Tuesday, 25 June 2019

ਅੰਮ੍ਰਿਤਸਰ ਡੈਂਟਲ ਕਾਲਜ ਦੀ ਉਹ 1980 ਵਾਲੀ ਹੜਤਾਲ

1980 ਦੇ ਇਹੋ ਹੀ ਕੋਈ ਅਗਸਤ ਜਾਂ ਸਿਤੰਬਰ ਦੇ ਦਿਨਾਂ ਦੀ ਗੱਲ ਹੈ... ਕੁਛ ਚਿਰ ਹੀ ਹੋਇਆ ਸੀ ਬੀ.ਡੀ.ਐਸ ਚ ਦਾਖਲਾ ਮਿਲਿਆ ਸੀ ....

ਜਿਦ੍ਹਾਂ ਅੰਮ੍ਰਿਤਸਰ ਦੇ ਲੋਕ ਬੜੇ ਚਿਲੜ ਨੇ, ਓਹੋ ਜਿਹੇ ਸਾਡੇ ਸੀਨੀਅਰ...ਹਾਸੇ ਮਜ਼ਾਕ ਵਾਲੇ.. ਕੋਈ ਟੇਂਸ਼ਨ ਨਾ ਆਪ ਰੱਖਣ ਵਾਲੇ ਨਾ ਕਿਸੇ ਨੂੰ ਹੀ ਦੇਣ ਵਾਲੇ।.. ਫੇਰ ਵੀ ਰੈਗਿੰਗ ਤੋਂ ਡਰ ਤੇ ਲੱਗਦਾ ਹੀ ਸੀ...ਇੱਦਾਂ ਸਹਿਮੇਂ ਹੋਏ ਕਾਲਜ ਚ ਵੜਨਾ...ਜਿਵੇਂ ਦਾਖਲਾ ਲੈ ਕੇ ਕੋਈ ਗੁਨਾਹ ਕਰ ਲਿਆ ਹੋਵੇ।...ਜਿੰਨੇ ਚਿਰ ਕਲਾਸਾਂ ਚ ਰਹੀ ਦਾ ਸੀ, ਮਨ ਨੂੰ ਚੈਨ ਰਹਿੰਦਾ ਸੀ, ਬਾਹਰ ਆਉਂਦੇ ਹੀ ਡਰ ਲੱਗਦਾ ਸੀ, ਸਾਹ ਸੁਕਿਆ ਰਹਿੰਦਾ ਸੀ ਕਿਤੇ ਕਿਸੇ ਦੀ ਨਜ਼ਰ ਪੈ ਗਈ ਤੇ ਪੰਗਾ ਪੈ ਜਾਣੈ। ..ਕਾਲਜ ਚ ਹਰ ਪਾਸੇ ਆਪਣੀ ਧੌਣ ਨੀਵੀਂ ਸੁੱਟ ਕੇ ਹੀ ਕੰਮ ਚਲਾਣਾ ਪਿਆ ਥੋੜੇ ਦਿਨ....ਫੇਰ ਵੀ ਸਾਰੇ ਸੀਨੀਅਰ ਬੜੇ ਪਿਆਰੇ ਸਨ...ਵੱਡੇ ਭਰਾ ਲੱਗਦੇ ਸਨ, ਤੇ ਸੀਨੀਅਰ ਲੜਕੀਆਂ ਬਿਲਕੁਲ ਭੈਣਾਂ ਜਾਪਦੀਆਂ।

ਜਿਹੜੇ ਇਕ ਦੋ ਸੀਨੀਅਰ ਪਹਿਚਾਨਣ ਲੱਗ ਪਏ, ਇੰਝ ਲੱਗੇ ਜਿਵੇਂ ਉਹਨਾਂ ਦੇ ਨਾਲ ਹੀ ਆਪਣੇ ਆਪ ਨੂੰ ਨੱਥੀ ਕਰੀ ਰੱਖੀਏ , ਇੰਝ ਭਲਾ ਕਿਵੇਂ ਹੋ ਸਕਦਾ ਸੀ, ਓਹਨਾ ਆਪਣੀ ਕਲਾਸ ਚ' ਵੀ ਤੇ ਜਾਣਾ ਹੁੰਦਾ ਸੀ, ਪਰ ਸਾਡਾ ਇਹੋ ਟੀਚਾ ਹੁੰਦਾ ਸੀ ਕਿ ਜੇਕਰ ਦੋ ਚਾਰ ਸੀਨੀਅਰ ਨਾਲ ਨਜ਼ਰ ਆਵਾੰਗੇ ਤੇ ਉੰਨਾ ਨਾਲ ਸਾਡੀ ਨੇੜਤਾ ਕਾਰਨ ਬਚੇ ਰਹਾਂਗੇ। 😂😁😃

ਕਿਸੇ ਨੇ ਸ਼ੁਰੂ ਸ਼ੁਰੂ ਚ ਸਮਝਾ ਦਿੱਤਾ ਕਿ ਜਿਥੇ ਲੈਬ ਚ ਸੀਨੀਅਰ ਲੜਕੀਆਂ ਕੰਮ ਕਰ ਰਹੀਆਂ ਹੋਣ, ਬੱਸ ਓਹਨੇ ਦੇ ਨੇੜੇ ਧੇੜੇ ਰਹਿ ਕੇ ਚੁੱਪ ਚਾਪ ਕੰਮ ਕਰਦੇ ਰਹੋ....ਓਥੇ ਕੋਈ ਕੁਛ ਨਹੀਂ ਕਹੇਗਾ। ਫੇਰ ਵੀ ਕੋਈ ਨਾ ਕੋਈ ਸੀਨੀਅਰ ਕਹਿ ਦਿੰਦਾ ਕਿ ..ਜਾ ਉਹ ਜਿਹੜੀ ਲੇਡੀ ਡਾਕਟਰ ਖੜੀ ਏ, ਜਾ ਉਸ ਨੂੰ ਜਾ ਕੇ ਆਪਣਾ ਇੰਟ੍ਰੋਡਕਸਨ ਦੇ ਕੇ ਆ. ..ਜਾਣਾ ਹੀ ਪੈਂਦਾ ਸੀ ਜੀ... ਉਹ ਸੀਨੀਅਰ ਕੁੜੀਆਂ ਕੋਲ ਜਾਣਾ, ਆਪਣੀ ਇੰਟ੍ਰੋਡਕਸਨ ਦੇਣੀ.. ਉਹਨਾਂ ਸਾਡਾ ਭੌਂਦੂ ਜੇਹਾ ਮੂੰਹ ਵੇਖ ਕੇ ਹੱਸ ਪੈਣਾ।

ਵਾਪਸ ਆ ਕੇ ਓਸੇ ਸੀਨੀਅਰ ਨੂੰ ਰਿਪੋਰਟ ਕਰਨਾ ਕਿ ਦੇ ਆਏ ਹਾਂ ਜੀ.....ਜੇ ਕਿਤੇ ਸੀਨੀਅਰ ਨਾਲ ਗੱਲ ਕਰਦੇ ਹੋਏ ਦੰਦ ਕੱਢੇ (ਆਪਣੇ ਅਸਲੀ ਵਾਲੇ 😄😄😄)..... ਕਿਸੇ ਨਾ ਕਿਸੇ ਨੇ ਓਸੇ ਵੇਲੇ ਹੁਕਮ ਦੇ ਦੇਣਾ ਕਿ ਜਾ, ਭੱਜ ਕੇ ਆਪਣੀ smile ਪੂੰਝ ਕੇ ਆ. ਉਹ ਵੀ ਇਕ ਛੋਟੀ ਜਿਹੀ ਪ੍ਰਕਿਰਿਆ ਹੁੰਦੀ ਸੀ..... ਕਿਸੇ ਵੇਲੇ ਉਸ ਤੇ ਚਾਨਣ ਪਾਵਾਂਗੇ।

ਇਕ ਸੀਨੀਅਰ ਮੈਨੂੰ ਇਕ ਦਿਨ ਕਹਿੰਦੈ  ਇਹ ਕਿ ਕਮੀਜ ਬਾਹਰ ਕੱਢ ਕੇ ਤੁਰਿਆ ਫਿਰਦੈਂ..ਆਪਣੇ ਆਪ ਨੂੰ ਵਿਨੋਦ ਖੰਨਾ ਸਮਝਦੈਂ .. ਹੁਣ ਪ੍ਰੋਫੇਸਨਲ ਕਾਲਜ ਚ  ਢੰਗ ਨਾਲ ਕੱਪੜੇ ਪਹਿਨਣੇ ਸਿੱਖੋ। .. ਕਲ ਤੋਂ ਕਮੀਜ਼ ਨੂੰ ਪੈਂਟ ਦੇ ਅੰਦਰ ਕਰ ਕੇ ਆਉਣੈ, ..ਚਲ ਭੱਜ ਹੁਣ...ਮੈਂ ਮੁੰਡੀ ਥੱਲੇ ਕਰ ਕੇ ਓਹਨੂੰ  ਹਾਂਜੀ ਕਹਿ ਕੇ ਅੱਗੇ ਵਗ ਗਿਆ ।

ਇੱਦਾਂ ਹੀ ਦਿਨ ਮਜ਼ੇ ਨਾਲ ਲੰਘ ਰਹੇ ਸਨ ਕਿ ਡੈਂਟਲ ਕਾਲਜ ਦੇ ਸਾਰੇ ਸਟੂਡੈਂਟਸ ਦੀ ਹੜਤਾਲ ਹੋ ਗਈ. ..ਅਜੇ ਨਵੀਂ ਨਵੀਂ ਏਡਮਿਸ਼ਨ ਮਿਲੀ ਸੀ,  ਡਰ ਲੱਗਦਾ ਸੀ ਕਿਤੇ ਇਥੋਂ ਵੀ ਕੱਢ ਦਿੱਤੇ ਗਏ ਤੇ ਕਿਤੇ ਢਾਬੇ ਤੇ ਭਾਂਡੇ ਹੀ ਨਾ ਮਾਂਜਣੇ ਪੈਣ। ..ਘਰ ਜਾ ਕੇ ਗੱਲ ਕੀਤੀ। .. ਓਹਨਾ ਵੀ ਇਹੋ ਕਿਹਾ ਕਿ ਜਿਵੇਂ ਸਾਰੇ ਕਰਣ, ਉਂਝ ਹੀ ਤੂੰ ਵੀ ਕਰ...

 ਡੈਂਟਲ ਕਾਲਜ ਦੀ 1980 ਵਾਲੀ  ਹੜਤਾਲ ਦੀ ਇਕ ਫੋਟੋ  ( photo credits ..Dr Rajan Gogia)
ਫੋਟੋ ਵੇਖ ਕੇ ਹੀ ਜੋਸ਼ ਆ ਜਾਂਦੈ 😃😄

ਵੈਸੇ ਵੀ ਉਹ ਬੜੀ ਵੱਡੀ ਹੜਤਾਲ ਸੀ, ਬਿਲਕੁਲ 100% ਹੜਤਾਲ, ਮਨ ਨੇ ਇਹੋ  ਸੋਚਿਆ ਕਿ ਕਾਲਜ ਤੋਂ ਕੱਢਣਾ ਕਢਵਾਉਣਾ ਤੇ ਬਾਅਦ ਦੀ ਗੱਲ ਹੈ,  ਜੇ ਕਿਤੇ  ਹੜਤਾਲ ਚ ਸ਼ਾਮਿਲ ਨਾ ਹੋਏ ਤੇ ਇਹਨਾਂ ਸੇਨਿਰਸ ਨੇ ਐਸਾ ਫੈਂਟਣਾ ਏ ਕਿ  ਕਿਸੇ ਨੇ ਬਚਾਣਾ ਵੀ ਨਹੀਂ, ਅਜੇ ਤੇ  ਰੈਗਿੰਗ ਦੀ ਅੱਗ ਵੀ ਪੂਰੀ ਤਰ੍ਹਾਂ ਠੰਡੀ ਨਹੀਂ ਪਈ। ...

ਬੱਸ ਜੀ ਅਸੀਂ ਵੀ ਸਾਰੇ ਪੂਰੇ ਜ਼ੋਰ ਸ਼ੋਰ ਨਾਲ ਉਸ ਹੜਤਾਲ ਚ ਨਿੱਤਰ ਪਏ.... ਸੀਨੀਅਰ ਜਿਵੇਂ ਜਿਵੇਂ ਕਹਿਣ ਬੀਬੇ ਬੱਚਿਆਂ ਵਾਂਗ ਓਹਨਾ ਦੀ ਹਰ ਗਲ ਤੇ ਹਾਰ ਪਾਉਣੇ,  ਧਰਨੇ ਵਾਲੀ ਜਗਾ ਤੇ ਜਾ ਕੇ ਭੁੰਜੇ ਬਹਿਣਾ ਤੇ ਓਥੇ ਬਹਿ ਗਏ, ਕੋਈ ਬੈਨਰ ਫੜਨਾ ਹੈ ਤੇ ਉਹ ਫੜ ਲਿਆ...ਕੀਤੇ ਕੋਈ ਨਾਅਰਾ ਵੱਜ ਰਿਹਾ ਹੈ ਤੇ ਜ਼ੋਰ ਨਾਲ ਉਸ ਵਿਚ ਸ਼ਾਮਿਲ ਹੋ ਜਾਣਾ। ..

ਇਹ ਕਿ ਹੋਇਆ ? .. ਇਕ ਦੋ ਦਿਨ ਬਾਅਦ ਇਸ ਕੰਮ ਚ ਮਜ਼ਾ ਜਿਹਾ ਆਉਣ ਲੱਗ ਪਿਆ । ..😄😆 ਕਲਾਸਾਂ ਤੋਂ ਛੁਟੀ, ਰੈਗਿੰਗ ਦਾ ਡਰ ਖ਼ਤਮ - ਸਾਰੇ ਸੀਨੀਅਰ ਆਪਣੇ ਹੀ ਲੱਗਣ ਲੱਗ ਗਏ....

ਹੌਲੀ ਹੌਲੀ ਹੜਤਾਲ ਗਰਮ ਹੋਣ ਲੱਗੀ।... ਡੈਂਟਲ ਕਾਲਜ ਦੀ ਹੱਦ ਤੋਂ ਬਾਹਰ ਨਿਕਲੀ....ਜਿਥੋਂ ਤਕ ਮੈਨੂੰ ਯਾਦ ਹੈ ਅੰਮ੍ਰਿਤਸਰ ਦੀਆਂ ਦੀਵਾਰਾਂ ਤੇ ਇਹੋ ਜਿਹੇ ਸਲੋਗਨ paint ਕਰਵਾ ਦਿੱਤੇ ਗਏ ਕਿ ਡੈਂਟਲ ਸਰਜਨਾਂ ਨਾਲ ਆਪਣੀਆਂ ਧੀਆਂ ਦਾ ਵਿਆਹ ਨਾ ਕਰੋ.....ਇਹ ਬੇਰੋਜ਼ਗਾਰ ਨੇ..

ਜੀ, ਸਾਰਾ ਮਸਲਾ ਇਹੋ ਸੀ ਕਿ ਡੈਂਟਲ ਦੀਆਂ ਨੌਕਰੀਆਂ ਹੀ ਨਹੀਂ ਸਨ ਨਿਕਲ ਰਹੀਆਂ, ਅਸੀਂ ਤੇ ਬਾਈ ਅਜੇ ਨਵੇਂ ਨਵੇਂ ਦਾਖਿਲ ਹੋਏ ਸੀ, ਜ਼ਿਆਦਾ ਕੁਛ ਪਤਾ ਨਹੀਂ ਸੀ, ਬੱਸ ਇੰਨਾ ਹੀ ਕਾਫੀ ਸੀ ਕਿ ਸੀਨੀਅਰ ਦਾ ਹੁਕਮ ਹੈ, ਪਾਲਣਾ ਜ਼ਰੂਰੀ ਹੈ....

ਹੁਣ ਜੀ ਅਸੀਂ ਡੋਕਟ੍ਰੀ ਚਿੱਟੇ ਕੋਟ ਪਾ ਕੇ ਜਲੂਸ ਕੱਢਣੇ ਸ਼ੁਰੂ ਕਰ ਦਿੱਤੇ।  ਨਾਅਰੇ ਮਾਰਦੇ ਹੋਏ ਅੰਮ੍ਰਿਤਸਰ ਦੀਆਂ ਸੜਕਾਂ ਕੱਛਣੀਆਂ ਸ਼ੁਰੂ ਕੀਤੀਆਂ। ...ਕਦੇ ਡੀ.ਸੀ ਦੇ ਦਫਤਰ ਤੇ ਕਦੇ ਕਿਤੇ। ... ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਹ ਹੜਤਾਲ ਨੂੰ ਬੜੀ ਚੰਗੀ ਤਰ੍ਹਾਂ ਮੈਨੇਜ ਕੀਤਾ ਸਾਡੇ ਸਾਰੇ ਸੀਨੀਅਰ ਸਾਥੀਆਂ ਨੇ...ਭਾਵੇਂ 17-18 ਦੇ ਹੀ ਸਸਾਂ ਸੀਂ ਉਸ ਵੇਲੇ, ਪਰ ਬੰਦਾ ਵੇਖਦਾ ਹੈਂ, ਓਬਸਰਵ ਤੇ ਕਰਦਾ ਹੀ ਹੈ....ਖਾਸ ਕਰ ਕੇ ਫਾਈਨਲ ਸਾਲ ਵਾਲੇ ਸੀਨੀਅਰ ਪੂਰਾ ਧਿਆਨ ਕਰਦੇ ਸੀ... ਕਿ ਕਿਵੇਂ ਸਾਰੇ ਆਪਣੀ ਹਦ ਚ ਰਹਿਣਗੇ, ਉਹ ਇਹ ਵੀ ਧਿਆਨ ਕਰਦੇ ਸਨ ਕਿ ਬਾਹਰੀ ਬੰਦਾ ਲੜਕੀਆਂ ਨਾਲ ਕੋਈ ਗੁਸਤਾਖੀ ਨਾ ਕਰੇ.... ਇਕ ਗਲ ਹੋਰ ਕਿ  ਡੀ ਸੀ ਦੇ ਦਫਤਰ ਪਹੁੰਚ ਕੇ ਜਿਸ ਤਰ੍ਹਾਂ ਦੀਆਂ ਸਪੀਚਾਂ ਸਾਡੇ ਦੋ ਤਿੰਨ ਸੀਨੀਅਰ  ਦਿੰਦੇ ਸੀ (ਡਾ ਸੂਰਜ ਪਾਲ ਤੇ ਡਾ ਜੋਗ ਰਾਜ ) ਉਹ ਕਾਬਿਲੇ ਤਾਰੀਫ ਹੁੰਦਿਆਂ ਸਨ, ਮੈਂ ਤੇ ਇਹੋ ਹੀ ਸੋਚਦਾ ਰਹਿੰਦਾ ਕਿ ਇਹ ਕਿਵੇਂ ਇੰਨੀਂਆਂ ਇੰਨੀਆਂ ਢੁਕਵੀਆਂ ਗੱਲਾਂ ਬੋਲ ਲੈਂਦੇ ਨੇ...ਬੜਾ ਚੰਗਾ ਲੱਗਦਾ ਸੀ ਓਹਨਾ ਨੂੰ ਸੁਣਨਾ।.. ਸਮਾਂ ਬੰਨ੍ਹ ਦੇਂਦੇ ਸੀ ਸੱਚੀਂ 😀

ਅੱਛਾ ਇਕ ਹੋਰ ਗੱਲ ਚੇਤੇ ਆ ਰਹੀ ਏ....ਜਦੋਂ ਅਸੀਂ ਜਲੂਸ ਕੱਢਦੇ ਹੋਏ ਅੰਮ੍ਰਿਤਸਰ ਦੀਆਂ ਸੜਕਾਂ ਤੇ ਜਾਂਦੇ ਸੀ ਤੇ ਅਸੀਂ ਬੈਨਰ ਤੇ ਫੜੇ ਹੀ ਹੁੰਦੇ ਸੀ...ਤੇ ਨਾਲ ਨਾਲ ਕੁਛ ਨਾਅਰੇ ਵੀ ਬੜੇ ਤਗੜੇ ਹੋ ਕੇ ਮਾਰਦੇ ਹੋਏ ਨਿਕਲਦੇ ਸੀ। ...ਇਸ ਵੇਲੇ ਕੁਛ ਚੇਤੇ ਵੀ ਆ ਰਹੇ ਨੇ....ਜਦੋਂ ਆਪਾਂ ਕੁਛ ਵੀ ਲਿਖਣ ਲੱਗਦੇ ਹਾਂ ਤੇ ਆਪ ਮੁਹਾਰੇ ਅਗਲੀਆਂ ਪਿਛਲੀਆਂ ਗੱਲਾਂ ਚੇਤੇ ਆ ਕੇ ਕਹਿਣ ਲੱਗਦੀਆਂ ਨੇ। ..ਸਾਨੂੰ ਵੀ ਲਿਖ, ਸਾਨੂੰ ਵੀ ਲਿਖ !! ਇਸੇ ਕਰ ਕੇ ਉਹ ਨਾਅਰੇ ਵੀ ਤੇ ਬਾਈ ਲਿਖਣੇ ਪੈਣੇ ਨੇ।

ਡੈਂਟਲ ਯੂਨਿਟੀ.....ਜ਼ਿੰਦਾਬਾਦ ਜ਼ਿੰਦਾਬਾਦ...
ਡੈਂਟਲ ਏਕਾ - ਜ਼ਿੰਦਾਬਾਦ ਜ਼ਿੰਦਾਬਾਦ 
ਸਾਡੇ ਹੱਕ ...ਇਥੇ ਰੱਖ 
ਹੱਕ ਮਿਲਦੇ ਨਹੀਂ।.....ਖੋਏ ਜਾਂਦੇ ਨੇ

ਦਰਅਸਲ ਮੈਂ ਜਦੋਂ ਵੀ ਇਸ ਤਸਵੀਰ ਨੂੰ ਦੇਖਦਾ ਸੀ ਤੇ ਮੈਨੂੰ 40 ਸਾਲ ਪੁਰਾਣੇ ਦਿਨ ਯਾਦ ਆ ਜਾਉਂਦੇ ਸੀ.....ਮੈਂ ਸੋਚਿਆ ਥੋੜਾ ਟਾਈਮ ਕੱਢ ਕੇ ਇੰਨਾ ਯਾਦਾਂ ਨੂੰ ਵੀ ਸਾਂਭ ਲਿਆ ਜਾਵੇ।😃

ਸੱਚ ਉਹ ਹੜਤਾਲ ਵਾਲੇ ਦਿਨ ਬੜੇ ਸੌਖੇ ਲੰਘ ਰਹੇ ਸਨ (ਭੁੱਖ ਹੜਤਾਲ ਤੇ ਬੈਠੇ ਸਟੂਡੈਂਟਸ ਕੋਲੋਂ ਮਾਫੀ ਮੰਗਦੇ ਹੋਏ) ...ਅਸੀਂ ਨਵੇਂ ਨਵੇਂ ਪੰਛੀ ਆਪਣੇ ਸੀਨਿਯਰ੍ਸ ਨੂੰ ਰੋਜ਼ ਜਾਣ ਲੱਗਿਆਂ ਇਹ ਪੁੱਛ ਕੇ ਜਾਣਾ ਕਿ ਕਲ ਆਉਣੈ ?,  ਕਿਥੇ ਪਹੁੰਚਣਾ ਏ?... ...ਬਿਲਕੁਲ ਉਸ ਅੰਦਾਜ਼ ਚ ਕਿਵੇਂ ਦਿਹਾੜੀ ਤੇ ਆਇਆ ਹੋਇਆ ਮਜ਼ਦੂਰ ਸ਼ਾਮਾਂ ਨੂੰ ਜਾਣ ਲੱਗਿਆਂ  ਜ਼ਿਮੀਂਦਾਰ ਕੋਲੋਂ ਹਥ ਬੰਨ ਕੇ ਪੁੱਛਦੈ .. ਜਨਾਬ, ਕਲ ਵੀ ਦਿਹਾੜੀ ਲਗੇਗੀ ?? 😄

ਹਰ ਚੀਜ਼- ਚੰਗੀ ਮੰਦੀ - ਦਾ ਅੰਤ ਹੋ। .. ਹੋ ਗਈ ਜੀ ਇਹ ਹੜਤਾਲ ਵੀ ਖ਼ਤਮ... ਸੁਣਿਆ ਸੀ ਕਿ ਕੁਛ ਮੰਗਾਂ ਮੰਨਿਆਂ ਗਈਆਂ ਸੀ....ਹਾਊਸ ਸਰਜਨ ਦੀ ਪੇਮੈਂਟ ਦਾ ਵੀ ਕੋਈ ਪੰਗਾ ਤੇ ਸੀ....ਸ਼ਾਇਦ ਉਹ ਵੀ ਨਿੱਬੜ ਗਿਆ ਸੀ...ਪਰ ਸਾਨੂੰ ਉਸ ਵਾਲੇ ਇੰਨਾ ਚੀਜਾਂ ਦੀ ਕਿਥੇ ਇੰਨੀ ਅਕਲ ਸੀ....ਬੱਸ, ਅਗਲੇ ਦਿਨ ਤੋਂ ਕਲਾਸਾਂ ਚ ਵਗ ਗਏ......ਇਕ ਹੋਰ ਖੁਸ਼ੀ ਦੀ ਗੱਲ ਰੈਗਿੰਗ ਦੀ ਅੱਗ ਬਿਲਕੁਲ ਠੰਡੀ ਪੈ ਚੁਕੀ ਸੀ.....ਜਿਵੇਂ ਪਹਿਲਾਂ ਹੀ ਮੈਂ ਕਿਹਾ ਏ ਕਾਲਜ ਚ ਸਾਰੇ ਆਪਣੇ ਪਰਿਵਾਰ ਦੇ ਲੋਕ ਹੀ ਲੱਗਣ ਪਏ ਸੀ.....ਅਜਿਹੀ ਸਾਂਝ ਪਾ ਦਿੱਤੀ ਸੀ  ਉਸ ਹੜਤਾਲ ਨੇ..... 

ਸੋਚਦਾ ਹਾਂ ਕਿ ਜਿਥੇ ਜਿਥੇ ਵੀ ਅਸੀਂ ਬੈਠੇ ਹੋਏ ਇਸ ਪ੍ਰੋਫੈਸ਼ਨ ਤੋਂ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰ ਰਹੇ ਹਾਂ....ਇਸ ਪਿਛੇ ਸਾਡੇ ਸਾਰੇ ਸਤਿਕਾਰਯੋਗ ਸੀਨੀਅਰ ਸਾਥੀਆਂ ਦੀ ਅਣਥਕ ਘਾਲਣਾ ਤੇ ਹੈ ਹੀ.....ਸਾਰੇ ਜੀਂਦੇ ਵਸਦੇ ਰਹੋ ਜੀ....

ਆਓ ਜੀ ਜਾਂਦੇ ਜਾਂਦੇ ਸੁਣੀਏ ਲਾਡੋ ਫਿਲਮ ਚ ਗੋਪਾਲਾ ਕਿ ਕਹਿ ਰਿਹੈ।.. ਰੁੱਖੀ ਸੁੱਖੀ ਖਾ ਗੋਪਾਲਾ। .. (ਸਾਡੇ ਬਚਪਨ ਦਾ ਸੁਪਰਹਿੱਟ ਪੰਜਾਬੀ ਗੀਤ 😂... ਪੂਰਾ ਰਟਿਆ ਹੋਇਆ ਸੀ। ... )

PS ... ਹੁਣੇ ਮੇਰੇ ਇਕ ਸੀਨੀਅਰ ਡਾਕਟਰ ਜਗਮੀਤ ਸਿੰਘ ਜੀ ਨੇ ਦਸਿਆ ਕਿ ਇਹ ਹੜਤਾਲ ਵਾਲੀ ਗੱਲ ਜਨਵਰੀ 1981 ਸੇ ਆਸੇ ਪਾਸੇ ਦੀ ਹੈ...ਇਸ ਕਰ ਕੇ ਮੈਂ ਸੋਚਿਆ ਭੁੱਲ ਸੁਧਾਰ ਲਈ ਜਾਵੇ।..


No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...