Thursday, 20 June 2019

ਤਸਵੀਰਾਂ - ਸਸਤੀਆਂ ਤੇ ਮਹਿੰਗੀਆਂ

ਅਜ ਸਵੇਰੇ ਫੇਸਬੁਕ ਤੇ ਡਾ. ਗੁਰਪ੍ਰੀਤ ਨੇ ਇਕ ਫੋਟੋ ਸ਼ੇਅਰ ਕੀਤੀ ਸੀ....ਵੇਖ ਕੇ ਢਾਡੀ ਖੁਸੀ ਹੋਈ... ਉਸ ਦੇ ਬਚਪਨ ਦੀ ਫੋਟੋ ਸੀ ...ਉਸ ਦੇ ਦਾਦਾ ਜੀ ਨੇ ਉਸ ਨੂੰ ਇਕ ਹਥ ਤੇ ਚੁਕਿਆ ਹੋਇਆ ਹੈ ਤੇ ਉਹ ਡਰਿਆ ਸਹਿਮਿਆ ਇਹ ਪਿਆਰ ਨੂੰ ਝਲ ਰਿਹੈ....

ਮੈਨੂੰ ਇਹ ਫੋਟੋ ਵੇਖ ਕੇ ਬਹੁਤ ਹੀ ਚੰਗਾ ਲਗਾ...ਫੇਸਬੁਕ ਤੇ ਅਜਿਹੀਆਂ ਪੋਸਟਾਂ ਘਟ ਹੀ ਨਜ਼ਰ ਆਂਉਂਦੀਆਂ ਨੇ...ਜਿਥੇ ਕੋਈ ਆਪਣੇ ਸੁਅਰਗਾ ਚ ਵਾਸ ਕਰ ਰਹੇ ਦਾਦੇ-ਨਾਨੇ ਨੂੰ ਉਸ ਦੇ ਜਨਮ ਦਿਨ ਤੇ ਯਾਦ ਕਰ ਰਿਹਾ ਹੋਵੇ.... ਹੈ ਕਿ ਨਹੀਂ....
ਸਾਨੂੰ ਆਪਣੀਆਂ ਸ਼ੇਲਫ਼ੀਆਂ ਤੋਂ ਹੀ ਵਿਹਲ ਨਹੀਂ ਮਿਲਦੀ ...

ਗੁਰਪ੍ਰੀਤ ਆਪਣੇ ਦਾਦਾ ਜੀ ਤੇ ਹਥ ਦਾ ਖਿਡੋਨਾ ਬਣਿਆ ਹੋਇਆ...

ਦਰਅਸਲ ਅਜ ਗੁਰਪ੍ਰੀਤ ਦੇ ਦਾਦਾ ਜੀ ਦਾ ਜਨਮਦਿਨ ਹੈ...ਉਹ ਬਜ਼ੁਰਗਾਂ ਦੀ ਸਾਦਗੀ ਤੇ ਸਚੇ-ਸੁਚੇ ਜੀਵਨ ਨੂੰ ਚੇਤੇ ਕਰ ਰਿਹਾ ਸੀ ...ਲਿਖਦੈ ਕਿ ਚਾਹੇ ਤੁਸੀਂ ਸ਼ਰੀਰ ਰੂਪ ਚ ਨਹੀਂ ਹੋ, ਪਰ ਤੁਸੀਂ ਮੇਰੇ ਸੁਪਨਿਆਂ ਚ ਹੋ ... ਮੇਰੇ ਦਿਲ ਵਾਸ ਕਰਦੇ ਹੋ...

ਚੰਗਾ ਲਗਾ ਜੀ ਗੁਰਪ੍ਰੀਤ ਦੀ ਤੇ ਉਸ ਦੇ ਦਾਦਾ ਜੀ ਦੀ ਫੋਟੋ ਵੇਖ ਕੇ ...ਮੈਂ ਕਮੈਂਟ ਲਿਖ ਕੇ ਉਸ ਨੂੰ ਭੇਜਿਆ ਕਿ ਵੈਸੇ ਤੇ ਬਾਈ ਸੋਸ਼ਲ ਮੀਡਿਆ ਤੇ ਤਸਵੀਰਾਂ ਦਾ ਰੁਲ ਪਿਆ ਹੋਇਆ ਏ....ਪਰ ਇਹ ਤਸਵੀਰ ਖਾਸ ਹੈ...ਨਾਲ ਮੈਂ ਵੈਸੇ ਮਜ਼ਾਕ ਕਰਨੋਂ ਵੀ ਬਾਜ ਨਹੀਂ ਆਇਆ ਕਿ ਤੇਰਾ ਤੇ ਦਾਦਾ ਜੀ ਦੇ ਹਥ ਤੇ ਖੜੇ ਹੋਏ ਵੀ ਸਾਹ ਸੁਕਿਆ ਹੋਇਐ....ਮੈਂ ਉਸ ਨੂੰ ਇਹ ਵੀ ਕਿਹਾ ਕਿ ਮੰਨ ਗਏ ਭਰਾਵਾ ਤੇਰੇ ਦਾਦਾ ਜੀ ਦੀ ਏਡੀ ਦਲੇਰੀ ਨੂੰ ਜਿਹੜੇ ਇਕ ਮਲੂਕ ਜਿੰਦ ਨਾਲ ਅਜਿਹੇ ਕਰਤਬ ਵਿਖਾ ਰਹੇ ਨੇ....

ਹਾਂ ਜੀ ਇਹ ਇਕ ਮਿਸਾਲ ਸੀ ਮਹਿੰਗੀ ਤਸਵੀਰ ਦੀ ....ਜਿਸ ਨੂੰ ਪੋਤੇ ਨੇ ਸੰਭਾਲ ਕੇ ਰਖਿਆ ਹੋਇਆ ਏ...ਤੁਸੀਂ ਵੀ ਧਿਆਨ ਕਰੋ ਕਿ ਸਾਡੇ ਕੋਲ ਵੀ ਕੁਝ ਅਜਿਹੀਆਂ ਮਹਿੰਗੀਆਂ ਤਸਵੀਰਾਂ ਨੇ ...ਜਿੰਨਾਂ ਕੋਲੋਂ ਅਸੀਂ ਕਦੇ ਨਹੀਂ ਨਿਖੜਦੇ ...ਸਾਂਭ ਸਾਂਭ ਕੇ ਰਖਦੇ ਹਾਂ...ਗਲ ਇਕ ਹੋਰ ਵੀ ਹੈ ਕਿ ਪਹਿਲੇ ਸਮੇਂ ਵਿਚ ਜਿੰਨੀਆਂ ਘਟ ਤਸਵੀਰਾਂ ਹੁੰਦੀਆਂ ਸਨ....ਉਹ ਸਾਡੇ ਵਾਸਤੇ ਓਨੀਆਂ ਹੀ ਮਹਿੰਗੀਆਂ ਹੁੰਦੀਆਂ ਸਨ....ਮੇਰੇ ਕੋਲ ਛੇਵੀਂ ਜਮਾਤ ਚ ਮੇਰੇ ਸਕੂਲ ਦੇ ਮੈਗਜੀਨ ਚ ਛਪੀ ਤਸਵੀਰ ਤੋਂ ਪਹਿਲਾਂ ਦੀ ਕੋਈ ਤਸਵੀਰ ਨਹੀਂ ਹੈ ... ਇਕ ਮਾਸੀ ਦੇ ਵਿਆਹ ਚ ਤੇ ਇਕ ਭੈਣ ਦੇ ਵਿਆਹ ਚ ਖਿਚੀ ਹੋਈ.....ਬਸ ਚਾਰ ਪੰਜ ਅਠ ਦਸ ਫੋਟਾਂ ਹੀ ਅਸੀਂ ਸਾਂਭਦੇ ਰਹਿੰਦੇ ਸੀ....

ਇਕ ਗਲ ਚੇਤੇ ਆ ਰਹੀ ਏ ਇਹ ਵੀ ਕਿ ਪਹਿਲਾਂ ਵਿਆਹਾਂ ਦੀਆਂ ਐਲਬਮਾਂ ਕਿੰਨੇ ਕਿੰਨੇ ਸਾਲਾਂ ਤਕ ਪੁਰਾਣੀਆਂ ਹੀ ਨਹੀਂ ਸਨ ਹੁੰਦੀਆਂ...ਜੇਹੜੇ ਰਿਸਤੇਦਾਰ ਕੋਲ ਜਾਣਾ...ਉਥੇ ਹੀ ਉਸ ਦੇ ਵਿਆਹ ਦੀ ਐਲਬਮ ਖੁਲ ਜਾਣੀ ਦੇ ਫੇਰ ਇਕ ਇਕ ਤਸਵੀਰ ਵਿਚ ਖੜੇ 15-20 ਲੋਕਾਂ ਨਾਲ ਜਾਨ-ਪਹਿਚਾਨ ਦਾ ਦੌਰ ....ਇਹ ਮਾਸੀ ਦੀ ਨੂੰਹ, ਇਹ ਫੁਫੜ ਦੇ ਜੀਜੇ ਦਾ ਇੰਗਲੈਂਡ ਵਾਲਾ ਭਰਾ, ਇਹ ਬੇਬੇ ਕੌਣ ਏ.....ਓਹੀਓ ... ਨਿਕੀ ਦੀ ਪਟਿਆਲੇ ਵਾਲੀ ਫਫੇਸ ...ਦਸੋ ਕਿਡਾ ਸੋਹਣਾ ਟਾਈਮ ਪਾਸ ਕਰਣ ਦਾ ਤਰੀਕਾ ਹੈ ...ਹੈ ਕਿ ਨਹੀਂ...ਅਧਾ ਦਿਨ ਬੰਨੇ ਲਗ ਜਾਂਦਾ ਜੀ ...ਨਾਲੇ ਸਾਰੇ ਚਾਹ ਪੀਂਦੇ ਜਾਂਦੇ ਸਨ....ਤੇ ਆਪਣੀ ਫੋਟੋ ਐਲਬਮ ਵਿਚੋਂ ਕਢ ਲੈਣ ਦਾ ਜੁਗਾੜ ਕਰਦੇ ਸਨ.... ਹੁੰਦਾ ਸੀ ...ਇਹ ਇਕ ਆਮ ਗਲ ਸੀ ...ਮੈਂ ਵੀ ਮਾਸੀ ਦੇ ਵਿਆਹ ਦੀ ਐਲਬਮ ਚੋਂ ਆਪਣੀ ਇਕ ਫੋਟੋ ਮੰਗੀ ਸੀ ... ਮੈਨੂੰ ਪਕਾ ਯਾਦ ਏ......ਇਹ ਸਾਰੀਆਂ ਮਹਿੰਗੀਆਂ ਫੋਟਾਂ ਸਨ..ਕਿਉਂਕਿ ਅਸੀਂ ਇੰਨਾਂ ਦੀ ਬੜੀ ਕਦਰ ਕਰਦੇ ਸਾਂ....

ਪਿਆਰੀ ਨਾਨੀ ....ਜਦੋਂ ਮੈਂ ਲਾੜਾ ਬਣਿਆ....(ਜੁਲਾਈ 1990) 
ਮਹਿੰਗੀਆਂ ਤਸਵੀਰਾਂ ਦੀਆਂ ਹੋਰ ਗਲਾਂ ਕੀਤੀਆਂ ਤੇ ਪੰਜਾਬੀ ਚ ਟਾਈਪ ਕਰਦੇ ਕਰਦੇ ਮੈਂਨੂੁੰ ਯਾਦ ਆ ਜਾਣੀ ਏ ਮੇਰੀ ਪਿਆਰੀ ਨਾਨੀ ਤੇ ਫੇਰ ਮੈਂ ਉਸਦੀਆਂ ਤਸਵੀਰਾਂ ਲਭਣ ਲਗ ਪਵਾਂਗਾ...

ਹੁਣ ਜ਼ਰਾ ਸਸਤੀਆਂ ਤਸਵੀਰਾਂ ਦੀ ਗਲ ਕਰ ਲਈਏ....ਅਜ ਕਲ ਦਿਨ ਅਸੀਂ ਸਵੇਰੇ ਉਠਣ ਦੇ ਵੇਲੇ ਤੋਂ ਸ਼ੁਰੂ ਹੁੰਦੇ ਹਾਂ....ਬਸ ਰਾਤ ਨੂੰ ਸੋਣ ਲਗਿਆਂ ਹੀ ਮੋਬਾਈਲ ਨੂੰ ਥੋੜਾ ਸਾਹ ਮਿਲਦੈ....ਨਹੀਂ ਤੇ ਦੇ ਫੋਟਾਂ ਦੇ ਫੋਟਾਂ....ਮੋਬਾਈਲ ਵੀ ਕੀ ਕਰੇ ਵਿਚਾਰਾ...ਕਈ ਵਾਰੀ ਉਹ ਵੀ ਹਥ ਖੜੇ ਕਰ ਦਿੰਦੈ ਕਿ ਬਸ ਕਰ, ਰਹਿਮ ਕਰ ਮੇਰੇ ਤੇ ....ਮੈਂ ਨਕ ਤਕ ਭਰ ਗਿਆਂ ਬਾਈ ਤੇਰੀਆਂ ਫੋਟਾਂ ਨਾਲ....

ਬੰਦਾ ਉਸੇ ਵੇਲੇ ਉਨਾਂ ਫੋਟਾਂ ਨੂੰ ਡੈਸਕ-ਟਾਪ ਜਾਂ ਲੈਪਟਾਪ ਦੇ ਹਵਾਲੇ ਕਰ ਕੇ ਫੇਰ ਫੋਨ ਦੁਆਲੇ ਹੋ ਜਾਂਦੈ.... ਫੇਰ ਜਦੋਂ ਆਸੇ-ਪਾਸੇ ਦੀਆਂ ਸਾਰੀਆਂ ਚੀਜਾਂ ਭਰ ਜਾਂਦੀਆਂ ਨੇ...ਫੇਰ ਖਿਆਲ ਆਉਂਦੈ ਇਕ ਮਹਿੰਗੀ ਜਿਹੀ ਪੋਰਟੇਬਲ ਹਾਰਡ-ਡਰਾਈਵ ਖਰੀਦਣ ਦਾ ... ਬਸ, ਫੇਰ ਸਾਰਾ ਸੌਦਾ - ਫੋਟਾਂ, ਵੀਡਿਓ....ਉਸ ਵਿਚ ਤੁੰਨੀ ਜਾਓ....ਪਰ ਇਥੇ ਮਜ਼ੇਦਾਰ ਗਲ ਇਹ ਹੈ ਕਿ ਕਦੇ ਜੇ ਮੋਬਾਈਲ ਗੁਆਚ ਜਾਵੇ ਤੇ ਫੋਟਾਂ ਦਾ ਕਿਸੇ ਨੂੰ ਕੋਈ ਹਿਨਖ ਨਹੀਂ ਹੁੰਦਾ .... ਪਈਆਂ ਨੇ ਬਥੇਰੀਆਂ ਫੋਟਾਂ...

ਕਿਸੇ ਵੇਲੇ ਹਾਰ ਕੇ ਫੋਟਾਂ ਨੂੰ ਡਿਲੀਟ ਕਰਣ ਦੀ ਵੀ ਨੌਬਤ ਆ ਜਾਵੇ ਤੇ ਕੋਈ ਗਲ ਨਹੀਂ... ਮਤਲਬ ਮੇਰੇ ਕਹਿਣ ਦਾ ਇਹੋ ਹੈ ਕਿ ਹਜ਼ਾਰਾਂ ਫੋਟਾਂ ਜਿਹੜੇ ਸਾਡੇ ਵਖਰੇ ਵਖਰੇ ਯੰਤਰਾਂ ਚ ਡਕੀਆਂ ਹੋਈਆਂ ਨੇ...ਅਸੀਂ ਕਈ ਕਈ ਸਾਲ ਉਨਾਂ ਨੂੰ ਨਹੀਂ ਵੇਖਦੇ ... ਓ ਭਾ ਜੀ , ਸਮਾਂ ਕਿਸ ਕੋਲ ਹੈ ਇੰਨੀ ਫੋਲਾ-ਫਾਲੀ ਦਾ .... ਠਪੀਆਂ ਰਹਿਣ ਦਿਓ ਜਿਥੇ ਪਈਆਂ ਨੇ ....ਕਿਤੇ ਨਸ ਨਹੀਂ ਚਲੀਆਂ ...

ਕੀ ਇਹ ਸਾਰੀਆਂ ਸਸਤੀਆਂ ਤਸਵੀਰਾਂ ਨੇ ...ਜੀ ਹਾਂ, ਅਸੀਂ ਕਹਿ ਸਕਦੇ ਹਾਂ ਕਿ ਇਹ ਸਸਤੀਆਂ ਤਸਵੀਰਾਂ ਨੇ ..ਕਿਉਂ ਕਿ ਅਸੀਂ ਇੰਨਾਂ ਦੀ ਸੰਭਾਲ ਨਹੀਂ ਕਰਦੇ... ਸਾਨੂੰ ਇਹਨਾਂ ਨੂੰ ਬਚਾਉਣ ਦੀ ਕੋਈ ਖਿਚ ਨਹੀਂ...ਪਰ ਫੇਰ ਵੀ ਇਹ ਸਾਰੀਆਂ ਇੰਨੀਆਂ ਸਸਤੀਆਂ ਨਹੀਂ ਹਨ...ਜਿਹੋ ਜਿਹੀਆਂ ਸਸਤੀਆਂ ਤਸਵੀਰਾਂ ਬਾਰੇ ਮੈਂ ਹੁਣ ਥੋੜੀ ਜਿਹੀ ਗਲ ਕਰਾਂਗਾ ...

ਦੋਸਤੋ...ਪਿਛਲੇ ਸਾਲ ਜੁਲਾਈ ਮਹੀਨੇ ਦੀ ਗਲ ਹੈ ... ਮੈਂ ਬੰਬਈ ਦੇ ਬਾਂਦਰਾ ਇਲਾਕੇ ਦੇ ਇਕ ਬਾਜ਼ਾਰ ਚ ਤੁਰੀ ਜਾ ਰਿਹਾ ਸੀ ..ਇਕ ਦੁਕਾਨ ਦੇ ਸਾਹਮਣੇ ਮੇਰੇ ਪੈਰ ਰੁਕ ਗਏ....ਇਹ ਪੁਰਾਣੀਆਂ ਚੀਜ਼ਾਂ ਦੀ ਦੁਕਾਣ ਸੀ ... ਸਿਧਾ ਸਿਧਾ ਕਹੋ ਤੇ ਕਬਾੜੀ ਵਰਗੀ ਹੀ ਦੁਕਾਨ...ਓਹ ਵੀ ਸਿਆਣੇ ਹੋ ਗਏ ਨੇ ਹੁਣ.... ਲੋਕੀਂ ਏਨਟੀਕ ਦੇ ਤੌਰ ਦੇ ਬਹੁਤ ਚੀਜ਼ਾਂ ਖਰੀਦਣ ਲਗਣ ਨੇ....ਹਾਂ ਜੀ, ਉਸ ਦੁਕਾਣ ਦੇ ਬਾਹਰ ਇਕ ਵਧੀਆ ਜਿਹੇ ਫ੍ਰੇਮ ਪਿਆ ਹੋਇਆ ਸੀ ..ਉਸ ਵਿਚ ਇਕ ਬਜ਼ੁਰਗ ਤੀਵੀਂ ਦੀ ਫੋਟੋ ਸੀ ... ਕਹਿਣ ਲਗਾ 200 ਚ ਲੈ ਲਵੋ....ਮੈਨੂੰ ਉਸ ਦਿਨ ਬੜਾ ਅਫ਼ਸੋਸ ਹੋਇਆ ਕਿ ਹੁਣ ਬਜ਼ੁਰਗਾਂ ਦੀਆਂ ਫ਼ੋਟਾਂ ਵਾਸਤੇ ਵੀ ਘਰਾਂ ਚ ਜਗਾਂ ਘਟ ਪੈ ਗਈ....ਇਹ ਹੈ ਅਸਲ ਚ ਸਸਤੀ ਤਸਵੀਰ...

ਸੋਹਣੇ ਸੋਹਣੇ ਪੁਰਾਣੇ ਫ੍ਰੇਮ ਤੇ ਵਿਕਦੇ ਵੇਖੇ ਨੇ ...ਮੈਂ ਵੀ ਖਰੀਦੇ ਸੀ ਕੁਝ ਚਿਰ ਪਹਿਲਾਂ .... 1000ਰੁਪਏ ਚ ਚਾਰ.....ਮੈਨੂੰ ਉਹ ਇੰਨੇ ਪਸੰਦ ਸਨ ਕਿ ਉਸਨੇ ਜੇ ਹੋਰ ਹੀ ਪੈਸੇ ਮੰਗੇ ਹੁੰਦੇ ਤੇ ਮੈਂ ਹਸ ਕੇ ਦੇ ਦੇਂਦਾ... ਇਹ ਫੋਟੋ ਉਨਾਂ ਵਿਚੋਂ ਇਕ ਫ੍ਰੇਮ ਦੀ ਹੀ ਹੈ ...ਇਸ ਵਿਚ ਇਹ ਫੋਟੋ ਸੀ ਜਿਹੜੀ ਤੁਸੀਂ ਥਲੇ ਵੇਖ ਰਹੇ ਹੋ....


ਬਸ ਥੋੜੀ ਜਿਹੀ ਗਲ ਹੋਰ ਕਰ ਕੇ ਆਪਣੀ ਗਲ ਖਤਮ ਕਰਾਂਗਾ ... ਮੈਂ ਥੋੜੇ ਚਿਰ ਤੋਂ ਵੇਖ ਰਿਹਾ ਹਾਂ... ਅਜਿਹੀਆਂ ਦੁਕਾਣਾਂ ਚ ਹੁਣ ਐਲਬਮਾਂ ਵਿਕ ਰਹੀਆਂ ਹੁੰਦੀਆਂ ਨੇ ... ਫੋਟੋ ਸਮੇਤ... ਕੁਝ ਮਹੀਣੇ ਪਹਿਲਾਂ ਮੈਂ ਇਕ ਅਜਿਹੀ ਐਲਬਮ ਵੇਖੀ ...ਫੋਟਾਂ ਲਗੀਆਂ ਹੋਇਆਂ ਸਨ....ਪਤਾ ਨਹੀਂ ਮੇਰੇ ਮਨ ਚ ਕੀ ਆਇਆ ...ਮੈਂ ਉਹ ਖਰੀਦ ਲਈ.... 200 ਰੁਪਏ ਚ...ਹੁਣ ਮੈਂ ਉਸ ਨੂੰ ਮਥੇ ਮਾਰਾਂ...ਸਮਝ ਨਹੀਂ ਆਂਦੀ...ਅਜ ਪੁਰਾਣੀਆਂ ਫੋਟਾਂ ਦਾ ਧਿਆਣ ਆਇਆ ਤਾਂ ਇਸ ਦੀ ਵੀ ਫੋਟੋ ਖਿਚ ਲਈ....
ਇਸ ਐਲਬਮ ਦੇ ਬਹੁਤ ਸਾਰੇ ਵਰਕੇ ਖਾਲੀ ਹਨ..ਕੋਰੇ ...ਸੋਚਣ ਵਾਲੀ ਗਲ ਇਹ ਵੀ ਤੇ ਹੈ ਕਿ ਅਗਲੀਆਂ ਪੀੜੀਆਂ ਵੀ ਇਸ ਨੂੰ ਕਦੇਂ ਤੀਕ ਸਾਂਭੀ ਰਖਣ ...

ਹੁਣ ਐਂਟੀਕ ਚ ਇਹ ਤਸਵੀਰਾਂ ਵੀ ਮਿਲਦੀਆਂ ਨੇ 

ਕਹਿਣ ਦਾ ਮਤਲਬ ਇਹੋ ਹੈ ਕਿ ਹੁਣ ਸਾਨੂੰ ਪੁਰਾਣੀਆਂ ਤਸਵੀਰਾਂ ਵੀ ਬੋਝ ਲਗਦੀਆਂ ਨੇ....ਫੋਟੋ ਸਮੇਤ ਅਸੀਂ ਅੈਲਬਮਾਂ ਰਦੀ ਵਿਚ ਦੇਣੀਆਂ ਸ਼ੁਰੁੂ ਕਰ ਦਿਤੀਆਂ ਨੇ ... ਅਸੀਂ ਕਿਥੇ ਪਹੁੰਚ ਗਏ ਹਾਂ....

ਕੁਝ ਦਿਨ ਪਹਿਲਾਂ ਮੈਂ ਫੇਰ ਉਸ ਪਾਸ਼ ਕਬਾੜੀ ਜਾਂ ਐਂਟੀਕ ਦੀ ਦੁਕਾਨ ਦੇ ਸਾਹਮਣੇ ਲੰਘ ਰਿਹਾ ਸੀ ...ਮੈਂ ਇੰਝ ਹੀ ਐਂਟੀਕ ਪੈਨ-ਸਟੈਂਡ ਵੇਖ ਰਿਹਾ ਸੀ ...ਪਤਾ ਨਹੀਂ ... ਦੁਕਾਣਦਾਰ ਨੂੰ ਕੀ ਸੁਝੀ...ਕਹਿੰਦੈ....ਬਾਊ ਜੀ, ਓਰ ਭੀ ਕੁਝ ਐਲਬੇਮ ਆਈ ਹੁਈ ਹੈਂ...ਦੇਖੇਂਗੇ... ...ਮੈਂ ਮਨ ਚ ਸੋਚਿਆ ਕਿ ਦੂਜਿਆਂ ਦਾ ਭਾਰ ਚੁਕ ਚੁਕ ਕੇ ਮੈਂ ਕੀ ਕਰਣੈਂ.....ਲੋਕੀਂ ਹਲਕੇ ਹੁੰਦੇ ਜਾਣ ਤੇ ਮੈਂ ਖੋਤੇ ਵਾਂਗ ਉਨਾਂ ਦੀਆਂ ਯਾਦਾਂ ਦਾ ਭਾਰ ਢੋਈ ਜਾਵਾਂ....ਮੈਂ ਉਸ ਨੂੰ ਕਿਹਾ ....ਨਹੀਂ, ਯਾਰ, ਮੈਂਨੂੰ ਨਹੀਂ ਵੇਖਣੀਆਂ...

ਇਹ ਐਲਬਮ ਵੀ ਸ਼ਾਇਦ ਮੈਂ ਆਪਨੇ ਕੋਲ ਇਸ ਕਰਕੇ ਰਖ ਛਡੀ ਹੈ ..ਤਾਂ ਜੋ ਮੈਨੂੰ ਇਸ ਗਲ ਦਾ ਅਹਿਸਾਸ ਹਮੇਸ਼ਾ ਰਹੇ ਕਿ ਪਰਿਵਾਰਾਂ ਦੀਆਂ ਐਲਬਮਾਂ ਦਾ ਇਹ ਹਾਲ ਵੀ ਹੋ ਜਾਂਦੈ....

ਅਜ ਗੁਗਪ੍ਰੀਤ ਨੇ ਆਪਣੇ ਦਾਦਾ ਜੀ ਨੂੰ ਯਾਦ ਕੀਤਾ .... ਮੈਨੂੰ ਵੀ ਆਪਣੀ ਪਿਆਰੀ ਨਾਨੀ ਯਾਦ ਆ ਗਈ.... ਇਸ ਲਈ ਇਹ ਗੀਤ ਸੁਣਨ ਦਾ ਦਿਲ ਕਰ ਆਇਆ ਏ  ....ਨਾ ਧੁਪ ਰਹਿਣੀ ਨਾ ਛਾਂ ਬੰਦੇਆ....ਨਾ ਪਿਓ ਰਹਿਣਾ ਨਾ ਮਾਂ ਬੰਦੇਆ....

2 comments:

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...