Tuesday 15 October 2019

"ਮੈਂ ਕੈਪਸੂਲ ਦੇ ਦੋ ਹਿੱਸੇ ਕਰ ਕੇ ਲੈ ਲਵਾਂਗਾ!"

"ਮੈਂ ਕੈਪਸੂਲ ਦੇ ਦੋ ਹਿੱਸੇ ਕਰ ਕੇ ਲੈ ਲਵਾਂਗਾ!"- ਮੇਰੇ ਇੱਕ ਬਜ਼ੁਰਗ ਮਰੀਜ ਨੇ ਜਦੋਂ ਇਹ ਕਿਹਾ, ਮੇਰੇ ਕੰਨ ਤਾਂ ਖੜੇ ਹੋਣੇ ਹੀ ਸੀ.

"ਉਹ ਕਿਵੇਂ, ਬਾਊਜੀ ?"- ਮੈਨੂੰ ਵੀ ਇਹ ਜਾਣਨ ਦੀ ਕਾਹਲੀ ਸੀ.

"ਕੁਝ ਨਹੀਂ, ਡਾਕਟਰ ਸਾਬ, ਮੈਂ ਬਸ ਕੈਪਸੂਲ ਨੇ ਖੋਲ ਲੈਂਦਾ ਹਾਂ ਤੇ ਉਸ ਦੇ ਅੰਦਰ ਜਿਹੜੀ ਦਵਾਈ ਦਾ ਪਾਊਡਰ ਹੁੰਦੈ, ਉਸ ਨੂੰ ਦੋ ਹਿੱਸਿਆਂ ਚ' ਵੰਡ ਲੈਂਦਾਂ ਆਂ!"

"ਤੇ ਉਸ ਕੈਪਸੂਲ ਦੇ ਖਾਲੀ ਖੋਖੇ ਦਾ ਕਿ ਕਰਦੇ ਓ ?"

"ਓਹਦਾ ਕੀ ਕਰਣੈ, ਜਦੋਂ ਦਵਾਈ ਹੀ ਵਿਚੋਂ ਕੱਢ ਲਈ ਤੇ ਓਹਨੂੰ ਸੁੱਟ ਦੇਈਦੈ, ਜਨਾਬ!"

ਇਸ ਮਰੀਜ ਨੂੰ ਮੂੰਹ ਤੇ ਸੱਟ ਲੱਗੀ ਸੀ, ਇਸ ਕਰਕੇ ਉਸਦੀ ਬਾਚੀ ਪੂਰੀ ਨਹੀਂ ਸੀ ਖੁਲਦੀ, ਮੈਨੂੰ ਲੱਗਾ ਕਿ ਸ਼ਾਇਦ ਇਸ ਨੇ ਕੈਪਸੂਲ ਲੈਣ ਦੀ ਇਹ ਕਾਢ ਇਸੇ ਲਈ ਕੱਢੀ ਹੋਵੇ। ਇਸ ਕਰਕੇ ਮੇਰੇ ਕੋਲੋਂ ਇਹ ਪੁਛਿਓਂ ਰਹਿ ਨਾ ਹੋਇਆ ਕਿ ਪਹਿਲਾਂ ਵੀ ਕੋਈ ਕੈਪਸੂਲ ਇੰਝ ਹੀ ਅੱਧਾ ਕਰ ਕੇ ਲੈਂਦੇ ਹੋ ?

"ਹਾਂ ਜੀ, ਹਾਂ ਜੀ, ਕਈ ਵਾਰੀ ਇੰਝ ਹੀ ਕਰਦਾਂ, ਸਵੇਰੇ ਖਾਲੀ ਪੇਟ ਖਾਣ ਵਾਲੀ ਗੈਸ ਦੀ ਦਵਾਈ ਦਾ ਕੈਪਸੂਲ ਵੀ ਮੈਂ ਇੰਝ ਹੀ ਅੱਧਾ ਅੱਧਾ ਕਰ ਕੇ ਲੈਂਦਾ ਹਾਂ! " - ਉਹ ਕਰਮਾਂਵਾਲਾ ਆਖ਼ਦੈ।

ਚਲੋ ਜੀ, ਇਸ ਨੂੰ ਤਾਂ ਮੈਂ ਸਮਝਾ ਦਿੱਤਾ , ਤੁਹਾਡੇ ਨਾਲ ਗੱਲ ਬਾਅਦ ਚ' ਕਰਦਾਂ! ਇਸ ਤਰ੍ਹਾਂ ਦੀਆਂ ਗੱਲਾਂ ਤੇ ਕਦੇ ਕਦੇ ਮੇਰੇ ਕੰਨੀਂ ਪੈ ਹੀ ਜਾਂਦੀਆਂ ਸਨ ਕਿ ਕਿਸੇ ਨੇ ਕੈਪਸੂਲ ਦੇ ਸਾਈਜ਼ ਤੋਂ ਡਰ ਕੇ ਉਸ ਨੂੰ ਸਬੂਤਾ ਨਹੀਂ ਖਾਦਾ, ਉਸ ਨੂੰ ਖੋਲ ਕੇ ਵਿਚੋਂ ਦਵਾਈ ਕੱਢ ਕੇ ਉਸ ਨੂੰ ਪਾਣੀ ਨਾਲ ਪੀ ਲਿਆ, ਇਹ ਵੀ ਗ਼ਲਤ ਹੈ, ਦਵਾਈ ਨੂੰ ਸਵਾ ਕਰਨ ਵਾਲੀ ਗੱਲ ਹੈ ਪੱਕਾ!!

ਇਹ ਤੇ ਹੋ ਗਈ ਜੀ ਕੈਪਸੂਲ ਨੂੰ ਅੱਧਾ ਕਰ ਕੇ ਲੈਣ ਵਾਲੀ ਗੱਲ - ਹੁਣ ਕੁਝ ਹੋਰ ਗੱਲਾਂ ਵੀ ਸੁਣੋ। ਲੋਕਾਂ ਨੂੰ ਲਗਦੈ ਜਿਹੜਾ ਕੈਪਸੂਲ ਸਾਈਜ਼ ਵਿੱਚ ਵੱਡਾ ਹੈ, ਉਹ ਗਰਮ ਹੋਵੇਗਾ, ਇਸ ਲਈ ਜੇ ਅੱਠਾਂ ਅੱਠਾਂ ਘੰਟਿਆਂ ਬਾਅਦ ਡਾਕਟਰ ਖਾਣ ਨੂੰ ਕਹਿੰਦੈ ਤਾਂ ਓਹ ਬਾਰੀਂ ਘੰਟੇ ਲੈਂਦੇ ਹਨ, ਆਪਣੀ ਮਰਜ਼ੀ ਨਾਲ ਹੀ.

ਹੋਰ ਗੱਲ, ਅਨੇਕਾਂ ਸ਼ਾਰੀਰਿਕ ਤਕਲੀਫ਼ਾਂ ਦੀਆਂ ਦਵਾਈਆਂ ਆਪੇ ਹੀ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਆਪੇ ਹੀ ਬੰਦ ਕਰ ਦਿੰਦੇ ਨੇ....ਕੁਝ ਥੋੜੀਆਂ ਅੱਧੀਆਂ ਪੱਚਦੀਆਂ ਡਾਕਟਰ ਦੀ ਸਲਾਹ ਵਾਲੀਆਂ ਤੇ ਕੁਝ ਕੁਝ ਦੇਸੀ ਪੂੜੀਆਂ, ਇੰਝ ਗੱਲ ਨਹੀਂ ਬਣਦੀ, ਆਰਾਮ ਤੇ ਹੋਣਾ ਦੂਰ, ਰੋਗ ਨੂੰ ਵਧਾਵਾ ਦੇਣ ਵਾਲੀ ਗੱਲ ਹੈ ਇਹ ਤਾਂ.

ਇਕ ਗੱਲ ਹੋਰ ਚੇਤੇ ਆ ਰਹੀ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਕਦੇ ਕਦੇ ਸਾਡੇ ਕੋਲੇ ਮਰੀਜ ਇਸ ਤਰ੍ਹਾਂ ਦੇ ਬੜੇ ਆਉਂਦੇ ਸੀ ਕਿ ਦੰਦ ਵਿਚ ਦਰਦ ਸੀ, ਉਸ ਉੱਤੇ ਦਵਾਈ ਲਾਈ ਤੇ ਮੂੰਹ ਹੀ ਸਾਰਾ ਸੜ ਗਿਆ- ਸਾਨੂੰ ਸਮਝ ਆ ਜਾਉਂਦੀ ਸੀ ਕਿ ਇਸ ਨੇ ਐਸਪਰੀਨ ਦੀ ਦਰਦ ਵਾਲੀ ਗੋਲੀ ਨੂੰ ਪੀਹ ਕੇ ਮੂੰਹ ਵਿਚ ਰੱਖ ਦਿੱਤਾ ਹੋਣੈ ! ਕਈਂ ਲੋਕੀਂ ਆਪਣੀ ਸਮਝ ਦੇ ਘੋੜੇ ਦੌੜਾ ਕੇ ਐਸਪਰੀਨ ਦੀ ਗੋਲੀ ਦਾ ਪਾਊਡਰ ਦਰਦ ਕਰਦੇ ਦੰਦ ਕੋਲ ਰੱਖ ਦਿੰਦੇ ਹਨ, ਦੰਦ ਦਰਦ ਤੇ ਦੂਰ ਹੋਣੋ ਰਿਹਾ, ਸਗੋਂ ਮੂੰਹ ਦੇ ਅੰਦਰਲੀ ਚਮੜੀ ਸੜਨ ਕਰਕੇ ਵੱਡਾ ਜੇਹਾ ਜ਼ਖਮ ਹੋ ਜਾਂਦੈ ਜਿਸ ਨੂੰ ਠੀਕ ਕਰਨ ਕਰਨ ਲਈ ਦਿਨ ਦਵਾਈਆਂ ਖਾਣੀਆਂ ਤੇ ਲਾਉਣੀਆਂ ਪੈਂਦੀਆਂ ਨੇ.

ਅੱਛਾ ਹੁਣ ਕੁਝ ਗੱਲਾਂ ਜਿਹੜੀਆਂ ਇੱਥੇ ਲਿਖਣੀਆਂ ਜ਼ਰੂਰੀ ਨੇ -

ਆਪਣੇ ਡਾਕਟਰ ਤੇ ਵਿਸ਼ਵਾਸ ਰੱਖੋ, ਵੈਸੇ ਵੀ ਵਿਸ਼ਵਾਸ ਰੱਖਣ ਵਾਲਿਆਂ ਦੇ ਹੀ ਬੇੜੇ ਪਾਰ ਹੁੰਦੇ ਨੇ- ਤੁਸੀਂ ਕੰਮੈਂਟ ਵਿੱਚ ਜੋ ਦਿਲ ਆਵੇ ਲਿੱਖ ਲਇਓ , ਪਰ ਜੋ ਸਚਾਈ ਹੈ ਉਹ ਸਚਾਈ ਹੀ ਹੈ !!

ਤੁਸੀਂ ਦੇਖਿਆ ਹੋਣੈ ਕਿ ਕਈ ਦਵਾਈਆਂ ਗੋਲੀਆਂ ਦੀ ਸ਼ਕਲ ਵਿੱਚ ਮਿਲਦੀਆਂ ਨੇ ਤੇ ਕੁਝ ਕੈਪਸੂਲਾਂ ਦੀ ਸ਼ਕਲ ਵਿੱਚ - ਕੁਝ ਕੈਪਸੂਲ ਅਜਿਹੇ ਵੀ ਹੁੰਦੇ ਨੇ ਜਿਹੜੇ ਟਾਇਲਟ ਦੇ ਰਸਤੇ ਥਾਣੀ ਅੰਦਰ ਰੱਖਣੇ ਹੁੰਦੇ ਨੇ, ਜਿੰਨਾ ਨੂੰ ਸੁਪੋਸਿਟੋਰੀ (suppository - ਗੂਗਲ ਕਰ ਵੇਖੋ!) ਆਖਦੇ ਨੇ.

ਇਕ ਗੱਲ ਹਰ ਇੰਸਾਨ ਨੂੰ ਪੱਲੇ ਬੰਨ੍ਹ ਕੇ ਘੁੱਟ ਕੇ ਗੰਢ ਮਾਰਣ ਦੀ ਲੋੜ ਹੈ -  ਜਿਹੜਾ ਪੜ੍ਹਿਆ ਲਿਖਿਆ ਡਾਕਟਰ ਹੈ ਉਸ ਨੂੰ ਹੀ ਪਤਾ ਹੈ ਜਿਹੜਾ ਮਰੀਜ ਉਸ ਸਾਮਣੇ ਬੈਠਿਆ ਜਾਂ ਲੰਮਾ ਪਿਆ ਹੈ, ਉਸ ਨੂੰ ਦਵਾਈ ਕਿਵੇਂ ਦੇਣੀ ਹੈ, ਕਿੰਨੀ ਮਿਕਦਾਰ ਵਿੱਚ ਦੇਣੀ ਹੈ - ਓਹ ਇਸ ਕੰਮ ਕਰ ਕਰ ਕੇ ਘਿੱਸ ਚੁਕਿਆ ਹੁੰਦਾ ਹੈ - ਉਸਦੀਆਂ ਪਾਰਖੀ ਨਜ਼ਰਾਂ ਮਰੀਜ਼ ਤੇ ਨਜ਼ਰ ਮਾਰਦਿਆਂ ਹੀ ਉਸ ਦੀ ਸਿਹਤ ਬਾਰੇ ਮੋਟਾ ਮੋਟਾ ਪਤਾ ਲੈ ਲੈਂਦੀਆਂ ਨੇ, ਉਸ ਦਾ ਭਾਰ ਅਤੇ ਹੋਰ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਸ ਦੀ ਦਿੱਤੀ ਜਾਣ ਵਾਲੀ ਦਵਾਈ ਤੇ ਉਸਦੀ ਡੋਜ਼ (ਖੁਰਾਕ) ਓਹ ਮਿਥਦਾ ਹੈ.

ਦਵਾਈ ਵਾਲੀ ਗੋਲੀ ਦੇਣੀ ਹੈ ਜਾਂ ਕੈਪਸੂਲ ?
ਖਾਣ ਵਾਲੀ ਦਵਾਈ ਜਾਂ ਪੀਣ ਵਾਲੀ ਦਵਾਈ ? 
ਖਾਣ ਵਾਲੀ ਦਵਾਈ ਜਾਂ ਟੀਕਾ?
ਟੀਕਾ ਚਮੜੀ ਵਿਚ, ਚਮੜੀ ਦੇ ਥੱਲੇ, ਮਾਸਪੇਸ਼ੀ ਵਿਚ, ਮਾਸਪੇਸ਼ੀ ਦੀ ਡੂੰਘਿਆਈ ਵਿਚ ਜਾ ਕੇ ਜਾਂ ਖੂਨ ਦੀ ਨਾੜੀ ਵਿਚ ਸਿੱਧਾ ਹੀ ਦਵਾਈ ਨੂੰ ਪਹੁੰਚਾਣਾ ਹੈ, ਡਾਕਟਰ ਨੇ ਇਹ ਫੈਸਲਾ ਵੀ ਕਰਨਾ ਹੁੰਦੈ। 

ਇਹ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ, ਇਸ ਟੌਪਿਕ ਨੂੰ ਕਹਿੰਦੇ ਨੇ Routes of Drug Administration - ਦਵਾਈ ਦੇਣ ਦੇ ਵੱਖ ਵੱਖ ਰਸਤੇ (ਜ਼ਰੀਏ)!

ਅੱਛਾ ਡਾਕਟਰ ਜਦੋਂ ਕਿਸੇ ਦਵਾਈ ਨੂੰ ਮੂੰਹ ਰਾਹੀਂ ਖਾਣ ਲਈ ਜਾਂ ਟੀਕੇ ਦੇ ਰੂਪ ਵਿੱਚ ਦਿੰਦਾ ਹੈ ਤਾਂ ਇਸ ਦਾ ਫੈਸਲਾ ਉਹ ਇਸ ਅਧਾਰ ਤੇ ਕਰਦੈ ਕਿ ਕਿੰਨ੍ਹੇ ਚਿਰ ਤੱਕ ਦਵਾਈ ਦਾ ਅਸਰ ਮਰੀਜ ਦੇ ਸ਼ਰੀਰ ਵਿਚ ਹੋ ਜਾਣਾ ਚਾਹੀਦੈ। ਮੂੰਹ ਥਾਂਣੀ ਲੈਣ ਵਾਲੀਆਂ 30-40 ਮਿੰਟ ਲੈਂਦੀਆਂ ਨੇ , ਜੱਦ ਕਿ ਟੀਕਾ ਗੋਲੀ ਦੇ ਮੁਕਾਬਲੇ ਕਾਫੀ ਜਲਦੀ ਅਸਰ ਸ਼ੁਰੂ ਕਰ ਦਿੰਦੈ - ਇੱਥੇ ਵੀ ਡਾਕਟਰ ਦਾ ਤਜੁਰਬਾ ਹੀ ਕੰਮ ਆਉਂਦੈ - ਜੇਕਰ ਦਵਾਈ ਦਾ ਅਸਰ ਤੁਰੰਤ ਚਾਹੀਦਾ ਹੁੰਦੈ ਤਾਂ ਸਿੱਧਾ ਖੂਨ ਦੀ ਨਾੜੀ ਵਿਚ ਟੀਕਾ ਦਿੱਤਾ ਜਾਂਦੈ ਜਿੰਨੂ IV Injection ਵੀ ਆਖਦੇ ਨੇ, ਯਾਨੀ ਇੰਟਰਾਵੀਨਸ ਟੀਕਾ!

ਜਦੋਂ ਕਿਸੇ ਨੂੰ ਉਲਟੀਆਂ ਲੱਗੀਆਂ ਹੋਣ - ਇਕ ਤੋਂ ਬਾਅਦ ਇਕ, ਫੇਰ ਉਸ ਨੂੰ ਉਲਟੀ ਦੀ ਦਵਾਈ ਵੀ ਜੇ ਦਿੰਦੇ ਨੇ ਤਾਂ ਉਹ ਵੀ ਉਲਟੀ ਰਾਹੀਂ ਬਾਹਰ ਨਿਕਲ ਜਾਂਦੀ ਹੈ - ਇਸ ਲਈ ਅਕਸਰ ਡਾਕਟਰ ਉਸ ਨੂੰ ਦਵਾਈ ਦਾ ਟੀਕਾ ਲਗਵਾਉਣ ਲਈ ਕਹਿੰਦੈ!!

ਇੱਕ ਗੱਲ ਹੋਰ ਬੜੀ ਜ਼ਰੂਰੀ ਇਹ ਹੈ  ਕਿ ਕੁਝ ਦਵਾਈਆਂ ਨੂੰ ਦੇਣ ਦਾ ਰੂਟ ਵੀ ਕੰਪਨੀ ਵੱਲੋਂ ਹੀ ਮਿਥਿਆ ਹੁੰਦੈ - ਉਹ ਡਾਕਟਰ ਦੇ ਹੱਥ ਚ' ਨਹੀਂ ਹੁੰਦਾ ਕਿ ਉਹ ਆਪਣੀ ਮਰਜ਼ੀ ਨਾਲ ਉਸ ਨੂੰ ਬਦਲ ਸਕੇ - ਜਿਵੇਂ ਕਈਂ ਟੀਕੇ ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਨੇ, ਤੇ ਕੁਝ ਬਿਮਾਰੀਆਂ ਦੇ ਤੋਂ ਬਚਣ ਵਾਲੇ ਟੀਕੇ ਖੱਲ ਦੇ ਵਿੱਚ ਤੇ ਕੁਝ ਖੱਲ ਦੇ ਥੱਲੇ ਲਾਏ ਜਾਂਦੇ ਨੇ, ਕੁੱਝ ਨੂੰ ਮਾਸਪੇਸ਼ੀ ਵਿੱਚ ਲਾਇਆ ਜਾਂਦੈ! ਜੇਕਰ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ ਜਾਵੇਗਾ ਤਾਂ ਦਵਾਈ ਦਾ ਕਈ ਵਾਰ ਕੋਈ ਅਸਰ ਹੀ ਨਹੀੰ ਹੁੰਦਾ!

ਗੱਲਾਂ ਤੇ ਕਾਫੀ ਹੋ ਗਈਆਂ ਨੇ, ਪਰ ਓਹ ਗੱਲ ਤੇ ਵਿੱਚੇ ਰਹਿ ਗਈ ਜਿਥੋਂ ਅਸੀਂ ਆਪਣੀ ਗੱਲ ਸ਼ੁਰੂ ਕੀਤੀ ਸੀ ਕਿ ਕਿਵੇਂ ਮੇਰਾ ਇਕ ਮਰੀਜ਼ ਮੈਨੂੰ ਦੱਸਦੈ ਕਿ ਉਹ ਤੇ ਕੈਪਸੂਲ ਨੂੰ ਵੀ ਅੱਧਾ ਅੱਧਾ ਕਰ ਕੇ ਲੈ ਲੈਂਦੈ!!

ਸਵਾਲ ਹੁਣ ਇਹ ਹੈ ਕਿ ਕਿਓਂ ਕੁਝ ਦਵਾਈਆਂ ਗੋਲੀਆਂ (ਟੈਬਲੇਟ) ਦੀ ਸ਼ਕਲ ਵਿੱਚ ਹੁੰਦੀਆਂ ਨੇ ਤੇ ਕੁਝ ਕੈਪਸੂਲ ਦੀ ਸ਼ਕਲ ਵਿੱਚ ?
ਕੀ ਇਹ ਬਸ ਇਕ ਫੈਸ਼ਨ ਹੈ ? ਇਹ ਦਵਾਈ ਦੀ ਖੂਬਸੂਰਤੀ ਵਧਾਉਣ ਲਈ ਕੀਤਾ ਜਾਂਦੈ? 

ਨਹੀਂ, ਨਹੀਂ, ਅਜੇਹੀ ਕੋਈ ਗੱਲ ਨਹੀਂ ਹੈ. ਕਿਸੇ ਦਵਾਈ ਨੂੰ ਕੈਪਸੂਲ ਦੀ ਸ਼ਕਲ ਵਿਚ ਤਿਆਰ ਕਰਨਾ ਇਸ ਲਈ ਜ਼ਰੂਰੀ ਹੁੰਦੈ ਤਾਂ ਜੋ ਉਹ ਢਿੱਡ (stomach) ਦੇ ਐਸਿਡ ਤੋਂ ਆਪਣੇ ਆਪ ਨੂੰ ਬਚਦੀ ਬਚਾਉਂਦੀ ਅੱਗੇ ਆਂਤੜੀਆਂ ਦੇ ਅਗਲੇ ਹਿੱਸੇ ਵਿਚ ਪੁੱਜ ਜਾਵੇ!

ਗੱਲ ਪੱਲੇ ਨਹੀਂ ਪਈ ? ਕੋਈ ਗੱਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ !! 

ਗੱਲ ਇੰਝ ਹੈ ਕਿ ਕੁਝ ਦਵਾਈਆਂ ਜਿਹੜੀਆਂ ਢਿੱਡ ਵਿੱਚ ਜਾ ਕੇ ਘੁਲਣੀਆਂ ਹੁੰਦੀਆਂ ਨੇ ਓਹਨਾ ਨੂੰ ਟੈਬਲੇਟ (ਗੋਲੀ) ਦੀ ਸ਼ਕਲ ਵਿੱਚ ਲਿਆ ਜਾਂਦੈ - ਜਿਥੇ ਜਾ ਕੇ ਉਹ ਘੁਲਦੀਆਂ ਨੇ ਤੇ ਫੇਰ ਸ਼ਰੀਰ ਵਿਚ ਜਜ਼ਬ ਹੋ ਜਾਂਦੀਆਂ ਨੇ।  ਪਰ ਕੁਝ ਦਵਾਈਆਂ ਦੇ ਸਾਲਟ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਅਸੀਂ ਢਿੱਡ ਦੇ ਐਸਿਡ ਤੋਂ ਬਚਾਉਣਾ ਹੁੰਦੈ ਤੇ ਟੀਚਾ ਇਹ ਹੁੰਦੈ ਕਿ ਉਹ ਢਿੱਡ ਤੋਂ ਸਬੂਤੇ ਅੱਗੇ ਲੰਘ ਕੇ ਆਂਤੜੀਆਂ ਦੇ ਅਗਲੇ ਹਿੱਸੇ ਵਿਚ ਜਾ ਕੇ ਘੁਲਣ - ਅਜਿਹੀਆਂ ਦਵਾਈਆਂ ਢਿੱਡ ਤੋਂ ਬੱਚ ਕੇ ਅੱਗੇ ਪਹੁੰਚ ਕੇ ਹੀ ਜਦੋਂ ਘੁਲਦੀਆਂ ਨੇ, ਓਦੋਂ ਹੀ ਓਹ ਸ਼ਰੀਰ ਵਿਚ ਲੌੜੀਂਦਾ ਅਸਰ ਕਰ ਸਕਦੀਆਂ ਨੇ!

ਜਿਵੇਂ ਉਹ ਮੇਰਾ ਮਰੀਜ ਕਰ ਰਿਹਾ ਸੀ ਆਪਣੀ ਅਕਲ ਲਾ ਕੇ, ਉਹ ਇਸ ਦਵਾਈ ਨੂੰ ਤੇ ਆਪਣੇ ਪੈਸੇ ਨੂੰ ਮਿੱਟੀ ਕਰ ਰਿਹਾ ਸੀ - ਅੱਛਾ ਇੱਕ ਗੱਲ ਹੋਰ ਤਾਂ ਕਰਨੋ ਰਹਿ ਹੀ ਗਈ ਕਿ ਅਸੀਂ ਇਹ ਚਾਹੁੰਦੇ ਤਾਂ ਹਾਂ ਕਿ ਢਿੱਡ ਦੇ ਐਸਿਡ ਤੋਂ ਬੱਚ ਕੇ ਦਵਾਈ ਅੱਗੇ ਲੰਘ ਜਾਵੇ!

ਪਰ ਇਹ ਹੋਵੇਗਾ ਕਿਵੇਂ ? ਕੋਈ ਜਾਦੂ ਇਹ ਕੰਮ ਕਰ ਦੇਵੇਗਾ ਜਾਂ ਕੋਈ ਫਾਂਡਾ ? 

ਨਹੀਂ, ਇਸ ਲਈ ਹੀ ਦਵਾਈ ਨੂੰ ਜਾਂ ਤੇ ਇਕ ਕੈਪਸੂਲ ਵਿਚ ਭਰਿਆ ਜਾਂਦੈ (ਜਿਹੜਾ ਜੈਲਾਟੀਨ ਦਾ ਬਣਿਆ ਹੁੰਦੈ) ਜਿਸ ਉੱਤੇ  ਢਿੱਡ ਦੇ ਐਸਿਡ ਦਾ ਕੋਈ ਅਸਰ ਨਹੀਂ ਹੁੰਦਾ ਜਾਂ ਫੇਰ ਉਸ ਗੋਲੀ ਉੱਤੇ ਇਕ ਕੋਟਿੰਗ ਲਾ ਦਿੱਤੀ ਜਾਂਦੀ ਏ ਜਿਸ ਨੂੰ Enteric-coated Tablet ਕਹਿੰਦੇ ਨੇ ਤੇ ਓਹ ਵੀ ਇਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਉਹ ਵੀ ਢਿੱਡ ਤੋਂ ਸਬੂਤੀ ਅੱਗੇ ਲੰਘ ਜਾਵੇ ਤੇ ਅੱਗੇ ਜਾ ਕੇ ਘੁਲ ਕੇ ਢੁਕਵਾਂ ਅਸਰ ਪੈਦਾ ਕਰ ਸਕੇ।

ਇਕ ਗੱਲ ਹੋਰ ਧਿਆਨ ਚ' ਰੱਖਿਆ ਕਰੋ - ਦਵਾਈ ਕਦੇ ਵੀ ਚੰਗੀ ਕੰਪਨੀ ਦੀ ਲਿਆ ਕਰੋ ਜਿਹੜੀ ਪੈਕਿੰਗ ਵਿਚ ਆਉਂਦੀ ਹੋਵੇ, ਤੇ ਹਮੇਸ਼ਾ ਉਸ ਦਾ ਬਿੱਲ ਵੀ ਲੈਣਾ ਜ਼ਰੂਰੀ ਹੈ - ਘਟਿਆ ਤੇ ਮਿਲਾਵਟੀ ਦਵਾਈਆਂ ਨੇ ਨੱਥ ਪਾਉਣ ਦਾ ਇਹ ਇਕ ਸੌਖਾ ਤਰੀਕਾ ਹੈ ਜਿਹੜਾ ਤੁਸੀਂ ਕਰ ਸਕਦੇ ਹੋ, ਬਾਕੀ ਸਰਕਾਰਾਂ ਤੇ ਆਪਣਾ ਕੰਮ ਕਰ ਹੀ ਰਹੀਆਂ ਜੇ, ਜਿਸ ਤੋਂ ਤੁਸੀਂ ਸਾਰੇ ਜਾਣੂ ਹੀ ਹੋ!!

ਖੁੱਲੇ ਕੈਪਸੂਲਾਂ ਤੋਂ ਧਿਆਨ ਆਇਆ - ਬਚਪਨ ਦੇ ਦਿਨਾਂ ਦੀ ਗੱਲ ਹੀ - ਸਾਡਾ ਯਾਰ ਸੀ ਕਾਲਾ - ਅਸੀਂ ਸਾਰੇ ਇਕੱਠੇ ਹੀ ਖੇਡਣਾ ਹੁੰਦਾ ਸੀ - ਉਹ ਕਈ ਵਾਰੀ ਬੜਾ ਦੇਰ ਨਾਲ ਆਉਂਦਾ ਸੀ - ਜਦੋਂ ਉਸ ਕੋਲੋਂ ਪੁੱਛੋਂ ਹਾਂ ਬਈ ਕਾਲੇ ਅੱਜ ਫੇਰ ਐਨੀ ਦੇਰ! ਉਹ ਕਹਿੰਦਾ - ਕੁਝ ਨਹੀਂ ਯਾਰ, ਅੱਜ ਦਾਰ ਜੀ ਨੇ ਕੈਪਸੂਲ ਭਰਨ ਤੇ ਲਾ ਦਿੱਤਾ, ਉੱਠਣ ਹੀ ਨਹੀਂ ਦਿੱਤਾ।

ਇਹ ਕੈਪਸੂਲ ਭਰਨ ਵਾਲਾ ਕੰਮ ਆਖਿਰ ਹੈ ਕੀ ਸੀ ? 

ਜਦੋਂ ਅਸੀਂ ਵੱਡੇ ਹੋਏ ਤਾਂ ਸਾਨੂੰ ਪਤਾ ਲੱਗਾ ਕਾਲੇ ਦੇ ਦਾਰ ਜੀ ਬਜ਼ਾਰੋਂ 20-25 ਰੁਪਈਏ ਦੇ ਹਜ਼ਾਰ ਖਾਲੀ ਕੈਪਸੂਲਾਂ ਦੇ ਖੋਲ ਲੈ ਕੇ ਆਉਂਦੇ ਨੇ ਤੇ ਫੇਰ ਕਾਲੇ ਨੂੰ ਨਾਲ ਬਿਠਾ ਕੇ ਉਹਨਾਂ ਕੈਪਸੂਲਾਂ ਵਿੱਚ ਮਿੱਠਾ ਸੋਡਾ ਤੇ ਬੂਰਾ ਸ਼ੱਕਰ ਭਰਦੇ ਨੇ - ਉਹ ਇਕ ਆਰ.ਐੱਮ.ਪੀ ਡਾਕਟਰ ਵੱਜੋਂ ਨਾਲ ਦੇ ਪਿੰਡਾਂ ਵਿੱਚ ਜਾ ਜਾ ਕੇ ਸੇਵਾ (ਇਹ ਕਿਹੜੀ ਸੇਵਾ ਵਰਗੀ ਸੇਵਾ ਹੋਈ!!) ਕਰਦੇ ਸਨ, ਬੜੇ ਹੀ ਮਜ਼ਾਕੀਆ ਸਨ, ਹੱਸਦੇ ਹੱਸਦੇ ਸਾਡੇ ਨਾਲ ਗੱਲਾਂ ਕਰਦੇ - ਸਾਨੂੰ ਦੱਸਿਆ ਕਰਦੇ ਕਿ ਮਰੀਜ ਮੇਰੇ ਅਜਿਹੇ ਨੇ-  ਬਿਲਕੁਲ ਚਿੱਟੇ ਅਨਪੜ੍ਹ - ਜਿੰਨੂ ਵੇਖੋ, ਸਾਨੂੰ ਕੈਪਸੂਲ ਦਿਓ , ਸਾਨੂੰ ਕੈਪਸੂਲ ਦਿਓ - ਇਸ ਕਰ ਕੇ ਮੈਂ ਡੱਬਾ ਭਰ ਕੇ ਰੱਖਦਾ ਹਾਂ - ਤਾਂ ਜੋ ਕਿਸੇ ਵੀ "ਲੋੜਵੰਦ" ਦਾ ਮੱਥਾ ਡੰਮ ਸਕਾਂ ਤੇ ਉਹਨਾਂ ਨੂੰ ਕੋਈ ਨੁਕਸਾਨ ਵੀ ਨਾ ਹੋਵੇ - ਬਸ ਮਿੱਠੇ ਸੋਡੇ ਨਾਲ ਹਾਜ਼ਮਾ ਉਹਨਾਂ ਦਾ ਹੋਰ ਠੀਕ ਹੋ ਜਾਉ, ਇਹ ਕਹਿ ਕੇ ਉਹ ਖਿੜ ਖਿੜ ਕਰ ਕੇ ਹੱਸਣ ਲੱਗ ਪੈਂਦੇ!!

ਦਵਾਈਆਂ ਲੈਣ ਦੇ ਹੋਰ ਰਸਤੇ 

ਅੱਛਾ ਇਕ ਹੋਰ ਗੱਲ ਵੀ ਸਾਂਝੀ ਕਰਨੀ ਜ਼ਰੂਰੀ ਹੈ ਕਿ ਦਵਾਈਆਂ ਤਾਂ ਹੋਰ ਵੀ ਰਸਤਿਆਂ ਰਾਹੀਂ ਸ਼ਰੀਰ ਵਿਚ ਘੱਲੀਆਂ ਜਾਂਦੀਆਂ ਨੇ - ਮਿਸਾਲ ਤੇ ਤੌਰ ਤੇ ਤੁਸੀਂ ਵੇਖਿਆ ਹੋਣੈ ਕਿ ਜਿਹੜੇ ਲੋਕੀਂ ਨਸਵਾਰ ਦੇ ਆਦਿ ਹੁੰਦੇ ਨੇ ਉਹ ਕਿਵੇਂ ਨਾਸਾਂ ਰਾਹੀਂ ਨਸਵਾਰ ਚਾੜ ਕੇ ਆਪਣਾ ਅਮਲ ਪੂਰਾ ਕਰ ਲੈਂਦੇ ਨੇ - ਇਹ ਤੇ ਕੋਈ ਚੰਗੀ ਉਦਾਹਰਣ ਨਹੀਂ ਸੀ, ਇਹ ਤੇ ਜ਼ਹਿਰ ਸੁੰਘ ਕੇ ਆਪਣੀ ਜ਼ਿੰਦਗੀ ਨਾਲ ਖੇਡਣ ਵਾਲੀ ਗੱਲ ਹੋ ਗਈ - ਪਰ ਤੁਸੀਂ ਇਹ ਤੇ ਦੇਖਿਆ ਹੀ ਹੋਣੈ ਕਿ ਜਿਹੜੇ ਲੋਕਾਂ ਨੂੰ ਦਮੇ ਦੀ ਬਿਮਾਰੀ ਹੁੰਦੀ ਏ, ਉਹ ਕਿਵੇਂ ਪੰਪ ਰਾਹੀਂ ਲੌੜੀਂਦੀ ਦਵਾਈ ਸਾਹ ਨਾਲ ਅੰਦਰ ਖਿੱਚਦੇ ਨੇ ਤੇ ਓਸੇ ਵੇਲੇ ਦਮੇ ਦੇ ਅਟੈਕ ਤੋਂ ਆਰਾਮ ਪਾ ਲੈਂਦੇ ਨੇ. ਅੱਜ ਕਲ ਤਾਂ ਸ਼ੁਗਰ ਦੇ ਰੋਗੀਆਂ ਲਈ ਸੁੰਘਣ ਵਾਲੀ ਦਵਾਈ (ਇਨਸੁਲਿਨ) ਤੇ ਵੀ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹੈ - ਮੈਨੂੰ ਨਹੀਂ ਪਤਾ ਸ਼ਾਇਦ ਬਾਜ਼ਾਰ ਵਿਚ ਅਜੇਹੀ ਇਨਸੁਲਿਨ ਮਿਲਣ ਵੀ ਲੱਗ ਪਈ ਹੋਵੇ!!

ਮਰੀਜਾਂ ਦਾ ਤੇ  ਮੈਂ ਬੜਾ ਤਵਾ ਲੈ ਲਿਐ  ਕਿ ਉਹ ਇੰਞ ਕਰਦੇ ਨੇ ਤੇ ਉਹ ਉਂਝ ਕਰਦੇ ਨੇ, ਪਰ ਦਵਾਈ ਨੂੰ ਸ਼ਰੀਰ ਅੰਦਰ ਘੱਲਣ ਦੇ ਇਕ ਹੋਰ ਰਸਤੇ ਬਾਰੇ ਗੱਲ ਕਰਾਂਗਾ ਤੇ ਇਕ ਡਾਕਟਰ ਦਾ ਵੀ ਤਵਾ ਲਾ ਕੇ ਇਸ ਲੇਖ ਨੂੰ ਖਤਮ ਕਰਾਂਗਾ।  

ਦੋ ਕੁ' ਸਾਲ ਪਹਿਲਾਂ ਮਾਂ ਬੜੀ ਬਿਮਾਰ ਹੋ ਗਈ - ਚੰਗੀ ਭਲੀ ਹੱਸਦੀ ਖੇਡਦੀ ਲਿਖਣ ਪੜਨ ਤੇ ਸਿਲਾਈ ਕਢਾਈ ਵਿੱਚ ਹਮੇਸ਼ਾ ਰੁੱਝੀ ਰਹਿਣ ਵਾਲੀ ਮਾਂ ਨੂੰ ਭੁੱਖ ਲੱਗਣੀ ਬੰਦ ਹੋ ਗਈ - ਵਜ਼ਨ ਘੱਟਣ ਲੱਗਾ ਤੇਜ਼ੀ ਨਾਲ - ਪਰ ਫੇਰ ਵੀ ਮਜ਼ਾਕ ਕਰਨੋ ਬਾਜ ਨਾ ਆਉਂਦੀ - ਕਹਿੰਦੀ ਇਕ ਦਿਨ, ਬਿੱਲਿਆ, ਵੇਖੀ ਕਿਤੇ ਮੈਂ ਇੰਝ ਹੀ ਘਿਸਦੀ ਘਿਸਦੀ ਗਾਇਬ ਹੀ ਨਾ ਹੋ ਜਾਵਾਂ! ਮਾਂ ਦੇ ਮੁੰਹ ਵਿਚੋਂ ਇਹ ਗੱਲ ਸੁਣ ਕੇ ਮੈਂ ਤੇ ਛੋਟਾ ਮੁੰਡਾ ਮਾਂ ਦੇ ਹਾਸੇ ਵਿਚ ਝੂਠੀ ਮੂਠੀ ਸ਼ਾਮਿਲ ਤੇ ਹੋ ਗਏ, ਪਰ ਮੈਂ ਅੰਦਰ ਤੱਕ ਕੰਬ ਗਿਆ!

ਮਾਂ ਨੂੰ ਹੋਇਆ ਕੀ ਸੀ ? 

ਸਾਰੇ ਟੈਸਟ ਹੋਏ ਮਾਂ ਦੇ, ਆਖ਼ਰ ਪਤਾ ਲੱਗਾ ਕਿ ਮਾਂ ਨੂੰ ਪੈਂਕ੍ਰਿਯਾ ਗ੍ਰੰਥੀ ਵਿੱਚ ਗੰਢ ਹੈ ਜਿਹੜੀ ਆਸੇ ਪਾਸੇ ਫੈਲ ਚੁੱਕੀ ਹੈ , ਇਲਾਜ ਕੁਛ ਨਹੀਂ ਹੈ. ਬਸ ਸੇਵਾ ਹੀ ਹੈ! (ਇਹੋ ਤਕਲੀਫ ਗੋਆ ਦੇ ਮੁੱਖ ਮੰਤਰੀ ਨੂੰ ਵੀ ਹੋਈ ਸੀ !!) - ਫੇਰ ਵੀ ਓਹੀਓ ਗੱਲ ਹੈ ਜਦ ਤਕ ਸਾਹ ਤੱਦ ਤੱਕ ਆਸ! ਵਿਚਾਰੀ ਨੂੰ ਲੈ ਕੇ ਜਗ੍ਹਾ ਜਗ੍ਹਾ ਧੱਕੇ ਖਾਦੇ - ਅਸੀਂ ਤੇ ਕੀ ਖਾਦੇ ਉਸ ਨੂੰ ਐੱਡੀ ਦਰਦ ਦੀ ਹਾਲਤ ਵਿੱਚ ਖ਼ਵਾਏ - ਉਸ ਨੂੰ ਢਿੱਡ ਤੇ ਪਿੱਠ ਵਿਚ ਇੰਨੀ ਤੇਜ਼ ਦਰਦ ਹੁੰਦੀ ਰਹਿੰਦੀ ਕਿ ਹਰ ਵੇਲੇ ਗਰਮ ਪਾਣੀ ਦੀ ਟਕੋਰ ਹੀ ਕਰਦੀ ਰਹਿੰਦੀ - ਐਂਨੀ ਟਕੋਰ ਨਾਲ ਉਹਨਾਂ ਦਾ ਢਿੱਡ ਹੀ ਜਿਵੇਂ ਸੜ ਗਿਆ - ਢਿੱਡ ਦੀ ਉਪਰਲੀ ਸਾਰੀ ਚਮੜੀ ਕਾਲੀ ਧੂਤ ਹੋ ਗਈ - ਦਰਦਾਂ ਐੱਡਿਆਂ ਕਿ ਇਕ ਬੜੀ ਸਟਰਾਂਗ ਜਿਹੀ ਦਵਾਈ ਜਿਸ ਵਿੱਚ ਨਸ਼ਾ ਵੀ ਹੁੰਦੈ ਉਹ ਉਹਨਾਂ ਨੂੰ ਦਿਨ ਵਿਚ ਤਿੰਨ ਚਾਰ ਵਾਰ ਲੈਣੀ ਪੈਂਦੀ - ਬਸ ਹੋ ਹਰ ਵੇਲੇ ਸੁੱਤੀ ਰਹਿੰਦੀ, ਦਵਾਈ ਲੈਣ ਲਈ ਹੀ ਉੱਠਦੀ!

ਬਿਮਾਰੀ ਦਾ ਪਤਾ ਲੱਗਣ ਤੋਂ ਡੇਢ ਦੋ ਮਹੀਨੇ ਬਾਅਦ ਉਸ ਨਸ਼ੇ ਵਾਲੀ ਦਰਦ ਦੀ ਦਵਾਈ ਨੇ ਵੀ ਜਿਵੇਂ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ , ਫੇਰ ਇਕ ਦਵਾਈ ਜਿਸ ਨੂੰ ਮਾਰਫਿਨ ਕਹਿੰਦੇ ਨੇ, ਉਸ ਦੇ ਪੈਚ ਉਹਨਾਂ ਨੂੰ ਲਾਉਣ ਦੀ ਸਲਾਹ ਦਿੱਤੀ ਗਈ।

ਪੈਚ ਮਤਲਬ ਜਿਵੇਂ ਸੱਟ ਤੇ ਲਗਾਉਣ ਵਾਲੀ ਪੈਚ ਹੁੰਦੈ ਬੈਂਡ-ਐਡ ਵਰਗਾ , ਓਹੋ ਜੇਹਾ ਪੈਚ ਜਿਸ ਉੱਤੇ ਮੌਰਫੀਨ ਦੀ ਦਵਾਈ ਲੱਗੀ ਹੁੰਦੀ -

ਕਿੰਨੀ ? 

ਇਕ ਗ੍ਰਾਮ ਦਾ ਲਖਵਾਂ ਹਿੱਸਾ ਜਾਂ ਇਸ ਤੋਂ ਵੀ ਘੱਟ ! (ਮੇਰੇ ਹਿਸਾਬ ਬੜਾ ਕਮਜ਼ੋਰ ਹੈ!!) -  ਇਕ ਛੋੱਟਾ ਜੇਹਾ ਪੈਚ 500-600 ਰੁਪਈਏ ਦਾ ਆਉਂਦੈ। ਇਹ ਗਿਣੇ ਚੁਣੇ ਹੌਸਪੀਟਲਾਂ ਵਿਚੋਂ ਹੀ ਮਿਲਦੇ ਨੇ, ਬਾਹਰ ਦਵਾਈ ਵਾਲੀ ਦੁਕਾਨ ਤੋਂ ਨਹੀਂ - ਇਸ ਨੂੰ ਮਰੀਜ ਦੀ ਛਾਤੀ ਉੱਤੇ ਮੋਢੇ ਦੇ ਕੋਲ ਲਾਉਣਾ ਹੁੰਦੈ - ਮੈਨੂੰ ਡਾਕਟਰ ਨੇ ਉਸ ਨੂੰ ਲਾਉਣਾ ਸਿਖਾ ਦਿੱਤਾ - ਇਸ ਦਾ ਅਸਰ 48 ਘੰਟੇ ਰਹਿੰਦਾ ਹੈ!! ਬਸ ਉਸ ਨੂੰ ਗਿੱਲਾ ਨਹੀਂ ਹੋਣ ਦੇਣਾ ਹੁੰਦਾ!!

ਜਦੋਂ ਪਹਿਲੇ ਦਿਨ ਇਹ ਪੈਚ ਮਾਂ ਨੂੰ ਲੱਗਾ, ਮਾਂ ਨੂੰ ਜਿਵੇਂ ਠੰਡ ਪੈ ਗਈ - ਥੋੜਾ ਖਾਦਾ ਪੀਤਾ ਵੀ- ਪਰ ਇਹ ਕੀ ? ਮਾਂ ਤੇ ਹਰ ਵੇਲੇ ਬਿਲਕੁਲ ਘੂਕ ਸੁੱਤੀ ਰਹਿਣ ਲੱਗ ਪਈ - ਭੈਣ ਆਈ ਹੋਈ ਸੀ, ਉਹ ਕਹਿੰਦੀ ਮਾਂ ਦੇ ਕੰਨ ਕੋਲ ਜਾ ਕੇ - ਇਹ ਕੀ, ਬੀਜੀ, ਤੁਹਾਡੀ ਧੀ ਆਈ ਏ ਏੰਨੀ ਦੂਰੋਂ, ਤੁਸੀਂ ਗੱਲ ਹੀ ਨਹੀਂ ਕਰਦੇ!!  ਭੈਣ ਮੈਨੂੰ ਕਹਿੰਦੀ ਕਿ ਆਪਾਂ ਬੀਜੀ ਨੂੰ ਕਦੇ ਇਸ ਤਰ੍ਹਾਂ ਲੰਮੇ ਪਏ ਵੇਖਿਆ ਹੀ ਨਹੀਂ - ਸਵੇਰੇ ਤੋਂ ਸ਼ਾਮ ਭੱਜਦੇ ਨੱਠਦੇ ਖੁਸ਼ੀ ਖੁਸ਼ੀ ਕੰਮ ਕਰਦਿਆਂ ਹੀ ਵੇਖਿਐ!!

ਇੱਕ ਦਿਨ ਮੈਂ ਉਸ ਡਾਕਟਰ ਕੋਲ ਗਿਆ - ਹੋਰ ਪੈਚ ਲੈਣੇ ਸੀ - ਬੜਾ ਵੱਡਾ ਡਾਕਟਰ ਸੀ - ਵੱਡਾ ਪ੍ਰੋਫੈਸਰ - ਆਸੇ ਪਾਸੇ ਉਸ ਦੇ ਹੋਰ ਵੀ ਡਾਕਟਰ ਸੀ ਉਸ ਦੇ ਚੈਂਬਰ ਵਿਚ - ਦੇਸ਼ ਦਾ ਮੰਨਿਆ ਪ੍ਰਮੰਨਿਯਾ ਡਾਕਟਰ - ਰਿਟਾਇਰ ਹੋਣ ਦੇ ਕੰਢੇ ਤੇ ਹੀ ਹੋਵੇਗਾ - ਪਰ ਉਸ ਨਾਲ ਕਿ ਹੁੰਦੈ!! - ਜੇਕਰ ਕਿਸੇ ਇਨਸਾਨ ਨੂੰ ਗੱਲ ਕਰਨ ਦੀ ਅਕਲ ਨਹੀਂ ਤੇ ਸਾਰੀਆਂ ਪੜ੍ਹਾਈਆਂ ਲਿਖਾਈਆਂ ਤੇ ਵੱਡੇ ਵੱਡੇ ਓਹਦੇ ਸਵਾ ਨੇ, ਅਜਿਹੀਆਂ ਪੜ੍ਹਾਈਆਂ ਨੂੰ ਕਿਸੇ ਨੇ ਫੂਕਨੈ!! ਖਾਸ ਕਰ ਕੇ ਜਦੋਂ ਤੁਹਾਡਾ ਪਾਲਾ ਅਜਿਹੇ ਮਰੀਜ਼ਾਂ ਨਾਲ ਪੈਣਾ ਹੋਵੇ ਜਿੰਨਾ ਬਾਰੇ ਜੇ ਤੁਹਾਨੂੰ ਪਤਾ ਹੈ ਤਾਂ ਅੰਦਰੋਂ ਉਹ ਵੀ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਜਾਣਦੇ ਹਨ, ਉਹ ਤੁਹਾਡੇ ਕੋਲ ਕੁਝ ਠਾਰ/ ਸੁਕੂਨ ਲੱਭਣ ਆਉਂਦੇ ਨੇ!! 

ਉਸ ਦਿਨ ਗੱਲ ਇਹ ਹੋਈ ਕਿ ਉਸ ਦੇ ਪੁੱਛਣ ਤੇ ਮੈਂ ਦੱਸਿਆ ਕਿ ਪੈਚ ਨਾਲ ਦਰਦ ਦਾ ਤੇ ਆਰਾਮ ਰਹਿੰਦੈ ਪਰ ਬੜੀ ਘੂਕੀ ਚੜੀ ਰਹਿੰਦੀ ਹੈ ਉਹਨਾਂ ਨੂੰ - ਪੈਣ ਸੱਟੇ ਅੱਗੋਂ ਕਹਿੰਦੈ - ਦੇਖੀਂ, ਕਿਤੇ ਮਾਤਾ ਸੁੱਤੀ ਦੀ ਸੁੱਤੀ ਨਾ ਰਹਿ ਜਾਵੇ!" 

ਉਸ ਦੀ ਇਹ ਗੱਲ ਸੁਣ ਕੇ ਮੈਨੂੰ ਇੰਨਾ ਵੱਟ ਚੜਿਆ ਕਿ ਮੈਂ ਦੱਸ ਨਹੀਂ ਸਕਦਾ - ਇੰਝ ਤੇ ਕੋਈ ਅਨਪੜ੍ਹ ਵੀ ਨਾ ਕਹੇ, ਤੇਰੀਆਂ ਇੰਨੀਆਂ ਵੱਡੀਆਂ ਡਿਗਰੀਆਂ ਕਿਸ ਕੰਮ ਦੀਆਂ, ਜੇਕਰ ਤੈਨੂੰ ਬੋਲਣ ਦੀ ਹੀ ਅਕਲ ਨਹੀਂ, ਤੂੰ ਐਵੇਂ ਹੀ ਰੱਬ ਬਣਿਆ ਬੈਠੇਂ, ਤੂੰ ਕਿਹੜਾ 160 ਸਾਲਾਂ ਦਾ ਪਟਾ ਲਿਖਵਾ ਕੇ ਆਇਐਂ, ਸੁੱਤੇ ਸੁੱਤੇ ਤੇ ਹਰ ਇੱਕ ਨੇ ਸੋ ਹੀ ਜਾਣੈ ਇਕ ਦਿਨ- ਇਹ ਖਿਆਲ ਉਸ ਵੇਲੇ ਮੈਨੂੰ ਉਸ ਦੇ ਚੈਂਬਰ ਤੋਂ ਬਾਹਰ ਨਿਕਲਦੇ ਆਇਆ !!

ਬਸ ਫੇਰ ਉਸ ਡਾਕਟਰ ਨੂੰ ਜਾ ਕੇ ਖੇਚਲ ਦੇਣ ਦੋ ਲੋੜ ਹੀ ਨਾ ਪਈ - ਥੋੜੇ ਜਿਹੇ ਹੀ ਪੈਚ ਅਜੇ 15-20 ਦਿਨ ਹੀ ਮੁਸ਼ਕਿਲ ਨਾਲ ਲਾਏ ਹੋਣਗੇ ਕਿ ਮਾਂ ਹਰ ਵੇਲੇ ਨਿਢਾਲ ਹੋ ਕੇ ਪਈ ਰਹੇ, ਬਿਲਕੁਲ ਅੱਧਮੋਆਂ ਵਾਂਗ - ਉਹ ਪੈਚ ਓਥੇ ਹੀ ਪਏ ਰਹੇ - ਉਸ ਦੀ ਹਾਲਤ ਦੇਖ ਕੇ ਅਸੀਂ ਆਪੇ ਹੀ ਉਹ ਪੈਚ ਲਾਉਣੇ ਬੰਦ ਕਰ ਦਿੱਤੇ - ਫੇਰ ਓਹੀਓ ਦਰਦ ਦੀਆਂ  ਗੋਲੀਆਂ ਦੇਣ ਲੱਗ ਪਏ - ਬਸ ਇੰਝ ਹੀ ਦਰਦ ਵਿਚ ਤੜਫਦੀ ਮਾਂ ਉਡਾਰੀ ਮਾਰ ਉੱਡ ਗਈ - ਅਕਾਲ ਚਲਾਣੇ ਤੋਂ ਦੋ ਦਿਨ ਪਹਿਲਾਂ ਮੇਰੇ ਸਿਰ ਉੱਤੇ ਹੱਥ ਰੱਖ ਕੇ ਆਖਰੀ ਵਾਰ ਇਹ ਸੁਨੇਹਾ ਦੇ ਗਈ - "ਬਿੱਲੇ, ਦੇਖ, ਮਾਂ ਪਿਓ ਕਿਸ ਦੇ ਹਮੇਸ਼ਾ ਥੋੜੇ ਬੈਠੇ ਰਹਿੰਦੇ ਨੇ, ਇਸ ਲਈ ਦਿਲ ਨੂੰ ਵੱਡਾ ਰੱਖੀਦਾ ਏ!" ਜਾਂਦੀ ਜਾਂਦੀ ਵਾਰੀ ਉਸ ਦੀ ਆਖੀ ਇਹ ਗੱਲ ਮੇਰੇ ਸਾਰੇ ਹੰਝੂ ਪੂੰਝ ਗਈ ਜਿਵੇਂ!!

ਮਾਂ ਵਾਲੀ ਇਹ ਗੱਲ ਇਥੇ ਲਿਖਣ ਦਾ ਮੇਰਾ ਕਾਰਨ ਤੁਹਾਨੂੰ ਪੈਚ ਰਾਹੀਂ ਦਵਾਈ ਸ਼ਰੀਰ ਵਿੱਚ ਘੱਲਣ ਬਾਰੇ ਜਾਣੂ ਕਰਵਾਉਣਾ ਸੀ. ਜੀਂਦੇ ਵਸਦੇ ਰਹੋ!!

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...