ਕਿੱਡੀ ਮਜਬੂਰੀ ਦਿੱਖ ਰਹੀ ਏ ਇਸ ਸਿਰਲੇਖ ਵਿਚ ਹੀ। ਅੱਜ ਸਵੇਰੇ ਮੂੰਹ ਹਨੇਰੇ ਹੀ ਸੈਰ ਦਾ ਕੰਮ ਨਿਪਟਾ ਮਾਰਿਆ। ਗੱਲ ਇੰਝ ਹੈ ਕਿ ਇਥੇ ਬੰਬਈ ਦੇ 200 ਤੋਂ ਵੀ ਵੱਧ ਸਰਕਾਰੀ ਪਾਰਕਾਂ ਦੇ ਖੁੱਲੇ ਰਹਿਣ ਦਾ ਸਮਾਂ ਹੁਣ ਹੋਰ ਵੱਧ ਗਿਆ ਏ. ...ਸਵੇਰੇ 5 ਵਜੇ ਤੋਂ ਲੈ ਕੇ ਦੁਪਹਿਰੀ 1 ਵਜੇ ਤਕ ਤੇ ਫੇਰ 3 ਵਜੇ ਤੋਂ ਲੈ ਕੇ ਰਾਤੀਂ 10 ਵਜੇ ਤਕ ਖੁੱਲੇ ਰਹਿੰਦੇ ਨੇ. ਘਰ ਦੇ ਕੋਲ ਹੀ ਹੈਂ ਇਕ ਬਹੁਤ ਸੋਹਣਾ ਤੇ ਦਿਲ ਖਿੱਚਵਾਂ ਪਾਰਕ - ਕਦੇ ਇਸ ਪਾਰਕ ਵਿਚ ਅਸੀਂ ਬੰਬਈ ਸੇੰਟ੍ਰਲ ਰਹਿਣ ਦੇ ਦੌਰਾਨ ਸ਼ਾਮੀਂ ਕਦੇ ਕਦਾਈਂ ਆਇਆ ਕਰਦੇ ਸੀ, ਪਹਿਲਾਂ ਲੋਕਲ ਗੱਡੀ ਤੇ ਬਹਿ ਕੇ, ਫੇਰ ਅੱਗੋਂ ਆਟੋ ਰਿਕਸ਼ਾ ਉੱਤੇ ਨਹੀਂ ਤੇ ਬੱਸ ਤੇ। ਟਿਕਟ ਲੱਗਦੀ ਸੀ ਉਸ ਵੇਲੇ ਇਥੇ ਐਂਟਰੀ ਦੀ - 5 ਰੁਪਈਏ ਲੱਗਦੇ ਸੀ। ਕੋਈ 5-7 ਸਾਲ ਪਹਿਲਾਂ ਇਸ ਨੂੰ ਸਰਕਾਰ ਨੇ ਆਪਣੇ ਹੇਠਾਂ ਲੈ ਲਿਆ ਹੈ - ਪਹਿਲਾਂ ਇਸ ਇਲਾਕੇ ਦੀ ਸੰਭਾਲ ਕੋਈ ਪ੍ਰਾਈਵੇਟ ਗਰੁੱਪ ਕਰਦਾ ਸੀ। ਮੈਂ ਵੀ ਜਿੰਨੀ ਵਾਰੀ ਜਾਂਦਾ ਸੀ, ਮੈਨੂੰ ਅਜੀਬ ਜੇਹਾ ਤਾਂ ਲੱਗਦਾ ਹੀ ਸੀ ਕਿ ਇਹ ਗੱਲ ਵਧੀਆ ਨਹੀਂ ਕਿ ਜਿਹੜਾ ਟਿਕਟ ਲੈ ਸਕਦੈ ਓਹੀਓ ਇਸ ਵਿਚ ਆ ਸਕਦੈ। ਖੈਰ, ਹੁਣ ਤੇ ਐਂਟਰੀ ਫ੍ਰੀ ਹੈ।
ਪਰਸੋਂ ਮੈਂ ਸੈਰ ਕੀਤੀ ਸਵੇਰੇ, ਕਲ ਨਾਗਾ ਪਾ ਦਿੱਤਾ। ਅਜੇ ਸਵੇਰੇ 5 ਵਜੇ ਜਾਗ ਗਿਆ. ਸੋਚਿਆ ਪਾਰਕ ਚ ਹੀ ਜਾਇਆ ਜਾਵੇ। ਪੰਜ ਵੱਜ ਕੇ ਸੱਤ ਮਿੰਟ ਤੇ ਮੈਂ ਓਥੇ ਪੁੱਜ ਗਿਆ. ..ਪਰ ਇਹ ਕਿ ਦਰਵਾਜ਼ਾ ਬੰਦ ਸੀ। ਐਵੇਂ ਥੋੜਾ ਜਿਹਾ ਕੁੰਡਾ ਹਿਲਾਇਆ ਤਾਂ ਉਸੇ ਵੇਲੇ ਚੋਕੀਦਾਰ ਆ ਗਿਆ - ਮੈਂ ਪੁੱਛਿਆ ਅਜੇ ਬੰਦ ਹੈ - ਕਹਿੰਦਾ ਨਹੀਂ, ਕੋਈ ਆਏ ਤੋਂ ਦਰਵਾਜ਼ਾ ਖੋਲ ਦਿੰਦੇ ਹਾਂ. ਮੈਂ ਕਿਹਾ - ਤੇਰਾ ਸ਼ੁਕਰੀਆ।
ਇਹ ਕੀ...ਅੰਦਰ ਤੇ ਨਾ ਬੰਦਾ ਤੇ ਨਾ ਬੰਦੇ ਦੀ ਜਾਤ, ਕੁੱਤੇਆਂ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। .ਤੋਤੇ ਵੀ ਐਵੇਂ ਟੈੰ 2 ਕਰ ਰਹੇ ਸੀ, ਇੰਝ ਲਗਾ ਮੈਂ ਵਹਾਤਸੱਪ ਦੇ ਕਿਸੇ ਪਾਰਕ ਚ ਪੁੱਜ ਗਿਆ ਹੋਵਾਂ। 2-3 ਮਿੰਟ ਘੁੰਮਿਆ, ਇੰਝ ਲੱਗਾ ਜਿਵੇਂ ਆਪਣੇ ਫਾਰਮ ਹਾਊਸ ਚ ਜਾਂ ਕਿਸੇ ਆਲੀਸ਼ਾਨ ਬੰਗਲੇ ਦੇ ਬਾਗ ਚ ਹੀ ਫਿਰ ਰਿਹਾ ਹੋਵਾਂ। ਕੋਈ ਵੀ ਹੋਰ ਬੰਦਾ ਨਹੀੰ ਸੀ। ਪਿੱਛੇ ਸਮੁੰਦਰ ਦੀਆਂ ਛੱਲਾਂ ਦੀ ਆਵਾਜ਼ ਆ ਰਹੀ ਸੀ ਤੇ ਨਾਲੇ ਕਿਸੇ ਵੱਡੀ ਮਸ਼ੀਨਰੀ ਦੇ ਚੱਲਣ ਦੀ ਖਰੜ ਖਰੜ ਦੀ ਬੜੀ ਮਾੜੀ ਜਿਹੀ ਆਵਾਜ਼ ਆ ਰਹੀ ਸੀ - ਵਿਕਾਸ ਹੀ ਰਿਹੈ ਸੀ - ਬੰਬੇ ਸ਼ਹਿਰ ਦੇ ਇਲਾਕਿਆਂ ਨੂੰ ਸਮੁੰਦਰ ਦੇ ਕੰਡੇ ਤੇ ਸੜਕ ਬਣਾ ਕੇ ਜੋੜਿਆ ਜਾ ਰਿਹਾ ਹੈ , ਇਸ ਸੜਕ ਦਾ ਕੋਈ ਕੋਈ ਹਿੱਸਾ ਤਾਂ ਸਮੁੰਦਰ ਦੇ ਹੇਠਾਂ ਉਸਾਰਿਆ ਜਾ ਰਿਹੈ - ਚਲੋ ਜੀ, ਸਰਕਾਰਾਂ ਆਪਣੇ ਕੰਮੀਂ ਲੱਗੀਆਂ ਪਈਆਂ ਨੇ, ਅਸੀਂ ਆਪਣੇ ਕੰਮ ਲੱਗੀਏ।
ਐਨੀ ਸਵਖਤੇ ਇਹ ਬੁੱਤ ਹੀ ਨੱਸਦੇ ਵਿਖੇ, ਮੈਂ ਸੋਚਿਆ ਬਿੱਲੇਆ ਜੇਕਰ ਇਹ ਨੱਸ ਸਕਦੇ ਨੇ ਤਾਂ ਭਲਾ ਤੂੰ ਕਿਓਂ ਨਹੀਂ, ਚੱਲ ਤਗੜਾ ਹੋ ਕੇ ਸ਼ੁਰੂ ਹੋ ਜਾ 😎 |
ਜਿਥੇ ਬੈਠਾ ਮੈਂ ਪ੍ਰਾਣਾਯਾਮ ਕਰ ਰਿਹਾ ਸੀ ਓਥੋਂ ਸਮੁੰਦਰ ਦਿੱਖ ਤਾਂ ਨਹੀਂ ਸੀ ਰਿਹਾ ਹਨੇਰੇ ਕਰ ਕੇ, ਪਰ ਹਵਾ ਦੇ ਬੁੱਲੇ ਆ ਰਹੇ ਸਨ। |
ਲੱਗ ਗਏ ਜੀ ਕੰਮ, ਮੈਂ ਓਥੇ ਇਕ ਬੇਂਚ ਤੇ ਬਹਿ ਕੇ ਪ੍ਰਾਣਾਯਾਮ ਕੀਤਾ - ਕਰਦਿਆਂ ਕਰਦਿਆਂ ਕਈਂ ਸਟੈਪ ਜਿਹੜੇ ਪਹਿਲਾਂ ਗ਼ਲਤ ਕਰਦਾ ਸੀ, ਉਸਦਾ ਖਿਆਲ ਵੀ ਆਇਆ. ਹਾਂ, ਪਾਰਕ ਦਾ ਟਰੈਕ ਇੰਝ ਦਾ ਸੀ ਕਿ ਮੈਨੂੰ ਜਾਗਿੰਗ ਕਰਨ ਦਾ ਖੌਫਨਾਕ ਖਿਆਲ ਆ ਗਿਆ. ਉਹ ਕਿਵੇਂ ਖੌਫਨਾਕ, ਹੁਣੇ ਦੱਸਦਾ ਹਾਂ. ਗੱਲ ਇੰਝ ਹੈ ਕਿ ਅਸੀਂ ਬਚਪਨ ਚ ਕਿਸੇ ਜੰਝ ਨੂੰ ਜਾਂਦੇ ਦੇਖਣਾ ਤੇ ਰੁਕ ਜਾਣਾ, ਬਰਾਤੀਆਂ ਨੂੰ ਨੱਚਦੇ ਟੱਪਦੇ ਵੇਖ ਕੇ ਬੜਾ ਮਜ਼ਾ ਆਉਂਦਾ। ਦਿਲ ਕਰਦਾ ਮੈਂ ਵੀ ਉਹਨਾਂ ਚ ਕੁੱਦ ਪਵਾਂ, ਪਰ ਇਹ ਤੋਂ ਐਵੇਂ ਛਿਤਰੋਲ ਕਰਵਾਉਣ ਵਾਲਾ ਹੀ ਖਿਆਲ ਹੁੰਦਾ ਸੀ। ਫਿਰ ਸੋਚੀ ਦਾ ਸੀ ਜਦੋਂ ਅਸੀਂ ਵੀ ਕਿਸੇ ਜੰਝੇ ਜਾਵਾਂਗਾ ਤੇ ਉਹ ਸੱਧਰ ਪੂਰੀ ਕਰਾਂਗੇ - ਹੁਣ ਤੇ ਵਿਆਹਾਂ ਤੇ ਜਾ ਕੇ ਇੰਝ ਲੱਗਦੈ ਜਿਵੇਂ ਕਿਸੇ ਨੱਚਣ ਦੇ ਰਿਐਲਿਟੀ ਸ਼ੋ ਤੇ ਆਏ ਹੋਏ ਹਾਂ. ਬਾਦ ਚ ਪਤਾ ਲੱਗਦੈ ਕਿ ਕੋਰੀਓਗ੍ਰਾਫਰ ਨੇ ਕਈ ਦਿਨ ਟ੍ਰੇਨਿੰਗ ਦਿੱਤੀ ਏ, ਮੁੰਡੇ ਦੀ ਝਾਈ ਨੂੰ ਤੇ ਕੁੜੀ ਦੀ ਬੀਬੀ ਨੂੰ। ਓਥੇ ਵੀ ਇੰਝ ਲੱਗਦੈ ਕਿ ਡੀ ਜੇ ਦੀ ਆਵਾਜ਼ ਤੇ ਅਸੀਂ ਵੀ ਟੱਪਣਾ ਸ਼ੁਰੂ ਕਰੀਏ। ਖੈਰ, ਮੈਂ ਇਸ ਪਾਰਕ ਦੇ ਟਰੈਕ ਦੀ ਗੱਲ ਕਰ ਰਿਹਾ ਸੀ। ..ਕਿ ਬਦੋ ਬਦੀ ਨੱਸਣ ਤੇ ਦਿਲ ਕਰ ਜਾਵੇ, ਮੇਰੇ ਵਰਗੇ ਦਾ ਵੀ ਜਿਹੜਾ ਪਿਛਲੀ ਵਾਰੀ ਦਸਵੀ ਜਮਾਤ ਦੇ ਖੇਡਾਂ ਦੇ ਪ੍ਰੈਕਟੀਕਲ ਵੇਲੇ ਭੱਜਿਆ ਸੀ - ਸ਼ਾਇਦ ਡਿਗ ਪਿਆ ਸੀ, ਕਈ ਸਾਲਾਂ ਬਾਅਦ ਪਤਾ ਲੱਗਿਆ ਕਿ ਮੈਨੂੰ ਤਾਂ ਫਲੈਟ ਫੁੱਟ ਹੈ - ਫੇਰ ਹੋਲੀ ਹੋਲੀ ਗੋਡੇ ਵੀ ਚੁੱਕਣ ਲੱਗ ਪਏ - ਹੁਣ ਇਹੋ ਹਾਲ ਹੈ ਕਿ ਰਬ ਦਾ ਸ਼ੁਕਰ ਕਰਦਾ ਹਾਂ ਜਦੋਂ ਚਲਦਾ ਹਾਂ. ਅੱਜ ਮੈਂ ਏਡੇ ਵੱਡੇ ਪਾਰਕ ਚ ਇਕੱਲਾ ਸੀ, ਮੈਦਾਨ ਸਾਫ ਸੀ ਕੁਝ ਵੀ ਨਵਾਂ ਕਰਨ ਲਈ। ..2-3 ਮਿੰਟ ਬੜਾ ਹੀ ਸਹਿਜੇ ਸਹਿਜੇ ਜਾਗਿੰਗ ਕੀਤੀ। ..ਚੰਗਾ ਲੱਗਾ।
ਹਾਂ ਜੀ, ਇਹ ਸਬ ਆਪਣਾ ਹੀ ਹੈ...ਜੱਦੋਂ ਤੀਕ ਸ਼ੁਦਾਈ ਭੀੜ ਨਹੀਂ ਆ ਜਾਂਦੀ 😀 |
ਜਾਗਿੰਗ ਕੀ ਕਰਾਂ, ਆਪਣੇ ਨਿਆਣੇ ਹੀ ਮਜ਼ਾਕ ਬਨ੍ਹਾਣੋਂ ਨਹੀਂ ਰਹਿੰਦੇ - 10-12 ਸਾਲ ਪਹਿਲਾਂ ਦੀ ਗੱਲ ਹੈ। ਮੈਨੂੰ ਸਕੂਟਰ ਤੇ ਮੁੰਡਾ ਸਟੇਸ਼ਨ ਛੱਡਣ ਗਿਆ - ਜਗਾਧਰੀ ਦੀ ਗੱਲ ਹੈ - ਗੱਡੀ ਖੜੀ ਸੀ, ਮੈਂ ਫਾਟਕ ਤੇ ਉਤਰ ਗਿਆ, ਭੱਜ ਕੇ ਲਾਈਨਾਂ ਕਰਾਸ ਕੀਤੀਆਂ - ਮੈਂ ਕਾਲੀ ਪੈਂਟ ਕਮੀਜ਼ ਪਾਈ ਹੋਈ ਸੀ....ਇੰਝ ਕਰਦਾ ਹਾਂ, ਟਾਈਪ ਕਰਨ ਚ ਵਕ਼ਤ ਲੱਗ ਰਿਹਾ ਹੈ। ..ਬਾਕੀ ਦੀ ਗੱਲ ਕਾਗਜ਼ ਤੇ ਲਿਖ ਕੇ ਪੂਰੀ ਕਰਦਾ ਹਾਂ।