गुरुवार, 5 मार्च 2026

ਨਵਦੀਪ ਬਰਾੜ ਦਾ ਯੂ ਟਯੂਬ ਚੈਨਲ ਦੇਖਿਆ ਤੁਸੀਂ ? ....



ਕੀ ਕਿਹਾ ਤੁਸੀਂ ?  ....ਨਹੀਂ ਦੇਖਿਆ। 

ਕਦੋਂ ਦੇਖੋਗੇ ਫੇਰ ? 

ਦਰਅਸਲ ਮੈਂ ਵੀ ਨਵਦੀਪ ਦੇ ਬਲਾਗ ਉੱਤੇ ਪਤਾ ਨਹੀਂ ਕਿੰਝ ਪੁੱਜ ਗਿਆ ,  ਮੈਨੂੰ ਯਾਦ ਨਹੀਂ ,  ਬੱਸ ਫੇਰ ਵੇਖਦਾ ਰਿਹਾ ,  ਯੂ ਟੀਊਬ ਦਾ ਇਸ ਤਰ੍ਹਾਂ ਦਾ ਵਤੀਰਾ ਏ ਕਿ ਜੋ ਕੁਝ ਵੀ ਅਸੀਂ ਵੇਖਦੇ ਹਾਂ ਓਹੀਓ ਤਰ੍ਹਾਂ ਦੀਆਂ ਵੀਡੀਓ ਸਾਨੂੰ ਪਸੰਦ ਮੁਤਾਬਿਕ ਸਾਡੇ ਸਾਹਮਣੇ ਲੈ ਕੇ ਆਉਂਦਾ ਰਹਿੰਦਾ ਏ। ...

ਜਦੋਂ ਮੈਂ ਪਹਿਲੀ ਪਹਿਲੀ ਵਾਰ ਨਵਦੀਪ ਬਰਾੜ ਦੇ ਚੈਨਲ ਨੂੰ ਦੇਖਿਆ ਤਾਂ ਸਬ ਤੋਂ ਪਹਿਲਾਂ ਮੈਂ ਉਸ ਦੇ ਚੈਨਲ ਵੱਲ ਇਸ ਕਰ ਕੇ ਖਿੱਚਿਆ ਗਿਆ ਕਿ ਉਹ ਆਪਣਾ ਵਿਲੋਗ ਪੰਜਾਬੀ ਚ ਬਣਾਉਂਦਾ ਏ ਤੇ ਪੰਜਾਬੀ ਬੜੀ ਵਧੀਆ ਬੋਲਦਾ ਏ ,  ਗੱਲ ਇੰਝ ਹੈ ਨਾ ਕੰਟੇੰਟ ਕਿਸੇ ਦੇ ਬਲਾਗ ਦਾ ਜਿੰਨਾ ਵੀ ਵਧੀਆ ਹੋਵੇ ਜੇਕਰ ਉਸਦੀ ਬੋਲੀ ਸੁਣ ਕੇ ਚੰਗਾ ਨਹੀਂ ਲੱਗੇ ਤਾਂ ਫੇਰ ਉਸ ਚੈਨਲ ਤੇ ਮੁੜ ਕੌਣ ਜਾਵੇਗਾ ! 

ਸ਼ਾਇਦ ਪਿਛਲੇ ਕਈਂ ਮਹੀਨਿਆਂ ਤੋਂ ਮੈਂ ਇਸ ਦੇ ਚੈਨਲ ਨੂੰ ਦੇਖ ਰਿਹਾ ਹਾਂ . ...ਬੜੀ ਸਚਾਈ ਨਾਲ ਬਲਾਗ ਬਣਾਉਂਦਾ ਏ ਤੇ ਬਹੁਤ ਰੋਚਕ ।  ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਹੁਣ ਸੁਸਪੇਂਸ ਹਟਾ ਤੇ ਦੱਸ ਨਵਦੀਪ ਬਰਾੜ ਕਰਦਾ ਕਿ ਏ। ....ਨਵਦੀਪ ਬਰਾੜ ਇਕ ਟ੍ਰੇਵਲ ਬ੍ਲਾਗਰ ਏ ਤੇ ਬਲਾਗ ਨੂੰ ਮਾਂ ਬੋਲੀ ਪੰਜਾਬੀ ਚ ਹੀ ਤਿਆਰ ਕਰਦੈ। ..


ਹੁਣੇ ਹੁਣੇ ਮੈਂ ਪੂਰੇ ਤਿੰਨ ਘੰਟੇ ਉਸਦੇ ਚੈਨਲ ਨੂੰ ਦੇਖ ਕੇ ਉਠਿਆ ਹਾਂ ਤੇ ਉਸ ਬਾਰੇ ਤੁਹਾਨੂੰ ਦੱਸਣ ਬਹਿ ਗਿਆ ਹਾਂ .  ਦੋਸਤੋ, ਮੈਂ 2007 ਤੋਂ ਬਲਾਗ ਲਿਖ ਰਿਹਾ ਹਾਂ , 20 ਸਾਲ ਹੋਣ ਵਾਲੇ ਨੇ ,  ਇਸ ਦੌਰਾਨ ਬੜੇ ਯਾਰ ਮਿੱਤਰ ਸਾਥੀ ਬ੍ਲਾਗਰ ਅਜਿਹੇ ਮਿਲੇ ਜਿਹੜੇ ਹਿੰਦੀ ਚ' ਟ੍ਰੇਵਲ ਬਲਾਗ ਲਿਖਦੇ ਨੇ ,  ਕਈਂ ਬੀਬੀਆਂ ਵੀ ਨੇ ਜਿਹੜੀਆਂ ਸੋਲੋ ਟ੍ਰੇਵਲ ਨੇ, ਇਹਨਾਂ ਨੂੰ ਪੜ੍ਹਿਆ ਵੀ, ਤੇ ਲਿਟਰੇਚਰ ਫੈਸਟੀਵਲ ਚ ਵੀ ਬਹੁਤਿਆਂ ਨੂੰ ਸੁਣਿਆ। ...ਟ੍ਰੇਵਲ ਬਲਾਗ ਦੀਆਂ ਲਿਖੀਆਂ ਕਾਫੀ ਕਿਤਾਬਾਂ ਵੀ ਇਕੱਠੀਆਂ ਕੀਤੀਆਂ ਨੇ .  

ਪਰ ਸਾਰੀਆਂ ਕਿਤਾਬਾਂ ,  ਤੇ ਸਾਰੀਆਂ ਗੱਲ ਬਾਤਾਂ ਜਿਹੜੀਆਂ ਵੀ ਅਜੇ ਤਕ ਦੇਖੀਆਂ ਸੁਣੀਆਂ ਨੇ ,  ਉਹਨਾਂ ਚ ਨਵਦੀਪ ਬਰਾੜ ਦਾ ਟ੍ਰੇਵਲ ਬਲਾਗ ਮੈਨੂੰ ਸਬ ਤੋਂ ਵਿਲੱਖਣ ਤੇ ਸਬ ਤੋਂ ਵਧੀਆ ਲੱਗਾ।  ਜਿਹੜਾ ਕੰਮ ਉਹ ਕਰ ਰਿਹਾ ਏ ਇਸ 28 ਸਾਲ ਦੀ ਉਮਰ ਵਿਚ ਉਸ ਲਈ ਬੜਾ ਜਿਗਰਾ, ਹਿੰਮਤ ,  ਉਧਮ. .....ਹੋਰ ਕੀ ਕੀ ਲਿਖਾਂ, ਸਬ ਕੁੱਝ ਹੀ ਚਾਹੀਦਾ ਏ ,  ਸਬ ਤੋਂ ਉੱਤੇ ਪ੍ਰਮਾਤਮਾ ਉੱਤੇ ਭਰੋਸਾ ਜਿਹੜਾ ਕਦੇ ਡੋਲਣ ਨਹੀਂ ਦਿੰਦਾ ,  ਉਸ ਦੀਆਂ ਗੱਲਾਂ ਤੋਂ ਇਹ ਸਬ ਕੁਝ ਝਲਕ ਜਾਂਦਾ ਏ.  ਸਚਾਈ ਨਾਲ ਆਪਣੀ ਗੱਲ ਕਹਿੰਦਾ ਏ ਤੇ ਬੜਾ ਹਸਮੁਖ ਹੈ ਨਵਦੀਪ ਬਰਾੜ।  

ਕਿਓਂ ਜ਼ਰੂਰੀ ਹੈ ਅਜਿਹੇ ਵਿਲੱਖਣ ਚੈਨਲ ਦੇਖਣਾ ?

ਠੀਕ ਹੈ ਸਾਰਾ ਕੰਟੇੰਟ ਇਸ ਦਾ ਪੰਜਾਬੀ ਚ ਹੈ ,  ਉਹ ਤੇ ਸਬ ਤੋਂ ਵੱਡਾ ਪਲੱਸ ਪੁਆਇੰਟ ਹੈ ਹੀ .  ਇਸ ਦੇ ਨਾਲ ਨਾਲ ਅਜਿਹਾ ਕੰਟੇੰਟ ਵੇਖ ਕੇ ਸਾਨੂੰ ਪ੍ਰੇਰਨਾ ਮਿਲਦੀ ਹੈ - ਘਰੋਂ ਬਾਹਰ ਪੈਰ ਰੱਖਣ ਦੀ ,  ਦੁਨੀਆ ਵੇਖਣ ਦੀ ,  ਜ਼ਿੰਦਗੀ ਜਿਉਣ ਦੀ ,  ਥੋੜੀ ਹਿੰਮਤ ,  ਹੋਂਸਲਾ ਤੇ ਸਬ ਤੋਂ ਵੱਧ ਪ੍ਰਮਾਤਮਾ ਉੱਤੇ ਭਰੋਸਾ ਵੀ ਪੱਕਾ ਹੁੰਦੈ। .. ਉਹ ਠੀਕ ਹੈ ਅਸੀਂ ਸਾਰੇ ਆਪਣੇ ਆਪਣੇ ਕਾਰਨਾਂ ਕਰਕੇ ਸ਼ਾਇਦ ਇਸ ਲੈਵਲ ਤਕ ਨਹੀਂ ਸੈਰ ਸਪਾਟਾ ਕਰ ਸਕਦੇ ,  ਪਰ ਹਰ ਬੰਦੇ ਦੀ ਆਪਣੀ ਕੈਪਾਸਿਟੀ ਹੈ ,  ਹਾਲਾਤ ਨੇ। ..ਸੁਨੇਹਾ ਇਹੋ ਹੀ ਹੈ ਕਿ ਟ੍ਰੇਵਲ ਕਰਨਾ ਬਹੁਤ ਬਹੁਤ ਜ਼ਰੂਰੀ ਹੈ। ...

ਇਕ ਗੱਲ ਚੇਤੇ ਆ ਰਹੀ ਏ ਕਿ ਕਈ ਸਾਲ ਪਹਿਲਾਂ ਅਸੀਂ ਕੁੱਲੂ ਤੋਂ ਮਨੀਕਰਨ ਸਾਹਿਬ ਗੁਰਦਵਾਰੇ ਵੱਲ ਜਾ ਰਹੇ ਸੀ ,  2007 ਦੀ ਗਲ ਹੈ, ਸ਼ਾਇਦ ਓਹਨਾ ਦਿਨਾਂ ਚ ਸੜਕ ਬਣ ਰਹੀ ਸੀ ,  ਇਸ ਕਰਕੇ ਰਸਤੇ ਇੰਨਾ ਖ਼ਰਾਬ ,  ਤੰਗ ਜਿਹੀ ਸੜਕ ,  ਭੁਰਦੇ ਕੰਡੇ ਤੇ ਥੱਲੇ ਠਾਠਾਂ ਮਾਰਦਾ ਬਿਆਸ ਦਰਿਆ ,  ਬੜਾ ਡਰ ਲੱਗਾ ,  ਜਦੋਂ ਵੀ ਕੋਈ ਮੋੜ ਆਉਂਦਾ ਯਾ ਸਾਹਮਣੇ ਕੋਈ ਬੱਸ ਟਰੱਕ ਆਉਂਦਾ ਦਿਖਦਾ ,  ਇੰਝ ਲੱਗਦਾ ਬੱਸ ਹੁਣ ਗਏ ਥੱਲੇ ਬਿਆਸ ਚ.  ...ਖੈਰ ਖੁਸ਼ੀ ਖੁਸ਼ੀ ਗੁਰਦਵਾਰਾ ਸਾਹਿਬ ਹੋ ਕੇ ਆਏ ,  ਕੜੀ ਚਾਵਲ ਦਾ ਪ੍ਰਸ਼ਾਦਾ ਛਕਿਆ ,  ਆਪੋ ਆਪ ਉਬਲਦੇ ਗਰਮ ਪਾਣੀ ਚ ਚੌਲ ਵੀ ਉਬਾਲੇ। ....ਪਰ ਉਸ ਦਿਨ ਤੋਂ ਬਾਅਦ ਕਦੇ ਕਿਸੇ ਵੀ ਸੜਕ ਤੋਂ, ਕਿੰਨੀ ਵੀ ਮਾੜੀ ਸੜਕ ਹੋਵੇ ,  ਕਿੰਨੀ ਵੀ ਟੁੱਟੀ ਭੱਜੀ ਹੋਵੇ ,  ਕਿੰਨਾ ਵੀ ਜੈਮ ਹੋਵੇ ,  ਕਦੇ ਡਰ ਨਹੀਂ ਲੱਗਾ> ਅਜਿਹੇ ਅਨੁਭਵ ਹੁੰਦੇ ਨੇ ਜਿਹੜੇ ਟ੍ਰੇਵਲ ਕਰਣ ਸਦਕਾ ਹੀ ਸਾਡੀ ਝੋਲੀ ਚ ਪੈਂਦੇ ਨੇ. ..

ਚੰਗਾ ਹੋਰ ਗੱਲਾਂ ਨਹੀਂ ,  ਨਵਦੀਪ ਬਰਾੜ ਦੀ ਦੀ ਵੀਡੀਓ ਸਹਾਰੇ ਕਰ ਰਿਹਾ ਹਾਂ ,  ਦੇਖੋ ਤੇ ਆਨੰਦ ਮਾਨੋ ,  ਤੇ ਇਹਨਾਂ ਤੋਂ ਕੁਝ ਸਿੱਖਣ ਦੀ ਵੀ ਤਾਂਘ ਰੱਖੀਏ ।  ਗੁਰੂ ਨਾਨਕ ਦੇਵ ਜੀ ਨੇ ਆਪਣੇ ਵੇਲੇ ਦੂਰ ਦੁਰੇੜੇ ਇਲਾਕਿਆਂ ਚ ਉਦਾਸੀਆਂ ਕੀਤੀਆਂ ਤੇ ਇਕ ਓਂਕਾਰ ਦਾ ਸੁਨੇਹਾ ਦਿੱਤਾ ,  ਅੱਜ ਕਰ ਇਹ ਕੰਮ ਸ਼ਾਇਦ ਓਹਨਾ ਨੂੰ ਇਹ ਕੰਮ ਆਪਣੇ ਗੁਰਸਿਖਾਂ ਦੇ ਜਿੱਮੇ ਲਾਇਆ ਏ, ਇੰਝ ਹੀ ਲੱਗਦੈ । ਘਰ ਬੈਠੇ ਅਜਿਹੀਆਂ ਜਗ੍ਹਾ ਦੇ ਦਰਸ਼ਨ ਕਰੋ ,  ਹੈਰਾਨ ਹੋਵੋ ਤੇ ਇਸ ਪ੍ਰਮਾਤਮਾ ਦੇ ਪਸਾਰੇ ਦੇ ਨਜ਼ਾਰੇ ਲੁੱਟੋ ।  



ਵੈਸੇ ਅੱਜ ਮੈਂ 3-4 ਘੰਟੇ ਨਵਦੀਪ ਬਰਾੜ ਦੀਆਂ ਜਿਹੜੀਆਂ ਦੋ ਇੰਟੇਵਿਊਆਂ ਦੇਖਦੇ ਉੜਾ ਦਿੱਤੇ ,  ਉਹਨਾਂ ਦੋ ਲਿੰਕ ਵੀ ਤੁਹਾਡੇ ਨਾਲ ਸਾਂਝਾ ਕਰਨਾ ਤਾਂ ਬਣਦਾ ਏ। ...ਤੁਸੀਂ ਵੀ ਦੇਖਿਓ , ਬਹੁਤ ਵਧੀਆ ਨੇ।

Aman Aujla YT Channel- Navdeep Brar -https://www.youtube.com/watch?v=whSz6Y2bPKw&t=1776s

सोमवार, 20 अक्टूबर 2025

ਆਰਾਮਪ੍ਰਸਤੀ - ਬੱਲੇ ਬੱਲੇ!!

ਅਸੀਂ ਐੱਨੇ ਸ਼ੱਕੀ ਹੋ ਗਏ, ਮੈਂ ਆਪਣੇ ਪੋਟਿਆਂ ਤੇ ਕਾਲਖ ਫੇਰ ਟੀ , ਕਿਤੇ ਕੋਈ ਫਿੰਗਰ ਪ੍ਰਿੰਟ ਤੋਂ ਕਿਸੇ ਫਰੌਡ ਚ ਹੀ ਨਾ ਫਸਾ ਮਾਰੇ 😂



ਪਹਿਲਾਂ ਸੁਣੀਦਾ ਸੀ,
ਸਵਾਹ ਨਾਲ, ਮਿੱਟੀ ਚੀਕਣੀ ਨਾਲ ਵੀ ਲੋਕੀਂ ਹੱਥ ਲੈਂਦੇ ਸੀ ਧੋ. 

ਫੇਰ ਹੋਣ ਲੱਗੀ ਵਰਤੋਂ ਦੇਸੀ ਸਾਬਣ ਦੀ ਚਾਕੀ ਦੀ, 

ਫੇਰ ਸਾਡੇ ਵੇਲੇ ਤਕ ਲੈਫ਼ਬੁਆਏ ਚੜਿਆ ਸਾਡੇ ਹੱਥੀਂ, 

40-50 ਸਾਲ ਲੈਫ਼ਬੁਆਏ ਨੂੰ ਹੀ ਰਹੇ ਰਗੜਦੇ ਹੱਥੀਂ।…

ਚੰਗਾ ਲੱਗਦਾ ਸੀ, ਖੁਸ਼ਬੂ ਵੀ ਆਉਂਦੀ ਸੀ….


ਫੇਰ ਆਇਆ ਲਿਕਵੀਡ ਸੌਪਾਂ ਦਾ ਦੌਰ, 

ਪਰ ਮੇਰੇ ਵਰਗੇ ਲਾਈਫਬੁਆਏ ਦੇ ਸ਼ੁਦਾਈ ਕਿਤੇ ਆਣ ਵਾਲੇ ਸੀ ਬਾਜ਼….

ਫੇਰ ਜਦੋਂ ਮੋਟੀ ਤਗੜੀ ਲੈਫ਼ਬੁਆਏ ਦੀ ਚਾਕੀ ਲੱਗਣ ਲੱਗੀ ਬਹੁਤੀ ਭਾਰੀ, 

ਉਸਦੇ ਦੋ ਟੁਕੜੇ ਕੀਤੇ ਜਾਣ ਸ਼ੁਰੂ ਹੋਏ….

ਕੰਪਨੀ ਨੂੰ ਲੱਗਾ ਪਤਾ ਹੋਉ, ਉਹਨਾਂ ਚਾਕੀ ਦਾ ਸਾਈਜ਼ ਹੀ ਕਰ ਮਾਰਿਆ ਛੋਟਾ।…

ਫੇਰ ਵੀ ਰਿਹਾ ਲਾਈਫਬੁਆਏ ਹੀ ਆਪਣਾ ਫੇਵਰਿਟ। …


ਫੇਰ ਲੱਗ ਗਏ ਕਈ ਸਾਲ ਕੋਰੋਨਾ ਦੇ ਲੇਖੇ, 

ਸਾਡੀਆਂ ਕਈਂ ਆਦਤਾਂ ਜਿਵੇਂ ਆਇਆ ਸੀ ਉਹ ਬਦਲਣ, 

ਸਨੇਟਾਈਜ਼ਰ ਪਰਧਾਨ ਹਰ ਪਾਸੇ, ਘਰਾਂ, ਹੋਟਲਾਂ, ਗੱਡੀਆਂ ਚ, 

ਸੰਜੀਵਨੀ ਬੂਟੀ ਵਾਂਗ ਉਸ ਨੂੰ ਗਿਆ ਵਰਤਿਆ, 

ਖੀਸੇ ਚ ਪਈਆਂ, ਬੀਬੀਆਂ ਦੇ ਪਰਸਾਂ ਚ’ ਰੱਖੀਆਂ ਇਹ ਬੋਤਲਾਂ,

ਹੈਰਾਨੀ ਵੱਲ ਗੱਲ ਤਾਂ ਇਹ ਕਿ ਹੱਥ ਜਿਹੋ ਜਿਹੇ ਵੀ ਹੋਣ

ਬੂਟੀ ਸਨੇਟਾਈਜ਼ਰ ਦੀ ਕਿਵੇਂ ਕੱਢ ਦੇਉ ਸਾਰੇ ਵੱਟ…


ਖੈਰ, ਕੁਝ ਦਿਨ ਪਹਿਲਾਂ ਜਦੋਂ ਮੈਂ ਹੱਥ ਲੱਗਿਆ ਧੋਣ, 

ਦੱਬਦੇ ਹੀ ਬੋਤਲ ਦਾ ਢੱਕਣ , ਸਿੱਧੀ ਭੁੜੱਕ ਕੇ ਆਈ ਝੱਗ ਬਾਹਰ

ਮੈਨੂੰ ਲੱਗਾ ਬੋਤਲ ਨੂੰ ਲੱਗੀ ਗ਼ਲਤੀ ਜਾਂ ਮੈਨੂੰ ਕੋਈ ਟਪਲਾ 

ਹੱਥ ਤਾਂ ਚਲੋ ਧੁਚ ਹੀ ਜਾਣੇ ਸੀ, ਪਰ ਉਹ ਧੁਚਨ ਵਾਲੀ ਫੀਲ ਵੀ ਤਾਂ ਹੈ ਜ਼ਰੂਰੀ, 

ਓਹ ਕਿਵੇਂ ਆਵੇ !! 


ਹੈਰਾਨ ਤਾਂ ਮੈਂ ਸੀ, ਪਰ ਲੱਗਾ ਐਵੇਂ ਹੀ ਆ ਗਈ ਹੋਣੀ ਏ ਝੱਗ…

ਫੇਰ ਅਗਲੇ ਇਕ ਦੋ ਦਿਨ ਵੀ ਇੰਝ ਹੀ ਹੋਇਆ, ਸਿੱਧੀ ਝੱਗ ਬਾਹਰ।..

ਆਖਰ ਪੁੱਛਣਾ ਹੀ ਪਿਆ, ਇਹ ਸਿੱਧੀ ਝੱਗ ਸੁੱਟਣ ਵਾਲਾ ਕਿਹੜਾ ਹੈ ਖੇਡ! 

ਇਹ ਲਿਕਵਿਡ ਸੋਪ ਦਾ ਹੀ ਹੈ ਕਮਾਲ, ਦੱਬਣ ਤੇ ਝੱਗ ਹੀ ਸੁਟਦਾ ਏ, ਜਵਾਬ ਮਿਲਿਆ!! 


ਪਰ ਦੋਸਤੋ ਆਪਣਾ ਤਾਂ ਜੀ ਨਹੀਂ ਮੰਨਦਾ , ਲੈਫ਼ਬੁਆਏ ਤੋਂ ਬਿਨਾ, 

ਐਡੀ ਵੀ ਕਿਹੜੀ ਹੋ ਗਈ ਆਰਾਮਪ੍ਰਸਤੀ, ਸਾਬਣ ਦੀ ਗਾਚੀ ਹੱਥਾਂ ਤੇ ਮਲੇ ਬਿਨਾ, 

ਆਪਸ ਚ’ ਚੰਗੀ ਤਰ੍ਹਾਂ ਰਗੜੇ ਬਿਨਾ, ਹੱਥ ਕਿਵੇਂ ਹੋ ਗਏ ਸਾਫ. 

ਇਹ ਗੱਲ ਸਾਨੂੰ ਤਾਂ ਹਜ਼ਮ ਨਹੀਂ ਹੁੰਦੀ। 

ਇਸੇ ਕਰਕੇ ਹੁਣੇ ਹਾਜਮੋਲਾ ਦੀ ਡੱਬੀ ਦੇ ਨਾਲ ਨਾਲ ਕਰ ਦਿੱਤੀਆਂ ਨੇ ਆਰਡਰ 

ਚਾਰ ਚਾਕੀਆਂ ਲਾਈਫ ਬੁਆਏ ਦੀਆਂ । ….


ਪ੍ਰਵੀਨ ਚੋਪੜਾ 

21.10.25 


ਨੀਲੀਆਂ, ਕਾਲੀਆਂ,ਪੀਲੀਆਂ ਹੋਈਆਂ ਕਿਤਾਬਾਂ

 ਮੈਨੂੰ ਇੰਝ ਲੱਗਦੈ ਕਿ ਸਾਡੀ ਪੀੜੀ ਨੂੰ ਆਪਣੀਆਂ ਕਿਤਾਬਾਂ ਦੀ ਸੰਭਾਲ ਬਾਰੇ ਬੜਾ ਸਚੇਤ ਰੱਖਿਆ ਗਿਆ, ਮੈਨੂੰ ਥੋੜਾ ਬਹੁਤ ਖ਼ਿਆਲ ਤਾਂ ਇਹ ਵੀ ਏ ਕਿ ਇਹ ਉਹ ਵੇਲਾ ਸੀ ਜਦੋਂ ਪੁਰਾਣੀਆਂ ਕਿਤਾਬਾਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਸੀ….ਫੇਰ ਉਸ ਵੇਲੇ ਜਿੰਨੀਆਂ ਕਿਤਾਬ ਦੇ ਅੰਦਰ ਪੈਨ, ਪੈਨਸਿਲ ਤੇ ਸਿਆਹੀ ਨਾਲ ਚਿੱਤਰਕਾਰੀ ਹੋਈ ਹੁੰਦੀ, ਉਸ ਦਾ ਮੁੱਲ ਉਨਾਂ ਹੀ ਘੱਟ ਜਾਂਦਾ। 


ਸ਼ਾਇਦ ਇਹੀਓ ਕਾਰਣ ਹੋਵੇਗਾ ਕਿ ਬੱਚੇ ਕਿਤਾਬਾਂ ਨੂੰ ਜ਼ਿਆਦਾ ਹੀ ਸਾਂਭ ਸਾਂਭ ਕੇ ਵਰਤਦੇ ਰਹੇ, ਨਿਸ਼ਾਨੀ ਨਹੀਂ ਲਾਉਣੀ, ਕੋਈ ਅੰਡਰਲਾਈਨ ਨਹੀਂ, ਹਾਈਲਾਈਟਰ ਤੋਂ ਪਹਿਲੇ ਸਮਿਆਂ ਚ ਹੁੰਦੇ ਹੀ ਨਹੀਂ ਸੀ. ਅਸੀਂ ਕਵਰ ਕਰ ਕੇ ਰੱਖਣਾ ਕਿਤਾਬਾਂ ਨੂੰ, ਉਹ ਵੀ ਕੋਈ ਬਹੁਤਾ ਫੈਂਸੀ ਨਹੀਂ, ਪੁਰਾਣੀ ਅਖਬਾਰ ਨੂੰ ਲੈ ਕੇ ਘਰ ਚ’ ਤਿਆਰ ਆਟੇ ਦੀ ਲੇਵੀ ਨਾਲ ਹੀ ਬੁੱਤਾ ਸਾਰਨਾ ਪੈਂਦਾ ਸੀ, ਇਹ ਗੁੰਦਾਂ ਵੀ ਨਹੀਂ ਸੀ ਲੱਭਦੀਆਂ ਉਹਨਾਂ ਦਿਨਾਂ ਚ’….


ਮੈਂ ਪਿਛਲੇ ਕੁਝ ਸਾਲਾਂ ਚ ਲਗਭਗ ਹਰ ਵਿਸ਼ੇ ਦੀਆਂ ਕਿਤਾਬਾਂ ਹੱਥੋਂ ਕੱਢ ਦਿੱਤੀਆਂ ਨੇ, ਪੜ੍ਹੀਆਂ ਕੁਛ ਜ਼ਿਆਦਾ ਨਹੀਂ, ਐਵੇਂ ਹੀ ਲਿਫਾਫੇ ਮਾਰਣ ਨਾਲ ਮੈਨੂੰ ਕਿਹੜਾ ਕੋਈ ਅਵਾਰਡ ਮਿਲ ਜਾਣੈ ।

ਕਈਂ 70-80-90 ਵਰ੍ਹੇ ਪੁਰਾਣੀਆਂ ਕਿਤਾਬਾਂ ਵੇਖੀਆਂ, ਹਰ ਸਫ਼ੇ ਤੇ ਕੁਝ ਨਾ ਕੁਝ ਲਿਖਿਆ ਹੋਇਆ, ਪੈਨਸਿਲ ਨਾਲ ਵੀ, ਪੈਨ ਨਾਲ ਵੀ. ਕਿਤਾਬ ਦੀ ਹਾਲਤ ਵੇਖ ਕੇ ਹੀ ਅੰਦਾਜ਼ਾ ਹੋ ਜਾਂਦਾ ਕਿ ਕਿਵੇਂ ਪੜ੍ਹਨ ਵਾਲੇਆਂ ਨੇ ਉਸਨੂੰ ਚਿੱਥ ਛਡਿਆ ਹੋਵੇ ਜਿਵੇਂ।  


ਪੰਜਾਬੀ ਲਿਖਦੇ ਲਿਖਦੇ ਲੈਪਟਾਪ ਉੱਤੇ ਨਾਨੀ ਚੇਤੇ ਆ ਰਹੀ ਏ, ਇਸ ਦੇ ਬਾਵਜੂਦ ਕਿ ਸਿਰਫ ਪੰਜਾਬੀ ਭਾਸ਼ਾ ਹੀ ਬੋਲਦੇ ਹਾਂ, ਕਾਗਜ਼ ਦੇ ਤੇ ਆਪਣੀ ਡਾਇਰੀ ਚ ਵੀ ਅਕਸਰ ਪੰਜਾਬੀ ਦੇ ਵਿਚ ਹੀ ਲਿਖਦਾ ਹਾਂ, ਇਹ ਬਲਾਗ ਵੀ ਪਹਿਲਾਂ ਲਿਖਦਾ ਸੀ, ਵਿਚ ਥੋੜੀ ਚਿਰ ਨਹੀਂ ਲਿਖਿਆ ਤੇ ਹੁਣ ਟਾਈਪਿੰਗ ਕਰਣ ਚ ਦਿੱਕਤ ਆਉਂਦੀ ਏ. ਲਿਖਦਾ ਮੈਂ ਹਿੰਦੀ, ਇੰਗਲਿਸ਼ ਵਿਚ ਵੀ ਹਾਂ, ਪਰ ਜੋ ਗੱਲ ਆਪਣੀ ਮਾਂ ਬੋਲੀ ਚ’ ਕੁਝ ਕਹਿਣ ਦੀ ਹੁੰਦੀ ਏ, ਉਸਨੂੰ ਕਿਵੇਂ ਕੋਈ ਬਿਆਨ ਕਰੇ. 


ਅੱਜ ਚਾਹੇ ਮੁਸ਼ਕਿਲ ਹੋ ਰਹੀ ਏ ਪਰ ਮੈਂ ਵੀ ਢੀਠ ਹੋ ਕੇ ਬਹਿ ਗਿਆ ਹਾਂ, ਕੋਈ ਨਹੀਂ ਸਮਾਂ ਜ਼ਿਆਦਾ ਲੱਗਦੈ ਤੇ ਲੱਗੇ ਪਿਆ, ਮੇਰੇ ਕੋਲ ਕਿਹੜਾ ਟਰੰਪ ਨੂੰ ਮਿਲਣ ਦਾ ਸੱਦਾ ਆਇਆ ਪਿਆ ਏ। ..


ਮੈਂ ਇੰਝ ਵੀ ਲੱਗਦੈ ਜਿੰਨੀਆਂ ਸਾਡੇ ਕੋਲ ਕਿਤਾਬਾਂ ਹੁੰਦੀਆਂ ਨੇ, ਉਹਨਾਂ ਚੋ ਅਸੀਂ ਬਹੁਤ ਘੱਟ ਹੀ ਪੜ੍ਹਦੇ ਹਾਂ. ਕੋਈ ਸਾਡਾ ਇਥੇ 250 ਸਾਲ ਰਹਿਣ ਦਾ ਵੀ ਕੋਈ ਪ੍ਰੋਗਰਾਮ ਨਹੀਂ, ਇਸ ਲਈ ਘੱਟੋਘਟ ਜਿਹੜੀ ਕਿਤਾਬ ਇਕ ਵਾਰ ਹੱਥੋਂ ਲੰਘ ਚੁੱਕੀ ਏ, ਉਸ ਨੂੰ ਵੇਖ ਕੇ, ਉਸ ਨੇ ਵਰਕੇ ਫਰੋਲ ਕੇ ਪਤਾ ਤਾਂ ਲੱਗੇ ਕਿ ਉਸ ਵਿਚ ਹੈ ਕਿ ਆਖਰ ! ਇਹ ਤਾਂ ਤਾਂਹੀਓਂ ਮੁਮਕਿਨ ਹੈ ਜੇਕਰ ਅਸੀਂ ਕਿਤਾਬ ਨੂੰ ਇਕ ਕੈਨਵਸ ਵਾਂਗ ਇਸਤੇਮਾਲ ਕਰੀਏ, ਜੋ ਕੁਝ ਦਿਲ ਚ ਵਿਚਾਰ ਆਵੇ, ਉਸ ਕਿਤਾਬ ਬਾਰੇ ਜਿਥੇ ਜਗ੍ਹਾ ਮਿਲੇ ਲਿਖਦੇ ਜਾਈਏ, underline ਕਰੀਏ, highlighter ਦੀ ਵਰਤੋਂ ਦਿਲ ਖੋਲ ਕੇ ਕਰੀਏ, ਜਿਹੜਾ ਵਰਕਾ ਫੋਲਡ ਕਰ ਕੇ ਰੱਖਣਾ ਏ, ਉਸਨੂੰ ਫੋਲਡ ਕਰ ਕਰੋ, ਬੱਸ ਕਿਤਾਬਾਂ ਦੇ ਵਰਕੇ ਕਦੇ ਨਾ ਫਾੜੋ , ਇਹ ਬੇਨਤੀ ਹੈ. 


ਕਿਤਾਬਾਂ ਅਸੀਂ ਲੋਕ ਵੈਸੇ ਹੀ ਘੱਟ ਪੜ੍ਹਦੇ ਹਾਂ, ਪਰ ਇਹ ਗੱਲ ਵੀ ਪੱਕੀ ਹੈ ਕਿ ਜਿਹੜੀਆਂ ਪੜ੍ਹਦੇ ਵੀ ਹਾਂ ਉਹ ਖੁਦ ਖਰੀਦੀਆਂ ਹੁੰਦੀਆਂ ਨੇ. ਇਹ ਜਿਹੜੀਆਂ ਕਿਤਾਬਾਂ ਸਾਨੂੰ ਏਧਰੋਂ ਓਧਰੋਂ ਕੋਈ ਪਿਆਰ ਨਾਲ ਦੇ ਦਿੰਦਾ ਹੈ, ਉਹਨਾਂ ਦੀ ਵੀ ਕੋਈ ਕੀਮਤ ਨਹੀਂ ਪਾਂਦੇ ਅਸੀਂ, ਬੱਸ ਠੱਪਿਆਂ-ਠਪਾਈਆਂ ਰੱਦੀ ਚ ਨਿਕਲ ਕੇ ਕਿਸੇ ਫੁੱਟਪਾਥ ਤੇ ਵਿੱਕ ਰਹੀਆਂ ਹੁੰਦੀਆਂ ਨੇ. ਵੱਡੇ ਤੋਂ ਵੱਡੇ ਲਿਖਾਰੀਆਂ ਦੀਆਂ ਸਾਈਨ ਕੀਤੀਆਂ ਕਿਤਾਬਾਂ ਮੈਂ ਇਸੇ ਤਰ੍ਹਾਂ ਰੁਲਦੀਆਂ ਦੇਖੀਆਂ ਨੇ. 


ਇਹ ਜਿਹੜਾ ਖਿਆਲ ਮੈਨੂੰ ਅੱਜ ਆਇਆ ਫਿਰਦੈ - ਉਹ ਪਹਿਲਾਂ ਵੀ ਜ਼ਰੂਰ ਆਇਆ ਹੋਵੇਗਾ। ਪਰ ਕਲ ਰਾਤੀਂ ਫੇਰ ਆਇਆ।  ਮੈਂ ਇਕ ਮੋਟੀ ਤਗੜੀ ਕਿਤਾਬ ਦੇ ਸਾਫ਼ ਫਰੋਲ ਰਿਹਾ ਸੀ, ਕਿਸੇ ਬੜੇ ਮਸ਼ਹੂਰ ਸਿੰਗਰ ਨੇ ਜਿਹੜੀਆਂ ਦੋ ਤਿੰਨ ਸੋ ਗ਼ਜ਼ਲਾਂ ਗਾਈਆਂ, ਉਹ ਸਾਰੀਆਂ ਗ਼ਜ਼ਲਾਂ ਉਸ ਵਿਚ ਸਨ. ਮੈਂ ਵਰਕੇ ਤੋਂ ਵਰਕੇ ਫਰੋਲਦਾ ਜਾ ਰਿਹਾ ਸੀ, ਮੈਨੂੰ ਕੋਈ ਗੀਤ, ਗ਼ਜ਼ਲ ਪਸੰਦ ਹੀ ਨਹੀਂ ਸੀ ਆ ਰਹੀ, ਫੇਰ 100 ਕੁ’ ਸਾਫ਼ ਫਰੋਲਣ ਤੋਂ ਬਾਅਦ ਮੈਨੂੰ 1-2 ਬਸ਼ੀਰ ਬਾਡਰ ਸਾਬ ਤੇ 1-2 ਨਿਦਾ ਫਾਜ਼ਲੀ ਦੀਆਂ ਗ਼ਜ਼ਲਾਂ ਦਿੱਖ ਗਈਆਂ, ਮੈਨੂੰ ਬੜਾ ਚੰਗਾ ਲੱਗਾ, ਉਸ ਵੇਲੇ ਮੈਨੂੰ ਇਹ ਖਿਆਲ ਵੀ ਆਇਆ ਕਿ ਜਦੋਂ ਵੀ ਕੋਈ ਕਿਤਾਬ ਅਸੀਂ ਪੜ੍ਹੀਏ, ਉਸ ਦੇ ਬਾਹਰ ਇਕ ਕਾਗਜ਼ ਜ਼ਰੂਰ ਨੱਥੀ ਕਰ ਦਿਓ - 


ਉਸ ਕਾਗਜ਼ ਤੇ ਮੈਂ ਲਿਖਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹੀ ਕਿਤਾਬ ਆਖਰ ਮੈਂ ਖਰੀਦੀ ਹੀ ਕਿਓਂ , ਸਾਰੀਆਂ ਗ਼ਜ਼ਲਾਂ ਚ ਇੰਨੇ ਇੰਨੇ ਮੁਸ਼ਕਿਲ ਉਰਦੂ ਦੇ ਅਲਫਾਜ਼, ਸਾਰੀ ਕਿਤਾਬ ਆਸ਼ਕ ਮਾਸ਼ੂਕ ਦੀਆਂ ਗੱਲਾਂ ਨਾਲ, ਦਾਰੂ, ਠੇਕੇ ਦੀਆਂ ਗੱਲਾਂ ਨਾਲ ਭਰੀ ਹੋਈ, ਠੀਕ ਹੈ, ਜਿਸਨੂੰ ਇਸ ਵਿਚ ਰਸ ਆਉਂਦਾ ਹੋਵੇਗਾ ਉਹ ਪੜ੍ਹੇ, ਜ਼ਰੂਰ ਪੜ੍ਹੇ, ਪਰ ਮੈਨੂੰ ਤਾਂ ਇੰਸਪਿਰੈਸਨਲ ਤੇ ਮੋਟੀਵੇਸ਼ਨਲ ਸ਼ਾਇਰੀ ਹੀ ਪਸੰਦ ਏ….


ਅਗਲੀ ਵਾਰੀ ਜਦੋਂ ਕਦੇ ਇਹ ਕਿਤਾਬ ਵਾਪਸ ਮੇਰੇ ਹੱਥੀਂ ਚੜੇਗੀ ਤਾਂ ਇਹ ਬਾਹਰ ਲੱਗਿਆ ਰੁੱਕਾ ਮੈਨੂੰ ਰਸਤਾ ਤੇ ਦੱਸੇਗਾ।  ਇਸ ਕਰ ਕੇ ਮੈਂ ਕਹਿਣਾ ਹਾਂ ਕਿ ਆਪਣੀਆਂ ਕਿਤਾਬਾਂ ਨੂੰ ਕਾਲਾ, ਪੀਲਾ, ਨੀਲਾ, ਕਰਦੇ ਜ਼ਿਆਦਾ ਸੋਚਿਆ ਨਾ ਕਰੋ, ਕਿਸੇ ਨੇ ਨਹੀਂ ਖੋਲ ਕੇ ਵੇਖਣੀਆਂ ਮੁੜ ਇਹ ਕਿਤਾਬਾਂ, ਫਿਕਰ ਨਾ ਕਰੋ, ਇਹਨਾਂ ਵੀ ਰੱਦੀ ਚ’ ਹੀ ਨਿਕਲ ਜਾਣੈ। 


ਪੰਜਾਬੀ ਟਾਈਪਿੰਗ ਅੱਜ ਬੜੇ ਚਿਰਾਂ ਬਾਅਦ ਕੀਤੀ, ਮੁਸ਼ਕਿਲ ਲੱਗੀ, ਜਿਹੜਾ ਕੰਮ ਥੋੜਾ ਬਹੁਤ ਆਉਂਦਾ ਹੋਵੇ ਕਰਦੇ ਰਹਿਣਾ ਚਾਹੀਦੈ। 


गुरुवार, 30 मार्च 2023

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾਰਕਾਂ ਦੇ ਖੁੱਲੇ ਰਹਿਣ ਦਾ ਸਮਾਂ ਹੁਣ ਹੋਰ ਵੱਧ ਗਿਆ ਏ. ...ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰੀ 1 ਵਜੇ ਤਕ ਤੇ ਫੇਰ 3 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤਕ ਖੁੱਲੇ ਰਹਿੰਦੇ ਨੇ. ਘਰ ਦੇ ਕੋਲ ਹੀ ਹੈਂ ਇਕ ਬਹੁਤ ਸੋਹਣਾ ਤੇ ਦਿਲ ਖਿੱਚਵਾਂ ਪਾਰਕ - ਕਦੇ ਇਸ ਪਾਰਕ ਵਿਚ ਅਸੀਂ ਬੰਬਈ ਸੇੰਟ੍ਰਲ ਰਹਿਣ ਦੇ ਦੌਰਾਨ ਸ਼ਾਮੀਂ ਕਦੇ ਕਦਾਈਂ ਆਇਆ ਕਰਦੇ ਸੀ, ਪਹਿਲਾਂ ਲੋਕਲ ਗੱਡੀ ਤੇ ਬਹਿ ਕੇ, ਫੇਰ ਅੱਗੋਂ ਆਟੋ ਰਿਕਸ਼ਾ ਉੱਤੇ ਨਹੀਂ ਤੇ ਬੱਸ ਤੇ। ਟਿਕਟ ਲੱਗਦੀ ਸੀ ਉਸ ਵੇਲੇ ਇਥੇ ਐਂਟਰੀ ਦੀ - 5 ਰੁਪਈਏ ਲੱਗਦੇ ਸੀ। ਕੋਈ 5-7 ਸਾਲ ਪਹਿਲਾਂ ਇਸ ਨੂੰ ਸਰਕਾਰ ਨੇ ਆਪਣੇ ਹੇਠਾਂ ਲੈ ਲਿਆ ਹੈ - ਪਹਿਲਾਂ ਇਸ ਇਲਾਕੇ ਦੀ ਸੰਭਾਲ ਕੋਈ ਪ੍ਰਾਈਵੇਟ ਗਰੁੱਪ ਕਰਦਾ ਸੀ। ਮੈਂ ਵੀ ਜਿੰਨੀ ਵਾਰੀ ਜਾਂਦਾ ਸੀ, ਮੈਨੂੰ ਅਜੀਬ ਜੇਹਾ ਤਾਂ ਲੱਗਦਾ ਹੀ ਸੀ ਕਿ ਇਹ ਗੱਲ ਵਧੀਆ ਨਹੀਂ ਕਿ ਜਿਹੜਾ ਟਿਕਟ ਲੈ ਸਕਦੈ ਓਹੀਓ ਇਸ ਵਿਚ ਆ ਸਕਦੈ। ਖੈਰ, ਹੁਣ ਤੇ ਐਂਟਰੀ ਫ੍ਰੀ ਹੈ। 

ਪਰਸੋਂ ਮੈਂ ਸੈਰ ਕੀਤੀ ਸਵੇਰੇ, ਕਲ ਨਾਗਾ ਪਾ ਦਿੱਤਾ। ਅਜੇ ਸਵੇਰੇ 5 ਵਜੇ ਜਾਗ ਗਿਆ. ਸੋਚਿਆ ਪਾਰਕ ਚ ਹੀ ਜਾਇਆ ਜਾਵੇ। ਪੰਜ ਵੱਜ ਕੇ ਸੱਤ ਮਿੰਟ ਤੇ ਮੈਂ ਓਥੇ ਪੁੱਜ ਗਿਆ. ..ਪਰ ਇਹ ਕਿ ਦਰਵਾਜ਼ਾ ਬੰਦ ਸੀ। ਐਵੇਂ ਥੋੜਾ ਜਿਹਾ ਕੁੰਡਾ ਹਿਲਾਇਆ ਤਾਂ ਉਸੇ ਵੇਲੇ ਚੋਕੀਦਾਰ ਆ ਗਿਆ - ਮੈਂ ਪੁੱਛਿਆ ਅਜੇ ਬੰਦ ਹੈ - ਕਹਿੰਦਾ ਨਹੀਂ, ਕੋਈ ਆਏ ਤੋਂ ਦਰਵਾਜ਼ਾ ਖੋਲ ਦਿੰਦੇ ਹਾਂ. ਮੈਂ ਕਿਹਾ - ਤੇਰਾ ਸ਼ੁਕਰੀਆ। 


ਇਹ ਕੀ...ਅੰਦਰ ਤੇ ਨਾ ਬੰਦਾ ਤੇ ਨਾ ਬੰਦੇ ਦੀ ਜਾਤ, ਕੁੱਤੇਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। .ਤੋਤੇ ਵੀ ਐਵੇਂ ਟੈੰ 2 ਕਰ ਰਹੇ ਸੀ, ਇੰਝ ਲਗਾ ਮੈਂ ਵਹਾਤਸੱਪ ਦੇ ਕਿਸੇ ਪਾਰਕ ਚ ਪੁੱਜ ਗਿਆ ਹੋਵਾਂ। 2-3 ਮਿੰਟ ਘੁੰਮਿਆ, ਇੰਝ ਲੱਗਾ ਜਿਵੇਂ ਆਪਣੇ ਫਾਰਮ ਹਾਊਸ ਚ ਜਾਂ ਕਿਸੇ ਆਲੀਸ਼ਾਨ ਬੰਗਲੇ ਦੇ ਬਾਗ ਚ ਹੀ ਫਿਰ ਰਿਹਾ ਹੋਵਾਂ। ਕੋਈ ਵੀ ਹੋਰ ਬੰਦਾ ਨਹੀੰ ਸੀ। ਪਿੱਛੇ ਸਮੁੰਦਰ ਦੀਆਂ ਛੱਲਾਂ ਦੀ ਆਵਾਜ਼ ਆ ਰਹੀ ਸੀ ਤੇ ਨਾਲੇ ਕਿਸੇ ਵੱਡੀ ਮਸ਼ੀਨਰੀ ਦੇ ਚੱਲਣ ਦੀ ਖਰੜ ਖਰੜ ਦੀ ਬੜੀ ਮਾੜੀ ਜਿਹੀ ਆਵਾਜ਼ ਆ ਰਹੀ ਸੀ - ਵਿਕਾਸ ਹੀ ਰਿਹੈ ਸੀ - ਬੰਬੇ ਸ਼ਹਿਰ ਦੇ ਇਲਾਕਿਆਂ ਨੂੰ ਸਮੁੰਦਰ ਦੇ ਕੰਡੇ ਤੇ ਸੜਕ ਬਣਾ ਕੇ ਜੋੜਿਆ ਜਾ ਰਿਹਾ ਹੈ , ਇਸ ਸੜਕ ਦਾ ਕੋਈ ਕੋਈ ਹਿੱਸਾ ਤਾਂ ਸਮੁੰਦਰ ਦੇ ਹੇਠਾਂ ਉਸਾਰਿਆ ਜਾ ਰਿਹੈ - ਚਲੋ ਜੀ, ਸਰਕਾਰਾਂ ਆਪਣੇ ਕੰਮੀਂ ਲੱਗੀਆਂ ਪਈਆਂ ਨੇ, ਅਸੀਂ ਆਪਣੇ ਕੰਮ ਲੱਗੀਏ। 

ਐਨੀ ਸਵਖਤੇ ਇਹ ਬੁੱਤ ਹੀ ਨੱਸਦੇ ਵਿਖੇ, ਮੈਂ ਸੋਚਿਆ ਬਿੱਲੇਆ ਜੇਕਰ ਇਹ ਨੱਸ ਸਕਦੇ ਨੇ ਤਾਂ ਭਲਾ ਤੂੰ ਕਿਓਂ ਨਹੀਂ, ਚੱਲ ਤਗੜਾ ਹੋ ਕੇ ਸ਼ੁਰੂ ਹੋ ਜਾ 😎


ਜਿਥੇ ਬੈਠਾ ਮੈਂ ਪ੍ਰਾਣਾਯਾਮ ਕਰ ਰਿਹਾ ਸੀ ਓਥੋਂ ਸਮੁੰਦਰ ਦਿੱਖ ਤਾਂ ਨਹੀਂ ਸੀ ਰਿਹਾ ਹਨੇਰੇ ਕਰ ਕੇ, ਪਰ ਹਵਾ ਦੇ ਬੁੱਲੇ ਆ ਰਹੇ ਸਨ। 

ਲੱਗ ਗਏ ਜੀ ਕੰਮ, ਮੈਂ ਓਥੇ ਇਕ ਬੇਂਚ ਤੇ ਬਹਿ ਕੇ ਪ੍ਰਾਣਾਯਾਮ  ਕੀਤਾ - ਕਰਦਿਆਂ ਕਰਦਿਆਂ ਕਈਂ ਸਟੈਪ ਜਿਹੜੇ ਪਹਿਲਾਂ ਗ਼ਲਤ ਕਰਦਾ ਸੀ, ਉਸਦਾ ਖਿਆਲ ਵੀ ਆਇਆ. ਹਾਂ, ਪਾਰਕ ਦਾ ਟਰੈਕ ਇੰਝ ਦਾ ਸੀ ਕਿ ਮੈਨੂੰ ਜਾਗਿੰਗ ਕਰਨ ਦਾ ਖੌਫਨਾਕ ਖਿਆਲ ਆ ਗਿਆ. ਉਹ ਕਿਵੇਂ ਖੌਫਨਾਕ, ਹੁਣੇ ਦੱਸਦਾ ਹਾਂ. ਗੱਲ ਇੰਝ ਹੈ ਕਿ ਅਸੀਂ ਬਚਪਨ ਚ ਕਿਸੇ ਜੰਝ ਨੂੰ ਜਾਂਦੇ ਦੇਖਣਾ ਤੇ ਰੁਕ ਜਾਣਾ, ਬਰਾਤੀਆਂ ਨੂੰ ਨੱਚਦੇ ਟੱਪਦੇ ਵੇਖ ਕੇ ਬੜਾ ਮਜ਼ਾ ਆਉਂਦਾ। ਦਿਲ ਕਰਦਾ ਮੈਂ ਵੀ ਉਹਨਾਂ ਚ ਕੁੱਦ ਪਵਾਂ, ਪਰ ਇਹ ਤੋਂ ਐਵੇਂ ਛਿਤਰੋਲ ਕਰਵਾਉਣ ਵਾਲਾ ਹੀ ਖਿਆਲ ਹੁੰਦਾ ਸੀ। ਫਿਰ ਸੋਚੀ ਦਾ ਸੀ ਜਦੋਂ ਅਸੀਂ ਵੀ ਕਿਸੇ ਜੰਝੇ ਜਾਵਾਂਗਾ ਤੇ ਉਹ ਸੱਧਰ ਪੂਰੀ ਕਰਾਂਗੇ - ਹੁਣ ਤੇ ਵਿਆਹਾਂ ਤੇ ਜਾ ਕੇ ਇੰਝ ਲੱਗਦੈ ਜਿਵੇਂ ਕਿਸੇ ਨੱਚਣ ਦੇ ਰਿਐਲਿਟੀ ਸ਼ੋ ਤੇ ਆਏ ਹੋਏ ਹਾਂ. ਬਾਦ ਚ ਪਤਾ ਲੱਗਦੈ ਕਿ ਕੋਰੀਓਗ੍ਰਾਫਰ ਨੇ ਕਈ ਦਿਨ ਟ੍ਰੇਨਿੰਗ ਦਿੱਤੀ ਏ, ਮੁੰਡੇ ਦੀ ਝਾਈ ਨੂੰ ਤੇ ਕੁੜੀ ਦੀ ਬੀਬੀ ਨੂੰ। ਓਥੇ ਵੀ ਇੰਝ ਲੱਗਦੈ ਕਿ ਡੀ ਜੇ ਦੀ ਆਵਾਜ਼ ਤੇ ਅਸੀਂ ਵੀ ਟੱਪਣਾ ਸ਼ੁਰੂ ਕਰੀਏ। ਖੈਰ, ਮੈਂ ਇਸ ਪਾਰਕ ਦੇ ਟਰੈਕ ਦੀ ਗੱਲ ਕਰ ਰਿਹਾ ਸੀ। ..ਕਿ ਬਦੋ ਬਦੀ ਨੱਸਣ ਤੇ ਦਿਲ ਕਰ ਜਾਵੇ, ਮੇਰੇ ਵਰਗੇ ਦਾ ਵੀ ਜਿਹੜਾ ਪਿਛਲੀ ਵਾਰੀ ਦਸਵੀ ਜਮਾਤ ਦੇ ਖੇਡਾਂ ਦੇ ਪ੍ਰੈਕਟੀਕਲ ਵੇਲੇ ਭੱਜਿਆ ਸੀ - ਸ਼ਾਇਦ ਡਿਗ ਪਿਆ ਸੀ, ਕਈ ਸਾਲਾਂ ਬਾਅਦ ਪਤਾ ਲੱਗਿਆ ਕਿ ਮੈਨੂੰ ਤਾਂ ਫਲੈਟ ਫੁੱਟ ਹੈ - ਫੇਰ ਹੋਲੀ ਹੋਲੀ ਗੋਡੇ ਵੀ ਚੁੱਕਣ ਲੱਗ ਪਏ - ਹੁਣ ਇਹੋ ਹਾਲ ਹੈ ਕਿ ਰਬ ਦਾ ਸ਼ੁਕਰ ਕਰਦਾ ਹਾਂ ਜਦੋਂ ਚਲਦਾ ਹਾਂ. ਅੱਜ ਮੈਂ ਏਡੇ ਵੱਡੇ ਪਾਰਕ ਚ ਇਕੱਲਾ ਸੀ, ਮੈਦਾਨ ਸਾਫ ਸੀ ਕੁਝ ਵੀ ਨਵਾਂ ਕਰਨ ਲਈ। ..2-3 ਮਿੰਟ ਬੜਾ ਹੀ ਸਹਿਜੇ ਸਹਿਜੇ ਜਾਗਿੰਗ ਕੀਤੀ। ..ਚੰਗਾ ਲੱਗਾ। 

ਹਾਂ ਜੀ, ਇਹ ਸਬ ਆਪਣਾ ਹੀ ਹੈ...ਜੱਦੋਂ ਤੀਕ ਸ਼ੁਦਾਈ ਭੀੜ ਨਹੀਂ ਆ ਜਾਂਦੀ 😀

ਜਾਗਿੰਗ ਕੀ ਕਰਾਂ, ਆਪਣੇ ਨਿਆਣੇ ਹੀ ਮਜ਼ਾਕ ਬਨ੍ਹਾਣੋਂ ਨਹੀਂ ਰਹਿੰਦੇ - 10-12 ਸਾਲ ਪਹਿਲਾਂ ਦੀ ਗੱਲ ਹੈ। ਮੈਨੂੰ ਸਕੂਟਰ ਤੇ ਮੁੰਡਾ ਸਟੇਸ਼ਨ ਛੱਡਣ ਗਿਆ - ਜਗਾਧਰੀ ਦੀ ਗੱਲ ਹੈ - ਗੱਡੀ ਖੜੀ ਸੀ, ਮੈਂ ਫਾਟਕ ਤੇ ਉਤਰ ਗਿਆ, ਭੱਜ ਕੇ ਲਾਈਨਾਂ ਕਰਾਸ ਕੀਤੀਆਂ - ਮੈਂ ਕਾਲੀ ਪੈਂਟ ਕਮੀਜ਼ ਪਾਈ ਹੋਈ ਸੀ....ਇੰਝ ਕਰਦਾ ਹਾਂ, ਟਾਈਪ ਕਰਨ ਚ ਵਕ਼ਤ ਲੱਗ ਰਿਹਾ ਹੈ। ..ਬਾਕੀ ਦੀ ਗੱਲ ਕਾਗਜ਼ ਤੇ ਲਿਖ ਕੇ ਪੂਰੀ ਕਰਦਾ ਹਾਂ। 




15 ਮਹੀਨੇ ਬਾਅਦ ਪੰਜਾਬੀ ਚ ਬਲਾਗ ਲਿਖਣ ਦਾ ਮੁਹੂਰਤ ਨਿਕਲਿਆ..

ਤੁਸੀਂ ਸਹੀ ਪੜ੍ਹਿਆ ਬਿਲਕੁਲ, 15 ਮਹੀਨੇ ਬਾਅਦ ਹੀ ਇਹ ਬਲਾਗ ਲਿਖ ਰਿਹਾ ਹਾਂ...ਹੁਣੇ ਦੇਖ ਰਿਹਾ ਸੀ ਜਦੋਂ ਮੈਂ ਜਨਵਰੀ 2022 ਵਿਚ ਵੀ ਆਪਣਾ ਪੰਜਾਬੀ ਬਲਾਗ ਲਿਖਿਆ ਸੀ ਉਸ ਵੇਲੇ ਵੀ ਮੈਂ ਇਹੋ ਲਿਖਿਆ ਸੀ ਕਿ ਮੈਂ ਬੜੇ ਚਿਰ ਬਾਅਦ ਪੰਜਾਬੀ ਚ ਲਿਖ ਰਿਹਾ ਹਾਂ....ਜਿਵੇਂ ਪੰਜਾਬੀ ਚ ਲਿਖ ਕੇ ਮੈਂ ਕੋਈ ਅਹਿਸਾਨ ਕਰ ਰਿਹਾ ਹੋਵਾਂ। 

ਬੱਸ ਕਹਿਣ ਸ਼ਹਿਣ ਵਾਸਤੇ ਕੋਈ ਖਾਸ ਗੱਲ ਨਹੀਂ ਅੱਜ ਮੇਰੇ ਕੋਲ..ਭਾਵੇਂ ਮੈਂ ਪੰਜਾਬੀ ਚ ਬਲਾਗ ਨਾ ਲਿਖਿਆ ਇੰਨੇ ਚਿਰ ਤੋਂ ਪਰ ਮੈਨੂੰ ਫਿਕਰ ਤਾਂ ਹਮੇਸ਼ਾਂ ਰਿਹਾ ਕਿ ਯਾਰ ਕਿਤੇ ਪੰਜਾਬੀ ਟਾਈਪ ਕਰਨ ਦੀ ਜਾਚ ਹੀ ਨਾ ਭੁੱਲ ਜਾਵਾਂ - ਉਸਦਾ ਕਰਨ ਇਹੋ ਹੈ ਕਿ ਲਿਖਦਾ ਤੇ ਬੋਲਦਾ ਚਾਹੇ ਮੈਂ ਹਿੰਦੀ ਤੇ ਅੰਗਰੇਜ਼ੀ ਚ ਵੀ ਹਾਂ। ..ਪਰ ਮੈਨੂੰ ਆਪਣੀ ਮਾਂ ਬੋਲੀ ਪੰਜਾਬੀ ਚ' ਲਿਖ ਬੋਲ ਕੇ ਬੜਾ ਚੰਗਾ ਲੱਗਦਾ ਹੈ...ਹਿੰਦੀ ਚ ਜਿੰਨੇ ਕੁ ਇਨਾਮ ਮਿਲ ਸਕਦੇ ਨੇ ਲੈ ਲਾਏ ਨੇ, ਖੁਸ਼ੀਆਂ ਵੀ ਮਿਲੀਆਂ। ...ਪਰ ਪੰਜਾਬੀ ਚ ਬੋਲਣ ਲਿਖਨ ਦਾ ਮੈਨੂੰ ਫਾਇਦਾ ਇਹ ਹੈ ਕਿ ਜਰਾ ਵੀ ਦਿਮਾਗ ਤੇ ਜ਼ੋਰ ਪਾਏ ਬਿਨਾ ਬੰਦਾ ਆਪਣੀ ਗੱਲ ਸੋਖੇ ਤਰੀਕੇ ਨਾਲ ਤੋਂ ਚੰਗੀ ਤਰ੍ਹਾਂ ਕਰ ਲੈਂਦੈ। ...ਹੋਰ ਕਿ ਚਾਹੀਦਾ ਹੁੰਦੈ - ਗੱਲ ਬਾਤ ਦਾ ਹੋਰ ਮੰਤਵ ਹੁੰਦਾ ਹੀ ਕਿ ਹੈ....

2-3 ਦਿਨ ਪਹਿਲਾਂ  ਮੈਨੂੰ ਇਕ ਬੁਜ਼ੁਰਗ 82-83 ਸਾਲਾਂ ਦੇ ਸਨ, ਬਹੁਤ ਵੱਡੇ ਓਹਦੇ ਤੋਂ ਰਿਟਾਇਰ ਹੋਏ ਸਨ। ..ਕੋਈ ਦਸਤਖ਼ਤ ਕਰਵਾਉਣ ਆਏ ਸੀ। ..ਮੈਂ ਉਹਨਾਂ ਦਾ ਨਾਂਅ ਪੜ੍ਹਿਆ, ਪੰਜਾਬੀ ਸੀ.. ..ਜਿਹੜੀ ਗੱਲ ਮੈਂ ਦਰਅਸਲ ਲਿਖਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਮੈਂ ਉਹਨਾਂ ਦੀ ਹਰ ਗੱਲ ਦਾ ਜਵਾਬ ਪੰਜਾਬੀ ਚ ਦੇ ਰਿਹਾ ਸੀ ਤੋਂ ਉਹਨਾਂ ਮੇਰੇ ਨਾਲ ਸਾਰੀ ਗੱਲ ਅੰਗਰੇਜ਼ੀ ਚ ਕੀਤੀ।...ਪੰਜਾਬੀ ਨਹੀਂ ਬੋਲੀ ਉਹਨਾਂ ਨੇ। ...ਚਲੋ ਜੀ, ਬਜ਼ੁਰਗਾਂ ਦੇ ਮੰਨ ਦੀ ਮੌਜ...

ਐਵੇਂ ਮੈਂ ਵੀ ਕਿ ਲਿਖਣ ਬਹਿ ਗਿਆ.....

ਅੱਜ ਸੇਵਰ ਤੋਂ ਹੀ ਕੋਈ ਅਜਿਹਾ ਸਵੱਬ ਬਣਿਆ ਕਿ ਵੇਹਲੇ ਵੇਲੇ ਸਰਦਾਰ ਨਰਿੰਦਰ ਸਿੰਘ ਕਪੂਰ ਸਾਬ ਤੇ ਲੇਖਿਕਾ ਮਨਜੀਤ ਇੰਦਰਾ ਜੀ ਦੀਆਂ ਇੰਟਰਵਿਊਆਂ ਹੀ ਵੇਖੀ ਜਾ ਰਿਹਾ ਹਾਂ। ਮੈਨੂੰ ਇਹਨਾਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ। ਆਪ ਵੀ ਸੁਣੋ।..ਮੈਂ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲਿਆ ਲੈ। 


 

 ਇਹ ਪੋਸਟ ਤਾਂ ਜਿਵੇਂ ਹੈਲੋ ਟੈਸਟਿੰਗ ਹੈਲੋ ਟੈਸਟਿੰਗ ਹੈ ਕਿ ਮੈਂ ਪੰਜਾਬੀ ਚ ਟਾਈਪ ਥੋੜੀ ਬਹੁਤ ਕਰ ਸਕਦਾ ਹਾਂ। ..ਲਿਖ ਕੇ ਤਾਂ ਪੰਜਾਬੀ ਚ ਹੀ ਖੁਸ਼ੀ ਹੁੰਦੀ ਏ। ...ਇਹ ਕੋਈ ਭਾਸ਼ਾ ਦੀ ਕੱਟਰਤਾ ਨਹੀਂ, ਦਿਲ ਦੀ ਗੱਲ ਲਿਖ ਰਿਹਾ ਹਾਂ....ਚੰਗੀ ਬਾਕੀ ਗੱਲਾਂ ਫੇਰ, ਹੁਣ ਸਾਡੇ ਸਮੇਂ ਦਾ ਇਕ ਬੜਾ ਸੋਹਣਾ ਗੀਤ ਸੁਣਦੇ ਹਾਂ ਜੀ....

 

शुक्रवार, 14 जनवरी 2022

ਪੰਜਾਬੀ ਚ ਅੱਜ ਮੈਂ ਕਈ ਚਿਰਾਂ ਬਾਅਦ ਲਿਖ ਰਿਹਾ ਹਾਂ...

ਅੱਜ ਮੈਨੂੰ ਇੰਝ ਹੀ ਖਿਆਲ ਆਇਆ ਕਿ ਕਿੰਨਾ ਚਿਰ ਹੋ ਗਿਆ ਮੈਂ ਪੰਜਾਬੀ ਚ ਤਾਂ ਕੁਝ ਲਿਖਿਆ ਹੀ ਨਹੀਂ, ਜਦੋਂ ਕਿ ਮੈਨੂੰ ਪੰਜਾਬੀ ਲਿਖ ਕੇ, ਸੁਣ ਕੇ ਤੇ ਬੋਲ ਕੇ ਹੀ ਮਜ਼ਾ ਆਉਂਦੈ। 

ਮੈਂ ਵਹਾਤਸੱਪ ਤੇ ਫੇਸਬੁੱਕ ਦੇ ਵੀਡੀਓ ਤੋਂ ਬੜਾ ਦੂਰ ਭੱਜਦਾ ਹਾਂ....ਪਰ ਪੰਜਾਬੀ ਦੀਆਂ ਕਈ ਵੀਡੀਓ ਇੰਨੀਆਂ ਦਿਲ ਖਿੱਚਵੀਆਂ ਹੁੰਦੀਆਂ ਨੇ ਕਿ ਉਹ ਜਿੰਨੀਆਂ ਵੀ ਮਰਜ਼ੀ ਲੰਬੀਆਂ ਹੋਣ, ਛੱਡਣ ਤੇ ਚਿੱਤ ਹੀ ਨਹੀਂ ਕਰਦਾ। 

ਅੱਜ ਸ਼ਾਮਾਂ ਨੂੰ ਵੀ ਕੁਝ ਅਜਿਹਾ ਹੀ ਹੋਇਆ - ਭਗਵੰਤ ਮਾਨ ਦੀ ਇਕ ਵੀਡੀਓ ਨਜ਼ਰੀਂ ਪੈ ਗਈ - ਵੀਡੀਓ ਖ਼ਤਮ ਹੁੰਦਿਆਂ ਹੁੰਦਿਆਂ ਮੇਰੇ ਮੋਬਾਈਲ ਦੀ ਬੈਟਰੀ ਖ਼ਤਮ ਹੋ ਗਈ ਪਰ ਮੇਰਾ ਦਿਲ ਨਾ ਰੱਜਿਆ - ਇਹ ਸਾਰਾ ਸਾਡੀ ਮਾਂ ਬੋਲੀ ਦਾ ਹੀ ਜਾਦੂ ਹੈ। 

ਚਲੋ ਅੱਜ ਤੁਹਾਨੂੰ ਵੀ ਉਹ ਵੀਡੀਓ ਦਿਖਾਂਦੇ ਹਾਂ - 
ਅੱਜ ਮਾਘੀ ਹੈ - ਅੱਜ ਮੁਕਤਸਰ ਦਾ ਮਾਘੀ ਦਾ ਮੇਲਾ ਚੇਤੇ ਆ ਰਿਹੈ - ਜਦੋਂ ਅਸੀਂ ਫਿਰੋਜ਼ਪੁਰ ਰਹਿੰਦੇ ਸੀ ਤੇ 1-2 ਵਾਰ ਮਾਘੀ ਦਾ ਮੇਲਾ ਵੇਖਣ ਮੁਕਤਸਰ ਜਾ ਪੁੱਜੇ ਸੀ. ਬਹੁਤ ਚੰਗਾ ਲੱਗਾ ਸੀ। ਅੱਜ ਸੋਚ ਰਿਹਾ ਹਾਂ ਕਿ ਮੈਂ ਆਪਣੀ ਮਾਂ ਬੋਲੀ ਚ' ਜ਼ਰੂਰ ਲਿਖਿਆ ਕਰਾਂਗਾ। 

सोमवार, 23 अगस्त 2021

ਅੱਜ ਪੁਰਾਣੀਆਂ ਯਾਦਾਂ ਦਾ ਜਿਵੇਂ ਹੜ੍ਹ ਆ ਗਿਆ। ..

ਅੱਜ ਸਵੇਰੇ ਆਪਣੇ ਜਿਗਰੀ ਯਾਰ ਡਾ ਬੇਦੀ ਸਾਬ ਨੇ ਵਹਾਤਸੱਪ ਤੇ ਇਕ ਵੀਡੀਓ ਘੱਲੀ - ਆਮ ਤੌਰ ਤੇ ਅਜਿਹਿਆਂ ਪੋਸਟਾਂ ਤੇ ਕਦੇ ਕਦਾਈਂ ਦਿਖਦੀਆਂ ਰਹਿੰਦੀਆਂ ਹੀ ਨੇ, ਪਰ ਉਸ ਵਿਚ ਜਿਹੜੀ ਬੀਬੀ ਕੋਈ ਗੀਤ ਵੀ ਗਾ ਰਹੀ ਸੀ, ਉਸ ਨੇ ਤਾਂ ਜੀ ਉਸ ਵੀਡੀਓ ਨੂੰ ਚਾਰ ਚੰਨ ਲਾ ਦਿੱਤੇ ਸੀ ਜਿਵੇਂ। 

ਚਲੋ, ਗੱਲਾਂ ਤਾਂ ਬਾਅਦ ਚ ਕਰਦੇ ਹਾਂ ਪਹਿਲਾਂ ਬੇਦੀ ਸਾਬ ਦੀ ਘੱਲੀ ਹੋਈ ਵੀਡੀਓ ਤੁਹਾਡੇ ਨਾਲ ਸ਼ਾਂਝੀ ਕਰਦੇ ਹਾਂ - 


ਇਹ ਵੀਡੀਓ ਦੇਖ ਕੇ ਸਾਨੂੰ ਵੀ ਆਪਣਾ ਸਮਾਂ ਯਾਦ ਆ ਗਿਆ, ਤੁਸੀਂ ਇਸ ਪੋਡਕਾਸਟ ਚ' ਸੁਣ ਸਕਦੇ ਹੋ। 



सोमवार, 17 मई 2021

ਤਿੜਕਦੀ ਪਿੱਤ ਅੱਜ ਸਵੇਰੇ ਸਵੇਰੇ ਚੇਤੇ ਆ ਗਈ..


ਅੱਜ ਬੰਬਈ ਥਾਣੀ ਕੋਈ ਵੱਡਾ ਸਮੁੰਦਰੀ ਤੂਫ਼ਾਨ ਲੰਘ ਰਿਹੈ - ਖ਼ਬਰਾਂ ਵਾਲੇ ਚੈਨਲਾਂ ਨੇ ਤੁਹਾਡੇ ਸਿਰ ਦੁਖਾ ਦਿੱਤਾ ਹੋਵੇਗਾ। ਓਸੇ ਚੱਕਰ ਚ' ਕੱਲ ਰਾਤ ਤੋਂ ਹੀ ਤੇਜ ਤੇਜ ਡਰਾਉਣ ਵਾਲੀਆਂ ਹਵਾਵਾਂ ਚੱਲ ਰਹੀਆਂ ਸਨ. ਸਵੇਰੇ ਸਵੇਰੇ ਬਾਰਿਸ਼ ਹੋਣ ਲੱਗ ਪਈ - ਚੰਗਾ ਲੱਗਾ ਠੰਡਾ ਮੌਸਮ।  ਵੈਸੇ ਤਾਂ ਇਥੇ ਮੌਨਸੂਨ ਦੀ ਆਮਦ ਜੂਨ ਦੇ ਪਹਿਲੇ ਹਫਤੇ ਚ ਹੁੰਦੀ ਹੈ - ਸੱਤ ਜਾਂ ਅੱਠ ਜੂਨ ਨੂੰ ਮੌਨਸੂਨ ਦੀ ਝੰਬ ਪੈ ਹੀ ਜਾਂਦੀ ਹੈ। ਵੈਸੇ ਮੌਨਸੂਨ ਤੋਂ ਪਹਿਲਾਂ ਮੌਨਸੂਨ ਦਾ ਸ਼ਗਨ ਤਾਂ ਮੌਨਸੂਨ ਤੋਂ ਪਹਿਲਾਂ ਦੀਆਂ ਵਾਛੜਾਂ ਜੂਨ ਦੀ ਪਹਿਲੀ ਤਾਰੀਖ ਦੇ ਲਾਗੇ ਸ਼ਾਗੇ ਪੈ ਜਾਂਦੀਆਂ ਨੇ।  


ਜਿਵੇਂ ਹੀ ਮੈਂ ਵੇਖਿਆ ਕਿ ਮੌਸਮ ਠੰਡਾ ਹੋ ਗਿਆ ਹੈ, ਮੈਂ ਬਾਹਰ ਦੀ ਫੋਟੋ ਖਿੱਚ ਕੇ ਆਪਣੇ ਸਕੂਲ ਦੇ ਗਰੁੱਪ ਤੇ ਦੂਜੀ ਆਪਣੇ ਕਾਲਜ ਦੇ ਗਰੁੱਪ ਤੇ ਸਾਂਝੀ ਕਰ ਦਿੱਤੀ। ਨਾਲੇ ਮੈਂ ਲਿਖਿਆ ਕਿ ਇਸ ਮੌਸਮ ਕਰ ਕੇ ਹੀ ਮੈਨੂੰ ਬੰਬਈ ਨਾਲ ਬਹੁਤ ਪਿਆਰ ਹੈ. ਮੈਨੂੰ ਇਹ ਵੀ ਚੇਤਾ ਆ ਗਿਆ ਕਿ ਬੰਬਈ ਤੋਂ ਇਲਾਵਾ ਜਿਥੇ ਵੀ ਰਹੇ ਬਸ ਸਾਲ ਦੇ ਚਾਰ ਪੰਜ ਮਹੀਨੇ ਤਾਂ ਪਿੱਤਾਂ ਹੀ ਤਿੜ੍ਹਕਦੀਆਂ ਰਹੀਆਂ - ਬਸ ਉਸਨੂੰ ਠੰਡ ਪਾਂਦੇ ਪਾਂਦੇ ਹੀ ਬਚਪਨ ਕੀ ਤੇ ਜਵਾਨੀ ਵੀ ਲਗਭਗ ਲੰਘ ਹੀ ਗਈ ਸੀ ਸਮਝੋ। 

ਮੈਨੂੰ ਅੱਜ ਚੇਤਾ ਆ ਰਿਹਾ ਸੀ ਕਿ ਜਦੋਂ ਅਸੀਂ ਛੋਟੇ ਛੋਟੇ ਸੀ ਤੇ ਸਾਨੂੰ ਗਰਮੀਆਂ ਚ ਪਿੱਤ ਬੜਾ ਤੰਗ ਕਰਦੀ ਸੀ। ਸਾਡੀ ਬੀਬੀ ਨੇ ਵੀ ਕੋਈ ਜੁਗਾੜ ਨਹੀਂ ਸੀ ਛੱਡਿਆ ਉਸ ਤੋਂ ਨਿਜਾਤ ਪਾਉਣ ਲਈ. ਜਦੋਂ ਅਸੀਂ ਬਹੁਤੇ ਹੀ ਛੋਟੇ ਸੀ, ਸਾਨੂੰ ਇਹ ਪਿੱਤ ਦੇ ਪੌਡਰਾਂ ਬਾਰੇ ਪਤਾ ਨਹੀਂ ਸੀ ਹੁੰਦਾ। ਪਤਾ ਤਾਂ ਤੱਦੇ ਹੁੰਦਾ ਜੇਕਰ ਇਹੋ ਜਿਹੀਆਂ ਚੀਜ਼ਾਂ ਘਰ ਚ ਵਿਖਦੀਆਂ।  

ਮੈਨੂੰ ਇਹ ਵੀ ਚੇਤੇ ਆ ਰਿਹੈ ਕਿ ਜ਼ਿਆਦਾ ਪਿੱਤ ਮੇਰੀ ਬੀਬੀ ਨੂੰ, ਭਾਪਾ ਜੀ ਨੂੰ ਤੇ ਮੈਨੂੰ ਹੀ ਤਿੜਕਦੀ ਸੀ. ਭਾਪਾ ਜੀ ਤੇ ਮਸਤ ਸਨ, ਸ਼ਾਮਾਂ ਨੂੰ ਜਦੋਂ ਪਿੱਤ ਨੇ ਪਰੇਸ਼ਾਨ ਕਰਨਾ ਓਹਨਾਂ ਆਪੇ ਹੀ ਪਿੱਠ ਨੂੰ ਕੰਘੀ ਨਾਲ ਖੁਰਕ ਲੈਣਾ। ਕਦੇ ਕਦਾਈਂ ਮੈਨੂੰ ਕਹਿ ਦੇਣਾ ਕਿ ਆ ਬਿੱਲੇ, ਜਰਾ ਪਿੱਠ ਤੇ ਕੰਘੀ ਫੇਰ ਦੇ. ਮੈਂ ਵੀ ਅੱਤ ਦਾ ਸ਼ਰਾਰਤੀ - ਮੈਂ ਵੀ ਐਂਨੀ ਜ਼ੋਰ ਜ਼ੋਰ ਦੀ ਕੰਘੀ ਫੇਰ ਕੇ ਉਹਨਾਂ ਦੀ ਪਿੱਠ ਲਾਲ ਕਰ ਦੇਣੀ ਤਾਂ ਉਹਨਾਂ ਕਹਿਣਾ ਬਸ ਕਰ ਯਾਰ. ਰੋਟੀ ਖਾ ਕੇ ਉਹਨਾਂ ਨਵਾਰੀ ਮੰਜੇ ਤੇ ਲੇਟ ਜਾਣਾ - ਬਨੈਣ ਲਾ ਕੇ ਪੈ ਜਾਣਾ - ਤੇ ਨਵਾਰ ਦੀ ਰਗੜ ਨਾਲ ਉਹਨਾਂ ਨੂੰ ਹੋਰ ਵੀ ਆਰਾਮ ਮਿਲ ਜਾਣਾ। 

ਅੱਛਾ ਰਬ ਤੁਹਾਡਾ ਭਲਾ ਕਰੇ, ਸਾਡੇ ਬੀਬੀ ਜੀ ਨੇ ਥੋੜਾ ਬਹੁਤ ਤੇ ਕੰਘੀ ਫੇਰ ਕੇ ਕੰਮ ਸਾਰ ਲੈਣਾ - ਕਿਓਂਕਿ ਓਹਨਾ ਅੰਗੀਠੀ ਤੇ ਤੰਦੂਰ ਤੇ ਲਗਾਤਾਰ ਕੰਮ ਕਰਨਾ ਹੁੰਦਾ ਸੀ, ਉਹਨਾਂ ਨੂੰ ਪਿੱਤ ਜ਼ਿਆਦਾ ਹੀ ਹੁੰਦੀ ਸੀ - ਗਲੇ ਤੇ ਹੀ, ਬਾਹਵਾਂ ਤੇ ਵੀ ਤੇ ਪਿੱਠ ਤੇ ਵੀ - ਉਹਨਾਂ ਚੋਂਕੇ ਤੋਂ ਵੇਹਲੇ ਹੋ ਕੇ ਹੱਥ ਚ ਪੱਖੀ ਫੜ ਕੇ ਉਸੇ ਨਾਲ ਤਿੜਕਦੀ ਪਿੱਤ ਨੂੰ ਠੰਡਾ ਕਰਣ ਦੀ ਕੋਸ਼ਿਸ਼ ਕਰਨੀ , ਨਹੀਂ ਤੇ ਕਹਿਣਾ ਕਿ ਫੜਾ ਕੋਈ ਕੰਘਾ। ਮੈਂ ਵੀ ਮਾਂ ਦੇ ਨਾਲ ਲੇਟੇ ਲੇਟੇ ਪਿੱਤ ਤੋਂ ਪਰੇਸ਼ਾਨ ਹੋ ਜਾਣਾ। ਮਾਂ ਦੇ ਕਹਿਣ ਤੇ ਮੈਂ ਨਾਲ ਹੀ ਡੱਠੇ ਹੋਏ ਖਟੋਲੇ ਤੇ ਬਨੈਣ ਲਾ ਕੇ ਪੈ ਜਾਣਾ ਤੇ ਮਾਂ ਦੀ ਦੇਖਾ ਦੇਖੀ ਪਿੱਠ ਨੂੰ ਨਵਾਰ ਨਾਲ ਰਗੜ ਕੇ ਖੁਰਕ ਤੋਂ ਥੋੜੀ ਬਹੁਤ ਨਿਜਾਤ ਆ ਲੈਣੀ। 

ਫੇਰ ਇਕ ਦੌਰ ਉਹ ਵੀ ਆਇਆ ਜਦੋਂ ਪਿੱਤ ਨੇ ਜ਼ਿਆਦਾ ਹੀ ਪਰੇਸ਼ਾਨ ਕਰ ਦੇਣਾ - ਇਸ ਨੇ ਪੱਕ ਜੇਹਾ ਜਾਣਾ - ਫੇਰ ਬੀਬੀ ਨੇ ਸਾਡੀ ਪਿੱਠ ਤੇ ਗਾਚੀ ਮੱਲ ਕੇ ਪਿੱਠ ਦੀ ਫੱਟੀ ਪੋਚ ਕੇ ਸਵਾ ਦੇਣਾ ਕਿ ਸਵੇਰੇ ਤਕ ਠੰਡ ਪੈ ਜਾਏਗੀ। ਹੁਣੇ ਲਿਖਦੇ ਲਿਖਦੇ ਚੇਤਾ ਆ ਰਿਹਾ ਏ ਕਈ ਵਾਰੀ ਜੇਕਰ ਕਿਸੇ ਦੀ ਪਿੱਤ ਜ਼ਿਆਦਾ ਹੀ ਪੱਕ ਜਾਣੀ ਤਾਂ ਨਾਲ ਦੇ ਸਰਕਾਰੀ ਹੌਸਪੀਟਲ ਚ ਜਾ ਕੇ ਟੀਕੇ ਦੀ ਕਿਸੇ ਖਾਲੀ ਸ਼ੀਸ਼ੀ ਵਿਚ ਨੀਲੀ ਦਵਾਈ ਲੈ ਕੇ ਆਉਣੀ ਤੇ ਤੋਰ ਰੂੰ ਨਾਲ ਉਸ ਨੂੰ ਪਕੀ ਹੋਈ ਪਿੱਤ ਤੇ ਲਾ ਦੇਣਾ - ਜਦੋਂ ਕਿਸੇ ਨੂੰ ਇਹ ਦਵਾਈ ਲੱਗੀ ਹੋਣੀ, ਧਰਮ ਨਾਲ ਇੰਝ ਲੱਗਣਾ ਜਿਵੇਂ ਉਹ ਕੋਹੜ ਦਾ ਇਲਾਜ ਕਰ ਰਿਹਾ ਹੋਵੇ। 

ਫੇਰ ਇਹ ਪਿੱਤਾਂ ਵਾਲੇ ਪਾਊਡਰ ਆ ਗਏ - ਨੈਸਿਲ ਆਇਆ ਸੀ ਸ਼ਾਇਦ ਪਹਿਲਾਂ - ਉਸ ਉੱਤੇ ਵੀ ਜਿਹੜੇ ਮੁੰਡੇ ਦੀ ਫੋਟੋ ਹੁੰਦੀ ਸੀ ਉਹ ਵੀ ਕਮਬਖ਼ਤ ਤਿੜਕਦੀ ਪਿੱਤ ਦਾ ਹੀ ਮਾਰਿਆ ਦਿਸਦਾ ਸੀ - ਬਸ ਉਹ ਫ਼ੋਟਾਂ ਸਾਡੇ ਮਨ ਚ ਬਹਿ ਗਈ ਕਿ ਪਿੱਤ ਤੋਂ ਖਹਿੜਾ ਛਡਾਉਣ ਦਾ ਇੱਕੋ ਤਰੀਕਾ ਹੈ - ਇਹੋ ਨਾਈਸੀਲ ਪਾਊਡਰ। ਇਹੋ ਜੇਹਾ ਪਿੱਤ ਦਾ ਪਾਊਡਰ ਕਿਸੇ ਘਰ ਵਿਚ ਰੱਖਿਆ ਹੋਣਾ ਇਕ ਛੋਟਾ ਮੋਟਾ ਸਟੇਟਸ ਸਿੰਬਲ ਜਾਪਦਾ ਸੀ।  ਬਸ ਫੇਰ ਕੀ ਸੀ, ਮੇਰੇ ਵਰਗੇ ਮੁੰਡੇ ਖੁੰਡਿਆਂ ਨੇ ਦਿਨ ਚ ਕਈਂ ਕਈਂ ਵਾਰ ਉਸ ਨੂੰ ਥਪਦੇ ਰਹਿਣਾ - ਪਿੱਤ ਦੀ ਖੁਰਕ ਤੋਂ ਤੇ ਠੰਡ ਪਾਂਦਾ ਹੀ ਸੀ, ਖੁਸ਼ਬੋ ਵੀ ਤੇ ਉਸ ਦੀ ਚੰਗੀ ਭਲੀ ਸੀ - ਬਸ ਸਾਨੂੰ ਵੀ ਪਾਊਡਰ ਥੱਪਣ ਦਾ ਸ਼ੋਂਕ ਜੇਹਾ ਪੈ ਗਿਆ. 

ਲਿਖਦੇ ਲਿਖਦੇ ਹੁਣੇ ਮੈਨੂੰ ਖਿਆਲ ਆਇਆ ਕਿ ਜੇਕਰ ਮੈਂ ਪਿੱਤ ਦੀ ਗੱਲ ਛੇੜੀ ਹੈ ਤਾਂ ਮੈਨੂੰ ਓਹਨਾਂ ਦਿਨਾਂ ਦੀ 2-3 ਹੋਰ ਵੀ ਤਕਲੀਫ਼ਾਂ ਦੀਆਂ ਗੱਲਾਂ ਤਾਂ ਕਰਨੀਆਂ ਹੀ ਚਾਹੀਦੀਆਂ ਨੇ. ਗੱਲ ਕੋਈ ਵੀ ਅੱਧੀ ਪੱਚਦੀ ਕਰਨੀ ਠੀਕ ਨਹੀਂ> ਚਲੋ ਤੁਹਾਨੂੰ ਦਸ ਹੀ ਦੇਈਏ ਤੁਹਾਨੂੰ ਕਿ ਇਹ ਉਹ ਦੌਰ ਸੀ ਜਦੋਂ ਸਾਨੂੰ ਚਮੂਨੇ ਵੀ ਬੜੇ ਲੜਦੇ ਸੀ ਤੇ ਪਸੀਨੇ ਕਰਕੇ ਪੱਟਾਂ ਦੇ ਅੰਦਰਲੇ ਪਾਸੇ ਲਾਸ਼ਾਂ ਵੀ ਪਈਆਂ ਹੀ ਰਹਿੰਦੀਆਂ ਸੀ. ਬਸ ਤੁਸੀਂ ਇਹ ਸਮਝੋ ਸਾਡਾ ਸ਼ਾਮ ਦਾ ਇਹੋ ਟਾਈਮ ਪਾਸ ਸੀ ਪਿੱਤ, ਚਮੂਨੇ, ਲਾਸ਼ਾਂ ਜਾਂ ਫੇਰ ਰਬ ਤੁਹਾਡਾ ਭਲਾ ਕਰੇ ਪਾਣੀ ਪੀ ਪੀ ਢਿੱਡ ਆਫਰ ਜਾਂਦਾ ਸੀ> ਇੰਨਾ ਵਿਚੋਂ ਕਿਸੇ ਇਕ ਤਕਲੀਫ ਨਾਲ ਤਾਂ ਰੋਜ਼ ਟਾਕਰਾ ਕਰਨਾ ਹੀ ਪੈਂਦਾ ਸੀ> 

ਚਮੂਨੇਆਂ ਦੀ ਲੜਾਈ ਖ਼ਤਮ ਕਰਨ ਦਾ ਇਕ ਪੱਕਾ ਫਾਰਮੂਲਾ ਸੀ - ਬੀਬੀ ਜੀ ਨੇ ਐਵੇਂ ਹੀ ਪਿਆਰ ਨਾਲ ਝਿੜਕ ਦੇਣਾ ਕਿ ਹੋਰ ਖੰਡ ਦੇ ਫੱਕੇ ਮਾਰਦਾ ਰਿਹਾ ਕਰ ਸਾਰਾ ਦਿਨ, ਖੰਡ ਦੇ ਪਰਾਂਠੇ ਘੱਟ ਖਾਇਆ ਕਰ।  ਪੁੱਤ ਸ਼ਰੀਰ ਦੀ ਸਫਾਈ ਦਾ ਪੂਰਾ ਖਿਆਲ ਕਰਿਆ ਕਰ, ਜਾ ਪੁੱਤ ਜਾ ਕੇ ਚੰਗੀ ਤਰ੍ਹਾਂ ਨਹਾ ਕੇ ਆ ਤੇ ਨਹਾਉਣ ਤੋਂ ਬਾਅਦ ਸਰੋਂ ਦਾ ਤੇਲ ਲਾ ਲੈ. ਬਸ ਅਸੀਂ ਉਂਝ ਹੀ ਕਰਨਾ ਤੇ 5 ਮਿੰਟਾਂ ਚ ਚਮੂਨੇਆਂ ਦੀ ਲੜਾਈ ਬੰਦ ਹੋ ਜਾਣੀ ਤੇ ਜੇਕਰ ਚੱਡਿਆਂ ਚ ਲਾਸ਼ਾਂ ਪਈਆਂ ਹੋਣੀਆਂ ਤੇ ਉਹ ਵੀ ਸਵੇਰੇ ਤਕ ਗਾਇਬ ਹੋ ਜਾਣੀਆਂ - ਸਰੋਂ ਦਾ ਤੇਲ ਸੀ ਜਾਂ ਕੋਈ ਸੰਜੀਵਨੀ ਬੂਟੀ। ਚੰਗਾ ਇਕ ਗੱਲ ਹੋਰ, ਪੱਟਾਂ ਦੇ ਅੰਦਰਲੇ ਹਿੱਸੇ ਤੇ ਲਾਸ਼ਾਂ ਪੈਣ ਤੇ ਬੀਬੀ ਨੇ ਇਹ ਵੀ ਜ਼ਰੂਰ ਕਹਿਣਾ ਕਿ ਪੁੱਤ ਕਿੰਨੀ ਵਾਰੀ ਆਖਿਆ ਸਕੂਲੋਂ ਆਉਂਦਿਆਂ ਹੀ ਟਾਈਟ ਪੈਂਟ ਦਾ ਖਹਿੜਾ ਛਡਿਆ ਕਰ, ਖੁੱਲ੍ਹਾ ਡੁੱਲ੍ਹਾ ਕੱਛਾ ਪਾ ਲਿਆ ਕਰ, ਪਜਾਮਾ ਪਾ ਲਿਆ ਕਰ। ....ਪਰ ਸਾਨੂੰ ਇਹ ਗੱਲਾਂ ਮੰਨਣ ਚ ਪਤਾ ਨਹੀਂ ਕਿਓਂ ਸ਼ਰਮ ਆਉਂਦੀ ਸੀ> 

गुरुवार, 9 अप्रैल 2020

ਦੋਆਬਾ ਰੇਡੀਓ ਦਾ ਵੀ ਜਵਾਬ ਨਹੀਂ ਬਈ ..

ਮੈਂ ਅਕਸਰ ਦੋਆਬਾ ਰੇਡੀਓ ਐਪ ਦੀ ਤਾਰੀਫ ਕਰਦਾ ਰਹਿੰਦਾ ਹਾਂ - ਆਪਣੇ ਯਾਰਾਂ ਮਿੱਤਰਾਂ ਨੂੰ ਇਸ ਬਾਰੇ ਦੱਸਦਾ ਰਹਿੰਦਾ ਹਾਂ - ਤੇ ਇਸ ਨੂੰ ਐਪ ਰਾਹੀਂ ਸੁਨਣ ਲਈ ਆਖਦਾ ਰਹਿੰਦਾ ਹਾਂ - ਪਰ ਗੱਲ ਓਹੀਓ ਹੈ ਜਨਾਬ ਜਿੰਨਾ ਮਰਜੀ ਕਿਸੇ ਨਾਲ ਸਿਰਖਪਾਈ ਕਰ ਲਵੋ - ਜਦੋਂ ਤੱਕ ਆਪਣੇ ਆਪ ਹੀ ਪੰਜਾਬੀ ਦੇ ਚੰਗੇ, ਸਾਫ਼ ਸੁਥਰੇ ਕੰਟੇੰਟ ਲਈ ਭੁੱਖ ਨਹੀਂ ਉਗੜਦੀ, ਹੋਰ ਕੋਈ ਚੀਜ਼ ਮਦਦ ਨਹੀਂ ਕਰ ਸਕਦੀ -

ਮੈਂ ਕਿਸੇ ਵੇਲੇ ਸੋਚਦਾ ਹਾਂ ਕਿ ਅਸੀਂ ਬੜੇ ਸੁਭਾਗਾਂ ਵਾਲੇ ਸੀ ਅਸੀਂ ਬਚਪਨ ਤੋਂ ਹੀ ਰੇਡੀਓ ਨਾਲ ਜੁੜੇ ਰਹੇ - ਹੋਰ ਕੋਈ ਤਰੀਕਾ ਨਹੀਂ ਸੀ ਹੁੰਦਾ - ਦਿਲ ਪਰਚਾਵੇ ਦਾ - ਸ਼ਾਮਾਂ ਨੂੰ 7 ਤੋਂ 8 ਵਜੇ ਤਕ ਰੇਡੀਓ ਤੇ ਜਲੰਧਰ ਆਲ ਇੰਡੀਆ ਰੇਡੀਓ ਤੋਂ ਆਉਣ ਵਾਲੇ ਦੇਸ਼ ਪੰਜਾਬ ਪ੍ਰੋਗਰਾਮ ਦੀ ਐਂਨੀ ਉਡੀਕ ਰਹਿਣੀ ਕਿ ਖੇਲਦੇ ਹੋਇਆਂ ਵੀ ਵਾਪਸ ਘਰੋਂ ਘਰੀ ਨੱਸ ਆਉਣਾ- ਵੈਸੇ ਉਹਨਾਂ ਦਿਨਾਂ ਚ' ਆਸੇ ਪਾਸੇ ਗੁਆਂਢ ਦੇ ਰੇਡੀਓ ਵੀ ਪੂਰੀ ਆਵਾਜ਼ ਤੇ ਵੱਜਦੇ ਸੀ -

ਹੁਣ ਓਹੀਓ ਕੰਮ ਰੇਡੀਓ ਦੋਆਬਾ ਕਰ ਰਿਹੈ - ਅੱਜ ਤੋਂ 12-13 ਸਾਲ ਪਹਿਲਾਂ ਜਦੋਂ ਮੈਂ ਮਾਸ-ਕਮ੍ਯੁਨਿਕੇਸ਼ਨ ਪੜ੍ਹ ਰਿਹਾ ਸੀ ਤਾਂ ਮੈਂ ਇੰਟਰਨੇਟ ਰੇਡੀਓ ਜਾਂ ਵੈੱਬ ਰੇਡੀਓ ਬਾਰੇ ਪੜ੍ਹਿਆ ਸੀ ਚੰਗੀ ਤਰ੍ਹਾਂ ਪਰ ਟਰਾਂਜ਼ਿਸਟਰ ਰੇਡੀਓ ਉੱਤੇ ਹੀ ਰੇਡੀਓ ਸੁਣਨ ਵਾਲੇ ਮੇਰੇ ਵਰਗੇ ਇਨਸਾਨ ਨੂੰ ਕਦੇ ਹੋਰ ਕਿਤੇ ਝਾਤੀ ਮਾਰਨ ਦੀ ਫੁਰਸਤ ਹੀ ਨਹੀਂ ਸੀ - 2-3 ਮਹੀਨੇ ਪਹਿਲਾਂ ਇਕ ਦਿਨ ਫੇਸਬੁੱਕ ਉੱਤੇ ਡਾ ਸੀਮਾ ਗਰੇਵਾਲ ਜੀ ਜਿਹੜੇ ਰੇਡੀਓ ਦੋਆਬੇ ਦੇ ਕਮਾਲ ਦੇ ਇਕ ਪੇਸ਼ਕਾਰ ਹਨ, ਉਹਨਾਂ ਦੀ ਇਕ ਰੇਡੀਓ ਦੋਆਬੇ ਬਾਰੇ ਇਕ ਵੀਡੀਓ ਦੇਖੀ - ਗੱਲ ਸਮਝ ਆ ਗਈ ਤੇ ਆਪਾਂ ਰੇਡੀਓ ਦੋਆਬਾ ਐਪ ਨੂੰ ਡਾਊਨਲੋਡ ਕਰ ਲਿਆ -






ਮੇਰੇ ਨਾਲ ਪੰਗਾ ਇਹੋ ਹੈ ਕਿ ਮੈਂ ਲਿਖਣ ਦਾ ਪੰਗਾ ਤਾਂ ਲੈ ਲੈਂਦਾ ਹਾਂ ਪਰ ਫੇਰ ਮੇਰੇ ਦਿਲ ਚ ਏੰਨੀਆਂ ਗੱਲਾਂ ਮੈਨੂੰ ਘੇਰ ਲੈਂਦੀਆਂ ਨੇ ਕਿ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਕਿਹੜੀ ਗੱਲ ਛਡਾਂ ਤੇ ਕਿਹੜੀ ਦਰਜ ਕਰਾਂ - ਦੋਸਤੋਂ, ਆਪੇ ਕਦੇ ਝੂਠੀ ਤਾਰੀਫ ਕਦੇ ਕੀਤੀ ਨਹੀਂ ਪਰ ਜਿਥੇ ਵੀ ਕੁਛ ਕਾਬਿਲੇਤਾਰੀਫ ਦਿੱਖ ਜਾਵੇ, ਉਸ ਨੂੰ ਦਰਜ ਕਰਨੋਂ ਰਹਿੰਦੇ ਨਹੀਂ।

ਅੱਛਾ, ਰੇਡੀਓ ਦੋਆਬੇ ਦਾ ਫੇਸਬੁੱਕ ਪੇਜ ਵੀ ਹੈ ਤੇ ਇਹਨਾਂ ਦੀ ਐਪ ਤੇ ਪੁਰਾਣੇ ਪ੍ਰੋਗਰਾਮਾਂ ਦੀਆਂ ਰਿਕਾਰਡਿੰਗ ਵੀ ਪਈ ਹੁੰਦੀ ਏ, ਜਿੰਨੀ ਵਾਰੀ ਮਰਜ਼ੀ ਬਾਰ ਸੁਣੋ - ਹੋਰ ਵੀ ਬੜੇ ਉਪਰਾਲੇ ਕਰਦੇ ਰਹਿੰਦੇ ਨੇ ਜਿਹੜੇ ਤੁਸੀਂ ਇਸ ਰੇਡੀਓ ਨੂੰ ਸੁਣ ਕੇ ਹਾਸਿਲ ਕਰ ਸਕਦੇ ਹੋ -

ਰੇਡੀਓ ਦੋਆਬੇ ਦੀ  ਪਿਟਾਰੀ ਵਿਚ ਜ਼ਿੰਦਗੀ ਦੇ ਸੱਬੇ ਰੰਗ ਨੇ - ਇਹਨਾਂ ਦੀ ਪੇਸ਼ਕਾਰੀ ਵੀ ਲਾਜਵਾਬ - ਡਾ ਸੀਮਾ ਗਰੇਵਾਲ ਜੀ, ਸਤਿਕਾਰਯੋਗ ਸ਼ਮਰਜੀਤ ਸ਼ੰਮੀ ਜੀ, ਭੁਪਿੰਦਰ ਭਰਾਜ ਜੀ - ਇਕ ਤੋਂ ਇਕ ਵੱਧ - ਇਕ ਜ਼ਰੂਰੀ ਗੱਲ ਇਹ ਹੈ ਕੇ ਰੋਜ਼ ਰਾਤੀ 8 ਵਜੇ ਇਹਨਾਂ ਦਾ ਇਕ ਲਾਈਵ ਪ੍ਰੋਗਰਾਮ ਆਉਂਦੈ - ਡੇਢ ਦੋ ਘੰਟੇ ਦੇ ਪ੍ਰੋਗਰਾਮ ਹੁੰਦੈ - ਪ੍ਰੋਗਰਾਮ ਕੀ ਹੁੰਦੈ - ਉਹ ਤੇ ਦੋਸਤੋ ਰੋਜ਼ ਇਕ ਛੋਟੀ ਮੋਟੀ ਰੋਚਕ ਕਿਤਾਬ ਪੜ੍ਹਨ ਬਰਾਬਰ ਹੀ ਹੁੰਦੈ - ਵੈਸੇ ਇਹ ਸਭ ਲਿਖਣ ਚ ਮੇਰਾ ਕੀ ਇੰਟਰੇਸ੍ਟ ਹੋ ਸਕਦੈ - ਕੁਛ ਵੀ ਤਾਂ ਨਹੀਂ, ਬਸ ਇੰਝ ਲੱਗਦੈ ਕਿ ਜਿਥੇ ਕੁਛ ਨੇਕ ਰੂਹਾਂ ਮਿਲ ਕੇ ਇਸ ਤਰ੍ਹਾਂ ਦਾ ਵਧੀਆ ਕੰਮ ਕਰ ਰਹੀਆਂ ਨੇ, ਉਹਨਾਂ ਦੀ ਪਿੱਠ ਥਾਪਣੀ ਤੇ ਬਣਦੀ ਏ ਕਿ ਨਹੀਂ - ਅਤੇ ਅਜਿਹੇ ਪੇਸ਼ਕਾਰਾਂ ਲਈ ਸਬ ਤੋਂ ਵੱਡਾ ਇਨਾਮ ਇਹੋ ਹੁੰਦੈ ਕਿ ਅਸੀਂ ਇਹਨਾਂ ਦੀਆਂ ਗੱਲਾਂ ਨੂੰ ਪੱਲੇ ਬਣੀਏ ਤੇ ਇਸ ਦੁਨੀਆਂ ਨੂੰ ਇਕ ਸੁਖਾਵੀਂ ਜਗ੍ਹਾ ਬਣਾਈਏ।

ਮੈਂ ਤੇ ਸੋਖੇ ਸੋਖੇ ਹਿੰਦੀ ਪੰਜਾਬੀ ਦੇ ਗਾਣਿਆਂ ਦਾ ਪੱਟਿਆਂ ਹੋਇਆਂ ਹਾਂ - ਮੈਨੂੰ ਤਾਂ ਰੇਡੀਓ ਦੋਆਬੇ ਤੇ ਅਜਿਹੇ ਗੀਤ ਵੀ ਸੁਣਨ ਨੂੰ ਮਿਲਦੇ ਨੇ ਜਿੰਨਾ ਨੂੰ ਮੈਂ ਬਚਪਨ ਵਿਚ ਸਕੂਲ ਦੇ ਸਿਲੇਬਸ ਵਾਂਗ ਰੋਜ਼ ਰੇਡੀਓ ਤੇ ਰਿਵਾਈਜ਼ ਕਰਨ ਬਹਿ ਜਾਂਦਾ ਸੀ - ਕਲ ਵੀ ਮੈਨੂੰ "ਦਿਲ ਦੀਆਂ ਗੱਲਾਂ " ਲਾਈਵ ਪ੍ਰੋਗਰਾਮ ਵਿਚ ਇਹ ਦੋ ਗੀਤ ਸੁਣਨ ਦਾ ਮੌਕਾ ਮਿਲਿਆ - ਮੌਕਾ ਕਿ ਮਿਲਿਆ, ਮੈਂ ਤਾਂ ਪਹੁੰਚ ਗਿਆ ਸਿੱਧਾ ਆਪਣੇ ਬਚਪਨ ਚ ਹੀ - ਅਜੇ ਤੱਕ ਵਾਪਿਸ ਪਰਤਣ ਨੂੰ ਦਿਲ ਨਹੀਂ ਕਰ ਰਿਹਾ - ਸੱਚੀਂ। ਤੋਂ ਫੇਰ ਤੁਸੀਂ ਵੀ ਸੁਣੋ ਜੀ ...






ਰੇਡੀਓ ਦੋਆਬੇ ਦਾ ਇਕ ਹੋਰ ਤਵਾ ਫੇਰ ਕਦੇ ਲਾਵਾਂਗੇ !
ਜੀਓੰਦੇ ਵਸਦੇ ਰਹੋ. 

मंगलवार, 31 मार्च 2020

ਚਲੋ, ਸਿਆਣਪ ਦੀ ਨਵੀਂ ਪਰਿਭਾਸ਼ਾ ਘੜੀਏ .

ਮੇਰੀ ਵੀ ਦੋਸਤੋ ਓਹੀਓ ਗੱਲ ਹੈ - ਜਾਤ ਦੀ ਕੋੜ੍ਹਕਿਰਲੀ, ਛਤੀਰਾਂ ਨਾਲ ਜੱਫੇ। ਸੱਚੀਂ ਕਹਿ ਰਿਹਾ ਹਾਂ - ਹਰ ਬੰਦੇ ਨੂੰ ਆਪਣੀ ਔਕਾਤ ਤਾਂ ਪਤਾ ਹੋਣੀ  ਚਾਹੀਦੀ ਏ - ਮੈਨੂੰ ਵੀ ਪਤੈ ਜੀ ਬਿਲਕੁਲ - ਐਵੇਂ ਦੋ -ਚਾਰ ਪੰਜਾਬੀ ਚ' ਗੱਲਾਂ ਬਾਤਾਂ ਲਿਖ ਕੇ ਉਹਨਾਂ ਨੂੰ ਕੋਟਸ ਸਮਝ ਕੇ ਖੁਦ ਨੂੰ ਬਈ ਮੈਂ ਤੇ ਲਿਓ ਟਾਲਸਟਾਏ  ਦਾ ਦੂਰ ਦਾ ਕੋਈ ਰਿਸ਼ਤੇਦਾਰ ਸਮਝਣ ਦੀ ਮੂਰਖਤਾ ਹੀ ਕਰਨ ਲੱਗ ਪਿਆ.

ਪਰ ਇਸ ਮੂਰਖਤਾ ਦੇ ਚੱਕਰ ਚ ਇਹ ਹੋਇਆ ਕਿ ਮੈਨੂੰ ਆਪਣੇ ਇਸ ਬਲਾਗ ਤੇ ਲਿਖਣ ਦਾ ਆਲਸ ਜੇਹਾ ਆਉਣ ਲੱਗ ਪਿਆ- ਮੈਨੂੰ ਇੰਝ ਝਾਵਲਾ ਜੇਹਾ ਪੈਣ ਲੱਗ ਪਿਆ ਜਿਵੇਂ ਬਾਈ ਬਸ ਹੁਣ ਇਹਨਾਂ ਕੋਟਸ ਨਾਲ ਹੀ ਜਿਵੇਂ ਕੰਮ ਚੱਲ ਜਾਇਆ ਕਰੁ - ਨਹੀਂ ਜੀ ਨਹੀਂ, ਇਸ ਨਾਲ ਨਹੀਂ ਸਰਦਾ - ਬਹੁਤੀਆਂ ਦਿਲ ਦੀਆਂ ਗੱਲਾਂ ਤਾਂ ਦਿਲ ਚ' ਹੀ ਦੱਬੀਆਂ ਰਹਿ ਜਾਂਦੀਆਂ ਨੇ - ਇਸ ਲਈ ਸੋਚਿਆ ਕਿ ਮਨਾ, ਆਪਣੇ ਕੰਮ ਵੱਲ ਵੀ ਕਦੇ ਮੂੰਹ ਕਰ ਲਿਆ ਕਰ!

ਦੋਸਤੋ, ਮੈਂ ਹੁਣੇ ਨਾਸ਼ਤਾ ਕਰਦੇ ਕਰਦੇ ਸੋਚ ਰਿਹਾ ਸੀ ਕਿ ਇਹ ਕੋਰੋਨੇ-ਸ਼ੋਨੇ ਦਾ ਵੀ ਇਕ ਦੌਰ ਹੀ ਹੈ - ਜਿਹੜਾ ਸਾਨੂੰ ਬੜੇ ਜ਼ਰੂਰਤੀ ਪਾਠ ਪੜ੍ਹਾ ਕੇ ਜਾਉ - ਸੋਚਣ ਵਾਲੀ ਗੱਲ ਹੈ ਇਹ ਵਾਇਰਸ ਰੂਪੀ ਆਫ਼ਤ ਸਾਨੂੰ ਰਹਿਣ, ਬਹਿਣ, ਉੱਠਣ, ਖਲੋਣ, ਖਾਣ ਪੀਣ, ਮਿਲਣ ਗਿਲਣ, ਅੰਦਰ ਬਾਹਰ ਆਉਣ ਜਾਉਣ ਦੀਆਂ ਜਾਚਾਂ ਸਿਖਾ ਕੇ ਹੀ ਜਾਉ - ਅਸੀਂ ਕਿੱਡੇ ਮੂਰਖ ਅਸੀਂ ਖੁੱਲੇ ਚ' ਜੰਗਲ ਪਾਣੀ ਤੋਂ ਮੁਕਤ ਹੋਣ ਦੇ ਸੱਚੇ-ਝੂਠੇ ਆਂਕੜੇ ਦੇਖ ਦੇਖ ਕੇ ਹੀ ਟਪੋਸ਼ਿਆਂ ਮਾਰੀ ਜਾ ਰਹੇ ਸੀ - ਬੜੇ ਕੁਝ ਹੈ ਅਜੇ ਬਾਈ ਸਾਡੇ ਸਿੱਖਣ ਲਈ ਅਜੇ - ਕੋਰੋਨਾ ਚੁੜੇਲ ਸਿਖਾ ਰਹੀ ਏ ਸਹਿਜੇ ਸਹਿਜੇ।...

ਅਸੀਂ ਸਾਰੇ ਇਹਨਾਂ ਦਿਨਾਂ ਚ' ਇਹ ਵੀ ਤਾਂ ਸੋਚ ਰਹੇ ਹਾਂ ਕਿ ਕਿਵੇਂ ਅਸੀਂ ਛੋਟੀ ਛੋਟੀ ਗੱਲ ਤੇ ਆਪਣੀ ਬਾਵਾਂ ਟੁੰਗ ਕੇ ਮਜ਼ਹਬ ਦੇ ਨਾਉਂ ਉੱਤੇ ਛਿਤਰੋ-ਛਿਤਰੀ ਹੁੰਦੇ ਵੀ ਮਿੰਟ ਨਹੀਂ ਲਾਉਂਦੇ - ਮੇਰਾ ਧਰਮ ਤੇਰੇ ਤੋਂ ਵਧੀਆ -ਵਰਗੀਆਂ ਫਿਜ਼ੂਲ ਦੀਆਂ ਬਹਿਸਾਂ ਚ' ਗੁਥੱਮਗੁਥਾ ਹੁੰਦੇ ਰਹਿੰਦੇ ਹਾਂ - ਪਰ ਹੁਣ ਵੇਖੋ ਸਾਰੇ ਧਰਮਾਂ ਦੇ ਵੱਡੇ ਠੇਕੇਦਾਰ ਆਪਣੀ ਆਪਣੀ ਟਿੰਡ ਬਚਾ ਰਹੇ ਨੇ !

ਹਾਂ, ਇਸ ਪੋਸਟ ਦੇ ਸਿਰਲੇਖ ਵੱਲ ਤੁਰੀਏ - ਦੋਸਤੋ, ਮੈਨੂੰ ਨਹੀਂ ਪਤਾ ਤੁਹਾਨੂੰ ਕੀ ਲੱਗ ਰਿਹੈ ਪਰ ਮੈਨੂੰ ਤਾਂ ਇੰਝ ਲੱਗ ਰਿਹੈ ਜਿਵੇਂ ਇਹ ਪਰਮ ਪਿਤਾ ਪ੍ਰਮਾਤਮਾ ਦੁਨੀਆਂ ਰੂਪੀ ਆਪਣੀ ਖੇਡ ਨੂੰ ਰੀਸੈੱਟ ਕਰ ਰਿਹੈ - ਇਕ ਨਵੇਂ ਸੰਸਾਰ ਦੀ ਸਿਰਜਣਾ ਕਰ ਰਿਹੈ - ਜਿਥੇ ਅਸੀਂ ਸਾਰੇ ਬੰਦੇ ਬਣ ਕੇ ਰਹਾਂਗੇ ਤੇ ਸਾਡਾ ਕਾਰ -ਵਿਹਾਰ ਬਿਲਕੁਲ ਸਿੱਧ-ਪੱਧਰਾ ਰਹੇਗਾ - ਫਿਜ਼ੂਲ ਦੀਆਂ ਟਕੇ ਟਕੇ ਦੀਆਂ ਚਲਾਕੀਆਂ ਕਰਨੋਂ ਅਸੀਂ ਸਾਰੇ ਬਾਜ਼ ਆਵਾਂਗੇ - ਠੰਡ ਰੱਖਾਂਗੇ ਤੇ ਲੋਕਾਂ ਦੀ ਠੰਡ ਰੱਖਣ ਚ' ਸਹਾਈ ਹੋਵਾਂਗੇ !

ਅਤੇ ਹਾਂ, ਸਿਆਣਪ ਦੀ  ਨਵੀਂ ਪਰਿਭਾਸ਼ਾ ਘੜਣ ਬਾਰੇ ਮੇਰੇ ਇਹ ਖਿਆਲ ਹੀ ਕਿ ਜਿਹੜਾ ਬੰਦਾ ਇਸ ਕੋਰੋਨੇ ਦਾ ਝੱਖੜ ਝੂਲਣ ਦੇ ਬਾਅਦ ਵੀ ਇਸ ਦੇ ਸਿਖਾਏ ਹੋਏ ਸਬਕ ਚੇਤੇ ਰੱਖੇਗਾ - ਅਤੇ ਉਹਨਾਂ ਮੁਤਾਬਿਕ ਹੀ ਵਿਚਰੇਗਾ - ਅਤੇ ਇਹ ਸਾਰੇ ਸਬਕ ਆਪਣੀਆਂ ਅਗਲੀਆਂ ਪੀੜੀਆਂ ਤਕ ਵੀ ਪਹੁੰਚਾਉਣ ਦਾ ਉਪਰਾਲਾ ਕਰ ਕੇ ਜਾਉ, ਮੇਰੇ ਖਿਆਲ ਚ' ਓਹੀਓ ਇਸ ਨਵੇਂ ਸੰਸਾਰ ਦਾ ਸਮਝਦਾਰ ਹੋਵੇਗਾ - ਇਥੋਂ ਤਕ ਕੇ ਇਹ ਸਬਕ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਵਿਚ ਵੀ ਦਰਜ ਹੋ ਜਾਣੇ ਚਾਹੀਦੇ ਨੇ - ਤਾਂ ਜੋ ਅਗਲੀਆਂ ਆਉਣ ਵਾਲੀਆਂ ਪੀੜੀਆਂ ਤਾਂ ਘੱਟੋ ਘੱਟ  ਸਾਡੀਆਂ ਗ਼ਲਤੀਆਂ ਨੂੰ ਨਾ ਦੋਹਰਾਂਦੀਆਂ  ਫਿਰਣ !

ਚਲੋ ਜੀ, ਸਿਆਣਪ ਵਾਲਾ ਮਸਲਾ ਤਾਂ  ਹੋ ਗਿਆ ਜੀ ਹੱਲ, ਹੁਣ ਸੁਣਦੇ ਹਾਂ ਜੀ ਕੰਵਰ ਗਰੇਵਾਲ ਹੁਰਾਂ ਦਾ ਇਕ ਅਰਦਾਸਾਂ ਭਰਿਆ ਗੀਤ ਸੁਣੀਏ - ਨਗਰ ਖ਼ੇੜੇ ਦੀ ਖੈਰ ਵੇ ਸੱਜਣਾ ਨਗਰ ਖੇੜੇ ਦੀ ਖੇੜ - ਦੋਸਤਾਂ, ਮੈਂ 15-20 ਪਹਿਲਾਂ ਦੋਆਬਾ ਰੇਡੀਓ ਦੇ ਇਕ  ਪ੍ਰੋਗਰਾਮ - ਜ਼ਿੰਦਗੀਨਾਮਾ - ਦੌਰਾਨ ਇਸ ਨੂੰ ਸੁਣਿਆ ਸੀ ਜਿਹੜਾ ਸਿੱਧਾ ਮੇਰੇ ਦਿਲ ਚ ਉਤਰ ਗਿਆ - ਲਾਜਵਾਬ! ਵੈਸੇ ਅੱਜ ਕਲ ਦੇ ਹਾਲਾਤ ਨਾਲ ਮੇਚ ਖਾਂਦਾ ਕੁਲਦੀਪ ਮਾਣਕ ਹੁਰਾਂ ਦੇ ਗੀਤ ਵੀ ਮੈਂ ਦੋਆਬਾ ਰੇਡੀਓ ਤੇ ਹੀ ਪਹਿਲੀ ਵਾਰ ਸੁਣਿਆ ਸੀ - ਦੁਨੀਆਂ ਪਰੇ ਤੋਂ ਪਰੇ ਆ, ਕਾਹਦਾ ਮਾਨ ਮਿੱਤਰਾ ਓਏ! ਸਲਾਮਾਂ, ਅਜਿਹੇ ਬੋਲ ਲਿਖਣ ਵਾਲੇਆਂ ਨੂੰ, ਦਿਲ ਖਿੱਚਵੇਂ ਸੰਗੀਤ ਚ' ਡੋਬਾ ਦੇ ਕੇ ਸਾਡੇ ਤੀਕ ਪਹੁੰਚਾਉਣ ਵਾਲੇ ਗਾਏਕਾਂ ਨੂੰ ਸਲਾਮਾਂ!!

ਵੈਸੇ ਤੁਸੀਂ ਦੋਆਬਾ ਰੇਡੀਓ (ਦੀ ਐੱਪ ਹੀ ਕਿਓਂ ਨਹੀਂ ਡਾਊਨਲੋਡ ਕਰ ਲੈਂਦੇ !















ਚੰਗਾ ਜੀ, ਜੀਂਦੇ ਵਸਦੇ ਰਹੋ ਬਾਈ ਸਾਰੇ! 

सोमवार, 27 जनवरी 2020

ਅੱਜ ਗੱਲਾਂ "ਦੋਆਬਾ ਰੇਡੀਓ" ਦੀਆਂ



ਦੋਸਤੋ, ਥੋੜੇ ਦਿਨ ਪਹਿਲਾਂ ਮੈਂ ਫੇਸਬੁੱਕ ਤੇ ਇਕ ਵੀਡੀਓ ਦੇਖੀ - ਡਾ ਸੀਮਾ ਗਰੇਵਾਲ ਹੋਰਾਂ ਦੀ ਸੀ ਇਹ ਵੀਡੀਓ - ਉਸ ਤੋਂ ਪਤਾ ਲੱਗਾ "ਦੋਆਬਾ ਰੇਡੀਓ" ਬਾਰੇ - ਆਪਾਂ ਵੀ ਓਸੇ ਦਿਨ ਇਸ ਰੇਡੀਓ ਦੀ ਐਪ ਨੂੰ ਡਾਊਨਲੋਡ ਕਰ ਲਿਆ ਤੇ ਇਸ ਤੇ ਪ੍ਰੋਗਰਾਮ ਸੁਨਣ ਲੱਗ ਪਏ...

ਇਸ ਪੋਸਟ ਦੇ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸੱਦਾ ਦੇ ਰਿਹਾ ਹਾਂ ਕਿ ਤੁਸੀਂ ਸਾਰੇ ਵੀ ਇਹ ਦੋਆਬਾ ਰੇਡੀਓ ਦੀ ਐਪ ਨੂੰ ਡਾਊਨਲੋਡ ਕਰੋ ਤੇ ਇਸ ਦੇ ਪ੍ਰੋਗਰਾਮਾਂ ਦਾ ਆਨੰਦ ਮਾਨੋ!!

ਇਸ ਰੇਡੀਓ ਤੇ  ਸੋਮਵਾਰ ਤੋਂ ਸ਼ੁਕਰਵਾਰ ਰਾਤੀਂ ਇੰਡੀਅਨ ਸਮੇਂ ਮੁਤਾਬਿਕ ਸਾਢੇ ਅੱਠ ਵਜੇ ਇਕ ਪ੍ਰੋਗਰਾਮ ਆਉਂਦਾ ਹੈ - ਦਿਲ ਦੀਆਂ ਗੱਲਾਂ - ਜਿਸ ਵਿਚ ਤੁਸੀਂ ਫੋਨ ਕਰ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ - ਓਪਨ ਮਾਈਕ ਵੀ ਹੁੰਦਾ ਹੈ ਜੀ, ਤੁਸੀਂ ਕੋਈ ਵੀ ਗੱਲ ਆਪਣੀ ਕਹਿ ਸਕਦੇ ਹੋ, ਦੁੱਖ ਸੁਖ ਵੰਡ ਸਕਦੇ ਹੋ, ਆਪਣੀ ਲਿਖੀ ਕੋਈ ਰਚਨਾ ਸਾਂਝੀ ਕਰ ਸਕਦੇ ਹੋ ਜਾਂ ਕਿਸੇ ਹੋਰ ਲਿਖਾਰੀ ਦੀ ਰਚਨਾ ਜਿਹੜੀ ਤੁਹਾਡੇ ਦਿਲ ਦੇ ਨੇੜੇ ਹੋਵੇ ਉਸ ਨੂੰ ਵੀ ਸੁਣਾ ਸਕਦੇ ਹੋ - ਵਹਾਤਸੱਪ ਕਾਲ ਵੀ ਕਰ ਸਕਦੇ ਹੋ।

ਵਧੀਆ ਗੱਲ ਇਕ ਹੋਰ ਵੀ ਹੈ ਜੀ ਇਹਨਾਂ ਦੀ - ਕੋਈ ਰਾਜਨੀਤਿਕ ਜਾਂ ਧਾਰਮਿਕ ਮੁੱਦਿਆਂ ਤੇ ਗੁੱਥਮਗੁੱਥਾ ਨਹੀਂ ਹੁੰਦਾ ਕੋਈ ਓਥੇ - ਸਾਰੇ ਬੜੀਆਂ ਅਦਬੀ ਤੇ ਹਾਸੇ ਖੇਡੇ ਦੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ - ਲਹਿੰਦੇ ਪੰਜਾਬ ਤੋਂ ਵੀ ਬੜੇ ਲੋਕ ਇਸ ਐਪ ਰਾਹੀਂ ਚੜਦੇ ਪੰਜਾਬ ਨਾਲ ਜੁੜੇ ਹੋਏ ਨੇ - ਸਾਂਝ ਦੀਆਂ ਨਿੱਘੀਆਂ ਗੱਲਾਂ ਹੁੰਦੀਆਂ ਨੇ.

ਵਿਚ ਵਿਚ ਵਧੀਆ ਵਧੀਆ ਪੰਜਾਬੀ ਗੀਤ ਸੁਨਣ ਨੂੰ ਵੀ ਮਿਲਦੇ ਨੇ - ਬਸ ਇਕ ਕੰਮ ਕਰੋ ਕਿ ਇਸ ਐਪ ਨੂੰ ਡਾਊਨਲੋਡ ਕਰੋ ਤੇ ਹੋ ਜਾਓ ਸ਼ੁਰੂ। ਉਮੀਦ ਹੈ ਤੁਹਾਨੂੰ ਦੋਆਬਾ ਰੇਡੀਓ ਦਾ ਇਹ ਉਪਰਾਲਾ ਆਪਣੀ ਮਾਂ ਬੋਲੀ ਦੀਆਂ ਜੜਾਂ ਨਾਲ ਜੋੜਣ ਵਾਲਾ ਤੁਹਾਨੂੰ ਬੜਾ ਵਧੀਆ ਲੱਗੇਗਾ।

ਮੈਂ ਤੇ ਹਾਂ ਹੀ ਰੇਡੀਓ ਦਾ ਸ਼ੁਦਾਈ - ਮੈਨੂੰ ਤੇ ਸਵੇਰੇ ਤੋਂ ਲੈ ਕੇ ਰੇਡੀਓ ਵੱਜਦਾ ਚਾਹੀਦਾ ਹੈ - ਅਸੀਂ ਤੇ ਉਹ ਜ਼ਮਾਨੇ ਵੀ ਦੇਖੇ ਨੇ ਜਦੋਂ ਘਰ ਵੀ ਰੇਡੀਓ ਸੁਣਨ ਲਈ ਲਾਇਸੈਂਸ ਬਣਦਾ ਸੀ ਤੇ ਉਸਦੀ ਫੀਸ ਵੀ ਦੇਣੀ ਪੈਂਦੀ ਸੀ - ਸ਼ਾਇਦ 4 ਰੁਪਈਏ ਸਾਲਾਨਾ - ਇਸ ਤਰ੍ਹਾਂ ਦੀਆਂ ਯਾਦਾਂ ਮੈਂ ਕਦੇ ਆਪਣੇ ਰੇਡੀਓ ਧਮਾਲ ਬਲਾਗ ਵਿਚ ਲਿਖਣੀਆਂ ਸ਼ੁਰੂ ਕੀਤੀਆਂ ਸਨ, ਜੇ ਕਰ ਦਿਲ ਕਰੇ ਤਾਂ ਥੱਲੇ ਦਿੱਤੇ ਲਿੰਕ ਤੇ ਜਾ ਕੇ ਝਾਤੀ ਮਾਰ ਸਕਦੇ ਹੋ !

ਰੇਡੀਓ ਧਮਾਲ -   parveenchopra.blogspot.in 



ਹਾਂਜੀ, ਜਨਾਬ ਇਕ ਗੱਲ ਹੋਰ ਵੀ ਹੈ ਕਿ ਇਸ ਦੋਆਬਾ ਰੇਡੀਓ ਦਾ ਇਕ ਫੇਸਬੁੱਕ ਪੇਜ ਵੀ ਹੈ - ਮੈਂ ਤਾਂ ਅੱਜ ਇਸ ਨੂੰ ਪਸੰਦ ਕਰ ਦਿੱਤਾ ਹੈ, ਤੁਸੀਂ ਕਦੋਂ ਕਰਣੈ !!

ਲੋ ਹੀ ਹੁਣ ਸੁਣੋ ਮੇਰੀ ਪਸੰਦ ਦਾ ਇਹ ਗੀਤ। ...ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ !!

शनिवार, 28 दिसंबर 2019

ਓਏ ਰਬ ਤੁਹਾਡਾ ਭਲਾ ਕਰੇ - ਓਹ ਅਟੈਚੀਆਂ ਸੀ ਕਿ ਵੱਡੇ-ਵੱਡੇ ਅਟੈਚੇ!

ਦੋਸਤੋ, ਅਟੈਚੀਆਂ ਤੇ ਅਟੈਚੇ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਹੁਣੇ ਸਾਂਝੀਆਂ ਕਰਦਾ ਹਾਂ - ਪਹਿਲਾਂ ਕੁਛ ਹੋਰ ਉਰਲ ਪਰਲ ਗੱਲਾਂ ਕਰਦੇ ਹਾਂ.

ਦੋਸਤੋ, ਮੈਂ ਜਦੋਂ ਵੀ ਆਪਣੇ ਬਚਪਨ ਦੇ ਸਫਰ ਦੀਆਂ ਗੱਲਾਂ ਚੇਤੇ ਕਰਦਾ ਹਾਂ ਤਾਂ ਮੈਨੂੰ ਇਕ ਅਟੈਚੀ ਯਾਦ ਆਉਂਦੀ ਹੈ ਜਿਸ ਉੱਤੇ ਖ਼ਾਕੀ ਪੈਂਟ ਦੇ ਕੱਪੜੇ ਵਰਗਾ ਕਵਰ ਪਿਆ ਹੁੰਦਾ ਸੀ - ਇਕ ਹੋਰ ਚਮੜੇ ਦੀ ਅਟੈਚੀ ਵੀ ਹੁੰਦੀ ਸੀ, ਜਿਹੜੀ ਕਿਸੇ ਰਿਸ਼ਤੇਦਾਰ ਦੀ ਪੁਰਾਣੀ ਹੋ ਗਈ ਸੀ, ਇਸ ਕਰ ਕੇ ਸਾਡੇ ਘਰ ਆ ਗਈ ਸੀ।

ਜਿਹੜੀ ਖਾਕੀ ਕੱਪੜੇ ਦੇ ਕਵਰ ਵਾਲੀ ਅਟੈਚੀ ਦੀ ਮੈਂ ਗੱਲ ਕਰ ਰਿਹਾ ਹਾਂ, ਜਦੋਂ ਮੈਂ ਅੰਮ੍ਰਿਤਸਰ ਤੋਂ ਅੰਬਾਲਾ ਦੇ ਫੇਰੇ ਆਪਣੀ ਮਾਂ ਨਾਲ ਕੀਤੇ ਯਾਦ ਕਰਦਾ ਹਾਂ ਤਾਂ ਮੈਨੂੰ ਉਹ ਅਟੈਚੀ ਬੜੀ ਚੇਤੇ ਆਉਂਦੀ ਹੈ ਜਿਹੜੀ ਸਾਡੇ ਕੋਲ ਹੋਇਆ ਕਰਦੀ ਸੀ - ਵੈਸੇ ਤੇ ਮੈਨੂੰ ਮੇਰੀ ਮਾਂ ਦੀਆਂ ਭੋਲੀਆਂ ਗੱਲਾਂ ਵੀ ਡਾਢੀਆਂ ਚੇਤੇ ਆਉਂਦੀਆਂ ਨੇ - ਉਹ ਝੱਟ ਪੱਟ ਗੱਡੀ ਚਲਦਿਆਂ ਹੀ ਸਹੇਲੀਆਂ ਬਣਾ ਲੈਂਦੀ ਸੀ - ਕਈ ਵਾਰ ਮੈਨੂੰ ਚੇਤੇ ਹੈ ਕਿ ਜਦੋਂ ਮੈਨੂੰ ਤ੍ਰੇਹ ਲੱਗਣੀ ਤੇ ਮਾਂ ਨੇ ਦੇਖਣਾ ਕਿ ਕਿਸੇ ਸਟੇਸ਼ਨ ਉੱਤੇ ਕੋਈ ਬੰਦਾ ਉਤਰ ਰਿਹਾ ਹੈ ਤੇ ਉਸ ਨੂੰ ਕਹਿਣਾ - ਭਰਾ ਜੀ, ਜਰਾ ਇਹਨੂੰ ਵੀ ਪਾਣੀ ਪਿਓ ਦਿਓ  ! ਉਸ ਨੇ ਮੈਨੂੰ ਲੁਧਿਆਣੇ ਸਟੇਸ਼ਨ ਉੱਤੇ ਲੱਗੇ ਕਿਸੇ ਨਲਕੇ ਲਾਗੇ ਲੈ ਜਾਕੇ ਬੁੱਕ ਨਾਲ ਪਾਣੀ ਪਿਆ ਦੇਣਾ - ਤੇ ਮੈਂ ਭੱਜ ਕੇ ਮਾਂ ਦੇ ਡੱਬੇ ਵੱਲ ਆ ਜਾਣਾ - ਕਿਓਂਕਿ ਲੁਧਿਆਣੇ ਸਟੇਸ਼ਨ ਤੋਂ ਅਸੀਂ ਪੂਰੀ ਛੋਲੇ ਜ਼ਰੂਰ ਖਾਣੇ ਹੁੰਦੇ!!

ਇੰਝ ਹੀ ਜਦੋਂ ਅਸੀਂ ਘਰ ਦੇ ਸਾਰੇ ਜੀਆਂ ਨੇ ਕਿਤੇ ਜਾਣਾ ਹੁੰਦਾ ਤਾਂ ਸਾਡੇ ਕੋਲ ਘੱਟੋ ਘੱਟ ਦੋ ਫੌਜੀ ਮਾਰਕਾ ਟ੍ਰੰਕ ਹੁੰਦੇ ਨਾਲ ਦੋ ਬਿਸਤਰੇਬੰਦ - ਨਾਲ ਇਕ ਦੋ ਟੋਕਰੀਆਂ ਖਾਣ ਪੀਣ ਦੇ ਸਾਮਾਨ ਦੀਆਂ ਤੇ ਨਾਲ ਇਕ ਸੁਰਾਹੀ (ਚੱਪਣੀ ਸਮੇਤ, ਜਿਸ ਨੂੰ ਮੈਂ ਅਕਸਰ ਬੋਝੇ ਵਿਚ ਰੱਖ ਲੈਂਦਾ - ਉਸ ਜ਼ਮਾਨੇ ਵਿਚ ਮੈਨੂੰ ਸੁਰਾਹੀ ਦੀ ਛੋਟੀ ਜਿਹੀ ਚੱਪਣੀ ਬੜੀ ਵੱਡੀ ਚੀਜ਼ ਲੱਗਦੀ ਸੀ - ਫੇਰ ਸਮਝ ਆਉਣ ਲੱਗੀ ਕਿ ਉਹ ਐੱਡੀ ਵੀ ਵੱਡੀ ਚੀਜ਼ ਨਹੀਂ, ਕੋਈ ਗਲਾਸੀ ਵੀ ਉਸ ਉੱਤੇ ਮੂਧੀ ਮਾਰੀ ਜਾ ਸਕਦੀ ਏ!! 😂- ਕਿਓਂਕਿ ਅਕਸਰ ਸਾਡੀ ਗੱਡੀ ਅੰਮ੍ਰਿਤਸਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਹੀ ਚਲਦੀ ਸੀ - ਰਿਕਸ਼ਾ ਬਿਲਕੁਲ ਪਲੇਟਫਾਰਮ ਦੇ ਲਾਗੇ ਹੀ ਆ ਜਾਂਦਾ ਤੇ ਟ੍ਰੰਕ ਤੇ ਬਿਸਤਰੇਬੰਦ ਅਸੀਂ ਆਪੇ ਹੀ ਧਰੂ ਲੈਣੇ ! ਐਵੇਂ ਮੈਂ ਫੜਾਂ ਕਿਸ ਅੱਗੇ ਮਾਰਨੀਆਂ ਨੇ , ਸ਼ਾਇਦ ਕਦੇ ਕਦੇ ਵਾਪਸੀ ਵੇਲੇ ਜਦੋਂ ਕਿਸੇ ਦੂਜੇ ਪਲੇਟਫਾਰਮ ਉੱਤੇ ਗੱਡੀ ਆਉਣੀ ਤਾਂ ਹੀ ਕੁੱਲੀ ਕਰਨਾ ਪੈਂਦਾ !!

ਮਤਲਬ ਇਹ ਕਿ ਸ਼ੁਰੂ ਤੋਂ ਇੰਝ ਹੀ ਗੁੜਤੀ ਮਿਲੀ ਕਿ ਸਾਮਾਨ ਓਨ੍ਨਾ ਹੀ ਲੈ ਕੇ ਚੱਲੋ ਜਿੰਨਾ ਆਪੋ ਆਪ ਚੁਕਿਆ ਜਾ ਸਕੇ, ਨਹੀਂ ਤੇ ਐਵੇਂ ਇਕ ਦੂਜੇ ਨੂੰ ਦੇਖ ਕੇ ਹੀ ਗੁੱਸਾ ਆਉਂਦਾ ਰਹਿੰਦਾ ਏ।

ਵੱਡਾ ਮਾਮਾ ਅਜਮੇਰ ਤੋਂ ਜਦੋਂ ਪੰਜਾਬ ਆਉਂਦਾ ਸੀ  ਤਾਂ ਉਸ ਨੂੰ ਦਿੱਲੀ ਤੋਂ ਗੱਡੀ ਬਦਲਣੀ ਪੈਂਦੀ ਸੀ - ਜਦੋਂ ਉਸਦੀ ਉਮਰ ਵੱਡੀ ਹੋ ਗਈ ਤਾਂ ਸਾਨੂੰ ਦਸਿਆ ਕਰੇ ਕਿ ਯਾਰ ਦਿੱਲੀ ਸਟੇਸ਼ਨ ਦੀਆਂ ਪੌੜੀਆਂ ਤੇ ਸਾਹੋ ਸਾਹੀ ਹੋ ਕੇ ਚੜ ਜਾਂਦਾ ਹਾਂ, ਪਰ ਉਪਰ ਪਹੁੰਚ ਕੇ ਦਿਲ ਕਰਦਾ ਏ (ਮੋਟੀ ਜਿਹੀ ਗਾਲ ਕੱਢ ਕੇ ਕਹਿੰਦਾ !!) ਕਿ ਮਾਈਂ ਅਟੈਚੀ ਨੂੰ ਠੁੱਡਾ ਮਾਰ ਕੇ ਥੱਲੇ ਸੁੱਟ ਦਿਆਂ। ...ਇਹ ਸੁਣ ਕੇ ਮੇਰਾ ਤਾਂ ਹੱਸ ਹੱਸ ਕੇ ਬੁਰਾ ਹਾਲ ਹੋ ਜਾਂਦਾ - ਮੈਨੂੰ ਇੰਝ ਲੱਗਦਾ ਹੈ ਕਈ ਵਾਰੀ ਸਾਡੇ ਘਰ ਵਿਚ ਸਾਰੇ ਬੜਾ ਹੱਸਣ ਖੇਡਣ ਵਾਲੇ ਹੀ ਸਨ, ਮੇਰੇ ਭਾਪਾ ਜੀ ਵੀ ਬੜੇ ਮਜ਼ਾਕਿਆ ਸਨ, ਬਿਲਕੁਲ ਯਾਰਾਂ ਦੋਸਤਾਂ ਵਾਂਗ ਸਾਡੇ ਨਾਲ ਗੱਲਾਂ ਕਰਦੇ ਸੀ!!

ਅੱਛਾ ਮਾਮੇ ਦੀ ਗੱਲ ਛਿੜੀ ਤੇ ਮੈਨੂੰ ਮੇਰੇ ਇਕ ਦੋਸਤ ਦੇ ਮਾਮਾ ਜੀ ਦਾ ਖਿਆਲ ਆ ਗਿਆ - ਦੋਸਤੋ, ਉਸ ਦੇ ਮਾਮਾ ਜੀ ਆਪਣੇ ਟੱਬਰ ਸਮੇਤ ਕਨੇਡੇ ਤੋਂ ਕਿਸੇ ਵਿਆਹ ਤੇ ਪੰਜਾਬ ਆਏ ਸੀ । ਦੋਸਤੋ, ਆਪਣੇ ਉਸ ਮਿੱਤਰ ਨੇ ਫੇਸਬੁੱਕ ਤੇ ਆਪਣੇ ਮਾਮੇ ਹੋਰਾਂ ਦੇ ਪਰਿਵਾਰ ਦੀਆਂ ਅਟੈਚੀਆਂ ਦੀ ਇਕ ਫੋਟੋ ਪਾਈਂ - ਯਾਰੋ, ਮੈਂ ਐੱਡਿਆਂ ਖੂਬਸੂਰਤ, ਐੱਡਿਆਂ ਵੱਡੀਆਂ ਅਟੈਚੀਆਂ ਬੜੇ ਸਮੇ ਬਾਅਦ ਦੇਖੀਆਂ ਸਨ - ਇਹ ਤੇ ਨਹੀਂ ਕਹਾਂਗਾ ਕਿ ਉਹ ਅਟੈਚੀਆਂ ਵੇਖ ਕੇ ਮੇਰਾ ਤਾਂ ਸਾਹ ਉੱਤੇ ਦਾ ਉੱਤੇ ਤੇ ਥੱਲੇ ਦਾ ਥੱਲੇ  ਰਹਿ ਗਿਆ - ਇਹ ਕਹਾਂਗਾ ਤੇ ਡਰਾਮੇਬਾਜ਼ੀ ਲੱਗੇਗੀ, ਪਰ ਇੰਨਾ ਜ਼ਰੂਰ ਸੀ ਕਿ ਮੈਨੂੰ ਹੈਰਾਨੀ ਹੋਈ ਕਿ ਐੱਡੀ ਰਈਸੀ , ਐੱਡੇ ਨਵਾਬੀ ਟੋਹਰ ਟੱਪੇ - ਮੈਂ ਵੀ ਖਾਮਖਾਂ ਆਪਣੇ ਦਿਮਾਗ ਤੇ ਜ਼ੋਰ ਪਾਉਣੋਂ ਨਹੀਂ ਰਹਿੰਦਾ - ਮੈਂ ਇਹੋ ਸੋਚਦਾ ਰਿਹਾ ਕਿ ਜਿਸ ਛੋਟੇ ਜਿਹੇ ਕਸਬੇ ਵਿਚ ਤੇ ਜਿਸ ਗਲੀ ਵਿਚ ਜਦੋਂ ਇਹ ਸਾਮਾਨ ਪਹੁੰਚਿਆ ਹੋਵੇਗਾ ਤਾਂ ਆਂਢ-ਗੁਆਂਢ ਦਾ ਕੀ ਹਾਲ ਹੋਇਆ ਹੋਉ - ਕਿ ਕਰੀਏ ਮਾੜੇ ਬੰਦੇ ਜਲਦੀ ਡਰ ਜਾਂਦੇ ਨੇ - ਬਸ ਛੋਟਾ ਹੀ ਹੁੰਦਾ ਜਿਗਰਾ!!

ਆਂਢ ਗੁਆਂਢ ਤੋਂ ਗੱਲ ਚੇਤੇ ਆਈ ਕਿ 1970 ਦੇ ਨੇੜੇ ਧੇੜੇ ਦੀ ਗੱਲ ਹੈ - ਮੇਰਾ ਰਈਸ ਚਾਚਾ ਜਦੋਂ ਕਾਰ ਲੈ ਕੇ ਅੰਮ੍ਰਿਤਸਰ ਆਉਂਦਾ ਤਾਂ ਮੈਂ ਉਸ ਨੂੰ ਮਿਲ ਕੇ ਭੱਜ ਕੇ ਬਾਹਰ ਆ ਜਾਂਦਾ ਤੇ ਉਸ ਦੀ ਫੀਅਟ ਗੱਡੀ ਦੀ ਰਾਖੀ ਕਰਣ ਲੱਗ ਪੈਂਦਾ ਤਾਕਿ ਕੋਈ ਉਸ ਨੂੰ ਹੱਥ ਨਾ ਲਾਵੇ, ਝਰੀਟ ਝਰੂਟ ਹੀ ਨਾ ਮਾਰ ਜਾਵੇ - ਜਿੰਨਾ ਚਿਰ ਉਹ ਗੱਡੀ ਸਾਡੇ ਬੂਹੇ ਅੱਗੇ ਖੜੀ ਰਹਿਣੀ ਮੈਂ ਮਾਈਂ ਐਵੇਂ ਹੀ ਆਕੜਿਆ ਜੇਹਾ ਰਹਿਣਾ - ਅੱਜ ਉਸ ਗੱਲ ਬਾਰੇ ਸੋਚਦਾ ਹਾਂ ਤੇ ਬੜਾ ਹਾਸਾ ਆਉਂਦਾ ਹੈ - ਉਸ ਚਾਚੇ ਤੇ ਉਸ ਦੇ ਪਰਿਵਾਰ ਦੇ ਅਟੈਚੀ ਵੀ ਬੜੇ ਵਧੀਆ ਤੇ ਮਹਿੰਗੇ ਹੁੰਦੇ ਸਨ - ਪਰ ਉਸ ਨਾਲ ਸਾਨੂੰ ਕੀ ਫਰਕ ਪੈਂਦਾ ਸੀ - ਮੈਨੂੰ ਪੱਕਾ ਯਾਦ ਹੈ ਕਿ ਜ਼ਿੰਦਗੀ ਵਿਚ ਮਾਂ ਮੇਰੀ ਉਹਨਾਂ ਦਿਨਾਂ ਵਿਚ ਮੇਰੇ ਕੋਲੋਂ ਖੰਡ ਥੋੜੀ ਜੇਹੀ ਲੁਕੋ ਕੇ ਰੱਖਦੀ ਸੀ - ਬਿਲਕੁਲ ਝਾਵਲਾ ਜੇਹਾ ਹੈ - ਕਿਓਂਕਿ ਖੰਡ ਰਾਸ਼ਨ ਦੇ ਡਿਪੋ ਤੋਂ ਮਿਲਦੀ ਸੀ -  ਤੇ ਮੈਂ ਹਰ ਵੇਲੇ ਇਕ ਮੁੱਠ ਵਿਚ ਕੱਚੇ ਚਾਵਲ ਤੇ ਦੂਜੇ ਵਿਚ ਖੰਡ ਦੀਆਂ ਬੁੱਕਾਂ ਭਰ ਭਰ ਕੇ ਉਸ ਨੂੰ ਚੱਬਣ ਦਾ ਸ਼ੋਕੀਨ - ਮਾਂ ਅਕਸਰ ਕਹਿੰਦੀ - ਵੇ, ਕੱਚੇ ਚਾਵਲ ਨਾ ਖਾਇਆ ਕਰ, ਪੱਥਰੀ ਹੋ ਜਾਂਦੀ ਏ।

ਪਰ ਮੈਨੂੰ ਕੁਛ ਹੋਰ ਲੱਭੇ ਵੀ ਸਹੀ ਤੇ ਖਾਣ ਨੂੰ - ਇਹ ਉਹ ਦਿਨ ਸਨ ਜਦੋਂ ਪਰੋਣਾ ਆਉਣ ਤੇ 50 ਪੈਸੇ ਦਾ ਮਿਲਕਫੂਡ ਦਾ ਬਿਸਕੁਟਾਂ ਦਾ ਪੈਕੇਟ ਆਉਂਦਾ ਤਾਂ ਉਸ ਦੇ ਜਾਣ ਦੀ ਉਡੀਕ ਇਸ ਲਈ ਹੀ ਰਹਿਣੀ ਕਿ ਦੇਖਾਂ ਤੇ ਸਹੀ, ਪਲੇਟ ਚ' ਕੁਛ ਬਚਿਆ ਵੀ ਏ ਕਿ ਸਬ ਕੁਝ ਰਗੜ ਗਿਆ ਏ😂

ਇੰਝ ਹੀ ਲੋਕਾਂ ਦਾ ਵਧੀਆ ਵਧੀਆ ਸਾਮਾਨ ਵੇਖ ਕੇ ਆਪਣੀ ਵੀ ਜ਼ਿੰਦਗੀ ਲੰਘੀ ਜਾ ਰਹੀ ਸੀ - ਮੈਨੂੰ ਵੀ ਜਦੋਂ 1985 ਵਿਚ ਸਟਾਈਪੇੰਡ ਮਿਲਿਆ ਸ਼ਾਇਦ 900 ਰੁਪਈਏ - ਤਾਂ ਮੈਂ ਪਹਿਲਾ ਕੰਮ ਇਹੋ ਕੀਤਾ ਕਿ ਅੰਮ੍ਰਿਤਸਰ ਦੀ ਕੁਈਨਸ ਰੋਡ ਦੇ ਇਕ ਸ਼ੋਰੂਮ ਤੇ ਪੁੱਜ ਕੇ ਸੱਤ ਅੱਠ ਸੋ ਰੁਪਈਏ ਦੀ ਇਕ ਅਰਿਸਟੋਕ੍ਰੇਟ ਦਾ ਸੂਟਕੇਸ ਖਰੀਦ ਸੁੱਟਿਆ ਤੇ ਰਿਕਸ਼ਾ ਕਰ ਕੇ ਘਰ ਜਾ ਪਹੁੰਚਿਆ। ਫਿਰ ਕੁਛ ਮਹੀਨਿਆਂ ਬਾਅਦ ਅੰਬਾਲੇ ਵਿਚ ਜਿਹੜਾ ਮਾਸੜ ਬੈਂਕ ਦੀ ਨੌਕਰੀ ਕਰਦਾ ਸੀ ਉਸ ਨੇ ਰਿਆਅਤੀ ਮੁੱਲ ਉੱਤੇ ਇਕ ਛੋਟੀ ਵੀ ਆਈ ਪੀ ਅਟੈਚੀ ਖਰੀਦ ਦਿੱਤੀ - ਨਾਲੇ ਇਕ ਆਫ਼੍ਟਰ ਸ਼ੇਵ ਲੋਸ਼ਨ ਵੀ ਕਿਓਂਕਿ ਇਹ ਓਹ ਦਿਨ ਸੀ ਜਦੋਂ ਮੇਰੇ ਵੀ ਖੰਭ ਖੁੱਲਣ ਲਈ ਫੜਫੜਾਂਦੇ ਤੇ ਤੇ ਫੇਰ ਕਿਸੇ ਡਰ ਸਦਕਾ ਆਪੇ ਹੀ ਠੱਪੇ ਜਾਂਦੇ ਸੀ - ਉਡਾਰੀ ਤੋਂ ਪਹਿਲਾਂ ਹੀ ! ਹਾਂ, ਜਿਸ ਦਿਨ ਆਰਮੀ ਦੀ ਕੰਟੀਨ ਤੋਂ ਮਾਸੜ ਨੇ ਉਹ ਅਟੈਚੀ ਖਰੀਦ ਕੇ ਦਿੱਤੀ ਉਸ ਦਿਨ ਉਸ ਦੇ ਖਟਾਰਾ ਸਕੂਟਰ ਦੇ ਪਿਛੇ ਬੈਠੇ ਜਿੰਨਾ ਚਿਰ ਮੁੜ ਸਦਰ ਬਾਜ਼ਾਰ ਨਾਨੀ ਦੇ ਕੋਲ ਨਹੀਂ ਪੁੱਜ ਗਿਆ, ਉਹ ਪਿਓ ਦਾ ਪੁੱਟ ਹਿਸਾਬ ਹੀ ਲਾਉਂਦਾ ਰਿਹਾ ਕਿ ਉਸ ਨੇ ਕਿੰਨਾ ਫਾਇਦਾ ਕਰਵਾ ਦਿੱਤਾ!! ਇਕ ਵਾਰੀ ਤੇ ਦਿਲ ਕੀਤਾ ਵਗਾਹ ਕੇ ਪਰੇ ਸੁੱਟਾਂ ਉਸ ਛੋਟੀ ਅਟੈਚੀ ਨੂੰ, ਕਿਓਂਕਿ ਸਾਨੂੰ ਸਾਡੇ ਮਾਂ ਪਿਓ ਨੇ ਕਦੇ ਵੀ ਕਿਸੇ ਨਾ ਅਹਿਸਾਨ ਲੈਣਾ ਤਾਂ ਸਿਖਾਇਆ ਹੀ ਨਹੀਂ - ਇਹਨੂੰ ਤੁਸੀਂ ਆਕੜ ਕਹੋ ਜਾਂ ਖੁੱਦਾਰੀ ਜਾ ਹੋਰ ਵੀ ਕੁਛ ਜੋ ਤੁਹਾਨੂੰ ਲੱਗੇ, ਕੀ ਫਰਕ ਪੈਂਦਾ ਏ !!
ਉਹ ਅਟੈਚੀ ਜਿਸ ਨੇ ਮਾਸੜ ਦੇ ਅਹਿਸਾਨ ਥੱਲੇ ਦੱਬ ਦਿੱਤਾ (ਪੈਸੇ ਖੁਦ ਭਰੇ ਸੀ ਜੀ!) - ਮਾਸੜ ਦੀ ਕੰਟੀਨ ਵਿਚ ਬੜੀ ਚਲਦੀ ਸੀ !! 

ਵੈਸੇ ਉਹ ਮਾਸੜ ਨਾਲ ਜਾ ਕੇ ਖਰੀਦੀ ਅਟੈਚੀ ਨੂੰ ਮੇਰੇ ਭਾਪਾ ਜੀ ਨੇ ਬੜਾ ਇਸਤੇਮਾਲ ਕੀਤਾ - ਮੈਨੂੰ ਬੜਾ ਚੰਗਾ ਲੱਗਦਾ ਜਦੋਂ ਉਹ ਉਸ ਵਿਚ ਆਪਣੇ ਦੋ ਜੋੜੇ ਪਾ ਕੇ ਸਫ਼ਰ ਕਰਦੇ - ਉਹ ਅਜੇ ਵੀ ਪਈ ਹੈ - ਹੁਣੇ ਫੋਟੋ ਖਿੱਚ ਕੇ ਪਾਉਂਦਾ ਹਾਂ!!

ਮੈਂ ਵੀ ਕਿਹੜਾ ਟੌਪਿਕ ਲੈ ਬੈਠਾ ਹਾਂ - ਕੋਈ ਸਰ ਪੈਰ ਨਹੀਂ ਜੀ ਇਸ ਦਾ - ਬਸ ਗੱਲ ਇਹੋ ਹੈ ਕਿ ਉਸ ਦਿਨ ਉਸ ਦੋਸਤ ਦੇ ਘਰ ਦੇ ਵੇਹੜੇ ਵਿਚ 8-10 ਟੈਚੇ 😂😂ਵੇਖ ਕੇ ਬੜੀ ਹੈਰਾਨੀ ਹੋਈ - ਐਨਾ ਸਾਮਾਨ ਲੋਕ ਕਿਵੇਂ ਢੋ ਵੀ ਲੈਂਦੇ ਨੇ - ਪਰ ਗੱਲ ਓਹੋ ਹੈ ਕਿ ਕਿਹੜਾ ਕਿਸੇ ਨੇ ਆਪ ਢੋਣਾ ਹੁੰਦੈ - ਕੁੱਲੀ ਨੇ , ਮੋਟਰਾਂ ਕਾਰਾਂ ਨੇ - ਸਮਾਂ ਬਦਲ ਗਿਆ ਏ - ਦੋਸਤ ਦੱਸ ਰਿਹਾ ਸੀ ਕਿ ਕੈਨੇਡਾ ਵਾਲੇ ਮਾਮਾਜੀ ਦੇ ਘਰ ਦੇ ਹਰ ਜੀਅ ਦੇ ਦੋ ਅਟੈਚੀ ਸਨ - ਮੈਨੂੰ ਚੇਤੇ ਆਇਆ ਕਿ ਕੁਛ ਮਹੀਨੇ ਪਹਿਲਾਂ ਜਦੋਂ ਮੈਂ ਵੀ ਅਮਰੀਕਾ ਗਿਆ ਸੀ, ਮੈਂ ਵੀ ਤੇ ਕਿੱਡਾ ਮੱਛਰਿਆ ਸੀ।  ਅਸੀਂ ਵੀ ਦੋ ਵੱਡੇ ਵੱਡੇ ਟੈਚੇ ਖਰੀਦੇ - ਇਕ ਇਕ ਦੋਵਾਂ ਲਈ - ਨਾਲ ਇਕ ਇਕ ਬੈਗ - ਖੂਬ ਕੱਪੜੇ ਠੂਸੇ ਉਹਨਾਂ ਵਿਚ - ਕਿਓਂਕਿ ਕਿਸੇ ਕਿਹਾ ਕਿ ਓਥੇ ਕੱਪੜੇ ਧੋਣ ਦਾ ਕੰਮ ਨਹੀਂ ਹੋਣਾ - ਪਹਿਲਾਂ ਹੀ ਕੱਪੜੇ ਪੂਰੇ ਲੈ ਕੇ ਚੱਲੋ - ਪਰ ਫੇਰ ਵੀ ਜ਼ਿਆਦਾ ਹੀ ਹੋ ਗਿਆ ਸੀ ਸਾਮਾਨ !!

ਬਸ ਹੁਣ ਮੇਰਾ ਅੱਗੇ ਕੁਛ ਨਹੀਂ ਲਿਖਣ ਦਾ ਦਿਲ ਕਰ ਰਿਹਾ।  ਐਵੇਂ ਮੈਂ ਵੀ ਕਈ ਵਾਰ ਪਾਣੀ ਰਿੜਕਣ ਲੱਗ ਪੈਂਦਾ ਹਾਂ - ਮੁਕਦੀ ਗੱਲ ਇਹ ਹੈ ਕਿ ਮੈਂ ਘੱਟੋ ਘੱਟ ਸਾਮਾਨ ਨਾਲ ਹੀ ਸਫਰ ਕਰਨਾ ਪਸੰਦ ਕਰਦਾ ਹਾਂ - ਹਮੇਸ਼ਾ - ਦੋ ਚਾਰ ਦਿਨ ਪਹਿਲਾਂ ਤਾਂ ਮੈਂ ਇਕ ਪਿੱਠੂ ਬੈਗ ਖਰੀਦ ਲਿਆ ਏ ਕਿ 2-4 ਦਿਨਾਂ ਲਈ ਕਿਤੇ ਵੀ ਜਾਣਾ ਏ ਤਾਂ ਓਹਨੂੰ ਹੀ ਲੈ ਜਾਇਆ ਕਰਾਂਗਾ - ਇਕ ਦੋ ਜੀਨਾਂ ਤੇ 4-5 ਪਤਲੀਆਂ ਪਤਲੀਆਂ ਕਮੀਜ਼ਾਂ - ਪਰ ਦੇਖੋ !!
ਕੁਝ ਦਿਨ ਪਹਿਲਾਂ ਹਮੇਸ਼ਾ ਲੱਗੀਆਂ ਸੇਲਾਂ ਵਿਚੋਂ ਇਕ ਸੇਲ ਤੋਂ ਖਰੀਦਿਆ ਇਹ ਪਿੱਠੂ ਬੈਗ - ਸੋਚ ਰਿਹਾ ਹਾਂ ਹੁਣ ਉਸ ਨੂੰ ਹੀ ਆਪਣੇ ਸਫ਼ਰ ਦਾ ਸਾਥੀ ਬਣਾ ਛੱਡਾਂ 😂

ਨੀਰਜ ਜੀ ਦੀ ਇਹ ਗੱਲ ਬੜੀ ਚੇਤੇ ਆਉਂਦੀ ਹੈ -
ਜਿਤਨਾ ਕੰਮ ਸਾਮਾਨ ਰਹੇਗਾ,
ਉਤਨਾ  ਸਫ਼ਰ ਆਸਾਨ ਰਹੇਗਾ!

ਪਰ ਅੱਜ ਲੋਕ ਕਿਥੇ ਮੰਨਦੇ ਨੇ, ਸਾਰਾ ਕੁਛ ਜਿਵੇਂ ਕੱਪੜਿਆਂ ਵਿਚ ਹੀ ਆ ਵੜਿਆ ਹੋਵੇ - ਬਾਹਰੋਂ ਕੋਈ ਆਵੇ, ਵਾਧੂ ਸਾਮਾਨ ਲਿਆਵੇ ਤੇ ਸਮਝ ਆਉਂਦੀ ਹੈ - ਇਥੇ ਵੀ ਤੇ ਲੋਕੀਂ ਵੱਡੇ ਵੱਡੇ ਟੈਚੇ ਕੇ ਕੇ ਗੱਡੀਆਂ ਵਿਚ ਚੜੇ ਹੁੰਦੇ ਨੇ, ਉੱਤੋਂ ਮੇਰੇ ਵਰਗੇ ਮੋਟੇ, ਤੇ ਮੇਰੇ ਵਾਂਙੂ ਹੀ ਢਿੱਡ ਨਿਕਲੇ ਹੋਏ - ਬੁਰਾ ਹਾਲ ਤੇ ਬਾਂਕੇ ਦਿਹਾੜੇ - ਫੇਰ ਵੀ ਵੱਡੇ ਵੱਡੇ ਨਗਾਂ ਤੋਂ ਨਹੀਂ ਡਰਦੇ - ਜਿੰਨੇ ਪੈਸੇ ਲੋਕ ਕੁੱਲੀਆਂ ਨੂੰ ਦੇਂਦੇ ਨੇ ਓਹਨੇ ਵਿਚ ਤੇ ਨਵਾਂ ਸਾਮਾਨ ਹੀ ਆ ਜਾਵੇ - ਜਿਵੇਂ ਕਿਸੇ ਰੇਸਤਰਾਂ ਤੇ ਬੈਠੇ ਮੈਨੂੰ ਅਕਸਰ ਖਿਆਲ ਆਉਂਦਾ ਏ ਕਿ ਇਸ ਜਗ੍ਹਾ ਉੱਤੇ ਖਾਣ ਦਾ ਜਿੱਡਾ 2-3 ਬੰਦਿਆਂ ਦਾ ਬਿੱਲ ਆ ਜਾਂਦਾ ਹੈ ਓੰਨੇ ਵਿਚ ਤੇ ਆਪਣੇ ਘਰ ਕੰਮ ਕਰਣ ਵਾਲੀ ਦੇ ਸਾਰੇ ਟੱਬਰ ਦਾ ਰਾਸ਼ਨ ਹੀ ਆ ਜਾਂਦਾ ਹੋਵੇਗਾ !!

ਪੋਸਟ ਕਿੰਝ ਦੀ ਲੱਗੀ - ਮੈਨੂੰ ਤੇ ਐਵੇਂ ਹੀ ਲੱਗੀ - ਖਾਮਖਾਂ ਟਾਈਪ ਵਰਗੀ!! ਚਲੋ ਦੋਸਤ ਦੇ ਮਾਮੇ ਤੇ ਮੇਰੇ ਮਾਮੇ ਦੇ ਬਹਾਨੇ ਕੁਛ ਯਾਦਾਂ ਹਰੀਆਂ ਹੋ ਗਈਆਂ। ਬੜਾ ਕੁਛ ਤੇ ਅਜੇ ਲਿਖਣੋਂ ਰਹਿ ਗਿਆ ਏ, ਪਰ ਜਿਹੜੀ ਗੱਲ ਹਮੇਸ਼ਾ ਚੇਤੇ ਰਹੇਗੀ ਉਹ ਹੈ ਦੋਸਤ ਦੀ ਫੇਸਬੁੱਕ ਉੱਤੇ ਸਾਂਝੀ ਕੀਤੀ ਉਹ ਵੱਡੇ ਵੱਡੇ ਟੈਚੇਆਂ ਦੀ ਫੋਟੋ - ਮੈਂ ਉਸ ਨੂੰ ਕਦੇ ਕਦੇ ਯਾਦ ਦਿਵਾਉਂਦਾ ਹਾਂ ਤੇ ਮੈਂ ਬੜਾ ਹੱਸਦਾ ਹਾਂ - ਉਹ ਵੀ ਮੇਰਾ ਮਜ਼ਾਕ ਸਹਿ ਜਾਂਦਾ ਏ, ਹੋਰ ਕੋਈ ਹੋਵੇ ਤੇ ਬਲਾਕ ਕਰ ਕੇ ਪਰਾ ਮਾਰੇ- ਸ਼ਾਇਦ ਇਸ ਲਈ ਕਿ 99% ਤੇ ਮੈਂ ਆਪਣੇ ਆਪ ਤੇ ਹੀ ਹੱਸਦਾ ਹੁੰਦਾ ਹਾਂ - ਜੇ ਕਦੇ ਕਦੇ ਆਲੇ ਦੁਆਲੇ ਤੇ ਵੀ ਹੱਸ ਲਿਆ ਜਾਵੇ ਤੇ ਕਿਹੜੀ ਵੱਡੀ ਗੱਲ ਹੈ, ਤੁਹਾਨੂੰ ਕਿ ਲਗਦੈ !!

ਜਾਂਦੇ ਜਾਂਦੇ ਉਹ ਵਿਆਹ ਵਿਚ ਮਿਲੇ 1-2 vip ਦੇ ਅਟੈਚੀਆਂ ਦੀਆਂ ਗੱਲਾਂ ਤੇ ਰਹਿ ਹੀ ਗਈਆਂ - ਚਲੋ, ਅਜੇ ਉਹਨਾਂ ਨੂੰ ਠੱਪੇ ਹੀ ਰਹਿਣ ਦਈਏ !!

ਹੁਣ ਮੈਂ ਆਪਣੀ ਪਸੰਦ ਦਾ ਇਕ ਗਾਣਾ ਸੁਣਨਾ ਚਾਹੁੰਦਾ ਹਾਂ - ਹਾਂਜੀ, ਇਕ ਗੱਲ ਹੋਰ ਤਾਂ ਮੈਂ ਸਾਂਝੀ ਕਰਣੀ ਭੁੱਲ ਹੀ ਗਿਆ - ਦੋ ਦਿਨ ਪਹਿਲਾਂ ਰਾਤੀਂ ਐਵੇਂ ਹੀ ਕਿਸੇ ਧਾਰਮਿਕ ਜਿਹੇ ਚੈਨਲ ਨੂੰ ਲੈ ਲਿਆ - ਮੈਨੂੰ ਇੰਝ ਲੱਗਾ ਕਿ ਮੈਂ ਤਾਂ ਐਵੇਂ ਹੀ ਹੋਰ ਚੈਨਲ ਉੱਤੇ ਦਿਲ ਪਰਚਾਵਾ ਲੱਭਦਾ ਫਿਰਦਾ ਹਾਂ - ਸਾਰਾ ਮਸਾਲਾ ਤਾਂ ਹੁਣ ਕਈ ਧਾਰਮਿਕ ਚੈਨਲਾਂ ਤੇ ਹੀ ਪਿਆ ਹੁੰਦਾ ਹੈ !! ਡਾਢੀ ਡਰਾਮੇਬਾਜ਼ੀ ਚੱਲ ਰਹੀ ਹੁੰਦੀ ਹੈ - ਮੈਨੂੰ ਚੇਤੇ ਆ ਰਿਹਾ ਹੈ ਕਿ ਕਈ ਵਾਰ ਜਦੋਂ ਮੈਂ ਸਤਸੰਗ ਤੋਂ ਵਾਪਸ ਮੁੜ ਕੇ ਆਉਣਾ ਤਾਂ ਵੱਡੇ ਮੁੰਡੇ ਨੇ ਕਹਿਣਾ - "ਹਾਂ ਪਾਪਾ, ਪਾਖੰਡ ਭੋਰ ਆਏ ਹੋ?"

ਚਲੋ ਦਫ਼ਾ ਕਰੋ ਗਾਣੇ ਨੂੰ, ਇਕ ਨਜ਼ਮ ਸੁਨਿਓ -

शुक्रवार, 13 दिसंबर 2019

ਸਿਆਣਪ ਦੀਆਂ ਗੁੰਝਲਾਂ

ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧੂ ਹਾਸਾ ਵੀ ਆਉਂਦੈ !

ਕਲ ਮੇਰੇ ਕੋਲ ਇਕ ਰੇਲ ਦਾ ਬੜਾ ਵੱਡਾ ਰਿਟਾਇਰ ਅਫਸਰ ਆਪਣੇ ਇਲਾਜ ਵਾਸਤੇ ਆਇਆ - ਉਸ ਵੇਲੇ ਮੇਰੇ ਕੋਲ ਰੇਲ ਦਾ ਇਕ ਰਿਟਾਇਰ ਚਪੜਾਸੀ ਬੈਠਾ ਹੋਇਆ ਸੀ - ਮੈਂ ਦਵਾਈ ਲਈ ਇਸ ਦੇ ਮੈਡੀਕਲ ਕਾਰਡ ਦਾ ਨੰਬਰ ਦੇਖਣਾ ਸੀ, ਉਸ ਨੇ ਓਸੇ ਵੇਲੇ ਆਪਣੇ ਬੋਝੇ ਵਿਚੋਂ ਕੱਢ ਕੇ ਮੇਰੇ ਅੱਗੇ ਕੀਤਾ!

ਇਹ ਵੇਖ ਕੇ ਉਸ ਵੱਡੇ ਅਫਸਰ ਨੇ ਬੜੀ ਹੈਰਾਨੀ ਜਿਹੀ ਨਾਲ ਉਸ ਕਾਰਡ ਨੂੰ ਦੇਖਿਆ ਤੇ ਉਸ ਨੂੰ ਕਹਿੰਦੈ ਕਿ ਕਾਰਡ ਬਣਵਾ ਲਿੱਤਾ? ਮੈਂ ਉਸ ਨੂੰ ਦੱਸਿਆ ਕਿ ਇਹ ਵਾਰਡ ਤੀਮੀਂ ਦਾ ਤੇ ਬੱਚਿਆਂ ਦਾ ਅੱਡੋ ਅੱਡ ਬਣਦਾ ਏ ! ਖੈਰ ਉਹ ਤੇ ਉਸ ਨੂੰ ਵੀ ਪਤਾ ਹੀ ਸੀ - ਰੇਲਵੇ ਦੇ ਭਰਤੀ ਬੋਰਡਾਂ ਵਰਗੇ ਅਦਾਰੇਆਂ ਦਾ ਉਹ ਚੇਅਰਮੈਨ ਰਹਿ ਚੁਕਿਆ ਹੈ, ਉਹ ਕਿਹੜਾ ਨਿਆਣਾ ਸੀ!! ਪਰ ਅਜੇ ਤਕ ਉਸ ਅਫਸਰ ਦਾ ਨਹੀਂ ਸੀ ਬਣਿਆ - "ਜਨਾਨੀ ਦੀ ਜਨਮ ਤਾਰੀਖ ਦਾ ਅੜਿੱਕਾ ਫਸਿਆ ਹੋਇਆ ਏ, ਕਿੰਨੇ ਚਿਰਾਂ ਤੋਂ" ਉਸ ਦਸਿਆ!!

ਦਰਅਸਲ ਰੇਲਵੇ ਵਿਚ ਮੈਡੀਕਲ ਕਾਰਡ ਨਵੇਂ ਸਿਰਿਓਂ ਬਣ ਰਹੇ ਨੇ - ਕਈ ਮਹੀਨੇ ਹੋ ਗਏ ਨੇ - ਇਹ ਕਾਰਡ ਸਾਰੇ ਦੇਸ਼ ਵਿਚ ਕਿਤੇ ਵੀ ਚੱਲਣਗੇ - ਕਿਤੋਂ ਵੀ ਰੇਲ ਦਾ ਮੁਲਾਜ਼ਿਮ ਜਾਂ ਸਾਬਕਾ ਮੁਲਾਜ਼ਿਮ ਦਵਾਈ ਲੈ ਸਕਦੈ!!

ਵੈਸੇ ਤਾਂ ਇਸ ਨੂੰ ਬਣਵਾਉਣ ਦੀ ਡੈਡ-ਲਾਈਨ ਖ਼ਤਮ ਹੋ ਚੁਕੀ ਹੈ - ਪਰ ਫੇਰ ਵੀ ਬੜੇ ਲੋਕਾਂ ਦਾ ਅਜੇ ਪੰਗਾ ਪਿਆ ਹੋਇਆ ਏ.

ਜਿਨਾਂ ਕੁ ਮੈਂ ਦੇਖਿਆ ਹੈ - ਜਿੰਨਾ ਕੁ ਮੈਂ ਜਾਣਦਾ ਹਾਂ, ਜਿੰਨੇ ਵੀ ਉਹ ਲੋਕ ਜਿੰਨਾ ਨੂੰ ਅਸੀਂ ਮਾਤਰ-ਸਾਥੀ ਕਹਿ ਦਿੰਦੇ ਹਾਂ - ਲਿਖਦਿਆਂ ਅਜੀਬ ਲੱਗ ਰਿਹੈ ਪਰ ਲਿਖਣਾ ਤੇ ਪਉ, ਜਿਹੜੇ ਥੋੜੀਆਂ ਨੀਵੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ, ਉਹਨਾਂ ਸਾਰਿਆਂ ਨੂੰ ਇਹ ਕਾਰਡ ਆਪਣੇ ਖੀਸੇ ਵਿਚ ਧਰੇ ਹੁੰਦੇ ਨੇ - ਪਰ ਜਿਹੜੇ ਬੜੇ ਬੜੇ ਪੜ੍ਹੇ ਲਿਖੇ ਨੇ, ਵੱਡੇ ਵੱਡੇ ਉਹਦਿਆਂ ਤੋਂ ਰਿਟਾਇਰ ਹੋਏ ਹੁੰਦੇ ਨੇ ਉਹਨਾਂ ਦਾ ਕੋਈ ਨਾ ਕੋਈ ਪੰਗਾ - ਬਸ ਹਰ ਕੋਈ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਸਿਆਣਾ ਸਮਝਣ ਵਾਲਾ !!

ਇਹ ਤੇ ਇਕ ਕਾਰਡ ਦੀ ਹੀ ਗੱਲ ਸੀ , ਕਿ ਤੁਹਾਨੂੰ ਨਹੀੰ ਲੱਗਦਾ ਕੀ ਜਿਹੜਾ ਬਿਲਕੁਲ ਮਾਤਰ-ਸਾਥੀ ਹੁੰਦੈ ਉਹ ਆਪਣੇ ਲੱਗਭਗ ਅਜਿਹੇ ਸਾਰੇ ਕੰਮ ਸਮੇਂ ਸਿਰ ਚਾਈੰ ਚਾਈੰ ਕਰਵਾ ਕੇ ਲਾਂਭੇ ਕਰਦੈ - ਕਿਤੇ ਵੀ ਦੇਖਿਓ , ਓਹਦੇ ਸਾਰੇ ਕੰਮ ਇੰਝ ਮੱਖਣ ਤੋਂ ਵਾਲ ਲਾਹੁਣ ਵਾਂਗ ਹੁੰਦੇ ਜਾਂਦੇ ਨੇ.

ਬੈਂਕ ਵਿਚ ਦੇਖ ਲਵੋ, ਜਿਥੇ ਬਾਊ ਨੇ ਕਿਹਾ ਸਾਈਨ ਕਰ ਦਿੰਦੈ - "ਗੂਠਾ"ਵੀ ਲਾ ਦਿੰਦਾ ਏ - ਸ਼ਾਇਦ ਆਪਣੀ ਕਿਸੇ ਫਿਕ੍ਸ੍ਡ ਡਿਪੋਜ਼ਿਟ ਉੱਤੇ ਵਿਆਜ ਉੱਤੇ ਇਨਕਮ ਟੈਕਸ ਤੋਂ ਵੀ ਬਚ ਜਾਂਦਾ ਹੋਉ, ਪਰ ਜ਼ਰੂਰਤ ਤੋਂ ਜ਼ਿਆਦਾ ਪੜਿਆ ਲਿਖਿਆ ਐਵੇਂ ਛੋਟੀਆਂ ਛੋਟੀਆਂ ਗੱਲਾਂ ਵਿਚ ਗੁੰਝਲ ਪਾਈ ਫਿਰਦੈ !

ਮੈਂ ਕਈ ਵਾਰੀ ਹਾਸੇ ਹਾਸੇ ਵਿਚ ਲੋਕਾਂ ਨਾਲ ਇਹ ਗੱਲ ਸਾਂਝੀ ਕਰਦਾ ਹਾਂ ਕਿ ਮੇਰੇ ਬਚਪਨ ਦੇ ਦੌਰਾਨ ਸੀ ਇਸ ਅਜਿਹਾ ਕਿਰਦਾਰ ਬਰਕਤ - ਉਸ ਵਿਚਾਰੇ ਦੀ ਸਾਰੀ ਉਮਰ ਕੋਟ ਕਚਿਹਰੀ ਚ ਹੀ ਲੰਘੀ - ਪਰ ਇਕ ਨੰਬਰ ਦਾ ਉਧਮੀ - ਜੁਗਾੜੀ - ਮੈਨੂੰ ਚੇਤੇ ਆ ਰਿਹਾ ਕਿ ਉਹ ਕਿਸੇ ਦਫਤਰ ਤੋਂ ਕੋਈ ਕਾਗਜ਼ ਲੈਣਾ ਹੁੰਦਾ - ਉਹ ਚਪੜਾਸੀ ਨੂੰ ਇਕ ਬੀੜੀ ਪਿਆ ਕੇ ਹੀ ਲੈ ਆਉਂਦਾ !! ਕਿਤੋਂ ਫੈਸਲੇ ਦੀ ਨਕਲ ਕਿਸੇ ਨੂੰ ਚਾ ਦਾ ਇਕ ਕਪ ਪਿਆ ਕੇ ਕਢਵਾ ਲਿਆਉਂਦਾ !! ਓਹਨੂੰ ਇਹੋ ਜਿਹੇ ਕੰਮ ਵੀ ਬੜੇ ਕਰਨੇ ਆਉਂਦੇ ਸੀ, ਕਿਸੇ ਨੂੰ ਚਿੱਠੀ ਭੇਜਣ ਦਾ ਪਰੂਫ ਚਾਹੀਦਾ ਹੁੰਦਾ ਤੇ ਡਾਕ ਖਾਨੇ ਦੇ ਕਿਸੇ ਚਪੜਾਸੀ ਨੂੰ ਕਹਿ ਕਹਿਲਵਾ ਕੇ ਯੂ ਪੀ ਸੀ ਦੀ ਮੋਹਰ ਵੀ ਲਿਆ ਲਿਆਉਂਦਾ - ਫੀਸ ? - ਬਸ ਓਹੀਓ ਇਕ ਬੀੜੀ ਤੇ ਇਕ ਕਪ ਚਾ !

ਅਜਿਹੇ ਕੰਮ ਪੜ੍ਹਿਆ ਲਿਖਿਆ ਬੰਦਾ ਆਪਣੇ ਪੜੇ ਲਿਖੇ ਤਰੀਕੇ ਨਾਲ ਕਰਵਾਉਂਦਾ ਕਰਵਾਉਂਦਾ ਆਪਣੇ ਮਹਿੰਗੇ ਬੂਟ ਘਿਸਾ ਮਾਰਦੈ !

ਕਦੇ ਇਸ ਬਾਰੇ ਸੋਚੀਏ ਤੇ ਇਹ ਵੀ ਧਿਆਨ ਆਉਂਦੈ ਕਿ ਆਮ ਬੰਦਾ ਜ਼ਿਆਦਾ ਸੋਚਦਾ ਵੀ ਤੇ ਨਹੀਂ - ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਹੀ ਪੜ੍ਹ ਲਿਖ ਜਾਂਦੇ ਹਾਂ, ਅਸੀਂ ਸਿਆਣਪ ਦੀਆਂ ਗੌੱਗਲਾਂ ਨਾਲ ਦੁਨੀਆਂ ਨੂੰ ਦੇਖਣ ਲੱਗਦੇ ਹਾਂ ਤੇ ਸਾਨੂੰ ਜ਼ਿਆਦਾਤਰ ਲੋਕ ਚੋਰ-ਉਚੱਕੇ ਹੀ ਨਜ਼ਰ ਆਉਂਦੇ ਹਨ, ਸੱਚੀਂ ਸੱਚੀਂ ਦੱਸਿਓ ਇੰਝ ਹੀ ਹੁੰਦੈ ਕਿ ਨਹੀਂ ? ਅਸੀਂ ਕੀਤੇ ਦਸਤਖ਼ਤ ਕਰਣੋਂ ਡਰਦੇ ਹਾਂ - ਕਿਤੇ ਕੋਈ ਕਾਗਜ਼ ਪੱਤਰ ਦੇਣ ਲੱਗੇ ਸੋਚਦੇ ਹਾਂ - ਇੰਝ ਲੱਗਦੈ ਜਿਵੇਂ ਸਾਮਣੇ ਬੈਠਾ ਸਬ ਤੋਂ ਵੱਡਾ ਜਾਲਸਾਜ਼ ਹੈ ਤੇ ਇਹ ਪਤਾ ਨਹੀਂ ਸਾਡੇ ਕਾਗਜ਼ਾਂ ਦੀ ਫੋਟੋਕੋਪੀਆਂ ਨਾਲ ਕੀ ਕਰ ਲਵੇਗਾ ! ਉੱਪਰੋਂ ਸਾਡਾ ਦਿਮਾਗ ਵਹਾਤਸੱਪ ਦੇ ਸੁਨੇਹਿਆਂ ਨੇ ਖ਼ਰਾਬ ਕੀਤਾ ਹੁੰਦੈ ਕਿ ਇੰਝ ਤੁਹਾਡਾ ਖਾਤਾ ਖਾਲੀ ਜੋ ਜਾਉ ਤੇ ਇੰਝ ਤੁਸੀਂ ਕੰਗਾਲ ਹੋ ਜਾਵੋਗੇ !! ਨਾਲ ਕਿਸੇ ਨੂੰ ਕਾਗਜ਼ ਦੇਣ ਲੱਗਿਆਂ ਵੱਡੇ ਬੰਦੇ ਦੀਆਂ ਉਸ ਤੋਂ ਵੱਡੀਆਂ ਆਕੜਾਂ ਤੇ ਓਹੋ ਜਿਹੀ ਬਾਡੀ -ਲੈਂਗਵੇਜ - ਉਹ ਵੀ ਕੀ ਕਰੇ ਉਸ ਪਿਓ ਦੇ ਪੁੱਤ ਨੇ ਕਦੇ ਨਿਓਂ ਕੇ ਗੱਲ ਕੀਤੀ ਹੀ ਨਹੀਂ ! ਹਮੇਸ਼ਾ ਬੰਦੇ ਬੰਦੇ ਉੱਤੇ ਰੌਬ ਹੀ ਝਾੜਿਆ ਤੇ ਉਸ ਨੂੰ ਬੰਦਾ ਸਮਝਣ ਤੋਂ ਵੀ ਇਨਕਾਰ ਹੀ ਕੀਤਾ!

ਦੂਜੇ ਪਾਸੇ ਮਾਤਰ ਸਾਥੀ ਦੀ ਗੱਲ ਕਰੀਏ - ਇਸ ਵਿਚਾਰੇ ਦੇ ਪੱਲੇ ਹਲੀਮੀ ਨਾਲ ਗੱਲ ਕਰਨ ਤੋਂ ਇਲਾਵਾ ਹੋਰ ਕੁਛ ਨਹੀਂ - ਅਤੇ ਇਹੋ ਹੀ ਉਸ ਦਾ ਸਭ ਤੋਂ ਵੱਡਾ ਹਥਿਆਰ ਸਾਬਤ ਹੁੰਦੈ - ਜਿਸ ਅੱਠਵੀਂ ਦਸਵੀਂ ਪਾਸ ਬਾਊ ਕੋਲੋਂ ਉਸ ਨੂੰ ਕੰਮ ਹੈ , ਉਹ ਉਸ ਕੋਲੋਂ ਕੋਈ ਵੀ ਕਾਗਜ਼ ਪੱਤਰ ਮੰਗਦਾ ਏ ਤਾਂ ਉਹ ਪੁਰਾਣੀ ਜਿਹੀ ਪਲਾਸਟਿਕ ਦੀ ਥੈਲੀ ਓਹਦੇ ਸਾਮਣੇ ਮੂਧੀ ਮਾਰਦੈ ਤੇ ਸਾਰੇ 5-7 ਕਾਰਡ ਓਹਦੇ ਮੇਜ਼ ਉੱਤੇ ਖਿਲਾਰ ਦੇਂਦੈ - ਵੇਖ ਲੈ ਬਾਈ ਜਿਹੜਾ ਤੈਨੂੰ ਚਾਹੀਦੈ !! 😂- ਨਾਲ ਉਸ ਨੇ ਖੂਬ ਸਾਰੀਆਂ ਫੋਟੋਕੋਪੀਆਂ ਵੀ ਫੜੀਆਂ ਹੋਣਗੀਆਂ - ਗੱਲ ਬਾਤ ਦਾ ਲਹਿਜ਼ਾ ਤੇ ਉਸ ਦਾ ਨਰਮ ਹੁੰਦਾ ਹੀ ਹੈ - ਬਸ ਕਈ ਵਾਰ ਉਸ ਦਾ ਵਿਗੜਿਆ ਕੰਮ ਵੀ ਮਿੰਟੋਂ ਮਿੰਟੀ ਬਣ ਜਾਂਦੈ -

ਦੂਜੇ ਪਾਸੇ ਮੇਰੇ ਵਰਗੇ ਪੜੇ ਲਿਖੇ ਬੰਦੇ ਨੂੰ ਉਹਨਾਂ ਕਾਗਜ਼ ਦੀਆਂ ਡਿਗਰੀਆਂ ਤੇ ਵਾਧੂ ਭਰੋਸਾ ਹੁੰਦੈ, ਉਹ ਆਪਣੇ ਆਪ ਨੇ ਦੂਜਿਆਂ ਤੋਂ ਅੱਡ ਸਮਝਦਾ ਏ - ਐਵੇਂ ਹੀ ਬਾਵਾਂ ਟੁੰਗੀ ਰੱਖਦੈ - ਬਾਉ ਨੇ ਜੇ ਕਿਤੇ ਇਕ ਕਾਰਡ ਦੀ ਫੋਟੋਕਾਪੀ ਮੰਗ ਲਈ ਤੇ ਆਪਣੀ ਸਾਰੀ ਅੰਗਰੇਜ਼ੀ ਦੇ ਮਾਰਦੈ ਉਸ ਬਾਊ ਨੂੰ ਡਰਾਉਣ ਲਈ ਕਿ ਕੀਤੇ ਇਹ ਫੋਟੋਕਾਪੀ ਮੰਗਣੋਂ ਬਾਜ ਆ ਜਾਵੇ - ਪਰ ਬਾਉ ਵੀ ਠਹਿਰਿਆ ਪੱਕਾ ਬਾਉ , ਉਹ ਇਸ ਬੁੱਧੀਜੀਵੀ ਦੇ ਤੇਵਰ ਵੇਖ ਕੇ ਉਸ ਦੇ ਕੰਮ ਵਿਚ ਦੋ ਤਿੰਨ ਕਮੀਆਂ ਹੋਰ ਕੱਢ ਮਾਰਦੈ - ਉਸ ਦਫਤਰ ਦਾ ਵੱਡਾ ਸਾਹਬ ਵੀ ਬਾਉ ਦੇ ਕੰਮ ਵਿਚ ਅੜਿੱਕਾ ਨਹੀਂ ਪਾ ਸਕਦਾ !

ਮੈਂ ਵੀ ਸਵੇਰੇ ਸਵੇਰੇ ਲਿਖਣ ਲੱਗ ਪਿਆ - ਇਕ ਅਜਿਹਾ ਸਬਕ ਜਿਸ ਨੂੰ ਪੜ੍ਹਿਆ ਅਸੀਂ ਸਾਰਿਆਂ ਨੇ ਹੈ - ਪਰ ਭੁੱਲ ਜਾਂਦੇ ਹਾਂ. ਅੱਛਾ ਜੀ, ਅੱਜ ਦੀਆਂ ਗੱਪਾਂ ਇਥੇ ਹੀ ਬੰਦ ਕਰੀਏ ਤੇ ਡਿਊਟੀ ਤੇ ਪਹੁੰਚੀਏ !!

ਵੈਸੇ ਉਹ ਮੈਡੀਕਲ ਕਾਰਡ ਅਜੇ ਮੇਰਾ ਵੀ ਨਹੀਂ ਬਣਿਆ - ਮੇਰੇ ਮੋਬਾਈਲ ਵਿਚ ਤਾਂ ਹੈ - ਪਰ ਮੈਂ ਕਈਆਂ ਰਿਟਾਇਰ ਮੁਲਾਜ਼ਮਾਂ ਕੋਲੋਂ ਪੁੱਛ ਜ਼ਰੂਰ ਲੈਂਦਾ ਹੈ ਕਿ ਇਹ ਤੁਸੀਂ ਕਿਹੜੀ ਦੁਕਾਨ ਤੋਂ ਬਣਵਾਇਆ ਹੈ ! ਇਹ ਵੀ ਮੇਰੀ ਸਿਆਣਪ ਦੀ ਇਕ ਗੁੰਝਲ ਹੀ ਹੈ!

ਆਮ ਆਦਮੀ ਕੋਲੋਂ ਹਲੀਮੀ ਨਾਲ ਗੱਲ ਕਰਨੀ ਸਿੱਖਣ ਦੀ ਲੋੜ ਹੈ , ਸਾਮਣੇ ਵਾਲੇ ਦਾ ਸਤਿਕਾਰ ਕਰਨਾ ਸਿੱਖਣ ਦੇ ਲੋੜ ਹੈ - ਐਵੇਂ ਗੱਲ ਗੱਲ ਉੱਤੇ ਟੱਪਣ ਦੀ ਲੋੜ ਵੀ ਨਹੀਂ ਹੁੰਦੀ - ਇਹ ਵੀ ਆਪਾਂ ਸਿੱਖੀਏ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਈਏ।
ਗੁਰੂ ਦੇਵ ਸਾਬ ਨੇ ਵੀ ਫ਼ਰਮਾਇਆ ਹੈ -

ਨਾਨਕ ਨੀਵਾਂ ਜੋ ਚਲੇ, ਲਾਗੇ ਨਾ ਤਾਤੀ ਵਾਓ !!

ਵੈਸੇ ਮੇਰੇ ਵਿਚਾਰ ਵਿਚ ਜ਼ਮੀਨ ਨਾਲ ਜੁੜੇ ਰਹਿਣ ਲਈ ਇਹ ਜਿਹੇ ਗੀਤ ਸੁਣਨੇ ਵੀ ਬੜੇ ਜ਼ਰੂਰੀ ਹੁੰਦੇ ਨੇ - ਜਿਸ ਵਿਚ ਆਪਾਂ ਪਲ ਪਲ ਇਸ ਪਰਮ ਪਿਤਾ ਦਾ ਸ਼ੁਕਰਾਨਾ ਕਰਦੇ ਰਹੀਏ - ਸ਼ੁਕਰ ਦਾਤਿਆ ਤੇਰੇ ਸ਼ੁਕਰ ਦਾਤਿਆ!! ਇੰਝ ਕਰਣ ਨਾਲ ਵੀ ਸਾਡੀ ਅਕਾਲ ਟਿਕਾਣੇ ਰਹਿੰਦੀ ਹੈ!!

बुधवार, 11 दिसंबर 2019

ਸਰਕਾਰੀ ਸਾਂਡਾਂ ਨੂੰ ਵੀ ਲੋਕਾਂ ਜ਼ਿਆਦਾ ਹੀ ਬਦਨਾਮ ਕੀਤਾ ਹੋਇਐ !!

ਨਿਊ ਯਾਰਕ ਦੇ ਬੁੱਲ-ਚਾਰਜਰ ਨਾਲ ਖਿਚਵਾਈ ਫੋਟੋ ਚੇਤੇ ਆ ਗਈ -ਮਈ 2019

"ਸਰਕਾਰੀ ਸਾਂਡ" - ਇਕ ਅਜਿਹਾ ਲਫ਼ਜ਼ ਜਦੋਂ ਵੀ ਸਾਡੀਆਂ ਗੱਲਾਂ ਵਿਚ ਆ ਜਾਂਦੈ, ਬੜੇ ਹਾਸੇ ਛਿੜ ਜਾਂਦੇ ਨੇ! ਮੇਰੇ ਮੁੰਡੇ ਥੋੜੇ ਵੱਡੇ ਹੋਏ ਤੇ ਸਕੂਟਰ ਉੱਤੇ ਮੇਰੇ ਪਿੱਛੇ ਬੈਠੇ ਬੈਠੇ ਪੁੱਛਣ ਲੱਗੇ - ਪਾਪਾ, ਇਹਨੂੰ ਸਰਕਾਰੀ ਸਾਂਡ ਭਲਾ ਕਹਿੰਦੇ ਹੀ ਕਿਓਂ ਨੇ! ਉਹਨਾਂ ਨੂੰ ਥੋੜਾ ਬਹੁਤ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਇਹਨਾਂ ਦਾ ਕੰਮ ਸਮਝਾਉਣਾ ਹੀ ਪੈਂਦਾ...
ਇਹ ਝੋਟੇ ਦੇ ਹਰ ਹਿੱਸੇ ਨਾਲ ਫੋਟੋ ਖਿਚਵਾਉਣ ਦਾ ਕ੍ਰੇਜ਼ ਦੇਖ ਕੇ ਵਾਧੂ ਹਾਸਾ ਆਇਆ !!


ਉਸ ਤੋਂ ਬਾਅਦ ਓਹ ਜਦੋਂ ਵੀ ਕੋਈ ਖੁੱਲ੍ਹਾ ਫਿਰਦਾ ਸਾਂਡ ਦੇਖਦੇ ਤਾਂ ਹੱਸਦੇ ਨਾ ਥੱਕਦੇ - ਖਾਸ ਕਰ ਕੇ ਜਦੋਂ ਕੋਈ ਬੁੱਢਾ ਸਾਂਡ ਮਟਕ ਮਟਕ ਕੇ ਤੁਰ ਰਿਹਾ ਦੇਖਦੇ ਤਾਂ ਕਹਿੰਦੇ ਕਿ ਹੁਣ ਇਸ ਨੂੰ ਵੀ ਹਿਸਾਬ ਦੇਣਾ ਪੈ ਰਿਹੈ !

ਸਾਂਡ ਪਿਛਲੇ ਕੁਛ ਸਮੇਂ ਤੋਂ ਖ਼ਬਰਾਂ ਵਿਚ ਨੇ - ਜਗ੍ਹਾ ਜਗ੍ਹਾ ਤੇ ਉਹ ਲੋਕਾਂ ਨੂੰ ਚੱਕ ਕੇ ਪਟਕ ਰਹੇ ਨੇ - ਕਈ ਵਾਰ ਤਾਂ ਉਹਨਾਂ ਦੇ ਸ਼ਿਕਾਰ ਦੀ ਮੌਤ ਹੀ ਹੋ ਜਾਂਦੀ ਹੈ! ਜਦੋਂ ਦਾ ਇਹ ਵਾਹਟਸੱਪ ਆਇਆ ਹੈ ਉਸੇ ਵੇਲੇ ਤੋਂ ਕਈਂ ਵੀਡਿਓਜ਼ ਦੇਖੀਆਂ ਜਿਸ ਵਿਚ ਖੁੱਲੇ ਛੱਡੇ ਹੋਏ ਸਾਂਡ (ਅਵਾਰਾ ਕਹਿਣ ਦਾ ਮਨ ਨਹੀਂ ਕਰ ਰਿਹਾ! - ਮੇਰਾ ਵਿਚਾਰੇ ਕਿ ਲੈਂਦੇ ਨੇ!!) ਆਉਂਦੇ ਜਾਂਦੇ ਲੋਕਾਂ ਨੂੰ, ਇਥੋਂ ਤਕ ਸਕੂਟਰ ਮੋਟਰ ਸਾਈਕਲ ਸਵਾਰ ਲੋਕਾਂ ਨੂੰ ਚੱਕ ਕੇ ਪਰੇ ਸੁੱਟਦੇ ਦਿਖਦੇ ਨੇ!!

ਸਾਂਡਾਂ ਬਾਰੇ ਵੀ ਬੜੇ ਰਲੇ ਮਿਲੇ ਖਿਆਲ ਜਿਹੇ ਮਨ ਵਿਚ ਆਉਂਦੇ ਰਹਿੰਦੇ - ਬਚਪਨ ਵਿਚ ਗੱਡੇ ਚਲਦੇ ਵੇਖਦੇ ਸੀ - ਜਿਸ ਉੱਤੇ 50-50 ਬੰਦੇ ਸਵਾਰ ਹੁੰਦੇ ਤੇ ਇਸ ਨੂੰ ਦੋ ਸਾਂਡ ਧਿੱਕ ਰਹੇ ਹੁੰਦੇ! ਸਕੂਲੋਂ ਵਾਪਸ ਆਉਂਦਿਆਂ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਲਾਗੇ ਜਿਥੇ ਗੰਨੇ ਦਾ ਰਸ ਵੀ ਵਿਕ ਰਿਹਾ ਹੁੰਦਾ, ਉਸ ਨੂੰ ਵੀ ਇਕ ਸਾਂਡ ਹੀ ਗੋਲ ਗੋਲ ਘੁੰਮ ਕੇ ਚਲਾ ਰਿਹਾ ਹੁੰਦਾ - ਜਿਸ ਦੀਆਂ ਅੱਖਾਂ ਉੱਤੇ ਅਕਸਰ ਪੱਟੀ ਬੱਝੀ ਦਿਖਦੀ!

ਇਹ ਬਚਪਨ ਦੇ ਉਹ ਦਿਨ ਸਨ ਜਦੋਂ ਕੋਹਲੂ ਦੇ ਬੈਲ ਵਰਗੇ ਮੁਹਾਵਰੇ ਵੀ ਚੇਤੇ ਕੀਤੇ ਜਾ ਰਹੇ ਸੀ - ਉਮਰ ਐਂਨੀ ਛੋਟੀ ਕਿ ਸਾਂਡ ਅਤੇ ਬੈਲ (ਬਲਦ) ਵਿਚ ਫਰਕ ਸੋਚਣ ਦੀ ਨਾ ਹੀ ਵਿਹਲ ਸੀ- ਨਾ ਹੀ ਕੋਈ  ਚਿੱਤ-ਚੇਤਾ !! ਬਸ ਫ਼ਿਲਮਾਂ ਰਾਹੀਂ ਇਹ ਦਿਸ ਜਾਂਦਾ ਕਿ ਬਲਦਾਂ ਨੂੰ ਖੇਤੀ-ਕਿਸਾਨੀ ਵਿਚ ਹੱਲ ਚਲਾਉਣ ਦੇ ਕੰਮੀਂ ਲਾਇਆ ਜਾਂਦਾ ਸੀ!

ਕਦੇ ਕਦੇ ਆਉਂਦੇ ਜਾਂਦੇ ਰਸਤੇ ਵਿਚ ਦੋ ਬਲਦ ਆਪਸ ਵਿਚ ਸਿੰਗ ਅੜਾਈ ਦਿੱਖ ਵੀ ਜਾਂਦੇ ਤਾਂ ਕਦੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਸੀ ਕਰੀਦਾ! ਇੰਝ ਲਗਦਾ ਕਿ ਇਹ ਤਾਂ ਇਕ -ਦੋ ਮਿੰਟ ਵਿਚ ਰਾਜੀਨਾਮਾ ਕਰ ਲੈਣਗੇ!!

ਕਲ ਵੀ ਲਖਨਊ ਦੇ ਬੰਗਲਾ ਬਾਜ਼ਾਰ ਦੀ ਗੱਲ ਹੈ - ਰਸਤੇ ਵਿਚ ਦੋ ਬਲਦਾਂ ਨੇ ਸਿੰਗ ਭਿੜਾਏ ਹੋਏ ਸੀ - ਮੈਂ ਵੀ ਰੁੱਕ ਗਿਆ - ਇਕ ਏ.ਟੀ.ਐੱਮ ਦਾ ਗਾਰਡ ਦੱਸਣ ਲੱਗਾ ਕਿ ਹੁਣ ਇਹਨਾਂ ਨੂੰ ਕੋਈ ਛੁੜਵਾ ਨਹੀਂ ਸਕਦਾ - ਇਹ ਇੰਝ ਹੀ ਭਿੜੇ ਰਹਿਣਗੇ - ਜਿਹੜਾ ਇਹਨਾਂ ਦੋਹਾਂ ਵਿਚੋਂ ਹਾਰ ਜਾਵੇਗਾ, ਉਹ ਬੜੀ ਤੇਜ਼ੀ ਨਾਲ ਨੱਸ ਜਾਵੇਗਾ ! ਇਹ ਵੀ ਪਤਾ ਲੱਗਾ ਕਿ ਇਹ ਤਾਂ ਪਿਛਲੇ 20-25 ਮਿੰਟਾਂ ਤੋਂ ਭਿੜੇ ਹੋਏ ਨੇ!

ਮੈਂ ਵੀ ਇਸ ਦੰਗਲ ਨੂੰ ਆਪਣੇ ਕੈਮਰੇ ਨਾਲ ਫੜਣ ਲੱਗ ਪਿਆ - ਜਿਵੇਂ ਜਿਵੇਂ ਸਮਾਂ ਅੱਗੇ ਲੰਘ ਰਿਹਾ ਸੀ, ਉਤਸੁਕਤਾ ਵੱਧ ਰਹੀ ਸੀ - ਮੈਂ ਵਿਚ ਵਿਚ ਥੋੜਾ ਬੋਰ ਵੀ ਹੋ ਰਿਹਾ ਸੀ - ਪਰ ਫੇਰ ਵੀ ਲੱਗਾ ਰਿਹਾ, ਥੋੜਾ ਥੋੜਾ ਡਰ ਵੀ ਲੱਗ ਰਿਹਾ ਸੀ ਜਦੋਂ ਇਹ ਅੰਨ੍ਹੇਵਾਹ ਭੱਜਣਗੇ ਤਾਂ ਜੇ ਕਿਤੇ ਮੇਰੇ ਵੱਲ ਹੀ ਨੱਸ ਆਏ - ਇਸ ਕਰ ਕੇ ਥੋੜਾ ਆਸਾ ਪਾਸਾ ਵੇਖ ਕੇ ਹੀ ਮੈਂ "ਸ਼ੂਟਿੰਗ"😄ਚ' ਲੱਗਾ ਹੋਇਆ ਸੀ ਕਿ ਨੱਸ ਕੇ ਕਿਤੇ ਜਾਣ ਦਾ ਠਿਕਾਣਾ ਵੀ ਤੇ ਹੋਵੇ!!

ਇਹ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ - ਜੇਕਰ ਵੇਖਦੇ ਵੇਖਦੇ ਬੋਰ ਹੋ ਜਾਵੋ ਤਾਂ ਫਾਸਟ ਫਾਰਵਰ੍ਡ ਕਰ ਕੇ ਦੇਖ ਲਈਓ ! ਵੈਸੇ ਇਸ ਦੌਰਾਨ ਤੁਸੀਂ  ਲੋਕਾਂ ਦੀਆਂ ਜਿਹੜੀਆਂ ਆਵਾਜ਼ਾਂ ਸੁਣੋਗੇ, ਉਹ ਤੁਹਾਨੂੰ ਬੋਰ ਨਹੀਂ ਹੋਣ ਦੇਣਗੀਆਂ!

ਇਕ ਗੱਲ ਹੋਰ - ਤੁਸੀਂ ਵੀਡੀਓ ਵਿਚ ਦੇਖੋਗੇ ਕਿ ਕੁਛ ਲੋਕ ਛੋਟੀਆਂ ਛੋਟੀਆਂ ਇੱਟਾਂ ਦੇ ਟੁੱਕੜੇ ਉਹਨਾਂ ਵੱਲ ਸੁੱਟ ਕੇ ਉਹਨਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕਰਦੇ ਨੇ - ਕਈਆਂ ਨੇ ਉਹਨਾਂ ਵੱਲ ਪਾਣੀ ਸੁੱਟ ਕੇ ਵੀ ਇਹ ਕੋਸ਼ਿਸ਼ ਕੀਤੀ! ਪਰ ਉਹਨਾਂ ਉੱਤੇ ਤੇ ਜਿਵੇਂ ਉਸ ਵੇਲੇ ਭਿੜਨ ਦਾ ਭੂਤ ਹੀ ਬਸ ਸਵਾਰ ਸੀ!!



ਚਿੰਤਾ ਇਹੋ ਸੀ ਕਿਤੇ ਇਹਨਾਂ ਦੋਹਾਂ ਚ' ਕੋਈ ਫੱਟੜ ਨਾ ਹੋ ਜਾਵੇ ਜਾਂ ਆਉਂਦੇ ਜਾਂਦੇ ਕਿਸੇ ਬੰਦੇ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ! ਲੋ ਜੀ ਫੈਸਲੇ ਦੀ ਘੜੀ ਆ ਪੁੱਜੀ - ਆਪਣੇ ਸਿੰਗਾਂ ਦੇ ਜ਼ੋਰ ਨਾਲ ਹੀ ਇਹ ਇਕ ਦੂਜੇ ਨੂੰ ਧੂ ਕੇ ਲੈ ਜਾ ਰਹੇ ਸੀ। ..ਇੰਨੇ ਚਿਰ ਨੂੰ ਇਕ ਬੰਦਾ ਜਿਸ ਨੇ ਵੱਡਾ ਸਾਰਾ ਟੁੱਟਾ-ਭੱਜਾ ਜਿਹਾ ਬਾਂਸ ਹੱਥ ਚ' ਫੜ੍ਹਿਆ ਹੋਇਆ ਸੀ, ਉਸ ਨੇ ਆਵਾਜ਼ ਕੱਢੀ ਤੇ ਇਹ ਬਾਂਸ ਇਹਨਾਂ ਉੱਤੇ ਮਾਰਿਆ - ਓਸੇ ਵੇਲੇ ਇਹ ਦੋਵੇਂ ਅਲੱਗ ਹੋ ਗਏ ਤੇ ਛੋਟੇ ਨਿਆਣਿਆਂ ਵਾਂਗ ਆਰਾਮ ਨਾਲ ਆਪਣੇ ਰਸਤੇ ਤੇ ਤੁਰ ਗਏ, ਤੁਸੀਂ ਇਸ ਵੀਡੀਓ ਵਿਚ ਦੇਖਿਆ ਹੀ ਹੋਵੇਗਾ!!

ਲੋ ਜੀ ਵੀਡੀਓ ਤੇ ਮੈਂ ਬਣਾ ਲਈ , ਪਰ ਬਾਅਦ ਵਿਚ ਮੈਨੂੰ ਬੜਾ ਅਜੀਬ ਜਿਹਾ ਲੱਗਾ - ਗੱਲ ਇੰਝ ਹੀ ਕਿ ਜਿੰਨਾ ਨੇ ਛੋਟੇ ਛੋਟੇ ਵੱਟੇ ਉਹਨਾਂ ਵੱਲ ਸੁੱਟ, ਉਹਨਾਂ ਉੱਤੇ ਪਾਣੀ ਸੁੱਟ ਕੇ ਉਹਨਾਂ ਦੀ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਨਾ ਅੱਗ ਅੱਗ ਬੁਝਾਉਣ ਵਾਲੇਆਂ ਵਿਚ ਦਰਜ ਤੇ ਹੋ ਗਿਆ - ਮੈਂ ਤੇ ਨਿਰੀ ਤਮਾਸ਼ਬੀਨੀ ਹੀ ਕਰ ਛੱਡੀ, ਹੋਰ ਕੀ !!

ਜਿਸ ਇਲਾਕੇ ਵਿਚ ਇਹਨਾਂ ਬਲਦਾਂ ਨੂੰ  ਬਾਂਸ ਦੇ ਡਰ ਨਾਲ ਛੁਡਾਇਆ ਗਿਆ - ਇਹ ਵੀ ਬੜਾ ਜ਼ੁਰੱਤ ਦਾ ਕੰਮ ਸੀ - ਉਸ ਜਗ੍ਹਾ ਤੇ ਮੈਂ ਕਈ ਵਾਰ ਸੂਰ ਦਾ ਸ਼ਿਕਾਰ ਕਰਦੇ ਲੋਕ ਦੇਖੇ ਨੇ - ਕਿਵੇਂ 2-3 ਮੁੰਡੇ ਸੂਰ ਨੂੰ ਫੜ ਕੇ ਸਕੂਟਰ ਤੇ ਲਦ ਕੇ ਲੈ ਜਾਂਦੇ ਨੇ - ਉਹ ਕੁਰਲਾਂਦਾ ਰਹਿੰਦਾ!! ਸ਼ਾਇਦ, ਉਹਨਾਂ ਨੂੰ ਇਹੋ ਜਿਹੇ ਜਾਨਵਰਾਂ ਨੂੰ ਛੁਡਾਉਣ ਦਾ ਤਜ਼ੁਰਬਾ ਜ਼ਰੂਰ ਹੋਵੇਗਾ ! ਚਲੋ ਜੀ, ਜੋ ਵੀ ਸੀ, ਖੁਸ਼ੀ ਹੋਈ ਕਿ ਉਹ ਸਿੱਧ-ਸਮੂਏ ਛੁਟ ਗਏ ਤੇ ਆਪੋ ਆਪਣੇ ਰਸਤੇ ਤੇ ਚਲੇ ਗਏ - ਦੋ ਮਿੰਟ ਬਾਦ ਹੀ ਇਕ ਤੇ ਵਾਪਸ ਆਪਣੀ ਪੁਰਾਣੀ ਜਗ੍ਹਾ ਤੇ ਮੁੜਦਾ ਵੀ ਦਿੱਖ ਗਿਆ - ਬਿਲਕੁਲ ਬੱਚਿਆਂ ਦੇ ਝਗੜਿਆਂ ਵਾਂਗ ਜਿਵੇਂ ਕੁਛ ਹੋਇਆ ਹੀ ਨਾ ਹੋਵੇ !!  ਮੈਂ ਹੁਣ ਲਿਖਦੇ ਲਿਖਦੇ ਧਿਆਨ ਆ ਰਿਹਾ ਹੀ ਕਿ ਸਾਨੂੰ ਕਿ ਪਤਾ ਇਹ ਓਹਨਾ ਨੂੰ ਇਕ ਖੇਡ ਹੀ ਹੋਵੇ - ਅਸੀਂ ਐਵੇਂ ਦੇਖ ਦੇਖ ਕੇ ਹਲਕਾਨ ਹੋ ਜਾਂਦੇ ਹਾਂ !! - ਸ਼ਾਇਦ ਅਸੀਂ ਇਸ ਦੌਰਾਨ ਆਪਣੇ ਹੱਡ-ਗੋਡੇ ਭੱਜਣ-ਸਿੱਕਣ ਤੋਂ ਡਰਦੇ ਹਾਂ!!

"ਕੋਈ ਗੱਲ ਨਹੀਂ, ਇਹ ਚਲਦਾ ਹੀ ਰਹਿੰਦੈ !!


सोमवार, 9 दिसंबर 2019

ਬਚਪਨ ਦੀ ਭੱਠੀਵਾਲੀ ਬੀਬੀ



ਹੁਣੇ ਵਹਾਤਸੱਪ ਤੇ ਆਪਣੇ ਕਾਲਜ ਦੇ ਦੋਸਤ ਪ੍ਰਫੂਲ ਨੇ ਵਹਾਤਸੱਪ ਤੇ ਇਕ ਸੁਨੇਹਾ ਭੇਜਿਆ - ਇਹ ਭੱਠੀ ਵਾਲੀ ਦੀ ਵੀਡੀਓ ਸੀ ਤੇ ਉਸ ਨੇ ਲਿਖਿਆ ਸੀ ਕਿ ਇਹ ਚੋਪੜੇ ਵਾਸਤੇ ਭੇਜ ਰਿਹਾ ਹਾਂ!!

ਬਹੁਤ ਚੰਗਾ ਲੱਗਾ ਜੀ ਇਹ ਵੀਡੀਓ ਦੇਖ ਕੇ!! ਬੀਤੇ ਦਿਨਾਂ ਦੀਆਂ ਗੱਲਾਂ ਚੇਤੇ ਆ ਗਈਆਂ - ਇਕ, ਦੋ, ਚਾਰ ਹੀ ਨਹੀਂ, ਜਿਵੇਂ ਉਸ ਮਿੱਤਰ ਨੇ ਇਹ ਵੀਡੀਓ ਭੇਜ ਕੇ ਮੈਨੂੰ ਯਾਦਾਂ ਦੀ ਪੰਡ ਹੀ ਭੇਜ ਦਿੱਤੀ ਹੋਵੇ!

ਮੈਂ ਰੇਡੀਓ ਸੁਣ ਰਿਹਾ ਸੀ ਤੇ ਨਾਲ ਨਾਲ ਜੋਸ਼ ਮਾਲਿਹਾਬਦੀ ਸ਼ਾਇਰ ਦੀ ਸਵੈਜੀਵਨੀ ਪੜ੍ਹ ਰਿਹਾ ਸੀ - ਇਹ ਵੀਡੀਓ ਦੇਖ ਕੇ ਰੁਕਿਆ ਨਹੀਂ ਗਿਆ, ਇੰਤਜ਼ਾਰ ਨਹੀਂ ਹੋਇਆ - ਇਹ ਪੋਸਟ ਰੂਪੀ ਰੁੱਕਾ ਲਿਖਣ ਲੱਗ ਪਿਆ!!

ਜੀ ਹਾਂ, ਇਹ ਗੱਲਾਂ ਨੇ ਅੱਜ ਤੋਂ 50 ਸਾਲ ਪਹਿਲਾਂ ਦੀਆਂ - ਸ਼ਹਿਰ ਅੰਮ੍ਰਿਤਸਰ - ਇਸਲਾਮਾਬਾਦ ਇਲਾਕੇ ਦੇ ਫਾਟਕ ਲਾਗੇ ਵੀ ਇਕ ਭੱਠੀ ਹੋਇਆ ਕਰਦੀ ਸੀ - ਪੈਂਚਰ ਵਾਲੇ ਟੂੰਡੇ ਦੇ ਖੋਖੇ ਦੇ ਲਾਗੇ - (ਟੂੰਡੇ, ਮੁਆਫ ਕਰ ਦੇਵੀਂ ...ਤੈਨੂੰ ਯਾਰ ਕਦੇ ਉਸ ਵੇਲੇ ਵੀ ਟੁੰਡਾ ਨਹੀਂ ਕਿਹਾ, ਹੁਣ ਕਿ ਕਹਿਣਾ ਏ....ਪਰ ਉਸ ਦਾ ਖੋਖਾ ਇਸ ਨਾਂਅ ਨਾਲ ਹੀ ਜਾਣਿਆ ਜਾਂਦਾ ਸੀ!!)

ਭੱਠੀ ਵਾਲੀ ਦੀ ਸ਼ਕਲ ਯਾਦ ਨਹੀਂ ਆ ਰਹੀ - ਪਰ ਸੋਚਦਾ ਹਾਂ ਕਿ ਉਹ ਜੋ ਵੀ ਸੀ ਇਸ ਵੀਡੀਓ ਵਿਚ ਦਿੱਖ ਰਹੀ ਦੇਵੀ ਵਰਗੀ ਹੀ ਜਾਪਦੀ ਸੀ - ਬਿਲਕੁਲ ਇਸ ਵਰਗੀ, ਸ਼ਰੀਰੋਂ ਕਮਜ਼ੋਰ ਪਰ ਦਿਲੋਂ ਤਗੜੀ !!

   

ਗੱਲ ਇੰਝ ਸੀ ਸਾਥੀਓ ਕਿ ਅੱਜ ਤੋਂ 50 ਸਾਲ ਪਹਿਲਾਂ ਜਦੋਂ ਅਸੀਂ 6-7 ਸਾਲਾਂ ਦੇ ਸੀ , ਉਸ ਵੇਲੇ ਸ਼ਾਮਾਂ ਨੂੰ ਇਹੋ ਕੁਛ ਖਾਣਾ ਹੀ ਸਾਡਾ ਮਨਭਾਉਂਦਾ "ਸਨੈਕ" ਹੋਇਆ ਕਰਦਾ ਸੀ - ਇਹ ਸ਼ਬਦ "ਸਨੈਕ" ਲਫ਼ਜ਼ ਵੀ ਅਸੀਂ ਕਿਤੇ ਜਾਣਦੇ ਸੀ!! - ਬਸ ਗਰਮੀ ਹੋਵੇ ਸਰਦੀ ਹੋਵੇ - ਸਾਨੂੰ ਭੱਠੀ ਵਾਲੀ ਕੋਲ ਜਾਣ ਦੀ ਉਡੀਕ ਲੱਗੀ ਰਹਿੰਦੀ ਸੀ ਕਿ ਕਿਹੜੇ ਵੇਲੇ ਚਾਰ ਸਾਡੇ ਚਾਰ ਦਾ ਵੇਲਾ ਹੋਵੇ ਤੇ ਅਸੀਂ ਆਪਣੀ ਭੱਠੀ ਵਾਲੀ ਕੋਲ ਭੱਜੀਏ!!

ਮੈਨੂੰ ਧਿਆਨ ਆ ਰਿਹੈ ਕਿ ਕਈ ਵਾਰੀ ਤੇ ਜਦੋਂ ਭੱਠੀ ਤੇ ਪਹੁੰਚ ਜਾਣਾ ਤਾਂ ਉਸ ਵੇਲੇ ਅਜੇ ਭੱਠੀ ਭਖੀ ਨਾ ਹੋਣੀ, ਅਜੇ ਉਹ ਆਪਣੇ ਬਾਲਨ ਨੂੰ ਸੰਭਾਲਦੀ ਦਿਖਦੀ - ਜੇਕਰ ਤੇ ਉਹ ਕਹਿ ਦਿੰਦੀ ਕਿ ਬਹਿ ਜਾ, ਹੁਣੇ ਭੁੰਨ ਦੇਂਦੀ ਹਾਂ ਦਾਨੇ, ਤੇ ਅਸੀਂ ਬਹਿ ਜਾਣਾ ਓਹਦੇ ਲਾਗੇ ਪਏ ਕਿਸੇ ਪੁਰਾਣੇ ਟਾਟ ਉੱਤੇ - ਜੇ ਉਸ ਦੇ ਕਹਿਣਾ ਕਿ ਅਜੇ ਅੱਧਾ ਘੰਟਾ ਲੱਗੇਗਾ - ਬਾਅਦ ਵਿਚ ਆਵੀਂ, ਤਾਂ ਮੈਂ ਕੈਂਚੀ ਸਾਈਕਲ ਚਲਾ ਕੇ ਵਾਪਸ ਤੁਰ ਜਾਣਾ - ਬਾਅਦ ਵਿਚ ਆ ਜਾਣਾ! ਕਹਿਣ ਦਾ ਮਤਲਬ ਇਹ ਕਿ ਉਸ ਬੀਬੀ ਉੱਤੇ ਐਡਾ ਵਿਸ਼ਵਾਸ ਕਿ ਜਿਵੇਂ ਉਸ ਨੇ ਕਹਿ ਦੇਣਾ ਉਸ ਨੂੰ ਬਿਨਾ ਆਪਣਾ ਦਿਮਾਗ ਲਾਏ ਮੰਨ ਵੀ ਲੈਣਾ !! - ਕਿੱਡੇ ਵਧੀਆ ਦਿਨ ਸੀ ਜਦੋਂ ਦਿਮਾਗ ਬਹੁਤ ਸੋਚਿਆ ਵੀ ਨਹੀਂ ਸੀ ਕਰਦਾ - ਹਰ ਇਕ ਨਾਲ ਪਿਆਰ ਸਤਿਕਾਰ ਤੇ ਸਾਂਝ ਹੀ ਦਿਖਦੀ ਸੀ ਆਲੇ ਦੁਆਲੇ!!

ਇਕ ਗੱਲ ਹੋਰ - ਕਦੇ ਕਦੇ ਜਦੋਂ ਘਰੋਂ ਆਉਣਾ ਤੇ ਪਤਾ ਚਲਣਾ ਕਿ ਅੱਜ ਭੱਠੀ ਬੰਦ ਹੈ ਤਾਂ ਮੂਡ ਇੰਨਾ ਖ਼ਰਾਬ ਹੁੰਦਾ ਜਿਵੇਂ ਕਿਸੇ ਸਿਨਮੇ ਦੀ ਟਿਕਟ ਨਾ ਮਿਲੀ ਹੋਵੇ! ਸੱਚੀਂ ਬੜੀ ਉਦਾਸੀ ਘੇਰ ਲੈਂਦੀ ਉਸ ਵੇਲੇ !!

ਭੱਠੀਆਂ ਇੰਨੀਆਂ ਵੀ ਜ਼ਿਆਦਾ ਨਹੀਂ ਸੀ ਹੁੰਦੀਆਂ ਕਿ ਇਕ ਬੰਦ ਹੈ ਤੇ ਦੂਜੀ ਤੇ ਚਲੇ ਜਾਈਏ, ਨਾਲੇ ਕੈਂਚੀ ਸਾਈਕਲ ਜਾਂ ਭੈਣ ਦਾ ਲੇਡੀ ਸਾਈਕਲ ਬਿਨਾ ਕਾਠੀ ਉੱਤੇ ਬਹਿ ਕੇ ਕਿਥੇ ਤਕ ਵਾਹ ਕੇ ਲੈ ਜਾਂਦਾ!!

ਅੱਛਾ ਸਰਦੀਆਂ ਵਿਚ ਤੇ ਵਾਧੂ ਮਜ਼ਾ ਆਉਂਦਾ - ਭੱਠੀ ਵਾਲੀ ਲਾਗੇ 10-20 ਮਿੰਟ ਬੈਠਣ ਦਾ - ਉਸ ਨੂੰ ਇਹ ਤੀਲੇ ਵਾਲੇ ਝਾੜੂ ਨਾਲ ਮੱਕੀ ਨੂੰ ਗਰਮ ਰੇਤ ਵਿਚ ਹਿਲਾਉਂਦੇ ਦੇਖ ਕੇ ਮੇਰਾ ਤਾਂ ਦਿਲ ਵੀ ਹਿਲ ਜਾਂਦਾ - ਇੰਨੀ ਫੁਰਤੀ - ਫੇਰ ਓਨੀ ਹੀ ਫੁਰਤੀ ਨਾਲ ਇਕ ਮਿੱਟੀ ਦਾ ਭਾਂਡੇ ਨਾਲ ਭੁੱਜਦੇ ਹੋਏ ਛੋਲੇਆਂ ਨੂੰ ਰਗੜਨਾ - ਜਿਵੇਂ ਤੁਸੀਂ ਉੱਪਰ ਇਸ ਵੀਡੀਓ ਵਿਚ ਦੇਖਿਆ ਹੋਵੇਗਾ !

ਮੈਂ ਤੇ ਸ਼ਾਇਦ ਇਹ ਤੀਲੇ ਵਾਲਾ ਝਾੜੂ ਤੇ ਇਹ ਮਿੱਟੀ ਦੀ ਛੋਟੀ ਜਿਹੀ ਕੁੰਨੀ ਵਾਲੀ ਗੱਲ ਭੁੱਲ ਹੀ ਗਿਆ ਸੀ - ਇਹ ਵੀਡੀਓ ਦੇਖ ਕੇ ਸਬ ਕੁਛ ਮੁੜ ਤਾਂ ਚੇਤੇ ਆ ਗਿਆ!!

ਅਸੀਂ ਭੱਠੀ ਤੇ ਭੁਨਵਾਉਣ ਕੀ ਜਾਈਦਾ ਸੀ - ਮਕਈ, ਕਦੇ ਕਦੇ ਛੋਲੇ ਤੇ ਕਦੇ ਕਦਾਈਂ ਚਾਵਲ ਵੀ - ਪਰ ਚਾਵਲ ਤੇ ਕਈ ਕਈ ਮਹੀਨਿਆਂ ਬਾਅਦ ਹੀ ਭੁਨਵਾਉਂਦੇ ਸੀ. ਅਸੀਂ ਕੱਪੜੇ ਦੇ ਥੈਲੀ ਵਿਚ ਲੈ ਕੇ ਜਾਣਾ। ਗਰਮਾ ਗਰਮਾ ਮੱਕੀ ਦੇ ਫੁੱਲੇ ਘਰ ਆ ਕੇ ਗੁੜ ਨਾਲ ਸਾਰੇ ਖਾਂਦੇ - ਭੁੰਨੇ ਛੋਲੇ ਵੀ ਗੁੜ ਨਾਲ ਹੀ ਖਾਂਦੇ ਜਾਂਦੇ ! ਹੁਣ ਮੈਨੂੰ ਲਿਖਦੇ ਹੋਏ ਇਹ ਵੀ ਯਾਦ ਆਇਆ ਕਿ ਕਦੇ ਕਦੇ ਅਸੀਂ ਛੋਲਿਆਂ ਦੀ ਦਾਲ ਵੀ ਤੇ ਭੁਨਵਾ ਕੇ ਲਿਆਈ ਦੀ ਸੀ - ਤੇ ਕਦੇ ਕਦੇ ਉਹ ਮੱਕੀ ਵੀ ਜਿਸਦੇ ਫੁੱਲੇ ਨਹੀਂ ਸੀ ਬਣਦੇ, ਪਰ ਜਿਹਨੂੰ ਤਾਜ਼ੀ ਤਾਜ਼ੀ ਨੂੰ ਚੱਬਣ ਦਾ ਬੜਾ ਮਜ਼ਾ ਆਉਂਦਾ ਸੀ!!

ਜਦੋਂ ਘਰ ਵਿਚ ਕਿਸੇ ਨੂੰ ਜ਼ੁਕਾਮ ਹੋਇਆ ਹੁੰਦਾ ਤਾਂ ਉਸ ਵਾਸਤੇ ਤੇ ਛੋਲੇ ਜਾਂ ਛੋਲੇਆਂ ਦੀ ਦਾਲ ਭੁਨਵਾ ਕੇ ਲਿਆਣੇ ਜ਼ਰੂਰੀ ਹੁੰਦੇ - ਕਿਓਂਕਿ ਕਿ ਇਕ ਤਾਂ ਉਸ ਨੇ ਗਰਮਾ ਗਰਮ ਛੋਲੇ ਗੁੜ ਨਾਲ ਖਾਣੇ ਤੇ ਦੂਜਾ ਬੀਜੀ ਦੀ ਘਰੇਲੂ ਡਾਕਟਰੀ ਮੁਤਾਬਿਕ ਰੁਮਾਲ ਵਿਚ ਗਰਮਾ ਗਰਮ ਭੁੰਨੇ ਹੋਏ ਛੋਲੇ ਬੰਨ ਕੇ ਨਾਸਾਂ ਉੱਤੇ ਸੇਕ ਕਰਣ ਨਾਲ ਜ਼ੁਕਾਮ ਠੀਕ ਹੋ ਜਾਂਦੈ - ਕਰੀਦਾ ਸੀ ਜੀ ਇੰਝ ਹੀ ਕਰੀਦਾ ਸੀ ਜ਼ੁਕਾਮ ਹੋਣ ਤੇ !! ਜ਼ੁਕਾਮ ਕਿਸੇ ਨੂੰ ਹੋ ਜਾਣਾ ਤੇ ਉਸ ਦੀ ਸਾਰਾ ਦਿਨ ਸੇਵਾ ਹੀ ਹੁੰਦੀ ਰਹਿੰਦੀ - ਵੇਸਣ ਦਾ ਪੂੜਾ, ਖੂਬ ਸਾਰਾ ਡ੍ਰਾਈ- ਫਰੂਟ ਪਾ ਕੇ ਵੇਸਣ ਦੀ ਲਸਬੀ - ਅਦਰਕ ਵਾਲੀ ਚਾਅ --- ਹੋਰ ਵੀ ਪਤਾ ਨਹੀਂ ਕੀ ਕੀ !! ਮਾਂ ਦੇ ਜੀਉਂਦਿਆਂ ਤੱਕ ਇਹ ਇਲਾਜ ਘਰ ਵਿਚ ਜ਼ੁਕਾਮ ਦਾ ਇਹ ਇਲਾਜ ਚਲਦਾ ਰਿਹਾ!!

ਕਿਧਰ ਦਾ ਕਿਧਰ ਨਿਕਲ ਗਿਆ ਮੈਂ ਤਾਂ - ਚਲੋ ਭੱਠੀ ਤੇ ਚਲੀਏ !! ਅੱਛਾ ਓਥੇ ਦਾਣੇ ਭਣਾਉਂਨ ਵਾਲੇਆਂ ਦਾ ਨੰਬਰ ਲੱਗਿਆ ਹੁੰਦਾ -  ਉਸ ਭੱਠੀ ਵਾਲੀ ਦੇ ਮਿਹਨਤਾਨੇ ਨੂੰ ਵੀ ਦਰਜ ਕਰ ਦੇਈਏ ਕਿ ਪੰਜਾਹ ਸਾਲ ਪਹਿਲਾਂ ਉਹ ਭੱਠੀ ਵਾਲੀ ਪੰਜਾਂ ਪੈਸਿਆਂ ਤੋਂ ਲੈ ਕੇ 25 ਪੈਸੇ ਦੇ ਵਿਚ ਦਾਣੇ ਭੁੰਨਣ ਦੀ ਭੁਨਵਾਈ ਲੈਂਦੀ ਸੀ - ਜਿੰਨੇ ਵੱਧ ਦਾਣੇ ਓੰਨੇ ਜ਼ਿਆਦਾ ਪੈਸੇ!! ਪਰ ਇਕ ਦੇਖ ਕੇ ਬੜਾ ਮਜ਼ਾ ਆਉਂਦਾ - ਉਸ ਭੱਠੀ ਵਾਲੀ ਦੀ ਪੂਰੀ ਟੋਹਰ ਹੁੰਦੀ - ਜੋ ਪੈਸੇ ਇਕ ਵਾਰੀ ਕਹਿ ਦਿੱਤੇ, ਉਸ ਤੋਂ ਥੱਲੇ ਨਹੀਂ, ਭੁਨਵਾਣੇ ਨੇ ਤੇ ਭੁਨਵਾਓ ਨਹੀਂ ਤੇ ਕੋਈ ਗੱਲ ਨਹੀਂ।

ਕਈ ਵਾਰੀ ਲੋਕੀਂ ਪੈਸੇ ਨਹੀਂ ਦਿੰਦੇ ਭੁੰਨਣ ਦੇ ਜਾਂ ਓਹਨਾ ਕੋਲ ਨਹੀਂ ਹੁੰਦੇ ਜਾਂ ਪੈਸੇ ਪੂਰੇ ਨਹੀਂ ਹੁੰਦੇ , ਉਹ ਭਾੜਾ ਦੇ ਦਿੰਦੇ - ਭਾੜਾ ਦਾ ਮਤਲਬ ਇਹ ਹੁੰਦਾ ਕਿ ਭੱਠੀ ਵਾਲੀ ਭੁੱਜੇ ਹੋਏ ਦਾਣਿਆਂ ਵਿਚੋਂ ਥੋੜੇ ਦਾਣੇ ਕੱਢ ਲੈਂਦੀ - ਇਸ ਤਰ੍ਹਾਂ ਉਸ ਨੂੰ ਆਪਣਾ ਮਿਹਨਤਾਨਾ ਮਿਲ ਜਾਂਦਾ, ਜਿਹੜੇ ਉਹ ਦੂਜਿਆਂ ਨੂੰ ਵੇਚ ਦਿੰਦੀ!! (ਕਹਿੰਦੇ ਤੇ ਭਾੜਾ ਹੀ ਸੀ, ਪਤਾ ਨਹੀਂ ਲਿਖਦੇ ਇੰਝ ਹੀ ਨੇ ਕਿ ਹੋਰ ਤਰ੍ਹਾਂ, ਧਿਆਨ ਨਹੀਂ, ਹੁਣ ਕੌਣ ਸ਼ਬਦ ਕੋਸ਼ ਵਿਚ ਲੱਭੇ, ਥੋੜਾ ਕੰਮ ਤੁਸੀਂ ਵੀ ਕਰੋ!! )

ਭੱਠੀ ਵਾਲੀ ਕੋਲ ਜਾ ਕੇ ਉਸ ਦੀ ਮੇਹਨਤ, ਉਸ ਦਾ ਜਜ਼ਬਾ, ਉਸ ਦੀ ਫੁਰਤੀ, ਉਸ ਦੀ ਕਢਾਈ ਵਿਚ ਫਿਰਦੀ ਬੋਕਰ, ਤੇ ਟਪੋਸੀਆਂ ਮਾਰ ਕੇ ਬਾਹਰ ਉੱਡਣ ਵਾਲੇ ਫੁੱਲਿਆਂ ਨੂੰ ਉਸ ਦਾ ਇਹ ਛਾਨਣੀ ਨਾਲ ਰੋਕ ਲੈਣਾ, ਫੇਰ ਉਸ ਨੂੰ ਭੁੰਨਣ ਦੇ ਬਾਅਦ ਛਾਨਣਾ, ਗ੍ਰਾਹਕ ਦੇ ਝੋਲੇ ਵਿਚ ਸੁੱਟਣ ਤੋਂ ਪਹਿਲਾਂ, ਭਖੀ ਹੋਈ ਭੱਠੀ ਵਿਚ ਅਗਲਾ ਪੂਰ ਪੈਣਾ - ਫੇਰ ਓਸੇ ਵੇਲੇ ਲੋਹੇ ਦੀ ਸੀਖ ਨਾਲ ਅੱਗ ਨੂੰ ਹਿਲਾਉਣਾ, ਬਾਲਨ ਹੋਰ ਪਾਣਾ, ਆਪਣਾ ਮੁੜਕਾ ਪੂੰਝਣਾ ਤੇ ਉਸੇ ਵੇਲੇ ਸਿਰ ਤੋਂ ਮਾੜੇ ਜਿਹੇ ਹਿੱਲੇ ਦੁਪੱਟੇ ਨੂੰ ਠੀਕ ਕਰਨਾ  - ਉਸ ਭੱਠੀ ਵਾਲੀ ਬੀਬੀ ਨੂੰ ਇਹ ਸਬ ਕਰਦੇ ਵੇਖ ਕੇ ਬੜੇ ਪਾਠ ਅਚਨਚੇਤ ਦਿਲ ਵਿਚ ਉਤਰਦੇ ਜਾਂਦੇ - ਮੇਹਨਤ ਕਾਰਨ ਵਾਲੇ ਦੀ ਕਦਰ, ਸਾਰੇ ਕੰਮਾਂ ਦੀ ਵਡਿਆਈ, ਦਸਾਂ ਨਹੁੰਆਂ ਦੀ ਕਿਰਤ, ਰੋਟੀ ਕਮਾਉਣ ਦੀ ਔਖਿਆਈ - ਇਹ ਸਬ ਗੱਲਾਂ ਦਾ ਧਿਆਨ ਆਉਂਦਾ ਰਹਿੰਦਾ ਹੁੰਦਾ -

ਮੈਂ ਅੱਜ ਸੋਚਿਆ ਕਿ ਇਹ ਦਾਣੇ ਭੁਨਵਾਉਂਨ ਦੀ ਡਿਊਟੀ ਮੇਰੀ ਹੀ ਲੱਗਦੀ ਸੀ - ਕਿ ਹੋਇਆ ਜੇ ਕਦੇ ਕਦੇ ਸਾਲ ਵਿਚ ਇਕ ਵਾਰ ਵੱਡੀ ਭੈਣ ਜਾਂ ਵੱਡਾ ਭਰਾ ਵੀ ਇਹ ਕੰਮ ਕਰਣ ਜਾਂਦਾ - ਮਾਂ ਤੇ ਤੇ ਵੇਹਲ ਹੀ ਕਿਥੇ ਹੁੰਦੀ - ਪਰ ਜਦੋਂ ਕਦੇ ਮੈਂ ਜ਼ੁਕਾਮ ਨਾਲ ਪਰੇਸ਼ਾਨ ਹੁੰਦਾ ਤਾਂ ਮਾਂ ਜ਼ਰੂਰ ਜਾ ਕੇ ਛੋਲੇ ਭੁੰਨਵਾ ਕੇ ਲਿਆਂਦੀ ਤੇ ਆ ਕੇ ਮੈਨੂੰ ਬੜੇ ਪਿਆਰ ਨਾਲ ਖਵਾਉਂਦੀ - ਹਾਂ, ਭਾਪਾ ਜੀ ਕਦੇ ਇਹ ਭੱਠੀ ਤੇ ਜਾਣ ਵਾਲੇ ਚੱਕਰਾਂ ਵਿਚ ਨਹੀਂ ਸੀ ਪੈਂਦੇ ਦੇਖੇ - ਅੱਜ ਸੋਚਦਾ ਹਾਂ ਕਿ ਸ਼ਾਇਦ ਵੱਡੇ ਭੈਣ ਭਾਈ ਨੂੰ ਭੱਠੀ ਤੇ ਖੜੇ ਸ਼ਰਮ ਆਉਂਦੀ ਹੋਵੇਗੀ - ਕਿਓਂਕਿ ਮੈਨੂੰ ਵੀ ਕੁਛ ਸਾਲਾਂ ਬਾਅਦ ਸ਼ਾਇਦ ਨੌਵੀਂ ਦਸਵੀ ਜਮਾਤ ਤੱਕ ਪਹੁੰਚਦੇ ਪਹੁੰਚਦੇ ਭੱਠੀ ਤੇ ਖੜ੍ਹਨਾ ਥੋੜਾ ਅਜੀਬ ਜੇਹਾ ਲੱਗਦਾ - ਸ਼ਰਮ ਤੇ ਨਹੀਂ ਕਹਾਂਗਾ - (ਕਿਓਂਕਿ ਮੈਂ ਤੇ ਵੈਸੇ ਹੀ ਸਾਰੇ ਦਾ ਸਾਰਾ ਸ਼ਰਮ ਦਾ ਮਾਰਿਆ ਹੋਇਆ ਹਾਂ - ਸਿਰ ਦੁਖਣ ਲੱਗਦਾ ਹੈ ਜਦੋਂ ਸੋਚਦਾ ਹਾਂ ਕਿ ਇਹ ਸ਼ਰਮੀਲਾਪਨ ਕਿਓਂ ਇੰਨਾ ਮੇਰੇ ਹੱਡਾਂ ਵਿਚ ਵੜਿਆ ਹੋਇਆ ਹੈ !!😂- ਫੇਰ ਇੰਝ ਹੀ ਹੌਲੀ ਹੌਲੀ ਭੱਠੀ ਤੇ ਜਾਣਾ ਘਟਦਾ ਗਿਆ!!

ਹੁਣ ਤੁਸੀਂ ਸੋਚੋ ਮਲਟੀਪਲੈਕਸ ਵਿਚ 450 ਰੁਪਏ ਦੇ ਮੱਕੀ ਦੇ ਫੁੱਲੇ ਖਾਂਦੇ ਜਵਾਨਾਂ ਨੂੰ ਦੇਖ ਕੇ ਮੈਨੂੰ ਕਿ ਲੱਗਦਾ ਹੋਵੇਗਾ !!

ਬੰਦ ਕਰੀਏ ਬਾਈ, ਨੀਂਦ ਆ ਗਈ - ਸ਼ਿਵ ਬਟਾਲਵੀ ਸਾਹਿਬ ਦਾ ਇਹ ਗੀਤ ਯਾਦ ਆ ਗਿਆ ਅੱਜ - ਸਕੂਲ ਦੀ ਕਿਤਾਬ ਵਿਚ ਪੜ੍ਹਿਆ ਹੋਇਆ - ਭੱਠੀਵਾਲੀਏ....ਪੀੜਾਂ ਦਾ ਪਰਾਗਾ ਭੁੰਨ ਦੇ!!

ਅੱਛਾ ਪ੍ਰਫੂਲ ਵੀਰ, ਤੇਰਾ ਬੜਾ ਬੜਾ ਸ਼ੁਕਰੀਆ, ਮੈਨੂੰ ਇਹ ਰੁੱਕਾ ਲਿਖਣ ਲਈ ਮਜਬੂਰ ਕਰਨ ਲਈ!!

ਨਵਦੀਪ ਬਰਾੜ ਦਾ ਯੂ ਟਯੂਬ ਚੈਨਲ ਦੇਖਿਆ ਤੁਸੀਂ ? ....

ਕੀ ਕਿਹਾ ਤੁਸੀਂ ?  ....ਨਹੀਂ ਦੇਖਿਆ।  ਕਦੋਂ ਦੇਖੋਗੇ ਫੇਰ ?  ਦਰਅਸਲ ਮੈਂ ਵੀ ਨਵਦੀਪ ਦੇ ਬਲਾਗ ਉੱਤੇ ਪਤਾ ਨਹੀਂ ਕਿੰਝ ਪੁੱਜ ਗਿਆ ,  ਮੈਨੂੰ ਯਾਦ ਨਹੀਂ ,  ਬੱਸ ਫੇਰ ਵੇਖ...