Monday 24 June 2019

ਇਸ ਤਰ੍ਹਾਂ ਅਸੀਂ ਜਾ ਅੱਪੜੇ ਵਾਸ਼ਿੰਗਟਨ ..


ਪਿੱਛਲੀ ਪੋਸਟ ਚ ਮੈਂ ਅਰਜ਼ ਕੀਤਾ ਸੀ ਕਿ ਅਸੀਂ ਦਿੱਲੀ ਤੋਂ ਦੁਬਈ ਦੀ ਫਲਾਈਟ ਲਈ ਤੇ ਰਾਤ 2 ਵਜੇ ਦੇ ਕਰੀਬ ਦੁਬਈ ਪਹੁੰਚ ਗਏ... ਇਹ ਰਿਹਾ ਜੀ ਪਿਛਲੀ ਪੋਸਟ ਦਾ ਲਿੰਕ।.. ਅਮਰੀਕਾ ਦਾ ਛੋਟਾ ਜਿਹਾ ਗੇੜਾ। ..

ਅੱਗੇ ਚਲੀਏ ?... ਦੁਬਈ ਤੋਂ ਵਾਸ਼ਿੰਗਟਨ ਲਈ ਜਿਹੜੀ ਫਲਾਈਟ ਅਸੀਂ ਹੁਣ ਲੈਣੀ ਸੀ ਉਹ ਵੀ ਯੂਨਾਇਟੇਡ ਅਰਬ ਏਮੀਰਾਤੇਸ ਦੀ ਹੀ ਸੀ...ਇਸ ਕਰਕੇ ਦਿੱਲੀ ਤੋਂ ਦੁਬਈ ਵਾਲੀ ਫਲਾਈਟ ਲੇਟ ਹੋਣ ਦੇ ਬਾਵਜੂਦ ਉਹਨਾਂ ਨੇ ਸਾਡੀ ਉਡੀਕ ਤੇ ਕਰਨੀ ਹੀ ਸੀ.

ਸਾਡਾ 25 ਲੋਕਾਂ ਦਾ ਗਰੁੱਪ ਸੀ....ਸਾਰੇ ਸੇੰਟ੍ਰਲ ਗੋਵਰਨਮੈਂਟ ਦੀਆਂ ਵੱਖ ਵੱਖ ਮਿਨਿਸਟਰੀਆਂ ਦੇ ਸੀਨੀਅਰ ਅਫਸਰ। ਜਿਵੇਂ ਹੀ ਅਸੀਂ ਜਹਾਜ ਤੋਂ ਬਾਹਰ ਆਏ, ਓਥੇ ਇਕ ਬੱਸ ਖੜੀ ਸੀ। ਉਸ ਬੱਸ ਦੇ ਬਾਹਰ ਖੜਾ ਬੰਦਾ ਵਾਸ਼ਿੰਗਟਨ --ਵਾਸ਼ਿੰਗਟਨ ਦੀਆਂ ਹਾਕਾਂ ਲਾ ਰਿਹਾ ਸੀ...(ਜਿਵੇਂ ਉਸ ਬੱਸ ਨੇ ਹੀ ਵਾਸ਼ਿੰਗਟਨ ਜਾਣਾ ਹੋਵੇ)...ਬਹਿ ਗਏ ਜੀ ਅਸੀਂ ਉਸ ਬੱਸ ਵਿਚ...ਉਸ ਬੱਸ ਵਿਚ ਘੱਟੋ ਘੱਟ 8-10 ਮਿੰਟ ਸਫਰ ਕਰਣ ਦੇ ਬਾਅਦ ਅਸੀਂ ਦੁਬਈ ਏਅਰਪੋਰਟ ਦੇ ਕਿਸੇ ਦੂਸਰੇ ਟਰਮਿਨਲ ਤੇ ਪਹੁੰਚ ਗਏ. ..

ਜਿਵੇਂ ਹੀ ਓਥੇ ਪੁੱਜੇ, ਇਕ ਤਗੜੀ ਜਿਹੀ ਜਨਾਨੀ ਜਿੰਨੇ ਨੀਲੇ ਰੰਗ ਦੀ ਵਰਦੀ ਪਾਈ ਹੋਈ ਸੀ...ਉਸ ਨੇ ਰੋਬਦਾਰ ਆਵਾਜ਼ ਚ ਆਖਿਆ।... ਫਾਲੋ ਮੀ। .........ਉਸ ਵੇਲੇ ਮੈਨੂੰ ਤੇ ਇੰਝ ਦੀ ਫੀਲ ਆ ਰਹੀ ਸੀ ਜਿੰਝ ਪੰਜਾਬ ਚ ਮਜ਼ਦੂਰੀ ਕਰਣ ਆਏ ਹੋਏ ਕਾਮਿਆਂ ਨੂੰ ਲੁਧਿਆਣੇ ਸਟੇਸ਼ਨ ਤੋਂ ਉਤਰ ਕੇ ਆਪਣੇ ਆਗੂ ਨਾਲ ਸਟੇਸ਼ਨ ਤੋਂ ਬਾਹਰ ਨਿਕਲਦਿਆਂ ਆਉਂਦੀ ਹੋਵੇਗੀ।

ਅਸੀਂ ਲੋਕੀਂ ਉਸ ਬੀਬੀ ਦੇ ਪਿਛੇ ਪਿਛੇ ਚਲਦੇ ਰਹੇ। .. 8-10 ਮਿੰਟ ਚਲਦੇ ਰਹੇ...ਇਕ ਸਾਥੀ ਕਹਿਣ ਲੱਗਾ ਕਿ ਇਸ ਤਰ੍ਹਾਂ ਦੇ ਟੇਢੇ ਮੇਢੇ ਰਸਤੇ ਤੇ ਜੇ ਕਿਸੇ ਨੂੰ ਇਕੱਲੇ ਆਉਣਾ ਪਵੇ ਜਦੋਂ ਟਾਈਮ ਵੀ ਘਟ ਹੋਵੇ ਤਾਂ ਉਹ ਤਾਂ ਪਹੁੰਚ ਹੀ ਨਾ ਸੱਕੇ। ਕਿਓਂਕਿ ਇਹ ਕੰਨੇਕਟਿੰਗ ਫਲਾਈਟ ਸੀ, ਸਾਡਾ ਇੰਤਜ਼ਾਰ ਹੋ ਰਿਹਾ ਸੀ... ਮੁੜ ਸਕਿਉਰਿਟੀ ਚੈੱਕ ਹੋਇਆ।.....ਬੂਟ ਤਕ ਉਤਰਵਾਏ ਗਏ...



ਬੈਠ ਗਏ ਜੀ ਜਹਾਜ਼ ਚ, ਇੰਨਾ ਵੱਡਾ ਜਹਾਜ਼ !! -- ਕਿਸੇ ਨੇ ਦਸਿਆ ਕਿ ਇਹ ਡਬਲ ਡੇਕਰ ਜਹਾਜ਼ ਹੈ...ਵੈਸੇ ਅਸੀਂ ਥੱਲੜੀ ਫਲੋਰ ਤੇ ਹੀ ਸਾਂ....ਕਿਸੇ ਨੇ ਦਸਿਆ ਸੀ ਕਿ ਉੱਪਰ ਬਿਜਨੈੱਸ ਕਲਾਸ ਹੈ। ਪਰ ਉਪਰ ਇੱਦਾਂ ਹੀ ਗੇੜੀ ਮਾਰ ਕੇ ਆਉਣ ਦੀ ਮਨਾਹੀ ਸੀ, ਇਕ ਸਾਥੀ ਦੇ ਮੁੰਡੇ ਨੇ ਜਾਣ ਦੀ ਕੋਸ਼ਿਸ਼ ਕੀਤੀ ਸੀ, ਏਅਰ ਲਾਈਨ ਦੇ ਸਟਾਫ ਨੇ ਉਸੇ ਵੇਲੇ ਉਸ ਨੂੰ ਠੱਪ ਦਿੱਤਾ ਸੀ....ਨਹੀਂ, ਉੱਪਰ ਨਹੀਂ ਜਾ ਸਕਦੇ।


ਸੀਟ ਦੇ ਸਾਹਮਣੇ ਲੱਗੀ ਸਕਰੀਨ (ਅਗਲੀ ਸੀਟ ਦੀ ਬੈਕ ਉੱਤੇ)

ਜਹਾਜ਼ ਤੇ ਇਹ ਵੀ ਸਾਡੀ ਪਿਛਲੀ ਫਲਾਈਟ ਵਰਗਾ ਵੱਡਾ ਹੀ ਸੀ ਅੰਦਰੋਂ, ਇਕ ਲਾਈਨ ਚ ਤਿੰਨਾਂ ਹਿੱਸਿਆਂ ਚ ਵੰਡਿਆਂ ਹੋਇਆਂ 10 ਸੀਟਾਂ। ਇਸ ਜਹਾਜ਼ ਦੀ ਅੰਬਿਇੰਸ ਉਸ ਪਿੱਛਲੇ ਦਿੱਲੀ ਤੋਂ ਦੁਬਈ ਵਾਲੇ ਜਹਾਜ਼ ਤੋਂ ਬੇਹਤਰ ਸੀ ਜੀ, ਸਾਡੀਆਂ ਸੀਟਾਂ ਦੇ ਸਾਹਮਣੇ ਜਿਹੜੀ ਸਕਰੀਨ ਲੱਗੀ ਹੋਈ ਸੀ। .ਉਸਦਾ ਦਾ ਟਚਪੜ ਵੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਸੀ...ਸਾਫ ਸੁਥਰੇ ਏਅਰ ਫੋਨ ਵੀ ਇਕ ਮੋਮਜਾਮੇ ਦੀ ਥੈਲੀ ਚ ਦਿੱਤੇ ਤੇ ਇਕ ਬਿਲਕੁਲ ਪਤਲਾ ਜੇਹਾ ਕੰਬਲ ਵੀ ਮੋਮਜਾਮੇ ਦੇ ਲਿਫਾਫੇ ਵਿਚ ਰੱਖਿਆ ਹੋਇਆ ਮਿਲਿਆ।.....ਜਿਸ ਨੂੰ ਵੇਖ ਕੇ ਹੀ ਲੱਗਦਾ ਸੀ ਕਿ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਏ....ਭਾਵੇਂ ਉਹ ਨਾ ਤੇ ਕੰਬਲ ਸੀ ਤੇ ਨਾ ਹੀ ਲੋਈ। ..ਨਾ ਹੀ ਤੀਵੀਂਆਂ ਦਾ ਸ਼ਾਲ। ...ਹਾਂ ਹਾਂ, ਅਜ ਕਲ ਦੀਆਂ ਤੀਵੀਆਂ ਜਿਹੜਾ ਸਤੋਲ ਲੈਂਦੀਆਂ ਨੇ, ਬੱਸ ਓਹੋ ਜੇਹਾ ਹੀ ਸੀ, ਮਤਲਬ ਠੰਡ ਨੂੰ ਠੱਪੀ ਰੱਖਣ ਵਾਸਤੇ ਇਕ ਤਸ਼ਨ। ....ਖੈਰ ਜੋ ਵੀ ਸੀ, ਚੰਗਾ ਸੀ, ਇੰਨੀ ਥੋੜੀ ਜਗਾ ਦੇ ਹਿਸਾਬ ਨਾਲ ਬਿਲਕੁਲ ਸਹੀ ਸੀ ਜੀ..... ਵੈਸੇ ਵੀ ਉਸ ਲੋਈਨੁਮਾ ਚਾਦਰ ਤੋਂ ਕਿਤੇ ਜ਼ਿਆਦਾ ਮੈਨੂੰ ਆਪਣੀ ਫਿਕਰ ਲੱਗੀ ਹੋਈ ਸੀ ਕਿ ਕਿੰਝ ਲੰਘਣਗੇ ਇਹ 13-14 ਘੰਟੇ।

ਸਾਮਾਨ ਤੇ ਸਬ ਕੁਛ ਠਾ ਸੀ, ਪਰ ਨੀਂਦ ਵੀ ਤੇ ਆਵੇ.....ਇੰਨੀ ਘਟ ਜਗਾ ਚ ਬੰਦਾ ਸੋਵੇ ਕਿਵੇਂ। ਮੈਨੂੰ ਤੇ ਰਹਿ ਰਹਿ ਕੇ ਉਹ ਪੁਰਾਣੇ ਦਿਨ ਚੇਤੇ ਆ ਰਹੇ ਸੀ ਜਦੋਂ ਦਿੱਲੀ ਤੋਂ ਬੰਬਈ ਮੈਂ ਕਈ ਵਾਰ ਰਾਜਧਾਨੀ ਟ੍ਰੇਨ ਦੀ ਏ.ਸੀ ਚੇਅਰ ਕਾਰ ਚ ਸਫ਼ਰ ਕਰਦਾ ਸੀ, ਸ਼ਾਇਦ ਅੱਠ ਦੱਸ ਵਾਰ ਤੇ ਕੀਤਾ ਹੀ ਹੋਵੇਗਾ।..ਉਸ ਦੇ ਬਾਅਦ ਉਸ ਗੱਡੀ ਚ ਏ.ਸੀ ਥ੍ਰੀ ਟਾਇਰ ਤੇ ਬਾਅਦ ਚ ਟੁ ਤੇ ਫੇਰ ਵਨ ਵੀ ਲੱਗਣ ਲੱਗ ਪਏ...

ਪਰ ਜਿਨਾਂ ਦਿਨਾਂ ਚ ਦਿੱਲੀ ਤੋਂ ਬੰਬਈ ਚੇਅਰ ਕਾਰ ਚ ਸਫਰ ਕਰਣ ਦੀ ਮਜ਼ਬੂਰੀ ਸੀ, ਮੈਨੂੰ ਤੇ ਨਾਨੀ ਚੇਤੇ ਆ ਜਾਂਦੀ ਸੀ ਹਰ ਵਾਰੀ (ਵੈਸੇ ਤੇ ਉਹ ਭੁੱਲੀ ਕਦੋਂ ਸੀ !!) - ਇਹ ਗੱਡੀ ਨਵੀਂ ਦਿਲੀ ਤੋਂ ਸ਼ਾਮਾਂ ਨੂੰ ਪੰਜ ਵਜੇ ਚਲਦੀ ਸੀ ਤੇ ਸਾਰੇ ਟਿੱਚ ਸਾਡੇ ਅੱਠ ਵਜੇ ਬੰਬਈ ਸੇੰਟ੍ਰਲ ਦੀ ਪੰਜ ਨੰਬਰ ਪਲੇਟਫਾਰਮ ਤੇ ਲਾਹ ਦੇਂਦੀ ਸੀ...(ਬਿਲਕੁਲ ਉਸਦੇ ਸਾਡੇ ਸਾਮਣੇ ਸਟੇਸ਼ਨ ਕੰਪਲੈਕਸ ਚ ਹੀ ਰੇਲਵੇ ਦੀ ਇਕ ਗਗਨ ਚੁੰਬੀ ਬਿਲਡਿੰਗ ਦੀ 11ਵੀਂ ਮੰਜ਼ਿਲ ਤੇ ਆਪਣਾ ਆਲ੍ਹਣਾ ਹੁੰਦਾ ਸੀ....ਸੀ ਵਿਊ !!

ਚੰਗਾ ਜੀ, ਉਸ ਗੱਡੀ ਤੇ ਦਿੱਲੀਓਂ ਚੜ ਕੇ ਰਾਤ ਦੇ ਅੱਠ ਨੌ ਵਜੇ ਤਕ ਤੇ ਖਾਂਦੇ ਪੀਂਦੇ ਵਕ਼ਤ ਦਾ ਪਤਾ ਹੀ ਨਹੀਂ ਸੀ ਲੱਗਦਾ।..ਉਸ ਤੋਂ ਬਾਅਦ ਨੀਂਦ ਘੇਰਣਾ ਸ਼ੁਰੂ ਕਰਦੀ ਸੀ...ਚੰਗੀ ਤਰ੍ਹਾਂ ਯਾਦ ਹੈ ਕਿ ਰਾਤ 10-11 ਵਜੇ ਤਕ ਤੇ ਲੋਕ ਸਮੇਂ ਨੂੰ ਕਿੱਦਾਂ ਵੀ ਧੱਕੇ ਦੇ ਦਿੰਦੇ ਸਨ, ਪਰ ਫੇਰ ਤੇ ਬੱਸ ਓਥੇ ਹੀ ਕੋਚ ਚ ਹੀ ਭੁੰਜੇ ਹੀ ਵਾਰੀ ਵਾਰੀ ਲੇਟਣ ਲੱਗ ਜਾਂਦੇ ਸਨ। ਕਿੱਡੀ ਸੋਹਣੀ ਉਹ ਗੱਲ ਹੈ....ਭੁੱਖ ਨਾ ਵੇਖੇ ਮੰਨ, ਨੀਂਦ ਨਾ ਵੇਖੇ .... ਕੀ? ...ਯਾਦ ਨਹੀਂ ਆ ਰਿਹਾ! ...ਬਿਸਤਰੇ ਵਾਸਤੇ ਕੋਈ ਲਫ਼ਜ਼ ਹੈ. ਪਰ ਇਸ ਫਲਾਈਟ ਚ ਤੇ ਲੰਮੇ ਪੈਣ ਦੀ ਕੋਈ ਜਗ੍ਹਾ ਵੀ ਤੇ ਨਹੀਂ ਸੀ.

ਮੈਨੂੰ ਓਥੇ ਬੈਠੇ ਬੈਠੇ ਧਿਆਨ ਇਸ ਗੱਲ ਦਾ ਵੀ ਆਇਆ ਕਿ ਬੜੀ ਚਰਚਾ ਹੁੰਦੀ ਰਹਿੰਦੀ ਏ ਕਿ ਸਾਡਾ ਫਲਾਣਾ ਆਗੂ ਬਾਰ ਬਾਰ ਦੀਆਂ ਟਪੋਸ਼ੀਆਂ ਮਾਰਦਾ ਰਹਿੰਦੈ , ਇਹਦੇ ਪੈਰ ਤੇ ਇਕ ਜਗ੍ਹਾ ਟਿਕਦੇ ਹੀ ਨਹੀਂ, ਪਰ ਇਕ ਗੱਲ ਤਾਂ ਹੈ ਕਿ ਇੰਨੇ ਤੋਰੇ-ਫੇਰੇ ਵਾਸਤੇ ਬੜੀ ਵਿਲ-ਪਾਵਰ ਚਾਹੀਦੀ ਏ ਬਾਈ.... ਭਾਵੇਂ ਜਿੰਨੇ ਮਰਜੀ ਵੱਡੀਆਂ ਜਹਾਜ਼ਾਂ ਚ ਉਡਦੇ ਹੋਣੇਗੇ।..ਪਰ ਡੱਕੇ ਤੇ ਰਹਿਣਾ ਹੀ ਪਉ. ..ਮੈਂ ਮਿਸਿਜ ਨਾਲ ਮਜ਼ਾਕ ਕਰ ਰਿਹਾ ਸੀ ਕਿ ਜੇ ਕਰ ਮੈਂ ਕਿਤੇ ਮੰਤਰੀ ਬਣ ਗਿਆ ਵੀ ਕਿਸੇ ਜਨਮ ਚ, ਮੈਂ ਤੇ ਇਹੋ ਜਿਹੇ ਦੌਰੇਆਂ ਨੂੰ ਹੇਠ ਜੋੜ ਕੇ ਮਨਾ ਕਰ ਦਿਆਂ। ....ਬਈ, ਹੋਰ ਕੋਈ ਸੇਵਾ ਦੱਸੋ।

ਦੂਜੀ ਗੱਲ ਇਹ ਸੋਚ ਰਿਹਾ ਸੀ ਕਿ ਜਿੰਨੀ ਚੈਕਿੰਗ ਆਪਣਾ ਮੁਲਕ ਛੱਡਣ ਤੋਂ ਪਹਿਲਾਂ ਹੁੰਦੀ ਹੈ, ਇੱਮੀਗ੍ਰਸ਼ਨ ਦੇ ਕਾਉੰਟਰ, ਇੰਨੀ ਸਖ਼ਤਾਈ ਤੇ ਬਾਵਜੂਦ ਵੀ ਜੇਕਰ ਮੋਦੀ, ਨੀਰਵ ਵਰਗੇ ਪੱਠੇ ਇਥੋਂ ਨਸ ਗਏ, ਇਹ ਤੇ ਬਾਈ ਉੰਨਾ ਦੀ ਬਹਾਦਰੀ ਹੈ ਜਾਂ ਸਾਡਾ ਆਪਣਾ ਹੀ ਆਵਾ ਊਤਿਆ ਹੋਇਆ ਏ.... ਅਸਲੀਅਤ ਅਸੀਂ ਸਾਰੇ ਜਾਣਦੇ ਹਾਂ.

ਹਾਂ ਜੀ, ਮੈਂ ਲਿਖ ਚੁਕਿਆ ਹਾਂ ਕਿ ਸਾਡੀ ਫਲਾਈਟ ਹਿੰਦੁਸਤਾਨੀ ਟਾਇਮ ਦੇ ਮੁਤਾਬਿਕ (ਮੇਰੀ ਘੜੀ ਦੇ ਹਿਸਾਬ ਨਾਲ) ਢਾਈ ਤਿੰਨ ਵਜੇ ਚੱਲੀ। ..ਕੁਛ ਚਿਰ ਬਾਅਦ ਹੀ ਸਾਡੇ ਸਮੇਂ ਮੁਤਾਬਕ ਸਵੇਰ ਦੇ ਚਾਰ ਪੰਜ ਵਜੇ ਲੰਚ ਮਿਲ ਗਿਆ। .. ਚੰਗਾ ਸੀ ਜੀ। ..ਹਿੰਦੁਸਤਾਨੀ ਵੇਜ ਖਾਣਾ ਲਿਆ ਸੀ...ਛਕ ਲਿਆ ਜੀ, ਪਰ ਨੀਂਦ ਨੂੰ ਕਿਵੇਂ ਡੱਕਾਂ , ਗੱਲ ਤੇ ਸਾਰੀ ਇਹ ਸੀ, ਲੰਮੇ ਪੈਣ ਦੀ ਜੱਗ ਦੂਰ ਕੀਤੇ ਲੱਤਾਂ ਸਿੱਧੀਆਂ ਕਰਣ ਦੀ ਵੀ ਤੇ ਥਾਂ ਨਹੀਂ ਸੀ, ਬਾਬੇਓ ...., ਸਫਰ ਚ ਅਸੀਂ ਚੁੱਪੀ ਲਪੇਟੇ ਰੱਖੀ ਦੀ ਹੈ., ਕਿਓਂ ਕਿ ਜ਼ਿਆਦਾ ਗੱਲਾਂ ਨਾਲ ਮੇਰਾ ਦਿਲ ਕੱਚਾ ਹੋਣ ਲੱਗ ਪੈਂਦਾ ਏ....ਪਰ, ਦੋ ਘੰਟੇ ਚ ਹੀ ਡਾਢਾ ਬੋਰ ਹੋ ਗਿਆ ਸਾਂ ਤੇ ਇਹ 14 ਘੰਟੇ ਬੀਤਣਗੇ ਕਿਵੇਂ .. ਪਰ ਜੇ ਔਖਲੀ ਚ ਸਿਰ ਧਸ ਹੀ ਦਿੱਤਾ ਤੇ ਫੇਰ ਕਾਹਦਾ ਡਰ।

ਮੈਨੂੰ ਤੇ ਰਹਿ ਰਹਿ ਕੇ ਇਹੋ ਖਿਆਲ ਆ ਰਿਹਾ ਸੀ ਕਿ ਮੈਂ ਵੀ ਪੰਗੇ ਲੈਨੋ ਬਾਜ ਨਹੀਂ ਆਉਂਦਾ. ..ਮੈਨੂੰ ਆਉਣਾ ਹੀ ਨਹੀਂ ਸੀ ਚਾਹੀਦਾ, ਆਪਣਾ ਮੁਲਕ ਤੇ ਮੈਂ ਕਿੰਨਾ ਕੁ ਘੁੰਮਿਆ ਏ ਅਜੇ ਕਿ ਤੁਰ ਪਿਆ ਹਾਂ ਅਮਰੀਕਾ। ਚਲੋ, ਉਸ ਫਲਾਈਟ ਦੀ ਸਰਵਿਸ ਬੜੀ ਚੰਗੀ ਸੀ। ..ਬਾਰ ਬਾਰ ਜੂਸ ਦੇ ਰਹੇ ਸਨ, ਫਲ, ਚਾਵਲ ਵੀ....ਪਰ ਇਹ ਕਿ ਹਰ ਮੀਲ ਨਾਲ ਇਕ ਬੰਦ....ਬੱਸ ਓਹੀ ਮੇਰੇ ਤੋਂ ਖਾ ਨਹੀਂ ਹੁੰਦਾ।...ਵੈਸੇ ਵੀ ਮੈਂ ਮੈਦੇ ਦੀਆਂ ਬਣੀਆਂ ਸਾਰੀਆਂ ਚੀਜ਼ਾਂ ਤੋਂ ਦੂਰ ਭੱਜਦਾ ਹਾਂ, ਪਰ ਮੈਂ ਉਣਾਂ 14 ਘੰਟਿਆਂ ਦੇ ਦੌਰਾਨ ਇਕ ਚਿਲੜ ਪੀਜ਼ਾ ਖਾ ਲਿਆ....


ਇਹ ਛਕ ਕੇ ਤੇ ਮੈਂ ਪੰਗਾ ਆਪੇ ਮੁੱਲ ਲਿਆ

ਉਂਝ ਤੇ ਮੈਂ ਪੀਜ਼ਾ ਕਦੇ ਵੀ ਨਹੀਂ ਖਾਂਦਾ, ਬੱਸ ਕਦੇ ਵਰੇ-ਛਮਾਹੀ ਇਕ ਟੁੱਕੜ ਲੈਣਾ ਪਵੇ ਤੇ ਮਜਬੂਰੀ ਏ, ਵੈਸੇ ਬਿਲੁਕਲ ਨਹੀਂ, ਪਰ ਇਥੇ ਮੈਂ ਪੰਗਾ ਲੈ ਲਿਆ.... ਪਰ ਉਸ ਮਿੰਨੀ ਪੀਜ਼ਾ ਦੀਆਂ ਦੋ ਤਿੰਨ ਗਰਾਇਆਂ ਤੋਂ ਬਾਅਦ ਮੇਰੇ ਤੋਂ ਹੋਰ ਨਾ ਉਹ ਖਾ ਹੋਇਆ। ਹੁਣੇ ਧਿਆਨ ਆਇਆ ਕਿ ਪੈਕੇਟ ਤੇ ਲਿਖਿਆ ਤੇ ਹੋਇਆ ਸੀ ਚਿਲੜ ਪੀਜ਼ਾ ਪਾਰ ਖਾਣ ਵੇਲੇ ਤੇ ਉਹ ਬਿਲਕੁਲ ਮੂੰਹ-ਸਾੜੂ ਗਰਮ ਲੱਗ ਰਿਹਾ ਸੀ...





ਹੁਣ ਪਾਣੀ 100 ਐਮ ਐਲ ਵਾਲੀ ਕੌਲੀ ਚ 😆



ਲੋ ਜੀ ਹੁਣ ਛੇ ਘੰਟਿਆਂ ਬਾਅਦ ਸਮਾਂ ਹੋ ਗਿਆ ਡਿਨਰ ਦਾ.....ਮੈਨੂੰ ਤੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਯਾਤਰੀਆਂ ਨੂੰ ਆਰੇ ਲਾਈ ਰੱਖਦੇ ਨੇ... ਭੁੱਖਾਂ ਤੇ ਇੰਨੀਆਂ ਕਿਥੇ ਲੱਗਦੀਆਂ ਨੇ...ਵੇਹਲੇ ਨਿਕੰਮੇ ਬੈਠੇ ਬੈਠੇ!! ਨੀਂਦ ਨਾਲ ਮੇਰਾ ਤੇ ਬੁਰਾ ਹਾਲ ਹੋ ਰਿਹਾ ਸੀ, ਨਾਲ ਬੋਰੀਅਤ।.. ਇੰਨੇ ਚਿਰ ਚ ਮਿਸਿਜ ਨੇ ਦਸਿਆ ਕਿ ਪੁਰਾਨੇ ਹਿੰਦੀ ਫ਼ਿਲਮੀ ਗੀਤਾਂ ਦੀ ਵੀ ਆਪਸ਼ਨ ਹੈ....ਕੁਛ ਚਿਰ ਵੇਖ ਲਏ ਉਹ ਗਾਣੇ ਵੀ ਤੇ ਥੋੜੀ ਬਹੁਤ ਹਿੰਦੀ ਮੂਵੀ ਵੀ। .. ਪਰ ਜਦੋਂ ਨੀਂਦ ਦੀ ਘੂਕੀ ਨੇ ਘੇਰਿਆ ਹੋਵੇ ਫੇਰ ਨਹੀਂ ਓ ਕੁਛ ਸੁਝਦਾ।.. ਮੈਨੂੰ ਤੇ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਪਰਿੰਦੇ ਨੂੰ ਪਿੰਜਰੇ ਚ ਡਕ ਕੇ ਓਹਦੇ ਅੱਗੇ ਖਾਣ ਪੀਣ ਦੀਆਂ ਚੀਜ਼ਾਂ ਦੋ ਢੇਰ ਲੈ ਦਿੱਤਾ ਜਾਵੇ।....ਓਹਦੇ ਲਈ ਕਿੰਨਾ ਮੁਸ਼ਕਿਲ ਹੁੰਦਾ ਹੋਣੈ। .... ਪਤਾ ਨਹੀਂ ਯਾਰ ਇਹ ਤੋਤਾ ਵੀ ਪਿੰਜਰੇ ਚ ਡਕੀਆ-2 ਕਿਵੇਂ ਤਿੱਖੀਆਂ ਮਿਰਚਾਂ ਖਾ ਖਾ ਕੇ ਮਿਠਾ ਮਿਠਾ ਬੋਲਦਾ ਰਹਿੰਦੈ। ... ਦਾਤੇ ਦੇ ਰੰਗ...










ਯਾਦ ਆਇਆ ਸੱਚਾ ਝੂਠਾ ਦਾ ਉਹ ਗੀਤ...ਯੂੰ ਹੀ ਤੁਮ ਮੁਝ ਸੇ ਬਾਤ ਕਰਤੀ ਹੋ!!





ਅੱਛਾ ਜਿਹੜੀ ਸਾਡੀ ਸੀਟ ਦੇ ਸਾਹਮਣੇ ਸਕਰੀਨ ਲੱਗੀ ਹੁੰਦੀ ਏ...ਓਥੇ ਹੋਰ ਵੀ ਬੜਾ ਕੁਛ ਦੇਖਣ ਦੀਆਂ ਆਪਸ਼ੰਸ਼ ਸੁਨ, ਜਿਵੇਂ ਤੁਸੀਂ ਉੱਪਰ ਦਿੱਤੀਆਂ ਤਸਵੀਰਾਂ ਚ ਵੇਖ ਹੀ ਲਿਆ ਹੋਣੈ। .. ਇਕ ਗੱਲ ਹੋਰ...ਜਿਹੜੀ ਪਹਿਲੀ ਵਾਰ ਵੇਖੀ।..ਇਸੇ ਸਕਰੀਨ ਤੋਂ ਅਜਿਹਾ ਵੇਰਵਾ ਵੀ ਮਿਲਦਾ ਰਹਿੰਦਾ ਏ ਕਿ ਅਸੀਂ ਕਿੰਨਾ ਪੈਂਡਾ ਲੰਘ ਆਏ ਹਾਂ...ਕਿੰਨਾਂ ਬਾਕੀ ਏ...ਕਿਸ ਸਪੀਡ ਤੇ ਜਹਾਜ਼ ਕਿੰਨੀ ਉਚਾਈ ਤੇ ਜਾ ਰਿਹਾ ਏ, ਕਿਸ ਦਿਸ਼ਾ ਚ ਤੁਰਿਆ ਜਾ ਰਿਹਾ, ਤੇ ਸਾਡੀ ਮੰਜ਼ਿਲ ਅਜੇ ਕਿੰਨੀ ਦੂਰ ਹੈ...ਮੈਂ ਉਸ ਸਕਰੀਨ ਦੀਆਂ ਫ਼ੋਟਾਂ ਖਿੱਚੀਆਂ ਸਨ, ਜਿਹੜੀਆਂ ਸਾਂਝੀਆਂ ਕਰ ਰਿਹਾਂ।




















ਬੱਸ ਇੰਨਾ ਨਾਲ ਦਿਲ ਪਰਚਾਵਾ ਜੇਹਾ ਹੋ ਜਾਂਦੈ

ਇਹੋ ਹੀ ਨਹੀਂ ਸਗੋਂ।.. ਹਵਾਈ ਜਹਾਜ਼ ਦੇ ਬਾਹਰ ਕੈਮਰੇ ਲੱਗੇ ਹੁੰਦੇ ਨੇ, ਉੰਨਾ ਚ ਕੈਦ ਬਾਹਰ ਦੀਆਂ ਤਸਵੀਰਾਂ ਵੀ ਅਸੀਂ ਆਪਣੀ ਇਸ ਸਕਰੀਨ ਤੋਂ ਵੇਖ ਸਕਦੇ ਹਾਂ....ਜਿਹ ਇਕ ਅਜੇਹੀ ਤਸਵੀਰ ਹੈ....ਤੇ ਉਹ ਨਾਲ ਦੱਸਦਾ ਵੀ ਹੈ ਕਿ ਇਹ ਕਿਹੜੇ ਕੈਮਰੇ ਦੀ ਤਸਵੀਰ ਹੈ


ਹਵਾਈ ਉਡਾਣ ਦਾ ਬਾਹਰ ਦਾ ਨਜ਼ਾਰਾ।. ਕੈਮਰੇ ਦੀ ਅੱਖ ਨਾਲ

ਹੋਰ ਵੀ ਤਰ੍ਹਾਂ ਤਰ੍ਹਾਂ ਦੀ ਜਾਣਕਾਰੀ ਸਕਰੀਨ ਤੇ ਆਉਂਦੀ ਰਹਿੰਦੀ ਏ.....

ਪਰ ਬਾਬੇਓ ਉਸ ਵੇਲੇ ਇੰਨੀ ਚੁਸਤੀ ਵੀ ਤੇ ਹੋਵੇ




ਇਥੋਂ ਤਕ ਕਿ ਨਮਾਜ਼ ਦਾ ਸਮਾਂ ਵੀ ਇਥੇ ਪਤਾ ਲੱਗ ਜਾਂਦਾ ਏ....


ਫਲਾਈਟ ਦੇ ਦੌਰਾਨ ਬਿਲਕੁਲ ਲਿਮਿਟਿਡ ਜਿਹੀ ਇੰਟਰਨੇਟ ਦੀ ਸੇਵਾ ਵੀ ਹੈ...ਮਸੀਂ ਇਕ ਦੋ ਸੁਨੇਹੇ ਹੀ ਘੱਲੇ ਜਾਂਦੇ ਨੇ...ਫੇਰ ਹੋਰ ਚਲਾਣਾ ਹੈ ਤੇ ਪੈਸੇ ਭਰੋ।





ਮੈਂ ਆਪਣੀ ਘੜੀ ਤੇ ਇਹ ਹਿਸਾਬ ਲਗਾਇਆ ਹੋਇਆ ਸੀ ਕਿ ਸਾਡੀ ਫਲਾਈਟ 22 ਤਾਰੀਖ ਨੂੰ ਸ਼ਾਮ 6.30 ਵਜੇ ਵਾਸ਼ਿੰਗਟਨ ਅੱਪੜ ਜਾਉ.... ਵਿਚ ਵਿਚ ਥੋੜੀ ਨੀਂਦ ਲੱਗ ਤੇ ਜਾਂਦੀ ਸੀ.. ਜਦੋਂ ਵੀ ਮੈਂ ਉੱਠਦਾ ਮੈਨੂੰ ਇੰਝ ਲੱਗਦਾ ਜਿਵੇਂ ਦੋ ਤਿੰਨ ਘੰਟੇ ਹੋਰ ਸੋ ਲਿਆ ਜਾਵੇ।... ਪਰ ਹਰ ਵਾਰ ਕੁਛ ਮਿੰਟਾਂ ਚ ਹੀ ਨੀਂਦ ਖੁਲ ਜਾਵੇ, ਸੱਚ ਗੱਲ ਤਾਂ ਇਹ ਹੈ ਕਿ ਉਸ ਵੇਲੇ ਪਲ ਪਲ ਲੰਘਾਣਾ ਬੜਾ ਔਖਾ ਲੱਗ ਰਿਹਾ ਸੀ...ਫੇਰ ਲੱਗੇ ਕਿ ਇਸ ਤੋਂ ਬੇਹਤਰ ਕੋਈ ਤਰੀਕਾ ਵੀ ਤੇ ਨਹੀਂ ਅਮਰੀਕਾ ਜਾਣ ਦਾ....ਫੇਰ ਮੈਂ ਆਪਣੇ ਆਪ ਕੋਲੋਂ ਹੀ ਇਹ ਪੁੱਛਦਾ ਰਿਹਾ ਕਿ ਯਾਰ ਤੂੰ ਆਖਿਰ ਕਰਨਾ ਕੀ ਏ ਅਮਰੀਕਾ ਵੇਖ ਕੇ.....😅😁😇😂

ਬੱਸ ਜੀ ਇੰਝ ਹੀ ਆਪਣੇ ਆਪ ਨਾਲ ਗੱਲਾਂ ਕਰਦੇ ਕਰਦੇ ਮੇਰੀ ਘੜੀ ਚ ਤਿੰਨ ਚਾਰ ਵੱਜ ਗਏ...ਖੁਸ਼ੀ ਇਹ ਸੀ ਕਿ ਬੱਸ ਹੁਣੇ ਦੋ ਤਿੰਨ ਘੰਟੇ ਚ ਆਪਣੇ ਟਿਕਾਣੇ ਤੇ ਪਹੁੰਚ ਜਾਵਾਂਗੇ। ਪਰ ਹੁਣ ਦੂਜਾ ਪੰਗਾ ਸ਼ੁਰੂ ਹੋ ਗਿਆ.....ਉਸ ਠੰਡੇ ਠਾਰ ਪੀਜੇ ਕਾਰਣ ਮੈਨੂੰ ਛਾਤੀ ਚ ਸਾੜ ਪੈਣਾ ਸ਼ੁਰੂ ਹੋ ਗਿਆ....ਮੈਨੂੰ ਫੇਰ ਵੀ ਇਹੋ ਲੱਗਿਆ ਕਿ ਹੁਣ ਤੇ ਦੋ ਤਿੰਨ ਘੰਟੇ ਬਚੇ ਨੇ, ਲੰਘ ਜਾਣਗੇ।....ਇੰਝ ਵੀ ਇੰਝ ਹੀ... ਚਾਰ ਪੰਜ ਵਾਰ ਵਾਸ਼ ਰੂਮ ਚ ਜਾਣਾ ਪਿਆ, ਇਸ ਐਸੀਡਿਟੀ ਦੀ ਕਹਾਣੀ ਤੇ ਮੇਰੀ ਉਮਰ ਜਿੰਨੀ ਪੁਰਾਣੀ ਏ, ਮੋਸ਼ਨ ਸਿਕਨੈੱਸ, 1971-72 ਦੀ ਗੱਲ ਹੈ, ਪਹਿਲਾਂ ਪਠਾਨਕੋਟ ਤੋਂ ਜੰਮੂ ਗੱਡੀ ਨਹੀਂ ਸੀ ਜਾਂਦੀ, ਅਸੀਂ ਲੋਕ ਬੱਸ ਚ ਗਏ ਸੀ, ਮੇਰੇ ਮਾਮੇ ਦਾ ਵਿਆਹ ਸੀ ਜੰਮੂ, ਓਥੇ ਪਹੁੰਚਦੇ ਹੀ ਮੇਰਾ ਜੋ ਹਾਲ ਹੋਇਆ ਹੋ ਮੈਂ ਜਾਣਦਾ ਹਾਂ।

ਅੱਛਾ ਜੀ, ਪਹੁੰਚ ਗਏ ਜੀ ਮੇਰੀ ਘੜੀ ਦੇ ਹਿਸਾਬ ਨਾਲ 22 ਤਾਰੀਖ ਦੇ ਸ਼ਾਮ 6.30 ਵਜੇ....(ਹਿੰਦੁਸਤਾਨ ਦੇ ਸਮੇਂ ਮੁਤਾਬਿਕ)... ਪਰ ਬਾਹਰ ਹਵਾਈ ਅੱਡੇ ਤੇ ਦਿਨ ਦਾ ਵੇਲਾ ਸੀ....ਕਿਨੇਂ ਘੰਟੇ ਸਾਡੇ ਤੋਂ ਪਿਛੇ ਹੈ ਅਮੇਰਿਕਾ ਦਾ ਸਮਾਂ। .ਮੈਨੂੰ ਇਸ ਤਰ੍ਹਾਂ ਦੀਆਂ  ਗੂੜ ਗਿਆਨ ਦੀਆਂ ਗੱਲਾਂ ਚੇਤੇ ਘੱਟ ਹੀ ਰਹਿੰਦੀਆਂ ਨੇ, ਇਹੋ ਕੋਈ 9-10 ਘੰਟੇ ਪਿੱਛੇ ਹੈ ....ਮੇਰੇ ਕਹਿਣ ਦਾ ਮਤਲਬ ਇਹ ਕਿ ਉਸ ਵੇਲੇ ਓਥੇ ਸਵੇਰ ਦੇ 8 -8.30 ਵਜੇ ਹੋਏ ਸਨ....22 ਅਪ੍ਰੈਲ ਦੇ.

ਬਾਹਰ ਨਿਕਲਣ ਲੱਗਿਆਂ ਕੋਈ ਖਾਸ ਸਮਾਂ ਨਹੀਂ ਲੱਗਾ।.. ਸਾਰੇ ਗਰੁੱਪ ਦੇ ਮੇਮ੍ਬਰਾਂ ਕੋਲ ਆਫੀਸ਼ੀਅਲ ਪਾਸਪੋਰਟ ਸਨ, ਇਸ ਕਰਕੇ ਇੱਮੀਗਰੇਸ਼ਨ ਤੇ ਵੱਖਰੀ ਡਿਪਲੋਮੈਟਸ ਵਾਲੀ ਲਾਈਨ ਚ ਝੱਟ ਹੀ ਕੰਮ ਨਿੱਬੜ ਗਿਆ।

ਫੇਰ ਸਾਡੇ ਸਾਥੀਆਂ ਨੇ ਜਿਵੇਂ ਹੀ ਸਮਾਨ ਵਾਲੀ ਟਰਾਲੀ ਨੂੰ ਹੱਥ ਪਾਇਆ , ਇੰਝ ਵਾਪਿਸ ਹੋਏ ਜਿਵੇਂ ਕਰੰਟ ਪਿਆ ਹੋਵੇ।.😄😎... ਨਹੀਂ ਜੀ, ਓਹਨਾ ਉਸ ਵਿਚ ਕਰੰਟ ਨਹੀਂ ਸੀ ਛੱਡਿਆ ਹੋਇਆ।..ਕਰੰਟ ਇਹ ਪੜ੍ਹ ਕੇ ਇੰਨਾ ਨੂੰ ਲੱਗਾ ਕਿ ਟ੍ਰੋਲੀ ਨੂੰ ਇਸਤੇਮਾਲ ਕਰਣ ਵਾਸਤੇ 5 ਡਾਲਰ ਕੱਢਣੇ ਪੈਣੇ ਨੇ...ਖੈਰ ਅਜਕਲ ਅਟੈਚੀ ਨਾਲ ਤਾਲੇ ਤੇ ਲੱਗੇ ਹੀ ਹੁੰਦੇ ਨੇ, ਧਰੂ ਕੇ ਸਾਰੇ ਬਾਹਰ ਲੈ ਗਏ....ਤੇ ਬਾਹਰ ਆ ਕੇ ਪਹਿਲੇ ਤੋਂ ਬੁਕ ਕੀਤੀ ਬੱਸ ਚ ਬਹਿ ਗਏ....ਮੈਂ ਤੇ ਉਲਟੀਆਂ ਕਰ ਕੇ ਥੋੜਾ ਢਿੱਲਾ ਹੀ ਫੀਲ ਕਰ ਰਿਹਾ ਸਾਂ...ਉੱਤੋਂ ਬੱਸ ਦਾ ਸਫਰ.

ਲੋ ਜੀ ਅਸੀਂ ਤੁਰ ਪਾਏ ਮੈਰੀਲੈਂਡ ਯੂਨੀਵਰਸਿਟੀ ਵੱਲ.... ਵਾਹ ਜੀ ਵਾਹ, ਇਕ ਘੰਟੇ ਦਾ ਸਫਰ ਕਿਵੇਂ ਝੱਟ ਪਟ ਬੀਤ ਗਿਆ ਬਿਲਕੁਲ ਵੀ ਪਤਾ ਨਹੀਂ ਚਲਿਆ।..ਇੰਨੀ ਵਧੀਆ ਬੱਸ, ਇੰਨੀ ਠਾ ਸੜਕ, ਤੇ ਇੰਨਾ ਸੁਚੱਜਾ ਟ੍ਰਾੱਫੀਕ। ... ਮੈਨੂੰ ਲੱਗਾ ਮੈਂ ਐਵੇਂ ਹੀ ਆਪਣੀ ਤਬੀਯਤ ਕਰ ਕੇ ਡਰ ਰਿਹਾ ਸਾਂ, ਸਾਨੂੰ ਆਪਣੇ ਇਥੇ ਦੇ ਵੱਡੇ ਸ਼ਹਿਰਾਂ ਦਾ ਧੁਆਂ ਫੱਕਣ ਦਾ ਜੋ ਤਜੁਰਬਾ ਹੈ...ਮੈਂ ਇਹੋ ਜਿਹੀ ਸੜਕ ਪਹਿਲੇ ਕਦੇ ਨਹੀਂ ਸੀ ਦੇਖੀ।..ਬਿਲਕੁਲ ਮੱਖਣ।.. ਬੱਸ ਦੇ ਸ਼ੀਸ਼ੇ ਇੰਨੇ ਸਾਫ ਕਿ ਬਾਹਰ ਵੇਖਣ ਵਾਸਤੇ ਬਿਲਕੁਲ ਓਹਨੂੰ ਨਾਲ ਆਪਣਾ ਨੱਕ ਲਾਉਣਾ ਪੈਂਦਾ ਸੀ ਨਹੀਂ ਤੇ ਦੂਸਰੀ ਸਾਈਡ ਦਾ ਪਰਛਾਵਾਂ ਹੀ ਦਿਸਦਾ ਰਹਿੰਦਾ ਸੀ...


ਦੱਸੋ ਜੀ, ਇਹ ਕਿਤੇ two-ਸਟਾਰ ਹੋਟਲ ਲੱਗਦੈ !!

ਅਸੀਂ ਲੋਕ ਪੂਰੇ ਇਕ ਘੰਟੇ ਬਾਅਦ ਆਪਣੇ ਹੋਟਲ ਚ ਪਹੁੰਚ ਗਏ, ਕਹਿੰਦੇ ਨੇ ਹੋਟਲ ਟੁ-ਸਟਾਰ ਸੀ, ਪਾਰ ਉਸਦੇ ਵਿਊ ਤੇ ਅੰਦਰ ਦੀ ਸਜਾਵਟ  ਤੇ ਹੋਰ ਸੁਵਿਧਾਵਾਂ ਨੂੰ ਵੇਖ ਕੇ ਆਪਣੇ ਇਥੇ ਦੇ ਕਿਸੇ 4 ਸਿਤਾਰਾ ਹੋਟਲ ਤੋਂ ਘਟ ਨਹੀਂ ਸੀ ਜਾਪਦਾ। ... ਵੈਸੇ ਮੈਂ ਜ਼ਿਆਦਾ ਕਦੇ ਹੋਟਲਾਂ ਚ ਟਿਕਿਆ ਵੀ ਨਹੀਂ ਹਾਂ, ਜਿਥੇ ਵੀ ਜਾਈਦੈ ਰੇਲਵੇ ਦੇ ਰੈਸਟ ਹਾਉਸ ਮਿਲ ਜਾਂਦੇ ਨੇ.... ਇਸ ਕਰ ਉੰਨਾ ਦੀ ਆਦਤ ਪੈ ਗਈ ਜਾਪਦੀ ਏ.

ਨੀਂਦ ਜਿਹੀ ਆ ਰਹੀ ਸੀ...ਸਵੇਰ ਦੇ ਦੱਸ ਵੱਜ ਰਹੇ ਸਨ, ਇਸ ਵੇਲੇ ਹੋਟਲ ਚ ਨਾਸ਼ਤਾ ਨਹੀਂ ਮਿਲਦਾ, ਜੋ ਕੁਛ ਨਾਲ ਲਿਆਂਦਾ ਸੀ, ਓਹੀ ਛਕਿਆ. ਹਰ ਕਮਰੇ ਚ ਇਕ ਮਾਈਕਰੋਵੇਵ, ਇਕ ਫਰਿਜ ਤੇ ਕੇ ਲਾਕਰ ਸੀ. ..ਟੀ ਵੀ ਵੀ ਸੀ, ਪਰ ਉਹ ਤੇ ਅਸੀਂ ਹੁਣ ਘਰ ਵੀ ਨਹੀਂ ਦੇਖਦੇ। ਹੋਟਲ ਦੀ ਖਿੜਕੀ ਤੋਂ ਬਾਹਰ ਦੇਖਣ ਤੇ ਇਕ ਛੋਟੀ ਜਿਹੀ ਪਾਣੀ ਦੀ ਨਦੀ ਵਰਗੀ ਕੋਈ ਸ਼ੈ ਵਿਖੀ। ..ਨਹੀਂ ਨਹੀਂ ਕੋਈ ਨਦੀ ਨਹੀਂ ਸੀ, ਨਾ ਹੀ ਝਰਨਾ, ਬੱਸ ਪਾਣੀ ਇੰਝ ਹੀ ਆਪਣੀ ਮੌਜ ਚ ਵੱਗ ਰਿਹਾ ਸੀ, ਵੇਖ ਕੇ ਬੜਾ ਚੰਗਾ ਲੱਗ ਰਿਹਾ ਸੀ...

ਇਕ ਪੰਗਾ ਤੇ ਬੜਾ ਸੀ ਇਸ ਹੋਟਲ ਚ...ਬਾਰੀਆਂ ਹੈ ਹੀ ਨਹੀਂ, ਹਰ ਵੇਲੇ ਏ.ਸੀ ਦੀ ਫੰਡ ਸਹਿੰਦੇ ਰਹੋ... ਮੈਨੂੰ ਤੇ ਇੰਝ ਬੜੀ ਘੁਟਣ ਮਹਿਸੂਸ ਹੁੰਦੀ ਏ, ਪਰ ਜੋ ਉਹਨਾਂ ਦੀ ਜੋ ਜੁਗਤ ਹੈ ਸੋ ਹੈ !!

ਅੱਛਾ ਜੀ, ਇੰਨਾ ਕੁਛ ਲਿਖ ਕੇ ਮੈਨੂੰ ਹੁਣ ਇਕ ਗੀਤ ਯਾਦ ਆ ਰਿਹੈ। ... ਲੋਕੀਂ ਦੁਨੀਆਂ ਚ ਵਸਦੇ ਬਥੇਰੇ, ਪੰਜਾਬੀਆਂ ਦੀ ਸ਼ਾਨ ਵੱਖਰੀ।



ਹੁਣੇ ਫ਼ੋਟਾਂ ਫਰੋਲਦੇ ਫਰੋਲਦੇ ਇਹ ਨਜ਼ਰੀਂ ਪੈ ਗਈ। ... ਸਫ਼ਰੀ ਸਾਬ ਦੀ ਲਿਖਤ ਦੀ ਨਕਲ ਮਾਰੀ ਸੀ ਜੀ ਮੈਂ.....


ਅੱਛਾ ਜੀ, ਅਮਰੀਕਾ ਦੇ ਗੇੜੇ ਦੀਆਂ ਹੋਰ ਗੱਪਾਂ ਨਾਲ ਫੇਰ ਮਿਲਦੇ ਹਾਂ...... ਅੱਲਾ ਬੇਲੀ! ਆਪਣਾ ਧਿਆਨ ਕਰੋ.... 😃😃

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...