Saturday 14 September 2019

ਚੌਕਸੀ

"ਬਾਊ ਜੀ, ਜ਼ਰਾ ਦੱਸਿਓ ਇਹ ਚੈਕ ਜਿਹੜਾ ਮੈਂ 3 ਦਿਨ ਪਹਿਲਾਂ ਤੁਹਾਡੇ ਬੈਂਕ ਦੀ ਬਟਾਲੇ ਵਾਲੀ ਬ੍ਰਾਂਚ ਵਿਚ ਲਾਇਆ ਸੀ, ਕੀ ਉਹ ਮੇਰੇ ਖਾਤੇ ਵਿੱਚ ਆ ਗਿਆ ਐ ?"

ਅੱਜ ਸੁੱਚਾ ਕਿਸੇ ਕੰਮ ਦੇ ਚੱਕਰ ਵਿੱਚ ਅੰਬਰਸਰ ਆਇਆ ਹੋਇਆ ਸੀ, ਫ਼ਵਾਰੇ ਵਾਲੇ ਚੌਕ ਦੇ ਸਾਮਣੇ ਉਸਨੇ ਆਪਣੇ ਬੈਂਕ ਦੀ ਬ੍ਰਾਂਚ ਵੇਖੀ ਤੇ ਅੰਦਰ ਚਲਿਆ ਗਿਆ!

ਉਹ ਚੈਕ ਜਮਾ ਕਰਵਾਉਣ ਦੀ ਰਸੀਦ (ਕਾਊਂਟਰ ਫਾਈਲ)  ਬੈਂਕ ਦੇ ਬਾਊ ਨੇ ਹੱਥ ਵਿਚ ਲਈ, ਪਹਿਲਾਂ ਤਾਂ ਆਪਣੀਆਂ ਐਨਕਾਂ ਸੈੱਟ ਕੀਤੀਆਂ, ਫੇਰ ਅਗਲੇ ਅੱਧੇ ਕੁ' ਮਿੰਟ ਵਿੱਚ ਸੁੱਚੇ ਵੱਲ ਵੇਖ ਕੇ ਪਤਾ ਨਹੀਂ ਕੀ ਲੱਭਦਾ ਰਿਹਾ, ਫੇਰ ਸੁੱਚੇ ਤੋਂ ਪੁੱਛਦੈ - "ਇਹ ਖਾਤਾ ਤੇਰਾ ਹੀ ਏ? "

"ਹਾਂਜੀ, ਮੇਰਾ ਹੀ ਐ ਜਨਾਬ," ਸੁੱਚਾ ਬੋਲਿਆ।

"ਲੈ ਫੇਰ ਦਸਤਖ਼ਤ ਕਰ ਇਸ ਪਰਚੀ ਦੇ ਪਿੱਛੇ!" - ਬਾਊ ਦੇ ਮੂੰਹ ਵਿਚੋਂ ਫੁੱਲ ਕਿਰੇ!

ਸੁੱਚਾ ਕੋਈ ਅਨਪੜ੍ਹ ਨਹੀਂ ਸੀ, ਐ.ਮੈ ਪਾਸ ਹੈ,  ਸਕੂਲ  ਵਿਚ ਪੜਾਉਂਦਾ ਹੈ , ਪਰ ਉਹ ਇਹੋ ਸੋਚਦਾ ਹੈ ਕੀ ਸਰਕਾਰੀ ਦਫਤਰ ਗਿਆ ਬੰਦਾ ਪੜ੍ਹਿਆ ਕੀ ਤੇ ਅਨਪੜ੍ਹ ਕੀ, ਹੋਣਾ ਤੇ ਓਹੀਓ ਹੈ ਜੋ ਬਾਊ ਨੇ ਸੋਚਿਆ ਹੈ - ਇਸ ਕਰ ਕੇ ਸੁੱਚਾ ਬੜਾ ਬੀਬਾ ਬੰਦਾ ਬਣ ਕੇ ਜਿਵੇਂ ਉਸਨੂੰ ਕਿਹਾ ਜਾਉਂਦਾ ਕਰਦਾ ਰਹਿੰਦੈ!

ਬਾਊ ਨੇ ਪਹਿਲਾਂ ਉਸਦੇ ਦਸਤਖ਼ਤ ਚੈੱਕ ਕੀਤੇ ਤੇ ਫੇਰ ਉਸ ਦੇ ਖਾਤੇ ਨੰਬਰ ਤੋਂ ਚੈਕ ਕਰ ਕੇ ਬੜੇ ਰੁੱਖੇ ਤਰੀਕੇ ਨਾਲ ਬਿਨਾ ਸੁੱਚੇ ਦੇ ਮੂੰਹ ਵੱਲ ਵੇਖੇ ਕਹਿੰਦੈ - ਹਾਂ, ਹੋ ਗਿਆ ਏ!" 

ਇਕ ਸਵਾਲ ਹੋਰ ਸੀ ਸੁੱਚੇ ਕੋਲ - ਜਦੋਂ ਉਸਨੇ ਪੁੱਛਿਆ ਤਾਂ ਬਾਊ ਖਹਿਬੜ ਕੇ ਬੋਲਿਆ- "ਇਹ ਤੂੰ ਉਸ ਮੈਡਮ ਕੋਲੋਂ ਪੁੱਛ ਲੈ !"
ਖੈਰ, ਜਵਾਬ ਨਹੀਂ ਮਿਲਿਆ ਉਸ ਨੂੰ- ਮੈਡਮ ਨੇ ਵੀ ਟਰਕਾ ਕੇ ਉਸਨੂੰ ਤੋਰ ਦਿੱਤਾ!

ਸੁੱਚਾ ਬਾਹਰ ਆਉਂਦਾ ਆਉਂਦਾ ਬੈਂਕਾਂ ਬਾਰੇ ਹੀ ਸੋਚੀ ਜਾ ਰਿਹਾ ਸੀ - ਪਿਛਲੇ ਹਫਤੇ ਹੀ ਆਪਣੇ ਸ਼ਹਿਰ ਬਟਾਲੇ ਉਹ ਆਪਣੀ ਤੀਵੀਂ ਨਾਲ ਬੈਂਕ ਦੇ ਲਾਕਰ ਨੂੰ ਦੇਖਣ ਗਿਆ - ਕਿਓਂਕਿ ਕਾਫੀ ਸਮੇਂ ਤੋਂ ਉਹ ਲਾਕਰ ਦੇਖ ਕੇ ਨਹੀਂ ਸੀ ਆਏ, ਸੋਚ ਰਹੇ ਸੀ ਬੰਦ ਕਰਕੇ ਇਸ ਦਾ ਸਿਆਪਾ ਮੁਕਾ ਦੇਈਏ, ਐਵੇਂ ਹੀ ਕਿਰਾਇਆ ਭਰਣਾ ਪੈਂਦੈ ! ਚਾਰ ਕਾਗਜ਼ ਨੇ ਉਹ ਤੇ ਘਰ ਵੀ ਰੱਖੇ ਹੀ ਜਾ ਸਕਦੇ ਨੇ !

ਜਦੋਂ ਉਸਨੇ ਲਾਕਰ ਆਪਰੇਟ ਕਰਵਾਉਣ ਵਾਲੇ ਬਾਊ ਨੂੰ ਦੱਸਿਆ ਕਿ ਉਹ ਆਪਣਾ ਲਾਕਰ ਬੰਦ ਕਰਵਾਉਣ ਆਏ ਹਨ , ਬਾਊ ਨੇ ਕੰਪਿਊਟਰ ਤੇ ਚੈੱਕ ਕੀਤਾ ਤੇ ਕਹਿੰਦੈ ਕਿ ਇਸ ਨੰਬਰ ਦਾ ਤੇ ਬਾਈ ਕੋਈ ਲਾਕਰ ਹੀ ਨਹੀਂ ਹੈ. ਫੇਰ ਚਾਭੀ ਦਾ ਨੰਬਰ ਵੇਖ ਕੇ ਵੀ ਚੈੱਕ ਕੀਤਾ ਤੇ ਕਹਿੰਦੈ ਕਿ ਨਹੀਂ ਸਾਡੇ ਤਾਂ ਇਥੇ ਇਸ ਨੰਬਰ ਦਾ ਕੋਈ ਲਾਕਰ ਹੀ ਨਹੀਂ!

ਸੁੱਚਾ ਪਰੇਸ਼ਾਨ ਹੋ ਗਿਆ - ਉੱਤੋਂ ਉਸਨੂੰ ਬਾਊ ਕਹਿੰਦੈ ਕਿ ਤੁਹਾਡੇ ਕੋਲ ਆਪਣੇ ਲਾਕਰ ਦਾ ਕੋਈ ਕਾਰਡ ਹੋਵੇਗਾ - ਕੋਈ ਐਗਰੀਮੈਂਟ ਹੋਵੇਗਾ! ਉਸ ਨੇ ਆਖਿਆ ਕਿ ਜਦੋਂ ਲਾਕਰ ਲਿਆ ਸੀ 20-25 ਸਾਲ ਪਹਿਲਾਂ ਉਸ ਵੇਲੇ ਕੋਈ ਕਾਰਡ ਨਹੀਂ ਸੀ ਦਿੰਦੇ, ਜਿਹੜਾ ਐਗਰੀਮੈਂਟ ਵੀ ਬਣਵਾਉਂਦੇ ਸੀ, ਉਹ ਵੀ ਬੈਂਕ ਕੋਲ ਹੀ ਹੁੰਦੈ, ਮੇਰੇ ਕੋਲ ਕੁਝ ਨਹੀਂ!

ਬਾਊ ਵੀ ਕੋਈ ਨਵਾਂ ਨਵਾਂ ਸੀ - ਕਹਿੰਦੈ ਅਸੀਂ ਕੁਝ ਨਹੀਂ ਕਰ ਸਕਦੇ - "ਕਲ ਆ ਜਾਇਓ, ਮੇਰੇ ਸੀਨੀਅਰ ਹੀ ਕੱਲ ਇਸ ਬਾਰੇ ਕੁਛ ਕਰ ਸਕਣਗੇ!"

ਕੋਈ ਵੀ ਬੰਦਾ ਹੋਵੇ, ਛਿੱਥਾ ਤੇ ਪੈ ਹੀ ਜਾਂਦਾ - ਅੱਜ ਕੱਲ ਕਿਤੇ ਬਾਰ ਬਾਰ ਚੱਕਰ ਕੱਟਣੇ ਸੌਖੇ ਨੇ!! ਪਰ ਇੱਥੇ ਤਾਂ ਛਿੱਥੇ ਪੈ ਕੇ ਵੀ ਕੁਝ ਹੁੰਦਾ ਦਿਸਦਾ ਨਹੀਂ ਸੀ। ਵੈਸੇ ਵੀ ਦੋ ਵੱਜਣ ਵਾਲੇ ਸੀ ਤੇ ਉਸ ਬਾਊ ਤੇ ਨਾਲ ਹੋਰ ਸਟਾਫ ਦੇ ਪੀਜ਼ੇ ਆ ਕੇ ਠੰਡੇ ਹੋ ਰਹੇ ਸਨ - ਗੁੱਸੇ ਜਿਹਾ ਹੋ ਕੇ ਸੁੱਚਾ ਤੇ ਉਸ ਦੀ ਵਹੁਟੀ ਬੈਂਕ ਦੀਆਂ ਸੰਗਲੀਆਂ ਵੱਲ ਤੁਰ ਪਏ - ਉਸੇ ਵੇਲੇ ਸੁੱਚੇ ਨੂੰ ਕੁਝ ਧਿਆਨ ਆਇਆ ਤੇ ਮੁੜ ਕੇ ਬਾਊ ਨੂੰ ਜਾ ਕੇ ਕਹਿੰਦੈ - "ਬਾਊ ਜੀ, ਇਕ ਗੱਲ ਦੱਸਿਓ, ਜੇਕਰ ਲਾਕਰ ਹੀ ਨਹੀਂ ਮੇਰਾ ਕੋਈ ਇੱਥੇ ਤਾਂ ਹਰ ਸਾਲ 1600 ਰੁਪਈਏ ਲਾਕਰ ਦਾ ਕਿਰਾਇਆ ਕਾਹਦਾ ਕਟ ਰਹੇ ਹੋ ?"

ਬਾਊ ਕਹਿੰਦੈ - ਪਾਸ ਬੁਕ ਦਿਖਾ, ਸੁੱਚੇ ਨੇ ਪਾਸਬੁੱਕ ਵਿਖਾਈ - ਫੇਰ ਉਸ ਬਾਊ ਨੂੰ ਯਕੀਨ ਹੋ ਗਿਆ ਕਿ ਹੁਣ ਤੇ ਇਸਦਾ ਲਾਕਰ ਲੱਭਣਾ ਹੀ ਪਉ।

ਲੱਭਿਆ ਗਿਆ ਜੀ ਲਾਕਰ - ਜਦੋਂ ਦੇ ਲਾਕਰ ਦੀ ਵੰਡ ਤੇ ਸਪੁਰਦਗੀ ਔਨਲਾਈਨ ਹੋਈ ਸੀ, ਲਾਕਰਾਂ ਦਾ ਨੰਬਰ ਬਦਲ ਗਿਆ ਸੀ - ਇਸ ਕਰਕੇ ਸਾਰਾ ਪੰਗਾ ਹੋਇਆ ਸੀ - ਸੁੱਚੇ ਨੇ ਉਸ ਲਾਕਰ ਦੀ ਚਾਬੀ ਓਹਨਾਂ ਦੇ ਸਪੁਰਦ ਕੀਤੀ ਤੇ ਇਸ ਬੀਮਾਰੀ ਤੋਂ ਪਿੱਛਾ ਛੁਡਵਾਇਆ।

ਸੁੱਚਾ ਉਸ ਦਿਨ ਇਹੋ ਹੀ ਸੋਚਦਾ ਰਿਹਾ ਕਿ ਆਦਮੀ ਨੂੰ ਬੈਂਕ ਵਿੱਚ ਆਪਣਾ ਹੀ ਪੈਸੇ ਦੇ ਲੈਣ-ਦੇਣ ਲਈ ਕਿੰਨੀਆਂ ਤਕਲੀਫ਼ਾਂ ਹੁੰਦੀਆਂ ਨੇ ਕਈ ਵਾਰੀ - ਕਦੇ ਨੈੱਟਵਰਕ ਨਹੀਂ, ਕਦੇ ਸਟਾਫ ਘੱਟ ਹੈ, ਕਦੇ ਪ੍ਰਿੰਟਰ ਠੀਕ ਨਹੀਂ , ਕਦੇ ਪਾਸਬੁੱਕ ਪ੍ਰਿੰਟਿੰਗ ਵਾਲੀ ਮਸ਼ੀਨ ਖ਼ਰਾਬ ਪਈ ਹੁੰਦੀ ਐ ਤੇ ਕਦੇ ਹੋਰ ਕੁਝ ਨਾ ਕੁਝ ਪੰਗਾ - ਉਸ ਨੂੰ ਉਸ ਵੇਲੇ ਬੜਾ ਅਜੀਬ ਲੱਗਦਾ ਹੈ ਜਦੋਂ ਉਹ ਕੋਈ ਚੈੱਕ ਦਿੰਦਾ ਕਿਸੇ ਬਾਊ ਨੂੰ ਤੇ ਉਹ 4-5 ਮਿੰਟ ਕੰਪਿਊਟਰ ਤੇ ਕੁੱਛ ਠੋਕਾ-ਠਾਕੀ ਕਰਕੇ ਫੇਰ ਨਾਲ ਦੀ ਸੀਟ ਤੇ ਬੈਠੇ ਬਾਊ ਨੂੰ ਬੜਾ ਸੀਰੀਅਸ ਹੋ ਕੇ ਕੁਝ ਪੁੱਛਦੈ - ਫੇਰ ਗ੍ਰਾਹਕ ਵੱਲ ਵੇਖਦੈ ਜਿਵੇਂ ਕੋਈ ਫਰਾਡੀਆ ਹੱਥੇ ਚੜ ਗਿਆ ਹੋਵੇ!

ਕਿਸੇ ਕਿਸੇ ਬੈਂਕ ਕੇ ਬਾਊ ਦਾ ਵਤੀਰਾ ਵੀ ਇੰਝ ਹੁੰਦੈ ਕਿ ਸੁੱਚੇ ਨੂੰ ਲੱਗਦੈ ਕਿ ਵਾਪਸ ਉਸ ਬ੍ਰਾਂਚ ਵਿੱਚ ਪੈਰ ਨਾ ਰੱਖਿਆ ਜਾਵੇ। 
ਸੁੱਚਾ ਅੱਜ ਕੋਠੇ ਉੱਥੇ ਲੰਮਾ ਪਿਆ ਇਹੋ ਸੋਚ ਰਿਹਾ ਸੀ ਕਿ ਇੰਨੀ ਚੋਕਸੀ ਜੇਕਰ ਬੈਂਕਾਂ ਦੀ ਹੈ ਤਾਂ ਕਿਵੇਂ ਉਸ ਨੂੰ ਕੁਝ ਲੋਕ ਕਰੋੜਾਂ ਰੁਪਈਆਂ ਦਾ ਧੋਖਾ ਦੇ ਕੇ ਭੱਜ ਜਾਂਦੇ ਨੇ, ਸੁੱਚਾ ਇਸ ਗੱਲ ਦਾ ਜਵਾਬ ਵੀ ਚੰਗੀ ਤਰ੍ਹਾਂ ਜਾਣਦੈ, ਫੇਰ ਵੀ ਕੋਈ ਕਰੇ ਤੇ ਕੀ ਕਰੇ !!

ਇੰਨੇ ਨੂੰ ਸੁੱਚੇ ਦਾ ਮੁੰਡਾ ਉੱਪਰ ਆ ਗਿਆ ਤੇ ਉਸਦੇ ਢਿੱਡ ਤੇ ਚੜ ਗਿਆ ਤੇ ਕਹਿਣ ਲੱਗਾ, ਪਾਪਾ, ਕੋਈ ਪੁਰਾਣੀ ਗੱਲ ਸੁਣਾਓ, ਤੁਸੀਂ ਕਲ ਵੀ ਨਹੀਂ ਸੁਣਾਈ !

ਸੁੱਚੇ ਨੇ ਸੋਚਿਆ ਚਲੋ ਅੱਜ ਮੁੰਡੇ ਨੂੰ ਮੁਨਸ਼ੀ ਰਾਮ ਦੀ ਵਹੁਟੀ ਦੀ ਗੱਲ ਸੁਣਾਈ ਜਾਵੇ - ਮੁਨਸ਼ੀ ਰਾਮ ਓਹਨਾਂ ਦਾ ਗੁਆਂਢੀ ਸੀ, ਸਰਕਾਰੀ ਘਰਾਂ ਵਿਚ ਰਹਿੰਦੇ ਸੀ - ਸੁੱਚਾ ਓਹਨਾ ਦਿਨਾਂ ਵਿਚ 7-8 ਸਾਲ ਦਾ ਸੀ, ਮੁਨਸ਼ੀ ਰਾਮ ਦੀ ਬਦਲੀ ਹੋ ਗਈ ਲੁਧਿਆਣੇ - ਸੁੱਚੇ ਦੀ ਬੇਬੇ ਉਸਨੂੰ ਲੈ ਕੇ ਮੁਨਸ਼ੀ ਰਾਮ ਦੀ ਜਨਾਨੀ ਨੂੰ ਮਿਲਣ ਗਈ - ਉਹ ਦੇਖਦੇ ਹਨ ਕਿ ਮੁੰਸ਼ੀਆਨੀ ਨੇ ਇਕ ਇੱਟ ਹੱਥ ਚ' ਫੜੀ ਹੋਈ ਏ ਤੇ ਉਹ ਆਪਣੇ ਘਰ ਚ' ਲੱਗਿਆ ਤੰਦੂਰ ਤੋੜੀ ਜਾ ਰਹੀ ਹੈ।

ਸੁੱਚੇ ਦੀ ਬੇਬੇ ਮੁੰਸ਼ੀਏ ਦੀ ਤੀਵੀਂ ਨੂੰ ਆਖਦੀ ਹੈ - "ਪ੍ਰੇਮੋ, ਇਹ ਕਿਹੜੇ ਕੰਮੀਂ ਲੱਗੀ ਏਂ ਤੂੰ, ਬਹਿਣੇ ! ਤੇਰਾ ਤੰਦੂਰ ਤੇ ਕਿੱਡਾ ਚੰਗਾ ਭਖਦਾ ਏ, ਸਾਰੇ ਮੋਹਲ੍ਲੇ ਦਾ ਸਾਂਝਾ ਚੁੱਲ੍ਹਾ ਹੈ ਇਹ, ਕਿਓਂ ਤੋੜ ਰਹੀ ਹੈਂ ਇਸ ਨੂੰ, ਜਿਹੜਾ ਇਸ ਘਰ ਚ' ਨਵਾਂ ਆਏਗਾ, ਉਹ ਰੋਟੀ ਟੁੱਕੜ ਇਸ ਉੱਤੇ ਲਾਵੇਗਾ, ਸੀਸਾਂ ਦੇਉ ਤੈਨੂੰ, ਭੈਣੇ !"

ਪ੍ਰੇਮੋ ਨੇ ਸੁੱਚੇ ਦੀ ਮਾਂ ਦੀ ਗੱਲ ਨਾ ਗੋਲੀ - ਸੁਣਿਆ ਅਨਸੁਣਿਆ ਕਰ ਕੇ ਤੰਦੂਰ ਤੋੜਣ ਦੇ ਕੰਮੀਂ ਲੱਗੀ ਰਹੀ, ਸੁੱਚਾ ਤੇ ਉਸਦੀ ਮਾਂ ਵੀ ਨਾਲ ਹੀ ਇਕ ਖਟੋਲੇ ਤੇ ਬਹਿ ਗਏ - ਪੰਜਾਂ ਮਿੰਟਾਂ ਚ' ਹੀ ਤੰਦੂਰ ਟੁੱਟ ਗਿਆ - ਫੇਰ ਪ੍ਰੇਮੋ ਨੇ ਇਕ ਖੁਰਪੀ ਫੜੀ ਤੇ ਤੰਦੂਰ ਦੇ ਥੱਲੇ ਵਾਲੀ  ਥੋੜੀ ਜ਼ਮੀਨ ਖੋਦਣ ਲੱਗ ਪਾਈ - ਅਜੇ ਅੱਧਾ ਕੁ' ਫੁੱਟ ਹੀ ਖੋਦਿਆ ਹੋਵੇਗਾ ਕਿ ਪਿੱਤਲ ਦਾ ਇੱਕ ਪਤੀਲਾ ਦਿੱਸਣ ਲੱਗਾ - ਉਸ ਦੇ ਆਸੇ ਪਾਸਿਓਂ ਹੋਰ ਮਿੱਟੀ ਖੋਦ ਕੇ ਪ੍ਰੇਮੋ ਨੇ ਉਸ ਨੂੰ ਬਾਹਰ ਕੱਢ ਲਿਆ - ਕੱਢਦਿਆਂ ਸਾਰ ਪ੍ਰੇਮੋ ਨੇ ਉਸ ਉੱਤੇ ਰੱਖੇ ਢੱਕਣ ਨੂੰ ਹਟਾ ਕੇ ਵੇਖਿਆ - ਇੱਕ ਵੱਡੀ ਸਾਰੀ ਗੁੱਥੀ ਵਿੱਚ ਬਹੁਤ ਸਾਰੇ ਗਹਿਣੇ ਰੱਖੇ ਹੋਏ ਸਨ - ਉਸ ਗੁੱਥੀ ਨੂੰ ਖੋਲ੍ਹੇ ਬਿਨਾ ਹੀ ਉਹ ਅੰਦਰ ਬੈਠੇ ਮੁੰਸ਼ੀਏ ਨੂੰ ਫੜਾ ਆਈ - ਉਸ ਗੁੱਥੀ ਤੋਂ ਆਉਣ ਵਾਲੀ ਖਣਕ ਹੀ ਦੱਸ ਰਹੀ ਸੀ ਕਿ ਉਸ ਵਿਚ ਗਹਿਣੇ ਭਰੇ ਹੋਏ ਸਨ - ਨਾ ਸੁੱਚੇ ਦੀ ਬੀਬੀ ਨੇ ਅੱਗੇ ਕੁਝ ਪੁੱਛਿਆ ਨਾ ਹੀ ਪ੍ਰੇਮੋ ਨੇ ਦੱਸਿਆ।

ਅੱਜ ਸੁੱਚੇ ਦੇ ਮੁੰਡੇ ਨੇ ਕੋਈ ਗੱਲ ਸੁਣਾਉਣ ਨੂੰ ਕਿਹਾ ਤੇ ਉਸ ਨੂੰ ਇਹ ਪੁਰਾਣੀ ਗੱਲ ਚੇਤੇ ਆ ਗਈ। ਪਰ ਇਹ ਕੀ, ਉਸ ਦਾ ਮੁੰਡਾ ਤਾਂ ਘਰਾੜੇ ਮਾਰ ਰਿਹਾ ਸੀ -  ਥੱਲੋਂ ਗਲੀ ਵਿਚੋਂ ਚੌਕੀਦਾਰ ਦੀ ਸੀਟੀ ਦੀ ਆਵਾਜ਼ ਦੇ ਨਾਲ ਨਾਲ ਇਹ ਆਵਾਜ਼ ਆ ਰਹੀ ਸੀ - ਜਾਗਦੇ ਰਹੋ - ਜਾਗਦੇ ਰਹੋ!!

ਸੁੱਚੇ ਦੀਆਂ ਅੱਖਾਂ ਵਿੱਚ ਵੀ ਨੀਂਦ ਉਤਰੀ ਹੋਈ ਸੀ - ਉਹ ਵੀ ਇਹੋ ਸੋਚਦਾ ਸੋਚਦਾ ਸੋ ਗਿਆ ਕਿ ਮੁੰਸ਼ੀਏ ਦੀ ਜਨਾਨੀ ਤਾਂ ਆਪਣਾ ਮਾਲ ਕੱਢ ਕੇ ਲੈ ਗਈ ਤੇ ਜਾਂਦੀ ਜਾਂਦੀ ਤੰਦੂਰ ਭੰਨ੍ਹ ਗਈ. ਪਰ ਦੇਸ਼ ਵਿਚ ਇੰਨ੍ਹੇ ਤਰ੍ਹਾਂ ਤਰ੍ਹਾਂ ਦੇ ਚੌਕੀਦਾਰ ਨੇ ਤੇ ਬੈਂਕਾਂ ਵਿੱਚ ਕਹਿਣ ਨੂੰ ਐੱਡੀ ਚੌਕਸੀ ਵੀ ਹੈ - ਫੇਰ ਵੀ ਲੱਖਾਂ ਨਹੀਂ, 2-4-10 ਕਰੋੜ ਹੀ ਨਹੀਂ, ਹਜ਼ਾਰਾਂ ਕਰੋੜਾਂ ਦਾ ਧੋਖਾ ਕਰ ਕੇ ਵੇਖਦੇ ਹੀ ਵੇਖਦੇ ਕਈ ਸ਼ਾਤਿਰ ਜਾਲਸਾਜ਼ ਬਾਹਰ ਦੇ ਦੇਸ਼ਾਂ ਚ' ਉਡਾਰੀ ਮਾਰ ਗਏ, ਬੈਂਕਾਂ ਨੂੰ ਢਾ-ਢੇਰੀ ਕਰ ਗਏ ! ਸਾਰੀ ਚੌਕਸੀ ਕੀ ਆਮ ਆਦਮੀ ਵਾਸਤੇ ਹੀ ਹੈ,  ਇਹੋ ਸਵਾਲ ਤੋਂ ਪਰੇਸ਼ਾਨ ਉਹ ਵੀ ਪਤਾ ਨਹੀਂ ਕਦੋਂ ਘੜਾੜੇ ਮਾਰਣ ਲੱਗਾ!!

2 comments:

  1. Waaah Sir...Bahut khoob ...tandur todan wali gall puri fit baithi fraud bndeya di gall te

    ReplyDelete
    Replies
    1. shukriya, ji ..
      main sochya blog utte ek ekalla comment peya hai, is nu jawab te dayiye ....nahin te eh v na kite hathon khisk jaave !!

      Delete

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...