Saturday 20 July 2019

ਪੋਸਟ ਕਾਰਡਾਂ ਦੀਆਂ ਗੱਲਾਂ ਜਿਹੜੀਆਂ ਰਹਿ ਗਈਆਂ

ਪਰਸੋਂ ਇਸ ਨਾਚੀਜ਼ ਨੂੰ ਪੋਸਟ ਕਾਰਡਾਂ ਬਾਰੇ ਕੁਛ ਗੱਲਾਂ ਚੇਤੇ ਆਈਆਂ ਜਿੰਨ੍ਹਾਂ ਨੂੰ ਇਕ ਪੋਸਟ ਵਿਚ ਲਿਖ ਕੇ ਮੈਂ ਹਲਕਾ ਹੋ ਗਿਆ - ਯਾਦਾਂ ਪੋਸਟਕਾਰਡਾਂ ਦੀਆਂ !! (ਉਸ ਪੋਸਟ ਦਾ ਲਿੰਕ)

ਲਿਖਣ ਤੋਂ ਬਾਅਦ ਕੁਝ ਥੋੜੀਆਂ ਜਿਹੀਆਂ ਗੱਲਾਂ ਹੋਰ ਚੇਤੇ ਆ ਗਈਆਂ ਜਿਹੜੀਆਂ ਮੈਂ ਲਿਖਣੀਆਂ ਚਾਹੁੰਦਾ ਸੀ, ਫੇਰ ਲੱਗਾ ਚਲੋ ਛੱਡੋ, ਬਾਅਦ ਚ' ਕਦੇ ਲਿਖ ਲਵਾਂਗੇ।

ਸ਼ਾਇਦ ਮੈਂ ਇਹ ਪੋਸਟ ਨਾ ਲਿਖਦਾ ਜੇਕਰ ਮੇਰੇ ਇਕ ਖਾਸ ਮਿੱਤਰ ਨੇ ਉਹ ਪੋਸਟ ਪੜ੍ਹ ਕੇ ਮੈਥੋਂ ਇਹ ਨਾ ਪੁੱਛਿਆ ਹੁੰਦਾ ਕਿ ਤੁਸੀਂ ਲਿਖਿਆ ਕਿ ਹੁਣ ਤੁਸੀਂ ਕਿਸੇ ਨੂੰ ਪੋਸਟਕਾਰਡ ਭੇਜਣ ਬਾਰੇ ਸੋਚਦੇ ਵੀ ਨਹੀਂ ! ਮੈਂ ਕਿਹਾ - ਜੀ, ਬਿਲਕੁਲ ਇੰਝ ਹੀ ਹੈ।  ਮੈਂ ਜਦੋਂ ਉਸ ਨੂੰ ਇਹ ਜਵਾਬ ਦੇ ਰਿਹਾ ਸੀ ਤਾਂ ਮੈਨੂੰ ਇਹ ਖਿਆਲ ਆਇਆ ਕਿ ਪੋਸਟਕਾਰਡ ਬਾਰੇ ਤੇ ਮੈਂ ਕਹਿ ਦਿੱਤਾ ਕਿ ਹੁਣ ਮੈਂ ਕਿਸੇ ਨੂੰ ਵੀ ਪੋਸਟਕਾਰਡ ਭੇਜਣ ਦੀ ਹਿੰਮਤ ਨਾ ਕਰਾਂ - ਮੈਂ ਉਸੇ ਵੇਲੇ ਸੋਚਿਆ ਕਿ ਹੁਣ ਤੇ ਮੈਂ ਕਿਸੇ ਨੂੰ 5 ਰੁਪਈਏ ਵਾਲਾ ਲਿਫ਼ਾਫਾ ਵੀ ਨਾ ਪਾਵਾਂ - ਮੈਂ ਉਸ ਮਿੱਤਰ ਨੂੰ ਇਹੋ ਹੀ ਕਿਹਾ ਕਿ ਹੁਣ ਤੇ ਬਿਨ੍ਹਾਂ ਸਪੀਡ ਪੋਸਟ ਤੋਂ ਮੈਂ ਕਿਸੇ ਨੂੰ ਕੋਈ ਚਿੱਠੀ-ਪੱਤਰ ਘੱਲਾਂ ਹੀ ਨਾਂ - ਪਹਿਲਾਂ ਕਾਰਨ ਇਹੋ ਕਿ ਪਹੁੰਚਣ ਦੀ ਕੋਈ ਗਰੰਟੀ ਨਹੀਂ, ਦੂਜੀ ਗੱਲ ਇਹ ਕਿ ਜੇ ਕਿਤੇ ਗ਼ਲਤ ਹੱਥਾਂ ਚ' ਪਹੁੰਚ ਗਿਆ ਤਾਂ ਹੋਰ ਪੰਗਾ (ਜਿਵੇਂ ਮੈਂ ਉਸ ਵਿਚ ਐਟਮ ਬੰਬ ਦਾ ਫਾਰਮੂਲਾ ਭੇਜਣਾ ਹੋਵੇ! 😂)

ਹੋਰ ਵੀ ਗੱਲਾਂ ਹੋਇਆਂ - ਉਸਨੇ ਸਹੀ ਕਿਹਾ ਕਿ ਅੱਜ ਕਲ ਦੇ ਬੱਚਿਆਂ ਨੂੰ ਤੇ ਪੋਸਟ ਕਾਰਡਾਂ ਬਾਰੇ ਇਹ ਹੀ ਨਹੀਂ ਪਤਾ ਹੋਣਾ ਕਿ ਉਹ ਕਿੰਨ੍ਹਾਂ  ਲੰਬਾ ਚੌੜਾ ਹੁੰਦਾ, ਜਿੰਨਾ ਕਦੇ ਪੋਸਟ ਕਾਰਡ ਦੇਖਿਆ ਹੀ ਨਹੀਂ ਉਹਨਾਂ ਨੂੰ ਕਿਵੇਂ ਪਤਾ ਲੱਗੁ ਇਸ ਦੀ ਪੈਮਾਇਸ਼ ਦਾ - ਚਲੋ ਜੀ, ਇਸ ਤੋਂ ਪਰਦਾ ਲਾਉਣ ਦਾ ਤੇ ਮੈਂ ਜੁਗਾੜ ਕਰ ਰਿਹਾਂ -
ਪਿਛਲਾ ਪਾਸਾ ਪੂਰਾ ਲਿਖਣ ਵਾਸਤੇ ਹੁੰਦਾ ਸੀ, ਤੇ ਇਧਰ ਵਾਲਾ ਅੱਧਾ 
ਦੂਜੀ ਗੱਲ ਮੈਨੂੰ ਇਹ ਅੱਧ ਅਧੂਰੀ ਲੱਗੀ ਜਦੋਂ ਮੈਂ ਲਿਖਿਆ ਕਿ ਕਈ ਵਾਰੀ ਜਵਾਬੀ ਪੋਸਟ ਕਾਰਡ ਵੀ ਘਲ ਦਿੰਦੇ ਸੀ. ਹੋਰ ਇਸ ਬਾਰੇ ਮੈਂ ਕੁਝ ਨਹੀਂ ਸੀ ਲਿਖਿਆ, ਜਿੰਨਾ ਪੋਸਟ ਕਾਰਡਾਂ ਨੂੰ ਤੱਕਿਆ ਨਹੀਂ, ਉਹਨਾਂ ਨੂੰ ਜਵਾਬੀ ਕਾਰਡ ਬਾਰੇ ਵੀ ਦੱਸ ਦੇਈਏ - ਇਸ ਵਿਚ ਦੋ ਪੋਸਟ ਕਾਰਡ ਜੁੜੇ ਹੋਏ ਹੁੰਦੇ ਸੀ, 10 ਪੈਸੇ ਦਾ ਆਉਂਦਾ ਸੀ, ਇਕ ਪੋਸਟ ਕਾਰਡ ਤੇ ਸਾਡੇ ਲਿਖਣ ਵਾਸਤੇ ਹੁੰਦਾ ਸੀ, ਅਸੀਂ ਆਪਣੀ ਚਿੱਠੀ ਲਿਖਣੀ, ਤੇ ਜਿਥੇ ਭੇਜਣਾ ਏ, ਓਥੇ ਦਾ ਪਤਾ ਲਿਖ ਦੇਣਾ - ਦੂਜੇ ਕਾਰਡ ਤੇ ਅਸੀਂ ਆਪਣਾ ਬਸ ਪਤਾ ਲਿਖ ਦੇਣਾ - ਬਾਕੀ ਖਾਲੀ - ਜਦੋਂ ਇਸ ਨੇ ਟਿਕਾਣੇ ਤੇ ਪਹੁੰਚਣਾ ਤਾਂ ਉਸ ਖਾਲੀ ਪੋਸਟਕਾਰਡ ਤੇ ਉਸ ਰਿਸ਼ਤੇਦਾਰ ਨੇ ਲਿਖ ਕੇ ਉਸ ਨੂੰ ਕਿਸੇ ਤਰ੍ਹਾਂ ਲਾਲ-ਪੇਟੀ ਤਕ ਪਹੁੰਚਾ ਦੇਣਾ।  ਕਈ ਵਾਰੀ ਤਾਂ ਡਾਕੀਆ ਕੋਲੋਂ ਹੀ ਉਸੇ ਖਾਲੀ ਕਾਰਡ ਤੇ ਲਿਖਵਾ ਕੇ ਉਸ ਨੂੰ ਹੀ ਜਨਾਨੀਆਂ ਦੇ ਦੇਂਦੀਆਂ ਸੀ - ਖਰਚਾ ਪਾਣੀ? ਕੋਈ ਨਹੀਂ, ਦੋ ਅਸ਼ੀਸ਼ਾਂ , ਪੁੱਤ ਜੀਂਦਾ ਰਹਿ, ਜਵਾਨੀਆਂ ਮਾਨੇ, ਇਹਨੂੰ ਘੱਲ ਦੇਵੀਂ ਭਲਕੇ ਯਾਦ ਨਾਲ।  ਬਾਕੀ, ਡਾਕੀਆ ਜਾਣੇ ਤੇ ਉਸ ਦਾ ਕੰਮ।
ਜਵਾਬੀ ਪੋਸਟ ਕਾਰਡ ਨੂੰ ਤੁਸੀਂ ਅੱਜ ਦੀ ਭਾਸ਼ਾ ਚ' pre-paid ਡਾਕ ਕਹਿ ਸਕਦੇ ਹੋ.


ਹੁਣੇ ਲਿਖਦੇ ਲਿਖਦੇ ਖਿਆਲ ਆਇਆ ਕਿ ਜੇਕਰ ਕਾਰਡ ਉੱਤੇ ਸਿਰਨਾਵਾਂ (ਪਤਾ) ਪਹਿਲਾਂ ਹੀ ਲਿਖਿਆ ਹੋਵੇ ਤੇ ਜਵਾਬ ਦੇਣ ਵਾਲੇ ਦੀ ਸਿਰਦਰਦੀ ਥੋੜੀ ਤੇ ਘੱਟ ਹੀ ਗਈ - ਕਿਓਂਕਿ ਅਜੇ ਕੁਝ ਲੋਕੀਂ ਸਿਰਨਾਵਾਂ ਚੰਗੀ ਤਰ੍ਹਾਂ ਨਹੀਂ ਸਨ ਲਿਖ ਪਾਉਂਦੇ - ਕਈਂ ਵਾਰੀ ਇੰਝ ਦੇ ਲਿਖੇ ਐਡਰੈੱਸ ਦਿੱਖ ਜਾਂਦੇ - (ਪਹਿਲਾਂ ਪਿੰਨਕੋਡ ਨਹੀਂ ਸੀ ਹੁੰਦੇ, ਡਾਕੀਏ ਦਾ ਸਿਰਦਰਦ ਹੁੰਦਾ ਸੀ ਬਸ, ਸ਼ਾਇਦ ਇਹੋ ਵਜ੍ਹਾ ਹੈ ਕਿ ਮੇਰੇ ਦਿਲ ਚ' ਪ੍ਰਾਇਮਰੀ ਸਕੂਲ ਦੀਆਂ ਭੈਣਜੀਆਂ ਤੇ ਮਾਸਟਰਾਂ ਅਤੇ ਡਾਕੀਏ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਹੈ !!)

ਜ਼ਿਲਾ - ਅੰਮ੍ਰਿਤਸਰ 
ਤਹਿਸੀਲ - ਅਜਨਾਲਾ ਪਹੁੰਚ ਕੇ 
ਮਿਲੇ ਰਾਮ ਭਰੋਸੇ ਨੂੰ 
ਪਿੰਡ ਤੇ ਡਾਕ ਖ਼ਾਨਾ - 

ਆਮ ਤੋਰ ਤੇ ਘਰ ਦੇ ਦੋ ਜੀਅ ਤਾਂ ਉਸ ਪੋਸਟ ਕਾਰਡ ਉੱਤੇ ਲਿਖ ਹੀ ਲੈਂਦੇ ਸੀ, ਮੈਨੂੰ ਯਾਦ ਹੈ ਜਿਵੇਂ ਪਿਛਲੇ ਪਾਸੇ ਮੇਰੇ ਪਾਪਾ ਜੀ ਮੇਰੇ ਫੁੱਫੜ ਨੂੰ ਅੰਗਰੇਜ਼ੀ ਚ' ਪਹਿਲਾਂ ਲਿਖ ਦਿੰਦੇ, ਫੇਰ ਇਸ ਅੱਧੇ ਪਾਸੇ ਬੀਜੀ ਮੇਰੀ ਭੂਆ ਦੇ ਨਾਂ ਹਿੰਦੀ ਚ' ਖਤ ਲਿਖਦੇ।

ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਮੇਰੇ ਪੇਰੇਂਟਸ ਕਿਸੇ ਵੀ ਖਤ ਦਾ ਜਵਾਬ ਦੇਣ ਲੱਗਿਆਂ, ਉਸ ਖਤ ਨੂੰ ਅਕਸਰ ਜ਼ਰੂਰ ਸਾਮਣੇ ਰੱਖਦੇ ਜਿਹੜਾ ਸਾਨੂੰ ਆਇਆ ਹੁੰਦਾ ਸੀ। ਅਸੀਂ ਕੋਈ ਫਿਲਮ ਦੇਖ ਕੇ ਆਉਣਾ ਤੇ ਆਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਖਤ ਚ' ਲਿਖਣਾ ਕਿ ਜ਼ਮੀਰ, ਖਿਲੌਣਾ, ਘਰੌਂਦਾ, ਆਂਧੀ ਬੜੀ ਚੰਗੀ ਫਿਲਮ ਹੈ, ਤੁਸੀਂ ਵੀ ਦੇਖ ਕੇ ਆਓ...ਸਾਨੂੰ ਵੀ ਰਿਸ਼ਤੇਦਾਰ ਲਿਖਦੇ ਸੀ ਇਸ ਤਰ੍ਹਾਂ ਦੇ ਮਸ਼ਵਰੇ!

ਕਿਸੇ ਵੀ ਘਰ ਚ' ਪੋਸਟ-ਕਾਰਡ ਆਉਣਾ ਇਕ ਵੱਡੀ ਘਟਨਾ ਹੁੰਦੀ ਸੀ - ਜਿਸ ਦਿਨ ਉਹ ਪੋਸਟ ਕਾਰਡ ਘਰੇ ਆਉਣਾ ਉਸ ਦਿਨ ਰਾਤ ਹੋਣ ਤਕ ਓਹਨੇ ਪਤਾ ਨਹੀਂ ਕਿੰਨੇ ਹੱਥਾਂ ਚ'  ਘੁੰਮ ਜਾਣਾ, ਘਰ ਦੇ ਹਰ ਜੀਅ ਨੇ ਉਸ ਵਿਚ ਆਪਣੇ ਮੁਤਲਕ ਕੋਈ ਛੋਟੀ ਤੋਂ ਛੋਟੀ ਗੱਲ ਲੱਭਣ ਦੀ ਕੋਸ਼ਿਸ਼ ਕਰਣੀ, ਹੋਰ ਨਹੀਂ ਤੇ ਮਾਸੀ, ਭੂਆ, ਮਾਮੀ ਨੇ ਚਿੱਠੀ ਦੇ ਅਖੀਰ ਚ' ਜੇ ਜਿੰਦੇ ਨੂੰ ਪਿਆਰ ਲਿਖਣਾ ਭੁੱਲ ਜਾਣਾ, ਤਾਂ ਜਿੰਦੇ ਦਾ  ਮੂਡ ਖ਼ਰਾਬ ਹੋ ਜਾਣਾ - ਇਸ ਕਰ ਕੇ ਕਹਿ ਰਿਹਾਂ ਘਰੇ ਪੋਸਟਕਾਰਡ ਦਾ ਆਉਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਹੁੰਦੀ - ਸਾਰੇ ਲਫ਼ਜ਼ ਪਿਆਰ-ਦੁਲਾਰ ਦੀ ਚਾਸ਼ਨੀ ਚ' ਗੁੰਨ੍ਹੇ ਹੁੰਦੇ ਸਨ ਜਿਵੇਂ।

ਇਕ ਗੱਲ ਹੋਰ ਵੀ ਚੇਤੇ ਆ ਰਹੀ ਹੈ ਕਿ ਜਦੋਂ ਪੋਸਟ ਕਾਰਡ ਨੂੰ ਪੋਸਟ ਕਰਣ ਜਾਣਾ ਤੇ ਆਮ ਤੌਰ ਤੇ ਉਸ ਲਾਲ ਪੇਟੀ ਚ' ਆਪਣੀ ਚਿੱਠੀ ਸੁੱਟਣ ਤੋਂ ਪਹਿਲਾਂ ਅੰਦਰ ਮੁਲਾਜ਼ਮਾਂ ਕੋਲੋਂ ਪੁੱਛ ਲੈਣਾ ਕਿ ਡਾਕ ਨਿਕਲੀ ਤੇ ਨਹੀਂ - ਜੇ ਉਸ ਨੇ ਕਹਿਣਾ ਕਿ ਨਿਕਲ ਗਈ ਹੈ, ਤੇ ਉਸ ਨੂੰ ਹੀ ਕਹਿਣਾ ਇਹ ਸਾਡੀ ਚਿੱਠੀ ਵੀ ਥੈਲੇ ਚ' ਪਾ ਦਿਓ - ਜੇਕਰ ਤੇ ਉਸ ਵੇਲੇ ਤਕ ਉਸ ਨੇ ਸਾਰੀ ਡਾਕ ਉੱਤੇ ਮੋਹਰਾਂ ਨਾ ਲਾਈਆਂ ਹੁੰਦਿਆਂ, ਤਾਂ ਤੇ ਉਹ ਆਰਾਮ ਨਾਲ ਫੜ ਲੈਂਦਾ ਸਾਡੇ ਕੋਲੋਂ ਸਾਡੀ ਵੀ ਚਿੱਠੀ, ਜੇਕਰ ਉਹ ਥੈਲਾ ਬੰਦ ਕਰ ਚੁਕਿਆ ਹੁੰਦਾ ਤੇ ਕਹਿ ਦਿੰਦਾ - ਬਾਹਰ ਡੱਬੇ ਚ' ਹੀ ਪਾ ਦੇ, ਸਵੇਰੇ ਪਹਿਲੀ ਡਾਕ ਚ' ਨਿਕਲ ਜਾਉ ! (ਅਸੀਂ ਇੰਨ੍ਹੇ ਚ' ਹੀ ਇੰਝ ਖੁਸ਼ ਹੋ ਜਾਣਾ, ਜਿਵੇਂ ਸਵੇਰੇ ਕਿਸੇ ਖਾਸ ਡਾਕੀਏ ਰਾਹੀਂ ਮੇਰਾ ਪੋਸਟ ਕਾਰਡ ਸਟੇਸ਼ਨ ਭੇਜਿਆ ਜਾਉ!)

ਕਈਂ ਵਾਰੀ ਜਦੋਂ ਅਸੀਂ ਸਾਈਕਲ ਤੇ ਚਿੱਠੀ ਨੂੰ ਡੱਬੇ ਚ' ਲੈ ਕੇ ਜਾਣਾ ਤੇ ਡਾਕੀਆ ਉਸ ਲਾਲ ਡੱਬੇ ਨੂੰ ਖਾਲੀ ਕਰ ਕੇ ਤਾਲਾ ਲਾ  ਰਿਹਾ ਹੁੰਦਾ - ਜੇਕਰ ਉਸ ਨੇ ਸਾਡੀ ਚਿੱਠੀ ਫੜ ਲੈਣੀ ਤਾਂ ਉਸ ਦਾ ਬੜਾ ਅਹਿਸਾਨਮੰਦ ਹੋਣਾ। ਇਸ ਫਤਿਹ ਨੂੰ ਵੀ ਘਰ ਆ ਕੇ ਸਾਂਝਾ ਕਰਣਾ ਕਿ ਕਿੰਝ ਪੋਸਟਕਾਰਡ ਡਾਕੀਏ ਤੇ ਥੈਲੇ ਚ' ਹੀ ਪਹੁੰਚਾ ਕੇ ਆਇਆ ਹਾਂ!!- ਥੱਕ ਗਿਆ ਹਾਂ, ਚਲੋ, ਕੜਾਹ ਬਣਾਓ ਜਲਦੀ ! (ਤੇ ਉਹ 10 ਮਿੰਟਾਂ ਚ' ਬਣ ਵੀ ਜਾਣਾ 😂😂)

ਇਹ ਪੋਸਟ ਕਾਰਡ ਜਦੋਂ ਟਿਕਾਣੇ ਤੇ ਪੁੱਜਦੇ ਸਨ, ਉਸ ਵੇਲੇ ਕਿੰਝ ਲੱਗਦਾ ਸੀ? ਗੱਲ ਇੰਝ ਹੈ, ਜੰਮਣ, ਮਰਣ , ਵਿਆਹ, ਸ਼ਾਦੀ, ਕੁੜਮਾਈ ਦੀਆਂ ਖ਼ਬਰਾਂ ਤਾਂ ਸਾਡੇ ਵੇਲੇ ਇਹ ਚਿੱਠੀਆਂ ਚ' ਹੀ ਆਉਂਦੀਆਂ ਸੀ, ਕਿਸੇ ਦੇ ਅਕਾਲ ਚਲਾਣਾ ਕਰਣ ਬਾਦੋਂ ਜਿਹੜਾ ਭੋਗ/ਪਗੜੀ ਦਾ ਪੋਸਟਕਾਰਡ ਘਰ ਆਉਣਾ, ਓਹਨੂੰ ਪੜ੍ਹ ਕੇ ਉਸੇ ਵੇਲੇ ਫਾੜਨ ਦੀਆਂ ਸਟੈਂਡਿੰਗ ਇੰਸਟ੍ਰਕਸ਼ਨਸ ਹੁੰਦੀਆਂ ਸਨ, ਇਹ ਕਹਿੰਦੇ ਸਨ ਘਰ ਦੇ ਸਿਆਣੇ ਕਿ ਅਜਿਹੇ ਕਾਰਡ ਨੂੰ ਘਰ ਐਵੇਂ ਹੀ ਨਹੀਂ ਰੱਖੀਦਾ , ਮਾੜੀ ਗੱਲ ਹੁੰਦੀ ਏ  (  ਜਿਵੇਂ ਉਸ ਕਾਰਡ ਨਾਲ ਯਮਰਾਜ ਨੱਥੀ ਹੋਵੇ!😳

ਲੋਕੀ ਖਤ ਦਾ ਇੰਤਜ਼ਾਰ ਕਿਵੇਂ ਕਰਦੇ ਸੀ - ਅਜ ਮੈਂ ਪਾ ਕੇ ਆਇਆ, ਕਲ ਡਾਕ ਨਿਕਲੇਗੀ, ਚੌਥੇ ਦਿਨ ਟਿਕਾਣੇ ਤੇ, ਫੇਰ ਤਾਇਆ ਜੀ ਲਿਖਣਗੇ ਅਗਲੇ ਦਿਨ , ਫੇਰ ਤੀਜੇ ਦਿਨ ਸਾਡੇ ਕੋਲ - ਬੱਸ ਘਰਾਂ ਚ ਇੰਝ ਹੀ ਹਿਸਾਬ ਕਿਤਾਬ ਲੱਗਦੇ ਰਹਿੰਦੇ ਸੀ ਵੇਹਲੇ ਬੈਠੇ ਬੈਠੇ - ਅਕਸਰ ਸਾਡੇ ਪਾਪਾ ਜੀ ਡਿਊਟੀ ਤੋਂ ਘਰੇ ਪਹੁੰਚਦਿਆਂ ਹੀ ਪੁੱਛਦੇ -  "ਕੋਈ ਚਿੱਠੀ ਆਈ ਏ?"  ਓਹੀ ਆਦਤ ਮੇਰੀ ਵੀ ਬੜੇ ਲੰਬੇ ਸਮੇਂ ਤਕ ਰਹੀ - ਫੇਰ ਸੋਸ਼ਲ ਮੀਡਿਆ, ਮੋਬਾਈਲ ਆ ਗਏ, ਸਬ ਕੁਛ ਇਸ ਵਿਚ ਹੀ ਨਿੱਬੜ ਜਾਂਦੈ - congrats, RIP, cute, dashing, awesome ਤੇ ਨਾਲ ਇਹ ਹੱਥ ਜੋੜਦਾ ਸਮਾਈਲੀ 🙏- ਇੰਨਾ ਕੁੱਛ ਆਉਂਦਾ ਹੋਵੇ ਤੇ ਤੁਸੀਂ ਸੋਸ਼ਲ ਮੀਡਿਆ ਦੇ ਸੋਸ਼ਲ ਸਰਕਲਾਂ ਚ' ਕਿਸੇ ਨੂੰ ਵੀ ਆਪਣਾ ਬਣਾ ਲਵੋ ਤੇ ਚਾਹੇ ਕਿਸੇ ਦੇ ਵੀ ਬਣ ਜਾਵੋ - ਅੱਗੋਂ ਰਬ ਰਾਖਾ 😂

ਲੋਕਾਂ ਚ ਕਿੰਨਾ ਸਬਰ ਸੰਤੋਖ (ਮਜ਼ਬੂਰੀ ??) ਸੀ ਮੈਂ ਇਕ ਗੱਲ ਯਾਦ ਕਰਦਾ ਹਾਂ ਤੇ ਮੈਂ ਹਿਲ ਜਾਂਦਾ ਹਾਂ, ਮੇਰਾ ਵੱਡਾ ਭਰਾ ਅੰਮ੍ਰਿਤਸਰ ਤੋਂ ਜੈਪੁਰ ਨੌਕਰੀ ਤੇ ਗਿਆ - 1970 ਵਾਲੇ ਦਹਾਕੇ ਦੇ ਸ਼ੁਰੂ ਦੇ ਸਾਲਾਂ ਦੀ ਗੱਲ ਹੈ - 20 ਸਾਲ ਦੀ ਓਹਦੀ ਉਮਰ- ਮੇਰੇ ਪਾਪਾ ਜੀ ਉਸ ਨੂੰ ਅੰਮ੍ਰਿਤਸਰ ਸਟੇਸ਼ਨ ਤੇ ਛੱਡਣ ਗਏ, ਤੇ ਘਰੋਂ ਚੱਲਣ  ਲੱਗਿਆਂ ਉਸ ਨੂੰ ਕਿਹਾ ਕਿ ਪਹੁੰਚਦਿਆਂ ਹੀ ਚਿੱਠੀ ਭੇਜੀਂ - ਘਰੇ ਉਂਝ ਹੀ ਹਿਸਾਬ ਲੱਗਦਾ ਰਿਹਾ, ਮੰਗਲ ਨੂੰ ਪਹੁੰਚਿਆ ਹੋਣੈ , ਬੁਧ ਨੂੰ ਸਮਾਂ ਨਹੀਂ ਲੱਗਾ ਹੋਣਾ, ਵੀਰਵਾਰ ਜੇ ਚਿੱਠੀ ਘੱਲੇਗਾ ਤੇ 3-4 ਦਿਨਾਂ ਚ' ਤੇ ਅੰਮ੍ਰਿਤਸਰ ਪਹੁੰਚ ਹੀ ਜਾਉ - ਲੋ ਜੀ, ਉਸ ਦੀ ਚਿੱਠੀ ਨੇ ਤੇ ਇਹ ਸਾਰੇ ਹਿਸਾਬ ਕਿਤਾਬ ਫੇਲ ਕਰ ਦਿੱਤੇ - ਐਵੇਂ ਹੀ ਉਸ ਨੇ ਥੋੜੀ ਲਗਰਜੀ ਕਰ ਦਿੱਤੀ ਖ਼ਤ ਲਿਖਣ ਚ', ਚਿੱਠੀ ਮਿਲੀ ਜੀ ਕੋਈ 8-10 ਦਿਨ ਬਾਦ - ਮੈਨੂੰ ਪਤਾ ਹੈ ਕਿ ਕਿਵੇਂ ਮੇਰੇ ਪੇਰੇਂਟਸ ਸੁੱਕਣੇ ਪਏ ਰਹੇ ਓਹਨੀਂ ਦਿਨੀਂ  ਜਿਹੜੇ 3-4 ਦਿਨ ਉੱਪਰ ਹੋ ਗਏ, ਜਦੋਂ ਉਸ ਦੇ ਪਹੁੰਚਣ ਦੀ ਚਿੱਠੀ ਆਈ ਤਾਂ ਕਿਤੇ ਉਹਨਾਂ ਨੂੰ ਸਾਹ ਆਇਆ - ਅਜਿਹੀਆਂ ਗੱਲਾਂ ਜਦੋਂ ਚੇਤੇ ਆਉਂਦੀਆਂ ਨੇ ਤੇ ਸਾਨੂੰ ਸਾਡੇ ਪੇਰੇਂਟਸ ਚ ' ਤੇ ਆਪਣੇ ਚ' ਫਰਕ ਮਹਿਸੂਸ ਕਰਣ ਦਾ ਇਕ ਮੌਕਾ ਮਿਲਦੈ -

ਇਕ ਗੱਲ ਇਹ  ਜਿਹੜੀ ਤੁਸੀਂ ਮੇਰੇ ਪੇਰੇਂਟਸ ਦੀ ਪੜੀ , ਤੇ ਇਕ ਅਸੀਂ ਹਾਂ ਜੇਕਰ ਬੱਚਾ 10 ਮਿੰਟ ਵਹਾਤਸੱਪ ਤੇ ਭੇਜਿਆ ਸੁਨੇਹਾ ਨਾ ਵੇਖੇ, ਲਾਸਟ ਸੀਨ ਅਜਕਲ ਬੰਦ ਹੀ ਰੱਖਦੇ ਨੇ, ਚੰਗਾ ਕਰਦੇ ਨੇ 😂😂😂- ਇਕ ਹੋਰ ਸਿਰਦਰਦੀ, ਫੇਰ ਫੇਸਬੁੱਕ massenger ਤੇ ਫੇਰ ਮੋਬਾਈਲ ਫੋਨ - ਪਹਿਲਾਂ ਇਕ, ਫੇਰ ਦੂਜਾ, ਨਹੀਂ ਤੇ ਅੱਧੇ ਘੰਟੇ ਬਾਅਦ ਉਸ ਦੇ ਦੋਸਤ ਨੂੰ  - ਘੰਟੇ ਬਾਦ ਉਹ ਛਿੱਥੇ ਪੈ ਕੇ ਕਹਿ ਦਿੰਦੇ ਨੇ - ਠੰਡ ਰੱਖਿਆ ਕਰੋ ਯਾਰ, ਸੁੱਤਾ ਹੋਇਆ ਸੀ, ਬੈਟਰੀ ਨਹੀਂ ਸੀ।

ਸੋਚਣ ਵਾਲੀ ਗੱਲ ਇਹੋ ਹੈ ਕਿ ਜਿੰਨੇ ਅਸੀਂ ਅੱਜ ਕੱਲ ਦੇ ਮਾਂ ਪਿਓ ਤੱਤੇ ਹਾਂ ਤੇ ਜਿੰਨੇ ਸਾਡੇ ਮਾਪੇ ਠੰਡੇ ਸੀ, ਓਹਨਾ ਉਸ ਠੰਡੇਪਣ ਸਦਕਾ ਕੀ ਗੁਆ ਲਿਆ ਤੇ ਅਸੀਂ ਕਿ ਖੱਟ ਲਿਆ, ਮੈਂ ਵੀ ਤੁਹਾਡੇ ਨਾਲ ਸੋਚਦਾ ਹਾਂ - ਨਾਲ ਨਾਲ ਇਹ ਗੀਤ ਸੁਣੋ -- ਮੈਨੂੰ ਹੀਰੇ ਹੀਰੇ ਆਖੇ , ਹਾਏ ਨੀ ਮੁੰਡਾ ਲੰਬੜਾਂ ਦਾ !! ਬੀਬੀ ਪ੍ਰਕਾਸ਼ ਕੌਰ ਜੀ ਨੇ ਇਹ ਪਹਿਲਾਂ ਗਾਇਆ ਸੀ, ਗਾਇਆ ਕਹਿਣਾ ਉਸ ਦੇਵੀ ਵਾਸਤੇ ਬੜੀ ਛੋਟੀ ਜਿਹੀ ਗੱਲ ਲੱਗਦੀ ਏ, ਇੰਝ ਕਹਿ ਸਕਦਾਂ ਕਿ ਉਹਨਾਂ ਨੇ ਇਹਨਾਂ ਬੋਲਾਂ ਚ' ਜਾਨ ਫੂਕੀ ਸੀ !!

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...