ਇਹ ਜਿਹੜਾ ਪੰਜਾਬੀ ਗਾਨਾ ਹੈ ਨਾ - ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫ਼ਜ਼ਾ ਨਾ ਮਿਲੇ !! ਇਹ ਗੀਤ ਮੇਰੇ ਦਿਲ ਦੇ ਬੜੇ ਨੇੜੇ ਹੈ, ਪਰ ਮੈਂ ਅੱਜ ਵੀ ਉਹ 50 ਸਾਲ ਪੁਰਾਣੀ ਆਪਣੀ ਬਚਪਨ ਵਾਲੀ ਬਰਫੀ ਲੱਭ ਰਿਹਾ ਹਾਂ - ਜਿਹੜੀ ਮੈਨੂੰ ਬਚਪਨ ਦੇ ਬਾਅਦ ਕਦੇ ਫੇਰ ਮਿਲੀ ਨਹੀਂ!!
ਅੱਛਾ ਜਨਾਬ, ਗੱਲ ਇੰਝ ਸੀ ਕਿ ਮੈਂ ਆਪਣੇ ਭਾਪਾ ਜੀ ਦੇ ਸਾਈਕਲ ਤੇ ਬਹਿ ਕੇ ਹਜ਼ਾਮਤ ਕਰਵਾਉਣ ਜਾਉਂਦਾ ਸੀ - ਵੈਸੇ ਇਕ ਗੱਲ ਦੱਸਾਂ - ਇਹ ਲਫ਼ਜ਼ ਹਜ਼ਾਮਤ ਨਾ ਤੇ ਮੈਂ ਕਦੇ ਆਪ ਹੀ ਇਸਤੇਮਾਲ ਕੀਤਾ ਨਾ ਹੀ ਘਰ ਵਿੱਚ ਹੀ ਕਿਸੇ ਨੂੰ ਇਸ ਨੂੰ ਵਰਤਦਿਆਂ ਸੁਣਿਆ - ਸਾਰੇ ਜਾਮਤ ਜਾਮਤ ਹੀ ਕਰਦੇ ਰਹਿੰਦੇ ਸਨ - ਜਾਮਤ ਕਰਵਾਉਣ ਵਾਲੀ ਹੋ ਗਈ ਹੈ, ਜਾ ਅੱਜ ਜਾ ਕੇ ਜਾਮਤ ਕਰਵਾ ਕੇ ਆ!
ਚਲੋ ਜੀ, ਆ ਗਿਆ ਜੀ ਉਹ ਵੀ ਦਿਨ ਜਦੋਂ ਭਾਪਾ ਜੀ ਦੇ ਸਾਈਕਿਲ ਦੇ ਡੰਡੇ ਉੱਤੇ ਅੱਗੇ ਬਹਿ ਗਏ - ਇਕ ਤੇ ਮੈਨੂੰ ਇਹ ਡੰਡਾ ਬੜਾ ਚੁੱਭਦਾ ਸੀ, ਪਤਾ ਨਹੀਂ ਭਾਪਾ ਜੀ ਨੇ ਉਸ ਉੱਤੇ ਛੋਟੀ ਜਿਹੀ ਕਾਠੀ ਕਿਓਂ ਨਹੀਂ ਸੀ ਫਿੱਟ ਕਰਵਾਈ - ਸ਼ਾਇਦ ਉਸ ਜ਼ਮਾਨੇ ਵਿਚ ਇਹ ਚਲਣ ਹੈ ਹੀ ਨਹੀਂ ਸੀ - ਲੋਕੀਂ ਕੋਈ ਪਰਨਾ ਜਾਂ ਤੋਲਿਆ ਉਸ ਡੰਡੇ ਉੱਤੇ ਲਪੇਟ ਕੇ ਨਿਆਣੇ ਢੋ ਲੈਂਦੇ ਸਨ - ਪਰ ਸਾਡੇ ਘਰ ਵਿੱਚ ਇਸ ਤਰ੍ਹਾਂ ਦਾ ਵੀ ਕੁਝ ਉਪਰਾਲਾ ਨਹੀਂ ਸੀ ਕੀਤਾ ਜਾਂਦਾ - ਇਸ ਕਰਕੇ ਭਾਪਾ ਜੀ ਦੇ ਨਾਲ 10 ਮਿੰਟ ਦੀ ਸਾਇਕਿਲ ਦੀ ਗੇੜੀ ਦੇ ਦੌਰਾਨ ਵੀ ਮੈਂ ਬੜੀ ਕੋਸ਼ਿਸ਼ ਕਰਦਾ ਕਿ ਏਧਰ ਓਧਰ ਖਿਸਕ ਕੇ ਉਸ ਚੋਭ ਨੂੰ ਥੋੜਾ ਘੱਟ ਤਾਂ ਕਰਾਂ - ਪਰ ਮੈਨੂੰ ਉੱਤੇ ਬੈਠੇ ਨੂੰ ਤੜਫਾ ਹੀ ਪਿਆ ਰਹਿੰਦਾ - ਤੇ ਜਦੋਂ ਉਸ ਤੋਂ ਥੱਲੇ ਉਤਰਦਾ ਤੱਦ ਤੀਕ ਬਹੁਤ ਕੁਝ ਸੁੰਨ ਪੈ ਚੁਕਿਆ ਹੁੰਦਾ!!
ਕੋਈ ਗੱਲ ਨਹੀਂ ਜੀ, ਉਹ ਦਿਨ ਬੜੇ ਮਜ਼ੇ ਵਿਚ ਲੰਘੇ - ਅੱਛਾ ਜੀ, ਮੈਂ ਪਹੁੰਚ ਗਿਆ ਨਾਈ ਦੀ ਦੁਕਾਨ ਤੇ - ਭਾਪਾ ਜੀ ਮੈਨੂੰ ਓਥੇ ਬਿਠਾ ਕੇ ਆਪ ਥੋੜੇ ਚਿਰ ਵਾਸਤੇ ਆਸੇ ਪਾਸੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਚਲੇ ਜਾਂਦੇ! ਮੈਂ ਓਥੇ ਦੁਕਾਨ ਵਿਚ ਕਿਸੇ ਬੇਂਚ ਤੇ ਬਹਿ ਜਾਂਦਾ। ਆਸੇ ਪਾਸੇ ਵੇਖਦਾ ਤਾਂ ਅਖਬਾਰ ਵਿਚੋਂ ਜਾਂ ਮਾਇਆਪੂਰੀ ਵਰਗੇ ਕਿਸੇ ਫ਼ਿਲਮੀ ਰਸਾਲੇ ਵਿਚੋਂ ਕੱਟੀਆਂ ਧਰਮਿੰਦਰ, ਵਿਨੋਦ ਖੰਨੇ, ਹੇਮਾ ਮਾਲਿਨੀ ਤੇ ਹੋਰ ਵੀ ਕਈ ਫ਼ਿਲਮੀ ਲੋਕਾਂ ਦੀਆਂ ਫ਼ੋਟਾਂ - ਆਟੇ ਦੇ ਲੇਵੀ ਨਾਲ ਜਾ ਫੇਰ ਉਸ ਨਾਈ ਦੀ ਦੁਕਾਨ ਦੇ ਬਾਹਰ ਬੈਠੇ ਮੋਚੀ ਦੇ ਕਿੱਲਾਂ ਨਾਲ ਉਹ ਤਸਵੀਰਾਂ ਕੱਚੀਆਂ ਪੱਕੀਆਂ ਕਿਰਦੀਆਂ ਦੀਵਾਰਾਂ ਤੇ ਲੱਗੀਆਂ 7-8 ਇੰਤਜ਼ਾਰ ਕਰ ਰਹੇ ਲੋਕਾਂ ਦਾ ਦਿਲ ਪਰਚਾਵਾ ਕਰ ਰਹੀਆਂ ਹੁੰਦੀਆਂ - ਤੇ ਮੈਂ ਉਸ ਨਾਈ ਦੀ ਘਰੜ ਘਰੜ ਚਲਦੀ ਮਸ਼ੀਨ ਵੇਖ ਕੇ ਤੇ ਉਸ ਨੂੰ ਬੜੀ ਚੁਸਤੀ ਨਾਲ ਆਪਣਾ ਉਸਤਰਾ ਇਕ ਪੁਰਾਣੀ ਬੈਲਟ ਤੇ ਰਗੜ ਕੇ ਤਿੱਖਾ ਕਰਦੇ ਵੇਖ ਹੋਰ ਵੀ ਡਰ ਜਾਉਂਦਾ!
ਲੋ ਜੀ ਆ ਗਈ ਜੀ ਮੇਰੀ ਵੀ ਵਾਰੀ, ਨਾਈ ਨੇ ਕਹਿਣਾ ਆ ਜਾ ਕਾਕਾ। ਨਾਲੇ ਹੀ ਉਸ ਨੇ ਦੁਕਾਨ ਦੇ ਕਿਸੇ ਕੋਨੇ ਵਿਚ ਪਏ ਇਕ ਲੱਕੜ ਦੇ ਫੱਟੇ ਨੂੰ ਚੱਕ ਲੈਣਾ ਤੇ ਉਸ ਨੂੰ "ਜਾਮਤ" ਵਾਲੀ ਲੱਕੜ ਦੀ ਥੋੜੀ ਬਹੁਤ ਚੂਕਦੀ ਕੁਰਸੀ ਤੇ ਰੱਖ ਦੇਣਾ - ਮੈਨੂੰ ਚੱਕ ਕੇ ਉਸ ਫੱਟੇ ਤੇ ਬਿਠਾ ਦੇਣਾ - ਪਤਾ ਨਹੀਂ ਮੇਰੇ ਮੂੰਹ ਵਿਚੋਂ ਨਿਕਲਦਾ ਕਿ ਨਹੀਂ ਕਿ ਮਸ਼ੀਨ ਨਾ ਲਾਉਣਾ ਜੀ , ਉਸਤਰਾ ਨਾ ਲਾਉਣਾ ਜੀ - ਪਰ ਉਸ ਜ਼ਮਾਨੇ ਵਿਚ ਬਿਨ ਮਸ਼ੀਨ ਤੇ ਬਿਨ ਉਸਤਰੇ ਤੋਂ ਹਜਾਮਤ ਕਿਵੇਂ ਹੁੰਦੀ - ਮੈਨੂੰ ਸਿਰ ਉੱਤੇ ਮਸ਼ੀਨ ਲਗਵਾਉਣ ਤੋਂ ਡਾਢਾ ਡਰ ਲੱਗਦਾ ਸੀ, ਪਤਾ ਨਹੀਂ ਉਹ ਮਸ਼ੀਨ ਕਿੰਨੀ ਕੁ' ਪੁਰਾਣੀ ਸੀ, ਇੰਝ ਵਾਲ ਕੱਟਦੀ ਜਿਵੇਂ ਕੋਈ ਉਹਨਾਂ ਨੂੰ ਨੋਚ ਨੋਚ ਕੇ ਪੱਟ ਰਿਹਾ ਹੋਵੇ - ਬੜੀ ਤਕਲੀਫ ਹੁੰਦੀ - ਬਾਅਦ ਵਿਚ ਰਹਿੰਦੀ ਖੂੰਦੀ ਕਸਰ ਓਹ ਬਾਬੇ ਆਦਮ ਦੇ ਵੇਲੇ ਵਾਲਾ ਜੰਗਾਲਿਆ ਹੋਇਆ ਉਸਤਰਾ ਪੂਰੀ ਕਰ ਦਿੰਦਾ, ਉਹ ਵੀ ਮੇਰੀ ਧੌਣ ਤੇ 3-4 ਟੱਕ ਲਾ ਕੇ ਹੀ ਸਾਹ ਲੈਂਦਾ। ਤੱਦ ਤਕ ਮੇਰਾ ਬੁਰਾ ਹੋ ਜਾਂਦਾ - ਤੇ ਮੈਂ ਉਸ ਟੱਕਾਂ ਦੀ ਵਜ੍ਹਾ ਕਰ ਹੋ ਰਹੀ ਸੜਕਨ ਕਰਕੇ ਮੇਰਾ ਥੋੜਾ ਰੋਂਦੂ ਜਿਹਾ ਬੂਥਾ ਬਣਿਆ ਹੁੰਦਾ - ਭਾਪਾ ਜੀ ਓਸੇ ਵੇਲੇ ਮੈਨੂੰ ਨਾਲ ਲੱਗਦੀ ਇਕ ਹਲਵਾਈ ਦੀ ਦੁਕਾਨ ਤੇ ਲੈ ਜਾਂਦੇ ਤੇ ਇਕ ਛੋਟੇ ਲਿਫਾਫੇ ਵਿਚ ਬਰਫ਼ੀ ਲੈ ਦਿੰਦੇ - ਬਸ ਜੀ ਓਹ ਬਰਫੀ ਦੀ ਖੁਸ਼ਬੂ ਨਾਲ ਤੇ ਭਾਪਾ ਜੀ ਦੇ ਸਿਰ ਤੇ ਹੱਥ ਫੇਰਣ ਨਾਲ ਸਾਡੇ ਪੂਰੇ ਸ਼ਰੀਰ ਚ' ਪੈ ਜਾਂਦੀ ਠੰਡ - ਤੇ ਘਰ ਆ ਕੇ ਨਲਕੇ ਦੇ ਠੰਡੇ ਪਾਣੀ ਥੱਲੇ ਬਹਿ ਕੇ ਜਦੋਂ ਉੱਠਣਾ ਤੇ ਸਰੋਂ ਦੇ ਤੇਲ ਨਾਲ ਸਿਰ ਚੋਪੜ ਕੇ ਰਹਿੰਦੀ ਖੂੰਦੀ ਕਸਰ ਵੀ ਨਿਕਲ ਜਾਉਣੀ।
ਅੱਛਾ ਗੱਲ ਤੇ ਮੈਂ ਉਸ ਬਰਫੀ ਦੀ ਦੱਸਣੀ ਸੀ - ਮੈਂ ਕਿਸੇ ਦੀ ਵੀ ਸਹੁੰ ਚੁੱਕ (ਵੈਸੇ ਮੈਂ ਇਹਨਾਂ ਪਾਖੰਡਾਂ ਵਿਚ ਬਿਲਕੁਲ ਯਕੀਨ ਨਹੀਂ ਕਰਦਾ !!) ਕੇ ਕਹਿ ਸਕਦਾ ਹਾਂ ਕਿ ਬਚਪਨ ਤੋਂ ਬਾਅਦ ਮੈਂ ਉਸ ਹਲਵਾਈ ਦੀ ਦੁਕਾਨ ਵਰਗੀ ਬਰਫੀ ਅਜੇ ਤਕ ਨਹੀਂ ਖਾਦੀ। ਅੱਛਾ, ਪਹਿਲਾਂ ਉਸ ਹਲਵਾਈ ਦੀ ਗੱਲ ਕਰੀਏ - ਉਹ ਸਨ ਜੀ ਦੋ ਭਰਾ - ਇਕ ਸੌਦਾ ਵੇਚਣ ਤੇ ਲੱਗਾ ਹੁੰਦਾ ਤੇ ਦੂਜਾ ਦੁੱਧ ਦੀ ਬਰਫੀ ਬਣਾਉਣ ਤੇ. ਅਸੀਂ ਵੇਖਦੇ ਸੀ ਕੋਲਿਆਂ ਦੀ ਭੱਠੀ ਉੱਤੇ ਇਕ ਭਰਾ ਸਵੇਰੇ ਤੋਂ ਹੀ ਦੂਧ ਕਾੜ੍ਹਨ ਲੱਗ ਪੈਂਦਾ - ਬਹੁਤ ਵੱਡਾ ਕੜਾਹਾ ਹੁੰਦਾ ਤੇ ਉਸ ਵਿਚ ਉਹ ਕੜਛੇ ਮਾਰ ਕੇ ਕਦੇ ਥੱਕਿਆ ਨਹੀਂ ਦਿੱਸਿਆ - ਉਸ ਨੇ ਚਿੱਟੀ ਧੋਤੀ ਪਾਈ ਹੁੰਦੀ ਤੇ ਉੱਤੇ ਚਿੱਟੇ ਰੰਗ ਦੀ ਫਤੂਹੀ - ਕੰਨ ਵਿਚ ਸੋਨੇ ਦੀਆਂ ਮੁੰਦਰਾਂ - ਜਿੰਨੀ ਮੇਹਨਤ ਉਸ ਹਲਵਾਈ ਨੇ ਬਰਫੀ ਬਣਾਉਂਦਿਆਂ ਕਰਣੀ , ਐਂਨੀ ਮੇਹਨਤ ਮੁੜ ਕਿਸੇ ਨੂੰ ਕਰਦਿਆਂ ਨਾ ਵੇਖਿਆ - ਸ਼ਾਮਾਂ ਨੂੰ ਉਸ ਨੇ 5-7 ਟ੍ਰੇਆਂ ਵਿੱਚ ਉਹ ਬਰਫੀ ਜਮਾ ਦੇਣੀ -
ਉਸ ਬਰਫੀ ਦੀ ਤਾਰੀਫ ਲਈ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹਨ, ਉਸ ਵੀ ਉਹ ਕੋਈ ਖੁਸ਼ਬੋ ਵੀ ਮਿਲਾਉਂਦਾ ਹੋਵੇਗਾ ! ਬਰਫੀ ਇਸ ਤਰ੍ਹਾਂ ਦੀ ਕਿ ਮੂੰਹ ਵੀ ਪਾਉਂਦਿਆਂ ਹੀ ਆਪਣੇ ਆਪ ਖੁਰੀ ਜਾਵੇ !! ਮੈਨੂੰ ਜਿੰਨ੍ਹਾਂ ਕੁ' ਚੇਤੇ ਹੈ ਉਹ ਛੋਟੇ ਜਿਹੇ ਲਿਫਾਫੇ ਵਿੱਚ ਬਾਰਾਂ ਆਨੇ ਦੀ ਬਰਫੀ ਹੁੰਦੀ ਸੀ - 100 ਗ੍ਰਾਮ ਹੁੰਦੀ ਹੋਵੇਗੀ - ਪਰ ਜਿਹੜਾ ਉਸ ਨੂੰ ਖਾਣ ਲੱਗਿਆਂ ਮਜ਼ਾ ਮੈਨੂੰ ਆਉਂਦਾ ਸੀ ਉਹ ਪਿਛਲੇ 50 ਸਾਲਾਂ ਵਿਚ ਕਦੇ ਨਹੀਂ ਆਇਆ -
ਉਹ ਬਚਪਨ ਦੇ ਦਿਨਾਂ ਤੋਂ ਬਾਅਦ ਬਾਜ਼ਾਰ ਨੂੰ ਓਹੀਓ ਲਾਲਚ ਤੇ ਮਿਲਾਵਟ ਵਾਲਾ ਬਹੁਤ ਵੱਡਾ ਰੋਗ ਲੱਗ ਗਿਆ - ਨਾ ਹੀ ਕਦੇ ਪਹਿਲੇ ਸਮਿਆਂ ਵਰਗਾ ਖਾਲਿਸ ਦੁੱਧ ਹੀ ਵਿਖਿਆ ਤੇ ਨਾ ਹੀ ਕਦੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭੱਠੀ ਤੇ ਰੱਖੇ ਦੁੱਧ ਨੂੰ ਕੜਛੇ ਮਾਰਦਾ ਉਹ ਮੁੰਦਰਾਂ ਵਾਲਾ ਹਲਵਾਈ! ਮੇਰੇ ਤਾਂ ਬਚਪਨ ਦੇ ਉਹਨਾਂ ਦਿਨਾਂ ਨੇ ਬਰਫੀ ਵਾਸਤੇ ਜਿਵੇਂ ਗੋਲਡ ਸਟੈਂਡਰਡ ਮਿੱਥ ਦਿੱਤਾ ਹੋਵੇ ਜਿਵੇਂ - ਉਸ ਤੱਕ ਕੋਈ ਮਾਈ ਦਾ ਲਾਲ ਨਹੀਂ ਪਹੁੰਚਿਆ ਤੇ ਯਕੀਨ ਹੈ ਕੋਈ ਵੀ ਪਹੁੰਚ ਵੀ ਨਹੀਂ ਪਾਏਗਾ - ਉਸ ਸਿੱਧੇ ਸਾਦੇ ਇਮਾਨਦਾਰ ਹਲਵਾਈ ਦੇ ਕੋਈ ਦਾਅਵੇ ਨਹੀਂ ਸੀ ਕਿ ਸਾਡਾ ਸਮਾਨ ਸ਼ੁੱਧ ਹੈ - ਉਸਦਾ ਸੌਦਾ, ਉਸਦੀ ਬਰਫੀ ਹੀ ਆਪੇ ਬੋਲਦੀ ਸੀ ਜਿਵੇਂ - ਤੇ ਅੱਜ ਵੱਡੇ ਵੱਡੇ ਇਸ਼ਤਿਹਾਰ ਤੇ ਵੱਡੀਆਂ ਵੱਡੀਆਂ ਹਲਵਾਈਆਂ ਦੀਆਂ ਦੁਕਾਨਾਂ - ਜਿੱਥੋਂ ਹਲਵਾਈ ਗਾਇਬ ਹੋ ਗਏ ਤੇ ਵੱਡੇ ਵਿਓਪਾਰੀ ਬ੍ਰਾਂਡਡ ਕੱਪੜੇ ਪਾਏ ਕਾਊਂਟਰ ਦੇ ਪਿੱਛੇ ਖੜੇ ਦਿੱਸਣ ਲੱਗ ਪਏ!! ਮੈਂ ਸਮਝਦਾ ਹਾਂ ਕਿ ਉਹ ਹਲਵਾਈ ਵਾਲਾ ਹਿੱਸਾ ਹੁਣ ਇਹਨਾਂ ਦੀਆਂ ਵਰਕਸ਼ਾਪਾਂ ਵਿੱਚ ਸ਼ਿਫਟ ਹੋ ਗਿਆ ਹੈ!
ਅੱਛਾ ਇਕ ਹੋਰ ਬੜੀ ਮਿੱਠੀ ਯਾਦ ਬਚਪਨ ਦੀ - ਜਿੱਥੇ ਵੀ ਰਿਸ਼ਤੇਦਾਰੀ ਵਿਚ ਵਿਆਹ ਤੇ ਜਾਉਣਾ - ਕੋਈ ਜਲਦੀ ਨਹੀਂ ਸੀ ਹੁੰਦੀ - ਘੱਟੋ ਘੱਟ ਜੇਕਰ 7 ਦਿਨਾਂ ਵਾਸਤੇ ਨਾ ਜਾਉਣਾ ਤਾਂ ਰਿਸ਼ਤੇਦਾਰਾਂ ਨਾਰਾਜ਼ ਹੋ ਜਾਣਾ - ਇਕ ਗੱਲ ਦੱਸਾਂ - ਮੇਰਾ ਦਿੱਲ ਤੇ ਹਫਤੇ ਬਾਅਦ ਵੀ ਵਾਪਸ ਆਉਣ ਨੂੰ ਨਹੀਂ ਸੀ ਕਰਦਾ - ਇੰਝ ਲੱਗਦਾ ਜਦੋਂ ਤਕ ਇਹਨਾਂ ਦੀਆਂ ਬੂੰਦੀਆਂ- ਬਰਫ਼ੀਆਂ - ਸ਼ੱਕਰਪਾਰੇ ਮੁੱਕ ਨਹੀਂ ਜਾਂਦੇ, ਇੱਥੇ ਰਹਿਣ ਚ' ਕੀ ਮਾੜ ਹੈ ! ਅੱਛਾ, ਉਹਨਾਂ ਦਿਨਾਂ ਵਿੱਚ ਵਿਆਹ ਵਾਲੇ ਘਰ ਵਿਚ ਹਲਵਾਈ ਨੂੰ 2-3 ਦਿਨਾਂ ਵਾਸਤੇ ਬਿਠਾਇਆ ਜਾਉਂਦਾ ਤੇ ਫੇਰ ਓਹੀਓ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਹਲਵਾਈ ਵਾਲਾ ਨਜ਼ਾਰਾ ਬੱਝ ਜਾਂਦਾ - ਓਹੀਓ ਸੇਵਰ ਤੋਂ ਲੈ ਕੇ ਸ਼ਾਮਾਂ ਤਕ ਮਜ਼ਦੂਰਾਂ ਵਾਂਗ ਖਾਲਿਸ ਦੁੱਧ ਨੂੰ ਕਾਢਦੇ ਹਲਵਾਈ, ਸ਼ਾਮਾਂ ਨੂੰ ਬਰਫੀ ਦੀਆਂ ਟੁਕੜੀਆਂ ਕਟਦੇ ਤੇ ਫੇਰ ਨਵਾਰੀ ਮੰਜਿਆਂ ਉੱਤੇ ਚਾਦਰਾਂ ਵਿਛਾ ਕੇ ਸੁੱਕਣੇ ਪਾਈਆਂ ਮਿਠਾਈਆਂ - ਆਉਂਦੇ ਜਾਂਦੇ, ਨੱਸਦੇ ਭੱਜਦੇ ਸਾਨੂੰ ਓਥੋਂ ਬਰਫੀ ਦੀਆਂ ਰੰਗ ਬਰੰਗੀਆਂ ਟੁਕੜੀਆਂ ਚੱਕ ਕੇ ਬੜਾ ਹੀ ਮਜ਼ਾ ਆਉਂਦਾ।
ਉਹ ਵੇਲੇ ਵੀ ਵੇਖੇ ਜਦੋਂ ਘਰ ਵਿਚ ਕਿਸੇ ਪਰੌਣੇ ਦੇ ਆਉਣ ਉੱਤੇ 10 ਸਮੋਸੇ ਤੇ ਪਾਇਆ ਜਾਂ ਅੱਧਾ ਕਿਲੋ ਬਰਫੀ (ਜ਼ਿਆਦਾਤਰ ਪਾਇਆ ਹੀ !!) ਜਾਂ ਕਈਂ ਵਾਰੀ ਅੱਧਾ ਕਿਲੋ ਲੱਡੂ ਲੈਣ ਲਈ ਨਿਆਣਿਆਂ ਨੂੰ ਦੌੜਾ ਦਿੱਤਾ ਜਾਉਂਦਾ - ਆਉਂਦੇ ਜਾਉਂਦੇ ਰਸਤੇ ਵਿੱਚ ਉਸ ਦਾ ਸਵਾਦ ਵੀ ਚੈੱਕ ਕਰ ਲੈਣਾ - ਕਿਓਂਕਿ ਉਸ ਤੋਂ ਬਾਅਦ ਤੇ ਪਰੌਣੇ ਦੇ ਤੁਰ ਜਾਣ ਬਾਅਦ ਹੀ ਮੌਕਾ ਮਿਲਣਾ ਸੀ, ਅਜੇ ਪਰੌਣੇ ਨੇ ਦਰਵਾਜਿਓਂ ਬਾਹਰ ਕਦਮ ਹੀ ਰੱਖਣਾ ਕਿ ਬਾਕੀ ਬਚੀ ਬਰਫੀ ਦਾ ਨਾਮੋ-ਨਿਸ਼ਾਨ ਖਤਮ ਹੋ ਜਾਣਾ !!
ਇੰਝ ਹੀ ਚਲਦਾ ਰਿਹਾ ਹੀ ਸਿਲਸਿਲਾ - ਮੂੰਹ ਵਿਚ ਘੁਲਣ ਵਾਲੀਆਂ ਸ਼ੁੱਧ ਬਰਫ਼ੀਆਂ ਛਕਦੇ ਵੱਡੇ ਹੋ ਗਏ - ਕਦੇ ਚਿਤ ਚੇਤੇ ਵਿਚ ਵੀ ਨਹੀਂ ਸੀ ਕਿ ਪੁੱਤ, ਬਸ ਜਿੰਨੀ ਖਾ ਲਈ ਓਹੀ ਖਾ ਲਈ - ਅਗਾਂਹ ਨਾ ਲੱਭੀ ਪੁੱਤ ਇਹ ਬਰਫੀ।
ਵੱਡੇ ਹੋ ਕੇ ਕਾਲਜ ਗਏ - ਮੈਨੂੰ ਚੇਤੇ ਹੈ 25 ਕੁ' ਸਾਲ ਦੀ ਉਮਰ ਹੋਵੇਗੀ ਜਦੋਂ ਕਿਤੋਂ ਵੀ ਬਰਫੀ ਖਾ ਕੇ ਤਬੀਅਤ ਢਿੱਲੀ ਜਿਹੀ ਹੋਣ ਲੱਗ ਪਈ - ਢਿਡ੍ਹ ਚ' ਵੱਟ, ਐਸੀਡਿਟੀ ਦੇ ਲੱਛਣ - ਪਹਿਲਾਂ ਲੱਗਦਾ ਕਿ ਸ਼ਾਇਦ ਜ਼ਿਆਦਾ ਖਾ ਲਈ ਹੈ ਇਸ ਲਈ - ਫੇਰ 1-2 ਬਰਫੀ ਦੀਆਂ ਟੁਕੜੀਆਂ ਨਾਲ ਵੀ ਉਂਝ ਹੀ ਹੋਣ ਲੱਗਾ - ਇਸ ਕਰਕੇ ਹੌਲੀ ਹੌਲੀ ਬਰਫੀ ਤੋਂ ਦੂਰੀ ਵਧਦੀ ਗਈ -
ਫੇਰ ਅੱਜ ਤੋਂ 25-30 ਸਾਲ ਪਹਿਲਾਂ ਨਕਲੀ ਤੇ ਬਨਾਉਟੀ ਦੁੱਧ ਦੀਆਂ ਗੱਲਾਂ ਕੰਨੀਂ ਪੈਣ ਲੱਗੀਆਂ - ਮਿਠਿਆਈਆਂ ਵਿਚ ਵੀ ਇਹੋ ਜਿਹੇ ਦੁੱਧ ਦੀ ਵਰਤੋਂ ਦਾ ਪਤਾ ਲੱਗਣ ਲੱਗਾ - ਹੋਲੀ ਹੋਲੀ ਆਪਣਾ ਮਨ ਵੀ ਇਹਨਾਂ ਚੀਜ਼ਾਂ ਤੋਂ ਜਿਵੇਂ ਚੁਕਿਆ ਗਿਆ - ਜਿਹੜੇ ਸ਼ਹਿਰ ਵੀ ਰਹੇ, ਓਥੇ ਦੀ ਸੱਭ ਤੋਂ ਮਹਿੰਗੀ ਤੇ ਮਸ਼ਹੂਰ ਦੁਕਾਨਾਂ ਦੀਆਂ ਬਰਫ਼ੀਆਂ ਵੀ ਖਾਦੀਆਂ - ਪਰ ਉਹ ਬਚਪਨ ਚ' ਕਾਗਜ਼ ਦੇ ਲਫਾਫੇ ਵਾਲੀ ਹਲਵਾਈ ਦੀ ਬਰਫੀ ਦੇ ਸਟੈਂਡਰਡ ਲਾਗੇ ਪਹੁੰਚਣਾ ਤੇ ਦੂਰ, ਉਸ ਗੋਲਡ ਸਟੈਂਡਰਡ ਤੋਂ ਕੋਹਾਂ ਬੱਧੀ ਦੂਰ ਹੀ ਰਹੀਆਂ - ਜਦੋਂ ਵੀ ਇਹ ਨਵੀਂਆਂ, ਵੰਨ ਸੁਵੰਨੇ ਡੱਬਿਆਂ ਤੇ ਟਾਪੋ ਟਾਪ ਪੈਕਿੰਗ ਵਿਚ ਆਈ ਬਰਫੀ ਨੂੰ ਖਾਉਣਾ ਤਾਂ ਤਬੀਅਤ ਢਿੱਲੀ ਹੋ ਜਾਣੀ - ਨਹੀਂ ਨਹੀਂ, ਸ਼ੁਗਰ ਦੀ ਬੀਮਾਰੀ ਨਹੀਂ ਹੈ ਜੀ, ਦਾਤੇ ਦਾ ਬਹੁਤ ਬਹੁਤ ਸ਼ੁਕਰ ਹੈ !!
ਗੱਲ ਖ਼ਤਮ ਕਰੀਏ - ਜ਼ਿਆਦਾ ਹੀ ਖਿੱਚ ਹੋ ਗਈ ਹੈ - ਅੱਜ ਵੀ ਕਦੇ ਕਦੇ 5-6 ਮਹੀਨੇ ਬਾਅਦ ਕਿਤੇ ਮਹਿੰਗੀ ਜਿਹੀ ਬ੍ਰਾਂਡੇਡ ਦੁਕਾਨ ਦੀ ਬਰਫੀ ਦੇ 2-4 ਟੁੱਕੜ ਖਾ ਲੈਂਦਾ ਹਾਂ - ਪਰ ਉਸ ਨੂੰ ਖਰੀਦਣ ਲੱਗਿਆਂ (ਬਹੁਤ ਜ਼ਿਆਦਾ ਘੱਟ ਖਰੀਦਦੇ ਹਾਂ) ਜਾਂ ਬਾਹਰ ਕਿਤੇ ਬਰਫੀ ਨੂੰ ਮੂੰਹ ਚ' ਲਾਉਣ ਲੱਗਿਆਂ ਇਹੋ ਧਿਆਨ ਆਉਂਦੈ ਕਿ ਅਸਲੀ ਦੁੱਧ ਹੈ ਕਿੱਥੇ - ਫੇਰ ਵੀ ਬਰਫ਼ੀ, ਖੋਏ, ਪਨੀਰ, ਮੱਖਣ, ਦੇਸੀ ਘਿਓ ਦਾ ਬਾਜ਼ਾਰਾਂ ਵਿਚ ਢੇਰ ਲੱਗਾ ਹੋਇਆ ਹੈ - ਕਿਥੋਂ ਆਇਆ ਇਹ ਸੱਭ ਕੁਝ, ਪਿਛਲੇ 20ਸਾਲਾਂ ਤੋਂ ਦੁੱਧ ਦੀਆਂ ਮਿਲਾਵਟਾਂ ਬਾਰੇ ਕੀ ਕੁਝ ਨਹੀਂ ਪੜਿਆ - ਸ਼ਾਇਦ ਉਸ ਵਿਚ ਜ਼ਹਿਰ ਮਿਲਾਉਣ ਦੀ ਹੀ ਕਸਰ ਛੱਡੀ ਹੈ ਇਹਨਾਂ ਜ਼ਾਲਮਾਂ ਨੇ - ਇੰਨੀਆਂ ਇੰਨੀਆਂ ਖ਼ਤਰਨਾਕ ਮਿਲਾਵਟਾਂ - ਦੁੱਧ ਨੂੰ ਚਾ ਵਿਚ ਪਿਆ ਵੇਖ ਕੇ ਵੀ ਡਰ ਲੱਗਦੈ ਕਿ ਰਬ ਜਾਣੇ ਅਸੀਂ ਕੀ ਪੀ ਰਹੇ ਹਾਂ -
ਜਿਥੋਂ ਤੱਕ ਮੇਰੀ ਗੱਲ ਹੈ ਮੇਰੀ ਹੁਣ ਬਿਲਕੁਲ ਹਿੰਮਤ ਨਹੀਂ ਹੁੰਦੀ ਬਰਫੀ ਖਰੀਦਣ ਦੀ - ਕਾਰਨ ਮੈਂ ਲਿਖ ਚੁਕਿਆ ਹਾਂ - ਮੈਂ ਬਰਫੀ ਨਹੀਂ ਖਰੀਦਦਾ ਤੇ ਨਹੀਂ ਖਾਂਦਾ - ਇਹ ਨੁਸਖਾ ਕਿਸੇ ਹੋਰ ਵਾਸਤੇ ਨਹੀਂ ਹੋ ਸਕਦਾ - ਜੇਕਰ ਤੁਹਾਨੂੰ ਲੱਗਦੈ ਕਿ ਤੁਹਾਡੇ ਗੁਆਂਢ ਵਾਲਾ ਹਲਵਾਈ ਵੀ ਮੇਰੇ ਬਚਪਨ ਦੇ ਹਲਵਾਈ ਵਾਂਗੂ ਅਜੇ ਵੀ ਉਂਝ ਵੀ ਇਮਾਨਦਾਰੀ ਦੀ ਬਿਮਾਰੀ ਨਾਲ ਜੂਝ ਰਿਹੈ ਤਾਂ ਜ਼ਰੂਰ ਛਕੋ ਹੀ ਬਰਫ਼ੀ - ਪਰ ਮੇਰੀ ਹਿੰਮਤ ਨਹੀਂ ਹੁੰਦੀ !!
ਜਦੋਂ ਵੀ ਮੈਂ ਪੰਜਾਬੀ ਦਾ ਇਹ ਸੋਹਣਾ ਗੀਤ ਸੁਣਦਾ ਹਾਂ ਸ਼ੈਰੀ ਮਾਨ ਦਾ ਕਿ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫ਼ਜ਼ਾ ਨਾ ਮਿਲੇ - ਮੈਨੂੰ ਲੱਗਦੈ ਮੈਂ ਆਖਾਂ ਮੈਨੂੰ ਮੇਰੇ ਬਚਪਨ ਵਾਲੀ ਬਰਫੀ ਵੀ ਨਾ ਮਿਲੇ ! ਪੰਜਾਬੀ ਗੀਤ ਮੈਨੂੰ ਬੜੇ ਹੀ ਪਸੰਦ ਹਨ - ਨੇਕ ਰੂਹਾਂ ਇਹਨਾਂ ਨੂੰ ਲਿਖਦੀਆਂ ਹਨ, ਤੇ ਗੀਤਕਾਰਾਂ ਦੇ ਗਲੇ ਵਿਚ ਰਬ ਖੁਦ ਬਹਿ ਕੇ ਇਹਨਾਂ ਕੋਲੋਂ ਇਹ ਗਵਾਉਂਦਾ ਹੈ - ਇਸੇ ਕਰਕੇ ਬਾਈ ਇਹ ਸਾਡੇ ਵਰਗੇ ਪਾਪੀਆਂ ਦੇ ਦਿਲਾਂ ਵਿੱਚ ਵੀ ਸਿੱਧੇ ਉਤਰ ਕੇ ਸਾਡੀਆਂ ਰੂਹਾਂ ਨੂੰ ਰਾਜੀ ਕਰਦੇ ਹਨ - ਜੀਂਦੇ ਵਸਦੇ ਰਹਿਣ - ਅਜਿਹੇ ਗੀਤ ਦੇ ਲਿਖਾਰੀ, ਗਾਉਣ ਵਾਲੇ, ਖੂਬਸੂਰਤ ਦਿੱਲ-ਖਿਚਵਾਂ ਸੰਗੀਤ ਦੇਣ ਵਾਲੇ ਤੇ ਨਾਲੇ ਇਹਨਾਂ ਨੂੰ ਬਾਰ ਬਾਰ ਸੁਣਨ ਵਾਲੇ ਵੀ !!
Subscribe to:
Post Comments (Atom)
ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...
ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...
-
ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜ...
-
ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧ...
-
ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋ...
No comments:
Post a Comment