Wednesday 4 September 2019

ਗੱਲਾਂ ਫੋਨਾਂ ਦੀਆਂ - ਨਵੀਆਂ ਪੁਰਾਣੀਆਂ!

ਦੋ ਦਿਨ ਪਹਿਲਾਂ ਮੈਂ ਆਪਣਾ ਇਕ ਲਿਖਿਆ ਲੇਖ ਦੇਖ ਰਿਹਾ ਸੀ - ਗੁਸਲਖਾਨੇ ਜਦੋਂ ਬਾਥਰੂਮ ਬਣ ਗਏ! ਮੈਨੂੰ ਪੜ੍ਹ ਕੇ ਬੜਾ ਮਜ਼ਾ ਆਇਆ - ਇੰਝ ਲੱਗਾ ਜਿਵੇਂ ਗੁਸਲਖਾਨੇ ਦੇ ਜ਼ਮਾਨੇ ਦੀਆਂ ਸਾਰੀਆਂ ਗੱਲਾਂ ਮੈਂ ਕਿਤੇ ਸਾਂਭ ਕੇ ਰੱਖ ਲਈਆਂ ਹੋਣ. ਇਸ ਲਈ ਮੈਂ ਹਰ ਇਕ ਨੂੰ ਪ੍ਰੇਰਦਾ ਹਾਂ ਕਿ ਕੁਝ ਨਾ ਕੁਝ ਲਿਖਿਆ ਕਰੋ - ਕਿਸੇ ਹੋਰ ਵਾਸਤੇ ਨਹੀਂ, ਭਾਵੇਂ ਆਪਣੇ ਵਾਸਤੇ ਹੀ ਸਹੀ -- ਪਰ ਲਿਖੋ ਜ਼ਰੂਰ - ਇਕ ਵਾਰ ਲਿਖਣਾ ਸ਼ੁਰੂ ਕਰੋ ਤਾਂ ਤੁਹਾਨੂੰ ਲਿਖਣਾ ਚੰਗਾ ਲੱਗਣ ਲੱਗੇਗਾ -

ਜਦੋਂ ਮੈਂ ਆਪਣੇ ਆਸੇ ਪਾਸੇ ਮੋਬਾਈਲ ਫੋਨਾਂ ਤੇ ਤਰ੍ਹਾਂ ਤਰ੍ਹਾਂ ਦੇ ਤਾਲੇ-ਜੰਦਰੇ ਲੱਗੇ ਦੇਖਦਾ ਹਾਂ ਤਾਂ ਮੈਂ ਅਕਸਰ 40-50 ਸਾਲ ਪਹਿਲੇ ਦਿਨਾਂ ਵੱਲ ਤੁਰ ਜਾਂਦਾ ਹਾਂ -

ਐੱਡੀ ਸੀਕਰੇਸੀ ਵੀ ਕਿਸ ਕੰਮ ਦੀ - ਗੱਲਾਂ ਇੰਨੀਆਂ ਗੁਪਤ ਰੱਖਣ ਦੇ ਕੀ ਨਤੀਜੇ ਨਿਕਲ ਰਹੇ ਨੇ - ਇਹ ਸਾਡੇ ਕੋਲੋਂ ਲੁਕਿਆ ਛਿਪਿਆ ਨਹੀਂ !

ਮੇਰੇ ਮਨ ਚ' ਕਈ ਵਾਰ ਖਿਆਲ ਆਉਂਦਾ ਤਾਂ ਹੈ ਕਿ ਪਹਿਲਾਂ ਇੰਨਾ ਖੁੱਲ੍ਹਾਪਨ ਸੀ - ਸ਼ਾਇਦ ਉਹ ਵੀ ਅੱਤ ਹੀ ਸੀ, ਜਾਂ ਇੰਝ ਕਹਿ ਸਕਦੇ ਹਾਂ ਕਿ ਉਹ ਮਜ਼ਬੂਰੀ ਸੀ -

ਖੁੱਲੇਪਨ ਦੀ ਤੇ ਐਂਨੀ ਹੱਦ ਕਿ ਆਂਢ ਗੁਆਂਢ ਦੇ ਲੋਕ ਆਪਣੀ ਚਿੱਠੀਆਂ ਇਕ ਦੂਜੇ ਕੋਲੋਂ ਲਿਖਵਾ ਪੜ੍ਹਵਾ ਲੈਂਦੇ ਸੀ - ਸਰਕਾਰੀ ਦਫਤਰਾਂ ਵਿਚ ਹੀ ਫੋਨ ਸਨ ਜ਼ਿਆਦਾਤਰ ਪਰ ਫੇਰ ਵੀ ਲੋਕ ਕਿਵੇਂ ਇਕ ਦੂਜੇ ਤੱਕ ਜ਼ਰੂਰੀ ਸੁਨੇਹੇ ਪਹੁੰਚਾ  ਦਿੰਦੇ ਸਨ - ਇਕ ਸਾਂਝ ਸੀ - ਹੁਣ ਤਾਂ ਮੈਨੂੰ ਕੁਝ ਨਹੀਂ ਲੱਗਦਾ, ਜਿਹੋ ਜਹੇ ਬੰਦੇ ਫੋਕੇ ਓਹੋ ਜਿਹੇ ਸਾਡੇ ਜਜ਼ਬਾਤ ਵੀ ਬਿਲਕੁਲ ਫੋਕੇ - ਐਵੇਂ ਗੱਲਾਂ ਹੀ ਗੱਲਾਂ ਹਨ - ਉਹਨਾਂ ਵਿਚ ਵੀ ਮਜ਼ਾ ਨਹੀਂ !

ਪਹਿਲਾਂ ਦੇ  ਲੋਕਾਂ ਵਿਚ ਸੰਵੇਦਨਾ ਸੀ, ਇਕ ਗੱਲ ਮੈਨੂੰ ਹਮੇਸ਼ਾ ਚੇਤੇ ਰਹਿ ਗਈ - 26 ਜਨਵਰੀ 1975 ਦੀ ਗੱਲ ਹੈ - ਸ਼ਾਮਾਂ ਵੇਲੇ ਤਾਰ ਆਈ ਕਿ ਮੇਰਾ ਛੋਟਾ ਮਾਮਾ -25-26 ਸਾਲਾਂ ਦਾ ਪੂਰਾ ਹੋ ਗਿਆ ਹੈ - ਚੰਗਾ ਭਲਾ ਸੀ, 2-4 ਦਿਨ ਪਹਿਲਾਂ ਹੀ ਉਸਦੀ ਚਿੱਠੀ ਆਈ ਸੀ - ਮੈਂ 8 ਵੀਂ ਜਮਾਤ ਵਿਚ ਸਾਂ - ਉਸ ਨੂੰ ਜ਼ੁਕਾਮ ਹੋਇਆ - ਛਾਤੀ ਰੁਕ ਗਈ - ਡਾਕਟਰ ਨੇ ਘਰ ਆ ਕੇ ਪੈਨਸਲੀਨ ਦਾ ਟੀਕਾ ਦਿੱਤਾ, ਉਹ ਰਿਐਕਸ਼ਨ ਕਰ ਗਿਆ ਤੇ ਉਹ ਓਥੇ ਹੀ ਖ਼ਤਮ ਹੋ ਗਿਆ।  ਮੇਰੀ ਨਾਨੀ ਦੇ ਗਵਾਂਢ ਵਿਚ ਅੰਬਾਲਾ ਵਿਖੇ ਇਕ ਬੀਬੀ ਰਹਿੰਦੀ ਸੀ - ਸਮਿੱਤਰ ਕੌਰ - ਉਹ ਟੈਲੀਫੋਨ ਮਹਿਕਮੇ ਚ' ਕੰਮ ਕਰਦੀ ਸੀ, ਉਸ ਨੇ ਆਪਣੇ ਰਸੂਖ ਦਾ ਇਸਤੇਮਾਲ ਕੀਤਾ, ਅੰਮ੍ਰਿਤਸਰ ਦੀ ਐਕ੍ਸਚੈਂਜ ਚ' ਫੋਨ ਕੀਤਾ ਤੇ ਸਾਡੇ ਘਰ ਦੇ ਨਾਲ ਲਗਦੇ  ਇਕ ਸਰਕਾਰੀ ਹੌਸਪੀਟਲ ਦਾ ਫੋਨ ਲੱਭ ਕੇ ਓਥੇ ਖ਼ਬਰ ਦਿੱਤੀ - ਓਥੋਂ ਦਾ ਇਕ ਮੁਲਾਜ਼ਿਮ ਸਾਡੇ ਘਰ ਦੱਸਣ ਆਇਆ !

ਇਹੋ ਹੀ ਨਹੀਂ - ਲੈਂਡਲਾਈਨ ਦੇ ਪੀ ਪੀ ਨੰਬਰਾਂ ਦੀਆਂ ਆਪਣੀਆਂ ਗੱਲਾਂ ਸਨ. 35-40 ਸਾਲ ਪਹਿਲਾਂ ਤਾਂ ਕਿਸੇ ਗਲੀ ਮੋਹਲ੍ਲੇ ਵਿਚ ਟਾਵੇਂ ਟਾਵੇਂ ਘਰ ਹੀ ਲੈਂਡਲਾਈਨ ਫੋਨ ਲੱਗਾ ਹੁੰਦਾ ਸੀ - ਲੋਕ ਆਪਣੇ ਰਿਸ਼ਤੇਦਾਰਾਂ ਨੂੰ ਉਹ ਫੋਨ ਨੰਬਰ ਦੇ ਦਿੰਦੇ ਸਨ - ਨਾਲੇ ਹਿਦਾਇਤ ਵੀ ਦਿੰਦੇ ਸਨ ਕਿ ਕੁਵੇਲੇ ਫੋਨ ਨਹੀਂ ਕਰਨਾ - ਮੈਨੂੰ ਯਾਦ ਹੈ ਕਿ ਸਾਡੇ ਮਾਂ-ਬਾਪ ਬੜੇ ਅਲੱਗ ਕਿਸਮ ਦੇ ਸਨ, ਕਿਸੇ ਨੂੰ ਇਸ ਤਰ੍ਹਾਂ ਦੀ ਤਕਲੀਫ ਦੇਣ ਦੇ ਹੱਕ ਵਿਚ ਨਹੀਂ ਸਨ, ਸ਼ਾਇਦ ਓਹੀਓ ਆਦਤਾਂ ਸਾਨੂੰ ਵੀ ਓਹਨਾਂ ਕੋਲੋਂ ਪੈ ਗਈਆਂ। ਲੋਕ ਤਾਂ ਉਹ ਪੀ ਪੀ ਨੰਬਰ ਆਪਣੇ ਵਿਸੀਟਿੰਗ ਕਾਰਡ ਉੱਤੇ ਵੀ ਛਪਵਾ ਲੈਂਦੇ ਸਨ !

ਫੋਨ ਤੇ ਸਾਡੇ ਵੀ ਲੱਗ ਗਿਆ ਸੀ - 35 ਕੁ' ਸਾਲ ਪਹਿਲਾਂ - ਪਰ ਮਾਈਂ ਉਹ ਖ਼ਰਾਬ ਹੀ ਰਹਿੰਦਾ ਸੀ - ਕਦੇ ਕਿਸੇ ਡੋਰ ਨਾਲ ਉਸ ਦੀ ਤਾਰ ਕੱਟੀ ਜਾਂਦੀ ਤੇ ਕਦੇ ਹਨੇਰੀ-ਝੱਖੜ ਨਾਲ ਗੜਬੜ ਹੋ ਜਾਂਦੀ - ਜਿਥੋਂ ਤੀਕ ਮੈਨੂੰ ਚੇਤੇ ਹੈ ਕਿ ਕਦੇ ਕਿਸੇ ਨੂੰ ਮੈਂ ਉਸ ਫੋਨ ਤੇ ਸੁਆਦ ਨਾਲ ਗੱਲ ਕਰਦੇ ਵੇਖਿਆ ਨਹੀਂ - ਹੋਰ ਇਕ ਗੱਲ - ਜਦੋਂ ਵੀ ਫੋਨ ਆਉਂਦੇ ਗ਼ਲਤ ਨੰਬਰ ਹੀ ਆਉਂਦੇ - ਪਹਿਲਾਂ ਬੈਠਕਾਂ ਵਿਚ ਹੀ ਰੱਖੇ ਹੁੰਦੇ ਸੀ ਇਹ ਫੋਨ - ਮੈਨੂੰ ਯਾਦ ਹੈ ਕਿ ਜਦੋਂ ਫੋਨ ਦੀ ਬੈੱਲ ਵੱਜਣੀ ਤੇ ਕਿਸੇ ਨਾ ਕਿਸੇ ਨੇ ਉਹ ਫੋਨ ਸੁਣਨ ਜਾਣਾ ਤੇ ਓਥੇ ਜਾ ਕੇ ਪਤਾ ਲੱਗਣਾ ਕਿ ਇਹ ਤਾਂ ਰਾਂਗ ਨੰਬਰ ਹੈ - ਇੰਝ ਕਰਦੇ ਕਰਦੇ ਘਰ ਦਾ ਮਾਹੌਲ ਇੰਝ ਦਾ ਹੋ ਗਿਆ ਕਿ ਜਦੋਂ ਦੇਰ-ਸੇਵਰ ਘੰਟੀ ਵੱਜਣੀ ਤੇ ਬੀਜੀ ਨੇ ਕਹਿਣਾ ਕਿ ਮੈਂ ਫੋਨ ਸੁਣ ਕੇ ਆਉਂਦੀ ਹਾਂ ਤਾਂ ਭਾਪਾ ਜੀ ਨੇ ਉਸ ਟੈਲੀਫੋਨ ਨੂੰ ਗਾਲ ਕੱਢਣੀ ਤੇ ਬੀਜੀ ਨੂੰ ਕਹਿਣਾ - ਦਫ਼ਾ ਕਰ ਪਰਾਂ, ਵੱਜਣ ਦੇ ਸੁ, ਬੈਠੀ ਰਹਿ - ਰਾਂਗ ਨੰਬਰ ਹੀ ਹੋਣੈ ! ਬੱਸ ਜੀ ਵੇਖਦੇ ਵੇਖਦੇ ਸਾਡੇ ਘਰ ਚ' ਇਹੋ ਟਰੇਂਡ ਹੋ ਗਿਆ ਕਿ ਫੋਨ ਤੇ ਮਾਈਂ ਰਾਂਗ ਨੰਬਰ ਹੀ ਆਉਂਦੇ ਨੇ, ਜੇ ਸਹੀ ਆ ਵੀ ਜਾਉਂਦੇ ਤਾਂ ਆਵਾਜ਼ ਨਹੀਂ ਆਉਂਦੀ - ਬੱਸ ਸਾਡੇ ਵਾਸਤੇ ਉਹ ਇਕ ਡੱਬਾ ਹੀ ਸੀ. ਬੀਜੀ ਹੁਰਾਂ ਭਾਪਾ ਜੀ ਦੀ ਇਹ ਗੱਲ ਰਿਸ਼ਤੇਦਾਰਾਂ ਨੂੰ ਸੁਣਾਉਣੀ ਤੇ ਸਾਰਿਆਂ ਦਾ ਹੱਸ ਹੱਸ ਕੇ ਬੁਰਾ ਹਾਲ ਹੋ ਜਾਣਾ!!

ਗੁਆਂਢ ਦੇ ਕਿਸ਼ਨ ਦੇ ਘਰ ਹੀ ਸਾਡਾ ਕਦੇ ਕਦਾਈਂ  ਫੋਨ ਆ ਜਾਂਦਾ - ਪਰ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ ਸੀ ਕਿਤੇ ਇਸ ਤਰ੍ਹਾਂ ਜਾ ਕੇ ਫੋਨ ਸੁਣਨਾ - ਜਿਵੇਂ ਮੈਂ ਪਹਿਲਾਂ ਵੀ ਦਸਿਆ ਕਿ ਸਾਡੇ ਮਾਂ-ਬਾਪ ਬੜੇ ਬੀਬੇ ਸਨ, ਮੇਰੇ ਭਾਪਾ ਜੀ ਤੇ ਕਦੇ ਵੀ ਨਹੀਂ ਗਏ ਅਜਿਹੇ ਫੋਨ ਸੁਣਨ- ਉਹ ਬੜੇ ਅਣਖੀ ਸਨ, ਅਸੀਂ ਵੀ ਉਂਝ ਦੇ ਹੀ ਹਾਂ - ਐਵੇਂ ਛੋਟੇ ਛੋਟੇ ਕੰਮਾਂ ਵਾਸਤੇ ਲਿਲਕਾਂ ਲੈਣੀਆਂ ਓਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀ - ਕਦੇ ਕਦੇ ਮੈਨੂੰ ਜਾਂ ਬੀਜੀ ਨੂੰ ਉਹ ਫੋਨ ਸੁਣਨ ਜਾਉਣਾ ਪੈਂਦਾ - ਪਰ ਸਾਨੂੰ ਵੀ ਬੜਾ ਹੀ ਮਾੜਾ ਲੱਗਦਾ - ਕਿਹੜੀ ਗੱਲ ਹੈ ਜਿਹੜੀ ਚਿੱਠੀ ਚ' ਨਹੀਂ ਲਿਖੀ ਜਾ ਸਕਦੀ - ਐਵੇਂ ਵੇਲੇ- ਕੁਵੇਲੇ ਫੋਨ ਕਰ ਕੇ ਸਾਰਿਆਂ ਨੂੰ ਪਰੇਸ਼ਾਨ ਕਰਨਾ - ਲਿਖਦੇ ਲਿਖਦੇ ਧਿਆਨ ਆ ਰਿਹੈ ਕਿ ਇਸ ਟੌਪਿਕ ਉੱਤੇ ਅਲਗ ਵੀ ਲਿਖਣਾ ਪਉ, ਬੜੀਆਂ ਗੱਲਾਂ ਨੇ ਸਾਂਝੀਆਂ ਕਰਣ ਵਾਲੀਆਂ !!

ਅੱਛਾ, ਕਈ ਵਾਰ ਟੈਲੀਫੋਨ ਐਕਸਚੈਂਜ ਵੀ ਜਾਣਾ ਪੈਂਦਾ ਸੀ ਦੂਰ-ਦੁਰੇਵੇਂ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਣ ਲਈ - ਓਥੇ ਦੇ ਨਜ਼ਾਰੇ ਨਾਲ ਵੀ ਬੜਾ ਮਨ ਪਰਚਾਵਾ ਹੁੰਦਾ ਸੀ - ਉਤੇ 50 ਰੁਪਏ ਜਮਾ ਕਰਵਾਓ ਤੇ ਰਿਸ਼ਤੇਦਾਰ ਦਾ ਨੰਬਰ ਦਿਓ - ਫੇਰ ਉਸ ਜਗ੍ਹਾ ਦਾ std code ਲੱਭਿਆ ਜਾਂਦਾ - ਵਾਰੀ ਲੱਗੀ ਹੁੰਦੀ - ਜਿਸ ਦੇ ਨਾਂਅ ਦੀ ਘੰਟੀ ਵੱਜਦੀ ਉਹ ਸ਼ੀਸ਼ੇ ਵਾਲੇ ਛੋਟੇ ਜਿਹੇ ਕੈਬਿਨ ਵਿਚ ਵੜ ਜਾਂਦਾ ਤੇ ਸਾਰੀ ਗੱਲ ਬਾਤ ਬਾਹਰ ਤੱਕ ਸੁਣਾਈ ਦਿੰਦੀ - ਫੇਰ ਕਿਸੇ ਦਾ ਫੋਨ ਲੱਗਿਆ ਕੱਟ ਜਾਂਦਾ ਤੇ ਕਿਸੇ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ - ਫੇਰ ਉਸ ਬਾਊ ਕੋਲੋਂ ਬਕਾਇਆ ਲੈਣ ਵੇਲੇ ਹਿਸਾਬ ਕਿਤਾਬ - ਕਿੰਨੀ ਵਾਰੀ ਕੱਟਿਆ, ਕਿੰਨਾ  ਚਿਰ ਗੱਲ ਹੋਈ - ਉਸ ਬਾਊ ਕੋਲ ਇਕ ਘੜੀ ਜਿਹੀ ਵੀ ਪਈ ਹੁੰਦੀ ਸੀ -ਇਹ ਸਾਰੀਆਂ ਯਾਦਾਂ ਅੰਮ੍ਰਿਤਸਰ ਦੇ ਵੱਡੇ ਡਾਕਖਾਨੇ ਦੀਆਂ ਹਨ , ਕਈ ਵਾਰੀ ਅਸੀਂ ਆਪਣਾ ਨਾਂਅ ਲਿਖਵਾ ਕੇ ਬਾਹਰ ਅੰਮ੍ਰਿਤਸਰੀ ਨਾਨ ਖਾਣ ਚਲੇ ਜਾਣਾ ਜਾਂ ਸਾਮਣੇ ਜਿਹੜੀ ਟਾਕੀ ਸੀ (ਰਿਆਲਟੋ ?? ਸ਼ਾਇਦ, ਚੇਤਾ ਨਹੀਂ) - ਓਥੇ ਜਾ ਕੇ ਫਿਲਮ ਦੇ ਪੋਸਟਰ ਹੀ ਦੇਖਣ ਲੱਗ ਜਾਣਾ।

ਓਥੇ ਵੱਡੇ ਡਾਕਖਾਨੇ ਵਿਚ ਖੜੇ ਖੜੇ ਬੜਾ ਅਜੀਬ ਜਿਹਾ ਫੀਲ ਹੁੰਦਾ - ਲੋਕਾਂ ਦੇ ਐਵੇਂ ਹੀ ਸਾਹ ਸੁੱਕੇ ਹੁੰਦੇ ਕਿ ਪਤਾ ਨਹੀਂ ਫੋਨ ਮਿਲੇਗਾ ਵੀ ਕਿ ਨਹੀਂ - ਜੇ ਮਿਲ ਜਾਂਦਾ ਤਾਂ ਮੇਰੇ ਵਰਗੇ ਦਾ ਤੇ ਗੱਲ ਤੋਂ ਜ਼ਿਆਦਾ ਧਿਆਨ ਉਸ ਮੀਟਰ ਤੇ ਹੀ ਟਿਕਿਆ ਰਹਿੰਦਾ ਜਿੰਨੂ ਬਸ ਨੱਸਣ ਦੀ ਹੀ ਪਈ ਰਹਿੰਦੀ - ਗੱਲ ਭਾਵੇਂ ਕੋਈ ਸੁਣੀ ਜਾਵੇ ਜਾਂ ਨਾ ਸੁਣੀ ਜਾਵੇ।

ਇਕ ਹੋਰ ਮਜ਼ੇਦਾਰ ਗੱਲ ਚੇਤੇ ਆ ਗਈ - ਕਈ ਲੋਕਾਂ ਨੇ ਫੋਨ ਆਉਣ ਤੇ ਇੰਨੀ ਉੱਚੀ ਬੋਲਣਾ ਕਿ ਮੇਰੇ ਵਰਗੇ ਨੇ ਨਾਲ ਖੜੇ ਬੰਦੇ ਨਾਲ ਮਸਖਰੀ ਕਰਦੇ ਵੀ ਬਾਜ ਨਾ ਆਉਣਾ ਕਿ ਇਹਨੂੰ ਫੋਨ ਦੀ ਲੋੜ ਹੀ ਕਿ ਹੈ - ਇਹ ਤੇ ਬਾਹਰ ਆ ਕੇ ਥੋੜਾ ਜਿਹਾ ਜ਼ੋਰ ਹੋਰ ਲਾਵੇ ਤਾਂ ਇਸ ਦੀ ਆਵਾਜ਼ ਜਲੰਧਰ ਲੁਧਿਆਣੇ ਤਕ ਤੇ ਆਪੇ ਹੀ ਪਹੁੰਚ ਜਾਵੇ !! ਜੋ ਵੀ ਸੀ, ਓਥੇ ਬੜਾ ਮਨ ਪਰਚਾਵਾ ਹੁੰਦਾ!

ਗੱਲਾਂ ਤੇ ਐੱਡਿਆਂ ਹਨ ਕਿ ਲਿਖਦੇ ਲਿਖਦੇ  ...... ਮੁਕਦੀ ਗੱਲ ਇਹ ਹੈ ਕਿ ਖੱਤਾਂ ਵਿਚ ਅਸੀਂ ਆਪਣੇ ਦਿਲਾਂ ਦੀਆਂ ਗੱਲਾਂ ਲਿਖ ਭੇਜਦੇ ਸਾਂ - ਫੋਨਾਂ ਤੇ ਐਵੇਂ ਦੋ ਚਾਰ ਗੱਲਾਂ ਹੀ ਹੁੰਦੀਆਂ ਸਨ ਕਿ 15-20 ਰੁਪਈਏ ਦਾ ਬਿੱਲ ਵੇਖ ਕੇ ਅਸੀਂ ਫੋਨ ਕੱਟਣ ਲੱਗ ਪਏ - ਅੱਛਾ ਇਕ ਹੋਰ ਗੱਲ, ਕੁਝ ਲੋਕ ਇੰਝ ਵੀ ਬੜੇ ਬਦਨਾਮ ਸਨ ਕਿ ਉਹ ਆਪੇ ਤਾਂ ਫੋਨ ਕਰਦੇ ਨਹੀਂ ਤੇ ਦੂਜਾ ਕਰੇ ਤੇ ਓਹਨਾਂ ਦੀਆਂ ਗੱਲਾਂ ਹੀ ਨਹੀਂ ਸਨ ਮੁਕਦੀਆਂ - ਬੜੇ ਬੜੇ ਤਜੁਰਬੇ ਹੁੰਦੇ ਰਹੇ ਜੀ ਉਸ ਜ਼ਮਾਨੇ ਵਿਚ ਜੀਉਣ ਵਾਲਿਆਂ ਨੂੰ ਵੀ.

ਜਿਥੇ ਤੱਕ ਸਾਡੇ ਪਰਿਵਾਰ ਦਾ ਸੰਬੰਧ ਹੈ, ਸਾਨੂੰ ਕਦੇ ਵੀ ਫੋਨਾਂ ਫਾਨਾਂ ਵਾਲਾ ਕੰਮ ਜ਼ਿਆਦਾ ਮਜ਼ੇਦਾਰ ਲੱਗਾ ਨਹੀਂ - ਸਾਰੇ ਚਿੱਠੀ ਪਤਰੀ ਹੀ ਲਿਖਦੇ ਸਨ, ਦਿਲ ਦੀਆਂ ਗੱਲਾਂ ਲਿਖਦੇ ਸਨ...ਚੰਗਾ ਲੱਗਦਾ ਸੀ- ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਲੋਕਾਂ ਹੁਣ ਜ਼ਿਆਦਾ ਹੀ ਫੋਨਾਂ ਵਿੱਚ ਆਖ਼ਰ ਵੜ ਵੜ ਕੇ ਕੀ ਖੱਟਿਆ ਕੀ !!

ਹੁਣ ਤੇ ਬਸ ਬੰਦਾ ਐਵੇਂ ਹੀ ਭਟਕ ਰਿਹਾ ਹੈ - ਜਿਵੇਂ ਜੀਉਣ ਨਹੀਂ ਕਿਸੇ ਵੱਡੀ ਜੰਗ ਤੇ ਆਇਆ ਹੋਵੇ -


ਦੋ ਦਿਨ ਪਹਿਲਾਂ ਮੈਂ ਆਪਣੇ ਇਕ ਮਰੀਜ ਬਾਰੇ ਦਸਿਆ ਕਿ ਇਕ ਹੱਥ ਨਾਲ ਉਸਨੇ ਸਾਰੇ ਨਛੱਤਰ ਕਾਬੂ ਕੀਤੇ ਹੋਏ ਸੀ ਤੇ ਦੂਜੇ ਨਾਲ ਸਾਰੇ ਗਾਗੇਟ - ਕਲ ਫੇਰ ਆਇਆ, ਮੈਂ ਉਸਨੂੰ ਕਿਹਾ ਤੇਰੀ ਫੋਟੋ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਸਾਂਝੀ ਕੀਤੀ - ਇੰਨੇ ਨੂੰ ਕਹਿੰਦਾ ਕਿ ਸਰ, ਤੁਸੀਂ ਮੇਰਾ ਇਹ ਸੀ ਕੈਮਰਾ ਨਹੀਂ ਵੇਖਿਆ - ਓਹਦੇ ਪੇਨ ਵਿਚ ਕੈਮਰਾ ਲੱਗਾ ਹੋਇਆ ਸੀ - ਬਸ, ਮੇਰੇ ਕੋਲ ਹੋਰ ਬਰਦਾਸ਼ਤ ਨਾ ਹੋਇਆ ਉਹ ਬੰਦਾ - ਮੈਨੂੰ ਲੱਗਾ ਇਹ ਤਾਂ ਸਾਰੀ ਦੁਨੀਆ ਨੂੰ ਕੰਟਰੋਲ ਕਰਣ ਦੇ ਚੱਕਰ ਵਿਚ ਹੈ - ਆਪਣਾ ਤੇ ਅਜਿਹੀਆਂ ਗੱਲਾਂ ਸੋਚ ਕੇ ਕੇ ਸਿਰ ਦੁੱਖ ਜਾਂਦਾ ਹੈ - ਸ਼ਾਇਦ ਅਲੱਗ ਮਿੱਟੀ ਦੇ ਬਣੇ ਹੋਵਾਂਗੇ - ਅੱਜ ਤਕ ਕਦੇ ਕਿਸੇ ਦਾ ਫੋਨ ਕਾਲ ਰਿਕਾਰਡ ਨਹੀਂ ਕੀਤਾ - ਤੇ ਨਾ ਹੀ ਕਦੇ ਇਸ ਤਰ੍ਹਾਂ ਦੇ ਪੁੱਠੇ ਕੰਮਾਂ ਵਿੱਚ ਪੈਣਾ ਹੀ ਹੈ - ਕੋਈ ਫਾਇਦਾ ਨਹੀਂ - ਜ਼ਿੰਦਗੀ ਸਿੱਧੀ ਸਿੱਧੀ ਜਿਉ ਕੇ ਨਬੇੜਾ ਕਰੋ - ਹੋਰ ਕੀ !!

ਲੋ ਜੀ ਸੁਣੋ ਕਲਕਤਿਓਂ ਪੱਖੀ ਲਿਆਉਣ ਲਈ ਕਿਹਾ ਜਾ ਰਹੀ ਇਸ ਗੀਤ ਵਿੱਚ - ਸੁਣੋ ਜੀ - ਸਾਡੇ ਵੇਲੇ ਦਾ ਇਕ ਸੁਪਰਹਿੱਟ ਗੀਤ -

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...