Tuesday 23 July 2019

ਆਕੜਾਂ ਆਪੋ ਆਪਣੀਆਂ !

ਆਕੜ ਵੀ ਤਰ੍ਹਾਂ ਤਰ੍ਹਾਂ ਦੀ ਹੁੰਦੀ ਏ, ਮੈਂ ਜੋ ਸੋਚਦਾ ਹਾਂ - ਇਕ ਨੈਕ-ਟਾਈ ਵਾਲੀ, ਇਕ ਕਲਫ ਵਾਲੀ ਤੇ ਇਕ ਅੰਗੇਜ਼ੀ ਵਾਲੀ -ਇਕ ਇਕ ਕਰ ਕੇ ਵਿਚਾਰ ਕਰਦੇ ਹਾਂ.

ਨੈਕ-ਟਾਈ ਫ਼ਿਰੰਗੀ ਲਾਉਂਦੇ ਸੀ ਕਿਓਂਕਿ ਸਾਨੂੰ ਦਸਿਆ ਗਿਆ ਕਿ ਉਹ ਠੰਡੇ ਮੁਲਕਾਂ ਚ' ਰਹਿੰਦੇ ਸਨ, ਤੇ ਉਹਨਾਂ ਲਈ ਉਹ ਜ਼ਰੂਰੀ ਸੀ - ਮੰਨ ਲਈ ਜੀ ਗੱਲ - ਫੇਰ ਵੀ ਅਸੀਂ ਟਾਈਂ ਸੋਹਣੇ, ਸਮਾਰਟ, ਪੜੇ-ਲਿਖੇ ਲੱਗਣ ਲਈ ਵੀ ਲਾਉਂਦੇ ਹਾਂ !

ਮੈਨੂੰ ਟਾਈ ਦੇ ਨਾਂ ਤੋਂ ਹੀ ਅਲਰਜੀ ਹੈ - ਕਈਆਂ ਵਿਆਹਾਂ ਤੇ ਦੇਖ ਚੁਕਿਆ ਹਾਂ ਕਿ ਜੇ ਟਾਈ ਨਹੀਂ ਵੀ ਲਾਉਣੀ ਆਉਂਦੀ ਤਾਂ ਵੀ ਕਿਸੇ ਦੂਜੇ ਕੋਲੋਂ ਬਣਵਾ ਕੇ ਲੋਕ ਟੰਗਦੇ ਦਿਖੇ - ਮੈਂ ਵੀ 20-21 ਸਾਲ ਦੀ ਉਮਰ ਚ' ਆਪਣੇ ਮਾਮੇ ਕੋਲੋਂ ਸਿੱਖੀ ਗੰਢ ਲਾਉਣੀ, ਕਿਓਂਕਿ ਇੰਟਰਵਿਊ ਦੇ ਦਿਨ ਨੇੜੇ ਆ ਰਹੇ ਸੀ, ਇਕ ਹੋਰ ਬੇਵਕੂਫੀ ਕੀਤੀ ਵਿਆਹ ਵੇਲੇ ਵੀ ਟਾਈ ਗੱਡ ਕੇ ਬਹਿ ਗਿਆ - ਅੱਜ ਤਕ ਪਛਤਾਵਾ - ਗਲੇ ਦੁਆਲੇ ਉਹ ਟਾਈ ਲਪੇਟਣ ਦਾ!

ਜਦੋਂ ਮੈਂ ਆਪਣੇ ਮੁੰਡਿਆਂ ਨੂੰ ਇਹ ਟਾਈ ਵਾਲੀ ਵਿਆਹ ਦੀ ਫੋਟੋ ਦਿਖਾਉਂਦਾ ਹਾਂ ਤੇ ਨਾਲੇ ਇਹ ਵੀ ਦੱਸਦਾ ਹਾਂ ਕਿ ਦੇਖੋ, ਯਾਰ, ਤੁਹਾਡਾ ਬਾਪੂ ਵੀ ਕਿੱਡਾ ਫੇਕ ਹੈ - ਇਹ ਟਾਈ ਗੱਡਣ ਤੋਂ ਅੱਧਾ ਘੰਟਾ ਪਹਿਲਾਂ ਉਸ ਵਿਆਹ ਵਾਲੇ ਦਿਨ ਬਾਕੀ ਰਿਸ਼ਤੇਦਾਰਾਂ ਨਾਲ ਲੱਗ ਕੇ ਵੇਹੜੇ ਚੋਂ ਮੀਂਹ-ਝੱਖੜ ਦਾ ਜਮਾ ਪਾਣੀ ਬਾਲਟੀਆਂ ਨਾਲ ਕੱਢ ਰਿਹਾ ਸੀ - ਬੜਾ ਹੱਸਦੇ ਨੇ ਇਹ ਸਬ ਸੁਣ ਕੇ !!

ਖਿਆਲ ਆਪਣਾ ਆਪਣਾ - ਮੇਰਾ ਇਹ ਖਿਆਲ ਹੈ ਜਿਹੜੀਆਂ ਵੀ ਚੀਜ਼ਾਂ ਅਸੀਂ ਅਲੱਗ ਦਿਖਣ ਵਾਸਤੇ ਕਰਦੇ ਹਾਂ ਇਹ ਓਹੀ ਚੀਜ਼ਾਂ ਹਨ ਜਿਹੜੀਆਂ ਸਾਨੂੰ ਆਪਣੇ ਆਸੇ ਪਾਸੇ ਲੋਕਾਂ ਤੋਂ, ਜਿੰਨਾ ਨਾਲ ਅਸੀਂ ਰਹਿਣਾ-ਬਹਿਣਾ ਹੈ, ਉਹਨਾਂ ਤੋਂ ਦੂਰ ਕਰਦਿਆਂ ਨੇ. ਮੈਂ ਵੀ ਜਿੰਨੀਆਂ ਇੰਟਰਵਿਊਆਂ ਦਿੱਤੀਆਂ, ਓਥੇ ਪਾ ਕੇ ਜਾਂਦਾ ਸੀ, ਸੋਚ ਰਿਹਾਂ ਹੁਣ ਲਿਖਦਿਆਂ ਲਿਖਦਿਆਂ ਸ਼ਾਇਦ ਉਹ ਨਾਟਕ ਵੀ ਜ਼ਰੂਰੀ ਹੁੰਦੈ, 5-10 ਮਿੰਟ ਲਈ, ਪਰ ਮੈਂ ਮੇਰਾ ਨੰਬਰ ਆਉਣ ਤੋਂ 5 ਮਿੰਟ ਪਹਿਲਾਂ ਬਾਥਰੂਮ ਚ ਜਾ ਕੇ ਟਾਈ ਲਪੇਟ ਲੈਂਦਾ ਤੇ ਇੰਟਰਵਿਊ ਤੋਂ ਬਾਅਦ ਸਿੱਧਾ ਬਾਥਰੂਮ ਚ' ਜਾ ਕੇ ਉਸ ਨੂੰ ਲਪੇਟ ਕੇ ਮੁੜ ਬੋਜੇ ਦੇ ਹਵਾਲੇ ਕਰ ਦਿੰਦਾ -

ਵਿਆਹਾਂ ਸ਼ਾਦੀਆਂ ਚ' ਵੀ ਆਮ ਤੌਰ ਤੇ ਦੇਖਦੇ ਹਾਂ ਕਿ ਦੋ-ਚਾਰ ਟਾਈਆਂ ਗੱਡੇ ਰਿਸ਼ਤੇਦਾਰ ਜਿਹੜੇ ਬਹੁਤੇ ਮਛਰਦੇ ਹੁੰਦੇ ਨੇ ਉਹਨਾਂ ਨੂੰ ਅਕਸਰ ਜਦੋਂ ਟੁੱਲ ਹੋ ਕੇ ਐਵੇਂ ਪੰਡਾਲ ਚ' ਰੁਲਦੇ ਦੇਖਦੇ ਹਾਂ ਤਾਂ ਵੀ ਇਸ ਟਾਈ ਤੋਂ ਦਿਲ ਚੁਕਿਆ ਜਾਂਦਾ ਹੈ - ਫਾਇਦਾ ਕਿ ਐਵੇਂ ਹੀ ਦੂਜੇ ਤੇ ਰੌਬ ਮਾਰਣ ਦਾ, ਜੇਕਰ ਅਜੇਹੀ ਸ਼ਖ਼ਸੀਅਤ ਹੈ ਹੀ ਨਹੀਂ ਆਪਣੀ!! ਤੇੜ ਤੰਬਾ ਪਾਇਆ ਹੋਵੇ ਜਾਂ ਥ੍ਰੀ-ਪੀਸ ਸੂਟ, ਕਿਸੇ ਨੂੰ ਕੁਝ ਫਰਕ ਨਹੀਂ ਪੈਂਦਾ - ਜਿਨਾਂ ਚਿਰ ਅਸੀਂ ਆਪਣੇ ਕੰਮ ਨਾਲ ਕੰਮ ਰੱਖਦੇ ਹਾਂ ਤੇ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਦਿਖਾ ਕੇ ਫਿਜ਼ੂਲ ਦੀ ਬੇਵਕੂਫੀ ਨਹੀਂ ਕਰਦੇ!

ਕਿਸੇ ਜ਼ਮਾਨੇ ਚ' ਮੈਂ ਟਾਈਆਂ ਦੀ ਇਕ ਕੈਲੇਕਸ਼ਨ ਇਕੱਠੀ ਕਰ ਲਈ, ਪਰ 20 ਸਾਲ ਹੋਏ ਮੈਨੂੰ ਟਾਈ ਗੱਡਿਆਂ - ਹੋਇਆ ਇੰਝ ਕਿ ਮੈਂ ਜਦੋਂ ਵੀ ਟਾਈ ਪਾਉਂਦਾ ਮੈਨੂੰ ਇੰਝ ਲੱਗਦਾ ਜਿਵੇਂ ਕਿਸੇ ਨੇ ਮੇਰਾ ਸੰਘਾ ਦਬਿਆ ਹੋਵੇ - ਉਹ ਗੰਢ ਢਿੱਲੀ ਕਰ ਕੇ ਵੇਖੀ, ਪਰ ਗੱਲ ਬਣਦੀ ਦਿਖੀ ਨਹੀਂ - ਫੇਰ ਉਸ ਨੂੰ ਛੱਡ ਹੀ ਦਿੱਤਾ - ਜਿਸ ਦਿਨ ਵੀ ਮੈਂ ਟਾਈ ਲਾਈ  ਹੁੰਦੀ ਮੈਨੂੰ ਇੰਝ ਜਾਪਦਾ ਜਿਵੇਂ ਮੈਂ ਬਿਨਾਂ ਟਾਈ ਗੱਡੇ ਹੋਏ ਆਪਣੇ ਸਾਮਣੇ ਖੜੇ ਜਾਂ ਬੈਠੇ ਬੰਦੇ ਤੋਂ ਅਲੱਗ ਹਾਂ -ਮੈਨੂੰ ਲੱਗਦਾ ਕਿ ਉਹ ਵੀ ਇੰਝ ਹੀ ਸੋਚ ਰਿਹੈ ਕਿ ਇਹ ਟਾਈ ਲਾਇਆ ਬੈਠਾ ਹੈ, ਖਾਸ ਲੱਗਦੈ - ਇਸ ਕਰ ਕੇ ਗੱਲ ਬਾਤ ਪਹਿਲੇ ਜਿਹੀ ਨਾ ਰਹਿੰਦੀ, ਨਾ ਉਹ ਪੂਰੀ ਗੱਲ ਕਰਦਾ ਤੇ ਮੈਂ ਵੀ ਕਿਤੇ ਨਾ ਕਿਤੇ ਹਾਸੇ ਖੇਡੇ ਦੀ ਗੱਲ ਕਰਣ ਦੇ ਖਿਆਲ ਤੋਂ ਹੀ ਤ੍ਰਬਕ ਜਿਹਾ ਜਾਂਦਾ - ਅਤੇ ਨਾ ਹੀ ਮੇਰੀ ਗੱਲ ਚ' ਉਹ ਪਹਿਲੇ ਵਰਗਾ ਨੀਵਾਂਪਨ ਰਿਹਾ - ਇਹ ਓਹੀ ਦਿਨ ਸਨ ਜਦੋਂ ਮੈਂ ਕੰਮੁਨੀਕੈਸ਼ਨ ਪੜਣ ਚ' ਰੁਝਿਆ ਹੋਇਆ ਸੀ, ਇਹ ਵੀ ਸਮਝ ਆਉਣ ਲੱਗ ਪਈ ਸੀ ਕਿ ਕਿਹੜੀਆਂ ਗੱਲਾਂ ਸਾਡੀ ਆਪਸੀ ਗੱਲ-ਬਾਤ ਚ' ਰੋੜੇ ਹੁੰਦਿਆਂ ਨੇ !

ਬੱਸ ਗੱਲ ਮੁਕਦੀ ਇਹ ਕਿ ਛੱਡ ਦਿੱਤਾ ਇਸ ਟਾਈ ਨੂੰ, ਅੱਛਾ ਲਿਖਦੇ ਲਿਖਦੇ ਚੇਤਾ ਇਕ ਹੋਰ ਵੀ ਆ ਰਿਹਾ, ਕਿ ਕਿਸੇ ਨੇ ਟਾਈ ਬਿਲਾਵਜ੍ਹਾ ਰੌਬ ਝਾੜਣ ਲਈ ਟਾਈ ਲਾਈ ਹੈ ਜਾਂ ਕਿਸੇ ਨੇ ਠੰਡ ਤੋਂ ਗਲਾ ਬਚਾਉਣ ਲਈ ਟੰਗੀ ਹੈ, ਇਹ ਵੀ ਲੋਕੀਂ ਝੱਟ ਪਤਾ ਲਾ ਹੀ ਲੈਂਦੇ ਨੇ - ਆਪਣੇ ਸਕੂਲ ਦੇ ਮਾਸਟਰ ਯਾਦ ਨੇ ਜਿਹੜੇ ਇਕ ਟਾਈ ਤੇ ਇਕ ਪਤਲੀ ਜਿਹੀ ਸਵੈਟਰ ਤੇ ਇਕ ਗਰਮ ਸੂਟ ਦੇ ਸਹਾਰੇ ਅੰਮ੍ਰਿਤਸਰ ਦੇ ਪਾਲੇ ਨਾਲ ਸਾਰਾ ਸੀਜ਼ਨ ਟੱਕਰ ਲੈ ਲੈਂਦੇ ਦਿਸਦੇ, ਪਰ ਸ਼ਾਮਾਂ ਨੂੰ ਘਰੇ ਟਿਊਸ਼ਨ ਪੜਨ ਲਈ ਕਦੇ ਦਬਕਾ ਨਹੀਂ ਮਾਰਿਆ - ਸਦਕੇ ਜਾਈਏ ਅਜਿਹੀਆਂ ਟਾਈਆਂ ਤੇ ਅਜਿਹੀਆਂ ਰੂਹਾਂ ਤੋਂ - ਓਹਨਾ ਨੇਕ ਰੂਹਾਂ ਦੀ ਯਾਦ ਚ' ਓਹਨਾ ਦੇ ਚਰਨਾਂ ਚ' ਅਸੀਂ ਅੱਜ ਵੀ ਮੱਥੇ ਟੇਕਦੇ ਹਾਂ.

ਮੇਰਾ ਵੀ ਰਬ ਹੀ ਰਾਖਾ ਹੈ - ਕੀ ਲਿਖਣਾ ਹੁੰਦੈ, ਕਿਥੋਂ ਦਾ ਕਿਥੇ ਵੱਗ ਜਾਂਦਾ ਹਾਂ - ਦਰਅਸਲ ਇਹੋ ਆਕੜਾਂ ਸ਼ਾਕੜਾਂ ਵਾਲੀ ਗੱਲ ਮੈਨੂੰ ਕਲ ਦੀ ਬੜੀ ਪਰੇਸ਼ਾਨ ਕਰ ਰਹੀ ਸੀ, ਸੋਚਿਆ ਇਸ ਨੂੰ ਲਿਖ ਕੇ ਲਾਂਬੇ ਕਰਾਂ -

ਜਨਾਬ, ਹੋਇਆ ਇਹ ਕਿ ਕਲ ਸਾਂ -ਮੈਂ ਦਿੱਲੀ ਵਿਚ - ਮਾਇਆ (ਕਲਫ ) ਦੀ ਇਕ ਦਮ ਕੜਕ ਪਰਤ ਪਿੱਛੇ ਛੁੱਪੇ ਵੱਡੇ ਛੋਟੇ ਬੜੇ ਕੜਛੇ ਦੇਖੇ, ਛੋਟੇ ਮੋਟੇ ਚਮਚਿਆਂ ਨਾਲ ਹਰ ਪਾਸਿਓਂ ਤੇ ਹਰ ਵੇਲੇ ਘਿਰੇ ਹੋਏ -

ਕਲਫ ਲੱਗੀਆਂ ਕਮੀਜ਼ਾਂ ਮੈਂ ਵੀ ਪਾਈਆਂ ਬੜੇ ਥੋੜੇ ਸਮੇਂ ਲਈ, ਫੇਰ ਸਮਝ ਆ ਗਈ - ਛੱਡੋ ਇਸ ਟੰਟੇ ਨੂੰ, ਲਗਾਉਣ ਵਾਲਾ ਵੀ ਦੁਖੀ ਤੇ ਪ੍ਰੈਸ ਕਰਣ ਵਾਲਾ ਵੀ, ਤੇ ਮੇਰੇ ਸ਼ਖ਼ਸੀਅਤ ਵੀ ਅਜੇਹੀ ਨਹੀਂ ਸੀ ਕਿ - ਇਸ ਕਲਫ ਵਾਲੇ ਕੱਪੜਿਆਂ ਨੂੰ ਪਾ ਕੇ ਮੈਂ ਓਹਨਾ ਨੂੰ ਕਿਸੇ ਤਰ੍ਹਾਂ ਭੁਨਾ ਸਕਾਂ ਜਾਂ ਇਸ ਬਾਰੇ ਸੋਚ ਸਕਾਂ !


ਮੈਂ ਕਲ ਦਾ ਇਹੋ ਸੋਚ ਰਿਹਾਂ ਕਿ ਅਸੀਂ ਕਿੰਨਾ ਸੁਖਾਲਾ ਇਹ ਕਹਿ ਦਿੰਦੇ ਹਾਂ ਕਿ ਫਲਾਣਾ ਤੇ ਬੜਾ ਆਕੜਿਆ ਹੈ, ਬੰਦੇ ਨੂੰ ਬੰਦਾ ਨਹੀਂ ਸਮਝਦਾ, ਹਵਾ ਚ' ਤਲਵਾਰਾਂ ਮਾਰਦੈ - ਪਰ ਧਿਆਨ ਨਾਲ ਦੇਖੀਏ ਤੇ ਉਸ ਦੀ ਵੀ ਡਾਢੀ ਮਜ਼ਬੂਰੀ ਹੋ ਸਕਦੀ ਹੈ - ਕੁਛ ਲੋਕੀਂ ਇਸ ਤਰ੍ਹਾਂ ਦੇ ਆਕੜ ਵਾਲੇ ਕੱਪੜੇ ਪਾ ਕੇ ਹੀ ਇਸ ਲਈ ਨਿਕਲਦੇ ਨੇ ਕਿ ਮਾਤੜ ਸਾਥੀ ਥੋੜਾ ਪਰੇ ਪਰੇ ਹੀ ਰਹਿਣ , ਜ਼ਿਆਦਾ ਨੇੜੇ ਨੇੜੇ ਨਾ ਆਉਣ - ਕਿ ਇਹ ਸੋਚਣ ਵਾਲੀ ਗੱਲ ਨਹੀਂ ਹੈ ਕਿ ਅਜਿਹੇ ਆਕੜੇ ਕੱਪੜੇ ਪਾ ਕੇ ਆਦਮੀ ਕਿਵੇਂ ਨਰਮੀ ਰੱਖ ਸਕਦੈ - ਘਟੋ ਘਟ ਤੇੜ ਪਾਏ ਕੜਕ ਕੱਪੜਿਆਂ ਜਿੰਨੀ ਸਖਤੀ ਸਾਡੇ ਬੋਲਾਂ ਚੋਂ ਨਾ ਕਿਰੇ ਤੇ ਫੇਰ ਉਹ 40-50 ਰੁਪਈਏ ਖਰਚਣ ਦਾ ਫਾਇਦਾ ਕਿ ਹੋਇਆ!

ਇਕ ਹੋਰ ਆਕੜ ਵਾਲੀ ਗੱਲ ਜਿਹੜੀ ਮੈਨੂੰ ਬੜੀ ਚੁਭਦੀ ਹੈ ਉਹ ਇਹ ਹੈ ਕਿ ਜਦੋਂ ਕਿਤੇ "ਜ਼ਰੂਰਤ ਤੋਂ ਜ਼ਿਆਦਾ" ਪੜੇ-ਲਿਖੇ ਦੋ ਬੰਦੇ ਮਿਲਦੇ ਨੇ  - ਜਿਹੜੇ  ਹਿੰਦੀ-ਪੰਜਾਬੀ ਚੰਗੀ ਜਾਣਦੇ ਵੀ ਹਨ, ਪਰ ਐਵੇਂ ਹੀ ਅਚਾਨਕ ਔਖੀ ਔਖੀ ਅੰਗਰੇਜ਼ੀ ਵਿਚ ਸਲੈਂਗ ਮਾਰ ਮਾਰ ਕੇ ਇੰਟਰਨੈਸ਼ਨਲ ਮਸਲਿਆਂ ਦੀਆਂ ਗੱਲਾਂ - ਟਰੰਪ, ਯੂ.ਐਨ. ਓ, ਵਰਲਡ ਬੈਂਕ ਦੀਆਂ ਗੱਲਾਂ, ਚੀਨ ਦੀ ਫੋਰਨ ਪਾਲਿਸੀ - ਅੰਗਰੇਜ਼ੀ ਬਹਿਸ ਸ਼ੁਰੂ ਕਰ ਦਿੰਦੇ ਨੇ - ਮੈਂ ਤੇ ਓਸੇ ਵੇਲੇ ਓਥੋਂ ਨੋ-ਦੋ ਗਿਆਰਾਂ ਹੋਣ ਚ' ਹੀ ਆਪਣੀ ਬੇਹਤਰੀ ਸਮਝਦਾ ਹਾਂ, ਕਿਓਂਕਿ ਓਥੇ ਗੱਲ ਬਾਤ ਨਹੀਂ ਇਕ ਦੂਜੇ ਨੂੰ ਇਮਪ੍ਰੈੱਸ ਕਰਣ ਦਾ ਖੇਡ ਸ਼ੁਰੂ ਹੋ ਚੁਕਿਆ ਹੁੰਦਾ ਹੈ - ਮੇਰੇ ਓਥੋਂ ਨੱਸਣ ਦਾ ਇਕ ਕਾਰਣ ਇਹ ਵੀ ਹੁੰਦੈ ਕਿ ਮੈਂ ਸਮਝਦਾ ਹਾਂ ਕਿ ਇਹ ਵੀ ਮੇਰੇ ਵਿਆਹ ਦੀ ਟਾਈ ਵਰਗੇ ਫੇਕ ਤੇ ਹਨ ਹੀ - ਨਾਲ ਨਾਲ ਫੈਂਕੂ ਵੀ !

ਬਸ ਜੀ, ਕਰੀਏ ਬੰਦ ਹੁਣ ਇਸ ਪੋਸਟ ਨੂੰ, ਇਸ ਸੁਨੇਹੇ ਨਾਲ ਕਿ ਆਕੜਾਂ, ਲਲਕਾਰਾਂ, ਬੜਕਾਂ ਦਾ ਕੋਈ ਫਾਇਦਾ ਨਹੀਂ, ਕੋਰੀ ਬੇਵਕੂਫੀ ਹੈ ਜਦੋਂ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਕ ਕਦਮ ਤੋਂ ਦੂਜਾ ਕਦਮ ਵੀ ਅਸੀਂ ਹੁਕਮ ਤੋਂ ਬਿਨਾਂ ਨਹੀਂ ਪੱਟ ਸਕਦੇ, ਇਹ ਤੇ ਫੇਰ ਕਦਮ ਦੀ ਗੱਲ ਹੈ, ਬਾਹਰ ਗਿਆ ਸਾਹ ਵਾਪਸ ਆ ਕੇ ਰਲਣਾ ਹੈ ਕਿ ਨਹੀਂ, ਇਸ ਦਾ ਹੀ ਨਹੀਂ ਪਤਾ!

ਆਕੜਾਂ ਤੋਂ ਯਾਦ ਆਇਆ , ਬੜੇ ਲੋਕ ਮੈਨੂੰ ਟੋਕਦੇ ਹਨ ਕਿ ਤੂੰ ਝੁਕ ਕੇ ਨਾ ਚਲਿਆ ਕਰ, ਬਿਲਕੁਲ ਤਨ ਕੇ ਚਲਿਆ ਕਰ, ਨਹੀਂ ਤੇ ਤੇਰੀ ਸ੍ਪਾਇਨਲ ਕਾਰਡ ਵੜ ਜਾਉ ਗ਼ਲਤ ਪੋਸਚਰ ਕਾਰਣ, ਕਿਸੇ ਕਿਸੇ ਦੀ ਚੁੱਕ ਚ' ਆ ਕੇ ਮੈਂ ਕਦੇ "ਆਕੜ" ਕੇ ਚਲਣ ਦੀ ਕੋਸ਼ਿਸ਼ ਵੀ ਕਰਦਾਂ ਤਾਂ ਆਪਣਾ ਸਿਰ ਹੀ ਦੁਖਾ ਲੈਂਦਾ ਹਾਂ - ਕਈ ਵਾਰੀ ਲੱਗਦੈ ਕਿ ਬਚਪਨ ਚ' ਸਾਡੇ ਮਾਪਿਆਂ ਨੇ ਉਹ ਫਲਾਂ ਵਾਲੇ ਦਰੱਖਤਾਂ ਦੇ ਝੁਕੇ ਹੋਣ ਵਾਲੀ ਗੱਲਾਂ ਇੰਨੀ ਵਾਰੀ ਸੁਣਾ ਦਿੱਤੀਆਂ ਕਿ ਮੇਰੇ ਵਰਗਾ ਅਨਾੜੀ  ਉਸ ਗੱਲ ਦੇ  ਸ਼ਾਬਦਿਕ ਅਰਥ ਚ' ਹੀ ਕਿਤੇ ਉਲਝ ਕੇ ਰਹਿ ਗਿਆ, ਆਪਣੀ ਅਸਲ ਜ਼ਿੰਦਗੀ ਚ' ਤੇ ਉਹ ਖੁਸ਼ਬੂ ਗਾਇਬ ਦਿਸਦੀ ਏ - ਕੋਈ ਨਹੀਂ, ਆਪਣੇ ਆਪਣੇ ਜ਼ਿੰਦਗੀ ਦੇ ਤਜ਼ੁਰਬੇ ਨੇ , ਆਪੋ ਆਪਣੀ ਕਹਾਣੀ ਹੈ, ਆਪੋ ਆਪਣੇ ਘੜੇ ਦੀ  ਘੜਤ ਹੈ - ਬੱਸ ਇੰਨਾ ਕੁ ਕਰੀਏ, ਬੰਦੇ ਨੂੰ ਬੰਦਾ ਸਮਝੀਏ (ਹੋਰ ਕੁਛ ਜੇ ਨਾ ਵੀ ਹੋ ਸਕੇ)  ਨੀਵਾਂ ਹੋ ਹੈ ਰਹੀਏ - ਬਾਬਾ ਨਾਨਕ ਜੀ ਵੀ ਸਮਝਾਉਂਦੇ ਹਨ - 
ਨਾਨਕ ਨੀਵਾਂ ਲੋ ਚਲੇ 
ਲਾਗੇ ਨਾ ਤਾਤੀ ਵਾਓ !
(ਦਸਵੀਂ ਜਮਾਤ ਚ' ਮੈਨੂੰ ਇਸ ਉੱਤੇ ਇਕ ਪੈਰਾ ਲਿਖਣਾ ਸੀ, ਬੋਰਡ ਦੇ ਪੇਪਰਾਂ ਚ'- ਬੜਾ ਚੰਗਾ ਹੋਇਆ ਸੀ ਉਹ ਪੇਪਰ!) 

2 comments:

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...