ਕਿਸੇ ਨੂੰ ਦੱਸਣ ਦੀ ਇਹ ਲੋੜ ਨਹੀਂ ਹੁੰਦੀ ਕਿ ਅਜੇਹੀ ਖ਼ਬਰ ਮਿਲਣ ਦੇ ਕਿੰਨੇ ਚਿਰ ਬਾਅਦ ਰਾਹਤ ਅਮਲਾ ਲੈ ਕੇ ਗੱਡੀ ਤੁਰੇਗੀ - ਇਹ ਸਭ ਨੂੰ ਪਤਾ ਹੀ ਹੁੰਦੈ ਕਿ ਦਿਨ ਦਾ ਟੈਮ ਹੈ ਤਾਂ ਖ਼ਬਰ ਮਿਲਣ ਦੇ 20 ਮਿੰਟਾਂ ਵਿੱਚ ਉਹ ਗੱਡੀ ਤੁਰ ਪਵੇਗੀ - ਜੇਕਰ ਰਾਤ ਦਾ ਸਮਾਂ ਹੈ ਤਾਂ ਖ਼ਬਰ ਮਿਲਣ ਦੇ 30 ਮਿੰਟਾਂ ਵਿੱਚ ਉਸ ਗੱਡੀ ਦਾ ਸਟੇਸ਼ਨ ਤੇ ਨਿਕਲਣਾ ਲਾਜ਼ਮੀ ਹੁੰਦੈ।
ਉਸ ਦਿਨ ਵੀ ਸਾਡੇ ਡਾਕਟਰ ਤੇ ਨਾਲ ਦੂਜਾ ਸਟਾਫ ਡ੍ਰੇਸਰ, ਅਟੈਂਡੈਂਟ ਆਦਿ ਪਹੁੰਚ ਗਏ ਸਟੇਸ਼ਨ ਉੱਤੇ - ਗੱਡੀ ਚੱਲ ਪਈ ਜੀ - ਉਸ ਨੂੰ ਚੱਲਣ ਚ' ਆਪਣੇ ਮਿੱਥੇ ਸਮੇਂ ਤੋਂ 3-4 ਮਿੰਟ ਦੇਰ ਹੋ ਗਈ - ਗੱਡੀ ਚੱਲ ਪਈ - ਗੱਡੀ ਜਦੋਂ 20-25 ਮਿੰਟ ਦਾ ਰਸਤਾ ਚੱਲ ਚੁੱਕੀ ਤਾਂ ਕੰਟਰੋਲ ਆਫਿਸ ਤੋਂ ਗੱਡੀ ਨੂੰ ਵਾਪਸ ਲੈ ਕੇ ਆਉਣ ਲਈ ਕਿਹਾ ਜਾਂਦੈ!
ਸਭ ਨੂੰ ਪਤਾ ਲੱਗ ਗਿਆ ਕਿ ਇਹ ਰੇਲ ਹਾਦਸੇ ਦੀ ਮਾਕ-ਡਰਿੱਲ ਸੀ - ਮਤਲਬ ਟ੍ਰੇਨ ਹਾਦਸੇ ਦੇ ਖ਼ਬਰ ਝੂਠੀ ਭੇਜ ਕੇ ਰਾਹਤ ਅਮਲੇ ਦੀ ਕਾਰਗੁਜ਼ਾਰੀ ਚੈੱਕ ਕਰਣ ਦਾ ਇੱਕ ਉਪਰਾਲਾ ਸੀ - ਇਹ ਰੇਲ ਮਹਿਕਮੇ ਵਿੱਚ ਆਮ ਗੱਲ ਹੈ - ਇਸ ਨੂੰ ਪੂਰਾ ਗੁਪਤ ਤੇ ਸੁਚੱਜੇ ਢੰਗ ਨਾਲ ਅੰਜਾਮ ਕੀਤਾ ਜਾਂਦੈ।
ਲੋ ਜੀ ਆ ਗਈ ਟੀਮ ਵਾਪਸ ਆਪਣੇ ਅੱਡੇ ਤੇ - ਹੁਣ ਪੂਰੀ ਤਰ੍ਹਾਂ ਹੁੰਦੀ ਹੈ ਪੜਤਾਲ - ਕੇਹੜਾ ਸਟੇਸ਼ਨ ਤੇ ਕਿੰਨੇ ਵਜੇ ਪੁੱਜਾ ਤੇ ਕੇਹੜਾ ਟ੍ਰੇਨ ਚੱਲਣ ਤੋਂ ਬਾਦ ਪੁੱਜਾ, ਟ੍ਰੇਨ 3-4 ਮਿੰਟ ਲੇਟ ਚੱਲੀ ਤਾਂ ਉਹ ਕਿਸ ਦੇ ਕਾਰਣ ਲੇਟ ਹੋਈ, ਹਰ ਚੀਜ਼ ਖੁਲਦੀ ਹੈ, ਇੱਕ ਇੱਕ ਮਿੰਟ ਦਾ ਹਿਸਾਬ ਹੁੰਦੈ - ਐਵੇਂ ਕਾਗਜ਼ਾਂ ਦਾ ਢਿੱਡ ਭਰਣ ਵਾਸਤੇ ਨਹੀਂ, ਪੂਰੀ ਰਿਪੋਰਟ ਤਿਆਰ ਹੁੰਦੀ ਹੈ - ਬਾਦ ਵਿਚ 2-3 ਦਿਨ ਮੀਟਿੰਗਾਂ ਚਲਦਿਆਂ ਹਨ ਕਿ ਕਿੱਥੇ ਕਮੀ ਰਹੀ, ਕਿਓਂ ਰਹੀ ਤੇ ਉਸ ਨੂੰ ਕਿਵੇਂ ਸੁਧਾਰਿਆ ਜਾਵੇ, ਇਸ ਉੱਤੇ ਵਿਚਾਰ ਵਟਾਂਦਰਾ ਹੁੰਦੈ! ਕਿਸੇ ਦੀ ਜੇਕਰ ਲਾਪਰਵਾਹੀ ਸਾਮਣੇ ਆਵੇ ਤੇ ਉਸ ਉੱਤੇ ਕਾਰਵਾਈ ਵੀ ਕੀਤੀ ਜਾਂਦੀ ਹੈ!
ਰੇਲਾਂ ਚੱਲ ਰਹੀਆਂ ਨੇ, ਇਹ ਬੜੇ ਤਗੜੇ ਅਨੁਸ਼ਾਸਨ ਦਾ ਹੀ ਕੰਮ ਹੈ - ਡਰ ਕਹੋ ਜਾਂ ਕੁਝ ਕਹੋ, ਹੋਰ ਕੋਈ ਰਸਤਾ ਨਹੀਂ ਐੱਡੇ ਵੱਡੇ ਵਿਭਾਗ ਨੂੰ ਚਲਾਉਣ ਦਾ, 15 ਲੱਖ ਕਰਮਚਾਰੀਆਂ ਨੂੰ ਸੰਭਾਲਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ - 28 ਸਾਲ ਹੋ ਗਏ ਮੈਨੂੰ ਇਸ ਮਹਿਕਮੇ ਵਿਚ ਨੌਕਰੀ ਕਰਦਿਆਂ ਤੇ ਮੈਂ ਹੁਣ ਇਸੇ ਨਤੀਜੇ ਤੇ ਪਹੁੰਚਿਆਂ ਹਾਂ ਕਿ ਰੇਲ ਦਾ ਇੱਕ ਇੱਕ ਮੁਲਾਜ਼ਿਮ ਇਕ ਲੜੀ ਦਾ ਹਿੱਸਾ ਹੈ ਜਿਹੜੀ ਗੱਡੀਆਂ ਚਲਾ ਰਹੀ ਹੈ - ਮੈਨੂੰ ਇਹ ਮੰਣਨ ਚ' ਕੋਈ ਸ਼ਰਮਿੰਦਗੀ ਨਹੀਂ ਹੈ ਅਜੇ ਵੀ ਅਨੇਕਾਂ (ਬਿਲਕੁਲ ਅਨੇਕਾਂ!!) ਅਜਿਹੀਆਂ ਸ਼੍ਰੇਣੀਆਂ ਨੇ ਮੁਲਾਜ਼ਮਾਂ ਦੀਆਂ ਜਿੰਨ੍ਹਾਂ ਤੋਂ ਮੈਂ ਵਾਕਫ਼ ਹੀ ਨਹੀਂ ਹਾਂ - ਮੈਨੂੰ ਨਹੀਂ ਲੱਗਦਾ ਇਹ ਕਿਸੇ ਲਈ ਵੀ ਮੁਮਕਿਨ ਹੈ.
ਅੱਛਾ ਆਪਣੀ ਉਹ ਰੇਲ ਹਾਦਸੇ ਵਾਲੀ ਗੱਲ ਚੱਲ ਰਹੀ ਸੀ - ਉਸ ਬਾਰੇ ਮੈਂ ਇਹ ਕਹਿਣਾ ਹੈ ਕਿ ਸਮੇਂ ਸਮੇਂ ਤੇ ਇਹ ਮਾਕ -ਡਰਿੱਲ ਹੁੰਦੀ ਰਹਿੰਦੀ ਹੈ - ਵੈਸੇ ਤਾਂ ਕਹਿਣ ਨੂੰ ਜਗ੍ਹਾ ਜਗ੍ਹਾ ਤੇ ਸ਼ਹਿਰ ਵਿੱਚ ਅੱਗ ਲੱਗਣ ਦੀ ਸੂਰਤੇਹਾਲ ਵਿੱਚ ਬੰਦੋਬਸਤ ਦਾ ਜਾਇਜ਼ਾ ਲੈਣ ਲਈ ਵੀ ਅਜਿਹੀਆਂ ਡ੍ਰਿੱਲਸ ਹੋਣੀਆਂ ਚਾਹੀਦੀਆਂ ਨੇ, ਪਰ ਉਹਨਾਂ ਬਾਰੇ ਘੱਟ ਹੀ ਸੁਣੀਦਾ ਏ।
ਚਲੋ ਦੋ ਚਾਰ ਗੱਲਾਂ ਰੇਲ ਹਾਦਸੇ ਵੇਲੇ ਰਾਹਤ ਲਈ ਜਿਹੜੀ ਗੱਡੀ ਜਾਂਦੀ ਹੈ ਉਸ ਬਾਰੇ ਵੀ ਕਰ ਲਈਏ - ਗੱਲ ਇੰਝ ਹੈ ਕਿ ਰੇਲਵੇ ਦੇ ਵੱਡੇ ਵੱਡੇ ਸਟੇਸ਼ਨਾਂ ਉੱਤੇ ਇਕ ਟ੍ਰੇਨ ਹਰ ਵੇਲੇ ਤਿਆਰ ਖੜੀ ਹੁੰਦੀ ਹੈ - ਇਸ ਨੂੰ ਰੇਲ ਹਾਦਸੇ ਲਈ ਰਾਹਤ ਵਾਲੀ ਟ੍ਰੇਨ ਦੇ ਨਾਂਅ ਤੋਂ ਜਾਣਿਆ ਜਾਂਦੈ - ਐਕਸੀਡੈਂਟ ਰਿਲੀਫ਼ ਟ੍ਰੇਨ - ਇਸ ਨੂੰ ਪਲੇਟਫਾਰਮ ਤੇ ਲੱਗਿਆਂ ਤੁਸੀਂ ਕਦੇ ਨਹੀਂ ਵੇਖੋਗੇ - ਇਸ ਨੂੰ 24 ਘੰਟੇ ਅਜੇਹੀ ਹਾਲਤ ਵਿਚ ਰੱਖਿਆ ਜਾਂਦੈ ਕਿ ਰੇਲ ਹਾਦਸੇ ਦੇ ਖ਼ਬਰ ਆਉਣ ਦੇ 20 ਮਿੰਟ ਦੇ ਅੰਦਰ ਅੰਦਰ ਇਹ ਹਾਦਸੇ ਵਾਲੀ ਜਗ੍ਹਾ ਲਈ ਚਲ ਪਵੇ!
ਇਸ ਰਾਹਤ ਗੱਡੀ ਨੂੰ (Accident Relief Train) ਸਟੇਸ਼ਨ ਤੋਂ ਥੋੜਾ ਦੂਰ ਕਿਸੇ ਸਾਈਡ ਤੇ ਅਜੇਹੀ ਲਾਈਨ ਉੱਤੇ ਖੜਾ ਕੀਤਾ ਹੁੰਦੈ ਜਿਹੜੀ ਦੋਵੇਂ ਪਾਸਿਓਂ ਖੁਲੀ ਹੋਵੇ - ਮਤਲਬ ਇਹ ਕਿ 24 ਘੰਟੇ ਦੇ ਦੌਰਾਨ ਕਿਸੇ ਵੀ ਵੇਲੇ ਇਸ ਨੂੰ ਕਿਸੇ ਪਾਸਿਓਂ ਵੀ ਇੰਜਣ ਲਾ ਕੇ ਹਾਦਸੇ ਵਾਲੀ ਜਗ੍ਹਾ ਤੇ ਤੋਰਿਆ ਜਾ ਸਕੇ...ਬਿਨਾ ਕਿਸੇ ਰੁਕਾਵਟ ਦੇ!
ਇਹ ਜਿਹੜੀ ਐਕਸੀਡੈਂਟ ਰਿਲੀਫ਼ ਗੱਡੀ ਹੁੰਦੀ ਏ ਉਸ ਵਿੱਚ ਇਕ ਬੋਗੀ ਵਿੱਚ ਤੇ ਜਿਵੇਂ ਇਕ ਮਿਨੀ ਹਸਪਤਾਲ ਹੀ ਬਣਿਆ ਹੁੰਦੈ - ਛੋਟਾ ਆਪਰੇਸ਼ਨ ਥਿਏਟਰ, ਸਾਰੀਆਂ ਜ਼ਰੂਰੀ ਦਵਾਈਆਂ, ਪੱਟੀਆਂ, ਟੀਕੇ, ਟਾਂਕੇ ਲਾਉਣ ਦਾ ਪੂਰਾ ਸਮਾਨ - ਉਸ ਬੋਗੀ ਵਿੱਚ ਆਕਸੀਜਨ ਦੇ ਸਿਲੰਡਰ ਤੇ ਨਾਲ ਬੈਡ ਵੀ ਲੱਗੇ ਹੁੰਦੇ ਨੇ, ਐਮਰਜੰਸੀ ਲਾਈਟਾਂ, ਫੱਟੜਾਂ ਨੂੰ ਚੁੱਕਣ ਲਈ ਸਟ੍ਰੇਟਚਰਾਂ ਤੇ ਬਦਕਿਸਮਤ ਬੰਦੇ ਜਿਹੜੇ ਤੁਰ ਗਏ, ਉਹਨਾਂ ਲਈ ਖਾਲੀ ਬੈਗ ਵੀ ਹੁੰਦੇ ਨੇ - ਪੀਣ ਵਾਲੇ ਪਾਣੀ ਦੀਆਂ ਬੋਤਲਾਂ ਤੇ ਚਾਅ ਦਾ ਸਮਾਨ, ਬਿਸਕੁਟ ਸਬ ਕੁਝ ਉਸ ਵਿੱਚ ਭਰਪੂਰ ਮਿਕਦਾਰ ਵਿਚ ਰੱਖਿਆ ਹੁੰਦੈ।
ਦਵਾਈਆਂ ਜਿਹੜੀਆਂ ਓਥੇ ਪਈਆਂ ਹੁੰਦੀਆਂ ਨੇ ਜਾਂ ਜੋ ਹੋਰ ਵੀ ਸਮਾਨ ਜਿਹੜਾ ਓਥੇ ਪਿਆ ਹੁੰਦੈ , ਉਸ ਦੀ ਟੈਮੋ-ਟੈਮ ਖ਼ਬਰ ਲਈ ਜਾਂਦੀ ਹੈ - ਮੈਡੀਕਲ ਸਟਾਫ ਜਿਸ ਕੋਲ ਉਸ ਬੋਗੀ ਦੀ ਚਾਬੀ ਹੁੰਦੀ ਏ, ਓਹਨੂੰ ਹਰ ਹਫਤੇ (ਜਾਂ ਉਸ ਤੋਂ ਵੀ ਪਹਿਲਾਂ, ਮੈਨੂੰ ਧਿਆਨ ਨਹੀਂ ਹੈ ) ਓਥੇ ਜਾ ਕੇ ਗੇੜਾ ਲਾ ਕੇ ਆਉਣਾ ਪੈਂਦੈ, ਸਾਫ ਸਫਾਈ ਦੇਖਣੀ, ਕਰਵਾਉਣੀ, ਦਵਾਈਆਂ ਦੀ ਅਕਸਪੈਰੀ ਚੈੱਕ ਕਰਣੀ ਉਸ ਦੇ ਜਿੰਮੇ ਹੁੰਦੈ - ਇਸ ਦੇ ਨਾਲ ਨਾਲ ਇਕ ਰੇਲਵੇ ਡਾਕਟਰ ਵੀ ਜਿਹੜਾ ਉਸ ਮੈਡੀਕਲ ਵੈਨ ਦਾ ਇੰਚਾਰਜ ਹੁੰਦੈ, ਉਹ ਵੀ ਮਹੀਨੇ ਚ' ਇੱਕ ਵਾਰੀ ਓਥੇ ਜਾ ਕੇ ਉਸ ਦੀ ਸਾਫ ਸਫਾਈ, ਦਵਾਈਆਂ ਦਾ ਹਾਲ, ਚਾਦਰਾਂ-ਸ਼ੀਟਾਂ ਦਾ ਹਾਲ - ਹਰ ਚੀਜ਼ ਦਾ ਧਿਆਨ ਰੱਖਦੈ , ਉਸ ਤੇ ਉੱਪਰਲੇ ਅਫਸਰ, ਇਥੋਂ ਤੱਕ ਕਿ ਡੀ.ਆਰ.ਐਮ ਵੀ ਕਦੇ ਕਦੇ ਅਚਾਨਕ ਇਸ ਗੱਡੀ ਦਾ ਇੰਸਪੇਕਸ਼ਨ ਕਰਣ ਤੁਰ ਜਾਂਦੇ ਨੇ !!
ਮੈਂ ਕਈ ਵਾਰ ਲੱਗਦੈ ਕਿ ਰੇਲਵੇ ਵਿੱਚ ਕਈ ਕੰਮ ਬਿਲਕੁਲ ਫੌਜ ਦੇ ਮਹਿਕਮੇ ਵਾਂਗ ਹੀ ਹੁੰਦੇ ਨੇ - ਸਬ ਕੁਝ ਬੜਾ ਚੁਸਤ-ਦੁਰੁਸਤ ਰੱਖਿਆ ਜਾਂਦੈ।
ਅੱਛਾ, ਮੈਂ ਦੱਸ ਚੁਕਿਆ ਹਾਂ ਕਿ ਅਜਿਹੀਆਂ ਗੱਡੀਆਂ ਜਿਹੜੀਆਂ ਐਕਸੀਡੈਂਟ ਵੇਲੇ ਘੱਲੀਆਂ ਜਾਂਦੀਆਂ ਹਨ ਇਹ ਤਾਂ ਵੱਡੇ ਸਟੇਸ਼ਨਾਂ ਤੇ ਹੀ ਖੜੀਆਂ ਹੁੰਦੀਆਂ ਨੇ- ਇਕ ਗੱਲ ਹੋਰ ਇਹ ਵੀ ਦਸਣੀ ਸੀ ਮੈਂ ਕਿ ਇਹ ਜਿਹੜੀ ਟ੍ਰੇਨ ਹੁੰਦੀ ਹੈ ਮੈਡੀਕਲ ਬੋਗੀ ਵਾਲੀ, ਇਸ ਦੇ ਨਾਲ ਦੀ ਬੋਗੀ ਵਿਚ ਅਜਿਹਾ ਸਮਾਨ ਵੀ ਹੁੰਦੈ ਜਿਸ ਨਾਲ ਹਾਦਸੇ ਵਾਲੀ ਗੱਡੀ ਦੇ ਬੂਹੇ ਬਾਰੀਆਂ ਨੂੰ ਕੱਟਿਆ ਜਾ ਸਕੇ, ਵੈਲਡਿੰਗ ਦਾ ਸਮਾਨ, ਕਰੇਨ ਵੀ ਚਾੜੀ ਹੁੰਦੀ ਹੈ - ਜੇਕਰ ਇੰਚਾਰਜ ਨੂੰ ਲੱਗੇ ਕਿ ਕਰੇਨ ਕਰ ਕੇ ਉਸ ਗੱਡੀ ਦੀ ਸਪੀਡ ਘੱਟ ਜਾਵੇਗੀ ਤਾਂ ਮੈਡੀਕਲ ਵਾਲੀ ਬੋਗੀ ਨੂੰ ਪਹਿਲਾਂ ਹੀ ਹਾਦਸੇ ਵਾਲੀ ਜਗ੍ਹਾ ਤੇ ਤੋਰ ਦਿੱਤਾ ਜਾਂਦੈ।
ਹੁਣ ਗੱਲ ਕਰੀਏ ਓਹਨਾਂ ਸਟੇਸ਼ਨਾਂ ਦੀ ਜਿਥੇ ਅਜਿਹੀਆਂ ਰਾਹਤ ਗੱਡੀਆਂ ਨਹੀਂ ਖੜੀਆਂ, ਓਹਨਾਂ ਸਟੇਸ਼ਨ ਤੇ ਵੀ ਪੂਰੇ ਮੈਡੀਕਲ ਦੇ ਸਮਾਨ ਨਾਲ ਲੱਦੇ ਬਕਸੇ ਰੱਖੇ ਹੁੰਦੇ ਨੇ - ਇਕ ਕਮਰਾ ਸਟੇਸ਼ਨ ਉੱਤੇ ਇਹਨਾਂ ਲਈ ਰਾਖਵਾਂ ਹੁੰਦੈ - ਇਹ ਸਮਾਨ ਦੀ ਵੀ ਬਿਲਕੁਲ ਓਵੇਂ ਹੀ ਜਾਂਚ-ਪੜਤਾਲ ਹੁੰਦੀ ਰਹਿੰਦੀ ਹੈ ਜਿਵੇਂ ਰਾਹਤ ਗੱਡੀ ਵਿਚ ਪਾਏ ਸਮਾਨ ਦੀ ਹੁੰਦੀ ਹੈ - ਡਾਕਟਰ ਅਜਿਹੇ ਮੈਡੀਕਲ ਦੇ ਬਕਸਿਆਂ ਦਾ ਇੰਚਾਰਜ ਹੁੰਦੈ - ਕੋਈ ਕਿਸੇ ਕਿਸਮ ਦੀ ਢਿੱਲ ਨਹੀਂ ਹੁੰਦੀ! ਇਸ ਨੂੰ ARME - "ਐਕਸੀਡੈਂਟ ਰਿਲੀਫ਼ ਮੈਡੀਕਲ ਏਕੁਪਮੈਂਟ" ਕਿਹਾ ਜਾਂਦੈ!! ਇਹਨਾਂ ਨੂੰ ਕਿਸੇ ਵੀ ਵੇਲੇ ਸੜਕ ਰਾਹੀਂ ਜਾਂ ਗੱਡੀ ਰਾਹੀਂ ਹਾਦਸੇ ਦੀ ਜਗ੍ਹਾ ਤੇ ਤੋਰਿਆ ਜਾ ਸਕਦੈ!
ਇਹ ਜਿਹੜੇ ਮੈਡੀਕਲ ਦੇ ਸਮਾਨ ਅਤੇ ਦਵਾਈਆਂ ਦੇ ਬਕਸੇ ਹੁੰਦੇ ਨੇ ਇਹਨਾਂ ਨੂੰ ਹਰ 80-100 ਕਿਲੋਮੀਟਰ ਦੀ ਦੂਰੀ ਤੇ ਸਟੇਸ਼ਨ ਉੱਤੇ ਇੱਕ ਅਲੱਗ ਕਮਰੇ ਵਿਚ ਰੱਖਿਆ ਜਾਂਦੈ ਤੇ ਇਸ ਤਰ੍ਹਾਂ ਦੀ ਵਿਓਂਤ ਬਨਾਇ ਹੁੰਦੀ ਹੈ ਕਿ ਇੰਨਾ ਦੇ ਇਕ ਪਾਸੇ ਕਿਸੇ ਲਾਗੇ ਦੇ ਸਟੇਸ਼ਨ ਤੇ ਉਹ ਰਾਹਤ ਵਾਲੀ ਗੱਡੀ ਖੜੀ ਹੋਵੇ।
ਇੱਕ ਗੱਲ ਹੋਰ ਕੇ ਬਸ ਕਰਾਂ - ਮੈਂ ਤਾਂ ਲਿਖਦਾ ਲਿਖਦਾ ਹੀ ਬੋਰ ਹੋ ਗਿਆਂ, ਪੜਨ ਵਾਲਿਆਂ ਦਾ ਵੀ ਮੈਨੂੰ ਸੋਚਣਾ ਚਾਹੀਦੈ !ਕਿਸੇ ਵੀ ਰੇਲ ਹਾਦਸੇ ਦੇ ਵੇਲੇ ਰੇਲ ਦਾ ਸਾਰਾ ਅਮਲਾ ਪੂਰੀ ਹਰਕਤ ਵਿੱਚ ਹੁੰਦੈ - ਵੈਸੇ ਤਾਂ ਉਹ ਹਰ ਵੇਲੇ ਹੀ ਹੁੰਦੈ - ਰੇਲ ਦੇ ਵੱਖੋ ਵੱਖ ਵਿਭਾਗ ਆਪੋ ਆਪਣੇ ਕੰਮੀਂ ਲੱਗੇ ਹੁੰਦੇ ਨੇ - ਮੈਡੀਕਲ ਮਹਿਕਮਾ ਆਪਣਾ ਕੰਮ ਕਰਦੈ, ਫੱਟੜਾਂ ਨੂੰ ਫਰਸਟ-ਏਡ ਦੇ ਕੇ ਰੇਲਵੇ / ਸਰਕਾਰੀ / ਪਰਾਈਵੇਟ ਹਸਪਤਾਲ ਜਿਹੜੇ ਵੀ ਨੇੜੇ ਹੋਣ ਓਥੇ ਸ਼ਿਫਟ ਕੀਤਾ ਜਾਂਦੈ - ਜਿੰਨੇ ਦਿਨ ਵੀ ਇਲਾਜ ਚਲਦਾ ਹੈ, ਖਰਚਾ ਰੇਲ ਦਾ ਹੁੰਦੈ - ਰੇਲ ਦਾ ਇੰਜੀਨੀਅਰਿੰਗ ਵਿਭਾਗ ਉਸ ਵੇਲੇ ਲਾਈਨਾਂ ਦੀ ਮੁਰੰਮਤ ਵਿਚ ਲੱਗ ਜਾਂਦੈ ਤਾਂ ਜੋ ਰੇਲਾਂ ਦੀ ਆਵਾ ਜਾਈ ਜਲਦੀ ਤੋਂ ਜਲਦੀ ਬਹਾਲ ਕੀਤੀ ਜਾ ਸਕੇ, ਮਕੈਨੀਕਲ ਵਿਭਾਗ ਡੱਬਿਆਂ ਦੀ ਕੱਟ-ਵੱਡ ਚ' ਰੁਝਿਆ ਹੁੰਦੈ ਤਾਂ ਜੋ ਪਹਿਲਾਂ ਤੇ ਜਿਹੜੀਆਂ ਸਵਾਰੀਆਂ ਅੰਦਰ ਫਸੀਆਂ ਹੋਈਆਂ ਹਨ ਓਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਬਾਅਦ ਵਿਚ ਉਹ ਟੁੱਟੇ -ਭੱਜੇ ਡੱਬੇ ਨੂੰ ਲਾਈਨ ਤੋਂ ਹਟਾਇਆ ਜਾ ਸਕੇ, ਰੇਲਵੇ ਦਾ ਸੁਰੱਖਿਆ ਮਹਿਕਮਾ ਆਪਣਾ ਕੰਮ ਕਰ ਰਿਹਾ ਹੁੰਦੈ - ਰੇਲਵੇ ਦਾ ਕਮਰਸ਼ੀਅਲ ਮਹਿਕਮਾ ਗੱਡੀਆਂ ਦੀ ਆਵਾ ਜਾਈ ਤੇ ਪੂਰੀ ਨਜ਼ਰ ਰੱਖ ਰਿਹਾ ਹੁੰਦੈ - ਹਰ ਤਰ੍ਹਾਂ ਦੀ ਰੈਫਰੇਸ਼ਮੇੰਟ੍ਸ ਦਾ ਧਿਆਨ ਰੱਖਿਆ ਜਾਂਦੈ - ਚਾਅ, ਪਾਣੀ, ਬਿਸਕੁਟ ਆਦਿ !
ਹਾਦਸੇ ਦੀ ਰਿਪੋਰਟ ਦਿਨ ਵਿਚ ਕਈਂ ਵਾਰੀ ਦਿੱਲੀ ਰੇਲ ਭਵਨ ਚ' ਵੀ ਘੱਲੀ ਜਾਂਦੀ ਹੈ - ਆਪਾਂ ਹਰ ਇੱਕ ਦੇ ਕੰਮ ਬਾਰੇ ਲਿਖ ਦਿੱਤਾ ਪਰ ਉਸ ਆਮ ਹਿੰਦੁਸਤਾਨੀ ਬਾਰੇ ਤੇ ਕੁਝ ਲਿਖਿਆ ਹੀ ਨਹੀਂ ਜੀ ਜਿਹੜਾ ਗੱਡੀ ਦੇ ਹਾਦਸੇ ਦਾ ਖੜਕਾ ਸੁਣ ਕੇ ਉਸੇ ਵੇਲੇ ਆਪਣੇ ਘਰੋਂ ਭੱਜ ਕੇ ਹਾਦਸੇ ਦੀ ਥਾਂ ਤੇ ਪੁੱਜ ਕੇ ਮਦਦ ਦਾ ਹੱਥ ਅਗਾਂਹ ਕਰਦੈ - ਮੇਰੀ ਇਹ ਪੋਸਟ ਉਹਨਾਂ ਸਾਰਿਆਂ ਲੋਕਾਂ ਨੂੰ ਜਿਹੜੇ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਹੋਰ ਵੀ ਕੋਈ ਮੈਡੀਕਲ ਮਦਦ ਪਹੁੰਚਣ ਤੋਂ ਪਹਿਲਾਂ ਓਥੇ ਪੁੱਜ ਕੇ ਭਾਈਬੰਦੀ ਵਿਚ, ਗੁਮਨਾਮ ਰਹਿੰਦਿਆਂ ਹੋਇਆਂ, ਨਿਸ਼ਕਾਮ ਸੇਵਾ ਵਿਚ ਲੱਗ ਪੈਂਦੇ ਨੇ (ਕੋਈ ਫੱਟੜਾਂ ਨੂੰ ਕੱਢਣ ਚ' ਲੱਗਿਆ ਹੁੰਦੈ, ਕੋਈ ਚਾਅ ਦੀ ਸੇਵਾ ਕਰ ਰਿਹਾ ਹੁੰਦੈ, ਕੋਈ ਲੰਗਰ ਲੈ ਕੇ ਆ ਜਾਂਦੈ ਤੇ ਕੋਈ ਉਸ ਵੇਲੇ ਭਾਈ ਘਨਈਆ ਜੀ ਵਾਂਗੂ ਪਾਣੀ ਦੀ ਅਣਥੱਕ ਸੇਵਾ ਚ ਰੁਝਿਆ ਹੁੰਦੈ - ਅਜਿਹੇ ਆਮ ਆਦਮੀਆਂ ਸਦਕਾ ਬੜੀਆਂ ਜਾਨਾਂ ਬਚ ਜਾਂਦੀਆਂ ਨੇ - ਇਹਨਾਂ ਸਾਰਿਆਂ ਨੂੰ ਮੇਰਾ ਸਲਾਮ!!
ਮਾਮਲਾ ਥੋੜਾ ਸੀਰਿਅਸ ਹੋ ਗਿਆ ਜਾਪਦੈ - ਚਲੋ, ਜਾਂਦੇ ਜਾਂਦੇ ਇੱਕ ਗੱਲ ਹੋਰ - ਅਸੀਂ ਜਿਹੜੇ ਮੁੰਡੇ ਪੰਜਵੀ ਜਮਾਤ ਤੋਂ ਅੰਮ੍ਰਿਤਸਰ ਸਕੂਲ ਵਿੱਚ ਇਕੱਠੇ ਪੜਦੇ ਸੀ - 30-35 ਮੁੰਡਿਆਂ ਦਾ ਇਕ ਵਹਾਤਸੱਪ ਗਰੁੱਪ ਹੈ , ਇਕ ਤੋਂ ਇਕ ਵੱਧ ਖੁਰਾਫਾਤੀ ਨੇ , ਓਥੇ ਕੋਈ ਕਿਸੇ ਨਾਲ ਕੋਈ ਗਿਲਾ ਨਹੀਂ ਕਰਦਾ - ਕੁਝ ਕੁਝ ਯਾਦ ਕਰਵਾਉਂਦੇ ਰਹਿੰਦੇ ਨੇ, ਕੁਝ ਚਿਰ ਪਹਿਲਾਂ ਇਕ ਸਾਥੀ ਨੇ ਜਿਹੜਾ ਪੰਜਾਬੀ ਗੀਤ ਭੇਜਿਆ ਉਹ ਮੈਂ ਭੁੱਲ ਚੁਕਿਆ ਸੀ - ਬਚਪਨ ਚ ਰੇਡੀਓ ਤੇ ਬਾਅਦ ਚ ਜਲੰਧਰ ਦੂਰਦਰਸ਼ਨ ਤੇ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਵਿਚ ਜਦੋਂ ਮਾਮਾ ਜੀ ਫਿਲਮ ਦਾ ਇਹ ਗੀਤ ਸੁਣੀਦਾ ਸੀ ਜਾਂ ਪੰਜਾਬੀ ਦੇ ਚਿਤਰਹਾਰ ਵਿਚ ਜਦੋਂ ਇਸ ਨੂੰ ਸੁਣੀਦਾ ਸੀ ਤਾਂ ਬੜਾ ਮਜ਼ਾ ਆਉਂਦਾ ਸੀ - ਖ਼ੈਰਾਇਤੀ ਭੇਂਗਾ ਸਾਡੇ ਵੇਲੇ ਦਾ ਪੰਜਾਬੀ ਫ਼ਿਲਮਾਂ ਦਾ ਬੜਾ ਮਸ਼ਹੂਰ ਕਮੇਡੀਅਨ ਸੀ, ਇਸ ਗੀਤ ਨੂੰ ਗਾਇਆ ਹੈ, ਮੁਹੰਮਦ ਰਫੀ ਸਾਬ ਨੇ! ਜੇ ਕਰ ਤੁਸੀਂ ਵੀ ਸੁਣਨਾ ਚਾਹੋ ਤਾਂ ਪੇਸ਼ੇਖਿਦਮਤ ਹੈ ਜੀ ਓਹੀ ਗੀਤ - ਛੱਕ ਛੱਕ ਗੱਡੀ ਚਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਓ ਜਮਨਾ ਮਾਮਾ, ਕਰ ਪੰਜਾਬ ਦੀ ਸੈਰ !!
No comments:
Post a Comment