Thursday, 24 October 2019

ਖੱਸੀ ਕੋਈ ਹੋ ਹੀ ਨਹੀਂ ਜਾਂਦਾ, ਕੀਤਾ ਵੀ ਜਾਂਦੈ!

"ਖੱਸੀ" ਲਫ਼ਜ਼ ਵੀ ਇਕ ਅਜਿਹਾ ਲਫ਼ਜ਼ ਹੈ ਜਿਸ ਨੇ ਪੰਜਾਬੀ ਬੰਦਿਆਂ ਨੂੰ ਵਾਧੂ ਹਸਾਇਆ - ਜਦੋਂ ਵੀ ਪੰਜਾਬੀ ਜਾਣਨ ਵਾਲੇ ਯਾਰ ਦੋਸਤ ਮਿਲਦੇ ਨੇ, ਖੁੱਲੀਆਂ ਗੱਲਾਂ ਬਾਤਾਂ ਕਰਦੇ ਨੇ ਤਾਂ ਗੱਲਬਾਤ ਵਿੱਚ ਜਦੋਂ ਵੀ ਇਹ ਖੱਸੀ ਲਫ਼ਜ਼ ਆ ਜਾਂਦੈ ਤਾਂ ਬੜੇ ਠਹਾਕੇ ਲੱਗਦੇ ਨੇ , ਮਾਹੌਲ ਐਡਾ ਖੁਸ਼ਗਵਾਰ ਹੋ ਜਾਂਦੈ! - ਪਰ ਇਹ ਮੈਂ ਸਾਰੀਆਂ ਗੱਲਾਂ ਪੰਜਾਬੀ ਵਿੱਚ ਹੀ ਤਾਂ ਲਿਖ ਰਿਹਾਂ - ਪੜਣ ਵਾਲੇ ਵੀ ਤਾਂ ਸਭ ਕੁਝ ਜਾਣਦੇ ਹੀ ਨੇ ...

ਅੱਛਾ, ਭਲਾ ਯਾਰਾਂ ਦੋਸਤਾਂ ਦੀਆਂ ਗੱਲਾਂ ਵਿਚ ਇਹ "ਖੱਸੀ" ਲਫ਼ਜ਼ ਆ ਕਿਥੋਂ ਜਾਂਦੈ! ਗੱਲ ਇੰਝ ਹੈ ਜਦੋਂ ਬਚਪਨ ਦੇ ਯਾਰ ਦੋਸਤ ਮਿਲਦੇ ਨੇ, ਤਾਂ ਓਹ ਰਲਮਿਲ ਕੇ ਜਿਹੜੀਆਂ ਰੌਣਕਾਂ ਲਾਉਂਦੇ ਨੇ, ਉਸ ਵਿੱਚ "ਖੱਸੀ" ਤੇ ਕੁਝ ਵੀ ਨਹੀਂ ਜਨਾਬ, ਹੋਰ ਬਹੁਤ ਕੁਝ ਵੀ ਆ ਹੀ ਜਾਂਦੈ!  ਗੱਲ ਇੰਝ ਹੁੰਦੀ ਹੈ ਜਦੋਂ ਕੋਈ ਕਹਿ ਦਿੰਦਾ ਹੈ ਕਿ ਯਾਰ, ਫਲਾਣਾ ਫਲਾਣਾ ਵੀ ਯਾਰ ਬਿਲਕੁਲ ਖੱਸੀ ਹੋ ਚੁੱਕਿਆ ਹੈ - ਜਾਂ ਇੰਝ ਵੀ ਕਹਿ ਦਿੰਦੇ ਨੇ ਕਿ ਉਹ ਤੇ ਖੱਸੀ ਹੋ ਗਿਆ ਜਾਪਦੈ - ਬਸ ਐਂਨੀਂ ਗੱਲ ਹੋਈ ਨਹੀਂ ਕਿ ਸਾਰਿਆਂ ਦਾ ਹਾਸਾ ਰੋਕਿਆਂ ਨਹੀਂ ਰੁਕਦਾ!!

ਦਰਅਸਲ ਇਹ ਇਕ ਅਜਿਹਾ ਲਫ਼ਜ਼ ਹੈ ਜਿਹੜਾ ਅਸੀਂ ਯਾਰਾਂ ਦੋਸਤਾਂ ਨਾਲ ਗੱਲਬਾਤ ਵੇਲੇ ਹੀ ਵਰਤਦੇ ਹਾਂ - ਮੈਨੂੰ ਯਾਦ ਆ ਰਿਹੈ ਕਿ ਬੜੇ ਸਾਲ ਹੋ ਗਏ , ਜਦੋਂ ਪਹਿਲੀ ਪਹਿਲੀ ਵਾਰ ਮੈਂ ਇਹ ਸ਼ਬਦ ਸੁਣਿਆ ਤਾਂ ਸ਼ਾਇਦ ਇਸ ਨੂੰ ਕਿਸੇ ਘੋੜੇ ਲਈ ਇਸਤੇਮਾਲ ਕਰਦੇ ਹੀ ਸੁਣਿਆ ਸੀ,  ਜਦੋਂ ਅਸੀਂ ਕਿਸੇ ਥੱਕੇ-ਹਾਰੇ ਘੋੜੇ ਬਾਰੇ ਕੁਝ ਗੱਲ ਕਰਣੀ ਹੁੰਦੀ ਤੇ ਆਪਾਂ ਇੰਝ ਕਹਿ ਦਿੰਦੇ ਦੀ ਇਹ ਘੋੜਾ ਤੇ ਬਿਲਕੁਲ ਖੱਸੀ ਹੋ ਚੁਕਿਆ ਜਾਪਦੈ.

ਖੱਸੀ ਤੋਂ ਅਸੀਂ ਇਹੋ ਮਤਲਬ ਲਈਦਾ ਸੀ ਕਿ ਬੰਦਾ ਹੋਵੇ ਜਾਂ ਘੋੜਾ ਜਦੋਂ ਜ਼ਿੰਦਗੀ ਉਸ ਨੂੰ ਬਹੁਤਾ ਹੀ ਥਕਾ ਮਾਰਦੀ ਹੈ ਤੇ ਉਹ ਖੱਸੀ ਹੋ ਜਾਂਦੈ - ਇਕ ਕਿਸਮ ਨਾਲ ਇਹ ਇੱਕ ਹਲਕਾ ਫੁਲਕਾ ਮਜ਼ਾਕ ਵੀ ਹੁੰਦਾ ਸੀ - ਪਰ ਪਹਿਲਾਂ ਬੜੇ ਸਾਲਾਂ ਤਕ ਮੈਨੂੰ ਇਹੋ ਪਤਾ ਸੀ ਕਿ ਘੋੜਾ ਹੋਵੇ ਤੇ ਭਾਵੇਂ ਹੋਵੇ ਬੰਦਾ, ਉਹ ਖੱਸੀ ਹੋ ਜਾਂਦੇ ਨੇ - ਇਹ ਨਹੀਂ ਸੀ ਪਤਾ ਕਿ ਕਦੇ ਕਦੇ ਖੱਸੀ ਕੀਤਾ ਵੀ ਜਾਂਦੈ !!

ਫੇਰ ਜਦੋਂ ਥੋੜੇ ਵੱਡੇ ਹੋਏ ਤਾਂ ਸਮਝੀ ਆਇਆ ਕਿ ਜਦੋਂ ਅਵਾਰਾ ਕੁੱਤੇ ਕਿਤੇ ਬਹੁਤੇ ਹੋ ਜਾਣ ਜਾਂ ਕਿਸੇ ਇਲਾਕੇ ਵਿਚ ਜ਼ਿਆਦਾ ਬਾਂਦਰ ਹੋ ਜਾਣ ਤਾਂ ਉਹਨਾਂ ਨੂੰ ਕੋਈ ਟੀਕਾ ਦੇ ਕੇ ਜਾਂ ਛੋਟੇ ਜਿਹੇ ਆਪਰੇਸ਼ਨ ਨਾਲ ਉਹਨਾਂ ਦੀ ਨਸਬੰਦੀ ਕਰ ਦਿੱਤੀ ਜਾਂਦੀ ਹੈ - ਇਸ ਨੂੰ ਇਹ ਵੀ ਕਿਹਾ ਜਾਂਦਾ ਕਿ ਅਵਾਰਾ ਜਾਨਵਰਾਂ ਨੂੰ ਖੱਸੀ ਕਰ ਦਿੱਤਾ ਗਿਆ!! ਵੈਸੇ ਇਹ ਗੱਲ ਮੈਂ ਖੁੱਲੇ ਘੁੰਮ ਰਹੇ ਝੋਟਿਆਂ ਬਾਰੇ ਵੀ ਸੁਣੀ ਹੈ - ਸੱਚੀ ਗੱਲ ਦੱਸਾਂ ਕਿ ਮੈਂ ਹਮੇਸ਼ਾ ਸ਼ਹਿਰਾਂ ਵਿੱਚ ਹੀ ਰਿਹਾ, ਇਸ ਲਈ ਇਹ ਸਭ ਮੈਂ ਆਪਣੀ ਅੱਖੀਂ ਦੇਖਿਆ ਨਹੀਂ ਦੋਸਤੋ, ਵੈਸੇ ਮੈਨੂੰ ਇਸ ਗੱਲ ਦਾ ਬੜਾ ਮਲਾਲ ਹੈ ਕਿ ਮੈਨੂੰ ਕਦੇ ਪਿੰਡਾਂ ਵਿਚ ਰਹਿਣ ਦਾ ਮੌਕਾ ਨਹੀਂ ਮਿਲਿਆ - ਸ਼ਾਇਦ ਮੈਂ ਪੇਂਡੂ ਜ਼ਿੰਦਗੀ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦਾ! - ਮੈਂ 26 ਸਾਲ ਅੰਮ੍ਰਿਤਸਰ ਸ਼ਹਿਰ ਵਿੱਚ ਰਿਹਾ, 6-7 ਸਾਲ ਫਿਰੋਜ਼ਪੁਰ ਰਿਹਾ - ਬਾਕੀ ਦਾ ਸਮਾਂ ਪੰਜਾਬ ਦੇ ਬਾਹਰ ਰਹਿ ਕੇ ਘਾਟ ਘਾਟ ਦਾ ਪਾਣੀ ਪੀ ਰਿਹਾ ਹਾਂ !!

ਹੁਣੇ ਮੈਨੂੰ ਲਿਖਦੇ ਲਿਖਦੇ ਖਿਆਲ ਆ ਰਿਹਾ ਹੈ ਕਿ ਪੰਜਾਬੀਆਂ ਦੀਆਂ ਗੱਲਾਂ ਬੜੀਆਂ ਮਜ਼ੇਦਾਰ ਹੁੰਦੀਆਂ ਨੇ - ਇਹ ਕਿਸੇ ਨੂੰ ਬੋਰ ਨਹੀੰ ਹੋਣ ਦਿੰਦੇ - ਆਪ ਵੀ ਹੱਸਦੇ ਰਹਿੰਦੇ ਨੇ ਤੇ ਦੂਜਿਆਂ ਨੂੰ ਵੀ ਹੱਸਣ ਤੇ ਮਜ਼ਬੂਰ ਕਰਦੇ ਨੇ. ਇਸ ਕੰਮ ਵਿੱਚ ਪੰਜਾਬੀ ਦੇ ਕੁਝ ਲਫ਼ਜ਼ ਬੜੇ ਕੰਮ ਆਉਂਦੇ ਨੇ ਜਿਵੇਂ ਕਿ - ਖੱਸੀ, ਸਰਕਾਰੀ ਸਾਂਡ, ਗਵਾਚੀ ਗਾਂ....ਹੋਰ ਵੀ ਬੜੇ ਲਫ਼ਜ਼ ਤਾਂ ਹਨ, ਪਰ ਇੱਥੇ ਲਿਖਣ ਵਾਲੇ ਨਹੀਂ!! ਪਰ ਮਜ਼ੇ ਦੀ ਗੱਲ ਹੈ ਕਿ ਅਜਿਹੇ ਕੁਝ ਲਫ਼ਜ਼ ਮੇਰੀ ਪੰਜਾਬੀ ਦੀ ਡਿਕਸ਼ਨਰੀ ਵਿੱਚ ਵੀ ਦਰਜ ਹਨ!!

ਗੱਲ ਦਾ ਰੁਖ ਬਦਲਣਾ ਪਉ, ਮੇਰੀ ਸੂਈ ਤੇ ਖੱਸੀ ਤੇ ਹੀ ਅਟਕ ਗਈ ਜਾਪਦੀ ਏ, ਦਰਅਸਲ ਹੋਇਆ ਇਹ ਕਿ ਕੁਝ ਦਿਨ ਪਹਿਲਾਂ ਮੈਂ ਹੱਡੀਆਂ ਕਮਜ਼ੋਰ ਹੋਣ ਉੱਤੇ- ਜਿਸ ਨੂੰ ਓਸਟੀਓਪੋਰੋਸਿਸ ਕਹਿੰਦੇ ਹਨ - ਇਕ ਲੈਕਚਰ ਸੁਣ ਰਿਹਾ ਸੀ - ਉਸ ਦਿਨ ਓਸਟੀਓਪੋਰੋਸਿਸ ਦਿਨ ਸੀ. ਇਕ ਤੇ ਹੁਣ ਦਿਨ-ਦਿਹਾੜੇ ਬੜੇ ਵੱਧ ਗਏ ਨੇ ਹੁਣ, ਪੁਰਾਣੇ ਸਮਿਆਂ ਵਿਚ ਹੋਲੀ, ਦੀਵਾਲੀ, ਵੈਸਾਖੀ,  ਦੁਸਹਿਰਾ ਹੁੰਦਾ ਸੀ - ਹੁਣ ਤੇ ਹਰ ਰੋਜ਼ ਕੋਈ ਨਾ ਕੋਈ ਦਿਹਾੜਾ ਹੁੰਦੈ !! ਫੇਰ ਵੀ ਲੋਕ ਕਿਤੇ ਸੁਣਦੇ ਥੋੜਾ ਨੇ!!

ਅੱਛਾ ਜੀ ਇਸ ਦਿਨ ਮੈਂ ਲੈਕਚਰ ਚ' ਸੁਣਿਆ ਕਿ ਵਿਟਾਮਿਨ ਡੀ ਦੀ ਕਮੀ ਬੰਗਾਲੀਆਂ ਵਿੱਚ ਬਹੁਤ ਘੱਟ ਹੁੰਦੀ ਹੈ ਕਿਓਂਕਿ ਇਹ ਮੱਛੀ ਬੜੀ ਖਾਂਦੇ ਨੇ!! ਦੋ ਦਿਨ ਬਾਅਦ ਮੇਰੇ ਕੋਲ ਇਕ 80-85 ਸਾਲਾਂ ਦਾ ਇਕ ਬੰਗਾਲੀ ਆਇਆ - ਬਿਲਕੁਲ ਕਾਇਮ - ਜੇਕਰ ਪੰਜਾਬੀ ਵਿੱਚ ਦੱਸਾਂ ਤੇ ਚਲਤਾ ਪੁਰਜ਼ਾ!! ਮੈਂ ਇੰਝ ਹੀ ਉਸ ਕੋਲੋਂ ਪੁੱਛ ਲਿਆ ਕਿ ਉਹ ਰੋਜ਼ ਮੱਛੀ ਖਾਂਦਾ ਹੈ?  ਉਸ ਨੇ ਕਿਹਾ ਕਿ ਪਹਿਲਾਂ ਖਾਂਦੇ ਸੀ, ਹੁਣ ਤਾਂ ਐੱਡੀ ਮਹਿੰਗੀ ਹੋ ਗਈ ਹੈ ਕਿ ਕਦੇ ਕਦੇ ਹੀ ਖਾਂਦੇ ਹਾਂ ! ਦੱਸਣ ਲੱਗਾ ਕਿ ਪਹਿਲਾਂ ਤਾਂ ਮਾਛੀ 15-20 ਰੁਪਈਏ ਸੇਰ ਵਿਕਦੀ ਸੀ, ਰੋਜ਼ ਖਾਈਦੀ ਸੀ, ਹੁਣ 500 ਰੁਪਈਏ ਕਿਲੋ ਲੈ ਕੇ ਕੌਣ ਖਾਵੇ! ਫੇਰ ਨਾਲੇ ਉਸ ਨੇ ਕਿਹਾ ਕਿ ਕਲਕੱਤੇ ਵਿੱਚ ਰਹਿੰਦੇ ਲੋਕ ਰੋਜ਼ ਮੱਛੀ ਖਾਂਦੇ ਨੇ, ਓਥੇ ਢਾਈ ਤਿੰਨ ਸੌ ਰੁਪਈਏ ਕਿਲੋ ਮੱਛੀ ਮਿਲ ਜਾਂਦੀ ਏ !

ਬਸ ਜੀ ਉਹ ਬੰਦਾ ਮੱਛੀ ਦੇ ਨਾਂਅ ਤੋਂ ਇੱਕ ਵਾਰ ਸ਼ੁਰੂ ਹੋਇਆ, ਫੇਰ ਰੁਕੇ ਕਿਵੇਂ - ਦੱਸਣ ਲੱਗਾ - "ਡਾਕਟਰ ਸਾਬ, ਮੇਰੀ ਤਾਂ ਨੌਕਰੀ ਹੀ ਮੱਛੀ ਦੇ ਸਿਰ ਤੇ ਲੱਗੀ!"

"ਉਹ ਕਿਵੇਂ ?"  ਮੈਂ ਘੋਖ ਕੀਤੇ ਬਗੈਰ ਰਹਿ ਨਾ ਸਕਿਆ।

" ਮੈਂ ਡੀ.ਆਰ.ਐਮ ਤੇ ਜੀ.ਐਮ ਨੂੰ ਮੱਛੀ ਖਵਾਉਂਦਾ ਸੀ - ਮੈਂ ਡੀ.ਆਰ.ਐਮ ਦੇ ਘਰ ਵਿੱਚ ਕੰਮ ਕਰਦਾ ਸੀ."

ਫੇਰ ਉਹ ਦੱਸਣ ਲੱਗਾ ਕਿ ਮੱਛੀ ਹੀ ਨਹੀਂ ਮੀਟ ਦੀ ਵੀ ਉਸਨੂੰ ਬੜੀ ਪਹਿਚਾਣ ਹੈ - ਕਦੇ ਵੀ ਮੀਟ ਲਵੋ, ਦੇਖ ਕੇ ਲਿਆ ਕਰੋ ਕਿ ਉਹ ਬਕਰਾ ਖੱਸੀ ਹੋਵੇ! ਇਹ ਗੱਲ ਤਾਂ ਮੇਰੇ ਲਈ ਨਵੀਂ ਸੀ - ਖੱਸੀ ਲਫ਼ਜ਼ ਜਿਸ ਉੱਤੇ ਮੈਂ ਪੰਜਾਬੀਆਂ ਦਾ ਕਾਪੀਰਾਈਟ ਸਮਝਦਾ ਸੀ, ਉਸਨੂੰ ਇਕ 80-85 ਸਾਲਾਂ ਦਾ ਬੰਗਾਲੀ ਬਿਲਕੁਲ ਪੰਜਾਬੀ ਲਹਿਜੇ ਵਿੱਚ ਬੋਲ ਗਿਆ!

"ਖੱਸੀ ਬਕਰਾ ਮਤਲਬ?" ਮੇਰੇ ਮੂੰਹ ਵਿਚੋਂ ਨਿਕਲਿਆ!

"ਡਾਕਟਰ ਸਾਬ, ਤੁਸੀਂ ਪੰਜਾਬੀ ਹੋ ਕੇ ਖੱਸੀ ਨਹੀਂ ਜਾਣਦੇ ! "

ਮੈਂ ਉਸ ਨੂੰ ਕਿ ਆਖਦਾ ਕਿ ਇਹ ਲਫ਼ਜ਼ ਤੇ ਸਾਡੇ ਹਾਸਿਆਂ ਵਿੱਚ ਕਿਤੇ ਨਾ ਕਿਤੇ  ਫਿੱਟ ਹੁੰਦਾ ਹੈ. ਖੈਰ, ਉਸ ਨੇ ਕਿਹਾ ਕਿ ਜਦੋਂ ਬਕਰਾ ਬਿਲਕੁਲ ਛੋਟਾ ਹੁੰਦੈ ਤਾਂ ਉਸ ਦੇ ਅੰਗਾਂ ਨਾਲ ਛੇੜਖਾਣੀ ਕਰ ਕੇ ਉਸ ਨੂੰ ਖੱਸੀ ਕਰ ਦਿੰਦੇ ਨੇ, ਫੇਰ ਉਹ ਅਗਾਂਹ ਆਪਣੀ ਨਸਲ ਨਹੀਂ ਵਧਾ ਸਕਦਾ! ਬਸ, ਇਸ ਤਰ੍ਹਾਂ ਦੇ ਬਕਰੇ ਦਾ ਮੀਟ ਖਾਣਾ ਹੀ ਲਾਹੇਵੰਦ ਹੈ - ਹਾਂ ਇਕ ਹੋਰ ਗੱਲ, ਕਦੇ ਵੀ ਬਕਰੇ ਦਾ ਹੀ ਮੀਟ ਖਾਓ. ਕਹਿਣ ਲੱਗਾ ਕਿ ਬਕਰੀ ਦਾ ਮੀਟ ਤੇ ਕਦੇ ਮੁਫ਼ਤ ਵੀ ਮਿਲੇ ਤਾਂ ਉਹ ਨਾ ਖਾਵੇ, ਉਸੇ ਤਰ੍ਹਾਂ ਮੁਰਗੀ ਦਾ ਮੀਟ ਨਹੀਂ ਤੇ ਮਾਦਾ ਮੱਛੀ ਵੀ ਕਦੇ ਨਹੀਂ ਖਾਂਦਾ!! ਉਸ ਨੇ ਦੱਸਿਆ ਕਿ ਮਾਦਾ ਮੱਛੀ ਦੀ ਪਹਿਚਾਣ ਉਸ ਨੂੰ ਪੂਰੀ ਹੈ, ਉਹ ਬੜੀ ਮੋਟੀ ਹੋਵੇਗੀ ਤੇ ਉਸ ਦੇ ਢਿੱਡ ਵਿੱਚ ਅਕਸਰ ਅੰਡੇ ਹੁੰਦੇ ਨੇ!!

ਮੈਂ ਉਸ ਨੂੰ ਕਿਹਾ ਕਿ ਇਹ ਖੱਸੀ ਕੀਤੇ ਗਏ ਮੁਰਗੇ ਬਾਰੇ ਤਾਂ ਮੈਂ ਪਹਿਲੀ ਵਾਰੀ ਸੁਣਿਆ ਹੈ! ਜਾਂਦੇ ਜਾਂਦੇ ਕਹਿਣ ਲੱਗਾ ਕਿ ਤੁਹਾਡੇ ਕੋਲ ਤਾਂ ਕਾਫੀ ਮੁਸਲਮਾਨ ਮਰੀਜ਼ ਵੀ ਆਉਂਦੇ ਨੇ, ਉਹਨਾਂ ਕੋਲੋਂ ਪੁੱਛਣਾ ਕਦੇ!

ਉਸ ਦੇ ਜਾਣ ਬਾਅਦ ਮੈਂ ਆਪਣੇ ਮੀਟ ਖਾਣ ਦੀ ਦਿਨਾਂ ਦੀਆਂ ਯਾਦਾਂ ਵਿੱਚ ਕਿਤੇ ਵੱਗ ਗਿਆ! ਮੈਂ ਆਪਣੇ ਪਾਪਾ ਜੀ ਨਾਲ ਮੀਟ ਦੀ ਦੁਕਾਨ ਤੇ ਜਾਂਦਾ ਸੀ, ਜ਼ਿਆਦਾਤਰ ਅੰਮ੍ਰਿਤਸਰ ਦੇ ਪੁਤਲੀਘਰ ਬਾਜ਼ਾਰ ਦੀ ਸਬਜ਼ੀ ਮੰਡੀ ਵਾਲੀ ਮੀਟ ਦੀ ਦੁਕਾਨ ਤੇ ਉਹ ਜਾਂਦੇ ਸੀ, ਉਹ ਕਸਾਈ ਉਹਨਾਂ ਦਾ ਬੜਾ ਸਤਿਕਾਰ ਕਰਦਾ ਸੀ - ਮੀਤ ਸਾਡੇ ਘਰ ਹਫਤੇ ਵਿੱਚ 2-3 ਦਿਨ ਤੇ ਜ਼ਰੂਰ ਬਣਦਾ ਸੀ, ਐਤਵਾਰ ਨੂੰ ਤੇ ਜ਼ਰੂਰੀ ਹੁੰਦਾ - ਕਦੇ ਮੈਂ ਆਪਣੀ ਮਾਂ ਨਾਲ ਸਬਜ਼ੀ ਲੈਣ ਗਿਆ ਹੁੰਦਾ,  ਮੀਟ ਖਰੀਦਣਾ ਹੁੰਦਾ ਤਾਂ ਮੇਰੀ ਮਾਂ ਦੁਕਾਨ ਤੋਂ ਦੂਰ ਖੜ ਜਾਂਦੀ ਤੇ ਪੈਸੇ ਮੈਨੂੰ ਦੇ ਕੇ ਮੀਟ ਲੈਣ ਭੇਜਦੀ - ਹੁਣ ਧਿਆਨ ਆ ਰਿਹੈ ਕਿ ਮੀਟ ਦੀ ਦੁਕਾਨ ਤੇ ਮੈਂ ਜਨਾਨੀਆਂ ਕਦੇ ਸ਼ਾਇਦ ਹੀ ਵੇਖੀਆਂ ਹੋਣ! ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਸ ਦੀ ਦੁਕਾਨ ਦੇ ਬਾਹਰ " ਝਟਕਈ " ਮੀਟ ਵਾਲਾ ਲਿਖਿਆ ਹੁੰਦਾ ਸੀ - ਮੈਂ ਕਦੇ ਖੱਸੀ ਬਕਰੇ ਬਾਰੇ ਤਾਂ ਆਪਣੇ ਪਾਪਾ ਜੀ ਦੇ ਮੂੰਹੋਂ ਵੀ ਨਹੀਂ ਸੀ ਸੁਣਿਆ!

ਸਾਡੇ ਘਰੇ ਜਿਹੜਾ ਮੀਟ ਬਣਦਾ ਸੀ, ਉਹ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਸੀ - ਮੇਰੇ ਪਾਪਾਜੀ ਨੂੰ ਵੀ ਉਸ ਨੂੰ ਬਣਾਉਣ ਦਾ ਬੜਾ ਸ਼ੌਕ ਸੀ।  ਅਜਿਹੀਆਂ ਯਾਦਾਂ ਨੇ ਜਦੋਂ ਐਤਵਾਰ ਵਾਲੇ ਦਿਨ ਉਹ ਮੀਟ ਬਣਾਉਣ ਲੱਗੇ ਹੁੰਦੇ ਸੀ, ਕਦੇ ਮੀਟ ਵਿਚ ਆਲੂ, ਕਦੇ ਛੋਲਿਆਂ ਦੀ ਦਾਲ, ਕਦੇ ਪਾਲਕ ਵਾਲਾ ਮੀਟ, ਕਦੇ ਕੋਈ ਹੋਰ ਸਬਜ਼ੀ - ਪਰ ਮੈਨੂੰ ਆਲੂ ਪਾ ਕੇ ਬਣਾਇਆ ਹੋਇਆ ਮੀਟ ਬੜਾ ਚੰਗਾ ਲੱਗਦਾ - ਕੀਮਾ ਤੇ ਕਲੇਜੀ ਵੀ ਅਸੀਂ ਸਾਰੇ ਬੜੇ ਸ਼ੌਕ ਨਾਲ ਖਾਂਦੇ ਸੀ - ਕਲੇਜੀ ਤੇ ਸੁੱਕੀ ਹੀ ਬਣਦੀ ਸੀ, ਕੀਮੇ ਵਿਚ ਕਦੇ ਕਦੇ ਸਰਦੀਆਂ ਵਿੱਚ ਮਟਰ ਵੀ ਪਾਏ ਜਾਂਦੇ ਸੀ - ਕਿੱਡਾ ਮਜ਼ਾ ਆਉਂਦਾ ਸੀ, ਨਾਲ ਅੰਗੀਠੀ ਤੇ ਜਾਂ ਤੰਦੂਰ ਤੇ ਲੱਗੀਆਂ ਰੋਟੀਆਂ, ਨਾਲ ਗੰਢੇ ਤੇ ਅੰਬ ਦਾ ਅਚਾਰ!! ਜਦੋਂ ਕਦੇ ਮੈਂ ਮੀਟ ਦੀ ਦੁਕਾਨ ਤੇ 'ਕੱਲਾ ਵੀ ਜਾਣ ਲੱਗਿਆ ਤਾਂ ਮੇਰੇ ਪਾਪਾ ਜੀ ਮੈਨੂੰ ਇਹ ਜ਼ਰੂਰ ਕਹਿੰਦੇ ਸੀ ਦੇਖ ਲਵੀਂ, ਦੁਕਾਨਦਾਰ ਤੇਰੇ ਸਾਹਮਣੇ ਹੀ ਮੀਟ ਲਾਵੇ - ਪਹਿਲੇ ਤੋਂ ਪਏ ਮੀਟ ਦਾ ਕੀਮਾ ਬਣਾਉਣ ਵਿਚ ਇਹ ਗੜਬੜ ਕਰ ਦਿੰਦੇ ਨੇ! ਜਦੋਂ ਮੀਟ ਵੀ ਲੈਣ ਭੇਜਦੇ ਤੇ ਮੈਨੂੰ ਕਹਿੰਦੇ ਕਿ ਉਸ ਨੂੰ ਆਖੀਂ ਰਾਨ ਦਾ ਮੀਟ  ਦੇਵੇ - ਮੈਂ ਉਂਝ ਹੀ ਜਾ ਕੇ ਕਹਿ ਦਿੰਦਾ- ਬੜੀ ਬਾਅਦ ਵਿਚ ਜਾ ਕੇ ਮੈਨੂੰ ਪਤਾ ਲੱਗਾ ਕਿ ਰਾਨ ਦਾ ਮਤਲਬ ਬਕਰੇ ਦਾ ਪੱਟ ਹੁੰਦੈ!! ਪਰ ਮੈਨੂੰ ਉਸ ਕਸਾਈ ਦੀ ਦੁਕਾਨ ਦੇ ਬੜਾ ਅਜੀਬ ਜੇਹਾ ਫੀਲ ਹੁੰਦਾ ਰਹਿੰਦਾ - ਐੱਡੀ ਬਦਬੋ!!

ਬੜਾ ਮੀਟ ਖਾਦਾ, ਰੱਜ ਕੇ ਖਾਦਾ, ਪਰ ਮੱਛੀ ਅੰਮ੍ਰਿਤਸਰ ਸਾਡੇ ਘਰ ਸਰਦੀਆਂ ਵਿੱਚ ਹੀ ਬਣਦੀ ਸੀ, ਉਹ ਵੀ ਸਾਰੀਆਂ ਸਰਦੀਆਂ ਵਿਚ 2-4 ਵਾਰੀ ਹੀ, ਮੈਨੂੰ ਤੇ ਡਰ ਹੀ ਲੱਗਾ ਰਹਿੰਦਾ ਕਿ ਕਿਤੇ ਕੰਡਾ ਗਲੇ ਵਿਚ ਹੀ ਨਾ ਫੱਸ ਜਾਵੇ! ਮੱਛੀ ਨੂੰ ਮੈਂ ਤੇ ਐੱਡੇ ਡਰ ਨਾਲ ਫੇਹ ਫੇਹ ਕੇ ਦੇਖ ਦੇਖ ਕੇ ਖਾਂਦਾ ਕਿ ਕੰਡਾ ਲੱਭਦੇ ਲੱਭਦੇ ਖਾਣ ਤੋਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਕਚੂਮਬੜ ਕੱਢ ਦਿੰਦਾ! ਫੇਰ ਕਦੇ ਕਦੇ ਸਾਡੇ ਬਿਨਾ ਕੰਡਿਆਂ ਬਿਨਾ ਵਾਲੀ ਮੱਛੀ ਵੀ ਆਉਂਦੀ - ਫੇਰ ਵੀ ਉਸ ਨੂੰ ਖਾਂਦੇ ਡਰ ਤੇ ਲੱਗਦਾ ਹੀ ਸੀ - ਜੇਕਰ ਕਿਤੇ ਕੰਡਾ ਗਲੇ ਵਿੱਚ ਅੜ੍ਹ ਗਿਆ ਤਾਂ! ਕਦੇ ਜਦੋਂ ਬੰਬਈ ਆਪਣੇ ਚਾਚੇ ਦੇ ਘਰ ਜਾਣਾ ਤਾਂ ਓਥੇ ਬਿਨਾ ਕੰਡਿਆਂ ਵਾਲੀ ਮੱਛੀ ਖਾ ਕੇ ਨਜ਼ਾਰਾ ਆ ਜਾਂਦਾ! ਮੁਰਗੇ ਕੇ ਜ਼ਿਆਦਾ ਨਹੀਂ ਖਾਦੇ, ਮੈਨੂੰ ਨਹੀਂ ਪਤਾ ਉਸ ਦਾ ਕੀ ਕਾਰਣ ਸੀ - ਕੀ ਉਹ ਮਹਿੰਗੇ ਹੁੰਦੇ ਹੋਣਗੇ, ਜਾਂ ਘਰ ਵਿਚ ਉਹਨਾਂ ਨੂੰ ਕੋਈ ਪਸੰਦ ਹੀ ਨਹੀਂ ਸੀ ਕਰਦਾ, ਮੈਨੂੰ ਨਹੀਂ ਪਤਾ, ਸਾਲ ਵਿਚ 2-3 ਵਾਰ ਹੀ ਮੁਰਗਾ ਬਣਦਾ ਸੀ.

ਇੰਨੇ ਨਾਨ-ਵੇਜ ਦੇ ਸ਼ੌਕੀਨ ਲੋਕਾਂ ਵਿੱਚ ਜੰਮਿਆ ਪਲਿਆ ਮੈਂ - ਫੇਰ ਕਿਵੇਂ ਮੈਂ 25 ਸਾਲ ਤੋਂ ਮੀਟ ਨੂੰ ਹੱਥ ਨਹੀਂ ਲਾਇਆ - 1994 ਦੀ ਜੁਲਾਈ ਅਗਸਤ ਦੀ ਗੱਲ ਹੋਵੇਗੀ, ਮੈਂ ਤੇ ਮੇਰੀ ਘਰਦੀ ਬੰਬਈ  ਤੋਂ ਪੂਨੇ ਕਿਸੇ ਟ੍ਰੇਨਿੰਗ ਤੇ ਗਏ ਹੋਏ ਸੀ - ਅਸੀਂ ਰੈਸਟ ਹਾਊਸ ਵਿਚ ਰੋਟੀ ਖਾ ਖਾ ਕੇ ਬੋਰ ਹੋ ਗਏ ਤੇ ਇੱਕ ਦਿਨ ਅਸੀਂ ਰੋਟੀ ਖਾਣ ਇਕ ਹੋਟਲ ਵਿੱਚ ਚਲੇ ਗਏ! ਦੋਸਤੋ, ਮੈਨੂੰ ਅੱਜ ਤਕ ਨਹੀਂ ਪਤਾ ਲੱਗਾ ਕਿ ਉਸ ਦਿਨ ਉਸ ਹੋਟਲ ਵਾਲੇ ਨੇ ਸਾਨੂੰ ਕਾਹਦਾ ਮੀਟ ਖਵਾ ਦਿੱਤਾ - ਖਵਾ ਸਵਾਹ ਦਿੱਤਾ - ਉਹ ਤਾਂ ਸਾਡੇ ਦੋਵਾਂ ਕੋਲੋਂ ਚਿੱਥਿਆ ਹੀ ਨਾ ਜਾਵੇ - ਬਸ ਅਸੀਂ ਬਿਲ ਭਰ ਕੇ ਬਾਹਰ ਆ ਗਏ! ਬਾਅਦ ਵਿਚ ਬੜੇ ਲੋਕਾਂ ਨੂੰ ਇਹ ਗੱਲ ਸੁਣਾਈ - ਪਰ ਉਸ ਦਿਨ ਤੋਂ ਬਾਅਦ ਨਾ  ਮੈਂ ਤੇ ਨਾ ਹੀ ਮੇਰੀ ਬੀਵੀ ਨੇ ਕਦੇ ਮੀਟ ਖਾਦਾ, ਜੀ, ਬਿਲਕੁਲ ਕਦੇ ਨਹੀਂ! ਉਸ ਦਿਨ ਦਿਲ ਐਡਾ ਖ਼ਰਾਬ ਹੋਇਆ ਕਿ ਫੇਰ ਕਦੇ ਖਾਣ ਦਾ ਵਿਚਾਰ ਹੀ ਨਾ ਆਇਆ !!

ਵਾਪਿਸ ਮੁੜਣਾ ਹੀ ਪਉ ਬਾਈ ਮੈਨੂੰ ਖੱਸੀ ਬਕਰੇ ਵੱਲ!! ਹਾਂਜੀ, ਉਸ ਦਿਨ ਸਵੱਬ ਇੰਝ ਰਿਹਾ ਕਿ ਦੋ ਮਰੀਜ਼ਾਂ ਬਾਅਦ ਹੀ ਇਕ ਬਜ਼ੁਰਗ ਮੁਸਲਮਾਨ ਆ ਗਿਆ. ਉਸ ਦਾ ਕੰਮ ਕਰਣ ਤੋਂ ਬਾਅਦ ਮੈਂ ਉਸ ਕੋਲੋਂ ਪੁੱਛਿਆ ਕਿ ਬਕਰੇ ਨੂੰ ਖੱਸੀ ਕੀਤਾ ਜਾਂਦੈ? ਉਸ ਨੇ ਦੱਸਿਆ ਹਾਂ, ਇਸ ਨੂੰ ਬਦਿਆ ਕਰਨਾ ਵੀ ਆਖਦੇ ਨੇ (ਪੰਜਾਬੀ ਵਿੱਚ ਤੁਸੀਂ ਸਮਝੋ ਜਿਵੇਂ ਬੰਨ੍ਹ ਦੇਣਾ!!) - ਇਸ ਨਾਲ ਉਹ ਅੱਗੋਂ ਆਪਣੀ ਨਸਲ ਵਧਾਉਣ ਜੋਗਾ ਨਹੀਂ ਰਹਿੰਦਾ। ਉਸ ਨੇ ਇਹ ਵੀ ਦੱਸਿਆ ਕਿ ਅਜਿਹੇ ਖੱਸੀ ਕੀਤੇ ਬਕਰੇ ਦੀ ਹੀ ਅਸੀਂ ਬਕਰੀਦ ਤੇ ਬਲੀ ਦਿੰਦੇ ਹਾਂ, ਜਿਹੜਾ ਖੱਸੀ ਕੀਤਾ ਗਿਆ ਹੋਵੇ, ਬਿਲਕੁਲ ਸਾਫ-ਸੁਥਰਾ ਹੋਵੇ, ਸ਼ਰੀਰ ਵਿੱਚ ਕਿਤੇ ਵੀ ਵਿੰਗ-ਤੜਿੰਗ ਨਾ ਹੋਵੇ, ਅਜਿਹੇ ਬਕਰੇ ਦੀ ਹੀ ਸ਼ਹਾਦਤ ਕਬੂਲ ਹੁੰਦੀ ਹੈ! ਉਸ ਨੇ ਇਹ ਵੀ ਦੱਸਿਆ ਕਿ ਬਕਰੇ ਦੇ ਜੰਮਣ ਦੇ ਇਕ ਮਹੀਨੇ ਦੇ ਅੰਦਰ ਹੀ ਉਸਨੂੰ ਖੱਸੀ ਕਰ ਦਿੱਤਾ ਜਾਂਦੈ ਤੇ ਉਹ ਫੇਰ ਇਕ ਸਾਲ ਬਾਅਦ ਸ਼ਹਾਦਤ ਵਾਸਤੇ ਤਿਆਰ ਹੋ ਜਾਂਦੈ - ਬਿਲਕੁਲ ਸਾਫ ਸੁਥਰਾ, ਤਗੜਾ ਬਕਰਾ - ਬਲੀ ਦਾ ਬਕਰਾ ਬਣ ਜਾਂਦੈ!

ਮੈਂ ਚੁੱਪ ਹੋ ਗਿਆ - ਚੁੱਪ ਕੀ ਹੋ ਗਿਆ, ਮੇਰੀ ਤਾਂ ਜਨਾਬ ਬੋਲਤੀ ਬੰਦ ਹੋ ਗਈ !!

ਪੰਜਾਬੀ ਵੀਰਾਂ ਨੂੰ ਇਕ ਸੁਨੇਹਾ, ਅਗਾਂਹ ਤੋਂ ਹਾਸੇ ਮਜ਼ਾਕ ਵੇਲੇ ਖੱਸੀ ਲਫ਼ਜ਼ ਦੀ ਵਰਤੋਂ ਵੇਲੇ ਧਿਆਨ ਰੱਖਿਓ ਬਾਬੇਓ ਕਿ ਹਮੇਸ਼ਾ ਕੋਈ ਖੱਸੀ ਹੋ ਹੀ ਨਹੀਂ ਜਾਇਆ ਕਰਦਾ, ਕਦੇ ਕਦੇ ਕਿਸੇ ਨੂੰ ਖੱਸੀ ਕੀਤਾ ਵੀ ਜਾਂਦੈ, ਜਾਣਬੁੱਝ ਕੇ! ਚੰਗਾ ਜੀ, ਹੁਣ ਮੈਨੂੰ ਦੀਓ ਇਜਾਜ਼ਤ, ਫੇਰ ਮਿਲਦੇ ਹਾਂ, ਰਬ ਰਾਖਾ ਜੀ!!

ਪੋਸਟ ਵਿੱਚ ਜਦੋਂ ਕਲਕੱਤੇ ਦੀ ਮੱਛੀ ਦਾ ਜ਼ਿਕਰ ਆਇਆ ਤੇ ਮੇਰਾ ਦਿਮਾਗ ਏਧਰ ਲੱਗਾ ਹੋਇਆ ਸੀ - ਕਲਕੱਤੇਓ ਪੱਖੀ ਲਿਆ ਦੇ ਵੇ, ਝਲੂੰਗੀ ਸਾਰੀ ਰਾਤ - ਬਹੁਤ ਵਧੀਆ ਸਾਡੇ ਵੇਲੇ ਦਾ ਪੰਜਾਬੀ ਗੀਤ - ਸਾਡੇ ਵੇਲੇ ਦਾ ਹੀ ਨਹੀਂ, ਸਗੋਂ ਇਕ ਐਵਰਗ੍ਰੀਨ ਪੰਜਾਬੀ ਗੀਤ -

Tuesday, 15 October 2019

"ਮੈਂ ਕੈਪਸੂਲ ਦੇ ਦੋ ਹਿੱਸੇ ਕਰ ਕੇ ਲੈ ਲਵਾਂਗਾ!"

"ਮੈਂ ਕੈਪਸੂਲ ਦੇ ਦੋ ਹਿੱਸੇ ਕਰ ਕੇ ਲੈ ਲਵਾਂਗਾ!"- ਮੇਰੇ ਇੱਕ ਬਜ਼ੁਰਗ ਮਰੀਜ ਨੇ ਜਦੋਂ ਇਹ ਕਿਹਾ, ਮੇਰੇ ਕੰਨ ਤਾਂ ਖੜੇ ਹੋਣੇ ਹੀ ਸੀ.

"ਉਹ ਕਿਵੇਂ, ਬਾਊਜੀ ?"- ਮੈਨੂੰ ਵੀ ਇਹ ਜਾਣਨ ਦੀ ਕਾਹਲੀ ਸੀ.

"ਕੁਝ ਨਹੀਂ, ਡਾਕਟਰ ਸਾਬ, ਮੈਂ ਬਸ ਕੈਪਸੂਲ ਨੇ ਖੋਲ ਲੈਂਦਾ ਹਾਂ ਤੇ ਉਸ ਦੇ ਅੰਦਰ ਜਿਹੜੀ ਦਵਾਈ ਦਾ ਪਾਊਡਰ ਹੁੰਦੈ, ਉਸ ਨੂੰ ਦੋ ਹਿੱਸਿਆਂ ਚ' ਵੰਡ ਲੈਂਦਾਂ ਆਂ!"

"ਤੇ ਉਸ ਕੈਪਸੂਲ ਦੇ ਖਾਲੀ ਖੋਖੇ ਦਾ ਕਿ ਕਰਦੇ ਓ ?"

"ਓਹਦਾ ਕੀ ਕਰਣੈ, ਜਦੋਂ ਦਵਾਈ ਹੀ ਵਿਚੋਂ ਕੱਢ ਲਈ ਤੇ ਓਹਨੂੰ ਸੁੱਟ ਦੇਈਦੈ, ਜਨਾਬ!"

ਇਸ ਮਰੀਜ ਨੂੰ ਮੂੰਹ ਤੇ ਸੱਟ ਲੱਗੀ ਸੀ, ਇਸ ਕਰਕੇ ਉਸਦੀ ਬਾਚੀ ਪੂਰੀ ਨਹੀਂ ਸੀ ਖੁਲਦੀ, ਮੈਨੂੰ ਲੱਗਾ ਕਿ ਸ਼ਾਇਦ ਇਸ ਨੇ ਕੈਪਸੂਲ ਲੈਣ ਦੀ ਇਹ ਕਾਢ ਇਸੇ ਲਈ ਕੱਢੀ ਹੋਵੇ। ਇਸ ਕਰਕੇ ਮੇਰੇ ਕੋਲੋਂ ਇਹ ਪੁਛਿਓਂ ਰਹਿ ਨਾ ਹੋਇਆ ਕਿ ਪਹਿਲਾਂ ਵੀ ਕੋਈ ਕੈਪਸੂਲ ਇੰਝ ਹੀ ਅੱਧਾ ਕਰ ਕੇ ਲੈਂਦੇ ਹੋ ?

"ਹਾਂ ਜੀ, ਹਾਂ ਜੀ, ਕਈ ਵਾਰੀ ਇੰਝ ਹੀ ਕਰਦਾਂ, ਸਵੇਰੇ ਖਾਲੀ ਪੇਟ ਖਾਣ ਵਾਲੀ ਗੈਸ ਦੀ ਦਵਾਈ ਦਾ ਕੈਪਸੂਲ ਵੀ ਮੈਂ ਇੰਝ ਹੀ ਅੱਧਾ ਅੱਧਾ ਕਰ ਕੇ ਲੈਂਦਾ ਹਾਂ! " - ਉਹ ਕਰਮਾਂਵਾਲਾ ਆਖ਼ਦੈ।

ਚਲੋ ਜੀ, ਇਸ ਨੂੰ ਤਾਂ ਮੈਂ ਸਮਝਾ ਦਿੱਤਾ , ਤੁਹਾਡੇ ਨਾਲ ਗੱਲ ਬਾਅਦ ਚ' ਕਰਦਾਂ! ਇਸ ਤਰ੍ਹਾਂ ਦੀਆਂ ਗੱਲਾਂ ਤੇ ਕਦੇ ਕਦੇ ਮੇਰੇ ਕੰਨੀਂ ਪੈ ਹੀ ਜਾਂਦੀਆਂ ਸਨ ਕਿ ਕਿਸੇ ਨੇ ਕੈਪਸੂਲ ਦੇ ਸਾਈਜ਼ ਤੋਂ ਡਰ ਕੇ ਉਸ ਨੂੰ ਸਬੂਤਾ ਨਹੀਂ ਖਾਦਾ, ਉਸ ਨੂੰ ਖੋਲ ਕੇ ਵਿਚੋਂ ਦਵਾਈ ਕੱਢ ਕੇ ਉਸ ਨੂੰ ਪਾਣੀ ਨਾਲ ਪੀ ਲਿਆ, ਇਹ ਵੀ ਗ਼ਲਤ ਹੈ, ਦਵਾਈ ਨੂੰ ਸਵਾ ਕਰਨ ਵਾਲੀ ਗੱਲ ਹੈ ਪੱਕਾ!!

ਇਹ ਤੇ ਹੋ ਗਈ ਜੀ ਕੈਪਸੂਲ ਨੂੰ ਅੱਧਾ ਕਰ ਕੇ ਲੈਣ ਵਾਲੀ ਗੱਲ - ਹੁਣ ਕੁਝ ਹੋਰ ਗੱਲਾਂ ਵੀ ਸੁਣੋ। ਲੋਕਾਂ ਨੂੰ ਲਗਦੈ ਜਿਹੜਾ ਕੈਪਸੂਲ ਸਾਈਜ਼ ਵਿੱਚ ਵੱਡਾ ਹੈ, ਉਹ ਗਰਮ ਹੋਵੇਗਾ, ਇਸ ਲਈ ਜੇ ਅੱਠਾਂ ਅੱਠਾਂ ਘੰਟਿਆਂ ਬਾਅਦ ਡਾਕਟਰ ਖਾਣ ਨੂੰ ਕਹਿੰਦੈ ਤਾਂ ਓਹ ਬਾਰੀਂ ਘੰਟੇ ਲੈਂਦੇ ਹਨ, ਆਪਣੀ ਮਰਜ਼ੀ ਨਾਲ ਹੀ.

ਹੋਰ ਗੱਲ, ਅਨੇਕਾਂ ਸ਼ਾਰੀਰਿਕ ਤਕਲੀਫ਼ਾਂ ਦੀਆਂ ਦਵਾਈਆਂ ਆਪੇ ਹੀ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਤੇ ਆਪੇ ਹੀ ਬੰਦ ਕਰ ਦਿੰਦੇ ਨੇ....ਕੁਝ ਥੋੜੀਆਂ ਅੱਧੀਆਂ ਪੱਚਦੀਆਂ ਡਾਕਟਰ ਦੀ ਸਲਾਹ ਵਾਲੀਆਂ ਤੇ ਕੁਝ ਕੁਝ ਦੇਸੀ ਪੂੜੀਆਂ, ਇੰਝ ਗੱਲ ਨਹੀਂ ਬਣਦੀ, ਆਰਾਮ ਤੇ ਹੋਣਾ ਦੂਰ, ਰੋਗ ਨੂੰ ਵਧਾਵਾ ਦੇਣ ਵਾਲੀ ਗੱਲ ਹੈ ਇਹ ਤਾਂ.

ਇਕ ਗੱਲ ਹੋਰ ਚੇਤੇ ਆ ਰਹੀ ਹੈ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਕਦੇ ਕਦੇ ਸਾਡੇ ਕੋਲੇ ਮਰੀਜ ਇਸ ਤਰ੍ਹਾਂ ਦੇ ਬੜੇ ਆਉਂਦੇ ਸੀ ਕਿ ਦੰਦ ਵਿਚ ਦਰਦ ਸੀ, ਉਸ ਉੱਤੇ ਦਵਾਈ ਲਾਈ ਤੇ ਮੂੰਹ ਹੀ ਸਾਰਾ ਸੜ ਗਿਆ- ਸਾਨੂੰ ਸਮਝ ਆ ਜਾਉਂਦੀ ਸੀ ਕਿ ਇਸ ਨੇ ਐਸਪਰੀਨ ਦੀ ਦਰਦ ਵਾਲੀ ਗੋਲੀ ਨੂੰ ਪੀਹ ਕੇ ਮੂੰਹ ਵਿਚ ਰੱਖ ਦਿੱਤਾ ਹੋਣੈ ! ਕਈਂ ਲੋਕੀਂ ਆਪਣੀ ਸਮਝ ਦੇ ਘੋੜੇ ਦੌੜਾ ਕੇ ਐਸਪਰੀਨ ਦੀ ਗੋਲੀ ਦਾ ਪਾਊਡਰ ਦਰਦ ਕਰਦੇ ਦੰਦ ਕੋਲ ਰੱਖ ਦਿੰਦੇ ਹਨ, ਦੰਦ ਦਰਦ ਤੇ ਦੂਰ ਹੋਣੋ ਰਿਹਾ, ਸਗੋਂ ਮੂੰਹ ਦੇ ਅੰਦਰਲੀ ਚਮੜੀ ਸੜਨ ਕਰਕੇ ਵੱਡਾ ਜੇਹਾ ਜ਼ਖਮ ਹੋ ਜਾਂਦੈ ਜਿਸ ਨੂੰ ਠੀਕ ਕਰਨ ਕਰਨ ਲਈ ਦਿਨ ਦਵਾਈਆਂ ਖਾਣੀਆਂ ਤੇ ਲਾਉਣੀਆਂ ਪੈਂਦੀਆਂ ਨੇ.

ਅੱਛਾ ਹੁਣ ਕੁਝ ਗੱਲਾਂ ਜਿਹੜੀਆਂ ਇੱਥੇ ਲਿਖਣੀਆਂ ਜ਼ਰੂਰੀ ਨੇ -

ਆਪਣੇ ਡਾਕਟਰ ਤੇ ਵਿਸ਼ਵਾਸ ਰੱਖੋ, ਵੈਸੇ ਵੀ ਵਿਸ਼ਵਾਸ ਰੱਖਣ ਵਾਲਿਆਂ ਦੇ ਹੀ ਬੇੜੇ ਪਾਰ ਹੁੰਦੇ ਨੇ- ਤੁਸੀਂ ਕੰਮੈਂਟ ਵਿੱਚ ਜੋ ਦਿਲ ਆਵੇ ਲਿੱਖ ਲਇਓ , ਪਰ ਜੋ ਸਚਾਈ ਹੈ ਉਹ ਸਚਾਈ ਹੀ ਹੈ !!

ਤੁਸੀਂ ਦੇਖਿਆ ਹੋਣੈ ਕਿ ਕਈ ਦਵਾਈਆਂ ਗੋਲੀਆਂ ਦੀ ਸ਼ਕਲ ਵਿੱਚ ਮਿਲਦੀਆਂ ਨੇ ਤੇ ਕੁਝ ਕੈਪਸੂਲਾਂ ਦੀ ਸ਼ਕਲ ਵਿੱਚ - ਕੁਝ ਕੈਪਸੂਲ ਅਜਿਹੇ ਵੀ ਹੁੰਦੇ ਨੇ ਜਿਹੜੇ ਟਾਇਲਟ ਦੇ ਰਸਤੇ ਥਾਣੀ ਅੰਦਰ ਰੱਖਣੇ ਹੁੰਦੇ ਨੇ, ਜਿੰਨਾ ਨੂੰ ਸੁਪੋਸਿਟੋਰੀ (suppository - ਗੂਗਲ ਕਰ ਵੇਖੋ!) ਆਖਦੇ ਨੇ.

ਇਕ ਗੱਲ ਹਰ ਇੰਸਾਨ ਨੂੰ ਪੱਲੇ ਬੰਨ੍ਹ ਕੇ ਘੁੱਟ ਕੇ ਗੰਢ ਮਾਰਣ ਦੀ ਲੋੜ ਹੈ -  ਜਿਹੜਾ ਪੜ੍ਹਿਆ ਲਿਖਿਆ ਡਾਕਟਰ ਹੈ ਉਸ ਨੂੰ ਹੀ ਪਤਾ ਹੈ ਜਿਹੜਾ ਮਰੀਜ ਉਸ ਸਾਮਣੇ ਬੈਠਿਆ ਜਾਂ ਲੰਮਾ ਪਿਆ ਹੈ, ਉਸ ਨੂੰ ਦਵਾਈ ਕਿਵੇਂ ਦੇਣੀ ਹੈ, ਕਿੰਨੀ ਮਿਕਦਾਰ ਵਿੱਚ ਦੇਣੀ ਹੈ - ਓਹ ਇਸ ਕੰਮ ਕਰ ਕਰ ਕੇ ਘਿੱਸ ਚੁਕਿਆ ਹੁੰਦਾ ਹੈ - ਉਸਦੀਆਂ ਪਾਰਖੀ ਨਜ਼ਰਾਂ ਮਰੀਜ਼ ਤੇ ਨਜ਼ਰ ਮਾਰਦਿਆਂ ਹੀ ਉਸ ਦੀ ਸਿਹਤ ਬਾਰੇ ਮੋਟਾ ਮੋਟਾ ਪਤਾ ਲੈ ਲੈਂਦੀਆਂ ਨੇ, ਉਸ ਦਾ ਭਾਰ ਅਤੇ ਹੋਰ ਕਈ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਸ ਦੀ ਦਿੱਤੀ ਜਾਣ ਵਾਲੀ ਦਵਾਈ ਤੇ ਉਸਦੀ ਡੋਜ਼ (ਖੁਰਾਕ) ਓਹ ਮਿਥਦਾ ਹੈ.

ਦਵਾਈ ਵਾਲੀ ਗੋਲੀ ਦੇਣੀ ਹੈ ਜਾਂ ਕੈਪਸੂਲ ?
ਖਾਣ ਵਾਲੀ ਦਵਾਈ ਜਾਂ ਪੀਣ ਵਾਲੀ ਦਵਾਈ ? 
ਖਾਣ ਵਾਲੀ ਦਵਾਈ ਜਾਂ ਟੀਕਾ?
ਟੀਕਾ ਚਮੜੀ ਵਿਚ, ਚਮੜੀ ਦੇ ਥੱਲੇ, ਮਾਸਪੇਸ਼ੀ ਵਿਚ, ਮਾਸਪੇਸ਼ੀ ਦੀ ਡੂੰਘਿਆਈ ਵਿਚ ਜਾ ਕੇ ਜਾਂ ਖੂਨ ਦੀ ਨਾੜੀ ਵਿਚ ਸਿੱਧਾ ਹੀ ਦਵਾਈ ਨੂੰ ਪਹੁੰਚਾਣਾ ਹੈ, ਡਾਕਟਰ ਨੇ ਇਹ ਫੈਸਲਾ ਵੀ ਕਰਨਾ ਹੁੰਦੈ। 

ਇਹ ਜਿਹੜੀਆਂ ਮੋਟੀਆਂ ਮੋਟੀਆਂ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ, ਇਸ ਟੌਪਿਕ ਨੂੰ ਕਹਿੰਦੇ ਨੇ Routes of Drug Administration - ਦਵਾਈ ਦੇਣ ਦੇ ਵੱਖ ਵੱਖ ਰਸਤੇ (ਜ਼ਰੀਏ)!

ਅੱਛਾ ਡਾਕਟਰ ਜਦੋਂ ਕਿਸੇ ਦਵਾਈ ਨੂੰ ਮੂੰਹ ਰਾਹੀਂ ਖਾਣ ਲਈ ਜਾਂ ਟੀਕੇ ਦੇ ਰੂਪ ਵਿੱਚ ਦਿੰਦਾ ਹੈ ਤਾਂ ਇਸ ਦਾ ਫੈਸਲਾ ਉਹ ਇਸ ਅਧਾਰ ਤੇ ਕਰਦੈ ਕਿ ਕਿੰਨ੍ਹੇ ਚਿਰ ਤੱਕ ਦਵਾਈ ਦਾ ਅਸਰ ਮਰੀਜ ਦੇ ਸ਼ਰੀਰ ਵਿਚ ਹੋ ਜਾਣਾ ਚਾਹੀਦੈ। ਮੂੰਹ ਥਾਂਣੀ ਲੈਣ ਵਾਲੀਆਂ 30-40 ਮਿੰਟ ਲੈਂਦੀਆਂ ਨੇ , ਜੱਦ ਕਿ ਟੀਕਾ ਗੋਲੀ ਦੇ ਮੁਕਾਬਲੇ ਕਾਫੀ ਜਲਦੀ ਅਸਰ ਸ਼ੁਰੂ ਕਰ ਦਿੰਦੈ - ਇੱਥੇ ਵੀ ਡਾਕਟਰ ਦਾ ਤਜੁਰਬਾ ਹੀ ਕੰਮ ਆਉਂਦੈ - ਜੇਕਰ ਦਵਾਈ ਦਾ ਅਸਰ ਤੁਰੰਤ ਚਾਹੀਦਾ ਹੁੰਦੈ ਤਾਂ ਸਿੱਧਾ ਖੂਨ ਦੀ ਨਾੜੀ ਵਿਚ ਟੀਕਾ ਦਿੱਤਾ ਜਾਂਦੈ ਜਿੰਨੂ IV Injection ਵੀ ਆਖਦੇ ਨੇ, ਯਾਨੀ ਇੰਟਰਾਵੀਨਸ ਟੀਕਾ!

ਜਦੋਂ ਕਿਸੇ ਨੂੰ ਉਲਟੀਆਂ ਲੱਗੀਆਂ ਹੋਣ - ਇਕ ਤੋਂ ਬਾਅਦ ਇਕ, ਫੇਰ ਉਸ ਨੂੰ ਉਲਟੀ ਦੀ ਦਵਾਈ ਵੀ ਜੇ ਦਿੰਦੇ ਨੇ ਤਾਂ ਉਹ ਵੀ ਉਲਟੀ ਰਾਹੀਂ ਬਾਹਰ ਨਿਕਲ ਜਾਂਦੀ ਹੈ - ਇਸ ਲਈ ਅਕਸਰ ਡਾਕਟਰ ਉਸ ਨੂੰ ਦਵਾਈ ਦਾ ਟੀਕਾ ਲਗਵਾਉਣ ਲਈ ਕਹਿੰਦੈ!!

ਇੱਕ ਗੱਲ ਹੋਰ ਬੜੀ ਜ਼ਰੂਰੀ ਇਹ ਹੈ  ਕਿ ਕੁਝ ਦਵਾਈਆਂ ਨੂੰ ਦੇਣ ਦਾ ਰੂਟ ਵੀ ਕੰਪਨੀ ਵੱਲੋਂ ਹੀ ਮਿਥਿਆ ਹੁੰਦੈ - ਉਹ ਡਾਕਟਰ ਦੇ ਹੱਥ ਚ' ਨਹੀਂ ਹੁੰਦਾ ਕਿ ਉਹ ਆਪਣੀ ਮਰਜ਼ੀ ਨਾਲ ਉਸ ਨੂੰ ਬਦਲ ਸਕੇ - ਜਿਵੇਂ ਕਈਂ ਟੀਕੇ ਦੀਆਂ ਬੂੰਦਾਂ ਪਿਆਈਆਂ ਜਾਂਦੀਆਂ ਨੇ, ਤੇ ਕੁਝ ਬਿਮਾਰੀਆਂ ਦੇ ਤੋਂ ਬਚਣ ਵਾਲੇ ਟੀਕੇ ਖੱਲ ਦੇ ਵਿੱਚ ਤੇ ਕੁਝ ਖੱਲ ਦੇ ਥੱਲੇ ਲਾਏ ਜਾਂਦੇ ਨੇ, ਕੁੱਝ ਨੂੰ ਮਾਸਪੇਸ਼ੀ ਵਿੱਚ ਲਾਇਆ ਜਾਂਦੈ! ਜੇਕਰ ਇਸ ਚੀਜ਼ ਦਾ ਧਿਆਨ ਨਹੀਂ ਰੱਖਿਆ ਜਾਵੇਗਾ ਤਾਂ ਦਵਾਈ ਦਾ ਕਈ ਵਾਰ ਕੋਈ ਅਸਰ ਹੀ ਨਹੀੰ ਹੁੰਦਾ!

ਗੱਲਾਂ ਤੇ ਕਾਫੀ ਹੋ ਗਈਆਂ ਨੇ, ਪਰ ਓਹ ਗੱਲ ਤੇ ਵਿੱਚੇ ਰਹਿ ਗਈ ਜਿਥੋਂ ਅਸੀਂ ਆਪਣੀ ਗੱਲ ਸ਼ੁਰੂ ਕੀਤੀ ਸੀ ਕਿ ਕਿਵੇਂ ਮੇਰਾ ਇਕ ਮਰੀਜ਼ ਮੈਨੂੰ ਦੱਸਦੈ ਕਿ ਉਹ ਤੇ ਕੈਪਸੂਲ ਨੂੰ ਵੀ ਅੱਧਾ ਅੱਧਾ ਕਰ ਕੇ ਲੈ ਲੈਂਦੈ!!

ਸਵਾਲ ਹੁਣ ਇਹ ਹੈ ਕਿ ਕਿਓਂ ਕੁਝ ਦਵਾਈਆਂ ਗੋਲੀਆਂ (ਟੈਬਲੇਟ) ਦੀ ਸ਼ਕਲ ਵਿੱਚ ਹੁੰਦੀਆਂ ਨੇ ਤੇ ਕੁਝ ਕੈਪਸੂਲ ਦੀ ਸ਼ਕਲ ਵਿੱਚ ?
ਕੀ ਇਹ ਬਸ ਇਕ ਫੈਸ਼ਨ ਹੈ ? ਇਹ ਦਵਾਈ ਦੀ ਖੂਬਸੂਰਤੀ ਵਧਾਉਣ ਲਈ ਕੀਤਾ ਜਾਂਦੈ? 

ਨਹੀਂ, ਨਹੀਂ, ਅਜੇਹੀ ਕੋਈ ਗੱਲ ਨਹੀਂ ਹੈ. ਕਿਸੇ ਦਵਾਈ ਨੂੰ ਕੈਪਸੂਲ ਦੀ ਸ਼ਕਲ ਵਿਚ ਤਿਆਰ ਕਰਨਾ ਇਸ ਲਈ ਜ਼ਰੂਰੀ ਹੁੰਦੈ ਤਾਂ ਜੋ ਉਹ ਢਿੱਡ (stomach) ਦੇ ਐਸਿਡ ਤੋਂ ਆਪਣੇ ਆਪ ਨੂੰ ਬਚਦੀ ਬਚਾਉਂਦੀ ਅੱਗੇ ਆਂਤੜੀਆਂ ਦੇ ਅਗਲੇ ਹਿੱਸੇ ਵਿਚ ਪੁੱਜ ਜਾਵੇ!

ਗੱਲ ਪੱਲੇ ਨਹੀਂ ਪਈ ? ਕੋਈ ਗੱਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ !! 

ਗੱਲ ਇੰਝ ਹੈ ਕਿ ਕੁਝ ਦਵਾਈਆਂ ਜਿਹੜੀਆਂ ਢਿੱਡ ਵਿੱਚ ਜਾ ਕੇ ਘੁਲਣੀਆਂ ਹੁੰਦੀਆਂ ਨੇ ਓਹਨਾ ਨੂੰ ਟੈਬਲੇਟ (ਗੋਲੀ) ਦੀ ਸ਼ਕਲ ਵਿੱਚ ਲਿਆ ਜਾਂਦੈ - ਜਿਥੇ ਜਾ ਕੇ ਉਹ ਘੁਲਦੀਆਂ ਨੇ ਤੇ ਫੇਰ ਸ਼ਰੀਰ ਵਿਚ ਜਜ਼ਬ ਹੋ ਜਾਂਦੀਆਂ ਨੇ।  ਪਰ ਕੁਝ ਦਵਾਈਆਂ ਦੇ ਸਾਲਟ ਅਜਿਹੇ ਹੁੰਦੇ ਹਨ ਜਿੰਨ੍ਹਾਂ ਨੂੰ ਅਸੀਂ ਢਿੱਡ ਦੇ ਐਸਿਡ ਤੋਂ ਬਚਾਉਣਾ ਹੁੰਦੈ ਤੇ ਟੀਚਾ ਇਹ ਹੁੰਦੈ ਕਿ ਉਹ ਢਿੱਡ ਤੋਂ ਸਬੂਤੇ ਅੱਗੇ ਲੰਘ ਕੇ ਆਂਤੜੀਆਂ ਦੇ ਅਗਲੇ ਹਿੱਸੇ ਵਿਚ ਜਾ ਕੇ ਘੁਲਣ - ਅਜਿਹੀਆਂ ਦਵਾਈਆਂ ਢਿੱਡ ਤੋਂ ਬੱਚ ਕੇ ਅੱਗੇ ਪਹੁੰਚ ਕੇ ਹੀ ਜਦੋਂ ਘੁਲਦੀਆਂ ਨੇ, ਓਦੋਂ ਹੀ ਓਹ ਸ਼ਰੀਰ ਵਿਚ ਲੌੜੀਂਦਾ ਅਸਰ ਕਰ ਸਕਦੀਆਂ ਨੇ!

ਜਿਵੇਂ ਉਹ ਮੇਰਾ ਮਰੀਜ ਕਰ ਰਿਹਾ ਸੀ ਆਪਣੀ ਅਕਲ ਲਾ ਕੇ, ਉਹ ਇਸ ਦਵਾਈ ਨੂੰ ਤੇ ਆਪਣੇ ਪੈਸੇ ਨੂੰ ਮਿੱਟੀ ਕਰ ਰਿਹਾ ਸੀ - ਅੱਛਾ ਇੱਕ ਗੱਲ ਹੋਰ ਤਾਂ ਕਰਨੋ ਰਹਿ ਹੀ ਗਈ ਕਿ ਅਸੀਂ ਇਹ ਚਾਹੁੰਦੇ ਤਾਂ ਹਾਂ ਕਿ ਢਿੱਡ ਦੇ ਐਸਿਡ ਤੋਂ ਬੱਚ ਕੇ ਦਵਾਈ ਅੱਗੇ ਲੰਘ ਜਾਵੇ!

ਪਰ ਇਹ ਹੋਵੇਗਾ ਕਿਵੇਂ ? ਕੋਈ ਜਾਦੂ ਇਹ ਕੰਮ ਕਰ ਦੇਵੇਗਾ ਜਾਂ ਕੋਈ ਫਾਂਡਾ ? 

ਨਹੀਂ, ਇਸ ਲਈ ਹੀ ਦਵਾਈ ਨੂੰ ਜਾਂ ਤੇ ਇਕ ਕੈਪਸੂਲ ਵਿਚ ਭਰਿਆ ਜਾਂਦੈ (ਜਿਹੜਾ ਜੈਲਾਟੀਨ ਦਾ ਬਣਿਆ ਹੁੰਦੈ) ਜਿਸ ਉੱਤੇ  ਢਿੱਡ ਦੇ ਐਸਿਡ ਦਾ ਕੋਈ ਅਸਰ ਨਹੀਂ ਹੁੰਦਾ ਜਾਂ ਫੇਰ ਉਸ ਗੋਲੀ ਉੱਤੇ ਇਕ ਕੋਟਿੰਗ ਲਾ ਦਿੱਤੀ ਜਾਂਦੀ ਏ ਜਿਸ ਨੂੰ Enteric-coated Tablet ਕਹਿੰਦੇ ਨੇ ਤੇ ਓਹ ਵੀ ਇਸ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਉਹ ਵੀ ਢਿੱਡ ਤੋਂ ਸਬੂਤੀ ਅੱਗੇ ਲੰਘ ਜਾਵੇ ਤੇ ਅੱਗੇ ਜਾ ਕੇ ਘੁਲ ਕੇ ਢੁਕਵਾਂ ਅਸਰ ਪੈਦਾ ਕਰ ਸਕੇ।

ਇਕ ਗੱਲ ਹੋਰ ਧਿਆਨ ਚ' ਰੱਖਿਆ ਕਰੋ - ਦਵਾਈ ਕਦੇ ਵੀ ਚੰਗੀ ਕੰਪਨੀ ਦੀ ਲਿਆ ਕਰੋ ਜਿਹੜੀ ਪੈਕਿੰਗ ਵਿਚ ਆਉਂਦੀ ਹੋਵੇ, ਤੇ ਹਮੇਸ਼ਾ ਉਸ ਦਾ ਬਿੱਲ ਵੀ ਲੈਣਾ ਜ਼ਰੂਰੀ ਹੈ - ਘਟਿਆ ਤੇ ਮਿਲਾਵਟੀ ਦਵਾਈਆਂ ਨੇ ਨੱਥ ਪਾਉਣ ਦਾ ਇਹ ਇਕ ਸੌਖਾ ਤਰੀਕਾ ਹੈ ਜਿਹੜਾ ਤੁਸੀਂ ਕਰ ਸਕਦੇ ਹੋ, ਬਾਕੀ ਸਰਕਾਰਾਂ ਤੇ ਆਪਣਾ ਕੰਮ ਕਰ ਹੀ ਰਹੀਆਂ ਜੇ, ਜਿਸ ਤੋਂ ਤੁਸੀਂ ਸਾਰੇ ਜਾਣੂ ਹੀ ਹੋ!!

ਖੁੱਲੇ ਕੈਪਸੂਲਾਂ ਤੋਂ ਧਿਆਨ ਆਇਆ - ਬਚਪਨ ਦੇ ਦਿਨਾਂ ਦੀ ਗੱਲ ਹੀ - ਸਾਡਾ ਯਾਰ ਸੀ ਕਾਲਾ - ਅਸੀਂ ਸਾਰੇ ਇਕੱਠੇ ਹੀ ਖੇਡਣਾ ਹੁੰਦਾ ਸੀ - ਉਹ ਕਈ ਵਾਰੀ ਬੜਾ ਦੇਰ ਨਾਲ ਆਉਂਦਾ ਸੀ - ਜਦੋਂ ਉਸ ਕੋਲੋਂ ਪੁੱਛੋਂ ਹਾਂ ਬਈ ਕਾਲੇ ਅੱਜ ਫੇਰ ਐਨੀ ਦੇਰ! ਉਹ ਕਹਿੰਦਾ - ਕੁਝ ਨਹੀਂ ਯਾਰ, ਅੱਜ ਦਾਰ ਜੀ ਨੇ ਕੈਪਸੂਲ ਭਰਨ ਤੇ ਲਾ ਦਿੱਤਾ, ਉੱਠਣ ਹੀ ਨਹੀਂ ਦਿੱਤਾ।

ਇਹ ਕੈਪਸੂਲ ਭਰਨ ਵਾਲਾ ਕੰਮ ਆਖਿਰ ਹੈ ਕੀ ਸੀ ? 

ਜਦੋਂ ਅਸੀਂ ਵੱਡੇ ਹੋਏ ਤਾਂ ਸਾਨੂੰ ਪਤਾ ਲੱਗਾ ਕਾਲੇ ਦੇ ਦਾਰ ਜੀ ਬਜ਼ਾਰੋਂ 20-25 ਰੁਪਈਏ ਦੇ ਹਜ਼ਾਰ ਖਾਲੀ ਕੈਪਸੂਲਾਂ ਦੇ ਖੋਲ ਲੈ ਕੇ ਆਉਂਦੇ ਨੇ ਤੇ ਫੇਰ ਕਾਲੇ ਨੂੰ ਨਾਲ ਬਿਠਾ ਕੇ ਉਹਨਾਂ ਕੈਪਸੂਲਾਂ ਵਿੱਚ ਮਿੱਠਾ ਸੋਡਾ ਤੇ ਬੂਰਾ ਸ਼ੱਕਰ ਭਰਦੇ ਨੇ - ਉਹ ਇਕ ਆਰ.ਐੱਮ.ਪੀ ਡਾਕਟਰ ਵੱਜੋਂ ਨਾਲ ਦੇ ਪਿੰਡਾਂ ਵਿੱਚ ਜਾ ਜਾ ਕੇ ਸੇਵਾ (ਇਹ ਕਿਹੜੀ ਸੇਵਾ ਵਰਗੀ ਸੇਵਾ ਹੋਈ!!) ਕਰਦੇ ਸਨ, ਬੜੇ ਹੀ ਮਜ਼ਾਕੀਆ ਸਨ, ਹੱਸਦੇ ਹੱਸਦੇ ਸਾਡੇ ਨਾਲ ਗੱਲਾਂ ਕਰਦੇ - ਸਾਨੂੰ ਦੱਸਿਆ ਕਰਦੇ ਕਿ ਮਰੀਜ ਮੇਰੇ ਅਜਿਹੇ ਨੇ-  ਬਿਲਕੁਲ ਚਿੱਟੇ ਅਨਪੜ੍ਹ - ਜਿੰਨੂ ਵੇਖੋ, ਸਾਨੂੰ ਕੈਪਸੂਲ ਦਿਓ , ਸਾਨੂੰ ਕੈਪਸੂਲ ਦਿਓ - ਇਸ ਕਰ ਕੇ ਮੈਂ ਡੱਬਾ ਭਰ ਕੇ ਰੱਖਦਾ ਹਾਂ - ਤਾਂ ਜੋ ਕਿਸੇ ਵੀ "ਲੋੜਵੰਦ" ਦਾ ਮੱਥਾ ਡੰਮ ਸਕਾਂ ਤੇ ਉਹਨਾਂ ਨੂੰ ਕੋਈ ਨੁਕਸਾਨ ਵੀ ਨਾ ਹੋਵੇ - ਬਸ ਮਿੱਠੇ ਸੋਡੇ ਨਾਲ ਹਾਜ਼ਮਾ ਉਹਨਾਂ ਦਾ ਹੋਰ ਠੀਕ ਹੋ ਜਾਉ, ਇਹ ਕਹਿ ਕੇ ਉਹ ਖਿੜ ਖਿੜ ਕਰ ਕੇ ਹੱਸਣ ਲੱਗ ਪੈਂਦੇ!!

ਦਵਾਈਆਂ ਲੈਣ ਦੇ ਹੋਰ ਰਸਤੇ 

ਅੱਛਾ ਇਕ ਹੋਰ ਗੱਲ ਵੀ ਸਾਂਝੀ ਕਰਨੀ ਜ਼ਰੂਰੀ ਹੈ ਕਿ ਦਵਾਈਆਂ ਤਾਂ ਹੋਰ ਵੀ ਰਸਤਿਆਂ ਰਾਹੀਂ ਸ਼ਰੀਰ ਵਿਚ ਘੱਲੀਆਂ ਜਾਂਦੀਆਂ ਨੇ - ਮਿਸਾਲ ਤੇ ਤੌਰ ਤੇ ਤੁਸੀਂ ਵੇਖਿਆ ਹੋਣੈ ਕਿ ਜਿਹੜੇ ਲੋਕੀਂ ਨਸਵਾਰ ਦੇ ਆਦਿ ਹੁੰਦੇ ਨੇ ਉਹ ਕਿਵੇਂ ਨਾਸਾਂ ਰਾਹੀਂ ਨਸਵਾਰ ਚਾੜ ਕੇ ਆਪਣਾ ਅਮਲ ਪੂਰਾ ਕਰ ਲੈਂਦੇ ਨੇ - ਇਹ ਤੇ ਕੋਈ ਚੰਗੀ ਉਦਾਹਰਣ ਨਹੀਂ ਸੀ, ਇਹ ਤੇ ਜ਼ਹਿਰ ਸੁੰਘ ਕੇ ਆਪਣੀ ਜ਼ਿੰਦਗੀ ਨਾਲ ਖੇਡਣ ਵਾਲੀ ਗੱਲ ਹੋ ਗਈ - ਪਰ ਤੁਸੀਂ ਇਹ ਤੇ ਦੇਖਿਆ ਹੀ ਹੋਣੈ ਕਿ ਜਿਹੜੇ ਲੋਕਾਂ ਨੂੰ ਦਮੇ ਦੀ ਬਿਮਾਰੀ ਹੁੰਦੀ ਏ, ਉਹ ਕਿਵੇਂ ਪੰਪ ਰਾਹੀਂ ਲੌੜੀਂਦੀ ਦਵਾਈ ਸਾਹ ਨਾਲ ਅੰਦਰ ਖਿੱਚਦੇ ਨੇ ਤੇ ਓਸੇ ਵੇਲੇ ਦਮੇ ਦੇ ਅਟੈਕ ਤੋਂ ਆਰਾਮ ਪਾ ਲੈਂਦੇ ਨੇ. ਅੱਜ ਕਲ ਤਾਂ ਸ਼ੁਗਰ ਦੇ ਰੋਗੀਆਂ ਲਈ ਸੁੰਘਣ ਵਾਲੀ ਦਵਾਈ (ਇਨਸੁਲਿਨ) ਤੇ ਵੀ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹੈ - ਮੈਨੂੰ ਨਹੀਂ ਪਤਾ ਸ਼ਾਇਦ ਬਾਜ਼ਾਰ ਵਿਚ ਅਜੇਹੀ ਇਨਸੁਲਿਨ ਮਿਲਣ ਵੀ ਲੱਗ ਪਈ ਹੋਵੇ!!

ਮਰੀਜਾਂ ਦਾ ਤੇ  ਮੈਂ ਬੜਾ ਤਵਾ ਲੈ ਲਿਐ  ਕਿ ਉਹ ਇੰਞ ਕਰਦੇ ਨੇ ਤੇ ਉਹ ਉਂਝ ਕਰਦੇ ਨੇ, ਪਰ ਦਵਾਈ ਨੂੰ ਸ਼ਰੀਰ ਅੰਦਰ ਘੱਲਣ ਦੇ ਇਕ ਹੋਰ ਰਸਤੇ ਬਾਰੇ ਗੱਲ ਕਰਾਂਗਾ ਤੇ ਇਕ ਡਾਕਟਰ ਦਾ ਵੀ ਤਵਾ ਲਾ ਕੇ ਇਸ ਲੇਖ ਨੂੰ ਖਤਮ ਕਰਾਂਗਾ।  

ਦੋ ਕੁ' ਸਾਲ ਪਹਿਲਾਂ ਮਾਂ ਬੜੀ ਬਿਮਾਰ ਹੋ ਗਈ - ਚੰਗੀ ਭਲੀ ਹੱਸਦੀ ਖੇਡਦੀ ਲਿਖਣ ਪੜਨ ਤੇ ਸਿਲਾਈ ਕਢਾਈ ਵਿੱਚ ਹਮੇਸ਼ਾ ਰੁੱਝੀ ਰਹਿਣ ਵਾਲੀ ਮਾਂ ਨੂੰ ਭੁੱਖ ਲੱਗਣੀ ਬੰਦ ਹੋ ਗਈ - ਵਜ਼ਨ ਘੱਟਣ ਲੱਗਾ ਤੇਜ਼ੀ ਨਾਲ - ਪਰ ਫੇਰ ਵੀ ਮਜ਼ਾਕ ਕਰਨੋ ਬਾਜ ਨਾ ਆਉਂਦੀ - ਕਹਿੰਦੀ ਇਕ ਦਿਨ, ਬਿੱਲਿਆ, ਵੇਖੀ ਕਿਤੇ ਮੈਂ ਇੰਝ ਹੀ ਘਿਸਦੀ ਘਿਸਦੀ ਗਾਇਬ ਹੀ ਨਾ ਹੋ ਜਾਵਾਂ! ਮਾਂ ਦੇ ਮੁੰਹ ਵਿਚੋਂ ਇਹ ਗੱਲ ਸੁਣ ਕੇ ਮੈਂ ਤੇ ਛੋਟਾ ਮੁੰਡਾ ਮਾਂ ਦੇ ਹਾਸੇ ਵਿਚ ਝੂਠੀ ਮੂਠੀ ਸ਼ਾਮਿਲ ਤੇ ਹੋ ਗਏ, ਪਰ ਮੈਂ ਅੰਦਰ ਤੱਕ ਕੰਬ ਗਿਆ!

ਮਾਂ ਨੂੰ ਹੋਇਆ ਕੀ ਸੀ ? 

ਸਾਰੇ ਟੈਸਟ ਹੋਏ ਮਾਂ ਦੇ, ਆਖ਼ਰ ਪਤਾ ਲੱਗਾ ਕਿ ਮਾਂ ਨੂੰ ਪੈਂਕ੍ਰਿਯਾ ਗ੍ਰੰਥੀ ਵਿੱਚ ਗੰਢ ਹੈ ਜਿਹੜੀ ਆਸੇ ਪਾਸੇ ਫੈਲ ਚੁੱਕੀ ਹੈ , ਇਲਾਜ ਕੁਛ ਨਹੀਂ ਹੈ. ਬਸ ਸੇਵਾ ਹੀ ਹੈ! (ਇਹੋ ਤਕਲੀਫ ਗੋਆ ਦੇ ਮੁੱਖ ਮੰਤਰੀ ਨੂੰ ਵੀ ਹੋਈ ਸੀ !!) - ਫੇਰ ਵੀ ਓਹੀਓ ਗੱਲ ਹੈ ਜਦ ਤਕ ਸਾਹ ਤੱਦ ਤੱਕ ਆਸ! ਵਿਚਾਰੀ ਨੂੰ ਲੈ ਕੇ ਜਗ੍ਹਾ ਜਗ੍ਹਾ ਧੱਕੇ ਖਾਦੇ - ਅਸੀਂ ਤੇ ਕੀ ਖਾਦੇ ਉਸ ਨੂੰ ਐੱਡੀ ਦਰਦ ਦੀ ਹਾਲਤ ਵਿੱਚ ਖ਼ਵਾਏ - ਉਸ ਨੂੰ ਢਿੱਡ ਤੇ ਪਿੱਠ ਵਿਚ ਇੰਨੀ ਤੇਜ਼ ਦਰਦ ਹੁੰਦੀ ਰਹਿੰਦੀ ਕਿ ਹਰ ਵੇਲੇ ਗਰਮ ਪਾਣੀ ਦੀ ਟਕੋਰ ਹੀ ਕਰਦੀ ਰਹਿੰਦੀ - ਐਂਨੀ ਟਕੋਰ ਨਾਲ ਉਹਨਾਂ ਦਾ ਢਿੱਡ ਹੀ ਜਿਵੇਂ ਸੜ ਗਿਆ - ਢਿੱਡ ਦੀ ਉਪਰਲੀ ਸਾਰੀ ਚਮੜੀ ਕਾਲੀ ਧੂਤ ਹੋ ਗਈ - ਦਰਦਾਂ ਐੱਡਿਆਂ ਕਿ ਇਕ ਬੜੀ ਸਟਰਾਂਗ ਜਿਹੀ ਦਵਾਈ ਜਿਸ ਵਿੱਚ ਨਸ਼ਾ ਵੀ ਹੁੰਦੈ ਉਹ ਉਹਨਾਂ ਨੂੰ ਦਿਨ ਵਿਚ ਤਿੰਨ ਚਾਰ ਵਾਰ ਲੈਣੀ ਪੈਂਦੀ - ਬਸ ਹੋ ਹਰ ਵੇਲੇ ਸੁੱਤੀ ਰਹਿੰਦੀ, ਦਵਾਈ ਲੈਣ ਲਈ ਹੀ ਉੱਠਦੀ!

ਬਿਮਾਰੀ ਦਾ ਪਤਾ ਲੱਗਣ ਤੋਂ ਡੇਢ ਦੋ ਮਹੀਨੇ ਬਾਅਦ ਉਸ ਨਸ਼ੇ ਵਾਲੀ ਦਰਦ ਦੀ ਦਵਾਈ ਨੇ ਵੀ ਜਿਵੇਂ ਆਪਣਾ ਕੰਮ ਕਰਨਾ ਬੰਦ ਕਰ ਦਿੱਤਾ , ਫੇਰ ਇਕ ਦਵਾਈ ਜਿਸ ਨੂੰ ਮਾਰਫਿਨ ਕਹਿੰਦੇ ਨੇ, ਉਸ ਦੇ ਪੈਚ ਉਹਨਾਂ ਨੂੰ ਲਾਉਣ ਦੀ ਸਲਾਹ ਦਿੱਤੀ ਗਈ।

ਪੈਚ ਮਤਲਬ ਜਿਵੇਂ ਸੱਟ ਤੇ ਲਗਾਉਣ ਵਾਲੀ ਪੈਚ ਹੁੰਦੈ ਬੈਂਡ-ਐਡ ਵਰਗਾ , ਓਹੋ ਜੇਹਾ ਪੈਚ ਜਿਸ ਉੱਤੇ ਮੌਰਫੀਨ ਦੀ ਦਵਾਈ ਲੱਗੀ ਹੁੰਦੀ -

ਕਿੰਨੀ ? 

ਇਕ ਗ੍ਰਾਮ ਦਾ ਲਖਵਾਂ ਹਿੱਸਾ ਜਾਂ ਇਸ ਤੋਂ ਵੀ ਘੱਟ ! (ਮੇਰੇ ਹਿਸਾਬ ਬੜਾ ਕਮਜ਼ੋਰ ਹੈ!!) -  ਇਕ ਛੋੱਟਾ ਜੇਹਾ ਪੈਚ 500-600 ਰੁਪਈਏ ਦਾ ਆਉਂਦੈ। ਇਹ ਗਿਣੇ ਚੁਣੇ ਹੌਸਪੀਟਲਾਂ ਵਿਚੋਂ ਹੀ ਮਿਲਦੇ ਨੇ, ਬਾਹਰ ਦਵਾਈ ਵਾਲੀ ਦੁਕਾਨ ਤੋਂ ਨਹੀਂ - ਇਸ ਨੂੰ ਮਰੀਜ ਦੀ ਛਾਤੀ ਉੱਤੇ ਮੋਢੇ ਦੇ ਕੋਲ ਲਾਉਣਾ ਹੁੰਦੈ - ਮੈਨੂੰ ਡਾਕਟਰ ਨੇ ਉਸ ਨੂੰ ਲਾਉਣਾ ਸਿਖਾ ਦਿੱਤਾ - ਇਸ ਦਾ ਅਸਰ 48 ਘੰਟੇ ਰਹਿੰਦਾ ਹੈ!! ਬਸ ਉਸ ਨੂੰ ਗਿੱਲਾ ਨਹੀਂ ਹੋਣ ਦੇਣਾ ਹੁੰਦਾ!!

ਜਦੋਂ ਪਹਿਲੇ ਦਿਨ ਇਹ ਪੈਚ ਮਾਂ ਨੂੰ ਲੱਗਾ, ਮਾਂ ਨੂੰ ਜਿਵੇਂ ਠੰਡ ਪੈ ਗਈ - ਥੋੜਾ ਖਾਦਾ ਪੀਤਾ ਵੀ- ਪਰ ਇਹ ਕੀ ? ਮਾਂ ਤੇ ਹਰ ਵੇਲੇ ਬਿਲਕੁਲ ਘੂਕ ਸੁੱਤੀ ਰਹਿਣ ਲੱਗ ਪਈ - ਭੈਣ ਆਈ ਹੋਈ ਸੀ, ਉਹ ਕਹਿੰਦੀ ਮਾਂ ਦੇ ਕੰਨ ਕੋਲ ਜਾ ਕੇ - ਇਹ ਕੀ, ਬੀਜੀ, ਤੁਹਾਡੀ ਧੀ ਆਈ ਏ ਏੰਨੀ ਦੂਰੋਂ, ਤੁਸੀਂ ਗੱਲ ਹੀ ਨਹੀਂ ਕਰਦੇ!!  ਭੈਣ ਮੈਨੂੰ ਕਹਿੰਦੀ ਕਿ ਆਪਾਂ ਬੀਜੀ ਨੂੰ ਕਦੇ ਇਸ ਤਰ੍ਹਾਂ ਲੰਮੇ ਪਏ ਵੇਖਿਆ ਹੀ ਨਹੀਂ - ਸਵੇਰੇ ਤੋਂ ਸ਼ਾਮ ਭੱਜਦੇ ਨੱਠਦੇ ਖੁਸ਼ੀ ਖੁਸ਼ੀ ਕੰਮ ਕਰਦਿਆਂ ਹੀ ਵੇਖਿਐ!!

ਇੱਕ ਦਿਨ ਮੈਂ ਉਸ ਡਾਕਟਰ ਕੋਲ ਗਿਆ - ਹੋਰ ਪੈਚ ਲੈਣੇ ਸੀ - ਬੜਾ ਵੱਡਾ ਡਾਕਟਰ ਸੀ - ਵੱਡਾ ਪ੍ਰੋਫੈਸਰ - ਆਸੇ ਪਾਸੇ ਉਸ ਦੇ ਹੋਰ ਵੀ ਡਾਕਟਰ ਸੀ ਉਸ ਦੇ ਚੈਂਬਰ ਵਿਚ - ਦੇਸ਼ ਦਾ ਮੰਨਿਆ ਪ੍ਰਮੰਨਿਯਾ ਡਾਕਟਰ - ਰਿਟਾਇਰ ਹੋਣ ਦੇ ਕੰਢੇ ਤੇ ਹੀ ਹੋਵੇਗਾ - ਪਰ ਉਸ ਨਾਲ ਕਿ ਹੁੰਦੈ!! - ਜੇਕਰ ਕਿਸੇ ਇਨਸਾਨ ਨੂੰ ਗੱਲ ਕਰਨ ਦੀ ਅਕਲ ਨਹੀਂ ਤੇ ਸਾਰੀਆਂ ਪੜ੍ਹਾਈਆਂ ਲਿਖਾਈਆਂ ਤੇ ਵੱਡੇ ਵੱਡੇ ਓਹਦੇ ਸਵਾ ਨੇ, ਅਜਿਹੀਆਂ ਪੜ੍ਹਾਈਆਂ ਨੂੰ ਕਿਸੇ ਨੇ ਫੂਕਨੈ!! ਖਾਸ ਕਰ ਕੇ ਜਦੋਂ ਤੁਹਾਡਾ ਪਾਲਾ ਅਜਿਹੇ ਮਰੀਜ਼ਾਂ ਨਾਲ ਪੈਣਾ ਹੋਵੇ ਜਿੰਨਾ ਬਾਰੇ ਜੇ ਤੁਹਾਨੂੰ ਪਤਾ ਹੈ ਤਾਂ ਅੰਦਰੋਂ ਉਹ ਵੀ ਤੇ ਉਹਨਾਂ ਦੇ ਰਿਸ਼ਤੇਦਾਰ ਵੀ ਜਾਣਦੇ ਹਨ, ਉਹ ਤੁਹਾਡੇ ਕੋਲ ਕੁਝ ਠਾਰ/ ਸੁਕੂਨ ਲੱਭਣ ਆਉਂਦੇ ਨੇ!! 

ਉਸ ਦਿਨ ਗੱਲ ਇਹ ਹੋਈ ਕਿ ਉਸ ਦੇ ਪੁੱਛਣ ਤੇ ਮੈਂ ਦੱਸਿਆ ਕਿ ਪੈਚ ਨਾਲ ਦਰਦ ਦਾ ਤੇ ਆਰਾਮ ਰਹਿੰਦੈ ਪਰ ਬੜੀ ਘੂਕੀ ਚੜੀ ਰਹਿੰਦੀ ਹੈ ਉਹਨਾਂ ਨੂੰ - ਪੈਣ ਸੱਟੇ ਅੱਗੋਂ ਕਹਿੰਦੈ - ਦੇਖੀਂ, ਕਿਤੇ ਮਾਤਾ ਸੁੱਤੀ ਦੀ ਸੁੱਤੀ ਨਾ ਰਹਿ ਜਾਵੇ!" 

ਉਸ ਦੀ ਇਹ ਗੱਲ ਸੁਣ ਕੇ ਮੈਨੂੰ ਇੰਨਾ ਵੱਟ ਚੜਿਆ ਕਿ ਮੈਂ ਦੱਸ ਨਹੀਂ ਸਕਦਾ - ਇੰਝ ਤੇ ਕੋਈ ਅਨਪੜ੍ਹ ਵੀ ਨਾ ਕਹੇ, ਤੇਰੀਆਂ ਇੰਨੀਆਂ ਵੱਡੀਆਂ ਡਿਗਰੀਆਂ ਕਿਸ ਕੰਮ ਦੀਆਂ, ਜੇਕਰ ਤੈਨੂੰ ਬੋਲਣ ਦੀ ਹੀ ਅਕਲ ਨਹੀਂ, ਤੂੰ ਐਵੇਂ ਹੀ ਰੱਬ ਬਣਿਆ ਬੈਠੇਂ, ਤੂੰ ਕਿਹੜਾ 160 ਸਾਲਾਂ ਦਾ ਪਟਾ ਲਿਖਵਾ ਕੇ ਆਇਐਂ, ਸੁੱਤੇ ਸੁੱਤੇ ਤੇ ਹਰ ਇੱਕ ਨੇ ਸੋ ਹੀ ਜਾਣੈ ਇਕ ਦਿਨ- ਇਹ ਖਿਆਲ ਉਸ ਵੇਲੇ ਮੈਨੂੰ ਉਸ ਦੇ ਚੈਂਬਰ ਤੋਂ ਬਾਹਰ ਨਿਕਲਦੇ ਆਇਆ !!

ਬਸ ਫੇਰ ਉਸ ਡਾਕਟਰ ਨੂੰ ਜਾ ਕੇ ਖੇਚਲ ਦੇਣ ਦੋ ਲੋੜ ਹੀ ਨਾ ਪਈ - ਥੋੜੇ ਜਿਹੇ ਹੀ ਪੈਚ ਅਜੇ 15-20 ਦਿਨ ਹੀ ਮੁਸ਼ਕਿਲ ਨਾਲ ਲਾਏ ਹੋਣਗੇ ਕਿ ਮਾਂ ਹਰ ਵੇਲੇ ਨਿਢਾਲ ਹੋ ਕੇ ਪਈ ਰਹੇ, ਬਿਲਕੁਲ ਅੱਧਮੋਆਂ ਵਾਂਗ - ਉਹ ਪੈਚ ਓਥੇ ਹੀ ਪਏ ਰਹੇ - ਉਸ ਦੀ ਹਾਲਤ ਦੇਖ ਕੇ ਅਸੀਂ ਆਪੇ ਹੀ ਉਹ ਪੈਚ ਲਾਉਣੇ ਬੰਦ ਕਰ ਦਿੱਤੇ - ਫੇਰ ਓਹੀਓ ਦਰਦ ਦੀਆਂ  ਗੋਲੀਆਂ ਦੇਣ ਲੱਗ ਪਏ - ਬਸ ਇੰਝ ਹੀ ਦਰਦ ਵਿਚ ਤੜਫਦੀ ਮਾਂ ਉਡਾਰੀ ਮਾਰ ਉੱਡ ਗਈ - ਅਕਾਲ ਚਲਾਣੇ ਤੋਂ ਦੋ ਦਿਨ ਪਹਿਲਾਂ ਮੇਰੇ ਸਿਰ ਉੱਤੇ ਹੱਥ ਰੱਖ ਕੇ ਆਖਰੀ ਵਾਰ ਇਹ ਸੁਨੇਹਾ ਦੇ ਗਈ - "ਬਿੱਲੇ, ਦੇਖ, ਮਾਂ ਪਿਓ ਕਿਸ ਦੇ ਹਮੇਸ਼ਾ ਥੋੜੇ ਬੈਠੇ ਰਹਿੰਦੇ ਨੇ, ਇਸ ਲਈ ਦਿਲ ਨੂੰ ਵੱਡਾ ਰੱਖੀਦਾ ਏ!" ਜਾਂਦੀ ਜਾਂਦੀ ਵਾਰੀ ਉਸ ਦੀ ਆਖੀ ਇਹ ਗੱਲ ਮੇਰੇ ਸਾਰੇ ਹੰਝੂ ਪੂੰਝ ਗਈ ਜਿਵੇਂ!!

ਮਾਂ ਵਾਲੀ ਇਹ ਗੱਲ ਇਥੇ ਲਿਖਣ ਦਾ ਮੇਰਾ ਕਾਰਨ ਤੁਹਾਨੂੰ ਪੈਚ ਰਾਹੀਂ ਦਵਾਈ ਸ਼ਰੀਰ ਵਿੱਚ ਘੱਲਣ ਬਾਰੇ ਜਾਣੂ ਕਰਵਾਉਣਾ ਸੀ. ਜੀਂਦੇ ਵਸਦੇ ਰਹੋ!!

Monday, 14 October 2019

ਜ਼ਿੰਦਗੀ ਦਾ ਸਾਰ ਤਾਂ ਇਹਿਓ ਹੈ!

ਨਦੀ ਦੇ ਕੰਢੇ ਤੇ ਬੈਠਾ ਇੱਕ ਮਛਿਆਰਾ ਬੜੇ ਆਰਾਮ ਨਾਲ ਆਪਣੇ ਜਾਲ ਵਿੱਚ ਸ਼ਿਕਾਰ ਫੱਸਣ ਦਾ ਇੰਤਜ਼ਾਰ ਕਰ ਰਿਹਾ ਸੀ। ਇੰਨੇ ਨੂੰ ਇਕ ਮੇਰੇ ਵਰਗਾ ਪੜ੍ਹਿਆ ਲਿਖਿਆ ਕਮਲਾ, ਜਿਹੜਾ ਮੇਰੇ ਵਾਂਗ ਸਿਆਣਾ ਕਾਂ ਦਿੱਸ ਰਿਹਾ ਸੀ ਓਧਰੋਂ ਲੰਘਿਆ।

ਉਸ ਕੋਲੋਂ ਉਸ ਮਛਿਆਰੇ ਦੀ ਭੋਲੀ ਭਾਲੀ ਮਸਤੀ ਸ਼ਾਇਦ ਜਰੀ ਨਾ ਗਈ, ਓਹਨੂੰ ਲੱਗਾ ਕਿ ਇਹ ਬੰਦਾ ਤਾਂ ਵੇਖੋ, ਬਿਲਕੁਲ ਫ਼ਟੇਹਾਲ ਜਿਹਾ, ਇੰਨ੍ਹੇ ਛੋਟੇ ਜਿਹੇ ਕੰਮ ਵਿੱਚ ਐਡਾ ਖੁਸ਼ ਕਿਵੇਂ ਹੋ ਸਕਦੈ, ਮਸਤੀ ਨਾਲ ਰੇਡੀਓ ਤੇ ਗਾਨੇ ਸੁਣ ਰਿਹੈ, ਇਹ ਵੀ ਨਹੀਂ ਪਤਾ ਕਿ ਜਾਲ ਵਿੱਚ ਕੋਈ ਮੱਛੀ ਫੱਸਣੀ ਵੀ ਏ ਕਿ ਨਹੀਂ, ਫੇਰ ਵੀ ਇਸ ਦੇ ਚੇਹਰੇ ਤੇ ਕੋਈ ਸ਼ਿਕਨ ਨਹੀਂ, ਸਗੋਂ ਐਡਾ ਖਿੜਿਆ ਚੇਹਰਾ ਹੈ ਇਸ ਦਾ! ਓਹ ਸਿਆਣਾ ਕਾਂ ਸੋਚਦੈ ਕਿ ਮੇਰੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਸਾਰੇ ਦੇਸ਼ਾਂ ਚ' ਘੁੰਮਦਾ ਰਹਿੰਦਾ ਹਾਂ, ਫੇਰ ਵੀ ਹਰ ਵੇਲੇ ਮੰਨ ਵਿੱਚ ਇਕ ਭੜੱਕੀ ਜਿਹੀ ਲੱਗੀ ਰਹਿੰਦੀ ਹੈ, ਤ੍ਰੇਹ ਲੱਗੀ ਰਹਿੰਦੀ ਹੈ ਤੇ ਆਪਣੀ ਅਪਾਰ ਦੌਲਤ ਦੇ ਖੁਸਣ ਦਾ ਡਰ ਜਿਹਾ ਲੱਗਾ ਰਹਿੰਦੈ!!

ਇਹ ਗੱਲਾਂ ਓਥੇ ਖੜਾ ਖੜਾ ਆਪਣੇ ਆਪ ਨਾਲ ਓਹ ਕਰੀ ਜਾ ਰਿਹਾ ਸੀ,  ਫੇਰ ਓਹਨੂੰ ਲੱਗਾ ਕਿ ਉਸ ਕੋਲ ਤੇ ਐਨਾਂ ਕੁੱਛ ਹੈ, ਅਜਿਹੇ ਲੋੜਵੰਦ ਦੀ ਬਾਂਹ ਫੜਣੀ ਚਾਹੀਦੀ ਹੈ!

ਉਹ ਉਸ ਮਛਿਆਰੇ ਕੋਲ ਜਾ ਖੜਦੈ ਤੇ ਉਸ ਨੂੰ ਕਹਿੰਦੈ - "ਤੂੰ ਇਸ ਕੰਮ ਨੂੰ ਅੱਗੇ ਵੀ ਤੇ ਵਧਾ ਸਕਦੈ! ਕੀ ਅਜਿਹੀ ਸੁਨਸਾਨ ਜਗ੍ਹਾ ਚ' ਮੱਛੀਆਂ ਦੀ ਉਡੀਕ ਵਿੱਚ ਆਪਣੀ ਜ਼ਿੰਦਗੀ ਨੂੰ ਝੰਡ ਕਰ ਰਿਹਾ ਏਂ, ਤੈਨੂੰ ਪਤਾ ਹੈ ਦੁਨੀਆ ਕਿਥੇ ਦੀ ਕਿਥੇ ਪਹੁੰਚ ਚੁਕੀ ਹੈ, ਤੂੰ ਵੀ ਅਗਾਂਹ ਵੱਧਣ ਦੀ ਸੋਚ ਕਰ, ਕੁਝ ਅਗਾਂਹ ਦੀ ਫਿਕਰ ਕਰ!!"

ਮਛਿਆਰਾ ਉਸ ਦੀਆਂ ਗੱਲਾਂ ਸੁਣ ਕੇ ਹੱਸਣ ਲੱਗਾ ਤੇ ਅੱਗੋਂ ਕਹਿੰਦੈ - "ਨਾ, ਜਨਾਬ , ਮੈਂ ਇੰਝ ਹੀ ਠੀਕ ਹਾਂ !"

"ਇਹੋ ਤੇ ਤੇਰੇ ਵਰਗਿਆਂ ਨੂੰ ਮਾਰ ਹੈ, ਕਿਸੇ ਦੀ ਸੁਣਦੇ ਨਹੀਂ ਤੁਸੀਂ ਲੋਕੀਂ, ਮੈਂ ਤੈਨੂੰ ਆਪਣੇ ਇਸ ਛੋਟੇ ਜਿਹੇ ਕੰਮ ਨੂੰ ਵੀ ਐੱਡੀ ਮੇਹਨਤ ਨਾਲ ਕਰਦਿਆਂ ਦੇਖਿਆ ਤਾਂ ਮੇਰਾ ਦਿਲ ਕਰ ਆਇਆ ਏ ਕਿ ਮੈਂ ਤੇਰੀ ਮਦਦ ਕਰਾਂ, ਪਰ ਤੂੰ ਤੇ ਗੱਲ ਹੀ ਨਹੀਂ ਸੁਣ ਰਿਹਾ!!

"ਦੱਸੋ, ਤੁਸੀਂ ਕਿਵੇਂ ਮੇਰੀ ਮਦਦ ਕਰਣਾ ਚਾਹੁੰਦੇ ਹੋ? "

"ਮੈਨੂੰ ਇੰਝ ਲੱਗਦਾ ਹੈ ਕਿ ਤੂੰ ਇੱਥੇ ਬੈਠੇ ਬੈਠੇ ਜਿਵੇਂ ਆਪਣੀ ਜ਼ਿੰਦਗੀ ਰੋੜ ਰਿਹੈਂ!! ਚੱਲ ਮੈਂ ਤੈਨੂੰ ਇਕ ਬੇੜੀ ਲੈ ਕੇ ਦਿੰਦਾ ਹਾਂ, ਤੂੰ ਉਸ ਵਿੱਚ ਬਹਿ ਕੇ ਨਦੀ ਦੇ ਵਿੱਚ ਜਾ ਕੇ ਬਹੁਤੀਆਂ ਮੱਛੀਆਂ ਫੜ ਕੇ ਲਿਆ ਸਕਦੈਂ!"

"ਓਹਦੇ ਨਾਲ ਕਿ ਹੋ ਜਾਉ?" ਮਛਿਆਰੇ ਨੇ ਪੁੱਛਿਆ।

"ਓਏ ਕਮਲਿਆ, ਇਹ ਵੀ ਹੁਣ ਤੈਨੂੰ ਦੱਸਣਾ ਪਉ, ਜਦੋਂ ਜ਼ਿਆਦਾ ਮੱਛੀਆਂ ਫੜ ਕੇ ਲਿਆਵੇਂਗਾ ਤਾਂ ਬਹੁਤ ਪੈਸੇ ਤੇਰੇ ਕੋਲ ਹੋ ਜਾਵੇਗਾ!!"

"ਉਸ ਪੈਸੇ ਦਾ ਮੈਂ ਕਿ ਕਰਾਂਗਾ, ਐਡੇ ਪੈਸੇ ਤਾਂ ਮੈਂ ਕਦੇ ਵੇਖੇ ਹੀ ਨਹੀਂ! "- ਮਛਿਆਰਾ ਕਹਿਣ ਲੱਗਾ।

"ਓਏ ਝੱਲਿਆ, ਪੈਸੇ ਬਹੁਤੇ ਆਉਂਦੇ ਕਿਸੇ ਨੂੰ ਲੜਦੇ ਨਹੀਂ, ਬਹੁਤੇ ਪੈਸੇ ਹੋਣਗੇ ਤੇ ਤੂੰ ਹੋਰ ਬੇੜੀਆਂ ਖਰੀਦ ਲਵੇਂਗਾ ਤੇ ਹੋਰ ਬੰਦੇ ਅੱਗੇ ਰੱਖ ਲਵੇਂਗਾ ਜਿਸ ਨਾਲ ਤੇਰੀ ਕਮਾਈ ਦਿਨੋ ਦਿਨੀ ਵਧਦੀ ਹੀ ਜਾਵੇਗੀ! "

"ਪਰ ਓਹਦੇ ਨਾਲ ਹੋਏਗਾ ਕੀ ?"

"ਅਜੇ ਵੀ ਤੇਰੇ ਪੱਲੇ ਕੁਝ ਨਹੀਂ ਪੈ ਰਿਹਾ, ਜਦੋਂ ਇੰਨੀਆਂ ਕਮਾਈਆਂ ਕਰ ਲਵੇਂਗਾ ਤਾਂ ਫੇਰ ਸਮੁੰਦਰ ਵਿਚ ਮੋਟਰ ਵਾਲੀ ਬੋਟ ਲੈ ਲਵੀਂ, ਫੇਰ ਤੈਨੂੰ ਲੱਖਾਂ ਕਰੋੜਾਂ ਰੁਪਈਏ ਤਾਂ ਬੈਂਕ ਤੋਂ ਕਰਜਾ ਵੀ ਮਿਲ ਜਾਵੇਗਾ, ਹੋਲੀ ਹੋਲੀ ਵੱਡੇ ਵੱਡੇ ਸਟੀਮਰ ਤੇਰੇ ਚੱਲਣਗੇ ਸਮੁੰਦਰ ਵਿਚ, ਗੱਫੇ ਹੀ ਗੱਫੇ, ਹਰ ਪਾਸੇ ਤੇਰੀਆਂ ਗੱਲਾਂ ਹੋਣਗੀਆਂ, ਸਲੂਟਾਂ ਵੱਜਣ ਗੀਆਂ ਜਿੱਥੇ ਜਾਏਂਗਾ!"

"ਪਰ, ਜਨਾਬ, ਓਹਦੇ ਨਾਲ ਹੋਣਾ ਕੀ ਏ, ਤੁਸੀਂ ਕਿਓਂ ਇੰਨੇ ਵੱਲ-ਵਲੇਂਵੇਂ ਪਾ ਕੇ ਗੱਲਾਂ ਕਰਦੇ ਹੋ, ਦੱਸੋ ਤੇ ਸਹੀ ਓਹਦੇ ਨਾਲ ਹੋਵੇਗਾ ਕੀ!"

"ਹੁਣ, ਇਹ ਵੀ ਤੈਨੂੰ ਮੈਂ ਹੀ ਦੱਸਾਂ ਕਿ ਜਦੋਂ ਤੇਰੇ ਕੋਲ ਅਪਾਰ ਦੌਲਤ ਹੋ ਜਾਵੇਗੀ, ਸਮੁੰਦਰਾਂ ਵਿਚ ਤੇਰੇ ਬੇੜੇ ਚੱਲਾਂਗੇ, ਸੱਤ ਸਮੁੰਦਰੋਂ ਪਾਰ ਤੇਰੇ ਕੰਮ ਦੀ ਧਾਕ ਹੋਵੇਗੀ, ਤੈਨੂੰ ਆਪਣੇ ਆਪ ਕੋਈ ਕੰਮ ਕਰਣ ਦੀ ਲੋੜ ਨਹੀਂ ਪਵੇਗੀ! ਤੇਰੇ ਅੱਗੇ ਪਿੱਛੇ ਨੌਕਰ ਚਾਕਰ ਹੋਣਗੇ, ਜਿਹੜੇ ਤੇਰੇ ਇਸ਼ਾਰਿਆਂ ਤੇ ਚੱਲਣਗੇ!" ਧਨਾਢ ਨੇ ਸਿਆਣੇ ਕਾਂ ਵਰਗੀ ਗੱਲ ਕਰ ਹੀ ਦਿੱਤੀ।

"ਤੁਸਾਂ ਮੇਰੀ ਗੱਲ ਦਾ ਜਵਾਬ ਤਾਂ ਅਜੇ ਵੀ ਨਹੀਂ ਦਿੱਤਾ, ਮਾਲਿਕ, ਕੀ ਓਹਦੇ ਨਾਲ ਕੀ ਹੋਉ ?"

ਧਨਾਢ ਨੂੰ ਲੱਗਾ ਇਹ ਤਾਂ ਮੇਰਾ ਦਿਮਾਗ ਖ਼ਰਾਬ ਕਰ ਦਊ - ਫੇਰ ਵੀ ਉਹ ਕਹਿੰਦੈ - "ਓਏ, ਅਕਲ ਦਿਆ ਅੰਨਿਆ, ਜਦੋਂ ਤੇਰਾ ਕਾਰੋਬਾਰ ਇੰਨਾ ਫੈਲ ਜਾਉ ਤਾਂ ਤੈਨੂੰ ਆਰਾਮ ਹੀ ਆਰਾਮ ਮਿਲੇਗਾ। ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਕਿਸੇ ਵੀ ਰਿਸੋਰਟ ਵਿੱਚ ਨਦੀ ਨੇ ਕੰਢੇ ਬਹਿ ਕੇ ਬੁੱਲੇ ਲੁੱਟੀਂ, ਮੌਜਾਂ ਲੁੱਟੀਂ, ਨਾ ਕੋਈ ਫਿਕਰ ਨਾ ਫਾਕੇ!!"

ਮਛਿਆਰਾ ਉਸ ਨੂੰ ਕਹਿੰਦੈ - ਜਨਾਬ, ਮੈਂ ਹੁਣੇ ਇਸ ਵੇਲੇ ਵੀ ਤਾਂ ਓਹਿਓ ਸੱਭ ਕਰ ਰਿਹਾਂ, ਨਦੀ ਦੇ ਕੰਢੇ ਬਹਿ ਕੇ ਅਨੰਦ ਮਾਣ ਰਿਹਾ ਹਾਂ - ਮੈਂ ਬਿਲਕੁਲ ਰੱਜਿਆ ਹੋਇਆ ਹਾਂ - ਤੁਸੀਂ ਮੈਨੂੰ ਕਿਓਂ ਐਵੇਂ ਬਦੋਬਦੀ 99 ਦੇ ਗੇੜ ਵਿੱਚ ਪਾਉਣਾ ਚਾਹੁੰਦੇ ਹੋ, ਮੈਂ ਬਿਲਕੁਲ ਠੀਕ ਹਾਂ ਜੀ, ਤੁਸੀਂ ਕਿਸੇ ਹੋਰ ਜ਼ਰੂਰਤਮੰਦ ਦੀ ਬਾਂਹ ਫੜੋ, ਜਨਾਬ! "

ਇੰਨਾ ਸੁਣਦਿਆਂ ਹੀ ਮੈਂ (ਨਹੀਂ, ਨਹੀਂ, ਉਹ ਧਨਾਢ, ਮੇਰੇ ਵਰਗਾ ਕਮਲਾ ਸਿਆਣਾ ਕਾਂ!!) ਓਥੋਂ ਭੱਜ ਗਿਆ!!

ਦੋਸਤੋ, ਇਹ ਕਹਾਣੀ ਮੈਂ ਅੱਜ ਤੋਂ 25 ਸਾਲ ਪਹਿਲਾਂ ਇੱਕ ਸਤਿਸੰਗ ਵਿੱਚ ਸੁਣੀ ਸੀ, ਇਸ ਨੇ ਮੇਰੇ ਤੋਂ ਬੜਾ ਡੂੰਘਾ ਅਸਰ ਕੀਤਾ। ਕੰਮ ਤੇ ਅਸੀਂ ਸਾਰੇ ਆਪੋ ਆਪਣੇ ਕਰਦੇ ਹੀ ਹਾਂ - ਪਰ ਇਹ ਸੁਣ ਕੇ ਮੈਨੂੰ ਥੋੜੀ ਬਹੁਤ ਸੋਝੀ ਆ ਗਈ. ਅੱਜ ਦਿਲ ਕੀਤਾ ਤੁਹਾਡੇ ਨਾਲ ਵੀ ਇਸ ਨੂੰ ਸਾਂਝਾ ਕਰਾਂ।  ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਆਪਾਂ ਹੱਥ ਤੇ ਹੱਥ ਧਰ ਕੇ ਬਹਿ ਜਾਇਏ, ਬਸ ਆਪਣੇ ਕੰਮ ਵਿੱਚ ਰੁਝੇ ਰਹੀਏ, ਬਹੁਤੀਆਂ ਦੌੜਾਂ ਤੋਂ ਦੂਰ ਹੀ ਰਹੀਏ, ਉਸ ਵਿੱਚ ਹੀ ਚੈਨ ਹੈ, ਸੁਕੂਨ ਹੈ, ਮੌਜ ਹੈ , ਤੁਹਾਡਾ ਕਿ ਖ਼ਿਆਲ ਹੈ.

ਕਿਹੜਾ ਪੰਜਾਬੀ ਗੀਤ ਯਾਦ ਆ ਰਿਹੈ ਤੁਹਾਨੂੰ- ਮੈਨੂੰ ਤੇ ਲਾਜੋ ਫਿਲਮ ਦਾ ਓਹੀ ਯਾਦ ਆ ਗਿਆ - ਰੁੱਖੀ ਸੁੱਕੀ ਖਾ ਜਵਾਨਾ, ਘੜੇ ਦਾ ਪਾਣੀ ਪੀ!!

Sunday, 13 October 2019

ਰੇਲ ਹਾਦਸੇ ਦੀ ਝੂਠੀ ਖ਼ਬਰ !!

ਤਿੰਨ ਚਾਰ ਦਿਨ ਪਹਿਲਾਂ ਰਾਤੀਂ ਦੋ ਕੁ' ਵਜੇ ਦੇ ਕਰੀਬ ਲਖਨਊ ਦੇ ਕੁੱਝ ਰੇਲ ਦੇ ਡਾਕਟਰਾਂ ਨੂੰ ਫੋਨ ਆਇਆ ਕਿ ਫਲਾਣੀ ਫਲਾਣੀ ਗੱਡੀ ਦੀ ਟੱਕਰ ਹੋ ਗਈ ਹੈ - ਰਾਹਤ ਲੈ ਕੇ ਗੱਡੀ ਸਟੇਸ਼ਨ ਤੋਂ ਤੁਰੇਗੀ!

ਕਿਸੇ ਨੂੰ ਦੱਸਣ ਦੀ ਇਹ ਲੋੜ ਨਹੀਂ ਹੁੰਦੀ ਕਿ ਅਜੇਹੀ ਖ਼ਬਰ ਮਿਲਣ ਦੇ ਕਿੰਨੇ ਚਿਰ ਬਾਅਦ ਰਾਹਤ ਅਮਲਾ ਲੈ ਕੇ ਗੱਡੀ ਤੁਰੇਗੀ - ਇਹ ਸਭ ਨੂੰ ਪਤਾ ਹੀ ਹੁੰਦੈ ਕਿ ਦਿਨ ਦਾ ਟੈਮ ਹੈ ਤਾਂ ਖ਼ਬਰ ਮਿਲਣ ਦੇ 20 ਮਿੰਟਾਂ ਵਿੱਚ ਉਹ ਗੱਡੀ ਤੁਰ ਪਵੇਗੀ - ਜੇਕਰ ਰਾਤ ਦਾ ਸਮਾਂ ਹੈ ਤਾਂ ਖ਼ਬਰ ਮਿਲਣ ਦੇ 30 ਮਿੰਟਾਂ ਵਿੱਚ ਉਸ ਗੱਡੀ ਦਾ ਸਟੇਸ਼ਨ ਤੇ ਨਿਕਲਣਾ ਲਾਜ਼ਮੀ ਹੁੰਦੈ।  

ਉਸ ਦਿਨ ਵੀ ਸਾਡੇ ਡਾਕਟਰ ਤੇ ਨਾਲ ਦੂਜਾ ਸਟਾਫ ਡ੍ਰੇਸਰ, ਅਟੈਂਡੈਂਟ ਆਦਿ ਪਹੁੰਚ ਗਏ ਸਟੇਸ਼ਨ ਉੱਤੇ - ਗੱਡੀ ਚੱਲ ਪਈ ਜੀ - ਉਸ ਨੂੰ ਚੱਲਣ ਚ' ਆਪਣੇ ਮਿੱਥੇ ਸਮੇਂ ਤੋਂ 3-4 ਮਿੰਟ ਦੇਰ ਹੋ ਗਈ - ਗੱਡੀ ਚੱਲ ਪਈ - ਗੱਡੀ ਜਦੋਂ 20-25 ਮਿੰਟ ਦਾ ਰਸਤਾ ਚੱਲ ਚੁੱਕੀ ਤਾਂ ਕੰਟਰੋਲ ਆਫਿਸ ਤੋਂ ਗੱਡੀ ਨੂੰ ਵਾਪਸ ਲੈ ਕੇ ਆਉਣ ਲਈ ਕਿਹਾ ਜਾਂਦੈ! 

ਸਭ ਨੂੰ ਪਤਾ ਲੱਗ ਗਿਆ ਕਿ ਇਹ ਰੇਲ ਹਾਦਸੇ ਦੀ ਮਾਕ-ਡਰਿੱਲ ਸੀ - ਮਤਲਬ ਟ੍ਰੇਨ ਹਾਦਸੇ ਦੇ ਖ਼ਬਰ ਝੂਠੀ ਭੇਜ ਕੇ ਰਾਹਤ ਅਮਲੇ ਦੀ ਕਾਰਗੁਜ਼ਾਰੀ ਚੈੱਕ ਕਰਣ ਦਾ ਇੱਕ ਉਪਰਾਲਾ ਸੀ - ਇਹ ਰੇਲ ਮਹਿਕਮੇ ਵਿੱਚ ਆਮ ਗੱਲ ਹੈ - ਇਸ ਨੂੰ ਪੂਰਾ ਗੁਪਤ ਤੇ ਸੁਚੱਜੇ ਢੰਗ ਨਾਲ ਅੰਜਾਮ ਕੀਤਾ ਜਾਂਦੈ।  

ਲੋ ਜੀ ਆ ਗਈ ਟੀਮ ਵਾਪਸ ਆਪਣੇ ਅੱਡੇ ਤੇ - ਹੁਣ ਪੂਰੀ ਤਰ੍ਹਾਂ ਹੁੰਦੀ ਹੈ ਪੜਤਾਲ - ਕੇਹੜਾ ਸਟੇਸ਼ਨ ਤੇ ਕਿੰਨੇ ਵਜੇ ਪੁੱਜਾ ਤੇ ਕੇਹੜਾ ਟ੍ਰੇਨ ਚੱਲਣ ਤੋਂ ਬਾਦ ਪੁੱਜਾ, ਟ੍ਰੇਨ 3-4 ਮਿੰਟ ਲੇਟ ਚੱਲੀ ਤਾਂ ਉਹ ਕਿਸ ਦੇ ਕਾਰਣ ਲੇਟ ਹੋਈ, ਹਰ ਚੀਜ਼ ਖੁਲਦੀ ਹੈ, ਇੱਕ ਇੱਕ ਮਿੰਟ ਦਾ ਹਿਸਾਬ ਹੁੰਦੈ - ਐਵੇਂ ਕਾਗਜ਼ਾਂ ਦਾ ਢਿੱਡ ਭਰਣ ਵਾਸਤੇ ਨਹੀਂ, ਪੂਰੀ ਰਿਪੋਰਟ ਤਿਆਰ ਹੁੰਦੀ ਹੈ - ਬਾਦ ਵਿਚ 2-3 ਦਿਨ ਮੀਟਿੰਗਾਂ ਚਲਦਿਆਂ ਹਨ ਕਿ ਕਿੱਥੇ ਕਮੀ ਰਹੀ, ਕਿਓਂ ਰਹੀ ਤੇ ਉਸ ਨੂੰ ਕਿਵੇਂ ਸੁਧਾਰਿਆ ਜਾਵੇ, ਇਸ ਉੱਤੇ ਵਿਚਾਰ ਵਟਾਂਦਰਾ ਹੁੰਦੈ! ਕਿਸੇ ਦੀ ਜੇਕਰ ਲਾਪਰਵਾਹੀ ਸਾਮਣੇ ਆਵੇ ਤੇ ਉਸ ਉੱਤੇ ਕਾਰਵਾਈ ਵੀ ਕੀਤੀ ਜਾਂਦੀ ਹੈ! 

ਰੇਲਾਂ ਚੱਲ ਰਹੀਆਂ ਨੇ, ਇਹ ਬੜੇ ਤਗੜੇ ਅਨੁਸ਼ਾਸਨ ਦਾ ਹੀ ਕੰਮ ਹੈ - ਡਰ ਕਹੋ ਜਾਂ ਕੁਝ ਕਹੋ, ਹੋਰ ਕੋਈ ਰਸਤਾ ਨਹੀਂ ਐੱਡੇ ਵੱਡੇ ਵਿਭਾਗ ਨੂੰ ਚਲਾਉਣ ਦਾ, 15 ਲੱਖ ਕਰਮਚਾਰੀਆਂ ਨੂੰ ਸੰਭਾਲਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ - 28 ਸਾਲ ਹੋ ਗਏ ਮੈਨੂੰ ਇਸ ਮਹਿਕਮੇ ਵਿਚ ਨੌਕਰੀ ਕਰਦਿਆਂ ਤੇ ਮੈਂ ਹੁਣ ਇਸੇ ਨਤੀਜੇ ਤੇ ਪਹੁੰਚਿਆਂ ਹਾਂ ਕਿ ਰੇਲ ਦਾ ਇੱਕ ਇੱਕ ਮੁਲਾਜ਼ਿਮ ਇਕ ਲੜੀ ਦਾ ਹਿੱਸਾ ਹੈ ਜਿਹੜੀ ਗੱਡੀਆਂ ਚਲਾ ਰਹੀ ਹੈ - ਮੈਨੂੰ ਇਹ ਮੰਣਨ ਚ' ਕੋਈ ਸ਼ਰਮਿੰਦਗੀ ਨਹੀਂ ਹੈ ਅਜੇ ਵੀ ਅਨੇਕਾਂ (ਬਿਲਕੁਲ ਅਨੇਕਾਂ!!) ਅਜਿਹੀਆਂ ਸ਼੍ਰੇਣੀਆਂ ਨੇ ਮੁਲਾਜ਼ਮਾਂ ਦੀਆਂ ਜਿੰਨ੍ਹਾਂ ਤੋਂ ਮੈਂ ਵਾਕਫ਼ ਹੀ ਨਹੀਂ ਹਾਂ - ਮੈਨੂੰ ਨਹੀਂ ਲੱਗਦਾ ਇਹ ਕਿਸੇ ਲਈ ਵੀ ਮੁਮਕਿਨ ਹੈ. 

ਅੱਛਾ ਆਪਣੀ ਉਹ ਰੇਲ ਹਾਦਸੇ ਵਾਲੀ ਗੱਲ ਚੱਲ ਰਹੀ ਸੀ - ਉਸ ਬਾਰੇ ਮੈਂ ਇਹ ਕਹਿਣਾ ਹੈ ਕਿ ਸਮੇਂ ਸਮੇਂ ਤੇ ਇਹ ਮਾਕ -ਡਰਿੱਲ ਹੁੰਦੀ ਰਹਿੰਦੀ ਹੈ - ਵੈਸੇ ਤਾਂ ਕਹਿਣ ਨੂੰ ਜਗ੍ਹਾ ਜਗ੍ਹਾ ਤੇ ਸ਼ਹਿਰ ਵਿੱਚ ਅੱਗ ਲੱਗਣ ਦੀ ਸੂਰਤੇਹਾਲ ਵਿੱਚ ਬੰਦੋਬਸਤ ਦਾ ਜਾਇਜ਼ਾ ਲੈਣ ਲਈ ਵੀ ਅਜਿਹੀਆਂ ਡ੍ਰਿੱਲਸ ਹੋਣੀਆਂ ਚਾਹੀਦੀਆਂ ਨੇ, ਪਰ ਉਹਨਾਂ ਬਾਰੇ ਘੱਟ ਹੀ ਸੁਣੀਦਾ ਏ। 

ਚਲੋ ਦੋ ਚਾਰ ਗੱਲਾਂ ਰੇਲ ਹਾਦਸੇ ਵੇਲੇ ਰਾਹਤ ਲਈ ਜਿਹੜੀ ਗੱਡੀ ਜਾਂਦੀ ਹੈ ਉਸ ਬਾਰੇ ਵੀ ਕਰ ਲਈਏ - ਗੱਲ ਇੰਝ ਹੈ ਕਿ ਰੇਲਵੇ ਦੇ ਵੱਡੇ ਵੱਡੇ ਸਟੇਸ਼ਨਾਂ ਉੱਤੇ ਇਕ ਟ੍ਰੇਨ ਹਰ ਵੇਲੇ ਤਿਆਰ ਖੜੀ ਹੁੰਦੀ ਹੈ - ਇਸ ਨੂੰ ਰੇਲ ਹਾਦਸੇ ਲਈ ਰਾਹਤ ਵਾਲੀ ਟ੍ਰੇਨ ਦੇ ਨਾਂਅ ਤੋਂ ਜਾਣਿਆ ਜਾਂਦੈ - ਐਕਸੀਡੈਂਟ ਰਿਲੀਫ਼ ਟ੍ਰੇਨ - ਇਸ ਨੂੰ ਪਲੇਟਫਾਰਮ ਤੇ ਲੱਗਿਆਂ ਤੁਸੀਂ ਕਦੇ ਨਹੀਂ ਵੇਖੋਗੇ - ਇਸ ਨੂੰ 24 ਘੰਟੇ ਅਜੇਹੀ ਹਾਲਤ ਵਿਚ ਰੱਖਿਆ ਜਾਂਦੈ ਕਿ ਰੇਲ ਹਾਦਸੇ ਦੇ ਖ਼ਬਰ ਆਉਣ ਦੇ 20 ਮਿੰਟ ਦੇ ਅੰਦਰ ਅੰਦਰ ਇਹ ਹਾਦਸੇ  ਵਾਲੀ ਜਗ੍ਹਾ ਲਈ ਚਲ ਪਵੇ! 

ਇਸ ਰਾਹਤ ਗੱਡੀ ਨੂੰ (Accident Relief Train) ਸਟੇਸ਼ਨ ਤੋਂ ਥੋੜਾ ਦੂਰ ਕਿਸੇ ਸਾਈਡ ਤੇ  ਅਜੇਹੀ ਲਾਈਨ ਉੱਤੇ ਖੜਾ ਕੀਤਾ ਹੁੰਦੈ ਜਿਹੜੀ ਦੋਵੇਂ ਪਾਸਿਓਂ ਖੁਲੀ ਹੋਵੇ - ਮਤਲਬ ਇਹ ਕਿ 24 ਘੰਟੇ ਦੇ ਦੌਰਾਨ ਕਿਸੇ ਵੀ ਵੇਲੇ ਇਸ ਨੂੰ ਕਿਸੇ ਪਾਸਿਓਂ ਵੀ ਇੰਜਣ ਲਾ ਕੇ ਹਾਦਸੇ ਵਾਲੀ ਜਗ੍ਹਾ ਤੇ ਤੋਰਿਆ ਜਾ ਸਕੇ...ਬਿਨਾ ਕਿਸੇ ਰੁਕਾਵਟ ਦੇ!

ਇਹ ਜਿਹੜੀ ਐਕਸੀਡੈਂਟ ਰਿਲੀਫ਼ ਗੱਡੀ ਹੁੰਦੀ ਏ ਉਸ ਵਿੱਚ ਇਕ ਬੋਗੀ ਵਿੱਚ ਤੇ ਜਿਵੇਂ ਇਕ ਮਿਨੀ ਹਸਪਤਾਲ ਹੀ ਬਣਿਆ ਹੁੰਦੈ - ਛੋਟਾ ਆਪਰੇਸ਼ਨ ਥਿਏਟਰ, ਸਾਰੀਆਂ ਜ਼ਰੂਰੀ ਦਵਾਈਆਂ, ਪੱਟੀਆਂ, ਟੀਕੇ, ਟਾਂਕੇ ਲਾਉਣ ਦਾ ਪੂਰਾ ਸਮਾਨ - ਉਸ ਬੋਗੀ ਵਿੱਚ ਆਕਸੀਜਨ ਦੇ ਸਿਲੰਡਰ ਤੇ ਨਾਲ ਬੈਡ ਵੀ ਲੱਗੇ ਹੁੰਦੇ ਨੇ, ਐਮਰਜੰਸੀ ਲਾਈਟਾਂ, ਫੱਟੜਾਂ ਨੂੰ ਚੁੱਕਣ ਲਈ ਸਟ੍ਰੇਟਚਰਾਂ ਤੇ ਬਦਕਿਸਮਤ ਬੰਦੇ ਜਿਹੜੇ ਤੁਰ ਗਏ, ਉਹਨਾਂ ਲਈ ਖਾਲੀ ਬੈਗ ਵੀ ਹੁੰਦੇ ਨੇ - ਪੀਣ ਵਾਲੇ ਪਾਣੀ ਦੀਆਂ ਬੋਤਲਾਂ ਤੇ ਚਾਅ ਦਾ ਸਮਾਨ, ਬਿਸਕੁਟ ਸਬ ਕੁਝ ਉਸ ਵਿੱਚ ਭਰਪੂਰ ਮਿਕਦਾਰ ਵਿਚ ਰੱਖਿਆ ਹੁੰਦੈ। 

ਦਵਾਈਆਂ ਜਿਹੜੀਆਂ ਓਥੇ ਪਈਆਂ ਹੁੰਦੀਆਂ ਨੇ ਜਾਂ ਜੋ ਹੋਰ ਵੀ ਸਮਾਨ ਜਿਹੜਾ ਓਥੇ ਪਿਆ ਹੁੰਦੈ , ਉਸ ਦੀ ਟੈਮੋ-ਟੈਮ ਖ਼ਬਰ ਲਈ ਜਾਂਦੀ ਹੈ - ਮੈਡੀਕਲ ਸਟਾਫ ਜਿਸ ਕੋਲ ਉਸ ਬੋਗੀ ਦੀ ਚਾਬੀ ਹੁੰਦੀ ਏ, ਓਹਨੂੰ ਹਰ ਹਫਤੇ (ਜਾਂ ਉਸ ਤੋਂ ਵੀ ਪਹਿਲਾਂ, ਮੈਨੂੰ ਧਿਆਨ ਨਹੀਂ ਹੈ ) ਓਥੇ ਜਾ ਕੇ ਗੇੜਾ ਲਾ ਕੇ ਆਉਣਾ ਪੈਂਦੈ, ਸਾਫ ਸਫਾਈ ਦੇਖਣੀ, ਕਰਵਾਉਣੀ, ਦਵਾਈਆਂ ਦੀ ਅਕਸਪੈਰੀ ਚੈੱਕ ਕਰਣੀ ਉਸ ਦੇ ਜਿੰਮੇ ਹੁੰਦੈ - ਇਸ ਦੇ ਨਾਲ ਨਾਲ ਇਕ ਰੇਲਵੇ ਡਾਕਟਰ ਵੀ ਜਿਹੜਾ ਉਸ ਮੈਡੀਕਲ ਵੈਨ ਦਾ ਇੰਚਾਰਜ ਹੁੰਦੈ, ਉਹ ਵੀ ਮਹੀਨੇ ਚ' ਇੱਕ ਵਾਰੀ ਓਥੇ ਜਾ ਕੇ ਉਸ ਦੀ ਸਾਫ ਸਫਾਈ, ਦਵਾਈਆਂ ਦਾ ਹਾਲ, ਚਾਦਰਾਂ-ਸ਼ੀਟਾਂ ਦਾ ਹਾਲ - ਹਰ ਚੀਜ਼ ਦਾ ਧਿਆਨ ਰੱਖਦੈ , ਉਸ ਤੇ ਉੱਪਰਲੇ ਅਫਸਰ, ਇਥੋਂ ਤੱਕ ਕਿ ਡੀ.ਆਰ.ਐਮ ਵੀ ਕਦੇ ਕਦੇ ਅਚਾਨਕ ਇਸ ਗੱਡੀ ਦਾ  ਇੰਸਪੇਕਸ਼ਨ ਕਰਣ ਤੁਰ ਜਾਂਦੇ ਨੇ !! 

ਮੈਂ ਕਈ ਵਾਰ ਲੱਗਦੈ ਕਿ ਰੇਲਵੇ ਵਿੱਚ ਕਈ ਕੰਮ ਬਿਲਕੁਲ ਫੌਜ ਦੇ ਮਹਿਕਮੇ ਵਾਂਗ ਹੀ ਹੁੰਦੇ ਨੇ - ਸਬ ਕੁਝ ਬੜਾ ਚੁਸਤ-ਦੁਰੁਸਤ ਰੱਖਿਆ ਜਾਂਦੈ।  

ਅੱਛਾ, ਮੈਂ ਦੱਸ ਚੁਕਿਆ ਹਾਂ ਕਿ ਅਜਿਹੀਆਂ ਗੱਡੀਆਂ ਜਿਹੜੀਆਂ ਐਕਸੀਡੈਂਟ ਵੇਲੇ ਘੱਲੀਆਂ ਜਾਂਦੀਆਂ ਹਨ ਇਹ ਤਾਂ ਵੱਡੇ ਸਟੇਸ਼ਨਾਂ ਤੇ ਹੀ ਖੜੀਆਂ ਹੁੰਦੀਆਂ ਨੇ- ਇਕ ਗੱਲ ਹੋਰ ਇਹ ਵੀ ਦਸਣੀ ਸੀ ਮੈਂ ਕਿ ਇਹ ਜਿਹੜੀ ਟ੍ਰੇਨ ਹੁੰਦੀ ਹੈ ਮੈਡੀਕਲ ਬੋਗੀ ਵਾਲੀ, ਇਸ ਦੇ ਨਾਲ ਦੀ ਬੋਗੀ ਵਿਚ ਅਜਿਹਾ ਸਮਾਨ ਵੀ ਹੁੰਦੈ ਜਿਸ ਨਾਲ ਹਾਦਸੇ ਵਾਲੀ ਗੱਡੀ ਦੇ ਬੂਹੇ ਬਾਰੀਆਂ ਨੂੰ ਕੱਟਿਆ ਜਾ ਸਕੇ, ਵੈਲਡਿੰਗ ਦਾ ਸਮਾਨ, ਕਰੇਨ ਵੀ ਚਾੜੀ ਹੁੰਦੀ ਹੈ - ਜੇਕਰ ਇੰਚਾਰਜ ਨੂੰ ਲੱਗੇ ਕਿ ਕਰੇਨ ਕਰ ਕੇ ਉਸ ਗੱਡੀ ਦੀ ਸਪੀਡ ਘੱਟ ਜਾਵੇਗੀ ਤਾਂ ਮੈਡੀਕਲ ਵਾਲੀ ਬੋਗੀ ਨੂੰ ਪਹਿਲਾਂ ਹੀ ਹਾਦਸੇ ਵਾਲੀ ਜਗ੍ਹਾ ਤੇ ਤੋਰ ਦਿੱਤਾ ਜਾਂਦੈ। 

ਹੁਣ ਗੱਲ ਕਰੀਏ ਓਹਨਾਂ ਸਟੇਸ਼ਨਾਂ ਦੀ ਜਿਥੇ ਅਜਿਹੀਆਂ ਰਾਹਤ ਗੱਡੀਆਂ ਨਹੀਂ ਖੜੀਆਂ, ਓਹਨਾਂ ਸਟੇਸ਼ਨ ਤੇ ਵੀ ਪੂਰੇ ਮੈਡੀਕਲ ਦੇ ਸਮਾਨ ਨਾਲ ਲੱਦੇ ਬਕਸੇ ਰੱਖੇ ਹੁੰਦੇ ਨੇ - ਇਕ ਕਮਰਾ ਸਟੇਸ਼ਨ ਉੱਤੇ ਇਹਨਾਂ ਲਈ ਰਾਖਵਾਂ ਹੁੰਦੈ - ਇਹ ਸਮਾਨ ਦੀ ਵੀ ਬਿਲਕੁਲ ਓਵੇਂ ਹੀ ਜਾਂਚ-ਪੜਤਾਲ ਹੁੰਦੀ ਰਹਿੰਦੀ ਹੈ ਜਿਵੇਂ ਰਾਹਤ ਗੱਡੀ ਵਿਚ ਪਾਏ ਸਮਾਨ ਦੀ ਹੁੰਦੀ ਹੈ - ਡਾਕਟਰ ਅਜਿਹੇ ਮੈਡੀਕਲ ਦੇ ਬਕਸਿਆਂ ਦਾ ਇੰਚਾਰਜ ਹੁੰਦੈ - ਕੋਈ ਕਿਸੇ ਕਿਸਮ ਦੀ ਢਿੱਲ ਨਹੀਂ ਹੁੰਦੀ! ਇਸ ਨੂੰ ARME - "ਐਕਸੀਡੈਂਟ ਰਿਲੀਫ਼ ਮੈਡੀਕਲ ਏਕੁਪਮੈਂਟ" ਕਿਹਾ ਜਾਂਦੈ!! ਇਹਨਾਂ ਨੂੰ ਕਿਸੇ ਵੀ ਵੇਲੇ ਸੜਕ ਰਾਹੀਂ ਜਾਂ ਗੱਡੀ ਰਾਹੀਂ ਹਾਦਸੇ ਦੀ ਜਗ੍ਹਾ ਤੇ ਤੋਰਿਆ ਜਾ ਸਕਦੈ! 

ਇਹ ਜਿਹੜੇ ਮੈਡੀਕਲ ਦੇ ਸਮਾਨ ਅਤੇ ਦਵਾਈਆਂ ਦੇ ਬਕਸੇ ਹੁੰਦੇ ਨੇ ਇਹਨਾਂ ਨੂੰ ਹਰ 80-100 ਕਿਲੋਮੀਟਰ ਦੀ ਦੂਰੀ ਤੇ ਸਟੇਸ਼ਨ ਉੱਤੇ ਇੱਕ ਅਲੱਗ ਕਮਰੇ ਵਿਚ ਰੱਖਿਆ ਜਾਂਦੈ ਤੇ ਇਸ ਤਰ੍ਹਾਂ ਦੀ ਵਿਓਂਤ ਬਨਾਇ ਹੁੰਦੀ ਹੈ ਕਿ ਇੰਨਾ ਦੇ ਇਕ ਪਾਸੇ ਕਿਸੇ ਲਾਗੇ ਦੇ ਸਟੇਸ਼ਨ ਤੇ ਉਹ ਰਾਹਤ ਵਾਲੀ ਗੱਡੀ ਖੜੀ ਹੋਵੇ। 

ਇੱਕ ਗੱਲ ਹੋਰ ਕੇ ਬਸ ਕਰਾਂ - ਮੈਂ ਤਾਂ ਲਿਖਦਾ ਲਿਖਦਾ ਹੀ ਬੋਰ ਹੋ ਗਿਆਂ, ਪੜਨ ਵਾਲਿਆਂ ਦਾ ਵੀ ਮੈਨੂੰ ਸੋਚਣਾ ਚਾਹੀਦੈ !ਕਿਸੇ ਵੀ ਰੇਲ ਹਾਦਸੇ ਦੇ ਵੇਲੇ ਰੇਲ ਦਾ ਸਾਰਾ ਅਮਲਾ ਪੂਰੀ ਹਰਕਤ ਵਿੱਚ ਹੁੰਦੈ - ਵੈਸੇ ਤਾਂ ਉਹ ਹਰ ਵੇਲੇ ਹੀ ਹੁੰਦੈ - ਰੇਲ ਦੇ ਵੱਖੋ ਵੱਖ ਵਿਭਾਗ ਆਪੋ ਆਪਣੇ ਕੰਮੀਂ ਲੱਗੇ ਹੁੰਦੇ ਨੇ - ਮੈਡੀਕਲ ਮਹਿਕਮਾ ਆਪਣਾ ਕੰਮ ਕਰਦੈ, ਫੱਟੜਾਂ ਨੂੰ ਫਰਸਟ-ਏਡ ਦੇ ਕੇ ਰੇਲਵੇ / ਸਰਕਾਰੀ / ਪਰਾਈਵੇਟ ਹਸਪਤਾਲ ਜਿਹੜੇ ਵੀ ਨੇੜੇ ਹੋਣ ਓਥੇ ਸ਼ਿਫਟ ਕੀਤਾ ਜਾਂਦੈ - ਜਿੰਨੇ ਦਿਨ ਵੀ ਇਲਾਜ ਚਲਦਾ ਹੈ, ਖਰਚਾ ਰੇਲ ਦਾ ਹੁੰਦੈ - ਰੇਲ ਦਾ ਇੰਜੀਨੀਅਰਿੰਗ ਵਿਭਾਗ ਉਸ ਵੇਲੇ ਲਾਈਨਾਂ ਦੀ ਮੁਰੰਮਤ ਵਿਚ ਲੱਗ ਜਾਂਦੈ ਤਾਂ ਜੋ ਰੇਲਾਂ ਦੀ ਆਵਾ ਜਾਈ ਜਲਦੀ ਤੋਂ ਜਲਦੀ ਬਹਾਲ ਕੀਤੀ ਜਾ ਸਕੇ, ਮਕੈਨੀਕਲ ਵਿਭਾਗ ਡੱਬਿਆਂ ਦੀ ਕੱਟ-ਵੱਡ ਚ' ਰੁਝਿਆ ਹੁੰਦੈ ਤਾਂ ਜੋ ਪਹਿਲਾਂ ਤੇ ਜਿਹੜੀਆਂ ਸਵਾਰੀਆਂ ਅੰਦਰ ਫਸੀਆਂ ਹੋਈਆਂ ਹਨ ਓਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਤੇ ਬਾਅਦ ਵਿਚ ਉਹ ਟੁੱਟੇ -ਭੱਜੇ ਡੱਬੇ ਨੂੰ ਲਾਈਨ ਤੋਂ ਹਟਾਇਆ ਜਾ ਸਕੇ,  ਰੇਲਵੇ ਦਾ ਸੁਰੱਖਿਆ ਮਹਿਕਮਾ ਆਪਣਾ ਕੰਮ ਕਰ ਰਿਹਾ ਹੁੰਦੈ - ਰੇਲਵੇ ਦਾ ਕਮਰਸ਼ੀਅਲ ਮਹਿਕਮਾ ਗੱਡੀਆਂ ਦੀ ਆਵਾ ਜਾਈ ਤੇ ਪੂਰੀ ਨਜ਼ਰ ਰੱਖ ਰਿਹਾ ਹੁੰਦੈ - ਹਰ ਤਰ੍ਹਾਂ ਦੀ ਰੈਫਰੇਸ਼ਮੇੰਟ੍ਸ ਦਾ ਧਿਆਨ ਰੱਖਿਆ ਜਾਂਦੈ - ਚਾਅ, ਪਾਣੀ, ਬਿਸਕੁਟ ਆਦਿ ! 

ਹਾਦਸੇ ਦੀ ਰਿਪੋਰਟ ਦਿਨ ਵਿਚ ਕਈਂ ਵਾਰੀ ਦਿੱਲੀ ਰੇਲ ਭਵਨ ਚ' ਵੀ ਘੱਲੀ ਜਾਂਦੀ ਹੈ - ਆਪਾਂ ਹਰ ਇੱਕ ਦੇ ਕੰਮ ਬਾਰੇ ਲਿਖ ਦਿੱਤਾ ਪਰ ਉਸ ਆਮ ਹਿੰਦੁਸਤਾਨੀ ਬਾਰੇ ਤੇ ਕੁਝ ਲਿਖਿਆ ਹੀ ਨਹੀਂ ਜੀ ਜਿਹੜਾ ਗੱਡੀ ਦੇ ਹਾਦਸੇ ਦਾ ਖੜਕਾ ਸੁਣ ਕੇ ਉਸੇ ਵੇਲੇ ਆਪਣੇ ਘਰੋਂ ਭੱਜ ਕੇ ਹਾਦਸੇ ਦੀ ਥਾਂ ਤੇ ਪੁੱਜ ਕੇ ਮਦਦ ਦਾ ਹੱਥ ਅਗਾਂਹ ਕਰਦੈ - ਮੇਰੀ ਇਹ ਪੋਸਟ ਉਹਨਾਂ ਸਾਰਿਆਂ ਲੋਕਾਂ ਨੂੰ ਜਿਹੜੇ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਜਾਂ ਹੋਰ ਵੀ ਕੋਈ ਮੈਡੀਕਲ ਮਦਦ ਪਹੁੰਚਣ ਤੋਂ ਪਹਿਲਾਂ ਓਥੇ ਪੁੱਜ ਕੇ ਭਾਈਬੰਦੀ ਵਿਚ, ਗੁਮਨਾਮ ਰਹਿੰਦਿਆਂ ਹੋਇਆਂ, ਨਿਸ਼ਕਾਮ ਸੇਵਾ ਵਿਚ ਲੱਗ ਪੈਂਦੇ ਨੇ (ਕੋਈ ਫੱਟੜਾਂ ਨੂੰ ਕੱਢਣ ਚ' ਲੱਗਿਆ ਹੁੰਦੈ, ਕੋਈ ਚਾਅ ਦੀ ਸੇਵਾ ਕਰ ਰਿਹਾ ਹੁੰਦੈ, ਕੋਈ ਲੰਗਰ ਲੈ ਕੇ ਆ ਜਾਂਦੈ ਤੇ ਕੋਈ ਉਸ ਵੇਲੇ ਭਾਈ ਘਨਈਆ ਜੀ ਵਾਂਗੂ ਪਾਣੀ ਦੀ ਅਣਥੱਕ ਸੇਵਾ ਚ ਰੁਝਿਆ ਹੁੰਦੈ - ਅਜਿਹੇ ਆਮ ਆਦਮੀਆਂ ਸਦਕਾ ਬੜੀਆਂ ਜਾਨਾਂ ਬਚ ਜਾਂਦੀਆਂ ਨੇ - ਇਹਨਾਂ ਸਾਰਿਆਂ ਨੂੰ ਮੇਰਾ ਸਲਾਮ!!

ਮਾਮਲਾ ਥੋੜਾ ਸੀਰਿਅਸ ਹੋ ਗਿਆ ਜਾਪਦੈ - ਚਲੋ, ਜਾਂਦੇ ਜਾਂਦੇ ਇੱਕ ਗੱਲ ਹੋਰ - ਅਸੀਂ ਜਿਹੜੇ ਮੁੰਡੇ ਪੰਜਵੀ ਜਮਾਤ ਤੋਂ ਅੰਮ੍ਰਿਤਸਰ ਸਕੂਲ ਵਿੱਚ ਇਕੱਠੇ ਪੜਦੇ ਸੀ - 30-35 ਮੁੰਡਿਆਂ ਦਾ ਇਕ ਵਹਾਤਸੱਪ ਗਰੁੱਪ ਹੈ , ਇਕ ਤੋਂ ਇਕ ਵੱਧ ਖੁਰਾਫਾਤੀ ਨੇ , ਓਥੇ ਕੋਈ ਕਿਸੇ ਨਾਲ ਕੋਈ ਗਿਲਾ ਨਹੀਂ ਕਰਦਾ - ਕੁਝ ਕੁਝ ਯਾਦ ਕਰਵਾਉਂਦੇ ਰਹਿੰਦੇ ਨੇ, ਕੁਝ ਚਿਰ ਪਹਿਲਾਂ ਇਕ ਸਾਥੀ ਨੇ ਜਿਹੜਾ ਪੰਜਾਬੀ ਗੀਤ ਭੇਜਿਆ ਉਹ ਮੈਂ ਭੁੱਲ ਚੁਕਿਆ ਸੀ - ਬਚਪਨ ਚ ਰੇਡੀਓ ਤੇ ਬਾਅਦ ਚ ਜਲੰਧਰ ਦੂਰਦਰਸ਼ਨ ਤੇ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਵਿਚ ਜਦੋਂ ਮਾਮਾ ਜੀ ਫਿਲਮ ਦਾ ਇਹ ਗੀਤ ਸੁਣੀਦਾ ਸੀ ਜਾਂ ਪੰਜਾਬੀ ਦੇ ਚਿਤਰਹਾਰ ਵਿਚ ਜਦੋਂ ਇਸ ਨੂੰ ਸੁਣੀਦਾ ਸੀ ਤਾਂ ਬੜਾ ਮਜ਼ਾ ਆਉਂਦਾ ਸੀ - ਖ਼ੈਰਾਇਤੀ ਭੇਂਗਾ ਸਾਡੇ ਵੇਲੇ ਦਾ ਪੰਜਾਬੀ ਫ਼ਿਲਮਾਂ ਦਾ ਬੜਾ ਮਸ਼ਹੂਰ ਕਮੇਡੀਅਨ ਸੀ, ਇਸ ਗੀਤ ਨੂੰ ਗਾਇਆ ਹੈ, ਮੁਹੰਮਦ ਰਫੀ ਸਾਬ ਨੇ! ਜੇ ਕਰ ਤੁਸੀਂ ਵੀ ਸੁਣਨਾ ਚਾਹੋ ਤਾਂ ਪੇਸ਼ੇਖਿਦਮਤ ਹੈ ਜੀ ਓਹੀ ਗੀਤ - ਛੱਕ ਛੱਕ ਗੱਡੀ ਚਲਦੀ ਜਾਂਦੀ ਆਉਂਦੇ ਜਾਂਦੇ ਸ਼ਹਿਰ, ਮੁੜ ਕੇ ਨਹੀਂ ਓ ਜਮਨਾ ਮਾਮਾ, ਕਰ ਪੰਜਾਬ ਦੀ ਸੈਰ !!

Friday, 11 October 2019

ਆਸਤਕ ਨਾਸਤਕ ਵਾਲਾ ਝੇੜਾ!

"ਓਏ, ਤੇਰੀ ........!!" ਟ੍ਰੈਫਿਕ ਵਾਲੇ ਪੁਲਸਿਏ ਨੇ ਮੱਦੀ ਦੇ ਰਿਕਸ਼ੇ ਦੇ ਹੈਂਡਲ ਤੇ ਹੱਥ ਰੱਖਦਿਆਂ ਰੱਖਦਿਆਂ ਮੋਟੀ ਜਿਹੀ ਗਾਲ ਉਸ ਨੂੰ ਕੱਢ ਮਾਰੀ ਤੇ ਦੂਜਾ ਹੱਥ ਉਸ ਦੀ ਧੌਣ ਤੇ ਧਰ ਦਿੱਤਾ - ਉਸ ਦਾ ਸਿਰ ਤੇ ਬੰਨਿਆ ਹੋਇਆ ਪਰਨਾ ਵੀ ਹਿੱਲ ਗਿਆ.

ਨਾਲੇ ਜਾਂਦਾ ਜਾਂਦਾ ਕਹਿ ਗਿਆ ਕਿ ਸਵੇਰੇ ਸਵੇਰੇ ਜ਼ੁਬਾਨ ਐਵੇਂ ਹੀ ਗੰਦੀ ਕਰਵਾ ਦਿੰਦੇ ਓ. ਮੱਦੀ ਕਿਹੜਾ ਘੱਟ ਸੀ, ਉਸ ਨੇ ਵੀ ਉਸ ਤੋਂ ਵੀ ਮੋਟੀ ਗੱਲ ਪੁਲਸੀਏ ਨੂੰ ਆਪਣੇ ਮਨ ਵਿੱਚ ਹੀ ਕੱਢੀ ਤੇ ਉਸ ਦੀ ਇਸ ਗੱਲ ਤੇ ਦਿਲ ਹੀ ਦਿਲ ਹੱਸਿਆ ਕਿ ਤੁਹਾਡੀ ਮੈਂ ਕਿ ਜ਼ੁਬਾਨ ਗੰਦੀ ਕਰਵਾਉਣੀ ਏ, ਤੁਸੀਂ ਤਾਂ ਵੈਸੇ ਹੀ ....!

ਦਰਅਸਲ ਮੱਦੀ ਦਾ ਰਿਕਸ਼ਾ ਤੇ ਰੁਕਿਆ ਹੀ ਹੋਇਆ ਸੀ, ਐਵੇਂ ਹੀ ਬਦੋ-ਬਦੀ ਪੁਲਸਿਆ ਗਰਮੀ ਕੱਢ ਗਿਆ.

ਪੁਲਸਿਏ ਦੇ ਪਰੇ ਹੋਣ ਤੇ ਨੱਥੇ ਨੇ ਵੀ ਬੁੜ ਬੁੜ ਕਰਦੇ ਹੋਏ ਉਸ ਪੁਲਸਿਏ ਲਈ ਅਜਿਹਾ ਫੱਕੜ ਤੋਲਿਆ ਕਿ ਉਸ ਦੇ ਆਸੇ ਪਾਸੇ ਖੜੇ ਸਕੂਟਰਾਂ ਵਾਲੇ ਬਾਊ ਵੀ ਖਿੜ ਖਿੜ ਹੱਸਣ ਲੱਗ ਪਏ - ਇੱਕ ਨੇ ਕਿਹਾ - "ਇਹ ਤਾਂ ਬਸ ਗਰੀਬ ਮਾਰ ਹੀ ਕਰ ਸਕਦੇ ਨੇ, ਹੋਰ ਇਹਨਾਂ ਦੇ ਵੱਸ ਦਾ ਕੁਝ ਨਹੀਂ। "

ਦਰਅਸਲ ਉਸ ਦਿਨ ਵੀ ਚੰਡੀਗੜ੍ਹ ਦੇ ਅਰੋਮਾ ਚੌਰਾਹੇ ਤੇ ਟ੍ਰੈਫਿਕ ਰੁਕਿਆ ਹੋਇਆ ਸੀ. ਇਹ ਇਥੇ ਦੀ ਆਮ ਗੱਲ ਹੈ. ਜਦੋਂ ਵੀ ਕੋਈ ਵੀ.ਆਈ.ਪੀ ਇਸ ਪਾਸਿਓਂ ਲੰਘਦਾ ਹੈ ਤਾਂ ਆਉਂਦੇ ਜਾਂਦੇ ਸਾਰੇ ਲੋਕਾਂ ਨੂੰ ਚੌਂਕਾਂ ਤੇ ਰੁਕਣਾ ਹੀ ਪੈਂਦੈ, ਸਾਈਕਲ ਤੱਕ ਨਹੀਂ ਲੰਘ ਸਕਦੇ!

ਉਸ ਦਿਨ ਬੜੀ ਉਮਸ ਸੀ - ਸਾਰੇ ਲੋਕ ਮੁੜਕੋ-ਮੁੜਕੀ ਹੋ ਰਹੇ ਸੀ - ਮੱਦੀ ਨੂੰ ਲਾਗੇ ਇਕ ਹੋਮਗਾਰਡਿਆ ਦਿੱਸਿਆ ਤਾਂ ਉਸ ਨੂੰ ਬੜੇ ਅਦਬ ਨਾਲ ਪੁੱਛਦੈ - ਜਨਾਬ, ਕੌਣ ਆ ਰਿਹੈ ?

"ਤੂੰ ਕਿ ਲੈਣਾ ਏ ਇਹ ਪਤਾ ਕਰ ਕੇ, ਚੁਪਚਾਪ ਰਿਕਸ਼ੇ ਤੇ ਧਿਆਨ ਦੇ ਆਪਣਾ!"

ਮੱਦੀ ਬਿਲਕੁਲ ਝੱਗ ਵਾਂਗੂ ਬਹਿ ਗਿਆ!

ਵੱਟੋ ਵੱਟ ਵਰਦੀ (ਜਿਵੇਂ ਮਟਕੇ ਚੋਂ ਕੱਢੀ ਹੋਵੇ) ਵਾਲਾ ਹੋਮਗਾਰਡਿਆ ਥੋੜਾ ਜੇਹਾ ਅਗਾਂਹ ਤੁਰਿਆ ਤਾਂ ਮੋਟਰਸਈਕਲ ਵਾਲ਼ਾ ਇਕ ਬਾਊ ਉਸ ਨੂੰ ਪੁੱਛਦੈ - "ਕਿਓਂ ਬਈ ਕਿਹਦੇ ਲਈ ਸਾਨੂੰ ਡੱਕਿਆ ਹੋਇਐ?"

"ਬਾਊ ਜੀ, ਵੱਡਾ ਬਾਬਾ ਆ ਰਿਹੈ!"

"ਇਹ ਵਰਦੀ ਵਾਲੇ ਸੇਵਾਦਾਰ ਸੋਟੀਆਂ ਫੜ ਕੇ ਜਿਹੜੇ ਅੱਗੇ ਖੜੇ ਨੇ ਏ ਸਾਰੇ ਓਸ ਬਾਬੇ ਦੇ ਹੀ ਚੇਲੇ ਚਪਾਟੇ ਨੇ1"

"ਕਾਹਦੇ ਬਾਬੇ ਨੇ ਭਾਈ, ਐਸ਼ਾਂ ਕਰਦੇ ਫਿਰਦੇ ਨੇ - ਆਪਣੇ ਨਿਆਣੇ ਬਾਹਰਲੇ ਮੁਲਕਾਂ ਚ' ਸੈੱਟ ਕੀਤੇ ਹੋਏ ਨੇ ਤੇ ਇਥੇ ਲੋਕਾਂ ਨੂੰ ਆਪਣੇ ਆਸ਼ਰਮਾਂ ਚ' ਘਾਹ ਪੁੱਟਣ ਲਾਇਆ ਹੋਇਆ ਇਹਨਾਂ1" - ਇੱਕ ਹੋਰ ਆਵਾਜ਼ ਆਈ, ਮੱਦੀ ਨੇ ਪਿੱਛੇ ਮੁੜ ਕੇ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇਹ ਕੌਣ ਸੀ, ਪਰ ਪਤਾ ਨਹੀਂ ਲੱਗਾ!

ਅਗਲੇ ਦੋ ਚਾਰ ਮਿੰਟ ਲਈ ਓਥੇ ਚੁੱਪੀ ਪਸਰੀ ਰਹੀ - ਮੱਦੀ ਦੋ ਤਿੰਨ ਹੋਰ ਬਾਬਿਆਂ ਬਾਰੇ ਸੋਚਣ ਲੱਗ ਪਿਆ ਜਿਹੜੇ ਜੇਲਾਂ ਵਿੱਚ ਡੱਕੇ ਪਏ ਸਨ - ਕਿਵੇਂ ਓਹਨਾਂ ਆਪਣੀਆਂ ਕਰਤੂਤਾਂ ਨਾਲ ਧਰਤ ਨੂੰ ਹੀ ਜਿਵੇਂ ਹਿਲਾ ਮਾਰਿਆ, ਆਪਣੇ ਆਪ ਨੂੰ ਰੱਬ  ਅਖਵਾਉਂਦੇ ਸੀ, ਫੇਰ ਮੱਦੀ ਆਪਣੇ ਆਪ ਨੂੰ ਕਹਿਣ ਲੱਗਾ - ਚੱਲ ਤੂੰ ਕੀ ਲੈਣੈ, ਸਵੇਰੇ ਸਵੇਰੇ ਕਿਹੜੇ ਜਨੌਰਾਂ ਦਾ ਧਿਆਨ ਕਰ ਰਿਹੈ ਤੂੰ ਵੀ ਮੱਦੀ, ਅਜੇ ਤੇ ਤੇਰੀ ਬੋਨੀ ਵੀ ਨਹੀਂ ਹੋਈ! ਸਿਆਣੇ ਠੀਕ ਕਹਿੰਦੇ ਨੇ - ਜਿੰਨ੍ਹਾਂ ਖਾਧੀਆਂ ਗਾਜਰਾਂ, ਢਿੱਡ ਓਹਨਾਂ ਦੇ ਪੀੜ!!

ਮੱਦੀ ਅਜੇ ਆਪਣੇ ਆਪ ਨਾਲ ਗੱਲੀਂ ਬਾਤੀਂ ਲੱਗਾ ਹੋਇਆ ਸੀ ਕਿ ਗੱਡੀਆਂ ਦਾ ਕਾਫ਼ਿਲਾ ਓਹਦੇ ਸਾਹਮਣਿਓਂ ਲੰਘਣਾ ਸ਼ੁਰੂ ਹੋ ਗਿਆ - ਸਭ ਤੋਂ ਅੱਗੇ "ਪਾਇਲਟ" ਗੱਡੀਆਂ ਜਿਵੇਂ ਖ਼ਤਰਾ ਸੁੰਘਣ ਆਈਆਂ ਹੋਣ, ਫੇਰ 8-10 ਗੱਡੀਆਂ ਇੱਕ ਦੇ ਪਿੱਛੇ ਇੱਕ!!

ਬਾਬੇ ਵਾਲੇ ਸੇਵਾਦਾਰ ਸੜਕਾਂ ਦੇ ਕਿਨਾਰੇ "ਆਪਣੇ ਰੱਬ" ਸਾਹਮਣੇ  ਹੱਥ ਬੰਨੀ ਖੜ ਗਏ - ਇਹਨਾਂ ਗੱਡੀਆਂ ਵਿੱਚੋਂ ਕੁਝ ਤੇ ਕਾਲੇ ਸ਼ੀਸ਼ਿਆਂ ਵਾਲੀਆਂ ਵੀ ਸਨ, ਇਸ ਕਰਕੇ ਸੇਵਾਦਾਰਾਂ ਨੂੰ ਵੀ ਪਤਾ ਹੀ ਨਾ ਲੱਗਾ ਕਿ ਓਹਨਾਂ ਦਾ "ਰੱਬ ਬਾਬਾ" ਕਿਹੜੀ ਗੱਡੀ ਚ' ਬੈਠਾ ਫੁਰ ਹੋ ਗਿਆ!

ਇਹਨਾਂ ਗੱਡੀਆਂ ਦੇ ਪਿੱਛੇ ਇੱਕ ਵੱਡੀ ਐਮਬੂਲੈਂਸ ਸੀ ਤੇ ਉਸ ਦੇ ਪਿੱਛੇ ਇੱਕ ਟਰੱਕ ਤੇ ਲੱਦੀ ਹੋਈ ਛੋਟੀ ਜਿਹੀ ਕਰੇਨ!!
ਮੱਦੀ ਨਾਲ ਖੜੇ ਬਾਊ ਵੱਲ ਮੂੰਹ ਕਰ ਕੇ ਕਹਿੰਦੈ - "ਜਨਾਬ, ਇਹ ਕਰੇਨ ਵੀ ...!!"

ਮਾਊਂ ਜਿਹਾ ਬਾਊ ਬੋਲਿਆ - "ਭਾਈ, ਇਹ ਵੱਡੇ ਲੋਕ ਨੇ, ਸਰਕਾਰਾਂ ਇਹਨਾਂ ਦੇ ਇਸ਼ਾਰੇ ਤੇ ਚਲਦੀਆਂ ਨੇ, ਤੂੰ ਕਰੇਨ ਦੀ ਗੱਲ ਕਰ ਰਿਹੈਂ! ਡਾਕਟਰ ਤੇ ਇਹਨਾਂ ਦੇ ਨਾਲ ਐਮਬੂਲੈਂਸ ਚ' ਬਹਿ ਕੇ ਚਲਦੇ ਹੀ ਨੇ, ਹੁਣ ਕਰੇਨ ਇਸ ਕਰ ਕੇ ਚੱਲਣ ਲੱਗ ਪਈ ਏ ਤਾਂ ਜੋ ਰਸਤੇ ਵਿਚ ਕਿਤੇ ਕੋਈ ਦਰੱਖਤ ਟੁੱਟਿਆ ਪਿਆ ਹੋਵੇ ਜਾਂ ਕੋਈ ਹੋਰ ਰੁਕਾਵਟ ਖੜੀ ਹੋਵੇ, ਉਸ ਨੂੰ ਵੀ ਲਾਂਭੇ ਕੀਤਾ ਜਾ ਸਕੇ ਤਾਂ ਜੋ "ਬਾਬੇ ਰੱਬ" ਅਗਾਂਹ ਉਗਰਾਹੀ ਤੇ ਸਮੇਂ ਸਿਰ ਜਾ ਅੱਪੜਣ  !  ਬਈ, ਇਹਨਾਂ ਹੀ ਸਾਡੀਆਂ ਕਿਸਮਤਾਂ ਲਿਖਣੀਆਂ ਹੁੰਦੀਆਂ ਨੇ, ਇਹਨਾਂ ਨੂੰ ਤੱਤੀ ਵਾਅ' ਵੀ ਨਹੀਂ ਲੱਗਣੀ ਚਾਹੀਦੀ!"

ਕਾਫ਼ਿਲਾ ਲੰਘ ਚੁਕਿਆ ਸੀ - ਪਰ ਜਦੋਂ ਤੱਕ ਟ੍ਰੈਫਿਕ ਵਾਲਿਆਂ ਨੂੰ "ਰਬ" ਦੇ ਅਗਲੇ ਚੌਰਾਹੇ ਤੇ ਪਹੁੰਚਣ ਦਾ ਸੁਨੇਹਾ ਨਹੀਂ ਮਿਲੇਗਾ,  ਉਹ ਲੋਕਾਂ ਨੂੰ ਇਵੇਂ ਹੀ ਰੋਕੀ ਰੱਖਣਗੇ - ਇਸ ਦੌਰਾਨ ਉਸ ਬਾਬੇ ਦੇ ਚੇਲੇ ਇੱਕ ਝੋਲਾ ਜਿਹਾ ਲੈ ਕੇ ਉਸ ਪਾਸੇ ਆ ਗਏ ਕਿ ਬਾਬੇ ਲਈ ਪ੍ਰੇਮ ਭੇਟਾ ਇਸ ਵਿਚ ਪਾਓ ਜੀ - ਟਾਂਵੇਂ ਟਾਂਵੇਂ ਲੋਕ ਉਸ ਵਿੱਚ 5-10 ਰੁਪਈਏ ਪਾਈ ਜਾ ਰਹੇ ਸੀ..

ਖੀਸੇ ਵਿੱਚ ਜਾਂਦਾ ਜਾਂਦਾ ਮੱਦੀ ਦਾ ਹੱਥ ਰੁਕ ਗਿਆ, ਉਸ ਨੇ ਕੁਝ ਨਹੀਂ ਦਿੱਤਾ ! ਟ੍ਰੈਫਿਕ ਖੁਲ ਗਿਆ.

ਮੱਦੀ ਨੇ ਵੀ ਪੈਡਲ ਤੇ ਪੈਰ ਧਰਿਆ ਤੇ ਅਗਾਂਹ ਵਗ ਗਿਆ.

ਅੱਗੇ ਤੁਰਿਆ ਜਾਂਦਾ ਮੱਦੀ ਇਹੋ ਸੋਚ ਰਿਹਾ ਸੀ ਕਿ ਇਹ ਤਾਂ ਕਮਾਲ ਕੀਤੀ ਹੋਈ ਏ ਇਹਨਾਂ ਬਾਬੇਆਂ ਨੇ ਵੀ, ਕਰੋੜਾਂ ਦੀ ਗੱਡੀਆਂ ਚ' ਘੁੰਮਦੇ ਨੇ, ਅੱਗੇ ਪਿੱਛੇ ਪੁਲਸੀਏ, ਡਾਕਟਰ ਅਤੇ ਹੋਰ ਸਰਕਾਰੀ -ਗੈਰ ਸਰਕਾਰੀ ਅਮਲਾ ਇਹਨਾਂ ਦਾ ਪਾਣੀ ਭਰਦਾ ਦਿਸਦੈ - ਫੇਰ ਵੀ ਮੌਤ ਕੋਲੋਂ ਐਡਾ ਡਰ, ਇਹਨਾਂ ਨੂੰ ਪਰਮਪਿਤਾ ਤੇ ਵੀ ਕੋਈ ਭਰੋਸਾ ਨਹੀਂ, ਹਰ ਚੀਜ਼ ਦਾ ਇੰਤਜ਼ਾਮ ਨਾਲ ਹੀ ਲੈ ਕੇ ਚੱਲਣਾ !! ਬੜੀ ਅਜੀਬ ਗੱਲ ਹੈ!!

ਮੱਦੀ ਅਜੇ ਥੋੜਾ ਹੀ ਅੱਗੇ ਗਿਆ ਸੀ ਕਿ ਇਸ ਬਾਬੇ ਦਾ ਇਕ ਬੋਰਡ ਟੰਗਿਆ ਦਿੱਖ ਗਿਆ - ਲਿਖਿਆ ਹੋਇਆ ਸੀ - ਇਹ ਬਾਬਾ ਰੱਬ ਦਾ ਅਵਤਾਰ ਹੈ!!

ਮੱਦੀ ਫੇਰ ਸੋਚੀਂ ਪੈ ਗਿਆ ਕੇ ਰਬ ਵੀ ਐਡਾ ਬੇਵਿਸਾਹਾ ਕਿ ਆਪਣੇ ਆਪ ਤੇ ਹੀ ਭੋਰਾ ਭਰੋਸਾ ਨਹੀਂ - ਹਰ ਅਣਹੋਣੀ ਦਾ ਸਮਾਨ ਨਾਲ ਲੈ ਕੇ ਤੁਰ ਰਿਹੈ - ਇਸ ਨੂੰ ਇਹੋ ਲੱਗਦਾ ਹੋਊ ਕਿ ਹਰ ਅੜਿੱਕੇ ਦਾ ਜਿਵੇਂ ਇਸ ਕੋਲ ਤੋੜ ਮੌਜ਼ੂਦ ਹੈ - ਰੱਬ ਦੀ ਹੋਂਦ ਤੋਂ ਹੀ ਜਿਵੇਂ ਇੰਕਾਰ ਹੋਵੇ !! - ਬਸ ਆਪਣੇ ਆਪ ਤੇ ਆਪਣੀਆਂ ਸੋਚਾਂ ਸਮਝਾਂ ਤੇ ਹੀ ਐਡਾ ਯਕੀਨ - ਬਸ, ਮੱਦੀ ਇਹੋ ਸੋਚੀਂ ਪੈ ਗਿਆ ਕਿ ਇਸ ਤੋਂ ਵੱਡੀ ਨਾਸਤਕਤਾ ਹੋਰ ਕਿ ਹੋਵੇਗੀ!!

ਮੱਦੀ ਨੂੰ ਧਿਆਨ ਆਇਆ ਕਿ ਅੱਜ ਸਵੇਰੇ ਉਸਦਾ ਛੋਟਾ ਮੁੰਡਾ ਬੁਖਾਰ ਨਾਲ ਤਪ ਰਿਹਾ ਸੀ - ਦਵਾਈ ਦੇ ਰਹੇ ਨੇ - ਆਉਂਦੇ ਹੋਏ ਮੱਦੀ ਨੇ ਉਸਦੇ ਮੱਥੇ ਤੇ ਹੱਥ ਫੇਰਦਿਆਂ ਮੱਥਾ ਚੁੰਮਿਆ ਤੇ ਕਿਹਾ - ਕੋਈ ਨਹੀਂ, ਪੁੱਤ, ਸੱਚਾ ਪਾਤਸ਼ਾਹ ਮਿਹਰ ਕਰੇਗਾ, ਅੱਜ ਦਾ ਦਿਨ ਬਸ ਆਰਾਮ ਕਰ ਲੈ !!

ਮੱਦੀ ਸੋਚਣ ਲੱਗਾ ਕਿ ਉਸ ਵਰਗੇ ਬੰਦੇ ਜੇ ਰਬ ਉੱਤੇ ਐਡਾ ਭਰੋਸਾ ਰੱਖਦੇ ਨੇ ਤਾਂ ਇਹ ਅੱਜਕਲ ਜਗ੍ਹਾ ਜਗ੍ਹਾ ਉਗ ਰਹੇ ਬਾਬੇ ਕਿਓਂ ਐੱਨੇ ਡਰੇ ਹੋਏ, ਬੇਵਿਸਾਹੇ ਤੇ ਨਾਸਤਕ ਦਿਖਦੇ ਹਨ. ਇਹਨਾਂ ਕੋਲ ਤਾਂ ਆਪਣੇ ਘਰ ਪਰਿਵਾਰ ਦੀ ਮਿੰਟ ਮਿੰਟ ਦੀ ਖ਼ਬਰ ਵੀ ਹੁੰਦੀ ਹੈ - ਅਸੀਂ ਤਾਂ ਸਵੇਰੇ ਘਰੋਂ ਨਿਕਲਦੇ ਹਾਂ ਤੇ ਰਾਤੀਂ ਵਾਪਸ ਪਰਤਦੇ ਹਾਂ - ਘਰਵਾਲੀ ਮਹਿੰਦਰੋ ਨੇ ਵੀ ਲੋਕਾਂ ਦੇ ਘਰਾਂ ਦਾ ਕੰਮ ਸਾਂਭ ਰੱਖਿਆ ਹੈ - ਉਸ ਦੀ ਜਵਾਨ ਧੀ ਪਾਰੋ ਟੈਮਪੁ ਤੇ ਬਸ ਤੇ ਧੱਕੇ ਖਾਂਦੀ ਕਾਲਜ ਜਾਂਦੀ ਹੀ, ਵੱਡਾ ਮੁੰਡਾ ਬੀਰਾ ਟੁੱਟੀਆਂ ਭੱਜੀਆਂ ਕੱਚੀਆਂ ਸੜਕਾਂ ਉੱਤੇ ਸਾਇਕਲ ਵਾਹ ਕੇ ਸਕੂਲ ਜਾਂਦੈ -

ਪਰ ਇੱਕ ਗੱਲ ਦਾ ਸਾਨੂੰ ਵਿਸ਼ਵਾਸ ਹੁੰਦੈ ਕਿ ਸ਼ਾਮਾਂ ਨੂੰ ਸਾਰੇ ਵਾਪਸ ਉਡਾਰੀ ਮਾਰ ਕੇ ਆਲ੍ਹਣੇ ਚ' ਸਹੀ ਸਲਾਮਤ ਪਰਤ ਆਉਣਗੇ - ਪਰਮ ਪਿਤਾ ਦਾ ਸਿਮਰਨ ਕਰਾਂਗੇ, ਸ਼ੁਕਰਾਨਾ ਕਰਾਂਗੇ ਤੇ ਸਾਰੇ ਇਕੱਠੇ ਬਹਿ ਕੇ ਪਰਸ਼ਾਦਾ ਛਕਾਂਗੇ - ਅਤੇ ਹੁੰਦਾ ਵੀ ਇੰਝ ਹੀ ਹੈ !!

ਮੱਦੀ ਆਪੋ ਆਪ ਨਾਲ ਇਹ ਗੱਲ ਕਰਨ ਲੱਗ ਪਿਆ ਕਿ ਕਾਸ਼ ਅੱਜਕੱਲ ਦੇ ਬਾਬੇਆਂ ਨੂੰ ਇਹ ਹੀ ਸਮਝੀਂ ਪੈ ਜਾਵੇ ਕਿ ਜਦੋਂ ਇਕ ਪੱਤੇ ਦਾ ਹਿੱਲਣਾ ਵੀ ਇਸ ਪਰਮ ਪਿਤਾ ਪਰਮੇਸ਼ਵਰ ਦੇ ਹੁਕਮੋਂ ਬਾਹਰ ਨਹੀਂ ਹੈ, ਇਹ ਤਾਂ ਐਵੈਂ ਹੀ ਚੌਧਰੀ ਬਣੇ ਤੁਰਦੇ ਨੇ, ਜਿਹੜੇ ਵੱਡੇ ਪੈਗੰਬਰ-ਤਪੀ-ਤਪੀਸ਼ਵਰ ਹੋਏ, ਉਹਨਾਂ ਨੇ ਦੇਸ਼ ਵਿਦੇਸ਼ਾਂ ਵਿੱਚ ਪੈਦਲ ਉਦਾਸੀਆਂ ਕੀਤੀਆਂ, ਮੰਗ ਕੇ ਪਰਸ਼ਾਦੇ ਛਕੇ, ਹੱਥੀਂ ਕੀਤੀ ਕਿਰਤ ਨੂੰ ਵਡਿਆਇਆ, ਵੰਡ ਕੇ ਛਕਣ ਤੇ ਆਪਸੀ ਪਿਆਰ ਦਾ ਦੁਨੀਆ ਨੂੰ ਸਦੀਵੀਂ ਸੁਨੇਹਾ ਦਿੱਤਾ। ਪਰ ਅੱਜਕੱਲ ਦੇ ਬਾਬੇਆਂ ਦੇ ਢਿੱਡ ਨੇ ਕਿ ਖੂਹ, ਇਹਨਾਂ ਦਾ ਤੇ ਆਪਣਾ ਰੱਜ ਹੀ ਨਹੀਂ ਹੁੰਦਾ- ਬਾਹਰ ਅੰਦਰ ਪ੍ਰਾਪਰਟੀਆਂ, ਬੱਚਿਆਂ ਦੀਆਂ ਫੈਕਟਰੀਆਂ - ਆਮ ਭੋਲੇ ਭਾਲੇ  ਲਾਈਲੱਗ ਲੋਕਾਂ ਦੀ ਕਮਾਈ ਦੀ ਸਰੇਆਮ ਲੁੱਟ!!

ਅੱਜ ਮੱਦੀ ਸਾਰਾ ਦਿਨ ਇਹਨਾਂ ਗੱਲਾਂ ਵਿੱਚ ਹੀ ਗਵਾਚਿਆ ਰਿਹਾ - ਸ਼ਾਮਾਂ ਨੂੰ ਘਰ ਆਇਆ ਤਾਂ ਛੋਟਾ ਮੁੰਡਾ ਜਿਹੜਾ ਸਵੇਰੇ ਬਿਮਾਰ ਸੀ ਉਹ ਵੇਹੜੇ ਵਿਚ ਹੱਸਦਾ ਖੇਡਦਾ ਮਿਲਿਆ,  ਉਸ ਨੇ ਬਾਪੂ ਨੂੰ ਘੁੱਟ ਕੇ ਜੱਫੀ ਮਾਰੀ, ਮੱਦੀ ਨੇ ਉਸਦਾ ਸਿਰ ਚੁੰਮਿਆ ਤੇ ਕੇਲੇਆਂ ਵਾਲਾ ਲਿਫ਼ਾਫ਼ਾ ਉਸ ਨੂੰ ਫੜਾ ਦਿੱਤਾ।

ਨੱਥੇ ਨੇ ਹੱਥ ਮੂੰਹ ਧੋਤਾ - ਸਾਰੇ ਟੱਬਰ ਨੇ ਇਕੱਠੇ ਬਹਿ ਕੇ ਰੋਟੀ ਖਾਦੀ।

ਉਸ ਤੋਂ ਬਾਅਦ ਨੱਥਾ ਮੰਜੇ ਤੇ ਲੰਮਾ ਪਿਆ ਤਾਂ ਛੋਟਾ ਮੁੰਡਾ ਉਸ ਦੇ ਢਿੱਡ ਤੇ ਹੀ ਆ ਕੇ ਪੈ ਗਿਆ, ਤਾਰਿਆਂ ਵੱਲ ਤੱਕਦਾ ਉਹ ਇਹੋ ਸੋਚ ਰਿਹਾ ਸੀ ਕਿ ਉਸ ਦਾ ਸਾਰਾ ਟੱਬਰ ਵੀ ਕਿੱਡਾ ਆਸਤਕ ਹੈ , ਬਸ ਇੱਕ ਪਰਮ ਪਿਤਾ ਪਰਮੇਸ਼ਵਰ ਦੀ ਹੀ ਓਟ ਚ' ਰਹਿੰਦੈ - ਉਸ ਗਰੀਬ ਨਵਾਜ਼ ਦੇ ਉੱਤੇ ਪਹਾੜ ਵਰਗਾ ਮਜ਼ਬੂਤ ਅਕੀਦਾ ......!!

ਇਸੇ ਸੋਚੀਂ ਪਏ ਪਏ ਮੱਦੀ ਦੀ ਅੱਖ ਲੱਗ ਗਈ !!

ਸੱਚਾ, ਸੁੱਚਾ ਤੇ ਪੱਕਾ ਆਸਤਕ ਮੱਦੀ !!

ਚੰਗਾ ਜੀ, ਜਾਂਦੇ ਜਾਂਦੇ ਮੇਰੀ ਪਸੰਦ ਦਾ ਇੱਕ ਗੀਤ - ਕਦੇ ਮੈਂ ਇਸ ਨੂੰ ਦਿਨ ਵਿਚ ਕਈਂ ਕਈਂ ਵਾਰੀ ਸੁਣਿਆ ਕਰਦਾ ਸੀ - ਅੱਜ ਬੜੇ ਦਿਨਾਂ ਬਾਅਦ ਸਾਂਝੇ ਪੰਜਾਬੀ ਰੇਡੀਓ ਉੱਤੇ ਸੁਣਿਆ ਤੇ ਬਹੁਤ ਚੰਗਾ ਲੱਗਾ - ਆਪ ਵੀ ਸੁਣਿਓ ਜੀ - ਕੰਡੇ ਜਿਨ੍ਹੇ ਹੋਣ ਤਿੱਖੇ, ਫੁੱਲ ਓਨ੍ਨਾ ਹੁੰਦਾ ਸੋਹਣਾ!! ਸਾਬਰ ਕੋਟੀ ਜੀ, ਆਪ ਜੀ ਨੂੰ ਮੇਰਾ ਸਲਾਮ!!

Wednesday, 9 October 2019

ਡੱਕੇ ਹੋਏ ਹੰਝੂ !

"ਹਾਂ, ਸੁੱਖੇ, ਗੁਰੁਦ੍ਵਾਰੇ ਹੋ ਕੇ ਆਇਆ ਸੀ?" ਜਸਬੀਰ (ਜੱਸਾ)  ਨੇ ਫੋਨ ਤੇ ਪੁੱਛਿਆ

"ਹਾਂਜੀ, ਗਿਆ ਸੀ, ਬਹੁਤ ਚੰਗਾ ਲੱਗਾ ਸੀ ਜੀ"

"ਬੱਚਿਆਂ ਨੂੰ ਲੈ ਕੇ ਗਿਆ ਸੀ?"

'ਹਾਂਜੀ, ਉਹ ਵੀ ਗਏ ਸੀ, ਸਰ, ਹੁਣ ਮੈਂ ਰੋਜ਼ ਸਵੇਰੇ ਸ਼ਾਮੀਂ ਹੋ ਕੇ ਆਇਆ ਕਰਾਂਗਾ, ਤੁਹਾਡੀ ਗੱਲ ਮੰਨਾਂਗਾ!" ਉਸ ਦੱਸਿਆ।

"ਬਹੁਤ ਚੰਗਾ ਕੀਤਾ, ਸੁੱਖੇ, ਹੁਣ ਤੈਨੂੰ ਆਪਣੇ ਦਿਲ ਨੂੰ ਟਿਕਾਣਾ ਪਉ,  ਤਾਂਹੀਓਂ ਤੂੰ ਆਪਣੇ ਬੱਚਿਆਂ ਦੀ ਸੰਭਾਲ ਕਰ ਪਾਏਂਗਾ!"

ਦੋ ਚਾਰ ਮਿੰਟ ਜੱਸੇ ਨੇ ਸੁੱਖੇ ਨਾਲ ਗੱਲਾਂ ਕੀਤੀਆਂ ਤੇ ਮੁੜ ਉਸ ਨੂੰ ਦਿਲ ਤਗੜਾ ਰੱਖਣ ਵਾਸਤੇ ਆਖਿਆ। ਜਸਬੀਰ ਨੂੰ ਮੁੜ ਮੁੜ ਆਪਣੀ ਮਾਂ ਦਾ ਆਖਰੀ ਵਕ਼ਤ ਚੇਤੇ ਆ ਰਿਹਾ ਸੀ - ਉਹ ਵੀ 2-3 ਮਹੀਨੇ ਬੜੀ ਬੀਮਾਰ ਰਹੀ - ਜਿਸ ਦਿਨ ਗੁਜਰ ਜਾਂਦੀ ਹੈ ਉਸ ਦੇ ਦੋ ਦਿਨ ਪਹਿਲਾਂ ਜੱਸੇ ਨੂੰ ਇਸ਼ਾਰੇ ਨਾਲ ਕੋਲ ਸੱਦ ਕੇ, ਉਸ ਦੇ ਸਿਰ ਉੱਤੇ ਆਪਣਾ ਡਾਢਾ ਕਮਜ਼ੋਰ ਹੋ ਚੁਕਿਆ ਹੱਥ ਰੱਖ ਕੇ ਕਹਿੰਦੀ ਹੈ - "ਜੱਸੇ, ਪੁੱਤ, ਦੇਖ ਮਾਂ ਪਿਓ ਕਿਹੜੇ ਹਮੇਸ਼ਾ ਬੈਠੇ ਰਹਿੰਦੇ ਨੇ, ਦਿਲ ਵੱਡਾ ਰੱਖੀ ਦਾ ਏ?"

"ਬੀਜੀ, ਤੁਸੀਂ ਕੀ ਐਵੇਂ ਕੁਝ ਵੀ ਕਹਿਣ ਬਹਿ ਜਾਂਦੇ ਹੋ, ਤੁਹਾਨੂੰ ਕੁਝ ਨਹੀਂ ਹੋਇਆ, ਦਵਾਈ ਖਾ ਰਹੇ ਹੋ, ਤੁਸੀਂ ਠੀਕ ਹੋ ਜਾਣੈ ਬਿਲਕੁਲ, ਚਲੋ, ਆਰਾਮ ਕਰੋ ਹੁਣ!" - ਜੱਸੇ ਨੇ ਮਾਂ ਆਪਣੀ ਦਾ ਸਿਰ ਮੁੜ ਸਿਰਹਾਣੇ ਤੇ ਟਿਕਾ ਦਿੱਤਾ। ਜੱਸੇ ਨੂੰ ਹੁਣ ਆਪਣੀ ਮਾਂ ਬਿਲਕੁਲ ਆਪਣੀ ਛੋਟੀ ਲਾਡਲੀ ਧੀ ਵਾਂਗੂ ਜਾਪਦੀ ਸੀ, ਆਉਂਦਾ ਜਾਂਦਾ ਉਸ ਦਾ ਮੱਥਾ ਚੁੰਮਣ ਲੱਗਦਾ, ਜੱਸੇ ਦੇ ਨਿਆਣੇ ਵੀ ਓਹੋ ਜਿਹੇ - ਕੋਈ ਬੀਜੀ ਦੇ ਸਿਰ ਤੇ ਹੱਥ ਫੇਰਦਾ ਤੇ ਕੋਈ ਮੱਥਾ ਚੁੰਮਦਾ ਰਹਿੰਦਾ!

ਜੱਸੇ ਦੀ ਮਾਂ ਤਾਂ ਤੁਰ ਗਈ - ਪਰ ਮਾਂ ਦੀ ਆਖੀ ਗੱਲ ਨੇ ਜਿਵੇਂ ਉਸਦੇ ਹੰਝੂ ਪੂਰੇ ਸੁਕਾ ਮਾਰੇ - ਉਸ ਨੇ ਵੀ ਮਾਂ ਦੀ ਗੱਲ ਤੇ ਉਹ ਹਾਰ ਪਾਏ ਕਿ ਇਕ ਵੀ ਹੰਝੂ ਨਹੀਂ ਡਿੱਗਣ ਦਿੱਤਾ - ਦੁਨੀਆਦਾਰੀ ਵਾਸਤੇ ਵੀ ਨਹੀਂ ਤੇ ਭੋਗ ਵਾਲੇ ਦਿਨ ਵੀ ਨਹੀਂ !!

ਜੱਸੇ ਦਾ ਇਹ ਸੁੱਖਾ ਲੱਗਦਾ ਕੀ ਹੈ ? ਕੋਈ ਰਿਸ਼ਤੇਦਾਰੀ - ਦੂਰ ਨੇੜੇ ਦੀ? ਕੋਈ ਆਂਢ-ਗੁਆਂਢ ਦੀ ਸਾਂਝ!!

ਕੋਈ ਰਿਸ਼ਤੇਦਾਰੀ ਨਹੀਂ ਜੀ, ਕੋਈ ਬਚਪਨ ਦੀ, ਸਕੂਲ ਦੀ ਯਾਰੀ ਵੀ ਨਹੀਂ।

ਵੈਸੇ ਰਿਸ਼ਤੇਦਾਰੀਆਂ ਵੀ ਤੇ ਮੰਨਣ ਤੇ ਨਿਭਾਉਣ ਵਾਲਿਆਂ ਦੀਆਂ ਹੀ ਹੁੰਦੀਆਂ ਨੇ!!

ਜੱਸਾ ਸਰਕਾਰੀ ਨੌਕਰੀ ਵਿਚ ਹੈ - 10-12 ਸਾਲ ਪਹਿਲਾਂ ਜਦੋਂ ਉਹ ਬਟਾਲੇ ਨੌਕਰੀ ਕਰਦਾ ਸੀ - ਪਰਿਵਾਰ ਵੀ ਓਥੇ ਹੀ ਸੀ, ਛੋਟਾ ਮੁੰਡਾ ਉਸਦਾ ਅਜੇ ਸਕੂਲ ਵਿੱਚ ਸੀ - ਮੁੰਡਾ ਸਕੂਲ ਦੀ ਜਿਸ ਬਸ ਵਿਚ ਜਾਂਦਾ ਸੀ ਉਸ ਬਸ ਦਾ ਡਰਾਈਵਰ ਸੀ ਜੀ ਸੁੱਖਾ!! ਬਸ ਇਹੋ ਇਹਨਾਂ ਦੀ ਸਾਂਝ ਸੀ. ਰੋਜ਼ ਜਦੋਂ ਜਸਬੀਰ ਸਕੂਟਰ ਤੇ ਮੋੜ ਤੇ ਮੁੰਡੇ ਨੂੰ ਛੱਡਣ ਜਾਂਦਾ ਤਾਂ ਸੁੱਖਾ ਨਜ਼ਰ ਆ ਜਾਂਦਾ ਤੇ ਉਹ ਇਕ ਦੂਜੇ ਦੇ ਹੱਸਦੇ ਮੱਥੇ ਲੱਗਦੇ !

ਦੀਵਾਲੀ ਆਈ - ਉਸ ਤੋਂ ਇਕ ਦੋ ਦਿਨ ਪਹਿਲਾਂ ਜਦੋਂ ਜੱਸਾ ਮੁੰਡੇ ਨੂੰ ਸਕੂਲ ਬਸ ਤੇ ਛੱਡਣ ਗਿਆ ਤਾਂ ਉਸ ਨੇ ਸਕੂਟਰ ਦੀ ਕਿੱਲੀ ਤੇ ਇਕ ਲਿਫਾਫੇ ਵਿੱਚ ਮਠਿਆਈ ਦੇ ਦੋ ਡੱਬੇ ਟੰਗੇ ਹੋਏ ਸੀ - ਜਦੋਂ ਬਸ ਆਈ, ਮੁੰਡੇ ਨੂੰ ਉਪਰ ਚੜਾਂਦੇ ਹੋਏ ਜੱਸਾ ਵੀ ਬਸ ਵਿੱਚ ਚੜਣ ਲੱਗਾ - ਚੜਦਿਆਂ ਚੜਦਿਆਂ ਉਸ ਨੇ ਇਕ ਡੱਬਾ ਤੇ ਬਸ ਦੇ ਕਲੀਨਰ ਨੂੰ ਦਿੱਤਾ ਤੇ ਦੂਜਾ ਸੁੱਖੇ ਨੂੰ ਦਿੱਤਾ - ਬੜੇ ਸਤਿਕਾਰ ਨਾਲ - ਨਾਲੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ!!

ਸੁੱਖਾ ਦੀਆਂ ਅੱਖਾਂ ਭਰ ਜਿਹੀਆਂ ਗਈਆਂ - ਕਹਿੰਦੈ - "ਸਰ, ਇਹ ਤੇ ਸਾਡੇ ਵਰਗੇ ਲੋਕਾਂ ਨਾਲ ਅੱਜ ਪਹਿਲੀ ਵਾਰੀ ਹੋ ਰਿਹੈ !" ਜੱਸੇ ਨੇ ਉਸਦੀ ਪਿੱਠ ਥਾਪੜੀ ਤੇ ਜਲਦੀ ਜਲਦੀ ਥੱਲੇ ਉਤਰ ਆਇਆ !!

ਜੱਸਾ ਵੀ ਮਰਜੀ ਦਾ ਮਾਲਿਕ ਸੀ - ਉਸ ਦਾ ਇਹ ਖਿਆਲ ਸੀ ਕਿ ਹਮੇਸ਼ਾ ਦਿਨ ਦਿਹਾੜ ਤੇ ਓਹਨਾਂ ਲੋਕਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਣ ਜਿੰਨਾ ਦੀ ਲੋਕੀਂ ਅਣਦੇਖੀ ਜਿਹੀ ਕਰ ਜਾਂਦੇ ਨੇ, ਜੇਕਰ ਕੁਝ ਦੇਂਦੇ ਵੀ ਨੇ ਬੜੀ ਹਿਕਾਰਤ ਨਾਲ, ਇਸ ਤੋਂ ਜੱਸੇ ਨੂੰ ਬੜੀ ਚਿੜ ਮੱਚਦੀ ਸੀ. ਇਸ ਕਰਕੇ ਉਹ ਲੱਭ ਲੱਭ ਕੇ ਅਜਿਹੇ ਲੋਕਾਂ ਨੂੰ ਮਾਣ ਦੇਂਦਾ ਸੀ - ਧੋਬੀ, ਮਾਲੀ, ਸਕੂਲ ਦਾ ਚੌਕੀਦਾਰ, ਕਾਲੋਨੀ ਦੇ ਚੌਕੀਦਾਰ, ਸਕੂਲ ਬੱਸਾਂ ਦੇ ਡਰਾਈਵਰ ਕਲੀਨਰ ਆਦਿ ਜਿੰਨ੍ਹਾਂ ਨੂੰ ਕੋਈ ਚੇਤੇ ਨਹੀਂ ਰੱਖਦਾ - ਜਿਹੜੇ ਕਿਤੇ ਗਿਣਤੀ ਵਿੱਚ ਹੀ ਨਹੀਂ ਆਉਂਦੇ!!

ਅੱਛਾ, ਸੁੱਖੇ ਦੀ ਗੱਲ ਤੇ ਪਿੱਛੇ ਰਹਿ ਗਈ - ਦਰਅਸਲ ਸੁੱਖੇ ਦੀ ਮਾਂ ਥੋੜੇ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਈ - ਜਿਸ ਦਿਨ  ਉਹ ਪੂਰੀ ਹੋਈ, ਸੁੱਖਾ ਬੜਾ ਰੋ ਰਿਹਾ ਸੀ - ਜੱਸਾ ਉਸਨੂੰ ਬਾਰ ਬਾਰ ਦਿਲਾਸਾ ਦੇ ਰਿਹਾ ਸੀ - ਹਿੰਮਤ ਰੱਖਣੀ ਪਉ, ਨਿਆਣੇ ਨੇ ਤੇਰੇ ਆਸਰੇ, ਬਾਪੂ ਜੀ ਹਨ, ਬਜ਼ੁਰਗ ਦਾਦੀ ਐ !

ਸੁੱਖੇ ਦੀ ਮਾਂ ਬਿਮਾਰ ਰਹਿੰਦੀ ਸੀ - ਬਸ ਇਕ ਦਿਨ ਅਚਾਨਕ ਹੀ ਉਸਨੂੰ ਅਰਸ਼ੋਂ ਸੱਦਾ ਆ ਗਿਆ. ਸੁੱਖੇ ਦੇ ਦੋ ਨਿਆਣੇ ਨੇ - 6  ਸਾਲ ਦਾ ਮੁੰਡਾ ਤੇ 10-11 ਸਾਲਾਂ ਦੀ ਕੁੜੀ, ਜਨਾਨੀ ਨਾਲ ਛੱਡ-ਛਡਾ ਹੋ ਚੁਕਿਆ ਹੈ - ਓਹਦਾ ਜ਼ਾਤੀ ਮਾਮਲਾ ਹੈ - ਜੱਸੇ ਨੇ ਕਦੇ ਘੋਖਿਆ ਨਹੀਂ - ਜਨਾਨੀ ਨੇ ਆਪਣੇ ਪੇਕੇ ਪਟਿਆਲੇ ਜਾ ਕੇ ਉਸ ਉੱਤੇ ਤਲਾਕ ਵਾਸਤੇ ਮੁਕਦਮਾ ਕਰ ਦਿੱਤਾ - ਇਹ ਕਿਸੇ ਵੀ ਪੇਸ਼ੀ ਤੇ ਨਹੀਂ ਗਿਆ, ਜੱਜ ਨੇ ਇਕ-ਤਰਫਾ ਫੈਸਲਾ ਦੇ ਕੇ ਜਨਾਨੀ ਦੀ ਤਲਾਕ ਦੀ ਅਰਜੀ ਮਨਜ਼ੂਰ ਕਰ ਦਿੱਤੀ.

ਸੁੱਖਾ ਪੰਜਾਬੀ ਗੀਤ ਬਹੁਤ ਵਧੀਆ ਗਾਂਦਾ ਸੀ - ਜਦੋਂ ਵੀ ਕੋਈ ਨਵਾਂ ਗੀਤ ਗਾਉਂਦਾ, ਜੱਸੇ ਨੂੰ ਜ਼ਰੂਰ ਭੇਜਦਾ - ਜੱਸਾ ਵੀ ਉਸਨੂੰ ਨਵੀਆਂ ਨਵੀਆਂ ਜਾਣਕਾਰੀਆਂ ਵਹਾਤਸੱਪ ਰਾਹੀਂ ਭੇਜਦਾ ਰਹਿੰਦਾ - ਕਦੇ ਕੋਈ ਕੰਮ ਹੁੰਦਾ ਤੇ ਸੁੱਖਾ ਜੱਸੇ ਦੇ ਦਫਤਰ ਜਾ ਕੇ ਉਸਨੂੰ ਬੇਨਤੀ ਕਰ ਦਿੰਦਾ - ਕੰਮ ਵੀ ਕੋਈ ਕੰਮਾਂ ਵਰਗੇ ਕੰਮ ਨਹੀਂ - ਛੋਟੇ ਮੋਟੇ ਕੰਮ, ਕੋਈ ਕਾਗਜ਼ ਪੱਤਰ ਅੱਟੈਸਟ ਕਰਵਾਣਾ ਹੋਇਆ, ਫੋਟੋ ਅੱਟੈਸਟ ਕਰਵਾਉਣੀ ਹੁੰਦੀ - ਜੱਸਾ ਓਸੇ ਵੇਲੇ ਆਪਣੇ ਅਫਸਰ ਕੋਲੋਂ ਉਸਦਾ ਕੰਮ ਕਰਵਾ ਦਿੰਦਾ।

ਸਮਾਂ ਅੱਗੇ ਤੁਰਿਆ - ਜੱਸੇ ਦੀ ਬਦਲੀ ਹੋ ਗਈ ਬਰਨਾਲੇ - ਪਰ ਓਹਨਾਂ ਦੋਵਾਂ ਦੀ ਦੁੱਖ ਸੁਖ ਦੀ ਸਾਂਝ ਬਣੀ ਰਹੀ. ਸੁੱਖੇ ਦੀ ਮਾਂ ਦੇ ਤੁਰ ਜਾਣ ਮਗਰੋਂ, ਜੱਸਾ ਉਸਨੂੰ ਦਿਲਾਸਾ ਦੇਣ ਲਈ ਤੇ ਉਸਦਾ ਦਿਲ ਦੂਜੇ ਪਾਸੇ ਲਾਉਣ ਲਈ ਉਸਨੂੰ ਫੋਨ ਕਰਦਾ ਰਹਿੰਦਾ- ਜਿਸ ਦਿਨ ਸੁੱਖੇ ਦੀ ਮਾਂ ਪੂਰੀ ਹੋਈ ਅਗਲੇ ਦਿਨ ਜਦੋਂ ਜੱਸੇ ਨੇ ਫੋਨ ਕੀਤਾ ਤੇ ਸੁੱਖਾ ਕਹਿੰਦੈ ਬੱਚੇ ਰੁੱਲ ਜਾਣਗੇ,  ਵੈਸੇ ਰੋਟੀ ਪਾਣੀ ਦਾ ਕੋਈ ਮਸਲਾ ਨਹੀਂ , ਸਾਰੇ ਚਾਚੇ ਤਾਏ ਤੇ ਲਾਗੇ ਹੀ ਨੇ, ਓਹਨਾਂ ਦੀਆਂ ਨੂਹਾਂ  ਰੋਟੀ ਪਾਣੀ ਦਾ ਖ਼ਿਆਲ ਰੱਖ ਰਹੀਆਂ ਨੇ, ਮਾਂ ਬੜੀ ਚੇਤੇ ਆਉਂਦੀ ਏ.

ਚਾਰ ਦਿਨਾਂ ਬਾਅਦ ਜਦੋਂ ਜੱਸੇ ਦੀ ਸੁੱਖੇ ਨਾਲ ਫੇਰ ਗੱਲ ਹੋਈ ਤੇ ਕਹਿੰਦੈ ਕਿ ਕੋਈ ਰਿਸ਼ਤੇਦਾਰ ਨੇੜੇ ਨਹੀਂ ਲੱਗਦਾ - ਕੋਈ ਨਹੀਂ ਪੁੱਛਦਾ ਕਿ ਰੋਟੀ ਟੁੱਕ ਖਾਦਾ ਕਿ ਨਹੀਂ। ਸੁੱਖੇ ਨੇ ਉਸ ਨੂੰ ਕਿਹਾ ਕਿ ਰੋਟੀ ਬਣਾਉਣ ਵਾਲੀ ਰੱਖਣੀ ਪਉ, ਕਹਿੰਦੈ ਹਾਂ, ਉਹ ਤੇ ਹੋ ਜਾਏਗਾ - ਕੁਝ ਦਿਨਾਂ ਲਈ ਡੱਬਾ ਲਗਵਾ ਲਊਂ !! ਸੁੱਖਾ ਦੱਸ ਰਿਹਾ ਸੀ ਕਿ ਦਾਦੀ ਵੀ ਹੁਣ ਉਹਨਾਂ ਵੱਲ ਹੀ ਆ ਗਈ ਹੈ - ਕਹਿੰਦੈ ਜਦੋਂ ਵੀ ਮੈਂ ਰੋਂਦਾ ਹਾਂ ਤੇ ਦਾਦੀ ਦਿਲਾਸਾ ਦਿੰਦੀ ਹੈ ਕਿ ਇੰਝ ਦਿਲ ਥੋੜਾ ਢਾਈ ਦਾ ਏ, ਤਗੜੇ ਬਣੀ ਦਾ ਏ, ਕੁਝ ਕਰ ਕੇ ਦਿਖਾਈ ਦਾ ਏ. ਕਹਿੰਦੈ ਕਿ ਦਾਦੀ ਵਿਚ ਹੱਠ ਤੇ ਪੂਰਾ ਏ, ਚੂਕਲੇ ਦੀ ਹੱਡੀ ਟੁੱਟੀ ਹੋਈ ਏ ਉਸ ਦੀ ਵੀ , ਵਿਚਾਰੀ ਬਾਥਰੂਮ ਤੇ ਕੁਰਸੀ ਦਾ ਆਸਰਾ ਲੈ ਕੇ ਕਿਸੇ ਤਰ੍ਹਾਂ ਚਲੀ ਜਾਂਦੀ ਏ, ਸਾਰਾ ਦਿਨ ਵਿਚਾਰੀ ਬੈਠੀ ਜਾਂ ਲੇਟੀ ਰਹਿੰਦੀ ਹੈ - ਉਸ ਨੂੰ ਕਹਿੰਦੀ ਹੈ ਕਿ ਜੇ ਕਿਤੇ ਮੈਂ ਬੈਠਣ ਜੋਗੀ ਹੁੰਦੀ ਤੇ ਮੈਂ ਰੋਟੀ ਵੀ ਬਣਾ ਲੈਂਦੀ!!

ਸੁੱਖੇ ਨੇ ਦੋ ਦਿਨ ਪਹਿਲਾਂ ਫੋਨ ਕੀਤਾ ਤੇ ਕਹਿਣ ਲੱਗਾ ਕਿ ਮਾਂ ਬੜੀ ਚੇਤੇ ਆਉਂਦੀ ਹੈ, ਸਾਰਾ ਘਰ ਹੀ ਉੱਜੜ ਗਿਆ ਮੇਰਾ ਤਾਂ, ਬੱਚੇ ਗੁਮ-ਸੁਮ ਰਹਿੰਦੇ ਨੇ, ਬਾਪੂ ਦਾਰੂ ਚਾੜ ਕੇ ਪਿਆ ਰਹਿੰਦੈ - ਸਮਝ ਨਹੀਂ ਆਉਂਦੀ ਕੀ ਕਰਾਂ! ਜੱਸਾ ਉਸ ਨੂੰ ਕਹਿੰਦੈ  ਕਿ ਤੇਰੇ ਬਾਪੂ ਹੁਰਾਂ ਨੂੰ ਵੱਡੀ ਸੱਟ ਵੱਜੀ ਏ, ਸਬਰ ਕਰ ਦੋ ਚਾਰ ਦਿਨਾਂ ਬਾਅਦ ਉਸਦਾ ਦਿਲ ਵੀ ਠਹਿਰ ਜਾਉ। ਸੁੱਖਾ ਕਹਿੰਦੈ ਇਹ ਓਹਦਾ ਅੱਜ ਦਾ ਕੰਮ ਨਹੀਂ, ਓਹਨੇ ਨਹੀਂ ਸੁਧਰਨਾ, ਉਹ ਤੇ ਇੰਝ ਹੀ ਪੂਰੀ ਬੋਤਲ ਚਾੜ ਕੇ ਮੂਧਾ ਪਿਆ ਰਹਿਣ ਦਾ ਆਦੀ ਹੋ ਚੁਕਿਆ ਐ !!

ਉਸ ਦਿਨ ਸੁੱਖੇ ਦੀਆਂ ਗੱਲਾਂ ਸੁਣ ਕੇ ਜੱਸਾ ਉਸ ਨੂੰ ਕਹਿੰਦੈ ਕਿ ਬਸ, ਤੂੰ ਹਿੰਮਤ ਨਾ ਹਾਰ, ਸੱਭ ਠੀਕ ਹੋ ਜਾਉ ਸਹਿਜੇ ਸਹਿਜੇ - ਬਸ ਤੂੰ ਨਿੱਤ ਸਵੇਰੇ ਸ਼ਾਮ ਗੁਰੁਦਵਾਰੇ ਜ਼ਰੂਰ ਜਾਇਆ ਕਰ - ਸੱਚਾ ਪਾਤਸ਼ਾਹ ਮੇਹਰ ਕਰੇਗਾ! ਬੱਚਿਆਂ ਨੂੰ ਜ਼ਰੂਰ ਨਾਲ ਲੈ ਕੇ ਜਾਇਆ ਕਰ, ਉਸ ਦਿਨ ਸ਼ਾਮੀ ਵੀ ਜੱਸੇ ਨੇ ਪੁੱਛਿਆ ਕਿ ਹੋ ਕੇ ਆਇਆ, ਗੁਰਦਵਾਰਾ ਸਾਹਿਬ ਹਾਜ਼ਰੀ ਭਰੀ ? ਸੁੱਖਾ ਕਹਿੰਦੈ -  ਹਾਂਜੀ ਗਿਆ ਸੀ, ਬੱਚੇ ਵੀ ਗਏ ਸੀ - ਦਿਲ ਨੂੰ ਠੰਡ ਪਈ!!

ਜੱਸਾ ਦੂਜੇ ਤੀਜੇ ਦਿਨ ਫੋਨ ਕਰ ਕੇ ਸੁੱਖੇ ਨਾਲ ਗੱਲ ਕਰ ਲੈਂਦੈ ਤੇ ਗੁਰੁਦ੍ਵਾਰੇ ਬਹਿ ਕੇ ਗੁਰੂਗ੍ਰੰਥ ਸਾਹਿਬ ਜੀ ਦੀ ਬਾਣੀ ਸ਼ਰਵਨ ਕਰਨ ਲਈ ਜ਼ਰੂਰ ਪ੍ਰੇਰਦਾ ਰਹਿੰਦੈ !!

ਦੋ ਦਿਨ ਪਹਿਲਾਂ ਵੀ ਜਦੋਂ ਸੁੱਖਾ ਗੱਲ ਬਾਤ ਕਰਦੇ ਹੋਏ ਰੋਈ ਜਾ ਰਿਹਾ ਸੀ ਤੇ ਨਾਲੇ ਦੱਸ ਰਿਹਾ ਸੀ ਕਿ ਉਸ ਨੂੰ ਸਕੂਲ ਦੀ ਬਸ ਦੀ ਡਿਊਟੀ ਵਾਸਤੇ ਤੇ ਘਰੋਂ ਸਵੇਰੇ 5.30 ਵਜੇ ਨਿਕਲਣਾ ਹੀ ਪੈਂਦੈ - ਡਿਊਟੀ ਤੇ ਜਾ ਕੇ ਧਿਆਨ ਬੱਚਿਆਂ ਵੱਲ ਹੀ ਰਹਿੰਦੈ - ਉਸ ਵੇਲੇ ਜੱਸੇ ਨੇ ਕਿਹਾ ਕਿ ਤੇਰੇ ਤਾਂ ਸਕੂਲ ਵਾਲੇ ਤੈਨੂੰ ਬੜਾ ਮੰਨਦੇ ਨੇ, ਓਹਨਾਂ ਨੂੰ ਆਪਣਾ ਟਾਈਮ ਹੀ ਥੋੜਾ ਅੱਗੇ ਵਧਾਉਣ ਲਈ ਕਹਿ ਵੇਖ!

ਇਹ ਸੁਣਦਿਆਂ ਹੀ - ਸੁੱਖੇ ਦਾ ਰੋਣਾ ਥਮ ਗਿਆ - ਤੇ ਕਹਿੰਦੈ - " ਭਾਜੀ, ਸਕੂਲ ਦਾ ਤਾਂ ਇਹ ਹਾਲ ਹੈ, ਇਹਨਾਂ ਦਿਨਾਂ ਵਿੱਚ ਮੇਰਾ ਦਿਲ ਜਿੱਡਾ ਵੀ ਭਰਿਆ ਹੋਵੇ ਮੈਂ ਸਕੂਲ ਦੇ ਦਫਤਰ ਦੇ ਸਟਾਫ ਦੇ ਸਾਹਮਣੇ ਤਾਂ ਆਪਣੇ ਆਪ ਨੂੰ ਬਿਲਕੁਲ ਕਾਇਮ, ਖੁਸ਼ ਮਿਜਾਜ਼ ਜਿਹਾ ਹੀ ਬਣਾ ਕੇ ਰੱਖਦਾ ਹਾਂ....ਮਜਾਲ ਕੇ ਓਥੇ ਮੇਰਾ ਇੱਕ ਅਥਰੂ ਵੀ ਨਿਕਲ ਜਾਵੇ!

ਜੱਸਾ ਸੋਚੀਂ ਪੈ ਗਿਆ ਕੀ ਸੁੱਖਾ ਕਹਿ ਕੀ ਰਿਹੈ !

ਪਰ ਓਸੇ ਵੇਲੇ ਸੁੱਖੇ ਨੇ ਗੱਲ ਪੂਰੀ ਕੀਤੀ - "ਭਾਜੀ, ਜੇ ਕਿਤੇ ਸਕੂਲ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਅੱਜਕਲ ਮਾਂ ਦੇ ਵਿਛੋੜੇ ਸਦਕਾ ਇਸ ਦੀ ਤਾਂ ਸੁਰਤੀ ਹੀ ਟਿਕਾਣੇ ਨਹੀਂ, ਕਿਤੇ ਬੱਚਿਆਂ ਦੀ ਭਰੀ ਬਸ ਦਾ ਇਸ ਕੋਲੋਂ ਐਕਸੀਡੇੰਟ ਹੀ ਨਾ ਹੋ ਜਾਵੇ,  ਇਹਦੀ ਦਾ ਛੁੱਟੀ ਹੀ ਕਰ ਦੇਈਏ!!"

ਇਹ ਸੁਣ ਕੇ ਜੱਸੇ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ - ਉਸ ਨੂੰ ਪਤਾ ਨਹੀਂ ਲੱਗਾ ਕਿ ਉਹ ਉਸ ਦੀ ਮਾਂ ਦੇ ਅਕਾਲ ਚਲਾਣਾ ਕਰਣ ਵੇਲੇ ਦੇ ਡੱਕੇ ਹੋਏ ਸਨ ਜਾਂ ਸੁੱਖੇ ਦੀ ਹੰਝੂ ਡੱਕਣ ਵਾਲੀ ਗੱਲ ਸੁਣ ਕੇ ਉਤਰ ਆਏ ਸਨ !!

ਜਿਸ ਕਰਕੇ ਵੀ ਸਨ, ਕੋਈ ਗੱਲ ਨਹੀਂ, ਮਾਵਾਂ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ - ਰਬ ਦਾ ਪਰਛਾਂਵਾਂ !!

Sunday, 6 October 2019

ਜਿੰਨ੍ਹਾਂ ਭਰੋਸੇ ਅਸੀਂ ਸਫਰ ਕਰਦੇ ਹਾਂ!

30-35 ਪੁਰਾਣੀ ਗੱਲ ਹੈ, ਮੇਰੀ ਮਾਂ ਸਿਵਲ ਹਸਪਤਾਲ ਵਿਚ ਅੱਖਾਂ ਚੈੱਕ ਕਰਵਾਉਣ ਗਏ ਸੀ, ਓਥੇ ਡਾਕਟਰ ਕੋਲ ਰੋੜਵੇਜ਼ ਦੀ ਬਸ ਦਾ ਡਰਾਈਵਰ ਆਪਣੀ ਅੱਖਾਂ ਦੀ ਡਾਕਟਰੀ ਕਰਵਾਉਣ ਆਇਆ ਹੋਇਆ ਸੀ, ਉਸ ਦੀਆਂ ਅੱਖਾਂ ਵਿੱਚ ਕੋਈ ਨੁਕਸ ਪੈ ਗਿਆ ਸੀ, ਜਿਸ ਵਾਸਤੇ ਡਾਕਟਰ ਉਸ ਨੂੰ ਡਰਾਈਵਰੀ ਲਈ ਪਾਸ ਨਹੀਂ ਸੀ ਕਰ ਸਕਦਾ - ਮਾਂ ਦੱਸਦੀ ਸੀ ਕਿ ਉਸ ਨੇ ਡਾਕਟਰ ਦੇ ਬੜੇ ਤਰਲੇ ਮਿੰਨਤਾਂ ਕੀਤੇ ਪਰ ਡਾਕਟਰ ਆਪਣੀ ਗੱਲ ਤੇ ਟਿਕਿਆ ਰਿਹਾ ਤੇ ਉਸ ਨੂੰ ਕਹਿੰਦੈ - ਭਾਈ, ਤੇਰੇ ਭਰੋਸੇ ਜਿਹੜੀਆਂ 100 ਸਵਾਰੀਆਂ ਤੇਰੀ ਬਸ ਵਿਚ ਲੱਦੀਆਂ ਹੋਣਗੀਆਂ, ਮੈਂ ਓਹਨਾਂ ਦਾ ਵੀ ਖਿਆਲ ਕਰਣੈ !
ਫੇਲ ਹੋ ਗਿਆ ਜੀ ਉਹ ਡਰਾਈਵਰ ਡਾਕਟਰੀ ਚੋਂ !

ਮਾਂ ਇਹ ਗੱਲ ਬੜੀ ਵਾਰੀ ਸੁਣਾਇਆ ਕਰਦੀ ਸੀ ਕਿ ਡਾਕਟਰਾਂ ਦੀ ਡਿਊਟੀ ਵੀ ਕਿੰਨੀ ਜਿੰਮੇਵਾਰੀ ਵਾਲੀ ਹੁੰਦੀ ਹੈ. ਮਾਂ ਨੇ ਇਸ ਵਾਰ ਇਹੋ ਜਿਹਾ ਵਾਕਿਆ ਤੱਕਿਆ ਤੇ ਉਹ ਓਹਨਾਂ ਦੇ ਮੰਨ ਵਿੱਚ ਬਹਿ ਗਿਆ!

ਇਹ ਤਾਂ ਸੀ 100 ਬੰਦਿਆਂ ਦੀ ਸੁਰੱਖਿਆ ਦਾ ਜ਼ਿੱਮਾ ਤੇ ਜੇਕਰ ਹੋਵੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀਆਂ ਦਾ ਸਵਾਲ !! ਜਦੋਂ ਵੀ ਮੈਂ ਰੇਲ ਵਿਚ ਸਫਰ ਕਰਦਾ ਹਾਂ ਤੇ ਜਦੋਂ ਰਾਤੀਂ ਮੈਨੂੰ ਜਾਗ ਆ ਜਾਵੇ ਤਾਂ ਉਸ ਵੇਲੇ ਮੇਰਾ ਧਿਆਨ ਗੱਡੀ ਦੇ ਡਰਾਈਵਰ ਵੱਲ, ਗਾਰਡ ਵੱਲ ਜ਼ਰੂਰ ਜਾਂਦੈ - ਅੰਨ੍ਹੇ ਵਾਹ ਭਜਦੀ ਗੱਡੀ ਦੀ ਗੜੜ ਗੜੜ  ਸੁਣ ਕੇ ਧਿਆਨ ਓਹਨਾ ਲੱਖਾਂ ਟਰੈਕ-ਮੈਨਾਂ ਵੱਲ ਜਾਂਦੈ ਜਿਹੜੇ ਭਾਰੇ ਭਰੇ ਸੰਦ ਚੱਕੀਂ ਰੇਲ ਦੀਆਂ ਪਟੜੀਆਂ ਦਾ ਚੱਪਾ ਚੱਪਾ ਪੈਦਲ ਚੈੱਕ ਕਰਦੇ ਤੇ ਓਹਨਾਂ ਨੂੰ ਕਸਦੇ ਥੱਕਦੇ ਨਹੀਂ। ਹੋਰ ਵੀ ਅਨੇਕਾਂ ਤਰ੍ਹਾਂ ਦੇ ਰੇਲ ਦੇ ਮੁਲਾਜ਼ਮਾਂ ਦੇ ਭਰੋਸੇ ਅਸੀਂ ਕਿਵੇਂ ਲੰਬੀ-ਤਾਣ ਕੇ ਰਾਤਾਂ ਨੂੰ ਆਪਣੀਆਂ ਸੀਟਾਂ ਤੇ ਪਏ ਰਹਿੰਦੇ ਹਾਂ - ਕਿਓਂਕਿ ਸਾਨੂੰ ਭਰੋਸਾ ਹੁੰਦੈ ਡਰਾਈਵਰ ਉੱਤੇ ਜਿਹੜਾ ਚੌਕੰਨਾ ਹੋ ਕੇ ਆਪਣੇ ਕੰਮ ਤੇ ਲੱਗਾ ਹੁੰਦੈ ਤੇ ਹਜ਼ਾਰ ਦੋ ਹਜ਼ਾਰ ਯਾਤਰੀਆਂ ਦੀ ਸੁਰੱਖਿਆ ਉਸ ਦੇ ਜਿੰਮੇ ਹੁੰਦੀ ਹੈ.

ਪਰ ਜਿੰਨ੍ਹਾਂ ਦੇ ਹੱਥੀਂ ਹਜ਼ਾਰਾਂ ਲੋਕਾਂ ਦੀ ਜਾਨ ਹੈ, ਉਹਨਾਂ ਦੀ ਸ਼ਾਰੀਰਿਕ ਤੇ ਮਾਨਸਿਕ ਸਿਹਤ ਦਾ ਜਿੰਮਾ ਕਿਸਦਾ!!

ਅੱਜ ਮੈਨੂੰ ਲੱਗ ਰਿਹੈ ਕਿ ਰੇਲਵੇ ਦੇ ਸਿਹਤ ਮਹਿਕਮੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕੀਤੀਆਂ ਜਾਣ, ਮੈਂ ਵੀ 28 ਸਾਲ ਤੋਂ ਇਸ ਦਾ ਹਿੱਸਾ ਹਾਂ. ਊਧਮਪੁਰ ਤੋਂ ਲੈ ਕੇ ਕਾਨਯਾਕੁਮਾਰੀ ਤੱਕ ਤੇ ਗੁਜਰਾਤ ਦੇ ਇਕ ਕੌਣੇ ਤੋਂ ਲੈ ਕੇ ਦੇਸ਼ ਦੇ ਉੱਤਰ ਪੂਰਵ ਦੇ ਦੂਜੇ ਕੋਨੇ ਤਕ ਜਿੱਥੇ ਤਕ ਵੀ ਰੇਲ ਜਾਂਦੀ ਹੈ ਓਥੇ ਰੇਲਵੇ ਦੇ ਮੁਲਾਜ਼ਮਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਸਿਹਤ ਦੀਆਂ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ, ਬਿਲਕੁਲ ਜਿਵੇਂ ਫੌਜੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਸਿਹਤ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ. ਰੇਲਵੇ ਦੇ 650 ਦੇ ਕਰੀਬ ਵੱਡੇ ਹਸਪਤਾਲ ਹਨ - ਇਹ ਵੱਡੇ ਸ਼ਹਿਰਾਂ ਵਿਚ ਹਨ, ਛੋਟੇ ਸਟੇਸ਼ਨਾਂ ਤੇ ਡਿਸਪੈਂਸਰੀਆਂ ਹੁੰਦੀਆਂ ਨੇ, ਜਿਵੇਂ ਪ੍ਰਾਇਮਰੀ ਹੈਲਥ ਸੈਂਟਰ ਹੁੰਦੇ ਹਨ. ਰੇਲਵੇ ਕੋਲ 2500 ਦੇ ਕਰੀਬ ਤਾਂ ਪੱਕੇ ਡਾਕਟਰ ਹਨ, ਯੂ ਪੀ ਐੱਸ ਸੀ ਵਲੋਂ ਭਰਤੀ ਕੀਤੇ ਹੋਏ!!

ਰੇਲਵੇ ਵਿੱਚ ਹਰ ਮੁਲਾਜ਼ਿਮ ਦੀ ਡਾਕਟਰੀ ਦੇ ਬੜੇ ਸਖ਼ਤ ਨਿਯਮ ਹਨ, ਉਸ ਵਿਚ ਵੀ ਜਿਵੇਂ ਡਰਾਈਵਰ, ਗਾਰਡ ਵਰਗੀਆਂ ਸ਼੍ਰੇਣੀਆਂ ਨੇ, ਜਿੰਨਾ ਉੱਤੇ ਪਬਲਿਕ ਦੀ ਸੁਰੱਖਿਆ ਦਾ ਜਿੰਮਾ ਹੁੰਦੈ ਓਹਨਾਂ ਦੀ ਡਾਕਟਰੀ ਤਾਂ ਐੱਡੀ ਬਾਰੀਕ ਤਰ੍ਹਾਂ ਨਾਲ ਹੁੰਦੀ ਹੈ ਜਿਵੇਂ ਕੱਪੜੇ ਸੀਨ ਵਾਲੀ ਸੂਈ ਵਿਚੋਂ ਧਾਗਾ ਕੱਢਣਾ ਹੋਵੇ!

ਨੌਕਰੀ ਤੇ ਲੱਗਣ ਤੋਂ ਪਹਿਲਾਂ ਇਹਨਾਂ ਦੀ ਡਾਕਟਰੀ ਵਿਚ ਇਹਨਾਂ ਦੀ ਮਾਨਸਿਕ ਜਾਂਚ, ਸਾਈਕੋਲੋਜੀਕਲ ਟੈਸਟਿੰਗ ਵੀ ਹੁੰਦੀ ਹੈ ਕਿ ਉਹ ਔਖੀ ਘੜੀ ਨੂੰ ਕਿੰਨੀ ਚੰਗੀ ਤਰ੍ਹਾਂ ਨਜਿੱਠਣ ਲਈ ਤਿਆਰ ਹਨ.

ਅੱਖਾਂ ਦੀ ਪੂਰੀ ਟੈਸਟਿੰਗ - ਅੱਖ ਦੇ ਪਰਦੇ ਤਕ ਨੂੰ ਦੇਖਿਆ ਜਾਂਦੈ - ਨਜ਼ਰ 6/6 ਹੋਣੀ ਲਾਜ਼ਮੀ ਹੁੰਦੀ ਹੈ -ਜਿਵੇਂ ਅੱਜ ਕਲ ਕਈ ਲੋਕ ਚਸ਼ਮਾ ਹਟਵਾਉਣ ਦਾ ਆਪਰੇਸ਼ਨ ਕਰਵਾ ਲੈਂਦੇ ਨੇ, ਉਹ ਵੀ ਨਹੀਂ ਕਰਵਾਇਆ ਹੋਣਾ ਚਾਹੀਦਾ - ਉਹ ਕਲਰ ਬਲਾਈਂਡ ਤਾਂ ਨਹੀਂ ਹੈ ਇਸ ਨੇ ਤਰ੍ਹਾਂ ਤਰ੍ਹਾਂ ਨਾਲ ਦੇਖਿਆ ਜਾਂਦਾ - ਜਿਸ ਕਮਰੇ ਵਿਚ ਇਹਨਾਂ ਦੀ ਜਾਂਚ ਹੁੰਦੀ ਹੈ ਓਥੇ ਸਿਗਨਲ ਵਰਗੇ ਪੋਲ ਵੀ ਲੱਗੇ ਹੁੰਦੇ ਨੇ, ਜਿਸ ਦੇ ਰੰਗ ਉਸ ਕੋਲੋਂ ਪੁੱਛੇ ਜਾਂਦੇ ਹਨ.

ਜਦੋਂ ਵੀ ਕੋਈ ਗੱਡੀ ਦਾ ਡਰਾਈਵਰ ਆਪਣੀ ਡਿਊਟੀ ਤੇ ਆਉਂਦਾ ਹੈ ਤਾਂ ਉਸ ਨੂੰ ਹਾਜ਼ਰੀ ਲਗਵਾਉਣ ਤੋਂ ਪਹਿਲਾਂ ਇੱਕ ਬ੍ਰੇਅਥ ਅਨੇਲੈਸਰ ਟੈਸਟ (ਉਸ ਦੀ ਹਵਾੜ ਦੀ ਪੜਤਾਲ) ਕਰਵਾਉਣਾ ਪੈਂਦੈ - ਜਿਸ ਨਾਲ ਇਸ ਗੱਲ ਦਾ ਪਤਾ ਲੱਗਦੈ ਕਿ ਉਸ ਨੇ ਘੁੱਟ ਲਾਇਆ ਤਾਂ ਨਹੀਂ, ਉਹ ਰਿਪੋਰਟ ਠੀਕ ਆਉਣ ਤੇ ਹੀ ਉਸਨੂੰ ਗੱਡੀ ਚਲਾਉਣ ਦੀ ਆਗਿਆ ਹੁੰਦੀ ਹੈ - ਅੱਛਾ, ਇਕ ਗੱਲ ਹੋਰ ਜਦੋਂ ਵੀ ਉਸਨੇ ਡਿਊਟੀ ਖਤਮ ਕਰ ਕੇ ਆਉਣਾ ਹੈ, ਉਸ ਵੇਲੇ ਵੀ ਉਸਦਾ ਇਹ ਟੈਸਟ ਕੀਤਾ ਜਾਂਦੈ ਕਿ ਕਿਤੇ ਉਸ ਨੇ ਡਿਊਟੀ ਦੌਰਾਨ ਤੇ ਘੁੱਟ ਨਹੀਂ ਲਾ ਲਿਆ!!

ਇਕ ਗੱਲ ਹੋਰ, ਜਦੋਂ ਕਦੇ ਵੀ ਕਿਤੇ ਕੋਈ ਰੇਲ ਹਾਦਸਾ ਹੋ ਜਾਂਦੈ ਤਾਂ ਜਲਦੀ ਤੋਂ ਜਲਦੀ ਉਸ ਗੱਡੀ ਦੇ ਡਰਾਈਵਰ ਦਾ ਬ੍ਰੇਅਥ ਅਨਲਾਇਸਰ ਟੈਸਟ ਕੀਤਾ ਜਾਂਦੈ - ਸਿਰਫ ਇਸ ਉੱਤੇ ਹੀ ਭਰੋਸਾ ਨਹੀਂ ਕੀਤਾ ਜਾਂਦਾ, ਉਸ ਦੇ ਖੂਨ ਦਾ ਨਮੂਨਾ ਲੈ ਕੇ ਲੈਬ ਵਿਚ ਅਲਕੋਹੋਲ ਦੀ ਘੋਖ ਲਈ ਭੇਜਿਆ ਜਾਂਦੈ।

ਡ੍ਰਾਇਵਰਾਂ ਦੀ ਡਾਕਟਰੀ ਦਾ ਰਿਕਾਰਡ ਓਹਨਾਂ ਦੀ ਪੂਰੀ ਸਰਵਿਸ ਤੱਕ ਸੰਭਾਲ ਕੇ ਰੱਖਿਆ ਜਾਂਦੈ - ਜਦੋਂ ਵੀ ਕਿਤੇ  ਕੋਈ ਰੇਲ ਹਾਦਸਾ ਹੁੰਦੈ ਤਾਂ ਉਸ ਡਰਾਈਵਰ ਦੀ ਪਿਛਲੀ ਡਾਕਟਰੀ ਦੀ ਰਿਪੋਰਟ ਨੂੰ ਦੇਖਿਆ ਜਾਂਦਾ - ਉਹ ਕਿਸ ਡਾਕਟਰ ਨੇ ਕਦੋਂ ਕੀਤੀ ਸੀ, ਇਹ ਸੱਭ ਤੱਕਿਆ ਜਾਂਦੈ!

ਅੱਛਾ,  ਇੱਕ ਗੱਲ ਹੋਰ ! ਇਹ ਨਹੀਂ ਕਿ ਨੌਕਰੀ ਲੱਗਣ ਦੇ ਵੇਲੇ ਜਿਹੜੀ ਡਾਕਟਰੀ ਹੋ ਗਈ ਬਸ ਓਹੀਓ ਹੋ ਗਈ - ਇੰਝ ਨਹੀਂ ਹੈ, ਇਹਨਾਂ ਦੀ ਪੂਰੀ ਦੀ ਪੂਰੀ ਡਾਕਟਰੀ ਇਹਨਾਂ ਦੀ ਉਮਰ ਦੇ ਹਿਸਾਬ ਨਾਲ ਤੇ ਗੱਡੀ ਦੀ ਸਪੀਡ ਦੇ ਹਿਸਾਬ ਨਾਲ ਮਿੱਥੀ ਹੁੰਦੀ ਐ - ਹਰ ਦੋ ਸਾਲ ਬਾਅਦ, ਫੇਰ ਹਰ ਸਾਲ, ਫੇਰ ਜਦੋਂ ਉਮਰ 55 ਕੁ ਸਾਲ ਹੋ ਜਾਵੇ ਤਾਂ 6 -6 ਮਹੀਨੇ ਬਾਅਦ ਵੀ ਡਾਕਟਰੀ ਹੁੰਦੀ ਹੈ - ਇਸ ਦਾ ਪੂਰਾ ਟਾਈਮ ਟੇਬਲ ਮਿਥਿਆ ਹੋਇਆ ਹੁੰਦੈ - ਮੈਂਨੂੰ  ਪੂਰਾ ਤੇ ਉਹ ਨਹੀਂ ਯਾਦ, ਪਰ ਇਸ ਵਿੱਚ ਬਿਲਕੁਲ ਵੀ ਕੋਈ ਢਿੱਲ - ਮਤਲਬ ਬਿਲਕੁਲ - ਨਹੀਂ ਹੋ ਸਕਦੀ! ਜਿੰਨੇ ਦਿਨ ਵੀ ਉਹ ਡਾਕਟਰੀ ਚੱਲੇਗੀ, ਓਹਨਾਂ ਦਿਨਾਂ ਲਈ ਉਸਨੂੰ ਡਿਊਟੀ ਤੇ ਸਮਝਿਆ ਜਾਵੇਗਾ।

ਤੁਸੀਂ ਸੋਚ ਰਹੇ ਹੋਵੇਗੇ ਕਿ ਮੈਂ ਇਸ ਬਾਰੇ ਇਹ ਸਾਰਾ ਕੁਝ ਕਿਵੇਂ ਜਾਣਦਾ ਹਾਂ - ਉਸ ਦਾ ਜਵਾਬ ਇਹ ਹੈ ਕਿ ਮੈਂ ਰੇਲਵੇ ਵਿਚ ਬਤੌਰ ਮੁੱਖ ਡੈਂਟਲ ਸਰਜਨ ਕੰਮ ਕਰਦਾ ਹਾਂ, 1991 ਤੋਂ!

ਇਕ ਗੱਲ ਹੋਰ ਆਈ ਚੇਤੇ - ਜਦੋਂ ਵੀ ਰੇਲ ਦਾ ਡਰਾਈਵਰ ਕੋਈ ਛੁੱਟੀ ਕੱਟ ਕੇ ਆਉਂਦਾ ਹੈ ਤਾਂ ਉਸ ਨੂੰ ਲਿਖ ਕੇ ਦੇਣਾ ਪੈਂਦੈ ਕਿ ਉਸ ਨੂੰ ਛੁੱਟੀ ਦੇ ਦੌਰਾਨ ਅੱਖਾਂ ਦੀ ਕੋਈ ਤਕਲੀਫ ਨਹੀਂ ਹੋਈ ਤੇ ਉਸ ਨੇ ਆਪਣੀ ਛੁੱਟੀ ਦੇ ਦੌਰਾਨ ਅੱਖਾਂ ਦਾ ਕੋਈ ਵੀ , ਜਿਵੇਂ ਮੋਤੀਆ ਵਗੈਰਾ  ਦਾ ਕੋਈ ਆਪਰੇਸ਼ਨ ਨਹੀਂ ਕਰਵਾਇਆ!

ਵਧਦੀ ਉਮਰੇ ਚਸ਼ਮੇ ਨਾਲ ਵੀ ਡਰਾਈਵਰ ਨੂੰ ਗੱਡੀ ਚਲਾਉਣ ਦੀ ਇਜਾਜ਼ਤ ਹੁੰਦੀ ਹੈ - ਉਸ ਲਈ ਵੀ ਪੂਰੇ ਨਿਯਮ ਹਨ, ਮੈਂ ਕੀਤੇ ਸੁਣਿਆ ਸੀ, ਚੇਤੇ ਨਹੀਂ ਆ ਰਿਹਾ, ਕਿ ਇਕ ਸਪੇਅਰ ਚਸ਼ਮਾ ਵੀ ਓਹਨਾਂ ਕੋਲੇ ਹੋਣਾ ਚਾਹੀਦੈ!!

ਤੁਸੀਂ ਕਦੇ ਨੋਟਿਸ ਕਰਿਓ, ਰੇਲਵੇ ਦੇ ਡਰਾਈਵਰ ਤੁਹਾਨੂੰ ਅਕਸਰ ਚੰਗੀ ਸਿਹਤ ਵਿਚ ਹੀ ਮਿਲਣਗੇ - ਚੁਸਤ ਦਰੁਸਤ ਤੇ ਪੂਰੇ ਟਿਪ ਟਾਪ. ਇਕ ਹੋਰ ਗੱਲ ਸਿਧੇ ਹੀ ਡਰਾਈਵਰ ਭਰਤੀ ਹੋ ਕੇ ਫਰੰਟੀਅਰ ਮੇਲ ਤੇ ਨਹੀਂ ਬਿਠਾ ਦਿੱਤੇ ਜਾਂਦੇ - ਇਹਨਾਂ ਦੀ ਕਈਂ ਮਹੀਨਿਆਂ ਦੀ ਬੜੀ ਤਗੜੀ ਟ੍ਰੇਨਿੰਗ ਹੁੰਦੀ ਹੈ - ਰੇਲਵੇ ਦੇ ਆਪਣੇ ਟ੍ਰੇਨਿੰਗ ਸੈਂਟਰ ਹਨ - ਉਸ ਤੋਂ ਬਾਅਦ ਇਹਨਾਂ ਨੂੰ ਸਹਾਇਕ ਡਰਾਈਵਰ ਦੀ ਤਰ੍ਹਾਂ ਡਿਊਟੀ ਮਿਲਦੀ ਹੈ - ਤੁਸੀਂ ਇੰਝ ਸਮਝ ਲਵੋ ਜਿਵੇਂ ਕੋਈ ਕੱਚਾ ਡਰਾਈਵਰ ਹੰਢੇ ਹੋਏ ਡਰਾਈਵਰ ਦੀ ਸ਼ਾਗਿਰਦੀ ਕਰ ਰਿਹਾ ਹੋਵੇ -

ਜਦੋਂ ਇਹ "ਕੱਚਾ" ਡਰਾਈਵਰ ਆਪਣੇ ਕੰਮ ਵਿੱਚ ਪੱਕਾ ਹੋ ਜਾਂਦੈ ਤਾਂ ਇਸ ਨੂੰ ਸਬ ਤੋਂ ਪਹਿਲਾਂ ਮਾਲ ਗੱਡੀ ਤੇ ਲਾਇਆ ਜਾਂਦੈ, ਫੇਰ ਇਸ ਦਾ ਕੰਮ ਵੇਖ ਕੇ ਓਸ ਨੂੰ ਸਵਾਰੀ ਗੱਡੀ ਦਿੱਤੀ ਜਾਂਦੀ ਹੈ, ਫੇਰ ਸਹਿਜੇ ਸਹਿਜੇ ਮੇਲ ਤੇ ਐਕਸਪ੍ਰੈਸ ਗੱਡੀ ਇਸ ਦੇ ਹਵਾਲੇ ਕੀਤੀ ਜਾਂਦੀ ਹੈ ਤੇ ਜਦੋਂ ਇਹ ਡਰਾਈਵਰੀ ਦਾ ਪੂਰਾ ਖਿਲਾੜੀ ਹੋ ਜਾਂਦੈ ਤਾਂ ਹੀ ਸ਼ਤਾਬਦੀ ਤੇ ਰਾਜਧਾਨੀ ਵਰਗੀਆਂ ਗੱਡੀਆਂ ਇਸ ਨੂੰ ਚਲਾਉਣ ਨੂੰ ਮਿਲਦੀਆਂ ਹਨ....ਉਹ ਗੱਡੀਆਂ ਮਿਲਣੀਆਂ ਇਹਨਾਂ ਵਾਸਤੇ ਬੜੀ ਫ਼ਖਰ ਦੀ ਗੱਲ ਹੁੰਦੀ ਐ  - ਜਦੋਂ ਕਦੇ ਇਲਾਜ ਲਈ ਰਿਟਾਇਰ ਡਰਾਈਵਰ ਵੀ ਆਉਂਦੇ ਨੇ ਮੇਰੇ ਕੋਲੇ ਤੇ ਬੜੇ ਮਾਣ ਨਾਲ ਦੱਸਦੇ ਨੇ ਕਿ ਉਹ " ਏ" ਗ੍ਰੇਡ ਡਰਾਈਵਰ ਰਹੇ ਹਨ !!

ਅੱਛਾ ਕੁਝ ਗੱਲਾਂ ਹੋਰ, ਕਦੇ ਤੁਹਾਡੇ ਮੰਨ ਵਿੱਚ ਆਇਆ ਕਿ ਗੱਡੀ 110 ਕਿਲੋਮੀਟਰ ਦੀ ਸਪੀਡ ਤੇ ਨੱਸੀ ਜਾ ਰਹੀ ਹੈ, ਰਬ ਨਾ ਕਰੇ ਡਰਾਈਵਰ ਨਾਲ ਕੋਈ ਭਾਨਾ ਵਰਤ ਜਾਵੇ, ਫੇਰ ਕੀ !! ਉਸ ਦਾ ਜਵਾਬ ਇਹੋ ਹੈ ਕਿ ਜਿਹੜਾ ਸਹਾਇਕ ਡਰਾਈਵਰ ਉਸ ਦੇ ਨਾਲ ਬੈਠਾ ਹੁੰਦੈ ਉਹ ਪੂਰਾ ਡਰਾਈਵਰ ਹੁੰਦੈ ਬਸ ਉਸ ਨੂੰ ਇਕੱਲੇ ਗੱਡੀ ਚਲਾਉਣ ਦੀ ਪਰਮਿਸ਼ਨ ਨਹੀਂ ਹੁੰਦੀ ਪਰ ਅਜੇਹੀ ਕਿਸੇ ਵੀ ਐਮਰਜੰਸੀ ਨੂੰ ਨਜਿੱਠਣ ਲਈ ਰੇਲਵੇ ਨੇ ਉਸਨੂੰ ਪੱਕਾ ਕੀਤਾ ਹੁੰਦੈ!

ਇਕ ਗੱਲ ਹੋਰ ਚੇਤੇ ਆਈ - ਜਿਵੇਂ ਬੰਬਈ ਵਿਚ ਲੋਕਲ ਟ੍ਰੇਨਾਂ ਚਲਦੀਆਂ ਨੇ, ਉਹਨਾਂ ਵਿਚ ਤਾਂ ਇੱਕ ਹੀ ਡਰਾਈਵਰ ਹੁੰਦੈ - ਜਿਸ ਨੂੰ ਮੋਟੋਰਮੈਨ ਕਹਿੰਦੇ ਨੇ - ਓਥੇ ਕਿ ਹੁੰਦੈ !! ਦਰਅਸਲ ਜਿਹੜੇ 10 ਸਾਲ ਮੈਂ ਬੰਬਈ ਰਿਹਾ, ਉਸ ਦੌਰਾਨ ਕਈ ਵਾਰੀ ਮੈਨੂੰ ਉਸ ਦੇ ਕੈਬਿਨ ਵਿਚ ਜਾਂ ਗਾਰਡ ਦੇ ਕੈਬਿਨ ਵਿੱਚ ਵੀ ਖੜ ਕੇ ਸਫਰ ਕਰਣ ਦਾ ਮੌਕਾ ਮਿਲਿਆ - ਉਸ ਦੌਰਾਨ ਮੈਂ ਵੇਖਿਆ ਕਿ ਉਹਨਾਂ ਲੋਕਲ ਗੱਡੀਆਂ ਦੇ ਡ੍ਰਾਇਵਰਾਂ ਨੂੰ ਆਪਣੇ ਹੱਥ ਨਾਲ ਇਕ ਲੀਵਰ ਦਬਾਈ ਰੱਖਣਾ ਪੈਂਦੈ - ਜਿਵੇਂ ਹੀ ਉਹ ਉਸ ਤੋਂ ਹੱਥ ਚੱਕ ਦਿੰਦੈ , ਗੱਡੀ ਰੁਕ ਜਾਂਦੀ ਹੈ - ਭਾਵੇਂ ਉਹ ਸਟੇਸ਼ਨ ਤੇ ਰੋਕਣਾ ਹੋਵੇ ਤੇ ਭਾਵੇਂ ਉਸ ਨਾਲ ਕੋਈ ਐਮਰਜੰਸੀ ਵਾਪਰੀ ਹੋਵੇ !!

ਇਕ ਗੱਲ ਹੋਰ , ਇਕ ਵਾਰ ਭਰਤੀ ਹੋਇਆ ਡਰਾਈਵਰ ਜੇਕਰ ਕੁਝ ਸਾਲਾਂ ਬਾਅਦ ਉਹ ਅੱਖਾਂ ਦੀ ਜਾਂ ਸ਼ਰੀਰਕ ਡਾਕਟਰੀ ਲੌੜੀਂਦੇ ਪੱਧਰ ਤਕ ਪਾਸ ਨਹੀਂ ਕਰ ਪਾਉਂਦਾ ਤਾਂ ਉਸ ਨੂੰ ਕੋਈ ਹੋਰ ਢੁਕਵੀਂ ਨੌਕਰੀ - ਕਿਸੇ ਦਫਤਰ ਵਿਚ - ਦੇ ਦਿੱਤੀ ਜਾਂਦੀ ਹੈ ਜਿਸ ਵਿਚ ਲੋਕਾਂ ਦੀ ਸੁਰੱਖਿਆ ਵਾਲਾ ਕੋਈ ਮੁੱਦਾ ਨਹੀਂ ਹੁੰਦਾ।

ਕਈਂ ਵਾਰ ਕਿਸੇ ਨੂੰ ਕੋਈ ਅਜੇਹੀ ਤਕਲੀਫ ਹੋ ਜਾਵੇ ਕਿ ਉਹ ਰੇਲਵੇ ਦੀ ਕੋਈ ਵੀ ਨੌਕਰੀ ਨਾ ਕਰ ਪਾਵੇ ਤਾਂ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਰਿਟਾਇਰ ਕਰ ਕੇ ਉਸ ਦੇ ਕਿਸੇ ਆਸ਼ਰਤ ਧੀ-ਪੁੱਤਰ ਨੂੰ ਉਸ ਦੀ ਸਿੱਖਿਆ ਦੇ ਪੱਧਰ ਮੁਤਾਬਕ ਰੇਲ ਦੀ ਨੌਕਰੀ ਦੇ ਦਿੱਤੀ ਜਾਂਦੀ ਹੈ!!

ਰੇਲਵੇ ਦੇ ਸਿਹਤ ਮਹਿਕਮੇ ਬਾਰੇ ਹੋਰ ਵੀ ਬੜੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜ਼ਰੂਰ - ਅੱਜ ਲਈ ਇਨ੍ਹਾਂ ਹੀ - ਜਦੋਂ ਵੀ ਗੱਡੀ ਚ' ਸਫਰ ਕਰੋ, ਪੂਰਾ ਭਰੋਸਾ ਰੱਖੋ ਗੱਡੀ ਚਲਾਉਣ ਵਾਲਾ ਡਰਾਈਵਰ ਸੂਈ ਦੀ ਨੋਕ ਵਿਚੋਂ ਲੰਘਣ ਵਰਗੀ ਡਾਕਟਰੀ ਪਾਸ ਕਰ ਕੇ ਆਇਆ  ਹੋਇਆ ਹੈ - ਜਿਥੇ ਕੋਈ ਸਿਫਾਰਿਸ਼, ਕੋਈ ਪੈਸਾ, ਕੋਈ ਰਸੂਖ, ਕੋਈ ਯੂਨੀਅਨ - ਕਿਸੇ ਦੀ ਵੀ ਨਹੀਂ ਚਲਦੀ, ਪਾਸ ਤੇ ਪਾਸ, ਫੇਲ ਤੇ ਫੇਲ !!


ਟੌਪਿਕ ਬਦਲਿਏ ! - ਇਥੇ ਲਖਨਊ ਵਿਚ ਇਕ ਜਗ੍ਹਾ ਐਂਟੀਕ- ਬਹੁਤ ਪੁਰਾਣੀਆਂ ਚੀਜ਼ਾਂ - ਮਿਲਦੀਆਂ ਹਨ - ਮੈਂ ਕਦੇ ਕਦੇ ਓਥੇ ਧੱਕੇ ਖਾਣ ਲਈ ਜਾਂਦਾ ਹਨ, ਕਲ ਗਿਆ ਤੇ ਪਹਿਲੀ ਵਾਰ ਕਿਸੇ ਪੰਜਾਬੀ ਸਿੰਗਰ ਦਾ ਰਿਕਾਰਡ ਓਥੇ ਪਿਆ ਵੇਖਿਆ - ਉਹ ਜਿਹੋ ਜਿਹੇ ਸਾਡੇ ਮੋਹੱਲਿਆਂ ਵਿਚ ਵਿਆਹ-ਸ਼ਾਦੀਆਂ ਵੇਲੇ ਵੱਜਦੇ ਸੀ - ਉੱਤੇ ਲਿਖਿਆ ਸੀ - ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ- ਨਾਲ ਹੰਸ ਰਾਜ ਹੰਸ ਦੀ ਜਵਾਨੀ ਦੀ ਫੋਟੋ - ਅਫਸੋਸ ਹੋਇਆ ਉਸ ਵੇਲੇ ਫੋਨ ਨਹੀਂ ਸੀ, ਘਰੇ ਆ ਕੇ ਉਹ ਫੋਟੋ ਵੀ ਲੱਭ ਗਈ ਤੇ ਉਹ ਬੇਹੱਦ ਸੋਹਣਾ ਗੀਤ ਵੀ - ਜਿੰਨੂੰ ਸੁਣਦੇ ਸੁਣਦੇ ਅਸੀਂ ਕਦੋਂ ਬੁੱਢੇ ਹੋ ਗਏ, ਪਤਾ ਹੀ ਨਹੀਂ ਲੱਗਾ - ਤੁਸੀਂ ਵੀ ਸੁਣਿਓ।

Thursday, 3 October 2019

ਬੜੀਆਂ ਚੇਤੇ ਆਉਂਦੀਆਂ ਨੇ- ਓਹ ਖੇਡਾਂ !!

ਅੱਜ ਹੁਣੇ ਮੈਂ ਫੇਸਬੁੱਕ ਦੇ ਇਕ ਪੰਜਾਬੀ ਗਰੁੱਪ ਵਿਚ ਇਕ ਫੋਟੋ ਵੇਖੀ, ਬੜਾ ਹਾਸਾ ਆਇਆ - ਆਪਣੀਆਂ ਬਚਪਨ ਦੀਆਂ  ਸ਼ਰਾਰਤਾਂ ਚੇਤੇ ਆ ਗਈਆਂ, ਮੈਂ ਇਹੋ ਜੇਹਾ ਕੰਮੈਂਟ ਵੀ ਓਥੇ ਕੀਤਾ! ਚਲੋ, ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ !!


ਬੜੇ ਸਾਲ ਹੋ ਗਏ ਜਦੋਂ ਘਰ ਵਿੱਚ ਨਿਆਣੇ ਲਾਟੂ ਤੇ ਪਤੰਗਾਂ ਵਿੱਚ ਰੁੱਜੇ ਹੁੰਦੇ ਸੀ, ਮੈਂ ਉਹਨਾਂ ਪੁਰਾਣੀਆਂ ਖੇਡਾਂ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਦਾ ਹੁੰਦਾ ਸੀ - ਆਪਣੇ ਹਿੰਦੀ ਦੇ ਬਲੌਗ ਰਾਹੀਂ! ਫੇਰ ਵਹਾਤਸੱਪ ਦਾ ਜ਼ਮਾਨਾ ਆ ਗਿਆ ਤੇ ਬੜੀਆਂ ਤਸਵੀਰਾਂ ਦਿਖਣ ਲੱਗੀਆਂ- ਪਿੱਠੂ ਸੇਕੇ ਦੀਆਂ, ਖੋ-ਖੋ ਦੀਆਂ, ਰੱਸਾ ਟੱਪਣ ਦੀਆਂ, ਬੰਟਿਆਂ ਦੀਆਂ - ਹੋਰ ਵੀ ਬਹੁਤ ਕੁਝ, ਚੰਗਾ ਲੱਗਦਾ ਸੀ ਓਹਨਾਂ ਤਸਵੀਰਾਂ ਨੂੰ ਮੁੜ ਮੁੜ ਦੇਖਣਾ ਤੇ ਪੁਰਾਣੇ ਦਿਨਾਂ ਨੂੰ ਚੇਤੇ ਕਰ ਕੇ ਹੀ ਹੱਸ ਖੇਡ ਲੈਣਾ !

ਅੱਜ ਇਹ ਉੱਪਰ ਲੱਗੀ ਤਸਵੀਰ ਦੇਖ ਕੇ ਮੈਨੂੰ ਧਿਆਨ ਆਇਆ ਕਿ ਅਸੀਂ ਸ਼ਰਾਰਤਾਂ ਕਰਨੋਂ ਕਿਤੇ ਘੱਟ ਸੀ, ਬਹੁਤ ਸ਼ਰਾਰਤੀ ਤੇ " ਅਥਰੇ" (ਅਕਸਰ ਮੇਰੇ ਵਾਸਤੇ ਇਹ ਲਫ਼ਜ਼ ਵਰਤਿਆ ਜਾਂਦਾ ਇਹ ਬੜਾ ਅਥਰਾ ਹੈ, ਬੜਾ ਕਾਹਲਾ-ਬਾਲਾ ਏ!!) - ਗੱਲ ਇੰਝ ਹੈ ਕਿ ਓਹਨੀਂ ਦਿਨੀਂ ਸਾਡੀਆਂ ਵੀ ਕੁਝ ਖੇਡਾਂ ਹੁੰਦੀਆਂ ਸੀ - ਜਿੰਨਾ ਨੂੰ ਅੱਜ ਲਿਖ ਕੇ ਦਰਜ ਕਰਣ ਦਾ ਮਨ ਕਰ ਰਿਹੈ!! 

ਝਕਾਉਣਾ -  ਇਹ ਉਸ ਖੇਡ ਨਾ ਨਾਂਅ ਨਹੀਂ ਸੀ, ਹੋ ਵੀ ਕਿਵੇਂ ਸਕਦਾ ਸੀ, ਓਹ ਵੀ ਕੋਈ ਖੇਡਾਂ ਵਿਚੋਂ ਖੇਡ ਸੀ, ਬਸ ਸਾਡੀ ਯਾਰਾਂ ਦੀ ਟੋਲੀ ਨੂੰ ਉਸ ਵਿੱਚ ਮਜ਼ਾ ਵਾਧੂ ਆਉਣਾ। ਇਹ ਨਾਂਅ ਝਕਾਉਣਾ ਤੇ ਮੈਂ ਹੁਣ ਲਿਖ ਦਿੱਤੈ! 

ਕਦੇ ਵੀ ਅਚਨਚੇਤ ਅਸੀਂ ਦੋ -ਯਾਰ ਯਾਰਾਂ ਦੋਸਤਾਂ ਨੇ ਇਕੱਠੇ ਹੋ ਜਾਣਾ - ਉਸੇ ਵੇਲੇ ਅਸੀਂ ਇਕ ਟੋਪੀਵਾਲੇ ਬਾਲ ਪੈਨ ਦਾ ਇੰਤਜ਼ਾਮ ਕਰਨਾ - ਅੱਜ ਤੋਂ 45-50 ਸਾਲ ਪਹਿਲਾਂ ਉਹ ਨਵੇਂ ਨਵੇਂ ਚੱਲੇ ਸੀ, ਇਸ ਕਰ ਕੇ ਓਹਨਾਂ ਦਾ ਵਾਧੂ ਕ੍ਰੇਜ਼ ਸੀ. ਕਿਸੇ ਨੇ ਧਾਗੇ ਦੀ ਰੀਲ ਲੈ ਆਉਣੀ ਜਾਂ ਕਿਸੇ ਨੇ ਡੋਰ ਦੀ ਇਕ ਗਿੱਠ ਫੜ ਲੈਣੀ - ਗਿੱਠ ਤੇ ਬਾਬੇਓ ਤੁਸੀਂ ਸਮਝਦੇ ਹੀ ਹੋ ਕਿ ਜਦੋਂ ਕਿਤੋਂ ਪਤੰਗ ਲੁੱਟਣੀ ਤੇ ਓਹਦੇ ਨਾਲ ਜਿਹੜੀ ਡੋਰ ਹੋਣੀ, ਉਸ ਨੂੰ ਹੱਥ ਤੇ 8 ਦੀ ਸ਼ੇਪ ਵਿੱਚ ਫੇਰ ਕੇ ਇਕ ਗਿੱਠ ਬਣਾ ਲੈਣੀ, ਓਹਨੂੰ ਖੀਸੇ ਵਿੱਚ ਪਾ ਲੈਣਾ, ਵੇਲੇ ਕੁਵੇਲੇ ਲਈ - ਘਰੇ ਪਿਆ ਡੋਰ ਦੇ ਵੱਡੇ ਪਿੰਨੇ ਦਾ ਉੱਨਾਂ ਮਜ਼ਾ ਨਾ ਆਉਂਦਾ, ਜਿੰਨ੍ਹਾਂ ਇਹ ਗਿੱਠਾਂ ਨੂੰ ਬੋਝੇ ਵਿੱਚ ਵੇਖ ਕੇ ਆਉਂਦਾ, ਸੱਚੀਂ !!

ਇਹ ਮੈਂ ਵੀ ਕਿਹੜੇ ਡੋਰਾਂ ਪਤੰਗਾ ਪਾਸੇ ਪੈ ਗਿਆ!

ਵਾਪਿਸ ਆਪਣੀ ਖੇਡ ਵਾਲੇ ਆਉਂਦੇ ਹਾਂ ਜੀ , ਅਸੀਂ ਉਸ ਪੇਨ ਦੀ ਟੋਪੀ ਦੇ ਕਲਿੱਪ ਨਾਲ ਧਾਗਾ ਬੰਨ ਕੇ, ਉਸ ਨੂੰ ਸੜਕ ਦੇ ਐਨ ਵਿਚ ਟਿਕਾ ਦੇਣਾ ਤੇ ਆਪ ਉਸ ਡੋਰ ਦਾ ਇਕ ਕਿਨਾਰਾ ਫੜ ਕੇ ਓਹਲੇ ਹੋ ਕੇ ਬਹਿ ਜਾਣਾ। ਓਹਲੇ ਮਤਲਬ ਕਿਤੇ ਵੀ - ਬਸ ਜਿਥੋਂ ਉਸ ਪੇਨ ਤੇ ਨਜ਼ਰ ਰੱਖੀ ਜਾ ਸਕੇ - ਕਿਸੇ ਦੀਵਾਰ , ਕਿਸੇ ਰੁੱਖ,  ਕਿਸੇ ਯਾਰ ਦੋਸਤ ਦੇ ਘਰ ਦੀ ਥੋੜੀ ਜਿਹੀ ਖੁੱਲ੍ਹੀ ਬਾਰੀ ਦੇ ਪਿੱਛੇ ਬਹਿ ਕੇ ਵੀ ਸਾਨੂੰ ਇਹ ਓਹਲਾ ਮੁਹਈਆ ਹੋ ਜਾਂਦਾ - ਫੇਰ ਅਸੀਂ ਆਪਣੇ ਸ਼ਿਕਾਰ ਦਾ ਇੰਤਜ਼ਾਰ ਕਰਨਾ - ਆ ਗਿਆ ਜਿਹੜਾ ਪਹਿਲਾਂ, ਅਕਸਰ ਓਹੀਓਂ ਸ਼ਿਕਾਰ ਬਣ ਜਾਂਦਾ - ਜਿਵੇਂ ਹੀ ਉਸ ਸਾਇਕਿਲ ਸਵਾਰ ਨੇ ਆਪਣੇ ਸਾਇਕਿਲ ਤੋਂ ਲੱਤ ਲਾਹ ਕੇ ਉਸ ਪੇਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਣੀ, ਅਸੀਂ ਬੜੀ ਫੁਰਤੀ ਨਾਲ ਉਸ ਡੋਰ ਨੂੰ ਖੇਂਚਾ ਮਾਰ ਕੇ ਪੇਨ ਨੂੰ ਆਪਣੇ ਪਾਸੇ ਖਿੱਚ ਲੈਣਾ !!

ਇਸੇ ਨਾਲ ਹੀ ਸਾਡਾ ਤੇ ਬਾਈ ਸਾਰਿਆਂ ਦਾ ਹੱਸ ਹੱਸ ਕੇ ਹਾਲ ਅਜਿਹਾ ਹੋ ਜਾਂਦਾ - ਕਿ ਕੀ ਦੱਸਾਂ !! ਓਹੋ ਜਿਹੇ ਹਾਸੇ ਐੱਡੇ ਖੁੱਲੇ ਤੇ ਬੇਫਿਕਰੇ ਉਸ ਤੋਂ ਬਾਅਦ ਫਿਰ ਨਾ ਕਦੇ ਮਿਲੇ। ਪਰ ਉਸ ਬੰਦੇ ਦਾ ਹਾਲ ਵੇਖਣ ਵਾਲਾ ਹੁੰਦਾ - ਵਿਚਾਰਾ ਏਧਰ ਓਧਰ ਵੇਖ ਕੇ ਆਰਾਮ ਨਾਲ ਅਗਾਂਹ ਵੱਗ ਜਾਂਦਾ - ਹੋਰ ਕੀ ਕਰਦਾ ! 

ਕਈਂ ਵਾਰੀਂ ਤੇ ਅਸੀਂ ਹੋਰ ਵੀ ਡੇਰਿੰਗ ਕਰਦੇ - ਸੜਕ ਤੋਂ ਕੋਈ 15-20 ਫੁੱਟ ਤੇ ਬੰਟੇ ਖੇਲ ਰਹੇ ਹੁੰਦੇ ਤੇ ਸਾਨੂੰ ਧਿਆਨ ਆਉਂਦਾ ਕਿ ਇਹ ਪੇਨ ਵਾਲੀ ਖੇਡ ਹੀ ਹੋ ਜਾਏ - ਹੋ ਜਾਏ ਤੇ ਹੋ ਜਾਏ - ਚੱਲ ਸੋ ਚੱਲ!! - ਇਸ ਖੇਡ ਵਿੱਚ ਥੋੜਾ ਜਿਹਾ ਗਾਲਾਂ ਖਾਣ ਦਾ ਜੋਖਿਮ ਤੇ ਹੁੰਦਾ - ਪਰ ਉਸਦੀ ਪਰਵਾਹ ਕਿੰਨੂੰ ਸੀ !! ਲੋਕ ਕਹਿੰਦੇ ਨੇ ਕਿ ਗਾਲਾਂ ਇਕ ਕੰਨ ਚ' ਪਾ ਕੇ ਦੂਜੇ ਥਾਣੀ ਕੱਢ ਦਿੱਤੀਆਂ - ਆਪਾਂ ਤੇ ਭਰਾਵਾ ਓਹਨਾਂ ਨੂੰ ਕਦੇ ਕੰਨੀ ਪੈਣ ਹੀ ਨਹੀਂ ਦਿੰਦੇ ਸੀ - ਸਾਰੇ ਏਧਰ ਓਧਰ ਤਿਤਰ-ਬਿਤਰ ਹੋ ਜਾਂਦੇ - ਵੈਸੇ ਅਜਿਹੇ ਮੌਕੇ ਘੱਟ ਹੀ ਆਉਂਦੇ ਕਿਓਂਕਿ ਜਿਸ ਬੰਦੇ ਨਾਲ ਇਹ ਭਾਨਾ ਵਰਤਿਆ ਹੋਵੇ, ਉਹ ਓਥੋਂ ਆਪਣੀ ਟਿੰਡ ਬਚਾ ਕੇ ਭੱਜੂ ਕਿ ਨਿਆਣਿਆਂ ਨਾਲ ਮੱਥਾ ਲਾਉ !!

ਕਦੇ ਕਦੇ ਇਸ ਖੇਡ ਵਿੱਚ ਮਾੜਾ ਜਿਹਾ ਨੁਕਸਾਨ ਹੋ ਜਾਂਦਾ - ਏਧਰੋਂ ਸਮੇਂ ਤੇ ਖੇਂਚ ਮਾਰਣ ਵਾਲਾ ਖੁੰਝ ਜਾਂਦਾ ਤੇ ਓਧਰ ਕੋਈ ਢੀਠ ਬੰਦਾ ਧਾਗੇ ਤੋੜ ਕੇ ਪੇਨ ਖੀਸੇ ਚ' ਪਾ ਕੇ ਤੁਰ ਜਾਂਦਾ! 

ਇਕ ਗੱਲ ਹੁਣ ਲਿਖਦਿਆਂ ਲਿਖਦਿਆਂ ਚੇਤੇ ਆਈ ਕਿ ਬਚਪਨ ਵਿੱਚ ਜਦੋਂ ਅਸੀਂ ਪੰਜੇ -ਦੱਸੇ (ਪੰਜ ਪੈਸੇ - ਦੱਸ ਪੈਸੇ) ਦੀ ਲਾਟਰੀ ਪਾਉਂਦੇ ਸੀ ਤੇ ਇਨਾਮ ਵਿੱਚ ਸਾਨੂੰ ਜਿਹੜਾ ਨਿੱਕ -ਸੁੱਕ ਮਿਲਦਾ ਸੀ, ਉਸ ਵਿਚ ਨਕਲੀ ਨੋਟ ਵੀ ਸ਼ਾਮਿਲ ਹੁੰਦੇ ਸੀ, ਅਸੀਂ ਓਹਨਾਂ ਨੂੰ ਅਜਿਹੀਆਂ ਖੇਡਾਂ ਲਈ ਬੜੇ ਸਾਂਭ ਕੇ ਰੱਖਦੇ ਸੀ.  ਕੁੱਝ ਨਹੀਂ , ਪੇਨ ਦੀ ਜਗ੍ਹਾ ਬੱਸ ਉਸ ਨੋਟ ਨੂੰ ਧਾਗੇ ਨਾਲ ਬੰਨ ਦੇਣਾ - ਬਾਕੀ ਖੇਡ ਦੇ ਸਾਰੇ ਕਾਇਦੇ ਓਹੀਓ !!

ਅੱਛਾ ਮੈਂ ਉੱਪਰ ਦੱਸਿਆ ਕਿ ਅਸੀਂ ਬੰਟੇ ਖੇਡਦੇ ਖੇਡਦੇ ਵੀ ਇਹ ਝਕਾਉਣ ਵਾਲੀ ਖੇਡ ਨੂੰ ਖੇਡ ਲੈਂਦੇ - ਉਹ ਇੰਝ ਸੀ ਕਿ ਅਸੀਂ ਕਹਿਣ ਨੂੰ ਬੰਟੇ ਖੇਲ ਰਹੇ ਹੁੰਦੇ - ਨੱਕੀ ਪੂਰ ਟਾਈਪ ( ਇਹ ਵੀ ਮੈਨੂੰ ਚੇਤੇ ਹੈ!!) - ਜਿਸ ਵਿਚ ਸਾਨੂੰ 3-4 ਮੁੰਡਿਆਂ ਨੂੰ ਇੱਕ ਘੇਰੇ ਵਿਚ ਬੈਠਣਾ ਹੁੰਦਾ ਸੀ ਪਰ ਸਾਡਾ ਸਾਰਾ ਧਿਆਨ ਤਾਂ ਆਪਣੇ ਪੇਨ ਵਾਲੇ ਜਾਂ ਨਕਲੀ ਨੋਟ ਨੂੰ ਚੁੱਕਣ ਵਾਲੇ ਸ਼ਿਕਾਰ ਤੇ ਹੀ ਹੁੰਦਾ ਸੀ - ਇਕ ਗੱਲ ਹੋਰ, ਜਿੱਡਾ ਸਿਆਣਾ ਬਿਆਨਾ ਜਾਂ ਖਾਂਦਾ ਪੀਂਦਾ ਦਿੱਸਣ ਵਾਲਾ ਬੰਦਾ ਹੁੰਦਾ ਓਨਾਂ ਹੀ ਵੱਡਾ ਤੇ ਖੁੱਲ੍ਹਾ ਸਾਡਾ ਹਾਸਾ ਹੁੰਦਾ! 

ਇੱਕ ਗੱਲ ਹੋਰ, ਕਈਂ ਵਾਰੀ ਆਪਣੇ ਸ਼ਿਕਾਰ ਲਈ ਜਾਲ ਵਿਛਾ ਕੇ ਸਾਨੂੰ ਆਪਣੇ ਪੈਨ ਜਾਂ ਨੋਟ ਨੂੰ ਸ਼ਿਕਾਰ ਦੇ ਆਉਣ ਤੋਂ ਪਹਿਲਾਂ ਹੀ ਖੇਂਚਾ ਮਾਰ ਕੇ ਵਾਪਸ ਕਰਣਾ ਪੈਂਦਾ ਸੀ!

ਪਰ ਇਹ ਹੁੰਦਾ ਕਦੋਂ ਸੀ !

ਜਦੋਂ ਕਦੇ ਮੋਹਲ੍ਲੇ ਦਾ ਕੋਈ ਲੜਾਕਾ, ਅੜ੍ਹਬ ਜੇਹਾ ਬੰਦਾ ਆਉਂਦਾ ਦਿੱਸਦਾ ਜਾਂ ਕੋਈ ਮਾੜਾ ਬੰਦਾ ਦਿੱਸਦਾ - ਮਜਦੂਰ ਹੋਵੇ, ਕੋਈ ਛਾਬੇ ਵਾਲਾ ਹੋਵੇ, ਉਸ ਨਾਲ ਅਸੀਂ ਕਦੇ ਇਹੋ ਜਿਹੇ ਮਜਾਕ ਜਾਂ ਖੇਡ ਨਹੀਂ ਸੀ ਖੇਡਦੇ, ਸਾਨੂੰ ਖਾਂਦੇ ਪੀਂਦੇ ਬੰਦਿਆਂ ਨੂੰ ਹੀ ਪੇਨ ਜਾਂ ਨਕਲੀ ਨੋਟ ਲਈ ਰੋਕ ਕੇ ਮਜ਼ਾ ਆਉਂਦਾ, ਮਜ਼ਾ ਬੜਾ ਛੋਟਾ ਲਫ਼ਜ਼ ਲੱਗ ਰਿਹੈ - ਸੱਚੀਂ, ਮੈਂ ਉਸ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦਾ! 

ਚੰਗਾ ਜੀ, ਇਹ ਖੇਡ ਬਾਰੇ ਲਿਖਦੇ ਲਿਖਦੇ ਮੈਂ ਥੋੜਾ ਬੋਰ ਜੇਹਾ ਹੋ ਗਿਆ ਹਾਂ - ਫੇਰ ਮਿਲਣੇ ਹਾਂ ਕਿਸੇ ਹੋਰ ਇੱਦਾਂ ਦੀ ਖੇਡ ਨਾਲ ਜਿਸ ਦਾ ਕੋਈ ਨਾਮ ਨਹੀਂ ਸੀ ਹੁੰਦਾ ਪਰ ਉਸ ਨੇ ਸਾਨੂੰ ਹਸਾਇਆ ਵਾਧੂ !!

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...