Monday 30 September 2019

ਹੁਣ ਮੈਂ ਫ਼ੂਡ ਸਪਲੀਮੈਂਟਸ ਬਾਰੇ ਨਹੀਂ ਲਿਖਦਾ..

ਮੈਂ ਪਿਛਲੇ 10-15 ਸਾਲਾਂ ਦੇ ਦੌਰਾਨ ਫ਼ੂਡ ਸਪਲੀਮੈਂਟਸ ਬਾਰੇ ਕਾਫੀ ਕੁਝ ਲਿਖਿਆ - ਹਿੰਦੀ, ਅੰਗਰੇਜ਼ੀ ਵਿੱਚ ਦਰਜਨਾਂ ਲੇਖ ਲਿੱਖ ਦਿੱਤੇ - ਪਰ ਮੈਨੂੰ ਇੰਝ ਲੱਗਦੈ ਮੈਂ ਬਸ ਕਾਗਜ਼ ਹੀ ਕਾਲੇ ਕਰਦਾ ਰਿਹਾ - ਕਿਸੇ ਤੇ ਕੋਈ ਅਸਰ ਨਹੀਂ ਹੁੰਦਾ ਨਹੀਂ ਦਿੱਖਦਾ ! ਇਹ ਲੇਖ ਵੀ ਮੈਂ ਬੜੇ ਦਿਲ ਨਾਲ ਮੈਡੀਕਲ ਵਿਗਿਆਨਕਾਂ ਦੀਆਂ ਖੋਜਾਂ ਦੇ ਅਧਾਰ ਤੇ ਲਿਖੇ ਸੀ - ਯਬਲੀਆਂ ਨਹੀਂ ਸੀ ਮਾਰੀਆਂ, ਯਬਲੀਆਂ ਤੇ ਮੈਂ ਹੁਣ ਕੁਝ ਮਹੀਨਿਆਂ ਤੋਂ ਹੀ ਮਾਰਣ ਲੱਗਾ ਜਦੋਂ ਤੋਂ ਮੈਨੂੰ ਪੰਜਾਬੀ ਲਿਖਣ ਦਾ ਝੱਸ ਪੈ ਗਿਐ ਕਿਓਂਕਿ ਪੰਜਾਬੀ ਲਿਖਣ ਲੱਗਿਆਂ ਮੈਨੂੰ ਕਦੇ ਲੱਗਾ ਹੀ ਨਹੀਂ ਕਿ ਮੈਂ ਕੁਝ ਕੰਮ ਕਰ ਰਿਹਾ ਹਾਂ - ਮੈਨੂੰ ਹਮੇਸ਼ਾ ਇੰਝ ਲੱਗਦੈ ਜਿਵੇਂ ਮੈਂ ਆਪਣੇ ਯਾਰਾਂ ਮਿੱਤਰਾਂ ਨਾਲ ਗੱਲੀਂ ਬਾਤੀਂ ਲੱਗਾ ਹਾਂ ਤੇ ਉਹ ਮੇਰੇ ਕੋਲੋਂ ਦੂਰ ਬੈਠੇ ਹਨ ਇਸ ਓਹਨਾਂ ਸਭਨਾਂ ਦੇ ਨਾਂਅ ਇੱਕ ਚਿੱਠੀ ਲਿਖ ਰਿਹਾਂ !

ਚੰਗਾ ਜੀ ਮੁੜ ਅੱਜ ਦੇ ਮੁੱਦੇ ਤੇ ਆਈਏ - ਮੈਂ ਹੁਣ ਫ਼ੂਡ ਸਪਲੀਮੈਂਟਸ ਉੱਤੇ ਨਹੀਂ ਲਿਖਦਾ, ਭਲਾ ਕਿਓਂ!! ਗੱਲ ਇੰਝ ਹੈ ਜੀ ਕਿ ਜਦੋਂ ਮੈਂ ਇਹ ਲਿਖਣਾ ਪੜਨਾ ਸ਼ੁਰੂ ਕੀਤਾ ਮੁੰਡੇ ਮੇਰੇ ਬੜੇ ਛੋਟੇ ਸੀ - ਇਸ ਲਈ ਅਕਸਰ ਓਹ ਖੇਡ ਖੇਡ ਵਿਚ ਮੇਰੀਆਂ ਇਹੋ ਜਿਹੀਆਂ ਲਿਖਤਾਂ ਜ਼ਰੂਰ ਦੇਖਦੇ ਸਨ, ਲਿਖਤਾਂ ਤੋਂ ਅਲਾਵਾ ਵੈਸੇ ਵੀ ਅਸੀਂ ਘਰੇ ਫ਼ੂਡ ਸਪਲੀਮੈਂਟਸ ਵਰਗੇ ਪੰਗਿਆਂ ਤੇ ਗੱਲ ਬਾਤ ਕਰਦੇ ਰਹੀ ਦਾ ਸੀ - ਜਦੋਂ ਇਹ ਕਾਲਜ ਗਏ ਤੇ ਗੱਲਾਂ ਕਰਦੇ ਸੀ ਆਪਣੇ ਹੋਰਨਾਂ ਸਾਥੀਆਂ ਦੀਆਂ ਜਿਹੜੇ ਜਿਮ ਵਿਚ ਜਾਉਂਦੇ ਨੇ ਤੇ ਨਾਲ ਬਾਡੀ-ਸ਼ਾਡੀ  ਬਣਾਉਣ ਵਾਸਤੇ ਇਹ ਡੱਬਾ ਖਾਂਦੇ ਨੇ ਤੇ ਓਹ ਡੱਬਾ ਖਾਂਦੇ ਨੇ - ਉਸ ਵੇਲੇ ਵੀ ਇਹਨਾਂ ਨੂੰ ਆਪਣੇ ਕਿਸੇ ਨਾ ਕਿਸੇ ਲੇਖ ਦਾ ਲਿੰਕ ਭੇਜ ਦੇਣਾ ਤੇ ਇਹਨਾਂ ਦਾ ਦਿਮਾਗ ਕਾਫੀ ਸੈੱਟ ਹੋ ਜਾਣਾ!! 

ਇਕ ਤੇ ਇਹ ਜਿਹੜੀਆਂ ਕੰਪਨੀਆਂ ਹਨ ਇਹ ਕੁਝ ਵੀ ਬਕਵਾਸ ਕਰ ਕੇ ਆਪਣੇ ਪ੍ਰੋਡਕਟਸ ਅਗਾਂਹ ਰੇੜ੍ਹ ਦਿੰਦਿਆਂ ਹਨ - ਆਪਾਂ ਓਹਨਾਂ ਦਾ ਐਨਾ ਕਸੂਰ ਨਹੀਂ ਕੱਢ ਸਕਦੇ ਜਿੰਨਾ ਕਸੂਰ ਇਹਨਾਂ ਦੀਆਂ ਮਿੱਠੀਆਂ ਤੇ ਚੋਪੜੀਆਂ ਗੱਲਾਂ ਵਿਚ, ਇਹਨਾਂ ਦੇ ਇਸ਼ਤਿਹਾਰਾਂ ਦੇ ਜਾਲ ਵਿੱਚ ਫਸਣ ਵਾਲੇ ਲੋਕਾਂ ਦਾ ਹੈ - ਮੈਨੂੰ ਯਾਦ ਆ ਰਿਹਾ ਕਿ ਕੁਝ ਮਹੀਨੇ ਪਹਿਲਾਂ ਮੇਰੇ ਕੋਲ ਇਕ ਜਨਾਨੀ ਆਈ ਸੀ ਆਪਣੇ 8-10 ਸਾਲ ਦੇ ਮੁੰਡੇ ਨੂੰ ਲੈ ਕੇ - ਇੰਝ ਹੀ ਗੱਲਾਂ ਗੱਲਾਂ ਵਿਚ ਕਹਿਣ ਲੱਗੀ ਕਿ ਇਹ ਤਗੜਾ ਨਹੀਂ ਹੈ, ਡਰਦੀ ਹਾਂ ਕਿਤੇ ਗਿੱਠਾ ਹੀ ਰਹਿ ਜਾਵੇ  (ਇਹ ਪੰਜਾਬੀ ਮਾਵਾਂ ਦਾ ਹੀ ਵਹਿਮ ਨਹੀਂ, ਸਾਰੀਆਂ ਮਾਵਾਂ ਨੂੰ ਨਿਆਣੇ ਕਮਜ਼ੋਰ ਹੀ ਲਗਦੈ ਹਨ!!) - ਕਹਿਣ ਲੱਗੀ ਕਿ ਮੈਂ ਤੇ ਇਸ ਨੂੰ ਉਹ ਵਾਧੇ ਪਏ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਪਾਊਡਰ ਵੀ ਖਵਾ ਦਿੱਤਾ 2-3 ਮਹੀਨੇ -ਹਜ਼ਾਰ ਰੁਪਈਏ ਦਾ ਡੱਬਾ ਆਉਂਦੈ - ਉਸ ਨੇ ਜਿਹੜਾ ਨਾਂਅ ਲਿਆ ਮੈਂ ਸਮਝ ਗਿਆ ਕਿ ਇਹ ਤਾਂ ਓਹੀ ਪ੍ਰੋਟੀਨ ਸਪਲੀਮੈਂਟਸ ਦੇ ਨਾ ਤੇ ਵਿਕਣ ਵਾਲਾ ਪਾਊਡਰ ਹੈ - ਉਸ ਦਿਨ ਮੈਂ ਉਸ ਨੂੰ ਸਮਝਾਇਆ ਹੀ ਨਹੀਂ, ਥੋੜਾ ਬਹੁਤ ਡਰਾ ਵੀ ਦਿੱਤਾ ਕਿ ਉਸ ਪਾਊਡਰ ਨੂੰ ਅੱਜ ਤੋਂ ਬਾਅਦ ਨਹੀਂ ਖਾਣਾ - ਨਿਆਣੇ ਨੂੰ ਦਾਲ, ਰੋਟੀ, ਸ਼ਾਗ, ਸਬਜ਼ੀ ਛਕਾਓ- ਬਾਕੀ ਰੱਬ ਦੇ ਨਾਲ ਪੰਗੇ ਲੈਣੇ ਬੰਦ ਕਰੋ ! 

ਕੁਝ ਦਿਨਾਂ ਬਾਅਦ ਓਹੀਓ ਬੀਬੀ ਫੇਰ ਮਿਲੀ - ਕਹਿੰਦੀ ਡਾਕਟਰ ਸਾਬ -ਮੁੰਡਾ ਐਡਾ ਬਿਮਾਰ ਹੋ ਗਿਆ ਸੀ , ਉਸ ਦੇ ਪੂਰੇ ਸ਼ਰੀਰ ਤੇ ਸੋਜਾਂ ਪੈ ਗਈਆਂ - ਗੁਰਦੇ ਦੇ ਡਾਕਟਰ ਨੇ ਵੀ ਬੜਾ ਡਾਂਟਿਆ ਕਿ ਬੱਚੇ ਨੂੰ ਤੂੰ ਕਿਓਂ ਓਹ ਪਾਊਡਰ ਦੇ ਰਹੇ ਸਾਓ!! ਖੈਰ ਮੁੰਡਾ ਥੋੜੇ ਚਿਰ ਬਾਅਦ ਠੀਕ ਹੋ ਗਿਆ ਤੇ ਉਸ ਦੀ ਮਾਂ ਨੇ ਅੱਗੇ ਤੋਂ ਕੁਦਰਤ ਦੇ ਨਿਜ਼ਾਮ ਨੂੰ ਆਪਣੇ ਹੱਥ ਵਿਚ ਨਾ ਲੈਣ ਦੀ ਸਹੁੰ ਖਾ ਲਈ. 

ਚੰਗਾ ਜੀ, ਇਹ ਤਾਂ ਸੀ ਉਸ ਬੀਬੀ ਦੀ ਗੱਲ - ਹੁਣ ਮੇਰੇ ਮੁੰਡੇ ਦੀ ਗੱਲ ਸੁਣੋ, ਨੌਕਰੀ ਕਰਦੈ - ਜਿਮ ਜਾਂਦਾ ਹੈ , ਉਸ ਦੇ ਘਰ ਵੀ ਫ਼ੂਡ ਸਪਲੇਮੈਂਟਸ ਦੇ ਡੱਬੇ ਵੇਖੇ।  ਕਹਿੰਦੈ ਇਹ ਉਹ ਨਹੀਂ ਹੁੰਦੈ - ਇਹ ਤਾਂ ਪ੍ਰੋਟੀਨ ਹੁੰਦੈ - ਜਦੋਂ ਬੱਚੇ ਐੱਨੇ ਕੁ' ਸਿਆਣੇ ਹੋ ਜਾਣ ਕਿ ਆਪਣਾ ਮਾੜਾ ਚੰਗਾ ਸਮਝਣ ਲੱਗਣ (ਆਪਣੇ ਹਿਸਾਬ ਨਾਲ ਹੀ ਸਹੀ), ਉਸ ਵੇਲੇ ਮਾਪਿਆਂ ਦੀ ਸਮਝਦਾਰੀ ਇਸੇ ਵਿਚ ਹੁੰਦੀ ਹੈ ਕਿ ਪਿੱਛੇ ਹੱਟ ਜਾਣ - ਐਵੇਂ ਉਲਝਣ ਨਾਲ ਕੁਝ ਲੱਭਦਾ ਨਾ ਹੀ ਵੇਖਿਆ ਤੇ ਨਾ ਹੀ ਸੁਣਿਆ !

ਮੈਂ ਪਹਿਲਾਂ ਵੀ ਦੱਸ ਚੁਕਿਆ ਹਾਂ ਕਿ ਅਜਿਹੀਆਂ ਚੀਜ਼ਾਂ ਦੇ ਨੁਕਸਾਨਾਂ ਬਾਰੇ ਅਸੀਂ ਦੋਵੇਂ (ਬੀਵੀ ਵੀ ਡਾਕਟਰ ਹੈ) ਐਂਨੀ ਗੱਲ ਬਾਤ ਕਰਦੇ ਸੀ ਕਿ ਮੈਨੂੰ ਤੇ ਇੰਝ ਲੱਗਦਾ ਸੀ ਅਸੀਂ ਮੁੰਡਿਆਂ ਦਾ ਇਸ ਬਾਰੇ ਚੰਗਾ ਬ੍ਰੇਨ ਵਾਸ਼ ਕਰ ਦਿੱਤਾ ਹੈ।  ਲੋ ਜੀ, ਵੱਡੇ ਮੁੰਡੇ ਦੀ......ਠਹਿਰੋ ਜ਼ਰਾ !!

ਪਹਿਲਾਂ ਇਹ ਗੱਲ ਲਿਖ ਦਿਆਂ ਕਿ ਮੈਂ ਆਖ਼ਰ ਇਹ ਘਰ ਦੀਆਂ ਗੱਲਾਂ ਇਥੇ ਕਿਓਂ ਲਿਖ ਰਿਹਾ ਹਾਂ - ਉਸ ਦਾ ਕਾਰਣ ਬਸ ਇੰਨਾ ਹੈ ਕਿ ਇੱਕ ਲਿਖਾਰੀ ਦਾ ਘਰ ਪਰਿਵਾਰ ਬਹੁਤ ਵੱਡਾ ਹੁੰਦੈ - ਉਹ ਜਿਸ ਬੋਲੀ ਵਿਚ ਲਿਖਦਾ ਹੈ ਉਸ ਬੋਲੀ ਦੇ ਕੈਦੇ ( ਕੈਦਾ ਹੀ ਤੇ ਕਹਿੰਦੇ ਸੀ ਓਸ ਕਿਤਾਬ ਨੂੰ ਜਿਹੜੀ ਕੱਚੀ ਜਮਾਤ ਵਿਚ ਪੜਦੇ ਸੀ. ...ਕ਼ਾਇਦਾ ਜਾਂ ਕੈਦਾ, ਮੈਨੂੰ ਵੀ ਨਹੀਂ ਪਤਾ ) ...ਨੂੰ ਜਾਣਨ ਵਾਲਾ ਵੀ ਉਸ ਦੇ ਸਾਹਿਤਿਅਕ ਪਰਿਵਾਰ ਦਾ ਵਡਮੁੱਲਾ ਮੈਂਬਰ ਹੁੰਦੈ - ਇਸ ਲਈ ਸਭ ਤੋਂ ਪਹਿਲਾਂ ਲਿਖਾਰੀ ਨੂੰ ਆਪਣਾ ਢਿੱਡ ਤਾਂ ਨੰਗਾ ਕਰਣਾ ਹੀ ਪੈਂਦੈ - ਐਵੇਂ ਹਵਾਈ ਗੱਲਾਂ ਨਾਲ ਕਦੇ ਕੋਈ ਸਾਂਝ ਨਹੀਂ ਪੈਂਦੀ! 

ਚੰਗਾ ਜੀ, ਹੁਣ ਆਪਣੇ ਛੋਟੇ ਮੁੰਡੇ ਦੀ ਗੱਲ ਕਰਦਾ ਹਾਂ ਜੀ - ਇੰਜੀਨਿਅਰ ਹੈ, ਨੌਕਰੀ ਕਰਦੈ  - ਦੋ ਦਿਨ ਪਹਿਲਾਂ ਆਇਆ ਹੋਇਆ ਸੀ, ਮੈਂ ਵੀ ਨਾਲ ਹੀ ਬੈਠਾ ਰੋਟੀ ਖਾ ਰਿਹਾ ਸੀ - ਮੇਰਾ ਧਿਆਨ ਉਸ ਦੀ ਲੈਪਟਾਪ ਦੀ ਸਕਰੀਨ ਉੱਤੇ ਗਿਆ - ਉਹ ਵੀ ਇਸੇ whey ਪ੍ਰੋਟੀਨ ਬਾਰੇ ਹੀ ਕੁਝ ਲੱਭ ਰਿਹਾ ਸੀ - ਫੇਰ ਕੁਝ ਚਿਰ ਬਾਅਦ ਉਸ ਨੇ ਆਨਲਾਈਨ ਆਰਡਰ ਵੀ ਕੀਤਾ - ਮੈਂ ਨਹੀਂ ਪੁੱਛਿਆ ਕਿ ਆਰਡਰ ਕੀ ਕੀਤੈ !! ਇਹ ਵੀ 10-15 ਦਿਨਾਂ ਤੋਂ ਹੀ ਜਿਮ ਚ' ਜਾਣ ਲੱਗਾ ਏ. ਉਸ ਦਿਨ ਮੈਨੂੰ ਇਕ ਵਾਰ ਫੇਰ ਇਹੋ ਅਹਿਸਾਸ ਹੋਇਆ ਕਿ ਜਦੋਂ ਬੱਚੇ ਸਮਝਦਾਰ ਹੋ ਜਾਣ ਤਾਂ ਮਾਪਿਆਂ ਨੂੰ ਥੋੜੇ ਲਾਂਭੇ ਹੋ ਜਾਣਾ ਚਾਹੀਦਾ ਹੈ - ਕਿਓਂਕਿ ਜਿੰਨੀ ਆਪਣੀ ਡਿਊਟੀ ਹੋਵੇ ਜੇ ਅਸੀਂ ਓਨੀ ਕਰ ਦਿੱਤੀ ਹੈ - ਓਹੀਓ ਬਥੇਰੀ ਹੈ - ਕਿਸੇ ਚੀਜ਼ ਬਾਰੇ ਜਾਗਰੂਕ ਕਰਣਾ ਵੱਡਿਆਂ ਦਾ ਫਰਜ਼ ਹੈ - ਬਾਕੀ ਅੱਗੋਂ ਬੱਚਿਆਂ ਦੀ ਆਪਣੀ ਮਰਜ਼ੀ!! 


ਅੱਜ ਇਸ ਗੱਲ ਦਾ ਧਿਆਨ ਇਸ ਕਰ ਕੇ ਆ ਗਿਆ ਕਿਓਂ ਕਿ ਸਵੇਰੇ ਸਵੇਰੇ ਇਕ ਪੁਰਾਣੀ ਅਖਬਾਰ ਦਿੱਖ ਗਈ - ਉਸ ਵਿੱਚ ਇਸੇ ਫ਼ੂਡ ਸਪਲੀਮੈਂਟਸ ਵਾਲੇ ਪੰਗੇ ਦੀ ਗੱਲ ਦਿਖੀ ਤੇ ਇਕ ਡਿਊਟੀ ਜਿਹੀ ਸਮਝ ਕੇ ਨਿਆਣਿਆਂ ਨੂੰ ਵਹਾਤਸੱਪ ਤੇ ਉਸਦੀ ਫੋਟੋ ਭੇਜ ਦਿੱਤੀ - ਅੱਗੇ ਉਹਨਾਂ ਦੀ ਮਰਜੀ!! ਜੀਂਦੇ ਵਸਦੇ ਰਹਿਣ !! ਮੁੰਡੇ ਨੇ ਵੀ ਅਗਾਂਹ ਹੈਰਾਨ ਹੋਣ ਵਾਲੀ ਇਕ ਸਮਾਇਲੀ ਵਾਪਸ ਘੱਲ ਕੇ ਇੰਝ ਪ੍ਰਗਟਾਵਾ ਕੀਤਾ ਜਿਵੇਂ ਉਸ ਨੂੰ ਪਹਿਲੀ ਵਾਰੀ ਇਸ ਗੱਲ ਦਾ ਪਤਾ ਲੱਗਿਆ ਹੋਵੇ!! 

ਵੈਸੇ ਇਕ ਗੱਲ ਹੈ ਮੈਨੂੰ ਕਦੇ ਇਹ ਸਮਝ ਨਹੀਂ ਆਈਂ ਅੱਜ ਕਲ ਦੇ ਮੁੰਡਿਆਂ ਨੂੰ ਇਹ ਡੋਲੇ ਸ਼ੋਲੇ ਤੇ ਸਿਕਸ ਐਬ ਦਾ ਇਹ ਕਿਹੜਾ ਸ਼ਦਾ ਚੜਿਆ ਹੈ - ਮੈਂ ਹਮੇਸ਼ਾ ਲੋਕਾਂ ਨੂੰ ਕਹਿਣਾ ਹਾਂ ਕਿ ਆਪਣੇ ਦਾਰਾ ਸਿੰਘ, ਮਿਲਖਾ ਸਿੰਘ ਤੇ ਧਰਮਿੰਦਰ ਵਰਗੇ ਸ਼ੇਰਾਂ ਨੇ ਕਿਹੜੇ ਸਪਲੀਮੈਂਟਸ ਖਾਦੇ - ਖੁਰਾਕਾਂ ਸਹੀ ਰੱਖੀਆਂ - ਵਰਜਿਸ਼ਾਂ ਕੀਤੀਆਂ - ਪਰ ਹੁਣ ਤੇ ਖੁਰਾਕ ਵਾਲਾ ਫੰਡਾ ਮੈਨੂੰ ਲੱਗਦੈ ਅੱਜ ਦੀ ਪੀੜੀ ਵਾਸਤੇ ਬਦਲ ਹੀ ਗਿਆ ਹੋਵੇ ਜਿਵੇਂ - ਅੱਜ ਦੇ ਜਵਾਨਾਂ ਨੂੰ ਸਬਜ਼ੀਆਂ ਬਿਲਕੁਲ ਪਸੰਦ ਨਹੀਂ, ਮੈਨੂੰ ਤੇ ਲੱਗਦੈ ਕਈ ਸਾਲ ਹੋ ਗਏ ਹੋਣੇ ਨੇ ਇਹਨਾਂ ਨੂੰ ਸਬਜ਼ੀਆਂ ਤੋਂ ਭੱਜਦੇ - ਸਲਾਦ ਦੇ ਤੇ ਨਾਂ ਤੋਂ ਇਹਨਾਂ ਨੂੰ ਚਿੜ ਹੁੰਦੀ ਹੈ - ਫੱਲ ਫਰੂਟ ਵੀ ਬੜੇ ਧੱਕੇ ਨਾਲ ਖਾਂਦੇ ਨੇ - ਦਾਲਾਂ ਵੀ ਨਾਂ ਦੀਆਂ ਹੀ ਖਾਂਦੇ ਨੇ - ਸਿਰਫ ਇਕ ਦੋ ਦਾਲਾਂ, ਰਾਜਮਾਂਹ, ਛੋਲੇ, ਪਨੀਰ ਤੇ ਕੁਲਚੇ - ਬੱਸ ਇਹਨਾਂ ਦਾ ਸਾਰਾ ਧਿਆਨ ਪ੍ਰੋਟੀਨ ਵੱਲ ਹੀ ਦਿਸਦੈ - ਇਹ ਬਿਲਕੁਲ ਗ਼ਲਤ ਸੋਚ ਹੈ,  ਖ਼ਤਰਨਾਕ ਸੋਚ ਹੈ - ਸਾਡੇ ਸ਼ਰੀਰ ਨੂੰ ਇਕ ਸੰਤੁਲਤ ਖੁਰਾਕ ਚਾਹੀਦੀ ਹੈ ਜਿਸ ਵਿਚ ਸਾਰੇ ਤੱਤ ਹੋਣੇ ਜ਼ਰੂਰੀ ਨੇ - ਦਾਲ (ਸਾਰੀਆਂ ਦਾਲਾਂ), ਰੋਟੀ, ਸਾਗ, ਸਬਜ਼ੀ, ਸਲਾਦ, ਮੌਸਮੀ ਫੱਲ - ਦੁੱਧ, ਦਹੀ , ਮੱਖਣ। ਜੇਕਰ ਇਸ ਤਰ੍ਹਾਂ ਦਾ ਸੰਤੁਲੱਤ ਖਾਣਾ ਨਹੀਂ ਖਾਧਾ ਜਾਵੇਗਾ, ਤੇ ਬਸ ਪ੍ਰੋਟੀਨ ਹੀ ਛਕਿਆ ਜਾਵੇਗਾ ਤਾਂ ਜਵਾਨੋ ਤੁਸੀਂ ਜਿੰਨੇ ਮਰਜੀ ਡੋਲੇ ਬਣਾ ਲੋ, ਜਿੰਨੇ ਮਰਜੀ ਸਿਕਸ ਪੈਕ ਬਣਾ ਲਵੋ - ਉਹ ਬਸ ਗਿੱਲੀ ਰੇਤ ਦੇ ਢੇਰ ਤੇ ਬਹਿ ਕੇ ਇਕ ਘਰ ਉਸਾਰਣ ਵਾਲੀ ਗੱਲ ਹੈ - (ਜਿਵੇਂ ਅਸੀਂ ਬਚਪਨ ਚ' ਖੇਡਦੇ ਸੀ ) --ਮੈਨੂੰ ਤੇ ਇਸ ਤਰ੍ਹਾਂ ਨਾਲ ਇਹਨਾਂ ਸਪਲੀਮੈਂਟਸ ਨਾਲ ਬਣਾਏ ਹੋਏ ਡੋਲੇ ਤੇ ਟੀਕੇ ਲੱਗੇ ਮੋਟੇ -ਤਾਜੇ ਕੁੱਕੜਾਂ ਚ' ਕਦੇ ਕੋਈ ਫਰਕ ਹੀ ਨਹੀਂ ਲੱਗਾ !! 

ਮੰਨ ਲਿਆ ਵਾਧੇ ਪਏ ਬੱਚਿਆਂ ਨੂੰ ਪ੍ਰੋਟੀਨ ਜ਼ਿਆਦਾ ਚਾਹੀਦੈ - ਪਰ ਉਸ ਲਈ ਦਾਲਾਂ, ਛੋਲੇ, ਮੂੰਗਫਲੀ, ਸੋਇਆਬੀਨ ਦੀ ਦਾਲ ਤੋਂ ਉੱਚੇ ਤੇ ਸੁੱਚੇ ਸਰੋਤ ਕਿਥੋਂ ਲੱਭੋਗੇ, ਜਵਾਨੋ !! ਦੁੱਧ ਜੇ ਮਿਲਾਵਟੀ ਮਿਲ ਰਿਹਾ ਹੈ ਤੇ ਇਸ ਦਾ ਇਹ ਮਤਲਬ ਤੇ ਨਹੀਂ ਕਿ ਅਸੀਂ ਖ਼ਤਰਨਾਕ ਫ਼ੂਡ ਸਪਲੀਮੈਂਟਸ ਵੱਲ ਮੂੰਹ ਕਰ ਲਈਏ - ਕੋਈ ਕੁਝ ਵੀ ਕਹੇ, ਇਹ ਖ਼ਤਰਨਾਕ ਸੀ, ਹਨ ਤੇ ਹਮੇਸ਼ਾ ਰਹਿਣਗੇ - ਬਾਕੀ ਆਪੋ ਆਪਣੀ ਮਰਜੀ - ਸਾਡਾ ਕੰਮ ਹੁੰਦੈ ਘੰਟੀ ਵਜਾ ਕੇ ਸਾਰਿਆਂ ਨੂੰ ਸਚੇਤ ਕਰਨਾ - ਅੱਗੋਂ ਆਪੋ ਆਪਣੀ ਕਿਸਮਤ ! ਜੀਂਦੇ ਵਸਦੇ ਰਹੋ - ਪਹਿਲਾਂ ਮੈਨੂੰ ਯਾਦ ਹੈ ਲੋਕ ਰਾਤ ਨੂੰ ਛੋਲੇ ਤੇ ਮੂੰਗਫਲੀ ਭਿਓਂ ਕੇ ਸਵੇਰੇ ਗੁੜ ਨਾਲ ਛਕਦੇ ਸੀ - ਪਰ ਹੁਣ ਯਾਰ ਐਨਾ 20-30 ਮਿੰਟ ਵਾਸਤੇ ਉਹਨਾਂ ਨੂੰ ਚੱਬਣ ਦਾ ਕੋਈ ਪਵਾੜਾ ਹੀ ਨਹੀਂ ਕਰਣਾ ਚਾਹੁੰਦਾ!!

ਵੈਸੇ ਮੈਨੂੰ ਤੇ ਇਹ ਜਿਮ ਵਿਚ ਜਾ ਕੇ ਏ.ਸੀ ਕਮਰਿਆਂ ਅੰਦਰ ਵੜ ਕੇ ਮਸ਼ੀਨਾਂ ਉੱਤੇ ਵਲੈਤੀ ਕਸਰਤ ਦਾ ਫੰਡਾ ਵੀ ਕਦੇ ਪੱਲੇ ਨਹੀਂ ਪਿਆ - ਪਹਿਲਾਂ ਲੋਕੀਂ ਖੁੱਲੇ ਵਿਚ ਸਵੇਰੇ ਸ਼ਾਮ ਟਹਿਲਦੇ ਸੀ, ਅਸੀਂ 2-3 ਘੰਟੇ ਭੱਜਦੇ ਨੱਠਦੇ, ਸਾਇਕਲ ਵਾਹੁੰਦੇ ਸੀ - ਦਿਨ ਵਿਚ 5-7 ਬਾਜ਼ਾਰਾਂ ਦੇ ਗੇੜੇ ਵੀ ਲਾ ਆਉਂਦੇ ਸੀ - ਕਦੇ ਬਰਫ, ਕਦੇ ਗੰਢੇ ਆਲੂ ਮਿਰਚਾਂ, ਕਦੇ ਇਕ ਸੈਰਾਡੌਨ ਦੀ ਗੋਲੀ, ਕਦੇ ਇਕ ਪੋਸਟਕਾਰਡ ਡਾਕਖਾਨੇ ਚ ' ਲੈ ਕੇ ਆ ਤੇ ਕਦੇ ਪਾ ਕੇ ਆ, ਕਦੇ ਦਹੀ ਲਿਆ ਤੇ ਕਦੇ ਪਰੌਣੇ ਦੇ ਆਣ ਤੇ ਬਿਸਕੁਟ, ਸਮੋਸੇ-ਬਰਫੀ ਲੈ ਕੇ ਆ - ਸਾਰੇ ਕੰਮ ਭੱਜ ਭੱਜ ਕੇ ਪੈਦਲ ਜਾਂ ਸਾਈਕਲ ਤੇ ਕਰ ਆਉਣੇ - ਅਸਾਂ ਸ਼ੁਕਰ ਕਰਣਾ ਕਿ ਕੋਈ ਕੰਮ ਕਹੇ ਤੇ ਅਸੀਂ ਭੱਜ ਕੇ ਘਰੋਂ ਬਾਹਰ ਨੱਸੀਏ - ਦੱਸੋ, ਇਹ ਕੋਈ ਜਿਮ ਤੋਂ ਘੱਟ ਵਰਜਿਸ਼ ਸੀ - ਲੋਕੀਂ ਦੌੜਦੇ ਭੱਜਦੇ ਸੀ, ਕਬੱਡੀ ਖੇਡਦੇ ਸੀ, ਕੁਸ਼ਤੀਆਂ ਕਰਦੇ ਸੀ - ਬਸ ਬੁੱਲੇ ਵੱਡਦੇ ਸੀ ਸਾਰੇ। 

ਬਸ ਇਥੇ ਹੁਣ ਲਾਉਂਦਾ ਹਾਂ ਬ੍ਰੇਕ - ਹਾਂਜੀ, ਇਕ ਗੱਲ ਮੈਂ ਉੱਪਰ ਲਿਖੀ ਕਿ ਹੁਣ ਮੈਂ ਫ਼ੂਡ ਸਪਲੀਮੈਂਟਸ ਬਾਰੇ ਨਹੀੰ ਲਿਖਦਾ - ਕਾਫੀ ਕੁਝ ਲਿਖਿਆ ਹੈ ਪਹਿਲਾਂ ਹੀ  - ਆਨ ਲਾਈਨ ਹੀ ਹੈ ਸਭ ਕੁਝ - ਨਾਲੇ, ਜਦੋਂ ਆਸੇ ਪਾਸੇ ਦੇ ਲੋਕਾਂ ਤੇ ਹੀ ਲਿਖਤਾਂ ਦਾ ਕੋਈ ਅਸਰ ਨਾ ਹੋਵੇ ਤੇ ਹੋਰਨਾਂ ਤੇ ਕੀ ਹੋਉ, ਸ਼ਾਇਦ ਆਪਾਂ ਨੂੰ ਗੱਲ ਕਹਿਣ ਦਾ ਚੱਜ ਹੀ ਨਾ ਹੋਉ !! 

ਜਾਂਦੇ ਜਾਂਦੇ ਇਕ ਗੱਲ ਹੋਰ - ਧਰਮਿੰਦਰ ਦੀ ਗੱਲ ਆਪਾਂ ਉਪਰ ਕੀਤੀ, ਦੋ ਦਿਨ ਪਹਿਲਾਂ ਇਕ ਬੜਾ ਵਧੀਆ ਜਿਹਾ ਗੀਤ ਸੁਣਿਆ - ਟੀ. ਵੀ ਤੇ ਲੱਗਿਆ ਹੋਇਆ ਸੀ - ਧਿਆਨ ਕੀਤਾ  ਕਿ ਇਹ ਤਾਂ ਆਪਣੇ ਧਰਮਿੰਦਰ ਦਾ ਪੋਤਾ ਹੈ - ਕਲ ਹੀ ਸਿਨੇਮਾ ਹਾਲ ਵਿਚ ਜਾ ਕੇ ਉਹ ਫਿਲਮ ਵੇਖੀ - ਉਸ ਫਿਲਮ ਦਾ ਤਵਾ ਫੇਰ ਕਦੇ ਲਾਵਾਂਗਾ, ਇਸ ਵੇਲੇ ਤੇ ਤੁਸੀਂ ਉਹ ਗਾਣਾ ਸੁਣੋ ਜੀ ਜਿਸ ਨੇ ਸਾਨੂੰ ਕਲ ਮੀਂਹ ਵਿਚ ਵੀ ਟਾਕੀ ਵੱਲ ਧਿੱਕ ਦਿੱਤਾ!! 

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...