Saturday 29 June 2019

ਜਦੋਂ ਅਸਲੀ ਕੀਰਤਨੀ ਜਥਾ ਰਹਿ ਗਿਆ ..

ਕਹਿੰਦੇ ਨੇ ਇਕ ਵਾਰ ਏਜੇਂਟਾਂ ਨੇ ਚਾਰ ਬੰਦਿਆਂ ਦੀ ਕੀਰਤਨੀ ਜਥੇ ਦੇ ਤੌਰ ਤੇ ਕੈਨੇਡਾ ਦੀ ਫਾਈਲ ਲਾ ਦਿੱਤੀ ਤੇ ਉਹਨਾਂ ਦੀ ਆ ਗਈ ਇੰਟਰਵਿਊ

ਕੈਨੇਡਾ ਐਮਬੈਸੀ ਵਾਲੇ ਕਹਿੰਦੇ ਬਈ ਅਸੀਂ ਕਿਵੇਂ ਮੰਨੀਏ ਕਿ ਤੁਸੀਂ ਅਸਲੀ ਕੀਰਤਨੀਏ ਹੋ - ਚਲੋ ਸਾਨੂੰ ਕੀਰਤਨ ਕਰ ਕੇ ਵਿਖਾਓ

ਓਹਨਾ ਚਾਰਾਂ ਦੇ ਤਾਂ ਆ ਗਈ ਦੰਦਾਂ ਚ ਜੀਭ ਤੇ ਸੋਚਾਂ ਲੱਗੇ - ਲੈ ਬਈ ਫਸ ਗਏ ਹੁਣ - ਆਪਾਂ ਨੂੰ ਤੇ ਵਾਜਾ ਖੋਲ੍ਹਣਾ ਵੀ ਨਹੀਂ ਆਉਂਦਾ, ਕੀਰਤਨ ਕਿਵੇਂ ਕਰਾਂਗੇ .. ਉਹਨਾਂ ਚੋਂ ਇਕ ਅਸਤਰ ਦਿਮਾਗ ਦਾ ਬੋਲਿਆ ਕਿ ਤੁਸੀਂ ਕੀਰਤਨ ਕਰਵਾਉਣਾ ਹੀ ਏ ਤਾਂ ਪਹਿਲਾਂ ਇਕ ਕਮਰਾ ਚੰਗੀ ਤਰ੍ਹਾਂ ਧੋ ਕੇ ਸਾਫ ਕਰੋ ਤੇ ਵਾਧੂ ਘਾਟੂ ਸਮਾਨ ਬਾਹਰ ਕੱਢੋ - ਸਾਰਾ ਸਟਾਫ ਸਰ ਢੱਕ ਕੇ ਸੰਗਤ ਦੇ ਰੂਪ ਵਿਚ ਸਾਡੇ ਸਾਹਮਣੇ ਬੈਠੋ - ਅਸੀਂ ਫੇਰ ਕੀਰਤਨ ਕਰਾਂਗੇ ਤੇ ਘੱਟੋ ਘਟ ਇਕ ਘੰਟਾ ਲਗਾਤਾਰ ਉਹ ਚੱਲੇਗਾ, ਤੁਸੀਂ ਉਸ ਦੌਰਾਨ ਸਾਨੂੰ ਵਿਚ ਨਹੀਂ ਰੋਕ ਸਕਦੇ

ਐਮਬੈਸੀ ਵਾਲੇ ਸੋਚਣ ਇੰਨਾ ਝਮੇਲਾ ਕੌਣ ਕਰੁ, ਵੈਸੇ ਵੀ ਗੱਲੀਂ ਬਾਤੀਂ ਤੇ ਅਸਲੀ ਹੀ ਲੱਗਦੇ ਪਏ ਨੇ, ਓਹਨੂੰ ਝੱਟ ਪਾਸਪੋਰਟ ਤੇ ਵੀਜ਼ੇ ਵਾਲੀ ਮੋਹਰ ਮਾਰ ਕੇ ਉਹਨਾਂ ਨੂੰ ਤੌਰ ਦਿੱਤਾ

ਉਹਨਾਂ ਦੇ ਅਗਲਾ ਨੰਬਰ ਆ ਗਿਆ ਅਸਲੀ ਕੀਰਤਨੀ ਜਥੇ ਦਾ ਜਿੰਨਾ ਦਾ ਮੁੱਖ  ਰੁਜ਼ਗਾਰ ਹੀ ਕੀਰਤਨ ਕਰਣ ਦਾ ਸੀ - ਉਹਨਾਂ ਨੂੰ ਵੀ ਐਮਬੈਸੀ ਵਾਲਿਆਂ ਨੇ ਓਹੀ ਪਹਿਲੇ ਵਾਲਾ ਸਵਾਲ ਕੀਤਾ ਤੇ ਉਹ ਬੰਦੇ ਓਸੇ ਵੇਲੇ ਵਾਜਾ ਖੋਲ ਕੇ ਬਹਿ ਗਏ... ਐਮਬੈਸੀ ਵਾਲਿਆਂ ਨੇ ਉਹਨਾਂ ਦੇ ਪਾਸਪੋਰਟ ਵਗਾਹ ਕੇ ਪਰੇ ਮਾਰੇ ਤੇ ਉਹਨਾਂ ਨੂੰ ਕਹਿਣ ਲੱਗੇ - ਤੁਹਾਨੂੰ ਤੇ ਕੀਰਤਨ ਕਰਨ ਦੇ ਅਸੂਲ ਹੀ ਨਹੀਂ ਪਤਾ

ਉਹ ਵਿਚਾਰੇ ਅਸਲੀ ਕੀਰਤਨੀਆਂ ਨੇ ਬੜੇ ਤਰਲੇ ਮਿੰਨਤਾਂ ਕੀਤੀਆਂ ਪਰ ਐਮਬੈਸੀ ਵਾਲੇ ਕਿਥੋਂ ਮੰਨਣ ਵਾਲੇ ਸੀ - ਉਹਨਾਂ ਨੇ ਪੱਕਾ ਹੀ ਕੈਨੇਡਾ ਦਾ ਬੈਨ ਲਗਾ ਕੇ ਅਸਲੀ ਕੀਰਤਨੀਏ ਘਰੋ ਘਰੀ ਤੋਰ ਦਿੱਤੇ -

ਦੋਸਤੋ, ਇਹ ਕਿੱਸਾ ਮੇਰੇ ਸਕੂਲ ਦੇ ਸਾਥ ਸੁਨੀਲ ਨੇ ਹੁਣੇ ਵਹਾਤਸੱਪ ਤੇ ਭੇਜਿਆ - ਮੈਂ ਸੋਚਿਆ ਇਸ ਨੂੰ ਬਲੌਗ ਤੇ ਸਾਂਝਾ ਕਰ ਲੈਂਦੇ ਹਾਂ - ਵੈਸੇ ਇਕ ਗੱਲ ਹੈ ਕਿ ਸਾਡੀ ਜ਼ਿੰਦਗੀ ਚ ਵੀ ਤੇ ਇੰਝ ਕਈ ਵਾਰ ਹੁੰਦੈ ਜਦੋਂ ਨਕਲੀ ਬੰਦੇ ਦੁਨਿਆਵੀ ਤੌਰ ਤੇ ਅੱਗੇ ਲੰਘਦੇ ਜਾਪਦੇ ਨੇ  - ਫੇਰ ਵੀ ਦੇਰ ਸਵੇਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਤੇ ਹੋ ਕੇ ਹੀ ਰਹਿੰਦੈ- ਤੁਹਾਡਾ ਕਿ ਖਿਆਲ ਏ ਜਨਾਬ ?

ਚੰਗਾ ਜੀ,  ਮੈਨੂੰ ਹੁਣ ਦਿਓ ਇਜ਼ਾਜ਼ਤ - ਜਾਗੋ ਆਈ ਏ 

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...