Monday, 20 October 2025

ਆਰਾਮਪ੍ਰਸਤੀ - ਬੱਲੇ ਬੱਲੇ!!

ਅਸੀਂ ਐੱਨੇ ਸ਼ੱਕੀ ਹੋ ਗਏ, ਮੈਂ ਆਪਣੇ ਪੋਟਿਆਂ ਤੇ ਕਾਲਖ ਫੇਰ ਟੀ , ਕਿਤੇ ਕੋਈ ਫਿੰਗਰ ਪ੍ਰਿੰਟ ਤੋਂ ਕਿਸੇ ਫਰੌਡ ਚ ਹੀ ਨਾ ਫਸਾ ਮਾਰੇ 😂



ਪਹਿਲਾਂ ਸੁਣੀਦਾ ਸੀ,
ਸਵਾਹ ਨਾਲ, ਮਿੱਟੀ ਚੀਕਣੀ ਨਾਲ ਵੀ ਲੋਕੀਂ ਹੱਥ ਲੈਂਦੇ ਸੀ ਧੋ. 

ਫੇਰ ਹੋਣ ਲੱਗੀ ਵਰਤੋਂ ਦੇਸੀ ਸਾਬਣ ਦੀ ਚਾਕੀ ਦੀ, 

ਫੇਰ ਸਾਡੇ ਵੇਲੇ ਤਕ ਲੈਫ਼ਬੁਆਏ ਚੜਿਆ ਸਾਡੇ ਹੱਥੀਂ, 

40-50 ਸਾਲ ਲੈਫ਼ਬੁਆਏ ਨੂੰ ਹੀ ਰਹੇ ਰਗੜਦੇ ਹੱਥੀਂ।…

ਚੰਗਾ ਲੱਗਦਾ ਸੀ, ਖੁਸ਼ਬੂ ਵੀ ਆਉਂਦੀ ਸੀ….


ਫੇਰ ਆਇਆ ਲਿਕਵੀਡ ਸੌਪਾਂ ਦਾ ਦੌਰ, 

ਪਰ ਮੇਰੇ ਵਰਗੇ ਲਾਈਫਬੁਆਏ ਦੇ ਸ਼ੁਦਾਈ ਕਿਤੇ ਆਣ ਵਾਲੇ ਸੀ ਬਾਜ਼….

ਫੇਰ ਜਦੋਂ ਮੋਟੀ ਤਗੜੀ ਲੈਫ਼ਬੁਆਏ ਦੀ ਚਾਕੀ ਲੱਗਣ ਲੱਗੀ ਬਹੁਤੀ ਭਾਰੀ, 

ਉਸਦੇ ਦੋ ਟੁਕੜੇ ਕੀਤੇ ਜਾਣ ਸ਼ੁਰੂ ਹੋਏ….

ਕੰਪਨੀ ਨੂੰ ਲੱਗਾ ਪਤਾ ਹੋਉ, ਉਹਨਾਂ ਚਾਕੀ ਦਾ ਸਾਈਜ਼ ਹੀ ਕਰ ਮਾਰਿਆ ਛੋਟਾ।…

ਫੇਰ ਵੀ ਰਿਹਾ ਲਾਈਫਬੁਆਏ ਹੀ ਆਪਣਾ ਫੇਵਰਿਟ। …


ਫੇਰ ਲੱਗ ਗਏ ਕਈ ਸਾਲ ਕੋਰੋਨਾ ਦੇ ਲੇਖੇ, 

ਸਾਡੀਆਂ ਕਈਂ ਆਦਤਾਂ ਜਿਵੇਂ ਆਇਆ ਸੀ ਉਹ ਬਦਲਣ, 

ਸਨੇਟਾਈਜ਼ਰ ਪਰਧਾਨ ਹਰ ਪਾਸੇ, ਘਰਾਂ, ਹੋਟਲਾਂ, ਗੱਡੀਆਂ ਚ, 

ਸੰਜੀਵਨੀ ਬੂਟੀ ਵਾਂਗ ਉਸ ਨੂੰ ਗਿਆ ਵਰਤਿਆ, 

ਖੀਸੇ ਚ ਪਈਆਂ, ਬੀਬੀਆਂ ਦੇ ਪਰਸਾਂ ਚ’ ਰੱਖੀਆਂ ਇਹ ਬੋਤਲਾਂ,

ਹੈਰਾਨੀ ਵੱਲ ਗੱਲ ਤਾਂ ਇਹ ਕਿ ਹੱਥ ਜਿਹੋ ਜਿਹੇ ਵੀ ਹੋਣ

ਬੂਟੀ ਸਨੇਟਾਈਜ਼ਰ ਦੀ ਕਿਵੇਂ ਕੱਢ ਦੇਉ ਸਾਰੇ ਵੱਟ…


ਖੈਰ, ਕੁਝ ਦਿਨ ਪਹਿਲਾਂ ਜਦੋਂ ਮੈਂ ਹੱਥ ਲੱਗਿਆ ਧੋਣ, 

ਦੱਬਦੇ ਹੀ ਬੋਤਲ ਦਾ ਢੱਕਣ , ਸਿੱਧੀ ਭੁੜੱਕ ਕੇ ਆਈ ਝੱਗ ਬਾਹਰ

ਮੈਨੂੰ ਲੱਗਾ ਬੋਤਲ ਨੂੰ ਲੱਗੀ ਗ਼ਲਤੀ ਜਾਂ ਮੈਨੂੰ ਕੋਈ ਟਪਲਾ 

ਹੱਥ ਤਾਂ ਚਲੋ ਧੁਚ ਹੀ ਜਾਣੇ ਸੀ, ਪਰ ਉਹ ਧੁਚਨ ਵਾਲੀ ਫੀਲ ਵੀ ਤਾਂ ਹੈ ਜ਼ਰੂਰੀ, 

ਓਹ ਕਿਵੇਂ ਆਵੇ !! 


ਹੈਰਾਨ ਤਾਂ ਮੈਂ ਸੀ, ਪਰ ਲੱਗਾ ਐਵੇਂ ਹੀ ਆ ਗਈ ਹੋਣੀ ਏ ਝੱਗ…

ਫੇਰ ਅਗਲੇ ਇਕ ਦੋ ਦਿਨ ਵੀ ਇੰਝ ਹੀ ਹੋਇਆ, ਸਿੱਧੀ ਝੱਗ ਬਾਹਰ।..

ਆਖਰ ਪੁੱਛਣਾ ਹੀ ਪਿਆ, ਇਹ ਸਿੱਧੀ ਝੱਗ ਸੁੱਟਣ ਵਾਲਾ ਕਿਹੜਾ ਹੈ ਖੇਡ! 

ਇਹ ਲਿਕਵਿਡ ਸੋਪ ਦਾ ਹੀ ਹੈ ਕਮਾਲ, ਦੱਬਣ ਤੇ ਝੱਗ ਹੀ ਸੁਟਦਾ ਏ, ਜਵਾਬ ਮਿਲਿਆ!! 


ਪਰ ਦੋਸਤੋ ਆਪਣਾ ਤਾਂ ਜੀ ਨਹੀਂ ਮੰਨਦਾ , ਲੈਫ਼ਬੁਆਏ ਤੋਂ ਬਿਨਾ, 

ਐਡੀ ਵੀ ਕਿਹੜੀ ਹੋ ਗਈ ਆਰਾਮਪ੍ਰਸਤੀ, ਸਾਬਣ ਦੀ ਗਾਚੀ ਹੱਥਾਂ ਤੇ ਮਲੇ ਬਿਨਾ, 

ਆਪਸ ਚ’ ਚੰਗੀ ਤਰ੍ਹਾਂ ਰਗੜੇ ਬਿਨਾ, ਹੱਥ ਕਿਵੇਂ ਹੋ ਗਏ ਸਾਫ. 

ਇਹ ਗੱਲ ਸਾਨੂੰ ਤਾਂ ਹਜ਼ਮ ਨਹੀਂ ਹੁੰਦੀ। 

ਇਸੇ ਕਰਕੇ ਹੁਣੇ ਹਾਜਮੋਲਾ ਦੀ ਡੱਬੀ ਦੇ ਨਾਲ ਨਾਲ ਕਰ ਦਿੱਤੀਆਂ ਨੇ ਆਰਡਰ 

ਚਾਰ ਚਾਕੀਆਂ ਲਾਈਫ ਬੁਆਏ ਦੀਆਂ । ….


ਪ੍ਰਵੀਨ ਚੋਪੜਾ 

21.10.25 


ਨੀਲੀਆਂ, ਕਾਲੀਆਂ,ਪੀਲੀਆਂ ਹੋਈਆਂ ਕਿਤਾਬਾਂ

 ਮੈਨੂੰ ਇੰਝ ਲੱਗਦੈ ਕਿ ਸਾਡੀ ਪੀੜੀ ਨੂੰ ਆਪਣੀਆਂ ਕਿਤਾਬਾਂ ਦੀ ਸੰਭਾਲ ਬਾਰੇ ਬੜਾ ਸਚੇਤ ਰੱਖਿਆ ਗਿਆ, ਮੈਨੂੰ ਥੋੜਾ ਬਹੁਤ ਖ਼ਿਆਲ ਤਾਂ ਇਹ ਵੀ ਏ ਕਿ ਇਹ ਉਹ ਵੇਲਾ ਸੀ ਜਦੋਂ ਪੁਰਾਣੀਆਂ ਕਿਤਾਬਾਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਸੀ….ਫੇਰ ਉਸ ਵੇਲੇ ਜਿੰਨੀਆਂ ਕਿਤਾਬ ਦੇ ਅੰਦਰ ਪੈਨ, ਪੈਨਸਿਲ ਤੇ ਸਿਆਹੀ ਨਾਲ ਚਿੱਤਰਕਾਰੀ ਹੋਈ ਹੁੰਦੀ, ਉਸ ਦਾ ਮੁੱਲ ਉਨਾਂ ਹੀ ਘੱਟ ਜਾਂਦਾ। 


ਸ਼ਾਇਦ ਇਹੀਓ ਕਾਰਣ ਹੋਵੇਗਾ ਕਿ ਬੱਚੇ ਕਿਤਾਬਾਂ ਨੂੰ ਜ਼ਿਆਦਾ ਹੀ ਸਾਂਭ ਸਾਂਭ ਕੇ ਵਰਤਦੇ ਰਹੇ, ਨਿਸ਼ਾਨੀ ਨਹੀਂ ਲਾਉਣੀ, ਕੋਈ ਅੰਡਰਲਾਈਨ ਨਹੀਂ, ਹਾਈਲਾਈਟਰ ਤੋਂ ਪਹਿਲੇ ਸਮਿਆਂ ਚ ਹੁੰਦੇ ਹੀ ਨਹੀਂ ਸੀ. ਅਸੀਂ ਕਵਰ ਕਰ ਕੇ ਰੱਖਣਾ ਕਿਤਾਬਾਂ ਨੂੰ, ਉਹ ਵੀ ਕੋਈ ਬਹੁਤਾ ਫੈਂਸੀ ਨਹੀਂ, ਪੁਰਾਣੀ ਅਖਬਾਰ ਨੂੰ ਲੈ ਕੇ ਘਰ ਚ’ ਤਿਆਰ ਆਟੇ ਦੀ ਲੇਵੀ ਨਾਲ ਹੀ ਬੁੱਤਾ ਸਾਰਨਾ ਪੈਂਦਾ ਸੀ, ਇਹ ਗੁੰਦਾਂ ਵੀ ਨਹੀਂ ਸੀ ਲੱਭਦੀਆਂ ਉਹਨਾਂ ਦਿਨਾਂ ਚ’….


ਮੈਂ ਪਿਛਲੇ ਕੁਝ ਸਾਲਾਂ ਚ ਲਗਭਗ ਹਰ ਵਿਸ਼ੇ ਦੀਆਂ ਕਿਤਾਬਾਂ ਹੱਥੋਂ ਕੱਢ ਦਿੱਤੀਆਂ ਨੇ, ਪੜ੍ਹੀਆਂ ਕੁਛ ਜ਼ਿਆਦਾ ਨਹੀਂ, ਐਵੇਂ ਹੀ ਲਿਫਾਫੇ ਮਾਰਣ ਨਾਲ ਮੈਨੂੰ ਕਿਹੜਾ ਕੋਈ ਅਵਾਰਡ ਮਿਲ ਜਾਣੈ ।

ਕਈਂ 70-80-90 ਵਰ੍ਹੇ ਪੁਰਾਣੀਆਂ ਕਿਤਾਬਾਂ ਵੇਖੀਆਂ, ਹਰ ਸਫ਼ੇ ਤੇ ਕੁਝ ਨਾ ਕੁਝ ਲਿਖਿਆ ਹੋਇਆ, ਪੈਨਸਿਲ ਨਾਲ ਵੀ, ਪੈਨ ਨਾਲ ਵੀ. ਕਿਤਾਬ ਦੀ ਹਾਲਤ ਵੇਖ ਕੇ ਹੀ ਅੰਦਾਜ਼ਾ ਹੋ ਜਾਂਦਾ ਕਿ ਕਿਵੇਂ ਪੜ੍ਹਨ ਵਾਲੇਆਂ ਨੇ ਉਸਨੂੰ ਚਿੱਥ ਛਡਿਆ ਹੋਵੇ ਜਿਵੇਂ।  


ਪੰਜਾਬੀ ਲਿਖਦੇ ਲਿਖਦੇ ਲੈਪਟਾਪ ਉੱਤੇ ਨਾਨੀ ਚੇਤੇ ਆ ਰਹੀ ਏ, ਇਸ ਦੇ ਬਾਵਜੂਦ ਕਿ ਸਿਰਫ ਪੰਜਾਬੀ ਭਾਸ਼ਾ ਹੀ ਬੋਲਦੇ ਹਾਂ, ਕਾਗਜ਼ ਦੇ ਤੇ ਆਪਣੀ ਡਾਇਰੀ ਚ ਵੀ ਅਕਸਰ ਪੰਜਾਬੀ ਦੇ ਵਿਚ ਹੀ ਲਿਖਦਾ ਹਾਂ, ਇਹ ਬਲਾਗ ਵੀ ਪਹਿਲਾਂ ਲਿਖਦਾ ਸੀ, ਵਿਚ ਥੋੜੀ ਚਿਰ ਨਹੀਂ ਲਿਖਿਆ ਤੇ ਹੁਣ ਟਾਈਪਿੰਗ ਕਰਣ ਚ ਦਿੱਕਤ ਆਉਂਦੀ ਏ. ਲਿਖਦਾ ਮੈਂ ਹਿੰਦੀ, ਇੰਗਲਿਸ਼ ਵਿਚ ਵੀ ਹਾਂ, ਪਰ ਜੋ ਗੱਲ ਆਪਣੀ ਮਾਂ ਬੋਲੀ ਚ’ ਕੁਝ ਕਹਿਣ ਦੀ ਹੁੰਦੀ ਏ, ਉਸਨੂੰ ਕਿਵੇਂ ਕੋਈ ਬਿਆਨ ਕਰੇ. 


ਅੱਜ ਚਾਹੇ ਮੁਸ਼ਕਿਲ ਹੋ ਰਹੀ ਏ ਪਰ ਮੈਂ ਵੀ ਢੀਠ ਹੋ ਕੇ ਬਹਿ ਗਿਆ ਹਾਂ, ਕੋਈ ਨਹੀਂ ਸਮਾਂ ਜ਼ਿਆਦਾ ਲੱਗਦੈ ਤੇ ਲੱਗੇ ਪਿਆ, ਮੇਰੇ ਕੋਲ ਕਿਹੜਾ ਟਰੰਪ ਨੂੰ ਮਿਲਣ ਦਾ ਸੱਦਾ ਆਇਆ ਪਿਆ ਏ। ..


ਮੈਂ ਇੰਝ ਵੀ ਲੱਗਦੈ ਜਿੰਨੀਆਂ ਸਾਡੇ ਕੋਲ ਕਿਤਾਬਾਂ ਹੁੰਦੀਆਂ ਨੇ, ਉਹਨਾਂ ਚੋ ਅਸੀਂ ਬਹੁਤ ਘੱਟ ਹੀ ਪੜ੍ਹਦੇ ਹਾਂ. ਕੋਈ ਸਾਡਾ ਇਥੇ 250 ਸਾਲ ਰਹਿਣ ਦਾ ਵੀ ਕੋਈ ਪ੍ਰੋਗਰਾਮ ਨਹੀਂ, ਇਸ ਲਈ ਘੱਟੋਘਟ ਜਿਹੜੀ ਕਿਤਾਬ ਇਕ ਵਾਰ ਹੱਥੋਂ ਲੰਘ ਚੁੱਕੀ ਏ, ਉਸ ਨੂੰ ਵੇਖ ਕੇ, ਉਸ ਨੇ ਵਰਕੇ ਫਰੋਲ ਕੇ ਪਤਾ ਤਾਂ ਲੱਗੇ ਕਿ ਉਸ ਵਿਚ ਹੈ ਕਿ ਆਖਰ ! ਇਹ ਤਾਂ ਤਾਂਹੀਓਂ ਮੁਮਕਿਨ ਹੈ ਜੇਕਰ ਅਸੀਂ ਕਿਤਾਬ ਨੂੰ ਇਕ ਕੈਨਵਸ ਵਾਂਗ ਇਸਤੇਮਾਲ ਕਰੀਏ, ਜੋ ਕੁਝ ਦਿਲ ਚ ਵਿਚਾਰ ਆਵੇ, ਉਸ ਕਿਤਾਬ ਬਾਰੇ ਜਿਥੇ ਜਗ੍ਹਾ ਮਿਲੇ ਲਿਖਦੇ ਜਾਈਏ, underline ਕਰੀਏ, highlighter ਦੀ ਵਰਤੋਂ ਦਿਲ ਖੋਲ ਕੇ ਕਰੀਏ, ਜਿਹੜਾ ਵਰਕਾ ਫੋਲਡ ਕਰ ਕੇ ਰੱਖਣਾ ਏ, ਉਸਨੂੰ ਫੋਲਡ ਕਰ ਕਰੋ, ਬੱਸ ਕਿਤਾਬਾਂ ਦੇ ਵਰਕੇ ਕਦੇ ਨਾ ਫਾੜੋ , ਇਹ ਬੇਨਤੀ ਹੈ. 


ਕਿਤਾਬਾਂ ਅਸੀਂ ਲੋਕ ਵੈਸੇ ਹੀ ਘੱਟ ਪੜ੍ਹਦੇ ਹਾਂ, ਪਰ ਇਹ ਗੱਲ ਵੀ ਪੱਕੀ ਹੈ ਕਿ ਜਿਹੜੀਆਂ ਪੜ੍ਹਦੇ ਵੀ ਹਾਂ ਉਹ ਖੁਦ ਖਰੀਦੀਆਂ ਹੁੰਦੀਆਂ ਨੇ. ਇਹ ਜਿਹੜੀਆਂ ਕਿਤਾਬਾਂ ਸਾਨੂੰ ਏਧਰੋਂ ਓਧਰੋਂ ਕੋਈ ਪਿਆਰ ਨਾਲ ਦੇ ਦਿੰਦਾ ਹੈ, ਉਹਨਾਂ ਦੀ ਵੀ ਕੋਈ ਕੀਮਤ ਨਹੀਂ ਪਾਂਦੇ ਅਸੀਂ, ਬੱਸ ਠੱਪਿਆਂ-ਠਪਾਈਆਂ ਰੱਦੀ ਚ ਨਿਕਲ ਕੇ ਕਿਸੇ ਫੁੱਟਪਾਥ ਤੇ ਵਿੱਕ ਰਹੀਆਂ ਹੁੰਦੀਆਂ ਨੇ. ਵੱਡੇ ਤੋਂ ਵੱਡੇ ਲਿਖਾਰੀਆਂ ਦੀਆਂ ਸਾਈਨ ਕੀਤੀਆਂ ਕਿਤਾਬਾਂ ਮੈਂ ਇਸੇ ਤਰ੍ਹਾਂ ਰੁਲਦੀਆਂ ਦੇਖੀਆਂ ਨੇ. 


ਇਹ ਜਿਹੜਾ ਖਿਆਲ ਮੈਨੂੰ ਅੱਜ ਆਇਆ ਫਿਰਦੈ - ਉਹ ਪਹਿਲਾਂ ਵੀ ਜ਼ਰੂਰ ਆਇਆ ਹੋਵੇਗਾ। ਪਰ ਕਲ ਰਾਤੀਂ ਫੇਰ ਆਇਆ।  ਮੈਂ ਇਕ ਮੋਟੀ ਤਗੜੀ ਕਿਤਾਬ ਦੇ ਸਾਫ਼ ਫਰੋਲ ਰਿਹਾ ਸੀ, ਕਿਸੇ ਬੜੇ ਮਸ਼ਹੂਰ ਸਿੰਗਰ ਨੇ ਜਿਹੜੀਆਂ ਦੋ ਤਿੰਨ ਸੋ ਗ਼ਜ਼ਲਾਂ ਗਾਈਆਂ, ਉਹ ਸਾਰੀਆਂ ਗ਼ਜ਼ਲਾਂ ਉਸ ਵਿਚ ਸਨ. ਮੈਂ ਵਰਕੇ ਤੋਂ ਵਰਕੇ ਫਰੋਲਦਾ ਜਾ ਰਿਹਾ ਸੀ, ਮੈਨੂੰ ਕੋਈ ਗੀਤ, ਗ਼ਜ਼ਲ ਪਸੰਦ ਹੀ ਨਹੀਂ ਸੀ ਆ ਰਹੀ, ਫੇਰ 100 ਕੁ’ ਸਾਫ਼ ਫਰੋਲਣ ਤੋਂ ਬਾਅਦ ਮੈਨੂੰ 1-2 ਬਸ਼ੀਰ ਬਾਡਰ ਸਾਬ ਤੇ 1-2 ਨਿਦਾ ਫਾਜ਼ਲੀ ਦੀਆਂ ਗ਼ਜ਼ਲਾਂ ਦਿੱਖ ਗਈਆਂ, ਮੈਨੂੰ ਬੜਾ ਚੰਗਾ ਲੱਗਾ, ਉਸ ਵੇਲੇ ਮੈਨੂੰ ਇਹ ਖਿਆਲ ਵੀ ਆਇਆ ਕਿ ਜਦੋਂ ਵੀ ਕੋਈ ਕਿਤਾਬ ਅਸੀਂ ਪੜ੍ਹੀਏ, ਉਸ ਦੇ ਬਾਹਰ ਇਕ ਕਾਗਜ਼ ਜ਼ਰੂਰ ਨੱਥੀ ਕਰ ਦਿਓ - 


ਉਸ ਕਾਗਜ਼ ਤੇ ਮੈਂ ਲਿਖਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਇਹੋ ਜਿਹੀ ਕਿਤਾਬ ਆਖਰ ਮੈਂ ਖਰੀਦੀ ਹੀ ਕਿਓਂ , ਸਾਰੀਆਂ ਗ਼ਜ਼ਲਾਂ ਚ ਇੰਨੇ ਇੰਨੇ ਮੁਸ਼ਕਿਲ ਉਰਦੂ ਦੇ ਅਲਫਾਜ਼, ਸਾਰੀ ਕਿਤਾਬ ਆਸ਼ਕ ਮਾਸ਼ੂਕ ਦੀਆਂ ਗੱਲਾਂ ਨਾਲ, ਦਾਰੂ, ਠੇਕੇ ਦੀਆਂ ਗੱਲਾਂ ਨਾਲ ਭਰੀ ਹੋਈ, ਠੀਕ ਹੈ, ਜਿਸਨੂੰ ਇਸ ਵਿਚ ਰਸ ਆਉਂਦਾ ਹੋਵੇਗਾ ਉਹ ਪੜ੍ਹੇ, ਜ਼ਰੂਰ ਪੜ੍ਹੇ, ਪਰ ਮੈਨੂੰ ਤਾਂ ਇੰਸਪਿਰੈਸਨਲ ਤੇ ਮੋਟੀਵੇਸ਼ਨਲ ਸ਼ਾਇਰੀ ਹੀ ਪਸੰਦ ਏ….


ਅਗਲੀ ਵਾਰੀ ਜਦੋਂ ਕਦੇ ਇਹ ਕਿਤਾਬ ਵਾਪਸ ਮੇਰੇ ਹੱਥੀਂ ਚੜੇਗੀ ਤਾਂ ਇਹ ਬਾਹਰ ਲੱਗਿਆ ਰੁੱਕਾ ਮੈਨੂੰ ਰਸਤਾ ਤੇ ਦੱਸੇਗਾ।  ਇਸ ਕਰ ਕੇ ਮੈਂ ਕਹਿਣਾ ਹਾਂ ਕਿ ਆਪਣੀਆਂ ਕਿਤਾਬਾਂ ਨੂੰ ਕਾਲਾ, ਪੀਲਾ, ਨੀਲਾ, ਕਰਦੇ ਜ਼ਿਆਦਾ ਸੋਚਿਆ ਨਾ ਕਰੋ, ਕਿਸੇ ਨੇ ਨਹੀਂ ਖੋਲ ਕੇ ਵੇਖਣੀਆਂ ਮੁੜ ਇਹ ਕਿਤਾਬਾਂ, ਫਿਕਰ ਨਾ ਕਰੋ, ਇਹਨਾਂ ਵੀ ਰੱਦੀ ਚ’ ਹੀ ਨਿਕਲ ਜਾਣੈ। 


ਪੰਜਾਬੀ ਟਾਈਪਿੰਗ ਅੱਜ ਬੜੇ ਚਿਰਾਂ ਬਾਅਦ ਕੀਤੀ, ਮੁਸ਼ਕਿਲ ਲੱਗੀ, ਜਿਹੜਾ ਕੰਮ ਥੋੜਾ ਬਹੁਤ ਆਉਂਦਾ ਹੋਵੇ ਕਰਦੇ ਰਹਿਣਾ ਚਾਹੀਦੈ। 


ਆਰਾਮਪ੍ਰਸਤੀ - ਬੱਲੇ ਬੱਲੇ!!

ਅਸੀਂ ਐੱਨੇ ਸ਼ੱਕੀ ਹੋ ਗਏ, ਮੈਂ ਆਪਣੇ ਪੋਟਿਆਂ ਤੇ ਕਾਲਖ ਫੇਰ ਟੀ , ਕਿਤੇ ਕੋਈ ਫਿੰਗਰ ਪ੍ਰਿੰਟ ਤੋਂ ਕਿਸੇ ਫਰੌਡ ਚ ਹੀ ਨਾ ਫਸਾ ਮਾਰੇ 😂 ਪਹਿਲਾਂ ਸੁਣੀਦਾ ਸੀ, ਸਵਾਹ ਨਾਲ, ਮ...