Monday, 16 September 2019

ਜ਼ੁਬਾਨਾਂ ਲਈ ਨਹੀਂ ਹੁੰਦੇ ਕੋਈ ਹੱਦਾਂ-ਬੰਨ੍ਹੇ

ਹੁਣੇ ਇਕ ਵਹਾਤਸੱਪ ਗਰੁੱਪ ਦੀਆਂ ਪੁਰਾਣੀਆਂ ਪੋਸਟਾਂ ਦੇਖ ਰਿਹਾ ਸੀ - ਇਸ ਵਿੱਚ ਇਕ ਬੀਬੀ ਨੇ ਲੋਕਾਂ ਨੂੰ ਸਚੇਤ ਕੀਤਾ ਕਿ ਤੁਸੀਂ ਲੋਕ ਹਿੰਦੀ ਬੋਲਦੇ ਬੋਲਦੇ ਕਿੰਨ੍ਹੇ ਹੀ ਲਫ਼ਜ਼ ਉਰਦੂ ਦੇ ਬੋਲਦੇ ਰਹਿੰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲਗਦਾ, ਇਸ ਦੇ ਨਾਲ ਹੀ ਬੀਬੀ ਨੇ ਇਕ ਲੰਬੀ ਲਿਸਟ ਦਿੱਤੀ ਹੋਈ ਸੀ ਅਜਿਹੇ ਸ਼ਬਦਾਂ ਦੀ ਜਿਹੜੇ ਅਸੀਂ ਉਰਦੂ ਦੇ ਇਸਤੇਮਾਲ ਕਰਦੇ ਰਹਿੰਦੇ ਹਾਂ।

ਉਹ ਪੋਸਟ ਵੇਖ ਕੇ ਬੜਾ ਦੁੱਖ ਹੋਇਆ - ਇਕ ਗੱਲ ਚੇਤੇ ਆ ਗਈ - ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਇੱਕ ਹਿੰਦੀ ਦੀ ਬੜੀ ਸੀਨੀਅਰ ਟੀਚਰ ਮੇਰੀ ਮਰੀਜ਼ ਹੁੰਦੀ ਸੀ. ਅਕਸਰ ਉਸ ਨਾਲ ਹਿੰਦੀ ਬਾਰੇ ਗੱਲ ਬਾਤ ਹੋ ਜਾਂਦੀ ਸੀ. ਇਕ ਵਾਰੀ ਮੈਂ ਹਿੰਦੀ ਵਿਚ ਇਕ ਕਹਾਣੀ ਲਿਖੀ ਤੇ ਉਸ ਨੂੰ ਸੁਣਾਈ। ਸੁਣ ਕੇ ਕਹਿਣ ਲੱਗੀ ਕਿ ਬਹੁਤ ਚੰਗੀ ਹੈ ਕਹਾਣੀ, ਪਰ ਜਿਹੜੇ 4-5 ਉਰਦੂ ਦੇ ਸ਼ਬਦ ਹਨ ਓਹਨਾਂ ਨੂੰ ਹਟਾ ਦਿਓ , ਉਹ ਠੀਕ ਨਹੀਂ ਲਗਦੇ!

ਉਹ ਲਫ਼ਜ਼ ਤੇ ਮੈਂ ਕਿੱਥੇ ਹਟਾਨੇ ਸਨ ਕਹਾਣੀ ਵਿਚੋਂ, ਕਹਾਣੀ ਦੀ ਜ਼ੁਬਾਨ ਹੀ ਤਾਂ ਉਸਦੀ ਖੁਸ਼ਬੂ ਹੁੰਦੀ ਹੈ - ਪਰ ਉਸ ਦਿਨ ਤੋਂ ਬਾਅਦ ਮੈਂ ਕਦੇ ਹਿੰਦੀ ਬਾਰੇ ਉਸ ਬੀਬੀ ਨਾਲ ਕਦੇ ਕੋਈ ਗੱਲ ਬਾਤ ਨਹੀਂ ਕੀਤੀ - ਚਾਵਲ ਦਾ ਇਕ ਦਾਨਾ ਹੀ ਟੋਹਣਾ ਕਾਫੀ ਹੁੰਦੈ !!

ਜਿੰਨੀਆਂ ਵੰਡੀਆਂ ਸਾਡੀ ਜ਼ੁਬਾਨ ਦੀਆਂ ਪਾਈਆਂ ਜਾ ਸਕਦੀਆਂ ਹਨ ਪਾਈਆਂ ਗਈਆਂ - ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ - ਜਿਹੜੀ ਹਿੰਦੀ ਭਾਸ਼ਾ ਹੈ ਉਹ ਹਿੰਦੀ ਤੇ ਉਰਦੂ ਲਫ਼ਜ਼ਾਂ ਦਾ ਮਿਲਿਆ ਜੁਲਿਆ ਰੂਪ ਹੈ - ਇਹ ਕਿਸੇ ਸਰਕਾਰੀ ਫਰਮਾਨ ਨਾਲ ਨਹੀਂ ਬਣਿਆ ਹੁੰਦਾ - ਇਹ ਲੋਕਾਂ ਦੀ ਕਾਢ ਹੁੰਦੀ ਹੈ, ਓਹਨਾਂ ਦਾ ਵਿਰਸਾ ਹੈ ਇਹ - ਕੋਈ ਛੋਟੀ ਗੱਲ ਨਹੀਂ ਹੁੰਦੀ!

ਰਹੀ ਗੱਲ ਫ਼ਿਰੰਗੀਆਂ ਦੀ, ਉਹ divide and rule ਦੇ ਪੈਰੋਕਾਰ ਤੇ ਸਨ ਹੀ, ਜਾਂਦੇ ਜਾਂਦੇ ਹਿੰਦੀ ਉਰਦੂ ਵਿੱਚ ਵੀ ਦੋਫਾੜ ਪਾ ਕੇ ਨੱਸ ਗਏ - ਜਿਹੜੇ ਕੰਢੇ ਅਜੇ ਤੱਕ ਕੱਢੇ ਜਾ ਰਹੇ ਹਨ - ਫਿਜ਼ੂਲ ਦੀਆਂ ਗੱਲਾਂ ਵਿੱਚ ਆਪਣੀ ਅਨਰਜੀ ਤਬਾਹ ਕਰਣ ਵਾਲੀ ਗੱਲ।

ਉਰਦੂ ਹਿੰਦੀ ਕਿਵੇਂ ਅਲੱਗ ਕੀਤਾ ਜਾ ਸਕਦੈ - ਪੰਜਾਬ ਵਿੱਚ ਵੀ ਜਿਹੜੀ ਪੰਜਾਬੀ ਚਲਦੀ ਹੈ ਉਸ ਵਿਚ ਬਹੁਤ ਸਾਰੇ ਲਫ਼ਜ਼ ਉਰਦੂ ਦੇ ਹੀ ਹਨ, ਇਹੋ ਜ਼ੁਬਾਨਾਂ ਦੀ ਖੂਬਸੂਰਤੀ ਹੁੰਦੀ ਹੈ !

ਇਕ ਹੋਰ ਮਾਰ ਹੈ ਸਾਨੂੰ, ਅਸੀਂ ਜ਼ੁਬਾਨਾਂ ਨੂੰ ਧਰਮਾਂ ਨਾਲ ਜੋੜ ਦਿੰਦੇ ਹਾਂ - ਇਹ ਉਰਦੂ ਹੈ ਤੇ ਇਹ ਮੁਸਲਮਾਨਾਂ ਦੀ ਭਾਸ਼ਾ ਹੈ, ਹਿੰਦੀ ਹੈ ਤਾਂ ਹਿੰਦੂਆਂ ਦੀ ਭਾਸ਼ਾ ਹੈ - ਇਸ ਤਰ੍ਹਾਂ ਦੀਆਂ ਸਾਰੀਆਂ ਵੰਡੀਆਂ ਬੇਕਾਰ ਹਨ - ਮੈਨੂੰ ਵੀ ਇਥੇ ਲਖਨਊ ਵਿੱਚ ਰਹਿੰਦਿਆਂ ਤੇ ਉਰਦੂ ਸਿਖਦਿਆਂ ਹੀ ਇਹ ਗੱਲ ਚੰਗੀ ਤਰ੍ਹਾਂ ਸਮਝ ਆਈ ਕਿ ਜ਼ੁਬਾਨਾਂ ਧਰਮਾਂ ਦੀਆਂ ਨਹੀਂ, ਇਲਾਕਿਆਂ ਦੀਆਂ ਹੁੰਦੀਆਂ ਹਨ - ਇਹ ਸਮਝ ਹਰ ਇੱਕ ਨੂੰ ਆਉਣੀ ਜ਼ਰੂਰੀ ਹੈ. ਪੰਜਾਬੀ ਦੀ ਹੀ ਗੱਲ ਕਰ ਲਈਏ - ਪੰਜਾਬ ਚਾਹੇ ਪਾਕਿਸਤਾਨ ਵਾਲਾ ਹੋਵੇ ਜਾਂ ਇਥੋਂ ਵਾਲਾ - ਪੰਜਾਬੀ ਉਹ ਸ਼ਾਹਮੁਖੀ ਵਿਚ ਲਿਖਦੇ ਨੇ ਤੇ ਅਸੀਂ ਗੁਰਮੁਖੀ ਵਿਚ - ਜ਼ੁਬਾਨ ਤਾਂ ਇਕ ਹੀ ਹੈ, ਲਿਖਣ ਦੀ ਲਿਪਿ ਅਡੋ-ਅੱਡ ਹੋ ਸਕਦੀ ਹੈ।

ਅਸੀਂ ਆਪਣੀ ਮਾਂ ਬੋਲੀ ਜ਼ੁਬਾਨ ਵਿੱਚ ਹੀ ਚੰਗੀ ਤਰ੍ਹਾਂ ਆਪਣੀ ਗੱਲ ਬਾਤ ਰੱਖ ਸਕਦੇ ਹਾਂ - ਇਕ ਗੱਲ ਹਮੇਸ਼ਾ ਚੇਤੇ ਆ ਜਾਉਂਦੀ ਹੀ - ਕਿੱਡੀ ਤਾਕਤ ਹੈ ਆਪਣੀ ਮਾਂ ਬੋਲੀ ਜ਼ੁਬਾਨ ਵਿਚ !!

ਵੱਡਾ ਮੁੰਡਾ ਸਤਵੀਂ ਜਾਂ ਅੱਠਵੀਂ ਵਿਚ ਸੀ - ਇਸ ਉਮਰ ਵਿਚ ਹਰ ਬੱਚੇ ਦੇ ਦਿਲੋਂ ਦਿਮਾਗ ਵਿਚ ਖਲਬਲੀ ਤਾਂ ਮਚੀ ਹੀ ਹੁੰਦੀ ਹੈ, ਮੈਂ ਸਮਝਦਾ ਹਾਂ - ਇਕ ਦਿਨ ਐਵੇਂ ਮੈਂ ਉਸ ਦੇ ਸਟੱਡੀ ਟੇਬਲ ਦੇ ਦਰਾਜ ਵਿਚੋਂ ਕੋਈ ਚੀਜ਼ ਕੱਢਣੀ ਹੀ - ਓਥੇ ਇਕ ਕਾਗਜ਼ ਤੇ ਪੰਜਾਬੀ ਵਿੱਚ ਲਿਖੀ ਬੜੀ ਵੱਡੀ ਚਿੱਠੀ ਦਿਖੀ - ਬੜੀ ਸੋਹਣੀ ਲਿਖੀ ਹੋਈ ਸੀ - ਜਿਵੇਂ ਬੜੇ ਆਰਾਮ ਨਾਲ ਲਿਖੀ ਗਈ ਹੋਵੇ !!

ਮੈਂ ਜੀ ਉਸ ਚਿੱਠੀ ਨੂੰ ਪੜਨ ਲੱਗਾ ਤੇ ਪਹਿਲਾਂ ਤਾਂ ਮੈਨੂੰ ਥੋੜੀ ਹੈਰਾਨੀ ਵੀ ਹੋਈ - ਸ਼ਾਇਦ ਮਨ ਵਿਚ ਥੋੜਾ ਬਹੁਤ ਗੁੱਸਾ ਵੀ ਆਇਆ ਹੋਉ - ਜੇ ਆਇਆ ਵੀ ਹੋਉ ਤਾਂ 5-10 ਮਿੰਟ ਲਈ ਹੀ ਆਇਆ ਹੋਉ - ਚਿੱਠੀ ਪੜ੍ਹੀ ਜੀ ਮੈਂ ਪੂਰੀ - ਇਹ ਕੀ, ਇਹ ਤੇ ਜ਼ਮਾਨੇ ਭਰ ਦੀਆਂ ਗਾਲਾਂ ਨਾਲ ਭਰੀ ਹੋਈ ਸੀ - ਪੁੱਤ ਨੇ ਮੈਨੂੰ, ਆਪਣੀ ਮਾਂ ਨੂੰ, ਬੀਜੀ (ਦਾਦੀ) ਨੂੰ ਤੇ ਆਪਣੇ ਛੋਟੇ ਭਰਾ ਉੱਤੇ ਗਾਲਾਂ ਦਾ ਚਿੱਕੜ ਸੁੱਟਿਆ ਹੋਇਆ ਸੀ - ਮੇਰੇ ਖਿਆਲ ਨਾਲ ਕੋਈ ਪੰਜਾਬੀ ਦੀ ਗਾਲ ਐਸੀ ਨਹੀਂ ਹੋਵੇਗੀ ਜਿਹੜੀ ਉਸ ਨੇ ਸਾਡੇ ਵਾਸਤੇ ਨਹੀਂ ਵਰਤੀ ਸੀ। ਮੈਂ ਬੜੀ ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਉਸ ਦਿਨ ਮੈਨੂੰ ਪਤਾ ਲੱਗਾ ਕਿ ਦਿਲ ਨਾਲ ਕੋਈ ਚਿੱਠੀ ਲਿਖਣਾ ਕਿਸ ਸ਼ੈ ਦਾ ਨਾਂਅ ਹੈ !

ਇੱਕ ਗੱਲ ਦਾ ਤਾਂ ਬਾਈ ਮੈਨੂੰ ਉਸ ਦਿਨ ਯਕੀਨ ਹੋ ਗਿਆ ਕਿ ਮੁੰਡੇ ਦੀ ਪੰਜਾਬੀ ਕਿੱਡੀ ਪੱਕੀ ਹੋ ਚੁਕੀ ਹੈ ਤੇ ਇਹ ਪੰਜਾਬੀ ਵਿਚ ਤਾਂ ਕਦੇ ਮਾਰ ਨਹੀਂ ਖਾਂਦਾ - ਪੰਜਾਬੀ ਵਿਚੋਂ ਤੇ ਪਾਸ ਹੀ ਨਹੀਂ ਹੋਉ , ਗੱਫੇ ਹੀ ਲੈ ਕੇ ਆਉ !!

ਉਹ ਚਿੱਠੀ ਮੈਂ ਆਪਣੇ ਕੋਲ ਰੱਖ ਲਈ ਤੇ ਮੈਨੂੰ ਇਹ ਫੀਲ ਹੁੰਦਾ ਰਿਹਾ ਕਿ ਨਿਆਣੇ ਦੇ ਮਨ ਵਿਚ ਇੰਨਾ ਤੂਫ਼ਾਨ ਚਲ ਰਿਹਾ ਸੀ ਤੇ ਮੈਨੂੰ ਪਤਾ ਹੀ ਨਾ ਚਲਿਆ - ਬੜੇ ਚਿਰ ਬਾਅਦ ਮੈਂ ਇਕ ਦਿਨ ਦੱਸਿਆ ਕਿ ਯਾਰ, ਤੇਰੇ ਦਰਾਜ ਚ' ਇਕ ਚਿੱਠੀ ਮਿਲੀ ਸੀ ਪੰਜਾਬੀ ਵਿਚ ਲਿਖੀ ਹੋਈ - ਕੀ ਚਿੱਠੀ ਲਿਖੀ ਓ ਯਾਰ!! ਅਸੀਂ ਦੋਵੇਂ ਬੜਾ ਹੱਸੇ - ਬਹੁਤ ਜ਼ਿਆਦਾ - ਕਹਿੰਦੈ ਪਾਪਾ ਤੂੰ ਹੀ ਸਾਨੂੰ ਆਦਤਾਂ ਪਾਈਆਂ ਕਿ ਰੱਟੇ ਨਹੀਂ ਲਾਉਣੇ, ਸਵਾਲਾਂ ਦੇ ਜਵਾਬ ਵੀ ਆਪਣੇ ਹਿਸਾਬ ਨਾਲ ਹੀ , ਆਪਦੀ ਜ਼ੁਬਾਨ ਵਿਚ ਹੀ  ਲਿਖਿਆ ਕਰੋ - ਬਸ ਉਵੇਂ ਹੀ ਉਹ ਚਿੱਠੀ ਲਿਖ ਕੇ ਵੀ ਮਨ ਦੀ ਭੜਾਸ ਕੱਢ ਲਈ, ਪਾਪਾ।

ਮੈਂ ਕਿਹਾ ਯਾਰ ਤੂੰ ਚੰਗਾ ਬੰਦਾ ਹੈਂ, ਤੂੰ ਬੀਜੀ ਨੂੰ ਵੀ ਨਹੀਂ ਬਖਸ਼ਿਆ - ਚਾਹੇ ਬੀਜੀ ਵਾਸਤੇ ਉਸ ਨੇ ਕਲਮ ਥੋੜੀ ਹਲਕੀ ਹੀ ਰੱਖੀ ਸੀ, ਪਰ ਬਖਸ਼ਿਆ ਤਾਂ ਉਸ ਨੇ ਬੀਜੀ ਨੂੰ ਵੀ ਨਹੀਂ ਸੀ - ਜਦੋਂ ਬੀਜੀ ਨੂੰ ਅਸੀਂ ਉਸ ਚਿੱਠੀ ਬਾਰੇ ਦੱਸਿਆ ਤਾਂ ਉਹ ਵੀ ਹੱਸ ਹੱਸ ਦੇ ਦੋਹਰੇ ਹੋਣ - ਸਾਰਿਆਂ ਨੂੰ ਮੈਂ ਉਸ ਚਿੱਠੀ ਬਾਰੇ ਦੱਸ ਤਾਂ ਦਿੱਤਾ ਪਰ ਮੈਂ ਕਿਸੇ ਨੂੰ ਉਹ ਚਿੱਠੀ ਪੜ੍ਹਾਈ ਨਹੀਂ, ਸੱਚੀਂ ਦੱਸਾਂ ਉਹ ਪੜ੍ਹਾਉਣ ਵਾਲੀ ਵੀ ਤਾਂ ਨਹੀਂ ਸੀ - ਪਰ ਮੇਰੇ ਕੋਲ ਅਜੇ ਤਕ ਉਹ ਸੰਭਾਲੀ ਪਈ ਹੈ- ਜਦੋਂ ਵੀ ਕਿਤੇ ਨਜ਼ਰੀਂ ਪੈ ਜਾਵੇ ਤੇ ਹੱਸ ਹੱਸ ਕੇ ਮੇਰਾ ਬੁਰਾ ਹਾਲ ਹੋ ਜਾਂਦੈ।

ਮੈਂ ਕਈ ਵਾਰ ਕਹਿੰਦਾ ਹਾਂ ਉਸ ਨੂੰ ਕਿ ਯਾਰ, ਮੈਂ ਤਾਂ ਜਦੋਂ ਵੀ ਸ਼ਰੀਰ ਵਿਚ ਸੁਸਤੀ ਜਿਹੀ ਮਹਿਸੂਸ ਕਰਦਾ ਹਾਂ, ਚੁੱਪ ਕਰ ਕੇ ਤੇਰੀ ਉਹ ਇਤਿਹਾਸਕ ਚਿੱਠੀ ਕੱਢ ਕੇ ਜਿਵੇਂ ਹੀ ਪੜਦਾ ਹਾਂ, ਸ਼ਰੀਰ ਹੀ ਐੱਡੀ ਗਰਮੀ ਆਉਂਦੀ ਹੈ, ਐਡਾ ਆਰਾਮ ਮਿਲਦੈ - ਜਿਵੇਂ ਕਿਸੇ ਚਾਹ ਨਾ ਪੀਣ ਵਾਲੇ ਪੇਂਡੂ ਨੂੰ ਬੁਖਾਰ ਹੋਣ ਤੇ ਚਾਹ ਦੇ ਨਾਲ ਐਸਪਰੀਨ ਦੀ ਇਕ ਗੋਲੀ ਖਾਣ ਮਗਰੋਂ ਮਿਲ ਜਾਂਦੈ!

ਇਹ ਗੱਲ ਸਨ ਉਹ ਵੀ ਖਿੜ ਖਿੜ ਹੱਸਣ ਲੱਗ ਪੈਂਦੈ ਤੇ ਕਹਿੰਦੇ ਬੁੱਲੇ ਲੁੱਟੋ - ਨਾਲ ਕਹਿੰਦਾ ਕਿ ਪਾਪਾ, ਤੂੰ ਅੱਜ ਤੋਂ 20 ਸਾਲ ਪਹਿਲਾਂ ਬੰਬਈ ਛੱਡ ਕੇ ਬੜਾ ਚੰਗਾ ਕੀਤਾ, ਨਹੀਂ ਤਾਂ ਅਸੀਂ ਵੀ ਵੱਡੇ ਸ਼ਹਿਰਾਂ ਵਰਗੇ ਪੋਪਲੂ ਬਣੇ ਰਹਿਣਾ ਸੀ, ਤੂੰ ਸਾਨੂੰ ਪੰਜਾਬ ਚ ' ਲੈ ਕੇ ਆਇਆ, ਓਥੇ ਓਹ ਮਜ਼ਾ ਆਇਆ, ਅਸੀਂ ਪੰਜਾਬੀ ਸਕੂਲੋਂ ਘੱਟ ਤੇ ਤੁਹਾਡੀਆਂ ਸੈਂਕੜਿਆਂ ਪੰਜਾਬੀ ਦੀਆਂ ਸੀ. ਡੀਆਂ ਤੋਂ ਕਿਤੇ ਜ਼ਿਆਦਾ ਸਿੱਖੀ - ਤੂੰ ਸਾਨੂੰ ਹਮੇਸ਼ਾ ਸਹਿਜ ਤੇ ਬਿਨਾ ਕਿਸੇ ਬਣਾਉਟੀਪਨ ਤੋਂ ਜਿਉਣਾ ਸਿਖਾਇਆ !!

ਬੱਸ ਬਲੌਗ ਲਿਖਣ ਲੱਗਿਆਂ ਪੰਗਾ ਇਹੋ ਹੁੰਦੈ ਕਿ ਬੰਦਾ ਲਿਖਦਾ ਲਿਖਦਾ ਕਿਥੇ ਦਾ ਕਿਥੇ ਜਾ ਅੱਪੜਦੈ - ਕੋਈ ਗੱਲ ਨਹੀਂ, ਅੱਜ ਮੁੰਡੇ ਵਾਲੀ ਗੱਲ ਚੇਤੇ ਆਈ ਤੇ ਉਹ ਵੀ ਸਾਂਝੀ ਹੋ ਗਈ ਜੀ - ਕੰਪਿਊਟਰ ਇੰਜਨੀਅਰ ਹੈ - ਜੋ ਕਰਦਾ ਹੈ ਬੜੇ ਦਿਲ ਨਾਲ ਕਰਦਾ ਹੈ - ਜੀਂਦਾ ਵਸਦਾ ਰਹੇ, ਇਹੋ ਅਰਦਾਸ ਹੈ! ਜਦੋਂ ਵੀ ਆਪਾਂ ਮਿਲਦੇ ਹਾਂ ਉਸ ਚਿੱਠੀ ਨੂੰ ਯਾਦ ਕਰ ਕੇ ਬੜਾ ਹੱਸਦੇ ਹਾਂ - ਚਲੋ,  ਉਸ ਨਾਲ ਤੁਹਾਡੀ ਵਾਕਫ਼ੀਅਤ ਕਰਵਾਉਣੇ ਹਾਂ - ਇਹ ਵੀਡੀਓ ਵਿੱਚ ਕਾਲੀ ਪੈਂਟ ਕਮੀਜ਼ ਵਿੱਚ ਹੈ ਜੀ ਓਹੀ ਪੰਜਾਬੀ ਚਿੱਠੀ ਲਿਖਣ ਵਾਲਾ ਵਿਸ਼ਾਲ।

ਇਸ ਲਿੰਕ ਤੇ ਕਲਿਕ ਕਰੋ ਜੀ - Dinner with the Dons ( ਇਸ ਉੱਤੇ ਕਲਿਕ ਕਰਣ ਤੇ ਵੀਡੀਓ ਵਿਚ ਵਿਚਾਲੇ ਖੁਲ ਰਹੀ ਹੀ ਹੈ - ਤੁਸੀਂ ਬੈਕ ਜਾ ਕੇ ਪੂਰੀ ਵੇਖ ਸਕਦੇ ਹੋ!)

No comments:

Post a Comment

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...