ਪਰ ਹੁਣ ਤੇ ਓਧਰੋਂ ਨਿਕਲਣਾ ਬੜਾ ਮੁਸ਼ਕਿਲ ਹੈ। ਦਰਅਸਲ ਗੱਲ ਇਹ ਹੈ ਕਿ ਲੋਕਾਂ ਨੇ ਉਸ ਸੁਨਸਾਨ ਪਈ ਸੜਕ ਨੂੰ ਇਕ ਕੂੜਾਦਾਨ ਬਣਾ ਛੱਡਿਆ ਹੈ, ਹੁਣ ਓਧਰੋਂ ਨਿਕਲਣ ਤੇ ਇੰਨੀ ਬਦਬੂ ਆਉਂਦੀ ਹੈ ਕਿ ਹਾਲਤ ਖ਼ਰਾਬ ਹੋ ਜਾਂਦੀ ਏ.
ਘਰਾਂ ਦੀ ਤੋੜ ਭੰਨ ਦਾ ਮਲਬਾ, ਹੋਟਲਾਂ ਦੀ ਰਹਿੰਦ ਖੂੰਦ, ਮਰੇ ਹੋਏ ਪਸ਼ੂ - ਮੈਂ ਕੀ ਕੀ ਗਿਨਾਵਾਂ - ਸਬ ਕੁਛ ਓਥੇ ਪਿਆ ਹੁੰਦੈ, ਸੜ ਰਿਹਾ ਹੁੰਦੈ - ਇਕ ਜਿਹੜੀ ਗੱਲ ਮੈਨੂੰ ਬੜੀ ਅੱਖਰਦੀ ਹੈ ਉਹ ਇਹ ਕਿ ਓਥੇ ਲੋਕੀਂ ਪੂਰੇ ਦੇ ਪੂਰੇ ਬਿਸਤਰੇ ਤੱਕ ਸੁੱਟ ਜਾਂਦੇ ਨੇ। ਬਿਸਤਰੇ ਕੋਈ ਪੁਰਾਣੇ ਹੋਣ ਤੇ ਸੁੱਟ ਜਾਵੇ (ਵੈਸੇ ਉਹ ਵੀ ਇੰਝ ਰਾਹਾਂ ਤੇ ਸੁੱਟਣਾ ਤੇ ਗ਼ਲਤ ਹੀ ਹੈ) ਉਹ ਤੇ ਸਮਝ ਆਉਂਦੀ ਹੈ।
ਪਰ ਜਿਸ ਤਰ੍ਹਾਂ ਦੇ ਬਿਸਤਰੇ ਪੂਰੇ ਦੇ ਪੂਰੇ ਓਥੇ ਸੁੱਟੇ ਹੁੰਦੇ ਨੇ -- ਗੱਦਾ, ਰਜਾਈ, ਤਲਾਈ, ਸਿਰਹਾਣੇ, ਗਿਲਾਫ, ਚਾਦਰਾਂ - ਸਮਝ ਆ ਜਾਂਦੀ ਕਿ ਕਿਸੇ ਦੀ ਮੌਤ ਹੋਈ ਏ ਤੇ ਇਹ ਸਬ ਐਥੇ ਸੁੱਟ ਕੇ ਘਰ ਨੂੰ ਸ਼ੁੱਧ ਕਰ ਲਿਆ ਗਿਆ ਏ. (ਕਈਂ ਕਈਂ ਸਾਲਾਂ ਤਕ ਭਾਵੇਂ ਬੱਚਿਆਂ ਨੇ ਓਹਨਾ ਬਿਸਤਰਿਆਂ ਨੂੰ ਰਾਤੀਂ ਗਿੱਲੇ ਕਰ ਕਰ ਦੇ ਬਜ਼ੁਰਗਾਂ ਨੂੰ ਉਹਨਾਂ ਤੇ ਹੀ ਹੱਸਦੇ ਹੱਸਦੇ ਸੌਣ ਤੇ ਮਜਬੂਰ ਕੀਤਾ ਹੋਵੇ!)
ਅੱਜ ਵੀ ਜਦੋਂ ਮੈਂ ਇਸ ਰੋਡ ਤੇ ਜਾ ਰਿਹਾ ਸਾਂ ਤੇ ਇਕ ਈ -ਰਿਕਸ਼ਾ ਵਾਲਾ ਇਸੇ ਤਰ੍ਹਾਂ ਦਾ ਇਕ ਬਿਸਤਰਾ ਸੁੱਟ ਕੇ ਅੱਗੇ ਜਾਣ ਦੀ ਕਾਹਲੀ ਚ' ਸੀ. ਮੈਂ ਐਵੇਂ ਹੀ ਰੁਕ ਗਿਆ, ਮੈਂ ਉਸ ਨੂੰ ਪੁਛਿਆ ਕਿ ਹੋਇਆ! ਉਹ ਕਹਿੰਦੈ - ਕੁਛ ਨਹੀਂ ਜੀ, ਬੱਸ ਇਹ ਬਿਸਤਰਾ ਸੁੱਟਣ ਆਇਆ ਸੀ, ਗਵਾਂਢ ਚ ਇਕ ਬਜ਼ੁਰਗ ਪੂਰਾ ਹੋ ਗਿਆ ਏ, ਘਰ ਚ' ਥਰਥੱਲੀ ਪਈ ਹੋਈ ਸੀ, ਬਾਬੇ ਦਾ ਬਿਸਤਰਾ ਤੇ ਉਸ ਦੇ ਕੱਪੜੇ ਸੁਟਣੇ ਨੇ। ਬੱਸ ਓਹੀ ਕਰ ਕੇ ਚੱਲਾ ਹਾਂ।
ਮੈਂ ਉਸ ਬੰਦੇ ਨੂੰ ਪੁੱਛਿਆ ਕਿ ਬਜ਼ੁਰਗਾਂ ਨੂੰ ਹੋਇਆ ਕੀ ਸੀ - ਕਹਿੰਦਾ - ਕੁਛ ਨਹੀਂ, ਬਾਬਾ ਬੜਾ ਰੌਣਕੀ ਸੀ, ਦਿਲ ਲਾਈ ਰੱਖਦਾ ਸੀ ਸਾਰੇ ਆਂਢ -ਗੁਆਂਢ ਦਾ, ਬਿਲਕੁਲ ਨੌ -ਬਰ -ਨੌ ਸੀ, ਬਾਊ ਜੀ, ਬੱਸ ਪਿਛਲੇ ਐਤਵਾਰ ਸੁੱਤਾ ਸੁੱਤਾ ਹੀ ਸੋ ਗਿਆ (ਉਹ ਮੇਰੇ ਨਾਲ ਲਖਨਵੀ ਅਵਧੀ ਜ਼ੁਬਾਨ ਚ ਗੱਲ ਕਰ ਰਿਹਾ ਸੀ, ਮੈਂ ਪੰਜਾਬੀ ਚ ਤੁਹਾਡੇ ਲਈ ਲਿਖ ਰਿਹਾਂ )
ਉਹ ਤੇ ਅੱਗੇ ਵੱਗ ਗਿਆ, ਮੈਂ ਅੱਗੇ ਆਉਂਦਾ ਆਉਂਦਾ ਆਪਣੀ ਮਾਂ ਦੀਆਂ ਯਾਦਾਂ ਚ' ਵਗ ਗਿਆ, ਕਿੱਢੀ ਦਲੇਰ ਹੌਸਲੇ ਵਾਲੀ ਮਾਂ - ਘਰ ਚ ਸਾਡੀ ਇਕ ਪੱਕੀ ਦੋਸਤ - ਪਾਪਾ ਜੀ ਦੇ 20-22 ਸਾਲ ਪਹਿਲਾਂ ਸੰਸਾਰ ਤੋਂ ਤੁਰ ਜਾਣ ਮਗਰੋਂ ਅਸੀਂ ਸਾਰੇ ਹਮੇਸ਼ਾ ਨਾਲ ਹੀ ਰਹੇ, ਮੈਂ ਤੇ ਅਕਸਰ ਕਹਿੰਦਾ ਹਾਂ ਕਿ ਉਹ ਮੈਨੂੰ ਮੇਰੇ ਬੱਚਿਆਂ ਵਾਂਗ ਹੀ ਲੱਗਦੀ, ਕਈ ਵਾਰੀ ਇੰਝ ਲੱਗਦਾ ਕਿ ਉਹ ਮੇਰੀ ਸਬ ਤੋਂ ਵੱਡੀ ਭੈਣ ਹੈ (ਮੈਂ ਇਹ ਕਹਿੰਦਾ ਤੇ ਖਿੜ ਖਿੜ ਕੇ ਹੱਸ ਪੈਂਦੀ) - ਜਦੋਂ ਮਾਂ ਬਿਮਾਰ ਪਈ ਤੇ ਉਹ ਮੈਨੂੰ ਬਿਲਕੁਲ ਛੋਟੀ ਬੱਚੀ ਵਾਂਗ ਹੀ ਲੱਗਣ ਲੱਗ ਪਈ -
ਪਾਪਾ ਜੀ ਸਾਨੂੰ ਕਈ ਵਾਰੀ ਇਹ ਕਿਹਾ ਕਰਦੇ ਸੀ ਕਿ ਇੰਝ ਕਰੋ ਆਪਣੇ ਆਸੇ ਪਾਸੇ ਵੇਖੋ - ਆਪਣੇ ਬਾਰੇ ਕਹਿੰਦੇ ਕਿ ਮੇਰੇ ਉਮਰ ਦੇ ਕਿਸੇ ਕਿਸੇ ਆਦਮੀ ਦਾ ਪਿਓ ਵਿੱਖਦਾ ਏ, ਤੁਹਾਡੀ ਉਮਰ ਦੇ ਕੁਛ ਲੋਕਾਂ ਦਾ ਦਾਦਾ ਜ਼ਿੰਦਾ ਹੋਵੇਗਾ, ਪੜਦਾਦਾ ਤੇ ਕਿਸੇ ਦਾ ਵੀ ਨਹੀਂ ਹੋਵੇਗਾ, ਇੰਝ ਉਹ ਸਾਨੂੰ ਸਹਿਜ ਭਾਵ ਚ ਸ਼ਾਮਝਾਉਂਦੇ ਰਹਿੰਦੇ ਕਿ ਇਹ ਤੇ ਚਲੋ -ਚਲਾਇ ਦਾ ਮੇਲਾ ਹੈ- ਜੋ ਘੜਿਆ ਹੈ, ਉਸ ਨੇ ਢਹਿਣਾ ਹੀ ਹੈ. ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰ ਕੇ ਉਹ ਸਾਨੂੰ ਪੱਕਾ ਕਰਦੇ ਸਨ, ਓਹਨਾ ਦੇ ਜਾਣ ਤੇ ਇਹੋ ਲੱਗਾ ਕਿ ਬੱਸ ਰੂਹ ਨੇ ਚੋਲਾ ਬਦਲਿਆ ਹੋਵੇ ਜਿਵੇਂ !!
ਮਾਂ ਵੀ ਪੂਰੇ ਹੋਣ ਤੋਂ 2 ਦਿਨ ਪਹਿਲਾਂ ਮੈਨੂੰ ਹੱਥ ਦੇ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਂਦੀ ਹੈ ਤੇ ਕਹਿਣ ਲੱਗੇ - ਵੇਖ ਬਿੱਲੇ, ਮਾਪੇ ਕਦੇ ਕਿਸੇ ਦੇ ਹਮੇਸ਼ਾ ਤੇ ਨਹੀਂ ਰਹਿੰਦੇ- ਮੇਰੇ ਸਿਰ ਤੇ ਆਪਣਾ ਕਮਜ਼ੋਰ ਹੋ ਚੁਕਿਆ ਹੱਥ ਫੇਰ ਕੇ ਕਿਹਾ- ਦਿਲ ਵੱਡਾ ਰੱਖਣਾ ਹੁੰਦੈ . ਮੈਂ ਬੀਜੀ ਦੇ ਸਿਰ ਤੇ ਹੱਥ ਫੇਰ ਕੇ ਤੇ ਮੱਥਾ ਚੁੰਮ ਕੇ ਕਿਹਾ- ਬੀਜੀ, ਇਹ ਕਿ ਗੱਲ ਹੋਈ, ਤੁਸੀਂ ਦਵਾਈ ਖਾ ਰਹੇ ਹੋ, ਠੀਕ ਹੋ ਜਾਣੈ ਤੁਸੀਂ ਬਿਲਕੁਲ।
ਦੋ ਦਿਨ ਬਾਅਦ ਬੀਜੀ ਦਾ ਸਾਹ ਉਖੜਿਆ ਐਸਾ ਤੇ ਫੇਰ ਉਹ ਰਲਿਆ ਹੀ ਨਹੀਂ - ਮੈਂ, ਮਿਸਿਜ ਤੇ ਬੱਚੇ ਓਥੇ ਹੀ ਸੀ, ਮੈਂ ਬੀਜੀ ਦਾ ਸਿਰ ਗੋਦੀ ਚ ਰੱਖਿਆ ਤੇ ਪਿਆਰੀ ਬੀਜੀ ਉਹ ਗਈ ਉਹ ਗਈ।
ਆਸੇ ਪਾਸੇ ਦੇ ਲੋਕਾਂ ਨੇ ਕਿਹਾ - ਬੈਡ ਤੋਂ ਥੱਲੇ ਲਾ ਦਿਓ. ... ਮੈਂ ਕਿਹਾ - ਨਹੀਂ, ਇਹ ਇਥੇ ਹੀ ਠੀਕ ਨੇ, ਕਿਸੇ ਨੇ ਦੀਵਾ ਬਾਲਣ ਦੀ ਸਲਾਹ ਦਿੱਤੀ - ਅਸੀਂ ਕੁਛ ਨਹੀਂ ਕੀਤਾ। ਰਾਤ ਦੇ 11 ਵਜੇ ਸਨ, ਮਾਂ ਦਾ ਦੁੱਖ ਵੇਖ ਵੇਖ ਕੇ ਕੁਛ ਮਹੀਨਿਆਂ ਤੋਂ ਮੈਂ ਅੰਦਰੋਂ ਅੰਦਰ ਹੀ ਇੰਨਾ ਰੋ ਚੁਕਿਆ ਸਾਂ, ਤੇ ਨਾਲੇ ਬੀਜੀ ਦੇ ਦੋ ਦਿਨ ਪਹਿਲੇ ਉਹ ਲਫ਼ਜ਼ ਕਿ ਦਿਲ ਵੱਡਾ ਰੱਖਣਾ ਹੁੰਦੈ!! - ਇਸ ਦਾ ਇਹ ਅਸਰ ਹੋਇਆ ਕਿ ਮੇਰੇ ਸਾਰੇ ਹੰਝੂ ਸੁੱਕ ਗਏ, ਦੁਨੀਆਦਾਰੀ ਦੇ ਦਿਖਾਵੇ ਵਾਸਤੇ 2-4 ਵੀ ਨਾ ਬਚੇ.😢
ਜਿਹੜੇ ਬੈਡ ਤੇ ਬੀਜੀ ਦੀ ਮਿੱਟੀ ਪਈ ਸੀ (ਜੋਤੀ ਤੇ ਜੋਤ ਸਮਾ ਚੁਕੀ ਸੀ) ...ਓਥੇ ਹੀ ਅਸੀਂ ਪੈ ਗਏ, ਮੇਰੇ ਬੇਟੇ ਤੇ ਆਪਣੀ ਪਿਆਰੀ ਬੀਜੀ ਨੂੰ ਚੁੰਮਦੇ ਰਹੇ, ਜੱਫੀਆਂ ਮਾਰਦੇ ਮਾਰਦੇ ਹੋਏ ਉੰਨਾ ਨਾਲ ਹੀ ਪਏ ਰਹੇ, ਮੈਂ ਵੀ ਓਸੇ ਬੈਡ ਤੇ ਹੀ ਲੇਟ ਗਿਆ ......ਪਤਾ ਹੀ ਨਹੀਂ ਲੱਗਾ ਕਿ ਕਦੋਂ ਵਿਚ ਵਿਚ ਅੱਖ ਲੱਗ ਜਾਂਦੀ - ਤੜਕੇ ਉੱਠੇ , ਲੋਕੀਂ ਆਉਣੇ ਸ਼ੁਰੂ ਹੋ ਗਏ - ਫੇਰ ਓਹੀ ਗੱਲਾਂ, ਥੱਲੇ ਨਹੀਂ ਲਾਓਗੇ? - ਮੈਂ ਆਖਿਆ ਨਹੀਂ - ਇਥੋਂ ਹੀ ਆਖਰੀ ਸਫਰ ਵਾਸਤੇ ਚਲਣਗੇ - (ਮੈਨੂੰ ਧਿਆਨ ਆ ਰਿਹਾ ਸੀ ਕਿ ਬੀਜੀ ਕਿਤੋਂ ਵੀ ਆਉਂਦੇ ਤੇ ਕਹਿੰਦੈ ਕਿ ਮੈਨੂੰ ਤੇ ਆਪਣੇ ਕਮਰੇ ਚ' ਆ ਕੇ ਹੀ ਠੰਡ ਪੈਂਦੀ ਏ, ਸੱਚ ਇੰਝ ਜਾਪਦੈ ਜਿਵੇਂ ਸਵਰਗ ਚ ਬੈਠੀ ਹੋਵਾਂ - ਬੀਜੀ ਜਦੋਂ ਗਲਬਾਤ ਚ ਇਹ ਸਵਰਗ ਨੂੰ ਵਿਚ ਵਾੜ ਲੈਂਦੇ ਸੀ ਤੇ ਮੈਨੂੰ ਥੋੜਾ ਅਜੀਬ ਵੀ ਲੱਗਦਾ ਕਿ ਇਹ ਵਿਚ ਸਵਰਗ ਕਿਥੋਂ ਆ ਗਿਆ!! (ਮੇਰਾ ਵੱਡਾ ਮੁੰਡਾ ਬੀਜੀ ਨੂੰ ਛੇੜਦਾ ਸੀ ਕਈ ਵਾਰ ਕਿ ਬੀਜੀ ਇਹ ਤੇ ਤੁਹਾਡਾ ਕੰਟਰੋਲ ਰੂਮ ਹੈ !!) ਇਸ ਕਰਕੇ ਮੈਂ ਕਿੰਝ ਸੋਚ ਸਕਦਾ ਸੀ ਕਿ ਮਾਂ ਦੇ ਸਵਰਗ ਚ' ਹੀ ਉਸ ਨੂੰ ਭੁੰਜੇ ਲਾ ਦਿੱਤਾ ਜਾਵੇ- ਰਿਵਾਇਤਾਂ ਦੀ ਐਸੀ ਦੀ ਤੈਸੀ !!
ਇਕ ਗੱਲ ਹੋਰ - ਮਾਂ ਮੇਰੀਆਂ ਸਾਰੀਆਂ ਲਿਖਤਾਂ ਪੜਦੀ ਸੀ, ਉਸ ਨੂੰ ਬੜਾ ਮਜ਼ਾ ਆਉਂਦਾ ਸੀ, ਵਿਚਾਰੀ ਕਹਿੰਦੀ ਤੁਰ ਗਈ ਕਿ ਕਿਤਾਬ ਲਿਖ ਇਕ. ਮੈਂ ਹੀ ਉਦਮ ਨਾ ਕੀਤਾ। ਉਹ ਇਕ ਗੱਲ ਹੋਰ ਕਹਿੰਦੇ ਕਿ ਇੰਨੇ ਸਾਲਾਂ ਤੋਂ ਲਿਖ ਰਿਹਾ ਏਂ, ਕਿਤੋਂ ਤੈਨੂੰ ਪੈਸੇ ਧੇਲਾ ਤੇ ਮਿਲਦੇ ਨਹੀਂ। ..ਮੈਂ ਹੱਸ ਪੈਂਦਾ - ਬੀਜੀ, ਪੈਸੇ ਚਾਹੀਦਾ ਕਿੰਨੂੰ ਏ ਬੀਜੀ, ਤੁਹਾਡੇ ਪੁੱਤਰ ਨੂੰ ਬੜਾ ਸੰਤੋਖ ਸਿਦਕ ਹੈ, ਤੁਹਾਡੀ ਇਹੋ ਹੀ ਸਿਖਲਾਈ ਹੈ....!!
ਪਰ ਮਾਂ ਨੇ ਸ਼ਾਇਦ ਠਾਣ ਲਿਆ ਹੋਇਆ ਸੀ ਕਿ ਜਾਂਦੇ ਜਾਂਦੇ ਪੁੱਤ ਨੂੰ ਲਿਖਤਾਂ ਤੋਂ ਪੈਸੇ ਧੇਲਾ ਨਾ ਮਿਲਣ ਵਾਲਾ ਵੀ ਕੰਢਾ ਕੱਢ ਕੇ ਹੀ ਜਾਏਗੀ, ਉਹ ਕੰਮ ਵੀ ਉਸ ਰੱਬੀ ਰੂਹ ਦੇ ਆਸ਼ੀਰਵਾਦ ਸਦਕਾ ਹੋ ਹੀ ਗਿਆ ਜੀ. ਮਾਂ ਨੂੰ ਅਜੇ ਗਏ 2-3 ਮਹੀਨੇ ਹੋਏ ਸੀ, ਇਕ ਮਸ਼ਹੂਰ ਈ-ਮੈਗਜ਼ੀਨ- ਰਚਨਾਕਾਰ - ਨੇ ਲੋਕਾਂ ਕੋਲੋਂ ਆਪਣੀਆਂ ਯਾਦਾਂ (ਸੰਸਮਰਣ) ਮੰਗੀਆਂ। ਇਹ ਇਕ ਕੰਪੀਟੀਸ਼ਨ ਸੀ, ਮੈਂ ਵੀ ਓਹਨੀ ਦਿਨੀਂ ਮਾਂ ਦੀਆਂ ਯਾਦਾਂ ਦੀ ਬੰਬੀ ਤੇ ਰੋਜ਼ ਚੁੱਬੀਆਂ ਤੇ ਮਾਰਦਾ ਹੀ ਸੀ, ਮੈਂ ਇਕ ਹਫਤੇ ਦੀ ਛੁਟੀ ਲੈ ਕੇ ਆਪਣੇ ਮਾਂ ਦੀਆਂ ਯਾਦਾਂ ਨੂੰ ਨੇਟ ਤੇ ਸਹੇਜ ਦਿੱਤਾ, 120 ਐਂਟ੍ਰੀਇਜ਼ ਆਇਆਂ, ਮੈਂ ਵੀ ਆਖਰੀ ਦਿਨ ਭੇਜ ਦਿੱਤੀ ਆਪਣੀ ਐਂਟਰੀ- ਇਸ ਵਿਚ ਬੜੇ ਬੜੇ ਵੱਡੇ ਹਿੰਦੀ ਦੇ ਪ੍ਰੋਫੈਸਰ ਵੀ ਸਨ... ਮੈਨੂੰ ਪਹਿਲਾ ਇਨਾਮ ਮਿਲਿਆ, ਮੇਰਾ ਹੌਸਲਾ ਬੜਾ ਵੱਧ ਗਿਆ, ਮੈਂ ਕੋਈ ਮਹਾਨ ਲੇਖਕ ਤੇ ਦੂਰ ਲੇਖਕ ਵੀ ਨਹੀਂ ਹਾਂ, ਬੱਸ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਲੈਣਾਂ - ਇਸ ਕੰਪੀਟੀਸ਼ਨ ਚ' ਵੀ ਇਹੋ ਕੀਤਾ ਸੀ - ਸੱਚੀਂ ਸੱਚੀਂ ਸਬ ਕੁਛ ਲਿਖ ਦਿੱਤਾ, ਬਾਕੀ ਇਹ ਇਨਾਮ ਤੇ ਅਰਸ਼ੋਂ ਬੀਜੀ ਦੀ ਕਾਰਸਤਾਨੀ ਹੈ, ਮੈਨੂੰ ਇਹ ਪਤਾ ਏ , ਪਹਿਲਾ ਇਨਾਮ ਗਿਆਰਾਂ ਹਜ਼ਾਰ ਦਾ ਸੀ --- ਇਹ ਬੀਜੀ ਨੇ ਆਸ਼ੀਰਵਾਦ ਭੇਜਿਆ ਸੀ!!
ਦੋਸਤੋ, ਲਿਖਦੇ ਲਿਖਦੇ ਇਹ ਇਕ ਛੋਟੀ ਮੋਟੀ ਕਿਤਾਬ ਜਿੰਨੀ ਹੀ ਬਣ ਗਈ, ਸੋਚ ਰਿਹਾਂ ਰਬ ਸੁਖ ਰੱਖੇ , ਇਸ ਲਿਖਤ ਨੂੰ ਪੰਜਾਬੀ ਚ' ਅਨੁਵਾਦ ਜ਼ਰੂਰ ਕਰਣੈ |
ਬਾਕੀ, ਗੱਲ ਤਾਂ ਹੈ ਕਿ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦੈ - ਮੈਂ ਤੇ ਇਹ ਵੀ ਨਹੀਂ ਕਹਿ ਸਕਦਾ, ਤੁਸੀਂ ਸਾਰੇ ਮੈਥੋਂ ਕੀਤੇ ਸੂਝਵਾਨ ਤੇ ਝੁਝਾਰੂ ਹੋ ਜਨਾਬ, ਬੱਸ ਨਿਮਾਣਾ ਜੇਹਾ ਇਹੋ ਮਸ਼ਵਰਾ ਹੈ ਕਿ ਕੁਛ ਜਿਹੜੀਆਂ ਰਿਵਾਇਤਾਂ ਚੱਲੀਆਂ ਆ ਰਹੀਆਂ ਨੇ - ਥੱਲੇ ਲਾਉਣ ਵਾਲਿਆਂ, ਦੀਵਾ ਕਰਣ ਵਾਲੀਆਂ, ਬਜ਼ੁਰਗਾਂ ਤੇ ਬਿਸਤਰੇ ਤੇ ਕੱਪੜੇ ਕੂੜੇ ਚ ਸੁੱਟਣ ਵਾਲੀਆਂ - ਇੰਨਾ ਰਿਵਾਇਤਾਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਲਾਲਕਾਰਣਾ ਪੈਣਾ ਏ.. ਜੇਕਰ ਇਹ ਕੰਮ ਪੜਿਆ ਲਿਖਿਆ ਤਬਕਾ ਕਰਦਾ ਹੈ ਤਾਂ ਰਿਵਾਇਤਾਂ ਦੇ ਬੋਝ ਥੱਲੇ ਦੱਬੇ ਹੋਰ ਮਾਤੜ ਸਾਥੀਆਂ ਨੂੰ ਵੀ ਇੰਨ੍ਹਾਂ ਬੇੜੀਆਂ ਚੋਂ ਨਿਕਲਣ ਦਾ ਰਸਤਾ ਦਿੱਖ ਜਾਂਦੈ।
ਜਿਥੇ ਵੀ ਕੁਛ ਉਲਟੀਆਂ ਸਿੱਧੀਆਂ ਰਿਵਾਇਤਾਂ ਦਿਖਣ , ਜੇ ਓਹਨਾ ਨੂੰ ਲਲਕਾਰਣ ਦੀ ਜੇਕਰ ਜੁਰਅਤ ਨਹੀਂ ਹੁੰਦੀ ਤੇ ਘੱਟੋ ਘਟ ਉਹਨਾਂ ਦੀ ਹੋਂਦ ਬਾਰੇ ਸਵਾਲ ਤੇ ਕਰੀਏ- ਜੇ ਕਰ ਜੀਓੰਦੇ ਹਾਂ ਤੇ ਜੀਓੰਦੇ ਨਜ਼ਰੀਂ ਵੀ ਆਈਏ - ਭੇੜ ਚਾਲ ਨੂੰ ਤੇ ਠੱਲ ਪਾਈਏ।
ਹੁਣ ਵੀ ਬੀਜੀ ਦੇ ਓਸੇ ਬਿਸਤਰੇ ਤੇ ਬਹਿ ਕੇ ਹੀ ਇਹ ਲਿਖ ਰਿਹਾਂ - ਬੀਜੀ ਦੇ "ਸਵਰਗ" ਤੋਂ। ਮੁਕਦੀ ਗੱਲ ਇਹ ਕਿ ਜੀਓੰਦੇ ਜੀ ਕਿਸੇ ਦੀ ਰੂਹ ਖੁਸ਼ ਰੱਖਣਾ ਸਿੱਖ ਲਈਏ, ਉਸ ਨਾਲ ਹੱਸਦੇ ਖੇਡਦੇ ਰਹੀਏ, ਇਹ ਸਾਲ ਦਾ ਇਕ ਦਿਨ ਮਨਾਉਣ ਵਾਲੀ ਬਿਮਾਰੀ ਤੋਂ ਬਚੀਏ, ਉਹ ਬਾਜ਼ਾਰਵਾਦ ਹੈ, ਸ਼ਾਇਦ ਗੂੜਾ ਪਿਆਰ ਨਹੀਂ ਹੈ। ਰਿਸ਼ਤਿਆਂ ਚ ਹਰ ਦਿਨ ਸਪੈਸ਼ਲ ਹੈ, ਬਾਬੇਓ।
ਹਰਭਜਨ ਮਾਨ ਬਹੁਤ ਚੰਗੀ ਗੱਲ ਕਹਿੰਦਾ - ਆ ਸੋਹਣਿਆ ਵੇ ਜਗ ਜਿਓਂਦਿਆਂ ਦੇ ਮੇਲੇ
2
No comments:
Post a Comment