Thursday, 9 April 2020

ਦੋਆਬਾ ਰੇਡੀਓ ਦਾ ਵੀ ਜਵਾਬ ਨਹੀਂ ਬਈ ..

ਮੈਂ ਅਕਸਰ ਦੋਆਬਾ ਰੇਡੀਓ ਐਪ ਦੀ ਤਾਰੀਫ ਕਰਦਾ ਰਹਿੰਦਾ ਹਾਂ - ਆਪਣੇ ਯਾਰਾਂ ਮਿੱਤਰਾਂ ਨੂੰ ਇਸ ਬਾਰੇ ਦੱਸਦਾ ਰਹਿੰਦਾ ਹਾਂ - ਤੇ ਇਸ ਨੂੰ ਐਪ ਰਾਹੀਂ ਸੁਨਣ ਲਈ ਆਖਦਾ ਰਹਿੰਦਾ ਹਾਂ - ਪਰ ਗੱਲ ਓਹੀਓ ਹੈ ਜਨਾਬ ਜਿੰਨਾ ਮਰਜੀ ਕਿਸੇ ਨਾਲ ਸਿਰਖਪਾਈ ਕਰ ਲਵੋ - ਜਦੋਂ ਤੱਕ ਆਪਣੇ ਆਪ ਹੀ ਪੰਜਾਬੀ ਦੇ ਚੰਗੇ, ਸਾਫ਼ ਸੁਥਰੇ ਕੰਟੇੰਟ ਲਈ ਭੁੱਖ ਨਹੀਂ ਉਗੜਦੀ, ਹੋਰ ਕੋਈ ਚੀਜ਼ ਮਦਦ ਨਹੀਂ ਕਰ ਸਕਦੀ -

ਮੈਂ ਕਿਸੇ ਵੇਲੇ ਸੋਚਦਾ ਹਾਂ ਕਿ ਅਸੀਂ ਬੜੇ ਸੁਭਾਗਾਂ ਵਾਲੇ ਸੀ ਅਸੀਂ ਬਚਪਨ ਤੋਂ ਹੀ ਰੇਡੀਓ ਨਾਲ ਜੁੜੇ ਰਹੇ - ਹੋਰ ਕੋਈ ਤਰੀਕਾ ਨਹੀਂ ਸੀ ਹੁੰਦਾ - ਦਿਲ ਪਰਚਾਵੇ ਦਾ - ਸ਼ਾਮਾਂ ਨੂੰ 7 ਤੋਂ 8 ਵਜੇ ਤਕ ਰੇਡੀਓ ਤੇ ਜਲੰਧਰ ਆਲ ਇੰਡੀਆ ਰੇਡੀਓ ਤੋਂ ਆਉਣ ਵਾਲੇ ਦੇਸ਼ ਪੰਜਾਬ ਪ੍ਰੋਗਰਾਮ ਦੀ ਐਂਨੀ ਉਡੀਕ ਰਹਿਣੀ ਕਿ ਖੇਲਦੇ ਹੋਇਆਂ ਵੀ ਵਾਪਸ ਘਰੋਂ ਘਰੀ ਨੱਸ ਆਉਣਾ- ਵੈਸੇ ਉਹਨਾਂ ਦਿਨਾਂ ਚ' ਆਸੇ ਪਾਸੇ ਗੁਆਂਢ ਦੇ ਰੇਡੀਓ ਵੀ ਪੂਰੀ ਆਵਾਜ਼ ਤੇ ਵੱਜਦੇ ਸੀ -

ਹੁਣ ਓਹੀਓ ਕੰਮ ਰੇਡੀਓ ਦੋਆਬਾ ਕਰ ਰਿਹੈ - ਅੱਜ ਤੋਂ 12-13 ਸਾਲ ਪਹਿਲਾਂ ਜਦੋਂ ਮੈਂ ਮਾਸ-ਕਮ੍ਯੁਨਿਕੇਸ਼ਨ ਪੜ੍ਹ ਰਿਹਾ ਸੀ ਤਾਂ ਮੈਂ ਇੰਟਰਨੇਟ ਰੇਡੀਓ ਜਾਂ ਵੈੱਬ ਰੇਡੀਓ ਬਾਰੇ ਪੜ੍ਹਿਆ ਸੀ ਚੰਗੀ ਤਰ੍ਹਾਂ ਪਰ ਟਰਾਂਜ਼ਿਸਟਰ ਰੇਡੀਓ ਉੱਤੇ ਹੀ ਰੇਡੀਓ ਸੁਣਨ ਵਾਲੇ ਮੇਰੇ ਵਰਗੇ ਇਨਸਾਨ ਨੂੰ ਕਦੇ ਹੋਰ ਕਿਤੇ ਝਾਤੀ ਮਾਰਨ ਦੀ ਫੁਰਸਤ ਹੀ ਨਹੀਂ ਸੀ - 2-3 ਮਹੀਨੇ ਪਹਿਲਾਂ ਇਕ ਦਿਨ ਫੇਸਬੁੱਕ ਉੱਤੇ ਡਾ ਸੀਮਾ ਗਰੇਵਾਲ ਜੀ ਜਿਹੜੇ ਰੇਡੀਓ ਦੋਆਬੇ ਦੇ ਕਮਾਲ ਦੇ ਇਕ ਪੇਸ਼ਕਾਰ ਹਨ, ਉਹਨਾਂ ਦੀ ਇਕ ਰੇਡੀਓ ਦੋਆਬੇ ਬਾਰੇ ਇਕ ਵੀਡੀਓ ਦੇਖੀ - ਗੱਲ ਸਮਝ ਆ ਗਈ ਤੇ ਆਪਾਂ ਰੇਡੀਓ ਦੋਆਬਾ ਐਪ ਨੂੰ ਡਾਊਨਲੋਡ ਕਰ ਲਿਆ -






ਮੇਰੇ ਨਾਲ ਪੰਗਾ ਇਹੋ ਹੈ ਕਿ ਮੈਂ ਲਿਖਣ ਦਾ ਪੰਗਾ ਤਾਂ ਲੈ ਲੈਂਦਾ ਹਾਂ ਪਰ ਫੇਰ ਮੇਰੇ ਦਿਲ ਚ ਏੰਨੀਆਂ ਗੱਲਾਂ ਮੈਨੂੰ ਘੇਰ ਲੈਂਦੀਆਂ ਨੇ ਕਿ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਕਿਹੜੀ ਗੱਲ ਛਡਾਂ ਤੇ ਕਿਹੜੀ ਦਰਜ ਕਰਾਂ - ਦੋਸਤੋਂ, ਆਪੇ ਕਦੇ ਝੂਠੀ ਤਾਰੀਫ ਕਦੇ ਕੀਤੀ ਨਹੀਂ ਪਰ ਜਿਥੇ ਵੀ ਕੁਛ ਕਾਬਿਲੇਤਾਰੀਫ ਦਿੱਖ ਜਾਵੇ, ਉਸ ਨੂੰ ਦਰਜ ਕਰਨੋਂ ਰਹਿੰਦੇ ਨਹੀਂ।

ਅੱਛਾ, ਰੇਡੀਓ ਦੋਆਬੇ ਦਾ ਫੇਸਬੁੱਕ ਪੇਜ ਵੀ ਹੈ ਤੇ ਇਹਨਾਂ ਦੀ ਐਪ ਤੇ ਪੁਰਾਣੇ ਪ੍ਰੋਗਰਾਮਾਂ ਦੀਆਂ ਰਿਕਾਰਡਿੰਗ ਵੀ ਪਈ ਹੁੰਦੀ ਏ, ਜਿੰਨੀ ਵਾਰੀ ਮਰਜ਼ੀ ਬਾਰ ਸੁਣੋ - ਹੋਰ ਵੀ ਬੜੇ ਉਪਰਾਲੇ ਕਰਦੇ ਰਹਿੰਦੇ ਨੇ ਜਿਹੜੇ ਤੁਸੀਂ ਇਸ ਰੇਡੀਓ ਨੂੰ ਸੁਣ ਕੇ ਹਾਸਿਲ ਕਰ ਸਕਦੇ ਹੋ -

ਰੇਡੀਓ ਦੋਆਬੇ ਦੀ  ਪਿਟਾਰੀ ਵਿਚ ਜ਼ਿੰਦਗੀ ਦੇ ਸੱਬੇ ਰੰਗ ਨੇ - ਇਹਨਾਂ ਦੀ ਪੇਸ਼ਕਾਰੀ ਵੀ ਲਾਜਵਾਬ - ਡਾ ਸੀਮਾ ਗਰੇਵਾਲ ਜੀ, ਸਤਿਕਾਰਯੋਗ ਸ਼ਮਰਜੀਤ ਸ਼ੰਮੀ ਜੀ, ਭੁਪਿੰਦਰ ਭਰਾਜ ਜੀ - ਇਕ ਤੋਂ ਇਕ ਵੱਧ - ਇਕ ਜ਼ਰੂਰੀ ਗੱਲ ਇਹ ਹੈ ਕੇ ਰੋਜ਼ ਰਾਤੀ 8 ਵਜੇ ਇਹਨਾਂ ਦਾ ਇਕ ਲਾਈਵ ਪ੍ਰੋਗਰਾਮ ਆਉਂਦੈ - ਡੇਢ ਦੋ ਘੰਟੇ ਦੇ ਪ੍ਰੋਗਰਾਮ ਹੁੰਦੈ - ਪ੍ਰੋਗਰਾਮ ਕੀ ਹੁੰਦੈ - ਉਹ ਤੇ ਦੋਸਤੋ ਰੋਜ਼ ਇਕ ਛੋਟੀ ਮੋਟੀ ਰੋਚਕ ਕਿਤਾਬ ਪੜ੍ਹਨ ਬਰਾਬਰ ਹੀ ਹੁੰਦੈ - ਵੈਸੇ ਇਹ ਸਭ ਲਿਖਣ ਚ ਮੇਰਾ ਕੀ ਇੰਟਰੇਸ੍ਟ ਹੋ ਸਕਦੈ - ਕੁਛ ਵੀ ਤਾਂ ਨਹੀਂ, ਬਸ ਇੰਝ ਲੱਗਦੈ ਕਿ ਜਿਥੇ ਕੁਛ ਨੇਕ ਰੂਹਾਂ ਮਿਲ ਕੇ ਇਸ ਤਰ੍ਹਾਂ ਦਾ ਵਧੀਆ ਕੰਮ ਕਰ ਰਹੀਆਂ ਨੇ, ਉਹਨਾਂ ਦੀ ਪਿੱਠ ਥਾਪਣੀ ਤੇ ਬਣਦੀ ਏ ਕਿ ਨਹੀਂ - ਅਤੇ ਅਜਿਹੇ ਪੇਸ਼ਕਾਰਾਂ ਲਈ ਸਬ ਤੋਂ ਵੱਡਾ ਇਨਾਮ ਇਹੋ ਹੁੰਦੈ ਕਿ ਅਸੀਂ ਇਹਨਾਂ ਦੀਆਂ ਗੱਲਾਂ ਨੂੰ ਪੱਲੇ ਬਣੀਏ ਤੇ ਇਸ ਦੁਨੀਆਂ ਨੂੰ ਇਕ ਸੁਖਾਵੀਂ ਜਗ੍ਹਾ ਬਣਾਈਏ।

ਮੈਂ ਤੇ ਸੋਖੇ ਸੋਖੇ ਹਿੰਦੀ ਪੰਜਾਬੀ ਦੇ ਗਾਣਿਆਂ ਦਾ ਪੱਟਿਆਂ ਹੋਇਆਂ ਹਾਂ - ਮੈਨੂੰ ਤਾਂ ਰੇਡੀਓ ਦੋਆਬੇ ਤੇ ਅਜਿਹੇ ਗੀਤ ਵੀ ਸੁਣਨ ਨੂੰ ਮਿਲਦੇ ਨੇ ਜਿੰਨਾ ਨੂੰ ਮੈਂ ਬਚਪਨ ਵਿਚ ਸਕੂਲ ਦੇ ਸਿਲੇਬਸ ਵਾਂਗ ਰੋਜ਼ ਰੇਡੀਓ ਤੇ ਰਿਵਾਈਜ਼ ਕਰਨ ਬਹਿ ਜਾਂਦਾ ਸੀ - ਕਲ ਵੀ ਮੈਨੂੰ "ਦਿਲ ਦੀਆਂ ਗੱਲਾਂ " ਲਾਈਵ ਪ੍ਰੋਗਰਾਮ ਵਿਚ ਇਹ ਦੋ ਗੀਤ ਸੁਣਨ ਦਾ ਮੌਕਾ ਮਿਲਿਆ - ਮੌਕਾ ਕਿ ਮਿਲਿਆ, ਮੈਂ ਤਾਂ ਪਹੁੰਚ ਗਿਆ ਸਿੱਧਾ ਆਪਣੇ ਬਚਪਨ ਚ ਹੀ - ਅਜੇ ਤੱਕ ਵਾਪਿਸ ਪਰਤਣ ਨੂੰ ਦਿਲ ਨਹੀਂ ਕਰ ਰਿਹਾ - ਸੱਚੀਂ। ਤੋਂ ਫੇਰ ਤੁਸੀਂ ਵੀ ਸੁਣੋ ਜੀ ...






ਰੇਡੀਓ ਦੋਆਬੇ ਦਾ ਇਕ ਹੋਰ ਤਵਾ ਫੇਰ ਕਦੇ ਲਾਵਾਂਗੇ !
ਜੀਓੰਦੇ ਵਸਦੇ ਰਹੋ. 

Tuesday, 31 March 2020

ਚਲੋ, ਸਿਆਣਪ ਦੀ ਨਵੀਂ ਪਰਿਭਾਸ਼ਾ ਘੜੀਏ .

ਮੇਰੀ ਵੀ ਦੋਸਤੋ ਓਹੀਓ ਗੱਲ ਹੈ - ਜਾਤ ਦੀ ਕੋੜ੍ਹਕਿਰਲੀ, ਛਤੀਰਾਂ ਨਾਲ ਜੱਫੇ। ਸੱਚੀਂ ਕਹਿ ਰਿਹਾ ਹਾਂ - ਹਰ ਬੰਦੇ ਨੂੰ ਆਪਣੀ ਔਕਾਤ ਤਾਂ ਪਤਾ ਹੋਣੀ  ਚਾਹੀਦੀ ਏ - ਮੈਨੂੰ ਵੀ ਪਤੈ ਜੀ ਬਿਲਕੁਲ - ਐਵੇਂ ਦੋ -ਚਾਰ ਪੰਜਾਬੀ ਚ' ਗੱਲਾਂ ਬਾਤਾਂ ਲਿਖ ਕੇ ਉਹਨਾਂ ਨੂੰ ਕੋਟਸ ਸਮਝ ਕੇ ਖੁਦ ਨੂੰ ਬਈ ਮੈਂ ਤੇ ਲਿਓ ਟਾਲਸਟਾਏ  ਦਾ ਦੂਰ ਦਾ ਕੋਈ ਰਿਸ਼ਤੇਦਾਰ ਸਮਝਣ ਦੀ ਮੂਰਖਤਾ ਹੀ ਕਰਨ ਲੱਗ ਪਿਆ.

ਪਰ ਇਸ ਮੂਰਖਤਾ ਦੇ ਚੱਕਰ ਚ ਇਹ ਹੋਇਆ ਕਿ ਮੈਨੂੰ ਆਪਣੇ ਇਸ ਬਲਾਗ ਤੇ ਲਿਖਣ ਦਾ ਆਲਸ ਜੇਹਾ ਆਉਣ ਲੱਗ ਪਿਆ- ਮੈਨੂੰ ਇੰਝ ਝਾਵਲਾ ਜੇਹਾ ਪੈਣ ਲੱਗ ਪਿਆ ਜਿਵੇਂ ਬਾਈ ਬਸ ਹੁਣ ਇਹਨਾਂ ਕੋਟਸ ਨਾਲ ਹੀ ਜਿਵੇਂ ਕੰਮ ਚੱਲ ਜਾਇਆ ਕਰੁ - ਨਹੀਂ ਜੀ ਨਹੀਂ, ਇਸ ਨਾਲ ਨਹੀਂ ਸਰਦਾ - ਬਹੁਤੀਆਂ ਦਿਲ ਦੀਆਂ ਗੱਲਾਂ ਤਾਂ ਦਿਲ ਚ' ਹੀ ਦੱਬੀਆਂ ਰਹਿ ਜਾਂਦੀਆਂ ਨੇ - ਇਸ ਲਈ ਸੋਚਿਆ ਕਿ ਮਨਾ, ਆਪਣੇ ਕੰਮ ਵੱਲ ਵੀ ਕਦੇ ਮੂੰਹ ਕਰ ਲਿਆ ਕਰ!

ਦੋਸਤੋ, ਮੈਂ ਹੁਣੇ ਨਾਸ਼ਤਾ ਕਰਦੇ ਕਰਦੇ ਸੋਚ ਰਿਹਾ ਸੀ ਕਿ ਇਹ ਕੋਰੋਨੇ-ਸ਼ੋਨੇ ਦਾ ਵੀ ਇਕ ਦੌਰ ਹੀ ਹੈ - ਜਿਹੜਾ ਸਾਨੂੰ ਬੜੇ ਜ਼ਰੂਰਤੀ ਪਾਠ ਪੜ੍ਹਾ ਕੇ ਜਾਉ - ਸੋਚਣ ਵਾਲੀ ਗੱਲ ਹੈ ਇਹ ਵਾਇਰਸ ਰੂਪੀ ਆਫ਼ਤ ਸਾਨੂੰ ਰਹਿਣ, ਬਹਿਣ, ਉੱਠਣ, ਖਲੋਣ, ਖਾਣ ਪੀਣ, ਮਿਲਣ ਗਿਲਣ, ਅੰਦਰ ਬਾਹਰ ਆਉਣ ਜਾਉਣ ਦੀਆਂ ਜਾਚਾਂ ਸਿਖਾ ਕੇ ਹੀ ਜਾਉ - ਅਸੀਂ ਕਿੱਡੇ ਮੂਰਖ ਅਸੀਂ ਖੁੱਲੇ ਚ' ਜੰਗਲ ਪਾਣੀ ਤੋਂ ਮੁਕਤ ਹੋਣ ਦੇ ਸੱਚੇ-ਝੂਠੇ ਆਂਕੜੇ ਦੇਖ ਦੇਖ ਕੇ ਹੀ ਟਪੋਸ਼ਿਆਂ ਮਾਰੀ ਜਾ ਰਹੇ ਸੀ - ਬੜੇ ਕੁਝ ਹੈ ਅਜੇ ਬਾਈ ਸਾਡੇ ਸਿੱਖਣ ਲਈ ਅਜੇ - ਕੋਰੋਨਾ ਚੁੜੇਲ ਸਿਖਾ ਰਹੀ ਏ ਸਹਿਜੇ ਸਹਿਜੇ।...

ਅਸੀਂ ਸਾਰੇ ਇਹਨਾਂ ਦਿਨਾਂ ਚ' ਇਹ ਵੀ ਤਾਂ ਸੋਚ ਰਹੇ ਹਾਂ ਕਿ ਕਿਵੇਂ ਅਸੀਂ ਛੋਟੀ ਛੋਟੀ ਗੱਲ ਤੇ ਆਪਣੀ ਬਾਵਾਂ ਟੁੰਗ ਕੇ ਮਜ਼ਹਬ ਦੇ ਨਾਉਂ ਉੱਤੇ ਛਿਤਰੋ-ਛਿਤਰੀ ਹੁੰਦੇ ਵੀ ਮਿੰਟ ਨਹੀਂ ਲਾਉਂਦੇ - ਮੇਰਾ ਧਰਮ ਤੇਰੇ ਤੋਂ ਵਧੀਆ -ਵਰਗੀਆਂ ਫਿਜ਼ੂਲ ਦੀਆਂ ਬਹਿਸਾਂ ਚ' ਗੁਥੱਮਗੁਥਾ ਹੁੰਦੇ ਰਹਿੰਦੇ ਹਾਂ - ਪਰ ਹੁਣ ਵੇਖੋ ਸਾਰੇ ਧਰਮਾਂ ਦੇ ਵੱਡੇ ਠੇਕੇਦਾਰ ਆਪਣੀ ਆਪਣੀ ਟਿੰਡ ਬਚਾ ਰਹੇ ਨੇ !

ਹਾਂ, ਇਸ ਪੋਸਟ ਦੇ ਸਿਰਲੇਖ ਵੱਲ ਤੁਰੀਏ - ਦੋਸਤੋ, ਮੈਨੂੰ ਨਹੀਂ ਪਤਾ ਤੁਹਾਨੂੰ ਕੀ ਲੱਗ ਰਿਹੈ ਪਰ ਮੈਨੂੰ ਤਾਂ ਇੰਝ ਲੱਗ ਰਿਹੈ ਜਿਵੇਂ ਇਹ ਪਰਮ ਪਿਤਾ ਪ੍ਰਮਾਤਮਾ ਦੁਨੀਆਂ ਰੂਪੀ ਆਪਣੀ ਖੇਡ ਨੂੰ ਰੀਸੈੱਟ ਕਰ ਰਿਹੈ - ਇਕ ਨਵੇਂ ਸੰਸਾਰ ਦੀ ਸਿਰਜਣਾ ਕਰ ਰਿਹੈ - ਜਿਥੇ ਅਸੀਂ ਸਾਰੇ ਬੰਦੇ ਬਣ ਕੇ ਰਹਾਂਗੇ ਤੇ ਸਾਡਾ ਕਾਰ -ਵਿਹਾਰ ਬਿਲਕੁਲ ਸਿੱਧ-ਪੱਧਰਾ ਰਹੇਗਾ - ਫਿਜ਼ੂਲ ਦੀਆਂ ਟਕੇ ਟਕੇ ਦੀਆਂ ਚਲਾਕੀਆਂ ਕਰਨੋਂ ਅਸੀਂ ਸਾਰੇ ਬਾਜ਼ ਆਵਾਂਗੇ - ਠੰਡ ਰੱਖਾਂਗੇ ਤੇ ਲੋਕਾਂ ਦੀ ਠੰਡ ਰੱਖਣ ਚ' ਸਹਾਈ ਹੋਵਾਂਗੇ !

ਅਤੇ ਹਾਂ, ਸਿਆਣਪ ਦੀ  ਨਵੀਂ ਪਰਿਭਾਸ਼ਾ ਘੜਣ ਬਾਰੇ ਮੇਰੇ ਇਹ ਖਿਆਲ ਹੀ ਕਿ ਜਿਹੜਾ ਬੰਦਾ ਇਸ ਕੋਰੋਨੇ ਦਾ ਝੱਖੜ ਝੂਲਣ ਦੇ ਬਾਅਦ ਵੀ ਇਸ ਦੇ ਸਿਖਾਏ ਹੋਏ ਸਬਕ ਚੇਤੇ ਰੱਖੇਗਾ - ਅਤੇ ਉਹਨਾਂ ਮੁਤਾਬਿਕ ਹੀ ਵਿਚਰੇਗਾ - ਅਤੇ ਇਹ ਸਾਰੇ ਸਬਕ ਆਪਣੀਆਂ ਅਗਲੀਆਂ ਪੀੜੀਆਂ ਤਕ ਵੀ ਪਹੁੰਚਾਉਣ ਦਾ ਉਪਰਾਲਾ ਕਰ ਕੇ ਜਾਉ, ਮੇਰੇ ਖਿਆਲ ਚ' ਓਹੀਓ ਇਸ ਨਵੇਂ ਸੰਸਾਰ ਦਾ ਸਮਝਦਾਰ ਹੋਵੇਗਾ - ਇਥੋਂ ਤਕ ਕੇ ਇਹ ਸਬਕ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਵਿਚ ਵੀ ਦਰਜ ਹੋ ਜਾਣੇ ਚਾਹੀਦੇ ਨੇ - ਤਾਂ ਜੋ ਅਗਲੀਆਂ ਆਉਣ ਵਾਲੀਆਂ ਪੀੜੀਆਂ ਤਾਂ ਘੱਟੋ ਘੱਟ  ਸਾਡੀਆਂ ਗ਼ਲਤੀਆਂ ਨੂੰ ਨਾ ਦੋਹਰਾਂਦੀਆਂ  ਫਿਰਣ !

ਚਲੋ ਜੀ, ਸਿਆਣਪ ਵਾਲਾ ਮਸਲਾ ਤਾਂ  ਹੋ ਗਿਆ ਜੀ ਹੱਲ, ਹੁਣ ਸੁਣਦੇ ਹਾਂ ਜੀ ਕੰਵਰ ਗਰੇਵਾਲ ਹੁਰਾਂ ਦਾ ਇਕ ਅਰਦਾਸਾਂ ਭਰਿਆ ਗੀਤ ਸੁਣੀਏ - ਨਗਰ ਖ਼ੇੜੇ ਦੀ ਖੈਰ ਵੇ ਸੱਜਣਾ ਨਗਰ ਖੇੜੇ ਦੀ ਖੇੜ - ਦੋਸਤਾਂ, ਮੈਂ 15-20 ਪਹਿਲਾਂ ਦੋਆਬਾ ਰੇਡੀਓ ਦੇ ਇਕ  ਪ੍ਰੋਗਰਾਮ - ਜ਼ਿੰਦਗੀਨਾਮਾ - ਦੌਰਾਨ ਇਸ ਨੂੰ ਸੁਣਿਆ ਸੀ ਜਿਹੜਾ ਸਿੱਧਾ ਮੇਰੇ ਦਿਲ ਚ ਉਤਰ ਗਿਆ - ਲਾਜਵਾਬ! ਵੈਸੇ ਅੱਜ ਕਲ ਦੇ ਹਾਲਾਤ ਨਾਲ ਮੇਚ ਖਾਂਦਾ ਕੁਲਦੀਪ ਮਾਣਕ ਹੁਰਾਂ ਦੇ ਗੀਤ ਵੀ ਮੈਂ ਦੋਆਬਾ ਰੇਡੀਓ ਤੇ ਹੀ ਪਹਿਲੀ ਵਾਰ ਸੁਣਿਆ ਸੀ - ਦੁਨੀਆਂ ਪਰੇ ਤੋਂ ਪਰੇ ਆ, ਕਾਹਦਾ ਮਾਨ ਮਿੱਤਰਾ ਓਏ! ਸਲਾਮਾਂ, ਅਜਿਹੇ ਬੋਲ ਲਿਖਣ ਵਾਲੇਆਂ ਨੂੰ, ਦਿਲ ਖਿੱਚਵੇਂ ਸੰਗੀਤ ਚ' ਡੋਬਾ ਦੇ ਕੇ ਸਾਡੇ ਤੀਕ ਪਹੁੰਚਾਉਣ ਵਾਲੇ ਗਾਏਕਾਂ ਨੂੰ ਸਲਾਮਾਂ!!

ਵੈਸੇ ਤੁਸੀਂ ਦੋਆਬਾ ਰੇਡੀਓ (ਦੀ ਐੱਪ ਹੀ ਕਿਓਂ ਨਹੀਂ ਡਾਊਨਲੋਡ ਕਰ ਲੈਂਦੇ !















ਚੰਗਾ ਜੀ, ਜੀਂਦੇ ਵਸਦੇ ਰਹੋ ਬਾਈ ਸਾਰੇ! 

Monday, 27 January 2020

ਅੱਜ ਗੱਲਾਂ "ਦੋਆਬਾ ਰੇਡੀਓ" ਦੀਆਂ



ਦੋਸਤੋ, ਥੋੜੇ ਦਿਨ ਪਹਿਲਾਂ ਮੈਂ ਫੇਸਬੁੱਕ ਤੇ ਇਕ ਵੀਡੀਓ ਦੇਖੀ - ਡਾ ਸੀਮਾ ਗਰੇਵਾਲ ਹੋਰਾਂ ਦੀ ਸੀ ਇਹ ਵੀਡੀਓ - ਉਸ ਤੋਂ ਪਤਾ ਲੱਗਾ "ਦੋਆਬਾ ਰੇਡੀਓ" ਬਾਰੇ - ਆਪਾਂ ਵੀ ਓਸੇ ਦਿਨ ਇਸ ਰੇਡੀਓ ਦੀ ਐਪ ਨੂੰ ਡਾਊਨਲੋਡ ਕਰ ਲਿਆ ਤੇ ਇਸ ਤੇ ਪ੍ਰੋਗਰਾਮ ਸੁਨਣ ਲੱਗ ਪਏ...

ਇਸ ਪੋਸਟ ਦੇ ਰਾਹੀਂ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਸੱਦਾ ਦੇ ਰਿਹਾ ਹਾਂ ਕਿ ਤੁਸੀਂ ਸਾਰੇ ਵੀ ਇਹ ਦੋਆਬਾ ਰੇਡੀਓ ਦੀ ਐਪ ਨੂੰ ਡਾਊਨਲੋਡ ਕਰੋ ਤੇ ਇਸ ਦੇ ਪ੍ਰੋਗਰਾਮਾਂ ਦਾ ਆਨੰਦ ਮਾਨੋ!!

ਇਸ ਰੇਡੀਓ ਤੇ  ਸੋਮਵਾਰ ਤੋਂ ਸ਼ੁਕਰਵਾਰ ਰਾਤੀਂ ਇੰਡੀਅਨ ਸਮੇਂ ਮੁਤਾਬਿਕ ਸਾਢੇ ਅੱਠ ਵਜੇ ਇਕ ਪ੍ਰੋਗਰਾਮ ਆਉਂਦਾ ਹੈ - ਦਿਲ ਦੀਆਂ ਗੱਲਾਂ - ਜਿਸ ਵਿਚ ਤੁਸੀਂ ਫੋਨ ਕਰ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ - ਓਪਨ ਮਾਈਕ ਵੀ ਹੁੰਦਾ ਹੈ ਜੀ, ਤੁਸੀਂ ਕੋਈ ਵੀ ਗੱਲ ਆਪਣੀ ਕਹਿ ਸਕਦੇ ਹੋ, ਦੁੱਖ ਸੁਖ ਵੰਡ ਸਕਦੇ ਹੋ, ਆਪਣੀ ਲਿਖੀ ਕੋਈ ਰਚਨਾ ਸਾਂਝੀ ਕਰ ਸਕਦੇ ਹੋ ਜਾਂ ਕਿਸੇ ਹੋਰ ਲਿਖਾਰੀ ਦੀ ਰਚਨਾ ਜਿਹੜੀ ਤੁਹਾਡੇ ਦਿਲ ਦੇ ਨੇੜੇ ਹੋਵੇ ਉਸ ਨੂੰ ਵੀ ਸੁਣਾ ਸਕਦੇ ਹੋ - ਵਹਾਤਸੱਪ ਕਾਲ ਵੀ ਕਰ ਸਕਦੇ ਹੋ।

ਵਧੀਆ ਗੱਲ ਇਕ ਹੋਰ ਵੀ ਹੈ ਜੀ ਇਹਨਾਂ ਦੀ - ਕੋਈ ਰਾਜਨੀਤਿਕ ਜਾਂ ਧਾਰਮਿਕ ਮੁੱਦਿਆਂ ਤੇ ਗੁੱਥਮਗੁੱਥਾ ਨਹੀਂ ਹੁੰਦਾ ਕੋਈ ਓਥੇ - ਸਾਰੇ ਬੜੀਆਂ ਅਦਬੀ ਤੇ ਹਾਸੇ ਖੇਡੇ ਦੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ - ਲਹਿੰਦੇ ਪੰਜਾਬ ਤੋਂ ਵੀ ਬੜੇ ਲੋਕ ਇਸ ਐਪ ਰਾਹੀਂ ਚੜਦੇ ਪੰਜਾਬ ਨਾਲ ਜੁੜੇ ਹੋਏ ਨੇ - ਸਾਂਝ ਦੀਆਂ ਨਿੱਘੀਆਂ ਗੱਲਾਂ ਹੁੰਦੀਆਂ ਨੇ.

ਵਿਚ ਵਿਚ ਵਧੀਆ ਵਧੀਆ ਪੰਜਾਬੀ ਗੀਤ ਸੁਨਣ ਨੂੰ ਵੀ ਮਿਲਦੇ ਨੇ - ਬਸ ਇਕ ਕੰਮ ਕਰੋ ਕਿ ਇਸ ਐਪ ਨੂੰ ਡਾਊਨਲੋਡ ਕਰੋ ਤੇ ਹੋ ਜਾਓ ਸ਼ੁਰੂ। ਉਮੀਦ ਹੈ ਤੁਹਾਨੂੰ ਦੋਆਬਾ ਰੇਡੀਓ ਦਾ ਇਹ ਉਪਰਾਲਾ ਆਪਣੀ ਮਾਂ ਬੋਲੀ ਦੀਆਂ ਜੜਾਂ ਨਾਲ ਜੋੜਣ ਵਾਲਾ ਤੁਹਾਨੂੰ ਬੜਾ ਵਧੀਆ ਲੱਗੇਗਾ।

ਮੈਂ ਤੇ ਹਾਂ ਹੀ ਰੇਡੀਓ ਦਾ ਸ਼ੁਦਾਈ - ਮੈਨੂੰ ਤੇ ਸਵੇਰੇ ਤੋਂ ਲੈ ਕੇ ਰੇਡੀਓ ਵੱਜਦਾ ਚਾਹੀਦਾ ਹੈ - ਅਸੀਂ ਤੇ ਉਹ ਜ਼ਮਾਨੇ ਵੀ ਦੇਖੇ ਨੇ ਜਦੋਂ ਘਰ ਵੀ ਰੇਡੀਓ ਸੁਣਨ ਲਈ ਲਾਇਸੈਂਸ ਬਣਦਾ ਸੀ ਤੇ ਉਸਦੀ ਫੀਸ ਵੀ ਦੇਣੀ ਪੈਂਦੀ ਸੀ - ਸ਼ਾਇਦ 4 ਰੁਪਈਏ ਸਾਲਾਨਾ - ਇਸ ਤਰ੍ਹਾਂ ਦੀਆਂ ਯਾਦਾਂ ਮੈਂ ਕਦੇ ਆਪਣੇ ਰੇਡੀਓ ਧਮਾਲ ਬਲਾਗ ਵਿਚ ਲਿਖਣੀਆਂ ਸ਼ੁਰੂ ਕੀਤੀਆਂ ਸਨ, ਜੇ ਕਰ ਦਿਲ ਕਰੇ ਤਾਂ ਥੱਲੇ ਦਿੱਤੇ ਲਿੰਕ ਤੇ ਜਾ ਕੇ ਝਾਤੀ ਮਾਰ ਸਕਦੇ ਹੋ !

ਰੇਡੀਓ ਧਮਾਲ -   parveenchopra.blogspot.in 



ਹਾਂਜੀ, ਜਨਾਬ ਇਕ ਗੱਲ ਹੋਰ ਵੀ ਹੈ ਕਿ ਇਸ ਦੋਆਬਾ ਰੇਡੀਓ ਦਾ ਇਕ ਫੇਸਬੁੱਕ ਪੇਜ ਵੀ ਹੈ - ਮੈਂ ਤਾਂ ਅੱਜ ਇਸ ਨੂੰ ਪਸੰਦ ਕਰ ਦਿੱਤਾ ਹੈ, ਤੁਸੀਂ ਕਦੋਂ ਕਰਣੈ !!

ਲੋ ਹੀ ਹੁਣ ਸੁਣੋ ਮੇਰੀ ਪਸੰਦ ਦਾ ਇਹ ਗੀਤ। ...ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ !!

ਅੱਜ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ...

ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾ...