ਪਿਛਲੇ ਹਫਤੇ ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀ ਰਾਜਧਾਨੀ ਗੱਡੀ ਛੁੱਟ ਗਈ - ਹੁਣ ਅੱਜਕਲ ਦੇ ਜ਼ਮਾਨੇ ਵਿਚ ਸਾਡੇ ਵਰਗੇ ਲੋਕਾਂ ਦੀ ਗੱਡੀ ਛੁੱਟ ਜਾਣੀ ਕੋਈ ਛੋਟੀ ਮੋਟੀ ਗੱਲ ਵੀ ਤੇ ਨਹੀਂ - ਜਦੋਂ ਇਸ ਤਰ੍ਹਾਂ ਦੀ ਗੱਲ ਹੋ ਜਾਵੇ ਤੇ ਸੱਚੀਂ ਉਸ ਵੇਲੇ ਆਪਣੇ ਸਕੂਲ ਦੇ ਸਭ ਤੋਂ ਵੱਧ ਜ਼ਾਲਿਮ ਮਾਸਟਰ ਦਾ ਧਿਆਨ ਕਰਦੇ ਹੋਏ ਕਚੀਚੀ ਵੱਟ ਕੇ ਆਪਣੇ ਮੂੰਹ ਤੇ ਜ਼ੋਰ ਨਾਲ ਚੰਡ ਮਾਰਨ ਦਾ ਦਿਲ ਕਰਦੈ ਤੇ ਨਾਲ ਆਪਣੇ ਆਪ ਨੂੰ ਇਹ ਕਹਿਣ ਦਾ ਦਿਲ ਕਰਦੈ ਕਿ ਬੰਦਾ ਬਣ ਬਈ ਬੰਦਾ ! ਪਰ ਇਹ ਇਕ ਖਿਆਲ ਹੀ ਹੁੰਦੈ - ਚੰਡ ਮਾਰਨ ਨਾਲ ਵੀ ਗੱਡੀ ਦਾ ਆਉਟਰ ਸਿਗਨਲ ਤੇ ਕਿਹੜਾ ਇੰਜਣ ਫੇਲ ਹੋ ਜਾਣਾ ਹੁੰਦੈ !
ਅੱਜ ਸਾਨੂੰ ਕਿੰਨੀਆਂ ਸਹੂਲਤਾਂ ਨੇ - ਪਹੀਏ ਵਾਲੇ ਹਲਕੇ ਫੁੱਲ ਬੈਗ ਤੇ ਅਟੈਚੀ - ਬੂਹੇ ਅੱਗੇ ਓਲਾ-ਉਬਰ ਟੈਕਸੀ ਆ ਜਾਂਦੀ ਏ, ਰਾਮੁ ਉਸ ਵਿਚ ਸਮਾਨ ਵੀ ਰੱਖ ਦਿੰਦਾ - ਗੂਗਲ ਦੱਸ ਦਿੰਦੈ ਕਿ ਗੁੜਗਾਓਂ ਤੁਹਾਡੇ ਘਰ ਤੋਂ ਤੁਰ ਕੇ ਸਟੇਸ਼ਨ ਤਕ ਪਹੁੰਚਣ ਲਈ 40-45 ਮਿੰਟ ਇਸ ਵੇਲੇ ਦੇ ਟ੍ਰੈਫਿਕ ਦੇ ਹਿਸਾਬ ਨਾਲ ਲੱਗਣਗੇ - ਪਰ ਜੇਕਰ ਤਿਆਰੀ ਕਰਦੇ ਹੋਏ ਆਪਾਂ ਨੂੰ ਐਂਨੀ ਵੀ ਫੁਰਸਤ ਨਾ ਮਿਲੇ ਕਿ ਗੂਗਲ ਤਾਏ ਕੋਲੋਂ ਘਰੋਂ ਚੱਲਣ ਤੋਂ ਪਹਿਲਾਂ ਹੀ ਇਹ ਪੁੱਛ ਲਈਏ ਤੇ ਉਸ ਦੇ ਦੱਸੇ ਸਮੇਂ ਤੋਂ 10-20 ਮਿੰਟਾਂ ਦੀ ਗੁੰਜਾਇਸ਼ ਰੱਖ ਕੇ ਹੀ ਚਲੀਏ !
ਨਹੀਂ, ਅਸੀਂ ਪੜੇ ਲਿਖੇ ਹਾਂ, ਹਰ ਵੇਲੇ ਕਨੇਕਟਡ ਹਾਂ, ਸਾਨੂੰ ਮਿੰਟ ਮਿੰਟ ਦੀ ਜਾਣਕਾਰੀ ਹੈ - ਮੇਰੇ ਵਰਗੇ ਆਪਣੇ ਇਸੇ ਓਵਰ-ਕਾਂਫੀਡੈਂਸ ਦੇ ਚੱਕਰ ਵਿਚ ਹੀ ਕਈਂ ਵਾਰੀ ਵੜ ਜਾਂਦੇ ਨੇ!
ਅਜੇ ਅਸੀਂ ਸਟੇਸ਼ਨ ਤੋਂ 8-10 ਮਿੰਟ ਹੀ ਦੂਰ ਹੋਵਾਂਗੇ ਕਿ ਗੱਡੀ ਦਾ ਟਾਈਮ ਹੋ ਗਿਆ - ਮੇਰੀ ਤੀਵੀਂ ਪੁੱਛਣ ਲੱਗੀ - ਵਾਪਸ ਚਲੀਏ? ਮੈਂ ਕਿਹਾ ਨਹੀਂ, ਹੁਣ ਸਟੇਸ਼ਨ ਦੇ ਨੇੜੇ ਹੀ ਹਾਂ, ਚਲਦੇ ਹਾਂ! ਅਸੀਂ ਸਟੇਸ਼ਨ ਤੇ ਆਖਿਰ ਪਹੁੰਚ ਗਏ - ਬਾਹਰ ਖੜੇ ਕੁੱਲੀ ਕੋਲੋਂ ਪੁੱਛਿਆ ਰਾਜਧਾਨੀ ਬਾਰੇ - ਉਹ ਕਹਿੰਦੈ 5 ਮਿੰਟ ਹੀ ਹੋਏ ਨੇ ਉਸ ਨੂੰ ਗਏ ਹੋਏ - ਦਿਲ ਤੇ ਕੀਤਾ ਕਿ ਉਸ ਨੂੰ ਕਹਿ ਦਿਆਂ - ਯਾਰ, 5 ਮਿੰਟ ਹੋਏ ਜਾਂ 5 ਸੈਕੰਡ ਜਾਂ 5 ਘੰਟੇ - ਚਲੀ ਤੇ ਗਈ ਨਾ, ਤੂੰ ਸਾਡੇ ਜ਼ਖਮਾਂ ਤੇ ਲੂਣ ਕਿਓਂ ਛਿਡ਼ਕ ਰਿਹਾ ਐਂ ! ਖੈਰ, ਉਸ ਨਾਲ ਕੀ ਪੰਗਾ ਲੈਣਾ ਸੀ!
ਅਸੀਂ ਏ.ਸੀ ਵੇਟਿੰਗ ਰੂਮ ਵਿਚ ਚਲੇ ਗਏ - ਓਥੇ ਚੰਗੇ ਸੋਫੇ ਲੱਗੇ ਹੋਏ ਵੀ - ਬੈਠ ਕੇ ਵਿਚਾਰ ਕੀਤਾ ਕੀਤਾ ਕਿ ਜਿਹੜੀ ਵੀ ਗੱਡੀ ਆਏਗੀ ਉਸੇ ਵਿੱਚ ਚੱਲਾਂਗੇ - ਸਫਰ ਤੋੜ ਤੋੜ ਕੇ ਹੋ ਜਾਵੇਗਾ - ਜ਼ਿਆਦਾ ਸਮਾਂ ਲੱਗੇਗਾ, ਕੋਈ ਗੱਲ ਨਹੀਂ।
ਅਜੇ ਬੈਠੇ ਹੀ ਸੀ ਕਿ ਇਕ ਬਜ਼ੁਰਗ ਆ ਗਿਆ ਉਸ ਰੂਮ ਵਿਚ - ਉਸ ਦੀ ਨਿਗਾਹ ਬੜੀ ਕਮਜ਼ੋਰ ਸੀ - ਅਚਾਨਕ ਟੋਹੰਦਾ ਟੋਹੰਦਾ ਮੇਰੇ ਕੋਲ ਪਹੁੰਚ ਗਿਆ ਤੇ ਪੁੱਛਣ ਲੱਗਾ ਕਿ ਬੈਠਣ ਵਾਸਤੇ ਜਗਾ ਹੈ. ਮੈਂ ਉਸ ਦਾ ਹੱਥ ਫੜ ਕੇ ਆਪਣੇ ਕੋਲ ਸੋਫੇ ਤੇ ਹੀ ਬਿਠਾ ਲਿਆ - ਬਹਿੰਦਿਆਂ ਸਾਰ ਕਹਿੰਦੈ ਕੀ ਬੈਠਣ ਦਾ ਤੇ ਸਹੀ ਇੰਤਜ਼ਾਮ ਕੀਤਾ ਹੋਇਆ ਏ ਸਰਕਾਰ ਨੇ!! ਫੇਰ ਉਸ ਨੇ ਗੱਲਾਂ ਸ਼ੁਰੂ ਕਰ ਦਿੱਤੀਆਂ - 2-4 ਗੱਲਾਂ ਦਾ ਤੇ ਮੈਂ ਜਵਾਬ ਦਿੱਤਾ, ਫੇਰ ਪੁੱਛਣ ਲੱਗਾ ਕਿ ਤੂੰ ਕਿਥੇ ਦਾ ਰਹਿਣ ਵਾਲਾ ਐਂ - ਮੱਧ ਪ੍ਰਦੇਸ਼ ਦਾ? ਉਸ ਵੇਲੇ ਮੇਰੇ ਮੂਡ ਕੋਈ ਜ਼ਿਆਦਾ ਵਧੀਆ ਨਹੀਂ ਸੀ - ਮੈਂ ਕਿਹਾ, ਹਾਂ ਜੀ! ਫੇਰ ਉਹ ਚੁੱਪ ਹੋ ਗਿਆ - ਤੇ ਸੋਫੇ ਉੱਤੇ ਲੰਮੇ ਪੈਣ ਦੀ ਤਿਆਰੀ ਕਰਣ ਲੱਗਾ!
ਆਸੇ ਪਾਸੇ ਦੇ ਹੋਰ ਮੁਸਾਫ਼ਿਰ ਉਸ ਨੂੰ ਬੜੀ ਗੋਹ ਨਾਲ ਦੇਖਣ ਲੱਗੇ - ਪਰ ਮੈਨੂੰ ਕੁਛ ਵੀ ਜ਼ਿਆਦਾ ਅਜੀਬ ਨਹੀਂ ਲੱਗਾ - ਜਦੋਂ ਇਕ ਘੰਟੇ ਬਾਅਦ ਮੈਂ ਬਾਹਰ ਜਾਣ ਲੱਗਾ ਤਾਂ ਮੈਂ ਸੋਚਿਆ ਕਿ ਉਸ ਕੋਲੋਂ ਵੀ ਪੁੱਛ ਲਵਾਂ ਕਿ ਕਿਸ ਗੱਡੀ ਤੇ ਉਸ ਨੇ ਜਾਣਾ ਏ? ...ਉਸ ਨੇ ਕਿਹਾ ਕਿ ਮੈਂ ਤਾਂ ਸਵੇਰੇ ਦੀ ਗੱਡੀ ਫੜਨੀ ਏ...ਇਹ ਕਹਿ ਕੇ ਉਹ ਸੋਫੇ ਤੇ ਸੋਣ ਦੀ ਤਿਆਰੀ ਕਰਣ ਲੱਗਾ - ਮੈਨੂੰ ਇਤਮੀਨਾਨ ਹੋਇਆ ਕਿ ਚਲੋ ਜਿੰਨਾ ਸਮਾਂ ਇਸ ਦਾ ਇੰਨੀ ਠੰਡ ਵਿਚ ਇਥੇ ਲੰਘ ਜਾਵੇ, ਚੰਗਾ ਹੀ ਹੈ - ਸੰਭਲਿਆ ਰਹੇਗਾ !
ਲੋ ਜੀ ਅੱਗੇ ਦੀ ਗੱਲ ਸੁਨਣ ਲਈ ਤੁਸੀਂ ਇਹ ਆਡੀਓ ਸੁਣੋ - ਦਰਅਸਲ ਇਸ ਬਲੌਗ ਨੂੰ ਲਿਖਦਿਆਂ ਲਿਖਦਿਆਂ ਮੈਂ ਜਦੋਂ ਬੋਰ ਹੋ ਗਿਆ ਤਾਂ ਸੋਚਿਆ ਆਪਣੀ ਇਕ ਆਡੀਓ ਹੀ ਪਾ ਦੇਵਾਂ - ਇਸ ਲਈ ਤੁਸੀਂ ਇਸ ਨੂੰ ਜ਼ਰੂਰ ਸੁਣੋ ਜੀ -
ਬਾਅਦ ਵਿਚ ਅੱਜ ਸਵੇਰੇ ਮੈਂ ਸੋਚਿਆ ਆਲਸ ਛੱਡ - ਪੂਰਾ ਲਿਖ ਵੀ ਛੱਡ!!
ਜਦੋਂ ਦੀ ਇਸ ਤਰ੍ਹਾਂ ਆਪਣੀ ਗੱਡੀ ਛੁੱਟ ਗਈ ਹੈ ਮੈਨੂੰ ਪੁਰਾਣੇ ਵੇਲੇ ਦੇ ਸਫ਼ਰਾਂ ਦਾ ਖਿਆਲ ਰਹਿ ਰਹਿ ਕੇ ਆਈ ਜਾਂਦੈ! ਉਸ ਵੇਲੇ ਇਹ ਤੇ ਕੋਈ ਮਸਲਾ ਨਹੀਂ ਸੀ ਹੁੰਦਾ ਕਿ ਗੱਡੀ ਛੁੱਟ ਗਈ - ਕਿਓਂਕਿ ਕਿ ਉਸ ਵੇਲੇ ਤੇ ਅਸੀਂ ਜਦੋਂ ਤੱਕ 20-30 ਮਿੰਟ ਪਹਿਲਾਂ ਅੰਮ੍ਰਿਤਸਰ ਸਟੇਸ਼ਨ ਦੇ ਪਲੇਟਫਾਰਮ ਉੱਤੇ ਆਪਣੇ ਟਰੰਕਾਂ ਤੇ ਬਿਸਤਰੇਬੰਦਾਂ ਤੇ ਬਹਿ ਕੇ ਪਕੌੜੇ, ਪੂਰੀ/ਭਟੂਰੇ ਛੋਲੇ ਨਾ ਖਾ ਲੈਣੇ, ਬੀਜੀ ਭਾਪਾਜੀ ਨੇ ਚਾ ਨਾ ਪੀ ਲੈਣੀ ਸਾਨੂੰ ਇੰਝ ਲੱਗਣਾ ਜਿਵੇਂ ਸਟੇਸ਼ਨ ਅਜੇ ਅਪੜੇ ਹੀ ਨਹੀਂ - ਉਸ ਤੋਂ ਬਾਅਦ ਸਟੇਸ਼ਨ ਤੇ ਗੱਡੀ ਲੱਗਣ ਤੋਂ ਪਹਿਲਾਂ ਹੋਰ ਵੀ ਕੁਛ ਕੰਮ ਸਨ ਜਿਵੇਂ ਕਿ ਕਿਸੇ ਨਲਕੇ ਤੋਂ ਸੁਰਾਹੀ ਭਰ ਕੇ ਲਿਆਣੀ ਤੇ ਸੰਭਾਲਣੀ, ਕੋਈ ਚੰਦਾ ਮਾਮਾ ਜਾਂ ਨੰਦਨ ਖਰੀਦਣਾ ਜਾਂ ਫੇਰ ਚਾਰਾਂ ਪੰਜਾਂ ਰੁਪਈਆਂ ਦਾ ਕੋਈ ਲੰਬਰੇਟਾ ਸਕੂਟਰ ਹੀ ਖਰੀਦ ਲੈਣਾ !
ਤੁਸੀਂ ਸੋਚ ਰਹੇ ਹੋਵੋਗੇ ਕਿ ਐਡਾ ਖਾਣ ਪੀਣ ਦਾ ਭੋਖੜਾ ਸਟੇਸ਼ਨ ਤੋਂ ਕਿਓਂ ਭਲਾ!! ਘਰੋਂ ਹੀ ਤੇ ਆਏ ਹੁੰਦੇ ਸੀ ! ਉਸ ਦਾ ਜਵਾਬ ਇਹ ਹੈ ਕਿ ਠੀਕ ਹੈ ਘਰੋਂ ਤੇ ਆਏ ਹੁੰਦੇ ਸਾਂ ਪਰ ਘਰ ਚ' ਤਿਆਰੀ ਕਰ ਕੇ ਸਟੇਸ਼ਨ ਤੱਕ ਪਹੁੰਚਣਾ ਇਕ ਬੜਾ ਵੱਡਾ ਕੰਮ ਹੁੰਦਾ ਸੀ - ਹਾਂਜੀ, ਬੜਾ ਵੱਡਾ ਕੰਮ, ਮੈਂ ਹੁਣੇ ਦੱਸਦਾ ਹਾਂ ਕਿ ਉਸ ਵੇਲੇ ਘਰ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਹੁੰਦਾ ਸੀ !!
ਲੋ ਜੀ ਸੁਣੋ -
ਕੱਪੜੇ ਤਿਆਰ ਪਹਿਲਾਂ ਕਰ ਲਈਦੇ ਸੀ
ਜਿਹੜੇ ਸਾਡੇ ਕੋਲ ਕੱਪੜਿਆਂ ਦੇ 3-4 ਜੋੜੇ ਹੁੰਦੇ ਸਨ, ਉਹ ਅਸੀਂ 1-2 ਪਹਿਲਾਂ ਹੀ ਪ੍ਰੈਸ ਕਰ ਕੇ ਤਿਆਰ ਕਰ ਲਈ ਸੀ, ਕੋਇਲੇ ਵਾਲੀ ਪ੍ਰੈਸ ਹੁੰਦੀ ਸੀ ਜਿਸ ਨੂੰ ਇਸਤੇਮਾਲ ਕਰਦੇ ਮੈਂ ਅਕਸਰ ਆਪਣੀ ਵੱਡੀ ਭੈਣ ਨੂੰ ਹੀ ਦੇਖਦਾ ਤੇ ਕਦੇ ਕਦੇ ਬੀਜੀ ਨੂੰ ਵੀ. ਮੇਰੇ ਖਿਆਲ ਵਿਚ ਹੋਰ ਸਾਰੇ ਘਰ ਵਿਚ ਲਾਟ ਸਾਬ ਸਨ ਜਿੰਨਾ ਦਾ ਉਸ ਪ੍ਰੈਸ ਵਾਲੇ ਕੰਮ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ - ਉਹਨਾਂ ਨੂੰ ਬਸ ਕੱਪੜੇ ਪ੍ਰੈਸ ਕੀਤੇ ਕਰਾਏ ਮਿਲ ਜਾਂਦੇ ਸਨ!
ਚਾਰ ਟਰੰਕਾਂ ਦਾ ਪਹਾੜ ਵਰਗਾ ਕੰਮ
ਜਿਸ ਦਿਨ ਦੀ ਗੱਡੀ ਹੋਣੀ ਉਸ ਦਿਨ ਘਰ ਵਿਚ ਕਈਂ ਕੰਮ ਚੱਲ ਰਹੇ ਹੁੰਦੇ - ਦੋਵੇਂ ਟਰੰਕ ਜਿਹੜੇ ਨਾਲ ਲੈ ਕੇ ਜਾਣੇ ਹੁੰਦੇ ਤੇ ਜਿਹੜੇ ਗਹਿਣੇ ਗੱਟੇ ਵਾਲੇ ਦੋ ਟਰੰਕ ਗਵਾਂਢੀਆਂ ਦੇ ਘਰੇ ਹਨ੍ਹੇਰਾ ਹੋਣ ਤੇ ਛੱਡ ਕੇ ਆਉਣੇ ਹੁੰਦੇ - ਓਹਨਾਂ ਟਰੰਕਾਂ ਦੀ ਭਰਾਈ ਦਾ ਕੰਮ ਚੱਲ ਰਿਹਾ ਹੁੰਦਾ! ਵੱਡੇ ਵੱਡੇ ਟਰੰਕ ਜਿਹੋ ਜਿਹੇ ਫੌਜੀਆਂ ਕੋਲ ਅਕਸਰ ਤੁਸੀਂ ਦੇਖੇ ਹੋਣਗੇ - ਮੈਨੂੰ ਨਹੀਂ ਯਾਦ ਕਿ ਉਹ ਟਰੰਕ ਕਦੇ ਆਰਾਮ ਨਾਲ ਬੰਦ ਹੋ ਗਏ ਹੋਣ - ਅਕਸਰ ਘਰ ਦੇ ਦੋ ਬੰਦੇ ਉਸ ਨੂੰ ਚੰਗੀ ਤਰ੍ਹਾਂ ਦੱਬ ਕੇ ਬੰਦ ਕਰ ਪਾਂਦੇ - ਫੇਰ ਜਿਹੜੇ ਦੋ ਟਰੰਕ ਜਿੰਨ੍ਹਾਂ ਵਿੱਚ ਘਰ ਦਾ ਕੀਮਤੀ ਸਾਮਾਨ ਹੁੰਦਾ ਉਹਨਾਂ ਨੂੰ ਵੀ ਦੋ ਰੁਪਈਏ ਵਾਲਾ ਤਾਲਾ ਟੁੰਗ ਕੇ ਨੂੰ ਪਿਛਲੇ ਬੂਹੇ ਥਾਣੀ ਗਵਾਂਢੀਆਂ ਦੇ ਘਰ ਰੱਖ ਕੇ ਆਉਣ ਦੀ ਡਿਊਟੀ ਲੱਗਦੀ !
ਬਿਸਤਰੇ ਬੰਨਣ ਦਾ ਪਵਾੜਾ
ਜਦੋਂ ਇਹ ਕੰਮ ਨਿੱਬੜ ਜਾਂਦਾ ਤਾਂ ਫੇਰ ਓਹੀਓ ਬਿਸਤਰੇ ਬੰਨਣ ਦਾ ਪਵਾੜਾ ਪੈ ਜਾਂਦਾ - ਉਸ ਨੂੰ ਰਜਾਈਆਂ ਤੇ ਸਿਰਹਾਣਿਆਂ ਤੋਂ ਇਲਾਵਾ, ਹਵਾਈ ਚੱਪਲਾਂ, ਬੂਟਾਂ, 4-5 ਤੋਲੀਏ ਤੇ ਪਜਾਮੇਆਂ ਦੇ ਨਾਲ ਉਸ ਵੇਲੇ ਤਕ ਤੂਸੇ ਜਾਣਾ ਜਦੋਂ ਤੀਕ ਜਾਂ ਤੇ ਉਸ ਨੇ ਬੰਦ ਹੋਣ ਤੋਂ ਮਨਾ ਕਰ ਦੇਣਾ ਜਾਂ ਉਸ ਦੀ ਚਮੜੇ ਦੀ ਇਕ ਬੈਲਟ ਟੁੱਟਣ ਦਾ ਪੰਗਾ ਨਾ ਪੈ ਜਾਂਦਾ - ਕੋਈ ਨਹੀਂ, ਉਸ ਵੇਲੇ ਜਿਵੇਂ ਤਿਵੇਂ ਉਸ ਇਕ ਬੈਲਟ ਨਾਲ ਤੇ ਨਾਲ ਰੱਸੀ ਬੰਨ੍ਹ ਕੇ ਕੰਮ ਚਲਾ ਲਿਆ ਜਾਂਦਾ!(ਬਾਅਦ ਵਿਚ ਕਦੇ ਉਹ ਬੈਲਟ ਨੂੰ ਮੋਚੀ ਕੋਲੋਂ ਗੰਢਵਾ ਲਿਆ ਜਾਂਦਾ !!) ...ਸਾਡੇ ਕੋਲ ਦੋ ਬਿਸਤਰੇਬੰਦ (ਹੋਲਡੋਲ) ਸੀ - ਉਹਨਾਂ ਦਾ ਵੀ ਘਰੇ ਦਿਲ ਨਾ ਲੱਗਦਾ - ਕਿਓਂਕਿ ਅਕਸਰ ਮੋਹੱਲੇ ਵਿਚੋਂ ਕੋਈ ਨਾ ਕੋਈ ਮੰਗ ਕੇ ਲੈ ਹੀ ਜਾਂਦਾ - ਇਹ ਉਸ ਵੇਲੇ ਇਕ ਆਮ ਗੱਲ ਸੀ !
ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਫੇਰ ਜਦੋਂ ਫੂਕ ਮਾਰ ਕੇ ਹਵਾ ਭਰਣ ਵਾਲੇ ਸਿਰਹਾਣੇ ਆਏ ਤਾਂ ਅਸੀਂ ਸ਼ੁਕਰ ਕੀਤਾ - ਸਾਡੇ ਵੇਲੇ ਦੀ ਉਹ ਇਕ ਖਾਸ ਕਾਢ ਸੀ...ਬਿਸਤਰੇ ਵਿਚ ਦੋ ਤੇ ਉਹ ਫੂਕ ਭਰਣ ਵਾਲੇ ਸਿਰਹਾਣੇ ਜ਼ਰੂਰ ਰੱਖ ਲਏ ਜਾਂਦੇ।
ਸਫਰ ਲਈ ਰੋਟੀ ਪਾਣੀ
ਅੱਛਾ ਟਰੰਕਾਂ ਦੇ ਕੁੰਡੇ ਲੱਗ ਗਏ ਨੇ, ਬਿਸਤਰੇ ਬੰਨੇ ਗਏ ਨੇ, ਬੀਜੀ ਨੇ ਢੇਰ ਪਰਾਂਠੇ ਤੇ ਕੀਮਾ/ਪਕੌੜੇ/ਆਲੂ ਤਿਆਰ ਕਰ ਲਏ ਨੇ, ਬਸ ਅਚਾਰ ਤੇ ਗੰਢੇ ਰੱਖਣੇ ਬਾਕੀ ਨੇ - ਹਾਂ ਉਸ ਵੇਲੇ ਨਵੀਆਂ ਨਵੀਆਂ ਚੱਲੀਆਂ ਸਟੀਲ ਦੀਆਂ ਪਲੇਟਾਂ ਵੀ ਬਿਸਤਰੇਬੰਦ ਵਿਚ ਜਿਵੇਂ ਤਿਵੇਂ ਫਸਾ ਲਈਆਂ ਜਾਂਦੀਆਂ ! ਜੋ ਜੀ ਹੁਣ ਲਗਭਗ ਤਿਆਰੀ ਪੂਰੀ ਹੋ ਗਈ ਐ - ਹੁਣ ਦੋ ਰਿਕਸ਼ਾ ਲਿਆਉਣ ਦੀ ਡਿਊਟੀ ਮੇਰੀ ਜਾਂ ਮੇਰੇ ਭਰਾ ਦੀ - ਕਦੇ ਕਦੇ ਭਾਪਾ ਜੀ ਨੂੰ ਇਸ ਕੰਮ ਲਈ ਜਾਣਾ ਪੈਂਦਾ !!
ਰਿਕਸ਼ਾ ਲਿਆਉਣਾ ਵੀ ਬੜਾ ਵੱਡਾ ਕੰਮ ਸੀ, ਕਿਓਂ ??
ਧਿਆਨ ਨਾਲ ਸੁਣਿਓ, ਉਸ ਵੇਲੇ ਸਟੇਸ਼ਨ ਜਾਣ ਲਈ ਰਿਕਸ਼ਾ ਲੈ ਕੇ ਆਉਣਾ ਵੀ ਇਕ ਵੱਡਾ ਕੰਮ ਹੁੰਦਾ ਸੀ - ਇਕ ਤੇ ਦੇਰ ਹੋਣ ਦਾ ਡਰ ਹੁੰਦਾ ਤੇ ਦੂਜਾ ਇਹ ਰਿਕਸ਼ੇ ਲਿਆਉਣ ਦੀ ਭਾਜੜ, ਮੈਨੂੰ ਤੇ ਮਾਈਂ ਇਹ ਇਕ ਪਵਾੜਾ ਹੀ ਜਾਪਦਾ। ਦਰਅਸਲ ਉਸ ਵੇਲੇ ਰਿਕਸ਼ੇ ਤਾਂਗੇ ਜਿਹੜੇ ਚੌਂਕ ਤੋਂ ਮਿਲਦੇ ਸਨ ਉਹ ਸਾਡੇ ਘਰ ਤੋਂ ਸਾਈਕਲ ਉੱਤੇ 5-7 ਮਿੰਟਾਂ ਦੀ ਦੂਰੀ ਤੇ ਸੀ, ਕਈ ਵਾਰੀ 2-4 ਮਿੰਟ ਲਾ ਕੇ ਅੱਗੇ ਵੀ ਰਿਕਸ਼ੇ ਨੂੰ ਲੱਭਣ ਜਾਣਾ ਪੈਂਦਾ!
ਘਰੋਂ ਜਾਣ ਲੱਗਿਆਂ ਇਹ ਹਿਦਾਇਤ ਵੀ ਮਿਲ ਜਾਣੀ ਕਿ ਜੇਕਰ ਦੋ ਰਿਕਸ਼ੇ ਨਾ ਮਿਲਣ ਤਾਂ ਇਕ ਤਾਂਗਾ ਹੀ ਭਾਵੇਂ ਲੈ ਕੇ ਆ ਜਾਵੀਂ - ਨਾਲ ਇਹ ਵੀ ਦੱਸਿਆ ਜਾਂਦਾ ਕਿ ਰਿਕਸ਼ੇ ਵਾਲੇ ਨਾਲ ਕਿੰਨ੍ਹੇ ਪੈਸੇ ਦੀ ਗੱਲ ਮੁਕਾਨੀ ਹੈ.
ਲੋ ਜੇ ਬਿੱਲਾ ਘਰੋਂ ਆਪਣੀ ਸਾਇਕਿਲ ਤੇ ਲੱਤ ਰੱਖ ਕੇ ਪਹੁੰਚ ਗਿਆ ਚੌਕ ਤੇ - ਪਰ ਇਹ ਕਿ ਦੋ ਰਿਕਸ਼ੇ ਵਾਲੇ ਤਾਂ ਹਨ ਪਰ ਸੀਟ ਖੋਲ ਕੇ ਲੰਮੇ ਪਏ ਨੇ - ਕਹਿੰਦੇ ਨੇ ਨਹੀਂ ਜਾਣਾ, ਸਾਹ ਲੈ ਰਹੇ ਹਾਂ!
ਦਿਲ ਚ' ਖ਼ਿਆਲ ਆਉਣਾ, ਯਾਰ ਸਾਨੂੰ ਲਾ ਆਵੋ, ਫੇਰ ਇੱਕੋ ਵਾਰੀ ਸਾਹ ਲੈ ਲੈਣਾ - ਤੁਹਾਡਾ ਤਾਂ ਕੰਮ ਹੀ ਹੈ ਰਿਕਸ਼ਾ ਵਾਹੁਣਾ ਤੇ ਵਿਚ ਵਿਚ ਸਾਹ ਲੈਣਾ, ਥੋੜੇ ਪੈਸੇ ਵੱਟ ਲਵੋ ... ਖੈਰ ਕੋਈ ਗੱਲ ਨਹੀਂ, ਅਚਾਨਕ ਇਕ ਰਿਕਸ਼ਾ ਵਾਲਾ ਦਿੱਖ ਗਿਆ -ਉਸ ਨੂੰ ਅਜੇ ਇੰਨਾ ਹੀ ਪੁੱਛਿਆ ਜਾਂਦਾ ਕਿ ਸਟੇਸ਼ਨ ਜਾਣੈ ? ਉਸ ਪਿਓ ਦੇ ਪੁੱਤ ਨੇ ਸਵਾਲਾਂ ਦੀ ਮਾਈਂ ਝੜੀ ਲੈ ਦੇਣੀ - ਜਿਵੇਂ ਉਹ ਮੇਰਾ ਇੰਟਰਵਿਊ ਲੈ ਰਿਹਾ ਹੋਵੇ !
ਸਟੇਸ਼ਨ ਉੱਤੇ ਕਿੱਥੇ ਉਤਰੋਗੇ?
ਕਿੰਨੀਆਂ ਸਵਾਰੀਆਂ ਨੇ ? ਕਿੰਨੇ ਬੱਚੇ ਨੇ?
ਕਿੰਨੇ ਰਿਕਸ਼ੇ ਕਰੋਗੇ?
ਸਾਮਾਨ ਕਿੰਨਾ ਹੈ ? ਕੁਲ ਕਿੰਨੇ ਨਗ ਨੇ ?
ਸਵਾਰੀਆਂ ਕਿਥੋਂ ਲੈਣੀਆਂ ਨੇ ?
ਉਸ ਨੂੰ ਸਾਰੇ ਸਵਾਲਾਂ ਦਾ ਮਾਕੂਲ ਜਵਾਬ ਦਿੱਤਾ ਜਾਂਦਾ, ਉਸ ਤੋਂ ਬਾਅਦ ਵੀ ਕੋਈ ਰਿਕਸੇਵਾਲਾ ਤਾਂ ਜਵਾਬ ਦੇ ਦਿੰਦਾ ਕਿ ਐਂਨੀ ਅੰਦਰ ਜਾ ਕੇ ਸਵਾਰੀ ਨਹੀਂ ਲਿਆ ਸਕਦਾ - ਕੋਈ ਮੰਨ ਜਾਂਦਾ ਤੇ ਕਿਰਾਇਆ ਦੱਸਦਾ - ਫੇਰ ਉਹ ਨਾਲ ਹੀ ਰਿਕਸ਼ੇ ਤੇ ਲੰਮੇ ਪਾਏ ਕਿਸੇ ਇਕ ਹੋਰ ਰਿਕਸ਼ੇ ਵਾਲੇ ਨੂੰ ਹੌਕਾ ਮਾਰਦਾ - ਉੱਠੋ ਬਈ ਉੱਠੋ, ਚਲੋ ਇਕ ਗੇੜਾ ਮਾਰ ਕੇ ਆਈਏ! ਜੇਕਰ ਉਹ ਦੋਵੇਂ ਤਿਆਰ ਹੋ ਜਾਂਦੇ ਤਾਂ ਠੀਕ ਨਹੀਂ ਤੇ ਆਸੇ ਪਾਸੇ ਖੜੇ ਕਿਸੇ ਤਾਂਗੇ ਵਾਲੇ ਨੂੰ ਵੀ ਪੁੱਛਿਆ ਜਾਂਦਾ - ਉਹ ਵੀ ਮਾਈਂ ਪੂਰੀ ਦੀ ਪੂਰੀ ਇੰਟਰਵਿਊ ਲੈ ਛੱਡਦਾ - ਫੇਰ ਉਸ ਨਾਲ ਪੈਸੇ ਦੀ ਗੱਲ ਮੁਕਾ ਕੇ ਉਸ ਨੂੰ ਲੈ ਕੇ ਘਰ ਵੱਲ ਨਿਕਲਣਾ !
ਆਪਣਾ ਸਾਈਕਲ ਉਸ ਦੇ ਅੱਗੇ ਅੱਗੇ ਰੱਖਣਾ - ਪਿੱਛੇ ਦੇਖਦੇ ਵੀ ਰਹਿਣਾ ਕਿ ਕਿਤੇ ਵਾਪਸ ਮੁੜ ਹੀ ਨਾ ਜਾਵੇ - ਖੈਰ, ਜਦੋਂ ਉਸ ਨੇ ਘਰ ਦੇ ਲਾਗੇ ਵਾਲਾ ਮੋੜ ਮੁਡ਼ਨਾ ਤਾਂ ਤਸੱਲੀ ਹੋ ਜਾਣੀ ਕਿ ਹੁਣ ਤੇ ਇਹ ਸਾਨੂੰ ਸਟੇਸ਼ਨ ਲੈ ਹੀ ਜਾਉ - ਉਸ ਵੇਲੇ ਦਿਲ ਨੂੰ ਬਿਲਕੁਲ ਉਂਝ ਦੀ ਖੁਸ਼ੀ ਹੁੰਦੀ ਜਿਵੇਂ ਮੈਨੂੰ ਵੱਡੇ ਹੋ ਕੇ ਕਿਸੇ ਬਸ ਅੱਡੇ ਉੱਤੇ ਪ੍ਰੈਸ਼ਰ ਪੈਣ ਉੱਤੇ ਕੋਈ ਟਾਇਲਟ ਦਿੱਸਣ ਉੱਤੇ ਤੇ ਉਹ ਵੀ ਖਾਲੀ ਹੋਣ ਤੇ ਅਤੇ ਕੁੰਡੀ ਵਾਲੀ ਦਿਖਣ ਤੇ ਹੁੰਦੀ, ਪਾਣੀ ਦੀ ਟੂਟੀ ਚੈੱਕ ਕਰਣ ਦਾ ਤੇ ਸੱਚੀਂ ਕਦੇ ਧਿਆਨ ਵੀ ਨਾ ਆਉਂਦਾ! ਉਸ ਵੇਲੇ ਉਸ ਦੇ ਬਾਹਰ ਖੜਾ ਠੇਕੇਦਾਰ ਕੋਈ ਫ਼ਰਿਸ਼ਤਾ ਜਾਪਦਾ ਜਿਸ ਨੇ ਅੱਜ ਬਚਾ ਲਿਆ - ਮੇਰੇ ਕੋਲ ਅਜਿਹੀਆਂ ਯਾਦਾਂ ਦੀ ਪੂਰੀ ਇੱਕ ਵੱਖਰੀ ਵੱਡੀ ਸਾਰੀ ਪੰਡ ਹੈ - ਜਿਸ ਨੂੰ ਫੇਰ ਕਿਸੇ ਦਿਨ ਖੋਲਾਂਗੇ !!
ਲੋ ਜੀ, ਦੋ ਰਿਕਸ਼ੇ ਜਾਂ ਇਕ ਤਾਂਗਾ ਘਰ ਦੇ ਬਾਹਰ ਖੜਾ ਹੋ ਗਿਆ - ਉਹ ਝੱਟ ਹੀ ਛਿੱਥਾ ਪੈ ਜਾਂਦਾ - ਜਲਦੀ ਕਰੋ ਬਈ - ਜਲਦੀ ਕਿਵੇਂ ਕਰੀਏ, ਅਜੇ ਤੇ ਬੀਜੀ ਆਪਣੀਆਂ ਆਂਢ ਗੁਆਂਢ ਦੀਆਂ ਸਹੇਲੀਆਂ ਨੂੰ ਮਿਲ ਰਹੇ ਨੇ - ਖੈਰ, ਉਹ 2-4 ਮਿੰਟ ਚ' ਹੀ ਮੁੜ ਆਉਂਦੇ - ਸਾਮਾਨ ਨੂੰ ਰਿਕਸ਼ੇ ਉੱਤੇ ਲਧਿਆ ਜਾਂਦਾ - ਅਸੀਂ ਸਾਰੇ ਪੰਜੇ ਜੀਅ ਬੈਠ ਜਾਂਦੇ - ਰਿਕਸ਼ੇ ਤੁਰ ਪਏ ਤੋਂ ਲੋ ਜੀ ਪਹੁੰਚ ਗਏ ਜੀ ਅਸੀਂ ਅੰਮ੍ਰਿਤਸਰ ਸਟੇਸ਼ਨ ਉੱਤੇ - ਫਸਟ ਕਲਾਸ ਦੀ ਡਿਓੜੀ ਦੇ ਸਾਮਣੇ - ਉਸੇ ਵੇਲੇ ਕੁੱਲੀ ਘੇਰ ਲੈਂਦੇ (ਜਿਵੇਂ ਨਵਾਬ ਆਏ ਨੇ !!) - ਦੋ ਕੁੱਲੀ ਇਕ ਇਕ ਟਰੰਕ ਤੇ ਇਕ ਇਕ ਬਿਸਤਰਾ ਚੱਕ ਲੈਂਦੇ - ਬਾਕੀ ਨਿੱਕ ਸੁੱਕ, ਰੋਟੀ ਪਾਣੀ, ਖਾਣ ਪੀਣ ਦਾ ਹੋਰ ਸਾਮਾਨ ਤੇ ਸੁਰਾਹੀ, ਟੋਕਰੀ ਅਸੀਂ ਫੜ ਲੈਂਦੇ ਤੇ ਪਲੇਟਫਾਰਮ ਤੇ ਪੁੱਜ ਕੇ ਟਰੰਕਾਂ ਤੇ ਬੈਠ ਜਾਂਦੇ। ਦੋ ਮਿੰਟ ਬਾਅਦ ਹੀ ਚਾ-ਪਕੌੜੇ, ਪੂਰੀ ਛੋਲੇ, ਵੇਸਨ ਦੇ ਗਰਮਾ ਗਰਮ ਲੱਡੂਆਂ ਦੇ ਛਾਬੇ ਵੱਲ ਨੱਸ ਜਾਂਦੇ!
ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਬੰਦੇ ਨੇ 45-50 ਸਾਲ ਪਹਿਲਾਂ ਸਟੇਸ਼ਨ ਪੁੱਜ ਕੇ ਗੱਡੀ ਫੜਨ ਲਈ ਐੱਡੀ ਮੇਹਨਤ ਕੀਤੀ ਹੋਵੇਗੀ, ਜੇਕਰ ਅੱਜ ਦੇ ਜ਼ਮਾਨੇ ਵਿਚ ਉਸ ਦੀ ਗੱਡੀ ਛੁੱਟ ਜਾਵੇ ਤਾਂ ਉਸ ਦਾ ਆਪਣੇ ਮੂੰਹ ਤੇ ਵੱਟ ਕੇ ਇਕ ਚੰਡ ਮਾਰਨ ਦਾ ਦਿਲ ਕਰੇਗਾ ਕਿ ਨਹੀਂ ? - ਮੇਰਾ ਵੀ ਉਸ ਦਿਨ ਦਿਲ ਤੇ ਕੀਤਾ, ਪਰ ਮੈਂ ਆਪਣੇ ਸਿਰਦਰਦ ਤੋਂ ਬਹੁਤ ਡਰਦਾ ਹਾਂ - ਇਕ ਵਾਰੀ ਛਿੜ ਜਾਵੇ ਫੇਰ ਪੂਰਾ ਦਿਨ ਬੰਨੇ ਲੱਗ ਜਾਂਦੈ - ਇਕ ਕਰ ਕੇ ਮੈਂ ਵੀ ਸੋਚਿਆ ਕਿ ਮਨਾ ਠੰਡ ਰੱਖ - ਅਗਾਂਹ ਵੱਧ!!
ਲੋ ਜੀ ਮੇਰੀ ਪਸੰਦ ਦਾ ਇਹ ਪੰਜਾਬੀ ਗੀਤ ਸੁਣੋ - ਦੇਬੀ ਮਖਸੂਸਪੁਰੀ ਦੀ ਆਵਾਜ਼ ਵਿਚ - ਮੈਂ ਇਸ ਗੀਤ ਨੂੰ ਬਹੁਤ ਸੁਣਦਾ ਹਾਂ...
Subscribe to:
Post Comments (Atom)
ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...
ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...
-
ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜ...
-
ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧ...
-
ਜਿਹੜੇ ਲੋਕ ਹੁਣ ਮੇਰੇ ਹਾਣੀ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਏ ਕਿ ਸਾਡੇ ਵੇਲੇ ਐੱਡੇ ਕੋਈ ਦਿਲਲਗੀ ਦੇ ਸਾਧਨ ਨਹੀਂ ਸੀ, ਟੈਲੀਵਿਜ਼ਨ ਅਜੇ ਆਇਆ ਨਹੀਂ ਸੀ, ਰੇਡੀਓ ਕਦੇ ਜਦੋ...
Koi gall nhi Sir....meri vee DELHI TO SRIGANGANAGAR train ik vaari miss hoyi c...flight nakko nakk see te late ho gya see flight to utr ke fer train ni mili ...bs 5 minute da hi farak reh gya...mera nadaan mann mannan nu tyaar nhi see te ola book krke train nu bahadurgarh ya rohtak ja k fadan lyi vee soch lya see is moorakh ne
ReplyDelete