ਅੱਜ ਸਵੇਰੇ ਇਹ 19 ਸਾਲ ਦਾ ਮੁੰਡਾ ਮੂੰਹ ਦੀ ਕੋਈ ਤਕਲੀਫ ਲਈ ਆਇਆ ਸੀ, ਮੂੰਹ ਚ' ਛਾਲੇ ਸੀ, ਚਲੋ ਉਸ ਦੀ ਗੱਲ ਤਾਂ ਲੰਬੇ ਕਰੀਏ - ਉਹ ਤੇ ਠੀਕ ਹੋ ਹੀ ਜਾਣਗੇ - 2-4 ਦਿਨ ਵਿਚ।
ਪਰ ਜਿਹੜੀ ਚਿੰਤਾ ਦੀ ਗੱਲ ਇਸ 19 ਸਾਲ ਦੇ ਮੁੰਡੇ ਚ' ਹੈ ਜਿਹੜੀ ਓਹਨੂੰ ਵੀ ਨਹੀਂ ਪਤਾ ਉਹ ਹੈ ਗੁਟਖੇ ਤੇ ਪਾਨ ਮਸਲੇ ਤੋਂ ਹੋਣ ਵਾਲਾ ਇਕ ਖ਼ਤਰਨਾਕ ਰੋਗ ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਓਰਲ ਸੁਬਮਉਕਸ ਫਾਈਬ੍ਰੋਸਿਸ (Oral Submucus Fibrosis) ਕਹਿੰਦੇ ਹਨ. ਇਸ ਮੁੰਡੇ ਨੂੰ ਮੈਂ ਪੁੱਛਿਆ ਕਿ ਮੂੰਹ ਦੀ ਕੋਈ ਹੋਰ ਵੀ ਤਕਲੀਫ ਵੀ ਹੈ - ਉਸ ਆਖਿਆ ਮੈਨੂੰ ਹੋਰ ਕੋਈ ਤਕਲੀਫ - ਮੈਂ ਆਰਾਮ ਨਾਲ ਰੋਟੀ ਖਾਂਦਾ ਪੀਂਦਾ ਹਾਂ
ਇਥੇ ਇਕ ਗੱਲ ਬੜੀ ਗੌਰ ਕਰਣ ਵਾਲੀ ਇਹ ਹੈ ਕਿ ਇਸ ਮੁੰਡੇ ਦੇ ਮੂੰਹ ਵਿਚ ਓਰਲ ਸੁਬਮਉਕਸ ਫਾਈਬ੍ਰੋਸਿਸ ਬਿਮਾਰੀ ਦੇ ਸਾਰੇ ਲੱਛਣ ਮੌਜੂਦ ਹਨ, ਪਰ ਇਸ ਨੂੰ ਨਹੀਂ - ਇਸ ਕਰ ਕਹਿੰਦੇ ਨੇ ਕਿ ਆਪਣੇ ਦੰਦਾਂ ਦੇ ਡਾਕਟਰ ਕੋਲੋਂ ਹਰ 6 ਮਹੀਨੇ ਬਾਦ ਜਾਕੇ ਆਪਣੇ ਮੂੰਹ ਦਾ ਪੂਰਾ ਚੈੱਕ-ਅੱਪ ਕਰਵਾਉਣਾ ਬਹੁਤ ਜ਼ਰੂਰੀ ਹੈ. ਕਿਓਂਕਿ ਕਿਸੇ ਵੀ ਬਿਮਾਰੀ ਦੇ ਲੱਛਣ ਦੋ ਤਰੀਕੇ ਦੇ ਹੁੰਦੇ ਹਨ, ਇਕ ਤੇ ਉਹ ਜਿਹੜੇ ਤੁਹਾਨੂੰ ਮਹਿਸੂਸ ਹੁੰਦੇ ਨੇ ਤੇ ਦੂਜੇ ਉਹ ਜਿਹੜੇ ਕੋਈ ਕ੍ਵਾਲੀਫੈਡ ਡਾਕਟਰ ਲੱਭ ਲੈਂਦੈ। ਜਿਵੇਂ ਇਸ ਮੁੰਡੇ ਨੂੰ ਕੁਝ ਨਹੀਂ ਸੀ ਪਤਾ ਆਪਣੀ ਤਕਲੀਫ ਬਾਰੇ।
ਓਰਲ ਸੁਬਮਉਕਸ ਬਾਰੇ ਦੋ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ - ਇਹ ਤਕਲੀਫ ਗੁਟਖਾ ਤੇ ਪਾਨ ਮਸਾਲਾ ਖਾਣ ਵਾਲਿਆਂ ਚ' ਪਾਈ ਜਾਂਦੀ ਹੈ - ਇਸ ਬਿਮਾਰੀ ਵਿਚ ਮੂੰਹ ਦੀ ਅੰਦਰਲੀ ਚਮੜੀ ਬਿਲਕੁਲ ਸੁੱਕ ਕੇ ਬਿਲਕੁਲ ਪੀਲੀ ਪੈ ਜਾਂਦੀ ਹੈ - ਤੇ ਬਹੁਤ ਕੇਸਾਂ ਚ' ਤੇ ਮੂੰਹ ਦੇ ਅੰਦਰਲੀ ਗੁਲਾਬੀ ਰੰਗ ਦੀ ਚਮੜੀ ਬਿਲਕੁਲ ਚਮੜੇ ਵਾਂਗ ਸੁੱਕ ਜਾਂਦੀ ਹੈ - ਉਸ ਦੀ ਲਚਕ ਬਿਲਕੁਲ ਖਤਮ ਹੋ ਜਾਂਦੀ ਹੀ ਤੇ ਕਈ ਵਾਰ ਤਾਂ ਸਾਨੂੰ ਮਰੀਜ ਦਾ ਮੂੰਹ ਅੰਦਰੋਂ ਦੇਖਣਾ ਵੀ ਬਹੁਤ ਮੁਸ਼ਕਿਲ ਹੋ ਜਾਂਦੈ।
ਓਰਲ ਸੁਬਮਉਕਸ ਫਾਈਬ੍ਰੋਸਿਸ ਬਾਰੇ ਇਸ ਗੱਲ ਪੱਲੇ ਬੰਨਣ ਵਾਲੀ ਇਹ ਹੈ ਕਿ ਇਸ ਨੂੰ ਮੂੰਹ ਦੇ ਕੈਂਸਰ ਤੋਂ ਪਹਿਲੀ ਕੰਡੀਸ਼ਨ ਆਖਿਆ ਜਾਂਦੈ (Oral Pre-Cancerous Lesion) - ਜੇਕਰ ਕੋਈ ਆਦਮੀ ਇਥੇ ਵੀ ਨਾ ਰੁਕੇ, ਆਪਣੇ ਗੁਟਖੇ-ਮਸਲੇ ਚੱਬਣੇ-ਚੂਸਣੇ ਚਾਲੂ ਰੱਖੇ ਤਾਂ ਕੁਝ ਵੀ ਹੋ ਸਕਦੈ। ਇਕ ਵਾਰ ਜੇ ਮੂੰਹ ਵਿੱਚ ਕੈਂਸਰ ਹੋ ਜਾਂਦੈ ਤੇ ਫੇਰ ਤੁਸੀਂ ਜਾਣਦੇ ਹੀ ਹੋ ਕਿ ਕਿਵੇਂ ਸਮੇਂ ਤੇ ਪੈਸੇ ਦੀ ਬਰਬਾਦੀ ਤੇ ਹੁੰਦੀ ਹੀ ਹੈ, ਕਈ ਵਾਰ ਛੋਟੀ ਛੋਟੀ ਉਮਰੇ ਜਵਾਨਾਂ ਦੀ ਜ਼ਿੰਦਗੀ ਵੀ ਲੈ ਲੈਂਦੀ ਹੈ ਇਹ ਤਕਲੀਫ।
ਇਕ ਗੱਲ ਹੋਰ ਬਹੁਤ ਹੀ ਜ਼ਰੂਰੀ ਹੈ ਯਾਦ ਰੱਖਣੀ ਕਿ ਅਕਸਰ ਮਰੀਜ ਸੋਚਦੇ ਨੇ ਕਿ ਗੁਟਖਾ ਖਾਣਾ ਹੀ ਮਾੜਾ ਹੈ ਕਿਓਂਕਿ ਉਸ ਵਿਚ ਤੰਬਾਕੂ ਹੁੰਦੈ - ਪਾਨ ਮਸਾਲੇ ਨੂੰ ਉਹ ਮਾੜਾ ਨਹੀਂ ਸਮਝਦੇ - ਪਰ ਸਚਾਈ ਇਹ ਹੈ ਕਿ ਪਾਨ ਮਸਾਲਾ ਜਿਸ ਵਿਚ ਵੀ ਸੁਪਾਰੀ ਹੁੰਦੀ ਹੈ , ਇਸ ਨਾਲ ਵੀ ਇਹ ਬਿਮਾਰੀ ਹੋਣ ਦਾ ਖ਼ਤਰਾ ਬਣਿਆ ਰਹਿੰਦੈ।
ਇਹ ਮੁੰਡਾ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ ਇਹ ਪਿਛਲੇ ਦੋ ਸਾਲ ਤੋਂ ਇਹ ਗੁਟਖੇ ਖਾ ਰਿਹਾ ਹੈ - ਕਹਿੰਦੈ 10 ਪੈਕੇਟ ਤੇ ਹੋ ਹੀ ਜਾਂਦੇ ਨੇ, 50 ਰੁਪਈਏ ਦਾ ਖਰਚਾ - ਇਕ ਹੋਰ ਵੀ ਗੱਲ ਇਥੇ ਲਿਖਣੀ ਜ਼ਰੂਰੀ ਹੈ ਕਿ ਓਰਲ ਸੁਬਮਉਕਸ ਨਾ ਦੀ ਇਸ ਬਿਮਾਰੀ ਵਿਚ ਬੰਦੇ ਦਾ ਮੂੰਹ ਹੌਲੀ ਹੌਲੀ ਖੁਲ੍ਹਣਾ ਘੱਟ ਜਾਂਦਾ ਹੈ - ਇਹ ਕਈ ਵਾਰੀ ਇੰਨਾਂ ਜ਼ਿਆਦਾ ਘੱਟ ਜਾਂਦੈ ਕਿ ਉਸ ਬੰਦੇ ਦੇ ਮੂੰਹ ਵਿੱਚ ਇਕ ਉਂਗਲੀ ਵੀ ਨਹੀਂ ਜਾ ਸਕਦੀ। ਇਸ ਕਰਕੇ ਕਈ ਮਰੀਜ ਤੇ ਅਜਿਹੇ ਵੀ ਦੇਖੇ ਜਿਹੜੇ ਸਿਰਫ ਲਿਕਵਿਡ ਖੁਰਾਕ ਹੀ ਲੈ ਪਾਂਦੇ ਨੇ, ਇਸ ਕਰਕੇ ਸਿਹਤ ਲਗਾਤਾਰ ਡਿੱਗਦੀ ਰਹਿੰਦੀ ਹੈ, ਬੰਦਾ ਨਿੱਘਰ ਜਾਂਦਾ ਹੈ - ਅੱਛਾ, ਇਹ ਤਕਲੀਫ ਸਿਰਫ ਆਦਮੀਆਂ ਨੂੰ ਹੀ ਨਹੀਂ ਹੁੰਦੀ, ਬਹੁਤ ਸਾਰੀਆਂ ਜਨਾਨੀਆਂ ਚ' ਵੀ ਇਹ ਤਕਲੀਫ ਨਾਲ ਆਉਂਦੀਆਂ ਹਨ.
ਅੱਜ ਜਿਹੜਾ 19 ਸਾਲ ਦਾ ਮੁੰਡਾ ਆਇਆ ਸੀ ਉਸ ਦੇ ਮੂੰਹ ਦੀ ਫੋਟੋ ਕਿਵੇਂ ਪਿੱਛਲੇ ਪਾਸੇ ਸਾਰੀ ਚਮੜੀ ਚਿੱਟੀ ਪੈ ਰਹੀ ਹੈ |
ਇਹ ਮੁੰਡਾ ਮੂੰਹ ਵੀ ਮਸੀਂ ਦੋ ਉਂਗਲਾਂ ਹੀ ਵਾੜ ਪਾ ਰਿਹਾ ਸੀ, ਕਿਓਂਕਿ ਇਸ ਤਕਲੀਫ ਵਿਚ ਮੂੰਹ ਹੌਲੀ ਹੌਲੀ ਖੁਲ੍ਹਣਾ ਘਟਦਾ ਜਾਂਦੈ |
15 ਮਿੰਟ ਇਸ ਮੁੰਡੇ ਨੂੰ ਇਕੱਲੇ ਸਮਝਾਇਆ ਕਿ ਇਹ ਅੱਗ ਨਾਲ ਖੇਡਣਾ ਬੰਦ ਕਰਨਾ ਪਉ - ਲੱਗਦਾ ਤੇ ਹੈ ਕਿ ਸਮਝ ਗਿਆ ਹੈ. ਉਸ ਨੂੰ ਕਿਹਾ ਕਿ ਖਾਣ ਪੀਣ ਦਾ ਧਿਆਨ ਕਰੇ ਤੇ ਵਿਚ ਵਿਚ ਆ ਕੇ ਦਿਖਾਉਂਦਾ ਰਹੇ. ਇਸ ਤਰ੍ਹਾਂ ਦੀ ਤਕਲੀਫ ਦਾ ਸਬ ਤੋਂ ਵੱਡਾ ਇਲਾਜ ਇਹੋ ਹੈ ਕਿ ਪਾਨ ਮਸਾਲੇ, ਗੁਟਖੇ ਵਰਗੀਆਂ ਚੀਜ਼ਾਂ ਨੂੰ ਹਮੇਸ਼ਾ ਲਈ ਲੱਤ ਮਾਰਣੀ ਬਿਲਕੁਲ ਜ਼ਰੂਰੀ ਹੁੰਦੀ ਏ - ਬਾਕੀ ਜਿਹੜੀਆਂ ਮੂੰਹ ਵਿਚ ਤਕਲੀਫ਼ਾਂ ਹੋ ਚੁੱਕਿਆਂ ਹੁੰਦੀਆਂ ਨੇ ਉਸ ਨੂੰ ਸਪੈਸ਼ਲਿਸਟ ਡੈਂਟਿਸਟ ਦੇਖਦੇ ਰਹਿੰਦੇ ਹਨ.
ਇਕ ਦੋ ਗੱਲਾਂ ਹੋਰ ਕਰ ਲਈਏ ਇਸ ਤਕਲੀਫ ਬਾਰੇ - ਜਿਵੇਂ ਇਸ ਮੁੰਡੇ ਨੂੰ ਆਪਣੀ ਤਕਲੀਫ ਦਾ ਨਹੀਂ ਸੀ ਪਤਾ, ਇਸੇ ਤਰ੍ਹਾਂ ਕੁਝ ਲੋਕਾਂ ਨੂੰ ਇਸ ਤਰ੍ਹਾਂ ਦੀ ਤਕਲੀਫ ਦਾ ਪਤਾ ਹੀ ਉਸ ਵੇਲੇ ਲੱਗਦੈ ਜਦੋਂ ਉਹ ਗੋਲਗੱਪਾ ਖਾਣ ਵਾਸਤੇ ਮੂੰਹ ਹੀ ਨਹੀਂ ਪੂਰਾ ਖੋਲ ਪਾਂਦੇ - ਅਕਸਰ ਇਸ ਬਿਮਾਰੀ ਵਿਚ ਮੂੰਹ ਵਿਚ ਜਗ੍ਹਾ ਜਗ੍ਹਾ ਤੇ ਜ਼ਖ਼ਮ ਹੋ ਜਾਂਦੇ ਨੇ, ਬਸ ਮਰੀਜ ਟਿਊਬਾਂ ਤੇ ਮੋਊਥਵਾਸ਼ਾਂ ਕਰ ਕਰ ਕੇ ਸਮੇਂ ਨੂੰ ਧੱਕੇ ਦੇਂਦਾ ਰਹਿੰਦੈ -
ਇਹ ਬੜੀ ਨਾਮੁਰਾਦ ਤਕਲੀਫ ਹੈ, ਪਾਨ ਮਸਾਲੇ ਗੁਟਖੇ ਤੋਂ ਬਚ ਕੇ ਇਸ ਬਿਮਾਰੀ ਤੋਂ ਵੀ ਬਚੇ ਰਹੋ - ਇਹ ਤਕਲੀਫ ਉਹਨਾਂ ਵਿਚ ਵੀ ਹੁੰਦੀ ਹੈ ਜਿਹੜੇ ਲੋਕੀਂ ਮਿਰਚਾਂ ਬਹੁਤ ਖਾਂਦੇ ਨੇ - 25 ਕੁ ' ਸਾਲ ਪਹਿਲਾਂ ਮੈਂ ਇੱਕੋ ਮਰੀਜ ਦੇਖਿਆ ਸੀ - 12 ਸਾਲ ਦੀ ਕੁੜੀ ਰਾਜਸਥਾਨ ਦੀ ਰਹਿਣ ਵਾਲੀ ਸੀ, ਜਿਹੜੀ ਰੋਜ਼ ਮਿਰਚਾਂ ਦੀ ਚਟਨੀ ਨਾਲ ਰੋਟੀ ਖਾਂਦੀ ਸੀ.
ਮੈਨੂੰ ਪੱਕਾ ਯਾਦ ਹੈ ਮੈਂ 1985 ਵਿਚ ਇਕ ਜਰਨਲ ਵਿਚ ਇਸ ਤਕਲੀਫ ਬਾਰੇ ਪੜਿਆ ਸੀ, ਉਸ ਤੋਂ ਬਾਅਦ ਟਾਵੇਂ ਟਾਵੇਂ case ਕਦੇ ਕਦੇ ਦਿਸ ਜਾਂਦੇ ਸੀ - ਪਿਛਲੇ 8-10ਸਾਲ ਤੋਂ ਤੇ ਅਜਿਹੇ ਮਰੀਜਾਂ ਦੀਆਂ ਲਾਈਨਾਂ ਲੱਗ ਚੁਕੀਆਂ ਨੇ. ਮੈਂ ਆਪਣੇ ਹਿੰਦੀ ਤੇ ਅੰਗਰੇਜ਼ੀ ਦੇ ਬਲੌਗ ਵਿਚ ਇਸ ਬਿਮਾਰੀ ਬਾਰੇ ਬਹੁਤ ਸਾਰੇ ਮਰੀਜਾਂ ਦੀਆਂ ਹੱਡ-ਬੀਤੀਆਂ ਲਿਖੀਆਂ ਨੇ, ਹੁਣ ਲੱਗਦੈ ਪੰਜਾਬੀ ਵਿੱਚ ਇਹੋ ਕੰਮ ਸ਼ੁਰੂ ਕਰਣਾ ਪੈਣਾ ਏ. ਕੋਈ ਗੱਲ ਨਹੀਂ - ਜੇਕਰ 1 ਬੰਦਾ ਵੀ ਇਸ ਨੂੰ ਪੜ੍ਹ ਕੇ ਅਜਿਹੇ ਜ਼ਹਿਰ ਤੋਂ ਦੂਰ ਰਹੇ ਤਾਂ ਮੈਨੂੰ ਮੇਰੀ ਮੇਹਨਤ ਦਾ ਫਲ ਮਿਲ ਗਿਆ.
ਮੈਂ ਕਦੇ ਕਿਸੇ ਨੂੰ ਨਹੀਂ ਕਹਿੰਦਾ ਕਿ ਇਸ ਪੋਸਟ ਨੂੰ ਸਾਂਝਾ ਕਰੋ, ਉਸ ਨੂੰ ਸਾਂਝਾ ਕਰੋ, ਕਿਓਂਕਿ ਕਿਸੇ ਦੇ ਕਹਿਣ ਤੇ ਮੈਂ ਵੀ ਕਦੇ ਕੁਝ ਅਗਾਂਹ ਸਾਂਝਾ ਨਹੀਂ ਕਰਦਾ, ਪਰ ਇਸ ਪੋਸਟ ਬਾਰੇ ਮੇਰੀ ਹੱਥ ਜੋੜ ਕੇ ਬਿਨਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਨਾਲ ਇਸ ਨੂੰ ਸਾਂਝਾ ਕਰੋ ਕਿਓਂਕਿ ਪੰਜਾਬੀ ਚ' ਵੈਸੇ ਵੀ ਇਸ ਤਰ੍ਹਾਂ ਦੇ online content ਦਾ ਟੋਟਾ ਹੀ ਹੈ ਅਜੇ, ਕਿ ਪਤਾ ਤੁਹਾਡੇ ਇਸ ਉਪਰਾਲੇ ਨਾਲ ਕਿਸੇ ਬਾਲ-ਬਾਲੜੇ ਦੀ ਜ਼ਿੰਦਗੀ ਬੱਚ ਜਾਵੇ - ਮੈਨੂੰ ਲੋਕ ਦੱਸਦੇ ਨੇ ਕਿ ਹੁਣ ਇਹ ਗੁਟਖੇ-ਪਾਨ ਮਸਲੇ ਦੀ ਸੌਗਾਤ ਪੰਜਾਬੀਆਂ ਤੱਕ ਵੀ ਪਹੁੰਚ ਚੁਕੀ ਹੈ - ਬਚੇ ਰਹੋ ਬੇਲੀਓ ਤੇ ਹੋਰਨਾਂ ਨੂੰ ਵੀ ਬਚਾਂਦੇ ਰਹੋ - ਖੁਸ਼ੀਆਂ ਮਾਨੋ ਜੀ !!🙏
ਆਓ ਪੰਜਾਬ ਦੇ ਮੌਜੂਦਾ MP ਸਾਬ ਦੇ ਦਰਸ਼ਨ ਕਰ ਛੱਡੀਏ -