Thursday 3 October 2019

ਬੜੀਆਂ ਚੇਤੇ ਆਉਂਦੀਆਂ ਨੇ- ਓਹ ਖੇਡਾਂ !!

ਅੱਜ ਹੁਣੇ ਮੈਂ ਫੇਸਬੁੱਕ ਦੇ ਇਕ ਪੰਜਾਬੀ ਗਰੁੱਪ ਵਿਚ ਇਕ ਫੋਟੋ ਵੇਖੀ, ਬੜਾ ਹਾਸਾ ਆਇਆ - ਆਪਣੀਆਂ ਬਚਪਨ ਦੀਆਂ  ਸ਼ਰਾਰਤਾਂ ਚੇਤੇ ਆ ਗਈਆਂ, ਮੈਂ ਇਹੋ ਜੇਹਾ ਕੰਮੈਂਟ ਵੀ ਓਥੇ ਕੀਤਾ! ਚਲੋ, ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ !!


ਬੜੇ ਸਾਲ ਹੋ ਗਏ ਜਦੋਂ ਘਰ ਵਿੱਚ ਨਿਆਣੇ ਲਾਟੂ ਤੇ ਪਤੰਗਾਂ ਵਿੱਚ ਰੁੱਜੇ ਹੁੰਦੇ ਸੀ, ਮੈਂ ਉਹਨਾਂ ਪੁਰਾਣੀਆਂ ਖੇਡਾਂ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਦਾ ਹੁੰਦਾ ਸੀ - ਆਪਣੇ ਹਿੰਦੀ ਦੇ ਬਲੌਗ ਰਾਹੀਂ! ਫੇਰ ਵਹਾਤਸੱਪ ਦਾ ਜ਼ਮਾਨਾ ਆ ਗਿਆ ਤੇ ਬੜੀਆਂ ਤਸਵੀਰਾਂ ਦਿਖਣ ਲੱਗੀਆਂ- ਪਿੱਠੂ ਸੇਕੇ ਦੀਆਂ, ਖੋ-ਖੋ ਦੀਆਂ, ਰੱਸਾ ਟੱਪਣ ਦੀਆਂ, ਬੰਟਿਆਂ ਦੀਆਂ - ਹੋਰ ਵੀ ਬਹੁਤ ਕੁਝ, ਚੰਗਾ ਲੱਗਦਾ ਸੀ ਓਹਨਾਂ ਤਸਵੀਰਾਂ ਨੂੰ ਮੁੜ ਮੁੜ ਦੇਖਣਾ ਤੇ ਪੁਰਾਣੇ ਦਿਨਾਂ ਨੂੰ ਚੇਤੇ ਕਰ ਕੇ ਹੀ ਹੱਸ ਖੇਡ ਲੈਣਾ !

ਅੱਜ ਇਹ ਉੱਪਰ ਲੱਗੀ ਤਸਵੀਰ ਦੇਖ ਕੇ ਮੈਨੂੰ ਧਿਆਨ ਆਇਆ ਕਿ ਅਸੀਂ ਸ਼ਰਾਰਤਾਂ ਕਰਨੋਂ ਕਿਤੇ ਘੱਟ ਸੀ, ਬਹੁਤ ਸ਼ਰਾਰਤੀ ਤੇ " ਅਥਰੇ" (ਅਕਸਰ ਮੇਰੇ ਵਾਸਤੇ ਇਹ ਲਫ਼ਜ਼ ਵਰਤਿਆ ਜਾਂਦਾ ਇਹ ਬੜਾ ਅਥਰਾ ਹੈ, ਬੜਾ ਕਾਹਲਾ-ਬਾਲਾ ਏ!!) - ਗੱਲ ਇੰਝ ਹੈ ਕਿ ਓਹਨੀਂ ਦਿਨੀਂ ਸਾਡੀਆਂ ਵੀ ਕੁਝ ਖੇਡਾਂ ਹੁੰਦੀਆਂ ਸੀ - ਜਿੰਨਾ ਨੂੰ ਅੱਜ ਲਿਖ ਕੇ ਦਰਜ ਕਰਣ ਦਾ ਮਨ ਕਰ ਰਿਹੈ!! 

ਝਕਾਉਣਾ -  ਇਹ ਉਸ ਖੇਡ ਨਾ ਨਾਂਅ ਨਹੀਂ ਸੀ, ਹੋ ਵੀ ਕਿਵੇਂ ਸਕਦਾ ਸੀ, ਓਹ ਵੀ ਕੋਈ ਖੇਡਾਂ ਵਿਚੋਂ ਖੇਡ ਸੀ, ਬਸ ਸਾਡੀ ਯਾਰਾਂ ਦੀ ਟੋਲੀ ਨੂੰ ਉਸ ਵਿੱਚ ਮਜ਼ਾ ਵਾਧੂ ਆਉਣਾ। ਇਹ ਨਾਂਅ ਝਕਾਉਣਾ ਤੇ ਮੈਂ ਹੁਣ ਲਿਖ ਦਿੱਤੈ! 

ਕਦੇ ਵੀ ਅਚਨਚੇਤ ਅਸੀਂ ਦੋ -ਯਾਰ ਯਾਰਾਂ ਦੋਸਤਾਂ ਨੇ ਇਕੱਠੇ ਹੋ ਜਾਣਾ - ਉਸੇ ਵੇਲੇ ਅਸੀਂ ਇਕ ਟੋਪੀਵਾਲੇ ਬਾਲ ਪੈਨ ਦਾ ਇੰਤਜ਼ਾਮ ਕਰਨਾ - ਅੱਜ ਤੋਂ 45-50 ਸਾਲ ਪਹਿਲਾਂ ਉਹ ਨਵੇਂ ਨਵੇਂ ਚੱਲੇ ਸੀ, ਇਸ ਕਰ ਕੇ ਓਹਨਾਂ ਦਾ ਵਾਧੂ ਕ੍ਰੇਜ਼ ਸੀ. ਕਿਸੇ ਨੇ ਧਾਗੇ ਦੀ ਰੀਲ ਲੈ ਆਉਣੀ ਜਾਂ ਕਿਸੇ ਨੇ ਡੋਰ ਦੀ ਇਕ ਗਿੱਠ ਫੜ ਲੈਣੀ - ਗਿੱਠ ਤੇ ਬਾਬੇਓ ਤੁਸੀਂ ਸਮਝਦੇ ਹੀ ਹੋ ਕਿ ਜਦੋਂ ਕਿਤੋਂ ਪਤੰਗ ਲੁੱਟਣੀ ਤੇ ਓਹਦੇ ਨਾਲ ਜਿਹੜੀ ਡੋਰ ਹੋਣੀ, ਉਸ ਨੂੰ ਹੱਥ ਤੇ 8 ਦੀ ਸ਼ੇਪ ਵਿੱਚ ਫੇਰ ਕੇ ਇਕ ਗਿੱਠ ਬਣਾ ਲੈਣੀ, ਓਹਨੂੰ ਖੀਸੇ ਵਿੱਚ ਪਾ ਲੈਣਾ, ਵੇਲੇ ਕੁਵੇਲੇ ਲਈ - ਘਰੇ ਪਿਆ ਡੋਰ ਦੇ ਵੱਡੇ ਪਿੰਨੇ ਦਾ ਉੱਨਾਂ ਮਜ਼ਾ ਨਾ ਆਉਂਦਾ, ਜਿੰਨ੍ਹਾਂ ਇਹ ਗਿੱਠਾਂ ਨੂੰ ਬੋਝੇ ਵਿੱਚ ਵੇਖ ਕੇ ਆਉਂਦਾ, ਸੱਚੀਂ !!

ਇਹ ਮੈਂ ਵੀ ਕਿਹੜੇ ਡੋਰਾਂ ਪਤੰਗਾ ਪਾਸੇ ਪੈ ਗਿਆ!

ਵਾਪਿਸ ਆਪਣੀ ਖੇਡ ਵਾਲੇ ਆਉਂਦੇ ਹਾਂ ਜੀ , ਅਸੀਂ ਉਸ ਪੇਨ ਦੀ ਟੋਪੀ ਦੇ ਕਲਿੱਪ ਨਾਲ ਧਾਗਾ ਬੰਨ ਕੇ, ਉਸ ਨੂੰ ਸੜਕ ਦੇ ਐਨ ਵਿਚ ਟਿਕਾ ਦੇਣਾ ਤੇ ਆਪ ਉਸ ਡੋਰ ਦਾ ਇਕ ਕਿਨਾਰਾ ਫੜ ਕੇ ਓਹਲੇ ਹੋ ਕੇ ਬਹਿ ਜਾਣਾ। ਓਹਲੇ ਮਤਲਬ ਕਿਤੇ ਵੀ - ਬਸ ਜਿਥੋਂ ਉਸ ਪੇਨ ਤੇ ਨਜ਼ਰ ਰੱਖੀ ਜਾ ਸਕੇ - ਕਿਸੇ ਦੀਵਾਰ , ਕਿਸੇ ਰੁੱਖ,  ਕਿਸੇ ਯਾਰ ਦੋਸਤ ਦੇ ਘਰ ਦੀ ਥੋੜੀ ਜਿਹੀ ਖੁੱਲ੍ਹੀ ਬਾਰੀ ਦੇ ਪਿੱਛੇ ਬਹਿ ਕੇ ਵੀ ਸਾਨੂੰ ਇਹ ਓਹਲਾ ਮੁਹਈਆ ਹੋ ਜਾਂਦਾ - ਫੇਰ ਅਸੀਂ ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰਨਾ - ਆ ਗਿਆ ਜਿਹੜਾ ਪਹਿਲਾਂ, ਅਕਸਰ ਓਹੀਓਂ ਸ਼ਿਕਾਰ ਬਣ ਜਾਂਦਾ - ਜਿਵੇਂ ਹੀ ਉਸ ਸਾਇਕਿਲ ਸਵਾਰ ਨੇ ਆਪਣੇ ਸਾਇਕਿਲ ਤੋਂ ਲੱਤ ਲਾਹ ਕੇ ਉਸ ਪੇਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਣੀ, ਅਸੀਂ ਬੜੀ ਫੁਰਤੀ ਨਾਲ ਉਸ ਡੋਰ ਨੂੰ ਖੇਂਚਾ ਮਾਰ ਕੇ ਪੇਨ ਨੂੰ ਆਪਣੇ ਪਾਸੇ ਖਿੱਚ ਲੈਣਾ !!

ਇਸੇ ਨਾਲ ਹੀ ਸਾਡਾ ਤੇ ਬਾਈ ਸਾਰਿਆਂ ਦਾ ਹੱਸ ਹੱਸ ਕੇ ਹਾਲ ਅਜਿਹਾ ਹੋ ਜਾਂਦਾ - ਕਿ ਕੀ ਦੱਸਾਂ !! ਓਹੋ ਜਿਹੇ ਹਾਸੇ ਐੱਡੇ ਖੁੱਲੇ ਤੇ ਬੇਫਿਕਰੇ ਉਸ ਤੋਂ ਬਾਅਦ ਫਿਰ ਨਾ ਕਦੇ ਮਿਲੇ। ਪਰ ਉਸ ਬੰਦੇ ਦਾ ਹਾਲ ਵੇਖਣ ਵਾਲਾ ਹੁੰਦਾ - ਵਿਚਾਰਾ ਏਧਰ ਓਧਰ ਵੇਖ ਕੇ ਆਰਾਮ ਨਾਲ ਅਗਾਂਹ ਵੱਗ ਜਾਂਦਾ - ਹੋਰ ਕੀ ਕਰਦਾ ! 

ਕਈਂ ਵਾਰੀਂ ਤੇ ਅਸੀਂ ਹੋਰ ਵੀ ਡੇਰਿੰਗ ਕਰਦੇ - ਸੜਕ ਤੋਂ ਕੋਈ 15-20 ਫੁੱਟ ਤੇ ਬੰਟੇ ਖੇਲ ਰਹੇ ਹੁੰਦੇ ਤੇ ਸਾਨੂੰ ਧਿਆਨ ਆਉਂਦਾ ਕਿ ਇਹ ਪੇਨ ਵਾਲੀ ਖੇਡ ਹੀ ਹੋ ਜਾਏ - ਹੋ ਜਾਏ ਤੇ ਹੋ ਜਾਏ - ਚੱਲ ਸੋ ਚੱਲ!! - ਇਸ ਖੇਡ ਵਿੱਚ ਥੋੜਾ ਜਿਹਾ ਗਾਲਾਂ ਖਾਣ ਦਾ ਜੋਖਿਮ ਤੇ ਹੁੰਦਾ - ਪਰ ਉਸਦੀ ਪਰਵਾਹ ਕਿੰਨੂੰ ਸੀ !! ਲੋਕ ਕਹਿੰਦੇ ਨੇ ਕਿ ਗਾਲਾਂ ਇਕ ਕੰਨ ਚ' ਪਾ ਕੇ ਦੂਜੇ ਥਾਣੀ ਕੱਢ ਦਿੱਤੀਆਂ - ਆਪਾਂ ਤੇ ਭਰਾਵਾ ਓਹਨਾਂ ਨੂੰ ਕਦੇ ਕੰਨੀ ਪੈਣ ਹੀ ਨਹੀਂ ਦਿੰਦੇ ਸੀ - ਸਾਰੇ ਏਧਰ ਓਧਰ ਤਿਤਰ-ਬਿਤਰ ਹੋ ਜਾਂਦੇ - ਵੈਸੇ ਅਜਿਹੇ ਮੌਕੇ ਘੱਟ ਹੀ ਆਉਂਦੇ ਕਿਓਂਕਿ ਜਿਸ ਬੰਦੇ ਨਾਲ ਇਹ ਭਾਨਾ ਵਰਤਿਆ ਹੋਵੇ, ਉਹ ਓਥੋਂ ਆਪਣੀ ਟਿੰਡ ਬਚਾ ਕੇ ਭੱਜੂ ਕਿ ਨਿਆਣਿਆਂ ਨਾਲ ਮੱਥਾ ਲਾਉ !!

ਕਦੇ ਕਦੇ ਇਸ ਖੇਡ ਵਿੱਚ ਮਾੜਾ ਜਿਹਾ ਨੁਕਸਾਨ ਹੋ ਜਾਂਦਾ - ਏਧਰੋਂ ਸਮੇਂ ਤੇ ਖੇਂਚ ਮਾਰਣ ਵਾਲਾ ਖੁੰਝ ਜਾਂਦਾ ਤੇ ਓਧਰ ਕੋਈ ਢੀਠ ਬੰਦਾ ਧਾਗੇ ਤੋੜ ਕੇ ਪੇਨ ਖੀਸੇ ਚ' ਪਾ ਕੇ ਤੁਰ ਜਾਂਦਾ! 

ਇਕ ਗੱਲ ਹੁਣ ਲਿਖਦਿਆਂ ਲਿਖਦਿਆਂ ਚੇਤੇ ਆਈ ਕਿ ਬਚਪਨ ਵਿੱਚ ਜਦੋਂ ਅਸੀਂ ਪੰਜੇ -ਦੱਸੇ (ਪੰਜ ਪੈਸੇ - ਦੱਸ ਪੈਸੇ) ਦੀ ਲਾਟਰੀ ਪਾਉਂਦੇ ਸੀ ਤੇ ਇਨਾਮ ਵਿੱਚ ਸਾਨੂੰ ਜਿਹੜਾ ਨਿੱਕ -ਸੁੱਕ ਮਿਲਦਾ ਸੀ, ਉਸ ਵਿਚ ਨਕਲੀ ਨੋਟ ਵੀ ਸ਼ਾਮਿਲ ਹੁੰਦੇ ਸੀ, ਅਸੀਂ ਓਹਨਾਂ ਨੂੰ ਅਜਿਹੀਆਂ ਖੇਡਾਂ ਲਈ ਬੜੇ ਸਾਂਭ ਕੇ ਰੱਖਦੇ ਸੀ.  ਕੁੱਝ ਨਹੀਂ , ਪੇਨ ਦੀ ਜਗ੍ਹਾ ਬੱਸ ਉਸ ਨੋਟ ਨੂੰ ਧਾਗੇ ਨਾਲ ਬੰਨ ਦੇਣਾ - ਬਾਕੀ ਖੇਡ ਦੇ ਸਾਰੇ ਕਾਇਦੇ ਓਹੀਓ !!

ਅੱਛਾ ਮੈਂ ਉੱਪਰ ਦੱਸਿਆ ਕਿ ਅਸੀਂ ਬੰਟੇ ਖੇਡਦੇ ਖੇਡਦੇ ਵੀ ਇਹ ਝਕਾਉਣ ਵਾਲੀ ਖੇਡ ਨੂੰ ਖੇਡ ਲੈਂਦੇ - ਉਹ ਇੰਝ ਸੀ ਕਿ ਅਸੀਂ ਕਹਿਣ ਨੂੰ ਬੰਟੇ ਖੇਲ ਰਹੇ ਹੁੰਦੇ - ਨੱਕੀ ਪੂਰ ਟਾਈਪ ( ਇਹ ਵੀ ਮੈਨੂੰ ਚੇਤੇ ਹੈ!!) - ਜਿਸ ਵਿਚ ਸਾਨੂੰ 3-4 ਮੁੰਡਿਆਂ ਨੂੰ ਇੱਕ ਘੇਰੇ ਵਿਚ ਬੈਠਣਾ ਹੁੰਦਾ ਸੀ ਪਰ ਸਾਡਾ ਸਾਰਾ ਧਿਆਨ ਤਾਂ ਆਪਣੇ ਪੇਨ ਵਾਲੇ ਜਾਂ ਨਕਲੀ ਨੋਟ ਨੂੰ ਚੁੱਕਣ ਵਾਲੇ ਸ਼ਿਕਾਰ ਤੇ ਹੀ ਹੁੰਦਾ ਸੀ - ਇਕ ਗੱਲ ਹੋਰ, ਜਿੱਡਾ ਸਿਆਣਾ ਬਿਆਨਾ ਜਾਂ ਖਾਂਦਾ ਪੀਂਦਾ ਦਿੱਸਣ ਵਾਲਾ ਬੰਦਾ ਹੁੰਦਾ ਓਨਾਂ ਹੀ ਵੱਡਾ ਤੇ ਖੁੱਲ੍ਹਾ ਸਾਡਾ ਹਾਸਾ ਹੁੰਦਾ! 

ਇੱਕ ਗੱਲ ਹੋਰ, ਕਈਂ ਵਾਰੀ ਆਪਣੇ ਸ਼ਿਕਾਰ ਲਈ ਜਾਲ ਵਿਛਾ ਕੇ ਸਾਨੂੰ ਆਪਣੇ ਪੈਨ ਜਾਂ ਨੋਟ ਨੂੰ ਸ਼ਿਕਾਰ ਦੇ ਆਉਣ ਤੋਂ ਪਹਿਲਾਂ ਹੀ ਖੇਂਚਾ ਮਾਰ ਕੇ ਵਾਪਸ ਕਰਣਾ ਪੈਂਦਾ ਸੀ!

ਪਰ ਇਹ ਹੁੰਦਾ ਕਦੋਂ ਸੀ !

ਜਦੋਂ ਕਦੇ ਮੋਹਲ੍ਲੇ ਦਾ ਕੋਈ ਲੜਾਕਾ, ਅੜ੍ਹਬ ਜੇਹਾ ਬੰਦਾ ਆਉਂਦਾ ਦਿੱਸਦਾ ਜਾਂ ਕੋਈ ਮਾੜਾ ਬੰਦਾ ਦਿੱਸਦਾ - ਮਜਦੂਰ ਹੋਵੇ, ਕੋਈ ਛਾਬੇ ਵਾਲਾ ਹੋਵੇ, ਉਸ ਨਾਲ ਅਸੀਂ ਕਦੇ ਇਹੋ ਜਿਹੇ ਮਜਾਕ ਜਾਂ ਖੇਡ ਨਹੀਂ ਸੀ ਖੇਡਦੇ, ਸਾਨੂੰ ਖਾਂਦੇ ਪੀਂਦੇ ਬੰਦਿਆਂ ਨੂੰ ਹੀ ਪੇਨ ਜਾਂ ਨਕਲੀ ਨੋਟ ਲਈ ਰੋਕ ਕੇ ਮਜ਼ਾ ਆਉਂਦਾ, ਮਜ਼ਾ ਬੜਾ ਛੋਟਾ ਲਫ਼ਜ਼ ਲੱਗ ਰਿਹੈ - ਸੱਚੀਂ, ਮੈਂ ਉਸ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ! 

ਚੰਗਾ ਜੀ, ਇਹ ਖੇਡ ਬਾਰੇ ਲਿਖਦੇ ਲਿਖਦੇ ਮੈਂ ਥੋੜਾ ਬੋਰ ਜੇਹਾ ਹੋ ਗਿਆ ਹਾਂ - ਫੇਰ ਮਿਲਣੇ ਹਾਂ ਕਿਸੇ ਹੋਰ ਇੱਦਾਂ ਦੀ ਖੇਡ ਨਾਲ ਜਿਸ ਦਾ ਕੋਈ ਨਾਮ ਨਹੀਂ ਸੀ ਹੁੰਦਾ ਪਰ ਉਸ ਨੇ ਸਾਨੂੰ ਹਸਾਇਆ ਵਾਧੂ !!

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...