Friday 26 July 2019

ਗੁਸਲਖਾਨੇ ਜਦੋਂ ਬਾਥਰੂਮ ਬਣ ਗਏ !

ਕੁਝ ਦਿਨ ਪਹਿਲਾਂ ਵਹਾਤਸੱਪ ਤੇ ਇਕ ਪੋਸਟ ਦੇਖੀ ਜਿਸ ਵਿਚ ਕਿਸੇ ਨੇ ਬੜੀ ਮੇਹਨਤ ਕਰ ਕੇ ਲਿਖਿਆ ਸੀ ਕਿ ਹੁਣ ਕਿਵੇਂ ਅਸੀਂ ਤਰ੍ਹਾਂ ਤਰ੍ਹਾਂ ਦੇ ਸਾਬਣ, ਸ਼ੰਪੂ, ਕੰਡੀਸ਼ਨਰਸ, ਤੇਲ, ਸਪਰੇ ---ਹੋਰ ਵੀ ਜਮਾਨੇ ਭਰ ਦਾ ਨਿੱਕ-ਸੁੱਕ ਇਸਤੇਮਾਲ ਕਰਦੇ ਹਾਂ - ਉਸ ਦੀ ਗੱਲ ਬਾਰਾਂ ਆਨੇ ਲੱਗੀ ਸੱਚ.

ਉਸ ਪੋਸਟ ਨੂੰ ਪੜ੍ਹਦਿਆਂ ਮੈਂ ਵੀ ਪਹੁੰਚ ਗਿਆ ਓਹ ਪੁਰਾਣੇ ਸਿੱਧ-ਸਮੂਏ ਗੁਸਲਖਾਨੇ ਵਾਲੇ ਦਿਨਾਂ ਵਿਚ.
ਮੈਨੂੰ ਇੰਝ ਲੱਗਦੈ ਕਿ ਅੱਜ ਕਲ ਦੇ ਬਾਥਰੂਮ ਵੀ ਇੱਕ ਸ਼ੋਬਾਜ਼ੀ ਦੇ ਅੱਡੇ, ਸਟੇਟਸ ਸਿੰਬਲ ਆਦਿ ਬਣ ਚੁਕੇ ਹਨ - 11-12 ਸਾਲ ਦੀ ਗੱਲ ਹੈ - ਇਕ ਰਿਸ਼ਤੇਦਾਰ ਨੇ ਆਪਣੇ ਘਰ ਚ' ਕੋਈ ਅਜਿਹੀਆਂ ਟੂਟੀਆਂ ਲਗਵਾ ਲਈਆਂ ਕਿ ਓਹਦੇ 'ਟੇਸਟ' ਦੀਆਂ ਧੁੱਮਾਂ ਸਾਰੇ ਖ਼ਾਨਦਾਨ ਚ' ਪੈ ਗਈਆਂ ਕਿ ਭੋਲੇ ਦੇ ਬਾਥਰੂਮ ਦੇਖਣ ਵਾਲੇ ਨੇ - ਜਦੋਂ ਉਸ ਦੀ ਤਾਰੀਫ ਕੀਤੀ ਜਾਂਦੀ ਉਸ ਦਾ ਮੂੰਹ ਬਿਲਕੁਲ ਭਕਾਨੇ ਵਾਂਗ ਫੁੱਲ ਜਾਂਦਾ!

ਸਾਡੇ ਘਰ ਵੀ ਜ਼ਰੂਰਤ ਤੋਂ ਜ਼ਿਆਦਾ ਹੀ ਸੌਦੇ ਭਰੇ ਹੋਏ ਹਨ ਗੁਸਲਖਾਨੇ (ਨਹੀਂ, ਨਹੀਂ, ਬਾਥਰੂਮ ਵਿਚ!!) - ਪਰ ਜਦੋਂ ਮੈਂ ਕਿਤੇ ਰਿਸ਼ਤੇਦਾਰ ਕੋਲ ਜਾਂਦਾ ਹਾਂ ਤੇ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਅਜੇ ਇੰਨੇ ਵੱਡੇ ਸ਼ੌਂਕੀ ਨਹੀਂ ਹਾਂ.

ਪਹਿਲਾਂ ਗੁਸਲਖਾਨੇ ਦੀਆਂ ਗੱਲਾਂ ਕਰ ਲੈਂਦੇ ਹਾਂ - ਆਪਣੇ ਆਪ ਚ' ਨਾਉਂ ਹੀ ਕਿੰਨਾ ਸਹੀ ਜਾਪਦੈ !

ਗੁਸਲਖਾਨਾ - ਜਿਸ ਵਿਚ ਦੋ ਸਾਬਣ - ਇਕ ਦੇਸੀ ਕੱਪੜੇ ਧੋਣ ਵਾਲਾ (ਬੇ-ਬ੍ਰਾਂਡਿਆ- i mean unbranded!) - ਜਿਸ ਨੂੰ ਘਰੇ ਬਣਾਉਣ ਦੇ ਚੱਕਰ ਵਿਚ ਆਂਢ-ਗੁਆਂਢ ਦੀਆਂ ਤੀਵੀਆਂ ਕਦੇ ਕਦੇ ਆਪਣੇ ਹੱਥ ਸਾੜ ਲੈਂਦੀਆਂ ਸਨ, ਦੋ ਪੈਸੇ ਬਚਾਉਣ ਦੇ ਚੱਕਰ ਵਿਚ!) - ਨਾਲੇ ਨਾਲੇ, ਇਸ ਦੇਸੀ ਸਾਬਣ ਦੇ ਹੋਰ ਵੀ ਇਸਤੇਮਾਲ ਦੱਸਦੇ ਜਾਈਏ, ਲੋ ਜੀ ਗੱਲ ਇੰਝ ਸੀ ਕਿ ਉਹਨਾਂ ਦਿਨ ਗੱਲਾਂ ਚੇਤੇ ਆ ਰਹੀਆਂ ਨੇ ਕਿ ਮੈਂ ਬੀਜੀ ਨੂੰ ਆਪਣੀਆਂ ਸਹੇਲੀਆਂ ਨੂੰ ਕਹਿੰਦੇ ਸੁਣਦਾ ਸੀ ਕਿ ਅੱਜ ਦੇਸੀ ਸਾਬਣ ਨਾਲ ਸਰ ਧੋਤਾ ਤੇ ਜਾਕੇ ਕੀਤੇ ਠੰਡ ਪਈ ਏ, ਖੁਰਕ ਦੇ ਮਾਰੇ ਹਾਲ ਬੇਹਾਲ ਸਨ ਮੈਂ -

ਠੀਕ ਹੈ ਜੀ, ਉਸ ਦੇਸ਼ੀ ਸਾਬਣ ਦੀ ਚਾਕੀ ਦੀ ਇਕ ਵਰਤੋਂ ਤਾਂ ਪਤਾ ਲੱਗ ਗਈ ਕਿ ਕਈ ਵਾਰੀ ਜਨਾਨੀਆਂ ਉਸ ਨਾਲ ਸਿਰ ਧੋ ਕੇ ਜੁਆਂ-ਲੀਖਾਂ ਤੋਂ ਸੁਰਖ਼ਰੂ ਹੋ ਜਾਂਦੀਆਂ ਸਨ, ਵੈਸੇ ਅਕਸਰ ਉਹ ਕੇਸ਼ ਧੋਣ ਲਈ ਸ਼ਿੱਕਾਕਾਈ ਤੇ ਰੇਠੇ ਭਿਓਂ ਕੇ ਇਸਤੇਮਾਲ ਕਰਦੀਆਂ ਸਨ, ਸ਼ੰਪੂ ਦਾ ਤੇ ਨਾਉਂ ਹੀ ਨਹੀਂ ਸੀ ਸੁਣਿਆ ! ਇਕ ਗੱਲ ਹੋਰ, ਕਦੇ ਕਦੇ ਘਰੋਂ ਬਾਹਰ ਇਹ ਕਿ ਕੰਨੀ ਪੈ ਜਾਣਾ ਕਿ ਦੇਸੀ ਸਾਬਣ ਨਾਲ ਦੰਦ ਰਗੜਣ ਉਹ ਬਿਲਕੁਲ ਮੋਤੀਆਂ ਵਰਗੇ ਚਮਕ ਜਾਂਦੇ ਨੇ, ਤੇ ਕਦੇ ਕੀੜਾ ਵੀ ਨਹੀਂ ਲੱਗਦਾ - ਆਪਾਂ ਵੀ ਚੁਪਚਾਪ ਇਹ ਗੱਲ ਸੁਣ ਲਈਦੀ ਸੀ, ਕਿਸੇ ਨਾਲ ਕਦੇ ਉਲਝਦੇ ਨਹੀਂ ਸੀ.

ਹਾਂ, ਇਕ ਗੱਲ ਹੋਰ - ਕਦੇ ਕਦੇ ਜਦੋਂ ਅੰਗਰੇਜ਼ੀ ਸਾਬਣ ਦੀ ਚਾਕੀ ਖਤਮ ਹੋ ਜਾਣੀ ਤੇ ਇਕ ਦੋ ਵਾਰ ਉਸ ਦੀ ਜਗ੍ਹਾ ਦੇਸੀ ਸਾਬਣ ਨਾਲ ਹੀ ਨਹਾਉਣ ਵੀ ਚੇਤੇ ਆ ਰਿਹੈ - ਗੱਲ ਇੰਝ ਹੀ ਕਿ ਸੱਚੋ ਸੱਚ ਲਿਖਾਂਗੇ ਤੇ, ਹਲਕੇ ਹੋਵਾਂਗੇ, ਜੇਕਰ ਐਵੇਂ ਹੀ ਪਾਠਕਾਂ ਅੱਗੇ ਆਪਣੇ ਤਜੁਰਬੇ ਚ' ਥੋੜੀ ਜਿਹੀ ਵੀ ਮਿਲਾਵਟ ਕਰਾਂਗੇ ਤਾਂ ਆਪਣਾ ਹੀ ਸਿਰ ਦੁਖੇਗਾ, ਇਸ ਲਈ ਲਿਖਣ ਵੇਲੇ ਇਮਾਨਦਾਰੀ ਢਾਡੀ ਜ਼ਰੂਰੀ ਹੈ.

ਚਲੀਏ ਜੀ, ਹੁਣ ਅੰਗਰੇਜ਼ੀ ਸਾਬਣ ਵੱਲ, ਇਹ ਵੀ ਇਕ ਹੀ ਤਰ੍ਹਾਂ ਦਾ ਹੁੰਦਾ ਹੀ ਜਿਹੜਾ ਸਾਬਣਦਾਨੀ ਚ' ਰੱਖਿਆ ਰਹਿੰਦਾ - ਅਕਸਰ ਮੇਰੇ ਖਿਆਲ ਨਾਲ 15ਕੁ' ਸਾਲ ਦੀ ਉਮਰ ਤੱਕ ਤੇ ਅਸੀਂ ਲਾਈਫ-ਬੁਆਏ ਹੀ ਪਿਆ ਵੇਖਿਆ ਆਪਣੇ ਗੁਸਲਖਾਨੇ ਵਿਚ- ਜਦੋਂ ਵੱਡੇ ਹੋਏ - ਕਾਲਜ ਜਾਣ ਲੱਗੇ ਤਾਂ ਘਰ ਚ' ਰੈਕਸੋਨਾ ਵੀ ਆਉਣ ਲੱਗਾ, ਜਿਸਦੀ ਖੁਸ਼ਬੂ ਮੈਨੂੰ ਬੜੀ ਪਸੰਦ ਸੀ, ਸ਼ਾਇਦ ਅਗਲੇ 20 ਸਾਲ ਤੱਕ ਮੈਂ ਆਪਣੀ ਬ੍ਰਾਂਡ-ਲੋਇਲਟੀ ਖੂਬ ਨਿਭਾਉਂਦਾ ਰਿਹਾ ..

ਹੋਰ ਕਿ ਹੁੰਦਾ ਸੀ, ਗੁਸਲਖਾਨਿਆਂ ਵਿਚ, ਹਾਂ ਜੀ ਗੁਸਲਖਾਨੇ ਦੀ ਬਾਰੀ ਵਿਚ ਪੁਰਾਣੀ ਜਿਹੀ ਪਲਾਸਟਿਕ ਦੀ ਸ਼ੀਸ਼ੀ ਵਿਚ ਸਰੋਂ ਦਾ ਤੇਲ ਵੀ ਪਿਆ ਹੁੰਦਾ ਸੀ, ਜਿਸ ਬਾਰੇ ਇਹ ਹਿਦਾਇਤ ਮਿਲੀ ਹੋਈ ਸੀ ਕਿ ਨਹਾਉਣ ਤੋਂ ਬਾਅਦ ਸਾਰੇ ਸ਼ਰੀਰ ਤੇ ਜ਼ਰੂਰ ਲਾਉਣਾ ਹੁੰਦੈ - ਮੇਰੇ ਪਿਤਾ ਜੀ ਜ਼ਰੂਰ ਇਹ ਕੰਮ ਕਰਦੇ ਸਨ (ਮੈਨੂੰ ਕਿਵੇਂ ਪਤਾ, ਅਸੀਂ ਦੋਵੇਂ ਛੋਟੇ ਹੁੰਦਿਆਂ ਇਕੱਠੇ ਜੋ ਨਹਾਉਂਦੇ ਸੀ 😁)- ਪਰ ਮੈਂ ਤਾਂ'  ਉਹ ਸਰੋਂ ਦਾ ਤੇਲ ਸਿਰਫ ਸਿਰ ਉੱਤੇ ਹੋ ਚੋਪੜ ਲੈਂਦਾ ਸੀ ਬੱਸ, ਜਿਹੜਾ ਫੇਰ ਦਿਨ ਭਰ ਮੱਥੇ ਤੋਂ ਚੌਂਦਾ ਰਹਿੰਦਾ ਸੀ, ਪਰ ਦਿਮਾਗ ਤੇਜ ਕਰਣ ਲਈ ਉਸ ਦੀ ਵਰਤੋਂ ਲਾਜ਼ਮੀ ਦੱਸੀ ਜਾਂਦੀ ਸੀ (ਜਿਹੜਾ ਲਾਜਿਕ ਕਦੇ ਸਮਝ ਨਹੀਂ ਆਇਆ ਤੇ ਨਾ ਹੀ ਸਮਝਣ ਦੀ ਕੋਸ਼ਿਸ਼ ਹੀ ਕੀਤੀ!!)

ਹੋਰ ਕਿ ਹੁੰਦਾ ਸੀ, ਦੰਦ ਸਾਫ ਕਰਣ ਦਾ ਪੇਸਟ ਤੇ ਪਾਊਡਰ (ਕਦੇ ਕਦੇ ਉਹ ਬਾਂਦਰ ਛਾਪ ਵੀ) ਤੇ ਬੁਰਸ਼, ਜੀਬ ਸਾਫ ਕਰਣ ਵਾਲੀ ਪਤਲੇ ਜਿਹੇ ਪਲਾਸਟਿਕ ਦੀ ਪੱਤੀ, ਦਾੜੀ ਬਣਾਉਣ ਦਾ ਸਾਮਾਨ (ਗੋਡਰੇਜ ਦੇ ਸ਼ੇਵਿੰਗ ਰਾਉਂਡ ਸਮੇਤ) - ਜਦੋਂ ਇਹ ਨਵੀਆਂ ਨਵੀਆਂ ਦਾੜੀ ਬਣਾਉਣ ਵਾਲੀਆਂ ਕਰੀਮਾਂ ਚਲੀਆਂ ਤੇ ਸ਼ੁਰੂ ਸ਼ੁਰੂ ਚ' ਲੋਕ ਭੁਲੇਖੇ ਨਾਲ ਟੂਥਪੇਸਟ ਦੀ ਥਾਂ ਓਹੀ ਕਰੀਮ ਨਾਲ ਦੰਦ ਸਾਫ ਕਰ ਲੈਂਦੇ ਤੇ ਮੂੰਹ ਚ' ਹੋਣ ਵਾਲੀ ਸੜਕਣ ਨਾਲ ਹੀ ਪਤਾ ਚਲਦਾ ਕਿ ਇਹ ਪੰਗਾ ਹੋ ਗਿਆ ਏ - ਹੁਣ ਧਿਆਨ ਆ ਰਿਹੈ ਕਿ ਅਕਸਰ ਪਰਿਵਾਰਾਂ ਦੀਆਂ ਅਨਪੜ੍ਹ (ਪਰ ਬਹੁਤ ਗੁੜੀਆਂ ਹੋਈਆਂ 🙏🙏🙏) ਤੀਵੀਆਂ ਕੋਲੋਂ ਇਹ ਗ਼ਲਤੀ ਕਦੇ ਕਦੇ ਹੋ ਜਾਂਦੀ।

ਸ਼ੰਪੂ ਹੁੰਦੇ ਸੀ ? ਨਾ ਜੀ ਨਾ, ਕਦੇ ਨਾ ਹੀ ਨਹੀਂ ਸੀ ਸੁਣਿਆ - ਮੈਂ ਨੌਵੀਂ ਦਸਵੀਂ ਜਮਾਤ ਵਿੱਚ ਪਹਿਲੀ ਵਾਰੀਂ ਸੁਣਿਆ - ਮੇਰੇ ਸਿਰ ਉੱਤੇ ਇਕ ਛੋਟਾ ਜੇਹਾ ਮੌਕਾ ਸੀ (ਅਜੇ ਵੀ ਹੈ) - ਜਿਹੜਾ ਕੰਘੀ ਕਰਣ ਵੇਲੇ ਖਹਿਬੜਦਾ ਸੀ ਕਦੇ ਕਦੇ, ਮੇਰੀ ਮਾਂ ਨੂੰ ਉਸ ਦੀ ਡਾਢੀ ਫਿਕਰ ਸੀ, ਇਕ ਦਿਨ ਲੈ ਗਈ ਜੀ ਮੈਨੂੰ ਚਮੜੀ ਦੇ ਡਾਕਟਰ ਕੋਲ, ਉਸ ਨੇ ਆਖਿਆ ਕਿ ਕੋਈ ਗੱਲ ਨਹੀਂ, ਬੱਸ ਟਾਟਾ ਸ਼ੰਪੂ ਨਾਲ ਸਿਰ ਧੋਣਾ ਪਉ  - ਮੈਨੂੰ ਡਾਕਟਰ ਦੀ ਫੀਸ ਵੀ ਯਾਦ ਹੈ - 50 ਰੁਪਈਏ (1977 ਦੇ ਆਸੇ ਪਾਸੇ ਦੀ ਗੱਲ ਹੈ ) ਤੇ ਸ਼ੰਪੂ ਵੀ ਆ ਗਿਆ ਜੀ - ਕੱਚ ਦੀ ਬੋਤਲ ਸ਼ਾਇਦ ਇਹੋ 20 ਕੁ' ਰੁਪਈਏ ਦੀ ਸੀ - ਉਹ ਸ਼ੰਪੂ ਦੀਆਂ ਕਈਂ ਬੋਤਲਾਂ ਵਰਤ ਸੁੱਟਿਆਂ - ਉਹ ਕਦੇ ਘੱਟ ਜਾਂਦਾ , ਕਦੇ ਮੁੜ ਉੱਠ ਜਾਂਦਾ - ਹੁਣ ਮਾਂ ਨਹੀਂ ਹਾਂ, ਪਰ ਉਹ ਢੀਠ ਆਪਣੀ ਜਗ੍ਹਾ ਤੇ ਕਾਇਮ ਹੈ!

ਹਾਂਜੀ, ਇਕ ਗੱਲ ਹੋਰ ਜਿਹੜੀ ਮੈਨੂੰ ਸ਼ੰਪੂ ਤੋਂ ਚੇਤੇ ਆਈ ਕਿ ਘਰ ਚ' ਟਾਟਾ ਸ਼ੰਪੂ ਦਾ ਗਿਆ, ਉਸ ਦੀ ਬੋਤਲ ਨੂੰ ਬੜਾ ਸਾਂਬ ਸਾਂਬ ਕੇ ਰੱਖਿਆ ਜਾਂਦਾ ਕਿ ਇਹ ਕੋਈ ਚਮੜੀ ਦੇ ਡਾਕਟਰ ਦੀ ਲਿਖੀ ਦਵਾਈ ਹੈ ਜਿਸ ਨੂੰ ਬਿੱਲੇ ਨੇ ਹੀ ਲਾਉਣਾ ਹੈ - ਕਦੇ ਕਿਸੇ ਹੋਰ ਨੇ ਉਸ ਨੂੰ ਨਹੀਂ ਵਰਤਿਆ - ਇਥੇ ਇਕ ਗੱਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਸ ਗੱਲ ਨੂੰ ਤੁਸੀਂ ਅੱਜ ਦੇ ਮਾਹੌਲ ਨਾਲ ਮਿਲਾ ਕੇ ਵੇਖੋ - ਕਿਵੇਂ ਲੋਕ ਮੀਡਿਆ ਵਿਚ ਠੰਡੇ-ਗਰਮ ਵਾਲਿਆਂ ਪੋਸਟਾਂ ਖਰੀਦ ਖਰੀਦ ਕੇ ਆਪਣੇ ਦੰਦ ਤੇ ਸਿਹਤ ਬਰਬਾਦ ਕਰਦੇ ਰਹਿੰਦੇ ਹਨ, ਇਹ ਪੋਸਟਾਂ ਕਿਸੇ ਦੰਦਾਂ ਦੇ ਡਾਕਟਰ ਤੋਂ ਪੁੱਛੇ ਬਗੈਰ ਤੁਹਾਨੂੰ ਇਸਤੇਮਾਲ ਹੀ ਨਹੀਂ ਕਰਣਾ ਚਾਹੀਦਾ, ਇਹ ਓਹੀਓ ਜਾਂਦਾ ਕਿ ਤੁਹਾਡੇ ਦੰਦਾਂ ਨੂੰ ਇਲਾਜ ਚਾਹੀਦੈ ਜਾਂ ਥੋੜੇ ਸਮੇਂ ਲਈ ਉਹ ਪੇਸਟਾਂ - ਹੁਣ ਸਾਰੇ ਹੀ ਡਾਕਟਰ ਬਣੇ ਹੋਏ ਹਾਂ, ਕੋਈ ਅਸੀਂ ਚਮੜੀ ਤੇ ਮਲਣ ਵਾਲੀ ਕ੍ਰੀਮ ਨਾ ਛੱਡੀ , ਕੋਈ ਪੇਸਟ ਨਹੀਂ ਤੇ ਕੋਈ ਐਂਟੀਬਿਓਟਿਕ ਵੀ ਨਹੀਂ - ਨਤੀਜਾ ਸਾਡੇ ਸਾਹਮਣੇ ਹੈ - ਪਹਿਲਾਂ ਲੋਕ ਡਰਦੇ ਸੀ ਦਵਾਈਆਂ ਤੋਂ, ਹੋਣ ਸੋਸ਼ਲ ਮੀਡਿਆ ਨੇ ਤੇ ਗੂਗਲ ਨੇ ਉਹ ਡਰ ਖਤਮ ਕਰ ਦਿੱਤੈ - ਹੈ ਕਿ ਨਹੀਂ?

ਅੱਛਾ ਵਾਪਸ ਗੁਸਲਖਾਨੇ ਵੱਲ ਤੁਰੀਏ, ਹੋਰ ਕਿ ਹੁੰਦਾ ਸੀ ਓਥੇ ? - ਬੱਸ ਇਕ ਲੱਕੜ ਦੀ 10-20-30 ਸਾਲ ਪੁਰਾਣੀ ਚੌਕੀ, ਇਕ ਲੋਹੇ ਦੀ ਬਾਲਟੀ ਤੇ ਇਕ ਬਿਨਾ ਹੈਂਡਲ ਵਾਲਾ ਚਿੱਬਾ ਹੋ ਚੁਕਿਆ ਐਲੂਮੀਨੀਅਮ ਦਾ ਭਬਕਾ - ਇਹ ਭਬਕਾ ਲਫ਼ਜ਼ ਮੈਨੂੰ ਅੱਜ ਕਈ ਵਰਿਆਂ ਬਾਅਦ ਚੇਤੇ ਆਇਆ , ਮੈਂ ਸੋਚਿਆ ਕਿ ਇਹ ਲਫ਼ਜ਼ ਸਾਡੇ ਘਰ ਹੀ ਇਸਤੇਮਾਲ ਹੁੰਦਾ ਸੀ ਇੰਝ ਤੇ ਨਹੀਂ, ਡਿਕਸ਼ਨਰੀ ਤੋਂ ਚੈੱਕ ਕੀਤਾ, ਹੋਰ ਕਿਸ ਕੋਲੋਂ ਪੁੱਛਦਾ - ਉਹ ਭਬਕਾ ਕਹਿਣ ਵਾਲੇ ਹੌਲੀ ਹੌਲੀ ਕਿਰਦੇ ਜਾ ਰਹੇ ਨੇ।

ਜਦੋਂ ਵੀ ਮੈਂ ਕਿਸੇ ਲਫ਼ਜ਼ ਤੇ ਅੜ੍ਹ ਜਾਂਦਾ ਹਾਂ ਤੇ ਇਸ ਤੋਂ ਹੀ ਪੁੱਛਦਾ ਹਾਂ 😂😂

ਇਕ ਗੱਲ ਹੋਰ ਵੀ ਹੈ, ਸਾਮਾਨ ਚਾਹੇ ਗੁਸਲਖਾਨਿਆਂ ਚ' ਘੱਟ  ਹੁੰਦਾ ਸੀ (ਜ਼ਰੂਰਤ ਦਾ ਤੇ ਪੂਰਾ ਹੁੰਦਾ ਹੀ ਸੀ!!) ਪਰ ਪਾਣੀ ਭਰਪੁਰ ਹੁੰਦਾ ਸੀ, ਨਲਕੇ ਦੀਆਂ ਮੋਟੀਆਂ ਠੰਡੀਆਂ ਧਾਰਾਂ ਨਹੀਂ ਭੁਲਦੀਆਂ, ਸਾਨੂੰ ਤੇ ਮਤਲਬ ਹੁੰਦਾ ਸੀ ਬਾਲਟੀ ਲਾਂਬੇ ਕਰ ਕੇ ਉਸ ਦੀ ਧਾਰ ਥੱਲੇ ਕੁਛ ਚਿਰ ਆਪਣਾ ਸਿਰ ਢਾਉਣ ਦਾ - ਵਾਹ ਜੀ ਵਾਹ, ਨਜ਼ਾਰਾ ਆ ਜਾਂਦਾ ਸੀ!

ਹੁਣ ਅੱਜ ਕਲ ਦੇ ਬਾਥਰੂਮ ਵੱਲ ਚਲੀਏ - ਮੈਨੂੰ  ਤੇ ਇੰਝ ਜਾਪਦੇ ਜਿਵੇਂ ਬਿਗ ਬਾਜ਼ਾਰ ਜਾਂ ਕਿਸੇ ਮਾਲ ਦੇ ਟੋਇਲੇਟਰੀ ਸੈਕਸ਼ਨ ਚ' ਪਹੁੰਚ ਗਏ ਹਾਂ. ਸਾਰੀਆਂ ਸੈਲਫਾਂ ਸਾਬਣਾਂ, ਫੇਸ ਵਾਸ਼ਾਂ, ਸ਼ੰਪੂਆਂ, ਕੰਡੀਸ਼ਰਾਂ, ਤਰ੍ਹਾਂ ਤਰ੍ਹਾਂ ਦੀਆਂ ਹੋਰ ਕਰੀਮਾਂ, ਕਈ ਤੇਲ, ਵਾਲਾਂ ਨੂੰ ਤਗੜੇ ਕਰਣ ਦੇ ਜੁਗਾੜ, ਕਈ ਤਰ੍ਹਾਂ ਦੇ ਝਾਵੇਂ ਵੀ 😂😂😂। ...ਹੋਰ ਵੀ ਪਤਾ ਹੀ ਨਹੀਂ, ਜ਼ਮਾਨੇ ਭਰ ਦਾ ਸਮਾਨ ਭਰਿਆ ਹੁੰਦੈ - ਮੈਂ ਕੀ ਕੀ ਗਿਣਾਵਾਂ ! ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ -  ਸਬ ਚੀਜ਼ਾਂ ਭਰਪੂਰ ਪਰ ਪਾਣੀ ਦਾ ਟੋਟਾ ਹੀ ਹੁੰਦੈ ਅਕਸਰ !

ਮੈਂ ਅਕਸਰ ਸੋਚਦਾ ਹਾਂ ਕਿ ਜੇ ਇੰਨੇ ਉਪਰਾਲੇ ਕਰਣ ਦੇ ਬਾਅਦ ਵੀ ਉਹ ਪੁਰਾਣੇ ਸਮਿਆਂ ਵਾਲੀਆਂ ਚੇਹਰੇ ਤੇ ਰੌਣਕਾਂ ਤੇ ਲਾਲੀਆਂ ਕਿਓਂ ਨਹੀਂ ਹਨ, ਜਵਾਬ ਤੁਹਾਡੇ ਕੋਲ ਹੈ!

ਇਕ ਹੋਰ ਪੰਗਾ, ਅੱਜ ਕਲ ਦੇ ਬੈਠਰੂਮਾਂ ਦਾ - ਜਿੰਨਾ ਚਿਰ ਐਨਕ ਚਾੜ ਕੇ ਵੇਖੋ ਵੇਖੋ ਬੋਤਲਾਂ ਦੇ ਲੇਬਲ ਨਾ ਪੜੋ, ਪਤਾ ਹੀ ਨਹੀਂ ਚਲਦਾ, ਕਿਸ ਵਿਚ ਕਿ ਭਰਿਆ ਹੋਇਆ ਹੈ - ਕਈ ਵਾਰ ਗ਼ਲਤੀ ਹੁੰਦੀ ਸੀ ਸ਼ੁਰੂ ਸ਼ੁਰੂ ਵਿਚ ਜਦੋਂ ਮੈਂ ਸ਼ੰਪੂ ਦੀ ਜਗ੍ਹਾ ਕਿਸੇ ਹੋਰ ਚੀਜ਼ ਨਾਲ ਚ' ਸਰ ਧੋ ਸੁੱਟਦਾ - ਝੱਗ ਵੀ ਨਾ ਆਉਣੀ, ਫੇਰ ਬਾਹਰ ਆ ਕੇ ਗੱਲਬਾਤ ਕਰ ਕੇ ਪਤਾ ਚਲਣਾ ਕਿ ਉਹ ਤੇ ਇਹ ਹੈ, ਤੇ ਇਹ ਤੋਂ ਉਹ ਹੈ - ਆਪਾਂ ਹੁਣ ਸਾਰਾ ਤਾਂਤਾ ਹੀ ਖਤਮ ਕਰ ਦਿੱਤਾ ਹੈ - ਨਾ ਬਾਥਰੂਮ ਚ' ਜਾ ਕੇ ਐਨਕਾਂ ਚੜਾਉਣ ਦੀ ਲੋੜ ਪੈਂਦੀ ਹੈ ਤੇ ਨਾ ਕੋਈ ਹੋਰ ਫਿਕਰ ਨਾ ਫਾਕਾ - ਦੇਸੀ ਤੇ ਅੰਗੇਰਜ਼ੀ ਸਾਬਣ ਦੂਰੋਂ ਹੀ ਦਿੱਖ ਜਾਂਦੇ ਨੇ- ਇਕ ਅੰਡਰਵੇਅਰ  ਧੋਣ ਲਈ ਤੇ ਦੂਜਾ ਬੂਥੇ ਲਈ 😂😂- ਕੁਝ ਗੱਲਾਂ ਗੁਸਲਖਾਨੇ ਦੀਆਂ ਅਜੇ ਰਹਿੰਦੀਆਂ ਨੇ, ਪਰ ਇਸ ਤੋਂ ਪਹਿਲਾਂ ਕਿ ਤੁਹਾਡੇ ਢਿੱਡ ਚ' ਹੱਸ ਹੱਸ ਕੇ ਵੱਲ ਪੈ ਜਾਣ, ਸੋਚਦਾਂ ਹੁਣ ਇਥੇ ਬਰੇਕਾਂ ਮਾਰ ਦਿਆਂ, ਬਾਕੀ ਦੀਆਂ ਗੱਲਾਂ ਫੇਰ ਕਦੇ!!

ਮੈਨੂੰ ਤੇ ਕਈ ਵਾਰ ਲੱਗਦੈ ਕਿ ਅਸੀਂ ਆਪੋ ਆਪਣੀ ਜ਼ਿੰਦਗੀ ਖੁਦ ਬੜੀ ਹੀ ਗੁੰਜਲਦਾਰ ਕੀਤੀ ਹੋਈ ਹੈ - ਤੁਹਾਨੂੰ ਕਿ ਲੱਗਦੈ?

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...