Saturday 21 September 2019

ਬਚਪਨ ਚ' ਟੂਣੇ ਵੇਖ ਕੇ ਵੀ ਕਿੱਡਾ ਮਜ਼ਾ ਆਉਂਦਾ ਸੀ !!

ਕੋਈ ਜੇ ਕਹੇ ਕਿ ਕੋਈ ਸਿਖਿਆ ਦੇ ਬਾਈ - ਤੇ ਮੈਂ ਉਸ ਨੂੰ ਇਹ ਸਿੱਖਿਆ ਦੇਵਾਂਗਾ ਕਿ ਬੱਲਿਆ, ਤੇਰੀ ਜਿਹੜੀ ਵੀ ਮਾਂ- ਬੋਲੀ ਹੈ ਉਸ ਵਿੱਚ ਜ਼ਰੂਰ ਕੁਝ ਨਾ ਕੁਝ ਲਿਖਿਆ ਤੇ ਕਰ ਹੀ। ..ਨਾਲ ਹੀ ਆਪਣੀ ਮਾਂ-ਬੋਲੀ ਦੀਆਂ ਲਿਖਤਾਂ ਨੂੰ ਪੜਣ ਦੀ ਵੀ ਆਦਤ ਪਾਓ! ਇਹ ਗੱਲ ਮੈਨੂੰ ਵੀ ਬੜੀ ਦੇਰ ਨਾਲ ਸਮਝੀਂ ਆਈ - ਮੈਨੂੰ ਵੀ ਮੇਰੇ ਇਕ ਉਸਤਾਦ ਨੇ 20 ਕੁ' ਸਾਲ ਪਹਿਲਾਂ ਆਖਿਆ ਸੀ ਕਿ ਆਪਣੀ ਮਾਂ-ਬੋਲੀ ਵਿੱਚ ਵੀ ਲਿਖਿਆ ਕਰੋ - ਪਰ ਜਿਵੇਂ ਸਾਡੇ ਤੇ ਨਵਾਂ ਨਵਾਂ ਲਿਖਣ ਦਾ ਜੋਸ਼ ਹੁੰਦੈ, ਮੈਂ ਉਸ ਦੀ ਗੱਲ ਤੇ ਧਿਆਨ ਨਹੀਂ ਦਿੱਤਾ - ਆਪਣੀ ਮਾਂ ਬੋਲੀ ਵਿਚ ਲਿਖਣਾ ਪੜਨਾ ਤੇ ਹਾਂ, ਬੋਲਣਾ ਸਭ ਤੋਂ ਸਹਿਲਾ ਕੰਮ ਹੈ।

ਆਪਣੀ ਬੋਲੀ ਵਿਚ ਲਿਖਣ ਵਾਸਤੇ ਕਿਸੇ ਵੱਡੀ ਡਿਗਰੀ ਦੀ ਲੋੜ ਨਹੀਂ ਹੁੰਦੀ - ਬਸ ਜੇ ਕਿਸੇ ਨੂੰ ਗੁਰਮੁਖੀ ਨਾਲ ਜਾਣ- ਪਹਿਚਾਣ ਹੈ  ਤਾਂ ਉਹ ਆਪਣੇ ਮਨ ਦੀ ਗੱਲ ਲਿਖ ਸਕਦੈ !! ਇਹ ਸਾਡੀ ਸ਼ਖ਼ਸੀਅਤ ਦਾ ਇਕ ਬੜਾ ਵੱਡਾ ਹਿੱਸਾ ਹੈ - ਨਹੀਂ ਤੇ ਓਹੀਓ ਗੱਲ ਹੈ ਅਸੀਂ ਐਵੇਂ ਭੇਖ ਵੱਟ ਕੇ ਜਿਓੰਦੇ ਹਾਂ! 

ਉਹ ਲੋਕ ਬੜੇ ਬਦਕਿਸਮਤ ਹਨ ਜਿੰਨ੍ਹਾਂ ਨੂੰ ਕਿਸੇ ਵੀ ਕਾਰਨਾਂ ਤੋਂ ਆਪਣੇ ਮਾਂ ਬੋਲੀ ਨਾਲ ਨਿਖੇੜਿਆ ਜਾਂਦਾ ਹੈ - ਇਹ ਹੋ ਰਿਹੈ , ਹੁੰਦਾ ਰਿਹੈ ਤੇ ਸ਼ਾਇਦ ਇੰਝ ਹੀ ਹੁੰਦਾ ਰਹੇਗਾ - ਇਸ ਕਰਕੇ ਉਹ ਬੱਚੇ ਕਦੇ ਵੀ ਆਪਣੇ ਆਪ ਨੂੰ ਆਮ ਲੋਕਾਂ ਨਾਲ ਰਲਿਆ ਨਹੀਂ ਪਾਉਂਦੇ ਤੇ ਨਾ ਹੀ ਆਮ ਲੋਕ ਹੀ ਓਹਨਾਂ ਨਾਲ ਭਿੱਜਦੇ ਹਨ. 

ਚਲੋ, ਗੱਲ ਤੇ ਆਪਾਂ ਕਰਨੀ ਸੀ ਟੂਣਿਆਂ ਟੱਪਿਆਂ ਦੀ - ਅੱਜ ਦੁਪਹਿਰ ਵੇਲੇ ਮੈਂ ਟੀ ਵੀ ਵਿਚ ਵੇਖਿਆ ਕਿ ਉੱਤਰ ਪ੍ਰਦੇਸ਼ ਵਿਚ ਹੀ ਕਿਸੇ ਜਗ੍ਹਾ ਤੇ ਇਕ ਜਨਾਨੀ ਨੂੰ ਬੱਚਾ ਚੁੱਕਣ ਵਾਲੀ ਸਮਝ ਕੇ ਅੱਧਮਰਿਆ ਕਰ ਦਿੱਤਾ - ਇਹ ਜਿਹੜਾ ਕੰਮ ਹੈ ਨਾ ਕਿ ਭੀੜ ਇਕੱਠੀ ਹੋ ਕੇ ਕੁਝ ਵੀ ਕਰ ਸਕਦੀ ਹੈ , ਇਹ ਬੜਾ ਹੀ ਮਾੜਾ ਕੰਮ ਹੈ - ਅਸੀਂ ਸਾਰੇ ਜਾਣਦੇ ਕਿਵੇਂ ਗਲੇ ਵਿਚ ਟਾਇਰ ਪਾ ਪਾ ਕੇ ਬੰਦੇ ਫੂਕੇ ਗਏ, ਕਿਵੇਂ ਲੋਕਾਂ ਦੇ ਘਰ ਫੂਕੇ ਗਏ - ਇਹ ਪਾਗਲਪਨ ਹੈ - ਜਿੰਨਾ ਘਰਾਂ ਦੇ ਜੀਅ ਤੁਰ ਜਾਂਦੇ ਹਨ, ਓਹੀਓ ਜਾਣਦੇ ਹਨ - ਬਾਕੀਆਂ ਵਾਸਤੇ ਕਿੱਸੇ ਹੁੰਦੇ ਨੇ!! 

ਹਾਂ, ਉਹ ਜਿਹੜੀ ਜਨਾਨੀ ਨੂੰ ਭੀੜ ਨੇ ਮਾਰਿਆ, ਉਸ ਨੂੰ ਬਚਾਉਣ ਵਾਸਤੇ ਜਦੋਂ ਪੁਲਸੀਏ ਆਏ ਤਾਂ ਉਹਨਾਂ ਨੂੰ ਵੀ ਤੌਨੀ ਲੱਗੀ, ਉਹ ਵੀ ਤਾਸ਼ ਦੇ ਪੱਤਿਆਂ ਵਾਂਗ ਫੈਂਟੇ ਗਏ ! ਅਜਿਹੀਆਂ ਵਾਰਦਾਤਾਂ ਡਰਾਵਣੀਆਂ ਹਨ - ਮਤਲਬ ਲੋਕਾਂ ਵਿੱਚ ਡਰ ਨਹੀਂ ਹੈ ! ਇੰਝ ਕੰਮ ਨਹੀਂ ਚੱਲ ਸਕਦਾ - ਕਾਨੂੰਨ ਕੋਲੋਂ, ਪੁਲਸ ਕੋਲੋਂ ਤੇ ਭਾਈ ਡਰਨਾ ਹੀ ਪਉ, ਜਾਂ ਇੰਝ ਕਹਿ ਲਈਏ ਕਿ ਇਹਨਾਂ ਦਾ ਡਰ ਤੇ ਕਾਇਮ ਰਹਿਣਾ ਹੀ ਚਾਹੀਦੈ !!

ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 550 ਸਾਲਾਂ ਤੇ ਇਹੋ  ਸਿਖਲਾਈ ਹੈ ਕਿ ਇਹਨਾਂ ਟੂਣਿਆਂ, ਟੋਟਕਿਆਂ ਤੇ ਵਹਿਮਾਂ ਭਰਮਾਂ ਤੋਂ ਬਚ ਕੇ ਰਹੋ,  ਇਹ ਕੁਝ ਨਹੀਂ, ਬਸ ਇਕ ਓਂਕਾਰ ਦੀ ਓਟ ਲਵੋ - ਪਰ ਜੇਕਰ ਅਸੀਂ ਸਮਝੀਏ  ਤਾਂਹੀਓਂ ਅਸੀਂ ਓਹਨਾਂ ਮਹਾਪੁਰਖਾਂ ਦੀ ਸਿਖਲਾਈ ਮੰਨ ਰਹੇ ਹੈ !!


ਟੂਣਿਆਂ ਤੋਂ ਗੱਲ ਚੇਤੇ ਆਈ - ਬਚਪਨ ਵਿੱਚ ਵੀ ਦੇਖਦੇ ਸੀ ਆਂਢ-ਗੁਆਂਢ ਵਿਚ ਕਿਸੇ ਨੇ ਸੜਕ ਉੱਤੇ ਮੋਲੀ, ਨਾਰੀਅਲ, ਸਿੰਦੂਰ ਰੱਖ ਦੇਣਾ ਤੇ ਇਸ ਦੀ ਖ਼ਬਰ ਮੋਹਲ੍ਲੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਜਾਣੀ - ਸਾਰਿਆਂ ਨੇ ਕੰਬ ਜਾਣਾ ਜਿਵੇਂ ਕਿਸੇ ਨੇ ਬੰਬ ਰੱਖ ਦਿੱਤਾ ਹੋਵੇ - ਜੇ ਕਿਸੇ ਦਾ ਨਿਆਣਾ ਆਉਂਦੇ ਜਾਉਂਦੇ ਉਸ ਉੱਤੋਂ ਟੱਪ ਜਾਂਦਾ ਤਾਂ ਓਹਦੀ ਮਾਂ ਦਾ ਹਾਲ ਵੇਖਣ ਵਾਲਾ ਹੁੰਦਾ ਕਿ ਹੁਣ ਇਸ ਦਾ ਕਿ ਬਣੇਗਾ!! 

ਉਹ ਟੂਣਿਆਂ ਦਾ ਸਮਾਂ ਵੀ ਬੜਾ ਰੋਚਕ ਹੁੰਦਾ ਸੀ - ਅਸੀਂ ਬੱਚਿਆਂ ਨੇ ਚੋਰੀ ਛੁਪੇ ਉਸ ਨੂੰ ਵੇਖਣ ਜ਼ਰੂਰ ਜਾਣਾ - ਦੂਰੋਂ ਹੀ ਵੇਖਣਾ ਕਿ ਇਹ ਟੂਣਾ ਕਿਹੋ ਜਿਹਾ ਹੁੰਦੈ ! ਅੱਛਾ, ਇਕ ਮਜ਼ੇਦਾਰ ਗੱਲ ਹੋਰ ਇਹ ਸੀ ਹਰ ਮੋਹਲ੍ਲੇ ਵਿਚ ਇੱਕ ਦੋ ਟੂਣੇਬਾਜ਼ ਤੀਵੀਆਂ ਹੋਣੀਆਂ ਵੀ ਓਹਨਾਂ ਦਿਨਾਂ ਵਿਚ ਲਾਜ਼ਮੀ ਹੁੰਦੀਆਂ ਸੀ. ਇਕ ਹੋਰ ਮਜ਼ੇਦਾਰ ਗੱਲ, ਪਹਿਲਾਂ ਜਦੋਂ ਅਸੀਂ ਬੱਚੇ ਸੀ, ਕਿਸੇ ਵੀ ਘਰੋਂ ਅਸੀਂ ਕੁਝ ਵੀ ਖਾ ਲੈਂਦੇ ਸੀ - ਪਰ ਮਾਂ ਅਤੇ ਵੱਡੀ ਭੈਣ ਨੇ ਖਾਸ ਮਨਾ ਕਰ ਕੇ ਬਾਹਰ ਜਾਣ ਦੇਣਾ ਕਿ ਵੇਖੀ, ਰਬ ਦਾ ਵਾਸਤਾ ਈ ਉਸ ਟੀਟੇ ਦੇ ਘਰੋਂ ਨਾ ਖਾਵੀਂ - ਉਹ ਬੜੀ ਟੂਣੇਬਾਜ਼ ਈ!! ਸਾਡਾ ਕੀ ਸੀ, ਅਸੀਂ ਗੱਲ ਪੱਲੇ ਬੰਨ੍ਹ ਕੇ ਗੰਢ ਮਾਰ ਲੈਣੀ - ਜੇ ਟੀਟੇ ਦੀ ਵਿਚਾਰੀ ਮਾਂ ਕੁਝ ਖਾਣ ਨੂੰ ਦਿੰਦੀ ਤੇ ਆਪਾਂ ਭੁੱਖ ਨਾ ਹੋਣ ਦਾ ਬਹਾਨਾ ਬਣਾ ਦਿੰਦੇ!! ਪਰ ਮੈਨੂੰ ਇੰਝ ਲੱਗਦੈ ਕਿ ਇਹ ਫਲਾਣੀ ਫਲਾਣੀ ਜਨਾਨੀ ਨੂੰ ਟੂਣੇਬਾਜ਼ ਕਹਿਣਾ ਵੀ ਕਿਸੇ ਕਿਆਸ ਤੇ ਹੀ ਟਿਕਿਆ ਹੁੰਦਾ ਸੀ.... ਖੈਰ, ਬਚਪਨ ਵਿਚ ਜਦੋਂ ਥੋੜੇ ਦਿਨਾਂ ਵਿਚ ਘਰ ਦੇ ਆਸੇ ਪਾਸੇ ਕੋਈ ਟੂਣਾ ਨਹੀਂ ਸੀ ਪਿਆ ਹੁੰਦੇ, ਜ਼ਿੰਦਗੀ ਡਾਢੀ ਫੋਕੀ ਜਿਹੀ ਲੱਗਣ ਲੱਗ ਪੈਂਦੀ - ਓਏ ਰੱਬਾ, ਟੂਣੇ ਵੇਖ ਕੇ ਕਿੰਨ੍ਹਾ ਮਜ਼ਾ ਆਉਂਦਾ ਸੀ - ਕਿਵੇਂ ਓਹਨਾਂ ਤੋਂ ਬਚ ਬਚ ਕੇ ਚਲਣਾ ਤੇ ਹੋਰਨਾਂ ਲੋਕਾਂ ਨੂੰ ਵੀ ਸਚੇਤ ਕਰਨਾ - ਵਾਧੂ ਮਜ਼ਾ ਸੀ ਓਹਨਾਂ ਟੂਣਿਆਂ ਵਿਚ ਵੀ !!

ਫੇਰ ਵੱਡੇ ਹੋਏ ਤੇ ਕਿਤੇ ਪੂਰੀ, ਛੋਲੇ, ਹਲਵੇ, ਨਾਰੀਅਲ ਵਾਲੇ ਟੂਣੇ ਵੇਖਣੇ ਤੇ ਇਹੋ ਖਿਆਲ ਆਉਂਦਾ ਕਿ ਇੰਝ ਕਿਓਂ ਬਰਬਾਦੀ ਕੀਤੀ ਖਾਨ ਪੀਣ ਵਾਲੀਆਂ ਸੋਹਣੀਆਂ ਚੀਜ਼ਾਂ ਦੀ - ਕਿਸੇ ਭੁੱਖੇ ਦੇ ਮੁੰਹ ਹੀ ਲੱਗ ਜਾਂਦੀ - ਫੇਰ ਕਦੇ ਆਉਂਦੇ ਜਾਂਦੇ ਕਿਤੇ ਕੁੱਤੇ, ਬਿੱਲੀ ਨੂੰ ਉਸ ਪੂਰੀ ਹਲਵੇ ਨੂੰ ਖਾਂਦਿਆਂ ਦੇਖ ਕੇ ਬੜੀ ਖੁਸ਼ੀ ਹੁੰਦੀ - ਪਰ ਟੂਣੇ ਕਰਣ ਵਾਲੇ ਤੇ ਐਨਾਂ ਗੁੱਸਾ ਆਉਂਦਾ ਕਿ ਮੰਨ ਹੀ ਮੰਨ ਉਸਨੂੰ ਗਾਲਾਂ ਜ਼ਰੂਰ ਨਿਕਲਣੀਆਂ ਕਿ , ਖਾਣ ਪੀਣ ਸਮਾਨ ਜੇ ਰੱਖਿਆ ਹੀ ਸੀ ਤੇ ਉੱਤੇ ਸਿੰਦੂਰ ਧੂੜਨ ਦਾ ਕੁੱਤਖਾਨਾ ਕਿਓਂ ਕੀਤਾ - ਨਹੀਂ ਤੇ ਕਿਸੇ ਦੇ ਮੂੰਹ ਤੇ ਲੱਗ ਜਾਂਦਾ !!

ਹੁਣ ਮੈਨੂੰ ਲਿਖਦੇ ਲਿਖਦੇ ਧਿਆਨ ਆਇਆ ਕਿ ਆਂਢ ਗੁਆਂਢ ਵਿਚ ਕੁਛ ਬੜੀਆਂ ਧੜੱਲੇ ਵਾਲੀਆਂ ਮਾਸੀਆਂ ਵੀ ਸਨ, ਉਹਨਾਂ ਜੁੱਤੀਆਂ ਤੇ ਬੋਕਰਾਂ (ਝਾੜੂ) ਲੈ ਕੇ ਪਹੁੰਚ ਜਾਣਾ ਟੂਣੇ ਕੋਲ - ਜੁੱਤੀਆਂ ਤੇ ਝਾੜੂ ਨਾਲ ਉਸ ਨੂੰ ਪਿੰਞਣਾ - ਉੱਚੀ ਉੱਚੀ ਟੂਣਾ ਕਰਣ ਵਾਲੀ ਅਨਜਾਣ ਰੂਹ ਨੂੰ ਗਾਲਾਂ ਕੱਢਣੀਆਂ ਤੇ ਪਰਤ ਆਉਣਾ - ਲੋ ਜੀ ਹੋ ਗਿਆ ਟੂਣਾ ਬੇਅਸਰ !!

ਮੈਂ ਹੁਣੇ ਚੇਤੇ ਆ ਰਿਹੈ ਕਿ ਕਈਂ ਵਾਰੀ ਮੋਹਲ੍ਲੇ ਵਿਚ ਇਹ ਖ਼ਬਰ ਵੀ ਫੈਲੀ ਹੋਣੀ ਕਿ ਨਿਆਣਿਆਂ ਨੂੰ ਓਧਰ ਨਾ ਘੱਲਿਓਂ - ਬੜਾ ਖ਼ਤਰਨਾਕ ਟੂਣਾ ਹੋਇਆ ਪਿਆ ਹੈ - ਮੈਨੂੰ ਕਦੇ ਇਹ ਕ੍ਰਾਈਟੇਰਿਆਂ ਖ਼ਤਰਨਾਕ ਜਾਂ ਘੱਟ ਖ਼ਤਰਨਾਕ ਵਾਲਾ ਪੱਲੇ ਨਹੀਂ ਪਿਆ - ਪਰ ਇਕ ਗੱਲ ਹੈ ਕਿ ਟੂਣੇ ਦੇਖ ਕੇ, ਟੂਣੇ ਦੀ ਛਿਤਰੋਲ ਹੁੰਦੀ ਵੇਖ ਕੇ ਤੇ ਜਿਹੜੇ ਘਰ ਤੇ ਟੂਣੇ ਕਰਣ ਲਈ ਸ਼ੱਕ ਦੀ ਸੂਈ ਟਿਕੀ ਹੋਣੇ, ਉਸ ਘਰ ਦੇ ਅੱਗੋਂ ਪਿੱਛੋਂ ਲੰਘਦੇ ਹੋਏ ਲੋਕਾਂ ਨੇ ਇਸ਼ਾਰਿਆਂ ਨਾਲ ਗੱਲਾਂ ਕਰਨੀਆਂ - ਬਈ ਬੜਾ ਮਜ਼ਾ ਆਉਂਦਾ ਸੀ !!  ਸੋਨੀ ਟੀ ਵੀ ਤੇ CID ਦਾ ਸ਼ੋ ਵੇਖ ਕੇ ਜਿੰਨਾ ਅੱਜ ਦੇ ਨਿਆਣੇ ਟੱਪਦੇ ਹਨ, ਓਨਾ ਤੇ ਅਸੀਂ ਟੂਣੇ ਵੇਖ ਕੇ ਟੱਪ ਲਈਦਾ ਸੀ!!

ਟੂਣੇ ਸ਼ੁਨੇ ਕੁਝ ਨਹੀਂ ਹੁੰਦੇ, ਜਿਵੇਂ ਹੀ ਇਹ ਸਮਝ ਪੱਲੇ ਪਈ, ਮੈਂ ਜਾਣ ਬੁਝ ਕੇ ਟੂਣੇ ਉੱਤੋਂ ਟੱਪ ਕੇ ਲੰਘਣਾ ! ਉਹ ਦਾ ਵੀ ਆਪਣਾ ਅਲੱਗ ਮਜ਼ਾ ਸੀ. ਵੈਸੇ ਸਾਡੇ ਇਥੇ ਤਾਂ ਇਹਨਾਂ ਢੋਂਗੀ ਬਾਬੇਆਂ ਨੇ ਬੜਾ ਗੰਦ ਪਾਇਆ ਹੋਇਆ ਹੈ - ਭੋਲੇ ਭਾਲੇ ਲੋਕਾਂ ਦਾ ਇਹ ਜੀਣਾ ਹਰਾਮ ਕਰ ਦਿੰਦੇ ਨੇ - ਬੜੀ ਚੰਗੀ ਗੱਲ ਹੈ ਕਿ ਚੁਣ ਚੁਣ ਕੇ ਜੇਲਾਂ ਵਿਚ ਤੁੰਨੇ ਜਾ ਰਹੇ ਹਨ!! 

ਅੱਛਾ ਇਕ ਜ਼ਰੂਰੀ ਗੱਲ, ਅੱਜ ਮੈਂ ਹੁਣੇ ਫੇਸਬੁੱਕ ਤੇ ਟੂਣੇ ਦਾ ਇਤਿਹਾਸ ਪੜਿਆ - ਮੈਨੂੰ ਉਹ ਜਾਣਕਾਰੀ ਬਹੁਤ ਚੰਗੀ ਲੱਗੀ - ਮੈਨੂੰ ਨਹੀਂ ਪਤਾ ਉਸ ਜਾਣਕਾਰੀ ਦਾ ਸਰੋਤ ਕੀ ਹੈ, ਪਰ ਅਸੀਂ ਗੂਗਲ ਤੇ ਚੈੱਕ ਕਰ ਸਕਦੇ ਹਾਂ!! ਹੁਣੇ ਮੈਂ ਉਸ ਪੋਸਟ ਨੂੰ ਦੇਖ ਰਿਹਾ ਸੀ - ਉਹ ਵੀ ਕਹਿੰਦਾ ਕਿ ਉਸ ਨੂੰ ਨਹੀਂ ਪਤਾ ਕੇ ਉਸਨੂੰ ਉਹ ਜਾਣਕਾਰੀ ਕਿਥੋਂ ਆਈ ਹੈ , ਫੇਰ ਵੀ ਮੈਨੂੰ ਲੱਗਦੈ ਉਸ ਨੂੰ ਤੁਸੀਂ ਵੀ ਜ਼ਰੂਰ ਪੜ੍ਹੋ - ਤੁਸੀਂ ਵੀ ਆਪਣੀ ਖੋਖ ਕਰੋ !! ਪੜਣ ਚ' ਕਿ ਹਰਜ਼ ਹੈ !!


ਉਸ ਫੇਸਬੁੱਕ ਪੋਸਟ ਨੂੰ ਕਾਪੀ ਕਰ ਕੇ ਪੇਸਟ ਕਰ ਰਿਹਾਂ - 
📜ਟੂਣੇ ਦਾ ਇਤਿਹਾਸ📜🕸
ਪੜ ਲਿਉ ਤੇ ਜ਼ਾਗਰ ਨੂੰ ਵੀ ਚੇਤੇ ਨਾਲ ਪੜਾ ਦਿਉ 😂
ਅੱਜਕੱਲ੍ਹ ਟੂਣੇ ਨੂੰ ਇੱਕ ਬਹੁਤ ਖਤਰਨਾਕ ਸ਼ੈਅ ਮੰਨਿਆ ਜਾਂਦਾ ਹੈ ।
ਜੇਕਰ ਕਿਸੇ ਦੇ ਘਰ ਕੋਲ ਟੂਣਾ ਕੀਤਾ ਮਿਲ ਜਾਵੇ ਤਾਂ ਲੋਕ ਆਪਣੇ ਗੁਆਂਢੀਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ । ਪਰ ਸਾਡੇ ਪਖੰਡੀ ਸਾਧਾਂ ਨੇ ਅਤੇ ਅੰਧਵਿਸ਼ਵਾਸੀ ਲੋਕਾਂ ਨੇ ਟੂਣੇ ਦਾ ਜੋ ਮਤਲਬ ਅੱਜ ਸਮਝ ਲਿਆ ਅਤੇ ਸਮਝਾ ਦਿੱਤਾ ਅਸਲ ਵਿੱਚ ਟੂਣੇ ਦਾ ਮਤਲਬ ਉਹ ਨਹੀਂ ਸੀ ।
ਪੁਰਾਣੇ ਜਮਾਨੇ ਵਿੱਚ ਟੂਣਾ ਵੀ ਇੱਕ ਬਹੁਤ ਜਰੂਰੀ ਅਤੇ ਮਨੁੱਖੀ ਭਲੇ ਲਈ ਕੀਤਾ ਜਾਂਦਾ ਸੀ । ਕਿਉਂਕਿ ਪੁਰਾਣੇ ਜਮਾਨੇ ਵਿੱਚ ਜਦੋਂ ਆਵਾਜਾਈ ਅਤੇ ਸੰਚਾਰ ਸਾਧਨ ਨਹੀਂ ਬਣੇ ਸਨ ਤਾਂ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਸੀ ਤਾਂ ਕਈ ਵਾਰ ਵੈਦ ਜਾਂ ਹਕੀਮ ਬਹੁਤ ਦੂਰ ਹੁੰਦਾ ਸੀ ਅਤੇ ਵੈਦ ਹਕੀਮ ਨੂੰ ਲੱਭਣਾ ਅਤੇ ਉਸ ਤੱਕ ਪਹੁੰਚਣ ਵਿੱਚ ਕਾਫੀ ਦੇਰ ਹੋ ਜਾਂਦੀ ਸੀ ।
ਇਸ ਕਰਕੇ ਲੋਕਾਂ ਨੇ ਵੈਦ ਕੋਲ ਮਰੀਜ਼ ਬਾਰੇ ਆਪਣਾ ਸੁਨੇਹਾ ਪਹੁੰਚਦਾ ਕਰਨ ਲਈ ਟੂਣਾ ਕਰਨ ਦਾ ਤਰੀਕਾ ਅਪਣਾਇਆ ।
ਜੇਕਰ ਕਿਸੇ ਇਲਾਕੇ ਵਿੱਚ ਕੋਈ ਸਿਰ ਦਾ ਕੋਈ ਮਰੀਜ਼ ਹੁੰਦਾ ਸੀ ਤਾਂ ਉਸ ਘਰ ਵਾਲੇ ਆਪਣੇ ਘਰ ਤੋਂ ਨੇੜਲੇ ਚੌਂਕ ਵਿੱਚ ਇੱਕ ਨਾਰੀਅਲ ਰੱਖ ਦਿੰਦੇ ਸਨ । ਅਤੇ ਉਸ ਚੌਂਕ ਵਿੱਚੋਂ ਲੰਘਣ ਵਾਲੇ ਲੋਕ ਅੱਗੇ ਦੇ ਲੋਕਾਂ ਨੂੰ ਦੱਸਦੇ ਰਹਿੰਦੇ ਸਨ ਕਿ ਫਲਾਨੇ ਚੌਂਕ ਵਿੱਚ ਟੂਣਾ ਪਿਆ ਹੈ ।
ਇਸ ਤਰ੍ਹਾਂ ਇੱਕ ਦੋ ਦਿਨ ਵਿੱਚ ਇਹ ਖਬਰ ਵੈਦ ਹਕੀਮ ਕੋਲ ਪਹੁੰਚ ਜਾਂਦੀ ਸੀ, ਅਤੇ ਉਹ ਵੀ ਟੂਣੇ ਬਾਰੇ ਪੁੱਛਦਾ ਹੋਇਆ ਉਸ ਟੂਣੇ ਕੋਲ ਪਹੁੰਚ ਜਾਂਦਾ ਸੀ ਅਤੇ ਉੱਥੋਂ ਮਰੀਜ਼ ਦਾ ਘਰ ਪੁੱਛ ਕੇ ਮਰੀਜ਼ ਦਾ ਇਲਾਜ ਕਰਦਾ ਸੀ।
ਇਸ ਤਰ੍ਹਾਂ ਜੇਕਰ ਕਿਸੇ ਇਲਾਕੇ ਵਿੱਚ ਪੇਟ ਦਾ ਮਰੀਜ਼ ਹੁੰਦਾ ਸੀ ਤਾਂ ਨੇੜਲੇ ਚੌਂਕ ਵਿੱਚ ਅਨਾਜ, ਅਤੇ ਦਾਲਾਂ ਆਦਿ ਮਿਲਾ ਕੇ ਰੱਖੀਆਂ ਜਾਂਦੀਆਂ ਸਨ। ਜੇਕਰ ਮਰੀਜ਼ ਨੂੰ ਪੀਲੀਆ ਆਦਿ ਹੁੰਦਾ ਸੀ ਤਾਂ ਅਨਾਜ ਨਾਲ ਹਲਦੀ ਵੀ ਰੱਖ ਦਿੰਦੇ ਸਨ।
ਜੇਕਰ ਮਰੀਜ਼ ਕੋਈ ਔਰਤ ਹੁੰਦੀ ਸੀ ਤਾਂ ਸਿਰ ਦਾ ਪ੍ਰਤੀਕ ਤਾਂ ਨਾਰੀਅਲ ਹੁੰਦਾ ਸੀ, ਅਤੇ ਪੇਟ ਦੀ ਬਿਮਾਰੀ ਲਈ ਅਨਾਜ ਰੱਖ ਕੇ ਔਰਤ ਦਾ ਪ੍ਰਤੀਕ ਦੱਸਣ ਲਈ ਉਸਦੀਆਂ ਵੰਗਾਂ (ਚੂੜੀਆਂ), ਸ਼ੀਸ਼ਾ, ਕਾਜਲ ਜਾਂ ਸੁਰਮਾ, ਅਤੇ ਉਸਦੇ ਸ਼ਿੰਗਾਰ ਦੀਆਂ ਚੀਜ਼ਾਂ ਰੱਖ ਦਿੰਦੇ ਸਨ, ਤਾਂ ਕਿ ਹਕੀਮ ਨੂੰ ਪਤਾ ਲੱਗ ਸਕੇ ਕਿ ਮਰੀਜ਼ ਕੋਈ ਔਰਤ ਹੈ ।
ਜੇਕਰ ਮਰੀਜ਼ ਕੋਈ ਬੱਚਾ ਹੁੰਦਾ ਸੀ ਤਾਂ ਟੂਣੇ ਦੇ ਨਾਲ ਕੁਝ ਖਿਡੌਣੇ ਆਦਿ ਰੱਖੇ ਜਾਂਦੇ ਸਨ।
ਇਸ ਤਰ੍ਹਾਂ ਇਹ ਟੂਣਾ ਪੁਰਾਣੇ ਜਮਾਨੇ ਵਿੱਚ ਲੋਕਾਂ ਦੀ ਬਹੁਤ ਸੇਵਾ ਕਰਿਆ ਕਰਦਾ ਸੀ। ਪਰ ਸੰਚਾਰ ਸਾਧਨ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹੋਣ ਕਰਕੇ ਇਸਦੀ ਅਸਲੀ ਵਰਤੋਂ ਤਾਂ ਬੰਦ ਹੋ ਗਈ ਅਤੇ ਅਸੀਂ ਅੱਜ ਦੇ ਸਮੇਂ ਵਿੱਚ ਡਾਕਟਰ ਕੋਲ ਪਹੁੰਚਣ ਲਈ ਟੈਲੀਫੋਨ ਅਤੇ ਆਵਾਜਾਈ ਦੇ ਸਾਧਨ ਵਰਤਦੇ ਹਾਂ ।
ਪਰ ਕੁਝ ਪਖੰਡੀ ਲੋਕਾਂ ਨੇ ਆਪਣਾ ਪਖੰਡ ਦਾ ਕਾਰੋਬਾਰ ਚਲਾਉਣ ਲਈ ਟੂਣੇ ਨੂੰ ਬਦਨਾਮ ਅਤੇ ਡਰਾਉਣਾ ਬਣਾ ਦਿੱਤਾ ।
ਜੇਕਰ ਕੋਈ ਅੰਧਵਿਸ਼ਵਾਸੀ ਵਿਅਕਤੀ ਕਿਸੇ ਪਖੰਡੀ ਸਾਧ ਕੋਲ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਸਮੱਸਿਆ ਦਾ ਹੱਲ ਕਰਨ ਲਈ ਉਹ ਪਖੰਡੀ ਸਾਧ ਉਸਨੂੰ ਕੁਝ ਵਸਤਾਂ ਕਿਸੇ ਚੌਂਕ ਆਦਿ ਵਿੱਚ ਰੱਖਣ ਲਈ ਕਹਿੰਦਾ ਹੈ ।
ਅਤੇ ਜਿਸਦੇ ਘਰ ਕੋਲ ਉਹ ਚੌਂਕ ਹੁੰਦਾ ਹੈ ਉਹ ਕਿਸੇ ਵਿਅਕਤੀ ਉੱਪਰ ਸ਼ੱਕ ਕਰਕੇ ਉਸ ਨਾਲ ਲੜਾਈ ਝਗੜਾ ਕਰਦਾ ਹੈ।
ਸੋ ਸਾਨੂੰ ਇਹਨਾਂ ਪਖੰਡੀ ਸਾਧਾਂ ਦੇ ਇਹਨਾਂ ਪਖੰਡਾਂ ਤੋਂ ਬਚਣ ਦੀ ਲੋੜ ਹੈ, ਤਾਂ ਕਿ ਅਸੀਂ ਆਪਣੀ ਆਰਥਿਕ ਅਤੇ ਮਾਨਸਿਕ ਲੁੱਟ ਹੋਣ ਤੋਂ ਬਚਾ ਸਕੀਏ ।- ਕੰਵਲ ਵਧਵਾ ਭਟਿੰਡਾ 

ਅੱਜ ਸਵੇਰੇ ਮੈਂ ਰੇਡੀਓ ਤੇ ਇਕ ਹਿੰਦੀ ਫਿਲਮ ਦਾ ਗਾਣਾ ਸੁਣਿਆ - ਸ਼ਾਇਦ ਕਈਂ ਸਾਲਾਂ ਬਾਅਦ ਸੁਣਿਆ ਸੀ - ਆਇਏ ਬਹਾਰ ਕੋ ਹਮ ਬਾੰਟ ਲੇਂ !! ਮੈਂ ਫੇਰ ਸੁਣਨ ਲੱਗਾ ਹਾਂ - ਲੋ ਜੀ ਤੁਸੀਂ ਵੀ ਸੁਣੋ - 

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...