾ ਲੈਣੇ ਸੀ ਇਸ ਵਿਚ। ...ਉਸ ਦਾ ਉਸੇ ਵੇਲੇ ਫੋਨ ਆਇਆ ਕਿ ਇਹ ਡਿਉ ਕਿ ਹੁੰਦੈ। ... ਉਹ ਮੇਰਿਆ ਰੱਬਾ , ਉਸ ਨੂੰ ਡਿਉ ਬਾਰੇ ਦੱਸਦੇ ਹੋਏ ਮੈਨੂੰ ਮੇਰੀ ਨਾਨੀ ਤੇ ਉਸ ਦੇ ਲਾਜਵਾਬ ਅੰਬ ਦੇ ਅਚਾਰ ਦੀ ਯਾਦ ਆ ਗਈ.

ਪੰਜਾਬ ਚ ਇਹ ਵੀ ਸਾਲ ਦਾ ਵੱਡਾ ਕੰਮ ਹੈ। ..ਉੰਨਾ ਦਿਨਾਂ ਚ ਜਨਾਨੀਆਂ ਇਕ ਦੂਜੇ ਨੂੰ ਵਹਾਤਸੱਪ ਤੇ ਨਹੀਂ ਸਨ ਕਰਦੀਆਂ। ...ਇਹ ਜ਼ਰੂਰ ਪੁੱਛ ਲੈਂਦੀਆਂ ਸਨ...ਭੈਣ, ਤੂੰ ਅਚਾਰ ਪਾ ਲਿਐ ?

ਚਲੋ ਜੀ ਜਿੰਨਾ ਹੋ ਸਕੇ ਆਪਣੀ ਮਾਂ ਬੋਲੀ ਦੀ ਵਰਤੋਂ ਕਰੀਏ।..ਉਸ ਨੂੰ ਸੰਭਾਲ ਕੇ ਰੱਖੀਏ ..ਮੈਂ ਤੇ ਸੋਚ ਰਿਹਾਂ ਕੀਤੇ ਮੌਕਾ ਮਿਲੇ ਤੇ ਡਾ ਸੁਰਜੀਤ ਪਾਤਰ ਹੁਰਾਂ ਦੀ ਸ਼ਾਗਿਰਦੀ ਕਰ ਲਵਾਂ। ... ਮੈਂ ਉਸ ਸ਼ਖਸ਼ ਨੂੰ ਦਿਲੋਂ ਬਹੁਤ ਚਾਹੁੰਦਾ ਹਾਂ। ..

ਹੁਣ ਕਿਹੜਾ ਤਵਾ  ਲਾਉਨੈ ? ... ਉਹ ਹੀ ਢੁਕਵਾਂ ਲੱਗਦੈ ..ਕਿ ਬਨੁ ਦੁਨੀਆਂ ਦਾ !!- 8 ਕਰੋੜ ਲੋਕ ਉਸ ਨੂੰ ਵੇਖ ਸੁਨ ਚੁਕੇ ਨੇ, ਅਸੀਂ ਕਿਓਂ ਪਿਛੇ ਰਹੀਏ, ਗੁਰਦਾਸ ਮਾਨ ਤੇ ਦਿਲਜੀਤ ਦੋਸਾਂਝ ਦੀ ਸਾਂਝ, ਹੋਰ ਕਿ ਚਾਹੀਦੈ। ..ਰਬ ਖੁਦ ਇੰਨ੍ਹਾਂ ਦੇ ਗਲੇ ਚ ਵਾਸ ਕਰਦੈ  ਇੰਝ ਲਗਦੈ  ... ਪੰਜਾਬ ਦੇ ਬੀਬੇ ਪੁੱਤ ਰੂਹਾਂ ਨੂੰ ਠਾਰਦੇ ਨੇ,  ਅਪਾਰ ਖੁਸ਼ੀਆਂ ਵੰਡਦੇ ਨੇ। ...... ਵਾਹ ਜੀ ਵਾਹ....ਜਿਓੰਦੇ ਵਸਦੇ ਰਹਿਣ ..

ਅਮਰੀਕਾ ਚ' ਸਿੱਖੀ ਦਾ ਪਾਠ ਪੜ੍ਹਾਉਂਦੇ ਸਿੱਖ ਵਿਦਿਆਰਥੀ

ਮੈਨੂੰ ਤੇ ਮੈਰੀਲੈਂਡ ਯੂਨੀਵਰਸਿਟੀ ਇੰਨੀ ਚੰਗੀ ਲੱਗੀ ਕਿ ਦਿਲ ਕਰੇ ਕਿ ਇਸ ਦਾ ਇਕ ਇਕ ਕੋਨਾ ਵੇਖ ਲਵਾਂ ...ਮੈਂ ਤੇ ਆਪਣੇ ਸਾਥੀਆਂ ਨੂੰ ਕਹਾਂ ਕਿ ਮੇਰਾ ਤੇ ਮੋਬਾਈਲ ਵੀ ਥੱਕ ਗਿਆ ਹੋਣੈ .. ਸੋਚਦਾ ਹੋਣੈ ਬਕਸ਼ ਦੇ ਮੈਨੂੰ, ਸਾਹ ਵੀ ਲੈਣ ਦੇ, ਪਰ ਮੈਨੂੰ ਤੇ ਹਰ ਇਕ ਕਦਮ ਤੇ ਨਵੀਂ ਚੀਜ਼ ਦਿੱਖ ਰਹੀ ਸੀ .. ਹਰ ਪਾਸੇ ਸਾਫ ਸੁਥਰੇ ਨਜ਼ਾਰੇ ਪਸਰੇ ਹੋਏ, ਨਜ਼ਰਾਂ ਰੱਜ ਹੀ ਨਹੀਂ ਸੀ ਰਹੀਆਂ।...

ਇਸੇ ਲਈ ਮੈਂ ਤੀਜੇ ਦਿਨ ਵੀ ਇਹੋ ਸੋਚਿਆ ਕਿ ਮੈਂ ਤੇ ਕੈਮਪਸ ਚ ਹੀ ਫਿਰਦਾ ਰਹਾਂਗਾ.....ਕੀਤੇ ਵੇਲੇ ਪੂਰਾ ਵੇਰਵਾ ਦਿਆਂਗਾ ਕਿ ਕਿੱਡੀ ਵੱਡੀ ਯੂਨੀਵਰਸਿਟੀ ਹੈ ਇਹ। ਉਹ ਕਿਸੇ ਹੋਰ ਵੇਲੇ..

ਅੱਛਾ ਮੈਂ ਇਕ ਗੱਲ ਹੋਰ ਸਾਂਝੀ ਕਰਨੀ ਹੈ ਕਿ ਆਪਣੇ ਏਥੇ ਤੇ ਹੁੰਦਾ ਇਹੋ ਹੈ ਕਿ ਯੂਨੀਵਰਸਿਟੀ ਚ ਪੜਨ ਵਾਲੇ ਬੱਚੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹੱਥੇ ਚੜ ਜਾਂਦੇ ਨੇ ..ਕਈ ਵਾਰ ਤੇ ਬੜਾ ਅਫਸੋਸ ਹੁੰਦਾ ਹੈ ਜਿਵੇਂ ਇੰਨਾ ਸੂਝਵਾਨ ਨੌਜਵਾਨਾਂ ਦਾ ਇਸਤੇਮਾਲ ਹੁੰਦੈ। ..ਚਲੋ ਜੀ, ਰਬ ਸਬ ਨੂੰ ਸੋਝੀ ਬਕਸ਼ੇ।

ਇਥੇ ਮੈਰੀਲੈਂਡ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਬਾਰੇ ਮੈਂ ਕਿਸੇ ਦਿਨ ਚੰਗੀ ਤਰ੍ਹਾਂ ਲਿਖਾਂਗਾ...ਇਹ ਜ਼ਰੂਰੀ ਹੈ... ਪਰ ਇਸ ਵੇਲੇ ਮੈਂ ਇਸ ਪੋਸਟ ਦੇ ਸਿਰਲੇਖ ਮੁਤਾਬਿਕ ਆਪਣੀ ਗੱਲ ਨੂੰ ਸੰਖੇਪ ਨਾਲ ਰੱਖ ਕੇ ਇਜਾਜ਼ਤ ਚਾਹਾਂਗਾ।

ਹੋਇਆ ਇੰਝ ਕਿ ਡੇਢ ਦੋ ਵੱਜ ਗਏ ਦੁਪਹਿਰ ਮੈਂ.. ਮੈਂ ਐਵੇਂ ਹੀ ਗੁਆਚੀ ਗਾਂ ਵਾਂਗ (ਸੱਚ ਕਹਿ ਰਿਹਾਂ )..  ਫਿਰ ਫਿਰ ਕੇ ਆਪਣੇ ਥੋੜੇ ਕਮਜ਼ੋਰ ਪੈ ਰਹੀ ਗੋਡਿਆਂ ਨੂੰ ਤਕਲੀਫ ਦੇਂਦਾ ਦੇਂਦਾ ਸਟੂਡੈਂਟ ਯੂਨੀਅਨ ਵਾਲੀ ਬਿਲਡਿੰਗ ਚ ' ਪੁੱਜ ਗਿਆ. ਸੋਚਿਆ ਕੁਛ ਖਾ-ਫੁੱਟ ਲਿਆ ਜਾਵੇ। ਪਰ ਓਥੇ ਸਾਰਾ ਕੁਛ ਨਾਨ-ਵੇਜ ਸੀ, ਮੈਂ ਅਚਾਨਕ 25 ਸਾਲ ਪਹਿਲਾਂ ਇਹ ਸਬ ਕੁਛ ਖਾਣਾ ਛੱਡ ਦਿੱਤਾ ਸੀ, ਕੋਈ ਖਾਸ ਕਾਰਣ ਨਹੀਂ, ਬੱਸ ਮੈਨੂੰ ਪਸੰਦ ਨਹੀਂ, ਇੰਨਾ ਹੀ ਕਾਰਣ ਏ, ਨਾਨ-ਵੇਜ ਤੋਂ ਅਲਾਵਾ ਓਥੇ buns ਦੀ ਭਰਮਾਰ ਸੀ। ....ਹੋਰ ਵੀ ਬਹੁਤ ਕੁਛ। ..ਹਰ ਜਗਾ ਦੇ ਆਪਣੇ ਸਵਾਦ ਨੇ, ਹੁਣ ਓਥੇ ਕਿਥੋਂ ਮੈਨੂੰ ਲੱਭੇ ਦਾਲ ਮਖਣੀ।😄😄... ਇਕ ਬਾਟੇ ਚ ਸਲਾਦ ਮਿਲ ਰਿਹਾ ਸੀ, ਉਸ ਵੇਲੇ ਉਸ ਨੂੰ ਖਾਣ ਦਾ ਬਿਲਕੁਲ ਦਿਲ ਨਹੀਂ ਸੀ....


ਮੈਂ ਉਸ ਸਟੂਡੈਂਟ ਯੂਨੀਅਨ ਵਾਲੀ ਬਿਲਡਿੰਗ ਤੋਂ ਬਾਹਰ ਆ ਰਿਹਾ ਸੀ.....ਇਕ ਨੋਟਿਸ ਬੋਰਡ ਤੇ ਕੁਛ ਨੋਟਿਸ ਲੱਗੇ ਵਿਖੇ, ਐਵੇਂ ਹੀ ਉਸ ਤੇ ਨਿਗਾਹ ਮਾਰਦੇ ਨਜ਼ਰ ਪੈ ਗਈ... ਲੰਗਰ ਵਾਲੀ ਗੱਲ ਤੇ....ਉਹ ਕਹਿੰਦੇ ਨੇ ਨਾਂ ਕਿਸੇ ਨੇ ਭੁੱਖੇ ਕੋਲੋਂ ਕਿਸੇ ਪੁੱਛਿਆ - ਦੋ ਅਤੇ ਦੋ ਕਿੰਨ੍ਹੇ ? ਉਹ ਜਵਾਬ ਦੇਂਦੈ - ਚਾਰ ਰੋਟੀਆਂ। ........ਸ਼ਾਇਦ ਉਸ ਵੇਲੇ ਮੇਰਾ ਵੀ ਇਹੋ ਹਾਲ ਸੀ.... ਮੈਂ ਵੇਖਿਆ ਕਿ ਲੰਗਰ ਲੱਗਣਾ ਹੈ। ..ਸਵੇਰੇ 10 ਵਜੇ ਤੋਂ 2 ਵਜੇ ਤਕ ..ਹੁਣ ਪੌਣੇ ਦੋ ਵੱਜੇ ਸੀ, ਅਜੇ ਵੀ ਤਾਰੀਖ ਦਾ ਥੋੜਾ ਭੁਲੇਖਾ ਹੀ ਸੀ ....ਕਿ ਅਜ 24 ਇੰਡਿਆ ਚ ਹੈ ਜਾਂ ਇਥੇ ਅਮਰੀਕਾ ਚ। ...ਓਧਰੋਂ ਨਿਕਲਦੇ ਕਿਸੇ ਸਟੂਡੈਂਟ ਨੂੰ ਪੁੱਛਿਆ ਕਿ ਅਜ 24 ਤਾਰੀਖ ਹੈ? ਉਹ ਕਹਿੰਦੈ  ..yeah !! .....ਮੈਂ ਸੋਚਿਆ ਵਾਹ ਬਾਬਾਜੀ ਵਾਹ, ਲੰਗਰ ਦੇ ਪ੍ਰਸ਼ਾਦੇ ਦਾ ਇੰਤੇਜਾਮ ਕਰ ਦਿੱਤਾ, ਤੁਹਾਨੂੰ ਇਕ ਇਕ ਬੰਦੇ ਦੀ ਕਿੱਢੀ ਫਿਕਰ ਹੈ....



ਖੈਰ, ਮੈਂ ਉਸੇ ਵੇਲੇ ਕਿਸੇ ਕੋਲੋਂ ਪੁੱਛਿਆ ਕਿ ਇਹ ਜਗ੍ਹਾ ਕਿਥੇ ਹੈਂ.....ਉਸ ਦੀ ਨਿਸ਼ਾਨਦੇਹੀ ਤੇ ਮੈਂ 8-10 ਮਿੰਟ ਚ' ਓਥੇ ਪੁੱਜ ਗਿਆ। ..ਵਾਹ ਜੀ ਵਾਹ,  ਬੱਲੇ ਬੱਲੇ ਇਨ੍ਹਾਂ ਸਿੱਖ ਬੱਚੇ ਬੱਚਿਆਂ ਦੀ ..... ਸਿੱਖੀ ਦਾ ਸੁਨੇਹਾ ਇੰਨੇ ਸੁਚੱਜੇ ਤਰੀਕੇ ਨਾਲ ਦੇ ਰਹੇ ਸੀ..






ਇਕ ਚੀਜ਼ ਮੈਂ ਹੋਰ ਵੀ ਨੋਟਿਸ ਕੀਤੀ ...ਅਸੀਂ ਇਥੇ ਇੰਡੀਆ ਚ ਕਿਸੇ ਵੀ ਭੰਡਾਰੇ ਜਾਂ ਲੰਗਰ ਚ' ਕਿਥੇ ਵੀ ਜਾਉਂਦੇ ਹਾਂ ਉਸ ਇਕੱਠ ਦੇ ਬਾਰੇ ਜਾਨਣ ਦੀ ਕੋਈ ਖਾਸ ਤਾਂਘ ਨਹੀਂ ਰੱਖਦੇ। ...ਬੱਸ ਖਾ ਪੀ ਕੇ ਲਾਂਭੇ ਹੋ ਜਾਂਦੇ ਹਾਂ....


ਪਰ ਮੈਂ ਓਥੇ ਇਕ ਰੁੱਖ ਦੇ ਥੱਲੇ ਬਹਿ ਕਿ ਲੰਗਰ ਦਾ ਪ੍ਰਸ਼ਾਦਾ ਛੱਕਦਿਆਂ ਜੋ ਨਜ਼ਾਰਾ ਵੇਖਿਆ ਮੇਰੇ ਕੋਲ ਉਸ ਨੂੰ ਅਲਫ਼ਾਜ਼ ਚ ਬਨਣ ਵਾਸਤੇ ਕੋਈ ਸਮਰਥਾ ਨਹੀਂ ਹੈ....ਮੈਂ ਦੇਖਿਆ ਕਿ ਜਿਹੜੇ ਗੋਰੇ ਬਚੇ ਓਥੇ ਲੰਗਰ ਛਕਣ ਲਈ ਆ ਰਹੇ ਸੀ, ਸਿੱਖ ਸਟੂਡੈਂਟਸ- ਮੁੰਡੇ ਕੁੜੀਆਂ ਦੋਵੇਂ, ਗੋਰੇ ਮੁੰਡੇ ਕੁੜੀਆਂ ਨੂੰ ਓਥੇ ਲੱਗੇ ਬੈਨਰ ਰਾਹੀਂ ਤੇ ਇਸ ਪੋਸਟਰ ਰਾਹੀਂ ਸਿੱਖੀ ਉੱਤੇ ਬੜੇ ਹੀ ਪਿਆਰ ਨਾਲ ਚਾਨਣ ਪਾ ਰਹੇ ਸੀ...

ਮੈਂ ਇੰਨਾ ਸਿੱਖ ਬੱਚਿਆਂ ਦੇ ਸੇਵਾ ਭਾਵ ਅੱਗੇ  ਮਨ ਹੀ ਮਨ ਨਤਮਸਤਕ ਹੋ ਗਿਆ। ..ਤੇ ਇਹੋ ਧਿਆਨ ਆਇਆ। ..ਬਾਬਾਜੀ, ਇਹ ਸਬ ਆਪਜੀ ਦੇ ਸੱਚੇ ਸੌਦੇ ਦਾ ਹੀ ਫ਼ਲ ਹੈ.....ਤੁਹਾਡੇ ਏਕੇ ਦੇ ਸੁਨੇਹੇ ਦਾ ਪ੍ਰਤਾਪ ਹੈ ਸਬ .. ਆਪ ਜੀ ਸਿਖਲਾਈ ਕਿਵੇਂ ਸਤ ਸਮੁੰਦਰ ਪਾਰ ਵੀ ਠਾਰ ਪਾ ਰਹੀ ਏ...

ਆਪਣੇ ਇਸ ਅਮਰੀਕਾ ਦੇ ਗੇੜੇ ਨਾ ਇਹ ਇੰਨਾ ਵੱਡਾ ਸੰਜੋਗ ਮੈਨੂੰ ਹਮੇਸ਼ਾ ਚੇਤੇ ਰਹੇਗਾ।...ਮੈਨੂੰ ਲੱਗਾ ਇਸ ਨੂੰ ਇਸ ਬਲੌਗ ਚ' ਵੀ ਦਰਜ ਕਰਨਾ ਬਹੁਤ ਜ਼ਰੂਰੀ ਹੈ....

ਗੱਲ ਸਿਖਾਂ ਦੀ, ਸਿੱਖੀ ਦੀ ਤੇ ਇਸ ਦੀ ਸਿਖਲਾਈ ਦੀ ਹੋਵੇ ਤੇ ਸਤਵਿੰਦਰ ਬਿੱਟੀ ਹੁਰਾਂ ਨੂੰ ਨਾ ਸੁਣਿਆ ਜਾਵੇ ਤੇ ਕੁਛ ਕਮੀ ਰਹਿ ਜਾਵੇਗੀ। ਤੇ ਲੋ ਜੀ ਆਓ ਸੁਣੀਏ।.......ਧੰਨ ਧੰਨ ਤੇਰੀ ਸਿੱਖੀ ...ਧੰਨ ਸਿੱਖੀ ਦਾ ਨਜ਼ਾਰਾ (ਇਸ ਲਿੰਕ ਤੇ ਕਲਿਕ ਕਰੋ ਜੀ) ..

Wednesday 26 June 2019

ਨਿਰਭਉ ਸੋਚ ਦੀਆਂ ਉਡਾਰੀਆਂ

ਅਮਰੀਕਾ ਪਹੁੰਚਣ ਦੇ ਅਗਲੇ ਦਿਨ ਮੈਂ ਇੰਝ ਹੀ ਮੈਰੀਲੈਂਡ ਯੂਨੀਵਰਸਿਟੀ ਦਾ ਗੇੜਾ ਲਾਉਣ ਚਲਾ ਗਿਆ ... ਆਪਣੇ ਹੋਟਲ ਤੋਂ ਓਥੇ ਪਹੁੰਚਣ ਵਾਸਤੇ ਮਸੀਂ 5-7 ਮਿੰਟ ਹੀ ਲੱਗੇ ਹੋਣਗੇ। ..ਓਹ ਤੇ ਮੈਂ ਪਹਿਲਾਂ ਦੀ ਕਹਿ ਚੁਕਿਆ ਹਾਂ ਕਿ ਸੜਕਾਂ ਤੇ ਇੰਝ ਜਿਵੇਂ ਮੱਖਣ...ਵੈਸੇ ਠੇਠ ਪੰਜਾਬੀ ਅੰਦਾਜ਼ ਹੋਰ ਵੀ ਨੇ ਅਜਿਹੀਆਂ ਮੱਖਣ ਵਰਗੀਆਂ ਸੜਕਾਂ ਨੂੰ ਦਰਸ਼ਾਉਣ ਵਾਸਤੇ ...ਪਰ ਉਹ ਲਿਖਣ ਵਾਲੀ ਗੱਲ ਹੈ ਕਿਤੇ, ਬਿੱਲੇਆ! ..😂




ਹਾਂਜੀ ਮੈਂ ਪਹੁੰਚ ਗਿਆ ਜੀ ਯੂਨੀਵਰਸਿਟੀ। ..ਦੋਸਤੋ, ਮੈਂ ਕਿਤੇ ਵੀ ਜਦੋਂ ਜਾਂਦਾ ਹਾਂ ਤੋਂ ਉਸ ਸ਼ਹਿਰ ਨੂੰ ਬਿਨਾ ਕਿਸੇ ਮਤਲਬ ਤੋਂ ਐਵੇਂ ਹੀ ਕੱਛਣਾ ਮੈਨੂੰ ਬਹੁਤ ਹੀ ਚੰਗਾ ਲੱਗਦੈ। . ਮੈਂ ਕਦੇ ਵੀ ਕਿਸੇ ਸ਼ਹਿਰ ਦੀਆਂ ਨਵੀਆਂ ਇਮਾਰਤਾਂ, ਨਵੇਂ ਖੜੇ ਬੁੱਤ (ਹੁਣ ਤੇ ਲੋਕ ਇਥੇ ਆਪਣੇ ਜਿਓੰਦੇ ਜੀ ਹੀ ਆਪਣੇ ਬੁੱਤ ਟਿਕਾ ਲੈਂਦੇ ਨੇ। ...ਕਿ ਪਤਾ ਬਾਅਦ ਦਾ, ਜਨਤਾ ਦੇ ਮੂਡ ਦਾ ਕੁਛ ਪਤਾ ਨਹੀਂ ਚਲਦਾ, ਬਾਈ !!) .... ਮੈਨੂੰ ਤੇ ਉਸ ਸ਼ਹਿਰ ਦੀਆਂ ਪੁਰਾਣੀਆਂ ਮੁੱਡਿਆਂ ਆਪਣੇ ਵੱਲ ਖਿੱਚਦਿਆਂ ਹੋਣ ਜਿਵੇਂ। .. ਬਹੁਤ ਪੁਰਾਣੇ ਰੁੱਖ, ਓਥੇ ਰਹਿਣ ਵਾਲੇ ਪੁਰਾਣੇ ਬੰਦੇ, ਓਹਨਾ ਦੇ ਜੱਦੀ ਘਰ, ਪੁਰਾਣੀਆਂ ਬਿਲਡਿੰਗਾਂ। ....ਤੇ ਸਦੀਆਂ ਦੀ ਮਾਰ ਨਾਲ ਓਹਨਾ ਦੀਆਂ ਭੁਰ ਭੁਰ ਕੇ ਅੱਧੀਆਂ ਹੋ ਚੁਕੀਆਂ ਇੱਟਾਂ।....ਕਿਓਂ ਚੰਗਾ ਲੱਗਾ ਏ ਮੈਨੂੰ ਇੰਨਾ ਨਾਲ ਨੇੜਤਾ ਰੱਖਣਾ।...ਕਿਓਂ ਕਿ ਇੰਨਾ ਦੀ ਹਰ ਇਕ ਦੀ ਇਕ ਆਪਣੇ ਕਹਾਣੀ ਏ, ਪੁਰਾਣੇ ਬੰਦਿਆਂ ਦੀਆਂ ਤੇ ਚਾਹੇ ਅੱਖਾਂ ਬੋਲਦਿਆਂ ਨੇ...ਇਹ ਰੁੱਖ ਵੀ ਸਾਨੂੰ ਕੁਛ ਕਹਿਣਾ ਚਾਹੁੰਦੇ ਨੇ....ਆਪਣਾ ਦੁੱਖ ਸੁੱਖ ਵੰਡਣਾ ਚਾਹੁੰਦੇ ਨੇ...ਤੇ ਬੜੀ ਸੋਝੀ ਵੀ ਸਾਡੀ ਝੋਲੀ ਚ ਪਾ ਦਿੰਦੇ ਨੇ.... ਸਾਡੀ ਉਡਾਰੀ ਥੋੜੀ ਜਿਹੀ ਠੱਪੀ ਜਾਂਦੀ ਏ ਕਿ ਪੁੱਤ ਰਹਿਣਾ ਤੇ ਕੁਛ ਵੀ ਨਹੀਂ ਓ, ਪੁਲਾਂਘਾਂ ਜਿੰਨੀਆਂ ਮਰਜੀ ਮਨਮੁਖ ਹੋ ਕੇ ਪੱਟੀ ਜਾ, ਪੁੱਤ।


ਯੂਨੀਵਰਿਸਟੀ ਤੋਂ ਮੈਨੂੰ ਆਇਆ ਕਿ ਜਦੋਂ ਅੰਮ੍ਰਿਤਸਰ ਚ 1969 ਚ' ਗੁਰੂ ਨਾਨਕ ਦੇਵ ਜੀ ਸਾਹਿਬ ਦੇ 500ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਉੱਤੇ ਇਹ ਯੂਨੀਵਰਸਿਟੀ ਬਣਾਈ ਗਈ ਸੀ, ਅੰਮ੍ਰਿਤਸਰ ਦੇ ਲੋਕ ਬੜੇ ਖੁਸ਼ ਸਨ, ਲੋਕੀਂ ਸਾਈਕਲਾਂ ਤੇ ਜਾ ਜਾ ਕੇ ਓਥੋਂ ਦੇ ਘੇੜੇ ਕਟ ਕੇ ਆਉਂਦੇ ਸਨ....ਨਹੀਂ, ਮੈਨੂੰ ਨਹੀਂ ਪਤਾ ਮੈਂ ਕਦੋਂ ਗਿਆ ਸੀ....ਲੋ ਜੀ, ਆ ਗਿਆ ਚੇਤਾ ਲਿਖਦੇ ਲਿਖਦੇ। ... ਆਪਣੀ ਵੱਡੀ ਭੈਣ (ਮੈਥੋਂ 10 ਸਾਲ ਵੱਡੇ ਨੇ) ਦੇ ਲੇਡੀ ਸਾਇਕਲ ਦੇ ਪਿਛੇ ਬਹਿ ਕਿ ਉੰਨਾ ਦੇ MA ਦੇ ਨਤੀਜੇ ਬਾਰੇ ਪਤਾ ਕਰਣ ਗਿਆ ਸੀ....ਇਹ 1974 ਦੇ ਗੱਲ ਹੋਵੇਗੀ। ..ਮੈਂ ਉੰਨਾ ਦਿਨਾਂ ਚ ਪੰਜਵੀ ਜਮਾਤ ਦੀਆਂ ਸ਼ਰਾਰਤਾਂ ਚ ਰੁਝਿਆ ਹੋਇਆ ਸੀ ਸ਼ਾਇਦ... ਵਾਹ ਜੀ ਵਾਹ, ਮੈਂ ਤੇ ਸਾਇਕਲ ਦੀ ਰਾਖੀ ਕਰਦਾ ਕਰਦਾ ਉਸ ਇਮਾਰਤ ਨੂੰ ਵੇਖ ਕੇ ਹੈਰਾਨ ਹੋ ਰਿਹਾ ਸੀ ਕਿੰਝ ਉਸਾਰਿਆ ਹੋਵੇਗਾ ਇਸ ਨੂੰ....ਪਹਿਲਾਂ ਯੂਨੀਵਰਸਿਟੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ।.. GT Road ਤੋਂ ਅਸੀਂ ਜਦੋਂ ਅਸੀਂ ਇਸ ਚ ਵੜਦੇ ਸੀ, ਤੇ ਸਾਹਮਣੇ ਇਕ ਵੱਡੀ ਜਿਹੀ ਇਮਾਰਤ ਨਜ਼ਰੀਂ ਪੈਂਦੀ ਸੀ... ਬੱਸ ਇਹਦੇ ਬਾਹਰ ਹੀ ਇਕ ਪਾਸੇ ਰੋਸ਼ਨਦਾਨ ਨੁਮਾ ਬਾਰੀਆਂ ਹੁੰਦੀਆਂ ਸਨ, ਜਿਸ ਰਾਹੀਂ ਤੁਸੀਂ ਓਥੇ ਦੇ ਮੁਲਾਜ਼ਮਾਂ ਨਾਲ ਰਾਬਤਾ ਕਾਇਮ ਕਰ ਸਕਦੇ ਸੀ..


ਹੁਣੇ ਤੁਹਾਡੇ ਨਾਲ ਇਹ ਗੱਲ ਬਾਤ ਕਰਦੇ ਹੋਏ ਮੈਨੂੰ ਧਿਆਨ ਆਇਆ ਕਿ ਵੇਖਾਂ ਯੂਨੀਵਰਿਸਟੀ ਦੇ ਐਮਬਲੇਮ ਤੇ ਕੀ ਲਿਖਿਆ ਹੈ...ਨੇਟ ਤੇ ਮੈਂ ਉਸਨੂੰ ਖੋਲਿਆ ਵੀ, ਮੇਰੇ ਤੋਂ ਪੜ੍ਹ ਨਹੀਂ ਹੋਇਆ।...ਕਾਸ਼, ਇਸ ਉਤੇ ਇਹ ਵੀ ਕਿਤੇ ਲਿਖਿਆ ਹੁੰਦਾ।.... ਮਿਟੀ ਧੁੰਦ ਜਗ ਚਾਨਣ ਹੋਇਆ !!

ਲਿਖਣ ਵੇਲੇ ਵੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਚੇਤੇ ਆਉਣ ਲੱਗਦੀਆਂ ਨੇ...ਜਿਵੇਂ ਅਜ ਹੀ ਵੇਖੋ ਮੈਂ ਇਸ ਪੋਸਟ ਦਾ ਸਿਰਲੇਖ ਵੀ ਦਿੱਤਾ ..ਨਿਰਭਉ ਸੋਚ ਦੀਆਂ ਉਡਾਰੀਆਂ .. ਤੇ ਮੈਂ ਗੱਪਸ਼ੱਪ ਕਰਨੀ ਸੀ ਅਮਰੀਕਾ ਦੀ। ..ਉਸ ਦੀ ਤੇ ਗੱਲ ਤੇ ਪਰੇ ਰਹਿ ਗਈ ਤੇ ਮੈਂ ਪੁਰਾਣੀਆਂ ਯਾਦਾਂ ਦੇ ਹੜ੍ਹ ਨਾਲ ਵੱਗ ਗਿਆ... ਦੂਜਾ ਗੱਲ ਇਹ ਵੀ ਹੈ ਕਿਸ ਕੁਛ ਦਿਨਾਂ ਤੋਂ ਜਦੋਂ ਤੋਂ ਮੈਨੂੰ ਆਪਣੇ ਲੈਪਟਾਪ ਤੇ ਪੰਜਾਬੀ ਚ ਕੰਮ ਕਰਨਾ ਆਇਆ ਹੈ, ਮੇਰੀ ਤੇ ਦੁਨੀਆ ਹੀ ਜਿਵੇਂ ਬਦਲ ਗਈ ਹੋਵੇ ਜਿਵੇਂ। ..ਢੇਰ ਇਕੱਠਾ ਹੋਇਆ ਹੈ ਮੇਰੇ ਕੋਲ ਕਹਾਣੀਆਂ ਕਿੱਸੇਆਂ ਦਾ। ..ਹਾਫੜਾ ਪੈ ਗਿਆ ਹੈ ਜਿਵੇਂ ਮੈਨੂੰ।.. ਕੋਈ ਨਹੀਂ ਸਹਿਜੇ ਸਹਿਜੇ ਵੀ ਹੋ ਜਾਉ ਇਹ ਕੰਮ, ਸਮਝਾ ਰਿਹਾਂ ਜੀ ਆਪਣੇ ਮਨ ਨੂੰ....😄

ਹਾਂ ਜੀ, ਇਕ ਗੱਲ ਹੋਰ....ਸਾਡੇ ਬਚਪਨ ਦੀਆਂ ਗੱਲਾਂ ਚੋਂ ਇਕ ਗੱਲ ਇਹ ਵੀ ਚੇਤੇ ਆਉਂਦੀ ਹੈ ਕਿ ਚਾਵਲ ਰਿੰਨ੍ਹਣ ਵੇਲੇ ਉਸਦੀ ਪਿੱਛ ਕੱਢੀ ਜਾਂਦੀ ਸੀ ਤੇ ਸੂਤੀ ਕੱਪੜਿਆਂ ਨੂੰ ਉਸ ਪਿੱਛ  ਵਿਚ ਡੁਬੋਇਆ ਜਾਂਦਾ ਸੀ,  ਜਿਸ ਨੂੰ ਕਹਿੰਦੇ ਸੀ ਮਾਇਆ ਲੱਗ ਰਹੀ ਹੈ....ਅੱਛਾ ਇਕ ਹੋਰ ਚੀਜ਼ ਵੀ ਸੀ, ਚੌਲ ਅਜੇ ਅੰਗੀਠੀ ਦੇ ਉੱਤੇ ਪਤੀਲੇ ਚ ਰਿੰਨ੍ਹੇ ਜਾ ਰਹੇ ਹੁੰਦੇ ਸੀ ਤੇ ਘਰ ਦੀਆਂ ਬੀਬੀਆਂ ਉਸ ਦਾ ਇਕ ਦਾਣਾ ਫੇਹ ਕੇ ਵੇਖ ਲੈਂਦੀਆਂ ਕਿ ਠੀਕ ਰਿੰਨੇ ਗਏ ਨੇ ਕੇ ਅਜੇ ਸਹਿੰਦੇ ਨੇ (ਮਤਲਬ ਅਜੇ ਕੱਚੇ ਨੇ)....ਕਹਿਣ ਵਾਲੀ ਗੱਲ ਸਿਰਫ ਇੰਨੀ ਕਿ ਇਕ ਚਾਵਲ ਨੂੰ ਟੋਹ ਕੇ ਇਹ ਵੇਖ ਲਿਆ ਜਾਂਦਾ ਏ ਕਿ ਸਾਰੇ ਪਤੀਲੇ ਚ ਪਏ ਚਾਵਲ ਕਿੰਜ਼ ਦੇ ਹੋਣਗੇ।...

ਠੀਕ ਓਸੇ ਤਰ੍ਹਾਂ ਹੀ ਜੀ ਜਦੋਂ ਮੈਂ ਯੂਨੀਵਰਸਿਟੀ ਚ ਇੰਝ ਹੀ ਮੱਟਰਗਸ਼ਤੀ ਕਰ ਰਿਹਾ ਸੀ ਤੇ ਉੱਠਣ ਇਕ ਯੂਨੀਵਰਸਿਟੀ ਦੀ ਬੱਸ ਨਿਕਲੀ ਜਿਸ ਉੱਤੇ ਇਹ ਸਲੋਗਨ ਸੀ.....ਇਸ ਦੁਨੀਆਂ ਨੂੰ ਤੁਹਾਡੀ ਨਿਰਭਉ ਸੋਚ ਦੀ ਲੋੜ੍ਹ ਹੈ..... ਰਬ ਦੀ ਸੋਹੁੰ।..ਚਿਤ ਖੁਸ਼ ਹੋ ਗਿਆ। ਇਹ ਵੀ ਉਸ ਯੂਨੀਵਰਸਿਟੀ ਰੂਪੀ ਦੇਗ ਦਾ ਇਕ ਚਾਵਲ ਟੋਹਣ ਵਰਗਾ ਹੀ ਸੀ, ਦੋਸਤੋ. 

The World Needs Fearless Ideas!!

ਇਹ ਨਹੀਂ ਕਿ ਜਿਵੇਂ ਅਸੀਂ ਥ੍ਰੀ ਇਡੀਓਟਸ ਫਿਲਮ ਵੇਖ ਕੇ ਓਹਦੀ ਤਾਰੀਫ ਕਰਦੇ ਹਾਂ, ਪਰ ਫੇਰ ਵੀ ਆਪਣੇ ਨਿਆਣਿਆਂ ਤੇ ਡਾਕਟਰ-ਇੰਜੀਨਿਅਰ ਬਨਣ ਦਾ ਦਬਾ ਪਾਉਣਾ ਨਹੀਂ ਛੱਡਦੇ। ..ਪਰ ਉਸ ਯੂਨੀਵਰਿਸਟੀ ਦੀਆਂ ਸੜਕਾਂ ਉੱਤੇ ਰੋਡ-ਇੰਸਪੈਕਟਰੀ ਕਰਦੇ ਹੋਏ ਮੈਂ ਬਿਲਕੁਲ ਚੰਗੀ ਤਰ੍ਹਾਂ ਵੇਖਿਆ ਕਿ ਅਸਲ ਪੜ੍ਹਾਈ ਕਿੰਨੂੰ ਆਖਦੇ ਨੇ, ਵਿਦਿਆਰਥੀਆਂ ਨੂੰ ਖੁੱਲ੍ਹਾ ਮਾਹੌਲ ਦੇਣ ਦਾ ਕਿ ਮਤਲਬ ਏ, ਉੰਨਾ ਦੀ ਸੋਚ ਅਜਿਹੇ ਮਾਹੌਲ ਚ ਕਿਵੇਂ ਪਲਰਦੀ ਹੈ, ਇਹ ਸਬ ਆਪਣੀ ਅੱਖੀਂ ਡਿੱਠਾ।

ਹਰ ਵੇਲੇ ਮੋਢੇ ਤੇ ਪਾਸਪੋਰਟ ਟੰਗਣ ਨਾਲ ਬਿਲਕੁਲ ਮੈਨੂੰ ਇਕ ਪਟੇ ਦੀ ਫੀਲ ਆ ਰਹੀ ਸੀ...ਨਾਲ ਦੇ ਸਿਆਣਿਆਂ ਨੇ ਕਿਹਾ ਸੀ ਕਿ ਪਾਸਪੋਰਟ ਕੋਲੋਂ ਨਹੀਂ ਨਿਖੇੜਨਾ।...ਹੋਟਲ ਚ ਨਹੀਂ ਛੱਡ ਕੇ ਜਾਣਾ ਕਦੇ....ਸਹੀ ਗੱਲ ਲੱਗੀ, ਇੱਦਾ ਤਾਕਤਵਰ ਮੁਲਕ। ..ਜੇ ਕੀਤੇ ਏਧਰ ਓਧਰ ਹੋ ਜਾਵੇ ਤੇ ਓਥੇ ਕੋਈ ਹੋਵੇ ਵੀ ਤੇ ਸਹੀ ਜਿਹਦੀ ਮਾਂ ਨੂੰ ਬੰਦਾ ਮਾਸੀ ਕਹਿ ਕੇ ਸਾਰ ਲਉ  .....😂😁😄





ਡਿੱਠਾ ਲਿਖਿਆ ਤੇ ਚੇਤਾ ਆਇਆ ਕਿ ਇਹ ਜਿਹੜੀਆਂ ਮੈਂ ਤੁਹਾਡੇ ਨਾਲ ਅਮਰੀਕਾ ਦੀਆਂ ਗੱਲਾਂ ਸਾਂਝੀਆਂ ਕਰ ਰਿਹਾ ਹਾਂ, ਉਸ ਪਿੱਛੇ ਮੇਰੇ ਕੋਲ ਪਈ ਇਹ ਕਿਤਾਬ ਹੈਂ ਜਿਹੜੀ ਮੈਂ 15 ਕੁ ਸਾਲ ਪਹਿਲਾਂ ਫਿਰੋਜ਼ਪੁਰ ਚ ਰਹਿੰਦਿਆਂ ਖਰੀਦੀ ਸੀ... ਇਹੋ ਜਿਹੀਆਂ ਕਿਤਾਬਾਂ ਨਾਲ ਮੈਂ ਆਪਣੇ ਆਪ ਨੂੰ ਘੇਰੇ ਰੱਖਦਾ ਹਾਂ। .. ਫੇਰ ਕਹਿਣਾਂ ਹਾਂ ਕਿ ਮੈਨੂੰ ਵੇਹਲ ਹੀ ਨਹੀਂ ਮਿਲਦੀ।


😁...ਇਹੋ ਕਿਤਾਬਾਂ ਹੀ ਮੇਰੇ ਲਈ ਧਾਰਮਿਕ ਗਰੰਥ ਹਨ....ਮੈਨੂੰ ਇਹਨਾਂ ਕਿਤਾਬਾਂ ਨਾਲ ਜੁੜਣਾ ਇੰਝ ਲਗਦੈ ਜਿਵੇਂ ਮੈਂ ਇੰਨੀਆਂ ਸਾਰੀਆਂ ਉੱਘੀਆਂ ਸ਼ਖਸ਼ੀਅਤਾਂ ਨਾਲ ਗੁਫ਼ਤਗੂ ਕਰ ਰਿਹਾ ਹੋਵਾਂ।...ਇੰਝ ਜਿਵੇਂ ਉਹ ਮੈਨੂੰ ਕਹਿੰਦੇ ਹੋਣ ਕਿ ਜਵਾਨਾਂ (😄...???), ਅਸੀਂ ਤੇ ਆਪਣੀ ਗੱਲ ਕਹਿ ਲਈ, ਤੂੰ ਵੀ ਤੇ ਉਸ ਗੱਲ ਨੂੰ ਅੱਗੇ ਵਧਾ !!)



ਚੰਗਾ ਜੀ. ਬਾਕੀ ਦੀਆਂ ਫੇਰ ਜੀ। ... ਅਜ ਗੁਰਾਂ ਦੀਆਂ ਗੱਲ ਚਾਲ ਪਾਈ, ਇਹ ਸਾਰੀ ਦਾਤੇ ਦੀ ਮੌਜ ਏ.... ਤੁਹਾਨੂੰ ਓਥੇ ਛਕੇ ਇਕ ਗੁਰੂ ਦੇ ਲੰਗਰ ਬਾਰੇ ਵੀ ਦੱਸਣਾ ਏ, ਅਗਲੀ ਵਾਰੀ ਸਹੀ.....

ਹੁਣੇ ਇਹ ਗੀਤ ਚੇਤੇ ਆ ਰਿਹੈ। ..ਮੈਨੂੰ ਤੇ ਜਦੋਂ ਚੇਤੇ ਆਉਂਦੈ , ਮੈਂ ਤੇ ਇਹਨੂੰ ਉਸ ਵੇਲੇ ਸੁਨ ਲੈਂਦਾ ਹਾਂ...ਤੇ ਜ਼ਮੀਨ ਤੇ ਟਿਕਿਆ ਮਹਿਸੂਸ ਕਰਦਾ ਹਾਂ। ....ਨਹੀਂ ਤੇ ਐਵੇਂ ਹੀ ਸੋਚ ਦੀਆਂ ਉਡਾਰੀਆਂ ਮਾਰਦਾ ਫਿਰਦਾ ਹਫ ਜਾਂਦਾ ਹਾਂ ..ਗਾਣਾ ਤੇ ਭਾਵੇਂ ਕਿਸੇ ਹਿੰਦੀ ਫਿਲਮ ਦਾ ਏ, ਪਰ ਪੰਜਾਬੀ ਚ ਹੈ.....ਵੈਸੇ ਵੀ ਰੱਬੀ ਗੱਲਾਂ ਕਿਸੇ ਇਕ ਜ਼ੁਬਾਨ ਵਾਸਤੇ ਨਹੀਂ ਹੁੰਦਿਆਂ।...ਸਾਰੀ ਸ਼੍ਰਿਸ਼ਟੀ ਵਾਸਤੇ ਸੁਨੇਹੇ ਦਰਜ ਹੁੰਦੇ ਨੇ ਇੰਨਾ ਚ.........ਅਸਰ ਵੀ ਥੋੜਾ ਬਹੁਤ ਤੇ ਹੁੰਦਾ ਹੀ ਹੈ.....ਜਦੋਂ ਦਾ ਮੈਂ ਇਸ ਰੱਬੀ ਗੀਤ ਦਾ ਮੁਰੀਦ ਹੋਇਆ ਹਾਂ, ਕਿਤੇ ਆਉਂਦੇ ਜਾਉਂਦੇ ਵੇਲੇ ਮੈਨੂੰ ਕੀਤੇ ਸੜਕ ਵਿਚਾਲੇ ਇੱਟ, ਵੱਡਾ ਰੋੜਾ ਵਿਖ ਜਾਂਦੈ ਤੇ ਮੈਂ ਉਸ ਨੂੰ ਲਾਂਭੇ ਜ਼ਰੂਰ ਕਰ ਦਿੰਦਾ ਹਾਂ....ਚੇਤੇ ਆ ਜਾਂਦੀ ਏ ਇਹੋ ਗੱਲ। ..ਓਥੇ ਅਮਲਾਂ ਦੇ ਹੋਣੇ ਨੇ ਨਬੇੜੇ।

Tuesday 25 June 2019

ਅੰਮ੍ਰਿਤਸਰ ਡੈਂਟਲ ਕਾਲਜ ਦੀ ਉਹ 1980 ਵਾਲੀ ਹੜਤਾਲ

1980 ਦੇ ਇਹੋ ਹੀ ਕੋਈ ਅਗਸਤ ਜਾਂ ਸਿਤੰਬਰ ਦੇ ਦਿਨਾਂ ਦੀ ਗੱਲ ਹੈ... ਕੁਛ ਚਿਰ ਹੀ ਹੋਇਆ ਸੀ ਬੀ.ਡੀ.ਐਸ ਚ ਦਾਖਲਾ ਮਿਲਿਆ ਸੀ ....

ਜਿਦ੍ਹਾਂ ਅੰਮ੍ਰਿਤਸਰ ਦੇ ਲੋਕ ਬੜੇ ਚਿਲੜ ਨੇ, ਓਹੋ ਜਿਹੇ ਸਾਡੇ ਸੀਨੀਅਰ...ਹਾਸੇ ਮਜ਼ਾਕ ਵਾਲੇ.. ਕੋਈ ਟੇਂਸ਼ਨ ਨਾ ਆਪ ਰੱਖਣ ਵਾਲੇ ਨਾ ਕਿਸੇ ਨੂੰ ਹੀ ਦੇਣ ਵਾਲੇ।.. ਫੇਰ ਵੀ ਰੈਗਿੰਗ ਤੋਂ ਡਰ ਤੇ ਲੱਗਦਾ ਹੀ ਸੀ...ਇੱਦਾਂ ਸਹਿਮੇਂ ਹੋਏ ਕਾਲਜ ਚ ਵੜਨਾ...ਜਿਵੇਂ ਦਾਖਲਾ ਲੈ ਕੇ ਕੋਈ ਗੁਨਾਹ ਕਰ ਲਿਆ ਹੋਵੇ।...ਜਿੰਨੇ ਚਿਰ ਕਲਾਸਾਂ ਚ ਰਹੀ ਦਾ ਸੀ, ਮਨ ਨੂੰ ਚੈਨ ਰਹਿੰਦਾ ਸੀ, ਬਾਹਰ ਆਉਂਦੇ ਹੀ ਡਰ ਲੱਗਦਾ ਸੀ, ਸਾਹ ਸੁਕਿਆ ਰਹਿੰਦਾ ਸੀ ਕਿਤੇ ਕਿਸੇ ਦੀ ਨਜ਼ਰ ਪੈ ਗਈ ਤੇ ਪੰਗਾ ਪੈ ਜਾਣੈ। ..ਕਾਲਜ ਚ ਹਰ ਪਾਸੇ ਆਪਣੀ ਧੌਣ ਨੀਵੀਂ ਸੁੱਟ ਕੇ ਹੀ ਕੰਮ ਚਲਾਣਾ ਪਿਆ ਥੋੜੇ ਦਿਨ....ਫੇਰ ਵੀ ਸਾਰੇ ਸੀਨੀਅਰ ਬੜੇ ਪਿਆਰੇ ਸਨ...ਵੱਡੇ ਭਰਾ ਲੱਗਦੇ ਸਨ, ਤੇ ਸੀਨੀਅਰ ਲੜਕੀਆਂ ਬਿਲਕੁਲ ਭੈਣਾਂ ਜਾਪਦੀਆਂ।

ਜਿਹੜੇ ਇਕ ਦੋ ਸੀਨੀਅਰ ਪਹਿਚਾਨਣ ਲੱਗ ਪਏ, ਇੰਝ ਲੱਗੇ ਜਿਵੇਂ ਉਹਨਾਂ ਦੇ ਨਾਲ ਹੀ ਆਪਣੇ ਆਪ ਨੂੰ ਨੱਥੀ ਕਰੀ ਰੱਖੀਏ , ਇੰਝ ਭਲਾ ਕਿਵੇਂ ਹੋ ਸਕਦਾ ਸੀ, ਓਹਨਾ ਆਪਣੀ ਕਲਾਸ ਚ' ਵੀ ਤੇ ਜਾਣਾ ਹੁੰਦਾ ਸੀ, ਪਰ ਸਾਡਾ ਇਹੋ ਟੀਚਾ ਹੁੰਦਾ ਸੀ ਕਿ ਜੇਕਰ ਦੋ ਚਾਰ ਸੀਨੀਅਰ ਨਾਲ ਨਜ਼ਰ ਆਵਾੰਗੇ ਤੇ ਉੰਨਾ ਨਾਲ ਸਾਡੀ ਨੇੜਤਾ ਕਾਰਨ ਬਚੇ ਰਹਾਂਗੇ। 😂😁😃

ਕਿਸੇ ਨੇ ਸ਼ੁਰੂ ਸ਼ੁਰੂ ਚ ਸਮਝਾ ਦਿੱਤਾ ਕਿ ਜਿਥੇ ਲੈਬ ਚ ਸੀਨੀਅਰ ਲੜਕੀਆਂ ਕੰਮ ਕਰ ਰਹੀਆਂ ਹੋਣ, ਬੱਸ ਓਹਨੇ ਦੇ ਨੇੜੇ ਧੇੜੇ ਰਹਿ ਕੇ ਚੁੱਪ ਚਾਪ ਕੰਮ ਕਰਦੇ ਰਹੋ....ਓਥੇ ਕੋਈ ਕੁਛ ਨਹੀਂ ਕਹੇਗਾ। ਫੇਰ ਵੀ ਕੋਈ ਨਾ ਕੋਈ ਸੀਨੀਅਰ ਕਹਿ ਦਿੰਦਾ ਕਿ ..ਜਾ ਉਹ ਜਿਹੜੀ ਲੇਡੀ ਡਾਕਟਰ ਖੜੀ ਏ, ਜਾ ਉਸ ਨੂੰ ਜਾ ਕੇ ਆਪਣਾ ਇੰਟ੍ਰੋਡਕਸਨ ਦੇ ਕੇ ਆ. ..ਜਾਣਾ ਹੀ ਪੈਂਦਾ ਸੀ ਜੀ... ਉਹ ਸੀਨੀਅਰ ਕੁੜੀਆਂ ਕੋਲ ਜਾਣਾ, ਆਪਣੀ ਇੰਟ੍ਰੋਡਕਸਨ ਦੇਣੀ.. ਉਹਨਾਂ ਸਾਡਾ ਭੌਂਦੂ ਜੇਹਾ ਮੂੰਹ ਵੇਖ ਕੇ ਹੱਸ ਪੈਣਾ।

ਵਾਪਸ ਆ ਕੇ ਓਸੇ ਸੀਨੀਅਰ ਨੂੰ ਰਿਪੋਰਟ ਕਰਨਾ ਕਿ ਦੇ ਆਏ ਹਾਂ ਜੀ.....ਜੇ ਕਿਤੇ ਸੀਨੀਅਰ ਨਾਲ ਗੱਲ ਕਰਦੇ ਹੋਏ ਦੰਦ ਕੱਢੇ (ਆਪਣੇ ਅਸਲੀ ਵਾਲੇ 😄😄😄)..... ਕਿਸੇ ਨਾ ਕਿਸੇ ਨੇ ਓਸੇ ਵੇਲੇ ਹੁਕਮ ਦੇ ਦੇਣਾ ਕਿ ਜਾ, ਭੱਜ ਕੇ ਆਪਣੀ smile ਪੂੰਝ ਕੇ ਆ. ਉਹ ਵੀ ਇਕ ਛੋਟੀ ਜਿਹੀ ਪ੍ਰਕਿਰਿਆ ਹੁੰਦੀ ਸੀ..... ਕਿਸੇ ਵੇਲੇ ਉਸ ਤੇ ਚਾਨਣ ਪਾਵਾਂਗੇ।

ਇਕ ਸੀਨੀਅਰ ਮੈਨੂੰ ਇਕ ਦਿਨ ਕਹਿੰਦੈ  ਇਹ ਕਿ ਕਮੀਜ ਬਾਹਰ ਕੱਢ ਕੇ ਤੁਰਿਆ ਫਿਰਦੈਂ..ਆਪਣੇ ਆਪ ਨੂੰ ਵਿਨੋਦ ਖੰਨਾ ਸਮਝਦੈਂ .. ਹੁਣ ਪ੍ਰੋਫੇਸਨਲ ਕਾਲਜ ਚ  ਢੰਗ ਨਾਲ ਕੱਪੜੇ ਪਹਿਨਣੇ ਸਿੱਖੋ। .. ਕਲ ਤੋਂ ਕਮੀਜ਼ ਨੂੰ ਪੈਂਟ ਦੇ ਅੰਦਰ ਕਰ ਕੇ ਆਉਣੈ, ..ਚਲ ਭੱਜ ਹੁਣ...ਮੈਂ ਮੁੰਡੀ ਥੱਲੇ ਕਰ ਕੇ ਓਹਨੂੰ  ਹਾਂਜੀ ਕਹਿ ਕੇ ਅੱਗੇ ਵਗ ਗਿਆ ।

ਇੱਦਾਂ ਹੀ ਦਿਨ ਮਜ਼ੇ ਨਾਲ ਲੰਘ ਰਹੇ ਸਨ ਕਿ ਡੈਂਟਲ ਕਾਲਜ ਦੇ ਸਾਰੇ ਸਟੂਡੈਂਟਸ ਦੀ ਹੜਤਾਲ ਹੋ ਗਈ. ..ਅਜੇ ਨਵੀਂ ਨਵੀਂ ਏਡਮਿਸ਼ਨ ਮਿਲੀ ਸੀ,  ਡਰ ਲੱਗਦਾ ਸੀ ਕਿਤੇ ਇਥੋਂ ਵੀ ਕੱਢ ਦਿੱਤੇ ਗਏ ਤੇ ਕਿਤੇ ਢਾਬੇ ਤੇ ਭਾਂਡੇ ਹੀ ਨਾ ਮਾਂਜਣੇ ਪੈਣ। ..ਘਰ ਜਾ ਕੇ ਗੱਲ ਕੀਤੀ। .. ਓਹਨਾ ਵੀ ਇਹੋ ਕਿਹਾ ਕਿ ਜਿਵੇਂ ਸਾਰੇ ਕਰਣ, ਉਂਝ ਹੀ ਤੂੰ ਵੀ ਕਰ...

 ਡੈਂਟਲ ਕਾਲਜ ਦੀ 1980 ਵਾਲੀ  ਹੜਤਾਲ ਦੀ ਇਕ ਫੋਟੋ  ( photo credits ..Dr Rajan Gogia)
ਫੋਟੋ ਵੇਖ ਕੇ ਹੀ ਜੋਸ਼ ਆ ਜਾਂਦੈ 😃😄

ਵੈਸੇ ਵੀ ਉਹ ਬੜੀ ਵੱਡੀ ਹੜਤਾਲ ਸੀ, ਬਿਲਕੁਲ 100% ਹੜਤਾਲ, ਮਨ ਨੇ ਇਹੋ  ਸੋਚਿਆ ਕਿ ਕਾਲਜ ਤੋਂ ਕੱਢਣਾ ਕਢਵਾਉਣਾ ਤੇ ਬਾਅਦ ਦੀ ਗੱਲ ਹੈ,  ਜੇ ਕਿਤੇ  ਹੜਤਾਲ ਚ ਸ਼ਾਮਿਲ ਨਾ ਹੋਏ ਤੇ ਇਹਨਾਂ ਸੇਨਿਰਸ ਨੇ ਐਸਾ ਫੈਂਟਣਾ ਏ ਕਿ  ਕਿਸੇ ਨੇ ਬਚਾਣਾ ਵੀ ਨਹੀਂ, ਅਜੇ ਤੇ  ਰੈਗਿੰਗ ਦੀ ਅੱਗ ਵੀ ਪੂਰੀ ਤਰ੍ਹਾਂ ਠੰਡੀ ਨਹੀਂ ਪਈ। ...

ਬੱਸ ਜੀ ਅਸੀਂ ਵੀ ਸਾਰੇ ਪੂਰੇ ਜ਼ੋਰ ਸ਼ੋਰ ਨਾਲ ਉਸ ਹੜਤਾਲ ਚ ਨਿੱਤਰ ਪਏ.... ਸੀਨੀਅਰ ਜਿਵੇਂ ਜਿਵੇਂ ਕਹਿਣ ਬੀਬੇ ਬੱਚਿਆਂ ਵਾਂਗ ਓਹਨਾ ਦੀ ਹਰ ਗਲ ਤੇ ਹਾਰ ਪਾਉਣੇ,  ਧਰਨੇ ਵਾਲੀ ਜਗਾ ਤੇ ਜਾ ਕੇ ਭੁੰਜੇ ਬਹਿਣਾ ਤੇ ਓਥੇ ਬਹਿ ਗਏ, ਕੋਈ ਬੈਨਰ ਫੜਨਾ ਹੈ ਤੇ ਉਹ ਫੜ ਲਿਆ...ਕੀਤੇ ਕੋਈ ਨਾਅਰਾ ਵੱਜ ਰਿਹਾ ਹੈ ਤੇ ਜ਼ੋਰ ਨਾਲ ਉਸ ਵਿਚ ਸ਼ਾਮਿਲ ਹੋ ਜਾਣਾ। ..

ਇਹ ਕਿ ਹੋਇਆ ? .. ਇਕ ਦੋ ਦਿਨ ਬਾਅਦ ਇਸ ਕੰਮ ਚ ਮਜ਼ਾ ਜਿਹਾ ਆਉਣ ਲੱਗ ਪਿਆ । ..😄😆 ਕਲਾਸਾਂ ਤੋਂ ਛੁਟੀ, ਰੈਗਿੰਗ ਦਾ ਡਰ ਖ਼ਤਮ - ਸਾਰੇ ਸੀਨੀਅਰ ਆਪਣੇ ਹੀ ਲੱਗਣ ਲੱਗ ਗਏ....

ਹੌਲੀ ਹੌਲੀ ਹੜਤਾਲ ਗਰਮ ਹੋਣ ਲੱਗੀ।... ਡੈਂਟਲ ਕਾਲਜ ਦੀ ਹੱਦ ਤੋਂ ਬਾਹਰ ਨਿਕਲੀ....ਜਿਥੋਂ ਤਕ ਮੈਨੂੰ ਯਾਦ ਹੈ ਅੰਮ੍ਰਿਤਸਰ ਦੀਆਂ ਦੀਵਾਰਾਂ ਤੇ ਇਹੋ ਜਿਹੇ ਸਲੋਗਨ paint ਕਰਵਾ ਦਿੱਤੇ ਗਏ ਕਿ ਡੈਂਟਲ ਸਰਜਨਾਂ ਨਾਲ ਆਪਣੀਆਂ ਧੀਆਂ ਦਾ ਵਿਆਹ ਨਾ ਕਰੋ.....ਇਹ ਬੇਰੋਜ਼ਗਾਰ ਨੇ..

ਜੀ, ਸਾਰਾ ਮਸਲਾ ਇਹੋ ਸੀ ਕਿ ਡੈਂਟਲ ਦੀਆਂ ਨੌਕਰੀਆਂ ਹੀ ਨਹੀਂ ਸਨ ਨਿਕਲ ਰਹੀਆਂ, ਅਸੀਂ ਤੇ ਬਾਈ ਅਜੇ ਨਵੇਂ ਨਵੇਂ ਦਾਖਿਲ ਹੋਏ ਸੀ, ਜ਼ਿਆਦਾ ਕੁਛ ਪਤਾ ਨਹੀਂ ਸੀ, ਬੱਸ ਇੰਨਾ ਹੀ ਕਾਫੀ ਸੀ ਕਿ ਸੀਨੀਅਰ ਦਾ ਹੁਕਮ ਹੈ, ਪਾਲਣਾ ਜ਼ਰੂਰੀ ਹੈ....

ਹੁਣ ਜੀ ਅਸੀਂ ਡੋਕਟ੍ਰੀ ਚਿੱਟੇ ਕੋਟ ਪਾ ਕੇ ਜਲੂਸ ਕੱਢਣੇ ਸ਼ੁਰੂ ਕਰ ਦਿੱਤੇ।  ਨਾਅਰੇ ਮਾਰਦੇ ਹੋਏ ਅੰਮ੍ਰਿਤਸਰ ਦੀਆਂ ਸੜਕਾਂ ਕੱਛਣੀਆਂ ਸ਼ੁਰੂ ਕੀਤੀਆਂ। ...ਕਦੇ ਡੀ.ਸੀ ਦੇ ਦਫਤਰ ਤੇ ਕਦੇ ਕਿਤੇ। ... ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਹੜਤਾਲ ਨੂੰ ਬੜੀ ਚੰਗੀ ਤਰ੍ਹਾਂ ਮੈਨੇਜ ਕੀਤਾ ਸਾਡੇ ਸਾਰੇ ਸੀਨੀਅਰ ਸਾਥੀਆਂ ਨੇ...ਭਾਵੇਂ 17-18 ਦੇ ਹੀ ਸਸਾਂ ਸੀਂ ਉਸ ਵੇਲੇ, ਪਰ ਬੰਦਾ ਵੇਖਦਾ ਹੈਂ, ਓਬਸਰਵ ਤੇ ਕਰਦਾ ਹੀ ਹੈ....ਖਾਸ ਕਰ ਕੇ ਫਾਈਨਲ ਸਾਲ ਵਾਲੇ ਸੀਨੀਅਰ ਪੂਰਾ ਧਿਆਨ ਕਰਦੇ ਸੀ... ਕਿ ਕਿਵੇਂ ਸਾਰੇ ਆਪਣੀ ਹਦ ਚ ਰਹਿਣਗੇ, ਉਹ ਇਹ ਵੀ ਧਿਆਨ ਕਰਦੇ ਸਨ ਕਿ ਬਾਹਰੀ ਬੰਦਾ ਲੜਕੀਆਂ ਨਾਲ ਕੋਈ ਗੁਸਤਾਖੀ ਨਾ ਕਰੇ.... ਇਕ ਗਲ ਹੋਰ ਕਿ  ਡੀ ਸੀ ਦੇ ਦਫਤਰ ਪਹੁੰਚ ਕੇ ਜਿਸ ਤਰ੍ਹਾਂ ਦੀਆਂ ਸਪੀਚਾਂ ਸਾਡੇ ਦੋ ਤਿੰਨ ਸੀਨੀਅਰ  ਦਿੰਦੇ ਸੀ (ਡਾ ਸੂਰਜ ਪਾਲ ਤੇ ਡਾ ਜੋਗ ਰਾਜ ) ਉਹ ਕਾਬਿਲੇ ਤਾਰੀਫ ਹੁੰਦਿਆਂ ਸਨ, ਮੈਂ ਤੇ ਇਹੋ ਹੀ ਸੋਚਦਾ ਰਹਿੰਦਾ ਕਿ ਇਹ ਕਿਵੇਂ ਇੰਨੀਂਆਂ ਇੰਨੀਆਂ ਢੁਕਵੀਆਂ ਗੱਲਾਂ ਬੋਲ ਲੈਂਦੇ ਨੇ...ਬੜਾ ਚੰਗਾ ਲੱਗਦਾ ਸੀ ਓਹਨਾ ਨੂੰ ਸੁਣਨਾ।.. ਸਮਾਂ ਬੰਨ੍ਹ ਦੇਂਦੇ ਸੀ ਸੱਚੀਂ 😀

ਅੱਛਾ ਇਕ ਹੋਰ ਗੱਲ ਚੇਤੇ ਆ ਰਹੀ ਏ....ਜਦੋਂ ਅਸੀਂ ਜਲੂਸ ਕੱਢਦੇ ਹੋਏ ਅੰਮ੍ਰਿਤਸਰ ਦੀਆਂ ਸੜਕਾਂ ਤੇ ਜਾਂਦੇ ਸੀ ਤੇ ਅਸੀਂ ਬੈਨਰ ਤੇ ਫੜੇ ਹੀ ਹੁੰਦੇ ਸੀ...ਤੇ ਨਾਲ ਨਾਲ ਕੁਛ ਨਾਅਰੇ ਵੀ ਬੜੇ ਤਗੜੇ ਹੋ ਕੇ ਮਾਰਦੇ ਹੋਏ ਨਿਕਲਦੇ ਸੀ। ...ਇਸ ਵੇਲੇ ਕੁਛ ਚੇਤੇ ਵੀ ਆ ਰਹੇ ਨੇ....ਜਦੋਂ ਆਪਾਂ ਕੁਛ ਵੀ ਲਿਖਣ ਲੱਗਦੇ ਹਾਂ ਤੇ ਆਪ ਮੁਹਾਰੇ ਅਗਲੀਆਂ ਪਿਛਲੀਆਂ ਗੱਲਾਂ ਚੇਤੇ ਆ ਕੇ ਕਹਿਣ ਲੱਗਦੀਆਂ ਨੇ। ..ਸਾਨੂੰ ਵੀ ਲਿਖ, ਸਾਨੂੰ ਵੀ ਲਿਖ !! ਇਸੇ ਕਰ ਕੇ ਉਹ ਨਾਅਰੇ ਵੀ ਤੇ ਬਾਈ ਲਿਖਣੇ ਪੈਣੇ ਨੇ।

ਡੈਂਟਲ ਯੂਨਿਟੀ.....ਜ਼ਿੰਦਾਬਾਦ ਜ਼ਿੰਦਾਬਾਦ...
ਡੈਂਟਲ ਏਕਾ - ਜ਼ਿੰਦਾਬਾਦ ਜ਼ਿੰਦਾਬਾਦ 
ਸਾਡੇ ਹੱਕ ...ਇਥੇ ਰੱਖ 
ਹੱਕ ਮਿਲਦੇ ਨਹੀਂ।.....ਖੋਏ ਜਾਂਦੇ ਨੇ

ਦਰਅਸਲ ਮੈਂ ਜਦੋਂ ਵੀ ਇਸ ਤਸਵੀਰ ਨੂੰ ਦੇਖਦਾ ਸੀ ਤੇ ਮੈਨੂੰ 40 ਸਾਲ ਪੁਰਾਣੇ ਦਿਨ ਯਾਦ ਆ ਜਾਉਂਦੇ ਸੀ.....ਮੈਂ ਸੋਚਿਆ ਥੋੜਾ ਟਾਈਮ ਕੱਢ ਕੇ ਇੰਨਾ ਯਾਦਾਂ ਨੂੰ ਵੀ ਸਾਂਭ ਲਿਆ ਜਾਵੇ।😃

ਸੱਚ ਉਹ ਹੜਤਾਲ ਵਾਲੇ ਦਿਨ ਬੜੇ ਸੌਖੇ ਲੰਘ ਰਹੇ ਸਨ (ਭੁੱਖ ਹੜਤਾਲ ਤੇ ਬੈਠੇ ਸਟੂਡੈਂਟਸ ਕੋਲੋਂ ਮਾਫੀ ਮੰਗਦੇ ਹੋਏ) ...ਅਸੀਂ ਨਵੇਂ ਨਵੇਂ ਪੰਛੀ ਆਪਣੇ ਸੀਨਿਯਰ੍ਸ ਨੂੰ ਰੋਜ਼ ਜਾਣ ਲੱਗਿਆਂ ਇਹ ਪੁੱਛ ਕੇ ਜਾਣਾ ਕਿ ਕਲ ਆਉਣੈ ?,  ਕਿਥੇ ਪਹੁੰਚਣਾ ਏ?... ...ਬਿਲਕੁਲ ਉਸ ਅੰਦਾਜ਼ ਚ ਕਿਵੇਂ ਦਿਹਾੜੀ ਤੇ ਆਇਆ ਹੋਇਆ ਮਜ਼ਦੂਰ ਸ਼ਾਮਾਂ ਨੂੰ ਜਾਣ ਲੱਗਿਆਂ  ਜ਼ਿਮੀਂਦਾਰ ਕੋਲੋਂ ਹਥ ਬੰਨ ਕੇ ਪੁੱਛਦੈ .. ਜਨਾਬ, ਕਲ ਵੀ ਦਿਹਾੜੀ ਲਗੇਗੀ ?? 😄

ਹਰ ਚੀਜ਼- ਚੰਗੀ ਮੰਦੀ - ਦਾ ਅੰਤ ਹੋ। .. ਹੋ ਗਈ ਜੀ ਇਹ ਹੜਤਾਲ ਵੀ ਖ਼ਤਮ... ਸੁਣਿਆ ਸੀ ਕਿ ਕੁਛ ਮੰਗਾਂ ਮੰਨਿਆਂ ਗਈਆਂ ਸੀ....ਹਾਊਸ ਸਰਜਨ ਦੀ ਪੇਮੈਂਟ ਦਾ ਵੀ ਕੋਈ ਪੰਗਾ ਤੇ ਸੀ....ਸ਼ਾਇਦ ਉਹ ਵੀ ਨਿੱਬੜ ਗਿਆ ਸੀ...ਪਰ ਸਾਨੂੰ ਉਸ ਵਾਲੇ ਇੰਨਾ ਚੀਜਾਂ ਦੀ ਕਿਥੇ ਇੰਨੀ ਅਕਲ ਸੀ....ਬੱਸ, ਅਗਲੇ ਦਿਨ ਤੋਂ ਕਲਾਸਾਂ ਚ ਵਗ ਗਏ......ਇਕ ਹੋਰ ਖੁਸ਼ੀ ਦੀ ਗੱਲ ਰੈਗਿੰਗ ਦੀ ਅੱਗ ਬਿਲਕੁਲ ਠੰਡੀ ਪੈ ਚੁਕੀ ਸੀ.....ਜਿਵੇਂ ਪਹਿਲਾਂ ਹੀ ਮੈਂ ਕਿਹਾ ਏ ਕਾਲਜ ਚ ਸਾਰੇ ਆਪਣੇ ਪਰਿਵਾਰ ਦੇ ਲੋਕ ਹੀ ਲੱਗਣ ਪਏ ਸੀ.....ਅਜਿਹੀ ਸਾਂਝ ਪਾ ਦਿੱਤੀ ਸੀ  ਉਸ ਹੜਤਾਲ ਨੇ..... 

ਸੋਚਦਾ ਹਾਂ ਕਿ ਜਿਥੇ ਜਿਥੇ ਵੀ ਅਸੀਂ ਬੈਠੇ ਹੋਏ ਇਸ ਪ੍ਰੋਫੈਸ਼ਨ ਤੋਂ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰ ਰਹੇ ਹਾਂ....ਇਸ ਪਿਛੇ ਸਾਡੇ ਸਾਰੇ ਸਤਿਕਾਰਯੋਗ ਸੀਨੀਅਰ ਸਾਥੀਆਂ ਦੀ ਅਣਥਕ ਘਾਲਣਾ ਤੇ ਹੈ ਹੀ.....ਸਾਰੇ ਜੀਂਦੇ ਵਸਦੇ ਰਹੋ ਜੀ....

ਆਓ ਜੀ ਜਾਂਦੇ ਜਾਂਦੇ ਸੁਣੀਏ ਲਾਡੋ ਫਿਲਮ ਚ ਗੋਪਾਲਾ ਕਿ ਕਹਿ ਰਿਹੈ।.. ਰੁੱਖੀ ਸੁੱਖੀ ਖਾ ਗੋਪਾਲਾ। .. (ਸਾਡੇ ਬਚਪਨ ਦਾ ਸੁਪਰਹਿੱਟ ਪੰਜਾਬੀ ਗੀਤ 😂... ਪੂਰਾ ਰਟਿਆ ਹੋਇਆ ਸੀ। ... )

PS ... ਹੁਣੇ ਮੇਰੇ ਇਕ ਸੀਨੀਅਰ ਡਾਕਟਰ ਜਗਮੀਤ ਸਿੰਘ ਜੀ ਨੇ ਦਸਿਆ ਕਿ ਇਹ ਹੜਤਾਲ ਵਾਲੀ ਗੱਲ ਜਨਵਰੀ 1981 ਸੇ ਆਸੇ ਪਾਸੇ ਦੀ ਹੈ...ਇਸ ਕਰ ਕੇ ਮੈਂ ਸੋਚਿਆ ਭੁੱਲ ਸੁਧਾਰ ਲਈ ਜਾਵੇ।..


Monday 24 June 2019

ਅਮਰੀਕਾ ਕੋਲੋਂ ਕੁਛ ਅਸੀਂ ਸਿਖੀਏ ..ਕੁਛ ਓਹਨੂੰ ਸਿਖਾਈਏ !

ਅਮਰੀਕਾ ਚ ਮੇਰਾ ਪਹਿਲਾ ਦਿਨ.. ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਮੈਂ ਆ ਕਿਥੇ ਗਿਆ। ..ਇੰਨਾ ਖੂਬਸੂਰਤ ਦੇਸ਼, ਸਬ ਕੁਛ ਇੰਨਾਂ ਸਾਫ, ਸੁਥਰਾ ਤੇ ਸੋਹਣਾ।.. ਕੋਈ ਸਿਰ ਖਪਾਈ ਨਹੀਂ, ਸਬ ਕੁਛ ਆਪੇ ਚਲੀ ਜਾ ਰਿਹੈ।

ਅਸੀਂ ਮੈਰੀਲੈਂਡ ਪਹੁੰਚ ਗਏ ਸਵੇਰੇ 10 ਕੁ ਵਜੇ ਕੋਲ, ਦੁਪਹਿਰ ਸਾਰਿਆਂ ਨੇ ਸੋਚਿਆ ਕਿ ਲਾਗੇ ਹੀ ਇਕ Aldi Store ਤੇ ਹੋ ਕੇ ਆਇਆ ਜਾਵੇ।... ਪਤਾ ਸ਼ਾਇਦ ਕਿਸੇ ਨੂੰ ਵੀ ਕੁਛ ਖਾਸ ਨਹੀਂ ਸੀ ਕਿ ਓਥੇ ਕਿ ਮਿਲਦੈ। ... ਜਿਸ ਹੋਟਲ ਚ ਅਸੀਂ ਠਹਿਰੇ ਸੀ ਉਸ ਦੀ ਹੀ ਟ੍ਰਾੰਸਪੋਰਟ ਤੇ ਅਸੀਂ ਚਲੇ ਗਏ ਜੀ Aldi Store ....


ਇਹ ਕਿ....ਇਹ ਤੇ ਹਿੰਦੁਸਤਾਨੀ ਬਿਗ ਬਾਜ਼ਾਰ ਵਰਗਾ ਹੀ ਲੱਗਾ।... ਅੰਦਰ ਓਹੀ ਸਾਰਿਆਂ ਚੀਜ਼ਾਂ। ...ਕੁਛ ਕੰਮ ਦੀਆਂ ਤੇ ਬਹੁਤ ਸਾਰਿਆਂ ਐਵੇਂ ਹੀ....ਢੇਰਾਂ ਤਰ੍ਹਾਂ ਦੇ ਪ੍ਰੋਸੱਸਐਡ ਫ਼ੂਡ ਆਈਟਮਸ ਮਿਲ ਰਹੇ ਸਨ..ਤੇ ਮਿੱਠੇ ਵਾਲਿਆਂ ਚੀਜ਼ਾਂ ਦਾ ਤੇ ਜਿਵੇਂ ਰੁਲ ਪਿਆ ਹੋਇਆ ਸੀ....ਸਬ ਕੁਛ ਮਿੱਠਾ। ... ਵੈਸੇ ਹਰ ਤਰ੍ਹਾਂ ਦਾ ਮੀਟ ਵੀ cold stores ਵਿਚ ਪਿਆ ਸੀ, 2-2 ਕਿਲੋ ਦੁੱਧ ਦੇ ਕੈਨ ਵੀ ਪਏ ਸੀ( ਡੇਢ ਡਾਲਰ ਦੇ --ਇਥੇ ਦੇ 100 ਰੁਪਈਏ) .... ਸਬ ਕੁਛ ਹੀ ਮਿਲ ਰਿਹਾ ਸੀ..


ਇਹਦੇ ਬਾਰੇ ਮੈਨੂੰ ਵੀ ਨਹੀਂ ਕੁਛ ਪਤਾ, ਫੋਟੋ ਖਿੱਚਣ ਚ ਕਿ ਜਾਂਦੈ 😄
ਸਾਰਿਆਂ ਨੇ ਕੁਛ ਕੁਛ ਖਰੀਦਿਆ - ਫ਼ਲ, ਬੇਕਰੀ ਆਇਟਮਸ, ਰੇਡੀ-ਟੁ-ਕੁੱਕ। ... ਓਹ ਸਟੋਰ ਤੇ ਬਹੁਤ ਵੱਡਾ ਸੀ, ਪਰ ਮੇਰਾ ਮਨ ਨਹੀਂ ਸੀ ਅੰਦਰ ਲੱਗ ਰਿਹਾ।...ਇਹ ਵੀ ਤੇ ਇਕ ਬਿਗ ਬਾਜ਼ਾਰ ਹੀ ਸੀ....ਅਸੀਂ ਬਹੁਤ ਸਾਰੇ ਚਿਪਸ ਵੀ ਲਏ, ਤੇ ਕੁਛ ਰੋਟੀਆਂ ਵਰਗੀ ਸ਼ੈ 😁😁😄...  ਡੇਢ ਦਿਨ ਚ ਰੋਟੀ ਦੀ ਸ਼ਕਲ ਨੂੰ ਤਰਸ ਗਏ...ਸੱਚੀਂ। ...ਮੈਂ ਮਿਸਿਜ ਨੂੰ ਕਿਹਾ ਇਹ ਤੇ ਬੜੇ ਕੰਮ ਦੀ ਚੀਜ਼ ਹੈ ਇਹ ਤੇ 4 ਪੈਕੇਟ ਲੈ ਲੈਂਦੇ ਹਾਂ...ਇਕ ਪੈਕੇਟ ਚ 10 ਰੋਟੀਆਂ ਸਨ.... ਮਿਸਿਜ ਨੇ ਕਿਹਾ..ਦੋ ਲੈਂਦੇ ਹਾਂ.....ਠੀਕ ਲੱਗਾ ਤੇ ਫੇਰ ਲੈ ਲਵਾਂਗੇ। ... ਚੰਗਾ ਹੀ ਹੋਇਆ, ਉਹ ਤੇ ਇਕ ਦੋ ਰੋਟੀਆਂ ਵੀ ਅੰਦਰ ਲੰਘਾਣੀਆਂ ਮੁਸ਼ਕਿਲ ਸਨ... ਬਿਹੈਘਟ ਲਕੁਲ ਬੇਕਾਰ। ਉਸ ਤੋਂ ਬਾਅਦ ਕਦੇ ਨਾ ਖਾਧੀ ਉਹ....ਅਸੀਂ ਸਾਰੇ ਆਪਣੀ ਦਾਲ ਰੋਟੀ ਨੂੰ ਹੀ ਯਾਦ ਕਰਦੇ ਰਹੇ ਓਥੇ...

ਕੁਛ ਚਿਰ ਬਾਅਦ ਅਸੀਂ ਉਸ ਸਟੋਰ ਤੇ ਬਾਹਰ ਆ ਕੇ ਬੇਂਚ ਤੇ ਬਹਿ ਗਏ...ਮੈਨੂੰ ਇਹ ਵੇਖ ਕੇ ਬੜਾ ਦੁੱਖ ਹੋਇਆ ਕਿ ਓਥੇ ਆਉਣ ਜਾਣ ਵਾਲੇ ਬਹੁਤ ਸਾਰੇ ਲੋਕ ਬੜੇ ਹੀ ਮੋਟੇ ਸਨ.....ਜਦੋਂ ਮੈਂ ਨੇਤ ਤੇ ਇੰਨੇ ਮੋਟੇ ਲੋਕਾਂ ਦੀਆਂ ਤਸਵੀਰਾਂ ਵੇਖਦਾ ਸਾਂ ਤੇ ਇਹੋ ਸੋਚਦਾ ਸੀ ਕਿ ਪਤਾ ਨਹੀਂ ਕੋਈ ਟਾਵਾਂ ਟਾਵਾਂ  ਹੁੰਦਾ ਹੋਏਗਾ ਕੀਤੇ ਇੰਨਾ ਮੋਟਾ। ਪਰ ਇਥੇ ਤੇ ਲਾਈਨ ਲੱਗੀ ਹੋਈ ਸੀ। ...ਮੈਂ ਬਾਰ ਬਾਰ ਮੋਟਾ ਲਫ਼ਜ਼ ਇਸਤਮਾਲ ਕਰ ਰਿਹਾ ਹਾਂ...ਜਿਵੇਂ ਮੈਂ ਬਿਲਕੁਲ ਪਰਫੈਕਟ ਹਾਂ....ਮੈਂ ਵੀ ਬਿਲਕੁਲ ਮੋਟਾ ਹਾਂ....ਮੈਨੂੰ ਪਤੈ। ...ਮੈਂ ਓਥੇ ਬੈਠਾ ਬੈਠਾ ਸ਼ੁਕਰ ਕਰ ਰਿਹਾ ਸੀ ਹਿੰਦੋਸਤਾਨੀ ਖਾਨ ਪੀਣ ਦਾ...

ਮੈਂ ਦੇਖ ਰਿਹਾ ਸਾਂ ਕਿ ਮੋਟਾਪਾ ਅਮਰੀਕਾ ਦੀ ਕਿੰਨੀ ਵੱਡੀ ਪਰੇਸ਼ਾਨੀ ਏ....ਇੰਨੇ ਇੰਨੇ ਮੋਟੇ ਬੰਦੇ ਤੇ ਤੀਵੀਆਂ। ਕਿ ਓਹਨਾ ਕੋਲੋਂ ਠੀਕ ਤਰ੍ਹਾਂ ਚਲ ਵੀ ਨਹੀਂ ਸੀ ਹੋ ਰਿਹਾ।..ਗੋਡਿਆਂ ਦੀ ਦਰਦ ਕਰਕੇ ਸ਼ਾਇਦ। 

ਅਜੇ ਮੈਂ ਇਹ ਸਬ ਸੋਚ ਕੇ ਆਪਣੇ ਬੁੱਢੇ ਹੋ ਰਹੇ ਦਿਮਾਗ ਨੂੰ ਖਾਮਖਾਂ ਤਕਲੀਫ ਦੇ ਹੀ ਰਿਹਾ ਸਾਂ ਕਿ ਮੇਰਾ ਅਗਲਾ ਸਬਜੈਕਟ ਨਜ਼ਰੀਂ ਪੈ ਗਿਆ....ਇਕ 85-90 ਸਾਲਾਂ ਦਾ ਬੁਜੁਰਗ ਝੋਲਾ ਫੜ ਕੇ ਸਟੋਰ ਤੋਂ ਬਾਹਰ ਆ ਰਿਹਾ ਸੀ....ਬੜਾ ਹੀ ਕਮਜ਼ੋਰ ਲੱਗਿਆ  ਉਹ ਮੈਨੂੰ।.. ਬਿਲਕੁਲ ਢਿੱਲੀ ਪਤਲੂਨ ਵਰਗੀ ਸ਼ੈ ਉਸ ਨੇ ਪਾਈ ਹੋਈ ਸੀ, ਮੈਂ ਸੋਚਿਆ ਉਹ ਆਪਣੇ ਡਰਾਈਵਰ ਵਾਲੇ ਤੁਰਿਆ ਜਾ ਰਿਹਾ ਹੋਣੈ। ...ਪਰ ਮੈਂ ਗ਼ਲਤ ਸੀ... ਉਸ ਨੇ ਆਪਣੀ ਕਾਰ ਦਾ ਦਰਵਾਜ਼ਾ ਖੋਲਿਆ, ਤੇ ਡਰਾਈਵਰ ਵਾਲੀ ਸੀਟ ਤੇ ਡਟ ਗਿਆ....ਮੈਨੂੰ ਤੇ ਇੰਨੀ ਹੈਰਾਨੀ ਹੋਈ ਕਿ ਮੈਂ ਬਿਟਰ ਬਿਟਰ ਓਧਰ ਹੀ ਵੇਖੀ ਜਾ ਰਿਹਾ ਸੀ...ਅਗਲੇ 5-10 ਮਿੰਟ ਉਹ ਬੰਦਾ ਕਾਰ ਹੀ ਬੈਠਾ ਕੁਛ ਕਰਦਾ ਰਿਹਾ।.....ਮੈਨੂੰ ਬਿਲਕੁਲ ਨਹੀਂ ਪਤਾ ਉਹ ਕਿ ਕਰਦਾ ਰਿਹਾ , ਸ਼ਾਇਦ ਮੋਬਾਈਲ ਚੈੱਕ ਹੋਣੈ ਕਰ ਰਿਹਾ। ... ਫੇਰ ਉਸ ਨੇ ਗੱਡੀ ਸਟਾਰਟ ਕੀਤੀ ਤੇ ਸਹਿਜੇ ਸਹਿਜੇ ਪਾਰਕਿੰਗ ਚੋਂ ਗੱਡੀ ਕੱਢੀ ਤੇ ਆਪਣੇ ਰਸਤੇ ਨਿਕਲ ਗਿਆ... 

ਜਦੋਂ ਉਹ ਜਾ ਰਿਹਾ ਸੀ ਤੇ ਮੈਂ ਵੇਖਿਆ ਕਿ ਉਸ ਦੀ ਗੱਡੀ ਦੇ ਸ਼ੀਸ਼ੇ ਤੇ ਹੈਂਡੀਕੇਪ ਦਾ ਇਕ ਸਟਿੱਕਰ ਲੱਗਿਆ ਹੋਇਆ ਸੀ, ਨਾਲੇ ਮੈਂ ਇਹ ਵੀ ਦੇਖਿਆ ਕਿ ਜਦੋਂ ਉਹ ਬੰਦਾ ਪਾਰਕਿੰਗ ਚੋਂ ਆਪਣੀ ਗੱਡੀ ਕੱਢ ਰਿਹਾ ਸੀ, ਦੂਸਰੇ ਪਾਸਿਓਂ ਆਉਣ ਵਾਲਿਆਂ ਗੱਡੀਆਂ ਉਸ ਨੂੰ ਰਸਤਾ ਦੇ ਰਹੀਆਂ ਸਨ। .ਇਸ ਕਰ ਕੇ ਉਹ ਆਪਣੀ ਮਸਤੀ ਨਾਲ ਪਾਰਕਿੰਗ ਚੋਂ ਬਾਹਰ ਨਿਕਲ ਕਿ ਮੇਨ ਰੋਡ ਵੱਲ ਵੱਗ ਗਿਆ. ..

ਜਿੰਨੇ ਦਿਨ ਮੈਂ ਅਮਰੀਕਾ ਚ ਰਿਹਾ ਇਹੋ ਨੋਟਿਸ ਕੀਤਾ ਕਿ ਹਰ ਥਾਂ ਤੇ ਹੈਂਡੀਕੈਪ ਬੰਦਿਆਂ ਵਾਸਤੇ ਪਾਰਕਿੰਗ ਦੀ ਜਗ੍ਹਾ ਰਾਖਵੀਂ ਹੈਂ. ਮੈਂ ਆਪਣੇ ਹੋਟਲ ਚ ਵੀ ਆ ਕੇ ਵੇਖਿਆ ਇਸ ਤਰ੍ਹਾਂ ਦੇ ਬੋਰਡ ਵੀ ਲੱਗੇ ਨੇ, ਜੇ ਕਿਸੇ ਨੇ ਇਸ ਦਾ ਗ਼ਲਤ ਇਸਤੇਮਾਲ ਕੀਤਾ ਤੇ 250 ਡਾਲਰ ਦਾ ਜੁਰਮਾਨਾ ਲੱਗੇਗਾ।


ਉਸ ਬਜ਼ੁਰਗ ਦੇ ਜਾਣ ਤੋਂ ਬਾਅਦ ਤੇ ਮੈਨੂੰ ਬਹੁਤ ਸਾਰੇ ਬਜ਼ੁਰਗ ਹੋਰ ਵੀ ਦਿਖੇ। ..ਕਈਂ ਤੇ ਜਨਾਨੀ ਆਦਮੀ ਲੱਗ ਰਹੇ ਸੀ....ਸ਼ਾਰੀਰਿਕ ਤੌਰ ਤੇ ਭਾਵੇਂ ਉਹ ਢਿੱਲੇ ਢਾਲੇ ਜਾਪਦੇ ਵਿਖੇ, ਪਰ ਜ਼ਹਿਨੀ ਤੌਰ ਤੇ ਘਟੋ ਘਟ ਬਿਲਕੁਲ ਟਨਾਟਨ ਲੱਗ ਰਹੇ ਸੀ... ਗੱਲ ਇਹ ਵੀ ਹੈ ਕਿ ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ !!

ਇਕ ਚੀਜ਼ ਹੋਰ ਸਾਂਝੀ ਕਰਨਾ ਚਾਹਾਂਗਾ - ਆਪਾਂ ਕੀਤੇ ਵੀ ਮਾਲ ਆਦਿ ਚ ਜਾਂਦੇ ਹਾਂ ਤੇ ਟਰਾਲੀ ਲੈਂਦੇ ਹਾਂ... ਉਸ ਦਿਨ ਉਸ ਸਟੋਰ ਦੇ ਬਾਹਰ ਬੈਠੇ ਮੈਂ ਨੋਟਿਸ ਕੀਤਾ ਕਿ ਉਸ ਦੇ ਬਾਹਰ ਵੀ ਇੰਨਾ ਟ੍ਰੋਲਿਆਂ ਦੀ ਲੰਬੀ ਕਤਾਰ ਲੱਗੀ ਹੋਈ ਏ, ਇਕ ਦੂਜੇ ਚ ਧੱਸੀਆਂ ਹੋਇਆਂ। ਉਸ ਕਤਾਰ ਚੋਣ ਇਕ ਟਰਾਲੀ ਅਲੱਗ ਖਿੱਚਣ ਵਾਸਤੇ ਉਸ ਦੀ ਚੇਨ ਦੇ ਨੇੜੇ ਲੱਗੀ ਮੋਰੀ ਵਿਚ ਇਕ ਕਵਾਟਰ ਡਾਲਰ (25 ਸੇਂਟ ) ਦਾ ਸਿੱਕਾ ਵਾੜ ਕੇ ਦੱਬਣਾ ਹੁੰਦੈ। ਇਹ ਕੰਮ ਕਰਣ ਕੇ ਬਾਅਦ ਹੀ ਤੁਸੀਂ ਓਥੋਂ ਉਹ ਟ੍ਰੋਲੀ ਕੱਢ ਕੇ ਉਸ ਦੀ ਵਰਤੋਂ ਕਰ ਪਾਓਗੇ।




ਤੁਸੀਂ ਆਪਣਾ ਕੰਮ ਕਰਦੇ ਰਹੋ ਉਸ ਟ੍ਰੋਲੀ ਨੂੰ ਲੈ ਲੈ ਕੇ ਪਰ ਉਹ ਤੁਹਾਡਾ ਉਸ ਵਿਚ ਪਾਇਆ ਹੋਇਆ ਸਿੱਕਾ ਉਸ ਵਿਚ ਹੀ ਵੜਿਆ ਰਹੇਗਾ। ਤੁਸੀਂ ਆਪਣੀ ਸ਼ਾਪਿੰਗ ਪੂਰੀ ਕਰੋ. ..ਜਦੋਂ ਬਾਹਰ ਆ ਕੇ ਤੁਸੀਂ ਉਸ ਟ੍ਰੋਲੀ ਨੂੰ ਉਸ ਦੇ ਟਿਕਾਣੇ ਤੇ ਛੱਡੋਗੇ ਤਾਂ ਤੁਹਾਨੂੰ ਉਸ ਟ੍ਰੋਲੀ ਨੂੰ ਕਤਾਰ ਚ ਲੱਗੀ ਟ੍ਰੋਲੀ ਦੇ ਪਿੱਛੇ ਲਗਾਉਣਾ ਪਵੇਗਾ, ਇਕ ਛੋਟੀ ਜਿਹੀ ਨਾਲ ਹੀ ਲੱਗੀ ਚੇਨ ਉਸ ਚ ਦੱਬਣੀ ਪਵੇਗੀ ਤੇ ਨਾਲ ਹੀ ਤੁਹਾਡਾ ਉਸ ਟ੍ਰੋਲੀ ਚ ਫਸਿਆ ਹੋਇਆ ਕਵਾਰਟਰ ਡਾਲਰ ਬਾਹਰ ਆ ਜਾਏਗਾ। ਚੰਗੀ ਗੱਲ ਲੱਗੀ ਇਹ ਨੂੰ।..ਇਸ ਦਾ ਕਾਰਨ ਜੋ ਮੈਂ ਸਮਝ ਸਕਿਆ ਹਾਂ ਇਹੋ ਹੈ ਕਿ ਲੋਕੀਂ ਸਾਰੇ ਏਕੋ ਮਿਥੀ ਹੋਇ ਥਾਂ ਤੇ ਹੀ ਜਾ ਕੇ ਟਰਾਲੀ ਛੱਡਣ।
ਜਿਵੇਂ ਆਪਣੇ ਇਥੇ ਚਵੰਨੀ ਹੁੰਦੀ ਸੀ, USA ਦੇ ਡਾਲਰ ਦੀ ਤੁਸੀਂ ਇਸ ਨੂੰ ਚਵੰਨੀ ਕਹਿ ਸਕਦੇ ਹੋ..

ਓਥੋਂ ਦੀ ਇਹ ਚਵਾਨੀ ਵੀ ਸਾਡੇ 17-18 ਰੁਪਏ ਦੇ ਬਰਾਬਰ ਹੈ....
(ਚਵਾਨੀ ਨੂੰ ਅਸੀਂ ਕਿਸੇ ਜ਼ਮਾਨੇ ਚ ਪੌਲੀ ਵੀ ਆਖਦੇ ਸਾਂ। ..ਹੁਣ ਤੇ ਨਾ ਪੌਲੀ ਰਹੀ, ਨਾ ਕਹਿਣ ਵਾਲੇ ਹੀ ਰਹੇ 😄)

ਅਮਰੀਕਾ ਚ ਸਿਸਟਮ ਬਹੁਤ ਚੰਗਾ ਹੈ। ..ਕਿਸੀ ਚੀਜ਼ ਦੀ ਬਹੁਤੀ ਸਿਰ ਖਪਾਈ ਨਹੀਂ ਹੈ. ਆਪਣੇ ਹੋਟਲ ਚ ਮੈਂ ਵੇਖਿਆ ਕਿ ਅਗ-ਬੁਝਾਊ ਗੱਡੀਆਂ ਦੀ ਵੀ ਅਲੱਗ ਥਾਂ ਮਿੱਥ ਰੱਖੀ ਹੈ, ਓਥੇ ਜ਼ਮੀਨ ਤੇ ਲਿਖਿਆ ਹੈ....ਓਥੇ ਹੋਰ ਕੋਈ ਆਪਣੀ ਗੱਡੀ ਨਹੀਂ ਲਾ ਸਕਦਾ। ਜੇ ਕਰ ਕੀਤੇ ਅੱਗ ਲੱਗਦੀ ਹੈ ਤੇ ਉਹ ਅੱਗ -ਬੁਝਾਊ ਗੱਡੀਆਂ ਆਪਣੇ ਮਿਥੇ ਥਾਂ ਤੇ ਆ ਕੇ ਰੁਕਣ ਗੀਆਂ ਤੇ ਸੁਚੱਜੇ ਤਰੀਕੇ ਨਾਲ ਆਪਣਾ ਕੰਮ ਕਰ ਸਕਣ ਗੀਆਂ। .. ਪਰ ਸਾਡੇ ਇਥੇ ਤੇ ਪਹਿਲੇ ਸਮੇਂ ਸਿਰ ਫਾਇਰ ਬ੍ਰਿਗੇਡ ਪਹੁੰਚ ਹੀ ਨਹੀਂ ਪਾਉਂਦੀ, ਟ੍ਰੈਫਿਕ ਹੀ ਇੰਨਾ ਪੰਗੇ ਵਾਲਾ ਹੈ, ਜੇ ਪਹੁੰਚ ਵੀ ਜਾਵੇ ਤੇ ਉਸ ਦਾ ਉਸ ਹੋਟਲ ਚ ਪਹੁੰਚਣ ਦਾ ਰਸਤਾ ਪਾਰਕ ਕੀਤੀਆਂ ਗੱਡੀਆਂ ਕਰਕੇ ਬਲਾਕ ਮਿਲੇਗਾ।... ਜੇ ਹੋ ਵੀ ਠੀਕ ਮਿਲੇ ਤਾਂ ਪੌੜੀ ਛੋਟੀ ਨਿਕਲੇ ਗੇ। ..ਨਹੀਂ ਤੇ ਉਸ ਬਿਲਡਿੰਗ ਵਾਲਿਆਂ ਨੇ ਇਸ ਤਰ੍ਹਾਂ ਦੀਆਂ ਮੋਟੀਆਂ ਮੋਟੀਆਂ ਲੋਹੇ ਦਿਨ ਗਰਿੱਲਾਂ ਗੱਡੀਆਂ ਹੋਣ ਗੀਆਂ ਕਿ ਬਚਾਉ ਦਾ ਕੰਮ ਅੱਧ ਵਿਚਾਲੇ ਹੀ ਅੜਿਆ ਰਹਿ ਜਾਂਦੈ। ....ਤਦ ਤਕ ਅੰਦਰ ਫਸੇ ਲੋਕਾਂ ਦਾ ਕੰਮ ਹੋ ਜਾਂਦੈ 😔😢

ਚੰਗਾ ਲੱਗਾ ਜੀ ਪਹਿਲੇ ਦਿਨ ਅਮਰੀਕਾ ਚ  ਕੁ ਵੇਖਿਆ।.....ਇਹੋ ਸੋਚਦਾ ਰਿਹਾ ਕਿ ਜਿਹੜੇ ਲੋਕ ਏਥੇ ਆ ਕੇ ਵੱਸ ਜਾਂਦੇ ਨੇ  ਓਸੇ ਲਈ ਉੰਨਾ ਨੂੰ ਇਹ ਬਹੁਤ ਚੰਗਾ ਲੱਗਣ ਲੱਗ ਜਾਂਦੈ। ...ਬਿਲਕੁਲ ਵੀ ਮਿੱਟੀ ਘੱਟਾ ਨਹੀਂ, ਚਮ ਚਮ ਕਰਦਿਆਂ ਗੱਡੀਆਂ। ..ਆਉਂਦੇ ਜਾਂਦੇ ਜਿਹੜੇ ਦਰੱਖਤ ਵੇਖੇ ਇੰਝ ਲੱਗਦੇ ਨੇ ਜਿਵੇਂ ਇੰਨਾ ਨੂੰ ਰਾਤੀਂ ਕਿਸੇ ਨੇ ਧੋਤਾ ਹੋਵੇ।

ਇਸ ਸਟੋਰ ਤੋਂ ਵਾਪਸ ਆਪਣੇ ਹੋਟਲ ਵੱਲ ਜਾਂਦਿਆਂ ਕੁਛ ਫ਼ੋਟਾਂ ਖਿੱਚੀਆਂ ਜਿਹੜੀਆਂ ਥੱਲੇ ਲਗਾ ਰਿਹਾ ਹਾਂ।




ਬੱਸ ਦਾ  ਸ਼ੀਸ਼ਾ ਇੰਨਾ ਸਾਫ ਕਿ ਦੂਜੇ ਪਾਸੇ ਨੇ ਨਜ਼ਾਰੇ ਵਿਖ ਰਹੇ ਨੇ। .

ਮੈਨੂੰ ਇਕ ਚੀਜ਼ ਸਮਝ ਨਹੀਂ ਆਈ ਕਿ ਕਾਰਾਂ ਦੀਆਂ ਲਾਈਟਾਂ ਸਵੇਰ ਦੇ ਵਕ਼ਤ ਵੀ ਕਿਓਂ ਆਨ ਰੱਖਦੇ ਨੇ......ਪਰ ਜ਼ਰੂਰੀ ਤੇ ਨਹੀਂ ਕਿ ਹਰ ਗੱਲ ਦਾ ਜਵਾਬ ਪਤਾ ਹੀ ਹੋਵੇ ।


ਹੁਣ ਮੈਂ ਸੋਚ ਰਿਹਾ ਸੀ ਕਿ ਕਿਹੜਾ ਗਾਣਾ ਲਾਵਾਂ, ਦੋ ਲੱਛਿਆਂ ਪੰਜਾਬੀ ਫਿਲਮ ਦਾ ਖਿਆਲ ਆ ਗਿਆ, ਇਸ ਫਿਲਮ ਨੇ ਬੜੀ ਵਾਰੀ ਜਲੰਧਰ ਟੀ ਵੀ ਤੋਂ ਵਿਖਾਇਆ ਜਾਂਦਾ ਸੀ...ਤੇ ਇਸ ਦੇ ਗਾਣੇ ਅਕਸਰ ਜਲੰਧਰ ਰੇਡੀਓ ਸਟੇਸ਼ਨ ਤੋਂ ਵੱਜਦੇ ਰਹਿੰਦੇ ਸਨ.....ਜਿਵੇਂ ਕਿ ਇਹ। ..ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਂ ਓ ਬਹਿੰਦੀ।

ਇਸ ਤਰ੍ਹਾਂ ਅਸੀਂ ਜਾ ਅੱਪੜੇ ਵਾਸ਼ਿੰਗਟਨ ..


ਪਿੱਛਲੀ ਪੋਸਟ ਚ ਮੈਂ ਅਰਜ਼ ਕੀਤਾ ਸੀ ਕਿ ਅਸੀਂ ਦਿੱਲੀ ਤੋਂ ਦੁਬਈ ਦੀ ਫਲਾਈਟ ਲਈ ਤੇ ਰਾਤ 2 ਵਜੇ ਦੇ ਕਰੀਬ ਦੁਬਈ ਪਹੁੰਚ ਗਏ... ਇਹ ਰਿਹਾ ਜੀ ਪਿਛਲੀ ਪੋਸਟ ਦਾ ਲਿੰਕ।.. ਅਮਰੀਕਾ ਦਾ ਛੋਟਾ ਜਿਹਾ ਗੇੜਾ। ..

ਅੱਗੇ ਚਲੀਏ ?... ਦੁਬਈ ਤੋਂ ਵਾਸ਼ਿੰਗਟਨ ਲਈ ਜਿਹੜੀ ਫਲਾਈਟ ਅਸੀਂ ਹੁਣ ਲੈਣੀ ਸੀ ਉਹ ਵੀ ਯੂਨਾਇਟੇਡ ਅਰਬ ਏਮੀਰਾਤੇਸ ਦੀ ਹੀ ਸੀ...ਇਸ ਕਰਕੇ ਦਿੱਲੀ ਤੋਂ ਦੁਬਈ ਵਾਲੀ ਫਲਾਈਟ ਲੇਟ ਹੋਣ ਦੇ ਬਾਵਜੂਦ ਉਹਨਾਂ ਨੇ ਸਾਡੀ ਉਡੀਕ ਤੇ ਕਰਨੀ ਹੀ ਸੀ.

ਸਾਡਾ 25 ਲੋਕਾਂ ਦਾ ਗਰੁੱਪ ਸੀ....ਸਾਰੇ ਸੇੰਟ੍ਰਲ ਗੋਵਰਨਮੈਂਟ ਦੀਆਂ ਵੱਖ ਵੱਖ ਮਿਨਿਸਟਰੀਆਂ ਦੇ ਸੀਨੀਅਰ ਅਫਸਰ। ਜਿਵੇਂ ਹੀ ਅਸੀਂ ਜਹਾਜ ਤੋਂ ਬਾਹਰ ਆਏ, ਓਥੇ ਇਕ ਬੱਸ ਖੜੀ ਸੀ। ਉਸ ਬੱਸ ਦੇ ਬਾਹਰ ਖੜਾ ਬੰਦਾ ਵਾਸ਼ਿੰਗਟਨ --ਵਾਸ਼ਿੰਗਟਨ ਦੀਆਂ ਹਾਕਾਂ ਲਾ ਰਿਹਾ ਸੀ...(ਜਿਵੇਂ ਉਸ ਬੱਸ ਨੇ ਹੀ ਵਾਸ਼ਿੰਗਟਨ ਜਾਣਾ ਹੋਵੇ)...ਬਹਿ ਗਏ ਜੀ ਅਸੀਂ ਉਸ ਬੱਸ ਵਿਚ...ਉਸ ਬੱਸ ਵਿਚ ਘੱਟੋ ਘੱਟ 8-10 ਮਿੰਟ ਸਫਰ ਕਰਣ ਦੇ ਬਾਅਦ ਅਸੀਂ ਦੁਬਈ ਏਅਰਪੋਰਟ ਦੇ ਕਿਸੇ ਦੂਸਰੇ ਟਰਮਿਨਲ ਤੇ ਪਹੁੰਚ ਗਏ. ..

ਜਿਵੇਂ ਹੀ ਓਥੇ ਪੁੱਜੇ, ਇਕ ਤਗੜੀ ਜਿਹੀ ਜਨਾਨੀ ਜਿੰਨੇ ਨੀਲੇ ਰੰਗ ਦੀ ਵਰਦੀ ਪਾਈ ਹੋਈ ਸੀ...ਉਸ ਨੇ ਰੋਬਦਾਰ ਆਵਾਜ਼ ਚ ਆਖਿਆ।... ਫਾਲੋ ਮੀ। .........ਉਸ ਵੇਲੇ ਮੈਨੂੰ ਤੇ ਇੰਝ ਦੀ ਫੀਲ ਆ ਰਹੀ ਸੀ ਜਿੰਝ ਪੰਜਾਬ ਚ ਮਜ਼ਦੂਰੀ ਕਰਣ ਆਏ ਹੋਏ ਕਾਮਿਆਂ ਨੂੰ ਲੁਧਿਆਣੇ ਸਟੇਸ਼ਨ ਤੋਂ ਉਤਰ ਕੇ ਆਪਣੇ ਆਗੂ ਨਾਲ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਆਉਂਦੀ ਹੋਵੇਗੀ।

ਅਸੀਂ ਲੋਕੀਂ ਉਸ ਬੀਬੀ ਦੇ ਪਿਛੇ ਪਿਛੇ ਚਲਦੇ ਰਹੇ। .. 8-10 ਮਿੰਟ ਚਲਦੇ ਰਹੇ...ਇਕ ਸਾਥੀ ਕਹਿਣ ਲੱਗਾ ਕਿ ਇਸ ਤਰ੍ਹਾਂ ਦੇ ਟੇਢੇ ਮੇਢੇ ਰਸਤੇ ਤੇ ਜੇ ਕਿਸੇ ਨੂੰ ਇਕੱਲੇ ਆਉਣਾ ਪਵੇ ਜਦੋਂ ਟਾਈਮ ਵੀ ਘਟ ਹੋਵੇ ਤਾਂ ਉਹ ਤਾਂ ਪਹੁੰਚ ਹੀ ਨਾ ਸੱਕੇ। ਕਿਓਂਕਿ ਇਹ ਕੰਨੇਕਟਿੰਗ ਫਲਾਈਟ ਸੀ, ਸਾਡਾ ਇੰਤਜ਼ਾਰ ਹੋ ਰਿਹਾ ਸੀ... ਮੁੜ ਸਕਿਉਰਿਟੀ ਚੈੱਕ ਹੋਇਆ।.....ਬੂਟ ਤਕ ਉਤਰਵਾਏ ਗਏ...



ਬੈਠ ਗਏ ਜੀ ਜਹਾਜ਼ ਚ, ਇੰਨਾ ਵੱਡਾ ਜਹਾਜ਼ !! -- ਕਿਸੇ ਨੇ ਦਸਿਆ ਕਿ ਇਹ ਡਬਲ ਡੇਕਰ ਜਹਾਜ਼ ਹੈ...ਵੈਸੇ ਅਸੀਂ ਥੱਲੜੀ ਫਲੋਰ ਤੇ ਹੀ ਸਾਂ....ਕਿਸੇ ਨੇ ਦਸਿਆ ਸੀ ਕਿ ਉੱਪਰ ਬਿਜਨੈੱਸ ਕਲਾਸ ਹੈ। ਪਰ ਉਪਰ ਇੱਦਾਂ ਹੀ ਗੇੜੀ ਮਾਰ ਕੇ ਆਉਣ ਦੀ ਮਨਾਹੀ ਸੀ, ਇਕ ਸਾਥੀ ਦੇ ਮੁੰਡੇ ਨੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਏਅਰ ਲਾਈਨ ਦੇ ਸਟਾਫ ਨੇ ਉਸੇ ਵੇਲੇ ਉਸ ਨੂੰ ਠੱਪ ਦਿੱਤਾ ਸੀ....ਨਹੀਂ, ਉੱਪਰ ਨਹੀਂ ਜਾ ਸਕਦੇ।


ਸੀਟ ਦੇ ਸਾਹਮਣੇ ਲੱਗੀ ਸਕਰੀਨ (ਅਗਲੀ ਸੀਟ ਦੀ ਬੈਕ ਉੱਤੇ)

ਜਹਾਜ਼ ਤੇ ਇਹ ਵੀ ਸਾਡੀ ਪਿਛਲੀ ਫਲਾਈਟ ਵਰਗਾ ਵੱਡਾ ਹੀ ਸੀ ਅੰਦਰੋਂ, ਇਕ ਲਾਈਨ ਚ ਤਿੰਨਾਂ ਹਿੱਸਿਆਂ ਚ ਵੰਡਿਆਂ ਹੋਇਆਂ 10 ਸੀਟਾਂ। ਇਸ ਜਹਾਜ਼ ਦੀ ਅੰਬਿਇੰਸ ਉਸ ਪਿੱਛਲੇ ਦਿੱਲੀ ਤੋਂ ਦੁਬਈ ਵਾਲੇ ਜਹਾਜ਼ ਤੋਂ ਬੇਹਤਰ ਸੀ ਜੀ, ਸਾਡੀਆਂ ਸੀਟਾਂ ਦੇ ਸਾਹਮਣੇ ਜਿਹੜੀ ਸਕਰੀਨ ਲੱਗੀ ਹੋਈ ਸੀ। .ਉਸਦਾ ਦਾ ਟਚਪੜ ਵੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਸੀ...ਸਾਫ ਸੁਥਰੇ ਏਅਰ ਫੋਨ ਵੀ ਇਕ ਮੋਮਜਾਮੇ ਦੀ ਥੈਲੀ ਚ ਦਿੱਤੇ ਤੇ ਇਕ ਬਿਲਕੁਲ ਪਤਲਾ ਜੇਹਾ ਕੰਬਲ ਵੀ ਮੋਮਜਾਮੇ ਦੇ ਲਿਫਾਫੇ ਵਿਚ ਰੱਖਿਆ ਹੋਇਆ ਮਿਲਿਆ।.....ਜਿਸ ਨੂੰ ਵੇਖ ਕੇ ਹੀ ਲੱਗਦਾ ਸੀ ਕਿ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਏ....ਭਾਵੇਂ ਉਹ ਨਾ ਤੇ ਕੰਬਲ ਸੀ ਤੇ ਨਾ ਹੀ ਲੋਈ। ..ਨਾ ਹੀ ਤੀਵੀਂਆਂ ਦਾ ਸ਼ਾਲ। ...ਹਾਂ ਹਾਂ, ਅਜ ਕਲ ਦੀਆਂ ਤੀਵੀਆਂ ਜਿਹੜਾ ਸਤੋਲ ਲੈਂਦੀਆਂ ਨੇ, ਬੱਸ ਓਹੋ ਜੇਹਾ ਹੀ ਸੀ, ਮਤਲਬ ਠੰਡ ਨੂੰ ਠੱਪੀ ਰੱਖਣ ਵਾਸਤੇ ਇਕ ਤਸ਼ਨ। ....ਖੈਰ ਜੋ ਵੀ ਸੀ, ਚੰਗਾ ਸੀ, ਇੰਨੀ ਥੋੜੀ ਜਗਾ ਦੇ ਹਿਸਾਬ ਨਾਲ ਬਿਲਕੁਲ ਸਹੀ ਸੀ ਜੀ..... ਵੈਸੇ ਵੀ ਉਸ ਲੋਈਨੁਮਾ ਚਾਦਰ ਤੋਂ ਕਿਤੇ ਜ਼ਿਆਦਾ ਮੈਨੂੰ ਆਪਣੀ ਫਿਕਰ ਲੱਗੀ ਹੋਈ ਸੀ ਕਿ ਕਿੰਝ ਲੰਘਣਗੇ ਇਹ 13-14 ਘੰਟੇ।

ਸਾਮਾਨ ਤੇ ਸਬ ਕੁਛ ਠਾ ਸੀ, ਪਰ ਨੀਂਦ ਵੀ ਤੇ ਆਵੇ.....ਇੰਨੀ ਘਟ ਜਗਾ ਚ ਬੰਦਾ ਸੋਵੇ ਕਿਵੇਂ। ਮੈਨੂੰ ਤੇ ਰਹਿ ਰਹਿ ਕੇ ਉਹ ਪੁਰਾਣੇ ਦਿਨ ਚੇਤੇ ਆ ਰਹੇ ਸੀ ਜਦੋਂ ਦਿੱਲੀ ਤੋਂ ਬੰਬਈ ਮੈਂ ਕਈ ਵਾਰ ਰਾਜਧਾਨੀ ਟ੍ਰੇਨ ਦੀ ਏ.ਸੀ ਚੇਅਰ ਕਾਰ ਚ ਸਫ਼ਰ ਕਰਦਾ ਸੀ, ਸ਼ਾਇਦ ਅੱਠ ਦੱਸ ਵਾਰ ਤੇ ਕੀਤਾ ਹੀ ਹੋਵੇਗਾ।..ਉਸ ਦੇ ਬਾਅਦ ਉਸ ਗੱਡੀ ਚ ਏ.ਸੀ ਥ੍ਰੀ ਟਾਇਰ ਤੇ ਬਾਅਦ ਚ ਟੁ ਤੇ ਫੇਰ ਵਨ ਵੀ ਲੱਗਣ ਲੱਗ ਪਏ...

ਪਰ ਜਿਨਾਂ ਦਿਨਾਂ ਚ ਦਿੱਲੀ ਤੋਂ ਬੰਬਈ ਚੇਅਰ ਕਾਰ ਚ ਸਫਰ ਕਰਣ ਦੀ ਮਜ਼ਬੂਰੀ ਸੀ, ਮੈਨੂੰ ਤੇ ਨਾਨੀ ਚੇਤੇ ਆ ਜਾਂਦੀ ਸੀ ਹਰ ਵਾਰੀ (ਵੈਸੇ ਤੇ ਉਹ ਭੁੱਲੀ ਕਦੋਂ ਸੀ !!) - ਇਹ ਗੱਡੀ ਨਵੀਂ ਦਿਲੀ ਤੋਂ ਸ਼ਾਮਾਂ ਨੂੰ ਪੰਜ ਵਜੇ ਚਲਦੀ ਸੀ ਤੇ ਸਾਰੇ ਟਿੱਚ ਸਾਡੇ ਅੱਠ ਵਜੇ ਬੰਬਈ ਸੇੰਟ੍ਰਲ ਦੀ ਪੰਜ ਨੰਬਰ ਪਲੇਟਫਾਰਮ ਤੇ ਲਾਹ ਦੇਂਦੀ ਸੀ...(ਬਿਲਕੁਲ ਉਸਦੇ ਸਾਡੇ ਸਾਮਣੇ ਸਟੇਸ਼ਨ ਕੰਪਲੈਕਸ ਚ ਹੀ ਰੇਲਵੇ ਦੀ ਇਕ ਗਗਨ ਚੁੰਬੀ ਬਿਲਡਿੰਗ ਦੀ 11ਵੀਂ ਮੰਜ਼ਿਲ ਤੇ ਆਪਣਾ ਆਲ੍ਹਣਾ ਹੁੰਦਾ ਸੀ....ਸੀ ਵਿਊ !!

ਚੰਗਾ ਜੀ, ਉਸ ਗੱਡੀ ਤੇ ਦਿੱਲੀਓਂ ਚੜ ਕੇ ਰਾਤ ਦੇ ਅੱਠ ਨੌ ਵਜੇ ਤਕ ਤੇ ਖਾਂਦੇ ਪੀਂਦੇ ਵਕ਼ਤ ਦਾ ਪਤਾ ਹੀ ਨਹੀਂ ਸੀ ਲੱਗਦਾ।..ਉਸ ਤੋਂ ਬਾਅਦ ਨੀਂਦ ਘੇਰਣਾ ਸ਼ੁਰੂ ਕਰਦੀ ਸੀ...ਚੰਗੀ ਤਰ੍ਹਾਂ ਯਾਦ ਹੈ ਕਿ ਰਾਤ 10-11 ਵਜੇ ਤਕ ਤੇ ਲੋਕ ਸਮੇਂ ਨੂੰ ਕਿੱਦਾਂ ਵੀ ਧੱਕੇ ਦੇ ਦਿੰਦੇ ਸਨ, ਪਰ ਫੇਰ ਤੇ ਬੱਸ ਓਥੇ ਹੀ ਕੋਚ ਚ ਹੀ ਭੁੰਜੇ ਹੀ ਵਾਰੀ ਵਾਰੀ ਲੇਟਣ ਲੱਗ ਜਾਂਦੇ ਸਨ। ਕਿੱਡੀ ਸੋਹਣੀ ਉਹ ਗੱਲ ਹੈ....ਭੁੱਖ ਨਾ ਵੇਖੇ ਮੰਨ, ਨੀਂਦ ਨਾ ਵੇਖੇ .... ਕੀ? ...ਯਾਦ ਨਹੀਂ ਆ ਰਿਹਾ! ...ਬਿਸਤਰੇ ਵਾਸਤੇ ਕੋਈ ਲਫ਼ਜ਼ ਹੈ. ਪਰ ਇਸ ਫਲਾਈਟ ਚ ਤੇ ਲੰਮੇ ਪੈਣ ਦੀ ਕੋਈ ਜਗ੍ਹਾ ਵੀ ਤੇ ਨਹੀਂ ਸੀ.

ਮੈਨੂੰ ਓਥੇ ਬੈਠੇ ਬੈਠੇ ਧਿਆਨ ਇਸ ਗੱਲ ਦਾ ਵੀ ਆਇਆ ਕਿ ਬੜੀ ਚਰਚਾ ਹੁੰਦੀ ਰਹਿੰਦੀ ਏ ਕਿ ਸਾਡਾ ਫਲਾਣਾ ਆਗੂ ਬਾਰ ਬਾਰ ਦੀਆਂ ਟਪੋਸ਼ੀਆਂ ਮਾਰਦਾ ਰਹਿੰਦੈ , ਇਹਦੇ ਪੈਰ ਤੇ ਇਕ ਜਗ੍ਹਾ ਟਿਕਦੇ ਹੀ ਨਹੀਂ, ਪਰ ਇਕ ਗੱਲ ਤਾਂ ਹੈ ਕਿ ਇੰਨੇ ਤੋਰੇ-ਫੇਰੇ ਵਾਸਤੇ ਬੜੀ ਵਿਲ-ਪਾਵਰ ਚਾਹੀਦੀ ਏ ਬਾਈ.... ਭਾਵੇਂ ਜਿੰਨੇ ਮਰਜੀ ਵੱਡੀਆਂ ਜਹਾਜ਼ਾਂ ਚ ਉਡਦੇ ਹੋਣੇਗੇ।..ਪਰ ਡੱਕੇ ਤੇ ਰਹਿਣਾ ਹੀ ਪਉ. ..ਮੈਂ ਮਿਸਿਜ ਨਾਲ ਮਜ਼ਾਕ ਕਰ ਰਿਹਾ ਸੀ ਕਿ ਜੇ ਕਰ ਮੈਂ ਕਿਤੇ ਮੰਤਰੀ ਬਣ ਗਿਆ ਵੀ ਕਿਸੇ ਜਨਮ ਚ, ਮੈਂ ਤੇ ਇਹੋ ਜਿਹੇ ਦੌਰੇਆਂ ਨੂੰ ਹੇਠ ਜੋੜ ਕੇ ਮਨਾ ਕਰ ਦਿਆਂ। ....ਬਈ, ਹੋਰ ਕੋਈ ਸੇਵਾ ਦੱਸੋ।

ਦੂਜੀ ਗੱਲ ਇਹ ਸੋਚ ਰਿਹਾ ਸੀ ਕਿ ਜਿੰਨੀ ਚੈਕਿੰਗ ਆਪਣਾ ਮੁਲਕ ਛੱਡਣ ਤੋਂ ਪਹਿਲਾਂ ਹੁੰਦੀ ਹੈ, ਇੱਮੀਗ੍ਰਸ਼ਨ ਦੇ ਕਾਉੰਟਰ, ਇੰਨੀ ਸਖ਼ਤਾਈ ਤੇ ਬਾਵਜੂਦ ਵੀ ਜੇਕਰ ਮੋਦੀ, ਨੀਰਵ ਵਰਗੇ ਪੱਠੇ ਇਥੋਂ ਨਸ ਗਏ, ਇਹ ਤੇ ਬਾਈ ਉੰਨਾ ਦੀ ਬਹਾਦਰੀ ਹੈ ਜਾਂ ਸਾਡਾ ਆਪਣਾ ਹੀ ਆਵਾ ਊਤਿਆ ਹੋਇਆ ਏ.... ਅਸਲੀਅਤ ਅਸੀਂ ਸਾਰੇ ਜਾਣਦੇ ਹਾਂ.

ਹਾਂ ਜੀ, ਮੈਂ ਲਿਖ ਚੁਕਿਆ ਹਾਂ ਕਿ ਸਾਡੀ ਫਲਾਈਟ ਹਿੰਦੁਸਤਾਨੀ ਟਾਇਮ ਦੇ ਮੁਤਾਬਿਕ (ਮੇਰੀ ਘੜੀ ਦੇ ਹਿਸਾਬ ਨਾਲ) ਢਾਈ ਤਿੰਨ ਵਜੇ ਚੱਲੀ। ..ਕੁਛ ਚਿਰ ਬਾਅਦ ਹੀ ਸਾਡੇ ਸਮੇਂ ਮੁਤਾਬਕ ਸਵੇਰ ਦੇ ਚਾਰ ਪੰਜ ਵਜੇ ਲੰਚ ਮਿਲ ਗਿਆ। .. ਚੰਗਾ ਸੀ ਜੀ। ..ਹਿੰਦੁਸਤਾਨੀ ਵੇਜ ਖਾਣਾ ਲਿਆ ਸੀ...ਛਕ ਲਿਆ ਜੀ, ਪਰ ਨੀਂਦ ਨੂੰ ਕਿਵੇਂ ਡੱਕਾਂ , ਗੱਲ ਤੇ ਸਾਰੀ ਇਹ ਸੀ, ਲੰਮੇ ਪੈਣ ਦੀ ਜੱਗ ਦੂਰ ਕੀਤੇ ਲੱਤਾਂ ਸਿੱਧੀਆਂ ਕਰਣ ਦੀ ਵੀ ਤੇ ਥਾਂ ਨਹੀਂ ਸੀ, ਬਾਬੇਓ ...., ਸਫਰ ਚ ਅਸੀਂ ਚੁੱਪੀ ਲਪੇਟੇ ਰੱਖੀ ਦੀ ਹੈ., ਕਿਓਂ ਕਿ ਜ਼ਿਆਦਾ ਗੱਲਾਂ ਨਾਲ ਮੇਰਾ ਦਿਲ ਕੱਚਾ ਹੋਣ ਲੱਗ ਪੈਂਦਾ ਏ....ਪਰ, ਦੋ ਘੰਟੇ ਚ ਹੀ ਡਾਢਾ ਬੋਰ ਹੋ ਗਿਆ ਸਾਂ ਤੇ ਇਹ 14 ਘੰਟੇ ਬੀਤਣਗੇ ਕਿਵੇਂ .. ਪਰ ਜੇ ਔਖਲੀ ਚ ਸਿਰ ਧਸ ਹੀ ਦਿੱਤਾ ਤੇ ਫੇਰ ਕਾਹਦਾ ਡਰ।

ਮੈਨੂੰ ਤੇ ਰਹਿ ਰਹਿ ਕੇ ਇਹੋ ਖਿਆਲ ਆ ਰਿਹਾ ਸੀ ਕਿ ਮੈਂ ਵੀ ਪੰਗੇ ਲੈਨੋ ਬਾਜ ਨਹੀਂ ਆਉਂਦਾ. ..ਮੈਨੂੰ ਆਉਣਾ ਹੀ ਨਹੀਂ ਸੀ ਚਾਹੀਦਾ, ਆਪਣਾ ਮੁਲਕ ਤੇ ਮੈਂ ਕਿੰਨਾ ਕੁ ਘੁੰਮਿਆ ਏ ਅਜੇ ਕਿ ਤੁਰ ਪਿਆ ਹਾਂ ਅਮਰੀਕਾ। ਚਲੋ, ਉਸ ਫਲਾਈਟ ਦੀ ਸਰਵਿਸ ਬੜੀ ਚੰਗੀ ਸੀ। ..ਬਾਰ ਬਾਰ ਜੂਸ ਦੇ ਰਹੇ ਸਨ, ਫਲ, ਚਾਵਲ ਵੀ....ਪਰ ਇਹ ਕਿ ਹਰ ਮੀਲ ਨਾਲ ਇਕ ਬੰਦ....ਬੱਸ ਓਹੀ ਮੇਰੇ ਤੋਂ ਖਾ ਨਹੀਂ ਹੁੰਦਾ।...ਵੈਸੇ ਵੀ ਮੈਂ ਮੈਦੇ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਤੋਂ ਦੂਰ ਭੱਜਦਾ ਹਾਂ, ਪਰ ਮੈਂ ਉਣਾਂ 14 ਘੰਟਿਆਂ ਦੇ ਦੌਰਾਨ ਇਕ ਚਿਲੜ ਪੀਜ਼ਾ ਖਾ ਲਿਆ....


ਇਹ ਛਕ ਕੇ ਤੇ ਮੈਂ ਪੰਗਾ ਆਪੇ ਮੁੱਲ ਲਿਆ

ਉਂਝ ਤੇ ਮੈਂ ਪੀਜ਼ਾ ਕਦੇ ਵੀ ਨਹੀਂ ਖਾਂਦਾ, ਬੱਸ ਕਦੇ ਵਰੇ-ਛਮਾਹੀ ਇਕ ਟੁੱਕੜ ਲੈਣਾ ਪਵੇ ਤੇ ਮਜਬੂਰੀ ਏ, ਵੈਸੇ ਬਿਲੁਕਲ ਨਹੀਂ, ਪਰ ਇਥੇ ਮੈਂ ਪੰਗਾ ਲੈ ਲਿਆ.... ਪਰ ਉਸ ਮਿੰਨੀ ਪੀਜ਼ਾ ਦੀਆਂ ਦੋ ਤਿੰਨ ਗਰਾਇਆਂ ਤੋਂ ਬਾਅਦ ਮੇਰੇ ਤੋਂ ਹੋਰ ਨਾ ਉਹ ਖਾ ਹੋਇਆ। ਹੁਣੇ ਧਿਆਨ ਆਇਆ ਕਿ ਪੈਕੇਟ ਤੇ ਲਿਖਿਆ ਤੇ ਹੋਇਆ ਸੀ ਚਿਲੜ ਪੀਜ਼ਾ ਪਾਰ ਖਾਣ ਵੇਲੇ ਤੇ ਉਹ ਬਿਲਕੁਲ ਮੂੰਹ-ਸਾੜੂ ਗਰਮ ਲੱਗ ਰਿਹਾ ਸੀ...





ਹੁਣ ਪਾਣੀ 100 ਐਮ ਐਲ ਵਾਲੀ ਕੌਲੀ ਚ 😆



ਲੋ ਜੀ ਹੁਣ ਛੇ ਘੰਟਿਆਂ ਬਾਅਦ ਸਮਾਂ ਹੋ ਗਿਆ ਡਿਨਰ ਦਾ.....ਮੈਨੂੰ ਤੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਯਾਤਰੀਆਂ ਨੂੰ ਆਰੇ ਲਾਈ ਰੱਖਦੇ ਨੇ... ਭੁੱਖਾਂ ਤੇ ਇੰਨੀਆਂ ਕਿਥੇ ਲੱਗਦੀਆਂ ਨੇ...ਵੇਹਲੇ ਨਿਕੰਮੇ ਬੈਠੇ ਬੈਠੇ!! ਨੀਂਦ ਨਾਲ ਮੇਰਾ ਤੇ ਬੁਰਾ ਹਾਲ ਹੋ ਰਿਹਾ ਸੀ, ਨਾਲ ਬੋਰੀਅਤ।.. ਇੰਨੇ ਚਿਰ ਚ ਮਿਸਿਜ ਨੇ ਦਸਿਆ ਕਿ ਪੁਰਾਨੇ ਹਿੰਦੀ ਫ਼ਿਲਮੀ ਗੀਤਾਂ ਦੀ ਵੀ ਆਪਸ਼ਨ ਹੈ....ਕੁਛ ਚਿਰ ਵੇਖ ਲਏ ਉਹ ਗਾਣੇ ਵੀ ਤੇ ਥੋੜੀ ਬਹੁਤ ਹਿੰਦੀ ਮੂਵੀ ਵੀ। .. ਪਰ ਜਦੋਂ ਨੀਂਦ ਦੀ ਘੂਕੀ ਨੇ ਘੇਰਿਆ ਹੋਵੇ ਫੇਰ ਨਹੀਂ ਓ ਕੁਛ ਸੁਝਦਾ।.. ਮੈਨੂੰ ਤੇ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਪਰਿੰਦੇ ਨੂੰ ਪਿੰਜਰੇ ਚ ਡਕ ਕੇ ਓਹਦੇ ਅੱਗੇ ਖਾਣ ਪੀਣ ਦੀਆਂ ਚੀਜ਼ਾਂ ਦੋ ਢੇਰ ਲੈ ਦਿੱਤਾ ਜਾਵੇ।....ਓਹਦੇ ਲਈ ਕਿੰਨਾ ਮੁਸ਼ਕਿਲ ਹੁੰਦਾ ਹੋਣੈ। .... ਪਤਾ ਨਹੀਂ ਯਾਰ ਇਹ ਤੋਤਾ ਵੀ ਪਿੰਜਰੇ ਚ ਡਕੀਆ-2 ਕਿਵੇਂ ਤਿੱਖੀਆਂ ਮਿਰਚਾਂ ਖਾ ਖਾ ਕੇ ਮਿਠਾ ਮਿਠਾ ਬੋਲਦਾ ਰਹਿੰਦੈ। ... ਦਾਤੇ ਦੇ ਰੰਗ...










ਯਾਦ ਆਇਆ ਸੱਚਾ ਝੂਠਾ ਦਾ ਉਹ ਗੀਤ...ਯੂੰ ਹੀ ਤੁਮ ਮੁਝ ਸੇ ਬਾਤ ਕਰਤੀ ਹੋ!!





ਅੱਛਾ ਜਿਹੜੀ ਸਾਡੀ ਸੀਟ ਦੇ ਸਾਹਮਣੇ ਸਕਰੀਨ ਲੱਗੀ ਹੁੰਦੀ ਏ...ਓਥੇ ਹੋਰ ਵੀ ਬੜਾ ਕੁਛ ਦੇਖਣ ਦੀਆਂ ਆਪਸ਼ੰਸ਼ ਸੁਨ, ਜਿਵੇਂ ਤੁਸੀਂ ਉੱਪਰ ਦਿੱਤੀਆਂ ਤਸਵੀਰਾਂ ਚ ਵੇਖ ਹੀ ਲਿਆ ਹੋਣੈ। .. ਇਕ ਗੱਲ ਹੋਰ...ਜਿਹੜੀ ਪਹਿਲੀ ਵਾਰ ਵੇਖੀ।..ਇਸੇ ਸਕਰੀਨ ਤੋਂ ਅਜਿਹਾ ਵੇਰਵਾ ਵੀ ਮਿਲਦਾ ਰਹਿੰਦਾ ਏ ਕਿ ਅਸੀਂ ਕਿੰਨਾ ਪੈਂਡਾ ਲੰਘ ਆਏ ਹਾਂ...ਕਿੰਨਾਂ ਬਾਕੀ ਏ...ਕਿਸ ਸਪੀਡ ਤੇ ਜਹਾਜ਼ ਕਿੰਨੀ ਉਚਾਈ ਤੇ ਜਾ ਰਿਹਾ ਏ, ਕਿਸ ਦਿਸ਼ਾ ਚ ਤੁਰਿਆ ਜਾ ਰਿਹਾ, ਤੇ ਸਾਡੀ ਮੰਜ਼ਿਲ ਅਜੇ ਕਿੰਨੀ ਦੂਰ ਹੈ...ਮੈਂ ਉਸ ਸਕਰੀਨ ਦੀਆਂ ਫ਼ੋਟਾਂ ਖਿੱਚੀਆਂ ਸਨ, ਜਿਹੜੀਆਂ ਸਾਂਝੀਆਂ ਕਰ ਰਿਹਾਂ।




















ਬੱਸ ਇੰਨਾ ਨਾਲ ਦਿਲ ਪਰਚਾਵਾ ਜੇਹਾ ਹੋ ਜਾਂਦੈ

ਇਹੋ ਹੀ ਨਹੀਂ ਸਗੋਂ।.. ਹਵਾਈ ਜਹਾਜ਼ ਦੇ ਬਾਹਰ ਕੈਮਰੇ ਲੱਗੇ ਹੁੰਦੇ ਨੇ, ਉੰਨਾ ਚ ਕੈਦ ਬਾਹਰ ਦੀਆਂ ਤਸਵੀਰਾਂ ਵੀ ਅਸੀਂ ਆਪਣੀ ਇਸ ਸਕਰੀਨ ਤੋਂ ਵੇਖ ਸਕਦੇ ਹਾਂ....ਜਿਹ ਇਕ ਅਜੇਹੀ ਤਸਵੀਰ ਹੈ....ਤੇ ਉਹ ਨਾਲ ਦੱਸਦਾ ਵੀ ਹੈ ਕਿ ਇਹ ਕਿਹੜੇ ਕੈਮਰੇ ਦੀ ਤਸਵੀਰ ਹੈ


ਹਵਾਈ ਉਡਾਣ ਦਾ ਬਾਹਰ ਦਾ ਨਜ਼ਾਰਾ।. ਕੈਮਰੇ ਦੀ ਅੱਖ ਨਾਲ

ਹੋਰ ਵੀ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਸਕਰੀਨ ਤੇ ਆਉਂਦੀ ਰਹਿੰਦੀ ਏ.....

ਪਰ ਬਾਬੇਓ ਉਸ ਵੇਲੇ ਇੰਨੀ ਚੁਸਤੀ ਵੀ ਤੇ ਹੋਵੇ




ਇਥੋਂ ਤਕ ਕਿ ਨਮਾਜ਼ ਦਾ ਸਮਾਂ ਵੀ ਇਥੇ ਪਤਾ ਲੱਗ ਜਾਂਦਾ ਏ....


ਫਲਾਈਟ ਦੇ ਦੌਰਾਨ ਬਿਲਕੁਲ ਲਿਮਿਟਿਡ ਜਿਹੀ ਇੰਟਰਨੇਟ ਦੀ ਸੇਵਾ ਵੀ ਹੈ...ਮਸੀਂ ਇਕ ਦੋ ਸੁਨੇਹੇ ਹੀ ਘੱਲੇ ਜਾਂਦੇ ਨੇ...ਫੇਰ ਹੋਰ ਚਲਾਣਾ ਹੈ ਤੇ ਪੈਸੇ ਭਰੋ।





ਮੈਂ ਆਪਣੀ ਘੜੀ ਤੇ ਇਹ ਹਿਸਾਬ ਲਗਾਇਆ ਹੋਇਆ ਸੀ ਕਿ ਸਾਡੀ ਫਲਾਈਟ 22 ਤਾਰੀਖ ਨੂੰ ਸ਼ਾਮ 6.30 ਵਜੇ ਵਾਸ਼ਿੰਗਟਨ ਅੱਪੜ ਜਾਉ.... ਵਿਚ ਵਿਚ ਥੋੜੀ ਨੀਂਦ ਲੱਗ ਤੇ ਜਾਂਦੀ ਸੀ.. ਜਦੋਂ ਵੀ ਮੈਂ ਉੱਠਦਾ ਮੈਨੂੰ ਇੰਝ ਲੱਗਦਾ ਜਿਵੇਂ ਦੋ ਤਿੰਨ ਘੰਟੇ ਹੋਰ ਸੋ ਲਿਆ ਜਾਵੇ।... ਪਰ ਹਰ ਵਾਰ ਕੁਛ ਮਿੰਟਾਂ ਚ ਹੀ ਨੀਂਦ ਖੁਲ ਜਾਵੇ, ਸੱਚ ਗੱਲ ਤਾਂ ਇਹ ਹੈ ਕਿ ਉਸ ਵੇਲੇ ਪਲ ਪਲ ਲੰਘਾਣਾ ਬੜਾ ਔਖਾ ਲੱਗ ਰਿਹਾ ਸੀ...ਫੇਰ ਲੱਗੇ ਕਿ ਇਸ ਤੋਂ ਬੇਹਤਰ ਕੋਈ ਤਰੀਕਾ ਵੀ ਤੇ ਨਹੀਂ ਅਮਰੀਕਾ ਜਾਣ ਦਾ....ਫੇਰ ਮੈਂ ਆਪਣੇ ਆਪ ਕੋਲੋਂ ਹੀ ਇਹ ਪੁੱਛਦਾ ਰਿਹਾ ਕਿ ਯਾਰ ਤੂੰ ਆਖਿਰ ਕਰਨਾ ਕੀ ਏ ਅਮਰੀਕਾ ਵੇਖ ਕੇ.....😅😁😇😂

ਬੱਸ ਜੀ ਇੰਝ ਹੀ ਆਪਣੇ ਆਪ ਨਾਲ ਗੱਲਾਂ ਕਰਦੇ ਕਰਦੇ ਮੇਰੀ ਘੜੀ ਚ ਤਿੰਨ ਚਾਰ ਵੱਜ ਗਏ...ਖੁਸ਼ੀ ਇਹ ਸੀ ਕਿ ਬੱਸ ਹੁਣੇ ਦੋ ਤਿੰਨ ਘੰਟੇ ਚ ਆਪਣੇ ਟਿਕਾਣੇ ਤੇ ਪਹੁੰਚ ਜਾਵਾਂਗੇ। ਪਰ ਹੁਣ ਦੂਜਾ ਪੰਗਾ ਸ਼ੁਰੂ ਹੋ ਗਿਆ.....ਉਸ ਠੰਡੇ ਠਾਰ ਪੀਜੇ ਕਾਰਣ ਮੈਨੂੰ ਛਾਤੀ ਚ ਸਾੜ ਪੈਣਾ ਸ਼ੁਰੂ ਹੋ ਗਿਆ....ਮੈਨੂੰ ਫੇਰ ਵੀ ਇਹੋ ਲੱਗਿਆ ਕਿ ਹੁਣ ਤੇ ਦੋ ਤਿੰਨ ਘੰਟੇ ਬਚੇ ਨੇ, ਲੰਘ ਜਾਣਗੇ।....ਇੰਝ ਵੀ ਇੰਝ ਹੀ... ਚਾਰ ਪੰਜ ਵਾਰ ਵਾਸ਼ ਰੂਮ ਚ ਜਾਣਾ ਪਿਆ, ਇਸ ਐਸੀਡਿਟੀ ਦੀ ਕਹਾਣੀ ਤੇ ਮੇਰੀ ਉਮਰ ਜਿੰਨੀ ਪੁਰਾਣੀ ਏ, ਮੋਸ਼ਨ ਸਿਕਨੈੱਸ, 1971-72 ਦੀ ਗੱਲ ਹੈ, ਪਹਿਲਾਂ ਪਠਾਨਕੋਟ ਤੋਂ ਜੰਮੂ ਗੱਡੀ ਨਹੀਂ ਸੀ ਜਾਂਦੀ, ਅਸੀਂ ਲੋਕ ਬੱਸ ਚ ਗਏ ਸੀ, ਮੇਰੇ ਮਾਮੇ ਦਾ ਵਿਆਹ ਸੀ ਜੰਮੂ, ਓਥੇ ਪਹੁੰਚਦੇ ਹੀ ਮੇਰਾ ਜੋ ਹਾਲ ਹੋਇਆ ਹੋ ਮੈਂ ਜਾਣਦਾ ਹਾਂ।

ਅੱਛਾ ਜੀ, ਪਹੁੰਚ ਗਏ ਜੀ ਮੇਰੀ ਘੜੀ ਦੇ ਹਿਸਾਬ ਨਾਲ 22 ਤਾਰੀਖ ਦੇ ਸ਼ਾਮ 6.30 ਵਜੇ....(ਹਿੰਦੁਸਤਾਨ ਦੇ ਸਮੇਂ ਮੁਤਾਬਿਕ)... ਪਰ ਬਾਹਰ ਹਵਾਈ ਅੱਡੇ ਤੇ ਦਿਨ ਦਾ ਵੇਲਾ ਸੀ....ਕਿਨੇਂ ਘੰਟੇ ਸਾਡੇ ਤੋਂ ਪਿਛੇ ਹੈ ਅਮੇਰਿਕਾ ਦਾ ਸਮਾਂ। .ਮੈਨੂੰ ਇਸ ਤਰ੍ਹਾਂ ਦੀਆਂ  ਗੂੜ ਗਿਆਨ ਦੀਆਂ ਗੱਲਾਂ ਚੇਤੇ ਘੱਟ ਹੀ ਰਹਿੰਦੀਆਂ ਨੇ, ਇਹੋ ਕੋਈ 9-10 ਘੰਟੇ ਪਿੱਛੇ ਹੈ ....ਮੇਰੇ ਕਹਿਣ ਦਾ ਮਤਲਬ ਇਹ ਕਿ ਉਸ ਵੇਲੇ ਓਥੇ ਸਵੇਰ ਦੇ 8 -8.30 ਵਜੇ ਹੋਏ ਸਨ....22 ਅਪ੍ਰੈਲ ਦੇ.

ਬਾਹਰ ਨਿਕਲਣ ਲੱਗਿਆਂ ਕੋਈ ਖਾਸ ਸਮਾਂ ਨਹੀਂ ਲੱਗਾ।.. ਸਾਰੇ ਗਰੁੱਪ ਦੇ ਮੇਮ੍ਬਰਾਂ ਕੋਲ ਆਫੀਸ਼ੀਅਲ ਪਾਸਪੋਰਟ ਸਨ, ਇਸ ਕਰਕੇ ਇੱਮੀਗਰੇਸ਼ਨ ਤੇ ਵੱਖਰੀ ਡਿਪਲੋਮੈਟਸ ਵਾਲੀ ਲਾਈਨ ਚ ਝੱਟ ਹੀ ਕੰਮ ਨਿੱਬੜ ਗਿਆ।

ਫੇਰ ਸਾਡੇ ਸਾਥੀਆਂ ਨੇ ਜਿਵੇਂ ਹੀ ਸਮਾਨ ਵਾਲੀ ਟਰਾਲੀ ਨੂੰ ਹੱਥ ਪਾਇਆ , ਇੰਝ ਵਾਪਿਸ ਹੋਏ ਜਿਵੇਂ ਕਰੰਟ ਪਿਆ ਹੋਵੇ।.😄😎... ਨਹੀਂ ਜੀ, ਓਹਨਾ ਉਸ ਵਿਚ ਕਰੰਟ ਨਹੀਂ ਸੀ ਛੱਡਿਆ ਹੋਇਆ।..ਕਰੰਟ ਇਹ ਪੜ੍ਹ ਕੇ ਇੰਨਾ ਨੂੰ ਲੱਗਾ ਕਿ ਟ੍ਰੋਲੀ ਨੂੰ ਇਸਤੇਮਾਲ ਕਰਣ ਵਾਸਤੇ 5 ਡਾਲਰ ਕੱਢਣੇ ਪੈਣੇ ਨੇ...ਖੈਰ ਅਜਕਲ ਅਟੈਚੀ ਨਾਲ ਤਾਲੇ ਤੇ ਲੱਗੇ ਹੀ ਹੁੰਦੇ ਨੇ, ਧਰੂ ਕੇ ਸਾਰੇ ਬਾਹਰ ਲੈ ਗਏ....ਤੇ ਬਾਹਰ ਆ ਕੇ ਪਹਿਲੇ ਤੋਂ ਬੁਕ ਕੀਤੀ ਬੱਸ ਚ ਬਹਿ ਗਏ....ਮੈਂ ਤੇ ਉਲਟੀਆਂ ਕਰ ਕੇ ਥੋੜਾ ਢਿੱਲਾ ਹੀ ਫੀਲ ਕਰ ਰਿਹਾ ਸਾਂ...ਉੱਤੋਂ ਬੱਸ ਦਾ ਸਫਰ.

ਲੋ ਜੀ ਅਸੀਂ ਤੁਰ ਪਾਏ ਮੈਰੀਲੈਂਡ ਯੂਨੀਵਰਸਿਟੀ ਵੱਲ.... ਵਾਹ ਜੀ ਵਾਹ, ਇਕ ਘੰਟੇ ਦਾ ਸਫਰ ਕਿਵੇਂ ਝੱਟ ਪਟ ਬੀਤ ਗਿਆ ਬਿਲਕੁਲ ਵੀ ਪਤਾ ਨਹੀਂ ਚਲਿਆ।..ਇੰਨੀ ਵਧੀਆ ਬੱਸ, ਇੰਨੀ ਠਾ ਸੜਕ, ਤੇ ਇੰਨਾ ਸੁਚੱਜਾ ਟ੍ਰਾੱਫੀਕ। ... ਮੈਨੂੰ ਲੱਗਾ ਮੈਂ ਐਵੇਂ ਹੀ ਆਪਣੀ ਤਬੀਯਤ ਕਰ ਕੇ ਡਰ ਰਿਹਾ ਸਾਂ, ਸਾਨੂੰ ਆਪਣੇ ਇਥੇ ਦੇ ਵੱਡੇ ਸ਼ਹਿਰਾਂ ਦਾ ਧੁਆਂ ਫੱਕਣ ਦਾ ਜੋ ਤਜੁਰਬਾ ਹੈ...ਮੈਂ ਇਹੋ ਜਿਹੀ ਸੜਕ ਪਹਿਲੇ ਕਦੇ ਨਹੀਂ ਸੀ ਦੇਖੀ।..ਬਿਲਕੁਲ ਮੱਖਣ।.. ਬੱਸ ਦੇ ਸ਼ੀਸ਼ੇ ਇੰਨੇ ਸਾਫ ਕਿ ਬਾਹਰ ਵੇਖਣ ਵਾਸਤੇ ਬਿਲਕੁਲ ਓਹਨੂੰ ਨਾਲ ਆਪਣਾ ਨੱਕ ਲਾਉਣਾ ਪੈਂਦਾ ਸੀ ਨਹੀਂ ਤੇ ਦੂਸਰੀ ਸਾਈਡ ਦਾ ਪਰਛਾਵਾਂ ਹੀ ਦਿਸਦਾ ਰਹਿੰਦਾ ਸੀ...


ਦੱਸੋ ਜੀ, ਇਹ ਕਿਤੇ two-ਸਟਾਰ ਹੋਟਲ ਲੱਗਦੈ !!

ਅਸੀਂ ਲੋਕ ਪੂਰੇ ਇਕ ਘੰਟੇ ਬਾਅਦ ਆਪਣੇ ਹੋਟਲ ਚ ਪਹੁੰਚ ਗਏ, ਕਹਿੰਦੇ ਨੇ ਹੋਟਲ ਟੁ-ਸਟਾਰ ਸੀ, ਪਾਰ ਉਸਦੇ ਵਿਊ ਤੇ ਅੰਦਰ ਦੀ ਸਜਾਵਟ  ਤੇ ਹੋਰ ਸੁਵਿਧਾਵਾਂ ਨੂੰ ਵੇਖ ਕੇ ਆਪਣੇ ਇਥੇ ਦੇ ਕਿਸੇ 4 ਸਿਤਾਰਾ ਹੋਟਲ ਤੋਂ ਘਟ ਨਹੀਂ ਸੀ ਜਾਪਦਾ। ... ਵੈਸੇ ਮੈਂ ਜ਼ਿਆਦਾ ਕਦੇ ਹੋਟਲਾਂ ਚ ਟਿਕਿਆ ਵੀ ਨਹੀਂ ਹਾਂ, ਜਿਥੇ ਵੀ ਜਾਈਦੈ ਰੇਲਵੇ ਦੇ ਰੈਸਟ ਹਾਉਸ ਮਿਲ ਜਾਂਦੇ ਨੇ.... ਇਸ ਕਰ ਉੰਨਾ ਦੀ ਆਦਤ ਪੈ ਗਈ ਜਾਪਦੀ ਏ.

ਨੀਂਦ ਜਿਹੀ ਆ ਰਹੀ ਸੀ...ਸਵੇਰ ਦੇ ਦੱਸ ਵੱਜ ਰਹੇ ਸਨ, ਇਸ ਵੇਲੇ ਹੋਟਲ ਚ ਨਾਸ਼ਤਾ ਨਹੀਂ ਮਿਲਦਾ, ਜੋ ਕੁਛ ਨਾਲ ਲਿਆਂਦਾ ਸੀ, ਓਹੀ ਛਕਿਆ. ਹਰ ਕਮਰੇ ਚ ਇਕ ਮਾਈਕਰੋਵੇਵ, ਇਕ ਫਰਿਜ ਤੇ ਕੇ ਲਾਕਰ ਸੀ. ..ਟੀ ਵੀ ਵੀ ਸੀ, ਪਰ ਉਹ ਤੇ ਅਸੀਂ ਹੁਣ ਘਰ ਵੀ ਨਹੀਂ ਦੇਖਦੇ। ਹੋਟਲ ਦੀ ਖਿੜਕੀ ਤੋਂ ਬਾਹਰ ਦੇਖਣ ਤੇ ਇਕ ਛੋਟੀ ਜਿਹੀ ਪਾਣੀ ਦੀ ਨਦੀ ਵਰਗੀ ਕੋਈ ਸ਼ੈ ਵਿਖੀ। ..ਨਹੀਂ ਨਹੀਂ ਕੋਈ ਨਦੀ ਨਹੀਂ ਸੀ, ਨਾ ਹੀ ਝਰਨਾ, ਬੱਸ ਪਾਣੀ ਇੰਝ ਹੀ ਆਪਣੀ ਮੌਜ ਚ ਵੱਗ ਰਿਹਾ ਸੀ, ਵੇਖ ਕੇ ਬੜਾ ਚੰਗਾ ਲੱਗ ਰਿਹਾ ਸੀ...

ਇਕ ਪੰਗਾ ਤੇ ਬੜਾ ਸੀ ਇਸ ਹੋਟਲ ਚ...ਬਾਰੀਆਂ ਹੈ ਹੀ ਨਹੀਂ, ਹਰ ਵੇਲੇ ਏ.ਸੀ ਦੀ ਫੰਡ ਸਹਿੰਦੇ ਰਹੋ... ਮੈਨੂੰ ਤੇ ਇੰਝ ਬੜੀ ਘੁਟਣ ਮਹਿਸੂਸ ਹੁੰਦੀ ਏ, ਪਰ ਜੋ ਉਹਨਾਂ ਦੀ ਜੋ ਜੁਗਤ ਹੈ ਸੋ ਹੈ !!

ਅੱਛਾ ਜੀ, ਇੰਨਾ ਕੁਛ ਲਿਖ ਕੇ ਮੈਨੂੰ ਹੁਣ ਇਕ ਗੀਤ ਯਾਦ ਆ ਰਿਹੈ। ... ਲੋਕੀਂ ਦੁਨੀਆਂ ਚ ਵਸਦੇ ਬਥੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ।



ਹੁਣੇ ਫ਼ੋਟਾਂ ਫਰੋਲਦੇ ਫਰੋਲਦੇ ਇਹ ਨਜ਼ਰੀਂ ਪੈ ਗਈ। ... ਸਫ਼ਰੀ ਸਾਬ ਦੀ ਲਿਖਤ ਦੀ ਨਕਲ ਮਾਰੀ ਸੀ ਜੀ ਮੈਂ.....


ਅੱਛਾ ਜੀ, ਅਮਰੀਕਾ ਦੇ ਗੇੜੇ ਦੀਆਂ ਹੋਰ ਗੱਪਾਂ ਨਾਲ ਫੇਰ ਮਿਲਦੇ ਹਾਂ...... ਅੱਲਾ ਬੇਲੀ! ਆਪਣਾ ਧਿਆਨ ਕਰੋ.... 😃😃

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...