Thursday 27 June 2019

ਅਮਰੀਕਾ ਚ' ਸਿੱਖੀ ਦਾ ਪਾਠ ਪੜ੍ਹਾਉਂਦੇ ਸਿੱਖ ਵਿਦਿਆਰਥੀ

ਮੈਨੂੰ ਤੇ ਮੈਰੀਲੈਂਡ ਯੂਨੀਵਰਸਿਟੀ ਇੰਨੀ ਚੰਗੀ ਲੱਗੀ ਕਿ ਦਿਲ ਕਰੇ ਕਿ ਇਸ ਦਾ ਇਕ ਇਕ ਕੋਨਾ ਵੇਖ ਲਵਾਂ ...ਮੈਂ ਤੇ ਆਪਣੇ ਸਾਥੀਆਂ ਨੂੰ ਕਹਾਂ ਕਿ ਮੇਰਾ ਤੇ ਮੋਬਾਈਲ ਵੀ ਥੱਕ ਗਿਆ ਹੋਣੈ .. ਸੋਚਦਾ ਹੋਣੈ ਬਕਸ਼ ਦੇ ਮੈਨੂੰ, ਸਾਹ ਵੀ ਲੈਣ ਦੇ, ਪਰ ਮੈਨੂੰ ਤੇ ਹਰ ਇਕ ਕਦਮ ਤੇ ਨਵੀਂ ਚੀਜ਼ ਦਿੱਖ ਰਹੀ ਸੀ .. ਹਰ ਪਾਸੇ ਸਾਫ ਸੁਥਰੇ ਨਜ਼ਾਰੇ ਪਸਰੇ ਹੋਏ, ਨਜ਼ਰਾਂ ਰੱਜ ਹੀ ਨਹੀਂ ਸੀ ਰਹੀਆਂ।...

ਇਸੇ ਲਈ ਮੈਂ ਤੀਜੇ ਦਿਨ ਵੀ ਇਹੋ ਸੋਚਿਆ ਕਿ ਮੈਂ ਤੇ ਕੈਮਪਸ ਚ ਹੀ ਫਿਰਦਾ ਰਹਾਂਗਾ.....ਕੀਤੇ ਵੇਲੇ ਪੂਰਾ ਵੇਰਵਾ ਦਿਆਂਗਾ ਕਿ ਕਿੱਡੀ ਵੱਡੀ ਯੂਨੀਵਰਸਿਟੀ ਹੈ ਇਹ। ਉਹ ਕਿਸੇ ਹੋਰ ਵੇਲੇ..

ਅੱਛਾ ਮੈਂ ਇਕ ਗੱਲ ਹੋਰ ਸਾਂਝੀ ਕਰਨੀ ਹੈ ਕਿ ਆਪਣੇ ਏਥੇ ਤੇ ਹੁੰਦਾ ਇਹੋ ਹੈ ਕਿ ਯੂਨੀਵਰਸਿਟੀ ਚ ਪੜਨ ਵਾਲੇ ਬੱਚੇ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਹੱਥੇ ਚੜ ਜਾਂਦੇ ਨੇ ..ਕਈ ਵਾਰ ਤੇ ਬੜਾ ਅਫਸੋਸ ਹੁੰਦਾ ਹੈ ਜਿਵੇਂ ਇੰਨਾ ਸੂਝਵਾਨ ਨੌਜਵਾਨਾਂ ਦਾ ਇਸਤੇਮਾਲ ਹੁੰਦੈ। ..ਚਲੋ ਜੀ, ਰਬ ਸਬ ਨੂੰ ਸੋਝੀ ਬਕਸ਼ੇ।

ਇਥੇ ਮੈਰੀਲੈਂਡ ਯੂਨੀਵਰਸਿਟੀ ਦੀ ਸਟੂਡੈਂਟ ਯੂਨੀਅਨ ਬਾਰੇ ਮੈਂ ਕਿਸੇ ਦਿਨ ਚੰਗੀ ਤਰ੍ਹਾਂ ਲਿਖਾਂਗਾ...ਇਹ ਜ਼ਰੂਰੀ ਹੈ... ਪਰ ਇਸ ਵੇਲੇ ਮੈਂ ਇਸ ਪੋਸਟ ਦੇ ਸਿਰਲੇਖ ਮੁਤਾਬਿਕ ਆਪਣੀ ਗੱਲ ਨੂੰ ਸੰਖੇਪ ਨਾਲ ਰੱਖ ਕੇ ਇਜਾਜ਼ਤ ਚਾਹਾਂਗਾ।

ਹੋਇਆ ਇੰਝ ਕਿ ਡੇਢ ਦੋ ਵੱਜ ਗਏ ਦੁਪਹਿਰ ਮੈਂ.. ਮੈਂ ਐਵੇਂ ਹੀ ਗੁਆਚੀ ਗਾਂ ਵਾਂਗ (ਸੱਚ ਕਹਿ ਰਿਹਾਂ )..  ਫਿਰ ਫਿਰ ਕੇ ਆਪਣੇ ਥੋੜੇ ਕਮਜ਼ੋਰ ਪੈ ਰਹੀ ਗੋਡਿਆਂ ਨੂੰ ਤਕਲੀਫ ਦੇਂਦਾ ਦੇਂਦਾ ਸਟੂਡੈਂਟ ਯੂਨੀਅਨ ਵਾਲੀ ਬਿਲਡਿੰਗ ਚ ' ਪੁੱਜ ਗਿਆ. ਸੋਚਿਆ ਕੁਛ ਖਾ-ਫੁੱਟ ਲਿਆ ਜਾਵੇ। ਪਰ ਓਥੇ ਸਾਰਾ ਕੁਛ ਨਾਨ-ਵੇਜ ਸੀ, ਮੈਂ ਅਚਾਨਕ 25 ਸਾਲ ਪਹਿਲਾਂ ਇਹ ਸਬ ਕੁਛ ਖਾਣਾ ਛੱਡ ਦਿੱਤਾ ਸੀ, ਕੋਈ ਖਾਸ ਕਾਰਣ ਨਹੀਂ, ਬੱਸ ਮੈਨੂੰ ਪਸੰਦ ਨਹੀਂ, ਇੰਨਾ ਹੀ ਕਾਰਣ ਏ, ਨਾਨ-ਵੇਜ ਤੋਂ ਅਲਾਵਾ ਓਥੇ buns ਦੀ ਭਰਮਾਰ ਸੀ। ....ਹੋਰ ਵੀ ਬਹੁਤ ਕੁਛ। ..ਹਰ ਜਗਾ ਦੇ ਆਪਣੇ ਸਵਾਦ ਨੇ, ਹੁਣ ਓਥੇ ਕਿਥੋਂ ਮੈਨੂੰ ਲੱਭੇ ਦਾਲ ਮਖਣੀ।😄😄... ਇਕ ਬਾਟੇ ਚ ਸਲਾਦ ਮਿਲ ਰਿਹਾ ਸੀ, ਉਸ ਵੇਲੇ ਉਸ ਨੂੰ ਖਾਣ ਦਾ ਬਿਲਕੁਲ ਦਿਲ ਨਹੀਂ ਸੀ....


ਮੈਂ ਉਸ ਸਟੂਡੈਂਟ ਯੂਨੀਅਨ ਵਾਲੀ ਬਿਲਡਿੰਗ ਤੋਂ ਬਾਹਰ ਆ ਰਿਹਾ ਸੀ.....ਇਕ ਨੋਟਿਸ ਬੋਰਡ ਤੇ ਕੁਛ ਨੋਟਿਸ ਲੱਗੇ ਵਿਖੇ, ਐਵੇਂ ਹੀ ਉਸ ਤੇ ਨਿਗਾਹ ਮਾਰਦੇ ਨਜ਼ਰ ਪੈ ਗਈ... ਲੰਗਰ ਵਾਲੀ ਗੱਲ ਤੇ....ਉਹ ਕਹਿੰਦੇ ਨੇ ਨਾਂ ਕਿਸੇ ਨੇ ਭੁੱਖੇ ਕੋਲੋਂ ਕਿਸੇ ਪੁੱਛਿਆ - ਦੋ ਅਤੇ ਦੋ ਕਿੰਨ੍ਹੇ ? ਉਹ ਜਵਾਬ ਦੇਂਦੈ - ਚਾਰ ਰੋਟੀਆਂ। ........ਸ਼ਾਇਦ ਉਸ ਵੇਲੇ ਮੇਰਾ ਵੀ ਇਹੋ ਹਾਲ ਸੀ.... ਮੈਂ ਵੇਖਿਆ ਕਿ ਲੰਗਰ ਲੱਗਣਾ ਹੈ। ..ਸਵੇਰੇ 10 ਵਜੇ ਤੋਂ 2 ਵਜੇ ਤਕ ..ਹੁਣ ਪੌਣੇ ਦੋ ਵੱਜੇ ਸੀ, ਅਜੇ ਵੀ ਤਾਰੀਖ ਦਾ ਥੋੜਾ ਭੁਲੇਖਾ ਹੀ ਸੀ ....ਕਿ ਅਜ 24 ਇੰਡਿਆ ਚ ਹੈ ਜਾਂ ਇਥੇ ਅਮਰੀਕਾ ਚ। ...ਓਧਰੋਂ ਨਿਕਲਦੇ ਕਿਸੇ ਸਟੂਡੈਂਟ ਨੂੰ ਪੁੱਛਿਆ ਕਿ ਅਜ 24 ਤਾਰੀਖ ਹੈ? ਉਹ ਕਹਿੰਦੈ  ..yeah !! .....ਮੈਂ ਸੋਚਿਆ ਵਾਹ ਬਾਬਾਜੀ ਵਾਹ, ਲੰਗਰ ਦੇ ਪ੍ਰਸ਼ਾਦੇ ਦਾ ਇੰਤੇਜਾਮ ਕਰ ਦਿੱਤਾ, ਤੁਹਾਨੂੰ ਇਕ ਇਕ ਬੰਦੇ ਦੀ ਕਿੱਢੀ ਫਿਕਰ ਹੈ....



ਖੈਰ, ਮੈਂ ਉਸੇ ਵੇਲੇ ਕਿਸੇ ਕੋਲੋਂ ਪੁੱਛਿਆ ਕਿ ਇਹ ਜਗ੍ਹਾ ਕਿਥੇ ਹੈਂ.....ਉਸ ਦੀ ਨਿਸ਼ਾਨਦੇਹੀ ਤੇ ਮੈਂ 8-10 ਮਿੰਟ ਚ' ਓਥੇ ਪੁੱਜ ਗਿਆ। ..ਵਾਹ ਜੀ ਵਾਹ,  ਬੱਲੇ ਬੱਲੇ ਇਨ੍ਹਾਂ ਸਿੱਖ ਬੱਚੇ ਬੱਚਿਆਂ ਦੀ ..... ਸਿੱਖੀ ਦਾ ਸੁਨੇਹਾ ਇੰਨੇ ਸੁਚੱਜੇ ਤਰੀਕੇ ਨਾਲ ਦੇ ਰਹੇ ਸੀ..






ਇਕ ਚੀਜ਼ ਮੈਂ ਹੋਰ ਵੀ ਨੋਟਿਸ ਕੀਤੀ ...ਅਸੀਂ ਇਥੇ ਇੰਡੀਆ ਚ ਕਿਸੇ ਵੀ ਭੰਡਾਰੇ ਜਾਂ ਲੰਗਰ ਚ' ਕਿਥੇ ਵੀ ਜਾਉਂਦੇ ਹਾਂ ਉਸ ਇਕੱਠ ਦੇ ਬਾਰੇ ਜਾਨਣ ਦੀ ਕੋਈ ਖਾਸ ਤਾਂਘ ਨਹੀਂ ਰੱਖਦੇ। ...ਬੱਸ ਖਾ ਪੀ ਕੇ ਲਾਂਭੇ ਹੋ ਜਾਂਦੇ ਹਾਂ....


ਪਰ ਮੈਂ ਓਥੇ ਇਕ ਰੁੱਖ ਦੇ ਥੱਲੇ ਬਹਿ ਕਿ ਲੰਗਰ ਦਾ ਪ੍ਰਸ਼ਾਦਾ ਛੱਕਦਿਆਂ ਜੋ ਨਜ਼ਾਰਾ ਵੇਖਿਆ ਮੇਰੇ ਕੋਲ ਉਸ ਨੂੰ ਅਲਫ਼ਾਜ਼ ਚ ਬਨਣ ਵਾਸਤੇ ਕੋਈ ਸਮਰਥਾ ਨਹੀਂ ਹੈ....ਮੈਂ ਦੇਖਿਆ ਕਿ ਜਿਹੜੇ ਗੋਰੇ ਬਚੇ ਓਥੇ ਲੰਗਰ ਛਕਣ ਲਈ ਆ ਰਹੇ ਸੀ, ਸਿੱਖ ਸਟੂਡੈਂਟਸ- ਮੁੰਡੇ ਕੁੜੀਆਂ ਦੋਵੇਂ, ਗੋਰੇ ਮੁੰਡੇ ਕੁੜੀਆਂ ਨੂੰ ਓਥੇ ਲੱਗੇ ਬੈਨਰ ਰਾਹੀਂ ਤੇ ਇਸ ਪੋਸਟਰ ਰਾਹੀਂ ਸਿੱਖੀ ਉੱਤੇ ਬੜੇ ਹੀ ਪਿਆਰ ਨਾਲ ਚਾਨਣ ਪਾ ਰਹੇ ਸੀ...

ਮੈਂ ਇੰਨਾ ਸਿੱਖ ਬੱਚਿਆਂ ਦੇ ਸੇਵਾ ਭਾਵ ਅੱਗੇ  ਮਨ ਹੀ ਮਨ ਨਤਮਸਤਕ ਹੋ ਗਿਆ। ..ਤੇ ਇਹੋ ਧਿਆਨ ਆਇਆ। ..ਬਾਬਾਜੀ, ਇਹ ਸਬ ਆਪਜੀ ਦੇ ਸੱਚੇ ਸੌਦੇ ਦਾ ਹੀ ਫ਼ਲ ਹੈ.....ਤੁਹਾਡੇ ਏਕੇ ਦੇ ਸੁਨੇਹੇ ਦਾ ਪ੍ਰਤਾਪ ਹੈ ਸਬ .. ਆਪ ਜੀ ਸਿਖਲਾਈ ਕਿਵੇਂ ਸਤ ਸਮੁੰਦਰ ਪਾਰ ਵੀ ਠਾਰ ਪਾ ਰਹੀ ਏ...

ਆਪਣੇ ਇਸ ਅਮਰੀਕਾ ਦੇ ਗੇੜੇ ਨਾ ਇਹ ਇੰਨਾ ਵੱਡਾ ਸੰਜੋਗ ਮੈਨੂੰ ਹਮੇਸ਼ਾ ਚੇਤੇ ਰਹੇਗਾ।...ਮੈਨੂੰ ਲੱਗਾ ਇਸ ਨੂੰ ਇਸ ਬਲੌਗ ਚ' ਵੀ ਦਰਜ ਕਰਨਾ ਬਹੁਤ ਜ਼ਰੂਰੀ ਹੈ....

ਗੱਲ ਸਿਖਾਂ ਦੀ, ਸਿੱਖੀ ਦੀ ਤੇ ਇਸ ਦੀ ਸਿਖਲਾਈ ਦੀ ਹੋਵੇ ਤੇ ਸਤਵਿੰਦਰ ਬਿੱਟੀ ਹੁਰਾਂ ਨੂੰ ਨਾ ਸੁਣਿਆ ਜਾਵੇ ਤੇ ਕੁਛ ਕਮੀ ਰਹਿ ਜਾਵੇਗੀ। ਤੇ ਲੋ ਜੀ ਆਓ ਸੁਣੀਏ।.......ਧੰਨ ਧੰਨ ਤੇਰੀ ਸਿੱਖੀ ...ਧੰਨ ਸਿੱਖੀ ਦਾ ਨਜ਼ਾਰਾ (ਇਸ ਲਿੰਕ ਤੇ ਕਲਿਕ ਕਰੋ ਜੀ) ..

1 comment:

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...