Saturday, 28 December 2019

ਓਏ ਰਬ ਤੁਹਾਡਾ ਭਲਾ ਕਰੇ - ਓਹ ਅਟੈਚੀਆਂ ਸੀ ਕਿ ਵੱਡੇ-ਵੱਡੇ ਅਟੈਚੇ!

ਦੋਸਤੋ, ਅਟੈਚੀਆਂ ਤੇ ਅਟੈਚੇ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਹੁਣੇ ਸਾਂਝੀਆਂ ਕਰਦਾ ਹਾਂ - ਪਹਿਲਾਂ ਕੁਛ ਹੋਰ ਉਰਲ ਪਰਲ ਗੱਲਾਂ ਕਰਦੇ ਹਾਂ.

ਦੋਸਤੋ, ਮੈਂ ਜਦੋਂ ਵੀ ਆਪਣੇ ਬਚਪਨ ਦੇ ਸਫਰ ਦੀਆਂ ਗੱਲਾਂ ਚੇਤੇ ਕਰਦਾ ਹਾਂ ਤਾਂ ਮੈਨੂੰ ਇਕ ਅਟੈਚੀ ਯਾਦ ਆਉਂਦੀ ਹੈ ਜਿਸ ਉੱਤੇ ਖ਼ਾਕੀ ਪੈਂਟ ਦੇ ਕੱਪੜੇ ਵਰਗਾ ਕਵਰ ਪਿਆ ਹੁੰਦਾ ਸੀ - ਇਕ ਹੋਰ ਚਮੜੇ ਦੀ ਅਟੈਚੀ ਵੀ ਹੁੰਦੀ ਸੀ, ਜਿਹੜੀ ਕਿਸੇ ਰਿਸ਼ਤੇਦਾਰ ਦੀ ਪੁਰਾਣੀ ਹੋ ਗਈ ਸੀ, ਇਸ ਕਰ ਕੇ ਸਾਡੇ ਘਰ ਆ ਗਈ ਸੀ।

ਜਿਹੜੀ ਖਾਕੀ ਕੱਪੜੇ ਦੇ ਕਵਰ ਵਾਲੀ ਅਟੈਚੀ ਦੀ ਮੈਂ ਗੱਲ ਕਰ ਰਿਹਾ ਹਾਂ, ਜਦੋਂ ਮੈਂ ਅੰਮ੍ਰਿਤਸਰ ਤੋਂ ਅੰਬਾਲਾ ਦੇ ਫੇਰੇ ਆਪਣੀ ਮਾਂ ਨਾਲ ਕੀਤੇ ਯਾਦ ਕਰਦਾ ਹਾਂ ਤਾਂ ਮੈਨੂੰ ਉਹ ਅਟੈਚੀ ਬੜੀ ਚੇਤੇ ਆਉਂਦੀ ਹੈ ਜਿਹੜੀ ਸਾਡੇ ਕੋਲ ਹੋਇਆ ਕਰਦੀ ਸੀ - ਵੈਸੇ ਤੇ ਮੈਨੂੰ ਮੇਰੀ ਮਾਂ ਦੀਆਂ ਭੋਲੀਆਂ ਗੱਲਾਂ ਵੀ ਡਾਢੀਆਂ ਚੇਤੇ ਆਉਂਦੀਆਂ ਨੇ - ਉਹ ਝੱਟ ਪੱਟ ਗੱਡੀ ਚਲਦਿਆਂ ਹੀ ਸਹੇਲੀਆਂ ਬਣਾ ਲੈਂਦੀ ਸੀ - ਕਈ ਵਾਰ ਮੈਨੂੰ ਚੇਤੇ ਹੈ ਕਿ ਜਦੋਂ ਮੈਨੂੰ ਤ੍ਰੇਹ ਲੱਗਣੀ ਤੇ ਮਾਂ ਨੇ ਦੇਖਣਾ ਕਿ ਕਿਸੇ ਸਟੇਸ਼ਨ ਉੱਤੇ ਕੋਈ ਬੰਦਾ ਉਤਰ ਰਿਹਾ ਹੈ ਤੇ ਉਸ ਨੂੰ ਕਹਿਣਾ - ਭਰਾ ਜੀ, ਜਰਾ ਇਹਨੂੰ ਵੀ ਪਾਣੀ ਪਿਓ ਦਿਓ  ! ਉਸ ਨੇ ਮੈਨੂੰ ਲੁਧਿਆਣੇ ਸਟੇਸ਼ਨ ਉੱਤੇ ਲੱਗੇ ਕਿਸੇ ਨਲਕੇ ਲਾਗੇ ਲੈ ਜਾਕੇ ਬੁੱਕ ਨਾਲ ਪਾਣੀ ਪਿਆ ਦੇਣਾ - ਤੇ ਮੈਂ ਭੱਜ ਕੇ ਮਾਂ ਦੇ ਡੱਬੇ ਵੱਲ ਆ ਜਾਣਾ - ਕਿਓਂਕਿ ਲੁਧਿਆਣੇ ਸਟੇਸ਼ਨ ਤੋਂ ਅਸੀਂ ਪੂਰੀ ਛੋਲੇ ਜ਼ਰੂਰ ਖਾਣੇ ਹੁੰਦੇ!!

ਇੰਝ ਹੀ ਜਦੋਂ ਅਸੀਂ ਘਰ ਦੇ ਸਾਰੇ ਜੀਆਂ ਨੇ ਕਿਤੇ ਜਾਣਾ ਹੁੰਦਾ ਤਾਂ ਸਾਡੇ ਕੋਲ ਘੱਟੋ ਘੱਟ ਦੋ ਫੌਜੀ ਮਾਰਕਾ ਟ੍ਰੰਕ ਹੁੰਦੇ ਨਾਲ ਦੋ ਬਿਸਤਰੇਬੰਦ - ਨਾਲ ਇਕ ਦੋ ਟੋਕਰੀਆਂ ਖਾਣ ਪੀਣ ਦੇ ਸਾਮਾਨ ਦੀਆਂ ਤੇ ਨਾਲ ਇਕ ਸੁਰਾਹੀ (ਚੱਪਣੀ ਸਮੇਤ, ਜਿਸ ਨੂੰ ਮੈਂ ਅਕਸਰ ਬੋਝੇ ਵਿਚ ਰੱਖ ਲੈਂਦਾ - ਉਸ ਜ਼ਮਾਨੇ ਵਿਚ ਮੈਨੂੰ ਸੁਰਾਹੀ ਦੀ ਛੋਟੀ ਜਿਹੀ ਚੱਪਣੀ ਬੜੀ ਵੱਡੀ ਚੀਜ਼ ਲੱਗਦੀ ਸੀ - ਫੇਰ ਸਮਝ ਆਉਣ ਲੱਗੀ ਕਿ ਉਹ ਐੱਡੀ ਵੀ ਵੱਡੀ ਚੀਜ਼ ਨਹੀਂ, ਕੋਈ ਗਲਾਸੀ ਵੀ ਉਸ ਉੱਤੇ ਮੂਧੀ ਮਾਰੀ ਜਾ ਸਕਦੀ ਏ!! 😂- ਕਿਓਂਕਿ ਅਕਸਰ ਸਾਡੀ ਗੱਡੀ ਅੰਮ੍ਰਿਤਸਰ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਤੋਂ ਹੀ ਚਲਦੀ ਸੀ - ਰਿਕਸ਼ਾ ਬਿਲਕੁਲ ਪਲੇਟਫਾਰਮ ਦੇ ਲਾਗੇ ਹੀ ਆ ਜਾਂਦਾ ਤੇ ਟ੍ਰੰਕ ਤੇ ਬਿਸਤਰੇਬੰਦ ਅਸੀਂ ਆਪੇ ਹੀ ਧਰੂ ਲੈਣੇ ! ਐਵੇਂ ਮੈਂ ਫੜਾਂ ਕਿਸ ਅੱਗੇ ਮਾਰਨੀਆਂ ਨੇ , ਸ਼ਾਇਦ ਕਦੇ ਕਦੇ ਵਾਪਸੀ ਵੇਲੇ ਜਦੋਂ ਕਿਸੇ ਦੂਜੇ ਪਲੇਟਫਾਰਮ ਉੱਤੇ ਗੱਡੀ ਆਉਣੀ ਤਾਂ ਹੀ ਕੁੱਲੀ ਕਰਨਾ ਪੈਂਦਾ !!

ਮਤਲਬ ਇਹ ਕਿ ਸ਼ੁਰੂ ਤੋਂ ਇੰਝ ਹੀ ਗੁੜਤੀ ਮਿਲੀ ਕਿ ਸਾਮਾਨ ਓਨ੍ਨਾ ਹੀ ਲੈ ਕੇ ਚੱਲੋ ਜਿੰਨਾ ਆਪੋ ਆਪ ਚੁਕਿਆ ਜਾ ਸਕੇ, ਨਹੀਂ ਤੇ ਐਵੇਂ ਇਕ ਦੂਜੇ ਨੂੰ ਦੇਖ ਕੇ ਹੀ ਗੁੱਸਾ ਆਉਂਦਾ ਰਹਿੰਦਾ ਏ।

ਵੱਡਾ ਮਾਮਾ ਅਜਮੇਰ ਤੋਂ ਜਦੋਂ ਪੰਜਾਬ ਆਉਂਦਾ ਸੀ  ਤਾਂ ਉਸ ਨੂੰ ਦਿੱਲੀ ਤੋਂ ਗੱਡੀ ਬਦਲਣੀ ਪੈਂਦੀ ਸੀ - ਜਦੋਂ ਉਸਦੀ ਉਮਰ ਵੱਡੀ ਹੋ ਗਈ ਤਾਂ ਸਾਨੂੰ ਦਸਿਆ ਕਰੇ ਕਿ ਯਾਰ ਦਿੱਲੀ ਸਟੇਸ਼ਨ ਦੀਆਂ ਪੌੜੀਆਂ ਤੇ ਸਾਹੋ ਸਾਹੀ ਹੋ ਕੇ ਚੜ ਜਾਂਦਾ ਹਾਂ, ਪਰ ਉਪਰ ਪਹੁੰਚ ਕੇ ਦਿਲ ਕਰਦਾ ਏ (ਮੋਟੀ ਜਿਹੀ ਗਾਲ ਕੱਢ ਕੇ ਕਹਿੰਦਾ !!) ਕਿ ਮਾਈਂ ਅਟੈਚੀ ਨੂੰ ਠੁੱਡਾ ਮਾਰ ਕੇ ਥੱਲੇ ਸੁੱਟ ਦਿਆਂ। ...ਇਹ ਸੁਣ ਕੇ ਮੇਰਾ ਤਾਂ ਹੱਸ ਹੱਸ ਕੇ ਬੁਰਾ ਹਾਲ ਹੋ ਜਾਂਦਾ - ਮੈਨੂੰ ਇੰਝ ਲੱਗਦਾ ਹੈ ਕਈ ਵਾਰੀ ਸਾਡੇ ਘਰ ਵਿਚ ਸਾਰੇ ਬੜਾ ਹੱਸਣ ਖੇਡਣ ਵਾਲੇ ਹੀ ਸਨ, ਮੇਰੇ ਭਾਪਾ ਜੀ ਵੀ ਬੜੇ ਮਜ਼ਾਕਿਆ ਸਨ, ਬਿਲਕੁਲ ਯਾਰਾਂ ਦੋਸਤਾਂ ਵਾਂਗ ਸਾਡੇ ਨਾਲ ਗੱਲਾਂ ਕਰਦੇ ਸੀ!!

ਅੱਛਾ ਮਾਮੇ ਦੀ ਗੱਲ ਛਿੜੀ ਤੇ ਮੈਨੂੰ ਮੇਰੇ ਇਕ ਦੋਸਤ ਦੇ ਮਾਮਾ ਜੀ ਦਾ ਖਿਆਲ ਆ ਗਿਆ - ਦੋਸਤੋ, ਉਸ ਦੇ ਮਾਮਾ ਜੀ ਆਪਣੇ ਟੱਬਰ ਸਮੇਤ ਕਨੇਡੇ ਤੋਂ ਕਿਸੇ ਵਿਆਹ ਤੇ ਪੰਜਾਬ ਆਏ ਸੀ । ਦੋਸਤੋ, ਆਪਣੇ ਉਸ ਮਿੱਤਰ ਨੇ ਫੇਸਬੁੱਕ ਤੇ ਆਪਣੇ ਮਾਮੇ ਹੋਰਾਂ ਦੇ ਪਰਿਵਾਰ ਦੀਆਂ ਅਟੈਚੀਆਂ ਦੀ ਇਕ ਫੋਟੋ ਪਾਈਂ - ਯਾਰੋ, ਮੈਂ ਐੱਡਿਆਂ ਖੂਬਸੂਰਤ, ਐੱਡਿਆਂ ਵੱਡੀਆਂ ਅਟੈਚੀਆਂ ਬੜੇ ਸਮੇ ਬਾਅਦ ਦੇਖੀਆਂ ਸਨ - ਇਹ ਤੇ ਨਹੀਂ ਕਹਾਂਗਾ ਕਿ ਉਹ ਅਟੈਚੀਆਂ ਵੇਖ ਕੇ ਮੇਰਾ ਤਾਂ ਸਾਹ ਉੱਤੇ ਦਾ ਉੱਤੇ ਤੇ ਥੱਲੇ ਦਾ ਥੱਲੇ  ਰਹਿ ਗਿਆ - ਇਹ ਕਹਾਂਗਾ ਤੇ ਡਰਾਮੇਬਾਜ਼ੀ ਲੱਗੇਗੀ, ਪਰ ਇੰਨਾ ਜ਼ਰੂਰ ਸੀ ਕਿ ਮੈਨੂੰ ਹੈਰਾਨੀ ਹੋਈ ਕਿ ਐੱਡੀ ਰਈਸੀ , ਐੱਡੇ ਨਵਾਬੀ ਟੋਹਰ ਟੱਪੇ - ਮੈਂ ਵੀ ਖਾਮਖਾਂ ਆਪਣੇ ਦਿਮਾਗ ਤੇ ਜ਼ੋਰ ਪਾਉਣੋਂ ਨਹੀਂ ਰਹਿੰਦਾ - ਮੈਂ ਇਹੋ ਸੋਚਦਾ ਰਿਹਾ ਕਿ ਜਿਸ ਛੋਟੇ ਜਿਹੇ ਕਸਬੇ ਵਿਚ ਤੇ ਜਿਸ ਗਲੀ ਵਿਚ ਜਦੋਂ ਇਹ ਸਾਮਾਨ ਪਹੁੰਚਿਆ ਹੋਵੇਗਾ ਤਾਂ ਆਂਢ-ਗੁਆਂਢ ਦਾ ਕੀ ਹਾਲ ਹੋਇਆ ਹੋਉ - ਕਿ ਕਰੀਏ ਮਾੜੇ ਬੰਦੇ ਜਲਦੀ ਡਰ ਜਾਂਦੇ ਨੇ - ਬਸ ਛੋਟਾ ਹੀ ਹੁੰਦਾ ਜਿਗਰਾ!!

ਆਂਢ ਗੁਆਂਢ ਤੋਂ ਗੱਲ ਚੇਤੇ ਆਈ ਕਿ 1970 ਦੇ ਨੇੜੇ ਧੇੜੇ ਦੀ ਗੱਲ ਹੈ - ਮੇਰਾ ਰਈਸ ਚਾਚਾ ਜਦੋਂ ਕਾਰ ਲੈ ਕੇ ਅੰਮ੍ਰਿਤਸਰ ਆਉਂਦਾ ਤਾਂ ਮੈਂ ਉਸ ਨੂੰ ਮਿਲ ਕੇ ਭੱਜ ਕੇ ਬਾਹਰ ਆ ਜਾਂਦਾ ਤੇ ਉਸ ਦੀ ਫੀਅਟ ਗੱਡੀ ਦੀ ਰਾਖੀ ਕਰਣ ਲੱਗ ਪੈਂਦਾ ਤਾਕਿ ਕੋਈ ਉਸ ਨੂੰ ਹੱਥ ਨਾ ਲਾਵੇ, ਝਰੀਟ ਝਰੂਟ ਹੀ ਨਾ ਮਾਰ ਜਾਵੇ - ਜਿੰਨਾ ਚਿਰ ਉਹ ਗੱਡੀ ਸਾਡੇ ਬੂਹੇ ਅੱਗੇ ਖੜੀ ਰਹਿਣੀ ਮੈਂ ਮਾਈਂ ਐਵੇਂ ਹੀ ਆਕੜਿਆ ਜੇਹਾ ਰਹਿਣਾ - ਅੱਜ ਉਸ ਗੱਲ ਬਾਰੇ ਸੋਚਦਾ ਹਾਂ ਤੇ ਬੜਾ ਹਾਸਾ ਆਉਂਦਾ ਹੈ - ਉਸ ਚਾਚੇ ਤੇ ਉਸ ਦੇ ਪਰਿਵਾਰ ਦੇ ਅਟੈਚੀ ਵੀ ਬੜੇ ਵਧੀਆ ਤੇ ਮਹਿੰਗੇ ਹੁੰਦੇ ਸਨ - ਪਰ ਉਸ ਨਾਲ ਸਾਨੂੰ ਕੀ ਫਰਕ ਪੈਂਦਾ ਸੀ - ਮੈਨੂੰ ਪੱਕਾ ਯਾਦ ਹੈ ਕਿ ਜ਼ਿੰਦਗੀ ਵਿਚ ਮਾਂ ਮੇਰੀ ਉਹਨਾਂ ਦਿਨਾਂ ਵਿਚ ਮੇਰੇ ਕੋਲੋਂ ਖੰਡ ਥੋੜੀ ਜੇਹੀ ਲੁਕੋ ਕੇ ਰੱਖਦੀ ਸੀ - ਬਿਲਕੁਲ ਝਾਵਲਾ ਜੇਹਾ ਹੈ - ਕਿਓਂਕਿ ਖੰਡ ਰਾਸ਼ਨ ਦੇ ਡਿਪੋ ਤੋਂ ਮਿਲਦੀ ਸੀ -  ਤੇ ਮੈਂ ਹਰ ਵੇਲੇ ਇਕ ਮੁੱਠ ਵਿਚ ਕੱਚੇ ਚਾਵਲ ਤੇ ਦੂਜੇ ਵਿਚ ਖੰਡ ਦੀਆਂ ਬੁੱਕਾਂ ਭਰ ਭਰ ਕੇ ਉਸ ਨੂੰ ਚੱਬਣ ਦਾ ਸ਼ੋਕੀਨ - ਮਾਂ ਅਕਸਰ ਕਹਿੰਦੀ - ਵੇ, ਕੱਚੇ ਚਾਵਲ ਨਾ ਖਾਇਆ ਕਰ, ਪੱਥਰੀ ਹੋ ਜਾਂਦੀ ਏ।

ਪਰ ਮੈਨੂੰ ਕੁਛ ਹੋਰ ਲੱਭੇ ਵੀ ਸਹੀ ਤੇ ਖਾਣ ਨੂੰ - ਇਹ ਉਹ ਦਿਨ ਸਨ ਜਦੋਂ ਪਰੋਣਾ ਆਉਣ ਤੇ 50 ਪੈਸੇ ਦਾ ਮਿਲਕਫੂਡ ਦਾ ਬਿਸਕੁਟਾਂ ਦਾ ਪੈਕੇਟ ਆਉਂਦਾ ਤਾਂ ਉਸ ਦੇ ਜਾਣ ਦੀ ਉਡੀਕ ਇਸ ਲਈ ਹੀ ਰਹਿਣੀ ਕਿ ਦੇਖਾਂ ਤੇ ਸਹੀ, ਪਲੇਟ ਚ' ਕੁਛ ਬਚਿਆ ਵੀ ਏ ਕਿ ਸਬ ਕੁਝ ਰਗੜ ਗਿਆ ਏ😂

ਇੰਝ ਹੀ ਲੋਕਾਂ ਦਾ ਵਧੀਆ ਵਧੀਆ ਸਾਮਾਨ ਵੇਖ ਕੇ ਆਪਣੀ ਵੀ ਜ਼ਿੰਦਗੀ ਲੰਘੀ ਜਾ ਰਹੀ ਸੀ - ਮੈਨੂੰ ਵੀ ਜਦੋਂ 1985 ਵਿਚ ਸਟਾਈਪੇੰਡ ਮਿਲਿਆ ਸ਼ਾਇਦ 900 ਰੁਪਈਏ - ਤਾਂ ਮੈਂ ਪਹਿਲਾ ਕੰਮ ਇਹੋ ਕੀਤਾ ਕਿ ਅੰਮ੍ਰਿਤਸਰ ਦੀ ਕੁਈਨਸ ਰੋਡ ਦੇ ਇਕ ਸ਼ੋਰੂਮ ਤੇ ਪੁੱਜ ਕੇ ਸੱਤ ਅੱਠ ਸੋ ਰੁਪਈਏ ਦੀ ਇਕ ਅਰਿਸਟੋਕ੍ਰੇਟ ਦਾ ਸੂਟਕੇਸ ਖਰੀਦ ਸੁੱਟਿਆ ਤੇ ਰਿਕਸ਼ਾ ਕਰ ਕੇ ਘਰ ਜਾ ਪਹੁੰਚਿਆ। ਫਿਰ ਕੁਛ ਮਹੀਨਿਆਂ ਬਾਅਦ ਅੰਬਾਲੇ ਵਿਚ ਜਿਹੜਾ ਮਾਸੜ ਬੈਂਕ ਦੀ ਨੌਕਰੀ ਕਰਦਾ ਸੀ ਉਸ ਨੇ ਰਿਆਅਤੀ ਮੁੱਲ ਉੱਤੇ ਇਕ ਛੋਟੀ ਵੀ ਆਈ ਪੀ ਅਟੈਚੀ ਖਰੀਦ ਦਿੱਤੀ - ਨਾਲੇ ਇਕ ਆਫ਼੍ਟਰ ਸ਼ੇਵ ਲੋਸ਼ਨ ਵੀ ਕਿਓਂਕਿ ਇਹ ਓਹ ਦਿਨ ਸੀ ਜਦੋਂ ਮੇਰੇ ਵੀ ਖੰਭ ਖੁੱਲਣ ਲਈ ਫੜਫੜਾਂਦੇ ਤੇ ਤੇ ਫੇਰ ਕਿਸੇ ਡਰ ਸਦਕਾ ਆਪੇ ਹੀ ਠੱਪੇ ਜਾਂਦੇ ਸੀ - ਉਡਾਰੀ ਤੋਂ ਪਹਿਲਾਂ ਹੀ ! ਹਾਂ, ਜਿਸ ਦਿਨ ਆਰਮੀ ਦੀ ਕੰਟੀਨ ਤੋਂ ਮਾਸੜ ਨੇ ਉਹ ਅਟੈਚੀ ਖਰੀਦ ਕੇ ਦਿੱਤੀ ਉਸ ਦਿਨ ਉਸ ਦੇ ਖਟਾਰਾ ਸਕੂਟਰ ਦੇ ਪਿਛੇ ਬੈਠੇ ਜਿੰਨਾ ਚਿਰ ਮੁੜ ਸਦਰ ਬਾਜ਼ਾਰ ਨਾਨੀ ਦੇ ਕੋਲ ਨਹੀਂ ਪੁੱਜ ਗਿਆ, ਉਹ ਪਿਓ ਦਾ ਪੁੱਟ ਹਿਸਾਬ ਹੀ ਲਾਉਂਦਾ ਰਿਹਾ ਕਿ ਉਸ ਨੇ ਕਿੰਨਾ ਫਾਇਦਾ ਕਰਵਾ ਦਿੱਤਾ!! ਇਕ ਵਾਰੀ ਤੇ ਦਿਲ ਕੀਤਾ ਵਗਾਹ ਕੇ ਪਰੇ ਸੁੱਟਾਂ ਉਸ ਛੋਟੀ ਅਟੈਚੀ ਨੂੰ, ਕਿਓਂਕਿ ਸਾਨੂੰ ਸਾਡੇ ਮਾਂ ਪਿਓ ਨੇ ਕਦੇ ਵੀ ਕਿਸੇ ਨਾ ਅਹਿਸਾਨ ਲੈਣਾ ਤਾਂ ਸਿਖਾਇਆ ਹੀ ਨਹੀਂ - ਇਹਨੂੰ ਤੁਸੀਂ ਆਕੜ ਕਹੋ ਜਾਂ ਖੁੱਦਾਰੀ ਜਾ ਹੋਰ ਵੀ ਕੁਛ ਜੋ ਤੁਹਾਨੂੰ ਲੱਗੇ, ਕੀ ਫਰਕ ਪੈਂਦਾ ਏ !!
ਉਹ ਅਟੈਚੀ ਜਿਸ ਨੇ ਮਾਸੜ ਦੇ ਅਹਿਸਾਨ ਥੱਲੇ ਦੱਬ ਦਿੱਤਾ (ਪੈਸੇ ਖੁਦ ਭਰੇ ਸੀ ਜੀ!) - ਮਾਸੜ ਦੀ ਕੰਟੀਨ ਵਿਚ ਬੜੀ ਚਲਦੀ ਸੀ !! 

ਵੈਸੇ ਉਹ ਮਾਸੜ ਨਾਲ ਜਾ ਕੇ ਖਰੀਦੀ ਅਟੈਚੀ ਨੂੰ ਮੇਰੇ ਭਾਪਾ ਜੀ ਨੇ ਬੜਾ ਇਸਤੇਮਾਲ ਕੀਤਾ - ਮੈਨੂੰ ਬੜਾ ਚੰਗਾ ਲੱਗਦਾ ਜਦੋਂ ਉਹ ਉਸ ਵਿਚ ਆਪਣੇ ਦੋ ਜੋੜੇ ਪਾ ਕੇ ਸਫ਼ਰ ਕਰਦੇ - ਉਹ ਅਜੇ ਵੀ ਪਈ ਹੈ - ਹੁਣੇ ਫੋਟੋ ਖਿੱਚ ਕੇ ਪਾਉਂਦਾ ਹਾਂ!!

ਮੈਂ ਵੀ ਕਿਹੜਾ ਟੌਪਿਕ ਲੈ ਬੈਠਾ ਹਾਂ - ਕੋਈ ਸਰ ਪੈਰ ਨਹੀਂ ਜੀ ਇਸ ਦਾ - ਬਸ ਗੱਲ ਇਹੋ ਹੈ ਕਿ ਉਸ ਦਿਨ ਉਸ ਦੋਸਤ ਦੇ ਘਰ ਦੇ ਵੇਹੜੇ ਵਿਚ 8-10 ਟੈਚੇ 😂😂ਵੇਖ ਕੇ ਬੜੀ ਹੈਰਾਨੀ ਹੋਈ - ਐਨਾ ਸਾਮਾਨ ਲੋਕ ਕਿਵੇਂ ਢੋ ਵੀ ਲੈਂਦੇ ਨੇ - ਪਰ ਗੱਲ ਓਹੋ ਹੈ ਕਿ ਕਿਹੜਾ ਕਿਸੇ ਨੇ ਆਪ ਢੋਣਾ ਹੁੰਦੈ - ਕੁੱਲੀ ਨੇ , ਮੋਟਰਾਂ ਕਾਰਾਂ ਨੇ - ਸਮਾਂ ਬਦਲ ਗਿਆ ਏ - ਦੋਸਤ ਦੱਸ ਰਿਹਾ ਸੀ ਕਿ ਕੈਨੇਡਾ ਵਾਲੇ ਮਾਮਾਜੀ ਦੇ ਘਰ ਦੇ ਹਰ ਜੀਅ ਦੇ ਦੋ ਅਟੈਚੀ ਸਨ - ਮੈਨੂੰ ਚੇਤੇ ਆਇਆ ਕਿ ਕੁਛ ਮਹੀਨੇ ਪਹਿਲਾਂ ਜਦੋਂ ਮੈਂ ਵੀ ਅਮਰੀਕਾ ਗਿਆ ਸੀ, ਮੈਂ ਵੀ ਤੇ ਕਿੱਡਾ ਮੱਛਰਿਆ ਸੀ।  ਅਸੀਂ ਵੀ ਦੋ ਵੱਡੇ ਵੱਡੇ ਟੈਚੇ ਖਰੀਦੇ - ਇਕ ਇਕ ਦੋਵਾਂ ਲਈ - ਨਾਲ ਇਕ ਇਕ ਬੈਗ - ਖੂਬ ਕੱਪੜੇ ਠੂਸੇ ਉਹਨਾਂ ਵਿਚ - ਕਿਓਂਕਿ ਕਿਸੇ ਕਿਹਾ ਕਿ ਓਥੇ ਕੱਪੜੇ ਧੋਣ ਦਾ ਕੰਮ ਨਹੀਂ ਹੋਣਾ - ਪਹਿਲਾਂ ਹੀ ਕੱਪੜੇ ਪੂਰੇ ਲੈ ਕੇ ਚੱਲੋ - ਪਰ ਫੇਰ ਵੀ ਜ਼ਿਆਦਾ ਹੀ ਹੋ ਗਿਆ ਸੀ ਸਾਮਾਨ !!

ਬਸ ਹੁਣ ਮੇਰਾ ਅੱਗੇ ਕੁਛ ਨਹੀਂ ਲਿਖਣ ਦਾ ਦਿਲ ਕਰ ਰਿਹਾ।  ਐਵੇਂ ਮੈਂ ਵੀ ਕਈ ਵਾਰ ਪਾਣੀ ਰਿੜਕਣ ਲੱਗ ਪੈਂਦਾ ਹਾਂ - ਮੁਕਦੀ ਗੱਲ ਇਹ ਹੈ ਕਿ ਮੈਂ ਘੱਟੋ ਘੱਟ ਸਾਮਾਨ ਨਾਲ ਹੀ ਸਫਰ ਕਰਨਾ ਪਸੰਦ ਕਰਦਾ ਹਾਂ - ਹਮੇਸ਼ਾ - ਦੋ ਚਾਰ ਦਿਨ ਪਹਿਲਾਂ ਤਾਂ ਮੈਂ ਇਕ ਪਿੱਠੂ ਬੈਗ ਖਰੀਦ ਲਿਆ ਏ ਕਿ 2-4 ਦਿਨਾਂ ਲਈ ਕਿਤੇ ਵੀ ਜਾਣਾ ਏ ਤਾਂ ਓਹਨੂੰ ਹੀ ਲੈ ਜਾਇਆ ਕਰਾਂਗਾ - ਇਕ ਦੋ ਜੀਨਾਂ ਤੇ 4-5 ਪਤਲੀਆਂ ਪਤਲੀਆਂ ਕਮੀਜ਼ਾਂ - ਪਰ ਦੇਖੋ !!
ਕੁਝ ਦਿਨ ਪਹਿਲਾਂ ਹਮੇਸ਼ਾ ਲੱਗੀਆਂ ਸੇਲਾਂ ਵਿਚੋਂ ਇਕ ਸੇਲ ਤੋਂ ਖਰੀਦਿਆ ਇਹ ਪਿੱਠੂ ਬੈਗ - ਸੋਚ ਰਿਹਾ ਹਾਂ ਹੁਣ ਉਸ ਨੂੰ ਹੀ ਆਪਣੇ ਸਫ਼ਰ ਦਾ ਸਾਥੀ ਬਣਾ ਛੱਡਾਂ 😂

ਨੀਰਜ ਜੀ ਦੀ ਇਹ ਗੱਲ ਬੜੀ ਚੇਤੇ ਆਉਂਦੀ ਹੈ -
ਜਿਤਨਾ ਕੰਮ ਸਾਮਾਨ ਰਹੇਗਾ,
ਉਤਨਾ  ਸਫ਼ਰ ਆਸਾਨ ਰਹੇਗਾ!

ਪਰ ਅੱਜ ਲੋਕ ਕਿਥੇ ਮੰਨਦੇ ਨੇ, ਸਾਰਾ ਕੁਛ ਜਿਵੇਂ ਕੱਪੜਿਆਂ ਵਿਚ ਹੀ ਆ ਵੜਿਆ ਹੋਵੇ - ਬਾਹਰੋਂ ਕੋਈ ਆਵੇ, ਵਾਧੂ ਸਾਮਾਨ ਲਿਆਵੇ ਤੇ ਸਮਝ ਆਉਂਦੀ ਹੈ - ਇਥੇ ਵੀ ਤੇ ਲੋਕੀਂ ਵੱਡੇ ਵੱਡੇ ਟੈਚੇ ਕੇ ਕੇ ਗੱਡੀਆਂ ਵਿਚ ਚੜੇ ਹੁੰਦੇ ਨੇ, ਉੱਤੋਂ ਮੇਰੇ ਵਰਗੇ ਮੋਟੇ, ਤੇ ਮੇਰੇ ਵਾਂਙੂ ਹੀ ਢਿੱਡ ਨਿਕਲੇ ਹੋਏ - ਬੁਰਾ ਹਾਲ ਤੇ ਬਾਂਕੇ ਦਿਹਾੜੇ - ਫੇਰ ਵੀ ਵੱਡੇ ਵੱਡੇ ਨਗਾਂ ਤੋਂ ਨਹੀਂ ਡਰਦੇ - ਜਿੰਨੇ ਪੈਸੇ ਲੋਕ ਕੁੱਲੀਆਂ ਨੂੰ ਦੇਂਦੇ ਨੇ ਓਹਨੇ ਵਿਚ ਤੇ ਨਵਾਂ ਸਾਮਾਨ ਹੀ ਆ ਜਾਵੇ - ਜਿਵੇਂ ਕਿਸੇ ਰੇਸਤਰਾਂ ਤੇ ਬੈਠੇ ਮੈਨੂੰ ਅਕਸਰ ਖਿਆਲ ਆਉਂਦਾ ਏ ਕਿ ਇਸ ਜਗ੍ਹਾ ਉੱਤੇ ਖਾਣ ਦਾ ਜਿੱਡਾ 2-3 ਬੰਦਿਆਂ ਦਾ ਬਿੱਲ ਆ ਜਾਂਦਾ ਹੈ ਓੰਨੇ ਵਿਚ ਤੇ ਆਪਣੇ ਘਰ ਕੰਮ ਕਰਣ ਵਾਲੀ ਦੇ ਸਾਰੇ ਟੱਬਰ ਦਾ ਰਾਸ਼ਨ ਹੀ ਆ ਜਾਂਦਾ ਹੋਵੇਗਾ !!

ਪੋਸਟ ਕਿੰਝ ਦੀ ਲੱਗੀ - ਮੈਨੂੰ ਤੇ ਐਵੇਂ ਹੀ ਲੱਗੀ - ਖਾਮਖਾਂ ਟਾਈਪ ਵਰਗੀ!! ਚਲੋ ਦੋਸਤ ਦੇ ਮਾਮੇ ਤੇ ਮੇਰੇ ਮਾਮੇ ਦੇ ਬਹਾਨੇ ਕੁਛ ਯਾਦਾਂ ਹਰੀਆਂ ਹੋ ਗਈਆਂ। ਬੜਾ ਕੁਛ ਤੇ ਅਜੇ ਲਿਖਣੋਂ ਰਹਿ ਗਿਆ ਏ, ਪਰ ਜਿਹੜੀ ਗੱਲ ਹਮੇਸ਼ਾ ਚੇਤੇ ਰਹੇਗੀ ਉਹ ਹੈ ਦੋਸਤ ਦੀ ਫੇਸਬੁੱਕ ਉੱਤੇ ਸਾਂਝੀ ਕੀਤੀ ਉਹ ਵੱਡੇ ਵੱਡੇ ਟੈਚੇਆਂ ਦੀ ਫੋਟੋ - ਮੈਂ ਉਸ ਨੂੰ ਕਦੇ ਕਦੇ ਯਾਦ ਦਿਵਾਉਂਦਾ ਹਾਂ ਤੇ ਮੈਂ ਬੜਾ ਹੱਸਦਾ ਹਾਂ - ਉਹ ਵੀ ਮੇਰਾ ਮਜ਼ਾਕ ਸਹਿ ਜਾਂਦਾ ਏ, ਹੋਰ ਕੋਈ ਹੋਵੇ ਤੇ ਬਲਾਕ ਕਰ ਕੇ ਪਰਾ ਮਾਰੇ- ਸ਼ਾਇਦ ਇਸ ਲਈ ਕਿ 99% ਤੇ ਮੈਂ ਆਪਣੇ ਆਪ ਤੇ ਹੀ ਹੱਸਦਾ ਹੁੰਦਾ ਹਾਂ - ਜੇ ਕਦੇ ਕਦੇ ਆਲੇ ਦੁਆਲੇ ਤੇ ਵੀ ਹੱਸ ਲਿਆ ਜਾਵੇ ਤੇ ਕਿਹੜੀ ਵੱਡੀ ਗੱਲ ਹੈ, ਤੁਹਾਨੂੰ ਕਿ ਲਗਦੈ !!

ਜਾਂਦੇ ਜਾਂਦੇ ਉਹ ਵਿਆਹ ਵਿਚ ਮਿਲੇ 1-2 vip ਦੇ ਅਟੈਚੀਆਂ ਦੀਆਂ ਗੱਲਾਂ ਤੇ ਰਹਿ ਹੀ ਗਈਆਂ - ਚਲੋ, ਅਜੇ ਉਹਨਾਂ ਨੂੰ ਠੱਪੇ ਹੀ ਰਹਿਣ ਦਈਏ !!

ਹੁਣ ਮੈਂ ਆਪਣੀ ਪਸੰਦ ਦਾ ਇਕ ਗਾਣਾ ਸੁਣਨਾ ਚਾਹੁੰਦਾ ਹਾਂ - ਹਾਂਜੀ, ਇਕ ਗੱਲ ਹੋਰ ਤਾਂ ਮੈਂ ਸਾਂਝੀ ਕਰਣੀ ਭੁੱਲ ਹੀ ਗਿਆ - ਦੋ ਦਿਨ ਪਹਿਲਾਂ ਰਾਤੀਂ ਐਵੇਂ ਹੀ ਕਿਸੇ ਧਾਰਮਿਕ ਜਿਹੇ ਚੈਨਲ ਨੂੰ ਲੈ ਲਿਆ - ਮੈਨੂੰ ਇੰਝ ਲੱਗਾ ਕਿ ਮੈਂ ਤਾਂ ਐਵੇਂ ਹੀ ਹੋਰ ਚੈਨਲ ਉੱਤੇ ਦਿਲ ਪਰਚਾਵਾ ਲੱਭਦਾ ਫਿਰਦਾ ਹਾਂ - ਸਾਰਾ ਮਸਾਲਾ ਤਾਂ ਹੁਣ ਕਈ ਧਾਰਮਿਕ ਚੈਨਲਾਂ ਤੇ ਹੀ ਪਿਆ ਹੁੰਦਾ ਹੈ !! ਡਾਢੀ ਡਰਾਮੇਬਾਜ਼ੀ ਚੱਲ ਰਹੀ ਹੁੰਦੀ ਹੈ - ਮੈਨੂੰ ਚੇਤੇ ਆ ਰਿਹਾ ਹੈ ਕਿ ਕਈ ਵਾਰ ਜਦੋਂ ਮੈਂ ਸਤਸੰਗ ਤੋਂ ਵਾਪਸ ਮੁੜ ਕੇ ਆਉਣਾ ਤਾਂ ਵੱਡੇ ਮੁੰਡੇ ਨੇ ਕਹਿਣਾ - "ਹਾਂ ਪਾਪਾ, ਪਾਖੰਡ ਭੋਰ ਆਏ ਹੋ?"

ਚਲੋ ਦਫ਼ਾ ਕਰੋ ਗਾਣੇ ਨੂੰ, ਇਕ ਨਜ਼ਮ ਸੁਨਿਓ -

Friday, 13 December 2019

ਸਿਆਣਪ ਦੀਆਂ ਗੁੰਝਲਾਂ

ਇਹ ਵੀ ਕੋਈ ਟੋਪਿਕ ਹੋਇਆ ਲਿਖਣ ਜੋਗਾ - ਪਰ ਮੈਨੂੰ ਅੱਜ ਧਿਆਨ ਆਇਆ ਤੇ ਬੜਾ ਹਾਸਾ ਵੀ ਆਇਆ - ਵੈਸੇ ਅੱਜ ਹੀ ਨਹੀਂ ਮੈਨੂੰ ਤੇ ਦਿਨ ਵਿਚ ਕਈਂ ਵਾਰੀਂ ਜ਼ਿਆਦਾ ਸਿਆਣਪਾਂ ਤੇ ਵਾਧੂ ਹਾਸਾ ਵੀ ਆਉਂਦੈ !

ਕਲ ਮੇਰੇ ਕੋਲ ਇਕ ਰੇਲ ਦਾ ਬੜਾ ਵੱਡਾ ਰਿਟਾਇਰ ਅਫਸਰ ਆਪਣੇ ਇਲਾਜ ਵਾਸਤੇ ਆਇਆ - ਉਸ ਵੇਲੇ ਮੇਰੇ ਕੋਲ ਰੇਲ ਦਾ ਇਕ ਰਿਟਾਇਰ ਚਪੜਾਸੀ ਬੈਠਾ ਹੋਇਆ ਸੀ - ਮੈਂ ਦਵਾਈ ਲਈ ਇਸ ਦੇ ਮੈਡੀਕਲ ਕਾਰਡ ਦਾ ਨੰਬਰ ਦੇਖਣਾ ਸੀ, ਉਸ ਨੇ ਓਸੇ ਵੇਲੇ ਆਪਣੇ ਬੋਝੇ ਵਿਚੋਂ ਕੱਢ ਕੇ ਮੇਰੇ ਅੱਗੇ ਕੀਤਾ!

ਇਹ ਵੇਖ ਕੇ ਉਸ ਵੱਡੇ ਅਫਸਰ ਨੇ ਬੜੀ ਹੈਰਾਨੀ ਜਿਹੀ ਨਾਲ ਉਸ ਕਾਰਡ ਨੂੰ ਦੇਖਿਆ ਤੇ ਉਸ ਨੂੰ ਕਹਿੰਦੈ ਕਿ ਕਾਰਡ ਬਣਵਾ ਲਿੱਤਾ? ਮੈਂ ਉਸ ਨੂੰ ਦੱਸਿਆ ਕਿ ਇਹ ਵਾਰਡ ਤੀਮੀਂ ਦਾ ਤੇ ਬੱਚਿਆਂ ਦਾ ਅੱਡੋ ਅੱਡ ਬਣਦਾ ਏ ! ਖੈਰ ਉਹ ਤੇ ਉਸ ਨੂੰ ਵੀ ਪਤਾ ਹੀ ਸੀ - ਰੇਲਵੇ ਦੇ ਭਰਤੀ ਬੋਰਡਾਂ ਵਰਗੇ ਅਦਾਰੇਆਂ ਦਾ ਉਹ ਚੇਅਰਮੈਨ ਰਹਿ ਚੁਕਿਆ ਹੈ, ਉਹ ਕਿਹੜਾ ਨਿਆਣਾ ਸੀ!! ਪਰ ਅਜੇ ਤਕ ਉਸ ਅਫਸਰ ਦਾ ਨਹੀਂ ਸੀ ਬਣਿਆ - "ਜਨਾਨੀ ਦੀ ਜਨਮ ਤਾਰੀਖ ਦਾ ਅੜਿੱਕਾ ਫਸਿਆ ਹੋਇਆ ਏ, ਕਿੰਨੇ ਚਿਰਾਂ ਤੋਂ" ਉਸ ਦਸਿਆ!!

ਦਰਅਸਲ ਰੇਲਵੇ ਵਿਚ ਮੈਡੀਕਲ ਕਾਰਡ ਨਵੇਂ ਸਿਰਿਓਂ ਬਣ ਰਹੇ ਨੇ - ਕਈ ਮਹੀਨੇ ਹੋ ਗਏ ਨੇ - ਇਹ ਕਾਰਡ ਸਾਰੇ ਦੇਸ਼ ਵਿਚ ਕਿਤੇ ਵੀ ਚੱਲਣਗੇ - ਕਿਤੋਂ ਵੀ ਰੇਲ ਦਾ ਮੁਲਾਜ਼ਿਮ ਜਾਂ ਸਾਬਕਾ ਮੁਲਾਜ਼ਿਮ ਦਵਾਈ ਲੈ ਸਕਦੈ!!

ਵੈਸੇ ਤਾਂ ਇਸ ਨੂੰ ਬਣਵਾਉਣ ਦੀ ਡੈਡ-ਲਾਈਨ ਖ਼ਤਮ ਹੋ ਚੁਕੀ ਹੈ - ਪਰ ਫੇਰ ਵੀ ਬੜੇ ਲੋਕਾਂ ਦਾ ਅਜੇ ਪੰਗਾ ਪਿਆ ਹੋਇਆ ਏ.

ਜਿਨਾਂ ਕੁ ਮੈਂ ਦੇਖਿਆ ਹੈ - ਜਿੰਨਾ ਕੁ ਮੈਂ ਜਾਣਦਾ ਹਾਂ, ਜਿੰਨੇ ਵੀ ਉਹ ਲੋਕ ਜਿੰਨਾ ਨੂੰ ਅਸੀਂ ਮਾਤਰ-ਸਾਥੀ ਕਹਿ ਦਿੰਦੇ ਹਾਂ - ਲਿਖਦਿਆਂ ਅਜੀਬ ਲੱਗ ਰਿਹੈ ਪਰ ਲਿਖਣਾ ਤੇ ਪਉ, ਜਿਹੜੇ ਥੋੜੀਆਂ ਨੀਵੀਆਂ ਪੋਸਟਾਂ ਤੋਂ ਰਿਟਾਇਰ ਹੋਏ ਨੇ, ਉਹਨਾਂ ਸਾਰਿਆਂ ਨੂੰ ਇਹ ਕਾਰਡ ਆਪਣੇ ਖੀਸੇ ਵਿਚ ਧਰੇ ਹੁੰਦੇ ਨੇ - ਪਰ ਜਿਹੜੇ ਬੜੇ ਬੜੇ ਪੜ੍ਹੇ ਲਿਖੇ ਨੇ, ਵੱਡੇ ਵੱਡੇ ਉਹਦਿਆਂ ਤੋਂ ਰਿਟਾਇਰ ਹੋਏ ਹੁੰਦੇ ਨੇ ਉਹਨਾਂ ਦਾ ਕੋਈ ਨਾ ਕੋਈ ਪੰਗਾ - ਬਸ ਹਰ ਕੋਈ ਆਪਣੇ ਆਪ ਨੂੰ ਵੱਡੇ ਤੋਂ ਵੱਡਾ ਸਿਆਣਾ ਸਮਝਣ ਵਾਲਾ !!

ਇਹ ਤੇ ਇਕ ਕਾਰਡ ਦੀ ਹੀ ਗੱਲ ਸੀ , ਕਿ ਤੁਹਾਨੂੰ ਨਹੀੰ ਲੱਗਦਾ ਕੀ ਜਿਹੜਾ ਬਿਲਕੁਲ ਮਾਤਰ-ਸਾਥੀ ਹੁੰਦੈ ਉਹ ਆਪਣੇ ਲੱਗਭਗ ਅਜਿਹੇ ਸਾਰੇ ਕੰਮ ਸਮੇਂ ਸਿਰ ਚਾਈੰ ਚਾਈੰ ਕਰਵਾ ਕੇ ਲਾਂਭੇ ਕਰਦੈ - ਕਿਤੇ ਵੀ ਦੇਖਿਓ , ਓਹਦੇ ਸਾਰੇ ਕੰਮ ਇੰਝ ਮੱਖਣ ਤੋਂ ਵਾਲ ਲਾਹੁਣ ਵਾਂਗ ਹੁੰਦੇ ਜਾਂਦੇ ਨੇ.

ਬੈਂਕ ਵਿਚ ਦੇਖ ਲਵੋ, ਜਿਥੇ ਬਾਊ ਨੇ ਕਿਹਾ ਸਾਈਨ ਕਰ ਦਿੰਦੈ - "ਗੂਠਾ"ਵੀ ਲਾ ਦਿੰਦਾ ਏ - ਸ਼ਾਇਦ ਆਪਣੀ ਕਿਸੇ ਫਿਕ੍ਸ੍ਡ ਡਿਪੋਜ਼ਿਟ ਉੱਤੇ ਵਿਆਜ ਉੱਤੇ ਇਨਕਮ ਟੈਕਸ ਤੋਂ ਵੀ ਬਚ ਜਾਂਦਾ ਹੋਉ, ਪਰ ਜ਼ਰੂਰਤ ਤੋਂ ਜ਼ਿਆਦਾ ਪੜਿਆ ਲਿਖਿਆ ਐਵੇਂ ਛੋਟੀਆਂ ਛੋਟੀਆਂ ਗੱਲਾਂ ਵਿਚ ਗੁੰਝਲ ਪਾਈ ਫਿਰਦੈ !

ਮੈਂ ਕਈ ਵਾਰੀ ਹਾਸੇ ਹਾਸੇ ਵਿਚ ਲੋਕਾਂ ਨਾਲ ਇਹ ਗੱਲ ਸਾਂਝੀ ਕਰਦਾ ਹਾਂ ਕਿ ਮੇਰੇ ਬਚਪਨ ਦੇ ਦੌਰਾਨ ਸੀ ਇਸ ਅਜਿਹਾ ਕਿਰਦਾਰ ਬਰਕਤ - ਉਸ ਵਿਚਾਰੇ ਦੀ ਸਾਰੀ ਉਮਰ ਕੋਟ ਕਚਿਹਰੀ ਚ ਹੀ ਲੰਘੀ - ਪਰ ਇਕ ਨੰਬਰ ਦਾ ਉਧਮੀ - ਜੁਗਾੜੀ - ਮੈਨੂੰ ਚੇਤੇ ਆ ਰਿਹਾ ਕਿ ਉਹ ਕਿਸੇ ਦਫਤਰ ਤੋਂ ਕੋਈ ਕਾਗਜ਼ ਲੈਣਾ ਹੁੰਦਾ - ਉਹ ਚਪੜਾਸੀ ਨੂੰ ਇਕ ਬੀੜੀ ਪਿਆ ਕੇ ਹੀ ਲੈ ਆਉਂਦਾ !! ਕਿਤੋਂ ਫੈਸਲੇ ਦੀ ਨਕਲ ਕਿਸੇ ਨੂੰ ਚਾ ਦਾ ਇਕ ਕਪ ਪਿਆ ਕੇ ਕਢਵਾ ਲਿਆਉਂਦਾ !! ਓਹਨੂੰ ਇਹੋ ਜਿਹੇ ਕੰਮ ਵੀ ਬੜੇ ਕਰਨੇ ਆਉਂਦੇ ਸੀ, ਕਿਸੇ ਨੂੰ ਚਿੱਠੀ ਭੇਜਣ ਦਾ ਪਰੂਫ ਚਾਹੀਦਾ ਹੁੰਦਾ ਤੇ ਡਾਕ ਖਾਨੇ ਦੇ ਕਿਸੇ ਚਪੜਾਸੀ ਨੂੰ ਕਹਿ ਕਹਿਲਵਾ ਕੇ ਯੂ ਪੀ ਸੀ ਦੀ ਮੋਹਰ ਵੀ ਲਿਆ ਲਿਆਉਂਦਾ - ਫੀਸ ? - ਬਸ ਓਹੀਓ ਇਕ ਬੀੜੀ ਤੇ ਇਕ ਕਪ ਚਾ !

ਅਜਿਹੇ ਕੰਮ ਪੜ੍ਹਿਆ ਲਿਖਿਆ ਬੰਦਾ ਆਪਣੇ ਪੜੇ ਲਿਖੇ ਤਰੀਕੇ ਨਾਲ ਕਰਵਾਉਂਦਾ ਕਰਵਾਉਂਦਾ ਆਪਣੇ ਮਹਿੰਗੇ ਬੂਟ ਘਿਸਾ ਮਾਰਦੈ !

ਕਦੇ ਇਸ ਬਾਰੇ ਸੋਚੀਏ ਤੇ ਇਹ ਵੀ ਧਿਆਨ ਆਉਂਦੈ ਕਿ ਆਮ ਬੰਦਾ ਜ਼ਿਆਦਾ ਸੋਚਦਾ ਵੀ ਤੇ ਨਹੀਂ - ਜਦੋਂ ਅਸੀਂ ਜ਼ਰੂਰਤ ਤੋਂ ਜ਼ਿਆਦਾ ਹੀ ਪੜ੍ਹ ਲਿਖ ਜਾਂਦੇ ਹਾਂ, ਅਸੀਂ ਸਿਆਣਪ ਦੀਆਂ ਗੌੱਗਲਾਂ ਨਾਲ ਦੁਨੀਆਂ ਨੂੰ ਦੇਖਣ ਲੱਗਦੇ ਹਾਂ ਤੇ ਸਾਨੂੰ ਜ਼ਿਆਦਾਤਰ ਲੋਕ ਚੋਰ-ਉਚੱਕੇ ਹੀ ਨਜ਼ਰ ਆਉਂਦੇ ਹਨ, ਸੱਚੀਂ ਸੱਚੀਂ ਦੱਸਿਓ ਇੰਝ ਹੀ ਹੁੰਦੈ ਕਿ ਨਹੀਂ ? ਅਸੀਂ ਕੀਤੇ ਦਸਤਖ਼ਤ ਕਰਣੋਂ ਡਰਦੇ ਹਾਂ - ਕਿਤੇ ਕੋਈ ਕਾਗਜ਼ ਪੱਤਰ ਦੇਣ ਲੱਗੇ ਸੋਚਦੇ ਹਾਂ - ਇੰਝ ਲੱਗਦੈ ਜਿਵੇਂ ਸਾਮਣੇ ਬੈਠਾ ਸਬ ਤੋਂ ਵੱਡਾ ਜਾਲਸਾਜ਼ ਹੈ ਤੇ ਇਹ ਪਤਾ ਨਹੀਂ ਸਾਡੇ ਕਾਗਜ਼ਾਂ ਦੀ ਫੋਟੋਕੋਪੀਆਂ ਨਾਲ ਕੀ ਕਰ ਲਵੇਗਾ ! ਉੱਪਰੋਂ ਸਾਡਾ ਦਿਮਾਗ ਵਹਾਤਸੱਪ ਦੇ ਸੁਨੇਹਿਆਂ ਨੇ ਖ਼ਰਾਬ ਕੀਤਾ ਹੁੰਦੈ ਕਿ ਇੰਝ ਤੁਹਾਡਾ ਖਾਤਾ ਖਾਲੀ ਜੋ ਜਾਉ ਤੇ ਇੰਝ ਤੁਸੀਂ ਕੰਗਾਲ ਹੋ ਜਾਵੋਗੇ !! ਨਾਲ ਕਿਸੇ ਨੂੰ ਕਾਗਜ਼ ਦੇਣ ਲੱਗਿਆਂ ਵੱਡੇ ਬੰਦੇ ਦੀਆਂ ਉਸ ਤੋਂ ਵੱਡੀਆਂ ਆਕੜਾਂ ਤੇ ਓਹੋ ਜਿਹੀ ਬਾਡੀ -ਲੈਂਗਵੇਜ - ਉਹ ਵੀ ਕੀ ਕਰੇ ਉਸ ਪਿਓ ਦੇ ਪੁੱਤ ਨੇ ਕਦੇ ਨਿਓਂ ਕੇ ਗੱਲ ਕੀਤੀ ਹੀ ਨਹੀਂ ! ਹਮੇਸ਼ਾ ਬੰਦੇ ਬੰਦੇ ਉੱਤੇ ਰੌਬ ਹੀ ਝਾੜਿਆ ਤੇ ਉਸ ਨੂੰ ਬੰਦਾ ਸਮਝਣ ਤੋਂ ਵੀ ਇਨਕਾਰ ਹੀ ਕੀਤਾ!

ਦੂਜੇ ਪਾਸੇ ਮਾਤਰ ਸਾਥੀ ਦੀ ਗੱਲ ਕਰੀਏ - ਇਸ ਵਿਚਾਰੇ ਦੇ ਪੱਲੇ ਹਲੀਮੀ ਨਾਲ ਗੱਲ ਕਰਨ ਤੋਂ ਇਲਾਵਾ ਹੋਰ ਕੁਛ ਨਹੀਂ - ਅਤੇ ਇਹੋ ਹੀ ਉਸ ਦਾ ਸਭ ਤੋਂ ਵੱਡਾ ਹਥਿਆਰ ਸਾਬਤ ਹੁੰਦੈ - ਜਿਸ ਅੱਠਵੀਂ ਦਸਵੀਂ ਪਾਸ ਬਾਊ ਕੋਲੋਂ ਉਸ ਨੂੰ ਕੰਮ ਹੈ , ਉਹ ਉਸ ਕੋਲੋਂ ਕੋਈ ਵੀ ਕਾਗਜ਼ ਪੱਤਰ ਮੰਗਦਾ ਏ ਤਾਂ ਉਹ ਪੁਰਾਣੀ ਜਿਹੀ ਪਲਾਸਟਿਕ ਦੀ ਥੈਲੀ ਓਹਦੇ ਸਾਮਣੇ ਮੂਧੀ ਮਾਰਦੈ ਤੇ ਸਾਰੇ 5-7 ਕਾਰਡ ਓਹਦੇ ਮੇਜ਼ ਉੱਤੇ ਖਿਲਾਰ ਦੇਂਦੈ - ਵੇਖ ਲੈ ਬਾਈ ਜਿਹੜਾ ਤੈਨੂੰ ਚਾਹੀਦੈ !! 😂- ਨਾਲ ਉਸ ਨੇ ਖੂਬ ਸਾਰੀਆਂ ਫੋਟੋਕੋਪੀਆਂ ਵੀ ਫੜੀਆਂ ਹੋਣਗੀਆਂ - ਗੱਲ ਬਾਤ ਦਾ ਲਹਿਜ਼ਾ ਤੇ ਉਸ ਦਾ ਨਰਮ ਹੁੰਦਾ ਹੀ ਹੈ - ਬਸ ਕਈ ਵਾਰ ਉਸ ਦਾ ਵਿਗੜਿਆ ਕੰਮ ਵੀ ਮਿੰਟੋਂ ਮਿੰਟੀ ਬਣ ਜਾਂਦੈ -

ਦੂਜੇ ਪਾਸੇ ਮੇਰੇ ਵਰਗੇ ਪੜੇ ਲਿਖੇ ਬੰਦੇ ਨੂੰ ਉਹਨਾਂ ਕਾਗਜ਼ ਦੀਆਂ ਡਿਗਰੀਆਂ ਤੇ ਵਾਧੂ ਭਰੋਸਾ ਹੁੰਦੈ, ਉਹ ਆਪਣੇ ਆਪ ਨੇ ਦੂਜਿਆਂ ਤੋਂ ਅੱਡ ਸਮਝਦਾ ਏ - ਐਵੇਂ ਹੀ ਬਾਵਾਂ ਟੁੰਗੀ ਰੱਖਦੈ - ਬਾਉ ਨੇ ਜੇ ਕਿਤੇ ਇਕ ਕਾਰਡ ਦੀ ਫੋਟੋਕਾਪੀ ਮੰਗ ਲਈ ਤੇ ਆਪਣੀ ਸਾਰੀ ਅੰਗਰੇਜ਼ੀ ਦੇ ਮਾਰਦੈ ਉਸ ਬਾਊ ਨੂੰ ਡਰਾਉਣ ਲਈ ਕਿ ਕੀਤੇ ਇਹ ਫੋਟੋਕਾਪੀ ਮੰਗਣੋਂ ਬਾਜ ਆ ਜਾਵੇ - ਪਰ ਬਾਉ ਵੀ ਠਹਿਰਿਆ ਪੱਕਾ ਬਾਉ , ਉਹ ਇਸ ਬੁੱਧੀਜੀਵੀ ਦੇ ਤੇਵਰ ਵੇਖ ਕੇ ਉਸ ਦੇ ਕੰਮ ਵਿਚ ਦੋ ਤਿੰਨ ਕਮੀਆਂ ਹੋਰ ਕੱਢ ਮਾਰਦੈ - ਉਸ ਦਫਤਰ ਦਾ ਵੱਡਾ ਸਾਹਬ ਵੀ ਬਾਉ ਦੇ ਕੰਮ ਵਿਚ ਅੜਿੱਕਾ ਨਹੀਂ ਪਾ ਸਕਦਾ !

ਮੈਂ ਵੀ ਸਵੇਰੇ ਸਵੇਰੇ ਲਿਖਣ ਲੱਗ ਪਿਆ - ਇਕ ਅਜਿਹਾ ਸਬਕ ਜਿਸ ਨੂੰ ਪੜ੍ਹਿਆ ਅਸੀਂ ਸਾਰਿਆਂ ਨੇ ਹੈ - ਪਰ ਭੁੱਲ ਜਾਂਦੇ ਹਾਂ. ਅੱਛਾ ਜੀ, ਅੱਜ ਦੀਆਂ ਗੱਪਾਂ ਇਥੇ ਹੀ ਬੰਦ ਕਰੀਏ ਤੇ ਡਿਊਟੀ ਤੇ ਪਹੁੰਚੀਏ !!

ਵੈਸੇ ਉਹ ਮੈਡੀਕਲ ਕਾਰਡ ਅਜੇ ਮੇਰਾ ਵੀ ਨਹੀਂ ਬਣਿਆ - ਮੇਰੇ ਮੋਬਾਈਲ ਵਿਚ ਤਾਂ ਹੈ - ਪਰ ਮੈਂ ਕਈਆਂ ਰਿਟਾਇਰ ਮੁਲਾਜ਼ਮਾਂ ਕੋਲੋਂ ਪੁੱਛ ਜ਼ਰੂਰ ਲੈਂਦਾ ਹੈ ਕਿ ਇਹ ਤੁਸੀਂ ਕਿਹੜੀ ਦੁਕਾਨ ਤੋਂ ਬਣਵਾਇਆ ਹੈ ! ਇਹ ਵੀ ਮੇਰੀ ਸਿਆਣਪ ਦੀ ਇਕ ਗੁੰਝਲ ਹੀ ਹੈ!

ਆਮ ਆਦਮੀ ਕੋਲੋਂ ਹਲੀਮੀ ਨਾਲ ਗੱਲ ਕਰਨੀ ਸਿੱਖਣ ਦੀ ਲੋੜ ਹੈ , ਸਾਮਣੇ ਵਾਲੇ ਦਾ ਸਤਿਕਾਰ ਕਰਨਾ ਸਿੱਖਣ ਦੇ ਲੋੜ ਹੈ - ਐਵੇਂ ਗੱਲ ਗੱਲ ਉੱਤੇ ਟੱਪਣ ਦੀ ਲੋੜ ਵੀ ਨਹੀਂ ਹੁੰਦੀ - ਇਹ ਵੀ ਆਪਾਂ ਸਿੱਖੀਏ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਈਏ।
ਗੁਰੂ ਦੇਵ ਸਾਬ ਨੇ ਵੀ ਫ਼ਰਮਾਇਆ ਹੈ -

ਨਾਨਕ ਨੀਵਾਂ ਜੋ ਚਲੇ, ਲਾਗੇ ਨਾ ਤਾਤੀ ਵਾਓ !!

ਵੈਸੇ ਮੇਰੇ ਵਿਚਾਰ ਵਿਚ ਜ਼ਮੀਨ ਨਾਲ ਜੁੜੇ ਰਹਿਣ ਲਈ ਇਹ ਜਿਹੇ ਗੀਤ ਸੁਣਨੇ ਵੀ ਬੜੇ ਜ਼ਰੂਰੀ ਹੁੰਦੇ ਨੇ - ਜਿਸ ਵਿਚ ਆਪਾਂ ਪਲ ਪਲ ਇਸ ਪਰਮ ਪਿਤਾ ਦਾ ਸ਼ੁਕਰਾਨਾ ਕਰਦੇ ਰਹੀਏ - ਸ਼ੁਕਰ ਦਾਤਿਆ ਤੇਰੇ ਸ਼ੁਕਰ ਦਾਤਿਆ!! ਇੰਝ ਕਰਣ ਨਾਲ ਵੀ ਸਾਡੀ ਅਕਾਲ ਟਿਕਾਣੇ ਰਹਿੰਦੀ ਹੈ!!

Wednesday, 11 December 2019

ਸਰਕਾਰੀ ਸਾਂਡਾਂ ਨੂੰ ਵੀ ਲੋਕਾਂ ਜ਼ਿਆਦਾ ਹੀ ਬਦਨਾਮ ਕੀਤਾ ਹੋਇਐ !!

ਨਿਊ ਯਾਰਕ ਦੇ ਬੁੱਲ-ਚਾਰਜਰ ਨਾਲ ਖਿਚਵਾਈ ਫੋਟੋ ਚੇਤੇ ਆ ਗਈ -ਮਈ 2019

"ਸਰਕਾਰੀ ਸਾਂਡ" - ਇਕ ਅਜਿਹਾ ਲਫ਼ਜ਼ ਜਦੋਂ ਵੀ ਸਾਡੀਆਂ ਗੱਲਾਂ ਵਿਚ ਆ ਜਾਂਦੈ, ਬੜੇ ਹਾਸੇ ਛਿੜ ਜਾਂਦੇ ਨੇ! ਮੇਰੇ ਮੁੰਡੇ ਥੋੜੇ ਵੱਡੇ ਹੋਏ ਤੇ ਸਕੂਟਰ ਉੱਤੇ ਮੇਰੇ ਪਿੱਛੇ ਬੈਠੇ ਬੈਠੇ ਪੁੱਛਣ ਲੱਗੇ - ਪਾਪਾ, ਇਹਨੂੰ ਸਰਕਾਰੀ ਸਾਂਡ ਭਲਾ ਕਹਿੰਦੇ ਹੀ ਕਿਓਂ ਨੇ! ਉਹਨਾਂ ਨੂੰ ਥੋੜਾ ਬਹੁਤ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਇਹਨਾਂ ਦਾ ਕੰਮ ਸਮਝਾਉਣਾ ਹੀ ਪੈਂਦਾ...
ਇਹ ਝੋਟੇ ਦੇ ਹਰ ਹਿੱਸੇ ਨਾਲ ਫੋਟੋ ਖਿਚਵਾਉਣ ਦਾ ਕ੍ਰੇਜ਼ ਦੇਖ ਕੇ ਵਾਧੂ ਹਾਸਾ ਆਇਆ !!


ਉਸ ਤੋਂ ਬਾਅਦ ਓਹ ਜਦੋਂ ਵੀ ਕੋਈ ਖੁੱਲ੍ਹਾ ਫਿਰਦਾ ਸਾਂਡ ਦੇਖਦੇ ਤਾਂ ਹੱਸਦੇ ਨਾ ਥੱਕਦੇ - ਖਾਸ ਕਰ ਕੇ ਜਦੋਂ ਕੋਈ ਬੁੱਢਾ ਸਾਂਡ ਮਟਕ ਮਟਕ ਕੇ ਤੁਰ ਰਿਹਾ ਦੇਖਦੇ ਤਾਂ ਕਹਿੰਦੇ ਕਿ ਹੁਣ ਇਸ ਨੂੰ ਵੀ ਹਿਸਾਬ ਦੇਣਾ ਪੈ ਰਿਹੈ !

ਸਾਂਡ ਪਿਛਲੇ ਕੁਛ ਸਮੇਂ ਤੋਂ ਖ਼ਬਰਾਂ ਵਿਚ ਨੇ - ਜਗ੍ਹਾ ਜਗ੍ਹਾ ਤੇ ਉਹ ਲੋਕਾਂ ਨੂੰ ਚੱਕ ਕੇ ਪਟਕ ਰਹੇ ਨੇ - ਕਈ ਵਾਰ ਤਾਂ ਉਹਨਾਂ ਦੇ ਸ਼ਿਕਾਰ ਦੀ ਮੌਤ ਹੀ ਹੋ ਜਾਂਦੀ ਹੈ! ਜਦੋਂ ਦਾ ਇਹ ਵਾਹਟਸੱਪ ਆਇਆ ਹੈ ਉਸੇ ਵੇਲੇ ਤੋਂ ਕਈਂ ਵੀਡਿਓਜ਼ ਦੇਖੀਆਂ ਜਿਸ ਵਿਚ ਖੁੱਲੇ ਛੱਡੇ ਹੋਏ ਸਾਂਡ (ਅਵਾਰਾ ਕਹਿਣ ਦਾ ਮਨ ਨਹੀਂ ਕਰ ਰਿਹਾ! - ਮੇਰਾ ਵਿਚਾਰੇ ਕਿ ਲੈਂਦੇ ਨੇ!!) ਆਉਂਦੇ ਜਾਂਦੇ ਲੋਕਾਂ ਨੂੰ, ਇਥੋਂ ਤਕ ਸਕੂਟਰ ਮੋਟਰ ਸਾਈਕਲ ਸਵਾਰ ਲੋਕਾਂ ਨੂੰ ਚੱਕ ਕੇ ਪਰੇ ਸੁੱਟਦੇ ਦਿਖਦੇ ਨੇ!!

ਸਾਂਡਾਂ ਬਾਰੇ ਵੀ ਬੜੇ ਰਲੇ ਮਿਲੇ ਖਿਆਲ ਜਿਹੇ ਮਨ ਵਿਚ ਆਉਂਦੇ ਰਹਿੰਦੇ - ਬਚਪਨ ਵਿਚ ਗੱਡੇ ਚਲਦੇ ਵੇਖਦੇ ਸੀ - ਜਿਸ ਉੱਤੇ 50-50 ਬੰਦੇ ਸਵਾਰ ਹੁੰਦੇ ਤੇ ਇਸ ਨੂੰ ਦੋ ਸਾਂਡ ਧਿੱਕ ਰਹੇ ਹੁੰਦੇ! ਸਕੂਲੋਂ ਵਾਪਸ ਆਉਂਦਿਆਂ ਦੁਰਗਿਆਣਾ ਮੰਦਿਰ ਅੰਮ੍ਰਿਤਸਰ ਦੇ ਲਾਗੇ ਜਿਥੇ ਗੰਨੇ ਦਾ ਰਸ ਵੀ ਵਿਕ ਰਿਹਾ ਹੁੰਦਾ, ਉਸ ਨੂੰ ਵੀ ਇਕ ਸਾਂਡ ਹੀ ਗੋਲ ਗੋਲ ਘੁੰਮ ਕੇ ਚਲਾ ਰਿਹਾ ਹੁੰਦਾ - ਜਿਸ ਦੀਆਂ ਅੱਖਾਂ ਉੱਤੇ ਅਕਸਰ ਪੱਟੀ ਬੱਝੀ ਦਿਖਦੀ!

ਇਹ ਬਚਪਨ ਦੇ ਉਹ ਦਿਨ ਸਨ ਜਦੋਂ ਕੋਹਲੂ ਦੇ ਬੈਲ ਵਰਗੇ ਮੁਹਾਵਰੇ ਵੀ ਚੇਤੇ ਕੀਤੇ ਜਾ ਰਹੇ ਸੀ - ਉਮਰ ਐਂਨੀ ਛੋਟੀ ਕਿ ਸਾਂਡ ਅਤੇ ਬੈਲ (ਬਲਦ) ਵਿਚ ਫਰਕ ਸੋਚਣ ਦੀ ਨਾ ਹੀ ਵਿਹਲ ਸੀ- ਨਾ ਹੀ ਕੋਈ  ਚਿੱਤ-ਚੇਤਾ !! ਬਸ ਫ਼ਿਲਮਾਂ ਰਾਹੀਂ ਇਹ ਦਿਸ ਜਾਂਦਾ ਕਿ ਬਲਦਾਂ ਨੂੰ ਖੇਤੀ-ਕਿਸਾਨੀ ਵਿਚ ਹੱਲ ਚਲਾਉਣ ਦੇ ਕੰਮੀਂ ਲਾਇਆ ਜਾਂਦਾ ਸੀ!

ਕਦੇ ਕਦੇ ਆਉਂਦੇ ਜਾਂਦੇ ਰਸਤੇ ਵਿਚ ਦੋ ਬਲਦ ਆਪਸ ਵਿਚ ਸਿੰਗ ਅੜਾਈ ਦਿੱਖ ਵੀ ਜਾਂਦੇ ਤਾਂ ਕਦੇ ਇਸ ਵੱਲ ਕੋਈ ਖਾਸ ਧਿਆਨ ਨਹੀਂ ਸੀ ਕਰੀਦਾ! ਇੰਝ ਲਗਦਾ ਕਿ ਇਹ ਤਾਂ ਇਕ -ਦੋ ਮਿੰਟ ਵਿਚ ਰਾਜੀਨਾਮਾ ਕਰ ਲੈਣਗੇ!!

ਕਲ ਵੀ ਲਖਨਊ ਦੇ ਬੰਗਲਾ ਬਾਜ਼ਾਰ ਦੀ ਗੱਲ ਹੈ - ਰਸਤੇ ਵਿਚ ਦੋ ਬਲਦਾਂ ਨੇ ਸਿੰਗ ਭਿੜਾਏ ਹੋਏ ਸੀ - ਮੈਂ ਵੀ ਰੁੱਕ ਗਿਆ - ਇਕ ਏ.ਟੀ.ਐੱਮ ਦਾ ਗਾਰਡ ਦੱਸਣ ਲੱਗਾ ਕਿ ਹੁਣ ਇਹਨਾਂ ਨੂੰ ਕੋਈ ਛੁੜਵਾ ਨਹੀਂ ਸਕਦਾ - ਇਹ ਇੰਝ ਹੀ ਭਿੜੇ ਰਹਿਣਗੇ - ਜਿਹੜਾ ਇਹਨਾਂ ਦੋਹਾਂ ਵਿਚੋਂ ਹਾਰ ਜਾਵੇਗਾ, ਉਹ ਬੜੀ ਤੇਜ਼ੀ ਨਾਲ ਨੱਸ ਜਾਵੇਗਾ ! ਇਹ ਵੀ ਪਤਾ ਲੱਗਾ ਕਿ ਇਹ ਤਾਂ ਪਿਛਲੇ 20-25 ਮਿੰਟਾਂ ਤੋਂ ਭਿੜੇ ਹੋਏ ਨੇ!

ਮੈਂ ਵੀ ਇਸ ਦੰਗਲ ਨੂੰ ਆਪਣੇ ਕੈਮਰੇ ਨਾਲ ਫੜਣ ਲੱਗ ਪਿਆ - ਜਿਵੇਂ ਜਿਵੇਂ ਸਮਾਂ ਅੱਗੇ ਲੰਘ ਰਿਹਾ ਸੀ, ਉਤਸੁਕਤਾ ਵੱਧ ਰਹੀ ਸੀ - ਮੈਂ ਵਿਚ ਵਿਚ ਥੋੜਾ ਬੋਰ ਵੀ ਹੋ ਰਿਹਾ ਸੀ - ਪਰ ਫੇਰ ਵੀ ਲੱਗਾ ਰਿਹਾ, ਥੋੜਾ ਥੋੜਾ ਡਰ ਵੀ ਲੱਗ ਰਿਹਾ ਸੀ ਜਦੋਂ ਇਹ ਅੰਨ੍ਹੇਵਾਹ ਭੱਜਣਗੇ ਤਾਂ ਜੇ ਕਿਤੇ ਮੇਰੇ ਵੱਲ ਹੀ ਨੱਸ ਆਏ - ਇਸ ਕਰ ਕੇ ਥੋੜਾ ਆਸਾ ਪਾਸਾ ਵੇਖ ਕੇ ਹੀ ਮੈਂ "ਸ਼ੂਟਿੰਗ"😄ਚ' ਲੱਗਾ ਹੋਇਆ ਸੀ ਕਿ ਨੱਸ ਕੇ ਕਿਤੇ ਜਾਣ ਦਾ ਠਿਕਾਣਾ ਵੀ ਤੇ ਹੋਵੇ!!

ਇਹ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ - ਜੇਕਰ ਵੇਖਦੇ ਵੇਖਦੇ ਬੋਰ ਹੋ ਜਾਵੋ ਤਾਂ ਫਾਸਟ ਫਾਰਵਰ੍ਡ ਕਰ ਕੇ ਦੇਖ ਲਈਓ ! ਵੈਸੇ ਇਸ ਦੌਰਾਨ ਤੁਸੀਂ  ਲੋਕਾਂ ਦੀਆਂ ਜਿਹੜੀਆਂ ਆਵਾਜ਼ਾਂ ਸੁਣੋਗੇ, ਉਹ ਤੁਹਾਨੂੰ ਬੋਰ ਨਹੀਂ ਹੋਣ ਦੇਣਗੀਆਂ!

ਇਕ ਗੱਲ ਹੋਰ - ਤੁਸੀਂ ਵੀਡੀਓ ਵਿਚ ਦੇਖੋਗੇ ਕਿ ਕੁਛ ਲੋਕ ਛੋਟੀਆਂ ਛੋਟੀਆਂ ਇੱਟਾਂ ਦੇ ਟੁੱਕੜੇ ਉਹਨਾਂ ਵੱਲ ਸੁੱਟ ਕੇ ਉਹਨਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕਰਦੇ ਨੇ - ਕਈਆਂ ਨੇ ਉਹਨਾਂ ਵੱਲ ਪਾਣੀ ਸੁੱਟ ਕੇ ਵੀ ਇਹ ਕੋਸ਼ਿਸ਼ ਕੀਤੀ! ਪਰ ਉਹਨਾਂ ਉੱਤੇ ਤੇ ਜਿਵੇਂ ਉਸ ਵੇਲੇ ਭਿੜਨ ਦਾ ਭੂਤ ਹੀ ਬਸ ਸਵਾਰ ਸੀ!!



ਚਿੰਤਾ ਇਹੋ ਸੀ ਕਿਤੇ ਇਹਨਾਂ ਦੋਹਾਂ ਚ' ਕੋਈ ਫੱਟੜ ਨਾ ਹੋ ਜਾਵੇ ਜਾਂ ਆਉਂਦੇ ਜਾਂਦੇ ਕਿਸੇ ਬੰਦੇ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ! ਲੋ ਜੀ ਫੈਸਲੇ ਦੀ ਘੜੀ ਆ ਪੁੱਜੀ - ਆਪਣੇ ਸਿੰਗਾਂ ਦੇ ਜ਼ੋਰ ਨਾਲ ਹੀ ਇਹ ਇਕ ਦੂਜੇ ਨੂੰ ਧੂ ਕੇ ਲੈ ਜਾ ਰਹੇ ਸੀ। ..ਇੰਨੇ ਚਿਰ ਨੂੰ ਇਕ ਬੰਦਾ ਜਿਸ ਨੇ ਵੱਡਾ ਸਾਰਾ ਟੁੱਟਾ-ਭੱਜਾ ਜਿਹਾ ਬਾਂਸ ਹੱਥ ਚ' ਫੜ੍ਹਿਆ ਹੋਇਆ ਸੀ, ਉਸ ਨੇ ਆਵਾਜ਼ ਕੱਢੀ ਤੇ ਇਹ ਬਾਂਸ ਇਹਨਾਂ ਉੱਤੇ ਮਾਰਿਆ - ਓਸੇ ਵੇਲੇ ਇਹ ਦੋਵੇਂ ਅਲੱਗ ਹੋ ਗਏ ਤੇ ਛੋਟੇ ਨਿਆਣਿਆਂ ਵਾਂਗ ਆਰਾਮ ਨਾਲ ਆਪਣੇ ਰਸਤੇ ਤੇ ਤੁਰ ਗਏ, ਤੁਸੀਂ ਇਸ ਵੀਡੀਓ ਵਿਚ ਦੇਖਿਆ ਹੀ ਹੋਵੇਗਾ!!

ਲੋ ਜੀ ਵੀਡੀਓ ਤੇ ਮੈਂ ਬਣਾ ਲਈ , ਪਰ ਬਾਅਦ ਵਿਚ ਮੈਨੂੰ ਬੜਾ ਅਜੀਬ ਜਿਹਾ ਲੱਗਾ - ਗੱਲ ਇੰਝ ਹੀ ਕਿ ਜਿੰਨਾ ਨੇ ਛੋਟੇ ਛੋਟੇ ਵੱਟੇ ਉਹਨਾਂ ਵੱਲ ਸੁੱਟ, ਉਹਨਾਂ ਉੱਤੇ ਪਾਣੀ ਸੁੱਟ ਕੇ ਉਹਨਾਂ ਦੀ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦਾ ਨਾ ਅੱਗ ਅੱਗ ਬੁਝਾਉਣ ਵਾਲੇਆਂ ਵਿਚ ਦਰਜ ਤੇ ਹੋ ਗਿਆ - ਮੈਂ ਤੇ ਨਿਰੀ ਤਮਾਸ਼ਬੀਨੀ ਹੀ ਕਰ ਛੱਡੀ, ਹੋਰ ਕੀ !!

ਜਿਸ ਇਲਾਕੇ ਵਿਚ ਇਹਨਾਂ ਬਲਦਾਂ ਨੂੰ  ਬਾਂਸ ਦੇ ਡਰ ਨਾਲ ਛੁਡਾਇਆ ਗਿਆ - ਇਹ ਵੀ ਬੜਾ ਜ਼ੁਰੱਤ ਦਾ ਕੰਮ ਸੀ - ਉਸ ਜਗ੍ਹਾ ਤੇ ਮੈਂ ਕਈ ਵਾਰ ਸੂਰ ਦਾ ਸ਼ਿਕਾਰ ਕਰਦੇ ਲੋਕ ਦੇਖੇ ਨੇ - ਕਿਵੇਂ 2-3 ਮੁੰਡੇ ਸੂਰ ਨੂੰ ਫੜ ਕੇ ਸਕੂਟਰ ਤੇ ਲਦ ਕੇ ਲੈ ਜਾਂਦੇ ਨੇ - ਉਹ ਕੁਰਲਾਂਦਾ ਰਹਿੰਦਾ!! ਸ਼ਾਇਦ, ਉਹਨਾਂ ਨੂੰ ਇਹੋ ਜਿਹੇ ਜਾਨਵਰਾਂ ਨੂੰ ਛੁਡਾਉਣ ਦਾ ਤਜ਼ੁਰਬਾ ਜ਼ਰੂਰ ਹੋਵੇਗਾ ! ਚਲੋ ਜੀ, ਜੋ ਵੀ ਸੀ, ਖੁਸ਼ੀ ਹੋਈ ਕਿ ਉਹ ਸਿੱਧ-ਸਮੂਏ ਛੁਟ ਗਏ ਤੇ ਆਪੋ ਆਪਣੇ ਰਸਤੇ ਤੇ ਚਲੇ ਗਏ - ਦੋ ਮਿੰਟ ਬਾਦ ਹੀ ਇਕ ਤੇ ਵਾਪਸ ਆਪਣੀ ਪੁਰਾਣੀ ਜਗ੍ਹਾ ਤੇ ਮੁੜਦਾ ਵੀ ਦਿੱਖ ਗਿਆ - ਬਿਲਕੁਲ ਬੱਚਿਆਂ ਦੇ ਝਗੜਿਆਂ ਵਾਂਗ ਜਿਵੇਂ ਕੁਛ ਹੋਇਆ ਹੀ ਨਾ ਹੋਵੇ !!  ਮੈਂ ਹੁਣ ਲਿਖਦੇ ਲਿਖਦੇ ਧਿਆਨ ਆ ਰਿਹਾ ਹੀ ਕਿ ਸਾਨੂੰ ਕਿ ਪਤਾ ਇਹ ਓਹਨਾ ਨੂੰ ਇਕ ਖੇਡ ਹੀ ਹੋਵੇ - ਅਸੀਂ ਐਵੇਂ ਦੇਖ ਦੇਖ ਕੇ ਹਲਕਾਨ ਹੋ ਜਾਂਦੇ ਹਾਂ !! - ਸ਼ਾਇਦ ਅਸੀਂ ਇਸ ਦੌਰਾਨ ਆਪਣੇ ਹੱਡ-ਗੋਡੇ ਭੱਜਣ-ਸਿੱਕਣ ਤੋਂ ਡਰਦੇ ਹਾਂ!!

"ਕੋਈ ਗੱਲ ਨਹੀਂ, ਇਹ ਚਲਦਾ ਹੀ ਰਹਿੰਦੈ !!


Monday, 9 December 2019

ਬਚਪਨ ਦੀ ਭੱਠੀਵਾਲੀ ਬੀਬੀ



ਹੁਣੇ ਵਹਾਤਸੱਪ ਤੇ ਆਪਣੇ ਕਾਲਜ ਦੇ ਦੋਸਤ ਪ੍ਰਫੂਲ ਨੇ ਵਹਾਤਸੱਪ ਤੇ ਇਕ ਸੁਨੇਹਾ ਭੇਜਿਆ - ਇਹ ਭੱਠੀ ਵਾਲੀ ਦੀ ਵੀਡੀਓ ਸੀ ਤੇ ਉਸ ਨੇ ਲਿਖਿਆ ਸੀ ਕਿ ਇਹ ਚੋਪੜੇ ਵਾਸਤੇ ਭੇਜ ਰਿਹਾ ਹਾਂ!!

ਬਹੁਤ ਚੰਗਾ ਲੱਗਾ ਜੀ ਇਹ ਵੀਡੀਓ ਦੇਖ ਕੇ!! ਬੀਤੇ ਦਿਨਾਂ ਦੀਆਂ ਗੱਲਾਂ ਚੇਤੇ ਆ ਗਈਆਂ - ਇਕ, ਦੋ, ਚਾਰ ਹੀ ਨਹੀਂ, ਜਿਵੇਂ ਉਸ ਮਿੱਤਰ ਨੇ ਇਹ ਵੀਡੀਓ ਭੇਜ ਕੇ ਮੈਨੂੰ ਯਾਦਾਂ ਦੀ ਪੰਡ ਹੀ ਭੇਜ ਦਿੱਤੀ ਹੋਵੇ!

ਮੈਂ ਰੇਡੀਓ ਸੁਣ ਰਿਹਾ ਸੀ ਤੇ ਨਾਲ ਨਾਲ ਜੋਸ਼ ਮਾਲਿਹਾਬਦੀ ਸ਼ਾਇਰ ਦੀ ਸਵੈਜੀਵਨੀ ਪੜ੍ਹ ਰਿਹਾ ਸੀ - ਇਹ ਵੀਡੀਓ ਦੇਖ ਕੇ ਰੁਕਿਆ ਨਹੀਂ ਗਿਆ, ਇੰਤਜ਼ਾਰ ਨਹੀਂ ਹੋਇਆ - ਇਹ ਪੋਸਟ ਰੂਪੀ ਰੁੱਕਾ ਲਿਖਣ ਲੱਗ ਪਿਆ!!

ਜੀ ਹਾਂ, ਇਹ ਗੱਲਾਂ ਨੇ ਅੱਜ ਤੋਂ 50 ਸਾਲ ਪਹਿਲਾਂ ਦੀਆਂ - ਸ਼ਹਿਰ ਅੰਮ੍ਰਿਤਸਰ - ਇਸਲਾਮਾਬਾਦ ਇਲਾਕੇ ਦੇ ਫਾਟਕ ਲਾਗੇ ਵੀ ਇਕ ਭੱਠੀ ਹੋਇਆ ਕਰਦੀ ਸੀ - ਪੈਂਚਰ ਵਾਲੇ ਟੂੰਡੇ ਦੇ ਖੋਖੇ ਦੇ ਲਾਗੇ - (ਟੂੰਡੇ, ਮੁਆਫ ਕਰ ਦੇਵੀਂ ...ਤੈਨੂੰ ਯਾਰ ਕਦੇ ਉਸ ਵੇਲੇ ਵੀ ਟੁੰਡਾ ਨਹੀਂ ਕਿਹਾ, ਹੁਣ ਕਿ ਕਹਿਣਾ ਏ....ਪਰ ਉਸ ਦਾ ਖੋਖਾ ਇਸ ਨਾਂਅ ਨਾਲ ਹੀ ਜਾਣਿਆ ਜਾਂਦਾ ਸੀ!!)

ਭੱਠੀ ਵਾਲੀ ਦੀ ਸ਼ਕਲ ਯਾਦ ਨਹੀਂ ਆ ਰਹੀ - ਪਰ ਸੋਚਦਾ ਹਾਂ ਕਿ ਉਹ ਜੋ ਵੀ ਸੀ ਇਸ ਵੀਡੀਓ ਵਿਚ ਦਿੱਖ ਰਹੀ ਦੇਵੀ ਵਰਗੀ ਹੀ ਜਾਪਦੀ ਸੀ - ਬਿਲਕੁਲ ਇਸ ਵਰਗੀ, ਸ਼ਰੀਰੋਂ ਕਮਜ਼ੋਰ ਪਰ ਦਿਲੋਂ ਤਗੜੀ !!

   

ਗੱਲ ਇੰਝ ਸੀ ਸਾਥੀਓ ਕਿ ਅੱਜ ਤੋਂ 50 ਸਾਲ ਪਹਿਲਾਂ ਜਦੋਂ ਅਸੀਂ 6-7 ਸਾਲਾਂ ਦੇ ਸੀ , ਉਸ ਵੇਲੇ ਸ਼ਾਮਾਂ ਨੂੰ ਇਹੋ ਕੁਛ ਖਾਣਾ ਹੀ ਸਾਡਾ ਮਨਭਾਉਂਦਾ "ਸਨੈਕ" ਹੋਇਆ ਕਰਦਾ ਸੀ - ਇਹ ਸ਼ਬਦ "ਸਨੈਕ" ਲਫ਼ਜ਼ ਵੀ ਅਸੀਂ ਕਿਤੇ ਜਾਣਦੇ ਸੀ!! - ਬਸ ਗਰਮੀ ਹੋਵੇ ਸਰਦੀ ਹੋਵੇ - ਸਾਨੂੰ ਭੱਠੀ ਵਾਲੀ ਕੋਲ ਜਾਣ ਦੀ ਉਡੀਕ ਲੱਗੀ ਰਹਿੰਦੀ ਸੀ ਕਿ ਕਿਹੜੇ ਵੇਲੇ ਚਾਰ ਸਾਡੇ ਚਾਰ ਦਾ ਵੇਲਾ ਹੋਵੇ ਤੇ ਅਸੀਂ ਆਪਣੀ ਭੱਠੀ ਵਾਲੀ ਕੋਲ ਭੱਜੀਏ!!

ਮੈਨੂੰ ਧਿਆਨ ਆ ਰਿਹੈ ਕਿ ਕਈ ਵਾਰੀ ਤੇ ਜਦੋਂ ਭੱਠੀ ਤੇ ਪਹੁੰਚ ਜਾਣਾ ਤਾਂ ਉਸ ਵੇਲੇ ਅਜੇ ਭੱਠੀ ਭਖੀ ਨਾ ਹੋਣੀ, ਅਜੇ ਉਹ ਆਪਣੇ ਬਾਲਨ ਨੂੰ ਸੰਭਾਲਦੀ ਦਿਖਦੀ - ਜੇਕਰ ਤੇ ਉਹ ਕਹਿ ਦਿੰਦੀ ਕਿ ਬਹਿ ਜਾ, ਹੁਣੇ ਭੁੰਨ ਦੇਂਦੀ ਹਾਂ ਦਾਨੇ, ਤੇ ਅਸੀਂ ਬਹਿ ਜਾਣਾ ਓਹਦੇ ਲਾਗੇ ਪਏ ਕਿਸੇ ਪੁਰਾਣੇ ਟਾਟ ਉੱਤੇ - ਜੇ ਉਸ ਦੇ ਕਹਿਣਾ ਕਿ ਅਜੇ ਅੱਧਾ ਘੰਟਾ ਲੱਗੇਗਾ - ਬਾਅਦ ਵਿਚ ਆਵੀਂ, ਤਾਂ ਮੈਂ ਕੈਂਚੀ ਸਾਈਕਲ ਚਲਾ ਕੇ ਵਾਪਸ ਤੁਰ ਜਾਣਾ - ਬਾਅਦ ਵਿਚ ਆ ਜਾਣਾ! ਕਹਿਣ ਦਾ ਮਤਲਬ ਇਹ ਕਿ ਉਸ ਬੀਬੀ ਉੱਤੇ ਐਡਾ ਵਿਸ਼ਵਾਸ ਕਿ ਜਿਵੇਂ ਉਸ ਨੇ ਕਹਿ ਦੇਣਾ ਉਸ ਨੂੰ ਬਿਨਾ ਆਪਣਾ ਦਿਮਾਗ ਲਾਏ ਮੰਨ ਵੀ ਲੈਣਾ !! - ਕਿੱਡੇ ਵਧੀਆ ਦਿਨ ਸੀ ਜਦੋਂ ਦਿਮਾਗ ਬਹੁਤ ਸੋਚਿਆ ਵੀ ਨਹੀਂ ਸੀ ਕਰਦਾ - ਹਰ ਇਕ ਨਾਲ ਪਿਆਰ ਸਤਿਕਾਰ ਤੇ ਸਾਂਝ ਹੀ ਦਿਖਦੀ ਸੀ ਆਲੇ ਦੁਆਲੇ!!

ਇਕ ਗੱਲ ਹੋਰ - ਕਦੇ ਕਦੇ ਜਦੋਂ ਘਰੋਂ ਆਉਣਾ ਤੇ ਪਤਾ ਚਲਣਾ ਕਿ ਅੱਜ ਭੱਠੀ ਬੰਦ ਹੈ ਤਾਂ ਮੂਡ ਇੰਨਾ ਖ਼ਰਾਬ ਹੁੰਦਾ ਜਿਵੇਂ ਕਿਸੇ ਸਿਨਮੇ ਦੀ ਟਿਕਟ ਨਾ ਮਿਲੀ ਹੋਵੇ! ਸੱਚੀਂ ਬੜੀ ਉਦਾਸੀ ਘੇਰ ਲੈਂਦੀ ਉਸ ਵੇਲੇ !!

ਭੱਠੀਆਂ ਇੰਨੀਆਂ ਵੀ ਜ਼ਿਆਦਾ ਨਹੀਂ ਸੀ ਹੁੰਦੀਆਂ ਕਿ ਇਕ ਬੰਦ ਹੈ ਤੇ ਦੂਜੀ ਤੇ ਚਲੇ ਜਾਈਏ, ਨਾਲੇ ਕੈਂਚੀ ਸਾਈਕਲ ਜਾਂ ਭੈਣ ਦਾ ਲੇਡੀ ਸਾਈਕਲ ਬਿਨਾ ਕਾਠੀ ਉੱਤੇ ਬਹਿ ਕੇ ਕਿਥੇ ਤਕ ਵਾਹ ਕੇ ਲੈ ਜਾਂਦਾ!!

ਅੱਛਾ ਸਰਦੀਆਂ ਵਿਚ ਤੇ ਵਾਧੂ ਮਜ਼ਾ ਆਉਂਦਾ - ਭੱਠੀ ਵਾਲੀ ਲਾਗੇ 10-20 ਮਿੰਟ ਬੈਠਣ ਦਾ - ਉਸ ਨੂੰ ਇਹ ਤੀਲੇ ਵਾਲੇ ਝਾੜੂ ਨਾਲ ਮੱਕੀ ਨੂੰ ਗਰਮ ਰੇਤ ਵਿਚ ਹਿਲਾਉਂਦੇ ਦੇਖ ਕੇ ਮੇਰਾ ਤਾਂ ਦਿਲ ਵੀ ਹਿਲ ਜਾਂਦਾ - ਇੰਨੀ ਫੁਰਤੀ - ਫੇਰ ਓਨੀ ਹੀ ਫੁਰਤੀ ਨਾਲ ਇਕ ਮਿੱਟੀ ਦਾ ਭਾਂਡੇ ਨਾਲ ਭੁੱਜਦੇ ਹੋਏ ਛੋਲੇਆਂ ਨੂੰ ਰਗੜਨਾ - ਜਿਵੇਂ ਤੁਸੀਂ ਉੱਪਰ ਇਸ ਵੀਡੀਓ ਵਿਚ ਦੇਖਿਆ ਹੋਵੇਗਾ !

ਮੈਂ ਤੇ ਸ਼ਾਇਦ ਇਹ ਤੀਲੇ ਵਾਲਾ ਝਾੜੂ ਤੇ ਇਹ ਮਿੱਟੀ ਦੀ ਛੋਟੀ ਜਿਹੀ ਕੁੰਨੀ ਵਾਲੀ ਗੱਲ ਭੁੱਲ ਹੀ ਗਿਆ ਸੀ - ਇਹ ਵੀਡੀਓ ਦੇਖ ਕੇ ਸਬ ਕੁਛ ਮੁੜ ਤਾਂ ਚੇਤੇ ਆ ਗਿਆ!!

ਅਸੀਂ ਭੱਠੀ ਤੇ ਭੁਨਵਾਉਣ ਕੀ ਜਾਈਦਾ ਸੀ - ਮਕਈ, ਕਦੇ ਕਦੇ ਛੋਲੇ ਤੇ ਕਦੇ ਕਦਾਈਂ ਚਾਵਲ ਵੀ - ਪਰ ਚਾਵਲ ਤੇ ਕਈ ਕਈ ਮਹੀਨਿਆਂ ਬਾਅਦ ਹੀ ਭੁਨਵਾਉਂਦੇ ਸੀ. ਅਸੀਂ ਕੱਪੜੇ ਦੇ ਥੈਲੀ ਵਿਚ ਲੈ ਕੇ ਜਾਣਾ। ਗਰਮਾ ਗਰਮਾ ਮੱਕੀ ਦੇ ਫੁੱਲੇ ਘਰ ਆ ਕੇ ਗੁੜ ਨਾਲ ਸਾਰੇ ਖਾਂਦੇ - ਭੁੰਨੇ ਛੋਲੇ ਵੀ ਗੁੜ ਨਾਲ ਹੀ ਖਾਂਦੇ ਜਾਂਦੇ ! ਹੁਣ ਮੈਨੂੰ ਲਿਖਦੇ ਹੋਏ ਇਹ ਵੀ ਯਾਦ ਆਇਆ ਕਿ ਕਦੇ ਕਦੇ ਅਸੀਂ ਛੋਲਿਆਂ ਦੀ ਦਾਲ ਵੀ ਤੇ ਭੁਨਵਾ ਕੇ ਲਿਆਈ ਦੀ ਸੀ - ਤੇ ਕਦੇ ਕਦੇ ਉਹ ਮੱਕੀ ਵੀ ਜਿਸਦੇ ਫੁੱਲੇ ਨਹੀਂ ਸੀ ਬਣਦੇ, ਪਰ ਜਿਹਨੂੰ ਤਾਜ਼ੀ ਤਾਜ਼ੀ ਨੂੰ ਚੱਬਣ ਦਾ ਬੜਾ ਮਜ਼ਾ ਆਉਂਦਾ ਸੀ!!

ਜਦੋਂ ਘਰ ਵਿਚ ਕਿਸੇ ਨੂੰ ਜ਼ੁਕਾਮ ਹੋਇਆ ਹੁੰਦਾ ਤਾਂ ਉਸ ਵਾਸਤੇ ਤੇ ਛੋਲੇ ਜਾਂ ਛੋਲੇਆਂ ਦੀ ਦਾਲ ਭੁਨਵਾ ਕੇ ਲਿਆਣੇ ਜ਼ਰੂਰੀ ਹੁੰਦੇ - ਕਿਓਂਕਿ ਕਿ ਇਕ ਤਾਂ ਉਸ ਨੇ ਗਰਮਾ ਗਰਮ ਛੋਲੇ ਗੁੜ ਨਾਲ ਖਾਣੇ ਤੇ ਦੂਜਾ ਬੀਜੀ ਦੀ ਘਰੇਲੂ ਡਾਕਟਰੀ ਮੁਤਾਬਿਕ ਰੁਮਾਲ ਵਿਚ ਗਰਮਾ ਗਰਮ ਭੁੰਨੇ ਹੋਏ ਛੋਲੇ ਬੰਨ ਕੇ ਨਾਸਾਂ ਉੱਤੇ ਸੇਕ ਕਰਣ ਨਾਲ ਜ਼ੁਕਾਮ ਠੀਕ ਹੋ ਜਾਂਦੈ - ਕਰੀਦਾ ਸੀ ਜੀ ਇੰਝ ਹੀ ਕਰੀਦਾ ਸੀ ਜ਼ੁਕਾਮ ਹੋਣ ਤੇ !! ਜ਼ੁਕਾਮ ਕਿਸੇ ਨੂੰ ਹੋ ਜਾਣਾ ਤੇ ਉਸ ਦੀ ਸਾਰਾ ਦਿਨ ਸੇਵਾ ਹੀ ਹੁੰਦੀ ਰਹਿੰਦੀ - ਵੇਸਣ ਦਾ ਪੂੜਾ, ਖੂਬ ਸਾਰਾ ਡ੍ਰਾਈ- ਫਰੂਟ ਪਾ ਕੇ ਵੇਸਣ ਦੀ ਲਸਬੀ - ਅਦਰਕ ਵਾਲੀ ਚਾਅ --- ਹੋਰ ਵੀ ਪਤਾ ਨਹੀਂ ਕੀ ਕੀ !! ਮਾਂ ਦੇ ਜੀਉਂਦਿਆਂ ਤੱਕ ਇਹ ਇਲਾਜ ਘਰ ਵਿਚ ਜ਼ੁਕਾਮ ਦਾ ਇਹ ਇਲਾਜ ਚਲਦਾ ਰਿਹਾ!!

ਕਿਧਰ ਦਾ ਕਿਧਰ ਨਿਕਲ ਗਿਆ ਮੈਂ ਤਾਂ - ਚਲੋ ਭੱਠੀ ਤੇ ਚਲੀਏ !! ਅੱਛਾ ਓਥੇ ਦਾਣੇ ਭਣਾਉਂਨ ਵਾਲੇਆਂ ਦਾ ਨੰਬਰ ਲੱਗਿਆ ਹੁੰਦਾ -  ਉਸ ਭੱਠੀ ਵਾਲੀ ਦੇ ਮਿਹਨਤਾਨੇ ਨੂੰ ਵੀ ਦਰਜ ਕਰ ਦੇਈਏ ਕਿ ਪੰਜਾਹ ਸਾਲ ਪਹਿਲਾਂ ਉਹ ਭੱਠੀ ਵਾਲੀ ਪੰਜਾਂ ਪੈਸਿਆਂ ਤੋਂ ਲੈ ਕੇ 25 ਪੈਸੇ ਦੇ ਵਿਚ ਦਾਣੇ ਭੁੰਨਣ ਦੀ ਭੁਨਵਾਈ ਲੈਂਦੀ ਸੀ - ਜਿੰਨੇ ਵੱਧ ਦਾਣੇ ਓੰਨੇ ਜ਼ਿਆਦਾ ਪੈਸੇ!! ਪਰ ਇਕ ਦੇਖ ਕੇ ਬੜਾ ਮਜ਼ਾ ਆਉਂਦਾ - ਉਸ ਭੱਠੀ ਵਾਲੀ ਦੀ ਪੂਰੀ ਟੋਹਰ ਹੁੰਦੀ - ਜੋ ਪੈਸੇ ਇਕ ਵਾਰੀ ਕਹਿ ਦਿੱਤੇ, ਉਸ ਤੋਂ ਥੱਲੇ ਨਹੀਂ, ਭੁਨਵਾਣੇ ਨੇ ਤੇ ਭੁਨਵਾਓ ਨਹੀਂ ਤੇ ਕੋਈ ਗੱਲ ਨਹੀਂ।

ਕਈ ਵਾਰੀ ਲੋਕੀਂ ਪੈਸੇ ਨਹੀਂ ਦਿੰਦੇ ਭੁੰਨਣ ਦੇ ਜਾਂ ਓਹਨਾ ਕੋਲ ਨਹੀਂ ਹੁੰਦੇ ਜਾਂ ਪੈਸੇ ਪੂਰੇ ਨਹੀਂ ਹੁੰਦੇ , ਉਹ ਭਾੜਾ ਦੇ ਦਿੰਦੇ - ਭਾੜਾ ਦਾ ਮਤਲਬ ਇਹ ਹੁੰਦਾ ਕਿ ਭੱਠੀ ਵਾਲੀ ਭੁੱਜੇ ਹੋਏ ਦਾਣਿਆਂ ਵਿਚੋਂ ਥੋੜੇ ਦਾਣੇ ਕੱਢ ਲੈਂਦੀ - ਇਸ ਤਰ੍ਹਾਂ ਉਸ ਨੂੰ ਆਪਣਾ ਮਿਹਨਤਾਨਾ ਮਿਲ ਜਾਂਦਾ, ਜਿਹੜੇ ਉਹ ਦੂਜਿਆਂ ਨੂੰ ਵੇਚ ਦਿੰਦੀ!! (ਕਹਿੰਦੇ ਤੇ ਭਾੜਾ ਹੀ ਸੀ, ਪਤਾ ਨਹੀਂ ਲਿਖਦੇ ਇੰਝ ਹੀ ਨੇ ਕਿ ਹੋਰ ਤਰ੍ਹਾਂ, ਧਿਆਨ ਨਹੀਂ, ਹੁਣ ਕੌਣ ਸ਼ਬਦ ਕੋਸ਼ ਵਿਚ ਲੱਭੇ, ਥੋੜਾ ਕੰਮ ਤੁਸੀਂ ਵੀ ਕਰੋ!! )

ਭੱਠੀ ਵਾਲੀ ਕੋਲ ਜਾ ਕੇ ਉਸ ਦੀ ਮੇਹਨਤ, ਉਸ ਦਾ ਜਜ਼ਬਾ, ਉਸ ਦੀ ਫੁਰਤੀ, ਉਸ ਦੀ ਕਢਾਈ ਵਿਚ ਫਿਰਦੀ ਬੋਕਰ, ਤੇ ਟਪੋਸੀਆਂ ਮਾਰ ਕੇ ਬਾਹਰ ਉੱਡਣ ਵਾਲੇ ਫੁੱਲਿਆਂ ਨੂੰ ਉਸ ਦਾ ਇਹ ਛਾਨਣੀ ਨਾਲ ਰੋਕ ਲੈਣਾ, ਫੇਰ ਉਸ ਨੂੰ ਭੁੰਨਣ ਦੇ ਬਾਅਦ ਛਾਨਣਾ, ਗ੍ਰਾਹਕ ਦੇ ਝੋਲੇ ਵਿਚ ਸੁੱਟਣ ਤੋਂ ਪਹਿਲਾਂ, ਭਖੀ ਹੋਈ ਭੱਠੀ ਵਿਚ ਅਗਲਾ ਪੂਰ ਪੈਣਾ - ਫੇਰ ਓਸੇ ਵੇਲੇ ਲੋਹੇ ਦੀ ਸੀਖ ਨਾਲ ਅੱਗ ਨੂੰ ਹਿਲਾਉਣਾ, ਬਾਲਨ ਹੋਰ ਪਾਣਾ, ਆਪਣਾ ਮੁੜਕਾ ਪੂੰਝਣਾ ਤੇ ਉਸੇ ਵੇਲੇ ਸਿਰ ਤੋਂ ਮਾੜੇ ਜਿਹੇ ਹਿੱਲੇ ਦੁਪੱਟੇ ਨੂੰ ਠੀਕ ਕਰਨਾ  - ਉਸ ਭੱਠੀ ਵਾਲੀ ਬੀਬੀ ਨੂੰ ਇਹ ਸਬ ਕਰਦੇ ਵੇਖ ਕੇ ਬੜੇ ਪਾਠ ਅਚਨਚੇਤ ਦਿਲ ਵਿਚ ਉਤਰਦੇ ਜਾਂਦੇ - ਮੇਹਨਤ ਕਾਰਨ ਵਾਲੇ ਦੀ ਕਦਰ, ਸਾਰੇ ਕੰਮਾਂ ਦੀ ਵਡਿਆਈ, ਦਸਾਂ ਨਹੁੰਆਂ ਦੀ ਕਿਰਤ, ਰੋਟੀ ਕਮਾਉਣ ਦੀ ਔਖਿਆਈ - ਇਹ ਸਬ ਗੱਲਾਂ ਦਾ ਧਿਆਨ ਆਉਂਦਾ ਰਹਿੰਦਾ ਹੁੰਦਾ -

ਮੈਂ ਅੱਜ ਸੋਚਿਆ ਕਿ ਇਹ ਦਾਣੇ ਭੁਨਵਾਉਂਨ ਦੀ ਡਿਊਟੀ ਮੇਰੀ ਹੀ ਲੱਗਦੀ ਸੀ - ਕਿ ਹੋਇਆ ਜੇ ਕਦੇ ਕਦੇ ਸਾਲ ਵਿਚ ਇਕ ਵਾਰ ਵੱਡੀ ਭੈਣ ਜਾਂ ਵੱਡਾ ਭਰਾ ਵੀ ਇਹ ਕੰਮ ਕਰਣ ਜਾਂਦਾ - ਮਾਂ ਤੇ ਤੇ ਵੇਹਲ ਹੀ ਕਿਥੇ ਹੁੰਦੀ - ਪਰ ਜਦੋਂ ਕਦੇ ਮੈਂ ਜ਼ੁਕਾਮ ਨਾਲ ਪਰੇਸ਼ਾਨ ਹੁੰਦਾ ਤਾਂ ਮਾਂ ਜ਼ਰੂਰ ਜਾ ਕੇ ਛੋਲੇ ਭੁੰਨਵਾ ਕੇ ਲਿਆਂਦੀ ਤੇ ਆ ਕੇ ਮੈਨੂੰ ਬੜੇ ਪਿਆਰ ਨਾਲ ਖਵਾਉਂਦੀ - ਹਾਂ, ਭਾਪਾ ਜੀ ਕਦੇ ਇਹ ਭੱਠੀ ਤੇ ਜਾਣ ਵਾਲੇ ਚੱਕਰਾਂ ਵਿਚ ਨਹੀਂ ਸੀ ਪੈਂਦੇ ਦੇਖੇ - ਅੱਜ ਸੋਚਦਾ ਹਾਂ ਕਿ ਸ਼ਾਇਦ ਵੱਡੇ ਭੈਣ ਭਾਈ ਨੂੰ ਭੱਠੀ ਤੇ ਖੜੇ ਸ਼ਰਮ ਆਉਂਦੀ ਹੋਵੇਗੀ - ਕਿਓਂਕਿ ਮੈਨੂੰ ਵੀ ਕੁਛ ਸਾਲਾਂ ਬਾਅਦ ਸ਼ਾਇਦ ਨੌਵੀਂ ਦਸਵੀ ਜਮਾਤ ਤੱਕ ਪਹੁੰਚਦੇ ਪਹੁੰਚਦੇ ਭੱਠੀ ਤੇ ਖੜ੍ਹਨਾ ਥੋੜਾ ਅਜੀਬ ਜੇਹਾ ਲੱਗਦਾ - ਸ਼ਰਮ ਤੇ ਨਹੀਂ ਕਹਾਂਗਾ - (ਕਿਓਂਕਿ ਮੈਂ ਤੇ ਵੈਸੇ ਹੀ ਸਾਰੇ ਦਾ ਸਾਰਾ ਸ਼ਰਮ ਦਾ ਮਾਰਿਆ ਹੋਇਆ ਹਾਂ - ਸਿਰ ਦੁਖਣ ਲੱਗਦਾ ਹੈ ਜਦੋਂ ਸੋਚਦਾ ਹਾਂ ਕਿ ਇਹ ਸ਼ਰਮੀਲਾਪਨ ਕਿਓਂ ਇੰਨਾ ਮੇਰੇ ਹੱਡਾਂ ਵਿਚ ਵੜਿਆ ਹੋਇਆ ਹੈ !!😂- ਫੇਰ ਇੰਝ ਹੀ ਹੌਲੀ ਹੌਲੀ ਭੱਠੀ ਤੇ ਜਾਣਾ ਘਟਦਾ ਗਿਆ!!

ਹੁਣ ਤੁਸੀਂ ਸੋਚੋ ਮਲਟੀਪਲੈਕਸ ਵਿਚ 450 ਰੁਪਏ ਦੇ ਮੱਕੀ ਦੇ ਫੁੱਲੇ ਖਾਂਦੇ ਜਵਾਨਾਂ ਨੂੰ ਦੇਖ ਕੇ ਮੈਨੂੰ ਕਿ ਲੱਗਦਾ ਹੋਵੇਗਾ !!

ਬੰਦ ਕਰੀਏ ਬਾਈ, ਨੀਂਦ ਆ ਗਈ - ਸ਼ਿਵ ਬਟਾਲਵੀ ਸਾਹਿਬ ਦਾ ਇਹ ਗੀਤ ਯਾਦ ਆ ਗਿਆ ਅੱਜ - ਸਕੂਲ ਦੀ ਕਿਤਾਬ ਵਿਚ ਪੜ੍ਹਿਆ ਹੋਇਆ - ਭੱਠੀਵਾਲੀਏ....ਪੀੜਾਂ ਦਾ ਪਰਾਗਾ ਭੁੰਨ ਦੇ!!

ਅੱਛਾ ਪ੍ਰਫੂਲ ਵੀਰ, ਤੇਰਾ ਬੜਾ ਬੜਾ ਸ਼ੁਕਰੀਆ, ਮੈਨੂੰ ਇਹ ਰੁੱਕਾ ਲਿਖਣ ਲਈ ਮਜਬੂਰ ਕਰਨ ਲਈ!!

Tuesday, 3 December 2019

ਵਿਆਹ ਸ਼ਾਦੀਆਂ ਵਿਚ ਹੋ ਰਹੀ ਡਰਾਮੇਬਾਜੀ

ਪਰਸੋਂ ਜਦੋਂ ਮੈਂ ਗੱਡੀ ਤੇ ਚੜ੍ਹਿਆ ਤਾਂ ਪਹਿਲਾ ਸਟਾਪ ਕਾਨਪੁਰ ਸੀ, ਓਥੋਂ ਇਕ ਟੱਬਰ ਚੜਿਆ - ਰਬ ਤੁਹਾਡਾ ਭਲੇ ਕਰੇ ਸਾਰਾ ਟੱਬਰ ਵੱਡੇ ਤੋਂ ਲੈ ਕੇ ਛੋਟੇ ਨਿਆਣੇ ਤਕ ਇੰਝ ਲਿਪਿਆ-ਪੁਤਿਆ ਸੀ - ਲੱਗ ਰਿਹਾ ਸੀ ਜਿਵੇਂ ਕੋਈ ਡਰਾਮਾ ਟੀਮ ਹੀ ਅੰਦਰ ਵੜ ਆਈ ਹੈ - ਇਹ ਸਾਰੇ ਵਿਆਹ ਤੋਂ ਆਏ ਸਨ-  ਇਸ ਗੱਲ ਤੋਂ ਪਤਾ ਲੱਗਾ ਕਿ ਆਉਂਦਿਆਂ ਹੀ ਉਹਨਾਂ ਵੱਡਾ ਸਾਰਾ ਭਾਜੀ ਦਾ ਥੈਲਾ ਓਥੇ ਕਿੱਲੀ ਤੇ ਲਟਕਾ ਦਿੱਤਾ - ਉਸ ਥੈਲੇ ਦੇ ਉੱਪਰ ਵਿਆਹ ਵਾਲੇ ਪਰਿਵਾਰ ਦਾ ਪੂਰਾ ਬਾਇਓ-ਡੇਟਾ ਪ੍ਰਿੰਟ ਹੋਇਆ ਸੀ - ਉੱਪਰ ਲਿਖਿਆ ਸੀ ਗੁੱਡੀ ਬੁਆ - ਯਾਨੇ ਇਹ ਗੁੱਡੀ ਬੁਆ ਤੇ ਉਸ ਦਾ ਟੱਬਰ ਸੀ - ਬਿਨਾ ਕੁਛ ਪੁੱਛੇ ਹੀ ਵੇਖੋ ਕਿੰਨ੍ਹਾ ਜ਼ਿਆਦਾ ਡੇਟਾ ਲੀਕ ਹੋ ਰਿਹਾ ਹੈ!! ਜੇਕਰ ਹੋਰ ਕੋਈ ਸੋਸ਼ਲ ਮੀਡਿਆ ਰਾਹੀਂ ਸਾਡਾ ਥੋੜਾ ਬਹੁਤ ਡੇਟਾ ਲੀਕ ਕਰ ਦੇਵੇ ਤੇ ਅਸੀਂ ਥਰਥੱਲੀ ਮਚਾ ਦਿੰਦੇ ਹਾਂ !!

ਪਰਸੋਂ ਮੈਨੂੰ  ਲਾਖਨ ਮਿਲਿਆ - ਉਸ ਦਾ ਵਿਆਹ ਹੈ ਅਗਲੇ ਹਫਤੇ - ਪੁੱਛਦੈ ਕਿ ਸਰ ਜਰਾ ਸ਼ੇਰਵਾਨੀ ਨੂੰ ਫਾਈਨਲ ਕਰਵਾ ਦਿਓ! ਮੈਂ ਕਿਹਾ ਹਾਂ ਦੱਸ !! ਉਸ ਨੇ ਆਪਣੇ ਮੋਬਾਈਲ ਵਿਚ ਪਈਆਂ ਤਿੰਨ ਚਾਰ ਫ਼ੋਟਾਂ ਦਿਖਾਈਆਂ - ਫ਼ੋਟਾਂ ਦੇਖ ਕੇ ਮੈਨੂੰ ਹੀ ਪਤਾ ਏ ਮੈਨੂੰ ਹਾਸਾ ਰੋਕਣਾ ਕਿੰਨਾ ਮੁਸ਼ਕਿਲ ਹੋ ਰਿਹਾ ਸੀ. ਦਰਅਸਲ ਮੇਰੇ ਵਰਗੇ ਬੰਦੇ - ਜਿਸ ਕੋਲ ਆਪਣੀਆਂ ਛੋਟੀਆਂ ਵੱਡੀਆਂ ਬੇਵਕੂਫੀਆਂ ਉੱਤੇ ਹੱਸਣ ਲਈ ਹੀ ਬੇਹਿਸਾਬ ਕਾਰਣ ਨੇ.. ਜਦੋਂ ਕਦੇ ਦੂਜੇ ਬਾਰੇ ਵੀ ਹੱਸਣ ਦਾ ਕੋਈ ਮੌਕਾ ਮਿਲਦੈ ਤੇ ਮੈਨੂੰ ਕਦੇ ਅਪਰਾਧ-ਬੋਧ ਨਹੀਂ ਹੋਇਆ - ਕਿਓਂਕਿ ਜੇ ਕਰ ਮੈਂ ਹਮੇਸ਼ਾ ਆਪਣੇ ਆਪ ਤੇ ਹੱਸ ਸਕਦਾ ਹਾਂ ਅਤੇ ਕਿਸੇ ਦਾ ਕੋਈ ਵੀ ਮਜ਼ਾਕ ਸਹਿਨ ਦਾ ਜਿਗਰਾ ਰੱਖਦਾ ਹਾਂ ਤਾਂ ਮੈਂ ਕਦੇ ਕਦੇ ਕਿਸੇ ਉੱਤੇ ਵੀ ਹੱਸਣ ਦਾ ਹੱਕ ਰੱਖਦਾ ਹਾਂ, ਮੈਨੂੰ ਇੰਝ ਜਾਪਦੈ!!

ਵੈਸੇ ਮੈਂ ਇਕ ਗੱਲ ਦੱਸ ਦਿਆਂ ਮੈਂ ਕਦੇ ਵੀ ਕਿਸੇ ਮਜ਼ਬੂਰ, ਮਜ਼ਲੂਮ, ਹਾਲਾਤ ਦੇ ਮਾਰੇ ਹੋਏ ਤੇ ਬਿਮਾਰ ਬੰਦੇ ਤੇ ਕਦੇ ਨਹੀਂ ਹੱਸਦਾ -  ਨਾ ਹੀ ਕਦੇ ਅਜਿਹੀ ਕਲਪਨਾ ਹੀ  ਕਰ ਸਕਦਾ ਹਾਂ - ਮੇਰੇ ਖੂਨ ਵਿਚ ਹੀ ਇਹ ਗੱਲ ਹੈ ਕਿ ਮੈਂ ਅਜਿਹੇ ਲੋਕਾਂ ਉੱਤੇ ਹੱਸਣਾ ਸਬ ਤੋਂ ਵੱਡਾ ਗੁਨਾਹ ਸਮਝਦਾ ਹਾਂ -  ਫਿਰ ਮੈਂ ਕਿੰਨਾ ਲੋਕਾਂ ਉੱਤੇ ਹੱਸਦਾ ਹਾਂ - ਜੀ ਹਾਂ, ਆਪਣੇ ਤੋਂ ਇਲਾਵਾ, ਮੈਂ ਖਾਂਦੇ ਪੀਂਦੇ ਲੋਕਾਂ ਦੇ ਕਿਰਦਾਰ ਉੱਤੇ ਹੀ ਹੱਸਦਾ ਹਾਂ -  ਮੈਨੂੰ ਹਮੇਸ਼ਾ ਉਹਨਾਂ ਦੇ ਅਜੀਬੋ ਗਰੀਬ ਕਿਰਦਾਰ ਹੀ ਘੁੱਤਘਤਾਰੀਆਂ ਕਰਦੇ ਨੇ!

ਇਹ ਵੀ ਜਿਹੜਾ ਬੰਦਾ ਮੇਰੇ ਕੋਲ ਸ਼ੇਰਵਾਨੀ ਫਾਈਨਲ ਕਰਵਾਉਣ ਆਇਆ ਸੀ - ਇਹ ਵੀ ਨਵਾਂ ਨਵਾਂ ਅਮੀਰ ਬਣਿਆ ਹੈ - ਪਰ ਇੰਨਾ ਵੀ ਅਮੀਰ ਨਹੀਂ - ਦਿਖਾਵਾ ਜ਼ਿਆਦਾ, ਅੰਦਰੋਂ ਠੀਕ ਠਾਕ !

ਇਕ ਤੇ ਮੈਂ ਜਦੋਂ ਵੀ ਇਹ ਸ਼ੇਰਵਾਨੀ ਪਾਏ ਲਾੜੇ ਦੇਖਦਾ ਹਾਂ ਤੇ ਉੱਤੇ ਰੇਡੀਮੇਡ  ਟੋਪੀਆਂ ਉਹਨਾਂ ਦੇ ਸਿਰਾਂ ਉੱਤੇ ਟਿਕੀਆਂ ਦੇਖਦਾ ਹਾਂ ਤਾਂ ਮੈਨੂੰ ਤਾਂ ਸਾਡੇ ਵੇਲੇ ਦੇ ਵਿਆਹਾਂ ਸ਼ਾਦੀਆਂ ਵਿਚ ਚੱਲਣ ਵਾਲੇ ਬੈਂਡ ਮਾਸਟਰ ਤੇ ਉਸ ਦੇ ਬੰਦਿਆਂ ਦਾ ਖਿਆਲ ਆ ਜਾਂਦੈ - ਭਾਪਾ ਜੀ ਸਾਨੂੰ ਬੜਾ ਹਸਾਉਂਦੇ ਸੀ- ਜਦੋਂ ਕੋਈ ਬਰਾਤ ਬਾਜੇ ਗਾਜੇ ਨਾਲ ਨਿਕਲ ਰਹੀ ਹੁੰਦੀ ਤੇ ਸਾਨੂੰ ਕਹਿੰਦੇ - ਵੇਖੋ ਇਹਨਾਂ ਨੂੰ, ਇਕ ਦੋ ਹੀ ਨੇ ਜਿਹੜੇ ਜ਼ੋਰ ਲਾ ਕੇ ਵਾਜਾ ਵਜਾਉਂਦੇ ਨੇ - ਬਾਕੀ ਵੇਖ ਵਾਜਾ ਮੂੰਹ ਕੋਲ ਲੈ ਕੇ ਜਾ ਕੇ ਬਸ ਐਕਟਿੰਗ ਹੀ ਕਰਦੇ ਨੇ !!

ਹਾਂ, ਲਾਖਨ ਦੇ ਵਿਆਹ ਲਈ ਸ਼ੇਰਵਾਨੀ ਨੂੰ ਤੇ ਫਾਈਨਲ ਕਰਵਾ ਲਈਏ - ਦੇਖੋ ਯਾਰ, ਵੈਸੇ ਤਾਂ ਸਾਡੇ ਵਰਗੇ ਨਿਕੰਮੇ ਕੋਲੋਂ ਕੋਈ ਸਲਾਹ ਮੰਗਦਾ ਹੀ ਨਹੀਂ, ਅੱਜਕਲ ਤਾਂ ਬਾਈ ਆਪਣੇ ਬੱਚੇ ਹੀ ਨਹੀਂ ਮੰਗਦੇ - ਪਰ ਇਹ ਆਪਣਾ ਵੀ ਜ਼ਿੰਦਗੀ ਦਾ ਅਸੂਲ ਹੈ ਆਪਣੇ ਮਾਪਿਆਂ ਵਰਗਾ ਕਿ ਜੇਕਰ ਕੋਈ ਗ਼ਲਤੀ ਨਾਲ ਭੁੱਲਿਆ ਭਟਕਿਆ ਆ ਹੀ ਗਿਆ ਤਾਂ ਫੇਰ ਉਸ ਨੂੰ ਕਦੇ ਵੀ ਕੋਈ ਉਲਟ ਪੁਲਟ ਜਾਂ ਕਿਸੇ ਨਿਜ-ਸਵਾਰਥ ਨੂੰ ਅੱਗੇ ਰੱਖ ਕੇ ਸਲਾਹ ਨਹੀਂ ਦਿੱਤੀ !!

ਇਸ ਹੋਣ ਵਾਲੇ ਲਾੜੇ ਨੂੰ ਵੀ ਮੈਂ ਪੁੱਛਿਆ ਕਿ ਇਹਨਾਂ ਵਿਚੋਂ ਕੋਈ ਵੀ ਸ਼ੇਰਵਾਨੀ ਅਜਿਹੀ ਹੈ ਜਿਹੜੀ ਤੂੰ ਵਿਆਹ ਤੋਂ ਬਾਅਦ ਵੀ ਕਿਤੇ ਪਾ ਸਕਦੈ ? ਉਹ ਸੋਚੀਂ ਪੈ ਗਿਆ ਤੇ ਕਹਿੰਦੈ ਕਿ ਹਾਂਜੀ, ਇਹ ਗੱਲ ਤਾਂ ਹੈ, ਕਦੇ ਕਦੇ ਕਿਸੇ ਦੇ ਵਿਆਹ ਤੇ ਹੀ ਹੈ ਇਸ ਨੂੰ ਪਾਇਆ ਜਾ ਸਕਦੈ!!

ਸੱਚੀਂ ਦੱਸਾਂ ਜਿਹੜੀਆਂ ਫ਼ੋਟਾਂ ਉਸ ਨੇ ਮੈਨੂੰ ਆਪਣੀਆਂ ਸ਼ੇਰਵਾਨੀਆਂ ਪਾਈਆਂ ਹੋਈਆਂ ਦਿਖਾਈਆਂ, ਉਹ ਬਿਲਕੁਲ ਕਿਸੇ ਵਿਆਹ ਦਾ ਬੈਂਡ ਮਾਸਟਰ ਲੱਗ ਰਿਹਾ ਸੀ - ਪਰ ਇਹ ਗੱਲ ਉਸ ਨੂੰ ਕਹਿ ਕੇ ਮੈਂ ਉਸ ਕੋਲੋਂ ਜੁੱਤੀਆਂ ਥੋੜਾ ਖਾਣੀਆਂ ਸੀ - ਅੱਛਾ, ਜਦੋਂ ਇਹ ਆਮ ਪੈਂਟ ਕਮੀਜ਼ ਪਹਿਨਦਾ ਹੈ, ਬਿਲਕੁਲ ਠੀਕ ਠਾਕ ਲੱਗਦੈ - ਪਰ ਪਤਾ ਨਹੀਂ ਇਹ ਦੇਖਾ ਦੇਖੀ ਇਹ ਵਿਆਹ ਵਿਚ ਸ਼ੇਰਵਾਨੀ ਪਾਣ ਤੇ ਕਿਓਂ ਉਤਾਰੂ ਸੀ - ਚਲੋ ਕੋਈ ਨਹੀਂ, ਲੋ ਜੀ ਮੈਂ ਇਸ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਦੀ ਸ਼ੇਰਵਾਨੀ ਉੱਤੇ 30-40 ਹਜ਼ਾਰ ਖਰਚਣ ਦਾ ਕੋਈ ਮਤਲਬ ਨਹੀਂ, ਕਿਰਾਏ ਤੇ ਲੈ ਕੇ ਵਿਆਹ ਤੇ ਪਾ ਲੈ!!

ਇਹ ਗੱਲ ਉਸ ਨੂੰ ਬੜੀ ਜਚੀ, ਕਹਿੰਦੈ ਕਿ ਉਸ ਨੇ ਕਿਰਾਏ ਤੇ ਮਿਲਣ ਵਾਲੀ ਸ਼ੇਰਵਾਨੀ ਦਾ ਪਤਾ ਕੀਤਾ ਸੀ - ਤਿੰਨ ਚਾਰ ਹਜ਼ਾਰ ਲੱਗਣਗੇ, ਮੈਂ ਕਿਹਾ ਫੇਰ ਪਾਂਧਾ ਨਾ ਪੁੱਛ, ਜਾ ਕੇ ਉਸ ਨੂੰ ਬੁਕ ਕਰਵਾ ਦੇ! ਮੈਂ ਪੁੱਛਿਆ ਕਿ ਉਹ ਤੇਰੇ ਮੇਚ ਦੀ ਮਿਲ ਜਾਵੇਗੀ ? - ਦੱਸਦੈ ਕਿ ਉਹ ਉਸ ਨੂੰ ਮੇਚ ਦੀ ਕਰ ਕੇ ਹੀ ਦਿੰਦੇ ਨੇ!

ਮੈਨੂੰ ਖੁਸ਼ੀ ਹੋਈ ਕਿ ਮੈਂ ਉਸ ਦੇ 30 ਹਜ਼ਾਰ ਬਚਾ ਦਿੱਤੇ !

ਇਸੇ ਤਰ੍ਹਾਂ ਦੀਆਂ ਕਿੰਨੀਆਂ ਹੀ ਫਿਜ਼ੂਲ ਦੀਆਂ ਚੀਜ਼ਾਂ ਉੱਤੇ ਖਰਚੇ ਕਰਦੇ ਹਾਂ - ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੈ ਮੁੰਡੇ ਕੁੜੀ ਨੂੰ ਹਰ ਤਰ੍ਹਾਂ ਨਾਲ ਸਪੋਰਟ ਕਰਨਾ - ਜਿਹੜਾ ਪੈਸੇ ਉਹਨਾਂ ਦੇ ਕੰਮ ਆਉਣਾ ਚਾਹੀਦੈ ਉਹ ਮਾਂ ਪਿਓ ਐਵੇਂ ਹੀ ਰੋੜ ਦਿੰਦੇ ਹਾਂ!! ਬਾਕੀ ਆਪੋ ਆਪਣੀ ਹੈਸੀਅਤ ਦੀ ਗੱਲ ਹੈ - ਹਰ ਤਰ੍ਹਾਂ ਦਾ ਤਬਕਾ ਪਿਆ ਏ !!

ਉਸ ਦਿਨ ਕੋਈ ਪੁੱਛਦਾ ਏ ਕਿ ਪੁਰਾਣੇ ਸਮਿਆਂ ਵਿਚ ਲੋਕੀਂ ਵਿਆਹ ਵਿਚ ਕੀ ਪਾਉਂਦੇ ਸੀ - ਜਿਥੋਂ ਤਕ ਮੇਰੀ ਯਾਦਾਸ਼ਤ ਜਾਂਦੀ ਹੈ ਪਹਿਲਾਂ ਮੈਂ ਦੇਖਦਾ ਸੀ ਕਿ ਅਕਸਰ ਚਿੱਟੀ ਪੈਂਟ ਕਮੀਜ਼ ਜਾਂ ਕਰੀਮ ਕਲਰ ਦੀ ਪੈਂਟ ਕਮੀਜ਼ ਲਾੜੇ ਨੂੰ ਪਹਿਨਾ ਕੇ ਤੇ ਗੱਲ ਵਿਚ ਗੁਲਾਬੀ ਪਰਨਾ ਪਵਾ ਕੇ ਹੱਥ ਵਿਚ ਮਿਆਨ ਚ' ਰੱਖੀ ਤਲਵਾਰ ਦੀ ਮੁੱਠ ਫੜਾ ਦਿੰਦੇ ਸੀ....ਸਿਆਲਾਂ ਵਿਚ ਲੋਕ ਸੂਟ ਸਵਾ ਲੈਂਦੇ ਸੀ - ਫੇਰ ਥ੍ਰੀ-ਪੀਸ ਦੇ ਦਿਨ ਆ ਗਏ - ਫੇਰ ਨਾਲ ਟਾਈ ਵੀ ਗੱਡੀ ਜਾਣ ਲੱਗੀ - ਉਸ ਤੋਂ ਬਾਅਦ ਫ਼ਿਲਮਾਂ ਤੇ ਟੀਵੀ ਦੇ ਡ੍ਰਾਮੇਆਂ ਦੀ ਦੇਖਾ ਦੇਖੀ ਮਹਿੰਗੇ ਮਹਿੰਗੇ ਸਿਲਮੇ ਸਿਤਾਰੇ ਵਾਲੇ ਕੁੜਤੇ ਪਜਾਮੇ ਤੇ ਬਾਅਦ ਵਿਚ ਮਹਿੰਗੀਆਂ ਤੋਂ ਮਹਿੰਗੀਆਂ ਸ਼ੇਰਵਾਨੀਆਂ ਦੀ ਦੌੜ ਹੀ ਲੱਗ ਪਈ ਜਿਵੇਂ!!

ਮੈਂ ਵੀ ਆਪਣੇ ਵਿਆਹ ਵਿਚ ਪੈਂਟ ਕਮੀਜ਼ ਹੀ ਪਾਈ ਸੀ - ਜੁਲਾਈ ਦਾ ਮਹੀਨਾ ਸੀ - ਉੱਤੋਂ ਇਕ ਨਵੀਂ ਟਾਈ ਗੱਡ ਲਈ ਸੀ, ਜਿਸ ਦਾ ਮੈਨੂੰ ਅੱਜ ਤਕ ਪਛਤਾਵਾ ਹੈ - ਟਾਈ ਗੱਡਣ ਦੀ ਕਿਹੜੀ ਐੱਡੀ ਐਮਰਜੰਸੀ ਸੀ - ਮੇਰੇ ਵਰਗਾ ਬੰਦਾ ਜਿਹੜਾ ਵੈਸੇ ਟਾਈ ਦੇ ਨਾਂ ਤੋਂ ਹੀ ਦੂਰ ਭੱਜਦਾ ਏ ਤੇ ਇਸ ਨੂੰ ਲਾਟ ਸਾਹਿਬਾਂ ਦਾ ਪਹਿਰਾਵਾ ਸਮਝਦਾ ਹੈ - ਸਮਝ ਠੀਕ ਹੈ ਜਾਂ ਗ਼ਲਤ, ਜੋ ਹੈ ਸੋ ਹੈ!!

ਮੈਨੂੰ ਤਾਂ ਵਿਆਹਾਂ ਸ਼ਾਦੀਆਂ ਵਿਚ ਆਏ ਹੋਏ ਰਿਸ਼ਤੇਦਾਰਾਂ ਦਾ ਟਾਈਆਂ ਗੱਡਣ ਦਾ ਕ੍ਰੇਜ਼ ਵੀ ਢਾਡਾ ਹਸਾਉਂਦਾ ਹੈ - ਮੈਂ ਅਕਸਰ ਦੇਖਿਆ ਕਰਦਾ ਸੀ ਕਿ ਸਾਡੀਆਂ ਰਿਸ਼ਤੇਦਾਰੀਆਂ ਵਿਚ ਜਿਹੜੇ ਵਿਆਹ ਹੁੰਦੇ ਸੀ , ਓਥੇ ਟਾਈ ਬੰਨਣਾ ਵੀ 1-2 ਬੰਦਿਆਂ ਨੂੰ ਹੀ ਆਉਂਦਾ ਸੀ ,  ਓਹਨਾਂ ਵਿਚੋਂ ਇਕ ਮੇਰਾ ਵਕੀਲ ਮਾਮਾ ਸੀ - ਅਕਸਰ ਉਸ ਨੂੰ ਕਿਸੇ ਵਿਆਹ ਸ਼ਾਦੀ ਤੋਂ ਪਹਿਲਾਂ ਦੇਖ ਕੇ ਇੰਝ ਲੱਗਦੈ ਜਿਵੇਂ ਟਾਈਆਂ ਗੱਡਣ ਦੀ ਦਿਹਾੜੀ ਤੇ ਆਇਆ ਹੋਵੇ - ਉਹ ਟਾਈ ਆਪਣੇ ਗਲੇ ਵਿਚ ਬੰਨ੍ਹਦਾ ਤੇ ਉਂਝ ਹੀ ਢਿੱਲੀ ਕਰ ਕੇ ਦੂਜੇ ਨੂੰ ਪਹਿਨਣ ਲਈ ਫੜਾ ਦਿੰਦਾ - ਉਸ ਦੀ ਬੜੀ ਡਿਮਾਂਡ ਹੁੰਦੀ ਸੱਚੀਂ - ਮੈਂ ਵੀ ਤੇ 21-22 ਕੁ' ਸਾਲ ਦੀ ਉਮਰੇ ਉਸ ਕੋਲੋਂ ਹੀ ਤੇ ਸਿੱਖੀ ਸੀ ਟਾਈ ਬੰਨਣੀ!!

ਸ਼ੇਰਵਾਨੀਆਂ, ਫੁੱਲ ਬੂਟੇਆਂ ਵਾਲੇ ਡਿਜ਼ਾਈਨਰ ਕੁੜਤੇ ਪਜਾਮੇ ਵਿਆਹਾਂ ਸ਼ਾਦੀਆਂ ਵਿਚ ਦੇਖ ਦੇਖ ਕੇ ਮੈਂ ਬਹੁਤ ਪਰੇਸ਼ਾਨ ਇਸ ਲਈ ਵੀ ਹੋ ਜਾਂਦਾ ਹਾਂ ਕਿਓਂਕਿ ਕਿ ਮੈਨੂੰ ਲਾੜੇ ਵਿਚ, ਵਾਜੇ ਵਾਲਿਆਂ, ਬੇਹਰਿਆਂ ਤੇ ਜਾਂਞੀਆਂ ਵਿਚ ਫਰਕ ਕਰਨਾ ਬੜਾ ਮੁਸ਼ਕਿਲ ਹੋ ਜਾਂਦੈ - by default ਤੇ ਅਸੀਂ ਅਜਿਹੇ ਪਹਿਰਾਵੇ ਵਾਜੇ ਵਾਲਿਆਂ ਦੇ ਹੀ ਦੇਖੇ ਨੇ - ਹੁਣ ਬੈਰੇ ਵੀ ਵਧੀਆ ਵਧੀਆ ਕੱਪੜੇ ਪਾਉਣ ਲੱਗੇ ਨੇ - ਕਈ ਵਾਰੀ ਤੇ ਡਰ ਲੱਗਦੈ ਸੱਚੀਂ ਬਹਿਰੇ ਨੂੰ ਕੁਛ ਕਹਿੰਦਿਆਂ - ਪਹਿਲਾਂ ਚੈੱਕ ਕਰਨਾ ਪੈਂਦੈ ਕਿ ਕਿਤੇ ਇਹ ਵੀ ਕੋਈ ਜਾਂਝੀ ਜਾਂ ਮੇਲ ਵਿਚ ਆਇਆ ਹੋਇਆ ਤਾਂ ਨਹੀਂ - ਕਈ ਵਾਰੀ ਤੇ ਡਰ ਡਰ ਕੇ ਹੀ ਪੁੱਛਣਾ ਪੈਂਦੈ -

ਬਾਤ ਸਿਰਫ ਇੰਨੀ ਹੈ ਜਿਸ ਦਾ ਮੈਂ ਖਾਮਖਾਂ ਬਤੰਗੜ ਬਣਾ ਛੱਡਿਆ ਕਿ ਮੈਨੂੰ ਇਹ ਸਬ ਦੇਖ ਕੇ ਬੜਾ ਹਾਸਾ ਆਉਂਦਾ ਹੈ - ਇੰਨਾ ਕੁ' ਹਾਸਾ ਆਉਂਦੈ ਕਿ ਮੈਂ ਆਪਣੇ ਦਿਲ ਨੂੰ ਪੁੱਛਦਾਂ ਹਾਂ ਯਾਰ, ਜੇ ਤੈਨੂੰ ਕੋਈ ਫ੍ਰੀ ਵੀ ਇਹ ਸਭ ਦੇ ਦੇਵੇ ਤੇ ਤੂੰ ਪਹਿਨ ਲਵੇਂ - ਜਵਾਬ ਮਿਲਿਆ - ਦਫ਼ਾ ਹੋ, ਤੂੰ ਇਹ ਸੋਚ ਵੀ ਕਿਵੇਂ ਲਿਆ!

ਬਲਾਗ ਤਾਂ ਇਕ ਡਾਇਰੀ ਹੁੰਦੈ - ਇਸ ਲਈ ਜੇਕਰ ਤੁਸੀਂ ਇਸ ਲਿਖੇ ਦਾ ਬੁਰਾ ਚੰਗਾ ਮਨਾ ਵੀ ਲਵੋਗੇ ਤੇ ਮੈਂ ਕੁਛ ਨਹੀਂ ਕਰ ਸਕਦਾ - ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਮੈਂ 99 ਪਰਸੈਂਟ ਤੇ ਆਪਣੇ ਕਿਰਦਾਰ ਤੇ ਹੀ ਹੱਸਦਾ ਹਾਂ - ਜੇਕਰ ਕਦੇ ਕਦੇ ਦੂਜੇ ਖਾਂਦੇ ਪੀਂਦੇ ਲੋਕਾਂ ਤੇ ਵੀ ਹਾਸਾ ਆ ਜਾਵੇ ਤਾਂ ਕਿ ਕਰਾਂ!!


ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...