Friday, 12 July 2019

ਬੱਚਿਆਂ ਨੂੰ ਨਕਾਰਾ ਬਣਾਉਣ ਵਾਲੀ ਗੱਲ

ਮੇਰੇ ਨਾਲ ਇਹੋ ਪੰਗਾ ਹੈ, ਮੇਰਾ ਅੱਜ ਦਾ ਏਜੇਂਡਾ ਤਾਂ ਕੁਝ ਹੋਰ ਸੀ, ਦੇਖ ਮੈਂ ਕੁਝ ਰਿਹਾ ਸੀ, ਸੋਚ ਮੈਂ ਕੁਝ ਹੋਰ ਰਿਹਾ ਸੀ, ਇੰਨੇ ਚ' ਕਿਸੇ ਵਹਾਤਸੱਪ ਗਰੁੱਪ ਤੇ ਇਕ ਬੜੀ ਸੋਹਣੀ ਵੀਡੀਓ ਆਈ - ਤੁਹਾਨੂੰ ਵੀ ਹੁਣੇ ਦਿਖਾਂਦਾ ਹਾਂ - ਉਸ ਦੇ ਨਾਲ ਲਿਖਿਆ ਸੀ ਕਿ ਜਪਾਨ ਨੇ ਸਾਰੇ ਸੰਸਾਰ ਨੂੰ ਮੋਬਾਈਲ ਫੋਨ ਦਿੱਤਾ ਪਰ ਆਪਣੇ ਬੱਚਿਆਂ ਨੂੰ ਹੱਥ ਨਹੀਂ ਲਾਉਣ ਦਿੱਤਾ, ਨਾਲ ਹੀ ਲਿਖਿਆ ਸੀ ਕਿ ਇਸ ਵੀਡੀਓ ਚ' ਦੇਖੋ ਕਿਵੇਂ ਜਪਾਨ ਚ' ਬੱਚਿਆਂ ਦੀ ਪਰਵਰਿਸ਼ ਕੀਤੀ ਜਾਂਦੀ ਏ.

ਇਹ ਵੀਡੀਓ ਵੇਖ ਕੇ ਤੇ ਮੇਰੀ ਰੂਹ ਰਾਜੀ ਹੋ ਗਈ। ਇੰਨੀ ਰਾਜ਼ੀ ਹੋ ਗਈ ਕਿ ਮੈਂ ਜੋ ਲਿਖਣ ਬਾਰੇ ਸੋਚ ਰਿਹਾ ਸੀ ਓਹ ਤੇ ਓਥੇ ਹੀ ਰਹਿ ਗਿਆ ਤੇ ਇਸ ਨੂੰ ਦੇਖ ਕੇ ਜੋ ਮੇਰੇ ਦਿਲ ਚ' ਖਿਆਲ ਆਇਆ, ਮੈਂ ਉਹ ਭੇਜਣ ਚ' ਲੱਗ ਗਿਆ. ਚਲੋ ਜੀ, ਸਕਰੀਨਸ਼ਾਟ ਤੁਹਾਡੇ ਨਾਲ ਵੀ ਸਾਂਝਾ ਕਰ ਲੈਂਦੇ ਹਾਂ - ਕਿ ਫਰਕ ਪੈਂਦੈ !!

ਸੱਚ ਗੱਲ ਇਹ ਹੈ ਕਿ ਆਪਣੇ ਇਥੇ ਕੁਝ ਉਹ ਲੋਗ ਜਿਹੜੇ ਵੀ ਆਪਣੇ ਆਪ ਨੂੰ ਖਾਂਦੇ-ਪੀਂਦੇ ਅਖਵਾਉਂਦੇ ਨੇ, ਆਪਣੇ ਬੱਚਿਆਂ ਨੂੰ ਬਿਲਕੁਲ ਪੋਪਲੂ ਪਟੋਲਾ ਜਿਹਾ ਬਣਾ ਦਿੰਦੇ ਹਾਂ - ਉਸ ਨੂੰ ਕੋਈ ਕੰਮ ਨਹੀਂ ਕਰਣ ਦੇਣਾ (ਜੇ ਕਿਤੇ ਉਹ ਮੁੰਡਾ ਹੈ ਤੇ ਉਸ ਦੇ ਕੁਝ ਜਮਾਂਦਰੂ ਹੱਕ ਨੇ - ਭੈਣਾਂ ਕੰਮ ਕਰਨਗੀਆਂ, ਉਹ ਲਾਟ ਸਾਬ ਬਣਿਆ ਰਹੇਗਾ) - ਖਾਣ ਪੀਣ, ਲਾਡ ਲਡਾਉਣ, ਉਸ ਪੱਠੇ ਦੀਆਂ ਸਾਰੀਆਂ ਜਿੱਦਾਂ ਵਿਆਉਣ ਚ' ਕੋਈ ਕਸਰ ਨਹੀਂ ਛੱਡੀ ਜਾਂਦੀ - ਮੋਮ ਦੇ ਗੁੱਡੇ ਵਾਂਗ ਰੱਖਿਆ ਜਾਂਦੈ ਉਸ ਨੂੰ - ਬਸਤਾ ਵੀ ਨੌਕਰ ਚੱਕੂ ਤੇ ਪਾਣੀ ਦੀ ਬੋਤਲ ਵੀ - ਬਹੁਤੇ ਲਾਡਲਿਆਂ ਦਾ ਲੰਚ ਵੀ ਨੌਕਰ ਹੀ ਲੈ ਜਾਂਦੈ ਸਕੂਲ - ਉਸ ਪੱਠੇ ਨੇ ਕੋਈ ਕੰਮ ਨਹੀਂ ਕਰਣਾ , ਬੱਸ ਉਹ ਬੁੱਲੇ ਲੁੱਟਣ ਆਇਆ ਹੈ!!

ਸੋਚਣ ਵਾਲੀ ਗੱਲ ਇਹੋ ਹੈ ਕਿ ਇਹ ਐਸ਼ਾਂ ਕਿੰਨੇ ਦਿਨ ਤਕ ਚਲ ਸਕਦੀਆਂ ਨੇ - ਨਿਆਣੇ ਨੂੰ ਕਦੇ ਤੇ ਵੱਡਾ ਹੋਣਾ ਹੀ ਪੈਂਦੈ, ਉਸ ਵੇਲੇ ਤਕ ਪਿਓ ਦੇ ਓਹਦੇ ਵੀ ਨਹੀਂ ਰਹਿਣੇ ਤੇ ਹੋਰ ਮੌਜਾਂ ਵੀ ਨਹੀਂ ਰਹਿਣੀਆਂ -- ਅਜਿਹੇ ਬੱਚਿਆਂ ਨੂੰ ਫੇਰ ਬੜੀ ਦਿੱਕਤ ਆਉਂਦੀ ਏ ਕਿਓਂਕਿ ਰਿਐਲਿਟੀ-ਚੈੱਕ ਕਦੇ ਹੁੰਦਾ ਹੀ ਨਹੀਂ - ਹਰ ਵੇਲੇ ਮੌਜਾਂ-ਮਸਤੀਆਂ ਤੇ ਬੁੱਲੇ, ਇਹ ਪੰਜਾਬੀ ਗੀਤਾਂ ਚ' ਹੀ ਲੱਭਦੀਆਂ ਨੇ, ਅਸਲ ਜ਼ਿੰਦਗੀ ਐੱਡੀ ਕੁ' ਸੌਖੀ ਵੀ ਨਹੀਂ , ਕੋਈ ਨਹੀਂ ਜਾਣਦਾ ਕਿਸੇ ਦਾ ਪਿਓ ਕੀ ਸੀ, ਤੇ ਦਾਦਾ ਕੀ ਸੀ  - ਆਮ ਤੌਰ ਤੇ ਸਭ ਨੂੰ ਪੱਧਰੇ  ਗ੍ਰਾਉੰਡ ਤੋਂ ਹੀ ਸ਼ੁਰੂ ਕਰਨਾ ਪੈਂਦੈ  -

ਜੇਕਰ ਵੱਡੇ ਹੋ ਕੇ ਇੰਨੀਆਂ ਐਸ਼ਾਂ ਨਹੀਂ ਰਹਿਣੀਆਂ, ਜੇ ਰਹਿ ਵੀ ਜਾਣਗੀਆਂ ਤੇ ਸਿਹਤ ਤੇ ਸ਼ਖ਼ਸ਼ੀਅਤ ਪੂਰੀ ਤਰ੍ਹਾਂ ਵਾੜ ਦੇਂਦੀਆਂ ਨੇ, ਆਪਣੇ ਆਸੇ ਪਾਸੇ ਨਜ਼ਰ ਫੇਰੋ, ਬੜੀਆਂ ਇਸ ਤਰ੍ਹਾਂ ਦੀਆਂ ਮਿਸਾਲਾਂ ਰੁਲ ਰਹੀਆਂ ਨੇ -

ਇਕ ਤੇ ਇਕ ਦੇਸ਼ ਦੇ stereotypes ਨੂੰ ਤੋੜਨਾ ਪਉ , ਜਿੰਨੇ ਵੀ ਅਸੀਂ ਬਰਾਬਰੀ ਦੇ ਪਾਖੰਡ ਕਰ ਲਈਏ, ਫੇਰ ਵੀ ਕੁੜੀਆਂ ਕੰਮ ਕਰਦਿਆਂ ਨੇ ਘਰਾਂ ਚ' ਤੇ ਮੁੰਡੇ ਛੋਟੀ ਉਮਰੇ ਮੋਟਰ ਸਾਈਕਲ ਤੇ ਗੇੜੀਆਂ ਲਾਉਂਦੇ ਨਹੀਂ ਥੱਕਦੇ - ਘਰ ਦੇ ਕਿਸੇ ਵੀ ਕੰਮ ਚ' ਕਦੇ ਹੱਥ ਨਹੀਂ ਵਟਾਉਂਦੇ - ਅਜਿਹੇ ਬੱਚੇ ਜਦੋਂ ਅੱਗੇ ਚਲ ਕੇ ਆਪਣੇ ਕੰਮ ਧੰਦੇ ਲਈ ਬਾਹਰ ਨਿਕਲਦੇ ਨੇ, ਫੇਰ ਉਹਨਾਂ ਨੂੰ ਆਟੇ -ਤੇਲ ਦਾ ਭਾਅ ਪਤਾ ਲੱਗਦੈ - ਕੁਛ ਵੀ ਤੇ ਕਰਨਾ ਆਉਂਦਾ ਨਹੀਂ, ਡੱਕਾ ਤੋੜ ਕੇ ਦੋਹਰਾ ਕੀਤਾ ਨਹੀਂ ਕਦੇ, ਨਾ ਓਥੇ ਮਾਂ ਤੇ ਨਾ ਹੀ ਭੈਣ ਹੁੰਦੀ ਏ, ਬੱਸ ਸਭ ਹੁੰਦਿਆਂ ਸੁੰਦਿਆਂ ਵੀ ਇਹ ਠੀਕ ਤਰ੍ਹਾਂ ਬੰਦਿਆਂ ਵਾਂਗ ਰਹਿ ਨਹੀਂ ਪਾਉਂਦੇ -

ਗੱਲ ਨੂੰ ਕੀ ਹੋਰ ਵਧਾਈਏ, ਖ਼ਤਮ ਕਰੀਏ ਇਸ ਨੂੰ ਇਹ ਕਹਿ ਕੇ ਕਿ ਬੱਚਿਆਂ ਨੂੰ - ਮੁੰਡਾ ਹੋਵੇ ਭਾਵੇਂ ਕੁੜੀ - ਆਪਣੇ ਕੰਮ ਆਪ ਕਰਣ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ - ਆਪਣੇ ਕੱਪੜੇ ਆਪ ਧੋਣ ਚ, ਆਪਣਾ ਰੋਟੀ ਟੁਕੜ ਖੁਦ ਬਣਾਉਣ ਚ, ਕਮਰਾ ਸਾਫ ਕਰਣ ਨਾਲ  ....ਮੈਂ ਤੇ ਕਦੇ ਕੋਈ ਛੋਟਾ ਹੁੰਦਾ ਨਹੀਂ ਵੇਖਿਆ -  ਸਗੋਂ ਅਜਿਹੇ ਬੱਚੇ ਜ਼ਮਾਨੇ ਦੀ ਅੱਖ ਚ' ਅੱਖ ਪਾ ਕੇ ਪੂਰੀ ਦਲੇਰੀ ਨਾਲ ਰਹਿੰਦੇ- ਬਹਿੰਦੇ ਦੇਖੇ ਨੇ - ਕੋਈ ਜ਼ਰੂਰੀ ਨਹੀਂ ਚੰਗੀ ਤਰ੍ਹਾਂ ਰਹਿਣ ਨਾਲ ਬੋਜੇ ਨੋਟਾਂ ਨਾਲ ਠੂਸੇ ਹੋਣੇ ਜ਼ਰੂਰੀ ਨੇ, 40-50  ਰੁਪਈਏ ਚ' ਘਰ ਚ' ਰੋਟੀ ਬਣਾ ਲੈਣ ਵਾਲੇ ਰੱਜੇ ਪੁੱਜੇ ਦਿਖਦੇ ਨੇ ਤੇ ਸੈਂਕੜੇ ਰੁਪਈਏ ਖਾਣ ਪੀਣ ਵਾਲੀ apps ਉੱਤੇ ਸਵਾਹ ਕਰਣ ਦੇ ਬਾਅਦ ਵੀ ਭੁੱਖੇ ਹੀ ਵੇਖੇ, ਕਮਜ਼ੋਰ ਤੇ ਕੁਪੋਸ਼ਿਤ ਹੀ ਦਿਖੇ -

ਰਬ ਮਿਹਰ ਕਰੇ ਜੀ ਸਭਨਾਂ ਤੇ, ਇਹ ਪੋਸਟ ਖਾਸ ਤੌਰ ਤੇ ਉਹਨਾਂ ਪੋਲੂ-ਪਟੋਲੂ ਮੁੰਡਿਆਂ ਲਈ ਹੈ ਜਿਹੜੇ ਬਸ ਘਰ ਬਹਿ ਕੇ ਹੁਕਮ ਚਲਾਉਂਦੇ ਨੇ - ਪੁੱਤ , ਘਰੋਂ ਬਾਹਰ ਨਿਕਲ ਕੇ ਦੇਖੋ - ਜਿਥੇ ਮਾਂ, ਭੈਣ, ਭਰਜਾਈ ਨਹੀਂ ਹੋਣੀ - ਅਤੇ ਦਾਲ ਦਾ ਭਾਅ ਉਸ ਵੇਲੇ ਪਤਾ ਲੱਗਦੈ - ਘਰ ਦੇ ਹਰ ਕੰਮ ਚ' ਹੱਥ ਵੰਡਾਓ, ਇਹੋ ਅੱਜ ਦੀ ਇਸ ਪੋਸਟ ਦਾ ਸਬਕ ਹੈ - ਜਿਹੜੇ ਕੰਮ ਨੂੰ ਸਾਨੂੰ ਸਾਡੀ ਮਾਂ ਨੇ ਕਦੇ ਹੱਥ ਨਹੀਂ ਲਾਉਣ ਦਿੱਤਾ, ਅੱਜ ਵੀ ਆਪਣੇ ਵਿਚ ਉਹ ਕਮੀਆਂ ਬੜੀਆਂ ਅੱਖਰਦੀ ਨੇ ---ਘੱਟੋ ਘੱਟ ਆਪਣਾ ਕੰਮ ਖੁਦ ਕਰਣ ਚ' ਸਾਡਾ ਕਿ ਘੱਟ ਜਾਂਦੈ, ਬਾਬੇਓ !! ਉਠੋ, ਬੀਬੇ ਬਣੋ, ਸਵੇਰੇ ਜਲਦੀ ਉੱਠਿਆ ਕਰੋ, ਸ਼ੁਰੂਆਤ ਤੇ ਇਥੋਂ ਹੀ ਕਰੋ 😂😂

ਹਾਸਾ ਮੈਨੂੰ ਇਕ ਕਰ ਕੇ ਆ ਰਿਹੈ  ਕਿ ਇਸ ਪੋਸਟ ਨੂੰ ਪੜਣ ਵਾਲੇ ਜਵਾਨ ਮੈਨੂੰ ਦਿਲ ਚ' ਕਹਿ ਰਹੇ ਨੇ, ਚੱਲ ਅੱਗੇ ਵਾਂਗ, ਗਾਣਾ ਸੁਣਾ ਕੋਈ ਚੰਗਾ ਜੇਹਾ, ਅਸੀਂ ਕਦੇ ਪਿਓ ਨੂੰ ਨਹੀਂ ਸੁਣੀ --- ਤੇਰੀ ਹੀ ਸੁਣਨੀ ਏ !!

ਠੀਕ ਹੈ, ਠੀਕ ਹੈ, ਨਾ ਸੁਣੋ - ਪਰ ਇਹ ਆਪਣੀ ਪਸੰਦ ਦਾ ਗੀਤ ਤੇ ਸੁਣੋ - ਤਾਰੇ ਗਿਣ ਗਿਣ ਯਾਦ ਚ ਤੇਰੀ ਮੈਂ ਤੇ ਜਾਗਾਂ ਰਾਤਾਂ ਨੂੰ - ਸੁਖਬੀਰ, the great !! He is indeed a great entertainer!

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...