Sunday 1 September 2019

ਅੱਜ ਦਾ ਵਹਾਤਸੱਪ ਵਤੀਰਾ

ਸਿਆਣਿਆਂ ਕੋਲੋਂ ਸੁਣਿਆ ਹੈ ਕਿ ਕਦੇ ਵੀ ਕਿਸੇ ਖੱਤ ਦਾ ਜਵਾਬ ਗੁੱਸੇ ਵਿਚ ਨਹੀਂ ਦੇਣਾ ਚਾਹੀਦਾ - ਬਹੁਤ ਹੀ ਵਧੀਆ ਗੱਲ ਹੈ ਜੀ ਇਹ. ਪਰ ਹੁਣ ਤੇ ਖੱਤ ਲਿਖਦਾ ਹੀ ਕੌਣ ਹੈ।  ਹੁਣ ਤੇ ਬਾਈ ਵਹਾਤਸੱਪ ਦੀ ਚੌਧਰ ਹੈ ਹਰ ਪਾਸੇ - ਇਸ ਕਰਕੇ ਸਿਆਣੇ ਇਸ ਬਾਰੇ ਕੁਝ ਨਹੀਂ ਕਹਿੰਦੇ, ਇਸ ਲਈ ਅਸੀਂ ਨਿਆਣੇ ਹੀ ਆਪੋ-ਆਪਣੀ ਰਤਾ ਕੁ' ਸਿਆਣਪ ਵੰਡ ਲਈਏ.

ਤੈਸ਼ ਨੂੰ ਤੇ ਪਰੇ ਹੀ ਰੱਖੋ 
ਕਦੇ ਵੀ ਗੁੱਸੇ ਵਿਚ ਜਾਂ ਤੈਸ਼ ਵਿਚ ਆ ਕੇ ਕਿਸੇ ਵੀ ਵਹਾਤਸੱਪ ਦੀ ਪੋਸਟ ਦਾ ਜਵਾਬ ਨਾ ਦਿਓ - ਇਸ ਚੱਕਰ ਚ' ਬਸ ਪਛਤਾਵਾ ਹੀ ਹੱਥ ਲਗਦੈ।
ਵਹਾਤਸੱਪ ਵੀ ਕਮਾਲ ਦੀ ਕਾਢ ਹੈ ਸੱਚੀਂ - ਕਿਸੇ ਗਰੁੱਪ ਚ' ਕੋਈ ਪੋਸਟ ਵੇਖ ਕੇ ਉਸੇ ਵੇਲੇ ਬੰਦਾ ਤੈਸ਼ ਚ' ਆ ਜਾਂਦੈ ਕਿ ਚੱਲੋ ਅਸੀਂ ਵੀ ਆਪਣੀ ਸਿਆਣਪ ਦਾ ਹਿੱਸਾ ਪਾਈਏ - ਪਰ ਉਸੇ ਵੇਲੇ ਇਹ ਧਿਆਨ ਆਉਂਦੈ -
ਕੀ ਜਵਾਬ ਦੇਣਾ ਐਨਾ ਜ਼ਰੂਰੀ ਹੈ ?
ਜਵਾਬ ਦੇ ਕੇ ਮੈਂ ਆਖਿਰ ਕੀ ਸਾਬਤ ਕਰਣਾ ਚਾਹੁੰਦਾ ਹਾਂ?
ਕੀ ਇਹ ਜਵਾਬ ਦੇਣ ਤੋਂ ਬਿਨਾਂ ਸਰੇਗਾ ਨਹੀਂ ?
ਕੀ ਅਟੇੰਸ਼ਨ ਦੀ ਭੁੱਖ ਮੈਥੋਂ ਇਹ ਕੰਮ ਕਰਵਾ ਰਹੀ ਹੈ ?
ਜੇਕਰ ਮੈਨੂੰ ਇਕੱਲੇ ਨੂੰ ਇਹ ਮੈਸਜ ਆਉਂਦਾ ਤਾਂ ਵੀ ਕੀ ਮੈਂ ਇਹੋ ਜਵਾਬ ਦੇਣਾ ਸੀ? 
ਬਸ, ਇਹ ਸਭ ਸੋਚ ਕੇ ਮੈਂ ਆਪਣੇ ਆਪ ਨੂੰ ਠੱਪਿਆ ਹੀ ਰਹਿਣ ਦਿੰਦਾ ਹਾਂ. 

ਤਮਾਸ਼ਬੀਨਾਂ ਦਾ ਮਜਮਾ
ਜੇਕਰ ਕਦੇ ਇਹ ਲੱਗੇ ਕਿ ਵਹਾਤਸੱਪ ਗਰੁੱਪ ਵਿਚ ਕਿਸੇ ਦੀ ਪੋਸਟ ਤੇ ਕੋਈ ਉਲਟਾ-ਸਿੱਧਾ ਲਿਖ ਕੇ ਹੋਰ ਮੇਂਬਰ ਮੇਰੀ ਦਲੇਰੀ ਦੀ ਵਾਹ ਵਾਹ ਕਰਣਗੇ - ਉਸ ਵੇਲੇ ਤਾਂ ਠੱਪੇ ਰਹਿਣ ਚ' ਹੀ ਸਮਝਦਾਰੀ ਹੈ. ਕਿਸੇ ਨੂੰ ਕੁਝ ਫਰਕ ਨਹੀਂ ਪੈਂਦਾ।
ਅਕਸਰਵਹਾਤਸੱਪ ਗਰੁੱਪਾਂ ਵਿਚ ਤਮਾਸ਼ਬੀਨਾਂ ਦਾ ਹੀ ਮਜਮਾ ਲੱਗਿਆ ਵੇਖਿਆ।
ਬਹੁਤ ਵਾਰੀ ਇੰਝ ਖ਼ਿਆਲ ਆਉਂਦੈ ਕਿ ਕਿਸੇ ਪੋਸਟ ਦੇ ਜਵਾਬ ਵਿਚ ਅਜਿਹਾ ਜਵਾਬ ਲਿਖ ਦਿਓ ਜਿਸ ਨਾਲ ਸਾਡੀ ਅਕਲ ਦੀ ਧਾਕ ਪੈ ਜਾਵੇ- ਇਸ ਦਾ ਵੀ ਕੋਈ ਫਾਇਦਾ ਨਹੀਂ ਹੈ. ਵੱਡੇ ਤੋਂ ਵੱਡੇ ਅਕਲਮੰਦ ਵਹਾਤਸੱਪ ਤੇ ਖਿੱਲਰੇ ਪਏ ਹਨ.

ਫੋਕਾਪਨ 
ਵਹਾਤਸੱਪ ਗਰੁੱਪਾਂ ਜਾਂ ਸੋਸ਼ਲ ਮੀਡਿਆ ਦਾ ਫੋਕਾਪਨ ਇਥੋਂ ਪਤਾ ਲੱਗਦਾ ਹੈ ਕਿ ਮਰਣ-ਖਪਨ ਦੇ ਸੁਨੇਹੇ ਵੀ ਗਰੁੱਪਾਂ ਵਿਚ ਪੜ੍ਹ ਕੇ ਅਸੀਂ ਬਸ ਐੱਡੀ ਕੁ' ਉਚੇਚ ਕਰ ਲੈਂਦੇ ਹਾਂ ਕਿ ਕੀਬੋਰਡ ਤੇ ਕੈਪੀਟਲ ਆਨ ਕਰ ਕੇ RIP ਲਿਖ ਕੇ ਨਬੇੜਾ ਕਰ  ਅਗਾਂਹ ਲੰਘ ਜਾਂਦੇ ਹਾਂ. ਜੋ ਮੈਂ ਸਮਝਦਾ ਹਾਂ ਕਿ ਜਾਂ ਤੇ ਉਸੇ ਵੇਲੇ ਫੋਨ ਚੱਕ ਕੇ ਉਸ ਸਾਥੀ ਨਾਲ ਗੱਲ ਕਰੋ, ਨਹੀਂ ਤਾਂ RIP ਲਿਖਣ ਦੀ ਵੀ ਖੇਚਲ ਨਾ ਕਰੋ, ਇਹਨਾਂ ਫ਼ਿਰੰਗੀ ਰਸਮਾਂ ਦਾ ਕੋਈ ਤੁਕ ਨਹੀਂ ਜੇਕਰ ਦੁੱਖ ਚ ਡੁੱਬੇ ਸਾਥੀ ਨਾਲ ਦੁੱਖ ਸੁੱਖ ਹੀ ਨਾ ਸਾਂਝਾ ਕੀਤਾ!!
RIP ਲਿਖਣ ਦਾ ਵੀ ਕੋਈ ਫਾਇਦਾ ਨਹੀਂ - ਕਿੱਡਾ ਬਦਸੂਰਤ ਲੱਗਦੈ ਜਦੋਂ 50-100 ਲੋਕ ਮਸ਼ੀਨ ਵਾਂਗ ਇਹ ਲਿਖ ਕੇ ਭੱਜ ਜਾਂਦੇ ਨੇ, ਵਿਛੜੀ ਰੂਹ ਤਾਂ ਨਿੱਖੜ ਗਈ, ਜੋਤੀ ਜੋਤ ਸਮਾ ਗਈ - ਉਸ ਰੂਹ ਨੂੰ ਸ਼ਾਂਤੀ ਮਿਲਣੀ ਹੈ ਜਾਂ ਭਟਕਣ - ਇਸ ਦਾ ਦਾਰੋਮਦਾਰ ਵਹਾਤਸੱਪ ਦੇ ਪੰਡਾਲ ਚ' ਅਪੜੇ RIP (ਰਿੱਪਾਂ) ਦੇ ਸੁਨੇਹਿਆਂ ਦੀ ਗਿਣਤੀ ਤੇ ਤਾਂ ਹੋਣੋ ਰਿਹਾ!!

ਗਰੁੱਪ ਵਿੱਚ ਗਰੁੱਪ 
ਕੁਝ ਗਰੁੱਪ ਅਜਿਹੇ ਵੀ ਦੇਖੇ, ਜਿਥੇ ਇਕ ਗਰੁੱਪ ਦੇ ਅੰਦਰ ਹੋਰ ਗਰੁੱਪ ਬਣੇ ਹੁੰਦੇ ਹਨ- ਕੁਝ ਲੋਕਾਂ ਦੀ ਪੋਸਟਾਂ ਤੇ ਤਾਂ ਜਵਾਬ ਦੇਣਾ ਹੈ, ਕੁਝ ਤੇ ਚੁੱਪ ਵੱਟੀ ਰੱਖਣੀ ਹੈ - ਕੁਝ ਨੂੰ ਹਮੇਸ਼ਾ ਨਜ਼ਰਅੰਦਾਜ਼ ਹੀ ਕੀਤਾ ਜਾਂਦਾ ਹੈ ਤੇ ਕੁਝ ਨੂੰ ਖਜੂਰ ਦੇ ਦਰੱਖਤ ਤੋਂ ਥੱਲੇ ਉਤਾਰਿਆ ਹੀ ਨਹੀਂ ਜਾਂਦਾ।

ਕੁਝ ਗਰੁੱਪ ਦਿਲ ਦੇ ਨੇੜੇ ਹੁੰਦੇ ਹਨ 
ਜਿਹੜੇ ਗਰੁੱਪ ਸਾਡੇ ਦਿਲ ਦੇ ਨੇੜੇ ਹੁੰਦੇ ਹਨ, ਓਥੇ ਅਸੀਂ ਬੜੇ ਖੁਲ ਕੇ ਗੱਲ ਬਾਤ ਕਰਦੇ ਹਾਂ. ਜਿਵੇਂ ਮੈਨੂੰ ਮੇਰੇ ਸਕੂਲ ਵਾਲਾ ਗਰੁੱਪ ਬੜਾ ਚੰਗਾ ਲਗਦੈ। ਓਥੇ ਜਾਂਦਿਆਂ ਹੀ ਇੰਝ ਲੱਗਦੈ ਜਿਵੇਂ 1972-73 ਵਾਲੇ ਜਮਾਨੇ ਵਾਲੇ ਨਿਆਣੇ ਇਕੱਠੇ ਹੋਏ ਹਨ.

ਸਤਿਸੰਗ ਵਾਲੇ ਗਰੁੱਪ 
ਇਕ ਮੈਨੂੰ ਇਹ ਸਤਿਸੰਗ ਟਾਈਪ ਦੇ ਵਹਾਤਸੱਪ ਗਰੁੱਪਾਂ ਤੋਂ ਬੜੀ ਚਿੜ ਹੈ- ਗੱਲ ਗੱਲ ਤੇ ਇਕ ਦੂਜੇ ਨੂੰ ਟੋਕਦੇ ਰਹਿੰਦੇ ਨੇ ਕਿ ਇਹ ਗੱਲ ਸਤਿਸੰਗ ਦੀ ਸਿਖਲਾਈ ਦੇ ਮੁਤਾਬਿਕ ਠੀਕ ਨਹੀਂ। ਜੀਉਣ ਦਿਓ ਯਾਰ ਹਰ ਇੱਕ ਨੂੰ ਆਪਣੇ ਹਿੱਸੇ ਦੀ ਜ਼ਿੰਦਗੀ ਆਪਣੇ ਚੰਗੇ ਮੰਦੇ ਹਿਸਾਬ ਨਾਲ - ਅਸੀਂ ਇਹ ਹਿਸਾਬ ਕਰਣ ਵਾਲੇ ਹੁੰਦੇ ਹੀ ਕੌਣ ਹਾਂ !! - ਇਹਨਾਂ ਗਰੁਪਾਂ ਵਿਚ ਐਵੇਂ ਹੀ ਬੰਦਾ ਬੰਦਾ ਖਾਮਖਾਂ ਆਪਣੇ ਆਪ ਨੂੰ ਵੱਡਾ ਭਗਤ ਸਿੱਧ ਕਰਨ ਲੱਗਾ ਹੁੰਦੈ। ਅਜਿਹੇ ਗਰੁੱਪਾਂ ਵਿਚ ਵੀ ਮੈਂ ਬਿਲਕੁਲ ਹਿੱਸਾ ਨਹੀਂ ਲੈਂਦਾ - ਮੇਰੇ ਪੱਲੇ ਅਜਿਹਾ ਕੁਝ ਹੈ ਵੀ ਤਾਂ ਨਹੀਂ, ਕਿਓੰ ਚੰਗੇ ਭਲੇ ਲੋਕਾਂ ਦਾ ਸਿਰ ਦੁਖਾਇਆ ਜਾਵੇ। ਹੁਣ ਤੇ ਮੈਂ ਜ਼ਿਆਦਾ ਗੂੜ ਗਿਆਨ ਵਾਲੇ ਮੈਸੇਜ ਪੜਦਾ ਹੀ ਨਹੀਂ, ਜੋ ਹੋਣਾ ਹੈ ਉਹ ਅਟੱਲ ਹੈ, ਐਵੇਂ ਹੀ ਭੋਲੇ ਭਾਲੇ ਲੋਕ ਗਧੇ-ਗੇੜ ਚ' ਫੱਸੇ ਰਹਿੰਦੇ ਹਨ.

ਮਰੀਜ ਵੀ ਜਦੋਂ ਡਾਕਟਰ ਨਾਲ ਵਹਾਤਸੱਪ ਤੇ ਹੀ ਜੁੜ ਜਾਂਦੇ ਹਨ 
ਮਰੀਜਾਂ ਕੋਲ ਵੀ ਅੱਜ ਡਾਕਟਰਾਂ ਦੇ ਵਹਾਤਸੱਪ ਨੰਬਰ ਤਾਂ ਹੁੰਦੇ ਹੀ ਹਨ, ਚਲੋ ਜੀ ਉਹ ਕਹਿ ਦਿੰਦੇ ਹਨ ਕਿ ਦਵਾਈਆਂ ਦਾ ਨਾਂਅ ਲਿਖ ਕੇ ਭੇਜ ਦਿਓ, ਐਕਸ-ਰੇ ਦੀ ਫੋਟੋ ਖਿੱਚ ਕੇ ਭੇਜ ਦਿੰਦੇ ਹਨ, ਚਲੋ ਇੱਥੇ ਤੱਕ ਵੀ ਡਾਕਟਰ ਝੱਲ ਲੈਂਦੇ ਨੇ, ਫੇਰ ਮਰੀਜ ਡਾਕਟਰ ਨਾਲ ਹੋਰ ਵੀ ਖੁੱਲਣ ਦੀ ਕੋਸ਼ਿਸ਼ ਕਰਦੇ ਨੇ ਵਹਾਤਸੱਪ ਦੇ ਰਾਹੀਂ, ਡਾਕਟਰਾਂ ਕੋਲੇ ਇੰਨੀ ਸਿਰ-ਖਪਾਈ ਦੀ ਕਿਥੇ ਫੁਰਸਤ - ਹੱਡੀਆਂ ਦਾ ਇਕ ਡਾਕਟਰ ਕਲ ਦਸ ਰਿਹਾ ਸੀ ਕਿ ਇਸਦੇ ਮਰੀਜ ਉਸ ਨੂੰ ਗੋਡਿਆਂ ਦੀਆਂ ਦਰਦਾਂ ਦੇ ਦੇਸੀ ਇਲਾਜ ਤੇ ਟੋਟਕੇ ਭੇਜਦੇ ਨੇ ਤੇ ਫੇਰ ਅਗਲੀ ਵਾਰ ਪੁੱਛਦੇ ਹਨ ਕਿ ਡਾਕਟਰ ਸਾਬ ਇਸ ਇਲਾਜ ਬਾਰੇ ਤੁਹਾਡਾ ਕੀ ਖਿਆਲ ਹੈ - ਮੁਕਦੀ ਗੱਲ ਇਹ ਹੈ ਕਿ ਹਮੇਸ਼ਾ ਹਰ ਇਨਸਾਨ ਨੂੰ ਆਪਣੀ ਹੱਦ ਵਿਚ ਰਹਿਣਾ ਬੜਾ ਜ਼ਰੂਰੀ ਹੈ - ਵਹਾਤਸੱਪ ਤੇ ਜੁੜਣ ਤੇ ਵੀ ਉਹ ਹੱਦਾਂ ਕਾਇਮ ਹੀ ਰੱਖਣੀਆਂ ਜ਼ਰੂਰੀ ਹਨ.

ਹੱਡ ਵਾਪਰੀਆਂ ਗੱਲਾਂ  
ਮਜ਼ਾ ਤਾਂ ਓਹੀ ਹੈ ਕਿ ਜਿਹੜੀ ਸਾਡੀ ਆਪਣੀ ਹੱਡ ਬੀਤੀ ਹੈ ਜਾਂ ਜੋ ਸਾਡਾ ਕਿੱਤਾ ਹੈ ਉਸ ਦਾ ਜੋ ਗਿਆਨ ਹੈ, ਅਸੀਂ ਉਸ ਨੂੰ ਵੀ  ਵੰਡੀਏ - ਅਸੀਂ ਅਕਸਰ ਉਸ ਬਾਰੇ ਤਾਂ ਗੱਲ ਕਰਦੇ ਨਹੀਂ ਕਿ ਇਹ ਤਾਂ ਟ੍ਰੇਡ- ਸਿਕ੍ਰੇਟ ਹਨ, ਬਸ ਐਵੇਂ ਹੀ ਫੋਰਵਾਰਡੇਡ ਸੁਨੇਹਿਆਂ ਦੀਆਂ ਯਬਲੀਆਂ ਅਗਾਂਹ ਤੋਂ ਅਗਾਂਹ ਧੱਕਦੇ ਜਾਂਦੇ ਹਾਂ - ਉਹ ਵੀ ਅੰਨੇਵਾਹ!!

ਛੱਜ ਤੇ ਛਨਣੀ ਦੋਵੇਂ ਚਾਹੀਦੇ ਹਨ 
ਵਹਾਤਸੱਪ ਦੇ ਕੰਟੇੰਟ ਨੂੰ ਛਕਣ ਲੱਗਿਆਂ ਇਕ ਛੱਜ ਤੇ ਇਕ ਛਨਣੀ ਦਿਲ ਵਿਚ ਰੱਖਣੀ ਵੀ ਲਾਜ਼ਮੀ ਹੈ । ਬਹੁਤ ਸਾਰਾ ਕੰਟੇੰਟ ਤਾਂ ਛੱਜ ਹੀ ਬੁੜਕਾ ਦਉ - ਬਾਕੀ ਰਹਿੰਦੀ ਸਹਿੰਦੀ ਕਸਰ ਛਾਨਣੀ ਪੂਰੀ ਕਰ ਦਉ - ਬਸ ਜੋ ਬਾਕੀ ਬਚ ਜਾਵੇ ਉਹਨਾਂ ਮੋਤੀਆਂ ਨੂੰ ਚੁਣ ਲਵੋ.

ਚੰਗੇ ਮੰਦੇ ਕੰਮਾਂ ਦਾ ਵੀ ਅੱਡਾ ਬਣਿਆ ਵਹਾਤਸੱਪ 
ਵਹਾਤਸੱਪ ਦੇ ਰਾਹੀਂ ਲੋਕ ਛੋਟੇ ਮੋਟੇ ਕੰਮ ਧੰਦੇ ਕਰਦੇ ਹਨ, ਚੰਗੀ ਗੱਲ ਹੈ ਕਿ ਇਹ ਰੋਜ਼ਗਾਰ ਦਾ ਵੀ ਇਕ ਜ਼ਰੀਆ ਬਣਿਆ ਹੋਇਆ ਹੈ. ਪਰ ਪੁੱਠੇ ਕੰਮ ਕਰਨ ਵਾਲੇ ਵੀ ਬਾਜ ਨਹੀਂ ਆਉਂਦੇ। ਪਿਛਲੇ ਹਫਤੇ ਇਕ ਖ਼ਬਰ ਦਿਖੀ ਕਿ ਬੰਬਈ ਦੇ ਸਕੂਲ ਕਾਲਜਾਂ ਦੇ ਮੁੰਡਿਆਂ ਦੇ ਅਜਿਹੇ ਵਹਾਤਸੱਪ ਗਰੁੱਪ ਹਨ ਜਿਥੋਂ ਓਹਨਾ ਦੀਆਂ ਨਸ਼ਿਆਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਓਹਨਾ ਨੂੰ ਮੌਤ ਦੇ ਵਪਾਰੀ ਦੀ ਲੋਕੇਸ਼ਨ ਵਹਾਤਸੱਪ ਤੇ ਭੇਜ ਦਿੱਤੀ ਜਾਂਦੀ ਹੈ ਜਿੱਥੇ ਪਹੁੰਚ ਕੇ ਉਹ ਇਹ ਨਸ਼ੇ ਰੂਪੀ ਜ਼ਹਿਰ ਨੂੰ  ਖਰੀਦ ਲੈਂਦੇ ਹਨ.

ਕਿੰਨੀਆਂ ਗੱਲਾਂ ਕਰੀਏ ਵਹਾਤਸੱਪ ਦੀਆਂ - ਹੈ ਤਾਂ ਇਹ ਬਹੁਤ ਹੀ ਤਗੜੀ ਚੀਜ਼ - ਓਹੀ ਗੱਲ ਹੈ ਕਿ ਚਾਕੂ ਨਾਲ ਭਾਵੇਂ ਸਬਜ਼ੀ ਚੀਰ ਲਵੋ ਤੇ ਭਾਵੇਂ ਕਿਸੇ ਨੂੰ ਫੱਟੜ ਕਰ ਕੇ ਕੋਈ ਛਿੱਤਰ ਖਾ ਲਵੇ. ਜੇਕਰ ਤਕਨੀਕ ਦਾ ਸੋਚ ਸਮਝ ਕੇ ਇਸਤੇਮਾਲ ਕੀਤਾ ਜਾਵੇ ਤਾਂ ਇਹ ਬਹੁਤ ਵਧੀਆ ਹੈ - ਤੇ ਜੇਕਰ ਬਸ ਆਪਣੀ ਸਿਆਣਪ ਤੇ ਦੂਜੇ ਨੂੰ ਨੀਵਾਂ ਦਿਖਾਉਣ ਲਈ ਹੀ, ਆਪਣੀ ਸਿਫਤਾਂ ਕਰਨ ਤੇ ਕਰਵਾਉਣ ਲਈ ਹੀ ਜੇਕਰ ਹਰ ਵੇਲੇ ਵਹਾਤਸੱਪ ਦੇ ਚੁਬਾਰੇ ਤੇ ਹਰ ਵੇਲੇ ਟੰਗੇ ਰਿਹਾ ਜਾਵੇ ਤਾਂ ਕੋਈ ਫਾਇਦਾ ਨਹੀਂ - ਲੋਕਾਂ ਨੂੰ ਕਿਸੇ ਦੇ ਸੁਹੱਪਣ, ਕਿਸੇ ਦੀ ਹਵੇਲੀ , ਉਸ ਦੇ ਡਿਜ਼ਾਈਨਰ ਕੱਪੜੇ ਤੇ ਉਸਦੀ ਆਡੀ ਤੇ ਫਿਜ਼ੂਲ ਦੀ ਵਾਧੂ ਸਿਆਣਪ ਨਾਲ ਕੁਝ ਵੀ ਫਰਕ ਨਹੀਂ ਪੈਂਦਾ !!

ਗੁਡ-ਮੋਰਨਿੰਗ, ਨਾਈਟ, ਬਰ੍ਥਡੇ ਸੁਨੇਹੇ 
ਵਹਾਤਸੱਪ ਨੂੰ ਇਕ ਤਾਂ ਇਹ ਸੁਨੇਹਿਆਂ ਨੇ ਦਬੂੜ ਕੀਤਾ ਹੋਇਆ ਹੈ. ਕਿਸੇ ਨੂੰ ਜੇਕਰ ਕੋਈ ਮੁਬਾਰਕਾਂ ਦੇਣੀਆਂ ਵੀ ਹਨ ਤਾਂ ਉਸਨੇ ਵੱਖਰਾ ਸੁਨੇਹਾ ਭੇਜ ਦਿਓ - ਪਰ ਨਹੀਂ, ਹੁੰਦਾ ਇੰਝ ਹੈ ਕਿ ਗਰੁੱਪ ਵਿਚ ਕੋਈ ਇਕ ਸੁਨੇਹਾ ਸ਼ੁਰੂ ਕਰਦਾ ਹੈ ਤੇ ਫੇਰ ਸਾਰਾ ਦਿਨ ਇਕ ਸਿਰ- ਦੁਖਾਊ ਲਾਈਨ ਲੱਗ ਜਾਂਦੀ ਹੈ ਵਧਾਈਆਂ ਦੇਣ ਵਾਲਿਆਂ ਦੀ - ਇਹ ਸਭ ਵੀ ਗਰੁੱਪਾਂ ਵਿਚ ਬਦੋਬਦੀ ਦੀ ਇਕ ਵੱਡੀ ਸਿਰਦਰਦੀ ਹੈ - ਇਸ ਤੋਂ ਬਾਅਦ ਜਾਂ ਵਿਚ ਵਿਚਾਲੇ ਵੀ "ਬਰਥ-ਡੇ ਬਾਵੇ" ਨੂੰ ਇੰਨੀ ਹੀ ਵਾਰੀ ਬੰਦੇ ਬੰਦੇ ਦਾ ਸ਼ੁਕਰੀਆ ਕਰਨਾ ਪੈਂਦਾ ਹੈ.

ਕਈ ਗਰੁੱਪਾਂ ਚ' ਬੜੀ ਸਖਤੀ ਹੈ 
ਮੈਂ ਇਕ ਦੋ ਅਜਿਹੇ ਗਰੁੱਪਾਂ ਦਾ ਮੇਮ੍ਬਰ ਹਾਂ ਜਿਥੇ ਗੁਡ-ਮੋਰਨਿੰਗ, ਨਾਈਟ, ਬਰ੍ਥਡੇ ਸੁਨੇਹੇ ਨਹੀਂ ਭੇਜੇ ਜਾ ਸਕਦੇ - ਤੇ ਨਾ ਹੀ ਕੋਈ ਧਾਰਮਿਕ ਜਾਂ ਰਾਜਨੀਤਿਕ ਪੋਸਟ ਹੀ ਸਾਂਝੀ ਕਰ ਸਕਦਾ ਹੈ. ਠੀਕ ਹੈ - ਮੈਨੂੰ ਇਹ ਆਇਡਿਆ ਬੜਾ ਚੰਗਾ ਲੱਗਦਾ ਹੈ ਕਿਓਂਕਿ ਰਾਜਨੀਤੀ ਤੇ ਧਰਮ ਅਜਿਹੇ ਟੌਪਿਕ ਹਨ ਜਿਥੇ ਪਹੁੰਚ ਕੇ ਵੱਡੇ ਵੱਡੇ ਸਿਆਣੇ-ਬਿਆਣੇ ਲੋਕ ਵੀ ਲਫ਼ਜ਼ਾਂ ਦੇ ਅਖਾੜੇ ਵਿਚ ਗੁਥੱਮ-ਗੁਥਾ ਹੁੰਦੇ ਦਿਸ ਜਾਂਦੇ ਹਨ - ਇਸ ਕਰਕੇ ਆਪਣੇ ਮਨ ਦੀ ਸ਼ਾਂਤੀ ਲਈ ਵੀ ਅਜਿਹੇ ਚੱਕਰਾਂ ਤੋਂ ਇਕ ਪਾਸੇ ਹੀ ਰਹਿਣਾ ਹੀ ਠੀਕ ਲੱਗਦਾ ਹੈ - ਵੈਸੇ ਵੀ ਕਿਸੇ ਦਾ ਵੀ ਧਰਮ ਉਸਦਾ ਬੜਾ ਜਾਤੀ (ਪਰਸਨਲ) ਮਾਮਲਾ ਹੈ - ਸਾਰੇ ਧਰਮ ਹੀ ਵਧੀਆ ਹਨ, ਕੋਈ ਕਿਸੇ ਕੋਲੋਂ ਘੱਟ ਨਹੀਂ - ਸਭ ਦਾ ਸੁਨੇਹਾ ਤਾਂ ਇੱਕੋ ਹੀ ਹੈ - ਵੰਡੀਆਂ ਸਾਰੀਆਂ ਸਾਡੀਆਂ ਤੇ ਸਾਡੇ ਆਗੂਆਂ ਦੀਆਂ ਹੀ ਪਾਈਆਂ ਧਰੀਆਂ ਹੋਈਆਂ ਹਨ.

ਇਹ ਗਰੁੱਪ  ਜਿਥੇ ਮੇਮ੍ਬਰਸ ਦੇ ਮੂੰਹ ਤੇ ਪੱਟੀ ਲੱਗੀ ਹੈ 
ਜਿਥੇ ਮੈਂ ਪਹਿਲਾਂ ਰਹਿੰਦਾ ਸੀ,  ਓਥੇ ਦੇ ਸਕੱਤਰ ਨੇ ਇਕ ਗਰੁੱਪ ਬਣਾਇਆ ਹੋਇਆ ਸੀ  - ਸਾਰੇ ਕਿਰਾਏਦਾਰ ਉਸ ਵਿਚ ਟੁੰਗੇ ਹੋਏ ਸੀ, ਬੜਾ ਹੀ ਵੇਹਲਾ ਜਾਪਦਾ ਸੀ ਉਹ ਬੰਦਾ, ਚਿੱਠੀਆਂ ਤੇ ਚਿੱਠੀਆਂ ਟਾਈਪ ਕਰ ਕਰ ਕੇ ਪਾਉਂਦਾ ਰਹਿੰਦਾ ਸੀ, ਇਸ ਸੜਕ ਤੋਂ ਸੱਪ ਨਿਕਲਿਆ ਅੱਜ, ਤੇ ਓਥੇ ਕਿਸੇ ਨੇ ਆਪਣਾ ਪੁਰਾਣਾ ਸਕੂਟਰ ਪਾਰਕ ਕੀਤਾ ਹੈ --- ਕਦੇ ਕਦੇ ਇਸ ਦੀ ਕਿਸੇ ਪੋਸਟ ਦਾ ਜਵਾਬ ਦੇਣ ਦਾ ਦਿਲ ਵੀ ਕਰਦਾ -- ਇਕ ਦਿਨ ਜਦੋਂ ਜਵਾਬ ਦੇਣਾ ਚਾਹਿਆ ਤਾਂ ਪਤਾ ਲੱਗਾ ਕਿ ਉਸ ਗਰੁੱਪ ਵਿਚ ਸਿਰਫ ਓਹੀ ਸੁਨੇਹੇ ਭੇਜ ਸਕਦਾ ਹੈ - ਹੋਰ ਕੋਈ ਨਹੀਂ! ਬੜਾ ਅਜੀਬ ਲੱਗਾ - ਇੰਝ ਲੱਗਾ ਜਿਵੇਂ ਸਾਰਿਆਂ ਮੇਮ੍ਬਰਾਂ ਦੇ ਮੂੰਹ ਤੇ ਪੱਟੀ ਬਣ ਦਿੱਤੀ ਹੋਵੇ ਉਸ ਸਕੱਤਰ ਨੇ. ਅਜਿਹੀਆਂ ਹਰਕਤਾਂ ਵੀ ਤਾਂ ਨਹੀਂ ਚਲਦੀਆਂ - ਓਹ ਕਾਹਦਾ ਸੰਵਾਦ ਜਿਥੇ ਇਕ ਹੀ ਬੋਲੇ ਤੇ ਬਾਕੀ ਸਾਰੇ ਗੁੰਨ-ਵੱਟਾ ਹੋ ਕੇ ਪਏ ਰਹਿਣ !!

ਮੇਰੇ ਖਿਆਲ ਚ' ਅੱਜ ਲਈ ਤੇ ਐਨਾ ਹੀ ਕਾਫੀ ਹੈ - ਬਾਕੀ ਦੀ ਗੱਪ-ਸ਼ੱਪ ਫੇਰ ਕਦੇ!!
ਡਾ ਪ੍ਰਵੀਨ ਚੋਪੜਾ

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...