Monday 8 July 2019

ਸਾਮਾਨ ਵੀ ਹੁਣ ਇੱਕ ਸਟੇਟਸ ਸਿੰਬਲ ਬਣ ਕੇ ਰਹਿ ਗਿਆ!


ਮੈਨੂੰ ਯਾਦ ਹੈ ਬਚਪਨ ਚ' ਅਸੀਂ ਸੁਣੀ ਦਾ ਸੀ ਕਿ ਪਹਿਲਾਂ ਲੋਕੀਂ ਪੰਡਾਂ ਲੈ ਕੇ ਸਫਰ ਤੇ ਤੁਰਿਆ ਕਰਦੇ ਸਨ, ਅਜੇ ਵੀ ਕਦੇ ਕਦੇ ਕੁਛ ਟਾਵੇਂ ਟਾਵੇਂ ਲੋਕ ਨਜ਼ਰੀਂ ਪੈ ਹੀ ਜਾਂਦੇ ਨੇ ਜਿੰਨ੍ਹਾਂ ਸਿਰ ਤੇ ਪੰਡ ਚੁੱਕੀ ਹੁੰਦੀ ਏ, ਚੰਗਾ ਲੱਗਦਾ ਹੈ ਕਿ ਸੌਖੇ ਨੇ - ਐਵੇਂ ਸਾਡੇ ਵਰਗਾ ਸ਼ਦਾ ਨਹੀਂ ਹੈ - ਸਾਡੇ ਘਰ ਚ' ਗੱਲਾਂ ਹੁੰਦੀਆਂ ਸੀ ਕਿ ਕਿੰਝ ਪਹਿਲਾਂ ਲੋਕ ਇਕ ਪੀਪਾ ਵੀ ਜ਼ਰੂਰ ਲੈ ਕੇ ਚਲਦੇ ਸੀ, ਮੇਰੀ ਦਾਦੀ ਜੀ ਬਾਰੇ ਵੀ ਕਹਿੰਦੇ ਨੇ ਉਹ ਕੀਤੇ ਵੀ ਜਾਂਦੇ ਸੀ, ਇਕ ਪੀਪਾ ਜ਼ਰੂਰ ਨਾਲ ਰੱਖਦੇ ਸੀ, ਜਿਸ ਵਿਚ ਕੰਘੀ, ਤੇਲ, ਪਰਾਂਦਾ, ਨਾੜਾ , ਦੰਦਾਸਾ, ਪੈਸੇ, ਗੁੱਥੀ, ਹਾਜ਼ਮੇ ਦੇ ਚੂਰਨ, ਕਬਜ਼ ਦੂਰ ਕਰਣ ਵਾਲੇ ਚੂਰਨ, ਸਿਰ ਦਰਦ ਦੀ ਬਾਮ...ਇਹੋ ਜਿਹਾ ਹੋਰ ਵੀ ਬਹੁਤ ਸਾਰੇ ਨਿੱਕ-ਸੁੱਕ ਲੈ ਕੇ ਚਲਦੇ -- ਜੀ ਹਾਂ, ਉਸ ਪੀਪੇ ਵਿਚ ਹੀ ਪਿੰਨੀਆਂ ਵੀ ਤੇ ਲੈ ਕੇ ਆਉਂਦੀ  ਸੀ ਸਾਡੀ ਪਿਆਰੀ ਦਾਦੀ।  ਅਕਸਰ ਸਿਰ ਚ' ਲਾਉਣ ਵਾਲੀ ਸੂਈ ਨੂੰ ਮਰੋੜ ਕੇ ਪੀਪੇ ਦੇ ਕਮਜ਼ੋਰ ਜਿਹੇ ਕੁੰਡੇ ਚ' ਫਸਾ ਕੇ ਸੁਰਖੁਰੁ ਹੋ ਜਾਂਦੇ ਸੀ ਲੋਕ. ਸਾਡੇ ਬੁਜ਼ੁਰਗ ਸੁਣਾਇਆ ਕਰਦੇ ਸੀ ਕਿ ਕਿਓਂਕਿ ਅਕਸਰ ਲੋਕ ਪੀਪੇ ਲੈ ਕੇ ਤੁਰਦੇ ਸੀ, ਇਹ ਸਫਰ ਦੇ ਦੌਰਾਨ ਬਦਲ ਵੀ ਜਾਂਦੇ ਸੀ ਕਦੇ ਕਦੇ - ਇਹ ਕਿਹੜੇ ਬ੍ਰਾਂਡਡ ਹੁੰਦੇ ਸੀ, ਇੱਕੋ ਜਿਹੇ ਪੀਪੇ ਤੇ ਇੱਕੇ ਜਿਹੇ ਕੁੰਡੇ 😂- ਸਾਡੇ ਇਕ ਬੁਜੁਰਗ ਦਾ ਇਕ ਵਾਰ ਬਦਲ ਗਿਆ ਸੀ - ਬਜ਼ੁਰਗ ਦੇ ਪੀਪੇ ਚ' ਤੇ ਬਹੁਤ ਪੈਸੇ ਸੀ, ਪਰ ਜਿਹੜਾ ਉਹਨਾਂ ਪੱਲੇ ਪੈ ਗਿਆ ਉਸ ਵਿਚ ਰਸੋਈ ਦਾ ਸਾਮਾਨ ਸੀ  - ਲੂਣਕੀ, ਚਿਮਟਾ, ਪੌਣੇ। ....😊

ਸੋਚਿਆ ਕਿ ਕੋਈ ਨਵੀਂ ਪੋਦ ਵਾਲਾ ਅਜਿਹਾ ਵੀ ਹੋਉ ਜਿੰਨੇ ਪੀਪਾ ਵੇਖਿਆ ਹੀ ਨਾਂ ਹੋਵੇ ਕਦੇ, ਇਸ ਲਈ ਇਹ ਫੋਟੋ ਟਿਕਾ ਦਿੱਤੀ 

ਪੀਪੇ ਤੋਂ ਇਕ ਛੋਟੀ ਜਿਹੀ ਯਾਦ ਜੁੜੀ ਹੈ - ਮੈਂ ਸਕੂਲ ਪੜਦਾ ਸੀ, ਦਾਦੀ ਹੋਰੀਂ ਆਏ ਹੋਏ ਸੀ, ਮੈਂ ਗਰਮੀਆਂ ਦੇ ਦਿਨਾਂ ਚ' ਜ਼ਿਦ ਫੜ ਲਈ ਕਿ ਮੈਂ ਤੇ ਟਰੰਕੀ ਲੈਣੀ ਹੈ. ਇਹ ਇਕ ਲੋਹੇ ਦੀ ਛੋਟੀ ਜਿਹੀ ਟਰੰਕੀ ਹੁੰਦੀ ਸੀ ਜਿਸ ਵਿਚ ਲੋਕੀਂ ਕਿਤਾਬਾਂ, ਕਾਪੀਆਂ, ਕਾਇਦੇ, ਪਹਾੜੇ ਲੈ ਕੇ ਤੁਰਦੇ ਸੀ. ...ਉਹ ਦੁਪਹਿਰੀ ਵੀ ਬੀਜੀ (ਮੇਰੀ ਮਾਂ) ਨੇ ਕਿਹਾ ਕਿ ਸ਼ਾਮੀ ਚੱਲਾਂਗੇ, ਪਰ ਮੈਂ ਤੇ ਜ਼ਿਦ ਫੜੀ ਹੋਈ ਸੀ, ਪਿਆਰੀ ਦਾਦੀ (ਸਾਡੇ ਭਾਬੋ ਜੀ) ਬੀਜੀ ਨੂੰ ਕਹਿਣ ਲੱਗੇ - ਚਲੋ, ਹੁਣੇ ਚਲਣੇ ਆਂ. ਓਸੇ ਦਿਨ ਸ਼ਿਖਰ ਦੁਪਹਿਰੀ ਅਸੀਂ ਤਿੰਨੇ ਅੰਮ੍ਰਿਤਸਰ ਦੇ ਪੁਤਲੀਘਰ ਬਾਜ਼ਾਰ ਗਏ, ਟਰੰਕੀ ਲੈ ਕੇ ਹੀ ਮੈਂ ਮੰਨਿਆ - ਕੁਛ ਗੱਲਾਂ ਕਿੰਝ ਦਿਲ ਤੇ ਛਪ ਜਾਂਦੀਆਂ ਨੇ, ਟਰੰਕੀ ਲੈ ਕੇ ਆ ਰਹੇ ਸੀ ਤੇ ਮੇਰੇ ਦਾਦੀ ਜੀ ਨੂੰ ਰੇਲ ਦੀ ਲਾਈਨ ਨਾਲ ਠੋਕਰ ਲੱਗੀ ਤੇ ਉਹ ਢਹਿ ਪਏ, ਮੈਨੂੰ ਬੜਾ ਬੁਰਾ ਲੱਗਾ ਸੀ, ਮੇਰੀ ਮਾਂ ਕਈ ਸਾਲਾਂ ਤਕ ਇਹ ਟਰੰਕੀ ਵਾਲੀ ਗੱਲ ਸਾਰਿਆਂ ਨੂੰ ਸੁਣਾਉਂਦੇ ਰਹੇ ਕਿ ਕਿਵੇਂ ਭਾਬੋ ਜੀ ਇੰਨੀ ਦੁਪਹਿਰੀ ਬਾਜ਼ਾਰ ਚਲੇ ਗਏ- ਮੇਰੀ ਜ਼ਿਦ ਪੂਰੀ ਕਰਣ ਵਾਸਤੇ 😘😘

ਟਰੰਕੀ ਤੋਂ ਯਾਦ ਆ ਗਿਆ ਕਿ ਪਹਿਲਾਂ ਅਸੀਂ ਸਫਰ ਚ' ਵੀ ਤੇ ਇਹੋ ਟਰੰਕ ਤੇ ਅਟੈਚੀ ਹੀ ਲੈ ਕੇ ਤੁਰਦੇ ਸੀ, ਚੇਤੇ ਆ ਰਿਹੈ ਕਿ ਜੇ ਤੇ ਬਾਹਰ ਦਾ ਪ੍ਰੋਗਰਾਮ ਹੋਣਾ 2-3 ਦਿਨ ਦਾ ਤਾਂ ਤੇ ਚਮੜੇ ਦੀਆਂ ਘਰ ਚ ਪਈਆਂ ਅਟੈਚੀਆਂ ਕੱਢ ਲੈਣੀਆਂ, ਉਹਨਾਂ ਸੀ ਸਾਫ ਸਫਾਈ ਹੋਣੀ, ਥੱਲੇ ਅਖਬਾਰ ਵਿਛਣੀ (ਕਈ ਵਾਰੀ ਅਖਬਾਰ ਗੁਆਂਢੀਆਂ ਕੋਲੋਂ ਮੰਗ ਕੇ ਲਿਆਉਣੀ 😂)...ਤੇ ਜੇ ਕੀਤੇ ਵਿਆਹ ਸ਼ਾਦੀ ਤੇ ਜਾਣਾ ਤੇ ਵੱਡੇ ਵੱਡੇ ਦੋ ਟਰੰਕ ਭਰਣੇ 2-4 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਣੇ, ਇਕ ਨਾਲ ਖੜਣ ਲਈ ਤੇ ਦੂਜਾ ਘਰ ਦਾ ਕੀਮਤੀ ਸਾਮਾਨ ਭਰਣ ਲਈ (ਗਹਿਣੇ ਵੀ ) - ਜਿਸ ਨੂੰ ਤਾਲਾ ਮਾਰ ਕੇ ਰਾਤ ਦੇ ਵੇਲੇ ਗੁਆਂਢੀਆਂ ਦੇ ਘਰ ਰੱਖ ਕੇ ਆਂਦੇ ਸੀ - (ਅਜ ਦੇ ਬੈਂਕਾਂ ਦੇ ਲਾਕਰਾਂ ਤੋਂ ਵੀ ਵੱਧ ਸੁਰੱਖਿਆ 😂) - ਮੈਨੂੰ ਯਾਦ ਹੈ ਸਟੇਸ਼ਨ ਜਾਣ ਲੱਗੇ ਦੋ ਰਿਕਸ਼ੇ ਕਰਨੇ ਪੈਂਦੈ ਜਿਵੇਂ ਵਿਆਹ ਤੇ ਨਹੀਂ ਕੋਈ ਟੱਬਰ ਜੰਗ ਤੇ ਜਾ ਰਿਹੈ - ਇਹ ਕੋਈ ਸਾਡੇ ਘਰ ਦੀ ਕਹਾਣੀ ਨਹੀਂ ਸੀ, ਘਰ ਘਰ ਦੀ ਇਹੋ ਕਹਾਣੀ ਸੀ, ਹੁਣ ਤੇ ਛੋਟੇ ਛੋਟੇ ਬੈਗ ਹੀ ਸਾਡਾ ਸਾਹ ਫੂਲਾ ਦੇਂਦੇ ਨੇ , ਪਰ ਉਸ ਵੇਲੇ ਦੇ ਕੁੱਲੀਆਂ ਨੂੰ ਵੀ ਮੰਨਨਾ ਪਵੇਗਾ ਤੇ ਘਰ ਵਾਲਿਆਂ ਦੀ ਦਲੇਰੀ ਨੂੰ ਵੀ - ਇਸ ਤਰ੍ਹਾਂ ਦੇ ਵੱਡੇ ਵੱਡੇ ਸਾਮਾਨ ਨਾਲ ਘਰੋਂ ਨਿਕਲਣਾ - ਟਰੰਕ, ਬਿਸਤਰਬੰਦ, ਸੁਰਾਹੀ, ਰੋਟੀ ਦੀ ਟੌਕਰੀ ਤੇ ਨਾਲ ਅੱਤ ਦੇ ਸ਼ਰਾਰਤੀ ਬੱਚੇ !!

ਫੇਰ ਜੀ ਰਬ ਤੁਹਾਡਾ ਭਲੇ ਕਰੇ, ਜਦੋਂ ਅਸੀਂ ਥੋੜਾ ਹੋਸ਼ ਸੰਭਾਲੀ, ਓਹੀਓ VIP ਦੇ ਅਟਾਚੀ ਤੁਰ ਪਏ, ਅਰਿਸਟੋਕ੍ਰੇਟ ਦੇ ਤੇ ਸਫਾਰੀ ਦੇ ਵੀ, ਪਰ ਹੁੰਦੇ ਕਿਸੇ ਟਾਵੇਂ ਟਾਵੇਂ ਕੋਲ ਸੀ, ਅੰਮ੍ਰਿਤਸਰ ਸਟੇਸ਼ਨ ਤੇ ਬੈਠੇ ਹੋਏ ਅਸੀਂ ਵੀ ਬੜੀ ਹਸਰਤ ਨਾਲ ਵੇਖਣਾ ਇਸ ਤਰ੍ਹਾਂ ਦੇ ਰਇਸੀ ਸਾਮਾਨ ਨੂੰ, ਪਰ ਕੁਛ ਸਿਆਣੇ ਲੋਕ ਉਸ ਉੱਤੇ ਵੀ ਉਸ ਦੀ ਸੰਭਾਲ ਵਾਸਤੇ ਇਕ ਖ਼ੱਫਣ 😂😂😂😂ਪਾਈ ਰੱਖਦੇ ਸੀ, ਉਹ ਵੀ ਚੈਨੀ ਵਾਲਾ, ਬੜਾ ਅਜੀਬ ਲੱਗਦਾ ਸੀ ਕਿ ਜੇਕਰ ਇੰਨੀ ਹੀ ਫ਼ਕੀਰੀ ਦਿਖਾਉਣੀ ਹੈ ਕੇ ਤੇ ਇਸ ਸੌਗਾਤ ਨੂੰ ਘਰ ਚ' ਸੰਭਾਲੀ ਰੱਖ, ਪੰਡ ਹੀ ਲੈ ਕੇ ਤੁਰ ਪੈ !!

ਫੇਰ ਇਹ ਮਹਿੰਗੀਆਂ ਅੱਤਚਿਆਂ ਪਹੀਏ ਵਾਲਿਆਂ ਤੁਰ ਪਈਆਂ। ਇੰਨਾ ਨੂੰ ਲੈ ਕੇ ਚਲਣਾ ਕਿੱਦਾਂ ਵੱਡਾ ਕਰੇਜ਼ ਹੋਏਗਾ ਕਿ 1985 ਚ' ਜਦੋਂ ਮੈਨੂੰ ਹੋਉਸ-ਜੋਬ ਦੀ ਪਹਿਲੀ ਤਨਖਾਹ ਮਿਲੀ, ਮੈਂ ਸਬ ਤੇ ਪਹਿਲਾਂ ਕੰਮ ਇਹ ਕੀਤਾ ਕਿ ਅੰਮ੍ਰਿਤਸਰ ਦੀ ਕੁਈਨਸ ਰੋਡ ਦੇ VIP ਸ਼ੋਰੂਮ ਤੋਂ 700 ਰੁਪਈਏ ਦੀ ਇਕ ਇਸੇ ਤਰ੍ਹਾਂ ਦੀ ਹੀ ਅਟੈਚੀ ਖਰੀਦੀ (ਜਿਵੇਂ ਮੈਂ ਅਮਰੀਕਾ ਜਾਣਾ ਸੀ!!) ਤੇ ਉਸ ਨੂੰ ਮੋਮਜਾਮੇ ਚ' ਲਪੇਟ ਕੇ ਰਿਕਸ਼ਾ ਤੇ ਰੱਖ ਕੇ ਘਰ ਪੁੱਜਾ, ਆਪਣੀ 800ਜਾਂ  900 ਦੀ ਸੈਲਰੀ ਚ' 200 ਰੁਪਈਏ ਹੀ ਬਚੇ ਸੀ, ਉਹ ਵੀ ਬੜੇ ਸੀ, ਓਹਨੀਂ ਦਿਨੀਂ, ਮੁਕਦੇ ਨਹੀਂ ਸੀ ਮੁਕਾਏ 😃

ਸੇਵਰ ਦਾ ਸਮਾਂ ਹੈ, ਮੇਰਾ ਚਾਅ ਪੀਣ ਦਾ ਦਿਲ ਕਰ ਰਿਹੈ, ਐਵੇਂ ਪੁਰਾਣੀਆਂ ਗੱਲਾਂ ਦੀ ਬੰਬੀ ਚ' ਚੁੱਬੀਆਂ ਮਾਰਣ ਦਾ ਮਨ ਨਹੀਂ, ਬੱਸ ਇਹੋ ਕਹਿ ਰਿਹਾਂ ਕਿ ਅਸੀਂ ਜਿਵੇਂ ਕਿਸੇ ਬੰਦੇ ਦੀ ਔਕਾਤ ਦਾ ਹਿਸਾਬ ਕਿਤਾਬ ਉਸ ਨੇ ਕੱਪੜਿਆਂ ਤੋਂ ਲਾਉਣ ਦੀ ਗ਼ਲਤੀ ਕਰਦੇ ਰਹਿੰਦੇ ਹਾਂ, ਉਸੇ ਤਰ੍ਹਾਂ ਹੀ ਇਹ ਹੁਣ ਮਹਿੰਗੇ ਮਹਿੰਗੇ ਸਾਮਾਨ - ਅਟੈਚੀ ਤੇ ਬੈਗ ਵੀ ਇਕ ਬੇਕਾਰ ਦਾ ਸਟੇਟਸ ਸਿੰਬਲ ਬਣ ਚੁਕੇ ਨੇ -- ਪਹਿਲਾਂ ਦੋ ਪਹੀਏ ਵਾਲੇ ਸੀ, ਕੁੱਲੀਆਂ ਦੇ ਢਿੱਡ ਤੇ ਹੌਲੀ ਜਿਹੀ ਲੱਤ ਵੱਜੀ ਸੀ, ਹੁਣ ਚਾਰ ਪਹੀਆਂ ਵਾਲੇ ਅਟੈਚੀ ਤੇ ਕੁੱਲੀਆਂ ਨੂੰ ਜਿਵੇਂ ਭੁੱਖੇ ਹੀ ਮਾਰ ਦੇਣਗੇ 😂- ਬੁੱਢੇ ਤੋਂ ਬੁੱਢਾ ਵੀ ਇੰਨੀ ਚੁਸਤੀ ਨਾਲ ਇਸ ਸਮਾਂ ਨੂੰ ਰੇਹੜ ਰਿਹਾ ਹੁੰਦੈ ਕਿ ਮੈਨੂੰ ਤੇ ਹਾਸਾ ਆ ਜਾਂਦੈ ਤੇ ਨਾਲ ਨਾਲ ਕੁੱਲੀਆਂ ਦੀ ਕਿਸਮਤ ਤੇ ਰੋਣਾ ਵੀ 😄



ਮੈਨੂੰ ਇਸ ਸਾਮਾਨ ਵਾਲ ਯੱਬ ਤੇ ਲਿਖਣ ਦਾ ਧਯਾਨ ਪਰਸੋਂ ਆਇਆ ਜਦੋਂ ਮੈਂ ਦਿਲੀ ਸਟੇਸ਼ਨ ਦੇ ਇਕ ਪਲੇਟਫਾਰਮ ਤੇ ਲੋਕਾਂ ਦੀਆਂ ਅਟੈਚੀਆਂ ਦੇ ਪਹੀਏ ਬਦਲਦਾ ਦੇਖਿਆ - ਪਹਿਲਾਂ ਤੇ ਛੋਟਾ ਮੋਟਾ ਅਟੈਚੀ ਤੇ ਬੈਗ ਦੀ ਚੈਨੀ ਜ਼ਾਂ ਕੁੰਡੇ ਦਾ ਯੱਬ ਹੀ ਹੁੰਦਾ ਸੀ, ਹੁਣ ਤੇ ਪੂਰੇ ਦਾ ਪੂਰਾ ਪਵਾੜਾ ਪੈ ਜਾਂਦੈ ਜਦੋਂ ਕੀਤੇ ਗੋਡਿਆਂ ਵਾਂਗ ਸਟੇਸ਼ਨ ਤੇ ਪਹੀਏ ਵੀ ਜਵਾਬ ਦੇ ਦੇਣ - ਕਿਓਂਕਿ ਠੂਸ ਠੂਸ ਕੇ ਭਰੀਆਂ ਅਟੈਚੀਆਂ ਬਿਨਾਂ ਪਹੀਏ ਤੋਂ ਚੁੱਕੇ ਕੌਣ!!

ਹੁਣੇ ਅਸੀਂ ਅਮਰੀਕਾ ਜਾਣਾ ਇਸ, ਪਹਿਲਾਂ ਅਸੀਂ 12 ਹਾਜ਼ਰ ਦੋ ਅਤੇਚੀਆਂ ਤੇ ਖਰਚੇ, ਆਉਂਦੇ ਆਉਂਦੇ ਇਕ ਦੀ ਤੇ ਸੀਨ ਵੀ ਉਧੜ ਗਈ ਏ  -- ਇੰਝ ਹੀ ਸਮੇਂ ਨੂੰ ਧੱਕੇ ਦੇਣ ਵਾਸਤੇ, ਦਿੱਲੀ ਦੇ ਏਅਰਪੋਰਟ ਤੇ ਇਕ ਡਿਊਟੀ-ਫ੍ਰੀ ਸ਼ੋਪ ਤੇ ਇਕ ਅਟੈਚੀ ਦਾ ਭਾਅ ਪੁੱਛਯਾ - ਕਹਿੰਦੈ 25 ਹਜ਼ਾਰ - ਫੇਰ ਲੱਗਾ ਉਸ ਦੀਆਂ ਤਾਰੀਫਾਂ ਗਿਣਾਉਣ -- ਮੈਂ ਤੇ ਹਲਕੀ ਜਿਹੀ ਸਮਾਈਲ ਸੁੱਟ ਕੇ ਅਗਾਂਹ ਵਧ ਗਿਆ 😁😁

ਇਕ ਮਜ਼ੇਦਾਰ ਗੱਲ ਚੇਤੇ ਆ ਗਈ, ਇਹ ਸਫਾਰੀ ਵਾਰੀ ਅਟੈਚੀ ਚੁੱਕਣ ਚ ਭਾਰੇ ਤੇ ਹੁੰਦੇ ਹੀ ਸੀ, ਮੇਰਾ ਮਾਮਾ ਕਦੇ ਕਦੇ ਕਹਿੰਦਾ ਜਦੋਂ ਉਹਨਾਂ ਦੀ ਉਮਰ ਵੱਡੀ ਹੋ ਗਈ ਤੇ ਓਹਨਾ ਨੂੰ ਦਿੱਲੀ ਸਟੇਸ਼ਨ ਤੋਂ ਗੱਡੀ ਬਦਲਣੀ ਪੈਂਦੀ ਸੀ -- ਗੱਲ ਕੱਢ ਕੇ ਕਹਿੰਦੇ - ਬਿੱਲੇ, ਸੱਚੀਂ, ਪੁਰਾਣੀ ਦਿੱਲੀ ਦੇ ਪਲੇਟਫਾਰਮ ਦੀਆਂ ਪੌੜੀਆਂ ਚੜ ਕੇ ਜਦੋਂ ਹਫਦਾ ਹੋਇਆ ਉਪਰ ਪੁਲ ਤੇ ਪਹੁੰਚਣਾ ਹਾਂ, ਤੇ ਦਿਲ ਕਰਦੈ ਅਟੈਚੀ ਨੂੰ (ਮੋਟੀ ਗੱਲ ਕੱਢ ਕੇ!!) ਪੈਰ ਨਾਲ ਠੁੱਡਾ ਮਾਰਾਂ ਤੇ ਥੱਲੇ ਸੁੱਟ ਦਿਆਂ !! ਇਹ ਗੱਲ ਸੁਣ ਕੇ ਹੱਸ ਹੱਸ ਕੇ ਸਾਡਾ ਢਿਡ ਦੁਖਣ ਲੱਗ ਪੈਂਦਾ ਸੀ। ..

ਜਿਵੇਂ ਅਸੀਂ ਮਹਿੰਗੇ ਬਰਾਂਡਿਡ ਕੱਪੜਿਆਂ ਦੇ ਓਹਲੇ ਛੁੱਪੇ ਕਿਸੇ ਬੰਦੇ ਨੂੰ ਸਮਝਣ ਚ' ਗ਼ਲਤੀ ਕਰਦੇ ਹਾਂ, ਉਂਝ ਹੀ ਆਓ ਸਾਮਾਨ ਦੇ ਇਸ ਸਟੇਟਸ ਸਿੰਬਲ ਵਾਲੀ ਗੱਲ ਨੂੰ ਵੀ ਠੱਲ ਪਾਈਏ - ਹੌਲੇ ਰਹੀਏ ਤੇ ਹੌਲੇ ਹੋ ਕੇ ਹੀ ਤੁਰੀਏ।  ਲਖਨਊ ਚ ਉਹ ਮਹਾਨ ਕਵੀ  ਨੀਰਜ  ਰਹਿੰਦਾ ਸੀ, ਮੈਂ ਇਥੇ ਉੰਨਾ ਦਾ ਜਨਮਦਿਨ ਜ਼ਰੂਰ ਅਟੇੰਡ ਕਰਦਾ ਸੀ, ਉਹ ਹਮੇਸ਼ਾ ਕਿਹਾ ਕਰਦੇ ਸਨ -
ਜਿਤਨਾ ਕੰਮ ਸਾਮਾਨ ਰਹੇਗਾ,
ਉਤਨਾ ਸਫਰ ਆਸਾਂ ਰਹੇਗਾ !!
(ਸਫਰ ਤੋਂ ਮਤਲਬ - ਕੋਈ ਵੀ ਸਫਰ - ਆਪਣੇ ਪਿੰਡ ਦਾ ਜ਼ਾਂ ਫੇਰ ਆਪਣੇ ਅਸਲੀ ਠਿਕਾਣੇ ਅਪੜੁਨ ਵਾਲਾ  ਸਫਰ!!) 

 ਇਹ ਓਹੋ ਮਹਾਨ ਕਵੀ ਸੀ ਜਿਸ ਨੂੰ ਸਾਨੂੰ ਉਹ ਗੀਤ ਦਿੱਤਾ - ਸ਼ੋਖੀਓਂ ਮੈਂ ਘੋਲਾ ਜਾਏ....ਦੇਖ ਭਾਈ ਦੇਖ ਆਗੇ ਹੀ ਨਹੀਂ - ਸ਼ਰਮੀਲੀ ਸ਼ਰਮੀਲੀ - ਮੇਰੇ ਬਚਪਨ ਤੋਂ ਚਲਦੇ ਆ ਰਹੇ ਸੁਪਰਹਿੱਟ ਗਾਣੇ, ਅਜ ਉਸ ਮਹਾਨ ਆਦਮੀ ਦੀ ਯਾਦ ਚ ਪੰਜਾਬੀ ਦੀ ਥਾਂ ਇਕ ਹਿੰਦੀ ਗੀਤ ਸੁਣਦੇ ਹਾਂ। 5-6 ਸਾਲ ਪਹਿਲਾਂ ਉਹਨਾਂ ਦੇ ਜਨਮ ਦਿਨ ਤੇ ਮੈਂ ਇਕ ਵੀਡੀਓ ਬਣਾਈ ਸੀ, ਉਹ ਵੀ ਦੇਖੋ - ਕਿੱਢੀਆਂ ਖਰੀਆਂ ਗੱਲਾਂ ਕਰਦਾ ਸੀ ਉਹ ਦਰਵੇਸ਼!!😘




No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...