ਮੈਂ ਅਜ ਸਵੇਰੇ ਸੋਚ ਰਿਹਾ ਸਾਂ ਕਿ ਮੈਂ ਅਕਸਰ ਵਾਟਸਐਪ ਨੂੰ ਇਕ ਯੂਨੀਵਰਸਿਟੀ ਇੰਝ ਹੀ ਨਹੀਂ ਕਹਿੰਦਾ .. ਇਥੇ ਸਾਰੇ ਮਜਮੂਨਾਂ ਦੇ ਉਸਤਾਦ ਆਪਣੇ ਸ਼ਗਿਰਦਾਂ ਦੀ ਉਡੀਕ ਚ ਬੈਠੇ ਰਹਿੰਦੇ ਨੇ....ਉਡੀਕਦੇ ਰਹਿੰਦੇ ਨੇ ਕੋਈ ਦੇ ਆਵੇ ਉਨਾਂ ਦੀ ਕਲਾਸ ਚ....ਹਰ ਤਰਾਂ ਦਾ ਮਸਾਲਾ ਪਿਆ ਹੋਇਆ ਏ ਏਥੇ ...ਬੰਦਾ ਇਕ ਵਾਰ ਮਨ ਪਕਾ ਕਰ ਲਵੇ ਕਿ ਫਲਾਣਾ ਫਲਾਣਾ ਫ਼ਨ ਸਿਖਣਾ ਏ...ਬਸ, ਸਬਕ ਹਾਜ਼ਰ ਨੇ...
ਵਾਟਸਐਪ ਤੇ ਕਈ ਅਜਿਹੀਆਂ ਪੋਸਟਾਂ ਵੀ ਵਿਖ ਜਾਂਦੀਆਂ ਨੇ...ਜਿਹੜੀਆਂ ਸਾਨੂੰ ਘੁਤਘਤਾਰੀਆਂ ਕਰ ਕਰ ਕੇ ਹਸਾਂਦੀਆਂ ਨੇ...ਤੁਹਾਡਾ ਕੀ ਖਿਆਲ ਏ...
ਕੁਝ ਦਿਨ ਪਹਿਲਾਂ ਦੀ ਗਲ ਹੈ ਕਿ ਇਸੇ ਯੂਵੀਵਰਸਿਟੀ ਤੋਂ ਹੀ ਇਕ ਸਬਕ ਹਾਸਿਲ ਹੋਇਆ ਕਿ ਹਲਕੀਆਂ ਫੁਲਕੀਆਂ ਬਦ-ਦੁਆਵਾਂ ਵੀ ਹੁੰਦੀਆਂ ਨੇ...ਇਸ ਨੂੰ ਪੇਸ਼ ਕਰ ਰਹੇ ਸਨ...ਪਾਕਿਸਤਾਨੀ ਦੇ ਇਕ ਬਡ਼ੇ ਮਸ਼ਹੂਰ ਸ਼ਾਇਰ ... ਜਨਾਬ ਅਨਵਰ ਮਸੂਦ. ਜਦੋਂ ਦੀ ਇਹ ਵਾਟਸਐਪ ਯੂਨੀਵਰਸਿਟੀ ਖੁਲੀ ਏ, ਮੈਂ ਇੰਨਾ ਨੂੰ ਕਈਂਂ ਵਾਰ ਸੁਣ ਤੇ ਚੁਕਿਆ ਹਾਂ, ਸੁਣ ਕੇ ਇੰਝ ਲਗਦੈ ਕਿ ਇਹ ਬੰਦਾ ਤੇ ਬਿਲਕੁਲ ਮੇਰੇ ਵਾਂਗ ਹੀ ਪੰਜਾਬੀ ਬੋਲ ਰਿਹੈ...ਇਨਾਂ ਦੀ ਇਕ ਇਕ ਗਲ ਸਮਝ ਆ ਰਹੀ ਸੀ..ਕੋਈ ਅਜਿਹਾ ਲਫ਼ਜ਼ ਨਹੀਂ ਹੁੰਦਾ ਜਿਹੜਾ ਮੇਰੇ ਪਲ੍ਲੇ ਨਾ ਪੈਂਦਾ ਹੋਵੇ ...ਮੈਂ ਜਦੋਂ ਵੀ ਇਸ ਸ਼ਖ਼ਸ਼ ਨੂੰ ਹਾਂ ਤੇ ਇਹੋ ਸੋਚਦਾ ਹਾਂ ਕਿ ਬੋਲੀ ਦੀ ਸਾਂਝ ਵੀ ਕਿੰਨੀ ਸੋਹਣੀ ਦਾਤ ਹੈ ..
ਜਦੋਂ ਇਹ ਹਲਕੀਆਂ ਫੁਲਕੀਆਂ ਬਦ-ਦੁਆਵਾਂਂ ਦੇਂਦੇ ਨੇ ਤੇ ਇਸ ਵੀਡਿਓ ਚ ਵੇਖੋ ਕਿ ਸ਼ੁਰੂ ਕਰਦੇ ਨੇ ...ਜਾ ਤੇਰੀ ਖਖੜੀ ਫਿਕ੍ਕੀ ਨਿਕਲੇ...ਕੌੜਾ ਨਿਕਲੇ ਖੀਰਾ...
ਬੜਾ ਮਜ਼ਾ ਆਇਆ ਇਹ ਸਬ ਸੁਣ ਕੇ ...ਲੋ ਜੀ ਤੁਸੀਂ ਵੀ ਸੁਣੋ...
ਇਕ ਗਲ ਹੋਰ ਵੀ ਚੇਤੇ ਆ ਰਹੀ ਹੈ ਕਿ ਮੈਨੂੰ ਨਹੀਂ ਸੀ ਪਤਾ ਇੰਨਾਂ ਦਾ ਨਾਉਂ...ਮੈਨੂੰ ਉਰਦੂ ਸਿਖਣ ਦਾ ਫਾਇਦਾ ਇਹ ਹੋਇਆ ਕਿ ਇਕ ਵੀਡਿਓ ਵੇਖਦੇ ਵੇਖਦੇ ਸਟੇਜ ਦੇ ਪਿਛੇ ਲਗੇ ਇਕ ਇਸ਼ਤਿਹਾਰ ਤੇ ਮੈਂ ਇੰਨਾਂ ਦਾ ਨਾਉਂ ਪੜ ਲਿਆ ਜਿਹੜਾ ਉਰਦੂ ਚ ਲਿਖਿਆ ਹੋਇਆ ਸੀ ..ਬਸ, ਅਜ ਕਲ ਗੂਗਲ ਬਾਬੇ ਦੇ ਜ਼ਮਾਨੇ ਦੀ ਇਹੋ ਖ਼ਾਸੀਇਤ ਹੈ ਕਿ ਬਸ ਕਿਸੇ ਦਾ ਨਾਉਂ ਪਤਾ ਹੋਵੇ ...ਗੂਗਲ ਬਾਬਾ ਉਸ ਦੀ ਸਾਰੀ ਜਨਮ-ਪਤਰੀ ਕਢ ਕੇ ਪਰੇ ਮਾਰਦੈ...
ਸਚ ਗਲ ਹੈ ਖਖੜੀ ਫਿਕ੍ਕੀ ਨਿਕਲ ਆਣਾ ਵੀ ਇਕ ਵਡੀ ਸਿਰਦਰਦੀ ਹੀ ਤੇ ਹੈ...ਖੀਰਾ ਵੀ ਕੌੜਾ ਨਿਕਲ ਆਵੇ ਤੇ ਮਨ ਖਰਾਬ ਹੁੰਦੈ...ਤੁਸੀਂ ਵੀ ਇਹ ਧਿਆਨ ਕੀਤਾ ਹੋਣਾ ਏ ਕਿ ਕੌੜੇ ਖੀਰੇਆਂ ਵਾਲਾ ਮਸਲਾ ਹੁਣ ਘਟ ਜਿਹਾ ਗਿਆ ਏ....ਮੈਨੂੰ ਚੰਗੀ ਤਰਾਂ ਯਾਦ ਏ ਕੁਝ ਸਾਲ ਪਹਿਲਾਂ ਤਕ ਖੀਰਾ ਖਾਣ ਤੋਂ ਪਹਿਲਾਂ ਉਸ ਨੂੰ ਇਕ ਪਾਸਿਓਂ ਥੋੜਾ ਜਿਹਾ ਕਟ ਕੇ ਉਸੇ ਜਗਾਂ ਤੇ ਰਗੜ ਕੇ ਦੋ ਤਿੰਨ ਮਿਨਟ ਚ ਉਸ ਦੀ ਝਗ ਕਢੀ ਜਾਂਦੀ ਸੀ....ਉਸ ਨੂੰ ਫੇਰ ਉਪਰੋਂ ਥੋੜਾ ਜਿਹਾ ਟੁਕਿਆ ਜਾਂਦਾ ਸੀ ...ਫੇਰ ਕਿਤੇ ਓਹ ਖਾਣ ਦੇ ਕਾਬਿਲ ਮੰਨਿਆ ਜਾਂਦਾ ਸੀ...
ਖਖੜੀ ਫਿਕ੍ਕੀ ਨਿਕਲਣ ਦਾ ਵੀ ਕਿਤੇ ਪਤਾ ਨਹੀਂ ਲਗਦੈ...ਜਿੰਨੀਂ ਮਰਜ਼ੀ ਊਸ ਦੀ ਜਿਨਸ ਦੀ ਪੜਤਾਲ ਕਰ ਲਵੋ....ਉਸ ਦਾ ਰੰਗ ਵੇਖ ਲਵੋ...ਉਸ ਨੂੰ ਦਬ ਦਬ ਕੇ ਆਪਣਾ ਰਾਂਝਾ ਰਾਜ਼ੀ ਕਰ ਲਵੋ... ਉਸ ਦੀਆਂ ਧਾਰੀਆਂ ਵੇਖ ਵੇਖ ਕੇ ਰੀਝਾਂ ਲਾ ਲਵੋ....ਕੋਈ ਸਿਆਨਪ ਕੰਮ ਨਹੀਂ ਆਉਣੀ...ਜੇ ਖਖੜੀ ਫਿਕ੍ਕੀ ਨਿਕਲਣੀ ਏ ਤੇ ਬਸ ਨਿਕਲਣੀ ਏ...ਬਸ ਇਹ ਚੇਤੇ ਰਖੋ ਤੇ ਫਿਕੀ ਖਖੜੀ ਨੂੰ ਵੀ ਹੋਰਨਾਂ ਅਨੇਕਾਂ ਕੁੜਤਨਾਂ ਵਾਂਗ ਜਰ ਜਾਓ ਬਸ...ਭਰ ਛਡੋ ਜੀ ਇਹ ਵੀ ਕੌੜਾ ਘੁਟ...
ਇਕ ਗਲ ਹੋਰ ਵੀ ਤੇ ਹੈ...ਕੀ ਸਾਨੂੰ ਸਾਰਾ ਦਿਨ ਮਿਠੇ ਹੀ ਬੰਦੇ ਟਕਰਦੇ ਨੇ ...ਇਕ ਤੋਂ ਇਕ ਸਿਰਾ ਟਕਰਦਾ ਜੇ ਕਿ ਨਹੀਂ...ਜੇ ਉਨਾਂ ਦਾ ਕੌੜਾ ਘੁਟ ਭਰ ਲੈਂਦੇ ਹੋ ਤੇ ਇਕ ਨਮਾਣੀ ਜਿਹੀ ਖਖੜੀ ਨੂੰ ਵੀ ਖੰਡ ਪਾ ਕੇ ਖਾ ਕੇ ਸਾਰੇ ਰੋਸੜੇ ਤੇ ਮਿਟ੍ਟੀ ਪਾਓ....ਲੈ ਇਕ ਗਲ ਹੋਰ ਚੇਤੇ ਆ ਗਈ...ਸਾਡੇ ਘਰ ਚ ਮੇਰੇ ਬੀਜੀ ਵਾਸਤੇ ਤੇ ਕਦੇ ਕੋਈ ਮਸਲਾ ਮਸਲਾ ਹੁੰਦਾ ਹੀ ਨਹੀਂ ਸੀ ...ਉਹ
ਖਖੜੀ ਫਿਕ੍ਕੀ ਨਿਕਲਣ ਤੇ ਆਖਦੇ ... ਕੋਈ ਗਲ ਨਹੀਂ....ਇਸ ਚ ਖੰਡ ਪਾ ਕੇ ਫਰਿਜ ਚ ਰਖ ਦਿਓ...ਸਵੇਰੇ ਤਕ ਮਿਠੀ ਖੰਡ ਹੋ ਜਾਏਗੀ....ਤੇ ਸਵੇਰੇ ਉਹ ਮਾਂ ਦੇ ਨਿਘੇ ਪਿਆਰ ਅਗੇ ਆਪਣਾ ਫੋਕਾਪਣ ਛਡ ਕੇ ਸਾਨੂੰ ਮਿਠੀ ਹੀ ਮਿਲਦੀ...
ਖਖੜੀ ਤੋਂ ਧਿਆਣ ਆਇਆ ...ਪਹਿਲਾਂ ਮੁਹਲੇ ਦੀਆਂ ਜਨਾਨੀਆਂ ਦੁਪਹਿਰ ਵੇਲੇ ਇਕ ਥਾਂ ਦੇ ਬਹਿ ਕੇ ਖਖੜੀਆਂ ਦੇ ਬੀਜ ਕਢਦੀਆਂ ਹੁੰਦਿਆਂ ..ਫੇਰ ਉਸ ਨੂੰ ਪੇਠੇ ਦੇ ਹਲਵੇ ਵਿਚ, ਖੀਰ-ਫਿਰਨੀ ਚ ਪਾਇਆ ਜਾਂਦਾ ਸੀ ....ਉਹ ਭੋਲੇ ਭਾਲੇ ਦਿਨ ਵੀ ਕਿਢੇ ਮਿਠ੍ਠੇ ਹੁੰਦੇ ਸਨ... ..ਸਚ ਮੁਚ ਠੰਡੀਆਂ ਮਿਠੀਆਂ ਯਾਦਾਂ ਦੀ ਗੰਢ....ਕੁਝ ਇਹ ਬੀਜਾਂ ਵਾਲੇ ਕੰਮ ਚ ਰੁਝਿਆਂ ਰਹਿੰਦੀਆਂ ਦੇ ਕੁਝ ਹੋਰ ਸੁਗੜ ਸਿਆਣੀਆਂ ਮੈਦੇ ਦੀਆਂ ਸੇਵੀਆਂ ਵਟ ਵਟ ਕੇ ਥਾਲ ਭਰਦੀਆਂ ਜਾਂਦੀਆਂ....ਮੇਰੇਆ ਰਬਾ, ਮੈਂ ਵੀ ਕਿਢੀ ਫਰੰਟਿਅਰ ਟ੍ਰੇਨ ਵਰਗੀ ਸਪੀਡ ਚ ਵੀ ਤੀਵੀਆਂ ਨੂੰ ਵੇਖਿਆ ਸੇਵੀਆਂ ਵਟਦੇ ਹੋਏ...ਏਸੇ ਬਹਾਨੇ ਦੁਖ ਸੁਖ ਵੀ ਵੰਡ ਲੈਂਦੀਆਂ ਸਨ ਉਹ ਬੀਬੀਆਂ.....
ਪਰ ਮੈਂ ਕਿਧਰ ਤੁਰ ਪਿਆਂ...
ਖਤਮ ਕਰੀਏ ਯਾਰ ਹੁਣ ਇਸ ਪੋਸਟ ਨੂੰ ....ਦਵਾਨੇ ਦੀਆਂ ਦੋ ਗਲਾ ਕਰ ਕੇ ... ਅਛਾ ਤਰਬੂਜ ਨੂੰ ਅਸੀਂ ਬਚਪਨ ਤੋਂ ਦਵਾਨਾ ਹੀ ਆਖਦੇ ਸੁਣਦੇ ਰਹੇ ਹਾਂ...ਪਰ ਮੈਂ ਕਦੇ ਕਿਤੇ ਇਹ ਲਫ਼ਜ਼ ਲਿਖਿਆ ਨਹੀਂ ਸੀ ਵੇਖਿਆ...ਮੈਂ ਪੰਜਾਬੀ ਦੀ ਡਿਕਸ਼ਨਰੀ ਵੀ ਵੇਖ ਲਈ....ਜਦੋਂ ਗਲ ਲਿਖਣ ਦੀ ਆਂਦੀ ਹੈ ਤਾਂ ਸਾਨੂੰ ਥੋੜਾ ਧਿਆਨ ਤੇ ਰਖਣਾ ਹੀ ਪੈਂਦਾ ਏ.....ਹੁਣੇ ਗੁਗਲ ਬਾਬੇ ਨੂੰ ਕਿਹਾ ਤੂੰ ਹੀ ਕੁਝ ਚਾਨਣ ਪਾ....ਉਸ ਨੇ ਮਿਨਟ ਤੋਂ ਪਹਿਲਾਂ ਦਸ ਦਿਤਾ... ਪੁਤ ਇਸ ਨੂੰ ਹਦਵਾਣਾ ਕਹਿੰਦੇ ਨੇ....ਤੂੰ ਕੀ ਗਵਾਰਾ ਵਾਂਗ ਦਵਾਨਾ..ਦਵਾਨਾ ਕਹਿੰਦਾ ਰਹਿੰਦੈ....(ਸੋਚ ਰਿਹਾਂ ਹਾਂ ਇੰਝ ਹੀ ਹੌਲੀ ਹੌਲੀ ਜੇ ਬੰਦਾ ਆਪਣੀਆਂ ਗਲਤੀਆਂ ਤੋਂ ਸਿਖਦਾ ਰਹੇ ਤੇ ਕਿੰਨਾ ਚੰਗਾ ਹੋਵੇ..)
ਇਕ ਗਲ ਹੈ ਖਖੜੀਆਂ ਤੇ ਹਦਵਾਣੇ ਖਰੀਦਤੇ ਵਕਤ ਕੁਝ ਲੋਕ ਉਸ ਭਾਈ ਨੂੰ ਕਹਿੰਦੇ ਨੇ ...ਤੂੰ ਵੇਖ ਕੇ ਦਸ, ਵਧੀਆ ਮਿਠਾ ਖੰਡ....ਬਈ, ਉਹ ਕਿਧਾ ਦਸੇ....ਉਸ ਦੀ ਦੀਆਂ ਵੀ ਦਾਤੇ ਨਾਲ ਉੰੰਨੀਆਂ ਕੁ ਤਾਰਾਂ ਜੁੜੀਆਂ ਹੋਈਆਂ ਨੇ ...ਜਿੰਨੀਆਂ ਕੁ ਤੁਹਾਡੀਆਂ....ਇਹ ਤੇ ਰਾਜ ਉਸ ਨੂੰ ਖੋਲ ਕੇ ਹੀ ਖੁਲੇਗਾ, ਬਾਬੇਓ.....
ਪਰ ਇਹ ਕੀ ਗਲ ਹੋਈ... ਹਦਵਾਣੇ ਦੀ ਫਾੜੀ ਕਟਵਾ ਕੇ...ਉਸ ਦਾ ਲਾਲ ਸੁਰਖ ਰੰਗ ਵੇਖ ਕੇ ...ਉਸ ਦੀ ਮਿਠਾਸ ਨੂੰ ਚੈਕ ਕਰ ਕੇ ਉਸ ਨੂੰ ਖਰੀਦਿਆ ਜਾਂਦੈ....ਮੈਂ ਕਈਂ ਸਾਲ ਪਹਿਲਾਂ ਅਜਿਹੀ ਹਰਕਤ ਕੀਤੀ ਹੋਵੇਗੀ ...ਕਈਂਂਂ਼ ਸਾਲਾਂ ਤੋਂ ਮੈਂ ਕਦੇ ਨਹੀਂ ਕੀਤਾ...ਜਿਹੜਾ ਖਰੀਦ ਲਿਆ ...ਬਸ ਉਸ ਨੂੰ ਚੁਕੋ ਤੇ ਅਗੇ ਤੁਰੋ....ਇਕ ਛੋਟੀ ਮੋਟੀ ਲਾਟਰੀ ਹੀ ਸਮਝੋ... ਘਰ ਜਾ ਕੇ ਫਿਕਾ ਨਿਕਲਿਆ ਦੇ ਫਿਕਾ ਹੀ ਸਹੀ... ਉਸ ਨੂੰ ਖੀਰਾ ਸਮਝ ਕੇ ਹੀ ਰਗੜ ਜਾਓ....ਜਾਂ ਫੇਰ ਮੇਰੀ ਬੀਜੀ ਜਿਹੋ ਜਿਹਾ ਜੁਗਾੜ ਖੰਡ ਪਾ ਕੇ ਥੋੜਾ ਲਾਂਬੇ ਰਖ ਦਿੰਦੇ ਸਨ...ਉਂਝ ਕਰ ਲਿਆ ਕਰੋ....ਪਰ ਜੋ ਵੀ ਹੈ, ਇਹ ਹਦਵਾਣੇ ਦਾ ਰੰਗ ਢੰਗ ਵੇਖ ਕੇ ਉਸ ਨੂੰ ਖਰੀਦਣ ਵਾਲਾ ਕੰਮ ਵੀ ਇਕ ਗਰੀਬ ਮਾਰ ਹੀ ਹੈ ...ਉਸ ਬੰਦੇ ਲਈ ਉਸ 40-50 ਰੁਪਏ ਲਈ ਬੜੀ ਕੀਮਤ ਏ...ਕਦੇ ਹਦਵਾਣਾ ਕਟਣ ਤੇ ਅੰਦਰੋਂ ਲਾਲ ਨਾ ਨਿਕਲਣ ਤੇ ਉਸ ਦੇ ਮੂੰਹ ਦਾ ਉਡਦਾ ਰੰਗ ਵੀ ਵੇਖਿਆ ਕਰੀਏ...ਨਾਲ ਹੀ ਟਾਟ ਦੇ ਬਹਿ ਕੇ ਉਸ ਦਾ ਛੋਟਾ ਜਿਆ ਨਿਆਣਾ ਆਪਣਾ ਹੋਮ-ਵਰਕ ਕਰ ਰਿਹਾ ਹੁੰਦੈ....ਉਸ ਨੇ ਇੰਨੇ ਸਾਰੇ ਬੇਰੰਗੇ ਹਦਵਾਣੇ ਸਿਰ ਚ ਮਾਰਨੇ ਨੇ...
ਕਿਹੜੇ ਵਡੇ ਵਡੇ ਮਾਲਾਂ ਵਾਲੇ ਸਾਨੂੰ ਹਦਵਾਣੇ ਕਟ ਕਟ ਕੇ ਚੈਕ ਕਰਵਾ ਕੇ ਦਿੰਦੇ ਨੇ ... ਪਿਜ਼ੇ ਜਾਂ ਜੰਕ ਫੂਡ ਦਾ ਬਿਲ ਅਸੀਂ 480 ਰੁਪਏ ਆਉਣ ਦੇ 20 ਰੁਪਏ ਛਡ ਕੇ ਬਾਹਰ ਆਉਣ ਲਗੇ ਥੈਂਕੂ ਵੀ ਝਾੜ ਆਉਂਦੇ ਹਾਂ...ਫੇਰ ਉਸ ਦਰਿਆਦਿਲੀ ਨੂੰ ਇੰਨਾਂ ਮਾਤੜ ਸਾਥੀ ਦੁਕਾਣਦਾਰਾਂ ਤੋਂ ਸੌਦਾ ਲੈਣ ਲਗੇਆਂ ਵੀ ਕਾਇਮ ਰਖਿਆ ਕਰੋ ਜੀ...
ਮੈਂਨੂੰ ਇਹ ਹੀ ਚੰਗੀ ਤਰਾਂ ਪਤਾ ਏ ਕਿ ਭਾਵੇਂ ਹੋਵੇ ਫੋਕੀ ਖਖੜੀ ਤੇ ਭਾਵੇਂ ਹੋਵੇ ਫੋਕਾ ਹਦਵਾਣਾ...ਉਸ ਨੂੰ ਮੁਕਾਣਾ ਬੜਾ ਮੁਸ਼ਕਿਲ ਕੰਮ ਹੈ ...
ਜਦੋਂ ਫਰਿਜ ਖੋਲੋ ਇੰਝ ਜਾਪਦੈ ਜਿਵੇਂ ਉਹ ਚੀਰਿਆ ਪਿਆ ਖਰਬੂਜਾ ਸਾਡੇ ਤੇ ਹਸ ਰਿਹਾ ਹੈ ...... "ਹਾਂ ਬਈ, ਬੜਾ ਸਿਆਣਾ ਕਾਂ ਬਣਦਾ ਸੈਂ, ਮੈਨੂੰ ਸੁੰਘ ਸੁੰਘ ਕੇ ਕੀ ਭਾਲ ਰਿਹਾ ਸੈਂ....ਇਹ ਸਭ ਦਾਤੇ ਦੇ ਰੰਗ, ਅਸੀਂ ਤੇਰੀਆਂ ਕਾਰਪੋਰੇਟ ਫੈਕਟਰੀਆਂ ਚੋਂ ਨਹੀਂ ਨਿਕਲੇ .. ਸਾਨੂੰ ਦਾਤਾ ਖੁਦ ਘੜਦੈ...ਤੂੰ ਫਿਕਾ ਕਹਿ ਕੇ ਸਾਨੂੰ ਨਕਾਰ ਦੇਂਦੈਂ ....ਆਪਣੀ ਗੋਗੜ ਵਲ ਧਿਆਨ ਕੀਤਾ ਈ ਕਦੇ ....ਭਬੜਗਲੇਆ ਜਿਹਾ....ਦਾਤੇ ਨੂੰ ਤੇ ਤੇਰੀ ਸ਼ੁਗਰ ਕੰਟਰੋਲ ਦਾ ਵੀ ਧਿਆਨ ਕਰਨਾ ਪੈਂਦਾ...ਇਸ ਕਰਕੇ ਫਿਕਾ ਹੋਵੇ, ਮਿਠਾ ਹੋਵੇ, ਤੇ ਭਾਂਵੇ ਹੋਵੇ ਕੌੜਾ...ਦਾਤੇ ਦਾ ਪਰਸਾਦ ਸਮਝ ਕੇ ਪਰਵਾਨ ਕਰਿਆ ਕਰ ਤੇ ਗਰੀਬ ਮਾਰ ਬਿਲਕੁਲ ਨਾ ਕਰਿਆ ਕਰ....ਚਲ, ਹੁਣ ਲਾਂਬੇ ਹੋ....ਇੰਨਾ ਚਿਰ ਫਰਿਜ ਖੋਲ ਕੇ ਨਹੀਂ ਰਖੀ ਦਾ ......ਬੰਦ ਕਰ ਫਰਿਜ ਨੂੰ ਤੇ ਦਾਤਾ ਦੀ ਉਸਤਤ ਚ ਇਹ ਸੋਹਣਾ ਗੀਤ ਸੁਣ.....ਇਸ ਨੂੰ ਰੋਜ ਸੁਣਿਆ ਕਰ .... ਬੰਦਾ ਬਣਿਆ ਰਹੇਂਗਾ ਬੰਦਾ..."
Subscribe to:
Post Comments (Atom)
ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...
ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...
-
ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜ...
-
ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧ...
-
ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋ...
No comments:
Post a Comment