Wednesday, 18 September 2019

ਨਕਲੀ ਦੰਦਾਂ ਦੇ ਅਸਲੀ ਕਿੱਸੇ

ਨਕਲੀ ਦੰਦਾਂ ਦੀ ਗੱਲ ਕਰਦਾ ਹਾਂ ਤਾਂ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਅਕਸਰ ਜਦੋਂ ਅਸੀਂ ਆਪਣੇ ਨਾਨਕੇ ਗਏ ਹੁੰਦੇ ਸੀ। ਨਾਨਾ ਜੀ ਰੋਟੀ ਖਾਣ ਤੋਂ ਬਾਅਦ ਹੈਂਡਪੰਪ ਕੋਲ ਪਹੁੰਚਦੇ ਤੇ ਨਿਆਨਿਆਂ ਵਿਚੋਂ ਕਿਸੇ ਇੱਕ ਨੂੰ ਇਸ਼ਾਰਾ ਕੀਤਾ ਜਾੰਦਾ ਕਿ ਹੁਣ ਨਾਨਾ ਜੀ ਚੂਲੀ ਕਰਣਗੇ ਤੇ ਇੱਕ ਦੋ ਮਿੰਟ ਲਈ ਹੈਂਡਪੰਪ ਗੇੜਨਾ ਹੈ ਅਸੀਂ - ਮੈਨੂੰ ਬੜੀ ਚੰਗੀ ਤਰ੍ਹਾਂ ਚੇਤੇ ਹੈ ਕਿ ਕਿਸ ਤਰ੍ਹਾਂ ਤਰ੍ਹਾਂ ਕਿਵੇਂ ਉਹ ਹਰ ਵਾਰੀ ਰੋਟੀ ਖਾਣ ਤੋਂ ਬਾਅਦ ਚੂਲੀਆਂ ਕਰਣ ਲਈ ਨਕਲੀ ਦੰਦਾਂ ਦਾ ਸੈੱਟ ਮੂੰਹ ਵਿੱਚੋਂ ਕੱਢ ਕੇ ਉਸੇ ਭੀ ਹੈਂਡਪੰਪ ਦੇ ਪਾਣੀ ਨਾਲ ਜਲਦੀ ਜਲਦੀ ਧੋਂਦੇ ਅਤੇ ਖਟਾਕ ਕਰ ਕੇ ਉਸ ਨੂੰ ਆਪਣੇ ਮੂੰਹ ਵਿਚ ਤੁੰਨ ਲੈਂਦੇ - ਮੈਂ ਬੜੀ ਹੀ ਹੈਰਾਨੀ ਨਾਲ ਓਹਨਾਂ ਦੇ ਮੂੰਹ ਵੱਲ ਤੱਕਦਾ ਕਿ ਇਹ ਇਹਨਾਂ ਭਲਾ ਜਾਦੂ ਕਿਹੜਾ ਕੀਤਾ ਏ, ਉਹ ਮੇਰੇ ਚੇਹਰੇ ਨੂੰ ਪੜ੍ਹਦੇ, ਨਿੱਮਾ ਜਿਹਾ ਹੱਸਦੇ ਤੇ ਕਿਸੇ ਉਰਦੂ ਦੇ ਰਸਾਲੇ ਨੂੰ ਪੜ੍ਹ ਚ' ਰੁਝ ਜਾਂਦੇ। ਓਹ ਦੇਸ਼ ਦੀ ਵੰਡ ਤੋਂ ਬਾਅਦ ਕੁਝ ਚਿਰ ਤੱਕ ਉਰਦੂ ਅਖਬਾਰ ਦੇ ਸਬ-ਐਡੀਟਰ ਸਨ।

ਸਮੇਂ ਦਾ ਚੱਕਾ ਅੱਗੇ ਚਲਿਆ- ਮੈਨੂੰ ਵੀ ਨਕਲੀ ਦੰਦਾਂ ਦੇ ਬਾਰੇ ਪੜ੍ਹਨ, ਸਮਝਣ ਤੇ ਤਿਆਰ ਕਰਨ ਤੇ ਫੇਰ ਓਹਨਾਂ ਨੂੰ ਮੂੰਹ ਵਿੱਚ ਫਿੱਟ ਕਰਣ ਵਾਲਾ ਕਿੱਤਾ ਹੀ ਮਿਲ ਗਿਆ. ਇਸ ਦੌਰਾਨ ਬੜੇ ਬੜੇ ਤਜੁਰਬੇ ਹੋਏ, ਕੁਝ ਦਿਨ ਪਹਿਲਾਂ ਜਦੋਂ ਨਕਲੀ ਦੰਦਾਂ ਦੇ ਪੰਜਾਂ ਸੈੱਟਾਂ ਵਾਲਾ ਇਕ ਬੰਦਾ ਮਿਲਿਆ ਤਾਂ ਸੋਚਿਆ ਕਿ ਚੱਲੋ, ਇਸ ਬਾਰੇ ਹੀ ਕੁਝ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ.

ਜਦੋਂ ਅਸੀਂ ਦੰਦਾਂ ਦੀ ਡਾਕਟਰੀ ਦੀ ਪੜ੍ਹਾਈ ਕਰਦੇ ਹਾਂ ਤਾਂ ਉਸ ਦੌਰਾਨ ਸਾਨੂੰ ਮਰੀਜ਼ਾਂ ਦੇ ਨਕਲੀ ਦੰਦਾਂ ਦੇ ਸੈੱਟ - ਸ਼ਾਇਦ 10 ਮਰੀਜ਼ਾਂ ਦੇ - ਤਿਆਰ ਕਰਨੇ ਹੁੰਦੇ ਹਨ. ਹੁਣ, ਐਂਨੀ ਪ੍ਰੈਕਟਿਸ ਤਾਂ ਉਸ ਵੇਲੇ ਹੁੰਦੀ ਨਹੀਂ ਹੈ - ਕਿਵੇਂ ਵੀ ਜਲਦਬਾਜ਼ੀ ਵਿੱਚ ਬਸ ਕੋਟਾ ਪੂਰਾ ਕਰਣ ਦੇ ਚੱਕਰ ਵਿੱਚ ਲੱਗੇ ਰਹਿੰਦੇ ਸੀ. ਅੰਮ੍ਰਿਤਸਰ ਦਾ ਸਰਕਾਰੀ ਕਾਲਜ ਸੀ, ਫੇਰ ਵੀ ਮਰੀਜਾਂ ਨੂੰ ਨਕਲੀ ਦੰਦਾਂ ਦਾ ਬੀੜ ਲਗਵਾਉਣ ਲਈ 100 ਰੁਪਈਏ ਤੇ ਜਮਾ ਕਰਣੇ ਹੀ ਪੈਂਦੇ ਸੀ, ਅੱਸੀ ਦੇ ਦਹਾਕੇ ਵਿਚ ਬਾਈ ਇਹ ਰਕਮ ਕੋਈ ਐੱਡੀ ਛੋਟੀ ਨਹੀਂ ਸੀ।

ਕਿਸੇ ਨੂੰ ਨਵੇਂ ਦੰਦ ਸਹੀ ਸੈੱਟ ਨਹੀਂ ਬੈਠੇ, ਕਿਸੇ ਨੂੰ ਚੁਭ ਰਹੇ ਨੇ, ਕਿਸੇ ਦਾ ਮੂੰਹ ਨਵੇਂ ਦੰਦ ਲੱਗਣ ਤੋਂ ਬਾਅਦ ਅਜੀਬ ਜਿਹਾ ਦਿੱਸਣ ਲੱਗ ਪੈਂਦਾ - ਇਹ ਸਾਰੀਆਂ ਤਕਲੀਫ਼ਾਂ ਨਵੇਂ ਦੰਦਾਂ ਦੇ ਬੀੜ ਨਾਲ ਆਮ ਤੌਰ ਤੇ ਲੱਗੀਆਂ ਹੀ ਹੁੰਦੀਆਂ- ਇਕ ਵਾਕਿਆ ਮੈਂ ਅਜੇ ਤਕ ਨਹੀਂ ਭੁੱਲਿਆ - ਸਾਡੀ ਇਕ ਸੀਨੀਅਰ ਸੀ, ਇਕ ਸਾਲ ਸੀਨੀਅਰ - ਉਹ ਚੌਥੇ ਸਾਲ ਵਿਚ ਸੀ, ਅਸੀਂ ਤੀਜੇ ਸਾਲ ਵਿਚ - ਉਸ ਨੇ ਇਕ ਬੀਬੀ ਦਾ ਬੀੜ ਤਿਆਰ ਕੀਤਾ - ਉਸ ਨੂੰ ਉਹ ਫਿੱਟ ਨਹੀਂ ਸੀ ਬਹਿ ਰਿਹਾ - ਵਿਚਾਰੀ ਬਾਰ ਬਾਰ ਗੇੜੇ ਮਾਰਦੀ ਰਹਿੰਦੀ - ਉੰਝ ਵੀ ਤਾਂ ਨਕਲੀ ਦੰਦਾਂ ਦਾ ਸੈੱਟ ਲਗਵਾਉਣ ਲਈ ਮਰੀਜ ਨੂੰ ਪੰਜ-ਛੇ ਵਾਰ ਤਾਂ ਘੱਟੋਘੱਟ ਆਉਣਾ ਹੀ ਪੈਂਦਾ ਸੀ - ਉਹ ਸਾਡੀ ਸੀਨੀਅਰ ਜਦੋਂ ਵੀ ਉਸ ਬੇਬੇ ਨੂੰ ਦੂਰੋਂ ਹੀ ਆਉਂਦਾ ਵੇਖਦੀ ਤਾਂ ਉਸਦੇ ਪਸੀਨੇ ਛੁੱਟਣ ਲੱਗ ਪੈਂਦੈ - ਉਸ ਦਿਨ ਵੀ ਬੇਬੇ ਆਈ - ਕਹਿਣ ਲੱਗੀ ਕੀ ਇਹ ਨਵੇਂ ਦੰਦਾਂ ਦਾ ਬੀੜ ਤਾਂ ਮੇਰੇ ਕਿਸੇ ਕੰਮ ਦਾ ਨਹੀਂ - ਸਾਡੀ ਸੀਨੀਅਰ ਨੇ ਦਲੀਲ ਦਿੱਤੀ - "ਹੋ ਜਾਣਗੇ ਬੀਬੀ ਜੀ ਰਵਾਂ ਹੁੰਦੇ ਹੁੰਦੇ "- ਇਹ ਸੁਣਦਿਆਂ ਹੀ ਉਸ ਬੇਬੇ ਨੇ ਓਹਨਾਂ ਦੰਦਾਂ ਦੇ ਬੀੜ ਨੂੰ ਓਥੇ ਹੀ ਕਮਰੇ ਵਿਚ ਵਗਾ ਮਾਰਿਆ ਤੇ ਜ਼ੋਰ ਜ਼ੋਰ ਨਾਲ ਬੋਲਣ ਲੱਗ ਪਈ - "ਲੈ ਰੱਖ ਲੈ ਇਹਨਾਂ ਨੂੰ ਤੂੰ ਹੀ , ਮੇਰੇ ਲਈ ਤਾਂ ਕਿਸੇ ਕੰਮ ਦੇ ਨਹੀਂ, ਮੈਂ ਇਹੋ ਸਮਝ ਲਵਾਂਗੀ ਕਿ ਮੈਂ 100 ਰੁਪਏ ਦੀ ਤੇਰੇ ਸਿਰ ਉੱਤੇ ਸਵਾ ਪਾ ਦਿੱਤੀ !!" - ਇਹ ਕਹਿ ਕੇ ਬੁੜਬੁੜ ਕਰਦੀ ਬੇਬੇ ਓਥੋਂ ਤੁਰ ਗਈ !!

ਮੈਨੂੰ ਵੀ ਇਸ ਕਿੱਤੇ ਵਿਚ 35-40 ਸਾਲ ਹੀ ਗਏ ਹਨ, ਹਰ ਤਰ੍ਹਾਂ ਦੇ ਮਰੀਜ ਨਾਲ ਪਾਲਾ ਪੈਂਦੈ - ਕੋਈ ਤੇ ਜ਼ਿੰਦਗੀ ਤੋਂ ਬਿਲਕੁਲ ਖੁਸ਼ , ਹਰ ਤਰ੍ਹਾਂ ਨਾਲ ਰੱਜਿਆ ਪੁੱਜਿਆ ਅਤੇ ਕੁਝ ਰੂਹਾਂ ਅਜਿਹੀਆਂ ਵੇਖੀਆਂ ਜਿਹੜੀਆਂ ਹਰ ਵੇਲੇ ਸ਼ਿਕਾਇਤ ਦੇ ਮੂਡ ਅਤੇ ਮੋਡ ਵਿੱਚ ਹੀ ਦਿਸਦੀਆਂ ਹਨ. ਕੁਝ ਲੋਕ ਬਿਨਾਂ ਦੰਦਾਂ ਦੇ ਵੀ ਜਾਂ ਮੂੰਹ ਅੰਦਰ ਦੋ-ਚਾਰ ਦੰਦਾਂ ਨਾਲ ਵੀ ਚੜ੍ਹਦੀਆਂ ਕਲਾਂ ਵਿੱਚ ਦਿਖੇ - ਜਦੋਂ ਓਹਨਾਂ ਨੂੰ ਦੰਦ ਲਗਵਾਉਣ ਦੀ ਸਲਾਹ ਦਿੱਤੀ, ਓਹਨਾਂ ਇਹੋ ਕਿਹਾ ਕਿ ਸਾਡਾ ਕੰਮ ਚੱਲ ਰਿਹਾ ਹੈ ਡਾਕਟਰ ਸਾਬ, ਕੋਈ ਪਰੇਸ਼ਾਨੀ ਨਹੀਂ, ਦੰਦ ਨਹੀਂ ਵੀ ਹਨ ਤਾਂ ਵੀ ਕੋਈ ਗੱਲ ਨਹੀਂ, ਭੁੱਜੇ ਛੋਲੇ ਤਕ ਮੈਂ ਇਹਨਾਂ ਥੋੜੇ ਜਿਹੇ ਦੰਦਾਂ ਨਾਲ ਤੇ ਇਹਨਾਂ ਟੁੱਟੀਆਂ ਹੋਈਂਆਂ ਦੰਦਾਂ ਦੀਆਂ ਚਿਪਰਾਂ ਨਾਲ ਚੱਬ ਲੈਂਦਾ ਹਾਂ - ਕੁਝ ਕਹਿੰਦੇ ਨੇ ਹੁਣ ਬੁੱਢੇ ਵਾਰੇ ਕੀ ਪੈਣਾ ਇਸ ਬਨਾਉਟੀ ਦੰਦਾਂ ਦੇ ਵਖਤੇ ਵਿੱਚ - ਜ਼ਿੰਦਗੀ ਹੁਣ ਬਚੀ ਹੀ ਕਿੰਨੀ ਕੁ' ਏ, ਇਵੇਂ ਹੀ ਲੰਘ-ਟੱਪ ਜਾਣੀ ਐ, ਕੰਮ ਚੱਲ ਰਿਹਾ ਹੈ ਜੀ ਆਪਣਾ ਤਾਂ ਚੰਗਾ ਭਲਾ !! ਕੁਝ ਚਿਰ ਪਹਿਲਾਂ ਇਕ ਬਜ਼ੁਰਗ ਬੀਬੀ ਆਈ ਮੇਰੇ ਕੋਲੇ - ਉਸ ਨੇ ਕਿਹਾ - ਮੁੰਡਾ ਕਹਿੰਦੈ ਹੁਣ ਨਕਲੀ ਦੰਦਾਂ ਤੇ ਐਨਾਂ ਖਰਚਾ ਕਰੇਂਗੀ, ਤੇਰੇ ਤਾਂ ਹੁਣ ਦਿਨ ਹੀ ਕਿੰਨ੍ਹੇ ਬਚੇ ਹਨ!! ਉਸ ਦੀ ਗੱਲ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ !!

ਕੁਝ ਅਜਿਹੇ ਮਰੀਜ਼ ਵੀ ਮਿਲੇ ਜਿੰਨ੍ਹਾਂ ਦੇ ਨਕਲੀ ਦੰਦ ਦੇਖਣ ਵਿੱਚ ਹੀ ਲੱਗਦਾ ਹੈ ਕਿ ਯਾਰ, ਇਹਨਾਂ ਦੀ ਬਨਾਵਟ ਵਿੱਚ ਤਾਂ ਕੋਈ ਪੰਗਾ ਹੈ - ਇਹਨਾਂ ਨੂੰ ਤਿਆਰ ਕਰਦੇ ਸਮੇਂ ਕਿਸੇ ਨਾ ਕਿਸੇ ਕੋਲ ਕੋਈ ਕਮੀ ਤਾਂ ਜ਼ਰੂਰ ਰਹਿ ਗਈ ਹੈ - ਪਰ ਉਹ ਮਰੀਜ਼ ਮਜ਼ੇ ਵਿਚ ਹਨ , ਸਭ ਕੁਛ ਰਗੜੀ ਜਾ ਰਹੇ ਨੇ ਓਹਨਾਂ ਦੰਦਾਂ ਨਾਲ ਹੀ - (ਅਜਿਹੇ ਰੱਬ ਦੇ ਬੰਦਿਆਂ ਨੂੰ ਮੈਂ ਵੀ ਕਦੇ ਓਹਨਾਂ ਦੇ ਬਨਾਉਟੀ ਦੰਦਾਂ ਦੀਆਂ ਕਮੀਆਂ ਗਿਣਵਾਉਣ ਦੀ ਬੇਵਕੂਫੀ ਕੀਤੀ ਨਹੀਂ !! ਕੁਝ ਅਜਿਹੇ ਲੋਕ ਵੀ ਮਿਲਦੇ ਹਨ ਜਿੰਨ੍ਹਾਂ ਦੇ ਨਕਲੀ ਦੰਦ ਦੇਖਣ ਵਿੱਚ ਤੇ ਮੂੰਹ ਵਿਚ ਫਿਟਿੰਗ ਦੇ ਹਿਸਾਬ ਨਾਲ ਬਿਲਕੁਲ ਠੀਕ ਲਗਦੇ ਹਨ ਪਰ ਉਹਨਾਂ ਨੂੰ ਫੇਰ ਵੀ 20 ਸ਼ਿਕਾਇਤਾਂ ਹੁੰਦੀਆਂ ਹਨ।  ਜਿਵੇਂ ਕਹਾਵਤ ਹੈ ਕਿ ਜੁੱਤੀ ਪਾਉਣ ਵਾਲੇ ਨੂੰ ਹੀ ਪਤਾ ਹੁੰਦੈ ਕਿ ਉਹ ਕਿੱਥੋਂ ਚੁਭ ਰਿਹੈ - ਉਵੇਂ ਹੀ ਮੰਨ ਲਿਆ ਕਿ ਨਕਲੀ ਦੰਦਾਂ ਦੇ ਬੀੜ ਵਿੱਚ ਵੀ ਕੋਈ ਕਮੀ-ਪੇਸ਼ੀ ਰਹਿ ਗਈ ਹੋਵੇ - ਇਹ ਹੋ ਸਕਦੈ - ਪਰ ਵੱਡੀ ਉਮਰ ਦੀਆਂ ਕੁਝ ਆਪਣੀਆਂ ਹੋਰ ਵੀ ਦਿੱਕਤਾਂ ਹੁੰਦੀਆਂ ਹਨ , ਜਿਵੇਂ ਕਿ ਥੁੱਕ ਬਣਨਾ ਘੱਟ ਜਾਂਦੈ, ਨਸਾਂ ਵਿੱਚ, ਮਾਂਸਪੇਸ਼ਿਆਂ ਵਿੱਚ ਵੀ ਬੁਢਾਪੇ ਦਾ ਅਸਰ ਹੋ ਜਾਂਦੈ ਤੇ ਨਕਲੀ ਦੰਦਾਂ ਨੂੰ ਸੈੱਟ ਹੋਣ ਵਿੱਚ ਥੋੜੇ ਬਹੁਤ ਅੜਿੱਕੇ ਆ ਜਾਂਦੇ ਹਨ. ਹਰ ਬੰਦਾ ਇਕ ਅਲੱਗ ਮਿੱਟੀ ਦਾ ਬਣਿਆ ਹੋਇਆ ਹੁੰਦੈ - ਕੁਝ ਤਾਂ ਇਹਨਾਂ ਛੋਟੀਆਂ ਮੋਟੀਆਂ ਤਕਲੀਫ਼ਾਂ ਨੂੰ ਸਹਿਜੇ ਹੀ ਸਵੀਕਾਰ ਕਰ ਲੈਂਦੇ ਹਨ ਅਤੇ ਕੁਝ ਵਿਚਾਰੇ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਨ - ਜਦੋਂ ਅਸੀਂ ਦੰਦਾਂ ਦੀ ਡਾਕਟਰੀ ਪੜ੍ਹ ਰਹੇ ਸੀ ਤਾਂ ਆਪਸ ਵਿੱਚ ਗੱਲ ਬਾਤ ਕਰਦਿਆਂ ਕੁਝ ਸਾਥੀ (ਮੈਂ ਨਹੀਂ, ਇੰਨ੍ਹਾਂ ਮੈਨੂੰ ਪੱਕਾ ਪਤਾ ਹੈ!!) ਅਜਿਹੇ ਮਰੀਜਾਂ ਬਾਰੇ ਇਹ ਕਹਿ ਦਿੰਦੇ ਸਨ ਕਿ ਇਹ ਸਾਇਕਿਕ ਹੈ - ਮਤਲਬ ਇਸ ਦਾ ਦਿਮਾਗ ਟਿਕਾਣੇ ਨਹੀਂ, ਸਤਰਿਆ -ਬਤਰਿਆ ਹੋਇਆ ਲੱਗਦੈ - ਮੈਨੂੰ ਸ਼ੁਰੂ ਤੋਂ ਹੀ ਅਜਿਹੇ ਜੁਮਲੇ ਇਸਤੇਮਾਲ ਕਰਣ ਤੋਂ ਗੁਰੇਜ ਹੀ ਰਿਹੈ - ਹਰ ਬੰਦਾ ਆਪਣੀ ਇੱਕ ਜੰਗ ਲੜ ਰਿਹੈ - ਕੀ ਐਵੇਂ ਜੱਜ ਬਣ ਕੇ ਕਿਸੇ ਨੂੰ ਕੁਝ ਵੀ ਕਹਿ ਦੇਣਾ!!

ਆਪਣੇ ਆਸ ਪਾਸ ਹੀ ਦੇਖਦਾ ਹਾਂ - ਨਾਨੀ ਪਾਉਂਦੀ ਸੀ ਨਕਲੀ ਬੀੜ, ਮੇਰੇ ਭਾਪਾ ਜੀ ਪਾਉਂਦੇ ਸੀ , ਪਰ ਚੇਤਾ ਨਹੀਂ ਆ ਰਿਹਾ ਕਿ ਕਦੇ ਓਹਨਾਂ ਕਦੇ ਕੋਈ ਸ਼ਿਕਾਇਤ ਕੀਤੀ ਹੋਵੇ ਇਹਨਾਂ ਦੰਦਾਂ ਦੇ ਬਾਰੇ ਵਿਚ - ਕਹਿਣ ਦਾ ਮੇਰਾ ਮਤਲਬ ਇਹੋ ਹੈ ਕਿ ਕੋਈ ਜੇਕਰ ਆਪਣੇ ਨਕਲੀ ਦੰਦਾਂ ਤੋਂ ਖੁਸ਼ ਹੈ ਜਾਂ ਨਾਖੁਸ਼ ਹੈ, ਇਸ ਪਿੱਛੇ ਹੋਰ ਵੀ ਬੜੇ ਕਾਰਣ ਹੁੰਦੇ ਹਨ - ਜਿਹੜੇ ਕੀ ਸਾਰੇ ਇਸ ਲੇਖ ਵਿੱਚ ਸਮੇਟਨੇ ਔਖੇ ਹਨ. ਪਰ, ਹਾਂ, ਅਜਿਹੇ ਕਾਰਣ ਜ਼ਰੂਰ ਹੁੰਦੇ ਹਨ ਜਿਵੇਂ ਉਸ ਬੰਦੇ ਦੀ ਸ਼ਾਰੀਰਿਕ ਤੇ ਦਿਮਾਗੀ ਹਾਲਤ ਕਿਵੇਂ ਹੈ (ਇਸ ਦਾ ਸੱਤਰੇ ਬੱਤਰੇ ਨਾਲ ਕੋਈ ਸੰਬੰਧ ਨਹੀਂ ਹੈ !!) , ਉਸ ਦੀ ਜਾਤੀ ਜ਼ਿੰਦਗੀ ਕਿਵੇਂ ਹੈ, ਇਸ ਦਾ ਸਮਾਜਿਕ
ਦਾਇਰਾ ਕਿਹੋ ਜਿਹਾ ਹੈ, ਉਹ ਆਪਣੇ ਬਾਰੇ ਕੀ ਸੋਚਦਾ ਹੈ- ਇਹ ਸਾਰੀਆਂ ਗੱਲਾਂ ਤੈਅ ਕਰਦੀਆਂ ਹਨ ਕਿ ਕੋਈ ਨਕਲੀ ਦੰਦਾਂ ਤੋਂ ਹੀ ਕੀ, ਜ਼ਿੰਦਗੀ ਤੋਂ ਵੀ ਖੁਸ਼ ਹੈ ਜਾਂ ਨਹੀਂ, ਜਾਂ ਬਸ ਟੈਮ ਨੂੰ ਧੱਕਾ ਹੀ ਦਿੱਤਾ ਜਾ ਰਿਹੈ ਬਸ !!

ਇਹ ਤਾਂ ਕੋਈ ਮੈਡੀਕਲ ਪੋਸਟ ਨਹੀਂ ਲੱਗ ਰਹੀ ਜੀ, ਐਵੇਂ ਕਿੱਸੇ ਜਿਹੇ ਹੀ ਲੈ ਕੇ ਬੈਠ ਗਿਆ ਮੈਂ - ਪਰ ਸਾਰੇ ਸੱਚੇ!! ਹਾਂਜੀ, ਹੁਣੇ ਚੇਤੇ ਆ ਰਹੇ ਹਨ ਕੁਛ ਹੋਰ ਕਿੱਸੇ ਜਦੋਂ ਰਾਤ ਨੂੰ ਬਿੱਲੀ, ਚੂਹਾ ਨਕਲੀ ਦੰਦ ਮੰਜੀ ਥੱਲੇ ਪਏ ਹੋਏ ਲੈ ਕੇ ਤੁਰ ਗਏ - ਨਹਾਂਦਿਆਂ ਹੋਇਆਂ ਨਕਲੀ ਦੰਦ ਸਾਫ ਕਰ ਰਹੇ ਸੀ, ਉਹ ਥੱਲੇ ਡਿੱਗੇ ਤੇ ਟੁੱਟ ਗਏ - ਕਿਸੇ ਨੇ ਚਲਦੀ ਬਸ ਵਿਚੋਂ ਮੂੰਹ ਬਾਹਰ ਕੱਢ ਕੇ ਬਾਹਰ ਉਲਟੀ ਕਰਣੀ ਚਾਹੀ - ਪਰ ਇਹ ਕਿ ਨਾਲੇ ਹੀ ਬੀੜ ਵੀ ਬਾਹਰ ਬੁੜਕ  ਗਿਆ - ਇਹੋ ਜਿਹੀਆਂ ਗੱਲਾਂ ਸਾਨੂੰ ਆਪਣੇ ਮਰੀਜ਼ਾਂ ਨਾਲ ਸਾਂਝੀਆਂ ਕਰਨੀਆਂ ਪੈਂਦੀਆਂ ਹਨ ਤਾਂ ਜੋ ਉਹ ਸਚੇਤ ਰਹਿਣ।

ਪੰਜਾਬੀਆਂ ਵਿਚ ਇੱਕ ਕਹਾਵਤ ਹੈ - ਜਦੋਂ ਕਿਸੇ ਕੋਲ ਪੈਸੇ ਜ਼ਿਆਦਾ ਹੋ ਜਾਂਦੈ ਉਹ ਉਸਨੂੰ ਲੜਨ ਲੱਗ ਪੈਂਦੈ - ਕਿਸੇ ਨੇ ਨਕਲੀ ਦੰਦਾਂ ਦਾ ਸੈੱਟ ਲਗਵਾ ਰੱਖਿਆ ਹੈ - ਬਹੁਤ ਚੰਗੀ ਤਰ੍ਹਾਂ ਖਾ-ਪੀ ਰਿਹੈ ਪਰ ਉਸ ਦੇ ਬੰਬੇ ਵਾਲੇ ਕਿਸੇ ਰਿਸ਼ਤੇਦਾਰ ਨੇ ਜਬਾੜੇ ਵਿਚ ਫਿਕਸ ਦੰਦਾਂ ਦਾ ਸੈੱਟ ਡੂਢ-ਦੋ ਲੱਖ ਰੁਪਈਆ ਖਰਚ ਕੇ ਲਗਵਾ ਲਿਆ ਹੈ - ਇਸ ਲਈ ਉਸ ਨੂੰ ਵੀ ਓਹੋ ਜਿਹਾ ਹੀ ਪੱਕਾ ਕੰਮ ਕਰਵਾਉਣਾ ਹੈ।  ਆਪਣੀ ਤਰਫੋਂ ਤੇ ਅਜਿਹੇ ਲੋਕਾਂ ਨੂੰ ਸਮਝਾ ਤੇ ਦੇਈ ਦਾ ਹੀ ਹੈ- ਸ਼ਾਇਦ ਸਮਝ ਜਾਂਦੇ ਹੋਣਗੇ, ਰਬ ਜਾਣੇ!!!

ਥੋੜਾ ਚਿਰ ਹੋਇਆ ਇਕ ਬਜ਼ੁਰਗ ਆਇਆ ਮੇਰੇ ਕੋਲ - ਪਿਛਲੇ 10 ਸਾਲਾਂ ਤੋਂ ਨਕਲੀ ਦੰਦਾਂ ਦਾ ਬੀੜ ਲਾਇਆ ਹੋਇਆ ਹੈ - ਦਸ ਸਾਲ ਪਹਿਲਾਂ ਜਿਹੜਾ ਸੈੱਟ ਬਣਵਾਇਆ ਸੀ, ਉਹ ਹੁਣ ਥੋੜਾ ਘਿਸ ਚੁਕਿਆ ਏ, ਇਸ ਲਈ ਨਵਾਂ ਸੈੱਟ ਬਣਵਾ ਲਿੱਤਾ ਥੋੜੇ ਸਾਲ ਪਹਿਲਾਂ। ਵੈਸੇ ਉਂਝ ਦੱਸ ਰਿਹਾ ਸੀ ਕਿ ਉਹਨਾਂ ਨਕਲੀ ਦੰਦਾਂ ਨਾਲ ਵੀ ਉਸਨੂੰ ਸ਼ਿਕਾਇਤ ਕੋਈ ਨਹੀਂ ਹੈ ਅਜੇ ਤਕ - ਬਸ, ਐਵੇਂ ਹੀ ਲਖਨਊ ਤੋਂ ਬਾਹਰ ਕਿਤੇ ਹੋਰ ਜਗ੍ਹਾ ਤੇ ਜਾ ਕੇ ਇਕ ਨਵਾਂ ਬੀੜ ਬਣਵਾ ਲਿਆ - ਓਥੋਂ ਫ਼ਾਰਿਗ਼ ਹੋ ਕੇ ਆਇਆ ਤਾਂ ਕਿਸੇ ਨੇ ਦੱਸ ਪਾ ਦਿੱਤੀ ਕਿ ਤੂੰ ਸਰਕਾਰੀ ਦੰਦਾਂ ਦੇ ਕਾਲਜ ਤੋਂ ਕਿਓਂ ਨਹੀਂ ਬਣਵਾ ਲੈਂਦਾ ਇੱਕ ਸੈੱਟ। ਉਸ ਸੈੱਟ ਦੇ ਬਾਰੇ ਦੱਸਦਾ ਹੈ ਕਿ ਡੈਂਟਲ ਕਾਲਜ ਵਾਲਿਆਂ ਨੇ ਭਜਾ ਭਜਾ ਕੇ ਮੇਰੀਆਂ ਜੁੱਤੀਆਂ ਘਸਾ ਮਾਰੀਆਂ ਪਰ ਫੇਰ ਹੀ ਉਹ ਸੈੱਟ ਕਿਸੇ ਕੰਮ ਦਾ ਨਹੀਂ ਹੈ - ਇੱਕ ਦਿਨ ਵੀ ਇਸਤੇਮਾਲ ਨਹੀਂ ਕੀਤਾ - ਇੰਨੀਆਂ ਸਾਲੋਂ ਤੋਂ ਉਹ ਸੈੱਟ ਨੰਬਰ 2 ਹੀ ਇਸਤੇਮਾਲ ਕਰ ਰਹੇ ਸਨ ਕਿ ਉਸਨੂੰ ਲੱਗਾ ਕਿ ਨਵਾਂ ਸੈੱਟ ਹੀ ਬਣਵਾ ਲਵਾਂ - ਤਾਂ ਓਹਨਾਂ ਇਕ ਨਵਾਂ ਸੈੱਟ ਹੋਰ ਬਣਵਾ ਲਿਆ. ਫੇਰ ਉਸ ਵਿਚ ਕੁਝ ਪ੍ਰਾਬਲਮ ਲੱਗੀ (ਦੱਸਦਾ ਹਾਂ ਜੀ ਉਸ ਬਾਰੇ ਵੀ ਹੁਣੇ, ਥੋੜੀ ਠੰਡ ਰੱਖੋ ਜਨਾਬ!) ਤੇ ਉਸੇ ਡਾਕਟਰ ਕੋਲੋਂ ਇਕ ਹੋਰ ਸੈੱਟ ਲਗਵਾ ਲਿਆ - ਪਰ ਉਸ ਨਾਲ ਵੀ ਮਜ਼ਾ ਨਹੀਂ ਆਇਆ - ਮਜ਼ਾ ਉਸ ਨੂੰ ਨਹੀਂ ਆਇਆ ਜਾਂ ਕਿਸੇ ਹੋਰ ਨੂੰ ਨਹੀਂ ਆਇਆ, ਹੁਣੇ ਸੁਣਾਉਣਾ ਹਾਂ ਹੀ ਤੁਹਾਨੂੰ ਪੂਰਾ ਕਿੱਸਾ!!


ਇਸ ਭਾਈ ਦੇ ਦੰਦਾਂ ਦੇ ਵੰਨ-ਸੁਵੰਨੇ ਬੀੜ  

ਮੈਂ ਵੀ ਉਸ ਭਾਉ ਦੀਆਂ ਗੱਲਾਂ ਸੁਣ ਕੇ ਬੜਾ ਭੰਬਲਭੂਸੇ ਵਿਚ ਪੈ ਗਿਆ - ਪਰ ਇੰਨਾ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕੇ ਕਿ ਇਸ ਬੰਦੇ ਕੋਲ ਨਕਲੀ ਦੰਦਾਂ ਦੇ ਕੁਲ 5 ਸੈੱਟ ਹਨ - ਜਿੰਨ੍ਹਾਂ ਵਿਚੋਂ ਉਹ ਤਿੰਨ ਮੈਨੂੰ ਦਿਖਾਉਣ ਆਏ ਸੀ - ਪਿਛਲੇ ਕੁਝ ਮਹੀਨਿਆਂ ਵਿਚ ਦੰਦਾਂ ਦੇ ਤਿੰਨ ਸੈੱਟਾਂ ਤੇ ਇਹ 22 ਹਜ਼ਾਰ ਰੁਪਈਏ ਖਰਚ ਕਰ ਚੁਕੇ ਹਨ, ਰਿਟਾਇਰਡ ਰੇਲਵੇ ਮੁਲਾਜ਼ਿਮ ਹਨ, ਉਮਰ 74 ਸਾਲ, ਪਰ ਨਕਲੀ ਦੰਦਾਂ ਤੋਂ ਅਜੇ ਵੀ ਬਿਲਕੁਲ ਖੁਸ਼ ਨਹੀਂ।

ਮੈਨੂੰ ਇਸ ਬੰਦੇ ਦੀ ਗੱਲ ਬਾਤ ਤੋਂ ਇੰਝ ਲੱਗਾ ਕਿ ਇਹਨਾਂ ਸਭ ਨਕਲੀ ਦੰਦਾਂ ਦੇ ਸੈੱਟਾਂ ਤੋਂ ਇਹਨਾਂ ਨੂੰ ਕੋਈ ਖਾਸ ਸ਼ਿਕਾਇਤ ਨਹੀਂ ਹੈ ਸ਼ਾਇਦ - ਪਰ ਇਹਨਾਂ ਦੇ ਬੱਚਿਆਂ ਨੂੰ ਹੈ - ਉਹ ਸ਼ਿਕਾਇਤ ਇਹ ਹੈ ਕਿ ਬੱਚੇ ਕਹਿੰਦੇ ਨੇ ਕਿ ਇਕ ਸੈੱਟ ਤੇ ਭਾਇਆ ਜੀ ਤੁਹਾਡੇ ਇਸ ਤਰ੍ਹਾਂ ਦਾ ਹੈ ਕਿ ਜਦੋਂ ਤੁਸੀਂ ਉਹ ਲਗਾਇਆ ਹੁੰਦੈ ਤਾਂ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਮੂੰਹ ਵਿਚ ਦੰਦ ਲੱਗੇ ਵੀ ਹਨ ਜਾ ਨਹੀਂ !! ਦੂਜੇ ਸੈੱਟ ਨਾਲ ਬੱਚਿਆਂ ਦਾ ਰੋਣਾ ਇਹ ਹੈ ਕਿ ਜਦੋਂ ਭਾਪਾ ਜੀ ਓਹ ਵਾਲਾ ਸੈੱਟ ਲਾਉਂਦੇ ਹਨ ਤਾਂ ਉਪਰ ਵਾਲਾ ਹੋਂਠ ਥੋੜਾ ਜਿਹਾ ਉੱਪਰ ਉੱਠ ਜਾਂਦਾ ਹੈ - ਨਕਲੀ ਦੰਦ ਥੋੜੇ ਬਾਹਰ ਦੀ ਤਰਫ ਹਨ, ਇਹਨਾਂ ਦੇ ਬੱਚੇ ਇੰਝ ਸੋਚਦੇ ਹਨ- ਮੈਂ ਪੰਜ ਮਿੰਟ ਲਾ ਕੇ ਸੈੱਟ ਦੀ ਵਜ੍ਹਾ ਨਾਲ ਉਪਰਲਾ ਹੋਂਠ ਉਪਰ ਚੁੱਕੇ ਜਾਣ ਦੀ ਸਮਸਿਆ ਤਾਂ ਦੂਰ ਕਰ ਦਿੱਤੀ - ਖੁਸ਼ ਹੋ ਗਏ ਬਾਊ ਜੀ - ਪਰ ਮੈਨੂੰ ਪਤਾ ਹੈ ਇਹਨਾਂ ਦੀਆਂ ਸ਼ਿਕਾਇਤਾਂ ਬਹੁਤੀਆਂ ਮਾਨਸਿਕ ਜਾਂ ਖਿਆਲੀ ਹੀ ਹਨ।

ਉਸ ਦਿਨ ਮੈਂ ਇਕ ਅਜਿਹੇ ਬੰਦੇ ਨੂੰ ਮਿਲਿਆ ਜਿਸ ਕੋਲ ਨਕਲੀ ਦੰਦਾਂ ਦੇ 5 ਸੈੱਟ ਸਨ, ਪਰ ਫੇਰ ਵੀ ਉਹ ਨਾਖੁਸ਼ ਸੀ, ਓਹਦੇ ਨਾਲ ਗੱਲ ਬਾਤ ਕਰਦਿਆਂ ਮੈਂ ਇਹੋ ਸੋਚੀ ਜਾ ਰਿਹਾ ਸੀ ਕਿ ਖੁਸ਼ੀ ਦੀ ਵੀ ਪਰਿਭਾਸ਼ਾ ਕਿਵੇਂ ਹਰ ਬੰਦੇ ਵਾਸਤੇ ਅੱਡੋ-ਅੱਡ ਹੈ - ਹਰ ਬੰਦਾ ਆਪਣੇ ਹਿਸਾਬ ਨਾਲ ਖੁਸ਼ੀ ਨਾਪਦੈ - ਮੈਨੇ ਉਹ ਦਿਨ ਵੀ ਯਾਦ ਹਨ - ਅਸੀਂ ਉਹ ਦਿਨ ਵੀ ਦੇਖੇ ਹਨ ਜਦੋਂ ਨਕਲੀ ਦੰਦਾਂ ਦੇ ਬੀੜ ਫੁਟਪਾਥਾਂ ਤੇ ਵਿਕਿਆ ਕਰਦੇ ਸੀ - ਜਿਸਦੇ ਮੇਚ ਦਾ ਹੋਵੇ, ਕਰ ਲੋ ਬਾਈ ਤਸੱਲੀ ਤੇ ਲੈ ਜਾਓ, ਜਾਓ ਜਾ ਕੇ ਦਾਣੇ ਚਬੋ ਤੇ ਸੀਸਾਂ ਦਿਓ - ਇਸ ਤਰ੍ਹਾਂ ਨਾਲ ਦੰਦਾਂ ਦੇ ਬੀੜ ਬੇਚਣੇ ਬਿਲਕੁਲ ਗ਼ਲਤ ਗੱਲ ਹੈ - ਡਾਢੀ ਖ਼ਤਰਨਾਕ ਗੱਲ ਹੈ ਜੀ ਇਹ - ਦੰਦ ਕਦੇ ਵੀ ਇਸ ਤਰ੍ਹਾਂ ਇਕ ਦੂਜੇ ਦੇ ਫਿੱਟ ਨਹੀਂ ਆ ਸਕਦੇ ਤੇ ਰੈਡੀਮੇਡ ਬੀੜਾਂ ਦਾ ਵੀ ਕੋਈ ਮਾਮਲਾ ਹੁੰਦਾ ਨਹੀਂ - ਇਹ ਤੇ ਬੀੜ ਹਨ , ਮੈਂ ਅੱਜ ਕਲ ਵੀ ਕਈ ਥਾਵਾਂ ਤੇ ਦੇਖਦਾ ਹਾਂ ਕਿ ਲੋਗ ਪੁਰਾਣੇ ਚਸ਼ਮੇ ਪਾ ਪਾ ਕੇ ਵੇਖਦੇ ਹਨ ਫੁੱਟਪਾਥ ਤੋਂ , ਜਿਸ ਨਾਲ ਸਾਫ ਦਿੱਖ ਜਾਵੇ, ਉਹ ਖਰੀਦ ਲੈਂਦੇ ਹਨ - ਇਹ ਤਾਂ ਅੱਜ ਦੀਆਂ ਗੱਲਾਂ ਨੇ - ਦਰਅਸਲ ਗੁਰਬਤ ਵੀ ਇੰਨੀ ਹੈ ਕਿ ਆਮ ਆਦਮੀ ਦੇ ਛੋਟੇ ਛੋਟੇ ਮਸਲੇ ਵੀ ਬੜੇ ਵੱਡੇ ਹੁੰਦੇ ਹਨ!!

ਇਹ ਵੀ ਤਾਂ ਇਕ ਤਰ੍ਹਾਂ ਦੀ ਖਾਈ ਹੀ ਹੈ - ਕਿਸੇ ਕੋਲ ਨਕਲੀ ਦੰਦਾਂ ਦੇ ਪੰਜ ਸੈੱਟ ਹਨ ਤੇ ਫੇਰ ਵੀ ਉਸ ਨੂੰ ਪੈਸਾ ਲੜ ਰਿਹੈ - ਬੱਚਿਆਂ ਦੇ ਪਿੱਛੇ ਲੱਗ ਕੇ ਉਸਦਾ ਮਨ ਮਚਲ ਰਿਹੈ ਕਿ ਕੁਝ ਹੋਰ ਠਾ ਜਿਹਾ ਕੰਮ ਹੋਵੇ ਤੇ ਉਹ ਕਰਵਾ ਲਵੇ - ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਅਜਿਹੇ ਲੋਕ ਵੀ ਹਨ ਜਿਹੜੇ ਇਕ ਸੈੱਟ ਵਾਸਤੇ ਤਰਸਦੇ ਇਸ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ - ਕੁਝ ਬਜ਼ੁਰਗਾਂ ਨੂੰ ਬੱਚੇ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਹੁਣ ਬੇਬੇ ਤੇਰੀ ਬਾਕੀ ਬਚੀ ਹੀ ਕਿੰਨੀ ਕੁ ਹੈ - ਹੋਰ ਕਿੰਨਾ ਕੁ' ਜੀ ਲਵੋਗੇ !!

ਚਲੋ ਜੀ, ਹੁਣ ਕਿੱਸਾਗੋਈ ਦਾ ਸੈਸ਼ਨ ਕਰੀਏ ਬੰਦ, ਅੱਜ ਮੈਨੂੰ ਇਸ ਉੱਤੇ ਪੂਰੇ 5 ਘੰਟੇ ਲੱਗ ਗਏ ਪਰ ਮੈਂ ਗੱਲ ਅਧੂਰੀ ਨਹੀਂ ਸੀ ਛੱਡਣਾ ਚਾਹੁੰਦਾ! ਸਵੇਰੇ ਸਵੇਰੇ ਦੋ ਢਾਈ ਘੰਟੇ ਲੱਗੇ ਤੇ ਹੁਣ ਵੀ 2 ਕੁ' ਘੰਟੇ ਲੱਗੇ - ਕੋਈ ਗੱਲ ਨਹੀਂ, ਗੱਲ ਪੂਰੀ ਕਹਿ ਕੇ ਹੀ ਤਸੱਲੀ ਹੁੰਦੀ ਹੈ - ਬਸ ਹੁਣ ਮੈਨੂੰ ਗੁਰਦਾਸ ਮਾਨ ਨੂੰ ਸੁਣਾਂਗਾ - ਲੋ ਜੀ ਤੁਸੀਂ ਵੀ ਸੁਣੋ।

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...