Sunday 15 September 2019

ਪਲਾਸਟਿਕ ਵਾਲਾ ਪੰਗਾ ਅਤੇ ਡੰਡਾ ਪੀਰ

" ਡੰਡਾ ਹੀ ਪੀਰ ਹੈ ਵਿਗੜਿਆਂ ਤਿਗੜਿਆਂ " ਬਚਪਨ ਤੋਂ ਅਸੀਂ ਇਹ ਕਹਾਵਤ ਸੁਣਦੇ ਆ ਰਹੇ ਹਾਂ - ਇਹ ਗੱਲ ਹੈ ਤੇ ਬਿਲਕੁਲ ਸੱਚ ਕਿ ਸਾਨੂੰ ਡੰਡੇ ਦੀ (ਮਤਲਬ ਜੁਰਮਾਨੇ ਆਦਿ) ਦੀ ਗੱਲ ਹੀ ਸਮਝ ਆਉਂਦੀ ਹੈ, ਜ਼ਿਆਦਾ ਨਰਮੀ ਨਾਲ ਅਤੇ ਪਿਆਰ ਨਾਲ ਗੱਲ ਕਰਣ ਵਾਲੇ ਨੂੰ ਅਸੀਂ ਕੀ ਸਮਝਦੇ ਹਾਂ - ਲਿਖਣ ਦੀ ਹਿੰਮਤ ਨਹੀਂ ਹੋ ਰਹੀ - ਚਲੋ, ਕੀ ਫਰਕ ਹੈ ਤੁਸੀਂ ਪੰਜਾਬੀ ਬੰਦੇ ਬਿਨਾ ਕਹੇ ਵੀ ਤੇ ਸਭ ਸਮਝ ਜਾਂਦੇ ਹੀ ਹੋ - ਚਲੋ, "ਬੇਵਕੂਫ" ਸਮਝ ਕੇ ਟਾਈਮ ਟਪਾ ਲੈਂਦੇ ਹਾਂ ਤੇ ਅੱਗੇ ਚਲਦੇ ਹਾਂ !

ਇਸ ਵਾਰੀਂ ਜਦੋਂ 15 ਅਗਸਤ ਵਾਲੇ ਦਿਨ ਇਹ ਪਤਾ ਲੱਗਾ ਕਿ ਹੁਣ ਸਿੰਗਲ-ਯੂਜ਼ ਪਲਾਸਟਿਕ ਬਿਲਕੁਲ ਬੰਦ ਹੋ ਜਾਵੇਗਾ,  ਯਕੀਨ ਮੰਨਿਓ ਮੈਨੂੰ ਉਸ ਦਿਨ ਪਹਿਲੀ ਵਾਰੀ ਯਕੀਨ ਹੋਇਆ ਕਿ ਹੁਣ ਇਹ ਕੰਮ ਜ਼ਰੂਰ ਹੋ ਜਾਉ. ਬੜੀ ਖੁਸ਼ੀ ਹੋਈ ਇਸ ਗੱਲ ਦੀ. ਪਹਿਲਾਂ ਵੀ ਬੜੀ ਵਾਰੀ ਸੁਣੀਦਾ ਸੀ ਕਿ ਇਥੇ-ਓਥੇ, ਇਹ ਤੇ ਉਹ ਵਾਲਾ ਪਲਾਸਟਿਕ ਬੰਦ ਹੋ ਗਿਆ ਹੈ - ਪਰ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ - 2 ਰੁਪਏ ਦੇ ਸੌਦੇ ਵੀ ਸਾਨੂੰ ਪਲਾਸਟਿਕ ਦੀ ਬਿਮਾਰੀ ਨਾਲ ਖਰੀਦਣ ਦੀ ਲਤ ਚੁਕੀ ਹੈ ਤੇ ਕਦੇ ਕਿਸੇ ਨੇ ਕਿਹਾ ਹੀ ਨਹੀਂ ਕਿ ਬਾਊ, ਪੰਨੀ ਨਹੀਂ ਹੈਗੀ !!

ਮੈਨੂੰ ਕਈ ਵਾਰ ਚੇਤੇ ਆਉਂਦੈ ਜਦੋਂ ਮੈਂ ਛੇਵੀਂ ਪੰਜਵੀਂ ਜਮਾਤ ਵਿੱਚ ਸੀ ਤੇ ਆਮਤੌਰ ਤੇ ਰੋਜ਼ ਸ਼ਾਮਾਂ ਨੂੰ ਬਰਫ਼ ਬਜ਼ਾਰੋਂ ਹੀ ਲਿਆਉਣੀ ਪੈਂਦੀ ਸੀ - ਸ਼ਿਕੰਜਵੀ ਪੀਣ ਦਾ ਦਿਲ ਕਰੇ ਜਾਂ ਸੋਡੇ ਵਾਲਾ ਦੁੱਧ ਜਾਂ ਫੇਰ ਸੱਤੂ ਜਾਂ ਸਕਵਾਸ਼ - ਬਈ ਬਜ਼ਾਰੋਂ ਬਰਫ਼ ਲਿਆਉਣ ਦੀ ਤਕਲੀਫ ਤੇ ਕਰਣੀ ਹੀ ਪੈਂਦੀ ਸੀ - ਮਾਂ ਜਾਂ ਭੈਣ ਨੇ ਖੰਡ ਘੋਲਣ ਲੱਗ ਪੈਣਾ ਤੇ ਮੈਨੂੰ ਪੋਲੀ (25 ਪੈਸੇ) ਜਾਂ 50 ਪੈਸੇ ਦੇ ਕੇ ਬਰਫ਼ ਲਿਆਉਣ ਲਈ ਕਹਿ ਦੇਣਾ।

ਅਸੀਂ ਵੀ ਸਾਈਕਲ ਤੇ ਪੈਰ ਧਰਣਾ ਤੇ ਘਰ ਦੇ ਲਾਗੇ ਇਕ ਖੋਖੇ ਵੱਲ ਵਗ ਜਾਣਾ। ਕਲੀ ਰਾਮ ਪਹਾੜੀਏ ਦੇ ਉਸ ਖੋਖੇ ਦਾ ਰਸਤਾ ਸਾਈਕਲ ਉੱਤੇ 5-7 ਮਿੰਟ ਤੋਂ ਜ਼ਿਆਦਾ  ਨਹੀਂ ਸੀ।  ਚਲੋ ਜੀ, ਪਹੁੰਚ ਗਏ ਕਲੀ ਰਾਮ ਕੋਲ, ਉਸ ਨੇ ਦੇ ਦਿੱਤੀ ਬਰਫ ਦੀ ਇਕ ਢੇਲੀ - ਫੇਰ ਧਿਆਨ ਆਉਂਦਾ  ਕਿ ਓਹ ਥੈਲਾ ਤੇ ਲੈ ਕੇ ਆਇਆ ਹੀ ਨਹੀਂ।  ਕਲੀ ਰਾਮ ਥੋੜਾ ਜਿਹਾ ਅਖਬਾਰ ਦਾ ਟੁਕੜਾ ਦੇ ਦਿੰਦਾ  - ਉਸ ਨੂੰ ਬਰਫ ਉੱਤੇ ਰੱਖ ਕੇ ਘਰ ਲਈ ਵਾਪਸੀ ਦੀ ਸਾਈਂਕਿਲ ਦੀ ਯਾਤਰਾ ਸ਼ੁਰੂ ਹੁੰਦੀ ਸੀ - ਪੰਗਾ ਇਕ ਹੋਰ ਵੀ ਹੁੰਦਾ ਸੀ, ਘਰ ਵਿੱਚ ਪਏ ਸਾਰੇ ਸਾਈਂਕਿਲਾਂ ਉੱਤੇ ਕੈਰੀਅਰ ਵੀ ਤਾਂ ਨਹੀਂ ਸੀ ਹੁੰਦਾ - ਨਾ ਅੱਗੇ ਨਾ ਪਿੱਛੇ - ਸੱਚੀਂ ਕਹਿ ਰਿਹਾਂ ਅਜਿਹੇ ਮੌਕੇ ਤੇ ਉਹ 5-7 ਮਿੰਟ ਦਾ ਸਫ਼ਰ ਕਿਵੇਂ ਕੱਟ ਹੁੰਦਾ ਸੀ, ਇਹ ਤਾਂ ਓਹੀਓ ਜਾਣਦੇ ਹਨ, ਜਿੰਨ੍ਹਾਂ ਤੇ ਇਹ ਵਾਪਰੀ ਹੋਵੇ  - ਇਕ ਘਰ ਜਲਦੀ ਪਹੁੰਚਣ ਦੀ ਜਲਦੀ ਕਿਓਂਕਿ ਬਰਫ਼ ਖੁਰੀ ਜਾ ਰਹੀ ਹੁੰਦੀ, ਦੂਜਾ ਹੱਥ ਅੱਤ ਦਾ ਠਰਿਆ ਹੋਇਆ - ਕਦੇ ਸੱਜੇ ਹੱਥ ਨਾਲ ਬਰਫ ਫੜਨੀ ਤੇ ਕਦੇ ਖੱਬੇ ਹੱਥ ਨਾਲ, ਉੱਤੋਂ ਸਾਈਕਲ ਦੀ ਕੱਚੀ ਕੱਚੀ ਡਰਾਈਵਰੀ - ਬਸ ਕਿਸੇ ਤਰ੍ਹਾਂ ਘਰ ਪਹੁੰਚ ਕੇ ਸ਼ੁਕਰ ਕਰਨਾ !!

ਪਰ 2-4 ਵਾਰ ਅਜਿਹੀ ਗ਼ਲਤੀ ਹ-ਣ ਤੇ ਇਹ ਸਬਕ ਆ ਗਿਆ ਕਿ ਬਾਹਰ ਕਦੇ ਵੀ ਕੋਈ ਵੀ ਸੌਦਾ ਲੈਣ ਜਾਣਾ ਹੈ ਤਾਂ ਥੈਲਾ ਨਾਲ ਹੀ ਲੈ ਕੇ ਜਾਣਾ ਹੈ - ਵੈਸੇ ਸਾਨੂੰ ਕਦੇ ਥੈਲਾ ਚੱਕਣ ਵਿਚ ਕਦੇ ਕੋਈ ਹੇਠੀ ਵੀ ਮਹਿਸੂਸ ਨਹੀਂ ਹੋਈ. ਸਾਰੇ ਹੀ ਲੈ ਕੇ ਜਾਂਦੇ ਸੀ।  ਦੁੱਧ ਲੈਣ ਕੇ ਆਉਣ ਵਾਸਤੇ ਡੋਲੂ, ਜੇ ਕਦੇ ਬਜ਼ਾਰੋਂ ਦਹੀ ਲਿਆਉਣਾ ਤਾਂ ਵੀ ਕੋਈ ਭਾਂਡਾ, ਢਾਬੇ ਤੋਂ ਕਦੇ ਦਾਲ ਰੋਟੀ ਲਈ ਵੀ ਇਕ ਡੋਲੂ ਲੈ ਕੇ ਜਾਣਾ, ਤੇ ਤੰਦੂਰੀ ਰੋਟੀਆਂ ਉਸਨੇ ਅਖਬਾਰ ਵਿਚ ਲਪੇਟ ਦੇਣੀਆਂ, ਬੀਬੀ ਆਪਣੀ ਨਾਲ ਸਬਜ਼ੀ ਲੈਣ ਜਾਣਾ ਤਾਂ ਵੀ ਥੈਲਾ - ਮਤਲਬ ਥੈਲੇ ਤੋਂ ਬਿਨਾਂ ਕੋਈ ਕੰਮ ਸਰਦਾ ਹੀ ਨਹੀਂ ਸੀ.

ਇਕ ਹੋਰ ਗੱਲ ਜ਼ਰੂਰੀ ਹੈ ਕਿ ਕਿਰਆਣੇ ਦਾ ਸਮਾਨ ਇਕ ਗੱਤੇ ਦੇ ਡੱਬੇ ਵਿੱਚ ਆ ਜਾਣਾ ਜਿਸ ਵਿਚ 20-25 ਖਾਕੀ ਕਾਗਜਾਂ   ਦੇ ਲਿਫਾਫਿਆਂ ਵਿਚ ਦਾਲਾਂ-ਮਸਾਲੇ-ਗੁੜ-ਖੰਡ ਪਏ ਹੁੰਦੇ - ਹੁਣ ਪੰਗਾ ਇਹ ਹੈ ਕਿ ਲੋਕ ਘਰੋਂ ਥੈਲਾ ਤੇ ਲੈ ਕੇ ਤੁਰ ਜਾਂਦੇ ਨੇ ਪਰ ਸਬਜ਼ੀਆਂ ਜਾਂ ਦਾਲਾਂ ਕਿਸੇ ਨੇ ਕਿਸੇ ਤਰ੍ਹਾਂ ਦੀਆਂ ਪੰਨੀਆਂ ਵਿਚ ਹੀ ਲੈ ਕੇ ਆਉਂਦੇ ਨੇ  - ਜਦੋਂ ਹੁਣ ਸਿੰਗਲ ਯੂਜ਼ ਪਲਾਸਟਿਕ ਬੰਦ ਹੋਣ ਵਾਲਾ ਹੈ ਤਾਂ ਅਜਿਹੀਆਂ ਗੱਲਾਂ ਵੱਲ ਵੀ ਧਿਆਨ ਦਿੱਤਾ ਜਾਵੇਗਾ - ਨਹੀਂ ਤਾਂ ਇਕ ਰਸਮ ਨਿਭਾਉਣ ਵਾਲੀ ਗੱਲ ਹੋ ਜਾਏਗੀ - ਘਰੋਂ ਥੈਲੇ ਲੈ ਗਏ ਤੇ ਉਸ ਵਿਚ 20-25 ਵੱਖੋ-ਵੱਖ ਪੰਨੀਆਂ ਤੂਸ ਕੇ ਲੈ ਆਏ !

ਕੇਲੇ ਲਵੋ ਤੇ ਉਹ ਝੱਟਪਟ ਉਸ ਨੂੰ ਪੰਨੀ ਵਿਚ ਪਾ ਦਿੰਦੇ - ਜੇ ਕਹੋ ਕਿ ਬੰਦ ਕਰੋ ਬਈ ਹੁਣ ਇਹ...ਤਾਂ ਕਹਿੰਦੈ ਕਿ ਅਸੀਂ ਕੀ ਕਰੀਏ ਬਾਊ ਜੀ, ਸੌਦਾ ਹੀ ਨਹੀਂ ਵਿਕਦਾ ਪੰਨੀ ਤੋਂ ਬਿਨਾਂ !!

ਅੱਛਾ ਅੱਜ ਤੋਂ 35-40 ਸਾਲ ਪਹਿਲਾਂ ਜ਼ਿੰਦਗੀ ਬੜੀ ਸਹੀ ਕੱਟ ਰਹੀ ਜਦੋਂ ਇਹ ਪਲਾਸਟਿਕ ਦੀਆਂ ਪੰਨੀਆਂ ਵਿਚ ਸਮਾਨ ਮਿਲਣਾ ਸ਼ੁਰੂ ਹੋ ਗਿਆ - ਦੁੱਧ, ਦਹੀ, ਦਾਲ, ਸਬਜ਼ੀ, ਛੋਲੇ ਭਟੂਰੇ, ਸਮੋਸੇ  - ਕੁਝ ਵੀ ਲੈ ਕੇ ਆਉਣਾ ਸੌਖਾ ਹੋ ਗਿਆ - ਪਲਾਸਟਿਕ ਦੀਆਂ ਪੰਨੀਆਂ ਦਾ ਰੁਲ ਪੈ ਗਿਆ. ਕਈ ਸਾਲਾਂ ਬਾਦ ਪਲਾਸਟਿਕ ਦੇ ਨੁਕਸਾਨ ਦੀਆਂ ਗੱਲਾਂ ਸੁਣਨ ਵਿਚ ਆਉਣ ਲੱਗੀਆਂ - ਪਸ਼ੂ ਪਲਾਸਟਿਕ ਦੇ ਲਿਫਾਫੇ ਖਾ ਖਾ ਕੇ ਮਰਣ ਲੱਗੇ - ਪਰ ਜਦੋਂ ਇਸ ਪਲਾਸਟਿਕ ਨਾਲ ਇਨਸਾਨ ਦੀ ਜਾਨ ਤੇ ਬਣ ਆਈ ਤਾਂ ਜਾਕੇ ਕਿਤੇ ਕੋਈ ਹਰਕਤ ਹੋਈ - ਓਥੇ ਬੈਨ ਤੇ ਇਥੇ ਬੈਨ - ਇਸ ਪਲਾਸਟਿਕ ਦਾ ਬੈਨ ਤੇ ਉਸ ਪਲਾਸਟਿਕ ਦਾ ਬੈਨ - ਬੈਨ ਕਿਸੇ ਸ਼ਹਿਰ ਵਿਚ ਕਿੱਡਾ ਕੁ' ਸਫਲ ਹੈ ਉਹ ਤੁਹਾਨੂੰ ਥਾਂ ਥਾਂ ਲੱਗੇ ਪਲਾਸਟਿਕ ਦੇ ਢੇਰ ਦੱਸ ਹੀ ਦਿੰਦੇ ਹਨ.

ਇਸ ਵੇਲੇ ਤੇ ਪਲਾਸਟਿਕ ਕਰ ਕੇ ਸਾਰੀ ਮਨੁੱਖਤਾ ਉੱਤੇ ਵੀ ਖ਼ਤਰਾ ਮੰਡਰਾ ਰਿਹੈ  - ਜਿੱਥੇ ਵੇਖੋ ਪਲਾਸਟਿਕ - ਮੀਟਿੰਗਾਂ ਵਿਚ ਪਲਾਸਟਿਕ ਦੇ ਪਾਣੀ ਦੀਆਂ ਬੋਤਲਾਂ ਜਿਵੇਂ ਇਹ ਵੀ "ਓਹੀਓ" ਲਾਟ ਸਾਹਬ ਨੇ, ਘਰਾਂ ਵਿਚ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਬੱਚੇ ਆਰਡਰ ਕਰਦੇ ਨੇ, ਉਹ ਵੀ ਸਭ ਕੁਝ ਪਲਾਸਟਿਕ ਦੀਆਂ ਡਿਸਪੋਸਬਲ ਪਲੇਟਾਂ ਆਦਿ ਵਿਚ ਹੀ ਆਉਂਦਾ ਹੈ -

ਕੀ ਕੀ ਕੋਈ ਗਿਣਾਵੇ - ਪਲਾਸਟਿਕ ਦੀ ਵਰਤੋਂ ਤਾਂ ਅੱਜ ਕਲ ਹਰ ਥਾਂ ਤੇ ਹੈ - ਇਹ ਸੌਖਾ ਹੋਵੇਗਾ ਕਿ ਆਪਾਂ ਗੱਲ ਕਰੀਏ ਕੀ ਪਲਾਸਟਿਕ ਕਿਥੇ ਇਸਤੇਮਾਲ ਨਹੀਂ ਹੋ ਰਿਹਾ - ਹਰ ਜਗ੍ਹਾ ਪਲਾਸਟਿਕ ਦਾ ਤਰੱਕ ਪਿਆ ਦਿਸਦੈ - ਹੁਣ ਤੇ ਸਾਰਿਆਂ ਨੂੰ ਲੱਕ ਬੰਨ੍ਹ ਕੇ ਤਿਆਰੀ ਕਰਣ ਦੀ ਲੋੜ ਹੈ ਕਿ ਅਸੀਂ ਮੁੜ ਪੁਰਾਣੀਆਂ ਆਦਤਾਂ ਹੀ ਪਾਉਣੀਆਂ ਨੇ - ਮੀਟਿੰਗਾਂ  ਵਿਚ ਸਟੀਲ ਜਾਂ ਤਾਂਬੇ ਦੇ ਗਲਾਸਾਂ ਵਿਚ ਕਿਓਂ ਨਹੀਂ ਪਾਣੀ ਵਰਤਾਇਆ ਜਾ ਸਕਦਾ!

ਹੌਲੀ ਹੌਲੀ ਇਹਨਾਂ ਸਭ ਥਰਮੋਕੋਲ ਆਦਿ ਦੀਆਂ ਪਲੇਟਾਂ ਗਲਾਸੀਆਂ ਤੇ ਵੀ ਮਜ਼ਬੂਤੀ ਨਾਲ ਬੈਨ ਲੱਗ ਜਾਣਾ ਚਾਹੀਦੈ -
ਮੈਂ ਇਕ ਲੇਖ ਪੜ ਰਿਹਾ ਸੀ ਕਿ ਪਲਾਸਟਿਕ ਸਿਰਫ ਇਸ ਲਈ ਹੀ ਖ਼ਤਰਨਾਕ ਨਹੀਂ ਕਿ ਪਸ਼ੂ ਖਾ ਕੇ ਮਰ ਜਾਂਦੇ ਨੇ , ਵੱਡੇ ਵੱਡੇ ਨਾਲੇ ਇਹਨਾਂ ਪਲਾਸਟਿਕ ਦੀਆਂ ਚੀਜ਼ਾਂ ਨਾਲ ਡੱਕੇ ਹੁੰਦੇ ਨੇ, ਜ਼ਮੀਨ ਵਿਚ ਇਹ ਪਲਾਸਟਿਕ ਗੱਡੇ ਹੁੰਦੇ ਨੇ - ਚੰਗੀ ਭਲੀ ਉਪਜਾਊ ਜ਼ਮੀਨ ਨੂੰ ਤਬਾਹ ਕਰ ਦਿੰਦੇ ਨੇ - ਜਗ੍ਹਾ ਜਗ੍ਹਾ ਪਲਾਸਟਿਕ ਦੇ ਢੇਰ ਬਣਾ ਬਣਾ ਫੂਕਦੇ ਰਹਿੰਦੇ ਨੇ - ਜਿਸ ਨਾਲ ਜਿਹੜੀ ਹਵਾ ਵਿਚ ਅਸੀਂ ਸਾਹ ਲੈ ਰਹੇ ਹਾਂ, ਜਿਹੜਾ ਪਾਣੀ ਅਸੀਂ ਪੀ ਰਹੇ ਹਾਂ--ਇਹ ਸਭ ਪਲਾਸਟਿਕ ਦੇ ਛੋਟੇ ਛੋਟੇ ਫਿਲਾਮੈਂਟਸ ਨਾਲ ਪਰਦੂਸ਼ਿਤ ਹੈ - ਤੇ ਸਾਡੇ ਸਰੀਰਾਂ ਉੱਤੇ ਇਹ ਕਿਹੜੇ ਮਾੜੇ ਅਸਰ ਪਾ ਰਿਹੈ, ਉਹ ਹੁਣ ਬੱਚਾ ਬੱਚਾ ਜਾਣਦਾ ਹੈ. ਫਰਕ ਸਿਰਫ ਇੰਨਾ ਕੁ' ਹੀ ਹੈ ਕਿ ਪਸ਼ੂ ਪਲਾਸਟਿਕ ਚੱਬਦਾ ਦਿੱਖ ਜਾਂਦੈ ਪਰ ਸਾਡੇ ਸ਼ਰੀਰ ਵਿਚ ਪਲਾਸਟਿਕ ਜਾਂਦਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ - ਪਰ ਉਹ ਜਾ ਜ਼ਰੂਰ ਰਿਹੈ ਹੌਲੇ ਹੌਲੇ - ਮੱਠੇ ਜ਼ਹਿਰ ਵਾਂਗ !!

ਕਿੰਨਾ ਕੋਈ ਇਸ ਟੌਪਿਕ ਤੇ ਲਿਖੇ, ਅਸੀਂ ਇਸ ਬਾਰੇ ਕੀ ਪਹਿਲਾਂ ਤੋਂ ਨਹੀਂ ਜਾਣਦੇ  - ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਫਿਜ਼ੂਲ ਦੀ ਲਾਪਰਵਾਹੀ -ਅਸੀਂ ਨਹੀਂ ਅਰਾਮ ਨਾਲ ਕਿਸੇ ਦੀ ਗੱਲ ਸੁਣਨ ਵਾਲੇ -"ਡੰਡਾ ਹੀ ਪੀਰ ਹੈ ਵਿਗੜਿਆਂ ਤਿਗੜਿਆਂ " ਦਾ ਤੇ ਸਾਨੂੰ ਵੀ ਜਦੋਂ ਆਉਣ ਵਾਲੇ ਸਮੇਂ ਵਿਚ ਵੱਡੇ ਵੱਡੇ ਜੁਰਮਾਨੇ ਦੇਣੇ ਪੈਣਗੇ, ਅਸੀਂ ਵੀ ਸ਼ਾਇਦ ਤੱਦੇ ਹੀ ਸਿੱਧੇ ਤੀਰ ਹੋਵਾਂਗੇ - ਕੀ ਕਰੀਏ ਅਸੀਂ ਢੀਠ ਮਿੱਟੀ ਦੇ ਬਣੇ ਹੋਏ ਹਾਂ !!

ਰਬ ਮਿਹਰ ਕਰੇ ਆਉਣ ਵਾਲੇ ਸਮੇਂ ਵਿਚ ਘੱਟੋਘੱਟ ਸ਼ੁਰੂਆਤ ਤੇ ਸਿੰਗਲ ਯੂਜ਼ ਪਲਾਸਟਿਕ ਉੱਤੇ ਪੂਰੇ ਬੈਨ ਤੋਂ ਹੋਵੇ - ਇਹ ਕਿਤੇ ਵੀ ਨਜ਼ਰ ਹੀ ਨਾ ਆਵੇ, ਸਾਰੇ ਲੋਕੀਂ ਥੈਲੇ ਤੇ ਟੋਕਰੀਆਂ ਚੱਕੀ ਜਾਂਦੇ ਨਜ਼ਰੀਂ ਪੈਣ !! ਸਾਡੀ ਸਾਰਿਆਂ ਦੀ ਸਾਂਝੀ ਅਰਦਾਸ!!

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...