Monday, 30 September 2019

ਹੁਣ ਮੈਂ ਫ਼ੂਡ ਸਪਲੀਮੈਂਟਸ ਬਾਰੇ ਨਹੀਂ ਲਿਖਦਾ..

ਮੈਂ ਪਿਛਲੇ 10-15 ਸਾਲਾਂ ਦੇ ਦੌਰਾਨ ਫ਼ੂਡ ਸਪਲੀਮੈਂਟਸ ਬਾਰੇ ਕਾਫੀ ਕੁਝ ਲਿਖਿਆ - ਹਿੰਦੀ, ਅੰਗਰੇਜ਼ੀ ਵਿੱਚ ਦਰਜਨਾਂ ਲੇਖ ਲਿੱਖ ਦਿੱਤੇ - ਪਰ ਮੈਨੂੰ ਇੰਝ ਲੱਗਦੈ ਮੈਂ ਬਸ ਕਾਗਜ਼ ਹੀ ਕਾਲੇ ਕਰਦਾ ਰਿਹਾ - ਕਿਸੇ ਤੇ ਕੋਈ ਅਸਰ ਨਹੀਂ ਹੁੰਦਾ ਨਹੀਂ ਦਿੱਖਦਾ ! ਇਹ ਲੇਖ ਵੀ ਮੈਂ ਬੜੇ ਦਿਲ ਨਾਲ ਮੈਡੀਕਲ ਵਿਗਿਆਨਕਾਂ ਦੀਆਂ ਖੋਜਾਂ ਦੇ ਅਧਾਰ ਤੇ ਲਿਖੇ ਸੀ - ਯਬਲੀਆਂ ਨਹੀਂ ਸੀ ਮਾਰੀਆਂ, ਯਬਲੀਆਂ ਤੇ ਮੈਂ ਹੁਣ ਕੁਝ ਮਹੀਨਿਆਂ ਤੋਂ ਹੀ ਮਾਰਣ ਲੱਗਾ ਜਦੋਂ ਤੋਂ ਮੈਨੂੰ ਪੰਜਾਬੀ ਲਿਖਣ ਦਾ ਝੱਸ ਪੈ ਗਿਐ ਕਿਓਂਕਿ ਪੰਜਾਬੀ ਲਿਖਣ ਲੱਗਿਆਂ ਮੈਨੂੰ ਕਦੇ ਲੱਗਾ ਹੀ ਨਹੀਂ ਕਿ ਮੈਂ ਕੁਝ ਕੰਮ ਕਰ ਰਿਹਾ ਹਾਂ - ਮੈਨੂੰ ਹਮੇਸ਼ਾ ਇੰਝ ਲੱਗਦੈ ਜਿਵੇਂ ਮੈਂ ਆਪਣੇ ਯਾਰਾਂ ਮਿੱਤਰਾਂ ਨਾਲ ਗੱਲੀਂ ਬਾਤੀਂ ਲੱਗਾ ਹਾਂ ਤੇ ਉਹ ਮੇਰੇ ਕੋਲੋਂ ਦੂਰ ਬੈਠੇ ਹਨ ਇਸ ਓਹਨਾਂ ਸਭਨਾਂ ਦੇ ਨਾਂਅ ਇੱਕ ਚਿੱਠੀ ਲਿਖ ਰਿਹਾਂ !

ਚੰਗਾ ਜੀ ਮੁੜ ਅੱਜ ਦੇ ਮੁੱਦੇ ਤੇ ਆਈਏ - ਮੈਂ ਹੁਣ ਫ਼ੂਡ ਸਪਲੀਮੈਂਟਸ ਉੱਤੇ ਨਹੀਂ ਲਿਖਦਾ, ਭਲਾ ਕਿਓਂ!! ਗੱਲ ਇੰਝ ਹੈ ਜੀ ਕਿ ਜਦੋਂ ਮੈਂ ਇਹ ਲਿਖਣਾ ਪੜਨਾ ਸ਼ੁਰੂ ਕੀਤਾ ਮੁੰਡੇ ਮੇਰੇ ਬੜੇ ਛੋਟੇ ਸੀ - ਇਸ ਲਈ ਅਕਸਰ ਓਹ ਖੇਡ ਖੇਡ ਵਿਚ ਮੇਰੀਆਂ ਇਹੋ ਜਿਹੀਆਂ ਲਿਖਤਾਂ ਜ਼ਰੂਰ ਦੇਖਦੇ ਸਨ, ਲਿਖਤਾਂ ਤੋਂ ਅਲਾਵਾ ਵੈਸੇ ਵੀ ਅਸੀਂ ਘਰੇ ਫ਼ੂਡ ਸਪਲੀਮੈਂਟਸ ਵਰਗੇ ਪੰਗਿਆਂ ਤੇ ਗੱਲ ਬਾਤ ਕਰਦੇ ਰਹੀ ਦਾ ਸੀ - ਜਦੋਂ ਇਹ ਕਾਲਜ ਗਏ ਤੇ ਗੱਲਾਂ ਕਰਦੇ ਸੀ ਆਪਣੇ ਹੋਰਨਾਂ ਸਾਥੀਆਂ ਦੀਆਂ ਜਿਹੜੇ ਜਿਮ ਵਿਚ ਜਾਉਂਦੇ ਨੇ ਤੇ ਨਾਲ ਬਾਡੀ-ਸ਼ਾਡੀ  ਬਣਾਉਣ ਵਾਸਤੇ ਇਹ ਡੱਬਾ ਖਾਂਦੇ ਨੇ ਤੇ ਓਹ ਡੱਬਾ ਖਾਂਦੇ ਨੇ - ਉਸ ਵੇਲੇ ਵੀ ਇਹਨਾਂ ਨੂੰ ਆਪਣੇ ਕਿਸੇ ਨਾ ਕਿਸੇ ਲੇਖ ਦਾ ਲਿੰਕ ਭੇਜ ਦੇਣਾ ਤੇ ਇਹਨਾਂ ਦਾ ਦਿਮਾਗ ਕਾਫੀ ਸੈੱਟ ਹੋ ਜਾਣਾ!! 

ਇਕ ਤੇ ਇਹ ਜਿਹੜੀਆਂ ਕੰਪਨੀਆਂ ਹਨ ਇਹ ਕੁਝ ਵੀ ਬਕਵਾਸ ਕਰ ਕੇ ਆਪਣੇ ਪ੍ਰੋਡਕਟਸ ਅਗਾਂਹ ਰੇੜ੍ਹ ਦਿੰਦਿਆਂ ਹਨ - ਆਪਾਂ ਓਹਨਾਂ ਦਾ ਐਨਾ ਕਸੂਰ ਨਹੀਂ ਕੱਢ ਸਕਦੇ ਜਿੰਨਾ ਕਸੂਰ ਇਹਨਾਂ ਦੀਆਂ ਮਿੱਠੀਆਂ ਤੇ ਚੋਪੜੀਆਂ ਗੱਲਾਂ ਵਿਚ, ਇਹਨਾਂ ਦੇ ਇਸ਼ਤਿਹਾਰਾਂ ਦੇ ਜਾਲ ਵਿੱਚ ਫਸਣ ਵਾਲੇ ਲੋਕਾਂ ਦਾ ਹੈ - ਮੈਨੂੰ ਯਾਦ ਆ ਰਿਹਾ ਕਿ ਕੁਝ ਮਹੀਨੇ ਪਹਿਲਾਂ ਮੇਰੇ ਕੋਲ ਇਕ ਜਨਾਨੀ ਆਈ ਸੀ ਆਪਣੇ 8-10 ਸਾਲ ਦੇ ਮੁੰਡੇ ਨੂੰ ਲੈ ਕੇ - ਇੰਝ ਹੀ ਗੱਲਾਂ ਗੱਲਾਂ ਵਿਚ ਕਹਿਣ ਲੱਗੀ ਕਿ ਇਹ ਤਗੜਾ ਨਹੀਂ ਹੈ, ਡਰਦੀ ਹਾਂ ਕਿਤੇ ਗਿੱਠਾ ਹੀ ਰਹਿ ਜਾਵੇ  (ਇਹ ਪੰਜਾਬੀ ਮਾਵਾਂ ਦਾ ਹੀ ਵਹਿਮ ਨਹੀਂ, ਸਾਰੀਆਂ ਮਾਵਾਂ ਨੂੰ ਨਿਆਣੇ ਕਮਜ਼ੋਰ ਹੀ ਲਗਦੈ ਹਨ!!) - ਕਹਿਣ ਲੱਗੀ ਕਿ ਮੈਂ ਤੇ ਇਸ ਨੂੰ ਉਹ ਵਾਧੇ ਪਏ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਪਾਊਡਰ ਵੀ ਖਵਾ ਦਿੱਤਾ 2-3 ਮਹੀਨੇ -ਹਜ਼ਾਰ ਰੁਪਈਏ ਦਾ ਡੱਬਾ ਆਉਂਦੈ - ਉਸ ਨੇ ਜਿਹੜਾ ਨਾਂਅ ਲਿਆ ਮੈਂ ਸਮਝ ਗਿਆ ਕਿ ਇਹ ਤਾਂ ਓਹੀ ਪ੍ਰੋਟੀਨ ਸਪਲੀਮੈਂਟਸ ਦੇ ਨਾ ਤੇ ਵਿਕਣ ਵਾਲਾ ਪਾਊਡਰ ਹੈ - ਉਸ ਦਿਨ ਮੈਂ ਉਸ ਨੂੰ ਸਮਝਾਇਆ ਹੀ ਨਹੀਂ, ਥੋੜਾ ਬਹੁਤ ਡਰਾ ਵੀ ਦਿੱਤਾ ਕਿ ਉਸ ਪਾਊਡਰ ਨੂੰ ਅੱਜ ਤੋਂ ਬਾਅਦ ਨਹੀਂ ਖਾਣਾ - ਨਿਆਣੇ ਨੂੰ ਦਾਲ, ਰੋਟੀ, ਸ਼ਾਗ, ਸਬਜ਼ੀ ਛਕਾਓ- ਬਾਕੀ ਰੱਬ ਦੇ ਨਾਲ ਪੰਗੇ ਲੈਣੇ ਬੰਦ ਕਰੋ ! 

ਕੁਝ ਦਿਨਾਂ ਬਾਅਦ ਓਹੀਓ ਬੀਬੀ ਫੇਰ ਮਿਲੀ - ਕਹਿੰਦੀ ਡਾਕਟਰ ਸਾਬ -ਮੁੰਡਾ ਐਡਾ ਬਿਮਾਰ ਹੋ ਗਿਆ ਸੀ , ਉਸ ਦੇ ਪੂਰੇ ਸ਼ਰੀਰ ਤੇ ਸੋਜਾਂ ਪੈ ਗਈਆਂ - ਗੁਰਦੇ ਦੇ ਡਾਕਟਰ ਨੇ ਵੀ ਬੜਾ ਡਾਂਟਿਆ ਕਿ ਬੱਚੇ ਨੂੰ ਤੂੰ ਕਿਓਂ ਓਹ ਪਾਊਡਰ ਦੇ ਰਹੇ ਸਾਓ!! ਖੈਰ ਮੁੰਡਾ ਥੋੜੇ ਚਿਰ ਬਾਅਦ ਠੀਕ ਹੋ ਗਿਆ ਤੇ ਉਸ ਦੀ ਮਾਂ ਨੇ ਅੱਗੇ ਤੋਂ ਕੁਦਰਤ ਦੇ ਨਿਜ਼ਾਮ ਨੂੰ ਆਪਣੇ ਹੱਥ ਵਿਚ ਨਾ ਲੈਣ ਦੀ ਸਹੁੰ ਖਾ ਲਈ. 

ਚੰਗਾ ਜੀ, ਇਹ ਤਾਂ ਸੀ ਉਸ ਬੀਬੀ ਦੀ ਗੱਲ - ਹੁਣ ਮੇਰੇ ਮੁੰਡੇ ਦੀ ਗੱਲ ਸੁਣੋ, ਨੌਕਰੀ ਕਰਦੈ - ਜਿਮ ਜਾਂਦਾ ਹੈ , ਉਸ ਦੇ ਘਰ ਵੀ ਫ਼ੂਡ ਸਪਲੇਮੈਂਟਸ ਦੇ ਡੱਬੇ ਵੇਖੇ।  ਕਹਿੰਦੈ ਇਹ ਉਹ ਨਹੀਂ ਹੁੰਦੈ - ਇਹ ਤਾਂ ਪ੍ਰੋਟੀਨ ਹੁੰਦੈ - ਜਦੋਂ ਬੱਚੇ ਐੱਨੇ ਕੁ' ਸਿਆਣੇ ਹੋ ਜਾਣ ਕਿ ਆਪਣਾ ਮਾੜਾ ਚੰਗਾ ਸਮਝਣ ਲੱਗਣ (ਆਪਣੇ ਹਿਸਾਬ ਨਾਲ ਹੀ ਸਹੀ), ਉਸ ਵੇਲੇ ਮਾਪਿਆਂ ਦੀ ਸਮਝਦਾਰੀ ਇਸੇ ਵਿਚ ਹੁੰਦੀ ਹੈ ਕਿ ਪਿੱਛੇ ਹੱਟ ਜਾਣ - ਐਵੇਂ ਉਲਝਣ ਨਾਲ ਕੁਝ ਲੱਭਦਾ ਨਾ ਹੀ ਵੇਖਿਆ ਤੇ ਨਾ ਹੀ ਸੁਣਿਆ !

ਮੈਂ ਪਹਿਲਾਂ ਵੀ ਦੱਸ ਚੁਕਿਆ ਹਾਂ ਕਿ ਅਜਿਹੀਆਂ ਚੀਜ਼ਾਂ ਦੇ ਨੁਕਸਾਨਾਂ ਬਾਰੇ ਅਸੀਂ ਦੋਵੇਂ (ਬੀਵੀ ਵੀ ਡਾਕਟਰ ਹੈ) ਐਂਨੀ ਗੱਲ ਬਾਤ ਕਰਦੇ ਸੀ ਕਿ ਮੈਨੂੰ ਤੇ ਇੰਝ ਲੱਗਦਾ ਸੀ ਅਸੀਂ ਮੁੰਡਿਆਂ ਦਾ ਇਸ ਬਾਰੇ ਚੰਗਾ ਬ੍ਰੇਨ ਵਾਸ਼ ਕਰ ਦਿੱਤਾ ਹੈ।  ਲੋ ਜੀ, ਵੱਡੇ ਮੁੰਡੇ ਦੀ......ਠਹਿਰੋ ਜ਼ਰਾ !!

ਪਹਿਲਾਂ ਇਹ ਗੱਲ ਲਿਖ ਦਿਆਂ ਕਿ ਮੈਂ ਆਖ਼ਰ ਇਹ ਘਰ ਦੀਆਂ ਗੱਲਾਂ ਇਥੇ ਕਿਓਂ ਲਿਖ ਰਿਹਾ ਹਾਂ - ਉਸ ਦਾ ਕਾਰਣ ਬਸ ਇੰਨਾ ਹੈ ਕਿ ਇੱਕ ਲਿਖਾਰੀ ਦਾ ਘਰ ਪਰਿਵਾਰ ਬਹੁਤ ਵੱਡਾ ਹੁੰਦੈ - ਉਹ ਜਿਸ ਬੋਲੀ ਵਿਚ ਲਿਖਦਾ ਹੈ ਉਸ ਬੋਲੀ ਦੇ ਕੈਦੇ ( ਕੈਦਾ ਹੀ ਤੇ ਕਹਿੰਦੇ ਸੀ ਓਸ ਕਿਤਾਬ ਨੂੰ ਜਿਹੜੀ ਕੱਚੀ ਜਮਾਤ ਵਿਚ ਪੜਦੇ ਸੀ. ...ਕ਼ਾਇਦਾ ਜਾਂ ਕੈਦਾ, ਮੈਨੂੰ ਵੀ ਨਹੀਂ ਪਤਾ ) ...ਨੂੰ ਜਾਣਨ ਵਾਲਾ ਵੀ ਉਸ ਦੇ ਸਾਹਿਤਿਅਕ ਪਰਿਵਾਰ ਦਾ ਵਡਮੁੱਲਾ ਮੈਂਬਰ ਹੁੰਦੈ - ਇਸ ਲਈ ਸਭ ਤੋਂ ਪਹਿਲਾਂ ਲਿਖਾਰੀ ਨੂੰ ਆਪਣਾ ਢਿੱਡ ਤਾਂ ਨੰਗਾ ਕਰਣਾ ਹੀ ਪੈਂਦੈ - ਐਵੇਂ ਹਵਾਈ ਗੱਲਾਂ ਨਾਲ ਕਦੇ ਕੋਈ ਸਾਂਝ ਨਹੀਂ ਪੈਂਦੀ! 

ਚੰਗਾ ਜੀ, ਹੁਣ ਆਪਣੇ ਛੋਟੇ ਮੁੰਡੇ ਦੀ ਗੱਲ ਕਰਦਾ ਹਾਂ ਜੀ - ਇੰਜੀਨਿਅਰ ਹੈ, ਨੌਕਰੀ ਕਰਦੈ  - ਦੋ ਦਿਨ ਪਹਿਲਾਂ ਆਇਆ ਹੋਇਆ ਸੀ, ਮੈਂ ਵੀ ਨਾਲ ਹੀ ਬੈਠਾ ਰੋਟੀ ਖਾ ਰਿਹਾ ਸੀ - ਮੇਰਾ ਧਿਆਨ ਉਸ ਦੀ ਲੈਪਟਾਪ ਦੀ ਸਕਰੀਨ ਉੱਤੇ ਗਿਆ - ਉਹ ਵੀ ਇਸੇ whey ਪ੍ਰੋਟੀਨ ਬਾਰੇ ਹੀ ਕੁਝ ਲੱਭ ਰਿਹਾ ਸੀ - ਫੇਰ ਕੁਝ ਚਿਰ ਬਾਅਦ ਉਸ ਨੇ ਆਨਲਾਈਨ ਆਰਡਰ ਵੀ ਕੀਤਾ - ਮੈਂ ਨਹੀਂ ਪੁੱਛਿਆ ਕਿ ਆਰਡਰ ਕੀ ਕੀਤੈ !! ਇਹ ਵੀ 10-15 ਦਿਨਾਂ ਤੋਂ ਹੀ ਜਿਮ ਚ' ਜਾਣ ਲੱਗਾ ਏ. ਉਸ ਦਿਨ ਮੈਨੂੰ ਇਕ ਵਾਰ ਫੇਰ ਇਹੋ ਅਹਿਸਾਸ ਹੋਇਆ ਕਿ ਜਦੋਂ ਬੱਚੇ ਸਮਝਦਾਰ ਹੋ ਜਾਣ ਤਾਂ ਮਾਪਿਆਂ ਨੂੰ ਥੋੜੇ ਲਾਂਭੇ ਹੋ ਜਾਣਾ ਚਾਹੀਦਾ ਹੈ - ਕਿਓਂਕਿ ਜਿੰਨੀ ਆਪਣੀ ਡਿਊਟੀ ਹੋਵੇ ਜੇ ਅਸੀਂ ਓਨੀ ਕਰ ਦਿੱਤੀ ਹੈ - ਓਹੀਓ ਬਥੇਰੀ ਹੈ - ਕਿਸੇ ਚੀਜ਼ ਬਾਰੇ ਜਾਗਰੂਕ ਕਰਣਾ ਵੱਡਿਆਂ ਦਾ ਫਰਜ਼ ਹੈ - ਬਾਕੀ ਅੱਗੋਂ ਬੱਚਿਆਂ ਦੀ ਆਪਣੀ ਮਰਜ਼ੀ!! 


ਅੱਜ ਇਸ ਗੱਲ ਦਾ ਧਿਆਨ ਇਸ ਕਰ ਕੇ ਆ ਗਿਆ ਕਿਓਂ ਕਿ ਸਵੇਰੇ ਸਵੇਰੇ ਇਕ ਪੁਰਾਣੀ ਅਖਬਾਰ ਦਿੱਖ ਗਈ - ਉਸ ਵਿੱਚ ਇਸੇ ਫ਼ੂਡ ਸਪਲੀਮੈਂਟਸ ਵਾਲੇ ਪੰਗੇ ਦੀ ਗੱਲ ਦਿਖੀ ਤੇ ਇਕ ਡਿਊਟੀ ਜਿਹੀ ਸਮਝ ਕੇ ਨਿਆਣਿਆਂ ਨੂੰ ਵਹਾਤਸੱਪ ਤੇ ਉਸਦੀ ਫੋਟੋ ਭੇਜ ਦਿੱਤੀ - ਅੱਗੇ ਉਹਨਾਂ ਦੀ ਮਰਜੀ!! ਜੀਂਦੇ ਵਸਦੇ ਰਹਿਣ !! ਮੁੰਡੇ ਨੇ ਵੀ ਅਗਾਂਹ ਹੈਰਾਨ ਹੋਣ ਵਾਲੀ ਇਕ ਸਮਾਇਲੀ ਵਾਪਸ ਘੱਲ ਕੇ ਇੰਝ ਪ੍ਰਗਟਾਵਾ ਕੀਤਾ ਜਿਵੇਂ ਉਸ ਨੂੰ ਪਹਿਲੀ ਵਾਰੀ ਇਸ ਗੱਲ ਦਾ ਪਤਾ ਲੱਗਿਆ ਹੋਵੇ!! 

ਵੈਸੇ ਇਕ ਗੱਲ ਹੈ ਮੈਨੂੰ ਕਦੇ ਇਹ ਸਮਝ ਨਹੀਂ ਆਈਂ ਅੱਜ ਕਲ ਦੇ ਮੁੰਡਿਆਂ ਨੂੰ ਇਹ ਡੋਲੇ ਸ਼ੋਲੇ ਤੇ ਸਿਕਸ ਐਬ ਦਾ ਇਹ ਕਿਹੜਾ ਸ਼ਦਾ ਚੜਿਆ ਹੈ - ਮੈਂ ਹਮੇਸ਼ਾ ਲੋਕਾਂ ਨੂੰ ਕਹਿਣਾ ਹਾਂ ਕਿ ਆਪਣੇ ਦਾਰਾ ਸਿੰਘ, ਮਿਲਖਾ ਸਿੰਘ ਤੇ ਧਰਮਿੰਦਰ ਵਰਗੇ ਸ਼ੇਰਾਂ ਨੇ ਕਿਹੜੇ ਸਪਲੀਮੈਂਟਸ ਖਾਦੇ - ਖੁਰਾਕਾਂ ਸਹੀ ਰੱਖੀਆਂ - ਵਰਜਿਸ਼ਾਂ ਕੀਤੀਆਂ - ਪਰ ਹੁਣ ਤੇ ਖੁਰਾਕ ਵਾਲਾ ਫੰਡਾ ਮੈਨੂੰ ਲੱਗਦੈ ਅੱਜ ਦੀ ਪੀੜੀ ਵਾਸਤੇ ਬਦਲ ਹੀ ਗਿਆ ਹੋਵੇ ਜਿਵੇਂ - ਅੱਜ ਦੇ ਜਵਾਨਾਂ ਨੂੰ ਸਬਜ਼ੀਆਂ ਬਿਲਕੁਲ ਪਸੰਦ ਨਹੀਂ, ਮੈਨੂੰ ਤੇ ਲੱਗਦੈ ਕਈ ਸਾਲ ਹੋ ਗਏ ਹੋਣੇ ਨੇ ਇਹਨਾਂ ਨੂੰ ਸਬਜ਼ੀਆਂ ਤੋਂ ਭੱਜਦੇ - ਸਲਾਦ ਦੇ ਤੇ ਨਾਂ ਤੋਂ ਇਹਨਾਂ ਨੂੰ ਚਿੜ ਹੁੰਦੀ ਹੈ - ਫੱਲ ਫਰੂਟ ਵੀ ਬੜੇ ਧੱਕੇ ਨਾਲ ਖਾਂਦੇ ਨੇ - ਦਾਲਾਂ ਵੀ ਨਾਂ ਦੀਆਂ ਹੀ ਖਾਂਦੇ ਨੇ - ਸਿਰਫ ਇਕ ਦੋ ਦਾਲਾਂ, ਰਾਜਮਾਂਹ, ਛੋਲੇ, ਪਨੀਰ ਤੇ ਕੁਲਚੇ - ਬੱਸ ਇਹਨਾਂ ਦਾ ਸਾਰਾ ਧਿਆਨ ਪ੍ਰੋਟੀਨ ਵੱਲ ਹੀ ਦਿਸਦੈ - ਇਹ ਬਿਲਕੁਲ ਗ਼ਲਤ ਸੋਚ ਹੈ,  ਖ਼ਤਰਨਾਕ ਸੋਚ ਹੈ - ਸਾਡੇ ਸ਼ਰੀਰ ਨੂੰ ਇਕ ਸੰਤੁਲਤ ਖੁਰਾਕ ਚਾਹੀਦੀ ਹੈ ਜਿਸ ਵਿਚ ਸਾਰੇ ਤੱਤ ਹੋਣੇ ਜ਼ਰੂਰੀ ਨੇ - ਦਾਲ (ਸਾਰੀਆਂ ਦਾਲਾਂ), ਰੋਟੀ, ਸਾਗ, ਸਬਜ਼ੀ, ਸਲਾਦ, ਮੌਸਮੀ ਫੱਲ - ਦੁੱਧ, ਦਹੀ , ਮੱਖਣ। ਜੇਕਰ ਇਸ ਤਰ੍ਹਾਂ ਦਾ ਸੰਤੁਲੱਤ ਖਾਣਾ ਨਹੀਂ ਖਾਧਾ ਜਾਵੇਗਾ, ਤੇ ਬਸ ਪ੍ਰੋਟੀਨ ਹੀ ਛਕਿਆ ਜਾਵੇਗਾ ਤਾਂ ਜਵਾਨੋ ਤੁਸੀਂ ਜਿੰਨੇ ਮਰਜੀ ਡੋਲੇ ਬਣਾ ਲੋ, ਜਿੰਨੇ ਮਰਜੀ ਸਿਕਸ ਪੈਕ ਬਣਾ ਲਵੋ - ਉਹ ਬਸ ਗਿੱਲੀ ਰੇਤ ਦੇ ਢੇਰ ਤੇ ਬਹਿ ਕੇ ਇਕ ਘਰ ਉਸਾਰਣ ਵਾਲੀ ਗੱਲ ਹੈ - (ਜਿਵੇਂ ਅਸੀਂ ਬਚਪਨ ਚ' ਖੇਡਦੇ ਸੀ ) --ਮੈਨੂੰ ਤੇ ਇਸ ਤਰ੍ਹਾਂ ਨਾਲ ਇਹਨਾਂ ਸਪਲੀਮੈਂਟਸ ਨਾਲ ਬਣਾਏ ਹੋਏ ਡੋਲੇ ਤੇ ਟੀਕੇ ਲੱਗੇ ਮੋਟੇ -ਤਾਜੇ ਕੁੱਕੜਾਂ ਚ' ਕਦੇ ਕੋਈ ਫਰਕ ਹੀ ਨਹੀਂ ਲੱਗਾ !! 

ਮੰਨ ਲਿਆ ਵਾਧੇ ਪਏ ਬੱਚਿਆਂ ਨੂੰ ਪ੍ਰੋਟੀਨ ਜ਼ਿਆਦਾ ਚਾਹੀਦੈ - ਪਰ ਉਸ ਲਈ ਦਾਲਾਂ, ਛੋਲੇ, ਮੂੰਗਫਲੀ, ਸੋਇਆਬੀਨ ਦੀ ਦਾਲ ਤੋਂ ਉੱਚੇ ਤੇ ਸੁੱਚੇ ਸਰੋਤ ਕਿਥੋਂ ਲੱਭੋਗੇ, ਜਵਾਨੋ !! ਦੁੱਧ ਜੇ ਮਿਲਾਵਟੀ ਮਿਲ ਰਿਹਾ ਹੈ ਤੇ ਇਸ ਦਾ ਇਹ ਮਤਲਬ ਤੇ ਨਹੀਂ ਕਿ ਅਸੀਂ ਖ਼ਤਰਨਾਕ ਫ਼ੂਡ ਸਪਲੀਮੈਂਟਸ ਵੱਲ ਮੂੰਹ ਕਰ ਲਈਏ - ਕੋਈ ਕੁਝ ਵੀ ਕਹੇ, ਇਹ ਖ਼ਤਰਨਾਕ ਸੀ, ਹਨ ਤੇ ਹਮੇਸ਼ਾ ਰਹਿਣਗੇ - ਬਾਕੀ ਆਪੋ ਆਪਣੀ ਮਰਜੀ - ਸਾਡਾ ਕੰਮ ਹੁੰਦੈ ਘੰਟੀ ਵਜਾ ਕੇ ਸਾਰਿਆਂ ਨੂੰ ਸਚੇਤ ਕਰਨਾ - ਅੱਗੋਂ ਆਪੋ ਆਪਣੀ ਕਿਸਮਤ ! ਜੀਂਦੇ ਵਸਦੇ ਰਹੋ - ਪਹਿਲਾਂ ਮੈਨੂੰ ਯਾਦ ਹੈ ਲੋਕ ਰਾਤ ਨੂੰ ਛੋਲੇ ਤੇ ਮੂੰਗਫਲੀ ਭਿਓਂ ਕੇ ਸਵੇਰੇ ਗੁੜ ਨਾਲ ਛਕਦੇ ਸੀ - ਪਰ ਹੁਣ ਯਾਰ ਐਨਾ 20-30 ਮਿੰਟ ਵਾਸਤੇ ਉਹਨਾਂ ਨੂੰ ਚੱਬਣ ਦਾ ਕੋਈ ਪਵਾੜਾ ਹੀ ਨਹੀਂ ਕਰਣਾ ਚਾਹੁੰਦਾ!!

ਵੈਸੇ ਮੈਨੂੰ ਤੇ ਇਹ ਜਿਮ ਵਿਚ ਜਾ ਕੇ ਏ.ਸੀ ਕਮਰਿਆਂ ਅੰਦਰ ਵੜ ਕੇ ਮਸ਼ੀਨਾਂ ਉੱਤੇ ਵਲੈਤੀ ਕਸਰਤ ਦਾ ਫੰਡਾ ਵੀ ਕਦੇ ਪੱਲੇ ਨਹੀਂ ਪਿਆ - ਪਹਿਲਾਂ ਲੋਕੀਂ ਖੁੱਲੇ ਵਿਚ ਸਵੇਰੇ ਸ਼ਾਮ ਟਹਿਲਦੇ ਸੀ, ਅਸੀਂ 2-3 ਘੰਟੇ ਭੱਜਦੇ ਨੱਠਦੇ, ਸਾਇਕਲ ਵਾਹੁੰਦੇ ਸੀ - ਦਿਨ ਵਿਚ 5-7 ਬਾਜ਼ਾਰਾਂ ਦੇ ਗੇੜੇ ਵੀ ਲਾ ਆਉਂਦੇ ਸੀ - ਕਦੇ ਬਰਫ, ਕਦੇ ਗੰਢੇ ਆਲੂ ਮਿਰਚਾਂ, ਕਦੇ ਇਕ ਸੈਰਾਡੌਨ ਦੀ ਗੋਲੀ, ਕਦੇ ਇਕ ਪੋਸਟਕਾਰਡ ਡਾਕਖਾਨੇ ਚ ' ਲੈ ਕੇ ਆ ਤੇ ਕਦੇ ਪਾ ਕੇ ਆ, ਕਦੇ ਦਹੀ ਲਿਆ ਤੇ ਕਦੇ ਪਰੌਣੇ ਦੇ ਆਣ ਤੇ ਬਿਸਕੁਟ, ਸਮੋਸੇ-ਬਰਫੀ ਲੈ ਕੇ ਆ - ਸਾਰੇ ਕੰਮ ਭੱਜ ਭੱਜ ਕੇ ਪੈਦਲ ਜਾਂ ਸਾਈਕਲ ਤੇ ਕਰ ਆਉਣੇ - ਅਸਾਂ ਸ਼ੁਕਰ ਕਰਣਾ ਕਿ ਕੋਈ ਕੰਮ ਕਹੇ ਤੇ ਅਸੀਂ ਭੱਜ ਕੇ ਘਰੋਂ ਬਾਹਰ ਨੱਸੀਏ - ਦੱਸੋ, ਇਹ ਕੋਈ ਜਿਮ ਤੋਂ ਘੱਟ ਵਰਜਿਸ਼ ਸੀ - ਲੋਕੀਂ ਦੌੜਦੇ ਭੱਜਦੇ ਸੀ, ਕਬੱਡੀ ਖੇਡਦੇ ਸੀ, ਕੁਸ਼ਤੀਆਂ ਕਰਦੇ ਸੀ - ਬਸ ਬੁੱਲੇ ਵੱਡਦੇ ਸੀ ਸਾਰੇ। 

ਬਸ ਇਥੇ ਹੁਣ ਲਾਉਂਦਾ ਹਾਂ ਬ੍ਰੇਕ - ਹਾਂਜੀ, ਇਕ ਗੱਲ ਮੈਂ ਉੱਪਰ ਲਿਖੀ ਕਿ ਹੁਣ ਮੈਂ ਫ਼ੂਡ ਸਪਲੀਮੈਂਟਸ ਬਾਰੇ ਨਹੀੰ ਲਿਖਦਾ - ਕਾਫੀ ਕੁਝ ਲਿਖਿਆ ਹੈ ਪਹਿਲਾਂ ਹੀ  - ਆਨ ਲਾਈਨ ਹੀ ਹੈ ਸਭ ਕੁਝ - ਨਾਲੇ, ਜਦੋਂ ਆਸੇ ਪਾਸੇ ਦੇ ਲੋਕਾਂ ਤੇ ਹੀ ਲਿਖਤਾਂ ਦਾ ਕੋਈ ਅਸਰ ਨਾ ਹੋਵੇ ਤੇ ਹੋਰਨਾਂ ਤੇ ਕੀ ਹੋਉ, ਸ਼ਾਇਦ ਆਪਾਂ ਨੂੰ ਗੱਲ ਕਹਿਣ ਦਾ ਚੱਜ ਹੀ ਨਾ ਹੋਉ !! 

ਜਾਂਦੇ ਜਾਂਦੇ ਇਕ ਗੱਲ ਹੋਰ - ਧਰਮਿੰਦਰ ਦੀ ਗੱਲ ਆਪਾਂ ਉਪਰ ਕੀਤੀ, ਦੋ ਦਿਨ ਪਹਿਲਾਂ ਇਕ ਬੜਾ ਵਧੀਆ ਜਿਹਾ ਗੀਤ ਸੁਣਿਆ - ਟੀ. ਵੀ ਤੇ ਲੱਗਿਆ ਹੋਇਆ ਸੀ - ਧਿਆਨ ਕੀਤਾ  ਕਿ ਇਹ ਤਾਂ ਆਪਣੇ ਧਰਮਿੰਦਰ ਦਾ ਪੋਤਾ ਹੈ - ਕਲ ਹੀ ਸਿਨੇਮਾ ਹਾਲ ਵਿਚ ਜਾ ਕੇ ਉਹ ਫਿਲਮ ਵੇਖੀ - ਉਸ ਫਿਲਮ ਦਾ ਤਵਾ ਫੇਰ ਕਦੇ ਲਾਵਾਂਗਾ, ਇਸ ਵੇਲੇ ਤੇ ਤੁਸੀਂ ਉਹ ਗਾਣਾ ਸੁਣੋ ਜੀ ਜਿਸ ਨੇ ਸਾਨੂੰ ਕਲ ਮੀਂਹ ਵਿਚ ਵੀ ਟਾਕੀ ਵੱਲ ਧਿੱਕ ਦਿੱਤਾ!! 

Friday, 27 September 2019

ਅੱਜ ਗੁਰਦਾਸ ਮਾਨ ਦਾ ਹੀ ਤਵਾ ਲਾਈਏ!

ਜਦੋਂ ਦੋ ਨਿਆਣਿਆਂ ਵਿੱਚ ਕੋਈ ਪੰਗਾ ਹੋ ਜਾਵੇ ਤੇ ਕੱਟੀ ਕਰਣ ਤੋਂ ਪਹਿਲਾਂ ਮਾਮਲਾ ਓਹਨਾਂ ਦੀਆਂ ਮਾਵਾਂ ਕੋਲ ਪਹੁੰਚਦਾ ਹੈ - ਪਰ ਉਹ ਅਕਸਰ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਿਆਂ ਤੇ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਆਪੋ ਆਪਣੇ ਨਿਆਣੇ ਦੇ ਪੱਖ ਵਿਚ ਖੜ ਜਾਂਦੀਆਂ ਹਨ- ਇਸ ਗੱਲ ਦੇ ਮਾੜ ਚੰਗ ਵੱਲ ਅਸੀਂ ਨਹੀਂ ਤੁਰਦੇ, ਬੱਸ ਐਂਨਾਂ ਕੁ' ਕਹਿਣਾ ਹੀ ਠੀਕ ਹੈ ਕਿ ਇਹ ਪਿਆਰ ਦਾ ਅਸਰ ਹੁੰਦੈ - ਜਦੋਂ ਅਸੀਂ ਕਿਸੇ ਨਾਲ ਦਿਲੋਂ ਪਿਆਰ ਕਰਦੇ ਹਾਂ ਤਾਂ ਅਸੀਂ ਹਰ ਵੇਲੇ ਉਸ ਨਾਲ ਖੜੇ ਹੁੰਦੇ ਹਾਂ!

ਸ਼ਾਇਦ ਠੀਕ ਓਹਨਾਂ ਮਾਵਾਂ ਦੀ ਤਰ੍ਹਾਂ ਹੀ ਮੈਂ ਵੀ ਗੁਰਦਾਸ ਮਾਨ ਨੂੰ ਬਹੁਤ ਚਾਹੁੰਦਾ ਹਾਂ - ਜਿਸ ਗੱਲ ਬਾਰੇ ਐਡਾ ਵੱਡਾ ਬਵਾਲ ਮਚਿਆ ਹੋਇਆ ਹੈ - ਸੱਚ ਦੱਸਾਂ ਮੈਂ ਉਹ ਗੱਲ ਪੂਰੀ ਜਾਣਦਾ ਵੀ ਨਹੀਂ ਹਾਂ - ਕੁਛ ਗੱਲ ਹੋ ਰਹੀ ਹੈ ਕਿ ਉਸ ਨੇ ਪੰਜਾਬੀ ਬਾਰੇ ਕੁਝ ਕਿਹਾ ਹੈ - ਜਨਾ ਕਨਾ ਖੜਾ ਹੋ ਕੇ ਉਸ ਦੇ ਪਿੱਛੇ ਪੈ ਗਿਆ ਹੈ ਕਿ ਉਹ ਪੰਜਾਬੀ ਦਾ ਵਿਰੋਧੀ ਹੈ - ਪੰਜਾਬੀ ਦੀਆਂ ਰੋਟੀਆਂ ਖਾਂਦਾ ਹੈ - ਤੇ ਹੋਰ ਵੀ ਪਤਾ ਨਹੀਂ ਕੀ ਕੀ ਆਖਣ ਲੱਗੇ ਕਈ ਸਿਰ-ਕੱਢਦੇ ਨੇਤੇ ਤੇ ਓਹਨਾਂ ਦੇ ਚਮਚੇ ਕਿ ਪਹਿਲਾਂ ਸਾਈਕਲਾਂ ਤੇ ਧੱਕੇ ਖਾਂਦਾ ਸੀ, ਹੁਣ ਵੱਡਾ ਆਦਮੀ ਹੋ ਗਿਆ ਹੈ!!

ਮੇਰੇ ਲਈ ਇਹ ਸਬ ਫਿਜ਼ੂਲ ਦੀਆਂ ਗੱਲਾਂ ਹਨ ਕਿਓਂਕਿ ਜਿਵੇਂ ਮਾਂ-ਬਾਪ ਆਪਣੇ ਬੱਚਿਆਂ ਨਾਲ ਖੜੇ ਹੁੰਦੇ ਹਨ, ਉਵੇਂ ਹੀ ਮੈਂ ਵੀ ਆਪਣੇ ਆਪ ਨੂੰ ਗੁਰਦਾਸ ਮਾਨ ਨਾਲ ਖੜਾ ਵੇਖਦਾ ਹਾਂ - ਗੁਰਦਾਸ ਮਾਨ ਤੇ ਉਹ ਵੀ ਪੰਜਾਬੀ ਭਾਸ਼ਾ ਦਾ ਵਿਰੋਧੀ - ਕਹਿਣ ਤੋਂ ਪਹਿਲਾਂ ਕਿਸੇ ਨੇ ਉਸ ਦੇ ਮਹਾਨ ਕੰਮ ਵੱਲ ਵੀ ਨਾ ਤੱਕਿਆ  - ਪਹਿਲੀ ਗੱਲ ਤਾਂ ਇਹ ਹੈ ਕਿ ਉਸ ਨੂੰ ਮੈਂ ਕਿਵੇਂ ਪੰਜਾਬੀ ਜ਼ੁਬਾਨ ਦਾ ਵਿਰੋਧੀ ਮੰਨ ਲਵਾਂ - ਜਿਸ ਦੀ ਪੰਜਾਬੀ ਬੋਲੀ ਦਾ ਮੈਂ 40 ਸਾਲ ਤੋਂ ਕਾਇਲ ਹਾਂ - ਜਦੋਂ ਗੀਤ ਗਾਉਂਦਾ ਹੈ ਇਵੇਂ ਲੱਗਦੈ ਜਿਵੇਂ ਰਬ ਨੇ ਉਸ ਸੀ ਸੰਘੀ ਚ' ਡੇਰਾ ਲਾਇਆ ਹੋਵੇ - ਅਨੇਕਾਂ ਸ਼ਬਦ ਉਸ ਕੋਲੋਂ ਪੰਜਾਬੀ ਦੇ ਸਿੱਖੇ - ਓਹ ਵੀ ਉਸ ਵੇਲੇ ਜਦੋਂ 16-17 ਸਾਲ ਦੇ ਬੰਦਾ ਇੱਕ ਕੱਚੀ ਮਿੱਟੀ ਦਾ ਢੇਲਾ ਹੁੰਦੈ -

ਮੈਂ ਹੀ ਕਿਓਂ ਘੱਟੋ ਘੱਟ 3-4 ਪੀੜੀਆਂ ਨੂੰ ਇਸ ਗੁਰਦਾਸ ਮਾਨ ਨੇ ਪੰਜਾਬੀ ਦੇ ਆਰੇ ਲਾਇਆ ਹੋਇਆ ਹੈ - ਮੇਰੇ ਮਾਪੇ ਇਸ ਸ਼ਖਸ਼ ਦੇ ਗਾਣਿਆਂ ਤੇ ਹੱਸਦੇ-ਖਿਲਖਿਲਾਉਂਦੇ ਤੁਰ ਗਏ, ਮੈਂ 40 ਸਾਲਾਂ ਤੋਂ ਸੁਣ ਰਿਹਾ ਹਾਂ ਤੇ ਕਈਂ ਵਾਰੀਂ ਇਸਦੇ ਗੀਤ ਰੁਲਾ ਦਿੰਦੇ ਹਨ, ਬੜੀ ਵਾਰ ਇਕੱਲੇ ਬੈਠੇ ਨੂੰ ਵੀ ਬੜਾ ਹਸਾਉਂਦੇ ਹਨ ਤੇ ਕਈ ਵਾਰ ਬਹੁਤ ਸਾਰੇ ਸਮਾਜਿਕ ਮੁੱਦਿਆਂ ਬਾਰੇ ਸੋਚਣ ਲਈ ਮਜਬੂਰ ਵੀ ਕਰਦੇ ਹਨ - ਤੇ ਮੇਰੇ ਮੁੰਡੇ ਵੀ ਸ਼ਾਇਦ ਪਿਛਲੇ 20 ਸਾਲਾਂ ਤੋਂ ਇਸ ਨੂੰ ਸੁਣ ਸੁਣ ਹੱਸਦੇ ਹਨ, ਪੰਜਾਬੀ ਬੋਲੀ ਦੀ ਤਾਕਤ ਨਾਲ ਰੂਬਰੂ ਹੁੰਦੇ ਹਨ - ਹਾਂ, ਜੇ ਕਿਤੇ ਅੱਜ ਤੇ ਨਿਆਣੇ ਆਖੇ ਵਿੱਚ ਹੁੰਦੇ,  ਸਮੇਂ ਨਾਲ ਵਿਆਹ ਕਰਵਾ ਲੈਂਦੇ ਤੇ ਹੁਣ ਤਕ ਹਨ ਇਹਨਾਂ ਦੇ ਨਿਆਨਿਆਂ  ਨੂੰ ਵੀ ਗੁਰਦਾਸ ਮਾਨ ਦਾ ਛੱਲਾ ਚੇਤੇ ਹੋ ਗਿਆ ਹੁੰਦਾ! ਹੋ ਗਈਆਂ ਕਿ ਨਹੀਂ ਚਾਰ ਪੀੜੀਆਂ ! - ਅਜਿਹਾ ਬੰਦੇ ਨੇ ਕਹਿਣ ਲੱਗ ਪਈਏ ਕਿ ਉਹ ਪੰਜਾਬੀ ਦਾ ਵਿਰੋਧੀ ਹੈ !! ਮੇਰੇ ਵਾਸਤੇ ਤਾਂ ਇਸ ਦਾ ਸੁਪਨੇ ਵਿੱਚ ਵੀ ਖਿਆਲ ਕਰਣਾ ਪਾਪ ਹੈ (ਵੈਸੇ ਕੋਈ ਪਾਪ-ਪੁੰਨ ਹੁੰਦੈ!!)

ਇਹਨਾਂ ਪੰਜਾਬੀ ਗਾਇਕਾਂ ਤੋਂ ਮੈਂ ਇੰਨ੍ਹਾਂ ਮੁਤਾਸਰ ਹਾਂ ਕਿ ਮੈਂ ਆਪਣੇ ਆਸੇ ਪਾਸੇ ਦੇ ਲੋਕਾਂ ਨਾਲ ਇਹ ਗੱਲ ਸਾਂਝੀ ਕਰ ਕੇ ਬੜਾ ਖਸੁਹ ਹੁੰਦਾ ਹਾਂ ਕਿ ਜੇਕਰ ਮੈਨੂੰ ਵੀ ਕੋਈ ਚਾਂਸ ਮਿਲਦਾ ਤਾਂ ਮੈਂ ਵੀ ਇਹੋ ਕੰਮ ਹੀ ਕਰਦਾ - ਲੋਕਾਂ ਦਾ ਦਿਲ ਪਰਚਾਉਂਦਾ, ਪਿੰਡੋਂ ਪਿੰਡੀਂ ਮੇਰੇ ਵੀ ਸੱਭਿਆਚਾਰਕ ਅਖਾੜੇ ਲੱਗਦੇ - ਜਿੱਥੇ ਰੌਣਕਾਂ ਮੇਲੇ ਲੱਗਦੇ - ਮੇਰੀ ਇਹ ਸੋਚ ਹੈ ਕਿ ਇਹ ਬੜੇ ਰੱਬੀ ਲੋਕ ਹੁੰਦੇ ਹਨ, ਇਹਨਾਂ ਨੇ ਪਤਾ ਨਹੀਂ ਮੁਰਸ਼ਦ ਨੂੰ ਕਿਵੇਂ ਰਾਜੀ ਕੀਤਾ ਹੁੰਦੈ ਕਿ ਉਹ ਇਹਨਾਂ ਦੇ ਗਲੇ ਚ' ਬਹਿ ਜਾਂਦੈ - ਜੇਕਰ ਆਪਣੇ ਪ੍ਰੋਗਰਾਮਾਂ ਦੇ ਇਹ ਲੋਕ ਲੱਖਾਂ ਰੁਪਈਏ ਲੈਂਦੇ ਹਨ - ਚੰਗੀ ਤਰ੍ਹਾਂ ਰਹਿੰਦੇ ਬਹਿੰਦੇ ਹਨ ਤਾਂ ਕੀ ਬੁਰਾ ਕਰਦੇ ਹਨ - ਮੇਰਾ ਮੁੰਡਾ ਬੰਬਈ ਵਿਚ ਰੇਡੀਓ ਜਾਕੀ ਰਿਹੈ - ਗੁਰਦਾਸ ਨੂੰ ਇਕ ਵਾਰ ਓਹਦੇ ਘਰੇ ਮਿਲਣ ਗਿਆ ਸੀ - ਉਸ ਦੀਆਂ ਤਾਰੀਫਾਂ ਕਰਦਾ ਨਹੀਂ ਥੱਕਦਾ - ਉਸ ਨੂੰ ਇਹ ਵੀ ਯਾਦ ਦਿਵਾ ਆਇਆ ਕਿ ਜਦੋਂ ਉਹ ਬੜੇ ਸਾਲ ਪਹਿਲਾਂ ਫਿਰੋਜ਼ਪੁਰ ਵਿਚ ਆਇਆ ਸੀ ਤੇ ਉਹ 7-8 ਸਾਲ ਦਾ ਸੀ ਤੇ ਉਸ ਨਾਲ ਮਿਲ ਕੇ ਬੜਾ ਚੰਗਾ ਲੱਗਾ ਸੀ !

ਮੈਨੂੰ ਵੀ ਤਾਂ ਗੁਰਦਾਸ ਮਾਨ ਨੂੰ ਉਸ ਦਿਨ ਲਾਈਵ ਦੇਖ ਕੇ ਵਾਧੂ ਮਜ਼ਾ ਆਇਆ ਸੀ - ਜੇ ਕਰ ਉਹ ਪ੍ਰੋਗਰਾਮ ਦੇ ਲੱਖਾਂ ਲੈਂਦੇ ਵੀ ਹਨ ਤੇ ਇਸ ਵਿਚ ਓਹਨਾਂ ਦਾ ਕੋਈ ਗੁਨਾਹ ਹੈ ! ਓਹਨਾਂ ਦੇ ਸ਼ੋ ਬੁਕ ਕਰਣ ਵਾਲਿਆਂ ਨੂੰ ਜੇ ਪੁੱਗਦਾ ਹੈ ਤਾਂਹੀਓਂ ਤੇ ਉਹ ਸੱਦੇ ਜਾਉਂਦੇ ਹਨ , ਨਹੀਂ ਤੇ ਗਾਇਕ ਤੇ 5 ਹਜ਼ਾਰ ਵਾਲੇ ਵੀ ਮਿਲ ਹੀ ਜਾਂਦੇ ਹਨ- ਅਜਿਹੇ ਲੋਕਾਂ ਨੇ ਆਪਣੀਆਂ ਸਾਰੀਆਂ ਜ਼ਿੰਦਗੀਆਂ ਪੰਜਾਬੀ, ਪੰਜਾਬੀਅਤ, ਸੱਭਿਆਚਾਰ ਦੇ ਲੇਖੇ ਲਾ ਦਿੱਤੀਆਂ - ਜੇ ਕਮਾਈਆਂ ਵੀ ਕਰ ਲਈਆਂ ਤਾਂ ਹੋਇਆ ਕੀ!! ਇਹਨਾਂ ਦੀਆਂ ਕਿਹੜੀਆਂ ਪੈਨਸ਼ਨ ਵਾਲਿਆਂ ਸਰਕਾਰੀ ਨੌਕਰੀਆਂ ਹਨ - ਸ਼ਰੀਰ ਨਾਲ ਊਂਚ ਨੀਚ ਵੀ ਲੱਗੀ ਰਹਿੰਦੀ ਹੈ - ਇਹਨਾਂ ਦੇ ਇਹੋ ਪੈਸੇ ਇਹਨਾਂ ਦੇ ਬੁਢਾਪੇ ਦੀ ਡੰਗੋਰੀ ਹੁੰਦੇ ਹਨ - ਨਾਲੇ ਇਹਨਾਂ ਆਪਣਾ ਰਹਿਣ ਸਹਿਣ ਦਾ ਮਿਆਰ ਵੀ ਤੇ ਆਪਣੀ ਸੁਰੱਖਿਆ ਦਾ ਵੀ ਧਿਆਨ ਕਰਣਾ ਹੁੰਦੈ !!

ਇਹ ਰੁੱਕਾ ਲਿਖਦੇ ਲਿਖਦੇ ਲਿਖਦੇ ਚੇਤਾ ਆ ਰਿਹੈ ਕਿ 1980 ਵਿੱਚ ਸਾਡੇ ਘਰੇ ਓਹੀਓ ਚਾਰ ਲੱਤਾਂ ਵਾਲਾ ਬ੍ਲੈਕ ਐਂਡ ਵਾਈਟ ਟੀ ਵੀ ਲੱਗਾ - ਇਹ ਓਹੀਓ ਦਿਨ ਸਨ ਜਦੋਂ ਗੁਰਦਾਸ ਮਾਨ ਦਾ ਸਿਤਾਰਾ ਬੁਲੰਦੀ ਛੋਹ ਰਿਹਾ ਸੀ - ਹੱਥ ਚ' ਇਸ ਦੇ ਡਫਲੀ ਹੁੰਦੀ ਸੀ ਤੇ ਕਿਆ ਨਜ਼ਾਰਾ ਬੱਝਦਾ ਸੀ ! ਇਸ ਦੇ ਗੀਤ ਕਿ ਬਣੂ ਦੁਨੀਆਂ ਦਾ, ਟੁੱਟ ਗਈ ਤੜੱਕ ਕਰ....ਹੋਰ ਵੀ ਬੜੇ ਗੀਤ ਬੰਦੇ ਬੰਦੇ ਦੀ ਜ਼ੁਬਾਨ ਤੇ ਚੜੇ ਹੋਏ ਸੀ - ਜਦੋਂ ਵੀ ਕਦੇ ਦੀਵਾਲੀ, ਬੈਸਾਖੀ, ਨਵੇਂ ਸਾਲ ਆਦਿ ਖਾਸ ਦਿਨ ਹੋਣੇ ਤੇ ਦੂਰਦਰਸ਼ਨ ਜਲੰਧਰ ਤੋਂ ਇਕ ਸਪੈਸ਼ਲ ਪ੍ਰੋਗਰਾਮ 2-3 ਘੰਟੇ ਦਾ ਆਉਂਦਾ ਸੀ ਜਿਸ ਵਿਚ ਗੁਰਦਾਸ ਮਾਨ ਦਾ ਵੀ ਹੋਣਾ ਲਾਜ਼ਮੀ ਹੁੰਦਾ - ਚੰਗੀ ਤਰ੍ਹਾਂ ਚੇਤੇ ਹੈ ਪੰਜਾਬ ਦੀਆਂ ਲੱਖਾਂ ਬੈਠਕਾਂ ਵਾਂਗ (ਓਹਨੀਂ ਦਿਨੀਂ ਟੀ ਵੀ ਬੈਠਕਾਂ ਚ' ਹੀ ਸਜਿਆ ਹੁੰਦਾ ਸੀ - ਇਹ ਹਰ ਕਮਰੇ ਵਿਚ ਟੀ ਵੀ ਵਾਲੀ ਬਿਮਾਰੀ ਤੇ ਬੜੇ ਬਾਅਦ ਚ' ਸ਼ੁਰੂ ਹੋਈ ਤੇ ਨਾਲ ਹੀ ਸ਼ੁਰੂ ਹੋ ਗਏ ਸਾਰੇ ਪਵਾੜੇ!!) ਸਾਡੀ ਬੈਠਕ ਵਿੱਚ ਵੀ ਸਭ ਨੂੰ ਜਿਵੇਂ ਚਾ ਚੜ ਜਾਉਂਦਾ ਕਿ ਬਸ ਗੁਰਦਾਸ ਮਾਨ ਨੂੰ ਸੁਨ ਕੇ ਸੋ ਜਾਵਾਂਗੇ, ਸਵਖਤੇ ਉੱਠ ਕੇ ਆਪੋ ਆਪਣੇ ਕੰਮੀਂ ਵੀ ਲੱਗਣਾ ਐ! ਹੁਣ ਇਸ ਇਨਸਾਨ ਦੀ 40 ਸਾਲਾਂ ਦੀ ਸੇਵਾ ਨੂੰ ਐਵੇਂ ਹੀ ਕਿਸੇ ਖੂਹ ਵਿਚ ਪਾ ਦੇਈਏ ਕਿ ਉਹ ਪੰਜਾਬੀ ਵਿਰੋਧੀ ਹੈ - ਇਹ ਹੋ ਹੀ ਨਹੀਂ ਸਕਦਾ - ਇੰਝ ਸੋਚਣਾ ਵੀ ਪਾਪ ਹੈ - ਮੇਰਾ ਵਿਸ਼ਵਾਸ ਵੇਖੋ ਇਸ ਉੱਤੇ ਕਿੱਡਾ ਪੱਕਾ ਹੈ ਕਿ ਮੈਨੂੰ ਇਸ ਗੱਲ ਦਾ ਵੀ ਪੂਰਾ ਪਤਾ ਨਹੀਂ ਕਿ ਹੋਇਆ ਕੀ, ਮੈਂ ਇਸ ਬਾਰੇ ਕੋਈ ਰਿਪੋਰਟ ਨਹੀਂ ਪੜੀ, ਬਸ ਇਕ ਦੋ ਟ੍ਰੋਲ ਜਿਹੇ ਵੇਖੇ ਜਿੱਥੇ ਓਹਨੂੰ ਪੰਜਾਬੀ ਵਿਰੋਧੀ ਕਿਹਾ ਗਿਆ ਸੀ - ਇਹ ਵੇਖ ਕੇ ਤੇ ਇਕ ਦੋ ਲੀਡਰਾਂ ਤੇ ਓਹਨਾਂ ਦੇ ਚਮਚਿਆਂ ਨੂੰ ਇਹ ਇਹ ਕਹਿੰਦੇ ਸੁਣਿਆ ਕਿ ਕਲ ਤੱਕ ਸਾਇਕਲ ਵਾਹੁੰਦਾ ਸੀ, ਹੁਣ ਵੱਡਾ ਆਦਮੀ ਬਣ ਗਿਆ ਹੈ !!

ਜੇਕਰ ਉਹ ਪੰਜਾਬੀ ਦੇ ਸਿਰ ਤੇ ਆਪਣੀ ਗਾਇਕੀ ਦੇ ਸਿਰ ਐਡਾ ਉੱਚਾ ਹੋ ਗਿਆ ਤੇ ਇਹ ਕੋਈ ਸੜਨ-ਭੁੱਜਣ ਵਾਲੀ ਗੱਲ ਨਹੀਂ, ਖੁਸ਼ ਹੋਣ ਵਾਲੀ ਗੱਲ ਹੈ!! ਜੇ ਕਰ ਉਸ ਦੇ ਮੂੰਹ ਵਿਚੋਂ ਕੋਈ ਘੱਟ ਵੱਧ ਗੱਲ ਨਿਕਲ ਵੀ ਗਈ ਹੈ ਤੇ ਕੀ ਉਸ ਦੀ ਜਾਨ ਲੈ ਲਵੋਗੇ ? - ਕਈ ਵਾਰੀ ਅਸੀਂ ਸਾਰੀ ਪਤਾ ਨਹੀਂ ਕੁਝ ਉਰਲ-ਪਰਲ ਬੋਲ ਦਿੰਦੇ ਹਾਂ ਤੇ ਬਾਅਦ ਵਿੱਚ ਸੋਚਦੇ ਹਾਂ - ਇਹ ਰਿਆਇਤ ਓਹਨੂੰ ਨਹੀਂ ਦਿਓਗੇ ? - ਕੀ ਓਹਨੂੰ ਇੱਕ ਗੱਲ ਲਈ ਟੰਗ ਦਿਓਗੇ ? ਅੱਜ ਕਲ ਲੋਕ ਵੀ ਬੜੇ ਕਪੱਤੇ ਨੇ ਬਾਈ ਉੱਘੀਆਂ ਸ਼ਖਸ਼ੀਅਤਾਂ ਤੇ ਮੂੰਹ ਵੀ ਗੱਲਾਂ ਪਾ ਕੇ ਵੀ ਬੁਲਵਾ ਦਿੰਦੇ ਹਨ!

ਮੈਂ ਜਦੋਂ ਇਸ ਇਨਸਾਨ ਦਾ ਪਿਛਲੇ 40 ਸਾਲਾਂ ਦਾ ਪੰਜਾਬੀ ਨੂੰ ਵਧਾਵਾ ਦੇਣ ਦਾ ਰਿਕਾਰਡ ਦੇਖਦਾ ਹਾਂ, ਓਹਨਾਂ ਪਲਾਂ ਨੂੰ ਯਾਦ ਕਰਦਾਂ ਜਿਹੜੇ ਇਸ ਦੀ ਗਾਇਕੀ ਸਦਕਾ ਸਾਡੇ, ਸਾਡੇ ਵੱਡੇ ਵਡੇਰਿਆਂ ਤੇ ਬੱਚਿਆਂ ਦੇ ਚੇਹਰਿਆਂ ਤੇ ਖੁਸ਼ੀਆਂ ਆਈਆਂ, ਰੌਣਕਾਂ ਲੱਗੀਆਂ , ਅਸੀਂ ਸਾਰੇ ਇਕ ਥਾਂ ਬੈਠ ਕੇ ਹੱਸੇ ਖੇਡੇ - ਉਸ ਇਨਸਾਨ ਨੂੰ ਇਹ ਖਿਤਾਬ ਦੇਣ ਲੱਗਿਆਂ ਕਿ ਉਹ ਪੰਜਾਬੀ ਵਿਰੋਧੀ ਹੈ ਕਿ ਲੋਕਾਂ ਦੇ ਮੂੰਹ ਵੀ ਛਾਲੇ ਨਾ ਪੈ ਗਏ, ਨਹੀਂ ਪਏ ਤੇ ਚੰਗੀ ਗੱਲ ਹੈ -

ਹੁਣੇ ਮੈਂ ਵਹਾਤਸੱਪ ਤੇ ਭਗਵੰਤ ਮਾਨ ਦੀ ਇਕ ਵੀਡੀਓ ਦੇਖ ਰਿਹਾ ਸੀ ਵਹਾਤਸੱਪ ਤੇ ਆਈ ਸੀ - ਦੇਖ ਕੇ ਮਜ਼ਾ ਆ ਗਿਆ - ਮੁੰਡਿਆਂ ਦੀਆਂ ਗੱਲਾਂ ਯਾਦ ਆ ਗਈਆਂ ਕੀ ਬਾਪੂ, ਸਾਨੂੰ ਤੇ ਪੰਜਾਬੀ ਸਕੂਲ ਨੇ ਨਹੀਂ, ਭਗਵੰਤ ਮਾਨ ਦੀਆਂ ਢੇਰਾਂ ਸੀ ਡੀਆਂ ਨੇ ਸਿਖਾਈ - ਵਾਹ ਜੀ ਵਾਹ ਉਹ ਸੀ ਦੀਆਂ ਦੇਖ ਦੇਖ ਕੇ ਦਿਲ ਹੀ ਨਹੀਂ ਸੀ ਰੱਜਦਾ - ਮਾਸਟਰ ਜੀ ਤੇ ਭੈਣ ਜੀ ਤੇ ਬੇਬੇ-ਬਾਪੂ ਦੀਆਂ ਪਿਆਰਿਆਂ ਗੱਲਾਂ !!

ਕਲ ਇਕ ਵੀਡੀਓ ਕਿਤੇ ਸੋਸ਼ਲ ਮੀਡਿਆ ਤੇ ਦੇਖੀ ਕਿ ਗੁਰਦਾਸ ਮਾਨ ਦਾ ਬਾਹਰਲੇ ਕਿਸੇ ਮੁਲਕ ਵਿਚ ਸ਼ੋ ਚਲ ਰਿਹਾ ਹੈ - ਕਿਸੇ ਨੇ ਉਸ ਉੱਤੇ ਕਾਗਜ਼ ਨੂੰ ਮਰੋੜ ਕੇ ਸੁੱਟਣਾ ਸ਼ੁਰੂ ਕਰ ਦਿੱਤਾ - ਉਸ ਨੇ ਉਸ ਬੰਦੇ ਨੂੰ ਤੈਸ਼ ਵਿੱਚ ਆ ਕੇ ਕੁਝ ਕਹਿ ਦਿੱਤਾ - ਉਸਦਾ ਵੀ ਬੜਾ ਮੁੱਦਾ ਬਣਿਆ ਹੋਇਆ ਹੈ - ਮੈਂ ਇਸ ਮਾਮਲੇ ਤੇ ਟੱਪਣ ਤੋਂ ਪਹਿਲਾਂ ਆਪਣੇ ਆਪ ਕੋਲੋਂ ਤੇ ਪੁੱਛਾਂ ਕਿ ਮੈਂ ਕਦੇ ਅਜਿਹੀਆਂ ਘੜੀਆਂ ਵਿਚ ਕੁਝ ਵੀ ਬੋਲ ਦੇਣ ਲਈ ਪ੍ਰਵੋਕ ਨਹੀਂ ਹੁੰਦਾ ? - ਜੇ ਹੁੰਦਾ ਹਾਂ ਤੇ ਉਹ ਗੁਰਦਾਸ ਮਾਨ ਵੀ ਤੇ ਸਾਡੇ ਵਰਗਾ ਬੰਦਾ ਹੀ ਹੈ - ਰਬ ਤੇ ਨਹੀਂ - ਉਸਦੀ ਵੀ ਗੱਲ ਤੇ ਮਿੱਟੀ ਪਾਓ ਤੋਂ ਅਗਾਂਹ ਤੁਰੋ!

 ਇਕ ਗੱਲ ਰਹਿ ਰਹਿ ਕੇ ਮੈਨੂੰ ਬੜਾ ਤੰਗ ਕਰ ਰਹੀ ਹੈ - ਲਿਖ ਕੇ ਫਾਰਗ ਹੋਵਾਂ - ਬੜੇ ਲੋਕੀਂ ਕਹਿੰਦੇ ਨੇ ਕਿ ਪਹਿਲਾਂ ਡਾਕ ਖਾਨੇ ਦੀ ਛੋਟੀ ਜਿਹੀ ਨੌਕਰੀ ਸੀ - ਹੁਣ ਦੇਖੋ ਐਡਾ ਵੱਡਾ ਬੰਦਾ ਬਣ ਗਿਆ - ਬਾਈ, ਜੇ ਕਰ ਕੋਈ ਆਪਣੇ ਟੈਲੇੰਟ ਦੇ ਸਿਰ ਉੱਤੇ ਉੱਪਰ ਆਇਆ ਹੈ ਤੇ ਉਸ ਵਰਗੇ ਬਣਨ ਦੇ ਕੋਸ਼ਿਸ਼ ਕਰੋ, ਨਹੀਂ ਤੇ ਆਪਣੇ ਬੱਚਿਆਂ ਨੂੰ ਹੀ ਉਸ ਪਾਸੇ ਆਪਾਂ ਪਾਉਣ ਦਾ ਉਪਰਾਲਾ ਕਰੀਏ - ਵੈਸੇ ਵੀ ਟਰੱਕਾਂ ਦੇ ਪਿੱਛੇ ਮੈਂ ਬੜੀ ਵਾਰ ਪੜ ਕੇ ਹੱਸਦਾ ਹਾਂ - ਸੜ ਨਹੀਂ, ਰੀਸ ਕਰ !!

ਟਰੱਕਾਂ ਦੇ ਪਿੱਛੇ ਲਿਖੀ ਸ਼ੇਰੋ ਸ਼ਾਇਰੀ ਵੀ ਬੜਾ ਹਸਾਉਂਦੀ ਹੈ ਕਈ ਵਾਰ - ਜਿਵੇਂ ਗੁਰਦਾਸ ਮਾਨ ਦਾ ਗਾਇਆ ਇਹ ਗੀਤ ਮੈਨੂੰ ਹਰ ਵਾਰ ਰਵਾਉਂਦਾ ਹੈ - ਸਰਬੰਸ ਦਾਨੀਆਂ ਵੇ, ਦੇਣਾ ਕੌਣ ਦਊਗਾ ਤੇਰਾ - ਜਿਸ ਤਰੀਕੇ ਨਾਲ ਉਹ ਗੁਰੂ ਪਰਿਵਾਰ ਦੀ ਸ਼ਹਾਦਤ ਨੂੰ ਬਿਆਨ ਕਰਦੈ - ਬਾਲ ਗੋਬਿੰਦ ਬੋਲ ਪਏ, ਤੁਸਾਂ ਤੋਂ ਵੱਡਾ ਕੌਣ ਵਡੇਰਾ!! ਹੈ ਕੋਈ ਜਿਸ ਦੀਆਂ ਅੱਖਾਂ ਨਾਂ ਭਿੱਜੀਆਂ ਹੋਣ ਇਹ ਗੀਤ ਸੁਨ ਕੇ - ਕੀ ਇਹ ਇੱਕ ਗੀਤ ਕਿਸੇ ਧਾਰਮਿਕ ਪੋਥੀ ਪੜਨ ਤੋਂ ਘੱਟ ਹੈ ? ਮੇਰੇ ਲਈ ਤਾਂ ਨਹੀਂ - ਜਦੋਂ ਵੀ ਕਿਸੇ ਬਾਰੇ ਕੁਝ ਕਹੀਏ, ਉਸ ਦਾ ਪਿਛੋਕੜ ਵੀ ਚੇਤੇ ਰੱਖੀਏ।

Monday, 23 September 2019

ਮੇਰੀ ਰੂਹ ਨੂੰ ਬਚਪਨ ਵਾਲੀ ...ਬਰਫੀ ਨਾ ਮਿਲੇ!

ਇਹ ਜਿਹੜਾ ਪੰਜਾਬੀ ਗਾਨਾ ਹੈ ਨਾ - ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫ਼ਜ਼ਾ ਨਾ ਮਿਲੇ !! ਇਹ ਗੀਤ ਮੇਰੇ ਦਿਲ ਦੇ ਬੜੇ ਨੇੜੇ ਹੈ, ਪਰ ਮੈਂ ਅੱਜ ਵੀ ਉਹ 50 ਸਾਲ ਪੁਰਾਣੀ ਆਪਣੀ ਬਚਪਨ ਵਾਲੀ ਬਰਫੀ ਲੱਭ ਰਿਹਾ ਹਾਂ - ਜਿਹੜੀ ਮੈਨੂੰ ਬਚਪਨ ਦੇ ਬਾਅਦ ਕਦੇ ਫੇਰ ਮਿਲੀ ਨਹੀਂ!!

ਅੱਛਾ ਜਨਾਬ, ਗੱਲ ਇੰਝ ਸੀ ਕਿ ਮੈਂ ਆਪਣੇ ਭਾਪਾ ਜੀ ਦੇ ਸਾਈਕਲ ਤੇ ਬਹਿ ਕੇ ਹਜ਼ਾਮਤ ਕਰਵਾਉਣ ਜਾਉਂਦਾ ਸੀ - ਵੈਸੇ ਇਕ ਗੱਲ ਦੱਸਾਂ - ਇਹ ਲਫ਼ਜ਼ ਹਜ਼ਾਮਤ ਨਾ ਤੇ ਮੈਂ ਕਦੇ ਆਪ ਹੀ ਇਸਤੇਮਾਲ ਕੀਤਾ ਨਾ ਹੀ ਘਰ ਵਿੱਚ ਹੀ ਕਿਸੇ ਨੂੰ ਇਸ ਨੂੰ ਵਰਤਦਿਆਂ ਸੁਣਿਆ - ਸਾਰੇ ਜਾਮਤ ਜਾਮਤ  ਹੀ ਕਰਦੇ ਰਹਿੰਦੇ ਸਨ - ਜਾਮਤ  ਕਰਵਾਉਣ ਵਾਲੀ ਹੋ ਗਈ ਹੈ, ਜਾ ਅੱਜ ਜਾ ਕੇ ਜਾਮਤ ਕਰਵਾ ਕੇ ਆ!

ਚਲੋ ਜੀ, ਆ ਗਿਆ ਜੀ ਉਹ ਵੀ ਦਿਨ ਜਦੋਂ ਭਾਪਾ ਜੀ ਦੇ ਸਾਈਕਿਲ ਦੇ ਡੰਡੇ ਉੱਤੇ ਅੱਗੇ ਬਹਿ ਗਏ - ਇਕ ਤੇ ਮੈਨੂੰ ਇਹ ਡੰਡਾ ਬੜਾ ਚੁੱਭਦਾ ਸੀ, ਪਤਾ ਨਹੀਂ ਭਾਪਾ ਜੀ ਨੇ ਉਸ ਉੱਤੇ ਛੋਟੀ ਜਿਹੀ ਕਾਠੀ ਕਿਓਂ ਨਹੀਂ ਸੀ ਫਿੱਟ ਕਰਵਾਈ - ਸ਼ਾਇਦ ਉਸ ਜ਼ਮਾਨੇ ਵਿਚ ਇਹ ਚਲਣ ਹੈ ਹੀ ਨਹੀਂ ਸੀ - ਲੋਕੀਂ ਕੋਈ ਪਰਨਾ ਜਾਂ ਤੋਲਿਆ ਉਸ ਡੰਡੇ ਉੱਤੇ ਲਪੇਟ ਕੇ ਨਿਆਣੇ ਢੋ ਲੈਂਦੇ ਸਨ - ਪਰ ਸਾਡੇ ਘਰ ਵਿੱਚ ਇਸ ਤਰ੍ਹਾਂ ਦਾ ਵੀ ਕੁਝ ਉਪਰਾਲਾ ਨਹੀਂ ਸੀ ਕੀਤਾ ਜਾਂਦਾ - ਇਸ ਕਰਕੇ ਭਾਪਾ ਜੀ ਦੇ ਨਾਲ 10 ਮਿੰਟ ਦੀ ਸਾਇਕਿਲ ਦੀ ਗੇੜੀ ਦੇ ਦੌਰਾਨ ਵੀ ਮੈਂ ਬੜੀ ਕੋਸ਼ਿਸ਼ ਕਰਦਾ ਕਿ ਏਧਰ ਓਧਰ ਖਿਸਕ ਕੇ ਉਸ ਚੋਭ ਨੂੰ ਥੋੜਾ ਘੱਟ ਤਾਂ ਕਰਾਂ - ਪਰ ਮੈਨੂੰ ਉੱਤੇ ਬੈਠੇ ਨੂੰ ਤੜਫਾ ਹੀ ਪਿਆ ਰਹਿੰਦਾ - ਤੇ ਜਦੋਂ ਉਸ ਤੋਂ ਥੱਲੇ ਉਤਰਦਾ ਤੱਦ ਤੀਕ ਬਹੁਤ ਕੁਝ ਸੁੰਨ ਪੈ ਚੁਕਿਆ ਹੁੰਦਾ!!

ਕੋਈ ਗੱਲ ਨਹੀਂ ਜੀ, ਉਹ ਦਿਨ ਬੜੇ ਮਜ਼ੇ ਵਿਚ ਲੰਘੇ - ਅੱਛਾ ਜੀ, ਮੈਂ ਪਹੁੰਚ ਗਿਆ ਨਾਈ ਦੀ ਦੁਕਾਨ ਤੇ - ਭਾਪਾ ਜੀ ਮੈਨੂੰ ਓਥੇ ਬਿਠਾ ਕੇ ਆਪ ਥੋੜੇ ਚਿਰ ਵਾਸਤੇ ਆਸੇ ਪਾਸੇ ਆਪਣੇ ਯਾਰਾਂ ਦੋਸਤਾਂ ਨੂੰ ਮਿਲਣ ਚਲੇ ਜਾਂਦੇ! ਮੈਂ ਓਥੇ ਦੁਕਾਨ ਵਿਚ ਕਿਸੇ ਬੇਂਚ ਤੇ ਬਹਿ ਜਾਂਦਾ। ਆਸੇ ਪਾਸੇ ਵੇਖਦਾ ਤਾਂ ਅਖਬਾਰ ਵਿਚੋਂ ਜਾਂ ਮਾਇਆਪੂਰੀ ਵਰਗੇ ਕਿਸੇ ਫ਼ਿਲਮੀ ਰਸਾਲੇ ਵਿਚੋਂ ਕੱਟੀਆਂ ਧਰਮਿੰਦਰ, ਵਿਨੋਦ ਖੰਨੇ, ਹੇਮਾ ਮਾਲਿਨੀ ਤੇ ਹੋਰ ਵੀ ਕਈ ਫ਼ਿਲਮੀ ਲੋਕਾਂ ਦੀਆਂ ਫ਼ੋਟਾਂ - ਆਟੇ ਦੇ ਲੇਵੀ ਨਾਲ ਜਾ ਫੇਰ ਉਸ ਨਾਈ ਦੀ ਦੁਕਾਨ ਦੇ ਬਾਹਰ ਬੈਠੇ ਮੋਚੀ ਦੇ ਕਿੱਲਾਂ ਨਾਲ ਉਹ ਤਸਵੀਰਾਂ ਕੱਚੀਆਂ ਪੱਕੀਆਂ ਕਿਰਦੀਆਂ ਦੀਵਾਰਾਂ ਤੇ ਲੱਗੀਆਂ 7-8 ਇੰਤਜ਼ਾਰ ਕਰ ਰਹੇ ਲੋਕਾਂ ਦਾ ਦਿਲ ਪਰਚਾਵਾ ਕਰ ਰਹੀਆਂ ਹੁੰਦੀਆਂ - ਤੇ ਮੈਂ ਉਸ ਨਾਈ ਦੀ ਘਰੜ ਘਰੜ ਚਲਦੀ ਮਸ਼ੀਨ ਵੇਖ ਕੇ ਤੇ ਉਸ ਨੂੰ ਬੜੀ ਚੁਸਤੀ ਨਾਲ ਆਪਣਾ ਉਸਤਰਾ ਇਕ ਪੁਰਾਣੀ ਬੈਲਟ ਤੇ ਰਗੜ ਕੇ ਤਿੱਖਾ ਕਰਦੇ ਵੇਖ ਹੋਰ ਵੀ ਡਰ ਜਾਉਂਦਾ!

ਲੋ ਜੀ ਆ ਗਈ ਜੀ ਮੇਰੀ ਵੀ ਵਾਰੀ, ਨਾਈ ਨੇ ਕਹਿਣਾ ਆ ਜਾ ਕਾਕਾ। ਨਾਲੇ ਹੀ ਉਸ ਨੇ ਦੁਕਾਨ ਦੇ ਕਿਸੇ ਕੋਨੇ ਵਿਚ ਪਏ ਇਕ ਲੱਕੜ ਦੇ ਫੱਟੇ ਨੂੰ ਚੱਕ ਲੈਣਾ ਤੇ ਉਸ ਨੂੰ "ਜਾਮਤ" ਵਾਲੀ ਲੱਕੜ ਦੀ ਥੋੜੀ ਬਹੁਤ ਚੂਕਦੀ ਕੁਰਸੀ ਤੇ ਰੱਖ ਦੇਣਾ - ਮੈਨੂੰ ਚੱਕ ਕੇ ਉਸ ਫੱਟੇ ਤੇ ਬਿਠਾ ਦੇਣਾ - ਪਤਾ ਨਹੀਂ ਮੇਰੇ ਮੂੰਹ ਵਿਚੋਂ ਨਿਕਲਦਾ ਕਿ ਨਹੀਂ ਕਿ ਮਸ਼ੀਨ ਨਾ ਲਾਉਣਾ ਜੀ , ਉਸਤਰਾ ਨਾ ਲਾਉਣਾ ਜੀ - ਪਰ ਉਸ ਜ਼ਮਾਨੇ ਵਿਚ ਬਿਨ ਮਸ਼ੀਨ ਤੇ ਬਿਨ ਉਸਤਰੇ ਤੋਂ ਹਜਾਮਤ ਕਿਵੇਂ ਹੁੰਦੀ - ਮੈਨੂੰ ਸਿਰ ਉੱਤੇ ਮਸ਼ੀਨ ਲਗਵਾਉਣ ਤੋਂ ਡਾਢਾ ਡਰ ਲੱਗਦਾ ਸੀ, ਪਤਾ ਨਹੀਂ ਉਹ ਮਸ਼ੀਨ ਕਿੰਨੀ ਕੁ' ਪੁਰਾਣੀ ਸੀ, ਇੰਝ ਵਾਲ ਕੱਟਦੀ ਜਿਵੇਂ ਕੋਈ ਉਹਨਾਂ ਨੂੰ ਨੋਚ ਨੋਚ ਕੇ ਪੱਟ ਰਿਹਾ ਹੋਵੇ - ਬੜੀ ਤਕਲੀਫ ਹੁੰਦੀ - ਬਾਅਦ ਵਿਚ ਰਹਿੰਦੀ ਖੂੰਦੀ ਕਸਰ ਓਹ ਬਾਬੇ ਆਦਮ ਦੇ ਵੇਲੇ ਵਾਲਾ ਜੰਗਾਲਿਆ ਹੋਇਆ ਉਸਤਰਾ ਪੂਰੀ ਕਰ ਦਿੰਦਾ,  ਉਹ ਵੀ ਮੇਰੀ ਧੌਣ ਤੇ 3-4 ਟੱਕ ਲਾ ਕੇ ਹੀ ਸਾਹ ਲੈਂਦਾ। ਤੱਦ ਤਕ ਮੇਰਾ ਬੁਰਾ ਹੋ ਜਾਂਦਾ - ਤੇ ਮੈਂ ਉਸ ਟੱਕਾਂ ਦੀ ਵਜ੍ਹਾ ਕਰ ਹੋ ਰਹੀ ਸੜਕਨ ਕਰਕੇ ਮੇਰਾ ਥੋੜਾ ਰੋਂਦੂ ਜਿਹਾ ਬੂਥਾ ਬਣਿਆ ਹੁੰਦਾ - ਭਾਪਾ ਜੀ ਓਸੇ ਵੇਲੇ ਮੈਨੂੰ ਨਾਲ ਲੱਗਦੀ ਇਕ ਹਲਵਾਈ ਦੀ ਦੁਕਾਨ ਤੇ ਲੈ ਜਾਂਦੇ ਤੇ ਇਕ ਛੋਟੇ ਲਿਫਾਫੇ ਵਿਚ ਬਰਫ਼ੀ ਲੈ ਦਿੰਦੇ - ਬਸ ਜੀ ਓਹ ਬਰਫੀ ਦੀ ਖੁਸ਼ਬੂ ਨਾਲ ਤੇ ਭਾਪਾ ਜੀ ਦੇ ਸਿਰ ਤੇ ਹੱਥ ਫੇਰਣ ਨਾਲ ਸਾਡੇ ਪੂਰੇ ਸ਼ਰੀਰ ਚ' ਪੈ ਜਾਂਦੀ ਠੰਡ -  ਤੇ ਘਰ ਆ ਕੇ ਨਲਕੇ ਦੇ ਠੰਡੇ ਪਾਣੀ ਥੱਲੇ ਬਹਿ ਕੇ ਜਦੋਂ ਉੱਠਣਾ ਤੇ ਸਰੋਂ ਦੇ ਤੇਲ ਨਾਲ ਸਿਰ ਚੋਪੜ ਕੇ ਰਹਿੰਦੀ ਖੂੰਦੀ ਕਸਰ ਵੀ ਨਿਕਲ ਜਾਉਣੀ।

ਅੱਛਾ ਗੱਲ ਤੇ ਮੈਂ ਉਸ ਬਰਫੀ ਦੀ ਦੱਸਣੀ ਸੀ - ਮੈਂ ਕਿਸੇ ਦੀ ਵੀ ਸਹੁੰ ਚੁੱਕ (ਵੈਸੇ ਮੈਂ ਇਹਨਾਂ ਪਾਖੰਡਾਂ ਵਿਚ ਬਿਲਕੁਲ ਯਕੀਨ ਨਹੀਂ ਕਰਦਾ !!) ਕੇ ਕਹਿ ਸਕਦਾ ਹਾਂ ਕਿ ਬਚਪਨ ਤੋਂ ਬਾਅਦ ਮੈਂ ਉਸ ਹਲਵਾਈ ਦੀ ਦੁਕਾਨ ਵਰਗੀ ਬਰਫੀ ਅਜੇ ਤਕ ਨਹੀਂ ਖਾਦੀ। ਅੱਛਾ, ਪਹਿਲਾਂ ਉਸ ਹਲਵਾਈ ਦੀ ਗੱਲ ਕਰੀਏ - ਉਹ ਸਨ ਜੀ ਦੋ ਭਰਾ - ਇਕ ਸੌਦਾ ਵੇਚਣ ਤੇ ਲੱਗਾ ਹੁੰਦਾ ਤੇ ਦੂਜਾ ਦੁੱਧ ਦੀ ਬਰਫੀ ਬਣਾਉਣ ਤੇ. ਅਸੀਂ ਵੇਖਦੇ ਸੀ ਕੋਲਿਆਂ ਦੀ ਭੱਠੀ ਉੱਤੇ ਇਕ ਭਰਾ ਸਵੇਰੇ ਤੋਂ ਹੀ ਦੂਧ ਕਾੜ੍ਹਨ ਲੱਗ ਪੈਂਦਾ - ਬਹੁਤ ਵੱਡਾ ਕੜਾਹਾ ਹੁੰਦਾ ਤੇ ਉਸ ਵਿਚ ਉਹ ਕੜਛੇ ਮਾਰ ਕੇ ਕਦੇ ਥੱਕਿਆ ਨਹੀਂ ਦਿੱਸਿਆ - ਉਸ ਨੇ ਚਿੱਟੀ ਧੋਤੀ ਪਾਈ ਹੁੰਦੀ ਤੇ ਉੱਤੇ ਚਿੱਟੇ ਰੰਗ ਦੀ ਫਤੂਹੀ - ਕੰਨ ਵਿਚ ਸੋਨੇ ਦੀਆਂ ਮੁੰਦਰਾਂ - ਜਿੰਨੀ ਮੇਹਨਤ ਉਸ ਹਲਵਾਈ ਨੇ ਬਰਫੀ ਬਣਾਉਂਦਿਆਂ ਕਰਣੀ , ਐਂਨੀ ਮੇਹਨਤ ਮੁੜ ਕਿਸੇ ਨੂੰ ਕਰਦਿਆਂ ਨਾ ਵੇਖਿਆ - ਸ਼ਾਮਾਂ ਨੂੰ ਉਸ ਨੇ 5-7 ਟ੍ਰੇਆਂ ਵਿੱਚ ਉਹ ਬਰਫੀ ਜਮਾ ਦੇਣੀ -

ਉਸ ਬਰਫੀ ਦੀ ਤਾਰੀਫ ਲਈ ਮੇਰੇ ਕੋਲ ਕੋਈ ਲਫ਼ਜ਼ ਨਹੀਂ ਹਨ, ਉਸ ਵੀ ਉਹ ਕੋਈ ਖੁਸ਼ਬੋ ਵੀ ਮਿਲਾਉਂਦਾ ਹੋਵੇਗਾ ! ਬਰਫੀ ਇਸ ਤਰ੍ਹਾਂ ਦੀ ਕਿ ਮੂੰਹ ਵੀ ਪਾਉਂਦਿਆਂ ਹੀ ਆਪਣੇ ਆਪ ਖੁਰੀ ਜਾਵੇ !! ਮੈਨੂੰ ਜਿੰਨ੍ਹਾਂ ਕੁ' ਚੇਤੇ ਹੈ ਉਹ ਛੋਟੇ ਜਿਹੇ ਲਿਫਾਫੇ ਵਿੱਚ ਬਾਰਾਂ ਆਨੇ ਦੀ ਬਰਫੀ ਹੁੰਦੀ ਸੀ - 100 ਗ੍ਰਾਮ ਹੁੰਦੀ ਹੋਵੇਗੀ - ਪਰ ਜਿਹੜਾ ਉਸ ਨੂੰ ਖਾਣ ਲੱਗਿਆਂ ਮਜ਼ਾ ਮੈਨੂੰ ਆਉਂਦਾ ਸੀ ਉਹ ਪਿਛਲੇ 50 ਸਾਲਾਂ ਵਿਚ ਕਦੇ ਨਹੀਂ ਆਇਆ -

ਉਹ ਬਚਪਨ ਦੇ ਦਿਨਾਂ ਤੋਂ ਬਾਅਦ ਬਾਜ਼ਾਰ ਨੂੰ ਓਹੀਓ ਲਾਲਚ ਤੇ ਮਿਲਾਵਟ ਵਾਲਾ ਬਹੁਤ ਵੱਡਾ ਰੋਗ ਲੱਗ ਗਿਆ - ਨਾ ਹੀ ਕਦੇ ਪਹਿਲੇ ਸਮਿਆਂ ਵਰਗਾ ਖਾਲਿਸ ਦੁੱਧ ਹੀ ਵਿਖਿਆ ਤੇ ਨਾ ਹੀ ਕਦੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭੱਠੀ ਤੇ ਰੱਖੇ ਦੁੱਧ ਨੂੰ ਕੜਛੇ ਮਾਰਦਾ ਉਹ ਮੁੰਦਰਾਂ ਵਾਲਾ ਹਲਵਾਈ! ਮੇਰੇ ਤਾਂ ਬਚਪਨ ਦੇ ਉਹਨਾਂ ਦਿਨਾਂ ਨੇ ਬਰਫੀ ਵਾਸਤੇ ਜਿਵੇਂ ਗੋਲਡ ਸਟੈਂਡਰਡ ਮਿੱਥ ਦਿੱਤਾ ਹੋਵੇ ਜਿਵੇਂ - ਉਸ ਤੱਕ ਕੋਈ ਮਾਈ ਦਾ ਲਾਲ ਨਹੀਂ ਪਹੁੰਚਿਆ ਤੇ ਯਕੀਨ ਹੈ ਕੋਈ ਵੀ ਪਹੁੰਚ ਵੀ ਨਹੀਂ ਪਾਏਗਾ - ਉਸ ਸਿੱਧੇ ਸਾਦੇ ਇਮਾਨਦਾਰ ਹਲਵਾਈ ਦੇ ਕੋਈ ਦਾਅਵੇ ਨਹੀਂ ਸੀ ਕਿ ਸਾਡਾ ਸਮਾਨ ਸ਼ੁੱਧ ਹੈ - ਉਸਦਾ ਸੌਦਾ, ਉਸਦੀ ਬਰਫੀ ਹੀ ਆਪੇ ਬੋਲਦੀ ਸੀ ਜਿਵੇਂ - ਤੇ ਅੱਜ ਵੱਡੇ ਵੱਡੇ ਇਸ਼ਤਿਹਾਰ ਤੇ ਵੱਡੀਆਂ ਵੱਡੀਆਂ ਹਲਵਾਈਆਂ ਦੀਆਂ ਦੁਕਾਨਾਂ - ਜਿੱਥੋਂ ਹਲਵਾਈ ਗਾਇਬ ਹੋ ਗਏ ਤੇ ਵੱਡੇ ਵਿਓਪਾਰੀ ਬ੍ਰਾਂਡਡ ਕੱਪੜੇ ਪਾਏ ਕਾਊਂਟਰ ਦੇ ਪਿੱਛੇ ਖੜੇ ਦਿੱਸਣ ਲੱਗ ਪਏ!! ਮੈਂ ਸਮਝਦਾ ਹਾਂ ਕਿ ਉਹ ਹਲਵਾਈ ਵਾਲਾ ਹਿੱਸਾ ਹੁਣ ਇਹਨਾਂ ਦੀਆਂ ਵਰਕਸ਼ਾਪਾਂ ਵਿੱਚ ਸ਼ਿਫਟ ਹੋ ਗਿਆ ਹੈ!

ਅੱਛਾ ਇਕ ਹੋਰ ਬੜੀ ਮਿੱਠੀ ਯਾਦ ਬਚਪਨ ਦੀ - ਜਿੱਥੇ ਵੀ ਰਿਸ਼ਤੇਦਾਰੀ ਵਿਚ ਵਿਆਹ ਤੇ ਜਾਉਣਾ - ਕੋਈ ਜਲਦੀ ਨਹੀਂ ਸੀ ਹੁੰਦੀ - ਘੱਟੋ ਘੱਟ ਜੇਕਰ 7 ਦਿਨਾਂ ਵਾਸਤੇ ਨਾ ਜਾਉਣਾ ਤਾਂ ਰਿਸ਼ਤੇਦਾਰਾਂ ਨਾਰਾਜ਼ ਹੋ ਜਾਣਾ - ਇਕ ਗੱਲ ਦੱਸਾਂ - ਮੇਰਾ ਦਿੱਲ ਤੇ ਹਫਤੇ ਬਾਅਦ ਵੀ ਵਾਪਸ ਆਉਣ ਨੂੰ ਨਹੀਂ ਸੀ ਕਰਦਾ - ਇੰਝ ਲੱਗਦਾ ਜਦੋਂ ਤਕ ਇਹਨਾਂ ਦੀਆਂ ਬੂੰਦੀਆਂ- ਬਰਫ਼ੀਆਂ - ਸ਼ੱਕਰਪਾਰੇ ਮੁੱਕ ਨਹੀਂ ਜਾਂਦੇ, ਇੱਥੇ ਰਹਿਣ ਚ' ਕੀ ਮਾੜ ਹੈ ! ਅੱਛਾ, ਉਹਨਾਂ ਦਿਨਾਂ ਵਿੱਚ ਵਿਆਹ ਵਾਲੇ ਘਰ ਵਿਚ ਹਲਵਾਈ ਨੂੰ 2-3 ਦਿਨਾਂ ਵਾਸਤੇ ਬਿਠਾਇਆ ਜਾਉਂਦਾ ਤੇ ਫੇਰ ਓਹੀਓ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਹਲਵਾਈ ਵਾਲਾ ਨਜ਼ਾਰਾ ਬੱਝ ਜਾਂਦਾ - ਓਹੀਓ ਸੇਵਰ ਤੋਂ ਲੈ ਕੇ ਸ਼ਾਮਾਂ ਤਕ ਮਜ਼ਦੂਰਾਂ ਵਾਂਗ ਖਾਲਿਸ ਦੁੱਧ ਨੂੰ ਕਾਢਦੇ ਹਲਵਾਈ, ਸ਼ਾਮਾਂ ਨੂੰ ਬਰਫੀ ਦੀਆਂ ਟੁਕੜੀਆਂ ਕਟਦੇ ਤੇ ਫੇਰ ਨਵਾਰੀ ਮੰਜਿਆਂ ਉੱਤੇ ਚਾਦਰਾਂ ਵਿਛਾ ਕੇ ਸੁੱਕਣੇ ਪਾਈਆਂ ਮਿਠਾਈਆਂ - ਆਉਂਦੇ ਜਾਂਦੇ, ਨੱਸਦੇ ਭੱਜਦੇ ਸਾਨੂੰ ਓਥੋਂ ਬਰਫੀ ਦੀਆਂ ਰੰਗ ਬਰੰਗੀਆਂ ਟੁਕੜੀਆਂ ਚੱਕ ਕੇ ਬੜਾ ਹੀ ਮਜ਼ਾ ਆਉਂਦਾ।

ਉਹ ਵੇਲੇ ਵੀ ਵੇਖੇ ਜਦੋਂ ਘਰ ਵਿਚ ਕਿਸੇ ਪਰੌਣੇ ਦੇ ਆਉਣ ਉੱਤੇ 10 ਸਮੋਸੇ ਤੇ ਪਾਇਆ ਜਾਂ ਅੱਧਾ ਕਿਲੋ ਬਰਫੀ (ਜ਼ਿਆਦਾਤਰ ਪਾਇਆ ਹੀ !!) ਜਾਂ ਕਈਂ ਵਾਰੀ ਅੱਧਾ ਕਿਲੋ ਲੱਡੂ ਲੈਣ ਲਈ ਨਿਆਣਿਆਂ ਨੂੰ ਦੌੜਾ ਦਿੱਤਾ ਜਾਉਂਦਾ - ਆਉਂਦੇ ਜਾਉਂਦੇ ਰਸਤੇ ਵਿੱਚ ਉਸ ਦਾ ਸਵਾਦ ਵੀ ਚੈੱਕ ਕਰ ਲੈਣਾ - ਕਿਓਂਕਿ ਉਸ ਤੋਂ ਬਾਅਦ ਤੇ ਪਰੌਣੇ ਦੇ ਤੁਰ ਜਾਣ ਬਾਅਦ ਹੀ ਮੌਕਾ ਮਿਲਣਾ ਸੀ, ਅਜੇ ਪਰੌਣੇ ਨੇ ਦਰਵਾਜਿਓਂ ਬਾਹਰ ਕਦਮ ਹੀ ਰੱਖਣਾ ਕਿ ਬਾਕੀ ਬਚੀ ਬਰਫੀ ਦਾ ਨਾਮੋ-ਨਿਸ਼ਾਨ ਖਤਮ ਹੋ ਜਾਣਾ !!

ਇੰਝ ਹੀ ਚਲਦਾ ਰਿਹਾ ਹੀ ਸਿਲਸਿਲਾ - ਮੂੰਹ ਵਿਚ ਘੁਲਣ ਵਾਲੀਆਂ ਸ਼ੁੱਧ ਬਰਫ਼ੀਆਂ ਛਕਦੇ ਵੱਡੇ ਹੋ ਗਏ - ਕਦੇ ਚਿਤ ਚੇਤੇ ਵਿਚ ਵੀ ਨਹੀਂ ਸੀ ਕਿ ਪੁੱਤ, ਬਸ ਜਿੰਨੀ ਖਾ ਲਈ ਓਹੀ ਖਾ ਲਈ - ਅਗਾਂਹ ਨਾ ਲੱਭੀ ਪੁੱਤ ਇਹ ਬਰਫੀ।

ਵੱਡੇ ਹੋ ਕੇ ਕਾਲਜ ਗਏ - ਮੈਨੂੰ ਚੇਤੇ ਹੈ 25 ਕੁ' ਸਾਲ ਦੀ ਉਮਰ ਹੋਵੇਗੀ ਜਦੋਂ ਕਿਤੋਂ ਵੀ ਬਰਫੀ ਖਾ ਕੇ ਤਬੀਅਤ ਢਿੱਲੀ ਜਿਹੀ ਹੋਣ ਲੱਗ ਪਈ - ਢਿਡ੍ਹ ਚ' ਵੱਟ, ਐਸੀਡਿਟੀ ਦੇ ਲੱਛਣ - ਪਹਿਲਾਂ ਲੱਗਦਾ ਕਿ ਸ਼ਾਇਦ ਜ਼ਿਆਦਾ ਖਾ ਲਈ ਹੈ ਇਸ ਲਈ - ਫੇਰ 1-2 ਬਰਫੀ ਦੀਆਂ ਟੁਕੜੀਆਂ ਨਾਲ ਵੀ ਉਂਝ ਹੀ ਹੋਣ ਲੱਗਾ - ਇਸ ਕਰਕੇ ਹੌਲੀ ਹੌਲੀ ਬਰਫੀ ਤੋਂ ਦੂਰੀ ਵਧਦੀ ਗਈ -

ਫੇਰ ਅੱਜ ਤੋਂ 25-30 ਸਾਲ ਪਹਿਲਾਂ ਨਕਲੀ ਤੇ ਬਨਾਉਟੀ ਦੁੱਧ ਦੀਆਂ ਗੱਲਾਂ ਕੰਨੀਂ ਪੈਣ ਲੱਗੀਆਂ - ਮਿਠਿਆਈਆਂ ਵਿਚ ਵੀ ਇਹੋ ਜਿਹੇ ਦੁੱਧ ਦੀ ਵਰਤੋਂ ਦਾ ਪਤਾ ਲੱਗਣ ਲੱਗਾ - ਹੋਲੀ ਹੋਲੀ ਆਪਣਾ ਮਨ ਵੀ ਇਹਨਾਂ ਚੀਜ਼ਾਂ ਤੋਂ ਜਿਵੇਂ ਚੁਕਿਆ ਗਿਆ - ਜਿਹੜੇ ਸ਼ਹਿਰ ਵੀ ਰਹੇ, ਓਥੇ ਦੀ ਸੱਭ ਤੋਂ ਮਹਿੰਗੀ ਤੇ ਮਸ਼ਹੂਰ ਦੁਕਾਨਾਂ ਦੀਆਂ ਬਰਫ਼ੀਆਂ ਵੀ ਖਾਦੀਆਂ - ਪਰ ਉਹ ਬਚਪਨ ਚ' ਕਾਗਜ਼ ਦੇ ਲਫਾਫੇ ਵਾਲੀ ਹਲਵਾਈ ਦੀ ਬਰਫੀ ਦੇ ਸਟੈਂਡਰਡ ਲਾਗੇ ਪਹੁੰਚਣਾ ਤੇ ਦੂਰ, ਉਸ ਗੋਲਡ ਸਟੈਂਡਰਡ ਤੋਂ  ਕੋਹਾਂ ਬੱਧੀ ਦੂਰ ਹੀ ਰਹੀਆਂ - ਜਦੋਂ ਵੀ ਇਹ ਨਵੀਂਆਂ, ਵੰਨ ਸੁਵੰਨੇ ਡੱਬਿਆਂ ਤੇ ਟਾਪੋ ਟਾਪ ਪੈਕਿੰਗ ਵਿਚ ਆਈ ਬਰਫੀ ਨੂੰ ਖਾਉਣਾ ਤਾਂ ਤਬੀਅਤ ਢਿੱਲੀ ਹੋ ਜਾਣੀ - ਨਹੀਂ ਨਹੀਂ, ਸ਼ੁਗਰ ਦੀ ਬੀਮਾਰੀ ਨਹੀਂ ਹੈ ਜੀ, ਦਾਤੇ ਦਾ ਬਹੁਤ ਬਹੁਤ ਸ਼ੁਕਰ ਹੈ !!

ਗੱਲ ਖ਼ਤਮ ਕਰੀਏ - ਜ਼ਿਆਦਾ ਹੀ ਖਿੱਚ ਹੋ ਗਈ ਹੈ - ਅੱਜ ਵੀ ਕਦੇ ਕਦੇ 5-6 ਮਹੀਨੇ ਬਾਅਦ ਕਿਤੇ ਮਹਿੰਗੀ ਜਿਹੀ ਬ੍ਰਾਂਡੇਡ ਦੁਕਾਨ ਦੀ ਬਰਫੀ ਦੇ 2-4 ਟੁੱਕੜ ਖਾ ਲੈਂਦਾ ਹਾਂ - ਪਰ ਉਸ ਨੂੰ ਖਰੀਦਣ ਲੱਗਿਆਂ (ਬਹੁਤ ਜ਼ਿਆਦਾ ਘੱਟ ਖਰੀਦਦੇ ਹਾਂ) ਜਾਂ ਬਾਹਰ ਕਿਤੇ ਬਰਫੀ ਨੂੰ ਮੂੰਹ ਚ' ਲਾਉਣ ਲੱਗਿਆਂ ਇਹੋ ਧਿਆਨ ਆਉਂਦੈ ਕਿ ਅਸਲੀ ਦੁੱਧ ਹੈ ਕਿੱਥੇ - ਫੇਰ ਵੀ  ਬਰਫ਼ੀ, ਖੋਏ, ਪਨੀਰ, ਮੱਖਣ, ਦੇਸੀ ਘਿਓ ਦਾ ਬਾਜ਼ਾਰਾਂ ਵਿਚ ਢੇਰ ਲੱਗਾ ਹੋਇਆ ਹੈ - ਕਿਥੋਂ ਆਇਆ ਇਹ ਸੱਭ ਕੁਝ, ਪਿਛਲੇ 20ਸਾਲਾਂ ਤੋਂ ਦੁੱਧ ਦੀਆਂ ਮਿਲਾਵਟਾਂ ਬਾਰੇ ਕੀ ਕੁਝ ਨਹੀਂ ਪੜਿਆ - ਸ਼ਾਇਦ ਉਸ ਵਿਚ ਜ਼ਹਿਰ ਮਿਲਾਉਣ ਦੀ ਹੀ ਕਸਰ ਛੱਡੀ ਹੈ ਇਹਨਾਂ ਜ਼ਾਲਮਾਂ ਨੇ - ਇੰਨੀਆਂ ਇੰਨੀਆਂ ਖ਼ਤਰਨਾਕ ਮਿਲਾਵਟਾਂ - ਦੁੱਧ ਨੂੰ ਚਾ ਵਿਚ ਪਿਆ ਵੇਖ ਕੇ ਵੀ ਡਰ ਲੱਗਦੈ ਕਿ ਰਬ ਜਾਣੇ ਅਸੀਂ ਕੀ ਪੀ ਰਹੇ ਹਾਂ -

ਜਿਥੋਂ ਤੱਕ ਮੇਰੀ ਗੱਲ ਹੈ ਮੇਰੀ ਹੁਣ ਬਿਲਕੁਲ ਹਿੰਮਤ ਨਹੀਂ ਹੁੰਦੀ ਬਰਫੀ ਖਰੀਦਣ ਦੀ - ਕਾਰਨ ਮੈਂ ਲਿਖ ਚੁਕਿਆ ਹਾਂ - ਮੈਂ ਬਰਫੀ ਨਹੀਂ ਖਰੀਦਦਾ ਤੇ ਨਹੀਂ ਖਾਂਦਾ - ਇਹ ਨੁਸਖਾ ਕਿਸੇ ਹੋਰ ਵਾਸਤੇ ਨਹੀਂ ਹੋ ਸਕਦਾ - ਜੇਕਰ ਤੁਹਾਨੂੰ ਲੱਗਦੈ ਕਿ ਤੁਹਾਡੇ ਗੁਆਂਢ ਵਾਲਾ ਹਲਵਾਈ ਵੀ ਮੇਰੇ ਬਚਪਨ ਦੇ ਹਲਵਾਈ ਵਾਂਗੂ ਅਜੇ ਵੀ ਉਂਝ ਵੀ ਇਮਾਨਦਾਰੀ ਦੀ ਬਿਮਾਰੀ ਨਾਲ ਜੂਝ ਰਿਹੈ ਤਾਂ ਜ਼ਰੂਰ ਛਕੋ ਹੀ ਬਰਫ਼ੀ - ਪਰ ਮੇਰੀ ਹਿੰਮਤ ਨਹੀਂ ਹੁੰਦੀ !!

ਜਦੋਂ ਵੀ ਮੈਂ ਪੰਜਾਬੀ ਦਾ ਇਹ ਸੋਹਣਾ ਗੀਤ ਸੁਣਦਾ ਹਾਂ ਸ਼ੈਰੀ ਮਾਨ ਦਾ ਕਿ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫ਼ਜ਼ਾ ਨਾ ਮਿਲੇ - ਮੈਨੂੰ ਲੱਗਦੈ ਮੈਂ ਆਖਾਂ ਮੈਨੂੰ ਮੇਰੇ ਬਚਪਨ ਵਾਲੀ ਬਰਫੀ ਵੀ ਨਾ ਮਿਲੇ ! ਪੰਜਾਬੀ ਗੀਤ ਮੈਨੂੰ ਬੜੇ ਹੀ ਪਸੰਦ ਹਨ - ਨੇਕ ਰੂਹਾਂ ਇਹਨਾਂ ਨੂੰ ਲਿਖਦੀਆਂ ਹਨ, ਤੇ ਗੀਤਕਾਰਾਂ ਦੇ ਗਲੇ ਵਿਚ ਰਬ ਖੁਦ ਬਹਿ ਕੇ ਇਹਨਾਂ ਕੋਲੋਂ ਇਹ ਗਵਾਉਂਦਾ ਹੈ - ਇਸੇ ਕਰਕੇ ਬਾਈ ਇਹ ਸਾਡੇ ਵਰਗੇ ਪਾਪੀਆਂ ਦੇ ਦਿਲਾਂ ਵਿੱਚ ਵੀ ਸਿੱਧੇ ਉਤਰ ਕੇ ਸਾਡੀਆਂ ਰੂਹਾਂ ਨੂੰ ਰਾਜੀ ਕਰਦੇ ਹਨ - ਜੀਂਦੇ ਵਸਦੇ ਰਹਿਣ - ਅਜਿਹੇ ਗੀਤ ਦੇ ਲਿਖਾਰੀ, ਗਾਉਣ ਵਾਲੇ,  ਖੂਬਸੂਰਤ ਦਿੱਲ-ਖਿਚਵਾਂ ਸੰਗੀਤ ਦੇਣ ਵਾਲੇ ਤੇ ਨਾਲੇ ਇਹਨਾਂ ਨੂੰ ਬਾਰ ਬਾਰ ਸੁਣਨ ਵਾਲੇ ਵੀ !!

Saturday, 21 September 2019

ਬਚਪਨ ਚ' ਟੂਣੇ ਵੇਖ ਕੇ ਵੀ ਕਿੱਡਾ ਮਜ਼ਾ ਆਉਂਦਾ ਸੀ !!

ਕੋਈ ਜੇ ਕਹੇ ਕਿ ਕੋਈ ਸਿਖਿਆ ਦੇ ਬਾਈ - ਤੇ ਮੈਂ ਉਸ ਨੂੰ ਇਹ ਸਿੱਖਿਆ ਦੇਵਾਂਗਾ ਕਿ ਬੱਲਿਆ, ਤੇਰੀ ਜਿਹੜੀ ਵੀ ਮਾਂ- ਬੋਲੀ ਹੈ ਉਸ ਵਿੱਚ ਜ਼ਰੂਰ ਕੁਝ ਨਾ ਕੁਝ ਲਿਖਿਆ ਤੇ ਕਰ ਹੀ। ..ਨਾਲ ਹੀ ਆਪਣੀ ਮਾਂ-ਬੋਲੀ ਦੀਆਂ ਲਿਖਤਾਂ ਨੂੰ ਪੜਣ ਦੀ ਵੀ ਆਦਤ ਪਾਓ! ਇਹ ਗੱਲ ਮੈਨੂੰ ਵੀ ਬੜੀ ਦੇਰ ਨਾਲ ਸਮਝੀਂ ਆਈ - ਮੈਨੂੰ ਵੀ ਮੇਰੇ ਇਕ ਉਸਤਾਦ ਨੇ 20 ਕੁ' ਸਾਲ ਪਹਿਲਾਂ ਆਖਿਆ ਸੀ ਕਿ ਆਪਣੀ ਮਾਂ-ਬੋਲੀ ਵਿੱਚ ਵੀ ਲਿਖਿਆ ਕਰੋ - ਪਰ ਜਿਵੇਂ ਸਾਡੇ ਤੇ ਨਵਾਂ ਨਵਾਂ ਲਿਖਣ ਦਾ ਜੋਸ਼ ਹੁੰਦੈ, ਮੈਂ ਉਸ ਦੀ ਗੱਲ ਤੇ ਧਿਆਨ ਨਹੀਂ ਦਿੱਤਾ - ਆਪਣੀ ਮਾਂ ਬੋਲੀ ਵਿਚ ਲਿਖਣਾ ਪੜਨਾ ਤੇ ਹਾਂ, ਬੋਲਣਾ ਸਭ ਤੋਂ ਸਹਿਲਾ ਕੰਮ ਹੈ।

ਆਪਣੀ ਬੋਲੀ ਵਿਚ ਲਿਖਣ ਵਾਸਤੇ ਕਿਸੇ ਵੱਡੀ ਡਿਗਰੀ ਦੀ ਲੋੜ ਨਹੀਂ ਹੁੰਦੀ - ਬਸ ਜੇ ਕਿਸੇ ਨੂੰ ਗੁਰਮੁਖੀ ਨਾਲ ਜਾਣ- ਪਹਿਚਾਣ ਹੈ  ਤਾਂ ਉਹ ਆਪਣੇ ਮਨ ਦੀ ਗੱਲ ਲਿਖ ਸਕਦੈ !! ਇਹ ਸਾਡੀ ਸ਼ਖ਼ਸੀਅਤ ਦਾ ਇਕ ਬੜਾ ਵੱਡਾ ਹਿੱਸਾ ਹੈ - ਨਹੀਂ ਤੇ ਓਹੀਓ ਗੱਲ ਹੈ ਅਸੀਂ ਐਵੇਂ ਭੇਖ ਵੱਟ ਕੇ ਜਿਓੰਦੇ ਹਾਂ! 

ਉਹ ਲੋਕ ਬੜੇ ਬਦਕਿਸਮਤ ਹਨ ਜਿੰਨ੍ਹਾਂ ਨੂੰ ਕਿਸੇ ਵੀ ਕਾਰਨਾਂ ਤੋਂ ਆਪਣੇ ਮਾਂ ਬੋਲੀ ਨਾਲ ਨਿਖੇੜਿਆ ਜਾਂਦਾ ਹੈ - ਇਹ ਹੋ ਰਿਹੈ , ਹੁੰਦਾ ਰਿਹੈ ਤੇ ਸ਼ਾਇਦ ਇੰਝ ਹੀ ਹੁੰਦਾ ਰਹੇਗਾ - ਇਸ ਕਰਕੇ ਉਹ ਬੱਚੇ ਕਦੇ ਵੀ ਆਪਣੇ ਆਪ ਨੂੰ ਆਮ ਲੋਕਾਂ ਨਾਲ ਰਲਿਆ ਨਹੀਂ ਪਾਉਂਦੇ ਤੇ ਨਾ ਹੀ ਆਮ ਲੋਕ ਹੀ ਓਹਨਾਂ ਨਾਲ ਭਿੱਜਦੇ ਹਨ. 

ਚਲੋ, ਗੱਲ ਤੇ ਆਪਾਂ ਕਰਨੀ ਸੀ ਟੂਣਿਆਂ ਟੱਪਿਆਂ ਦੀ - ਅੱਜ ਦੁਪਹਿਰ ਵੇਲੇ ਮੈਂ ਟੀ ਵੀ ਵਿਚ ਵੇਖਿਆ ਕਿ ਉੱਤਰ ਪ੍ਰਦੇਸ਼ ਵਿਚ ਹੀ ਕਿਸੇ ਜਗ੍ਹਾ ਤੇ ਇਕ ਜਨਾਨੀ ਨੂੰ ਬੱਚਾ ਚੁੱਕਣ ਵਾਲੀ ਸਮਝ ਕੇ ਅੱਧਮਰਿਆ ਕਰ ਦਿੱਤਾ - ਇਹ ਜਿਹੜਾ ਕੰਮ ਹੈ ਨਾ ਕਿ ਭੀੜ ਇਕੱਠੀ ਹੋ ਕੇ ਕੁਝ ਵੀ ਕਰ ਸਕਦੀ ਹੈ , ਇਹ ਬੜਾ ਹੀ ਮਾੜਾ ਕੰਮ ਹੈ - ਅਸੀਂ ਸਾਰੇ ਜਾਣਦੇ ਕਿਵੇਂ ਗਲੇ ਵਿਚ ਟਾਇਰ ਪਾ ਪਾ ਕੇ ਬੰਦੇ ਫੂਕੇ ਗਏ, ਕਿਵੇਂ ਲੋਕਾਂ ਦੇ ਘਰ ਫੂਕੇ ਗਏ - ਇਹ ਪਾਗਲਪਨ ਹੈ - ਜਿੰਨਾ ਘਰਾਂ ਦੇ ਜੀਅ ਤੁਰ ਜਾਂਦੇ ਹਨ, ਓਹੀਓ ਜਾਣਦੇ ਹਨ - ਬਾਕੀਆਂ ਵਾਸਤੇ ਕਿੱਸੇ ਹੁੰਦੇ ਨੇ!! 

ਹਾਂ, ਉਹ ਜਿਹੜੀ ਜਨਾਨੀ ਨੂੰ ਭੀੜ ਨੇ ਮਾਰਿਆ, ਉਸ ਨੂੰ ਬਚਾਉਣ ਵਾਸਤੇ ਜਦੋਂ ਪੁਲਸੀਏ ਆਏ ਤਾਂ ਉਹਨਾਂ ਨੂੰ ਵੀ ਤੌਨੀ ਲੱਗੀ, ਉਹ ਵੀ ਤਾਸ਼ ਦੇ ਪੱਤਿਆਂ ਵਾਂਗ ਫੈਂਟੇ ਗਏ ! ਅਜਿਹੀਆਂ ਵਾਰਦਾਤਾਂ ਡਰਾਵਣੀਆਂ ਹਨ - ਮਤਲਬ ਲੋਕਾਂ ਵਿੱਚ ਡਰ ਨਹੀਂ ਹੈ ! ਇੰਝ ਕੰਮ ਨਹੀਂ ਚੱਲ ਸਕਦਾ - ਕਾਨੂੰਨ ਕੋਲੋਂ, ਪੁਲਸ ਕੋਲੋਂ ਤੇ ਭਾਈ ਡਰਨਾ ਹੀ ਪਉ, ਜਾਂ ਇੰਝ ਕਹਿ ਲਈਏ ਕਿ ਇਹਨਾਂ ਦਾ ਡਰ ਤੇ ਕਾਇਮ ਰਹਿਣਾ ਹੀ ਚਾਹੀਦੈ !!

ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 550 ਸਾਲਾਂ ਤੇ ਇਹੋ  ਸਿਖਲਾਈ ਹੈ ਕਿ ਇਹਨਾਂ ਟੂਣਿਆਂ, ਟੋਟਕਿਆਂ ਤੇ ਵਹਿਮਾਂ ਭਰਮਾਂ ਤੋਂ ਬਚ ਕੇ ਰਹੋ,  ਇਹ ਕੁਝ ਨਹੀਂ, ਬਸ ਇਕ ਓਂਕਾਰ ਦੀ ਓਟ ਲਵੋ - ਪਰ ਜੇਕਰ ਅਸੀਂ ਸਮਝੀਏ  ਤਾਂਹੀਓਂ ਅਸੀਂ ਓਹਨਾਂ ਮਹਾਪੁਰਖਾਂ ਦੀ ਸਿਖਲਾਈ ਮੰਨ ਰਹੇ ਹੈ !!


ਟੂਣਿਆਂ ਤੋਂ ਗੱਲ ਚੇਤੇ ਆਈ - ਬਚਪਨ ਵਿੱਚ ਵੀ ਦੇਖਦੇ ਸੀ ਆਂਢ-ਗੁਆਂਢ ਵਿਚ ਕਿਸੇ ਨੇ ਸੜਕ ਉੱਤੇ ਮੋਲੀ, ਨਾਰੀਅਲ, ਸਿੰਦੂਰ ਰੱਖ ਦੇਣਾ ਤੇ ਇਸ ਦੀ ਖ਼ਬਰ ਮੋਹਲ੍ਲੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਜਾਣੀ - ਸਾਰਿਆਂ ਨੇ ਕੰਬ ਜਾਣਾ ਜਿਵੇਂ ਕਿਸੇ ਨੇ ਬੰਬ ਰੱਖ ਦਿੱਤਾ ਹੋਵੇ - ਜੇ ਕਿਸੇ ਦਾ ਨਿਆਣਾ ਆਉਂਦੇ ਜਾਉਂਦੇ ਉਸ ਉੱਤੋਂ ਟੱਪ ਜਾਂਦਾ ਤਾਂ ਓਹਦੀ ਮਾਂ ਦਾ ਹਾਲ ਵੇਖਣ ਵਾਲਾ ਹੁੰਦਾ ਕਿ ਹੁਣ ਇਸ ਦਾ ਕਿ ਬਣੇਗਾ!! 

ਉਹ ਟੂਣਿਆਂ ਦਾ ਸਮਾਂ ਵੀ ਬੜਾ ਰੋਚਕ ਹੁੰਦਾ ਸੀ - ਅਸੀਂ ਬੱਚਿਆਂ ਨੇ ਚੋਰੀ ਛੁਪੇ ਉਸ ਨੂੰ ਵੇਖਣ ਜ਼ਰੂਰ ਜਾਣਾ - ਦੂਰੋਂ ਹੀ ਵੇਖਣਾ ਕਿ ਇਹ ਟੂਣਾ ਕਿਹੋ ਜਿਹਾ ਹੁੰਦੈ ! ਅੱਛਾ, ਇਕ ਮਜ਼ੇਦਾਰ ਗੱਲ ਹੋਰ ਇਹ ਸੀ ਹਰ ਮੋਹਲ੍ਲੇ ਵਿਚ ਇੱਕ ਦੋ ਟੂਣੇਬਾਜ਼ ਤੀਵੀਆਂ ਹੋਣੀਆਂ ਵੀ ਓਹਨਾਂ ਦਿਨਾਂ ਵਿਚ ਲਾਜ਼ਮੀ ਹੁੰਦੀਆਂ ਸੀ. ਇਕ ਹੋਰ ਮਜ਼ੇਦਾਰ ਗੱਲ, ਪਹਿਲਾਂ ਜਦੋਂ ਅਸੀਂ ਬੱਚੇ ਸੀ, ਕਿਸੇ ਵੀ ਘਰੋਂ ਅਸੀਂ ਕੁਝ ਵੀ ਖਾ ਲੈਂਦੇ ਸੀ - ਪਰ ਮਾਂ ਅਤੇ ਵੱਡੀ ਭੈਣ ਨੇ ਖਾਸ ਮਨਾ ਕਰ ਕੇ ਬਾਹਰ ਜਾਣ ਦੇਣਾ ਕਿ ਵੇਖੀ, ਰਬ ਦਾ ਵਾਸਤਾ ਈ ਉਸ ਟੀਟੇ ਦੇ ਘਰੋਂ ਨਾ ਖਾਵੀਂ - ਉਹ ਬੜੀ ਟੂਣੇਬਾਜ਼ ਈ!! ਸਾਡਾ ਕੀ ਸੀ, ਅਸੀਂ ਗੱਲ ਪੱਲੇ ਬੰਨ੍ਹ ਕੇ ਗੰਢ ਮਾਰ ਲੈਣੀ - ਜੇ ਟੀਟੇ ਦੀ ਵਿਚਾਰੀ ਮਾਂ ਕੁਝ ਖਾਣ ਨੂੰ ਦਿੰਦੀ ਤੇ ਆਪਾਂ ਭੁੱਖ ਨਾ ਹੋਣ ਦਾ ਬਹਾਨਾ ਬਣਾ ਦਿੰਦੇ!! ਪਰ ਮੈਨੂੰ ਇੰਝ ਲੱਗਦੈ ਕਿ ਇਹ ਫਲਾਣੀ ਫਲਾਣੀ ਜਨਾਨੀ ਨੂੰ ਟੂਣੇਬਾਜ਼ ਕਹਿਣਾ ਵੀ ਕਿਸੇ ਕਿਆਸ ਤੇ ਹੀ ਟਿਕਿਆ ਹੁੰਦਾ ਸੀ.... ਖੈਰ, ਬਚਪਨ ਵਿਚ ਜਦੋਂ ਥੋੜੇ ਦਿਨਾਂ ਵਿਚ ਘਰ ਦੇ ਆਸੇ ਪਾਸੇ ਕੋਈ ਟੂਣਾ ਨਹੀਂ ਸੀ ਪਿਆ ਹੁੰਦੇ, ਜ਼ਿੰਦਗੀ ਡਾਢੀ ਫੋਕੀ ਜਿਹੀ ਲੱਗਣ ਲੱਗ ਪੈਂਦੀ - ਓਏ ਰੱਬਾ, ਟੂਣੇ ਵੇਖ ਕੇ ਕਿੰਨ੍ਹਾ ਮਜ਼ਾ ਆਉਂਦਾ ਸੀ - ਕਿਵੇਂ ਓਹਨਾਂ ਤੋਂ ਬਚ ਬਚ ਕੇ ਚਲਣਾ ਤੇ ਹੋਰਨਾਂ ਲੋਕਾਂ ਨੂੰ ਵੀ ਸਚੇਤ ਕਰਨਾ - ਵਾਧੂ ਮਜ਼ਾ ਸੀ ਓਹਨਾਂ ਟੂਣਿਆਂ ਵਿਚ ਵੀ !!

ਫੇਰ ਵੱਡੇ ਹੋਏ ਤੇ ਕਿਤੇ ਪੂਰੀ, ਛੋਲੇ, ਹਲਵੇ, ਨਾਰੀਅਲ ਵਾਲੇ ਟੂਣੇ ਵੇਖਣੇ ਤੇ ਇਹੋ ਖਿਆਲ ਆਉਂਦਾ ਕਿ ਇੰਝ ਕਿਓਂ ਬਰਬਾਦੀ ਕੀਤੀ ਖਾਨ ਪੀਣ ਵਾਲੀਆਂ ਸੋਹਣੀਆਂ ਚੀਜ਼ਾਂ ਦੀ - ਕਿਸੇ ਭੁੱਖੇ ਦੇ ਮੁੰਹ ਹੀ ਲੱਗ ਜਾਂਦੀ - ਫੇਰ ਕਦੇ ਆਉਂਦੇ ਜਾਂਦੇ ਕਿਤੇ ਕੁੱਤੇ, ਬਿੱਲੀ ਨੂੰ ਉਸ ਪੂਰੀ ਹਲਵੇ ਨੂੰ ਖਾਂਦਿਆਂ ਦੇਖ ਕੇ ਬੜੀ ਖੁਸ਼ੀ ਹੁੰਦੀ - ਪਰ ਟੂਣੇ ਕਰਣ ਵਾਲੇ ਤੇ ਐਨਾਂ ਗੁੱਸਾ ਆਉਂਦਾ ਕਿ ਮੰਨ ਹੀ ਮੰਨ ਉਸਨੂੰ ਗਾਲਾਂ ਜ਼ਰੂਰ ਨਿਕਲਣੀਆਂ ਕਿ , ਖਾਣ ਪੀਣ ਸਮਾਨ ਜੇ ਰੱਖਿਆ ਹੀ ਸੀ ਤੇ ਉੱਤੇ ਸਿੰਦੂਰ ਧੂੜਨ ਦਾ ਕੁੱਤਖਾਨਾ ਕਿਓਂ ਕੀਤਾ - ਨਹੀਂ ਤੇ ਕਿਸੇ ਦੇ ਮੂੰਹ ਤੇ ਲੱਗ ਜਾਂਦਾ !!

ਹੁਣ ਮੈਨੂੰ ਲਿਖਦੇ ਲਿਖਦੇ ਧਿਆਨ ਆਇਆ ਕਿ ਆਂਢ ਗੁਆਂਢ ਵਿਚ ਕੁਛ ਬੜੀਆਂ ਧੜੱਲੇ ਵਾਲੀਆਂ ਮਾਸੀਆਂ ਵੀ ਸਨ, ਉਹਨਾਂ ਜੁੱਤੀਆਂ ਤੇ ਬੋਕਰਾਂ (ਝਾੜੂ) ਲੈ ਕੇ ਪਹੁੰਚ ਜਾਣਾ ਟੂਣੇ ਕੋਲ - ਜੁੱਤੀਆਂ ਤੇ ਝਾੜੂ ਨਾਲ ਉਸ ਨੂੰ ਪਿੰਞਣਾ - ਉੱਚੀ ਉੱਚੀ ਟੂਣਾ ਕਰਣ ਵਾਲੀ ਅਨਜਾਣ ਰੂਹ ਨੂੰ ਗਾਲਾਂ ਕੱਢਣੀਆਂ ਤੇ ਪਰਤ ਆਉਣਾ - ਲੋ ਜੀ ਹੋ ਗਿਆ ਟੂਣਾ ਬੇਅਸਰ !!

ਮੈਂ ਹੁਣੇ ਚੇਤੇ ਆ ਰਿਹੈ ਕਿ ਕਈਂ ਵਾਰੀ ਮੋਹਲ੍ਲੇ ਵਿਚ ਇਹ ਖ਼ਬਰ ਵੀ ਫੈਲੀ ਹੋਣੀ ਕਿ ਨਿਆਣਿਆਂ ਨੂੰ ਓਧਰ ਨਾ ਘੱਲਿਓਂ - ਬੜਾ ਖ਼ਤਰਨਾਕ ਟੂਣਾ ਹੋਇਆ ਪਿਆ ਹੈ - ਮੈਨੂੰ ਕਦੇ ਇਹ ਕ੍ਰਾਈਟੇਰਿਆਂ ਖ਼ਤਰਨਾਕ ਜਾਂ ਘੱਟ ਖ਼ਤਰਨਾਕ ਵਾਲਾ ਪੱਲੇ ਨਹੀਂ ਪਿਆ - ਪਰ ਇਕ ਗੱਲ ਹੈ ਕਿ ਟੂਣੇ ਦੇਖ ਕੇ, ਟੂਣੇ ਦੀ ਛਿਤਰੋਲ ਹੁੰਦੀ ਵੇਖ ਕੇ ਤੇ ਜਿਹੜੇ ਘਰ ਤੇ ਟੂਣੇ ਕਰਣ ਲਈ ਸ਼ੱਕ ਦੀ ਸੂਈ ਟਿਕੀ ਹੋਣੇ, ਉਸ ਘਰ ਦੇ ਅੱਗੋਂ ਪਿੱਛੋਂ ਲੰਘਦੇ ਹੋਏ ਲੋਕਾਂ ਨੇ ਇਸ਼ਾਰਿਆਂ ਨਾਲ ਗੱਲਾਂ ਕਰਨੀਆਂ - ਬਈ ਬੜਾ ਮਜ਼ਾ ਆਉਂਦਾ ਸੀ !!  ਸੋਨੀ ਟੀ ਵੀ ਤੇ CID ਦਾ ਸ਼ੋ ਵੇਖ ਕੇ ਜਿੰਨਾ ਅੱਜ ਦੇ ਨਿਆਣੇ ਟੱਪਦੇ ਹਨ, ਓਨਾ ਤੇ ਅਸੀਂ ਟੂਣੇ ਵੇਖ ਕੇ ਟੱਪ ਲਈਦਾ ਸੀ!!

ਟੂਣੇ ਸ਼ੁਨੇ ਕੁਝ ਨਹੀਂ ਹੁੰਦੇ, ਜਿਵੇਂ ਹੀ ਇਹ ਸਮਝ ਪੱਲੇ ਪਈ, ਮੈਂ ਜਾਣ ਬੁਝ ਕੇ ਟੂਣੇ ਉੱਤੋਂ ਟੱਪ ਕੇ ਲੰਘਣਾ ! ਉਹ ਦਾ ਵੀ ਆਪਣਾ ਅਲੱਗ ਮਜ਼ਾ ਸੀ. ਵੈਸੇ ਸਾਡੇ ਇਥੇ ਤਾਂ ਇਹਨਾਂ ਢੋਂਗੀ ਬਾਬੇਆਂ ਨੇ ਬੜਾ ਗੰਦ ਪਾਇਆ ਹੋਇਆ ਹੈ - ਭੋਲੇ ਭਾਲੇ ਲੋਕਾਂ ਦਾ ਇਹ ਜੀਣਾ ਹਰਾਮ ਕਰ ਦਿੰਦੇ ਨੇ - ਬੜੀ ਚੰਗੀ ਗੱਲ ਹੈ ਕਿ ਚੁਣ ਚੁਣ ਕੇ ਜੇਲਾਂ ਵਿਚ ਤੁੰਨੇ ਜਾ ਰਹੇ ਹਨ!! 

ਅੱਛਾ ਇਕ ਜ਼ਰੂਰੀ ਗੱਲ, ਅੱਜ ਮੈਂ ਹੁਣੇ ਫੇਸਬੁੱਕ ਤੇ ਟੂਣੇ ਦਾ ਇਤਿਹਾਸ ਪੜਿਆ - ਮੈਨੂੰ ਉਹ ਜਾਣਕਾਰੀ ਬਹੁਤ ਚੰਗੀ ਲੱਗੀ - ਮੈਨੂੰ ਨਹੀਂ ਪਤਾ ਉਸ ਜਾਣਕਾਰੀ ਦਾ ਸਰੋਤ ਕੀ ਹੈ, ਪਰ ਅਸੀਂ ਗੂਗਲ ਤੇ ਚੈੱਕ ਕਰ ਸਕਦੇ ਹਾਂ!! ਹੁਣੇ ਮੈਂ ਉਸ ਪੋਸਟ ਨੂੰ ਦੇਖ ਰਿਹਾ ਸੀ - ਉਹ ਵੀ ਕਹਿੰਦਾ ਕਿ ਉਸ ਨੂੰ ਨਹੀਂ ਪਤਾ ਕੇ ਉਸਨੂੰ ਉਹ ਜਾਣਕਾਰੀ ਕਿਥੋਂ ਆਈ ਹੈ , ਫੇਰ ਵੀ ਮੈਨੂੰ ਲੱਗਦੈ ਉਸ ਨੂੰ ਤੁਸੀਂ ਵੀ ਜ਼ਰੂਰ ਪੜ੍ਹੋ - ਤੁਸੀਂ ਵੀ ਆਪਣੀ ਖੋਖ ਕਰੋ !! ਪੜਣ ਚ' ਕਿ ਹਰਜ਼ ਹੈ !!


ਉਸ ਫੇਸਬੁੱਕ ਪੋਸਟ ਨੂੰ ਕਾਪੀ ਕਰ ਕੇ ਪੇਸਟ ਕਰ ਰਿਹਾਂ - 
📜ਟੂਣੇ ਦਾ ਇਤਿਹਾਸ📜🕸
ਪੜ ਲਿਉ ਤੇ ਜ਼ਾਗਰ ਨੂੰ ਵੀ ਚੇਤੇ ਨਾਲ ਪੜਾ ਦਿਉ 😂
ਅੱਜਕੱਲ੍ਹ ਟੂਣੇ ਨੂੰ ਇੱਕ ਬਹੁਤ ਖਤਰਨਾਕ ਸ਼ੈਅ ਮੰਨਿਆ ਜਾਂਦਾ ਹੈ ।
ਜੇਕਰ ਕਿਸੇ ਦੇ ਘਰ ਕੋਲ ਟੂਣਾ ਕੀਤਾ ਮਿਲ ਜਾਵੇ ਤਾਂ ਲੋਕ ਆਪਣੇ ਗੁਆਂਢੀਆਂ ਨੂੰ ਗਾਲ੍ਹਾਂ ਕੱਢਣ ਲੱਗਦੇ ਹਨ । ਪਰ ਸਾਡੇ ਪਖੰਡੀ ਸਾਧਾਂ ਨੇ ਅਤੇ ਅੰਧਵਿਸ਼ਵਾਸੀ ਲੋਕਾਂ ਨੇ ਟੂਣੇ ਦਾ ਜੋ ਮਤਲਬ ਅੱਜ ਸਮਝ ਲਿਆ ਅਤੇ ਸਮਝਾ ਦਿੱਤਾ ਅਸਲ ਵਿੱਚ ਟੂਣੇ ਦਾ ਮਤਲਬ ਉਹ ਨਹੀਂ ਸੀ ।
ਪੁਰਾਣੇ ਜਮਾਨੇ ਵਿੱਚ ਟੂਣਾ ਵੀ ਇੱਕ ਬਹੁਤ ਜਰੂਰੀ ਅਤੇ ਮਨੁੱਖੀ ਭਲੇ ਲਈ ਕੀਤਾ ਜਾਂਦਾ ਸੀ । ਕਿਉਂਕਿ ਪੁਰਾਣੇ ਜਮਾਨੇ ਵਿੱਚ ਜਦੋਂ ਆਵਾਜਾਈ ਅਤੇ ਸੰਚਾਰ ਸਾਧਨ ਨਹੀਂ ਬਣੇ ਸਨ ਤਾਂ ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਸੀ ਤਾਂ ਕਈ ਵਾਰ ਵੈਦ ਜਾਂ ਹਕੀਮ ਬਹੁਤ ਦੂਰ ਹੁੰਦਾ ਸੀ ਅਤੇ ਵੈਦ ਹਕੀਮ ਨੂੰ ਲੱਭਣਾ ਅਤੇ ਉਸ ਤੱਕ ਪਹੁੰਚਣ ਵਿੱਚ ਕਾਫੀ ਦੇਰ ਹੋ ਜਾਂਦੀ ਸੀ ।
ਇਸ ਕਰਕੇ ਲੋਕਾਂ ਨੇ ਵੈਦ ਕੋਲ ਮਰੀਜ਼ ਬਾਰੇ ਆਪਣਾ ਸੁਨੇਹਾ ਪਹੁੰਚਦਾ ਕਰਨ ਲਈ ਟੂਣਾ ਕਰਨ ਦਾ ਤਰੀਕਾ ਅਪਣਾਇਆ ।
ਜੇਕਰ ਕਿਸੇ ਇਲਾਕੇ ਵਿੱਚ ਕੋਈ ਸਿਰ ਦਾ ਕੋਈ ਮਰੀਜ਼ ਹੁੰਦਾ ਸੀ ਤਾਂ ਉਸ ਘਰ ਵਾਲੇ ਆਪਣੇ ਘਰ ਤੋਂ ਨੇੜਲੇ ਚੌਂਕ ਵਿੱਚ ਇੱਕ ਨਾਰੀਅਲ ਰੱਖ ਦਿੰਦੇ ਸਨ । ਅਤੇ ਉਸ ਚੌਂਕ ਵਿੱਚੋਂ ਲੰਘਣ ਵਾਲੇ ਲੋਕ ਅੱਗੇ ਦੇ ਲੋਕਾਂ ਨੂੰ ਦੱਸਦੇ ਰਹਿੰਦੇ ਸਨ ਕਿ ਫਲਾਨੇ ਚੌਂਕ ਵਿੱਚ ਟੂਣਾ ਪਿਆ ਹੈ ।
ਇਸ ਤਰ੍ਹਾਂ ਇੱਕ ਦੋ ਦਿਨ ਵਿੱਚ ਇਹ ਖਬਰ ਵੈਦ ਹਕੀਮ ਕੋਲ ਪਹੁੰਚ ਜਾਂਦੀ ਸੀ, ਅਤੇ ਉਹ ਵੀ ਟੂਣੇ ਬਾਰੇ ਪੁੱਛਦਾ ਹੋਇਆ ਉਸ ਟੂਣੇ ਕੋਲ ਪਹੁੰਚ ਜਾਂਦਾ ਸੀ ਅਤੇ ਉੱਥੋਂ ਮਰੀਜ਼ ਦਾ ਘਰ ਪੁੱਛ ਕੇ ਮਰੀਜ਼ ਦਾ ਇਲਾਜ ਕਰਦਾ ਸੀ।
ਇਸ ਤਰ੍ਹਾਂ ਜੇਕਰ ਕਿਸੇ ਇਲਾਕੇ ਵਿੱਚ ਪੇਟ ਦਾ ਮਰੀਜ਼ ਹੁੰਦਾ ਸੀ ਤਾਂ ਨੇੜਲੇ ਚੌਂਕ ਵਿੱਚ ਅਨਾਜ, ਅਤੇ ਦਾਲਾਂ ਆਦਿ ਮਿਲਾ ਕੇ ਰੱਖੀਆਂ ਜਾਂਦੀਆਂ ਸਨ। ਜੇਕਰ ਮਰੀਜ਼ ਨੂੰ ਪੀਲੀਆ ਆਦਿ ਹੁੰਦਾ ਸੀ ਤਾਂ ਅਨਾਜ ਨਾਲ ਹਲਦੀ ਵੀ ਰੱਖ ਦਿੰਦੇ ਸਨ।
ਜੇਕਰ ਮਰੀਜ਼ ਕੋਈ ਔਰਤ ਹੁੰਦੀ ਸੀ ਤਾਂ ਸਿਰ ਦਾ ਪ੍ਰਤੀਕ ਤਾਂ ਨਾਰੀਅਲ ਹੁੰਦਾ ਸੀ, ਅਤੇ ਪੇਟ ਦੀ ਬਿਮਾਰੀ ਲਈ ਅਨਾਜ ਰੱਖ ਕੇ ਔਰਤ ਦਾ ਪ੍ਰਤੀਕ ਦੱਸਣ ਲਈ ਉਸਦੀਆਂ ਵੰਗਾਂ (ਚੂੜੀਆਂ), ਸ਼ੀਸ਼ਾ, ਕਾਜਲ ਜਾਂ ਸੁਰਮਾ, ਅਤੇ ਉਸਦੇ ਸ਼ਿੰਗਾਰ ਦੀਆਂ ਚੀਜ਼ਾਂ ਰੱਖ ਦਿੰਦੇ ਸਨ, ਤਾਂ ਕਿ ਹਕੀਮ ਨੂੰ ਪਤਾ ਲੱਗ ਸਕੇ ਕਿ ਮਰੀਜ਼ ਕੋਈ ਔਰਤ ਹੈ ।
ਜੇਕਰ ਮਰੀਜ਼ ਕੋਈ ਬੱਚਾ ਹੁੰਦਾ ਸੀ ਤਾਂ ਟੂਣੇ ਦੇ ਨਾਲ ਕੁਝ ਖਿਡੌਣੇ ਆਦਿ ਰੱਖੇ ਜਾਂਦੇ ਸਨ।
ਇਸ ਤਰ੍ਹਾਂ ਇਹ ਟੂਣਾ ਪੁਰਾਣੇ ਜਮਾਨੇ ਵਿੱਚ ਲੋਕਾਂ ਦੀ ਬਹੁਤ ਸੇਵਾ ਕਰਿਆ ਕਰਦਾ ਸੀ। ਪਰ ਸੰਚਾਰ ਸਾਧਨ ਅਤੇ ਆਵਾਜਾਈ ਦੇ ਸਾਧਨ ਵਿਕਸਿਤ ਹੋਣ ਕਰਕੇ ਇਸਦੀ ਅਸਲੀ ਵਰਤੋਂ ਤਾਂ ਬੰਦ ਹੋ ਗਈ ਅਤੇ ਅਸੀਂ ਅੱਜ ਦੇ ਸਮੇਂ ਵਿੱਚ ਡਾਕਟਰ ਕੋਲ ਪਹੁੰਚਣ ਲਈ ਟੈਲੀਫੋਨ ਅਤੇ ਆਵਾਜਾਈ ਦੇ ਸਾਧਨ ਵਰਤਦੇ ਹਾਂ ।
ਪਰ ਕੁਝ ਪਖੰਡੀ ਲੋਕਾਂ ਨੇ ਆਪਣਾ ਪਖੰਡ ਦਾ ਕਾਰੋਬਾਰ ਚਲਾਉਣ ਲਈ ਟੂਣੇ ਨੂੰ ਬਦਨਾਮ ਅਤੇ ਡਰਾਉਣਾ ਬਣਾ ਦਿੱਤਾ ।
ਜੇਕਰ ਕੋਈ ਅੰਧਵਿਸ਼ਵਾਸੀ ਵਿਅਕਤੀ ਕਿਸੇ ਪਖੰਡੀ ਸਾਧ ਕੋਲ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਸਮੱਸਿਆ ਦਾ ਹੱਲ ਕਰਨ ਲਈ ਉਹ ਪਖੰਡੀ ਸਾਧ ਉਸਨੂੰ ਕੁਝ ਵਸਤਾਂ ਕਿਸੇ ਚੌਂਕ ਆਦਿ ਵਿੱਚ ਰੱਖਣ ਲਈ ਕਹਿੰਦਾ ਹੈ ।
ਅਤੇ ਜਿਸਦੇ ਘਰ ਕੋਲ ਉਹ ਚੌਂਕ ਹੁੰਦਾ ਹੈ ਉਹ ਕਿਸੇ ਵਿਅਕਤੀ ਉੱਪਰ ਸ਼ੱਕ ਕਰਕੇ ਉਸ ਨਾਲ ਲੜਾਈ ਝਗੜਾ ਕਰਦਾ ਹੈ।
ਸੋ ਸਾਨੂੰ ਇਹਨਾਂ ਪਖੰਡੀ ਸਾਧਾਂ ਦੇ ਇਹਨਾਂ ਪਖੰਡਾਂ ਤੋਂ ਬਚਣ ਦੀ ਲੋੜ ਹੈ, ਤਾਂ ਕਿ ਅਸੀਂ ਆਪਣੀ ਆਰਥਿਕ ਅਤੇ ਮਾਨਸਿਕ ਲੁੱਟ ਹੋਣ ਤੋਂ ਬਚਾ ਸਕੀਏ ।- ਕੰਵਲ ਵਧਵਾ ਭਟਿੰਡਾ 

ਅੱਜ ਸਵੇਰੇ ਮੈਂ ਰੇਡੀਓ ਤੇ ਇਕ ਹਿੰਦੀ ਫਿਲਮ ਦਾ ਗਾਣਾ ਸੁਣਿਆ - ਸ਼ਾਇਦ ਕਈਂ ਸਾਲਾਂ ਬਾਅਦ ਸੁਣਿਆ ਸੀ - ਆਇਏ ਬਹਾਰ ਕੋ ਹਮ ਬਾੰਟ ਲੇਂ !! ਮੈਂ ਫੇਰ ਸੁਣਨ ਲੱਗਾ ਹਾਂ - ਲੋ ਜੀ ਤੁਸੀਂ ਵੀ ਸੁਣੋ - 

Wednesday, 18 September 2019

ਨਕਲੀ ਦੰਦਾਂ ਦੇ ਅਸਲੀ ਕਿੱਸੇ

ਨਕਲੀ ਦੰਦਾਂ ਦੀ ਗੱਲ ਕਰਦਾ ਹਾਂ ਤਾਂ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਹਨ ਅਕਸਰ ਜਦੋਂ ਅਸੀਂ ਆਪਣੇ ਨਾਨਕੇ ਗਏ ਹੁੰਦੇ ਸੀ। ਨਾਨਾ ਜੀ ਰੋਟੀ ਖਾਣ ਤੋਂ ਬਾਅਦ ਹੈਂਡਪੰਪ ਕੋਲ ਪਹੁੰਚਦੇ ਤੇ ਨਿਆਨਿਆਂ ਵਿਚੋਂ ਕਿਸੇ ਇੱਕ ਨੂੰ ਇਸ਼ਾਰਾ ਕੀਤਾ ਜਾੰਦਾ ਕਿ ਹੁਣ ਨਾਨਾ ਜੀ ਚੂਲੀ ਕਰਣਗੇ ਤੇ ਇੱਕ ਦੋ ਮਿੰਟ ਲਈ ਹੈਂਡਪੰਪ ਗੇੜਨਾ ਹੈ ਅਸੀਂ - ਮੈਨੂੰ ਬੜੀ ਚੰਗੀ ਤਰ੍ਹਾਂ ਚੇਤੇ ਹੈ ਕਿ ਕਿਸ ਤਰ੍ਹਾਂ ਤਰ੍ਹਾਂ ਕਿਵੇਂ ਉਹ ਹਰ ਵਾਰੀ ਰੋਟੀ ਖਾਣ ਤੋਂ ਬਾਅਦ ਚੂਲੀਆਂ ਕਰਣ ਲਈ ਨਕਲੀ ਦੰਦਾਂ ਦਾ ਸੈੱਟ ਮੂੰਹ ਵਿੱਚੋਂ ਕੱਢ ਕੇ ਉਸੇ ਭੀ ਹੈਂਡਪੰਪ ਦੇ ਪਾਣੀ ਨਾਲ ਜਲਦੀ ਜਲਦੀ ਧੋਂਦੇ ਅਤੇ ਖਟਾਕ ਕਰ ਕੇ ਉਸ ਨੂੰ ਆਪਣੇ ਮੂੰਹ ਵਿਚ ਤੁੰਨ ਲੈਂਦੇ - ਮੈਂ ਬੜੀ ਹੀ ਹੈਰਾਨੀ ਨਾਲ ਓਹਨਾਂ ਦੇ ਮੂੰਹ ਵੱਲ ਤੱਕਦਾ ਕਿ ਇਹ ਇਹਨਾਂ ਭਲਾ ਜਾਦੂ ਕਿਹੜਾ ਕੀਤਾ ਏ, ਉਹ ਮੇਰੇ ਚੇਹਰੇ ਨੂੰ ਪੜ੍ਹਦੇ, ਨਿੱਮਾ ਜਿਹਾ ਹੱਸਦੇ ਤੇ ਕਿਸੇ ਉਰਦੂ ਦੇ ਰਸਾਲੇ ਨੂੰ ਪੜ੍ਹ ਚ' ਰੁਝ ਜਾਂਦੇ। ਓਹ ਦੇਸ਼ ਦੀ ਵੰਡ ਤੋਂ ਬਾਅਦ ਕੁਝ ਚਿਰ ਤੱਕ ਉਰਦੂ ਅਖਬਾਰ ਦੇ ਸਬ-ਐਡੀਟਰ ਸਨ।

ਸਮੇਂ ਦਾ ਚੱਕਾ ਅੱਗੇ ਚਲਿਆ- ਮੈਨੂੰ ਵੀ ਨਕਲੀ ਦੰਦਾਂ ਦੇ ਬਾਰੇ ਪੜ੍ਹਨ, ਸਮਝਣ ਤੇ ਤਿਆਰ ਕਰਨ ਤੇ ਫੇਰ ਓਹਨਾਂ ਨੂੰ ਮੂੰਹ ਵਿੱਚ ਫਿੱਟ ਕਰਣ ਵਾਲਾ ਕਿੱਤਾ ਹੀ ਮਿਲ ਗਿਆ. ਇਸ ਦੌਰਾਨ ਬੜੇ ਬੜੇ ਤਜੁਰਬੇ ਹੋਏ, ਕੁਝ ਦਿਨ ਪਹਿਲਾਂ ਜਦੋਂ ਨਕਲੀ ਦੰਦਾਂ ਦੇ ਪੰਜਾਂ ਸੈੱਟਾਂ ਵਾਲਾ ਇਕ ਬੰਦਾ ਮਿਲਿਆ ਤਾਂ ਸੋਚਿਆ ਕਿ ਚੱਲੋ, ਇਸ ਬਾਰੇ ਹੀ ਕੁਝ ਗੱਲਾਂ ਸਾਂਝੀਆਂ ਕਰ ਲੈਂਦੇ ਹਾਂ.

ਜਦੋਂ ਅਸੀਂ ਦੰਦਾਂ ਦੀ ਡਾਕਟਰੀ ਦੀ ਪੜ੍ਹਾਈ ਕਰਦੇ ਹਾਂ ਤਾਂ ਉਸ ਦੌਰਾਨ ਸਾਨੂੰ ਮਰੀਜ਼ਾਂ ਦੇ ਨਕਲੀ ਦੰਦਾਂ ਦੇ ਸੈੱਟ - ਸ਼ਾਇਦ 10 ਮਰੀਜ਼ਾਂ ਦੇ - ਤਿਆਰ ਕਰਨੇ ਹੁੰਦੇ ਹਨ. ਹੁਣ, ਐਂਨੀ ਪ੍ਰੈਕਟਿਸ ਤਾਂ ਉਸ ਵੇਲੇ ਹੁੰਦੀ ਨਹੀਂ ਹੈ - ਕਿਵੇਂ ਵੀ ਜਲਦਬਾਜ਼ੀ ਵਿੱਚ ਬਸ ਕੋਟਾ ਪੂਰਾ ਕਰਣ ਦੇ ਚੱਕਰ ਵਿੱਚ ਲੱਗੇ ਰਹਿੰਦੇ ਸੀ. ਅੰਮ੍ਰਿਤਸਰ ਦਾ ਸਰਕਾਰੀ ਕਾਲਜ ਸੀ, ਫੇਰ ਵੀ ਮਰੀਜਾਂ ਨੂੰ ਨਕਲੀ ਦੰਦਾਂ ਦਾ ਬੀੜ ਲਗਵਾਉਣ ਲਈ 100 ਰੁਪਈਏ ਤੇ ਜਮਾ ਕਰਣੇ ਹੀ ਪੈਂਦੇ ਸੀ, ਅੱਸੀ ਦੇ ਦਹਾਕੇ ਵਿਚ ਬਾਈ ਇਹ ਰਕਮ ਕੋਈ ਐੱਡੀ ਛੋਟੀ ਨਹੀਂ ਸੀ।

ਕਿਸੇ ਨੂੰ ਨਵੇਂ ਦੰਦ ਸਹੀ ਸੈੱਟ ਨਹੀਂ ਬੈਠੇ, ਕਿਸੇ ਨੂੰ ਚੁਭ ਰਹੇ ਨੇ, ਕਿਸੇ ਦਾ ਮੂੰਹ ਨਵੇਂ ਦੰਦ ਲੱਗਣ ਤੋਂ ਬਾਅਦ ਅਜੀਬ ਜਿਹਾ ਦਿੱਸਣ ਲੱਗ ਪੈਂਦਾ - ਇਹ ਸਾਰੀਆਂ ਤਕਲੀਫ਼ਾਂ ਨਵੇਂ ਦੰਦਾਂ ਦੇ ਬੀੜ ਨਾਲ ਆਮ ਤੌਰ ਤੇ ਲੱਗੀਆਂ ਹੀ ਹੁੰਦੀਆਂ- ਇਕ ਵਾਕਿਆ ਮੈਂ ਅਜੇ ਤਕ ਨਹੀਂ ਭੁੱਲਿਆ - ਸਾਡੀ ਇਕ ਸੀਨੀਅਰ ਸੀ, ਇਕ ਸਾਲ ਸੀਨੀਅਰ - ਉਹ ਚੌਥੇ ਸਾਲ ਵਿਚ ਸੀ, ਅਸੀਂ ਤੀਜੇ ਸਾਲ ਵਿਚ - ਉਸ ਨੇ ਇਕ ਬੀਬੀ ਦਾ ਬੀੜ ਤਿਆਰ ਕੀਤਾ - ਉਸ ਨੂੰ ਉਹ ਫਿੱਟ ਨਹੀਂ ਸੀ ਬਹਿ ਰਿਹਾ - ਵਿਚਾਰੀ ਬਾਰ ਬਾਰ ਗੇੜੇ ਮਾਰਦੀ ਰਹਿੰਦੀ - ਉੰਝ ਵੀ ਤਾਂ ਨਕਲੀ ਦੰਦਾਂ ਦਾ ਸੈੱਟ ਲਗਵਾਉਣ ਲਈ ਮਰੀਜ ਨੂੰ ਪੰਜ-ਛੇ ਵਾਰ ਤਾਂ ਘੱਟੋਘੱਟ ਆਉਣਾ ਹੀ ਪੈਂਦਾ ਸੀ - ਉਹ ਸਾਡੀ ਸੀਨੀਅਰ ਜਦੋਂ ਵੀ ਉਸ ਬੇਬੇ ਨੂੰ ਦੂਰੋਂ ਹੀ ਆਉਂਦਾ ਵੇਖਦੀ ਤਾਂ ਉਸਦੇ ਪਸੀਨੇ ਛੁੱਟਣ ਲੱਗ ਪੈਂਦੈ - ਉਸ ਦਿਨ ਵੀ ਬੇਬੇ ਆਈ - ਕਹਿਣ ਲੱਗੀ ਕੀ ਇਹ ਨਵੇਂ ਦੰਦਾਂ ਦਾ ਬੀੜ ਤਾਂ ਮੇਰੇ ਕਿਸੇ ਕੰਮ ਦਾ ਨਹੀਂ - ਸਾਡੀ ਸੀਨੀਅਰ ਨੇ ਦਲੀਲ ਦਿੱਤੀ - "ਹੋ ਜਾਣਗੇ ਬੀਬੀ ਜੀ ਰਵਾਂ ਹੁੰਦੇ ਹੁੰਦੇ "- ਇਹ ਸੁਣਦਿਆਂ ਹੀ ਉਸ ਬੇਬੇ ਨੇ ਓਹਨਾਂ ਦੰਦਾਂ ਦੇ ਬੀੜ ਨੂੰ ਓਥੇ ਹੀ ਕਮਰੇ ਵਿਚ ਵਗਾ ਮਾਰਿਆ ਤੇ ਜ਼ੋਰ ਜ਼ੋਰ ਨਾਲ ਬੋਲਣ ਲੱਗ ਪਈ - "ਲੈ ਰੱਖ ਲੈ ਇਹਨਾਂ ਨੂੰ ਤੂੰ ਹੀ , ਮੇਰੇ ਲਈ ਤਾਂ ਕਿਸੇ ਕੰਮ ਦੇ ਨਹੀਂ, ਮੈਂ ਇਹੋ ਸਮਝ ਲਵਾਂਗੀ ਕਿ ਮੈਂ 100 ਰੁਪਏ ਦੀ ਤੇਰੇ ਸਿਰ ਉੱਤੇ ਸਵਾ ਪਾ ਦਿੱਤੀ !!" - ਇਹ ਕਹਿ ਕੇ ਬੁੜਬੁੜ ਕਰਦੀ ਬੇਬੇ ਓਥੋਂ ਤੁਰ ਗਈ !!

ਮੈਨੂੰ ਵੀ ਇਸ ਕਿੱਤੇ ਵਿਚ 35-40 ਸਾਲ ਹੀ ਗਏ ਹਨ, ਹਰ ਤਰ੍ਹਾਂ ਦੇ ਮਰੀਜ ਨਾਲ ਪਾਲਾ ਪੈਂਦੈ - ਕੋਈ ਤੇ ਜ਼ਿੰਦਗੀ ਤੋਂ ਬਿਲਕੁਲ ਖੁਸ਼ , ਹਰ ਤਰ੍ਹਾਂ ਨਾਲ ਰੱਜਿਆ ਪੁੱਜਿਆ ਅਤੇ ਕੁਝ ਰੂਹਾਂ ਅਜਿਹੀਆਂ ਵੇਖੀਆਂ ਜਿਹੜੀਆਂ ਹਰ ਵੇਲੇ ਸ਼ਿਕਾਇਤ ਦੇ ਮੂਡ ਅਤੇ ਮੋਡ ਵਿੱਚ ਹੀ ਦਿਸਦੀਆਂ ਹਨ. ਕੁਝ ਲੋਕ ਬਿਨਾਂ ਦੰਦਾਂ ਦੇ ਵੀ ਜਾਂ ਮੂੰਹ ਅੰਦਰ ਦੋ-ਚਾਰ ਦੰਦਾਂ ਨਾਲ ਵੀ ਚੜ੍ਹਦੀਆਂ ਕਲਾਂ ਵਿੱਚ ਦਿਖੇ - ਜਦੋਂ ਓਹਨਾਂ ਨੂੰ ਦੰਦ ਲਗਵਾਉਣ ਦੀ ਸਲਾਹ ਦਿੱਤੀ, ਓਹਨਾਂ ਇਹੋ ਕਿਹਾ ਕਿ ਸਾਡਾ ਕੰਮ ਚੱਲ ਰਿਹਾ ਹੈ ਡਾਕਟਰ ਸਾਬ, ਕੋਈ ਪਰੇਸ਼ਾਨੀ ਨਹੀਂ, ਦੰਦ ਨਹੀਂ ਵੀ ਹਨ ਤਾਂ ਵੀ ਕੋਈ ਗੱਲ ਨਹੀਂ, ਭੁੱਜੇ ਛੋਲੇ ਤਕ ਮੈਂ ਇਹਨਾਂ ਥੋੜੇ ਜਿਹੇ ਦੰਦਾਂ ਨਾਲ ਤੇ ਇਹਨਾਂ ਟੁੱਟੀਆਂ ਹੋਈਂਆਂ ਦੰਦਾਂ ਦੀਆਂ ਚਿਪਰਾਂ ਨਾਲ ਚੱਬ ਲੈਂਦਾ ਹਾਂ - ਕੁਝ ਕਹਿੰਦੇ ਨੇ ਹੁਣ ਬੁੱਢੇ ਵਾਰੇ ਕੀ ਪੈਣਾ ਇਸ ਬਨਾਉਟੀ ਦੰਦਾਂ ਦੇ ਵਖਤੇ ਵਿੱਚ - ਜ਼ਿੰਦਗੀ ਹੁਣ ਬਚੀ ਹੀ ਕਿੰਨੀ ਕੁ' ਏ, ਇਵੇਂ ਹੀ ਲੰਘ-ਟੱਪ ਜਾਣੀ ਐ, ਕੰਮ ਚੱਲ ਰਿਹਾ ਹੈ ਜੀ ਆਪਣਾ ਤਾਂ ਚੰਗਾ ਭਲਾ !! ਕੁਝ ਚਿਰ ਪਹਿਲਾਂ ਇਕ ਬਜ਼ੁਰਗ ਬੀਬੀ ਆਈ ਮੇਰੇ ਕੋਲੇ - ਉਸ ਨੇ ਕਿਹਾ - ਮੁੰਡਾ ਕਹਿੰਦੈ ਹੁਣ ਨਕਲੀ ਦੰਦਾਂ ਤੇ ਐਨਾਂ ਖਰਚਾ ਕਰੇਂਗੀ, ਤੇਰੇ ਤਾਂ ਹੁਣ ਦਿਨ ਹੀ ਕਿੰਨ੍ਹੇ ਬਚੇ ਹਨ!! ਉਸ ਦੀ ਗੱਲ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ !!

ਕੁਝ ਅਜਿਹੇ ਮਰੀਜ਼ ਵੀ ਮਿਲੇ ਜਿੰਨ੍ਹਾਂ ਦੇ ਨਕਲੀ ਦੰਦ ਦੇਖਣ ਵਿੱਚ ਹੀ ਲੱਗਦਾ ਹੈ ਕਿ ਯਾਰ, ਇਹਨਾਂ ਦੀ ਬਨਾਵਟ ਵਿੱਚ ਤਾਂ ਕੋਈ ਪੰਗਾ ਹੈ - ਇਹਨਾਂ ਨੂੰ ਤਿਆਰ ਕਰਦੇ ਸਮੇਂ ਕਿਸੇ ਨਾ ਕਿਸੇ ਕੋਲ ਕੋਈ ਕਮੀ ਤਾਂ ਜ਼ਰੂਰ ਰਹਿ ਗਈ ਹੈ - ਪਰ ਉਹ ਮਰੀਜ਼ ਮਜ਼ੇ ਵਿਚ ਹਨ , ਸਭ ਕੁਛ ਰਗੜੀ ਜਾ ਰਹੇ ਨੇ ਓਹਨਾਂ ਦੰਦਾਂ ਨਾਲ ਹੀ - (ਅਜਿਹੇ ਰੱਬ ਦੇ ਬੰਦਿਆਂ ਨੂੰ ਮੈਂ ਵੀ ਕਦੇ ਓਹਨਾਂ ਦੇ ਬਨਾਉਟੀ ਦੰਦਾਂ ਦੀਆਂ ਕਮੀਆਂ ਗਿਣਵਾਉਣ ਦੀ ਬੇਵਕੂਫੀ ਕੀਤੀ ਨਹੀਂ !! ਕੁਝ ਅਜਿਹੇ ਲੋਕ ਵੀ ਮਿਲਦੇ ਹਨ ਜਿੰਨ੍ਹਾਂ ਦੇ ਨਕਲੀ ਦੰਦ ਦੇਖਣ ਵਿੱਚ ਤੇ ਮੂੰਹ ਵਿਚ ਫਿਟਿੰਗ ਦੇ ਹਿਸਾਬ ਨਾਲ ਬਿਲਕੁਲ ਠੀਕ ਲਗਦੇ ਹਨ ਪਰ ਉਹਨਾਂ ਨੂੰ ਫੇਰ ਵੀ 20 ਸ਼ਿਕਾਇਤਾਂ ਹੁੰਦੀਆਂ ਹਨ।  ਜਿਵੇਂ ਕਹਾਵਤ ਹੈ ਕਿ ਜੁੱਤੀ ਪਾਉਣ ਵਾਲੇ ਨੂੰ ਹੀ ਪਤਾ ਹੁੰਦੈ ਕਿ ਉਹ ਕਿੱਥੋਂ ਚੁਭ ਰਿਹੈ - ਉਵੇਂ ਹੀ ਮੰਨ ਲਿਆ ਕਿ ਨਕਲੀ ਦੰਦਾਂ ਦੇ ਬੀੜ ਵਿੱਚ ਵੀ ਕੋਈ ਕਮੀ-ਪੇਸ਼ੀ ਰਹਿ ਗਈ ਹੋਵੇ - ਇਹ ਹੋ ਸਕਦੈ - ਪਰ ਵੱਡੀ ਉਮਰ ਦੀਆਂ ਕੁਝ ਆਪਣੀਆਂ ਹੋਰ ਵੀ ਦਿੱਕਤਾਂ ਹੁੰਦੀਆਂ ਹਨ , ਜਿਵੇਂ ਕਿ ਥੁੱਕ ਬਣਨਾ ਘੱਟ ਜਾਂਦੈ, ਨਸਾਂ ਵਿੱਚ, ਮਾਂਸਪੇਸ਼ਿਆਂ ਵਿੱਚ ਵੀ ਬੁਢਾਪੇ ਦਾ ਅਸਰ ਹੋ ਜਾਂਦੈ ਤੇ ਨਕਲੀ ਦੰਦਾਂ ਨੂੰ ਸੈੱਟ ਹੋਣ ਵਿੱਚ ਥੋੜੇ ਬਹੁਤ ਅੜਿੱਕੇ ਆ ਜਾਂਦੇ ਹਨ. ਹਰ ਬੰਦਾ ਇਕ ਅਲੱਗ ਮਿੱਟੀ ਦਾ ਬਣਿਆ ਹੋਇਆ ਹੁੰਦੈ - ਕੁਝ ਤਾਂ ਇਹਨਾਂ ਛੋਟੀਆਂ ਮੋਟੀਆਂ ਤਕਲੀਫ਼ਾਂ ਨੂੰ ਸਹਿਜੇ ਹੀ ਸਵੀਕਾਰ ਕਰ ਲੈਂਦੇ ਹਨ ਅਤੇ ਕੁਝ ਵਿਚਾਰੇ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਨ - ਜਦੋਂ ਅਸੀਂ ਦੰਦਾਂ ਦੀ ਡਾਕਟਰੀ ਪੜ੍ਹ ਰਹੇ ਸੀ ਤਾਂ ਆਪਸ ਵਿੱਚ ਗੱਲ ਬਾਤ ਕਰਦਿਆਂ ਕੁਝ ਸਾਥੀ (ਮੈਂ ਨਹੀਂ, ਇੰਨ੍ਹਾਂ ਮੈਨੂੰ ਪੱਕਾ ਪਤਾ ਹੈ!!) ਅਜਿਹੇ ਮਰੀਜਾਂ ਬਾਰੇ ਇਹ ਕਹਿ ਦਿੰਦੇ ਸਨ ਕਿ ਇਹ ਸਾਇਕਿਕ ਹੈ - ਮਤਲਬ ਇਸ ਦਾ ਦਿਮਾਗ ਟਿਕਾਣੇ ਨਹੀਂ, ਸਤਰਿਆ -ਬਤਰਿਆ ਹੋਇਆ ਲੱਗਦੈ - ਮੈਨੂੰ ਸ਼ੁਰੂ ਤੋਂ ਹੀ ਅਜਿਹੇ ਜੁਮਲੇ ਇਸਤੇਮਾਲ ਕਰਣ ਤੋਂ ਗੁਰੇਜ ਹੀ ਰਿਹੈ - ਹਰ ਬੰਦਾ ਆਪਣੀ ਇੱਕ ਜੰਗ ਲੜ ਰਿਹੈ - ਕੀ ਐਵੇਂ ਜੱਜ ਬਣ ਕੇ ਕਿਸੇ ਨੂੰ ਕੁਝ ਵੀ ਕਹਿ ਦੇਣਾ!!

ਆਪਣੇ ਆਸ ਪਾਸ ਹੀ ਦੇਖਦਾ ਹਾਂ - ਨਾਨੀ ਪਾਉਂਦੀ ਸੀ ਨਕਲੀ ਬੀੜ, ਮੇਰੇ ਭਾਪਾ ਜੀ ਪਾਉਂਦੇ ਸੀ , ਪਰ ਚੇਤਾ ਨਹੀਂ ਆ ਰਿਹਾ ਕਿ ਕਦੇ ਓਹਨਾਂ ਕਦੇ ਕੋਈ ਸ਼ਿਕਾਇਤ ਕੀਤੀ ਹੋਵੇ ਇਹਨਾਂ ਦੰਦਾਂ ਦੇ ਬਾਰੇ ਵਿਚ - ਕਹਿਣ ਦਾ ਮੇਰਾ ਮਤਲਬ ਇਹੋ ਹੈ ਕਿ ਕੋਈ ਜੇਕਰ ਆਪਣੇ ਨਕਲੀ ਦੰਦਾਂ ਤੋਂ ਖੁਸ਼ ਹੈ ਜਾਂ ਨਾਖੁਸ਼ ਹੈ, ਇਸ ਪਿੱਛੇ ਹੋਰ ਵੀ ਬੜੇ ਕਾਰਣ ਹੁੰਦੇ ਹਨ - ਜਿਹੜੇ ਕੀ ਸਾਰੇ ਇਸ ਲੇਖ ਵਿੱਚ ਸਮੇਟਨੇ ਔਖੇ ਹਨ. ਪਰ, ਹਾਂ, ਅਜਿਹੇ ਕਾਰਣ ਜ਼ਰੂਰ ਹੁੰਦੇ ਹਨ ਜਿਵੇਂ ਉਸ ਬੰਦੇ ਦੀ ਸ਼ਾਰੀਰਿਕ ਤੇ ਦਿਮਾਗੀ ਹਾਲਤ ਕਿਵੇਂ ਹੈ (ਇਸ ਦਾ ਸੱਤਰੇ ਬੱਤਰੇ ਨਾਲ ਕੋਈ ਸੰਬੰਧ ਨਹੀਂ ਹੈ !!) , ਉਸ ਦੀ ਜਾਤੀ ਜ਼ਿੰਦਗੀ ਕਿਵੇਂ ਹੈ, ਇਸ ਦਾ ਸਮਾਜਿਕ
ਦਾਇਰਾ ਕਿਹੋ ਜਿਹਾ ਹੈ, ਉਹ ਆਪਣੇ ਬਾਰੇ ਕੀ ਸੋਚਦਾ ਹੈ- ਇਹ ਸਾਰੀਆਂ ਗੱਲਾਂ ਤੈਅ ਕਰਦੀਆਂ ਹਨ ਕਿ ਕੋਈ ਨਕਲੀ ਦੰਦਾਂ ਤੋਂ ਹੀ ਕੀ, ਜ਼ਿੰਦਗੀ ਤੋਂ ਵੀ ਖੁਸ਼ ਹੈ ਜਾਂ ਨਹੀਂ, ਜਾਂ ਬਸ ਟੈਮ ਨੂੰ ਧੱਕਾ ਹੀ ਦਿੱਤਾ ਜਾ ਰਿਹੈ ਬਸ !!

ਇਹ ਤਾਂ ਕੋਈ ਮੈਡੀਕਲ ਪੋਸਟ ਨਹੀਂ ਲੱਗ ਰਹੀ ਜੀ, ਐਵੇਂ ਕਿੱਸੇ ਜਿਹੇ ਹੀ ਲੈ ਕੇ ਬੈਠ ਗਿਆ ਮੈਂ - ਪਰ ਸਾਰੇ ਸੱਚੇ!! ਹਾਂਜੀ, ਹੁਣੇ ਚੇਤੇ ਆ ਰਹੇ ਹਨ ਕੁਛ ਹੋਰ ਕਿੱਸੇ ਜਦੋਂ ਰਾਤ ਨੂੰ ਬਿੱਲੀ, ਚੂਹਾ ਨਕਲੀ ਦੰਦ ਮੰਜੀ ਥੱਲੇ ਪਏ ਹੋਏ ਲੈ ਕੇ ਤੁਰ ਗਏ - ਨਹਾਂਦਿਆਂ ਹੋਇਆਂ ਨਕਲੀ ਦੰਦ ਸਾਫ ਕਰ ਰਹੇ ਸੀ, ਉਹ ਥੱਲੇ ਡਿੱਗੇ ਤੇ ਟੁੱਟ ਗਏ - ਕਿਸੇ ਨੇ ਚਲਦੀ ਬਸ ਵਿਚੋਂ ਮੂੰਹ ਬਾਹਰ ਕੱਢ ਕੇ ਬਾਹਰ ਉਲਟੀ ਕਰਣੀ ਚਾਹੀ - ਪਰ ਇਹ ਕਿ ਨਾਲੇ ਹੀ ਬੀੜ ਵੀ ਬਾਹਰ ਬੁੜਕ  ਗਿਆ - ਇਹੋ ਜਿਹੀਆਂ ਗੱਲਾਂ ਸਾਨੂੰ ਆਪਣੇ ਮਰੀਜ਼ਾਂ ਨਾਲ ਸਾਂਝੀਆਂ ਕਰਨੀਆਂ ਪੈਂਦੀਆਂ ਹਨ ਤਾਂ ਜੋ ਉਹ ਸਚੇਤ ਰਹਿਣ।

ਪੰਜਾਬੀਆਂ ਵਿਚ ਇੱਕ ਕਹਾਵਤ ਹੈ - ਜਦੋਂ ਕਿਸੇ ਕੋਲ ਪੈਸੇ ਜ਼ਿਆਦਾ ਹੋ ਜਾਂਦੈ ਉਹ ਉਸਨੂੰ ਲੜਨ ਲੱਗ ਪੈਂਦੈ - ਕਿਸੇ ਨੇ ਨਕਲੀ ਦੰਦਾਂ ਦਾ ਸੈੱਟ ਲਗਵਾ ਰੱਖਿਆ ਹੈ - ਬਹੁਤ ਚੰਗੀ ਤਰ੍ਹਾਂ ਖਾ-ਪੀ ਰਿਹੈ ਪਰ ਉਸ ਦੇ ਬੰਬੇ ਵਾਲੇ ਕਿਸੇ ਰਿਸ਼ਤੇਦਾਰ ਨੇ ਜਬਾੜੇ ਵਿਚ ਫਿਕਸ ਦੰਦਾਂ ਦਾ ਸੈੱਟ ਡੂਢ-ਦੋ ਲੱਖ ਰੁਪਈਆ ਖਰਚ ਕੇ ਲਗਵਾ ਲਿਆ ਹੈ - ਇਸ ਲਈ ਉਸ ਨੂੰ ਵੀ ਓਹੋ ਜਿਹਾ ਹੀ ਪੱਕਾ ਕੰਮ ਕਰਵਾਉਣਾ ਹੈ।  ਆਪਣੀ ਤਰਫੋਂ ਤੇ ਅਜਿਹੇ ਲੋਕਾਂ ਨੂੰ ਸਮਝਾ ਤੇ ਦੇਈ ਦਾ ਹੀ ਹੈ- ਸ਼ਾਇਦ ਸਮਝ ਜਾਂਦੇ ਹੋਣਗੇ, ਰਬ ਜਾਣੇ!!!

ਥੋੜਾ ਚਿਰ ਹੋਇਆ ਇਕ ਬਜ਼ੁਰਗ ਆਇਆ ਮੇਰੇ ਕੋਲ - ਪਿਛਲੇ 10 ਸਾਲਾਂ ਤੋਂ ਨਕਲੀ ਦੰਦਾਂ ਦਾ ਬੀੜ ਲਾਇਆ ਹੋਇਆ ਹੈ - ਦਸ ਸਾਲ ਪਹਿਲਾਂ ਜਿਹੜਾ ਸੈੱਟ ਬਣਵਾਇਆ ਸੀ, ਉਹ ਹੁਣ ਥੋੜਾ ਘਿਸ ਚੁਕਿਆ ਏ, ਇਸ ਲਈ ਨਵਾਂ ਸੈੱਟ ਬਣਵਾ ਲਿੱਤਾ ਥੋੜੇ ਸਾਲ ਪਹਿਲਾਂ। ਵੈਸੇ ਉਂਝ ਦੱਸ ਰਿਹਾ ਸੀ ਕਿ ਉਹਨਾਂ ਨਕਲੀ ਦੰਦਾਂ ਨਾਲ ਵੀ ਉਸਨੂੰ ਸ਼ਿਕਾਇਤ ਕੋਈ ਨਹੀਂ ਹੈ ਅਜੇ ਤਕ - ਬਸ, ਐਵੇਂ ਹੀ ਲਖਨਊ ਤੋਂ ਬਾਹਰ ਕਿਤੇ ਹੋਰ ਜਗ੍ਹਾ ਤੇ ਜਾ ਕੇ ਇਕ ਨਵਾਂ ਬੀੜ ਬਣਵਾ ਲਿਆ - ਓਥੋਂ ਫ਼ਾਰਿਗ਼ ਹੋ ਕੇ ਆਇਆ ਤਾਂ ਕਿਸੇ ਨੇ ਦੱਸ ਪਾ ਦਿੱਤੀ ਕਿ ਤੂੰ ਸਰਕਾਰੀ ਦੰਦਾਂ ਦੇ ਕਾਲਜ ਤੋਂ ਕਿਓਂ ਨਹੀਂ ਬਣਵਾ ਲੈਂਦਾ ਇੱਕ ਸੈੱਟ। ਉਸ ਸੈੱਟ ਦੇ ਬਾਰੇ ਦੱਸਦਾ ਹੈ ਕਿ ਡੈਂਟਲ ਕਾਲਜ ਵਾਲਿਆਂ ਨੇ ਭਜਾ ਭਜਾ ਕੇ ਮੇਰੀਆਂ ਜੁੱਤੀਆਂ ਘਸਾ ਮਾਰੀਆਂ ਪਰ ਫੇਰ ਹੀ ਉਹ ਸੈੱਟ ਕਿਸੇ ਕੰਮ ਦਾ ਨਹੀਂ ਹੈ - ਇੱਕ ਦਿਨ ਵੀ ਇਸਤੇਮਾਲ ਨਹੀਂ ਕੀਤਾ - ਇੰਨੀਆਂ ਸਾਲੋਂ ਤੋਂ ਉਹ ਸੈੱਟ ਨੰਬਰ 2 ਹੀ ਇਸਤੇਮਾਲ ਕਰ ਰਹੇ ਸਨ ਕਿ ਉਸਨੂੰ ਲੱਗਾ ਕਿ ਨਵਾਂ ਸੈੱਟ ਹੀ ਬਣਵਾ ਲਵਾਂ - ਤਾਂ ਓਹਨਾਂ ਇਕ ਨਵਾਂ ਸੈੱਟ ਹੋਰ ਬਣਵਾ ਲਿਆ. ਫੇਰ ਉਸ ਵਿਚ ਕੁਝ ਪ੍ਰਾਬਲਮ ਲੱਗੀ (ਦੱਸਦਾ ਹਾਂ ਜੀ ਉਸ ਬਾਰੇ ਵੀ ਹੁਣੇ, ਥੋੜੀ ਠੰਡ ਰੱਖੋ ਜਨਾਬ!) ਤੇ ਉਸੇ ਡਾਕਟਰ ਕੋਲੋਂ ਇਕ ਹੋਰ ਸੈੱਟ ਲਗਵਾ ਲਿਆ - ਪਰ ਉਸ ਨਾਲ ਵੀ ਮਜ਼ਾ ਨਹੀਂ ਆਇਆ - ਮਜ਼ਾ ਉਸ ਨੂੰ ਨਹੀਂ ਆਇਆ ਜਾਂ ਕਿਸੇ ਹੋਰ ਨੂੰ ਨਹੀਂ ਆਇਆ, ਹੁਣੇ ਸੁਣਾਉਣਾ ਹਾਂ ਹੀ ਤੁਹਾਨੂੰ ਪੂਰਾ ਕਿੱਸਾ!!


ਇਸ ਭਾਈ ਦੇ ਦੰਦਾਂ ਦੇ ਵੰਨ-ਸੁਵੰਨੇ ਬੀੜ  

ਮੈਂ ਵੀ ਉਸ ਭਾਉ ਦੀਆਂ ਗੱਲਾਂ ਸੁਣ ਕੇ ਬੜਾ ਭੰਬਲਭੂਸੇ ਵਿਚ ਪੈ ਗਿਆ - ਪਰ ਇੰਨਾ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕੇ ਕਿ ਇਸ ਬੰਦੇ ਕੋਲ ਨਕਲੀ ਦੰਦਾਂ ਦੇ ਕੁਲ 5 ਸੈੱਟ ਹਨ - ਜਿੰਨ੍ਹਾਂ ਵਿਚੋਂ ਉਹ ਤਿੰਨ ਮੈਨੂੰ ਦਿਖਾਉਣ ਆਏ ਸੀ - ਪਿਛਲੇ ਕੁਝ ਮਹੀਨਿਆਂ ਵਿਚ ਦੰਦਾਂ ਦੇ ਤਿੰਨ ਸੈੱਟਾਂ ਤੇ ਇਹ 22 ਹਜ਼ਾਰ ਰੁਪਈਏ ਖਰਚ ਕਰ ਚੁਕੇ ਹਨ, ਰਿਟਾਇਰਡ ਰੇਲਵੇ ਮੁਲਾਜ਼ਿਮ ਹਨ, ਉਮਰ 74 ਸਾਲ, ਪਰ ਨਕਲੀ ਦੰਦਾਂ ਤੋਂ ਅਜੇ ਵੀ ਬਿਲਕੁਲ ਖੁਸ਼ ਨਹੀਂ।

ਮੈਨੂੰ ਇਸ ਬੰਦੇ ਦੀ ਗੱਲ ਬਾਤ ਤੋਂ ਇੰਝ ਲੱਗਾ ਕਿ ਇਹਨਾਂ ਸਭ ਨਕਲੀ ਦੰਦਾਂ ਦੇ ਸੈੱਟਾਂ ਤੋਂ ਇਹਨਾਂ ਨੂੰ ਕੋਈ ਖਾਸ ਸ਼ਿਕਾਇਤ ਨਹੀਂ ਹੈ ਸ਼ਾਇਦ - ਪਰ ਇਹਨਾਂ ਦੇ ਬੱਚਿਆਂ ਨੂੰ ਹੈ - ਉਹ ਸ਼ਿਕਾਇਤ ਇਹ ਹੈ ਕਿ ਬੱਚੇ ਕਹਿੰਦੇ ਨੇ ਕਿ ਇਕ ਸੈੱਟ ਤੇ ਭਾਇਆ ਜੀ ਤੁਹਾਡੇ ਇਸ ਤਰ੍ਹਾਂ ਦਾ ਹੈ ਕਿ ਜਦੋਂ ਤੁਸੀਂ ਉਹ ਲਗਾਇਆ ਹੁੰਦੈ ਤਾਂ ਪਤਾ ਹੀ ਨਹੀਂ ਲੱਗਦਾ ਕਿ ਤੁਹਾਡੇ ਮੂੰਹ ਵਿਚ ਦੰਦ ਲੱਗੇ ਵੀ ਹਨ ਜਾ ਨਹੀਂ !! ਦੂਜੇ ਸੈੱਟ ਨਾਲ ਬੱਚਿਆਂ ਦਾ ਰੋਣਾ ਇਹ ਹੈ ਕਿ ਜਦੋਂ ਭਾਪਾ ਜੀ ਓਹ ਵਾਲਾ ਸੈੱਟ ਲਾਉਂਦੇ ਹਨ ਤਾਂ ਉਪਰ ਵਾਲਾ ਹੋਂਠ ਥੋੜਾ ਜਿਹਾ ਉੱਪਰ ਉੱਠ ਜਾਂਦਾ ਹੈ - ਨਕਲੀ ਦੰਦ ਥੋੜੇ ਬਾਹਰ ਦੀ ਤਰਫ ਹਨ, ਇਹਨਾਂ ਦੇ ਬੱਚੇ ਇੰਝ ਸੋਚਦੇ ਹਨ- ਮੈਂ ਪੰਜ ਮਿੰਟ ਲਾ ਕੇ ਸੈੱਟ ਦੀ ਵਜ੍ਹਾ ਨਾਲ ਉਪਰਲਾ ਹੋਂਠ ਉਪਰ ਚੁੱਕੇ ਜਾਣ ਦੀ ਸਮਸਿਆ ਤਾਂ ਦੂਰ ਕਰ ਦਿੱਤੀ - ਖੁਸ਼ ਹੋ ਗਏ ਬਾਊ ਜੀ - ਪਰ ਮੈਨੂੰ ਪਤਾ ਹੈ ਇਹਨਾਂ ਦੀਆਂ ਸ਼ਿਕਾਇਤਾਂ ਬਹੁਤੀਆਂ ਮਾਨਸਿਕ ਜਾਂ ਖਿਆਲੀ ਹੀ ਹਨ।

ਉਸ ਦਿਨ ਮੈਂ ਇਕ ਅਜਿਹੇ ਬੰਦੇ ਨੂੰ ਮਿਲਿਆ ਜਿਸ ਕੋਲ ਨਕਲੀ ਦੰਦਾਂ ਦੇ 5 ਸੈੱਟ ਸਨ, ਪਰ ਫੇਰ ਵੀ ਉਹ ਨਾਖੁਸ਼ ਸੀ, ਓਹਦੇ ਨਾਲ ਗੱਲ ਬਾਤ ਕਰਦਿਆਂ ਮੈਂ ਇਹੋ ਸੋਚੀ ਜਾ ਰਿਹਾ ਸੀ ਕਿ ਖੁਸ਼ੀ ਦੀ ਵੀ ਪਰਿਭਾਸ਼ਾ ਕਿਵੇਂ ਹਰ ਬੰਦੇ ਵਾਸਤੇ ਅੱਡੋ-ਅੱਡ ਹੈ - ਹਰ ਬੰਦਾ ਆਪਣੇ ਹਿਸਾਬ ਨਾਲ ਖੁਸ਼ੀ ਨਾਪਦੈ - ਮੈਨੇ ਉਹ ਦਿਨ ਵੀ ਯਾਦ ਹਨ - ਅਸੀਂ ਉਹ ਦਿਨ ਵੀ ਦੇਖੇ ਹਨ ਜਦੋਂ ਨਕਲੀ ਦੰਦਾਂ ਦੇ ਬੀੜ ਫੁਟਪਾਥਾਂ ਤੇ ਵਿਕਿਆ ਕਰਦੇ ਸੀ - ਜਿਸਦੇ ਮੇਚ ਦਾ ਹੋਵੇ, ਕਰ ਲੋ ਬਾਈ ਤਸੱਲੀ ਤੇ ਲੈ ਜਾਓ, ਜਾਓ ਜਾ ਕੇ ਦਾਣੇ ਚਬੋ ਤੇ ਸੀਸਾਂ ਦਿਓ - ਇਸ ਤਰ੍ਹਾਂ ਨਾਲ ਦੰਦਾਂ ਦੇ ਬੀੜ ਬੇਚਣੇ ਬਿਲਕੁਲ ਗ਼ਲਤ ਗੱਲ ਹੈ - ਡਾਢੀ ਖ਼ਤਰਨਾਕ ਗੱਲ ਹੈ ਜੀ ਇਹ - ਦੰਦ ਕਦੇ ਵੀ ਇਸ ਤਰ੍ਹਾਂ ਇਕ ਦੂਜੇ ਦੇ ਫਿੱਟ ਨਹੀਂ ਆ ਸਕਦੇ ਤੇ ਰੈਡੀਮੇਡ ਬੀੜਾਂ ਦਾ ਵੀ ਕੋਈ ਮਾਮਲਾ ਹੁੰਦਾ ਨਹੀਂ - ਇਹ ਤੇ ਬੀੜ ਹਨ , ਮੈਂ ਅੱਜ ਕਲ ਵੀ ਕਈ ਥਾਵਾਂ ਤੇ ਦੇਖਦਾ ਹਾਂ ਕਿ ਲੋਗ ਪੁਰਾਣੇ ਚਸ਼ਮੇ ਪਾ ਪਾ ਕੇ ਵੇਖਦੇ ਹਨ ਫੁੱਟਪਾਥ ਤੋਂ , ਜਿਸ ਨਾਲ ਸਾਫ ਦਿੱਖ ਜਾਵੇ, ਉਹ ਖਰੀਦ ਲੈਂਦੇ ਹਨ - ਇਹ ਤਾਂ ਅੱਜ ਦੀਆਂ ਗੱਲਾਂ ਨੇ - ਦਰਅਸਲ ਗੁਰਬਤ ਵੀ ਇੰਨੀ ਹੈ ਕਿ ਆਮ ਆਦਮੀ ਦੇ ਛੋਟੇ ਛੋਟੇ ਮਸਲੇ ਵੀ ਬੜੇ ਵੱਡੇ ਹੁੰਦੇ ਹਨ!!

ਇਹ ਵੀ ਤਾਂ ਇਕ ਤਰ੍ਹਾਂ ਦੀ ਖਾਈ ਹੀ ਹੈ - ਕਿਸੇ ਕੋਲ ਨਕਲੀ ਦੰਦਾਂ ਦੇ ਪੰਜ ਸੈੱਟ ਹਨ ਤੇ ਫੇਰ ਵੀ ਉਸ ਨੂੰ ਪੈਸਾ ਲੜ ਰਿਹੈ - ਬੱਚਿਆਂ ਦੇ ਪਿੱਛੇ ਲੱਗ ਕੇ ਉਸਦਾ ਮਨ ਮਚਲ ਰਿਹੈ ਕਿ ਕੁਝ ਹੋਰ ਠਾ ਜਿਹਾ ਕੰਮ ਹੋਵੇ ਤੇ ਉਹ ਕਰਵਾ ਲਵੇ - ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਅਜਿਹੇ ਲੋਕ ਵੀ ਹਨ ਜਿਹੜੇ ਇਕ ਸੈੱਟ ਵਾਸਤੇ ਤਰਸਦੇ ਇਸ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ - ਕੁਝ ਬਜ਼ੁਰਗਾਂ ਨੂੰ ਬੱਚੇ ਇਹ ਕਹਿ ਕੇ ਟਾਲ ਦਿੰਦੇ ਹਨ ਕਿ ਹੁਣ ਬੇਬੇ ਤੇਰੀ ਬਾਕੀ ਬਚੀ ਹੀ ਕਿੰਨੀ ਕੁ ਹੈ - ਹੋਰ ਕਿੰਨਾ ਕੁ' ਜੀ ਲਵੋਗੇ !!

ਚਲੋ ਜੀ, ਹੁਣ ਕਿੱਸਾਗੋਈ ਦਾ ਸੈਸ਼ਨ ਕਰੀਏ ਬੰਦ, ਅੱਜ ਮੈਨੂੰ ਇਸ ਉੱਤੇ ਪੂਰੇ 5 ਘੰਟੇ ਲੱਗ ਗਏ ਪਰ ਮੈਂ ਗੱਲ ਅਧੂਰੀ ਨਹੀਂ ਸੀ ਛੱਡਣਾ ਚਾਹੁੰਦਾ! ਸਵੇਰੇ ਸਵੇਰੇ ਦੋ ਢਾਈ ਘੰਟੇ ਲੱਗੇ ਤੇ ਹੁਣ ਵੀ 2 ਕੁ' ਘੰਟੇ ਲੱਗੇ - ਕੋਈ ਗੱਲ ਨਹੀਂ, ਗੱਲ ਪੂਰੀ ਕਹਿ ਕੇ ਹੀ ਤਸੱਲੀ ਹੁੰਦੀ ਹੈ - ਬਸ ਹੁਣ ਮੈਨੂੰ ਗੁਰਦਾਸ ਮਾਨ ਨੂੰ ਸੁਣਾਂਗਾ - ਲੋ ਜੀ ਤੁਸੀਂ ਵੀ ਸੁਣੋ।

Monday, 16 September 2019

ਜ਼ੁਬਾਨਾਂ ਲਈ ਨਹੀਂ ਹੁੰਦੇ ਕੋਈ ਹੱਦਾਂ-ਬੰਨ੍ਹੇ

ਹੁਣੇ ਇਕ ਵਹਾਤਸੱਪ ਗਰੁੱਪ ਦੀਆਂ ਪੁਰਾਣੀਆਂ ਪੋਸਟਾਂ ਦੇਖ ਰਿਹਾ ਸੀ - ਇਸ ਵਿੱਚ ਇਕ ਬੀਬੀ ਨੇ ਲੋਕਾਂ ਨੂੰ ਸਚੇਤ ਕੀਤਾ ਕਿ ਤੁਸੀਂ ਲੋਕ ਹਿੰਦੀ ਬੋਲਦੇ ਬੋਲਦੇ ਕਿੰਨ੍ਹੇ ਹੀ ਲਫ਼ਜ਼ ਉਰਦੂ ਦੇ ਬੋਲਦੇ ਰਹਿੰਦੇ ਹੋ, ਤੁਹਾਨੂੰ ਪਤਾ ਹੀ ਨਹੀਂ ਲਗਦਾ, ਇਸ ਦੇ ਨਾਲ ਹੀ ਬੀਬੀ ਨੇ ਇਕ ਲੰਬੀ ਲਿਸਟ ਦਿੱਤੀ ਹੋਈ ਸੀ ਅਜਿਹੇ ਸ਼ਬਦਾਂ ਦੀ ਜਿਹੜੇ ਅਸੀਂ ਉਰਦੂ ਦੇ ਇਸਤੇਮਾਲ ਕਰਦੇ ਰਹਿੰਦੇ ਹਾਂ।

ਉਹ ਪੋਸਟ ਵੇਖ ਕੇ ਬੜਾ ਦੁੱਖ ਹੋਇਆ - ਇਕ ਗੱਲ ਚੇਤੇ ਆ ਗਈ - ਦੋ ਤਿੰਨ ਸਾਲ ਪਹਿਲਾਂ ਦੀ ਗੱਲ ਹੈ ਇੱਕ ਹਿੰਦੀ ਦੀ ਬੜੀ ਸੀਨੀਅਰ ਟੀਚਰ ਮੇਰੀ ਮਰੀਜ਼ ਹੁੰਦੀ ਸੀ. ਅਕਸਰ ਉਸ ਨਾਲ ਹਿੰਦੀ ਬਾਰੇ ਗੱਲ ਬਾਤ ਹੋ ਜਾਂਦੀ ਸੀ. ਇਕ ਵਾਰੀ ਮੈਂ ਹਿੰਦੀ ਵਿਚ ਇਕ ਕਹਾਣੀ ਲਿਖੀ ਤੇ ਉਸ ਨੂੰ ਸੁਣਾਈ। ਸੁਣ ਕੇ ਕਹਿਣ ਲੱਗੀ ਕਿ ਬਹੁਤ ਚੰਗੀ ਹੈ ਕਹਾਣੀ, ਪਰ ਜਿਹੜੇ 4-5 ਉਰਦੂ ਦੇ ਸ਼ਬਦ ਹਨ ਓਹਨਾਂ ਨੂੰ ਹਟਾ ਦਿਓ , ਉਹ ਠੀਕ ਨਹੀਂ ਲਗਦੇ!

ਉਹ ਲਫ਼ਜ਼ ਤੇ ਮੈਂ ਕਿੱਥੇ ਹਟਾਨੇ ਸਨ ਕਹਾਣੀ ਵਿਚੋਂ, ਕਹਾਣੀ ਦੀ ਜ਼ੁਬਾਨ ਹੀ ਤਾਂ ਉਸਦੀ ਖੁਸ਼ਬੂ ਹੁੰਦੀ ਹੈ - ਪਰ ਉਸ ਦਿਨ ਤੋਂ ਬਾਅਦ ਮੈਂ ਕਦੇ ਹਿੰਦੀ ਬਾਰੇ ਉਸ ਬੀਬੀ ਨਾਲ ਕਦੇ ਕੋਈ ਗੱਲ ਬਾਤ ਨਹੀਂ ਕੀਤੀ - ਚਾਵਲ ਦਾ ਇਕ ਦਾਨਾ ਹੀ ਟੋਹਣਾ ਕਾਫੀ ਹੁੰਦੈ !!

ਜਿੰਨੀਆਂ ਵੰਡੀਆਂ ਸਾਡੀ ਜ਼ੁਬਾਨ ਦੀਆਂ ਪਾਈਆਂ ਜਾ ਸਕਦੀਆਂ ਹਨ ਪਾਈਆਂ ਗਈਆਂ - ਜਿਹੜੀ ਭਾਸ਼ਾ ਅਸੀਂ ਬੋਲਦੇ ਹਾਂ - ਜਿਹੜੀ ਹਿੰਦੀ ਭਾਸ਼ਾ ਹੈ ਉਹ ਹਿੰਦੀ ਤੇ ਉਰਦੂ ਲਫ਼ਜ਼ਾਂ ਦਾ ਮਿਲਿਆ ਜੁਲਿਆ ਰੂਪ ਹੈ - ਇਹ ਕਿਸੇ ਸਰਕਾਰੀ ਫਰਮਾਨ ਨਾਲ ਨਹੀਂ ਬਣਿਆ ਹੁੰਦਾ - ਇਹ ਲੋਕਾਂ ਦੀ ਕਾਢ ਹੁੰਦੀ ਹੈ, ਓਹਨਾਂ ਦਾ ਵਿਰਸਾ ਹੈ ਇਹ - ਕੋਈ ਛੋਟੀ ਗੱਲ ਨਹੀਂ ਹੁੰਦੀ!

ਰਹੀ ਗੱਲ ਫ਼ਿਰੰਗੀਆਂ ਦੀ, ਉਹ divide and rule ਦੇ ਪੈਰੋਕਾਰ ਤੇ ਸਨ ਹੀ, ਜਾਂਦੇ ਜਾਂਦੇ ਹਿੰਦੀ ਉਰਦੂ ਵਿੱਚ ਵੀ ਦੋਫਾੜ ਪਾ ਕੇ ਨੱਸ ਗਏ - ਜਿਹੜੇ ਕੰਢੇ ਅਜੇ ਤੱਕ ਕੱਢੇ ਜਾ ਰਹੇ ਹਨ - ਫਿਜ਼ੂਲ ਦੀਆਂ ਗੱਲਾਂ ਵਿੱਚ ਆਪਣੀ ਅਨਰਜੀ ਤਬਾਹ ਕਰਣ ਵਾਲੀ ਗੱਲ।

ਉਰਦੂ ਹਿੰਦੀ ਕਿਵੇਂ ਅਲੱਗ ਕੀਤਾ ਜਾ ਸਕਦੈ - ਪੰਜਾਬ ਵਿੱਚ ਵੀ ਜਿਹੜੀ ਪੰਜਾਬੀ ਚਲਦੀ ਹੈ ਉਸ ਵਿਚ ਬਹੁਤ ਸਾਰੇ ਲਫ਼ਜ਼ ਉਰਦੂ ਦੇ ਹੀ ਹਨ, ਇਹੋ ਜ਼ੁਬਾਨਾਂ ਦੀ ਖੂਬਸੂਰਤੀ ਹੁੰਦੀ ਹੈ !

ਇਕ ਹੋਰ ਮਾਰ ਹੈ ਸਾਨੂੰ, ਅਸੀਂ ਜ਼ੁਬਾਨਾਂ ਨੂੰ ਧਰਮਾਂ ਨਾਲ ਜੋੜ ਦਿੰਦੇ ਹਾਂ - ਇਹ ਉਰਦੂ ਹੈ ਤੇ ਇਹ ਮੁਸਲਮਾਨਾਂ ਦੀ ਭਾਸ਼ਾ ਹੈ, ਹਿੰਦੀ ਹੈ ਤਾਂ ਹਿੰਦੂਆਂ ਦੀ ਭਾਸ਼ਾ ਹੈ - ਇਸ ਤਰ੍ਹਾਂ ਦੀਆਂ ਸਾਰੀਆਂ ਵੰਡੀਆਂ ਬੇਕਾਰ ਹਨ - ਮੈਨੂੰ ਵੀ ਇਥੇ ਲਖਨਊ ਵਿੱਚ ਰਹਿੰਦਿਆਂ ਤੇ ਉਰਦੂ ਸਿਖਦਿਆਂ ਹੀ ਇਹ ਗੱਲ ਚੰਗੀ ਤਰ੍ਹਾਂ ਸਮਝ ਆਈ ਕਿ ਜ਼ੁਬਾਨਾਂ ਧਰਮਾਂ ਦੀਆਂ ਨਹੀਂ, ਇਲਾਕਿਆਂ ਦੀਆਂ ਹੁੰਦੀਆਂ ਹਨ - ਇਹ ਸਮਝ ਹਰ ਇੱਕ ਨੂੰ ਆਉਣੀ ਜ਼ਰੂਰੀ ਹੈ. ਪੰਜਾਬੀ ਦੀ ਹੀ ਗੱਲ ਕਰ ਲਈਏ - ਪੰਜਾਬ ਚਾਹੇ ਪਾਕਿਸਤਾਨ ਵਾਲਾ ਹੋਵੇ ਜਾਂ ਇਥੋਂ ਵਾਲਾ - ਪੰਜਾਬੀ ਉਹ ਸ਼ਾਹਮੁਖੀ ਵਿਚ ਲਿਖਦੇ ਨੇ ਤੇ ਅਸੀਂ ਗੁਰਮੁਖੀ ਵਿਚ - ਜ਼ੁਬਾਨ ਤਾਂ ਇਕ ਹੀ ਹੈ, ਲਿਖਣ ਦੀ ਲਿਪਿ ਅਡੋ-ਅੱਡ ਹੋ ਸਕਦੀ ਹੈ।

ਅਸੀਂ ਆਪਣੀ ਮਾਂ ਬੋਲੀ ਜ਼ੁਬਾਨ ਵਿੱਚ ਹੀ ਚੰਗੀ ਤਰ੍ਹਾਂ ਆਪਣੀ ਗੱਲ ਬਾਤ ਰੱਖ ਸਕਦੇ ਹਾਂ - ਇਕ ਗੱਲ ਹਮੇਸ਼ਾ ਚੇਤੇ ਆ ਜਾਉਂਦੀ ਹੀ - ਕਿੱਡੀ ਤਾਕਤ ਹੈ ਆਪਣੀ ਮਾਂ ਬੋਲੀ ਜ਼ੁਬਾਨ ਵਿਚ !!

ਵੱਡਾ ਮੁੰਡਾ ਸਤਵੀਂ ਜਾਂ ਅੱਠਵੀਂ ਵਿਚ ਸੀ - ਇਸ ਉਮਰ ਵਿਚ ਹਰ ਬੱਚੇ ਦੇ ਦਿਲੋਂ ਦਿਮਾਗ ਵਿਚ ਖਲਬਲੀ ਤਾਂ ਮਚੀ ਹੀ ਹੁੰਦੀ ਹੈ, ਮੈਂ ਸਮਝਦਾ ਹਾਂ - ਇਕ ਦਿਨ ਐਵੇਂ ਮੈਂ ਉਸ ਦੇ ਸਟੱਡੀ ਟੇਬਲ ਦੇ ਦਰਾਜ ਵਿਚੋਂ ਕੋਈ ਚੀਜ਼ ਕੱਢਣੀ ਹੀ - ਓਥੇ ਇਕ ਕਾਗਜ਼ ਤੇ ਪੰਜਾਬੀ ਵਿੱਚ ਲਿਖੀ ਬੜੀ ਵੱਡੀ ਚਿੱਠੀ ਦਿਖੀ - ਬੜੀ ਸੋਹਣੀ ਲਿਖੀ ਹੋਈ ਸੀ - ਜਿਵੇਂ ਬੜੇ ਆਰਾਮ ਨਾਲ ਲਿਖੀ ਗਈ ਹੋਵੇ !!

ਮੈਂ ਜੀ ਉਸ ਚਿੱਠੀ ਨੂੰ ਪੜਨ ਲੱਗਾ ਤੇ ਪਹਿਲਾਂ ਤਾਂ ਮੈਨੂੰ ਥੋੜੀ ਹੈਰਾਨੀ ਵੀ ਹੋਈ - ਸ਼ਾਇਦ ਮਨ ਵਿਚ ਥੋੜਾ ਬਹੁਤ ਗੁੱਸਾ ਵੀ ਆਇਆ ਹੋਉ - ਜੇ ਆਇਆ ਵੀ ਹੋਉ ਤਾਂ 5-10 ਮਿੰਟ ਲਈ ਹੀ ਆਇਆ ਹੋਉ - ਚਿੱਠੀ ਪੜ੍ਹੀ ਜੀ ਮੈਂ ਪੂਰੀ - ਇਹ ਕੀ, ਇਹ ਤੇ ਜ਼ਮਾਨੇ ਭਰ ਦੀਆਂ ਗਾਲਾਂ ਨਾਲ ਭਰੀ ਹੋਈ ਸੀ - ਪੁੱਤ ਨੇ ਮੈਨੂੰ, ਆਪਣੀ ਮਾਂ ਨੂੰ, ਬੀਜੀ (ਦਾਦੀ) ਨੂੰ ਤੇ ਆਪਣੇ ਛੋਟੇ ਭਰਾ ਉੱਤੇ ਗਾਲਾਂ ਦਾ ਚਿੱਕੜ ਸੁੱਟਿਆ ਹੋਇਆ ਸੀ - ਮੇਰੇ ਖਿਆਲ ਨਾਲ ਕੋਈ ਪੰਜਾਬੀ ਦੀ ਗਾਲ ਐਸੀ ਨਹੀਂ ਹੋਵੇਗੀ ਜਿਹੜੀ ਉਸ ਨੇ ਸਾਡੇ ਵਾਸਤੇ ਨਹੀਂ ਵਰਤੀ ਸੀ। ਮੈਂ ਬੜੀ ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਉਸ ਦਿਨ ਮੈਨੂੰ ਪਤਾ ਲੱਗਾ ਕਿ ਦਿਲ ਨਾਲ ਕੋਈ ਚਿੱਠੀ ਲਿਖਣਾ ਕਿਸ ਸ਼ੈ ਦਾ ਨਾਂਅ ਹੈ !

ਇੱਕ ਗੱਲ ਦਾ ਤਾਂ ਬਾਈ ਮੈਨੂੰ ਉਸ ਦਿਨ ਯਕੀਨ ਹੋ ਗਿਆ ਕਿ ਮੁੰਡੇ ਦੀ ਪੰਜਾਬੀ ਕਿੱਡੀ ਪੱਕੀ ਹੋ ਚੁਕੀ ਹੈ ਤੇ ਇਹ ਪੰਜਾਬੀ ਵਿਚ ਤਾਂ ਕਦੇ ਮਾਰ ਨਹੀਂ ਖਾਂਦਾ - ਪੰਜਾਬੀ ਵਿਚੋਂ ਤੇ ਪਾਸ ਹੀ ਨਹੀਂ ਹੋਉ , ਗੱਫੇ ਹੀ ਲੈ ਕੇ ਆਉ !!

ਉਹ ਚਿੱਠੀ ਮੈਂ ਆਪਣੇ ਕੋਲ ਰੱਖ ਲਈ ਤੇ ਮੈਨੂੰ ਇਹ ਫੀਲ ਹੁੰਦਾ ਰਿਹਾ ਕਿ ਨਿਆਣੇ ਦੇ ਮਨ ਵਿਚ ਇੰਨਾ ਤੂਫ਼ਾਨ ਚਲ ਰਿਹਾ ਸੀ ਤੇ ਮੈਨੂੰ ਪਤਾ ਹੀ ਨਾ ਚਲਿਆ - ਬੜੇ ਚਿਰ ਬਾਅਦ ਮੈਂ ਇਕ ਦਿਨ ਦੱਸਿਆ ਕਿ ਯਾਰ, ਤੇਰੇ ਦਰਾਜ ਚ' ਇਕ ਚਿੱਠੀ ਮਿਲੀ ਸੀ ਪੰਜਾਬੀ ਵਿਚ ਲਿਖੀ ਹੋਈ - ਕੀ ਚਿੱਠੀ ਲਿਖੀ ਓ ਯਾਰ!! ਅਸੀਂ ਦੋਵੇਂ ਬੜਾ ਹੱਸੇ - ਬਹੁਤ ਜ਼ਿਆਦਾ - ਕਹਿੰਦੈ ਪਾਪਾ ਤੂੰ ਹੀ ਸਾਨੂੰ ਆਦਤਾਂ ਪਾਈਆਂ ਕਿ ਰੱਟੇ ਨਹੀਂ ਲਾਉਣੇ, ਸਵਾਲਾਂ ਦੇ ਜਵਾਬ ਵੀ ਆਪਣੇ ਹਿਸਾਬ ਨਾਲ ਹੀ , ਆਪਦੀ ਜ਼ੁਬਾਨ ਵਿਚ ਹੀ  ਲਿਖਿਆ ਕਰੋ - ਬਸ ਉਵੇਂ ਹੀ ਉਹ ਚਿੱਠੀ ਲਿਖ ਕੇ ਵੀ ਮਨ ਦੀ ਭੜਾਸ ਕੱਢ ਲਈ, ਪਾਪਾ।

ਮੈਂ ਕਿਹਾ ਯਾਰ ਤੂੰ ਚੰਗਾ ਬੰਦਾ ਹੈਂ, ਤੂੰ ਬੀਜੀ ਨੂੰ ਵੀ ਨਹੀਂ ਬਖਸ਼ਿਆ - ਚਾਹੇ ਬੀਜੀ ਵਾਸਤੇ ਉਸ ਨੇ ਕਲਮ ਥੋੜੀ ਹਲਕੀ ਹੀ ਰੱਖੀ ਸੀ, ਪਰ ਬਖਸ਼ਿਆ ਤਾਂ ਉਸ ਨੇ ਬੀਜੀ ਨੂੰ ਵੀ ਨਹੀਂ ਸੀ - ਜਦੋਂ ਬੀਜੀ ਨੂੰ ਅਸੀਂ ਉਸ ਚਿੱਠੀ ਬਾਰੇ ਦੱਸਿਆ ਤਾਂ ਉਹ ਵੀ ਹੱਸ ਹੱਸ ਦੇ ਦੋਹਰੇ ਹੋਣ - ਸਾਰਿਆਂ ਨੂੰ ਮੈਂ ਉਸ ਚਿੱਠੀ ਬਾਰੇ ਦੱਸ ਤਾਂ ਦਿੱਤਾ ਪਰ ਮੈਂ ਕਿਸੇ ਨੂੰ ਉਹ ਚਿੱਠੀ ਪੜ੍ਹਾਈ ਨਹੀਂ, ਸੱਚੀਂ ਦੱਸਾਂ ਉਹ ਪੜ੍ਹਾਉਣ ਵਾਲੀ ਵੀ ਤਾਂ ਨਹੀਂ ਸੀ - ਪਰ ਮੇਰੇ ਕੋਲ ਅਜੇ ਤਕ ਉਹ ਸੰਭਾਲੀ ਪਈ ਹੈ- ਜਦੋਂ ਵੀ ਕਿਤੇ ਨਜ਼ਰੀਂ ਪੈ ਜਾਵੇ ਤੇ ਹੱਸ ਹੱਸ ਕੇ ਮੇਰਾ ਬੁਰਾ ਹਾਲ ਹੋ ਜਾਂਦੈ।

ਮੈਂ ਕਈ ਵਾਰ ਕਹਿੰਦਾ ਹਾਂ ਉਸ ਨੂੰ ਕਿ ਯਾਰ, ਮੈਂ ਤਾਂ ਜਦੋਂ ਵੀ ਸ਼ਰੀਰ ਵਿਚ ਸੁਸਤੀ ਜਿਹੀ ਮਹਿਸੂਸ ਕਰਦਾ ਹਾਂ, ਚੁੱਪ ਕਰ ਕੇ ਤੇਰੀ ਉਹ ਇਤਿਹਾਸਕ ਚਿੱਠੀ ਕੱਢ ਕੇ ਜਿਵੇਂ ਹੀ ਪੜਦਾ ਹਾਂ, ਸ਼ਰੀਰ ਹੀ ਐੱਡੀ ਗਰਮੀ ਆਉਂਦੀ ਹੈ, ਐਡਾ ਆਰਾਮ ਮਿਲਦੈ - ਜਿਵੇਂ ਕਿਸੇ ਚਾਹ ਨਾ ਪੀਣ ਵਾਲੇ ਪੇਂਡੂ ਨੂੰ ਬੁਖਾਰ ਹੋਣ ਤੇ ਚਾਹ ਦੇ ਨਾਲ ਐਸਪਰੀਨ ਦੀ ਇਕ ਗੋਲੀ ਖਾਣ ਮਗਰੋਂ ਮਿਲ ਜਾਂਦੈ!

ਇਹ ਗੱਲ ਸਨ ਉਹ ਵੀ ਖਿੜ ਖਿੜ ਹੱਸਣ ਲੱਗ ਪੈਂਦੈ ਤੇ ਕਹਿੰਦੇ ਬੁੱਲੇ ਲੁੱਟੋ - ਨਾਲ ਕਹਿੰਦਾ ਕਿ ਪਾਪਾ, ਤੂੰ ਅੱਜ ਤੋਂ 20 ਸਾਲ ਪਹਿਲਾਂ ਬੰਬਈ ਛੱਡ ਕੇ ਬੜਾ ਚੰਗਾ ਕੀਤਾ, ਨਹੀਂ ਤਾਂ ਅਸੀਂ ਵੀ ਵੱਡੇ ਸ਼ਹਿਰਾਂ ਵਰਗੇ ਪੋਪਲੂ ਬਣੇ ਰਹਿਣਾ ਸੀ, ਤੂੰ ਸਾਨੂੰ ਪੰਜਾਬ ਚ ' ਲੈ ਕੇ ਆਇਆ, ਓਥੇ ਓਹ ਮਜ਼ਾ ਆਇਆ, ਅਸੀਂ ਪੰਜਾਬੀ ਸਕੂਲੋਂ ਘੱਟ ਤੇ ਤੁਹਾਡੀਆਂ ਸੈਂਕੜਿਆਂ ਪੰਜਾਬੀ ਦੀਆਂ ਸੀ. ਡੀਆਂ ਤੋਂ ਕਿਤੇ ਜ਼ਿਆਦਾ ਸਿੱਖੀ - ਤੂੰ ਸਾਨੂੰ ਹਮੇਸ਼ਾ ਸਹਿਜ ਤੇ ਬਿਨਾ ਕਿਸੇ ਬਣਾਉਟੀਪਨ ਤੋਂ ਜਿਉਣਾ ਸਿਖਾਇਆ !!

ਬੱਸ ਬਲੌਗ ਲਿਖਣ ਲੱਗਿਆਂ ਪੰਗਾ ਇਹੋ ਹੁੰਦੈ ਕਿ ਬੰਦਾ ਲਿਖਦਾ ਲਿਖਦਾ ਕਿਥੇ ਦਾ ਕਿਥੇ ਜਾ ਅੱਪੜਦੈ - ਕੋਈ ਗੱਲ ਨਹੀਂ, ਅੱਜ ਮੁੰਡੇ ਵਾਲੀ ਗੱਲ ਚੇਤੇ ਆਈ ਤੇ ਉਹ ਵੀ ਸਾਂਝੀ ਹੋ ਗਈ ਜੀ - ਕੰਪਿਊਟਰ ਇੰਜਨੀਅਰ ਹੈ - ਜੋ ਕਰਦਾ ਹੈ ਬੜੇ ਦਿਲ ਨਾਲ ਕਰਦਾ ਹੈ - ਜੀਂਦਾ ਵਸਦਾ ਰਹੇ, ਇਹੋ ਅਰਦਾਸ ਹੈ! ਜਦੋਂ ਵੀ ਆਪਾਂ ਮਿਲਦੇ ਹਾਂ ਉਸ ਚਿੱਠੀ ਨੂੰ ਯਾਦ ਕਰ ਕੇ ਬੜਾ ਹੱਸਦੇ ਹਾਂ - ਚਲੋ,  ਉਸ ਨਾਲ ਤੁਹਾਡੀ ਵਾਕਫ਼ੀਅਤ ਕਰਵਾਉਣੇ ਹਾਂ - ਇਹ ਵੀਡੀਓ ਵਿੱਚ ਕਾਲੀ ਪੈਂਟ ਕਮੀਜ਼ ਵਿੱਚ ਹੈ ਜੀ ਓਹੀ ਪੰਜਾਬੀ ਚਿੱਠੀ ਲਿਖਣ ਵਾਲਾ ਵਿਸ਼ਾਲ।

ਇਸ ਲਿੰਕ ਤੇ ਕਲਿਕ ਕਰੋ ਜੀ - Dinner with the Dons ( ਇਸ ਉੱਤੇ ਕਲਿਕ ਕਰਣ ਤੇ ਵੀਡੀਓ ਵਿਚ ਵਿਚਾਲੇ ਖੁਲ ਰਹੀ ਹੀ ਹੈ - ਤੁਸੀਂ ਬੈਕ ਜਾ ਕੇ ਪੂਰੀ ਵੇਖ ਸਕਦੇ ਹੋ!)

Sunday, 15 September 2019

ਪਲਾਸਟਿਕ ਵਾਲਾ ਪੰਗਾ ਅਤੇ ਡੰਡਾ ਪੀਰ

" ਡੰਡਾ ਹੀ ਪੀਰ ਹੈ ਵਿਗੜਿਆਂ ਤਿਗੜਿਆਂ " ਬਚਪਨ ਤੋਂ ਅਸੀਂ ਇਹ ਕਹਾਵਤ ਸੁਣਦੇ ਆ ਰਹੇ ਹਾਂ - ਇਹ ਗੱਲ ਹੈ ਤੇ ਬਿਲਕੁਲ ਸੱਚ ਕਿ ਸਾਨੂੰ ਡੰਡੇ ਦੀ (ਮਤਲਬ ਜੁਰਮਾਨੇ ਆਦਿ) ਦੀ ਗੱਲ ਹੀ ਸਮਝ ਆਉਂਦੀ ਹੈ, ਜ਼ਿਆਦਾ ਨਰਮੀ ਨਾਲ ਅਤੇ ਪਿਆਰ ਨਾਲ ਗੱਲ ਕਰਣ ਵਾਲੇ ਨੂੰ ਅਸੀਂ ਕੀ ਸਮਝਦੇ ਹਾਂ - ਲਿਖਣ ਦੀ ਹਿੰਮਤ ਨਹੀਂ ਹੋ ਰਹੀ - ਚਲੋ, ਕੀ ਫਰਕ ਹੈ ਤੁਸੀਂ ਪੰਜਾਬੀ ਬੰਦੇ ਬਿਨਾ ਕਹੇ ਵੀ ਤੇ ਸਭ ਸਮਝ ਜਾਂਦੇ ਹੀ ਹੋ - ਚਲੋ, "ਬੇਵਕੂਫ" ਸਮਝ ਕੇ ਟਾਈਮ ਟਪਾ ਲੈਂਦੇ ਹਾਂ ਤੇ ਅੱਗੇ ਚਲਦੇ ਹਾਂ !

ਇਸ ਵਾਰੀਂ ਜਦੋਂ 15 ਅਗਸਤ ਵਾਲੇ ਦਿਨ ਇਹ ਪਤਾ ਲੱਗਾ ਕਿ ਹੁਣ ਸਿੰਗਲ-ਯੂਜ਼ ਪਲਾਸਟਿਕ ਬਿਲਕੁਲ ਬੰਦ ਹੋ ਜਾਵੇਗਾ,  ਯਕੀਨ ਮੰਨਿਓ ਮੈਨੂੰ ਉਸ ਦਿਨ ਪਹਿਲੀ ਵਾਰੀ ਯਕੀਨ ਹੋਇਆ ਕਿ ਹੁਣ ਇਹ ਕੰਮ ਜ਼ਰੂਰ ਹੋ ਜਾਉ. ਬੜੀ ਖੁਸ਼ੀ ਹੋਈ ਇਸ ਗੱਲ ਦੀ. ਪਹਿਲਾਂ ਵੀ ਬੜੀ ਵਾਰੀ ਸੁਣੀਦਾ ਸੀ ਕਿ ਇਥੇ-ਓਥੇ, ਇਹ ਤੇ ਉਹ ਵਾਲਾ ਪਲਾਸਟਿਕ ਬੰਦ ਹੋ ਗਿਆ ਹੈ - ਪਰ ਮੈਨੂੰ ਕਦੇ ਮਹਿਸੂਸ ਨਹੀਂ ਹੋਇਆ - 2 ਰੁਪਏ ਦੇ ਸੌਦੇ ਵੀ ਸਾਨੂੰ ਪਲਾਸਟਿਕ ਦੀ ਬਿਮਾਰੀ ਨਾਲ ਖਰੀਦਣ ਦੀ ਲਤ ਚੁਕੀ ਹੈ ਤੇ ਕਦੇ ਕਿਸੇ ਨੇ ਕਿਹਾ ਹੀ ਨਹੀਂ ਕਿ ਬਾਊ, ਪੰਨੀ ਨਹੀਂ ਹੈਗੀ !!

ਮੈਨੂੰ ਕਈ ਵਾਰ ਚੇਤੇ ਆਉਂਦੈ ਜਦੋਂ ਮੈਂ ਛੇਵੀਂ ਪੰਜਵੀਂ ਜਮਾਤ ਵਿੱਚ ਸੀ ਤੇ ਆਮਤੌਰ ਤੇ ਰੋਜ਼ ਸ਼ਾਮਾਂ ਨੂੰ ਬਰਫ਼ ਬਜ਼ਾਰੋਂ ਹੀ ਲਿਆਉਣੀ ਪੈਂਦੀ ਸੀ - ਸ਼ਿਕੰਜਵੀ ਪੀਣ ਦਾ ਦਿਲ ਕਰੇ ਜਾਂ ਸੋਡੇ ਵਾਲਾ ਦੁੱਧ ਜਾਂ ਫੇਰ ਸੱਤੂ ਜਾਂ ਸਕਵਾਸ਼ - ਬਈ ਬਜ਼ਾਰੋਂ ਬਰਫ਼ ਲਿਆਉਣ ਦੀ ਤਕਲੀਫ ਤੇ ਕਰਣੀ ਹੀ ਪੈਂਦੀ ਸੀ - ਮਾਂ ਜਾਂ ਭੈਣ ਨੇ ਖੰਡ ਘੋਲਣ ਲੱਗ ਪੈਣਾ ਤੇ ਮੈਨੂੰ ਪੋਲੀ (25 ਪੈਸੇ) ਜਾਂ 50 ਪੈਸੇ ਦੇ ਕੇ ਬਰਫ਼ ਲਿਆਉਣ ਲਈ ਕਹਿ ਦੇਣਾ।

ਅਸੀਂ ਵੀ ਸਾਈਕਲ ਤੇ ਪੈਰ ਧਰਣਾ ਤੇ ਘਰ ਦੇ ਲਾਗੇ ਇਕ ਖੋਖੇ ਵੱਲ ਵਗ ਜਾਣਾ। ਕਲੀ ਰਾਮ ਪਹਾੜੀਏ ਦੇ ਉਸ ਖੋਖੇ ਦਾ ਰਸਤਾ ਸਾਈਕਲ ਉੱਤੇ 5-7 ਮਿੰਟ ਤੋਂ ਜ਼ਿਆਦਾ  ਨਹੀਂ ਸੀ।  ਚਲੋ ਜੀ, ਪਹੁੰਚ ਗਏ ਕਲੀ ਰਾਮ ਕੋਲ, ਉਸ ਨੇ ਦੇ ਦਿੱਤੀ ਬਰਫ ਦੀ ਇਕ ਢੇਲੀ - ਫੇਰ ਧਿਆਨ ਆਉਂਦਾ  ਕਿ ਓਹ ਥੈਲਾ ਤੇ ਲੈ ਕੇ ਆਇਆ ਹੀ ਨਹੀਂ।  ਕਲੀ ਰਾਮ ਥੋੜਾ ਜਿਹਾ ਅਖਬਾਰ ਦਾ ਟੁਕੜਾ ਦੇ ਦਿੰਦਾ  - ਉਸ ਨੂੰ ਬਰਫ ਉੱਤੇ ਰੱਖ ਕੇ ਘਰ ਲਈ ਵਾਪਸੀ ਦੀ ਸਾਈਂਕਿਲ ਦੀ ਯਾਤਰਾ ਸ਼ੁਰੂ ਹੁੰਦੀ ਸੀ - ਪੰਗਾ ਇਕ ਹੋਰ ਵੀ ਹੁੰਦਾ ਸੀ, ਘਰ ਵਿੱਚ ਪਏ ਸਾਰੇ ਸਾਈਂਕਿਲਾਂ ਉੱਤੇ ਕੈਰੀਅਰ ਵੀ ਤਾਂ ਨਹੀਂ ਸੀ ਹੁੰਦਾ - ਨਾ ਅੱਗੇ ਨਾ ਪਿੱਛੇ - ਸੱਚੀਂ ਕਹਿ ਰਿਹਾਂ ਅਜਿਹੇ ਮੌਕੇ ਤੇ ਉਹ 5-7 ਮਿੰਟ ਦਾ ਸਫ਼ਰ ਕਿਵੇਂ ਕੱਟ ਹੁੰਦਾ ਸੀ, ਇਹ ਤਾਂ ਓਹੀਓ ਜਾਣਦੇ ਹਨ, ਜਿੰਨ੍ਹਾਂ ਤੇ ਇਹ ਵਾਪਰੀ ਹੋਵੇ  - ਇਕ ਘਰ ਜਲਦੀ ਪਹੁੰਚਣ ਦੀ ਜਲਦੀ ਕਿਓਂਕਿ ਬਰਫ਼ ਖੁਰੀ ਜਾ ਰਹੀ ਹੁੰਦੀ, ਦੂਜਾ ਹੱਥ ਅੱਤ ਦਾ ਠਰਿਆ ਹੋਇਆ - ਕਦੇ ਸੱਜੇ ਹੱਥ ਨਾਲ ਬਰਫ ਫੜਨੀ ਤੇ ਕਦੇ ਖੱਬੇ ਹੱਥ ਨਾਲ, ਉੱਤੋਂ ਸਾਈਕਲ ਦੀ ਕੱਚੀ ਕੱਚੀ ਡਰਾਈਵਰੀ - ਬਸ ਕਿਸੇ ਤਰ੍ਹਾਂ ਘਰ ਪਹੁੰਚ ਕੇ ਸ਼ੁਕਰ ਕਰਨਾ !!

ਪਰ 2-4 ਵਾਰ ਅਜਿਹੀ ਗ਼ਲਤੀ ਹ-ਣ ਤੇ ਇਹ ਸਬਕ ਆ ਗਿਆ ਕਿ ਬਾਹਰ ਕਦੇ ਵੀ ਕੋਈ ਵੀ ਸੌਦਾ ਲੈਣ ਜਾਣਾ ਹੈ ਤਾਂ ਥੈਲਾ ਨਾਲ ਹੀ ਲੈ ਕੇ ਜਾਣਾ ਹੈ - ਵੈਸੇ ਸਾਨੂੰ ਕਦੇ ਥੈਲਾ ਚੱਕਣ ਵਿਚ ਕਦੇ ਕੋਈ ਹੇਠੀ ਵੀ ਮਹਿਸੂਸ ਨਹੀਂ ਹੋਈ. ਸਾਰੇ ਹੀ ਲੈ ਕੇ ਜਾਂਦੇ ਸੀ।  ਦੁੱਧ ਲੈਣ ਕੇ ਆਉਣ ਵਾਸਤੇ ਡੋਲੂ, ਜੇ ਕਦੇ ਬਜ਼ਾਰੋਂ ਦਹੀ ਲਿਆਉਣਾ ਤਾਂ ਵੀ ਕੋਈ ਭਾਂਡਾ, ਢਾਬੇ ਤੋਂ ਕਦੇ ਦਾਲ ਰੋਟੀ ਲਈ ਵੀ ਇਕ ਡੋਲੂ ਲੈ ਕੇ ਜਾਣਾ, ਤੇ ਤੰਦੂਰੀ ਰੋਟੀਆਂ ਉਸਨੇ ਅਖਬਾਰ ਵਿਚ ਲਪੇਟ ਦੇਣੀਆਂ, ਬੀਬੀ ਆਪਣੀ ਨਾਲ ਸਬਜ਼ੀ ਲੈਣ ਜਾਣਾ ਤਾਂ ਵੀ ਥੈਲਾ - ਮਤਲਬ ਥੈਲੇ ਤੋਂ ਬਿਨਾਂ ਕੋਈ ਕੰਮ ਸਰਦਾ ਹੀ ਨਹੀਂ ਸੀ.

ਇਕ ਹੋਰ ਗੱਲ ਜ਼ਰੂਰੀ ਹੈ ਕਿ ਕਿਰਆਣੇ ਦਾ ਸਮਾਨ ਇਕ ਗੱਤੇ ਦੇ ਡੱਬੇ ਵਿੱਚ ਆ ਜਾਣਾ ਜਿਸ ਵਿਚ 20-25 ਖਾਕੀ ਕਾਗਜਾਂ   ਦੇ ਲਿਫਾਫਿਆਂ ਵਿਚ ਦਾਲਾਂ-ਮਸਾਲੇ-ਗੁੜ-ਖੰਡ ਪਏ ਹੁੰਦੇ - ਹੁਣ ਪੰਗਾ ਇਹ ਹੈ ਕਿ ਲੋਕ ਘਰੋਂ ਥੈਲਾ ਤੇ ਲੈ ਕੇ ਤੁਰ ਜਾਂਦੇ ਨੇ ਪਰ ਸਬਜ਼ੀਆਂ ਜਾਂ ਦਾਲਾਂ ਕਿਸੇ ਨੇ ਕਿਸੇ ਤਰ੍ਹਾਂ ਦੀਆਂ ਪੰਨੀਆਂ ਵਿਚ ਹੀ ਲੈ ਕੇ ਆਉਂਦੇ ਨੇ  - ਜਦੋਂ ਹੁਣ ਸਿੰਗਲ ਯੂਜ਼ ਪਲਾਸਟਿਕ ਬੰਦ ਹੋਣ ਵਾਲਾ ਹੈ ਤਾਂ ਅਜਿਹੀਆਂ ਗੱਲਾਂ ਵੱਲ ਵੀ ਧਿਆਨ ਦਿੱਤਾ ਜਾਵੇਗਾ - ਨਹੀਂ ਤਾਂ ਇਕ ਰਸਮ ਨਿਭਾਉਣ ਵਾਲੀ ਗੱਲ ਹੋ ਜਾਏਗੀ - ਘਰੋਂ ਥੈਲੇ ਲੈ ਗਏ ਤੇ ਉਸ ਵਿਚ 20-25 ਵੱਖੋ-ਵੱਖ ਪੰਨੀਆਂ ਤੂਸ ਕੇ ਲੈ ਆਏ !

ਕੇਲੇ ਲਵੋ ਤੇ ਉਹ ਝੱਟਪਟ ਉਸ ਨੂੰ ਪੰਨੀ ਵਿਚ ਪਾ ਦਿੰਦੇ - ਜੇ ਕਹੋ ਕਿ ਬੰਦ ਕਰੋ ਬਈ ਹੁਣ ਇਹ...ਤਾਂ ਕਹਿੰਦੈ ਕਿ ਅਸੀਂ ਕੀ ਕਰੀਏ ਬਾਊ ਜੀ, ਸੌਦਾ ਹੀ ਨਹੀਂ ਵਿਕਦਾ ਪੰਨੀ ਤੋਂ ਬਿਨਾਂ !!

ਅੱਛਾ ਅੱਜ ਤੋਂ 35-40 ਸਾਲ ਪਹਿਲਾਂ ਜ਼ਿੰਦਗੀ ਬੜੀ ਸਹੀ ਕੱਟ ਰਹੀ ਜਦੋਂ ਇਹ ਪਲਾਸਟਿਕ ਦੀਆਂ ਪੰਨੀਆਂ ਵਿਚ ਸਮਾਨ ਮਿਲਣਾ ਸ਼ੁਰੂ ਹੋ ਗਿਆ - ਦੁੱਧ, ਦਹੀ, ਦਾਲ, ਸਬਜ਼ੀ, ਛੋਲੇ ਭਟੂਰੇ, ਸਮੋਸੇ  - ਕੁਝ ਵੀ ਲੈ ਕੇ ਆਉਣਾ ਸੌਖਾ ਹੋ ਗਿਆ - ਪਲਾਸਟਿਕ ਦੀਆਂ ਪੰਨੀਆਂ ਦਾ ਰੁਲ ਪੈ ਗਿਆ. ਕਈ ਸਾਲਾਂ ਬਾਦ ਪਲਾਸਟਿਕ ਦੇ ਨੁਕਸਾਨ ਦੀਆਂ ਗੱਲਾਂ ਸੁਣਨ ਵਿਚ ਆਉਣ ਲੱਗੀਆਂ - ਪਸ਼ੂ ਪਲਾਸਟਿਕ ਦੇ ਲਿਫਾਫੇ ਖਾ ਖਾ ਕੇ ਮਰਣ ਲੱਗੇ - ਪਰ ਜਦੋਂ ਇਸ ਪਲਾਸਟਿਕ ਨਾਲ ਇਨਸਾਨ ਦੀ ਜਾਨ ਤੇ ਬਣ ਆਈ ਤਾਂ ਜਾਕੇ ਕਿਤੇ ਕੋਈ ਹਰਕਤ ਹੋਈ - ਓਥੇ ਬੈਨ ਤੇ ਇਥੇ ਬੈਨ - ਇਸ ਪਲਾਸਟਿਕ ਦਾ ਬੈਨ ਤੇ ਉਸ ਪਲਾਸਟਿਕ ਦਾ ਬੈਨ - ਬੈਨ ਕਿਸੇ ਸ਼ਹਿਰ ਵਿਚ ਕਿੱਡਾ ਕੁ' ਸਫਲ ਹੈ ਉਹ ਤੁਹਾਨੂੰ ਥਾਂ ਥਾਂ ਲੱਗੇ ਪਲਾਸਟਿਕ ਦੇ ਢੇਰ ਦੱਸ ਹੀ ਦਿੰਦੇ ਹਨ.

ਇਸ ਵੇਲੇ ਤੇ ਪਲਾਸਟਿਕ ਕਰ ਕੇ ਸਾਰੀ ਮਨੁੱਖਤਾ ਉੱਤੇ ਵੀ ਖ਼ਤਰਾ ਮੰਡਰਾ ਰਿਹੈ  - ਜਿੱਥੇ ਵੇਖੋ ਪਲਾਸਟਿਕ - ਮੀਟਿੰਗਾਂ ਵਿਚ ਪਲਾਸਟਿਕ ਦੇ ਪਾਣੀ ਦੀਆਂ ਬੋਤਲਾਂ ਜਿਵੇਂ ਇਹ ਵੀ "ਓਹੀਓ" ਲਾਟ ਸਾਹਬ ਨੇ, ਘਰਾਂ ਵਿਚ ਖਾਣ ਪੀਣ ਦੀਆਂ ਵਸਤਾਂ ਜਿਹੜੀਆਂ ਬੱਚੇ ਆਰਡਰ ਕਰਦੇ ਨੇ, ਉਹ ਵੀ ਸਭ ਕੁਝ ਪਲਾਸਟਿਕ ਦੀਆਂ ਡਿਸਪੋਸਬਲ ਪਲੇਟਾਂ ਆਦਿ ਵਿਚ ਹੀ ਆਉਂਦਾ ਹੈ -

ਕੀ ਕੀ ਕੋਈ ਗਿਣਾਵੇ - ਪਲਾਸਟਿਕ ਦੀ ਵਰਤੋਂ ਤਾਂ ਅੱਜ ਕਲ ਹਰ ਥਾਂ ਤੇ ਹੈ - ਇਹ ਸੌਖਾ ਹੋਵੇਗਾ ਕਿ ਆਪਾਂ ਗੱਲ ਕਰੀਏ ਕੀ ਪਲਾਸਟਿਕ ਕਿਥੇ ਇਸਤੇਮਾਲ ਨਹੀਂ ਹੋ ਰਿਹਾ - ਹਰ ਜਗ੍ਹਾ ਪਲਾਸਟਿਕ ਦਾ ਤਰੱਕ ਪਿਆ ਦਿਸਦੈ - ਹੁਣ ਤੇ ਸਾਰਿਆਂ ਨੂੰ ਲੱਕ ਬੰਨ੍ਹ ਕੇ ਤਿਆਰੀ ਕਰਣ ਦੀ ਲੋੜ ਹੈ ਕਿ ਅਸੀਂ ਮੁੜ ਪੁਰਾਣੀਆਂ ਆਦਤਾਂ ਹੀ ਪਾਉਣੀਆਂ ਨੇ - ਮੀਟਿੰਗਾਂ  ਵਿਚ ਸਟੀਲ ਜਾਂ ਤਾਂਬੇ ਦੇ ਗਲਾਸਾਂ ਵਿਚ ਕਿਓਂ ਨਹੀਂ ਪਾਣੀ ਵਰਤਾਇਆ ਜਾ ਸਕਦਾ!

ਹੌਲੀ ਹੌਲੀ ਇਹਨਾਂ ਸਭ ਥਰਮੋਕੋਲ ਆਦਿ ਦੀਆਂ ਪਲੇਟਾਂ ਗਲਾਸੀਆਂ ਤੇ ਵੀ ਮਜ਼ਬੂਤੀ ਨਾਲ ਬੈਨ ਲੱਗ ਜਾਣਾ ਚਾਹੀਦੈ -
ਮੈਂ ਇਕ ਲੇਖ ਪੜ ਰਿਹਾ ਸੀ ਕਿ ਪਲਾਸਟਿਕ ਸਿਰਫ ਇਸ ਲਈ ਹੀ ਖ਼ਤਰਨਾਕ ਨਹੀਂ ਕਿ ਪਸ਼ੂ ਖਾ ਕੇ ਮਰ ਜਾਂਦੇ ਨੇ , ਵੱਡੇ ਵੱਡੇ ਨਾਲੇ ਇਹਨਾਂ ਪਲਾਸਟਿਕ ਦੀਆਂ ਚੀਜ਼ਾਂ ਨਾਲ ਡੱਕੇ ਹੁੰਦੇ ਨੇ, ਜ਼ਮੀਨ ਵਿਚ ਇਹ ਪਲਾਸਟਿਕ ਗੱਡੇ ਹੁੰਦੇ ਨੇ - ਚੰਗੀ ਭਲੀ ਉਪਜਾਊ ਜ਼ਮੀਨ ਨੂੰ ਤਬਾਹ ਕਰ ਦਿੰਦੇ ਨੇ - ਜਗ੍ਹਾ ਜਗ੍ਹਾ ਪਲਾਸਟਿਕ ਦੇ ਢੇਰ ਬਣਾ ਬਣਾ ਫੂਕਦੇ ਰਹਿੰਦੇ ਨੇ - ਜਿਸ ਨਾਲ ਜਿਹੜੀ ਹਵਾ ਵਿਚ ਅਸੀਂ ਸਾਹ ਲੈ ਰਹੇ ਹਾਂ, ਜਿਹੜਾ ਪਾਣੀ ਅਸੀਂ ਪੀ ਰਹੇ ਹਾਂ--ਇਹ ਸਭ ਪਲਾਸਟਿਕ ਦੇ ਛੋਟੇ ਛੋਟੇ ਫਿਲਾਮੈਂਟਸ ਨਾਲ ਪਰਦੂਸ਼ਿਤ ਹੈ - ਤੇ ਸਾਡੇ ਸਰੀਰਾਂ ਉੱਤੇ ਇਹ ਕਿਹੜੇ ਮਾੜੇ ਅਸਰ ਪਾ ਰਿਹੈ, ਉਹ ਹੁਣ ਬੱਚਾ ਬੱਚਾ ਜਾਣਦਾ ਹੈ. ਫਰਕ ਸਿਰਫ ਇੰਨਾ ਕੁ' ਹੀ ਹੈ ਕਿ ਪਸ਼ੂ ਪਲਾਸਟਿਕ ਚੱਬਦਾ ਦਿੱਖ ਜਾਂਦੈ ਪਰ ਸਾਡੇ ਸ਼ਰੀਰ ਵਿਚ ਪਲਾਸਟਿਕ ਜਾਂਦਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ - ਪਰ ਉਹ ਜਾ ਜ਼ਰੂਰ ਰਿਹੈ ਹੌਲੇ ਹੌਲੇ - ਮੱਠੇ ਜ਼ਹਿਰ ਵਾਂਗ !!

ਕਿੰਨਾ ਕੋਈ ਇਸ ਟੌਪਿਕ ਤੇ ਲਿਖੇ, ਅਸੀਂ ਇਸ ਬਾਰੇ ਕੀ ਪਹਿਲਾਂ ਤੋਂ ਨਹੀਂ ਜਾਣਦੇ  - ਸਭ ਕੁਝ ਪਤਾ ਹੁੰਦਿਆਂ ਹੋਇਆਂ ਵੀ ਫਿਜ਼ੂਲ ਦੀ ਲਾਪਰਵਾਹੀ -ਅਸੀਂ ਨਹੀਂ ਅਰਾਮ ਨਾਲ ਕਿਸੇ ਦੀ ਗੱਲ ਸੁਣਨ ਵਾਲੇ -"ਡੰਡਾ ਹੀ ਪੀਰ ਹੈ ਵਿਗੜਿਆਂ ਤਿਗੜਿਆਂ " ਦਾ ਤੇ ਸਾਨੂੰ ਵੀ ਜਦੋਂ ਆਉਣ ਵਾਲੇ ਸਮੇਂ ਵਿਚ ਵੱਡੇ ਵੱਡੇ ਜੁਰਮਾਨੇ ਦੇਣੇ ਪੈਣਗੇ, ਅਸੀਂ ਵੀ ਸ਼ਾਇਦ ਤੱਦੇ ਹੀ ਸਿੱਧੇ ਤੀਰ ਹੋਵਾਂਗੇ - ਕੀ ਕਰੀਏ ਅਸੀਂ ਢੀਠ ਮਿੱਟੀ ਦੇ ਬਣੇ ਹੋਏ ਹਾਂ !!

ਰਬ ਮਿਹਰ ਕਰੇ ਆਉਣ ਵਾਲੇ ਸਮੇਂ ਵਿਚ ਘੱਟੋਘੱਟ ਸ਼ੁਰੂਆਤ ਤੇ ਸਿੰਗਲ ਯੂਜ਼ ਪਲਾਸਟਿਕ ਉੱਤੇ ਪੂਰੇ ਬੈਨ ਤੋਂ ਹੋਵੇ - ਇਹ ਕਿਤੇ ਵੀ ਨਜ਼ਰ ਹੀ ਨਾ ਆਵੇ, ਸਾਰੇ ਲੋਕੀਂ ਥੈਲੇ ਤੇ ਟੋਕਰੀਆਂ ਚੱਕੀ ਜਾਂਦੇ ਨਜ਼ਰੀਂ ਪੈਣ !! ਸਾਡੀ ਸਾਰਿਆਂ ਦੀ ਸਾਂਝੀ ਅਰਦਾਸ!!

Saturday, 14 September 2019

ਚੌਕਸੀ

"ਬਾਊ ਜੀ, ਜ਼ਰਾ ਦੱਸਿਓ ਇਹ ਚੈਕ ਜਿਹੜਾ ਮੈਂ 3 ਦਿਨ ਪਹਿਲਾਂ ਤੁਹਾਡੇ ਬੈਂਕ ਦੀ ਬਟਾਲੇ ਵਾਲੀ ਬ੍ਰਾਂਚ ਵਿਚ ਲਾਇਆ ਸੀ, ਕੀ ਉਹ ਮੇਰੇ ਖਾਤੇ ਵਿੱਚ ਆ ਗਿਆ ਐ ?"

ਅੱਜ ਸੁੱਚਾ ਕਿਸੇ ਕੰਮ ਦੇ ਚੱਕਰ ਵਿੱਚ ਅੰਬਰਸਰ ਆਇਆ ਹੋਇਆ ਸੀ, ਫ਼ਵਾਰੇ ਵਾਲੇ ਚੌਕ ਦੇ ਸਾਮਣੇ ਉਸਨੇ ਆਪਣੇ ਬੈਂਕ ਦੀ ਬ੍ਰਾਂਚ ਵੇਖੀ ਤੇ ਅੰਦਰ ਚਲਿਆ ਗਿਆ!

ਉਹ ਚੈਕ ਜਮਾ ਕਰਵਾਉਣ ਦੀ ਰਸੀਦ (ਕਾਊਂਟਰ ਫਾਈਲ)  ਬੈਂਕ ਦੇ ਬਾਊ ਨੇ ਹੱਥ ਵਿਚ ਲਈ, ਪਹਿਲਾਂ ਤਾਂ ਆਪਣੀਆਂ ਐਨਕਾਂ ਸੈੱਟ ਕੀਤੀਆਂ, ਫੇਰ ਅਗਲੇ ਅੱਧੇ ਕੁ' ਮਿੰਟ ਵਿੱਚ ਸੁੱਚੇ ਵੱਲ ਵੇਖ ਕੇ ਪਤਾ ਨਹੀਂ ਕੀ ਲੱਭਦਾ ਰਿਹਾ, ਫੇਰ ਸੁੱਚੇ ਤੋਂ ਪੁੱਛਦੈ - "ਇਹ ਖਾਤਾ ਤੇਰਾ ਹੀ ਏ? "

"ਹਾਂਜੀ, ਮੇਰਾ ਹੀ ਐ ਜਨਾਬ," ਸੁੱਚਾ ਬੋਲਿਆ।

"ਲੈ ਫੇਰ ਦਸਤਖ਼ਤ ਕਰ ਇਸ ਪਰਚੀ ਦੇ ਪਿੱਛੇ!" - ਬਾਊ ਦੇ ਮੂੰਹ ਵਿਚੋਂ ਫੁੱਲ ਕਿਰੇ!

ਸੁੱਚਾ ਕੋਈ ਅਨਪੜ੍ਹ ਨਹੀਂ ਸੀ, ਐ.ਮੈ ਪਾਸ ਹੈ,  ਸਕੂਲ  ਵਿਚ ਪੜਾਉਂਦਾ ਹੈ , ਪਰ ਉਹ ਇਹੋ ਸੋਚਦਾ ਹੈ ਕੀ ਸਰਕਾਰੀ ਦਫਤਰ ਗਿਆ ਬੰਦਾ ਪੜ੍ਹਿਆ ਕੀ ਤੇ ਅਨਪੜ੍ਹ ਕੀ, ਹੋਣਾ ਤੇ ਓਹੀਓ ਹੈ ਜੋ ਬਾਊ ਨੇ ਸੋਚਿਆ ਹੈ - ਇਸ ਕਰ ਕੇ ਸੁੱਚਾ ਬੜਾ ਬੀਬਾ ਬੰਦਾ ਬਣ ਕੇ ਜਿਵੇਂ ਉਸਨੂੰ ਕਿਹਾ ਜਾਉਂਦਾ ਕਰਦਾ ਰਹਿੰਦੈ!

ਬਾਊ ਨੇ ਪਹਿਲਾਂ ਉਸਦੇ ਦਸਤਖ਼ਤ ਚੈੱਕ ਕੀਤੇ ਤੇ ਫੇਰ ਉਸ ਦੇ ਖਾਤੇ ਨੰਬਰ ਤੋਂ ਚੈਕ ਕਰ ਕੇ ਬੜੇ ਰੁੱਖੇ ਤਰੀਕੇ ਨਾਲ ਬਿਨਾ ਸੁੱਚੇ ਦੇ ਮੂੰਹ ਵੱਲ ਵੇਖੇ ਕਹਿੰਦੈ - ਹਾਂ, ਹੋ ਗਿਆ ਏ!" 

ਇਕ ਸਵਾਲ ਹੋਰ ਸੀ ਸੁੱਚੇ ਕੋਲ - ਜਦੋਂ ਉਸਨੇ ਪੁੱਛਿਆ ਤਾਂ ਬਾਊ ਖਹਿਬੜ ਕੇ ਬੋਲਿਆ- "ਇਹ ਤੂੰ ਉਸ ਮੈਡਮ ਕੋਲੋਂ ਪੁੱਛ ਲੈ !"
ਖੈਰ, ਜਵਾਬ ਨਹੀਂ ਮਿਲਿਆ ਉਸ ਨੂੰ- ਮੈਡਮ ਨੇ ਵੀ ਟਰਕਾ ਕੇ ਉਸਨੂੰ ਤੋਰ ਦਿੱਤਾ!

ਸੁੱਚਾ ਬਾਹਰ ਆਉਂਦਾ ਆਉਂਦਾ ਬੈਂਕਾਂ ਬਾਰੇ ਹੀ ਸੋਚੀ ਜਾ ਰਿਹਾ ਸੀ - ਪਿਛਲੇ ਹਫਤੇ ਹੀ ਆਪਣੇ ਸ਼ਹਿਰ ਬਟਾਲੇ ਉਹ ਆਪਣੀ ਤੀਵੀਂ ਨਾਲ ਬੈਂਕ ਦੇ ਲਾਕਰ ਨੂੰ ਦੇਖਣ ਗਿਆ - ਕਿਓਂਕਿ ਕਾਫੀ ਸਮੇਂ ਤੋਂ ਉਹ ਲਾਕਰ ਦੇਖ ਕੇ ਨਹੀਂ ਸੀ ਆਏ, ਸੋਚ ਰਹੇ ਸੀ ਬੰਦ ਕਰਕੇ ਇਸ ਦਾ ਸਿਆਪਾ ਮੁਕਾ ਦੇਈਏ, ਐਵੇਂ ਹੀ ਕਿਰਾਇਆ ਭਰਣਾ ਪੈਂਦੈ ! ਚਾਰ ਕਾਗਜ਼ ਨੇ ਉਹ ਤੇ ਘਰ ਵੀ ਰੱਖੇ ਹੀ ਜਾ ਸਕਦੇ ਨੇ !

ਜਦੋਂ ਉਸਨੇ ਲਾਕਰ ਆਪਰੇਟ ਕਰਵਾਉਣ ਵਾਲੇ ਬਾਊ ਨੂੰ ਦੱਸਿਆ ਕਿ ਉਹ ਆਪਣਾ ਲਾਕਰ ਬੰਦ ਕਰਵਾਉਣ ਆਏ ਹਨ , ਬਾਊ ਨੇ ਕੰਪਿਊਟਰ ਤੇ ਚੈੱਕ ਕੀਤਾ ਤੇ ਕਹਿੰਦੈ ਕਿ ਇਸ ਨੰਬਰ ਦਾ ਤੇ ਬਾਈ ਕੋਈ ਲਾਕਰ ਹੀ ਨਹੀਂ ਹੈ. ਫੇਰ ਚਾਭੀ ਦਾ ਨੰਬਰ ਵੇਖ ਕੇ ਵੀ ਚੈੱਕ ਕੀਤਾ ਤੇ ਕਹਿੰਦੈ ਕਿ ਨਹੀਂ ਸਾਡੇ ਤਾਂ ਇਥੇ ਇਸ ਨੰਬਰ ਦਾ ਕੋਈ ਲਾਕਰ ਹੀ ਨਹੀਂ!

ਸੁੱਚਾ ਪਰੇਸ਼ਾਨ ਹੋ ਗਿਆ - ਉੱਤੋਂ ਉਸਨੂੰ ਬਾਊ ਕਹਿੰਦੈ ਕਿ ਤੁਹਾਡੇ ਕੋਲ ਆਪਣੇ ਲਾਕਰ ਦਾ ਕੋਈ ਕਾਰਡ ਹੋਵੇਗਾ - ਕੋਈ ਐਗਰੀਮੈਂਟ ਹੋਵੇਗਾ! ਉਸ ਨੇ ਆਖਿਆ ਕਿ ਜਦੋਂ ਲਾਕਰ ਲਿਆ ਸੀ 20-25 ਸਾਲ ਪਹਿਲਾਂ ਉਸ ਵੇਲੇ ਕੋਈ ਕਾਰਡ ਨਹੀਂ ਸੀ ਦਿੰਦੇ, ਜਿਹੜਾ ਐਗਰੀਮੈਂਟ ਵੀ ਬਣਵਾਉਂਦੇ ਸੀ, ਉਹ ਵੀ ਬੈਂਕ ਕੋਲ ਹੀ ਹੁੰਦੈ, ਮੇਰੇ ਕੋਲ ਕੁਝ ਨਹੀਂ!

ਬਾਊ ਵੀ ਕੋਈ ਨਵਾਂ ਨਵਾਂ ਸੀ - ਕਹਿੰਦੈ ਅਸੀਂ ਕੁਝ ਨਹੀਂ ਕਰ ਸਕਦੇ - "ਕਲ ਆ ਜਾਇਓ, ਮੇਰੇ ਸੀਨੀਅਰ ਹੀ ਕੱਲ ਇਸ ਬਾਰੇ ਕੁਛ ਕਰ ਸਕਣਗੇ!"

ਕੋਈ ਵੀ ਬੰਦਾ ਹੋਵੇ, ਛਿੱਥਾ ਤੇ ਪੈ ਹੀ ਜਾਂਦਾ - ਅੱਜ ਕੱਲ ਕਿਤੇ ਬਾਰ ਬਾਰ ਚੱਕਰ ਕੱਟਣੇ ਸੌਖੇ ਨੇ!! ਪਰ ਇੱਥੇ ਤਾਂ ਛਿੱਥੇ ਪੈ ਕੇ ਵੀ ਕੁਝ ਹੁੰਦਾ ਦਿਸਦਾ ਨਹੀਂ ਸੀ। ਵੈਸੇ ਵੀ ਦੋ ਵੱਜਣ ਵਾਲੇ ਸੀ ਤੇ ਉਸ ਬਾਊ ਤੇ ਨਾਲ ਹੋਰ ਸਟਾਫ ਦੇ ਪੀਜ਼ੇ ਆ ਕੇ ਠੰਡੇ ਹੋ ਰਹੇ ਸਨ - ਗੁੱਸੇ ਜਿਹਾ ਹੋ ਕੇ ਸੁੱਚਾ ਤੇ ਉਸ ਦੀ ਵਹੁਟੀ ਬੈਂਕ ਦੀਆਂ ਸੰਗਲੀਆਂ ਵੱਲ ਤੁਰ ਪਏ - ਉਸੇ ਵੇਲੇ ਸੁੱਚੇ ਨੂੰ ਕੁਝ ਧਿਆਨ ਆਇਆ ਤੇ ਮੁੜ ਕੇ ਬਾਊ ਨੂੰ ਜਾ ਕੇ ਕਹਿੰਦੈ - "ਬਾਊ ਜੀ, ਇਕ ਗੱਲ ਦੱਸਿਓ, ਜੇਕਰ ਲਾਕਰ ਹੀ ਨਹੀਂ ਮੇਰਾ ਕੋਈ ਇੱਥੇ ਤਾਂ ਹਰ ਸਾਲ 1600 ਰੁਪਈਏ ਲਾਕਰ ਦਾ ਕਿਰਾਇਆ ਕਾਹਦਾ ਕਟ ਰਹੇ ਹੋ ?"

ਬਾਊ ਕਹਿੰਦੈ - ਪਾਸ ਬੁਕ ਦਿਖਾ, ਸੁੱਚੇ ਨੇ ਪਾਸਬੁੱਕ ਵਿਖਾਈ - ਫੇਰ ਉਸ ਬਾਊ ਨੂੰ ਯਕੀਨ ਹੋ ਗਿਆ ਕਿ ਹੁਣ ਤੇ ਇਸਦਾ ਲਾਕਰ ਲੱਭਣਾ ਹੀ ਪਉ।

ਲੱਭਿਆ ਗਿਆ ਜੀ ਲਾਕਰ - ਜਦੋਂ ਦੇ ਲਾਕਰ ਦੀ ਵੰਡ ਤੇ ਸਪੁਰਦਗੀ ਔਨਲਾਈਨ ਹੋਈ ਸੀ, ਲਾਕਰਾਂ ਦਾ ਨੰਬਰ ਬਦਲ ਗਿਆ ਸੀ - ਇਸ ਕਰਕੇ ਸਾਰਾ ਪੰਗਾ ਹੋਇਆ ਸੀ - ਸੁੱਚੇ ਨੇ ਉਸ ਲਾਕਰ ਦੀ ਚਾਬੀ ਓਹਨਾਂ ਦੇ ਸਪੁਰਦ ਕੀਤੀ ਤੇ ਇਸ ਬੀਮਾਰੀ ਤੋਂ ਪਿੱਛਾ ਛੁਡਵਾਇਆ।

ਸੁੱਚਾ ਉਸ ਦਿਨ ਇਹੋ ਹੀ ਸੋਚਦਾ ਰਿਹਾ ਕਿ ਆਦਮੀ ਨੂੰ ਬੈਂਕ ਵਿੱਚ ਆਪਣਾ ਹੀ ਪੈਸੇ ਦੇ ਲੈਣ-ਦੇਣ ਲਈ ਕਿੰਨੀਆਂ ਤਕਲੀਫ਼ਾਂ ਹੁੰਦੀਆਂ ਨੇ ਕਈ ਵਾਰੀ - ਕਦੇ ਨੈੱਟਵਰਕ ਨਹੀਂ, ਕਦੇ ਸਟਾਫ ਘੱਟ ਹੈ, ਕਦੇ ਪ੍ਰਿੰਟਰ ਠੀਕ ਨਹੀਂ , ਕਦੇ ਪਾਸਬੁੱਕ ਪ੍ਰਿੰਟਿੰਗ ਵਾਲੀ ਮਸ਼ੀਨ ਖ਼ਰਾਬ ਪਈ ਹੁੰਦੀ ਐ ਤੇ ਕਦੇ ਹੋਰ ਕੁਝ ਨਾ ਕੁਝ ਪੰਗਾ - ਉਸ ਨੂੰ ਉਸ ਵੇਲੇ ਬੜਾ ਅਜੀਬ ਲੱਗਦਾ ਹੈ ਜਦੋਂ ਉਹ ਕੋਈ ਚੈੱਕ ਦਿੰਦਾ ਕਿਸੇ ਬਾਊ ਨੂੰ ਤੇ ਉਹ 4-5 ਮਿੰਟ ਕੰਪਿਊਟਰ ਤੇ ਕੁੱਛ ਠੋਕਾ-ਠਾਕੀ ਕਰਕੇ ਫੇਰ ਨਾਲ ਦੀ ਸੀਟ ਤੇ ਬੈਠੇ ਬਾਊ ਨੂੰ ਬੜਾ ਸੀਰੀਅਸ ਹੋ ਕੇ ਕੁਝ ਪੁੱਛਦੈ - ਫੇਰ ਗ੍ਰਾਹਕ ਵੱਲ ਵੇਖਦੈ ਜਿਵੇਂ ਕੋਈ ਫਰਾਡੀਆ ਹੱਥੇ ਚੜ ਗਿਆ ਹੋਵੇ!

ਕਿਸੇ ਕਿਸੇ ਬੈਂਕ ਕੇ ਬਾਊ ਦਾ ਵਤੀਰਾ ਵੀ ਇੰਝ ਹੁੰਦੈ ਕਿ ਸੁੱਚੇ ਨੂੰ ਲੱਗਦੈ ਕਿ ਵਾਪਸ ਉਸ ਬ੍ਰਾਂਚ ਵਿੱਚ ਪੈਰ ਨਾ ਰੱਖਿਆ ਜਾਵੇ। 
ਸੁੱਚਾ ਅੱਜ ਕੋਠੇ ਉੱਥੇ ਲੰਮਾ ਪਿਆ ਇਹੋ ਸੋਚ ਰਿਹਾ ਸੀ ਕਿ ਇੰਨੀ ਚੋਕਸੀ ਜੇਕਰ ਬੈਂਕਾਂ ਦੀ ਹੈ ਤਾਂ ਕਿਵੇਂ ਉਸ ਨੂੰ ਕੁਝ ਲੋਕ ਕਰੋੜਾਂ ਰੁਪਈਆਂ ਦਾ ਧੋਖਾ ਦੇ ਕੇ ਭੱਜ ਜਾਂਦੇ ਨੇ, ਸੁੱਚਾ ਇਸ ਗੱਲ ਦਾ ਜਵਾਬ ਵੀ ਚੰਗੀ ਤਰ੍ਹਾਂ ਜਾਣਦੈ, ਫੇਰ ਵੀ ਕੋਈ ਕਰੇ ਤੇ ਕੀ ਕਰੇ !!

ਇੰਨੇ ਨੂੰ ਸੁੱਚੇ ਦਾ ਮੁੰਡਾ ਉੱਪਰ ਆ ਗਿਆ ਤੇ ਉਸਦੇ ਢਿੱਡ ਤੇ ਚੜ ਗਿਆ ਤੇ ਕਹਿਣ ਲੱਗਾ, ਪਾਪਾ, ਕੋਈ ਪੁਰਾਣੀ ਗੱਲ ਸੁਣਾਓ, ਤੁਸੀਂ ਕਲ ਵੀ ਨਹੀਂ ਸੁਣਾਈ !

ਸੁੱਚੇ ਨੇ ਸੋਚਿਆ ਚਲੋ ਅੱਜ ਮੁੰਡੇ ਨੂੰ ਮੁਨਸ਼ੀ ਰਾਮ ਦੀ ਵਹੁਟੀ ਦੀ ਗੱਲ ਸੁਣਾਈ ਜਾਵੇ - ਮੁਨਸ਼ੀ ਰਾਮ ਓਹਨਾਂ ਦਾ ਗੁਆਂਢੀ ਸੀ, ਸਰਕਾਰੀ ਘਰਾਂ ਵਿਚ ਰਹਿੰਦੇ ਸੀ - ਸੁੱਚਾ ਓਹਨਾ ਦਿਨਾਂ ਵਿਚ 7-8 ਸਾਲ ਦਾ ਸੀ, ਮੁਨਸ਼ੀ ਰਾਮ ਦੀ ਬਦਲੀ ਹੋ ਗਈ ਲੁਧਿਆਣੇ - ਸੁੱਚੇ ਦੀ ਬੇਬੇ ਉਸਨੂੰ ਲੈ ਕੇ ਮੁਨਸ਼ੀ ਰਾਮ ਦੀ ਜਨਾਨੀ ਨੂੰ ਮਿਲਣ ਗਈ - ਉਹ ਦੇਖਦੇ ਹਨ ਕਿ ਮੁੰਸ਼ੀਆਨੀ ਨੇ ਇਕ ਇੱਟ ਹੱਥ ਚ' ਫੜੀ ਹੋਈ ਏ ਤੇ ਉਹ ਆਪਣੇ ਘਰ ਚ' ਲੱਗਿਆ ਤੰਦੂਰ ਤੋੜੀ ਜਾ ਰਹੀ ਹੈ।

ਸੁੱਚੇ ਦੀ ਬੇਬੇ ਮੁੰਸ਼ੀਏ ਦੀ ਤੀਵੀਂ ਨੂੰ ਆਖਦੀ ਹੈ - "ਪ੍ਰੇਮੋ, ਇਹ ਕਿਹੜੇ ਕੰਮੀਂ ਲੱਗੀ ਏਂ ਤੂੰ, ਬਹਿਣੇ ! ਤੇਰਾ ਤੰਦੂਰ ਤੇ ਕਿੱਡਾ ਚੰਗਾ ਭਖਦਾ ਏ, ਸਾਰੇ ਮੋਹਲ੍ਲੇ ਦਾ ਸਾਂਝਾ ਚੁੱਲ੍ਹਾ ਹੈ ਇਹ, ਕਿਓਂ ਤੋੜ ਰਹੀ ਹੈਂ ਇਸ ਨੂੰ, ਜਿਹੜਾ ਇਸ ਘਰ ਚ' ਨਵਾਂ ਆਏਗਾ, ਉਹ ਰੋਟੀ ਟੁੱਕੜ ਇਸ ਉੱਤੇ ਲਾਵੇਗਾ, ਸੀਸਾਂ ਦੇਉ ਤੈਨੂੰ, ਭੈਣੇ !"

ਪ੍ਰੇਮੋ ਨੇ ਸੁੱਚੇ ਦੀ ਮਾਂ ਦੀ ਗੱਲ ਨਾ ਗੋਲੀ - ਸੁਣਿਆ ਅਨਸੁਣਿਆ ਕਰ ਕੇ ਤੰਦੂਰ ਤੋੜਣ ਦੇ ਕੰਮੀਂ ਲੱਗੀ ਰਹੀ, ਸੁੱਚਾ ਤੇ ਉਸਦੀ ਮਾਂ ਵੀ ਨਾਲ ਹੀ ਇਕ ਖਟੋਲੇ ਤੇ ਬਹਿ ਗਏ - ਪੰਜਾਂ ਮਿੰਟਾਂ ਚ' ਹੀ ਤੰਦੂਰ ਟੁੱਟ ਗਿਆ - ਫੇਰ ਪ੍ਰੇਮੋ ਨੇ ਇਕ ਖੁਰਪੀ ਫੜੀ ਤੇ ਤੰਦੂਰ ਦੇ ਥੱਲੇ ਵਾਲੀ  ਥੋੜੀ ਜ਼ਮੀਨ ਖੋਦਣ ਲੱਗ ਪਾਈ - ਅਜੇ ਅੱਧਾ ਕੁ' ਫੁੱਟ ਹੀ ਖੋਦਿਆ ਹੋਵੇਗਾ ਕਿ ਪਿੱਤਲ ਦਾ ਇੱਕ ਪਤੀਲਾ ਦਿੱਸਣ ਲੱਗਾ - ਉਸ ਦੇ ਆਸੇ ਪਾਸਿਓਂ ਹੋਰ ਮਿੱਟੀ ਖੋਦ ਕੇ ਪ੍ਰੇਮੋ ਨੇ ਉਸ ਨੂੰ ਬਾਹਰ ਕੱਢ ਲਿਆ - ਕੱਢਦਿਆਂ ਸਾਰ ਪ੍ਰੇਮੋ ਨੇ ਉਸ ਉੱਤੇ ਰੱਖੇ ਢੱਕਣ ਨੂੰ ਹਟਾ ਕੇ ਵੇਖਿਆ - ਇੱਕ ਵੱਡੀ ਸਾਰੀ ਗੁੱਥੀ ਵਿੱਚ ਬਹੁਤ ਸਾਰੇ ਗਹਿਣੇ ਰੱਖੇ ਹੋਏ ਸਨ - ਉਸ ਗੁੱਥੀ ਨੂੰ ਖੋਲ੍ਹੇ ਬਿਨਾ ਹੀ ਉਹ ਅੰਦਰ ਬੈਠੇ ਮੁੰਸ਼ੀਏ ਨੂੰ ਫੜਾ ਆਈ - ਉਸ ਗੁੱਥੀ ਤੋਂ ਆਉਣ ਵਾਲੀ ਖਣਕ ਹੀ ਦੱਸ ਰਹੀ ਸੀ ਕਿ ਉਸ ਵਿਚ ਗਹਿਣੇ ਭਰੇ ਹੋਏ ਸਨ - ਨਾ ਸੁੱਚੇ ਦੀ ਬੀਬੀ ਨੇ ਅੱਗੇ ਕੁਝ ਪੁੱਛਿਆ ਨਾ ਹੀ ਪ੍ਰੇਮੋ ਨੇ ਦੱਸਿਆ।

ਅੱਜ ਸੁੱਚੇ ਦੇ ਮੁੰਡੇ ਨੇ ਕੋਈ ਗੱਲ ਸੁਣਾਉਣ ਨੂੰ ਕਿਹਾ ਤੇ ਉਸ ਨੂੰ ਇਹ ਪੁਰਾਣੀ ਗੱਲ ਚੇਤੇ ਆ ਗਈ। ਪਰ ਇਹ ਕੀ, ਉਸ ਦਾ ਮੁੰਡਾ ਤਾਂ ਘਰਾੜੇ ਮਾਰ ਰਿਹਾ ਸੀ -  ਥੱਲੋਂ ਗਲੀ ਵਿਚੋਂ ਚੌਕੀਦਾਰ ਦੀ ਸੀਟੀ ਦੀ ਆਵਾਜ਼ ਦੇ ਨਾਲ ਨਾਲ ਇਹ ਆਵਾਜ਼ ਆ ਰਹੀ ਸੀ - ਜਾਗਦੇ ਰਹੋ - ਜਾਗਦੇ ਰਹੋ!!

ਸੁੱਚੇ ਦੀਆਂ ਅੱਖਾਂ ਵਿੱਚ ਵੀ ਨੀਂਦ ਉਤਰੀ ਹੋਈ ਸੀ - ਉਹ ਵੀ ਇਹੋ ਸੋਚਦਾ ਸੋਚਦਾ ਸੋ ਗਿਆ ਕਿ ਮੁੰਸ਼ੀਏ ਦੀ ਜਨਾਨੀ ਤਾਂ ਆਪਣਾ ਮਾਲ ਕੱਢ ਕੇ ਲੈ ਗਈ ਤੇ ਜਾਂਦੀ ਜਾਂਦੀ ਤੰਦੂਰ ਭੰਨ੍ਹ ਗਈ. ਪਰ ਦੇਸ਼ ਵਿਚ ਇੰਨ੍ਹੇ ਤਰ੍ਹਾਂ ਤਰ੍ਹਾਂ ਦੇ ਚੌਕੀਦਾਰ ਨੇ ਤੇ ਬੈਂਕਾਂ ਵਿੱਚ ਕਹਿਣ ਨੂੰ ਐੱਡੀ ਚੌਕਸੀ ਵੀ ਹੈ - ਫੇਰ ਵੀ ਲੱਖਾਂ ਨਹੀਂ, 2-4-10 ਕਰੋੜ ਹੀ ਨਹੀਂ, ਹਜ਼ਾਰਾਂ ਕਰੋੜਾਂ ਦਾ ਧੋਖਾ ਕਰ ਕੇ ਵੇਖਦੇ ਹੀ ਵੇਖਦੇ ਕਈ ਸ਼ਾਤਿਰ ਜਾਲਸਾਜ਼ ਬਾਹਰ ਦੇ ਦੇਸ਼ਾਂ ਚ' ਉਡਾਰੀ ਮਾਰ ਗਏ, ਬੈਂਕਾਂ ਨੂੰ ਢਾ-ਢੇਰੀ ਕਰ ਗਏ ! ਸਾਰੀ ਚੌਕਸੀ ਕੀ ਆਮ ਆਦਮੀ ਵਾਸਤੇ ਹੀ ਹੈ,  ਇਹੋ ਸਵਾਲ ਤੋਂ ਪਰੇਸ਼ਾਨ ਉਹ ਵੀ ਪਤਾ ਨਹੀਂ ਕਦੋਂ ਘੜਾੜੇ ਮਾਰਣ ਲੱਗਾ!!

Wednesday, 4 September 2019

ਗੱਲਾਂ ਫੋਨਾਂ ਦੀਆਂ - ਨਵੀਆਂ ਪੁਰਾਣੀਆਂ!

ਦੋ ਦਿਨ ਪਹਿਲਾਂ ਮੈਂ ਆਪਣਾ ਇਕ ਲਿਖਿਆ ਲੇਖ ਦੇਖ ਰਿਹਾ ਸੀ - ਗੁਸਲਖਾਨੇ ਜਦੋਂ ਬਾਥਰੂਮ ਬਣ ਗਏ! ਮੈਨੂੰ ਪੜ੍ਹ ਕੇ ਬੜਾ ਮਜ਼ਾ ਆਇਆ - ਇੰਝ ਲੱਗਾ ਜਿਵੇਂ ਗੁਸਲਖਾਨੇ ਦੇ ਜ਼ਮਾਨੇ ਦੀਆਂ ਸਾਰੀਆਂ ਗੱਲਾਂ ਮੈਂ ਕਿਤੇ ਸਾਂਭ ਕੇ ਰੱਖ ਲਈਆਂ ਹੋਣ. ਇਸ ਲਈ ਮੈਂ ਹਰ ਇਕ ਨੂੰ ਪ੍ਰੇਰਦਾ ਹਾਂ ਕਿ ਕੁਝ ਨਾ ਕੁਝ ਲਿਖਿਆ ਕਰੋ - ਕਿਸੇ ਹੋਰ ਵਾਸਤੇ ਨਹੀਂ, ਭਾਵੇਂ ਆਪਣੇ ਵਾਸਤੇ ਹੀ ਸਹੀ -- ਪਰ ਲਿਖੋ ਜ਼ਰੂਰ - ਇਕ ਵਾਰ ਲਿਖਣਾ ਸ਼ੁਰੂ ਕਰੋ ਤਾਂ ਤੁਹਾਨੂੰ ਲਿਖਣਾ ਚੰਗਾ ਲੱਗਣ ਲੱਗੇਗਾ -

ਜਦੋਂ ਮੈਂ ਆਪਣੇ ਆਸੇ ਪਾਸੇ ਮੋਬਾਈਲ ਫੋਨਾਂ ਤੇ ਤਰ੍ਹਾਂ ਤਰ੍ਹਾਂ ਦੇ ਤਾਲੇ-ਜੰਦਰੇ ਲੱਗੇ ਦੇਖਦਾ ਹਾਂ ਤਾਂ ਮੈਂ ਅਕਸਰ 40-50 ਸਾਲ ਪਹਿਲੇ ਦਿਨਾਂ ਵੱਲ ਤੁਰ ਜਾਂਦਾ ਹਾਂ -

ਐੱਡੀ ਸੀਕਰੇਸੀ ਵੀ ਕਿਸ ਕੰਮ ਦੀ - ਗੱਲਾਂ ਇੰਨੀਆਂ ਗੁਪਤ ਰੱਖਣ ਦੇ ਕੀ ਨਤੀਜੇ ਨਿਕਲ ਰਹੇ ਨੇ - ਇਹ ਸਾਡੇ ਕੋਲੋਂ ਲੁਕਿਆ ਛਿਪਿਆ ਨਹੀਂ !

ਮੇਰੇ ਮਨ ਚ' ਕਈ ਵਾਰ ਖਿਆਲ ਆਉਂਦਾ ਤਾਂ ਹੈ ਕਿ ਪਹਿਲਾਂ ਇੰਨਾ ਖੁੱਲ੍ਹਾਪਨ ਸੀ - ਸ਼ਾਇਦ ਉਹ ਵੀ ਅੱਤ ਹੀ ਸੀ, ਜਾਂ ਇੰਝ ਕਹਿ ਸਕਦੇ ਹਾਂ ਕਿ ਉਹ ਮਜ਼ਬੂਰੀ ਸੀ -

ਖੁੱਲੇਪਨ ਦੀ ਤੇ ਐਂਨੀ ਹੱਦ ਕਿ ਆਂਢ ਗੁਆਂਢ ਦੇ ਲੋਕ ਆਪਣੀ ਚਿੱਠੀਆਂ ਇਕ ਦੂਜੇ ਕੋਲੋਂ ਲਿਖਵਾ ਪੜ੍ਹਵਾ ਲੈਂਦੇ ਸੀ - ਸਰਕਾਰੀ ਦਫਤਰਾਂ ਵਿਚ ਹੀ ਫੋਨ ਸਨ ਜ਼ਿਆਦਾਤਰ ਪਰ ਫੇਰ ਵੀ ਲੋਕ ਕਿਵੇਂ ਇਕ ਦੂਜੇ ਤੱਕ ਜ਼ਰੂਰੀ ਸੁਨੇਹੇ ਪਹੁੰਚਾ  ਦਿੰਦੇ ਸਨ - ਇਕ ਸਾਂਝ ਸੀ - ਹੁਣ ਤਾਂ ਮੈਨੂੰ ਕੁਝ ਨਹੀਂ ਲੱਗਦਾ, ਜਿਹੋ ਜਹੇ ਬੰਦੇ ਫੋਕੇ ਓਹੋ ਜਿਹੇ ਸਾਡੇ ਜਜ਼ਬਾਤ ਵੀ ਬਿਲਕੁਲ ਫੋਕੇ - ਐਵੇਂ ਗੱਲਾਂ ਹੀ ਗੱਲਾਂ ਹਨ - ਉਹਨਾਂ ਵਿਚ ਵੀ ਮਜ਼ਾ ਨਹੀਂ !

ਪਹਿਲਾਂ ਦੇ  ਲੋਕਾਂ ਵਿਚ ਸੰਵੇਦਨਾ ਸੀ, ਇਕ ਗੱਲ ਮੈਨੂੰ ਹਮੇਸ਼ਾ ਚੇਤੇ ਰਹਿ ਗਈ - 26 ਜਨਵਰੀ 1975 ਦੀ ਗੱਲ ਹੈ - ਸ਼ਾਮਾਂ ਵੇਲੇ ਤਾਰ ਆਈ ਕਿ ਮੇਰਾ ਛੋਟਾ ਮਾਮਾ -25-26 ਸਾਲਾਂ ਦਾ ਪੂਰਾ ਹੋ ਗਿਆ ਹੈ - ਚੰਗਾ ਭਲਾ ਸੀ, 2-4 ਦਿਨ ਪਹਿਲਾਂ ਹੀ ਉਸਦੀ ਚਿੱਠੀ ਆਈ ਸੀ - ਮੈਂ 8 ਵੀਂ ਜਮਾਤ ਵਿਚ ਸਾਂ - ਉਸ ਨੂੰ ਜ਼ੁਕਾਮ ਹੋਇਆ - ਛਾਤੀ ਰੁਕ ਗਈ - ਡਾਕਟਰ ਨੇ ਘਰ ਆ ਕੇ ਪੈਨਸਲੀਨ ਦਾ ਟੀਕਾ ਦਿੱਤਾ, ਉਹ ਰਿਐਕਸ਼ਨ ਕਰ ਗਿਆ ਤੇ ਉਹ ਓਥੇ ਹੀ ਖ਼ਤਮ ਹੋ ਗਿਆ।  ਮੇਰੀ ਨਾਨੀ ਦੇ ਗਵਾਂਢ ਵਿਚ ਅੰਬਾਲਾ ਵਿਖੇ ਇਕ ਬੀਬੀ ਰਹਿੰਦੀ ਸੀ - ਸਮਿੱਤਰ ਕੌਰ - ਉਹ ਟੈਲੀਫੋਨ ਮਹਿਕਮੇ ਚ' ਕੰਮ ਕਰਦੀ ਸੀ, ਉਸ ਨੇ ਆਪਣੇ ਰਸੂਖ ਦਾ ਇਸਤੇਮਾਲ ਕੀਤਾ, ਅੰਮ੍ਰਿਤਸਰ ਦੀ ਐਕ੍ਸਚੈਂਜ ਚ' ਫੋਨ ਕੀਤਾ ਤੇ ਸਾਡੇ ਘਰ ਦੇ ਨਾਲ ਲਗਦੇ  ਇਕ ਸਰਕਾਰੀ ਹੌਸਪੀਟਲ ਦਾ ਫੋਨ ਲੱਭ ਕੇ ਓਥੇ ਖ਼ਬਰ ਦਿੱਤੀ - ਓਥੋਂ ਦਾ ਇਕ ਮੁਲਾਜ਼ਿਮ ਸਾਡੇ ਘਰ ਦੱਸਣ ਆਇਆ !

ਇਹੋ ਹੀ ਨਹੀਂ - ਲੈਂਡਲਾਈਨ ਦੇ ਪੀ ਪੀ ਨੰਬਰਾਂ ਦੀਆਂ ਆਪਣੀਆਂ ਗੱਲਾਂ ਸਨ. 35-40 ਸਾਲ ਪਹਿਲਾਂ ਤਾਂ ਕਿਸੇ ਗਲੀ ਮੋਹਲ੍ਲੇ ਵਿਚ ਟਾਵੇਂ ਟਾਵੇਂ ਘਰ ਹੀ ਲੈਂਡਲਾਈਨ ਫੋਨ ਲੱਗਾ ਹੁੰਦਾ ਸੀ - ਲੋਕ ਆਪਣੇ ਰਿਸ਼ਤੇਦਾਰਾਂ ਨੂੰ ਉਹ ਫੋਨ ਨੰਬਰ ਦੇ ਦਿੰਦੇ ਸਨ - ਨਾਲੇ ਹਿਦਾਇਤ ਵੀ ਦਿੰਦੇ ਸਨ ਕਿ ਕੁਵੇਲੇ ਫੋਨ ਨਹੀਂ ਕਰਨਾ - ਮੈਨੂੰ ਯਾਦ ਹੈ ਕਿ ਸਾਡੇ ਮਾਂ-ਬਾਪ ਬੜੇ ਅਲੱਗ ਕਿਸਮ ਦੇ ਸਨ, ਕਿਸੇ ਨੂੰ ਇਸ ਤਰ੍ਹਾਂ ਦੀ ਤਕਲੀਫ ਦੇਣ ਦੇ ਹੱਕ ਵਿਚ ਨਹੀਂ ਸਨ, ਸ਼ਾਇਦ ਓਹੀਓ ਆਦਤਾਂ ਸਾਨੂੰ ਵੀ ਓਹਨਾਂ ਕੋਲੋਂ ਪੈ ਗਈਆਂ। ਲੋਕ ਤਾਂ ਉਹ ਪੀ ਪੀ ਨੰਬਰ ਆਪਣੇ ਵਿਸੀਟਿੰਗ ਕਾਰਡ ਉੱਤੇ ਵੀ ਛਪਵਾ ਲੈਂਦੇ ਸਨ !

ਫੋਨ ਤੇ ਸਾਡੇ ਵੀ ਲੱਗ ਗਿਆ ਸੀ - 35 ਕੁ' ਸਾਲ ਪਹਿਲਾਂ - ਪਰ ਮਾਈਂ ਉਹ ਖ਼ਰਾਬ ਹੀ ਰਹਿੰਦਾ ਸੀ - ਕਦੇ ਕਿਸੇ ਡੋਰ ਨਾਲ ਉਸ ਦੀ ਤਾਰ ਕੱਟੀ ਜਾਂਦੀ ਤੇ ਕਦੇ ਹਨੇਰੀ-ਝੱਖੜ ਨਾਲ ਗੜਬੜ ਹੋ ਜਾਂਦੀ - ਜਿਥੋਂ ਤੀਕ ਮੈਨੂੰ ਚੇਤੇ ਹੈ ਕਿ ਕਦੇ ਕਿਸੇ ਨੂੰ ਮੈਂ ਉਸ ਫੋਨ ਤੇ ਸੁਆਦ ਨਾਲ ਗੱਲ ਕਰਦੇ ਵੇਖਿਆ ਨਹੀਂ - ਹੋਰ ਇਕ ਗੱਲ - ਜਦੋਂ ਵੀ ਫੋਨ ਆਉਂਦੇ ਗ਼ਲਤ ਨੰਬਰ ਹੀ ਆਉਂਦੇ - ਪਹਿਲਾਂ ਬੈਠਕਾਂ ਵਿਚ ਹੀ ਰੱਖੇ ਹੁੰਦੇ ਸੀ ਇਹ ਫੋਨ - ਮੈਨੂੰ ਯਾਦ ਹੈ ਕਿ ਜਦੋਂ ਫੋਨ ਦੀ ਬੈੱਲ ਵੱਜਣੀ ਤੇ ਕਿਸੇ ਨਾ ਕਿਸੇ ਨੇ ਉਹ ਫੋਨ ਸੁਣਨ ਜਾਣਾ ਤੇ ਓਥੇ ਜਾ ਕੇ ਪਤਾ ਲੱਗਣਾ ਕਿ ਇਹ ਤਾਂ ਰਾਂਗ ਨੰਬਰ ਹੈ - ਇੰਝ ਕਰਦੇ ਕਰਦੇ ਘਰ ਦਾ ਮਾਹੌਲ ਇੰਝ ਦਾ ਹੋ ਗਿਆ ਕਿ ਜਦੋਂ ਦੇਰ-ਸੇਵਰ ਘੰਟੀ ਵੱਜਣੀ ਤੇ ਬੀਜੀ ਨੇ ਕਹਿਣਾ ਕਿ ਮੈਂ ਫੋਨ ਸੁਣ ਕੇ ਆਉਂਦੀ ਹਾਂ ਤਾਂ ਭਾਪਾ ਜੀ ਨੇ ਉਸ ਟੈਲੀਫੋਨ ਨੂੰ ਗਾਲ ਕੱਢਣੀ ਤੇ ਬੀਜੀ ਨੂੰ ਕਹਿਣਾ - ਦਫ਼ਾ ਕਰ ਪਰਾਂ, ਵੱਜਣ ਦੇ ਸੁ, ਬੈਠੀ ਰਹਿ - ਰਾਂਗ ਨੰਬਰ ਹੀ ਹੋਣੈ ! ਬੱਸ ਜੀ ਵੇਖਦੇ ਵੇਖਦੇ ਸਾਡੇ ਘਰ ਚ' ਇਹੋ ਟਰੇਂਡ ਹੋ ਗਿਆ ਕਿ ਫੋਨ ਤੇ ਮਾਈਂ ਰਾਂਗ ਨੰਬਰ ਹੀ ਆਉਂਦੇ ਨੇ, ਜੇ ਸਹੀ ਆ ਵੀ ਜਾਉਂਦੇ ਤਾਂ ਆਵਾਜ਼ ਨਹੀਂ ਆਉਂਦੀ - ਬੱਸ ਸਾਡੇ ਵਾਸਤੇ ਉਹ ਇਕ ਡੱਬਾ ਹੀ ਸੀ. ਬੀਜੀ ਹੁਰਾਂ ਭਾਪਾ ਜੀ ਦੀ ਇਹ ਗੱਲ ਰਿਸ਼ਤੇਦਾਰਾਂ ਨੂੰ ਸੁਣਾਉਣੀ ਤੇ ਸਾਰਿਆਂ ਦਾ ਹੱਸ ਹੱਸ ਕੇ ਬੁਰਾ ਹਾਲ ਹੋ ਜਾਣਾ!!

ਗੁਆਂਢ ਦੇ ਕਿਸ਼ਨ ਦੇ ਘਰ ਹੀ ਸਾਡਾ ਕਦੇ ਕਦਾਈਂ  ਫੋਨ ਆ ਜਾਂਦਾ - ਪਰ ਸਾਨੂੰ ਕਿਸੇ ਨੂੰ ਵੀ ਪਸੰਦ ਨਹੀਂ ਸੀ ਕਿਤੇ ਇਸ ਤਰ੍ਹਾਂ ਜਾ ਕੇ ਫੋਨ ਸੁਣਨਾ - ਜਿਵੇਂ ਮੈਂ ਪਹਿਲਾਂ ਵੀ ਦਸਿਆ ਕਿ ਸਾਡੇ ਮਾਂ-ਬਾਪ ਬੜੇ ਬੀਬੇ ਸਨ, ਮੇਰੇ ਭਾਪਾ ਜੀ ਤੇ ਕਦੇ ਵੀ ਨਹੀਂ ਗਏ ਅਜਿਹੇ ਫੋਨ ਸੁਣਨ- ਉਹ ਬੜੇ ਅਣਖੀ ਸਨ, ਅਸੀਂ ਵੀ ਉਂਝ ਦੇ ਹੀ ਹਾਂ - ਐਵੇਂ ਛੋਟੇ ਛੋਟੇ ਕੰਮਾਂ ਵਾਸਤੇ ਲਿਲਕਾਂ ਲੈਣੀਆਂ ਓਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀ - ਕਦੇ ਕਦੇ ਮੈਨੂੰ ਜਾਂ ਬੀਜੀ ਨੂੰ ਉਹ ਫੋਨ ਸੁਣਨ ਜਾਉਣਾ ਪੈਂਦਾ - ਪਰ ਸਾਨੂੰ ਵੀ ਬੜਾ ਹੀ ਮਾੜਾ ਲੱਗਦਾ - ਕਿਹੜੀ ਗੱਲ ਹੈ ਜਿਹੜੀ ਚਿੱਠੀ ਚ' ਨਹੀਂ ਲਿਖੀ ਜਾ ਸਕਦੀ - ਐਵੇਂ ਵੇਲੇ- ਕੁਵੇਲੇ ਫੋਨ ਕਰ ਕੇ ਸਾਰਿਆਂ ਨੂੰ ਪਰੇਸ਼ਾਨ ਕਰਨਾ - ਲਿਖਦੇ ਲਿਖਦੇ ਧਿਆਨ ਆ ਰਿਹੈ ਕਿ ਇਸ ਟੌਪਿਕ ਉੱਤੇ ਅਲਗ ਵੀ ਲਿਖਣਾ ਪਉ, ਬੜੀਆਂ ਗੱਲਾਂ ਨੇ ਸਾਂਝੀਆਂ ਕਰਣ ਵਾਲੀਆਂ !!

ਅੱਛਾ, ਕਈ ਵਾਰ ਟੈਲੀਫੋਨ ਐਕਸਚੈਂਜ ਵੀ ਜਾਣਾ ਪੈਂਦਾ ਸੀ ਦੂਰ-ਦੁਰੇਵੇਂ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਣ ਲਈ - ਓਥੇ ਦੇ ਨਜ਼ਾਰੇ ਨਾਲ ਵੀ ਬੜਾ ਮਨ ਪਰਚਾਵਾ ਹੁੰਦਾ ਸੀ - ਉਤੇ 50 ਰੁਪਏ ਜਮਾ ਕਰਵਾਓ ਤੇ ਰਿਸ਼ਤੇਦਾਰ ਦਾ ਨੰਬਰ ਦਿਓ - ਫੇਰ ਉਸ ਜਗ੍ਹਾ ਦਾ std code ਲੱਭਿਆ ਜਾਂਦਾ - ਵਾਰੀ ਲੱਗੀ ਹੁੰਦੀ - ਜਿਸ ਦੇ ਨਾਂਅ ਦੀ ਘੰਟੀ ਵੱਜਦੀ ਉਹ ਸ਼ੀਸ਼ੇ ਵਾਲੇ ਛੋਟੇ ਜਿਹੇ ਕੈਬਿਨ ਵਿਚ ਵੜ ਜਾਂਦਾ ਤੇ ਸਾਰੀ ਗੱਲ ਬਾਤ ਬਾਹਰ ਤੱਕ ਸੁਣਾਈ ਦਿੰਦੀ - ਫੇਰ ਕਿਸੇ ਦਾ ਫੋਨ ਲੱਗਿਆ ਕੱਟ ਜਾਂਦਾ ਤੇ ਕਿਸੇ ਦੀ ਆਵਾਜ਼ ਆਉਣੀ ਬੰਦ ਹੋ ਜਾਂਦੀ - ਫੇਰ ਉਸ ਬਾਊ ਕੋਲੋਂ ਬਕਾਇਆ ਲੈਣ ਵੇਲੇ ਹਿਸਾਬ ਕਿਤਾਬ - ਕਿੰਨੀ ਵਾਰੀ ਕੱਟਿਆ, ਕਿੰਨਾ  ਚਿਰ ਗੱਲ ਹੋਈ - ਉਸ ਬਾਊ ਕੋਲ ਇਕ ਘੜੀ ਜਿਹੀ ਵੀ ਪਈ ਹੁੰਦੀ ਸੀ -ਇਹ ਸਾਰੀਆਂ ਯਾਦਾਂ ਅੰਮ੍ਰਿਤਸਰ ਦੇ ਵੱਡੇ ਡਾਕਖਾਨੇ ਦੀਆਂ ਹਨ , ਕਈ ਵਾਰੀ ਅਸੀਂ ਆਪਣਾ ਨਾਂਅ ਲਿਖਵਾ ਕੇ ਬਾਹਰ ਅੰਮ੍ਰਿਤਸਰੀ ਨਾਨ ਖਾਣ ਚਲੇ ਜਾਣਾ ਜਾਂ ਸਾਮਣੇ ਜਿਹੜੀ ਟਾਕੀ ਸੀ (ਰਿਆਲਟੋ ?? ਸ਼ਾਇਦ, ਚੇਤਾ ਨਹੀਂ) - ਓਥੇ ਜਾ ਕੇ ਫਿਲਮ ਦੇ ਪੋਸਟਰ ਹੀ ਦੇਖਣ ਲੱਗ ਜਾਣਾ।

ਓਥੇ ਵੱਡੇ ਡਾਕਖਾਨੇ ਵਿਚ ਖੜੇ ਖੜੇ ਬੜਾ ਅਜੀਬ ਜਿਹਾ ਫੀਲ ਹੁੰਦਾ - ਲੋਕਾਂ ਦੇ ਐਵੇਂ ਹੀ ਸਾਹ ਸੁੱਕੇ ਹੁੰਦੇ ਕਿ ਪਤਾ ਨਹੀਂ ਫੋਨ ਮਿਲੇਗਾ ਵੀ ਕਿ ਨਹੀਂ - ਜੇ ਮਿਲ ਜਾਂਦਾ ਤਾਂ ਮੇਰੇ ਵਰਗੇ ਦਾ ਤੇ ਗੱਲ ਤੋਂ ਜ਼ਿਆਦਾ ਧਿਆਨ ਉਸ ਮੀਟਰ ਤੇ ਹੀ ਟਿਕਿਆ ਰਹਿੰਦਾ ਜਿੰਨੂ ਬਸ ਨੱਸਣ ਦੀ ਹੀ ਪਈ ਰਹਿੰਦੀ - ਗੱਲ ਭਾਵੇਂ ਕੋਈ ਸੁਣੀ ਜਾਵੇ ਜਾਂ ਨਾ ਸੁਣੀ ਜਾਵੇ।

ਇਕ ਹੋਰ ਮਜ਼ੇਦਾਰ ਗੱਲ ਚੇਤੇ ਆ ਗਈ - ਕਈ ਲੋਕਾਂ ਨੇ ਫੋਨ ਆਉਣ ਤੇ ਇੰਨੀ ਉੱਚੀ ਬੋਲਣਾ ਕਿ ਮੇਰੇ ਵਰਗੇ ਨੇ ਨਾਲ ਖੜੇ ਬੰਦੇ ਨਾਲ ਮਸਖਰੀ ਕਰਦੇ ਵੀ ਬਾਜ ਨਾ ਆਉਣਾ ਕਿ ਇਹਨੂੰ ਫੋਨ ਦੀ ਲੋੜ ਹੀ ਕਿ ਹੈ - ਇਹ ਤੇ ਬਾਹਰ ਆ ਕੇ ਥੋੜਾ ਜਿਹਾ ਜ਼ੋਰ ਹੋਰ ਲਾਵੇ ਤਾਂ ਇਸ ਦੀ ਆਵਾਜ਼ ਜਲੰਧਰ ਲੁਧਿਆਣੇ ਤਕ ਤੇ ਆਪੇ ਹੀ ਪਹੁੰਚ ਜਾਵੇ !! ਜੋ ਵੀ ਸੀ, ਓਥੇ ਬੜਾ ਮਨ ਪਰਚਾਵਾ ਹੁੰਦਾ!

ਗੱਲਾਂ ਤੇ ਐੱਡਿਆਂ ਹਨ ਕਿ ਲਿਖਦੇ ਲਿਖਦੇ  ...... ਮੁਕਦੀ ਗੱਲ ਇਹ ਹੈ ਕਿ ਖੱਤਾਂ ਵਿਚ ਅਸੀਂ ਆਪਣੇ ਦਿਲਾਂ ਦੀਆਂ ਗੱਲਾਂ ਲਿਖ ਭੇਜਦੇ ਸਾਂ - ਫੋਨਾਂ ਤੇ ਐਵੇਂ ਦੋ ਚਾਰ ਗੱਲਾਂ ਹੀ ਹੁੰਦੀਆਂ ਸਨ ਕਿ 15-20 ਰੁਪਈਏ ਦਾ ਬਿੱਲ ਵੇਖ ਕੇ ਅਸੀਂ ਫੋਨ ਕੱਟਣ ਲੱਗ ਪਏ - ਅੱਛਾ ਇਕ ਹੋਰ ਗੱਲ, ਕੁਝ ਲੋਕ ਇੰਝ ਵੀ ਬੜੇ ਬਦਨਾਮ ਸਨ ਕਿ ਉਹ ਆਪੇ ਤਾਂ ਫੋਨ ਕਰਦੇ ਨਹੀਂ ਤੇ ਦੂਜਾ ਕਰੇ ਤੇ ਓਹਨਾਂ ਦੀਆਂ ਗੱਲਾਂ ਹੀ ਨਹੀਂ ਸਨ ਮੁਕਦੀਆਂ - ਬੜੇ ਬੜੇ ਤਜੁਰਬੇ ਹੁੰਦੇ ਰਹੇ ਜੀ ਉਸ ਜ਼ਮਾਨੇ ਵਿਚ ਜੀਉਣ ਵਾਲਿਆਂ ਨੂੰ ਵੀ.

ਜਿਥੇ ਤੱਕ ਸਾਡੇ ਪਰਿਵਾਰ ਦਾ ਸੰਬੰਧ ਹੈ, ਸਾਨੂੰ ਕਦੇ ਵੀ ਫੋਨਾਂ ਫਾਨਾਂ ਵਾਲਾ ਕੰਮ ਜ਼ਿਆਦਾ ਮਜ਼ੇਦਾਰ ਲੱਗਾ ਨਹੀਂ - ਸਾਰੇ ਚਿੱਠੀ ਪਤਰੀ ਹੀ ਲਿਖਦੇ ਸਨ, ਦਿਲ ਦੀਆਂ ਗੱਲਾਂ ਲਿਖਦੇ ਸਨ...ਚੰਗਾ ਲੱਗਦਾ ਸੀ- ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅਸੀਂ ਲੋਕਾਂ ਹੁਣ ਜ਼ਿਆਦਾ ਹੀ ਫੋਨਾਂ ਵਿੱਚ ਆਖ਼ਰ ਵੜ ਵੜ ਕੇ ਕੀ ਖੱਟਿਆ ਕੀ !!

ਹੁਣ ਤੇ ਬਸ ਬੰਦਾ ਐਵੇਂ ਹੀ ਭਟਕ ਰਿਹਾ ਹੈ - ਜਿਵੇਂ ਜੀਉਣ ਨਹੀਂ ਕਿਸੇ ਵੱਡੀ ਜੰਗ ਤੇ ਆਇਆ ਹੋਵੇ -


ਦੋ ਦਿਨ ਪਹਿਲਾਂ ਮੈਂ ਆਪਣੇ ਇਕ ਮਰੀਜ ਬਾਰੇ ਦਸਿਆ ਕਿ ਇਕ ਹੱਥ ਨਾਲ ਉਸਨੇ ਸਾਰੇ ਨਛੱਤਰ ਕਾਬੂ ਕੀਤੇ ਹੋਏ ਸੀ ਤੇ ਦੂਜੇ ਨਾਲ ਸਾਰੇ ਗਾਗੇਟ - ਕਲ ਫੇਰ ਆਇਆ, ਮੈਂ ਉਸਨੂੰ ਕਿਹਾ ਤੇਰੀ ਫੋਟੋ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਸਾਂਝੀ ਕੀਤੀ - ਇੰਨੇ ਨੂੰ ਕਹਿੰਦਾ ਕਿ ਸਰ, ਤੁਸੀਂ ਮੇਰਾ ਇਹ ਸੀ ਕੈਮਰਾ ਨਹੀਂ ਵੇਖਿਆ - ਓਹਦੇ ਪੇਨ ਵਿਚ ਕੈਮਰਾ ਲੱਗਾ ਹੋਇਆ ਸੀ - ਬਸ, ਮੇਰੇ ਕੋਲ ਹੋਰ ਬਰਦਾਸ਼ਤ ਨਾ ਹੋਇਆ ਉਹ ਬੰਦਾ - ਮੈਨੂੰ ਲੱਗਾ ਇਹ ਤਾਂ ਸਾਰੀ ਦੁਨੀਆ ਨੂੰ ਕੰਟਰੋਲ ਕਰਣ ਦੇ ਚੱਕਰ ਵਿਚ ਹੈ - ਆਪਣਾ ਤੇ ਅਜਿਹੀਆਂ ਗੱਲਾਂ ਸੋਚ ਕੇ ਕੇ ਸਿਰ ਦੁੱਖ ਜਾਂਦਾ ਹੈ - ਸ਼ਾਇਦ ਅਲੱਗ ਮਿੱਟੀ ਦੇ ਬਣੇ ਹੋਵਾਂਗੇ - ਅੱਜ ਤਕ ਕਦੇ ਕਿਸੇ ਦਾ ਫੋਨ ਕਾਲ ਰਿਕਾਰਡ ਨਹੀਂ ਕੀਤਾ - ਤੇ ਨਾ ਹੀ ਕਦੇ ਇਸ ਤਰ੍ਹਾਂ ਦੇ ਪੁੱਠੇ ਕੰਮਾਂ ਵਿੱਚ ਪੈਣਾ ਹੀ ਹੈ - ਕੋਈ ਫਾਇਦਾ ਨਹੀਂ - ਜ਼ਿੰਦਗੀ ਸਿੱਧੀ ਸਿੱਧੀ ਜਿਉ ਕੇ ਨਬੇੜਾ ਕਰੋ - ਹੋਰ ਕੀ !!

ਲੋ ਜੀ ਸੁਣੋ ਕਲਕਤਿਓਂ ਪੱਖੀ ਲਿਆਉਣ ਲਈ ਕਿਹਾ ਜਾ ਰਹੀ ਇਸ ਗੀਤ ਵਿੱਚ - ਸੁਣੋ ਜੀ - ਸਾਡੇ ਵੇਲੇ ਦਾ ਇਕ ਸੁਪਰਹਿੱਟ ਗੀਤ -

Sunday, 1 September 2019

ਅੱਜ ਦਾ ਵਹਾਤਸੱਪ ਵਤੀਰਾ

ਸਿਆਣਿਆਂ ਕੋਲੋਂ ਸੁਣਿਆ ਹੈ ਕਿ ਕਦੇ ਵੀ ਕਿਸੇ ਖੱਤ ਦਾ ਜਵਾਬ ਗੁੱਸੇ ਵਿਚ ਨਹੀਂ ਦੇਣਾ ਚਾਹੀਦਾ - ਬਹੁਤ ਹੀ ਵਧੀਆ ਗੱਲ ਹੈ ਜੀ ਇਹ. ਪਰ ਹੁਣ ਤੇ ਖੱਤ ਲਿਖਦਾ ਹੀ ਕੌਣ ਹੈ।  ਹੁਣ ਤੇ ਬਾਈ ਵਹਾਤਸੱਪ ਦੀ ਚੌਧਰ ਹੈ ਹਰ ਪਾਸੇ - ਇਸ ਕਰਕੇ ਸਿਆਣੇ ਇਸ ਬਾਰੇ ਕੁਝ ਨਹੀਂ ਕਹਿੰਦੇ, ਇਸ ਲਈ ਅਸੀਂ ਨਿਆਣੇ ਹੀ ਆਪੋ-ਆਪਣੀ ਰਤਾ ਕੁ' ਸਿਆਣਪ ਵੰਡ ਲਈਏ.

ਤੈਸ਼ ਨੂੰ ਤੇ ਪਰੇ ਹੀ ਰੱਖੋ 
ਕਦੇ ਵੀ ਗੁੱਸੇ ਵਿਚ ਜਾਂ ਤੈਸ਼ ਵਿਚ ਆ ਕੇ ਕਿਸੇ ਵੀ ਵਹਾਤਸੱਪ ਦੀ ਪੋਸਟ ਦਾ ਜਵਾਬ ਨਾ ਦਿਓ - ਇਸ ਚੱਕਰ ਚ' ਬਸ ਪਛਤਾਵਾ ਹੀ ਹੱਥ ਲਗਦੈ।
ਵਹਾਤਸੱਪ ਵੀ ਕਮਾਲ ਦੀ ਕਾਢ ਹੈ ਸੱਚੀਂ - ਕਿਸੇ ਗਰੁੱਪ ਚ' ਕੋਈ ਪੋਸਟ ਵੇਖ ਕੇ ਉਸੇ ਵੇਲੇ ਬੰਦਾ ਤੈਸ਼ ਚ' ਆ ਜਾਂਦੈ ਕਿ ਚੱਲੋ ਅਸੀਂ ਵੀ ਆਪਣੀ ਸਿਆਣਪ ਦਾ ਹਿੱਸਾ ਪਾਈਏ - ਪਰ ਉਸੇ ਵੇਲੇ ਇਹ ਧਿਆਨ ਆਉਂਦੈ -
ਕੀ ਜਵਾਬ ਦੇਣਾ ਐਨਾ ਜ਼ਰੂਰੀ ਹੈ ?
ਜਵਾਬ ਦੇ ਕੇ ਮੈਂ ਆਖਿਰ ਕੀ ਸਾਬਤ ਕਰਣਾ ਚਾਹੁੰਦਾ ਹਾਂ?
ਕੀ ਇਹ ਜਵਾਬ ਦੇਣ ਤੋਂ ਬਿਨਾਂ ਸਰੇਗਾ ਨਹੀਂ ?
ਕੀ ਅਟੇੰਸ਼ਨ ਦੀ ਭੁੱਖ ਮੈਥੋਂ ਇਹ ਕੰਮ ਕਰਵਾ ਰਹੀ ਹੈ ?
ਜੇਕਰ ਮੈਨੂੰ ਇਕੱਲੇ ਨੂੰ ਇਹ ਮੈਸਜ ਆਉਂਦਾ ਤਾਂ ਵੀ ਕੀ ਮੈਂ ਇਹੋ ਜਵਾਬ ਦੇਣਾ ਸੀ? 
ਬਸ, ਇਹ ਸਭ ਸੋਚ ਕੇ ਮੈਂ ਆਪਣੇ ਆਪ ਨੂੰ ਠੱਪਿਆ ਹੀ ਰਹਿਣ ਦਿੰਦਾ ਹਾਂ. 

ਤਮਾਸ਼ਬੀਨਾਂ ਦਾ ਮਜਮਾ
ਜੇਕਰ ਕਦੇ ਇਹ ਲੱਗੇ ਕਿ ਵਹਾਤਸੱਪ ਗਰੁੱਪ ਵਿਚ ਕਿਸੇ ਦੀ ਪੋਸਟ ਤੇ ਕੋਈ ਉਲਟਾ-ਸਿੱਧਾ ਲਿਖ ਕੇ ਹੋਰ ਮੇਂਬਰ ਮੇਰੀ ਦਲੇਰੀ ਦੀ ਵਾਹ ਵਾਹ ਕਰਣਗੇ - ਉਸ ਵੇਲੇ ਤਾਂ ਠੱਪੇ ਰਹਿਣ ਚ' ਹੀ ਸਮਝਦਾਰੀ ਹੈ. ਕਿਸੇ ਨੂੰ ਕੁਝ ਫਰਕ ਨਹੀਂ ਪੈਂਦਾ।
ਅਕਸਰਵਹਾਤਸੱਪ ਗਰੁੱਪਾਂ ਵਿਚ ਤਮਾਸ਼ਬੀਨਾਂ ਦਾ ਹੀ ਮਜਮਾ ਲੱਗਿਆ ਵੇਖਿਆ।
ਬਹੁਤ ਵਾਰੀ ਇੰਝ ਖ਼ਿਆਲ ਆਉਂਦੈ ਕਿ ਕਿਸੇ ਪੋਸਟ ਦੇ ਜਵਾਬ ਵਿਚ ਅਜਿਹਾ ਜਵਾਬ ਲਿਖ ਦਿਓ ਜਿਸ ਨਾਲ ਸਾਡੀ ਅਕਲ ਦੀ ਧਾਕ ਪੈ ਜਾਵੇ- ਇਸ ਦਾ ਵੀ ਕੋਈ ਫਾਇਦਾ ਨਹੀਂ ਹੈ. ਵੱਡੇ ਤੋਂ ਵੱਡੇ ਅਕਲਮੰਦ ਵਹਾਤਸੱਪ ਤੇ ਖਿੱਲਰੇ ਪਏ ਹਨ.

ਫੋਕਾਪਨ 
ਵਹਾਤਸੱਪ ਗਰੁੱਪਾਂ ਜਾਂ ਸੋਸ਼ਲ ਮੀਡਿਆ ਦਾ ਫੋਕਾਪਨ ਇਥੋਂ ਪਤਾ ਲੱਗਦਾ ਹੈ ਕਿ ਮਰਣ-ਖਪਨ ਦੇ ਸੁਨੇਹੇ ਵੀ ਗਰੁੱਪਾਂ ਵਿਚ ਪੜ੍ਹ ਕੇ ਅਸੀਂ ਬਸ ਐੱਡੀ ਕੁ' ਉਚੇਚ ਕਰ ਲੈਂਦੇ ਹਾਂ ਕਿ ਕੀਬੋਰਡ ਤੇ ਕੈਪੀਟਲ ਆਨ ਕਰ ਕੇ RIP ਲਿਖ ਕੇ ਨਬੇੜਾ ਕਰ  ਅਗਾਂਹ ਲੰਘ ਜਾਂਦੇ ਹਾਂ. ਜੋ ਮੈਂ ਸਮਝਦਾ ਹਾਂ ਕਿ ਜਾਂ ਤੇ ਉਸੇ ਵੇਲੇ ਫੋਨ ਚੱਕ ਕੇ ਉਸ ਸਾਥੀ ਨਾਲ ਗੱਲ ਕਰੋ, ਨਹੀਂ ਤਾਂ RIP ਲਿਖਣ ਦੀ ਵੀ ਖੇਚਲ ਨਾ ਕਰੋ, ਇਹਨਾਂ ਫ਼ਿਰੰਗੀ ਰਸਮਾਂ ਦਾ ਕੋਈ ਤੁਕ ਨਹੀਂ ਜੇਕਰ ਦੁੱਖ ਚ ਡੁੱਬੇ ਸਾਥੀ ਨਾਲ ਦੁੱਖ ਸੁੱਖ ਹੀ ਨਾ ਸਾਂਝਾ ਕੀਤਾ!!
RIP ਲਿਖਣ ਦਾ ਵੀ ਕੋਈ ਫਾਇਦਾ ਨਹੀਂ - ਕਿੱਡਾ ਬਦਸੂਰਤ ਲੱਗਦੈ ਜਦੋਂ 50-100 ਲੋਕ ਮਸ਼ੀਨ ਵਾਂਗ ਇਹ ਲਿਖ ਕੇ ਭੱਜ ਜਾਂਦੇ ਨੇ, ਵਿਛੜੀ ਰੂਹ ਤਾਂ ਨਿੱਖੜ ਗਈ, ਜੋਤੀ ਜੋਤ ਸਮਾ ਗਈ - ਉਸ ਰੂਹ ਨੂੰ ਸ਼ਾਂਤੀ ਮਿਲਣੀ ਹੈ ਜਾਂ ਭਟਕਣ - ਇਸ ਦਾ ਦਾਰੋਮਦਾਰ ਵਹਾਤਸੱਪ ਦੇ ਪੰਡਾਲ ਚ' ਅਪੜੇ RIP (ਰਿੱਪਾਂ) ਦੇ ਸੁਨੇਹਿਆਂ ਦੀ ਗਿਣਤੀ ਤੇ ਤਾਂ ਹੋਣੋ ਰਿਹਾ!!

ਗਰੁੱਪ ਵਿੱਚ ਗਰੁੱਪ 
ਕੁਝ ਗਰੁੱਪ ਅਜਿਹੇ ਵੀ ਦੇਖੇ, ਜਿਥੇ ਇਕ ਗਰੁੱਪ ਦੇ ਅੰਦਰ ਹੋਰ ਗਰੁੱਪ ਬਣੇ ਹੁੰਦੇ ਹਨ- ਕੁਝ ਲੋਕਾਂ ਦੀ ਪੋਸਟਾਂ ਤੇ ਤਾਂ ਜਵਾਬ ਦੇਣਾ ਹੈ, ਕੁਝ ਤੇ ਚੁੱਪ ਵੱਟੀ ਰੱਖਣੀ ਹੈ - ਕੁਝ ਨੂੰ ਹਮੇਸ਼ਾ ਨਜ਼ਰਅੰਦਾਜ਼ ਹੀ ਕੀਤਾ ਜਾਂਦਾ ਹੈ ਤੇ ਕੁਝ ਨੂੰ ਖਜੂਰ ਦੇ ਦਰੱਖਤ ਤੋਂ ਥੱਲੇ ਉਤਾਰਿਆ ਹੀ ਨਹੀਂ ਜਾਂਦਾ।

ਕੁਝ ਗਰੁੱਪ ਦਿਲ ਦੇ ਨੇੜੇ ਹੁੰਦੇ ਹਨ 
ਜਿਹੜੇ ਗਰੁੱਪ ਸਾਡੇ ਦਿਲ ਦੇ ਨੇੜੇ ਹੁੰਦੇ ਹਨ, ਓਥੇ ਅਸੀਂ ਬੜੇ ਖੁਲ ਕੇ ਗੱਲ ਬਾਤ ਕਰਦੇ ਹਾਂ. ਜਿਵੇਂ ਮੈਨੂੰ ਮੇਰੇ ਸਕੂਲ ਵਾਲਾ ਗਰੁੱਪ ਬੜਾ ਚੰਗਾ ਲਗਦੈ। ਓਥੇ ਜਾਂਦਿਆਂ ਹੀ ਇੰਝ ਲੱਗਦੈ ਜਿਵੇਂ 1972-73 ਵਾਲੇ ਜਮਾਨੇ ਵਾਲੇ ਨਿਆਣੇ ਇਕੱਠੇ ਹੋਏ ਹਨ.

ਸਤਿਸੰਗ ਵਾਲੇ ਗਰੁੱਪ 
ਇਕ ਮੈਨੂੰ ਇਹ ਸਤਿਸੰਗ ਟਾਈਪ ਦੇ ਵਹਾਤਸੱਪ ਗਰੁੱਪਾਂ ਤੋਂ ਬੜੀ ਚਿੜ ਹੈ- ਗੱਲ ਗੱਲ ਤੇ ਇਕ ਦੂਜੇ ਨੂੰ ਟੋਕਦੇ ਰਹਿੰਦੇ ਨੇ ਕਿ ਇਹ ਗੱਲ ਸਤਿਸੰਗ ਦੀ ਸਿਖਲਾਈ ਦੇ ਮੁਤਾਬਿਕ ਠੀਕ ਨਹੀਂ। ਜੀਉਣ ਦਿਓ ਯਾਰ ਹਰ ਇੱਕ ਨੂੰ ਆਪਣੇ ਹਿੱਸੇ ਦੀ ਜ਼ਿੰਦਗੀ ਆਪਣੇ ਚੰਗੇ ਮੰਦੇ ਹਿਸਾਬ ਨਾਲ - ਅਸੀਂ ਇਹ ਹਿਸਾਬ ਕਰਣ ਵਾਲੇ ਹੁੰਦੇ ਹੀ ਕੌਣ ਹਾਂ !! - ਇਹਨਾਂ ਗਰੁਪਾਂ ਵਿਚ ਐਵੇਂ ਹੀ ਬੰਦਾ ਬੰਦਾ ਖਾਮਖਾਂ ਆਪਣੇ ਆਪ ਨੂੰ ਵੱਡਾ ਭਗਤ ਸਿੱਧ ਕਰਨ ਲੱਗਾ ਹੁੰਦੈ। ਅਜਿਹੇ ਗਰੁੱਪਾਂ ਵਿਚ ਵੀ ਮੈਂ ਬਿਲਕੁਲ ਹਿੱਸਾ ਨਹੀਂ ਲੈਂਦਾ - ਮੇਰੇ ਪੱਲੇ ਅਜਿਹਾ ਕੁਝ ਹੈ ਵੀ ਤਾਂ ਨਹੀਂ, ਕਿਓੰ ਚੰਗੇ ਭਲੇ ਲੋਕਾਂ ਦਾ ਸਿਰ ਦੁਖਾਇਆ ਜਾਵੇ। ਹੁਣ ਤੇ ਮੈਂ ਜ਼ਿਆਦਾ ਗੂੜ ਗਿਆਨ ਵਾਲੇ ਮੈਸੇਜ ਪੜਦਾ ਹੀ ਨਹੀਂ, ਜੋ ਹੋਣਾ ਹੈ ਉਹ ਅਟੱਲ ਹੈ, ਐਵੇਂ ਹੀ ਭੋਲੇ ਭਾਲੇ ਲੋਕ ਗਧੇ-ਗੇੜ ਚ' ਫੱਸੇ ਰਹਿੰਦੇ ਹਨ.

ਮਰੀਜ ਵੀ ਜਦੋਂ ਡਾਕਟਰ ਨਾਲ ਵਹਾਤਸੱਪ ਤੇ ਹੀ ਜੁੜ ਜਾਂਦੇ ਹਨ 
ਮਰੀਜਾਂ ਕੋਲ ਵੀ ਅੱਜ ਡਾਕਟਰਾਂ ਦੇ ਵਹਾਤਸੱਪ ਨੰਬਰ ਤਾਂ ਹੁੰਦੇ ਹੀ ਹਨ, ਚਲੋ ਜੀ ਉਹ ਕਹਿ ਦਿੰਦੇ ਹਨ ਕਿ ਦਵਾਈਆਂ ਦਾ ਨਾਂਅ ਲਿਖ ਕੇ ਭੇਜ ਦਿਓ, ਐਕਸ-ਰੇ ਦੀ ਫੋਟੋ ਖਿੱਚ ਕੇ ਭੇਜ ਦਿੰਦੇ ਹਨ, ਚਲੋ ਇੱਥੇ ਤੱਕ ਵੀ ਡਾਕਟਰ ਝੱਲ ਲੈਂਦੇ ਨੇ, ਫੇਰ ਮਰੀਜ ਡਾਕਟਰ ਨਾਲ ਹੋਰ ਵੀ ਖੁੱਲਣ ਦੀ ਕੋਸ਼ਿਸ਼ ਕਰਦੇ ਨੇ ਵਹਾਤਸੱਪ ਦੇ ਰਾਹੀਂ, ਡਾਕਟਰਾਂ ਕੋਲੇ ਇੰਨੀ ਸਿਰ-ਖਪਾਈ ਦੀ ਕਿਥੇ ਫੁਰਸਤ - ਹੱਡੀਆਂ ਦਾ ਇਕ ਡਾਕਟਰ ਕਲ ਦਸ ਰਿਹਾ ਸੀ ਕਿ ਇਸਦੇ ਮਰੀਜ ਉਸ ਨੂੰ ਗੋਡਿਆਂ ਦੀਆਂ ਦਰਦਾਂ ਦੇ ਦੇਸੀ ਇਲਾਜ ਤੇ ਟੋਟਕੇ ਭੇਜਦੇ ਨੇ ਤੇ ਫੇਰ ਅਗਲੀ ਵਾਰ ਪੁੱਛਦੇ ਹਨ ਕਿ ਡਾਕਟਰ ਸਾਬ ਇਸ ਇਲਾਜ ਬਾਰੇ ਤੁਹਾਡਾ ਕੀ ਖਿਆਲ ਹੈ - ਮੁਕਦੀ ਗੱਲ ਇਹ ਹੈ ਕਿ ਹਮੇਸ਼ਾ ਹਰ ਇਨਸਾਨ ਨੂੰ ਆਪਣੀ ਹੱਦ ਵਿਚ ਰਹਿਣਾ ਬੜਾ ਜ਼ਰੂਰੀ ਹੈ - ਵਹਾਤਸੱਪ ਤੇ ਜੁੜਣ ਤੇ ਵੀ ਉਹ ਹੱਦਾਂ ਕਾਇਮ ਹੀ ਰੱਖਣੀਆਂ ਜ਼ਰੂਰੀ ਹਨ.

ਹੱਡ ਵਾਪਰੀਆਂ ਗੱਲਾਂ  
ਮਜ਼ਾ ਤਾਂ ਓਹੀ ਹੈ ਕਿ ਜਿਹੜੀ ਸਾਡੀ ਆਪਣੀ ਹੱਡ ਬੀਤੀ ਹੈ ਜਾਂ ਜੋ ਸਾਡਾ ਕਿੱਤਾ ਹੈ ਉਸ ਦਾ ਜੋ ਗਿਆਨ ਹੈ, ਅਸੀਂ ਉਸ ਨੂੰ ਵੀ  ਵੰਡੀਏ - ਅਸੀਂ ਅਕਸਰ ਉਸ ਬਾਰੇ ਤਾਂ ਗੱਲ ਕਰਦੇ ਨਹੀਂ ਕਿ ਇਹ ਤਾਂ ਟ੍ਰੇਡ- ਸਿਕ੍ਰੇਟ ਹਨ, ਬਸ ਐਵੇਂ ਹੀ ਫੋਰਵਾਰਡੇਡ ਸੁਨੇਹਿਆਂ ਦੀਆਂ ਯਬਲੀਆਂ ਅਗਾਂਹ ਤੋਂ ਅਗਾਂਹ ਧੱਕਦੇ ਜਾਂਦੇ ਹਾਂ - ਉਹ ਵੀ ਅੰਨੇਵਾਹ!!

ਛੱਜ ਤੇ ਛਨਣੀ ਦੋਵੇਂ ਚਾਹੀਦੇ ਹਨ 
ਵਹਾਤਸੱਪ ਦੇ ਕੰਟੇੰਟ ਨੂੰ ਛਕਣ ਲੱਗਿਆਂ ਇਕ ਛੱਜ ਤੇ ਇਕ ਛਨਣੀ ਦਿਲ ਵਿਚ ਰੱਖਣੀ ਵੀ ਲਾਜ਼ਮੀ ਹੈ । ਬਹੁਤ ਸਾਰਾ ਕੰਟੇੰਟ ਤਾਂ ਛੱਜ ਹੀ ਬੁੜਕਾ ਦਉ - ਬਾਕੀ ਰਹਿੰਦੀ ਸਹਿੰਦੀ ਕਸਰ ਛਾਨਣੀ ਪੂਰੀ ਕਰ ਦਉ - ਬਸ ਜੋ ਬਾਕੀ ਬਚ ਜਾਵੇ ਉਹਨਾਂ ਮੋਤੀਆਂ ਨੂੰ ਚੁਣ ਲਵੋ.

ਚੰਗੇ ਮੰਦੇ ਕੰਮਾਂ ਦਾ ਵੀ ਅੱਡਾ ਬਣਿਆ ਵਹਾਤਸੱਪ 
ਵਹਾਤਸੱਪ ਦੇ ਰਾਹੀਂ ਲੋਕ ਛੋਟੇ ਮੋਟੇ ਕੰਮ ਧੰਦੇ ਕਰਦੇ ਹਨ, ਚੰਗੀ ਗੱਲ ਹੈ ਕਿ ਇਹ ਰੋਜ਼ਗਾਰ ਦਾ ਵੀ ਇਕ ਜ਼ਰੀਆ ਬਣਿਆ ਹੋਇਆ ਹੈ. ਪਰ ਪੁੱਠੇ ਕੰਮ ਕਰਨ ਵਾਲੇ ਵੀ ਬਾਜ ਨਹੀਂ ਆਉਂਦੇ। ਪਿਛਲੇ ਹਫਤੇ ਇਕ ਖ਼ਬਰ ਦਿਖੀ ਕਿ ਬੰਬਈ ਦੇ ਸਕੂਲ ਕਾਲਜਾਂ ਦੇ ਮੁੰਡਿਆਂ ਦੇ ਅਜਿਹੇ ਵਹਾਤਸੱਪ ਗਰੁੱਪ ਹਨ ਜਿਥੋਂ ਓਹਨਾ ਦੀਆਂ ਨਸ਼ਿਆਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ, ਓਹਨਾ ਨੂੰ ਮੌਤ ਦੇ ਵਪਾਰੀ ਦੀ ਲੋਕੇਸ਼ਨ ਵਹਾਤਸੱਪ ਤੇ ਭੇਜ ਦਿੱਤੀ ਜਾਂਦੀ ਹੈ ਜਿੱਥੇ ਪਹੁੰਚ ਕੇ ਉਹ ਇਹ ਨਸ਼ੇ ਰੂਪੀ ਜ਼ਹਿਰ ਨੂੰ  ਖਰੀਦ ਲੈਂਦੇ ਹਨ.

ਕਿੰਨੀਆਂ ਗੱਲਾਂ ਕਰੀਏ ਵਹਾਤਸੱਪ ਦੀਆਂ - ਹੈ ਤਾਂ ਇਹ ਬਹੁਤ ਹੀ ਤਗੜੀ ਚੀਜ਼ - ਓਹੀ ਗੱਲ ਹੈ ਕਿ ਚਾਕੂ ਨਾਲ ਭਾਵੇਂ ਸਬਜ਼ੀ ਚੀਰ ਲਵੋ ਤੇ ਭਾਵੇਂ ਕਿਸੇ ਨੂੰ ਫੱਟੜ ਕਰ ਕੇ ਕੋਈ ਛਿੱਤਰ ਖਾ ਲਵੇ. ਜੇਕਰ ਤਕਨੀਕ ਦਾ ਸੋਚ ਸਮਝ ਕੇ ਇਸਤੇਮਾਲ ਕੀਤਾ ਜਾਵੇ ਤਾਂ ਇਹ ਬਹੁਤ ਵਧੀਆ ਹੈ - ਤੇ ਜੇਕਰ ਬਸ ਆਪਣੀ ਸਿਆਣਪ ਤੇ ਦੂਜੇ ਨੂੰ ਨੀਵਾਂ ਦਿਖਾਉਣ ਲਈ ਹੀ, ਆਪਣੀ ਸਿਫਤਾਂ ਕਰਨ ਤੇ ਕਰਵਾਉਣ ਲਈ ਹੀ ਜੇਕਰ ਹਰ ਵੇਲੇ ਵਹਾਤਸੱਪ ਦੇ ਚੁਬਾਰੇ ਤੇ ਹਰ ਵੇਲੇ ਟੰਗੇ ਰਿਹਾ ਜਾਵੇ ਤਾਂ ਕੋਈ ਫਾਇਦਾ ਨਹੀਂ - ਲੋਕਾਂ ਨੂੰ ਕਿਸੇ ਦੇ ਸੁਹੱਪਣ, ਕਿਸੇ ਦੀ ਹਵੇਲੀ , ਉਸ ਦੇ ਡਿਜ਼ਾਈਨਰ ਕੱਪੜੇ ਤੇ ਉਸਦੀ ਆਡੀ ਤੇ ਫਿਜ਼ੂਲ ਦੀ ਵਾਧੂ ਸਿਆਣਪ ਨਾਲ ਕੁਝ ਵੀ ਫਰਕ ਨਹੀਂ ਪੈਂਦਾ !!

ਗੁਡ-ਮੋਰਨਿੰਗ, ਨਾਈਟ, ਬਰ੍ਥਡੇ ਸੁਨੇਹੇ 
ਵਹਾਤਸੱਪ ਨੂੰ ਇਕ ਤਾਂ ਇਹ ਸੁਨੇਹਿਆਂ ਨੇ ਦਬੂੜ ਕੀਤਾ ਹੋਇਆ ਹੈ. ਕਿਸੇ ਨੂੰ ਜੇਕਰ ਕੋਈ ਮੁਬਾਰਕਾਂ ਦੇਣੀਆਂ ਵੀ ਹਨ ਤਾਂ ਉਸਨੇ ਵੱਖਰਾ ਸੁਨੇਹਾ ਭੇਜ ਦਿਓ - ਪਰ ਨਹੀਂ, ਹੁੰਦਾ ਇੰਝ ਹੈ ਕਿ ਗਰੁੱਪ ਵਿਚ ਕੋਈ ਇਕ ਸੁਨੇਹਾ ਸ਼ੁਰੂ ਕਰਦਾ ਹੈ ਤੇ ਫੇਰ ਸਾਰਾ ਦਿਨ ਇਕ ਸਿਰ- ਦੁਖਾਊ ਲਾਈਨ ਲੱਗ ਜਾਂਦੀ ਹੈ ਵਧਾਈਆਂ ਦੇਣ ਵਾਲਿਆਂ ਦੀ - ਇਹ ਸਭ ਵੀ ਗਰੁੱਪਾਂ ਵਿਚ ਬਦੋਬਦੀ ਦੀ ਇਕ ਵੱਡੀ ਸਿਰਦਰਦੀ ਹੈ - ਇਸ ਤੋਂ ਬਾਅਦ ਜਾਂ ਵਿਚ ਵਿਚਾਲੇ ਵੀ "ਬਰਥ-ਡੇ ਬਾਵੇ" ਨੂੰ ਇੰਨੀ ਹੀ ਵਾਰੀ ਬੰਦੇ ਬੰਦੇ ਦਾ ਸ਼ੁਕਰੀਆ ਕਰਨਾ ਪੈਂਦਾ ਹੈ.

ਕਈ ਗਰੁੱਪਾਂ ਚ' ਬੜੀ ਸਖਤੀ ਹੈ 
ਮੈਂ ਇਕ ਦੋ ਅਜਿਹੇ ਗਰੁੱਪਾਂ ਦਾ ਮੇਮ੍ਬਰ ਹਾਂ ਜਿਥੇ ਗੁਡ-ਮੋਰਨਿੰਗ, ਨਾਈਟ, ਬਰ੍ਥਡੇ ਸੁਨੇਹੇ ਨਹੀਂ ਭੇਜੇ ਜਾ ਸਕਦੇ - ਤੇ ਨਾ ਹੀ ਕੋਈ ਧਾਰਮਿਕ ਜਾਂ ਰਾਜਨੀਤਿਕ ਪੋਸਟ ਹੀ ਸਾਂਝੀ ਕਰ ਸਕਦਾ ਹੈ. ਠੀਕ ਹੈ - ਮੈਨੂੰ ਇਹ ਆਇਡਿਆ ਬੜਾ ਚੰਗਾ ਲੱਗਦਾ ਹੈ ਕਿਓਂਕਿ ਰਾਜਨੀਤੀ ਤੇ ਧਰਮ ਅਜਿਹੇ ਟੌਪਿਕ ਹਨ ਜਿਥੇ ਪਹੁੰਚ ਕੇ ਵੱਡੇ ਵੱਡੇ ਸਿਆਣੇ-ਬਿਆਣੇ ਲੋਕ ਵੀ ਲਫ਼ਜ਼ਾਂ ਦੇ ਅਖਾੜੇ ਵਿਚ ਗੁਥੱਮ-ਗੁਥਾ ਹੁੰਦੇ ਦਿਸ ਜਾਂਦੇ ਹਨ - ਇਸ ਕਰਕੇ ਆਪਣੇ ਮਨ ਦੀ ਸ਼ਾਂਤੀ ਲਈ ਵੀ ਅਜਿਹੇ ਚੱਕਰਾਂ ਤੋਂ ਇਕ ਪਾਸੇ ਹੀ ਰਹਿਣਾ ਹੀ ਠੀਕ ਲੱਗਦਾ ਹੈ - ਵੈਸੇ ਵੀ ਕਿਸੇ ਦਾ ਵੀ ਧਰਮ ਉਸਦਾ ਬੜਾ ਜਾਤੀ (ਪਰਸਨਲ) ਮਾਮਲਾ ਹੈ - ਸਾਰੇ ਧਰਮ ਹੀ ਵਧੀਆ ਹਨ, ਕੋਈ ਕਿਸੇ ਕੋਲੋਂ ਘੱਟ ਨਹੀਂ - ਸਭ ਦਾ ਸੁਨੇਹਾ ਤਾਂ ਇੱਕੋ ਹੀ ਹੈ - ਵੰਡੀਆਂ ਸਾਰੀਆਂ ਸਾਡੀਆਂ ਤੇ ਸਾਡੇ ਆਗੂਆਂ ਦੀਆਂ ਹੀ ਪਾਈਆਂ ਧਰੀਆਂ ਹੋਈਆਂ ਹਨ.

ਇਹ ਗਰੁੱਪ  ਜਿਥੇ ਮੇਮ੍ਬਰਸ ਦੇ ਮੂੰਹ ਤੇ ਪੱਟੀ ਲੱਗੀ ਹੈ 
ਜਿਥੇ ਮੈਂ ਪਹਿਲਾਂ ਰਹਿੰਦਾ ਸੀ,  ਓਥੇ ਦੇ ਸਕੱਤਰ ਨੇ ਇਕ ਗਰੁੱਪ ਬਣਾਇਆ ਹੋਇਆ ਸੀ  - ਸਾਰੇ ਕਿਰਾਏਦਾਰ ਉਸ ਵਿਚ ਟੁੰਗੇ ਹੋਏ ਸੀ, ਬੜਾ ਹੀ ਵੇਹਲਾ ਜਾਪਦਾ ਸੀ ਉਹ ਬੰਦਾ, ਚਿੱਠੀਆਂ ਤੇ ਚਿੱਠੀਆਂ ਟਾਈਪ ਕਰ ਕਰ ਕੇ ਪਾਉਂਦਾ ਰਹਿੰਦਾ ਸੀ, ਇਸ ਸੜਕ ਤੋਂ ਸੱਪ ਨਿਕਲਿਆ ਅੱਜ, ਤੇ ਓਥੇ ਕਿਸੇ ਨੇ ਆਪਣਾ ਪੁਰਾਣਾ ਸਕੂਟਰ ਪਾਰਕ ਕੀਤਾ ਹੈ --- ਕਦੇ ਕਦੇ ਇਸ ਦੀ ਕਿਸੇ ਪੋਸਟ ਦਾ ਜਵਾਬ ਦੇਣ ਦਾ ਦਿਲ ਵੀ ਕਰਦਾ -- ਇਕ ਦਿਨ ਜਦੋਂ ਜਵਾਬ ਦੇਣਾ ਚਾਹਿਆ ਤਾਂ ਪਤਾ ਲੱਗਾ ਕਿ ਉਸ ਗਰੁੱਪ ਵਿਚ ਸਿਰਫ ਓਹੀ ਸੁਨੇਹੇ ਭੇਜ ਸਕਦਾ ਹੈ - ਹੋਰ ਕੋਈ ਨਹੀਂ! ਬੜਾ ਅਜੀਬ ਲੱਗਾ - ਇੰਝ ਲੱਗਾ ਜਿਵੇਂ ਸਾਰਿਆਂ ਮੇਮ੍ਬਰਾਂ ਦੇ ਮੂੰਹ ਤੇ ਪੱਟੀ ਬਣ ਦਿੱਤੀ ਹੋਵੇ ਉਸ ਸਕੱਤਰ ਨੇ. ਅਜਿਹੀਆਂ ਹਰਕਤਾਂ ਵੀ ਤਾਂ ਨਹੀਂ ਚਲਦੀਆਂ - ਓਹ ਕਾਹਦਾ ਸੰਵਾਦ ਜਿਥੇ ਇਕ ਹੀ ਬੋਲੇ ਤੇ ਬਾਕੀ ਸਾਰੇ ਗੁੰਨ-ਵੱਟਾ ਹੋ ਕੇ ਪਏ ਰਹਿਣ !!

ਮੇਰੇ ਖਿਆਲ ਚ' ਅੱਜ ਲਈ ਤੇ ਐਨਾ ਹੀ ਕਾਫੀ ਹੈ - ਬਾਕੀ ਦੀ ਗੱਪ-ਸ਼ੱਪ ਫੇਰ ਕਦੇ!!
ਡਾ ਪ੍ਰਵੀਨ ਚੋਪੜਾ

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...